ਰਾਹੂ-ਕੇਤੂ
ਕਹਾਣੀ – ਭਾਗ
ਦੂਜਾ
-----
ਕੜੀ ਜੋੜਨ ਲਈ ਕਹਾਣੀ ਦਾ ਪਹਿਲਾ ਭਾਗ ਪਿਛਲੀ ਪੋਸਟ ਜ਼ਰੂਰ ਪੜ੍ਹੋ ਜੀ
ਕੜੀ ਜੋੜਨ ਲਈ ਕਹਾਣੀ ਦਾ ਪਹਿਲਾ ਭਾਗ ਪਿਛਲੀ ਪੋਸਟ ਜ਼ਰੂਰ ਪੜ੍ਹੋ ਜੀ
---------
ਸਰਪੰਚ ਦੀ ਗੱਲ ਸੁਣ ਕੇ ਮੈਨੂੰ ਅੱਗ ਲੱਗ ਗਈ। ਜਿਵੇਂ ਮੇਰੇ ਕੰਨਾਂ ‘ਚ ਕੁਝ ਗਰਮ-ਗਰਮ ਪਾ ਕੇ ਦਿੱਤਾ ਹੋਵੇ। ਜਦੋਂ ਮੈਂ ਭਰਿਆ ਪੀਤਾ ਅੰਦਰ ਵੜਿਆ। ਮੈਨੂੰ ਦੇਖ ਕੇ ਉਹ ਕੱਚਾ ਜਿਹਾ ਹੋ ਗਿਆ। ਕਹਿਣ ਲੱਗਾ, “ ਆ ਬਈ ਚੰਦ ਸਿਆਂਹ, ਤੈਨੂੰ ਹਾਕ ਮਾਰਨ ਈ ਲੱਗਿਆ ਸੀ। ਤੇਰੀ ਭਰਜਾਈ ਚਾਹ ਲੈ ਕੇ ਆਗੀ, ਪੀ ਕੇ...।”
ਸਰਪੰਚ ਦੀ ਗੱਲ ਸੁਣ ਕੇ ਮੈਨੂੰ ਅੱਗ ਲੱਗ ਗਈ। ਜਿਵੇਂ ਮੇਰੇ ਕੰਨਾਂ ‘ਚ ਕੁਝ ਗਰਮ-ਗਰਮ ਪਾ ਕੇ ਦਿੱਤਾ ਹੋਵੇ। ਜਦੋਂ ਮੈਂ ਭਰਿਆ ਪੀਤਾ ਅੰਦਰ ਵੜਿਆ। ਮੈਨੂੰ ਦੇਖ ਕੇ ਉਹ ਕੱਚਾ ਜਿਹਾ ਹੋ ਗਿਆ। ਕਹਿਣ ਲੱਗਾ, “ ਆ ਬਈ ਚੰਦ ਸਿਆਂਹ, ਤੈਨੂੰ ਹਾਕ ਮਾਰਨ ਈ ਲੱਗਿਆ ਸੀ। ਤੇਰੀ ਭਰਜਾਈ ਚਾਹ ਲੈ ਕੇ ਆਗੀ, ਪੀ ਕੇ...।”
“ਨਾ ਤੂੰ
ਮੈਨੂੰ ਕਾਣਾ  ਪਰਖਦੈਂ, ਜਿਵੇਂ ਧੀ ਦਾ ਸਾਕ ਕਰਨਾ  ਹੁੰਦਾ। ਮੈਂ ਤੇਰੇ ਦਸਖ਼ਤਾਂ ਤੇ 
ਧਾਰ ਨੀ ਮਾਰਦਾ, ਨਾ ਈ ਦੋ  ਢਾਈ ਸੌ ਦੀ ਪੈਨਸ਼ਨ ‘ਤੇ। ਤੂੰ  ਸਾਰਾ ਪਿੰਡ ਵੇਚ ਕੇ ਖਾ ਲਿਆ। ਤੂੰ ਹਰਾਮ ਦੇ ਪੈਸੇ ਖਾਣ ਗਿੱਝਿਆਂ। ਸਾਰੀਆਂ ਸਰਕਾਰੀ ਗ੍ਰਾਂਟਾਂ ਖਾ ਗਿਆ। ਪਾੜੋ ਤੇ ਰਾਜ ਕਰੋ ਨਾਲ ਘਰ-ਘਰ ਕਲੇਸ਼ ਪਵਾਈ
ਰੱਖਦੈਂ। ਠਾਣੇਦਾਰ ਦਾ ਦੱਲਾ ਤੂੰ। ਸਾਨੂੰ ਪਤਾ ਕੁੜੀ ਕਿਹੜੇ ਬਾਹਰਲੇ ਮੁਲਕ
ਗਈ ਆ। ਉਸੇ ਮਾਸਟਰ  ਨਾਲ ਨਿੱਕਲ਼ਗੀ ਜਿਹੜਾ ਉਹਨੂੰ ਟਿਊਸ਼ਨ ਪੜ੍ਹਾਉਂਦਾ  ਸੀ। ਹੁਣ ਕਿਸੇ ਸ਼ਹਿਰ ’ਚ ਬੈਠੇ ਨੇ, ਤੂੰ  ਮੂੰਹ ਨੂੰ
ਮਿੱਟੀ ਮਲ਼ੀ ਫਿਰਦੈਂ। ਬੋਲਣ ਨੂੰ
ਮਰਦੈ...। ਮੁੰਡਾ ਜਿਵੇਂ ਪੈਸੇ ਝੋਕ ਕੇ ਸਰਕਾਰੀ
ਨੌਕਰੀ ’ਤੇ ਲੱਗਿਆ
ਸਾਰੇ ਜਾਣਦੇ ਨੇ...” ਮੈਂ ਬੋਲੀ
ਗਿਆ।
ਸਰਪੰਚ ਮੇਰੇ ਮਾਰਨ ਆਵੇ। ਗਾਲ੍ਹਾਂ ਕੱਢੇ।  ਉਹਦੀ ਨੂੰਹ ਤੇ ਤੀਵੀਂ ਉਹਨੂੰ
ਫੜ-ਫੜ  ਅੰਦਰ ਲਿਜਾਣ ਕਹਿੰਦੀਆਂ, “ਕਿਉਂ ਮਰਿਆ  ਸੱਪ ਗਲ਼ ਪਾਉਣੈ।”
ਮੈਂ ਸਰਪੰਚ ਦੀਆਂ ਇੱਦੀਆਂ-ਪਿੱਦੀਆਂ ਗਿਣੀ ਜਾਵਾਂ। ਲੋਕ ਤਮਾਸ਼ਾ ਦੇਖਣ ਆ ਖੜ੍ਹੇ।
“ਕਾਣਿਆ-ਕੁੱਤਿਆ
ਤੈਂ ਮੇਰੇ ਹੱਥੋਂ  ਮਰਨਾ। ਤੈਨੂੰ ਮੈਂ ਦੱਸ ਦਿੱਤਾ...” ਸਰਪੰਚ ਉਨ੍ਹਾਂ ਤੋਂ ਛੁੱਟ ਕੇ  ਮੈਨੂੰ ਮਾਰਨ ਆਵੇ, ਨਾਲ਼ੇ ਇਹੀ  ਗੱਲ ਕਹੀ ਜਾਵੇ। 
ਹਾਂ ਬਾਬੂ ਜੀ, ਮੁੰਡੇ ਹੈਗੇ ਨੇ, ਨਾ ਹੋਇਆ ਵਰਗੇ। ਮੇਰਾ ਮਤਲ
ਇਕ ਫੌਜੀ ਆ।  ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ। ਦੂਜਾ ਨਿੱਕੇ-ਮੋਟੇ ਕੰਮ ਕਰਦਾ।
ਉਨ੍ਹਾਂ ਦੀਆਂ ਭਦਕਾਰੀਆਂ ਸੁਣ ਲਵੋ।
ਆਪਾਂ ਬੱਚੇ ਜੰਮਦੇ ਹਾਂ। ਜਦੋਂ ਬੁੱਢੇ  ਹੋਵਾਂਗੇ,
ਸਹਾਰਾ ਬਣਨਗੇ। ਸਾਡੀ ਸੇਵਾ ਕਰਨੇ।  ਜੇ ਸਾਨੂੰ ਪਤਾ ਹੋਵੇ ਅਸੀਂ ਬੁੱਢੇ ਹੋ ਕੇ ਰੁਲ਼ਣਾ, ਮੇਰਾ ਮਤਲ ਦਰ-ਦਰ ਦੀਆਂ ਠੋਕਰਾਂ  ਖਾਣੀਆਂ ਨੇ, ਕਿਉਂ ਜੰਮੀਏ ਗੰਦੀਆਂ ਔਲਾਦਾਂ।
ਗਲ਼ਤੀਆਂ ਮੇਰੀਆਂ ਵੀ ਨੇ।  ਘੁਮਾਰ ਜਦੋਂ  ਭਾਂਡੇ ਪੱਥਦਾ ਤਾਂ ਭਾਂਡੇ ਦੇ ਪੂਰੇ ਚਿੱਬ ਕੱਢ  ਕੇ ਆਵੇ  ਪਕਾਉਦੈਂ। ਜੇ ਪੱਕੇ ਭਾਂਡੇ ਦੇ ਚਿੱਬ ਕੱਢਣ ਲੱਗੇ ਉਹ ਭਾਂਡਾ ਟੁੱਟ ਜਾਂਦਾ,
ਪਰ ਚਿੱਬ ਨੀ ਨਿਕਲਦੇ। ਇਹੀ ਹਾਲ ਮੇਰੇ ਮੁੰਡਿਆਂ ਦਾ ਹੋਇਆ। ਮੇਰਾ ਮਤਲ ਮੈਂ ਉਨ੍ਹਾਂ ਨੂੰ ਪੜ੍ਹਾਈ ਗਿਆ। ਲਾਡ-ਲਡਾਈ ਗਿਆ। ਕਿਸੇ ਕੰਮ ਨੀ ਲਾਏ।  ਆਪ ਈ ਖੇਤਾਂ ’ਚ ਰੁਲ਼-ਰੁਲ਼ ਕੇ ਮਰੀ ਗਿਆ।  ਸੋਚਿਆ ਪੜ੍ਹ ਲਿਖ ਕੇ ਅਫ਼ਸਰ ਬਣ ਜਾਣ। ਜਦੋਂ ਪੜ੍ਹ ਕੇ ਉਹ ਹੱਥ ਲਮਕਾਈ ਫਿਰਨ ਲੱਗੇ,
ਫਿਰ ਉਨ੍ਹਾਂ ਨੂੰ ਕੰਮ
ਨੂੰ ਕਹਿਣ ਲੱਗਿਆ ਕਹਿੰਦੇ, “ਹਮ ਪੜ੍ਹੇ ਲਿਖੇ ਲਾਟ ਸਾਹਿਬ ਐਂ, ਹਮੇਂ ਨੌਕਰੀ ਚਾਹੀਏ”....ਨੌਕਰੀਆਂ ਸਰਕਾਰ ਕਿੱਥੇ ਦਿੰਦੀ ਆ। ਵੱਡਾ ਮੁੰਡਾ ਤਾਂ ਕੱਦ-ਕਾਠ ਦਾ ਚੰਗਾ ਸੀ
ਪੈਸੇ ਦੇ ਦੁਆ ਕੇ ਫ਼ੌਜ ਚ ਭਰਤੀ ਕਰਵਾ ’ਤਾ।
 ਵਕੀਲ ਬਾਬੂ ਜੀ, ਦੋਵੇਂ ਭਾਈ ਵਿਆਹੇ-ਵਰ੍ਹੇ ਨੇ।  ਅੱਡ-ਅੱਡ ਰਹਿੰਦੇ ਨੇ। ਫ਼ੌਜੀ ਫ਼ੌਜ  ਵਿਚ ਗਿਆ ਹੋਣ
ਕਰਕੇ ਉਹਦੀ ਘਰਵਾਲੀ ਘਰੇ ਇਕੱਲੀ ਸੀ। ਮੈਂ ਤੇ ਦਲੀਪ ਕੁਰ  ਫ਼ੌਜੀ
