ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 5, 2012

ਗੁਰਨਾਮ ਗਿੱਲ - ਪਾਣੀ - ਲੇਖ - ਭਾਗ ਦੂਜਾ

ਪਾਣੀ
ਲੇਖ – ਭਾਗ – ਦੂਜਾ
(ਪੂਰਾ ਲੇਖ ਪੜ੍ਹਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ )
ਅਫਰੀਕਾ ਦੀ ਚੈਡ ਝੀਲ ਅੱਜ ਸਾਡੇ ਸਾਹਮਣੇ ਪਾਣੀ ਬਿਨਾ ਸਭਿਅੱਤਾ ਦੇ ਉਜਾੜੇ ਦਾ ਜਿਉਂਦਾ ਜਾਗਦਾ ਸਬੂਤ ਹੈ। ਇਹ ਝੀਲ ਜੋ ਦੋ ਕਰੋੜ ਲੋਕਾਂ ਦੀ ਪਾਣੀ ਦੀ ਖਪਤ ਪੂਰੀ ਕਰਦੀ ਆਈ ਹੈ, 30-32 ਸਾਲ ਪਹਿਲਾਂ ਇਹ ਪਾਣੀ ਨਾਲ਼ ਭਰੀ ਹੋਈ ਸੀ। ਚਾਲ਼ੀ ਸਾਲ ਪਹਿਲਾਂ ਇਸ ਦਾ ਪਾਣੀ 15 ਹਜ਼ਾਰ ਵਰਗ ਮੀਲ ਧਰਤੀ ਤੇ ਫੈਲਿਆ ਹਇਆ ਸੀ। ਅੱਜ ਤੋਂ ਪੰਦਰਾਂ ਸਾਲ ਪਹਿਲਾਂ ਇਸ ਦਾ 20% ਪਾਣੀ ਹੀ ਬਾਕੀ ਰਹਿ ਗਿਆ ਸੀ। ਕਾਰਣ ਵਧ ਰਿਹਾ ਤਾਪਮਾਨ, ਮੀਂਹ ਦੀ ਘਾਟ ਅਤੇ ਸੰਚਾਈ ਲਈ ਡੈਮਾ ਦੀ ਉਸਾਰੀ ਆਦਿ! ਪਾਣੀ ਦਾ ਇਹ ਸਰੋਤ ਮੁੱਕਣ ਕਾਰਣ, ਇਸ ਦੇ ਆਲ਼ੇ-ਦੁਆਲ਼ੇ ਵਸਦੀ ਦੁਨੀਆਂ ਉਜਾੜੇ ਦਾ ਸ਼ਿਕਾਰ ਹੋਈ ਹੈ ਅਤੇ ਹੋ ਰਹੀ ਹੈ। ਇਸੇ ਤਰ੍ਹਾਂ ਦੱਖਣ-ਪਛੱਮੀ ਅਮਰੀਕਾ ਦੇ ਦਰਿਆ ਕੋਲੋਰੈਡੋ ਨੂੰ ਵੀ, ਨੇੜਲੇ ਭਵਿੱਖ ਵਿੱਚ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਦੁਨੀਆਂ ਦਾ ਸਭ ਤੋਂ ਵੱਧ ਖੌਰੂ ਪਾਉਣ ਵਾਲ਼ਾ 1450 ਮੀਲ ਲੰਬਾ ਦਰਿਆ, ਅੱਜ 20 ਤੋਂ ਵਧੇਰੇ ਡੈਮ ਬਣਨ ਕਾਰਣ ਕੁਝ ਆਹਿਸਤਾ ਹੋ ਚੁੱਕਾ ਹੈ। ਸਿੰਚਾਈ ਲਈ ਬਣੇ ਇਹ ਡੈਮ ਅਤੇ ਨਜ਼ਦੀਕ ਪੈਂਦੇ ਲਾਸ ਵੇਗਾਸ ਵਰਗੇ ਸ਼ਹਿਰਾਂ ਨੂੰ ਪਾਣੀ ਦੀ ਸਪਲਾਈ ਕਾਰਣ ਇਹ ਦਰਿਆ ਊਣਾ ਹੁੰਦਾ ਜਾ ਰਿਹਾ ਹੈ। Global warming ਇਸ ਨੂੰ ਹੋਰ ਊਣਾ ਕਰ ਦੇਵੇਗੀ।

