ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, June 5, 2010

ਸੰਤੋਖ ਧਾਲੀਵਾਲ - ਬੁਰਕਾ – ਕਹਾਣੀ – ਭਾਗ ਦੂਜਾ

ਬੁਰਕਾ

ਕਹਾਣੀ

ਭਾਗ ਦੂਜਾ

ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

ਇਸ ਤੋਂ ਬਾਅਦ ਅਸੀਂ ਜਿਵੇਂ ਗੁਆਚ ਹੀ ਗਏ ਵਕਤ ਦੀ ਧੂੜ ਚ ਗੁੰਮ ਗਏ ਕਈ ਵੇਰ ਬਸ਼ੀਰ ਚੇਤਿਆਂ ਚ ਆਉਂਦਾ ਤਾਂ ਮੈਂ ਆਪਣੀ ਦੋਸਤੀ ਦੇ ਲੁੜਕ ਜਾਣ ਦਾ ਕਾਰਨ ਵੀ ਟੋਲ੍ਹਦਾ ਪਰ ਕੋਈ ਲੜ ਸਿਰਾ ਨਾ ਹੱਥ ਆਉਂਦਾ, ਸਿਵਾਏ ਉਸਦੇ ਮਜ਼੍ਹਬੀ ਜਨੂੰਨ ਦੇ, ਤੇ ਇਵੇਂ ਸੋਚ ਕੇ ਧਰਵਾਸਾ ਜਿਹਾ ਦੇ ਲੈਂਦਾਪਰ ਮੇਰੀ ਰੂਹ ਹਮੇਸ਼ਾ ਉਹ ਸਵਾਲ ਜਿਹੜਾ ਬਾਰ ਬਾਰ ਮੇਰੀਆਂ ਸੋਚਾਂ ਚ ਉਭਰਦਾ, ਉਸਦਾ ਜਵਾਬ ਭਾਲਦੀ ਰਹਿੰਦੀ, ਕਿ ਉਹ ਕਿਹੜਾ ਪਲ ਹੋਵੇਗਾ, ਕਿਹੜਾ ਪ੍ਰਭਾਵ ਹੋਵੇਗਾ, ਜਿਸਨੇ ਏਡੇ ਲਿਬਰਲ ਖ਼ਿਆਲਾਂ ਦੇ ਬਸ਼ੀਰ ਨੂੰ ਬਦਲ ਕੇ ਰੱਖ ਦਿਤਾਉਸਦੀ ਸੋਚਣੀ ਤੇ ਜਨੂੰਨ ਦੀ ਲੇਪ ਚਾੜ੍ਹ ਦਿੱਤੀ?” ਮੈਨੂੰ ਕੋਈ ਜਵਾਬ ਨਾ ਮਿਲਦਾ

-----

ਅੱਜ ਅਚਾਨਕ ਜਦੋਂ ਉਹ ਮੈਨੂੰ ਮਿਲਿਆ---ਏਨੇ ਸਾਲਾਂ ਦੇ ਵਕਫ਼ੇ ਬਾਅਦ ਵੀ ਅਸੀਂ ਇਕ ਦੂਜੇ ਨੂੰ ਝਟ ਪਛਾਣ ਲਿਆ ਸਾਡੀਆਂ ਨਜ਼ਰਾਂ ਮਿਲੀਆਂ ਤਾਂ ਉਸਦੇ ਤੇ ਮੇਰੇ ਮੂੰਹੋਂ, ਬਸ਼ੀਰ’ ‘ਭਾਈ ਸਾਹਿਬਇਕੋ ਵੇਲੇ ਨਿਕਲਿਆ ਜੂਨ ਦੀ ਕੜਕਵੀਂ ਧੁੱਪ ਚ ਉਸਨੇ ਸਲਵਾਰ ਕਮੀਜ਼, ਪੈਰੀਂ ਚੱਪਲਾਂ, ਮੁੱਛਾਂ ਰੜੀਆਂ ਪਟੱਕ, ਲੰਮੀ ਦਾਹੜੀ ਤੇ ਸਿਰ ਤੇ ਨਮਾਜ਼ੀ ਟੋਪੀ ਮੁਲਾਣਿਆਂ ਵਰਗੀ, ਉਸਦਾ ਇਹ ਪਹਿਰਾਵਾ ਮੈਨੂੰ ਓਪਰਾ ਜਿਹਾ ਲਗਾ ਸ਼ਾਇਦ ਮੇਰੇ ਚੇਤੇ ਚ ਉਹੀ ਮੁੱਲਾਂ ਤੇ ਗਰੰਥੀਆਂ ਨੂੰ ਗਾਲ੍ਹਾਂ ਕੱਢਣ ਵਾਲੇ, ਪੈਂਟ ਕਮੀਜ਼ ਚ ਸਜ-ਧਜ ਕੇ ਰਹਿਣ ਵਾਲੇ ਬਸ਼ੀਰ ਦੀ ਤਸਵੀਰ ਅਟਕੀ ਹੋਈ ਸੀ

.......

-ਕੰਜਰਾ ਇਹ ਕੀ ਬਾਣਾ ਪਾਈ ਫਿਰਦੈਂ--- ?ਦੋਸਤੀ ਚ ਸੱਭ ਕੁਝ ਕਹਿ ਸਕਣ ਦੀ ਅੱਯਾਸ਼ੀ ਜਿਹੀ ਚ ਮੈਂ ਕਹਿ ਤਾਂ ਗਿਆ ਪਰ ਨਾਲ ਹੀ ਰਤਾ ਕੁ ਝਿਜਕਿਆ ਵੀ

.............

-ਕਿਉਂ---? ਉਹ ਰਤਾ ਕੁ ਤਣਿਆ ਗਿਆ ਮੈਂ ਅੱਗੋਂ ਹੋਰ ਕੁਝ ਨਾ ਕਿਹਾ

...............

-ਤੇ ਇਹ---? ਨਿੱਕੀ ਜਹੀ ਦਗ ਦਗ ਕਰਦੀ ਲਾਲ ਸੂਹੀ, ਅੱਠਾਂ ਕੁ ਸਾਲਾਂ ਦੀ ਕੁੜੀ ਵਲ ਵੇਖਦਿਆਂ ਮੈਂ ਪੁੱਛਿਆ

............

-ਇਹ ਮੇਰੀ ਦੋਹਤਰੀ ਹੈ

...............

-ਸਲਾਮ ਕਰੋ ਦਾਦੂ ਨੂੰ ਬੇਟੇ---

.............

ਹੁਣ ਇਸ ਵੇਲੇ ਮੈਨੂੰ ਉਸਦੇ ਬੋਲਾਂ ਚ ਅਪਣੱਤ ਮਹਿਸੂਸ ਹੋਈ ਵਕਤ ਤੇ ਹਾਲਾਤਾਂ ਦੀਆਂ ਮਾਰਾਂ ਤੋਂ ਬਚੀ ਦੋਸਤੀ ਦੀ ਕਿਸੇ ਮਹਿਬੂਬ ਕਿਰਨ ਦੀ ਲਿਸ਼ਕ ਅਨੁਭਵ ਹੋਈ

...............