ਨਾਲ ਰਲ਼ ‘ਗੇ। ਮਾਪਿਆਂ ਨੂੰ ਤਾਂ ਸਾਰੇ ਬੱਚੇ ਇਕੋ ਜਿਹੇ
ਹੁੰਦੇ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਲੜਾਈ
ਵਾਲਾ ਕੇਸ ਲੜਦਿਆਂ ਤੇ ਬੈਂਕਾਂ ਆੜ੍ਹਤੀਆਂ ਦਾ ਕਰਜ਼ਾ ਲਾਹੁੰਦਿਆਂ ਮੇਰੀ ਜ਼ਮੀਨ ਵਿਕ ਗਈ। ਅੱਧਾ ਕਿੱਲਾ ਦਲੀਪ ਕੁਰ ਦੇ ਨਾਂ ਸੀ ਉਹੀ
ਬਚਿਆ। ਅਸੀਂ ਦੋਵੇਂ ਪਤੀ-ਪਤਨੀ  ਫ਼ੌਜੀ ਵੱਲ ਸੀ। ਜ਼ਮੀਨ ਵੀ ਉਸ ਵੱਲ ਸੀ।
 ਇਕ ਦਿਨ ਪੁੰਨ-ਦਾਨ ਕਰਨ ਵਾਲੀ ਤੀਵੀਂ  ਬਿਨਾਂ ਕੋਈ ਕਸ਼ਟ ਭੋਗੇ ਮੈਨੂੰ ਕਸ਼ਟ ਭੋਗਣ ਨੂੰ ਛੱਡ ਕੇ ਤੁਰਗੀ। ਮੇਰਾ ਮਤਲ ਕਸ਼ਟ ਤਾਂ ਉਹਨੇ ਜੀਉਂਦੇ ਜੀਅ
ਬਥੇਰੇ ਭੋਗਲੇ ਸੀ। ਜਦੋਂ ਮਰੀ,
ਬੈਠੀ ਬੈਠੀ ਓ ਅੱਖਾਂ ਮੀਚਗੀ। ਕਹਿੰਦੇ ਦਿਲ ਦਾ ਦੌਰਾ ਪਿਆ। ਸਬੱਬੀ ਫ਼ੌਜੀ ਛੁੱਟੀ ਆਇਆ ਹੋਇਆ ਸੀ। ਉਹਦੇ ਹੱਥਾਂ ਵਿਚ ਸੁਆਸ ਤਿਆਗੇ।
ਛੋਟੇ ਮੁੰਡੇ ਹਰਪਾਲ ਨੂੰ ਪਤਾ  ਲੱਗਿਆ ਉਹ ਆਪਣੇ
ਰਿਸ਼ਤੇਦਾਰਾਂ ਨੂੰ ਲੈ ਕੇ ਆ ਗਿਆ। ਆਉਣਾ ਈ ਸੀ। ਉਹਦੀ ਮਾਂ ਸੀ। ਪਰ ਜੀ ਮਾੜੀ ਗੱਲ ਇਹ ਹੋਈ, ਉਹ ਮਾਂ ਦੀ ਮਿੱਟੀ ਖ਼ਰਾਬ ਕਰਨ ਲੱਗ ਪਿਆ। ਅਰਥੀ ਨਾ ਚੁੱਕਣ ਦੇਵੇ। ਕਹਿੰਦਾ, “ਪਹਿਲਾਂ ਮੇਰੇ ਹਿੱਸੇ ਦੀ ਜ਼ਮੀਨ ਵੰਡੋ। ਫਿਰ ਅਰਥੀ ਚੁੱਕਿਓ।”
 ਫ਼ੌਜੀ, “ਮਾਂ ਚੋ..., ਬਹਿਨ ਚੋ...” ਗਾਲ੍ਹਾਂ ਕੱਢੇ। ਉਹਨੇ ਅਰਥੀ ਚੁਕਵਾ ਲਈ। ਦੋਵੇਂ ਭਰਾ ਹੱਥੋ-ਪਾਈ ਹੋਣ ਲੱਗੇ। ਉਨ੍ਹਾਂ ਦੀ ਮਾਂ ਅਰਥੀ ਤੋਂ ਅੱਧੀ ਹੇਠਾਂ
ਲਮਕੇ ਲੋਕ ਤਮਾਸ਼ਾ ਦੇਖਣ।
 “ ਇਹਦੀ ਭਗਤਣੀ ਦੀ ਮਿੱਟੀ ਨਾ  ਰੋਲ਼ੋ...”  ਮੈਂ ਹੱਥ ਜੋੜਾਂ। ਲੋਕਾਂ  ਨੇ ਵੀ ਸਮਝਾਇਆ, “ਦਾਗ ਦੇ ਆਵੋ।  ਫਿਰ ਚਾਰ ਬੰਦਿਆਂ ’ਚ ਮਾਮਲਾ  ਨਿਪਟਾ ਲਵਾਂਗੇ।”
ਦਾਗ਼ ਤਾਂ ਬਾਬੂ ਜੀ, ਕਿਵੇਂ ਨਾ ਕਿਵੇਂ ਦੇ ‘ਤਾ। 
 ਮੁੰਡਿਆਂ ਨੂੰ ਲੱਗਿਆ ਮਾਮਲਾ ਹੁਣ ਚਾਰ ਬੰਦਿਆਂ
’ਚ ਨਹੀਂ ਮੁੱਕਣਾ,
ਕਚਹਿਰੀ ਜਾਊ। ਜਿਵੇਂ ਉਨ੍ਹਾਂ ਦੇ ਵਕੀਲਾਂ ਨੇ ਦੱਸਿਆ ਹੋਣਾ। ਦੋਵੇਂ ਮਾਂ ਦੇ ਵੱਧ ਤੋਂ ਵੱਧ ‘ਸਕੇ’ ਬਣਨ ਦੀ ਕੋਸ਼ਿਸ਼ ਕਰਨ ਲੱਗੇ।  ਮੇਰਾ ਮਤਲ ਫਿਰ ‘ਫੁੱਲਾਂ’ ਲਈ ਯੁੱਧ ਸ਼ੁਰੂ ਹੋ ਗਿਆ। ਫ਼ੌਜੀ ਨੇ ਮਾਂ ਦਾ ਸਿਵਾ ਠੰਢਾ ਨਾ ਹੋਣ ਦਿੱਤਾ