ਸ੍ਰਿਸ਼ਟੀ ਅੰਦਰ ਹਮੇਸ਼ਾ ਪ੍ਰੀਵਰਤਨ ਹੁੰਦਾ ਆਇਆ ਹੈ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ ਵੀ। ਚਾਹੇ ਇਸ ਨੂੰ ਕੋਈ ਪਰਮਾਤਮਾ ਦਾ ਨਿਯਮ ਆਖੇ ਜਾਂ ਪ੍ਰਕਿਰਤਕ ਪ੍ਰਕਿਰਿਆ! ਅੱਜ ਜਿੱਥੇ ਹਿਮਾਲਾ ਪਰਬਤ ਹੈ, ਉੱਥੇ ਕਦੇ ਚੀਨ ਅਤੇ ਭਾਰਤ ਵਿਚਕਾਰ ਸਮੁੰਦਰ ਹੁੰਦਾ ਸੀ। ਦੋ ਪਲੇਟਾਂ ਦੇ ਟੱਕਰਾ ਨੇ ਪਰਬਤਾਂ ਨੂੰ ਹੋਂਦ ਵਿੱਚ ਲੈ ਆਂਦਾ।

ਦੱਸਿਆ ਜਾਂਦਾ ਹੈ ਕਿ ਆਈਸਲੈਂਡ ਦਸ-ਬਾਰਾਂ ਹਜ਼ਾਰ ਸਾਲ ਪਹਿਲਾਂ ਪਥਰੀਲੀ ਬਰਫ਼ ਵਾਲ਼ਾ ਇਲਾਕਾ ਹੁੰਦਾ ਸੀ ਜੋ ਅੱਜ ਛੋਟੇ-ਛੋਟੇ ਸਮੁੰਦਰਾਂ ਜਾਂ ਝੀਲਾਂ ਵਰਗਾ ਜਾਪਦਾ ਹੈ। ਇਹ ਗਲੋਬਲ ਵਾਰਮਿੰਗ ਦਾ ਅਸਰ ਹੀ ਹੋ ਸਕਦਾ ਹੈ। ਪਾਣੀ ਦੇ ਸਰੋਤ ਅਜੋਕੇ ਯੁਗ ਅੰਦਰ ਬਹੁਤ ਵੱਡਮੁੱਲੇ ਹੁੰਦੇ ਜਾ ਰਹੇ ਹਨ। ਕੈਨੇਡਾ ਕੋਲ਼ ਇਹਨਾਂ ਸਰੋਤਾਂ ਦਾ ਝੀਲਾਂ ਦੀ ਸ਼ਕਲ ਵਿੱਚ ਬਹੁਤ ਵੱਡਾ ਭੰਡਾਰ ਹੈ। ਭਵਿੱਖ ਵਿੱਚ ਕੈਨੇਡਾ ਦੀ ਆਰਥਿਕਤਾ ਇਸ ਉਪੱਰ ਨਿਰਭਰ ਕਰੇਗੀ, ਇਹ ਮੇਰਾ ਵਿਚਾਰ ਹੈ ਜੋ ਮੈਨੂੰ ਆਸ ਹੈ ਕਿ ਮੈਨੂੰ ਝੂਠਾ ਸਾਬਿਤ ਨਹੀਂ ਹੋਣ ਦੇਵੇਗਾ।

ਸਭ ਤੋਂ ਹੈਰਾਨ ਕਰਨ ਵਾਲ਼ਾ ਪਾਣੀ ਦਾ ਸਰੋਤ ਹੈ-ਧਰਤੀ ਹੇਠਲਾ ਪਾਣੀ (underground water) ਜਿਸਦਾ ਸਭ ਤੋਂ ਵੱਡਾ ਭੰਡਾਰ ਪੂਰਬ ਏਸ਼ੀਆ ਦੀ ਧਰਤੀ ਹੇਠ ਹੈ। ਇਸਦੀ ਤੁਲਨਾ ਆਰਕਟਿਕ ਮਹਾਂਸਾਗਰ ਦੇ ਪਾਣੀ ਬਰਾਬਰ ਕੀਤੀ ਜਾਂਦੀ ਹੈ। ਭਾਵੇਂ ਇਹ ਸਭ ਤੋਂ ਛੋਟਾ ਮਹਾਂਸਾਗਰ ਹੈ ਫੇਰ ਵੀ ਖੇਤਰਫਲ 54 ਲੱਖ ਵਰਗਮੀਲ ਤੋਂ ਵਧੇਰੇ ਹੈ। ਇਹ ਯੂਰਪ, ਏਸ਼ੀਆ ਅਤੇ ਉਤੱਰੀ ਅਮਰੀਕਾ ਵਿਚਕਾਰ ਸਥਿਤ ਹੈ। ਉਤਰ-ਪੱਛਮ ਵਲੋਂ ਸਮੁੰਦਰੀ ਜਹਾਜ਼ ਅਮਰੀਕਾ ਅਤੇ ਕੈਨੇਡਾ ਵਾਲੇ ਪਾਸਿਓਂ ਆਉਂਦੇ ਹਨ ਅਤੇ ਉਤੱ ਵਾਲ਼ੀ ਦਿਸ਼ਾ ਵਲੋਂ ਰੂਸ ਅਤੇ ਨਾਰਵੇ ਵਾਲ਼ੇ ਪਾਸਿਓਂ। ਧਰਤੀ ਹੇਠਲੇ ਇਸ ਪਾਣੀ ਦੀ ਸਭ ਤੋਂ ਵੱਧ ਖੱਪਤ ਭਾਰਤ ਕਰ ਰਿਹਾ ਹੈ। ਆਖਰ ਇਸ ਦਾ ਨਤੀਜਾ ਵੀ ਇੱਕ ਦਿਨ ਭਾਰਤ ਦੇ ਲੋਕਾਂ ਨੂੰ ਹੀ ਭੁਗਤਣਾ ਪਵੇਗਾ।

ਪ੍ਰੋ: ਇਐਨ ਸਟੇਅਰਡ ਨੇ BBC ਟੈਲੀਵਿਜ਼ਨ ਤੇ ਹੈਰਾਨ ਕਰਨ ਵਾਲਾ ਪ੍ਰੋਗਰਾਮ ਪੇਸ਼ ਕੀਤਾ ਹੈ ਕਿ ਖ਼ੁਸ਼ਕ ਧਰਤੀ ਹੇਠ ਪਾਣੀ ਸੁਰੰਗਾਂ ਦੀ ਸ਼ਕਲ ਵਿੱਚ ਵੀ ਵਗ ਰਿਹਾ ਹੈ। ਉਸ ਤੋਂ ਪ੍ਰੇਰਿਤ ਹੋ ਕੇ ਹੀ, ਮੈਂ ਇਹ ਅਲਫ਼ਾਜ਼ ਲਿਖਣ ਦੀ ਦਲੇਰੀ ਕੀਤੀ ਹੈ। ਅਤੇ ਉਸ ਦੀ ਸੋਚ, ਮਿਹਨਤ ਅਤੇ ਲਗਨ ਨੂੰ ਸਲਾਮ ਕਰਦਾ ਹਾਂ। ਅਰਬ ਦੇ ਰੇਗਿਸਤਾਨੀ ਗਾਰਾ (gara) ਪਹਾੜ ਵਿੱਚ ਉਸ ਨੇ ਅਜਿਹੀ ਸੁਰੰਗ ਦੇ ਉਪੱਰ ਭੀੜੇ ਜਿਹੇ ਕੱਚੇ 150 ਫੁੱਟ ਡੂੰਘੇ ਖੂਹ ਵਿਖਾਏ ਸਨ, ਉਸ ਪਾਣੀ ਤੱਕ ਪੁੱਜਣ ਲਈ। ਇਸ ਪੀਣ ਯੋਗ ਪਾਣੀ ਦੀ ਜ਼ਮੀਨ ਹੇਠ ਏਨੀ ਡੂੰਘੀ ਨਦੀ ਕਿਵੇਂ ਵਗ ਰਹੀ ਹੈ? ਸੋਚ ਨੂੰ ਆਚੰਭਿਤ ਕਰਦੀ ਹੈ। ਧਰਤੀ ਹੇਠਲੇ ਪਾਣੀ ਦਾ 46% ਪਾਣੀ ਪੀਣਯੋਗ ਹੈ, ਬਾਕੀ 54% ਖਾਰਾ ਹੈ। ਇਹ ਖਾਰਾ ਪਾਣੀ ਖੇਤੀ ਲਈ ਬਿਲਕੁਲ ਨਹੀਂ ਵਰਤਿਆ ਜਾ ਸਕਦਾ।