-ਤੁਸੀਂ ਭਾਈ ਸਾਹਿਬ ਇੱਥੇ ਲੰਦਨ ਚ ਕਿਵੇਂ ਤੇ ਫੇਰ ਚੈਗਵਿੱਲ ਦੇ ਇਲਾਕੇ ਚ ---?

...........

-ਮੇਰਾ ਛੋਟਾ ਲੜਕਾ ਰਹਿੰਦੈ ਇੱਥੇ ਉਸਨੂੰ ਮਿਲਣ ਆਇਆ ਹੋਇਆ ਹਾਂ

.................

-ਚਲੋ ਆਉ ਘਰੇ ਚੱਲੀਏ, ਤੁਹਾਨੂੰ ਮੈਂ ਆਪਣੀ ਬੇਗਮ ਨੂੰ ਵੀ ਮਿਲਾਨੈ

-ਜਦੋਂ ਜੁਆਨ ਸੀ ਉਦੋਂ ਤਾਂ ਬੇਗਮ ਨੂੰ ਲੁਕੋ ਕੇ ਭੱਜ ਗਿਆ ਸੈਂ ਕਿਧਰੇ, ਹੁਣ ਬੁੱਢੀ ਹੋਈ ਨੂੰ ਵਿਖਾਉਣਾ ਚਾਹੁੰਦੈਂ ਮੈਂ ਯਾਰੀ ਦੀ ਅਪਣੱਤ ਚ ਭਿੱਜੀ ਹੋਈ ਟਕੋਰ ਕੀਤੀ ਉਹ ਰਤਾ ਕੁ ਮੁਸਕਰਾਇਆ ਪਰ ਉਸਨੇ ਜਵਾਬ ਕੋਈ ਨਾ ਦਿੱਤਾ

.................

-ਫੇਰ ਕਦੇ ਸਹੀ---ਮੈਂ ਰਤਾ ਕੁ ਝਿਜਕਦਿਆਂ ਝਿਜਕਦਿਆਂ ਕਿਹਾ ਭਾਵੇਂ ਉਸਦਾ ਮੈਨੂੰ ਆਪਣੇ ਘਰੇ ਜਾਣ ਲਈ ਕਹਿਣਾ ਚੰਗਾ ਲੱਗਾ ਸੀ ਉਹ ਮੈਨੂੰ ਕਈ ਵਰ੍ਹੇ ਪਹਿਲਾਂ ਵਾਲਾ ਬਸ਼ੀਰ ਹੀ ਲੱਗਾ ਸੀ

...........

-ਤੇ ਅੱਜ ਹੁਣ ਕੀ ਕਰਨੈ---?” ਉਸਨੇ ਮੇਰਾ ਹੱਥ ਫੜ ਕੇ ਘੁਟਦਿਆਂ ਮੇਰੀਆਂ ਅੱਖਾਂ ਚ ਵੇਖਿਆ ਤੇ ਤੇ ਇੱਕ ਹੁਝਕੇ ਨਾਲ ਮੈਨੂੰ ਆਪਣੇ ਨਾਲ ਤੋਰ ਲਿਆ

..............

-ਕਰਨਾ ਤੇ ਕੁਝ ਨਹੀਂ---ਵਿਹਲਾ ਹੀ ਹਾਂ ਨੂੰਹ ਪੁੱਤ ਸਵੇਰੇ ਕੰਮ ਤੇ ਨਿਕਲ ਜਾਂਦੇ ਹਨ ਮੈਂ ਤਾਂ ਸਾਰਾ ਦਿਨ ਵਿਹਲੇ ਨੇ ਕੁੱਤੇ- ਭੁਕਾਈ ਹੀ ਕਰਨੀ ਹੁੰਦੀ ਹੈ

...........

-ਆਓ ਫੇਰ--- ਉਸਦੇ ਬੋਲਾਂ ਚ ਦੋਸਤਾਂ ਵਰਗੀ ਅਪਣੱਤ ਸੀਜਿਸਨੂੰ ਨਾਂਹ ਨਹੀਂ ਸੀ ਕੀਤੀ ਜਾ ਸਕਦੀ ਉਹ ਮੈਨੂੰ ਆਪਣੇ ਘਰੇ ਲੈ ਜਾਣਾ ਚਾਹੁੰਦਾ ਸੀ ਮੇਰੇ ਚੇਤੇ ਚ ਉਹ ਪਲ ਇਕ ਵਾਰ ਫੇਰ ਆਏ ਜਦੋਂ ਉਸਨੇ ਮੈਨੂੰ ਇਕ ਤਰ੍ਹਾਂ ਨਾਲ ਘਰੋਂ ਕੱਢਿਆ ਹੀ ਸੀ

------

-ਸਲਮਾ---ਓ ਸਲਮਾ-- ਆਹ ਵੇਖ ਆਪਣੇ ਘਰੇ ਅੱਜ ਕੌਣ ਆਇਆ ਹੈ, ਮੋਹਣ ਭਾਈ ਸਾਇਬ, ਜਿਨ੍ਹਾਂ ਬਾਰੇ ਮੈਂ ਤੈਨੂੰ ਬਹੁਤ ਵਾਰੀ ਦੱਸਿਆ ਹੈਬਸ਼ੀਰ ਦੇ ਇਨ੍ਹਾਂ ਅਪੱਣਤ ਭਰੇ ਬੋਲਾਂ ਨੇ ਮੇਰੇ ਮਨ ਤੋਂ ਸਾਰੀ ਕੌੜ ਕੁਲੰਜ ਸੁੱਟੀ ਸਲਮਾ ਬੜੇ ਤਪਾਕ ਨਾਲ ਮਿਲੀ ਫਰਿਜ ਚ ਰੱਖੇ ਠੰਡੇ ਕੋਕੇ ਕੋਲੇ ਦੇ ਗਲਾਸ ਭਰ ਲਿਆਈ ਆਲੀਸ਼ਾਨ ਡੀਟੈਚਡ ਘਰ ਵਧੀਆ ਫਰਨੀਚਰ ਹਰ ਚੀਜ਼ ਪੂਰੇ ਸਲੀਕੇ ਨਾਲ ਟਿਕਾਈ ਹੋਈ ਵੇਖਦਿਆਂ ਮੈਂ ਪੁੱਛ ਹੀ ਲਿਆ

.........

-ਕੋਈ ਬਿਜ਼ਨਸ ਕਰਦੈਂ ਬਸ਼ੀਰ?”

..........

-ਨਹੀਂ--- ਲੰਡਨ ਬੱਸ ਕੰਪਨੀ ਚ ਬੱਸ ਚਲਾਈ ਸਾਰੀ ਉਮਰ ਤੇ ਹੁਣ ਰੀਟਾਇਰ ਹਾਂ

.............