ਉੱਤੇ ਪਾਣੀ ਦੀਆਂ ਚਾਰ ਬਾਲਟੀਆਂ ਮਾਰੀਆਂ ਫੁੱਲ ਚੁਗ ਲਏ। ਛੋਟਾ ਹਰਪਾਲ ਉਹਦੇ ਨਾਲੋਂ ਵੀ ਤੇਜ਼ ਨਿਕਲਿਆ। ਉਹ ਆਪਣੇ ਰਿਸ਼ਤੇਦਾਰਾਂ ਨਾਲ ਫ਼ੌਜੀ ਨਾਲੋਂ
ਵੀ ਪਹਿਲਾਂ ‘ਫੁੱਲ’ ਪਾਉਣ
ਕੀਰਤਪੁਰ ਸਾਹਿਬ ਪਹੁੰਚ ਗਿਆ। ਜਿਹੜੀ ਥਾਂ ਫੁੱਲ ਜਲ ਪ੍ਰਵਾਹ ਕਰਦੇ ਨੇ ਉੱਥੇ ਵੱਟੇ ਜਿਹੇ ਸੁੱਟ ਕੇ ਰਜਿਸਟਰ
ਉੱਤੇ ਆਪਣਾ ਨਾਂ ਫੁੱਲ ਪਾਉਣ ਵਾਲਿਆਂ ’ਚ ਲਿਖਵਾ ਦਿੱਤਾ।  ਆਪਣੀ ਮਾਂ ਦੇ ਨਾਂ ਦਾ ‘ਪੁੰਨ-ਦਾਨ’ ਕਰਕੇ ਰਸੀਦ ਲੈ ਲਈ।  ਜਦੋਂ ਫੌਜੀ ਫੁੱਲ ਪਾ ਕੇ ਰਜਿਸਟਰ ਉੱਤੇ ਨਾਂ ਲਿਖਵਾਉਣ ਗਿਆ ਤਾਂ ਨਾਂ ਦਰਜ
ਕਰਨਾ ਬੰਦਾ ਕਹਿੰਦਾ, “ ਦਲੀਪ ਕੌਰ
ਦੇ ਫੁੱਲ ਤਾਂ ਹਰਪਾਲ ਸਿੰਘ ਪਾ ਗਿਆ”  ਫ਼ੌਜੀ ਡੌਰ ਭੌਰ ਹੋ ਗਿਆ। 
 ਬਾਬੂ ਜੀ, ਮੀਤੀ ਫ਼ੌਜੀ ਹੀ ਨਿਕਲਿਆ। ਉਹਨੇ  ਮੇਰੇ ਇਧਰ-ਉਧਰ ਗਏ ਤੋਂ ਮਰੀ ਪਈ  ਮਾਂ ਦਾ ਅੰਗੂਠਾ ਲਗਵਾ ਕੇ ਵਸੀਅਤ ਬਣਵਾ ਲਈ ਜਿਹੜਾ ਅੱਧਾ
ਕਿੱਲਾ ਜ਼ਮੀਨ ਬਚਦੀ ਸੀ, ਉਹ ਫ਼ੌਜੀ ਨੇ ਸਾਂਭ ਲਈ। ਅਜੇ ਵੀ ਅਦਾਲਤਾਂ ਚ ਧੱਕੇ ਖਾਈ ਜਾਂਦੇ ਨੇ, ਦੋਵੇਂ ਭਾਈ। 
 ਛੋਟਾ ਮੁੰਡਾ ਤੇ ਉਹਦੀ ਬਹੂ ਮੇਰੀ ਜਾਨ ਦੇ
ਦੁਸ਼ਮਣ ਬਣਗੇ ਕਹਿੰਦੇ,  “ਤੂੰ  ਵੀ ਇਸ ਸਾਜਿਸ਼ ’ਚ ਸ਼ਾਮਲ ਐਂ।”
 ਬਾਬੂ ਜੀ ਧੰਨ ਸੀ ਦਲੀਪ ਕੁਰ, ਊਹਦੇ ਵਰਗਾ ਕਿਸੇ ਨੀ ਬਣ ਜਾਣਾ। ਸ਼ਕਲ ਦੀ ਭਾਵੇਂ ਸਧਾਰਨ ਜਿਹੀ ਸੀ,
ਪਰ ਸਾਊ ਏਨੀ ਸੀ ਨਿਰੀ
ਗਊ ਸੀ ਗਊ। ਉਹਦੇ ਪੂਰੀ ਹੋਣ ਬਾਅਦ ਮੈਂ ਟੁੱਟ
ਗਿਆ, ਮੇਰਾ ਕਿਧਰੇ
ਦਿਲ ਨਾ ਲੱਗੇ। ਮੇਰਾ ਮਤਲ
ਜੀਵਨ ਸਾਥੀ, ਜੀਵਨ ਸਾਥੀ ਓ ਹੁੰਦਾ। ਉਹਦੇ ਰੋਟੀ
ਟੁੱਕ ਦਾ ਕੰਮ ਕਰਦੀ ਕੋਲ ਮੈਂ ਚੁੱਲ੍ਹੇ  ਅੱਗੇ ਜਾ
ਕੇ ਬੈਠਣਾ ਜਿਵੇਂ ਸਵਰਗ ਮਿਲ ਜਾਂਦਾ।
ਇਕ ਦਿਨ ਫ਼ੌਜੀ ਦੀ ਬਹੂ  ਕਹਿੰਦੀ, “ਬਾਪੂ ਜੀ ਚੁੱਲ੍ਹੇ ਅੱਗੇ ਬੈਠ ਕੇ ਰੋਟੀ
ਖਾ ਲਉ, ਚੁੱਲ੍ਹੇ
ਤੇ ਦੁੱਧ ਤੱਤਾ ਕਰਨਾ ਧਰਿਆ ਹੋਇਆ, ਕਿਤੇ ਉਬਲ ਨਾ ਜਾਵੇ।  ਇਕ ਮੱਝ ਰਹਿੰਦੀ ਆ, ਮੈਂ ਉਹਦੀ  ਧਾਰ ਕੱਢ ਲਿਆਵਾਂ...”