ਇਹ ਤਾਂ ਸਾਬਿਤ ਹੋ ਚੁੱਕਾ ਹੈ ਕਿ ਧਰਤੀ ਹੇਠ ਪਾਣੀ ਦੇ ਅਥਾਹ ਭੰਡਾਰ ਹਨ। ਪਰ ਉਪਰਲੀ ਤਹਿ crust ਤੋਂ crust ਵੱਲ ਜਾਂਦਿਆਂ ਨਿਊਕਲੀਅਰ ਰੀਐਕਸ਼ਨ ਕਾਰਣ ਧਾਤਾਂ ਦੇ ਪਿਘਲਣ ਨਾਲ਼ ਤਾਪਮਾਨ ਇਸ ਕਦਰ ਵਧ ਜਾਂਦਾ ਹੈ ਕਿ sandstone ਤਹਿ ਵਿਚਲਾ ਪਾਣੀ ਉਬਲ਼ਦਾ ਹੋਇਆ ਭਾਫ਼ ਦੀ ਸ਼ਕਲ ਧਾਰ ਲੈਂਦਾ ਹੈ। ਇਸ ਸਾਲ ਯੂ. ਕੇ. ਦੇ ਨਿਊਕਾਸਲ ਸ਼ਹਿਰ ਦੇ ਕੇਂਦਰ ਵਿੱਚ ਧਰਤੀ ਹੇਠਲੇ ਇਸ ਪਾਣੀ ਦਾ ਉਪਯੋਗ ਕਰਨ ਲਈ ਬਰਮੇ ਨਾਲ਼ ਬੋਰਹੋਲ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਫਰਵਰੀ ਵਿੱਚ ਸ਼ੁਰੂ ਹੋਇਆ ਸੀ ਜੋ ਲਗਪਗ ਮੁਕੰਮਲ ਹੋਣ ਵਾਲ਼ਾ ਹੀ ਹੈ। ਇਸ ਤੋਂ ਪੈਦਾ ਹੋਣ ਵਾਲ਼ੀ ਊਰਜਾ ਨੂੰ geothermal ਦਾ ਨਾਂ ਦਿੱਤਾ ਗਿਆ ਹੈ।

ਇਹ ਯੋਜਨਾ ਪ੍ਰੋ: ਪੌਲ ਯੰਗਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀ ਜਿਸ ਉਪਰ 9 ਲੱਖ ਪੌਂਡ ਖ਼ਰਚ ਹੋਣਾ ਹੈ। ਨਿਊਕਾਸਲ ਅਤੇ ਡਰਹਮ ਯੂਨੀਵਰਸਟੀਆਂ ਦੇ ਸਹਿਯੋਗ ਨਾਲ਼ ਇਹ ਬੋਰ ਕਰਨ ਲਈ (DECC) ਊਰਜਾ ਅਤੇ ਜਲਵਾਯੂ ਬਦਲ ਮਹਿਕਮੇ ਨੇ 4 ਲੱਖ ਪੌਂਡ ਦੀ ਗਰਾਂਟ ਦਿੱਤੀ ਹੈ ਅਤੇ ਬਾਕੀ ਦਾ 5 ਲੱਖ ਸਿਟੀ ਕੌਂਸਲ ਅਤੇ ਯੂਨੀਵਰਸਿਟੀ ਵਲੋਂ ਦਿੱਤਾ ਗਿਆ ਹੈ। ਇਹ ਬੋਰ 2 ਹਜ਼ਾਰ ਮੀਟਰ ਡੂੰਘਾ, ਅੱਜ ਤੱਕ ਯੂ ਕੇ ਦਾ ਸਭ ਤੋਂ ਡੂੰਘਾ ਬੋਰਹੋਲ ਹੋਵੇਗਾ। ਪ੍ਰੋ ਯੰਗਰ ਦਾ ਵਿਸ਼ਵਾਸ ਹੈ ਕਿ ਇਸ ਧਰਤੀ ਹੇਠਲੇ ਪਾਣੀ ਦਾ ਤਾਪਮਾਨ 80 ਡਿਗਰੀ ਸੈਲਸੀਅਸ ਤੱਕ ਹੋਵੇਗਾ। ਪਰ ਇਸਦੀ ਡੂੰਘਾਈ ਤਿੰਨ ਕਿਲੋਮੀਟਰ ਤੱਕ ਵੀ ਵਧਾਈ ਜਾ ਸਕਦੀ ਹੈ ਜੇਕਰ ਤਾਪਮਾਨ ਦੀ ਸੰਭਾਵਨਾ 120 ਡਿਗਰੀ ਦਾ ਸੰਕੇਤ ਕਰਦੀ ਜਾਪੀ ਤਾਂ।