-ਪਰਿਵਾਰ---?”

............

-ਇਕ ਬੇਟਾ ਤੇ ਇਕ ਬੇਟੀ ਤੇ ਆਹ ਦੋਹਤਰੀ ਸਾਡੇ ਕੋਲੇ ਹੀ ਬੈਠੀ ਨਿੱਕੀ ਜਿਹੀ ਕੁੜੀ ਵਲ ਇਸ਼ਾਰਾ ਕਰਦਿਆਂ, ਜਿਸਨੂੰ ਮੈਂ ਪਹਿਲਾਂ ਹੀ ਮਿਲ ਚੁਕਿਆ ਸਾਂ, ਉਸਨੇ ਸੰਖੇਪ ਤੇ ਸੰਕੋਚਵਾਂ ਜਿਹਾ ਹੀ ਜਵਾਬ ਦਿਤਾ

-----

ਸਾਨੂੰ ਹਾਲੀ ਪੰਜ ਕੁ ਮਿੰਟ ਹੀ ਹੋਏ ਹੋਣਗੇ ਬਸ਼ੀਰ ਦੇ ਘਰੇ ਆਇਆਂ ਕਿ ਇਕ ਨਵੀਂ ਨਕੋਰ ਸੈਵਨ ਸੀਰੀਜ਼ ਬੀ. ਐਮ. ਡਬਲਯੂ ਘਰ ਦੇ ਮੂਹਰੇ ਵੱਡੇ ਯਾਰਡ ਚ ਆਣ ਦਾਖਲ ਹੋਈ ਜਿਸ ਚੋਂ ਉੱਤਰ ਇੱਕ ਪੱਚੀਆਂ ਕੁ ਸਾਲਾਂ ਦਾ ਮੁੰਡਾ ਤੇ ਏਨੀ ਕੁ ਉਮਰ ਦੀ ਹੀ ਕੁੜੀ ਬਾਹਰਲਾ ਬੂਹਾ ਖੋਲ੍ਹ ਅੰਦਰ ਵੱਲ ਆਉਂਦੇ ਮੈਨੂੰ ਨਜ਼ਰੀ ਪਏ

........

-ਲੈ ਧੀ ਜਵਾਈ ਵੀ ਆ ਗਏ ਕਾਰ ਨੂੰ ਯਾਰਡ ਚ ਪਾਰਕ ਹੁੰਦਿਆਂ, ਲੌਂਜ ਦੇ ਵੱਡੇ ਸ਼ੀਸ਼ੇ ਚੋਂ ਵੇਖਦਿਆਂ ਬਸ਼ੀਰ ਨੇ ਲਿਸ਼ਕਦੀਆਂ ਨਜ਼ਰਾਂ ਨਾਲ ਕਿਹਾ

.............

-ਅੱਜ ਤਾਂ ਗਰਮੀ ਵੀ ਕਹਿਰਾਂ ਦੀ ਪੈ ਰਹੀ ਹੈ ਤੇ ਦੂਜਾ ਇਹ ਬੁਰਕੇ ਦਾ ਜੰਜਾਲ ਵੀ ਕਰਨਾ ਪੈ ਰਿਹਾ ਬੁਰਕਾ ਮੂੰਹ ਤੋਂ ਪਿਛਾਂਹ ਕਰਕੇ ਲੌਂਜ ਨੂੰ ਆਉਂਦੀ ਆਉਂਦੀ ਕੁੜੀ ਉੱਚੀ ਉੱਚੀ ਕਹੀ ਜਾ ਰਹੀ ਸੀ ਤੇ ਜਿਉ ਹੀ ਉਸਨੇ ਮੈਨੂੰ ਲੌਂਜ ਚ ਬੈਠੇ ਵੇਖਿਆ, ਬੁਰਕਾ ਫੇਰ ਮੂੰਹ ਤੇ ਕਰ ਲਿਆ

.............

-ਇਹ ਮੋਹਣ ਅੰਕਲ ਨੇ ਨਜਮਾ, ਜਿਨ੍ਹਾਂ ਦਾ ਜ਼ਿਕਰ ਮੈਂ ਬਹੁਤ ਵਾਰ ਕਰਦਾ ਰਹਿੰਦਾ ਹਾਂ ਅੱਜ ਇਹ ਰੀਨਾ ਦੇ ਸਕੂਲ ਕੋਲੇ ਹੀ ਮਟਰ ਗਸ਼ਤੀ ਕਰਦੇ ਮਿਲ ਪਏ ਬਸ਼ੀਰ ਦੇ ਕਹੇ ਬੋਲ ਮੇਰੇ ਕੰਨਾਂ ਚ ਜੰਮ ਜਿਹੇ ਗਏ ਮੈਨੂੰ ਇਕ ਵਿਸਮਾਦੀ ਖ਼ੁਸ਼ੀ ਜਿਹੀ ਵੀ ਹੋਈ ਇਹ ਜਾਣ ਕੇ ਕਿ ਬਸ਼ੀਰ ਮੇਰਾ ਆਪਣੇ ਬਚਿਆਂ ਕੋਲੇ ਵੀ ਜ਼ਿਕਰ ਕਰਦਾ ਰਿਹਾ ਹੈਸਾਡੀ ਦੋਸਤੀ ਦੀ ਕੋਈ ਚਿਣਗ ਉਸਦੇ ਸੀਨੇ ਚ ਵੀ ਮਘਦੀ ਰਹੀ ਹੈ ਕੁੜੀ ਨੇ ਸੁਣਨ ਸਾਰ ਬੁਰਕਾ ਲਾਹ ਮਾਰਿਆ ਤੇ ਮੁਸਕਰਾਉਂਦਿਆਂ ਮੈਨੂੰ ਸਲਾਮ ਬੁਲਾਈ

..........

-ਇਹ ਗੈਵਨ ਹੈ ਨਜਮਾ ਦੇ ਹਸਬੈਂਡ ਮਿਕਸਡ ਰੇਸ ਭਾਵ ਗੋਰੇ ਤੇ ਵੈਸਟ ਇੰਡੀਅਨ ਮੁੰਡੇ ਨੇ ਅਗਾਂਹ ਵਧ ਕੇ ਹੱਥ ਮਿਲਾਇਆ ਤੇ ਸਲਾਮ ਬੁਲਾਈ ਗੈਵਨ ਨੂੰ ਵੇਖ ਮੇਰੀ ਉਤਸਕਤਾ ਰਤਾ ਕੁ ਸੀਖੀ ਗਈਜਿਸਨੂੰ ਸ਼ਾਇਦ ਬਸ਼ੀਰ ਵੀ ਤਾੜ ਗਿਆ ਸੀ

............

-ਕੀ ਗੱਲ ਭਾਈ ਸਾਹਿਬ---?

..........

-ਕੁਝ ਨਹੀਂ---

..........