 ਮੇਰੇ ਭਾਵੁਕ ਹੋਏ ਦੇ ਸਹਿਜ ਸੁਭਾਅ  ਮੂੰਹੋਂ ਨਿਕਲ ਗਿਆ, “ਭਾਈ ਰੋਟੀ ਕਿੱਥੇ ਚੰਗੀ ਲੱਗਦੀ ਆ। ਮੇਰਾ ਤਾਂ ਰੱਬ ਨੇ ਚੁੱਲ੍ਹਾ ਈ ਖੋਹ ਲਿਆ।”
 ਉਹਨੇ ਇਸੇ ਗੱਲ ਦਾ ਗਲਾਡਾ ਬਣ ਲਿਆ।  ਮੈਨੂੰ ਛੱਜ ’ਚ ਪਾ ਕੇ ਛੱਟਿਆ। ਅਖੇ, “ਕਾਣੇ ਚੌਰੇ ਦਾ ਦਿਮਾਗ ਫਿਰ ਗਿਆ।... ਕਾਣੇ ਚੌਰੇ ਨੂੰ ਨੂੰਹਾਂ-ਧੀਆਂ ਦੀ ਸ਼ਰਮ
ਨੀ ਰਹੀ...ਕਾਣਾ ਚੌਰਾ ਮੈਨੂੰ ਦੱਸਦਾ...ਰੱਬ ਨੇ ਮੇਰਾ ਚੁੱਲ੍ਹਾ  ਖੋਹ ਲਿਆ... ਕਾਣੇ ਚੌਰੇ ਨੇ ਸਾਰੀ ਜਮੀਨ ਖਾ ਲੀ,
ਸਾਰੀ ਉਮਰ ਕੋਈ ਚੱਜ ਦਾ
ਕੰਮ ਨੀ ਕੀਤਾ, ਚੱਟ ਲਿਆ, ਪੂੰਝ ਲਿਆ...ਸ਼ਰਮ ਨੀ ਭੋਰਾ...।”
ਅਸੀਂ ਉਹਦੇ ਲਈ ਕੀ ਨਹੀਂ ਸੀ ਕੀਤਾ।  ‘ਧੰਨ ਏ ਤੂੰ-ਪੁੱਤ-ਧੀਏ। ਕਹਿ-ਕਹਿ ਕੇ ਸਿਰ ਤੇ ਬਠਾਈ ਰੱਖਿਆ। ਉਹਨੇ ਵੱਡੇ ਛੋਟੇ ਦੀ ਸ਼ਰਮ ਵੀ ਲਾਹਤੀ। ਮੈਨੂੰ ਗੱਲ-ਗੱਲ  ਨਾਲ ਕਾਣਾ-ਚੌਰਾ ਕਿਹਾ ਕਰੇ।  ਮੈਨੂੰ ਅੱਗ ਲੱਗ ਜਾਂਦੀ। ਉਹ ਮੇਰੇ ਮੂੰਹੋਂ ਸਿਰੋਂ ਲਹਿਗੀ।
 ਇਕ ਦਿਨ ਮੈਂ ਖ਼ਰੀਆਂ ਖ਼ਰੀਆਂ ਸੁਣਾ ਦਿੱਤੀਆਂ,
“ਸੁਣ ਕੁੜੀਏ ਸਿਰ ਢੱਕ ਕੇ  ਚੁੰਨੀ ਦੀ ਬੁੱਕਲ ਮਾਰ ਲੈਣ ਨਾਲ ਕੋਈ ਸਾਊ ਨੀ ਬਣ ਜਾਂਦਾ,
ਨਾ ਇਹ ਕਰਤੂਤਾਂ ਲੁਕਦੀਆਂ।  ਮੇਰਾ ਮਤਲ ਜਦੋਂ ਫ਼ੌਜੀ ਛੁੱਟੀ ਆ ਜਾਂਦਾ ਤੂੰ ਨਵੀਆਂ ਨਮੇਲੀਆਂ ਵਾਂਗ ਘਰੋਂ
ਨੀ ਨਿਕਲਦੀ।
ਜਦੋਂ ਉਹ ਫ਼ੌਜ
’ਚ ਹੁੰਦਾ ਸਾਰਾ
ਦਿਨ ਕੌਉਲੇ ਕੱਛਦੀ ਰਹਿਨੀ ਆ। ਪਰਸ ਬਾਂਹ ’ਚ ਪਾ ਕੇ ਕਦੇ ਕਿੱਧਰ ਨੂੰ, ਕਦੀ ਕਿੱਧਰ ਨੂੰ। ਮੈਨੂੰ ਪਤਾ ਜਿਹੜੇ ਚੰਦ ਤੂੰ ਚਾੜ੍ਹਦੀ ਏ। ਮੈਂ ਜ਼ਮੀਨ ਥੋਡੀ ਗਰਜ਼ ਪੂਰੀ ਕਰਨ ਨੂੰ ਵੇਚੀ
ਆ, ਹੋਰ ਮੈਂ ਕਿਹੜੀਆਂ
ਕੰਜਰੀਆਂ ਨਚਾਉਂਦਾ ਰਿਹਾ। ਥੋਡੇ ਵਾਂਗੂ
ਕਿਸੇ ਦਾ ਹੱਕ ਨੀ ਮਾਰਿਆ।  ‘ਮੇਰਾ ਮਤਲ’ ਜ਼ਮੀਨ ਦੱਬੀ ਨੀ...।”
 ਬਹੂ ਨੇ ਫ਼ੌਜੀ ਨੂੰ ਇਕ ਦੀਆਂ ਚਾਰ-ਚਾਰ  ਲਾ ਕੇ ਦੱਸ ਦਿੱਤੀਆਂ।  ਹੁਣ ਫ਼ੌਜੀ ਵੀ ਮੇਰੀ ਜਾਨ ਦਾ ਦੁਸ਼ਮਣ ਬਣਿਆ ਫਿਰਦਾ। ਉਹਨੂੰ ਉੱਥੇ ਕੁਆਟਰ ਮਿਲਿਆ ਹੋਇਆ ਸੀ। ਬਹੂ ਨੂੰ ਨਾਲ ਈ ਲੈ ਗਿਆ।  ਉਹ ਦੀ ਬਹੂ ਸਮਾਨ ਅੰਦਰ ਰੱਖ ਕੇ ਇਕ  ਢਹਿ ਰਿਹਾ ਕਮਰਾ ਮੇਰੇ ਲਈ ਖੁੱਲ੍ਹਾ ਛੱਡ ਕੇ  ਬਾਕੀਆਂ ਨੂੰ ਜਿੰਦੇ ਮਾਰ ‘ਗੀ। 
ਛੋਟਾ ਮੁੰਡਾ ਆਪਣੇ ਸਹੁਰੀਂ ਰਹਿੰਦਾ।  ਉੱਥੇ ਸ਼ਹਿਰ ਨੇੜੇ ਆ,
ਜਿੱਥੇ ਉਹ  ਫੈਕਟਰੀ ‘ਚ ਲੱਗਿਆ ਹੋਇਆ। ਮੈਂ ਸੁਣਿਆ  ਹੁਣ ਉਹਦੀ
ਸੁਹਰਿਆਂ ਨਾਲ ਵੀ ਅਣਬਣ ਹੋ ਗਈ। ਬਹੂ ਤਲਾਕ ਲੈਣ ਨੂੰ ਫਿਰਦੀ 
ਆ। ਖ਼ਬਰੈ ਉਹ ਕਿੱਥੇ ਰਹਿੰਦਾ। 
 ਮੈਂ ਇੱਕਲੀ ਜਾਨ ਪਿੰਡ ਜਾਨ ਰਹਿਨਾ। 
 ਬਾਬੂ ਜੀ, ਅਸੀਂ ਬੁੱਢੇ ਮਾਂ-ਬਾਪ ਨੂੰ ਅੱਖਾਂ ’ਤੇ  ਬਿਠਾਈ ਰੱਖਦੇ ਸੀ। ਮੇਰਾ ਮਤਲ ਉਨ੍ਹਾਂ ਦੀ ਇੱਜ਼ਤ ਕਰਦੇ ਹੁੰਦੇ
ਸੀ। ਹੁਣ ਤਾਂ ਬੁੱਢਾ ਹੋਣਾ ਵੀ ਗੁਨਾਹ
ਹੋ ਗਿਆ। ਸਾਰਾ ਪਿੰਡ ਮੇਰੀ ਇੱਜ਼ਤ ਕਰਦਾ
ਸੀ। ਲੋਕ ਮੈਥੋਂ ਡਰਦੇ ਸੀ,
ਬਈ ਚੰਦ ਸਿਉਂ ਨਾਲ਼ ਪੰਗਾ
ਨਾ ਲਿਉ ਘੀਸੀ ਕਰਵਾ ਦਿੰਦਾ। ਹੁਣ ਉਹੀ ਲੋਕ ਪਿੱਠ ਪਿੱਛੇ ਕਾਣਾ ਚੰਦ ਕਹਿੰਦੇ ਨੇ। ਮੇਰੀ ਸੀਨੇ ’ਤੇ ਆਰੀ ਫਿਰ ਜਾਂਦੀ ਆ।  ਮੇਰਾ ਮਤਲ ਜਿਹੜੀ ਉਮਰੇ ਸਿਆਣਾ ਬੰਦਾ ਇੱਜ਼ਤ ਭਾਲਦੈ, ਉਦੋਂ ਉਹਨੂੰ ਜ਼ਲੀਲ ਕਰਨ ਲੱਗਦੇ
ਨੇ।
 ਪੈਨਸ਼ਨ ਦੀ ਗੱਲ ਵੀ ਸੁਣ ਲੋ।  ਪੈਨਸ਼ਨ  ਵਾਲੇ ਫਾਰਮ ਲੈ
ਕੇ ਪਟਵਾਰੀ ਕੋਲ਼ ਗਿਆ।  ਉਹ ਮੈਨੂੰ ਪਹਿਲਾਂ ਹੀ ਜਾਣਦਾ ਸੀ। ਜਦੋਂ ਜ਼ਮੀਨ ਵੇਚੀ ਸੀ। ਉਹ ਤੋਂ ਫਰਦਾਂ ਗੁਦਾਵਰੀਆਂ ਲਿਆਇਆ ਸੀ। ਉਹਦੇ ਦਫ਼ਤਰ ਜਾ ਕੇ ਅਲਖ ਜਗਾਈ,
“ ਪਟਵਾਰੀ ਸਾਹਬ, ਮੋਤੀਆਂ ਆਲੀ ਸਰਕਾਰ,
ਇਲਾਕੇ ਦੇ ਮਾਲਕੋ,
ਧੰਨ ਓ ਤੁਸੀਂ,
ਥੋਡੇ ਬਿਨਾਂ ਜੱਟ ਕਾਣੀ
ਕੌਡੀ ਦਾ ਵੀ ਨਾ..”