27 ਜੂਨ ਵਾਲ਼ੇ ਦਿਨ ਦੋ ਹਜ਼ਾਰ ਮੀਟਰ (6562 ਫੁੱਟ) ਜਦੋਂ ਵਰਮੇ ਨੇ ਪਾਣੀ ਵਾਲ਼ੇ ਹਿੱਸੇ ਨੂੰ ਛੋਹਿਆ ਤਾਂ ਇੰਜਨੀਅਰਾਂ ਨੇ ਉਬਲ਼ਦੇ ਪਾਣੀ ਦਾ ਖੜਾਕ ਅਤੇ ਭਾਫ਼ ਉੱਠਦੀ ਵੇਖੀ ਸੀ। ਇਸ ਦੀ ਸਫ਼ਲਤਾ ਬਾਦ, ਅਜਿਹੇ ਹੋਰ ਵੀ ਕਈ ਪ੍ਰੋਜੈਕਟ ਸ਼ੁਰੂ ਕੀਤੇ ਜਾ ਸਕਣਗੇ। ਭੂ-ਵਿਗਿਆਨੀਆਂ ਦਾ ਅਨੁਮਾਨ ਹੈ ਕਿ ਵਿਸ਼ਵ ਭਰ ਵਿੱਚ ਧਰਤੀ ਉਪਰ ਤੇਲ ਅਤੇ ਗੈਸ ਨਾਲ਼ ਪੈਦਾ ਕੀਤੀ ਜਾ ਰਹੀ ਊਰਜਾ ਦੇ ਮੁਕਾਬਲੇ, ਧਰਤੀ ਹੇਠਲੀ ਇਹ ਊਰਜਾ 50 ਹਜ਼ਾਰ ਗੁਣਾ ਵਧੇਰੇ ਹੋ ਸਕਦੀ ਹੈ।

ਜਦੋਂ ਬਰਫ਼ਾਨੀ ਗੁਫ਼ਾਵਾਂ ਬਾਰੇ ਸੋਚਦੇ ਹਾਂ ਤਾਂ ਇਹ ਵੀ ਇੱਕ ਚਮਤਕਾਰ ਹੀ ਜਾਪਦਾ ਹੈ। ਸਰਦੀ ਦੇ ਮੌਸਮ ਵਿੱਚ ਇਨ੍ਹਾਂ ਦੇ ਅੰਦਰਲਾ ਤਾਪਮਾਨ, ਬਾਹਰਲੇ ਤਾਪਮਾਨ ਨਾਲੋਂ ਵਧੇਰੇ ਹੁੰਦਾ ਹੈ; ਅਤੇ ਗਰਮੀ ਦੀ ਰੁੱਤੇ ਇਹ ਗੁਫ਼ਾਵਾਂ ਬਹੁਤ ਠੰਡੀਆਂ ਜਾਪਦੀਆਂ ਹਨ। ਇਹ ਚਮਤਕਾਰ ਵੀ ਨਹੀਂ ਹੈ, ਬੱਸ ਇਸ ਤਰ੍ਹਾਂ ਸਮਝ ਲਓ ਜਿਵੇਂ ਨਲਕੇ, ਖੂਹ ਜਾਂ ਟਿਊਬਵੈੱਲ ਦਾ ਪਾਣੀ ਗਰਮੀਆਂ ਵਿਚ ਠੰਡਾ ਲਗਦਾ ਹੈ ਅਤੇ ਸਰਦੀਆਂ ਵਿਚ ਕੋਸਾ ਹਾਲਾਂ ਕਿ ਇਸਦਾ ਤਾਪਮਾਨ ਹਮੇਸ਼ਾ ਇਕਸਾਰ ਰਹਿੰਦਾ ਹੈ। ਇਥੇ ਆਉਣ ਵਾਲੇ ਸੈਲਾਨੀਆਂ ਨੂੰ ਇਹ ਡਰ ਬਿਲਕੁਲ ਨਹੀਂ ਲਗਦਾ ਕਿ ਗੁਫ਼ਾ ਦੀ ਇਹ ਬਰਫ਼ਾਨੀ ਛੱਤ ਕਦੇ ਡਿਗ ਵੀ ਸਕਦੀ ਹੈ। ਇਸ ਤਰ੍ਹਾਂ ਕਦੇ ਹੋਇਆ ਵੀ ਨਹੀਂ ਹੈ, ਇਸ ਕਾਰਣ ਹੀ ਉਹ ਭਰੋਸੇ ਨਾਲ਼ ਬੇਖ਼ੌਫ਼ ਮਨੋਰੰਜਨ ਕਰਦੇ ਹੋਏ ਟਹਿਲਦੇ ਦੇਖੇ ਜਾ ਸਕਦੇ ਹਨ। ਪੱਛਮੀ ਅਮਰੀਕਾ ਦੇ ਮੌਨਟਾਨਾ ਪਹਾੜਾਂ ਵਿੱਚ ਅਜਿਹੀਆਂ ਬਰਫ਼ਾਨੀ ਗੁਫ਼ਾਵਾਂ ਦੇਖਣਯੋਗ ਹਨ।