-ਗੈਵਨ ਤੇ ਨਜਮਾ ਇਕੱਠੇ ਪੜ੍ਹਦੇ ਸਨ ਯੂਨੀਵਰਸਿਟੀ ਚ ਹੀ ਇਹ ਦੋਸਤ ਬਣ ਗਏ ਜਦੋਂ ਨਜਮਾ ਨੇ ਘਰੇ ਆ ਕੇ ਗੱਲ ਕੀਤੀ ਤਾਂ ਮੇਰੀ ਇੱਕੋ ਹੀ ਸ਼ਰਤ ਸੀ ਕਿ ਜੇ ਤੂੰ ਗੈਵਨ ਨਾਲ ਨਿਕਾਹ ਕਰਨਾ ਹੈ ਤਾਂ ਉਸਨੂੰ ਇਸਲਾਮ ਕਬੂਲ ਕਰਨਾ ਪਵੇਗਾ ਨਜਮਾ ਨੇ ਜਦੋਂ ਮੇਰੀ ਸ਼ਰਤ ਗੈਵਨ ਨੂੰ ਦੱਸੀ ਤਾਂ ਇਹ ਝੱਟ ਤਿਆਰ ਹੋ ਗਿਆ ਨਿਕਾਹ ਤੋਂ ਪਹਿਲਾਂ ਇਹ ਦੋਨੋ ਪਾਕਿਸਤਾਨ ਵੀ ਜਾ ਆਏ ਸਨ ਇਹ ਥੋੜ੍ਹਾ ਥੋੜ੍ਹਾ ਉਰਦੂ ਵੀ ਪੜ੍ਹ ਲੈਂਦਾ ਹੈਗੈਵਨ ਸ਼ਾਇਦ ਸਾਰੀਆਂ ਤਾਂ ਨਹੀਂ ਪਰ ਸਾਡੀਆਂ ਬਹੁਤੀਆਂ ਗੱਲਾਂ ਸਮਝ ਰਿਹਾ ਸੀ ਨਜਮਾ ਵੀ ਹੁਣ ਤੱਕ ਆਪਣਾ ਬੁਰਕਾ ਲਾਹ ਕੇ ਰੀਲੈਕਸ ਜਿਹੀ ਹੋਈ ਸਾਡੇ ਕੋਲੇ ਲੌਂਜ ਚ ਹੀ ਟੀ-ਸ਼ਰਟ ਤੇ ਕਸਵੀਂ ਜੀਨ ਚ ਬੈਠੀ ਸੀ

...........

-ਤੇ ਤੇਰਾ ਬੇਟਾ---?

...........

-ਉਹ ਅੱਜਕਲ੍ਹ ਅਫ਼ਗਾਨਿਸਤਾਨ ਚ ਹੈ ਦੋ ਸਾਲ ਮਦਰੱਸੇ ਚ ਲਾ ਕੇ ਆਇਆ ਸੀ ਕੁਝ ਦਿਨ ਹੀ ਇੱਥੇ ਸਾਡੇ ਕੋਲੇ ਰਿਹਾ ਕਿ ਫੇਰ ਉਸਨੂੰ ਹੁਕਮ ਆ ਗਿਆ, ਅਫਗਾਨਿਸਤਾਨ ਜਾਣ ਲਈ ਅਖ਼ਤਰ ਛੋਟੀ ਉਮਰ ਤੋਂ ਹੀ ਧਾਰਮਿਕ ਖ਼ਿਆਲਾਂ ਦਾ ਸੀ ਛੋਟੀ ਉਮਰ ਚ ਹੀ ਪੰਜੇ ਵਕਤ ਨਮਾਜ਼ ਪੜ੍ਹਨ ਲਗ ਪਿਆਅਸੀਂ ਉਸਤੇ ਕੋਈ ਪਰੈਸ਼ਰ ਨਹੀਂ ਸੀ ਪਾਇਆ, ਪਰ ਹਾਂ, ਹਰ ਐਤਵਾਰ ਆਪਣੇ ਨਾਲ ਮਸਜਿਦ ਜ਼ਰੂਰ ਲੈ ਕੇ ਜਾਂਦੇ ਸਾਂ ਅਸੀਂ ਇਹ ਵੇਖ ਕੇ ਹੈਰਾਨੀ ਭਰੀ ਖ਼ੁਸ਼ੀ ਚ ਖੀਵੇ ਹੋਏ ਰਹਿੰਦੇ ਸਾਰੇ ਲੋਕ ਸਾਨੂੰ ਮੁਬਾਰਕਾਂ ਦਿੰਦੇ ਤਾਂ ਸਾਡਾ ਸਿਰ ਹੋਰ ਉੱਚਾ ਹੋ ਜਾਂਦਾ ਪੜ੍ਹਨ ਚ ਵੀ ਬਹੁਤ ਹੁਸ਼ਿਆਰ ਸੀ ਚਾਰ ਏ ਲੈਵਲ ਕੀਤੇ ਉਹ ਵੀ ਸਾਰੇ ਏ ਗਰੇਡ ਕੁਰਾਨ ਸ਼ਰੀਫ ਤਾਂ ਉਹ ਦਸਾਂ ਬਾਰਾਂ ਸਾਲਾਂ ਦਾ ਹੀ ਪੜ੍ਹਨ ਲਗ ਪਿਆ ਸੀਆਪਣੇ ਪੁੱਤ ਦੀਆਂ ਗੱਲਾਂ ਕਰਦੇ ਬਸ਼ੀਰ ਦੀਆਂ ਅੱਖਾਂ ਚ ਧੁੰਦਲਾਈ ਜਿਹੀ ਚਮਕ ਸੀ

............