ਪਟਵਾਰੀ ਜ਼ਮੀਨ ਦਾ ਰਿਕਾਰਡ ਫਰੋਲ਼ੀ ਬੈਠਾ ਸੀ। ਮੇਰੇ ਵੱਲ ਦੇਖ ਕੇ ਮੁਸਕਰਾਉਣ 
ਲੱਗਾ, “ਬਾਬਾ ਕਿਉਂ
ਸ਼ਰਮਿੰਦਾ ਕਰਦੈਂ ।”
 ਮੈਂ  ਉਹਨੂੰ ਸ਼ਰਮਿੰਦਾ ਕੀ ਕਰਨਾ ਸੀ। ਸ਼ਰਮਿੰਦਾ ਤਾਂ ਆਪਣੇ ਆਪ ਨੂੰ ਜੱਟ ਕਹਿ ਕੇ
ਹੋਈ ਜਾ ਰਿਹਾ ਸਾਂ। ਮੈਂ ਕਾਹਦਾ
ਜੱਟ। ਕੋਲ਼ ਜ਼ਮੀਨ ਦਾ ਕੋਈ ਟੁਕੜਾ ਨਹੀਂ। ਇਹੀ ਗੱਲ ਫਾਰਮਾਂ ’ਤੇ ਲਿਖਵਾਉਣ ਗਿਆ ਸੀ।
 ਪਟਵਾਰੀ ਵੱਡੇ ਸਾਰੇ ਰਜਿਸਟਰ ਉੱਤੋਂ ਜ਼ਮੀਨ
ਦਾ ਰਿਕਾਰਡ ਦੇਖੀ ਜਾਵੇ,  ਨਾਲ਼ੇ ਮਖੌਲ ਕਰੀ  ਜਾਵੇ, “ਅੱਛਾ ਬਾਬਾ। ਪੈਨਸ਼ਨ ਲਵਾ ਲੈਣੀ ਆ, ਸਾਡਾ ਗ਼ਰੀਬ ਗੁਰਬੇ ਦਾ ਖਿਆਲ ਰੱਖੀਂ।”
 ਮੈਂ ਉਹਨੂੰ ਕਿਹਾ, “ਜਿਹੜੀਆਂ ਜਗੀਰਾਂ  ਮਿਲਣਗੀਆਂ ਅੱਧੀਆਂ ਤੇਰੀਆਂ” ਮੈਨੂੰ ਉਹਦੇ  ਲਾਲਚੀ ਸੁਭਾਅ ਦਾ ਪਤਾ ਸੀ। ਪੰਜਾਹ  ਦਾ ਨੋਟ ਦੇਣ ਲੱਗਿਆ ਉਹ ਲਵੇ ਨਾ, ਸੌ ਰੁਪਿਆ ਦੇ ਕੇ ਮਨ ਚ ਕਿਹਾ,
“ਤੁਸੀਂ  ਤਾਂ ਪੁਲ਼ਸੀਆਂ ਨਾਲੋਂ ਵੀ ਮਾੜੇ ਓ। ਨਾਲੇ ਤਨਖਾਹ ਲੈਂਦੇ ਓ, ਨਾਲੇ ਮੇਰੇ ਵਰਗੇ ਗ਼ਰੀਬਾਂ ਦੇ
ਕੱਪੜੇ ਲਾਹੁੰਦੇ ਓ।”
ਪਟਵਾਰੀ ਨੇ ਦੱਸਿਆ ਉਹਨੇ ਫਾਰਮ ਉੱਤੇ  ਲਿਖ ਦਿੱਤਾ,
 “ਇਸ ਪਿੰਡ ਵਿੱਚ ਚੰਦ ਸਿੰਘ ਦੇ ਨਾਂ ਕੋਈ ਜ਼ਮੀਨ ਨਹੀਂ।”
ਇਹ ਸ਼ਬਦ ਸੁਣ ਕੇ ਮੈਨੂੰ ਘੁਮੇਰ  ਆ ਗਈ। ਜਿਵੇਂ ਸਭ ਕੁਝ ਈ ਘੁੰਮ ਰਿਹਾ ਹੋਵੇ। ਜੱਟ ਨੂੰ ਜਦੋਂ ਇਹ ਸੁਣਨਾ  ਪੈ ਜਾਵੇ ਤਾਂ ਉਹਨੂੰ ਧਰਤੀ ਵਿਹਲ ਨਹੀਂ ਦਿੰਦੀ। ਮਨ ’ਚ ਆਈ, ਇਨ੍ਹਾਂ ਕਾਗਜ਼ਾਂ ਨੂੰ ਅੱਗ ਲਾ ਕੇ ਫੂਕ ਦਿਆਂ।
 ਕਈ ਦਿਨ ਇਹ ਫਾਰਮ ਘਰੇ ਹੀ ਪਏ  ਰਹੇ। ਇਕ ਦਿਨ ਪੈਸੇ ਟਕੇ ਵਲੋਂ ਤੰਗ 
ਫਾਰਮਾਂ ਨੂੰ ਲੈ ਕੇ ਡਿਸਪੈਂਸਰੀ ਵਾਲੇ ਡਾਕਟਰ ਕੋਲ਼ ਚਲਿਆ ਗਿਆ। 
 “ਡਾਕਟਰ ਸਾਹਿਬ, ਧੰਨ ਓ ਤੁਸੀਂ  ਤੇ ਧੰਨ ਏ ਥੋਡੀ ਡਾਕਟਰੀ, ਦਿਨ  ਨੀ ਦੇਖਦੇ ਰਾਤ ਨੀ ਦੇਖਦੇ, ਇਹੀ ਸੇਵਾ ਚ ਲੱਗੇ ਰਹਿੰਦੇ ਓ। ਤੁਸੀਂ ਮਰਿਆ ਪਿਆ ਬੰਦਾ ਖੜ੍ਹਾ ਕਰ ਦਿੰਦੇ
ਓ। ਰੱਬ ਬਿਮਾਰੀਆਂ ਬਣਾਉਂਦਾ ਥੱਕ
ਗਿਆ, ਤੁਸੀਂ ਇਲਾਜ
ਲੱਭਦੇ ਨੀ ਥੱਕੇ...”  ਮੈਂ ਡਿਸਪੈਂਸਰੀਆਂ ਵਾਲੇ ਡਾਕਟਰ ਕੋਲ਼ ਜਾ ਕੇ ਉਹਦੀਆਂ ਘੋੜੀਆਂ
ਗਾਈ ਜਾਵਾਂ।
 ਡਾਕਟਰ ਵਿਹਲਾ ਹੀ ਬੈਠਾ ਸੀ।  ਸਰਕਾਰੀ ਹਸਪਤਾਲ ਵਿੱਚ ਸਰਕਾਰ ਦਵਾਈਆਂ ਨੀ ਭੇਜਦੀ। ਉੱਥੇ ਆ ਕੇ ਬੰਦੇ ਨੇ ਮਰਨਾ।  ਡਾਕਟਰ ਕਹਿੰਦਾ, “ਬਾਬਾ ਬਿਮਾਰੀ ਦੱਸ ?”
 ਮੈਂ ਡਾਕਟਰ ਅੱਗੇ ਪੈਨਸ਼ਨ ਵਾਲ਼ੇ ਫਾਰਮ ਕੀਤੇ।
 ਉਹ ਫਾਰਮ ਪੜ੍ਹਦਾ ਕਹਿਣ ਲੱਗਾ,
 “ਬਾਬਾ ਤੇਰੀ ਉਮਰ ਦਾ ਕਿੱਥੋਂ ਪਤਾ ਲੱਗੂ। ਰਾਸ਼ਨ ਕਾਰਡ ਲਿਆ, ਉਹਦੀ ਫੋਟੋ ਕਾਪੀ ਨਾਲ ਲੱਗੂ।”
 ਮੈਂ ਰਾਸ਼ਨ ਕਾਰਡ ਦੀ ਫ਼ੋਟੋ ਕਾਪੀ ਕਿੱਥੋਂ
ਲਿਆਉਂਦਾ। ਉਹ ਤਾਂ ਖ਼ਬਰੈ ਕਿੱਥੇ ਰੱਖ ਕੇ
ਬਹੂ ਜ਼ਿੰਦਾ ਮਾਰ ‘ਗੀ ਸੀ।
 ਮੈਂ ਕਿਹਾ,  “ਡਾਕਟਰ ਸਾਹਿਬ ਤੁਸੀਂ  ਮੈਨੂੰ
ਬਾਬਾ ਕਹਿੰਦੇ ਓ, ਇਹੀ ਉਮਰ ਦਾ ਸਬੂਤ ਆ।  ਸੰਤਾਲੀ ਦੇ ਹੱਲੇ-ਗੁੱਲੇ ਦੀ ਮੈਨੂੰ  ਚੰਗੀ ਸੁਰਤ ਆ। ਜਦੋਂ ਦੇਸ਼ ਆਜ਼ਾਦ ਹੋਇਆ ਸੀ। ਲੀਡਰ ਕਹਿੰਦੇ ਸੀ, ਹੁਣ ਆਜ਼ਾਦ ਹੋਗੇ,  ਭੁੱਖ ਨੰਗ, ਗ਼ਰੀਬੀ ਨਹੀਂ ਰਹਿਣੀ।  ਉਦੋਂ ਗ਼ਰੀਬ-ਗੁਰਬੇ ਦਾ ਵੱਢ-ਵਢੀਕਾ
ਹੁੰਦਾ, ਮੈਂ ਅੱਖੀਂ
ਦੇਖਿਆ।  ਹੁਣ ਵੀ ਗ਼ਰੀਬ ਗੁਰਬੇ ਦਾ ਵੱਢ-ਵਢੀਕਾ ਹੋਈ ਜਾਂਦਾ। ਗ਼ਰੀਬੀ ਤਾਂ ਇਨ੍ਹਾਂ ਤੋਂ ਖ਼ਤਮ ਨਹੀਂ ਹੁੰਦੀ
ਗ਼ਰੀਬਾਂ ਨੂੰ ਖ਼ਤਮ ਕਰੀਂ ਜਾਂਦੇ ਨੇ...। ਅੰਗਰੇਜ਼ਾਂ ਵੇਲੇ ਸਾਡੇ ਕੋਲ਼ ਜ਼ਮੀਨ ਹੁੰਦੀ ਸੀ, ਹੁਣ ਖਾਕੀ ਨੰਗ ਬਣੇ ਬੈਠੇ ਆ।’
“ ਪਰ ਬਾਬਾ
ਰਾਸ਼ਨ ਕਾਰਡ ਬਿਨਾਂ ਤੇਰੀ ਉਮਰ ਦਾ ਸਬੂਤ ?” ਉਹ ਐਨਕਾਂ ਵਿਚੀਂ ਝਾਕਿਆ। “ ਇਕ ਵਾਰ ਫਿਰ ਘਰੇ ਦੇਖ ਆ। ਕਿਸੇ ਖੱਲ-ਖੂੰਜੇ...।”
ਬਾਬੂ ਜੀ, ਮੈਂ ਡਾਕਟਰ ਕੋਲੋਂ ਰਾਸ਼ਨ ਕਾਰਡ ਲੱਭਣ ਘਰ ਚਲਿਆ ਗਿਆ। ਦਲੀਪ ਕੁਰ  ਵਾਲੀ ਪੇਟੀ ਵਿੱਚ ਹੱਥ ਮਾਰਨ ਲੱਗਿਆ।  ਉਹ ਖ਼ਾਲੀ ਜਿਹੀ ਪਈ ਸੀ।  ਉਹ ਉਹਨੂੰ ਦਾਜ ਨਾਲ ਭਰ ਕੇ ਲਿਆਈ
ਸੀ। ਉਸ ਵਿੱਚ ਉਸ ਦੇ ਕੁਝ ਕੁ ਪੁਰਾਣੇ
ਕੱਪੜੇ ਪਏ ਸੀ। ਕੱਪੜੇ
ਫਰੋਲ਼ਦਿਆਂ ਉਨ੍ਹਾਂ ਵਿੱਚ ਕੁਝ ਛਣਕਿਆ। ਫਿਰ ਕੱਪੜੇ ਹਿਲਾਏ ਫਿਰ ਛਣਕਿਆ। ਇਹ ਦਲੀਪ ਕੁਰ ਦੀ ਝਾਂਜਰ ਸੀ। ਝਾਂਜਰ ਨੇ ਕੁਝ ਕਿਹਾ। ਮੇਰਾ ਮਤਲ ਜਿਵੇਂ ਛਣਕ-ਛਣਕ ਕੇ ਕਹਿ ਰਹੀ
ਹੋਵੇ, “ ਕੀ ਲੱਭਦੈ ਰਾਖ ਚੋ...?”
=======
ਕੜੀ ਜੋੜਨ ਲਈ ਕਹਾਣੀ ਦਾ ਪਹਿਲਾ ਅਤੇ ਤੀਜਾ ਭਾਗ ਜ਼ਰੂਰ ਪੜ੍ਹੋ ਜੀ

No comments:
Post a Comment