ਸਰਦੀ ਦੇ ਮੌਸਮ ਵਿੱਚ ਇਸ਼ਨਾਨ ਕਰਨ ਸਮੇਂ ਧਰਤੀ ਹੇਠੋਂ ਆਉਂਦਾ ਪਾਣੀ, ਇਸ ਤਰ੍ਹਾਂ ਨਿੱਘ ਦਿੰਦਾ ਹੈ ਜਿਵੇਂ ਇੱਕ ਬੱਚੇ ਨੂੰ ਮਾਂ ਦੀ ਗੋਦ। ਅਤੇ ਗਰਮੀ ਦੀ ਰੁੱਤੇ ਇਸ ਤਰ੍ਹਾਂ ਕਲੇਜੇ ਠੰਡ ਪਾਉਂਦਾ ਹੈ ਜਿਵੇਂ ਮਹਿਬੂਬ ਨੇ ਜੱਫ਼ੀ ਪਾਈ ਹੋਵੇ! ਕਿਸੇ ਵੀ ਸ਼ਹਿਰ ਵਿੱਚ ਅਗਰ ਦੋ-ਤਿੰਨ ਦਿਨ ਵਾਸਤੇ ਪਾਣੀ ਦੀ ਸਪਲਾਈ ਬੰਦ ਹੋ ਜਾਵੇ ਤਾਂ ਸੋਚੋ ਸਾਡਾ ਕੀ ਹਾਲ ਹੋਵੇਗਾ? ਜੇਕਰ ਸਾਲ-ਛੇ ਮਹੀਨੇ ਇਸ ਤਰ੍ਹਾਂ ਹੋਵੇ ਤਾਂ ਜੀਉਂਦੇ ਰਹਿਣ ਖ਼ਾਤਿਰ, ਅਸੀਂ ਸ਼ਹਿਰ ਛੱਡ ਕੇ ਕਿਸੇ ਦਰਿਆ ਕਿਨਾਰੇ ਜਾ ਵਸਾਂਗੇ। ਖ਼ੁਰਾਕੀ ਵਸਤਾਂ ਅਸੀਂ ਸਾਲ ਭਰ ਲਈ ਸਟੋਰ ਕਰ ਸਕਦੇ ਹਾਂ ਪਰ ਪਾਣੀ ਨਹੀਂ।

ਪਾਣੀ ਦੀ ਪਵਿੱਤਰਤਾ ਦਾ ਇਲਮ ਮੈਨੂੰ ਬਚਪਨ ਵਿੱਚ ਹੀ ਹੋ ਗਿਆ ਸੀ। ਉਸ ਵੇਲੇ ਨਗਰ-ਕੀਰਤਨ ਨੂੰ ਜਲੂਸ ਦਾ ਨਾਂ ਦਿੱਤਾ ਜਾਂਦਾ ਸੀ ਚਾਹੇ ਉਹ ਕਿਸੇ ਵੀ ਗੁਰੁ ਦੇ ਜਨਮ ਦਿਨ ਨਾਲ਼ ਸੰਬੰਧਿਤ ਹੋਵੇ। ਜਦੋਂ ਮੈਂ ਗੁਰੂ ਰਵੀਦਾਸ ਜੀ ਦੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਘਰ ਪਰਤਦਾ ਤਾਂ ਮੇਰੀ ਦਾਦੀ ਜੀ ਪਾਣੀ ਦਾ ਛਿੱਟਾ ਦੇ ਕੇ, ਮੈਨੂੰ ਭਿੱਟੇ ਹੋਏ ਨੂੰ ਸੁੱਚਾ ਕਰਦੀ ਹੁੰਦੀ ਸੀ। ਉਂਝ ਉਹ ਰੋਜ਼ਾਨਾ ਨਿਤਨੇਮ ਕਰਦੀ ਹੁੰਦੀ ਸੀ ਜਿਵੇਂ ਅਨੇਕਾਂ ਲੋਕ ਅੱਜ ਕਲ੍ਹ ਕਰਦੇ ਹਨ। ਉਸ ਵੇਲੇ ਤਾਂ ਅਨਪੜ੍ਹਤਾ ਸੀ ਪਰ ਅੱਜ ਦੇ ਸਮੇਂ ਵਿੱਚ ਜਦੋਂ ਪੜ੍ਹੇ ਲਿਖੇ ਬੰਦੇ ਐਤਵਾਰ ਵਾਲ਼ੇ ਦਿਨ, ਮੜ੍ਹੀਆਂ-ਮਸੀਤਾਂ ਜਾਂ ਜਠੇਰਿਆਂ ਵੱਲ ਆਪਣੇ ਪ੍ਰਵਾਰਾਂ ਸਮੇਤ ਦੀਵੇ ਚੁੱਕੀ ਜਾ ਰਹੇ ਵੇਖਦਾ ਹਾਂ ਤਾਂ ਇਹਨਾਂ ਪੜ੍ਹੇ-ਲਿਖੇ ਅਗਿਆਨੀਆਂ ਦੀ ਸੋਚ ‘ਤੇ ਹਾਸਾ ਆਉਂਦਾ ਹੈ। ਖਚਰੀ ਸੋਚ ਨੇ ਅੰਧ-ਵਿਸ਼ਵਾਸ ਉਪਰ ਪੁਰਾਤਨ ਮਾਨਤਾਵਾਂ ਜਾਂ ਵਿਸ਼ਵਾਸਾਂ ਦੀ ਝਾਲ ਫੇਰ ਕੇ, ਭੌਂਦੂ ਲੋਕਾਂ ਅੱਗੇ ਸਮਾਜਿਕ-ਸਭਿਆਚਾਰ ਆਹਰ ਜਾਂ ਆਹਾਰ ਵਾਂਗ ਪਰੋਸ ਕੇ ਰੱਖ ਦਿੱਤਾ ਹੈ ਅਤੇ ਵਿਚਾਰੇ ਲੋਕ ਇਸ ਚਸਕੇ ਦੇ ਆਦੀ ਹੋ ਗਏ ਜਾਪਦੇ ਹਨ; ਵਿਚਾਰੇ ਲੋਕ!

ਇਸ਼ਨਾਨ ਕਰਨ ਨਾਲ ਜੋ ਸਰੀਰਕ ਅਤੇ ਮਾਨਸਿਕ ਤਾਜ਼ਗੀ ਮਿਲਦੀ ਹੈ, ਉਸ ਦਾ ਆਪਣਾ ਹੀ ਆਨੰਦ ਹੈ। ਪਾਣੀ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਪਸ਼ੂ-ਪੰਛੀਆਂ ਅਤੇ ਬਨਾਸਪਤੀ ਨੂੰ ਵੀ ਅਰੋਗਤਾ ਅਤੇ ਆਨੰਦ ਬਖ਼ਸ਼ਦਾ ਹੈ। ਪਾਣੀ ਨੂੰ ਸਭ ਪਤਾ ਹੈ ਕਿ ਉਹ ਤੀਰਥ ਕਰਨ ਲਈ ਕਰੋੜਾਂ ਯਾਤਰੂਆਂ ਨੂੰ ਮਜਬੂਰ ਕਰ ਸਕਦਾ ਹੈ ਪਰ ਲੋਕੀ ਫਿਰ ਵੀ ਇਸ ਰਾਜ਼ ਤੋਂ ਗ਼ਾਫਿਲ ਜਾਪਦੇ ਹਨ। ਪਾਣੀ ਡੋਬਦਾ ਨਹੀਂ ਸਗੋਂ ਤਾਰਦਾ ਹੈ, ਡੁੱਬਦੇ ਤਾਂ ਅਸੀਂ ਆਪਣੇ ਆਪ ਹੀ ਹਾਂ। ਬੇਸ਼ੁਮਾਰ ਲੋਕ ਪਾਣੀ ਨੇ ਦਰਿਆਵਾਂ/ਸਾਗਰਾਂ ਰਾਹੀਂ ਪਾਰ ਲਾਏ ਹਨ, ਭਾਵੇਂ ਸਮੁੰਦਰੀ ਜਹਾਜ਼ ਦੇ ਆਸਰੇ ਹੀ ਸਹੀ। ਢਿੱਡ ਦੀ ਭੁੱਖ ਲਈ ਮੱਝਾਂ ਵਰਗੇ ਭਾਰੇ ਪਸ਼ੂ ਵੀ ਤਰ ਕੇ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਹੁੰਚ ਜਾਂਦੇ ਹਨ।