-ਕੈਂਮਬ੍ਰਿਜ ਯੂਨੀਵਰਸਿਟੀ ਚ ਉਸਨੂੰ ਇਕ ਹਿੰਦੂ ਕੁੜੀ ਨਾਲ ਮੁਹੱਬਤ ਹੋ ਗਈ ਕੁੜੀ ਨੇ ਮੈਰਿਜ ਲਈ ਜ਼ੋਰ ਪਾਇਆ ਤਾਂ ਰਫੱੜ ਪੈ ਗਿਆ ਕੁੜੀ ਇਸਲਾਮ ਅਖ਼ਤਿਆਰ ਨਹੀਂ ਸੀ ਕਰਨਾ ਚਾਹੁੰਦੀ ਤੇ ਅਖ਼ਤਰ ਕਿਸੇ ਹੋਰ ਮਜ਼੍ਹਬ ਦੀ ਕੁੜੀ ਨੂੰ ਸ਼ਰੀਕੇ-ਹਯਾਤ ਬਣਾਉਣਾ ਨਹੀਂ ਸੀ ਚਾਹੁੰਦਾ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਇਨ੍ਹਾਂ ਦਿਨਾਂ ਚ ਹੀ ਮੀਡੀਏ ਚ ਇਹ ਅਫ਼ਵਾਹਾਂ ਨਿੱਤ ਉੱਚੀਆਂ ਹੋਣ ਲਗੀਆਂ ਕਿ ਮੁਸਲਮਾਨ ਮੁੰਡਿਆਂ ਨੂੰ ਵੱਡੀਆਂ ਵੱਡੀਆਂ ਰਕਮਾ ਦੇ ਕੇ ਹਿੰਦੂ ਜਾਂ ਸਿੱਖ ਕੁੜੀਆਂ ਨੂੰ ਇਸਲਾਮ ਮਜ਼੍ਹਬ ਚ ਤਬਦੀਲ ਕਰਨ ਲਈ ਉਕਸਾਇਆ ਜਾ ਰਿਹਾ ਹੈ ਅਖ਼ਤਰ ਦੀ ਦੋਸਤ ਕੁੜੀ ਨੇ ਵੀ ਇਹੋ ਦੋਸ਼ ਉਸਤੇ ਵੀ ਲਾ ਦਿੱਤਾ ਇਹ ਕਹਿੰਦਿਆਂ ਉਸਦੀ ਅੰਦਰਲੀ ਪੀੜ ਉਸਦੇ ਬੋਲਾਂ ਚੋਂ ਸਾਫ਼ ਸਾਫ਼ ਜ਼ਾਹਿਰ ਹੋ ਰਹੀ ਸੀ

...........

-ਕਿੰਨੇ ਪੈਸੇ ਵਸੂਲੇ ਹਨ ਤੂੰ ਮੈਨੂੰ ਮੁਸਲਮਾਨ ਬਣਾਉਣ ਲਈ?” ਇਕ ਦਿਨ ਕੁੜੀ ਨੇ ਅਖ਼ਤਰ ਨੂੰ ਕਿਹਾ ਤਾਂ ਉਹ ਵਿਆਕੁਲ ਹੋ ਉਠਿਆ

...........

-ਕੀ---?” ਅਖ਼ਤਰ ਹੈਰਾਨ ਸੀ

..............

-ਇਹੀ ਤਾਂ ਅਜਕਲ੍ਹ ਕਰ ਰਹੇ ਹੋ ਤੁਸੀਂ ਸਭ ਮੁਸਲਮਾਨ ਮੁੰਡੇ

...........

-ਸੁਰੀਤਾ ਤੈਨੂੰ ਪਤੈ ਤੂੰ ਕੀ ਕਹਿ ਰਹੀ ਹੈਂ ? ਤੂੰ ਮੇਰੀ ਮੁਹੱਬਤ ਤੇ ਸ਼ੱਕ ਕਰ ਰਹੀ ਹੈਂ ?

............

-ਫੇਰ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਾਉਂਦਾ ? ਮੈਂ ਤਾਂ ਤੈਨੂੰ ਹਿੰਦੂ ਬਣਨ ਨੂੰ ਕਦੇ ਨਹੀਂ ਕਿਹਾ?

...........

-ਮੈਂ ਇਹ ਨਹੀਂ ਕਰ ਸਕਦਾ

...............

-ਠੀਕ ਹੈ ਫੇਰ, ਅੱਜ ਤੋਂ ਆਪਣੇ ਰਾਹ ਅੱਡ ਹਨ

..............

-ਕੁੜੀ ਨੇ ਇਸਲਾਮ ਧਾਰਨ ਤੋਂ ਕੋਰਾ ਜਵਾਬ ਦੇ ਦਿੱਤਾ ਅਖ਼ਤਰ ਵਿਲੂੰਧਰਿਆ ਗਿਆਆਪਣੀ ਮੁਹੱਬਤ ਤੇ ਆਪਣੇ ਧਾਰਮਿਕ ਵਿਚਾਰਾਂ ਦੀ ਚੱਕੀ ਚ ਦਰੜਿਆ, ਚੁੱਪ-ਚੁੱਪ ਰਹਿਣ ਲੱਗਾ

...........

-ਉਹ ਅੰਦਰੇ ਹੀ ਅੰਦਰ ਖੁਰਨ ਲਗਾ ਉਹ ਤਿੜਕ ਗਿਆ ਸੀਉਹ ਉਸ ਕੁੜੀ ਨੂੰ ਸੱਚੀ ਮੁਹੱਬਤ ਕਰਦਾ ਸੀ, ਪਰ ਕੁੜੀ ਨੇ ਉਸ ਨਾਲੋਂ ਰਿਸ਼ਤਾ ਤੋੜ ਲਿਆ ਉਸਨੂੰ ਇਹ ਯਕੀਨ ਹੋ ਗਿਆ ਲੱਗਦਾ ਸੀ ਕਿ ਅਖ਼ਤਰ ਉਸਨੂੰ ਮੁਸਲਮਾਨ ਬਣਾ ਕੇ ਚੰਗੀ ਰਕਮ ਵਸੂਲ ਕਰਨੀ ਚਾਹੁੰਦਾ ਹੈ ਉਸਨੂੰ ਪਿਆਰ ਨਹੀਂ ਕਰਦਾ ਇਨ੍ਹਾਂ ਹੀ ਦਿਨਾਂ ਚ ਇਰਾਕ ਚ ਅੱਗ ਵਰ੍ਹਨ ਲੱਗੀ, ਤੇ ਅਖ਼ਤਰ ਪਾਕਿਸਤਾਨ ਨੂੰ ਚੜ੍ਹ ਗਿਆਆਪਣੀ ਹਾਰੀ ਹੋਈ ਮੁਹੱਬਤ ਦਾ ਝੰਬਿਆ ਝੁਲਸਿਆ, ਅੱਗ ਨਾਲ ਖੇਲਣ ਜਾ ਲੱਗਾ ਅੱਗਾਂ ਕਦੋਂ ਫ਼ੇਹੇ ਬੰਨ੍ਹਦੀਆਂ ਹਨਉਨ੍ਹਾਂ ਤਾਂ ਝੁਲਸਣਾ ਹੀ ਹੁੰਦਾ ਹੈ ਤੇ ਮੇਰੇ ਅਖ਼ਤਰ ਦੀ ਆਤਮਾ ਵੀ ਝੁਲਸ ਸੁੱਟੀਉਹ ਕਿੰਨਾ ਹੀ ਚਿਰ ਉੱਥੇ ਰਿਹਾ ਸਾਨੂੰ ਉਸਦੀ ਕੋਈ ਉੱਘ-ਸੁੱਘ ਤਕ ਨਹੀਂ ਸੀ ਅਸੀਂ ਤੜਫ਼ ਤੜਫ਼ ਆਪਾ ਕੋਂਹਦੇ ਰਹੇ ਪਰ ਉਸਦਾ ਕੁਝ ਪਤਾ ਨਾ ਲੱਗਾ ਤੇ ਜਦੋਂ ਪਰਤਿਆ ਉਹ ਸਾਡਾ ਪਹਿਲੋਂ ਵਾਲਾ ਅਖ਼ਤਰ ਨਹੀਂ ਸੀ ਆਪਣੇ ਆਪ ਚ ਗੁੰਮ ਸੁੰਮ-ਖ਼ਾਮੋਸ਼, ਆਪਣੇ ਕਮਰੇ ਚ ਬੈਠਾ ਪੜ੍ਹਦਾ ਰਹਿੰਦਾ ਜਾਂ ਟੈਲੀਫੂਨ ਕਰਦਾ ਰਹਿੰਦਾ ਸਾਨੂੰ ਬਿਨਾ ਦੱਸਿਆਂ ਪੁੱਛਿਆਂ ਇਹ ਘਰ ਸਾਡੇ ਲਈ ਖ਼ਰੀਦ ਲਿਆ ਬਸ਼ੀਰ ਦੀਆਂ ਅੱਖਾਂ ਸਿਲ੍ਹੀਆਂ ਹੋ ਗਈਆਂ

............

-ਤੂੰ ਕਿਹਾ ਸੀ ਕਿ ਫੇਰ ਹੁਕਮ ਆ ਗਿਆ, ਕੀਹਦਾ ਹੁਕਮ ?” ਮੇਰੀ ਉਤਸਕਤਾ ਸੀਖੀ ਗਈ ਸੀਬਸ਼ੀਰ ਦੀ ਵਿਆਖਿਆ ਮੈਨੂੰ ਘੱਟ ਹੀ ਸੁਣੀ ਸੀ ਮੇਰੇ ਜ਼ਿਹਨ ਚ ਤਾਂ ਹੁਕਮਸ਼ਬਦ ਹੀ ਘੁੰਮਣ ਘੇਰੀਆਂ ਖਾਈ ਜਾ ਰਿਹਾ ਸੀ ਪਰ ਤਾਂ ਵੀ ਮੈਂ ਚਿਹਰੇ ਤੇ ਕੋਈ ਓਪਰੇ ਹਾਵ ਭਾਵ ਉਕਰਨ ਨਾ ਦਿਤੇ

.........

ਬਸ਼ੀਰ ਚੁੱਪ ਦੀ ਬੁੱਕਲ ਮਾਰ ਗਿਆ ਮੈਂ ਵੀ ਬਹੁਤਾ ਹੋਰ ਫਰੋਲਣਾ ਠੀਕ ਨਾ ਸਮਝਿਆ

.............

-ਨਜਮਾ ਪੁੱਤ ਤੂੰ ਅਜਕਲ੍ਹ ਕੀ ਕਰਦੀ ਹੈਂ ? ਸਾਡੀ ਗੱਲ ਬਾਤ ਦਾ ਰੁਖ਼ ਬਦਲ ਦੇਣ ਲਈ ਮੈਂ ਨਜਮਾ ਨੂੰ ਗੈਵਨ ਦੇ ਨਾਲ ਲਗੀ ਬੈਠੀ ਨੂੰ ਪੁੱਛਿਆ ਤਾਂ ਉਹ ਇਵੇਂ ਤ੍ਰਭਕੀ ਜਿਵੇਂ ਬਿਜਲੀ ਦੀ ਤੱਤੀ ਤਾਰ ਛੂਹ ਗਈ ਹੁੰਦੀ ਹੈ

..........

-ਹੈਂ ਅੰਕਲ-ਕੀ ਕਿਹਾ---?

...............

-ਨਜਮਾ ਅਜਕਲ੍ਹ ਇਕ ਇਸਲਾਮਿਕ ਸੈਂਟਰ ਚ ਕੰਮ ਕਰ ਰਹੀ ਹੈਗੈਵਨ ਵੀ ਉੱਥੇ ਹੀ ਵਿਲਫੇਅਰ ਅਫਸਰ ਹੈ ? ਬਸ਼ੀਰ ਹੀ ਵਿਚਕਾਰੋਂ ਬੋਲ ਪਿਆ

..........

-ਬੇਟੇ ਤੁਸੀਂ ਦੋਨੋ ਹੀ ਇਕ ਚੰਗੀ ਯੂਨੀਵਰਸਿਟੀ ਦੇ ਗ੍ਰੈਜੂਏਟ ਹੋ ਤੇ ਫੇਰ ਕੌਂਸਲ ਵਲੋਂ ਗਰਾਂਟਾਂ ਤੇ ਚਲਦੇ ਇਸਲਾਮਿਕ ਸੈਂਟਰ ਚ ਹੀ ਕੰਮ ਕਰਨ ਨੂੰ ਕਿਵੇਂ ਸਵੀਕਾਰ ਲਿਆ ਉੱਥੇ ਤਾਂ ਤਨਖਾਹਾਂ ਵੀ ਬਹੁਤ ਨਿਗੂਣੀਆਂ ਜਿਹੀਆਂ ਹੀ ਹੁੰਦੀਆਂ ਹਨ ?

-ਹੁਣ ਲੋੜ ਵੱਡੀਆਂ ਤਨਖਾਹਾਂ ਦੀ ਨਹੀਂ ਅੰਕਲ, ਇਸਲਾਮ ਨੂੰ ਬਚਾਉਣ ਦੀ ਹੈ ਵੇਖਦੇ ਸੁਣਦੇ ਨਹੀਂ ਤੁਸੀਂ ਕਿ ਕਿਵੇਂ ਅਮਰੀਕਾ ਤੇ ਇੰਗਲੈਂਡ ਨੇ ਇਸਲਾਮ ਦੇ ਖ਼ਿਲਾਫ਼ ਜੰਗ ਵਿੱਢੀ ਹੋਈ ਹੈ ਸਾਡੇ ਮਜ਼੍ਹਬ ਨੂੰ ਹਰ ਵੇਲੇ ਨਿਕਾਰਿਆ ਤੇ ਬਦਨਾਮ ਕੀਤਾ ਜਾ ਰਿਹਾ ਹੈ ਇਸ ਲਈ ਸਟੈਂਡ ਲੈਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕ੍ਰਿਸਚੀਐਨੇਟੀ ਇਸਲਾਮ ਨੂੰ ਨਿਗਲ ਜਾਵੇਗੀ ਵੇਖੋ ਤੇ ਸਹੀ ਇਨ੍ਹਾਂ ਨੇ ਇਰਾਕ ਚ ਕੀ ਕੀਤਾ ਹੈਮਿਲੇ ਇਨ੍ਹਾਂ ਨੂੰ ਕੋਈ, ‘ਵੈਪਨਜ਼ ਆਫ ਮਾਸ ਡਿਸਟਰਕਸ਼ਨਜ਼’ ? ਇਹ ਇਨ੍ਹਾਂ ਨੇ ਸਿਰਫ ਇਸਲਾਮ ਨੂੰ ਬਦਨਾਮ ਤੇ ਖ਼ਤਮ ਕਰਨ ਲਈ ਹੀ ਤਾਂ ਕੀਤਾ ਹੈ ਨਜਮਾ ਦੀਆਂ ਅੱਖਾਂ ਚ ਅੱਗ ਮਘ ਰਹੀ ਸੀ

.............

-ਅਮ੍ਰੀਕਾ ਨੂੰ ਤਾਂ ਤੇਲ ਤੇ ਆਪਣੇ ਲਈ ਮੰਡੀ ਚਾਹੀਦੀ ਸੀ ਮੇਰੇ ਖ਼ਿਆਲ ਚ ਉਸਨੇ ਇਸਲਾਮ ਨੂੰ ਖ਼ਤਮ ਕਰਨ ਲਈ ਇਰਾਕ ਤੇ ਹਮਲਾ ਨਹੀਂ ਸੀ ਕੀਤਾ ਤੇ ਇਹ ਸਾਡੀ ਵਲੈਤੀ ਸਰਕਾਰ ਤਾਂ ਐਵੇਂ ਹੀ ਉਸਦੀ ਪੂਛ ਫੜੀ ਫਿਰਦੀ ਹੈ, ਮੰਡੀਆਂ ਲਈ, ਜਿਹੜੀਆਂ ਇਸ ਨੂੰ ਮਿਲਣੀਆਂ ਨਹੀਂ ਹਨ ਦੂਜਾ ਸ਼ਾਇਦ ਹੁਣ ਵਾਲਾ ਬੁਸ਼ਆਪਣੇ ਪਿਉ ਦੀ ਕਈ ਸਾਲ ਪਹਿਲਾਂ ਸਾਦਾਮ ਹੱਥੋਂ ਹੋਈ ਬਦਨਾਮੀ ਦਾ ਬਦਲਾ ਵੀ ਲੈਣਾ ਚਾਹੁੰਦਾ ਸੀ

.........

-ਇਹ ਇਸਲਾਮ ਤੇ ਹੀ ਹਮਲਾ ਹੈ ? ਨਜਮਾ ਦੇ ਨਫ਼ਰਤੀ ਬੋਲ ਉਸਦੇ ਪਤਲੇ ਤੇ ਖ਼ੂਬਸੂਰਤ ਬੁੱਲ੍ਹਾਂ ਨੂੰ ਅੱਗ ਚ ਝੁਲਸੀ ਜਾ ਰਹੇ ਸਨ

..........

-ਇਸਲਾਮੀਆ ਮੁਲਕ ਤੇ ਹਮਲਾ ਹੈ ਬੇਟੇ, ਮੇਰੇ ਖ਼ਿਆਲ ਚ ਇਸਲਾਮ ਤੇ ਨਹੀਂ

.........

-ਤੁਹਾਡੀ ਸੋਚਣੀ ਗ਼ਲਤ ਹੈ ਅੰਕਲ- ਨਜਮਾ ਹਿਰਖੀ ਗਈ ਸੀਨਜ਼ਰਾਂ ਚ ਕਰੋਧ, ਮੱਥੇ ਤੇ ਡੂੰਘੀਆਂ ਨਫਰਤੀ ਤਿਉੜੀਆਂ ਤੇ ਮੁੱਠੀਆਂ ਮੀਟੀਆਂ ਗਈਆਂ ਸਨ ਮੈਂ ਹੈਰਾਨ ਹੋ ਰਿਹਾ ਸਾਂ ਕਿ ਕਿਵੇਂ ਇਸ ਪੇਤਲੀ ਜਹੀ ਵਾਰਤਾਲਾਪ ਨਾਲ ਹੀ ਉਹ ਸਾਰੇ ਤਣੇ ਗਏ ਸਨ ਬਸ਼ੀਰ ਨੇ ਵੀ ਚੁੱਪ ਜਿਹਾ ਮੈਨੂੰ ਇਕ ਦੋ ਵਾਰ ਵੇਖਿਆ ਸੀ

-----

ਸਭ ਪਾਸਿਆਂ ਤੋਂ ਹਮਲਾ ਹੋਣ ਕਰਕੇ ਮੇਰੀ ਜਿੱਤ ਬਹੁਤ ਮੁਸ਼ਕਿਲ ਸੀ ਤੇ ਮੈਂ ਖ਼ਾਮੋਸ਼ਿਆ ਗਿਆ ਪਰ ਮੈਂ ਨਾਲ ਦੀ ਨਾਲ ਇਹ ਵੀ ਸੋਚੀ ਜਾ ਰਿਹਾ ਸਾਂ ਕਿ ਘੱਟੋ ਘੱਟ ਦਸ ਲੱਖ ਪੌਂਡ ਦਾ ਇਹ ਘਰ, ਏਨਾ ਵਧੀਆ ਫਰਨੀਚਰ ਤੇ ਨਵੀਂ ਨਕੋਰ ਬੀ. ਐਮ. ਡਬਲਯੂ ਕਾਰ, ਇਕ ਕੌਂਸਲ ਦੇ ਛੋਟੇ ਜਹੇ ਸੈਂਟਰ ਚ ਕੰਮ ਕਰਕੇ ਤੇ ਜਾਂ ਬੱਸ ਦੀ ਨੌਕਰੀ ਤੋਂ ਰੀਟਾਇਰ ਹੋ ਕੇ ਕਿਵੇਂ ਖ਼ਰੀਦੇ ਜਾ ਸਕਦੇ ਹਨ? ਇਹ ਸਵਾਲ ਮੇਰੀ ਖੋਪਰੀ ਚ ਬਸ਼ੀਰ ਦੇ ਘਰ ਵੜਣ ਵੇਲੇ ਦਾ ਹੀ ਅੜਿਆ ਪਿਆ ਸੀ ਮੈਂ ਉਸ ਦਿਨ ਉਨ੍ਹਾਂ ਤੋਂ ਰੁਖ਼ਸਤੀ ਲੈ ਦੋ ਕੁ ਘੰਟੇ ਉੱਥੇ ਬੈਠ, ਮੁੜ ਆਇਆਪਰ ਮੈਨੂੰ ਇਕ ਅੱਚਵੀ ਜਿਹੀ ਲੱਗੀ ਰਹੀ ਕਿ ਬਸ਼ੀਰ ਏਡਾ ਕਟੱੜ ਕਿਵੇ ਹੋਇਆ ਫਿਰਦਾ ਹੈ ਪਹਿਲਾਂ ਮੇਰੀ ਦੋਸਤੀ ਤੋੜੀ ਸਿਰਫ਼ ਇਕੋ ਹੀ ਗੱਲ ਤੇ ਕਿ ਹਿੰਦ ਪਾਕ ਆਪਸ ਚ ਲੜ ਪਏ ਸਨ ਤੇ ਹੁਣ ਸਾਰਾ ਹੀ ਹੋਰ ਹੀ ਤਰ੍ਹਾਂ ਬਦਲਿਆ ਫਿਰਦਾ ਹੈ ਅਮਰੀਕਾ ਤੇ ਇੰਗਲੈਂਡ ਦੇ ਏਨਾ ਖ਼ਿਲਾਫ਼ ਹੋਇਆ ਫਿਰਦਾ ਹੈਤੇ ਨਾਲ ਹੀ ਇੰਗਲੈਂਡ ਚ ਰਹਿੰਦਿਆਂ ਇਥੋਂ ਦੀਆਂ ਸਾਰੀਆਂ ਸਹੂਲਤਾਂ ਵੀ ਮਾਣੀ ਜਾ ਰਿਹਾ ਹੈ ਇਹ ਸਵਾਲ ਮੈਨੂੰ ਕਈ ਦਿਨ ਝੰਬੀ ਜਾਂਦਾ ਰਿਹਾ

-----

ਮੇਰੇ ਸਾਰੇ ਸਵਾਲਾਂ ਦੇ ਜਵਾਬ ਸੱਤ ਜੁਲਾਈ ਦੀ ਲੰਦਨ ਦੀ ਅੰਡਰਡਰਾਊਂਡ ਚ ਹੋਈ ਵਾਰਦਾਤ ਨੇ ਦੇ ਦਿੱਤੇ ਬਸ਼ੀਰ ਦੇ ਘਰ ਤੇ ਹੋਏ ਰੇਡ ਨੇ ਦੇ ਦਿੱਤੇ ਪਲ ਪਲ ਟੈਲੀਵੀਯਨ ਤੇ ਆਉਂਦੀਆਂ ਖ਼ਬਰਾਂ ਨੇ ਦੇ ਦਿੱਤੇ ਮੂੰਹ ਢਕੀ ਸਲਮਾ ਤੇ ਬਸ਼ੀਰ ਨੂੰ ਲਈ ਜਾਂਦੀ ਪੁਲਸ ਨੇ ਦੇ ਦਿਤੇ ਉਸਦੇ ਘਰੋਂ ਫੜੀਆਂ ਗਈਆ ਨੋਟਾਂ ਦੀਆਂ ਦੱਥੀਆਂ ਨੇ ਦੇ ਦਿੱਤੇ ਨਜਮਾ ਤੇ ਗੈਵਨ ਦੋਨੋ ਹੀ ਫਰਾਰ ਸਨ ਬਸ਼ੀਰ ਤੇ ਸਲਮਾ ਪੁਲਸ ਹਿਰਾਸਤ ਚ ਸਨ ਤੇ ਉਨ੍ਹਾਂ ਦੀ ਦੋਹਤਰੀ ਇਕ ਸੋਸ਼ਲ ਸਰਵਿਸ ਮਹਿਕਮੇ ਦੀ (ਬਰੋਕਨ ਹੋਮਜ਼ ਚਿਲਡਰਨ) ਦੀ ਸੰਸਥਾ ਦੇ ਹਵਾਲੇ ਸੀ ਘਰ ਸੀਲ ਕੀਤਾ ਹੋਇਆ ਸੀ ਪੁਲਸ ਸਟੇਸ਼ਨ ਚ ਵੀ ਮਿਲਣ ਦੀ ਇਜਾਜ਼ਤ ਨਹੀਂ ਸੀ ਕਿਸੇ ਨੂੰ

------

ਆਖਰ ਹਫ਼ਤੇ ਭਰ ਦੀ ਦੌੜ ਭੱਜ ਤੋਂ ਬਾਅਦ ਮੈਨੂੰ ਉਸਨੂੰ ਮਿਲਣ ਲਈ ਸਮਾ ਮਿਲਿਆ

..........

-ਬਸ਼ੀਰ---; ਇਹ ਕੀ ਹੋ ਗਿਆ ?

..........

-ਮੈਨੂੰ ਕੋਈ ਇਲਮ ਨਹੀਂ ਸੀ ਭਾਈ ਸਾਹਿਬ ਕਿ ਅਖ਼ਤਰ ਇਸ ਜੰਗ ਚ ਏਡਾ ਡੂੰਘਾ ਉੱਤਰ ਗਿਆ ਹੈ ਮੈਂ ਤਾਂ ਇਹ ਹੀ ਸਮਝਦਾ ਰਿਹਾ ਕਿ ਉਹ ਇਸਲਾਮ ਲਈ ਲੜ ਰਿਹਾ ਹੈ ਇਸਨੂੰ ਬਚਾਉਣ ਲਈ ਆਪਣੀ ਜੁਆਨੀ ਵੀ ਲੇਖੇ ਲਾ ਰਿਹਾ ਹੈ ਮੈਨੂੰ ਇਹ ਕਦੇ ਵੀ ਯਕੀਨ ਨਹੀਂ ਆਵੇਗਾ ਕਿ ਸੱਤ ਜੁਲਾਈ ਦੀ ਵਾਰਦਾਤ ਚ ਹੋਈ ਤਬਾਹੀ ਤੇ ਜਾਨੀ ਨੁਕਸਾਨ ਚ ਉਸਦਾ ਵੀ ਹੱਥ ਹੋਵੇਗਾ

...........

-ਸਾਡੀ ਮੁਲਾਕਾਤ ਰੀਕਾਰਡ ਹੋ ਰਹੀ ਸੀ ਤੇ ਅਸੀਂ ਦੋਨੋ ਦੋਸਤ ਬਹੁਤਾ ਚਿਰ ਖ਼ਾਮੋਸ਼ ਹੀ ਰਹੇ ਤੇ ਮੈਨੂੰ ਭਾਵੇਂ ਉਸਦੇ ਬਿਆਨ ਤੇ ਪੂਰਾ ਯਕੀਨ ਸੀ ਕਿ ਉਸਨੂੰ ਅਖ਼ਤਰ ਦੀਆਂ ਕਾਰਵਾਈਆਂ ਦਾ ਬਿਲਕੁਲ ਗਿਆਨ ਨਹੀਂ ਸੀ ਪਰ ਨਾਲ ਦੀ ਨਾਲ ਮੈਂ ਹੈਰਾਨ ਵੀ ਹੋਈ ਜਾ ਰਿਹਾ ਸਾਂ ਕਿ ਬਸ਼ੀਰ ਨੇ ਆਪਣੇ ਮੂੰਹ ਤੇ ਤਾਂ ਨਹੀਂ ਪਰ ਆਪਣੀ ਜ਼ਮੀਰ ਤੇ ਬੁਰਕਾ ਕਿਉਂ ਤੇ ਕਦੋਂ ਪਹਿਨ ਲਿਆ ਸੀ ?

*****

ਸਮਾਪਤ


2 comments:

Unknown said...

Dhaliwal Sahib,Ik vadhia Kahani li dili mubarkan.Rachikta bharpoor kahani kai sanket chadd gi hai-Rup Daburji

Unknown said...

Dhaliwal Sahib,tushin khoobsurat kahani li wadai de haqdar ho-Rup Daburji