ਸਰੋਵਰਾਂ, ਤੀਰਥ-ਧਾਮਾਂ ਅਤੇ ਗੰਗਾ ਵਰਗੇ ਦਰਿਆਵਾਂ ਨੂੰ ਪਾਣੀ ਹੀ ਪੂਜਣਯੋਗ ਬਣਾਉਂਦਾ ਹੈ। ਕੋਈ ਮੱਸਿਆ ਨਹਾਉਣ ਜਾ ਰਿਹਾ ਹੈ, ਕੋਈ ਗੰਗਾ ਇਸ਼ਨਾਨ ਲਈ। ਵਾਤਾਵਰਣ ਵਾਂਗ ਅਸੀਂ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਾਂ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਕਿਸੇ ਤੜਫ ਰਹੇ ਬੁੱਢੇ ਰੋਗੀ ਦੀ ਮੁਕਤੀ ਲਈ ਗੰਗਾ ਜਲ ਦੇ ਤੁਪਕੇ ਉਸਦੇ ਮੂੰਹ ਵਿੱਚ ਪਾਏ ਜਾਂਦੇ ਸਨ ਪਰ ਵਿਚਾਰਾ ਮੁਕਤੀ ਲਈ ਫਿਰ ਵੀ ਤਰਸਦਾ ਰਹਿੰਦਾ ਸੀ। ਅੱਜ ਸਮਾਂ ਬਦਲ ਗਿਆ ਹੈ, ਹੁਣ ਇਹੋ ਗੰਗਾ-ਜਲ, ਚੰਗੇ-ਭਲੇ ਬੰਦੇ ਦੀ ਮੁਕਤੀ ਕਰਨ ਦੇ ਕਾਬਿਲ ਹੋ ਗਿਆ ਹੈ। ਮੰਦਾ ਵੀ ਚੰਗਾ ਹੋ ਸਕਦੈ, ਚੰਗਾ ਵੀ ਮੰਦਾ ਜਿਵੇਂ; ਇਸ ਤਰ੍ਹਾਂ ਹੀ ਹੋ ਗਈ ਮੈਲ਼ੀ ਜਿਹੀ ਗੰਗਾ ਜਿਵੇਂ।
ਪਾਣੀ ਮਨੁੱਖੀ ਸੋਚ ਵਿੱਚ ਵੀ ਵਗਦਾ ਹੈ ਪਰ ਇਹ ਦਿਸਦਾ ਨਹੀਂ ਹੈ। ਪਰ ਇਸ ਵਿੱਚ ਜੋ ਪ੍ਰਦੂਸ਼ਣ ਹੋ ਰਿਹਾ ਹੈ, ਉਹ ਸਾਫ਼ ਦਿਖਾਈ ਦੇ ਰਿਹਾ ਹੈ। ਬਾਹਰਲੇ ਵਾਤਾਵਰਣ ਦੀ ਸੰਭਾਲ ਦੇ ਸਮਾਂਤਰ ਹੀ, ਅੰਦਰਲੇ ਵਾਤਾਵਰਣ ਦੀ ਸਾਂਭ-ਸੰਭਾਲ ਵੀ ਲਾਜ਼ਮੀ ਹੈ। ਅੱਜ-ਕਲ੍ਹ ਵਿਸ਼ਵ ਭਰ ਵਿੱਚ ‘ਪਾਣੀ ਬਚਾਓ’ ‘ਰੁੱਖ ਲਗਾਓ’ ਦਾ ਸੰਕਲਪ ਦਿਨ-ਬ-ਦਿਨ ਉਭਰ ਰਿਹਾ ਹੈ। ਇਹ ਪਾਣੀ ਜਿਸ ਆਸਰੇ ਅਸੀਂ ਜੀਵਨ ਦੇ ਰੰਗ ਮਾਣ ਰਹੇ ਹਾਂ, ਇਹ ਮਾਨਣਯੋਗ ਬਾਦ ਵਿੱਚ, ਮਾਣਯੋਗ ਪਹਿਲਾਂ ਹੈ। ਬ੍ਰਹਿਮੰਡ ਦੀ ਹਰ ਚੀਜ਼ ਗਤੀਸ਼ੀਲ ਹੈ ਅਤੇ ਪਰਿਵਰਤਨਸ਼ੀਲ ਵੀ। ਜਦ ਸਾਡੀ ਧਰਤੀ ਗਤੀਸ਼ੀਲ ਹੈ ਤਾਂ ਪਾਣੀ ਅਤੇ ਹਵਾਵਾਂ ਦਾ ਗਤੀਸ਼ੀਲ ਹੋਣਾ ਵੀ ਲਾਜ਼ਮੀ ਹੈ। ਅਸਲ ਵਿੱਚ ਸਾਰਾ ਜੀਵਨ ਹੀ ਗਤੀਸ਼ੀਲ ਹੈ।
(23 ਜੁਲਾਈ 2011)

No comments: