ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸ਼ਿਵਚਰਨ ਜੱਗੀ ਕੁੱਸਾ - ਵਿਅੰਗ

ਨੀ ਇੱਕ ਤੇਰਾ ਰੰਗ ਮੁਸ਼ਕੀ...!
(ਪੋਸਟ: ਨਵੰਬਰ 2, 2008)
ਮੇਰਾ ਪੁੱਤ ਕਬੀਰ ਇਕ ਡੀ. ਵੀ. ਡੀ. ਦੇਖ ਰਿਹਾ ਸੀ। ਕੋਈ ਗੀਤ ਚੱਲ ਰਿਹਾ ਸੀ, ਜਿਸ ਵਿਚ ਕੁੜੀ ਦੀ 'ਸਿਫ਼ਤ' ਕੀਤੀ ਗਈ ਸੀ। 'ਕਾਲੇ ਡੋਰੀਏ' ਦਾ ਵੀ ਵਰਨਣ ਸੀ। ਗੀਤ ਤਾਂ ਖ਼ੈਰ ਪੰਜਾਬੀ ਹੀ ਸੀ, ਪਰ ਕਿਤੇ-ਕਿਤੇ ਵਿਚ ਇਕ ਭਾਈਬੰਦ ਆ ਕੇ "ਖੜ੍ਹਬੜ੍ਹ-ਖੜ੍ਹਬੜ੍ਹ" ਜਿਹੀ ਕਰਨ ਲੱਗ ਪੈਂਦਾ ਅਤੇ ਨਾਲ ਹੀ ਗਾਂ ਦੇ ਭਰਿੰਡ ਲੜਿਆਂ ਵਾਂਗ ਛੜਾਂ ਜਿਹੀਆਂ ਵੀ ਮਾਰਦਾ! ਮੇਰੇ ਕਹਿਣ ਦਾ ਮਤਲਬ, 'ਰੀ-ਮਿਕਸ' ਗੀਤ ਸੀਗਾ ਬਾਈ ਜੀ...! ਗੀਤ ਵਿਚ ਕਿਤੇ-ਕਿਤੇ ਕੁੜੀ ਨੂੰ ਧਮਕੀਆਂ ਜਿਹੀਆਂ ਵੀ ਦਿੱਤੀਆਂ ਹੋਈਆਂ ਸਨ, ਜਿਵੇਂ ਜਾਰਜ ਡਬਲਿਊ ਬੁਸ਼ ਬੁਲਿਟ ਪਰੂਫ਼ ਸਟੇਜ਼ ਪਿੱਛੇ ਖੜ੍ਹ ਕੇ ਓਸਾਮਾ ਬਿਨ ਲਾਦੇਨ ਨੂੰ ਦਿੰਦੈ! ਕਿਤੇ-ਕਿਤੇ ਸਮਝੌਤੀਆਂ ਜਿਹੀਆਂ ਵੀ ਉਚਾਰੀਆਂ ਹੋਈਆਂ ਸਨ, ਜਿਵੇਂ ਕੋਂਡੋਲੀਜ਼ਾ ਰਾਈਸ ਆਪਣੇ ਬਦਾਮੀ ਬੁੱਲ੍ਹਾਂ 'ਚੋਂ ਚਿੱਟੀਆਂ ਜਿਹੀਆਂ ਦੰਦੀਆਂ ਕੱਢ ਕੇ ਕੋਰੀਆ ਨੂੰ ਦਿੰਦੀ ਹੈ। ਕਦੇ-ਕਦੇ ਡਰਾਇਆ ਜਿਹਾ ਵੀ ਸੀ, ਜਿਵੇਂ ਮੇਰਾ ਬਾਪੂ ਮੈਨੂੰ ਨਿੱਕੇ ਹੁੰਦੇ ਨੂੰ ਆਖਦਾ ਹੁੰਦਾ ਸੀ, "ਹਟ ਜਾਹ ਪੁੱਤ! ਕੁਤਰੇ ਆਲੀ ਮਸ਼ੀਨ ਨਾਲ ਪੰਗੇ ਨਾ ਲੈ-ਤੇਰਾ ਮਸ਼ੀਨ 'ਚ ਹੱਥ ਆਜੂ...!"
ਪੂਰਾ ਤਾਂ ਮੈਨੂੰ ਯਾਦ ਨਹੀਂ, ਪਰ ਗੀਤ ਦੇ ਬੋਲ ਕੁਝ ਐਸੇ ਸਨ, ਮੂੰਹ ਢਕ ਲੈ ਨ੍ਹੀ, ਸੂਰਜ ਨੂੰ ਲਿਸ਼ਕੋਰ ਵੱਜ ਜਾਊ, ਪਾਣੀ ਨੂੰ ਅੱਗ ਪੈਜੂ, ਆਹ ਹੋਜੂ, ਵੌਹ ਹੋਜੂ ਬਗੈਰਾ-ਬਗੈਰਾ...! ਜਿਵੇਂ ਬੁੜ੍ਹੀਆਂ ਜੁਆਕਾਂ ਨੂੰ ਆਖਦੀਆਂ ਹੁੰਦੀਐਂ, "ਸੌਂ ਜਾ ਟੁੱਟ ਪੈਣਿਆਂ-ਨਹੀਂ ਤਾਂ ਬਿੱਲਾ ਆਜੂ...!" ਮੈਂ ਵੀ ਅਖ਼ਬਾਰ ਪੜ੍ਹਦਾ-ਪੜ੍ਹਦਾ ਉਸ ਗੀਤ ਨੂੰ ਸੁਣਨ ਅਤੇ ਦੇਖਣ ਲੱਗ ਪਿਆ। ਮੇਰਾ ਢਿੱਡ ਹੱਸੀ ਜਾ ਰਿਹਾ ਸੀ। ਗੀਤ ਦੀ ਇਕ ਵੀ ਪੰਗਤੀ ਮੂਵੀ ਵਾਲੀ ਕੁੜੀ ਨਾਲ, ਇਕ ਰੱਤੀ ਵੀ ਮੇਚ ਨਹੀਂ ਸੀ ਖਾਂਦੀ। ਮੈਂ ਸੋਚ ਰਿਹਾ ਸੀ ਕਿ ਕਿੰਨੇ ਬੇਵਕੂਫ਼ ਹਾਂ ਅਸੀਂ, ਜਿਹੜੇ ਐਹੋ ਜਿਹੀਆਂ ਮੂਵੀਆਂ ਦੇਖੀ ਜਾ ਰਹੇ ਹਾਂ...? ਕਿੱਡੇ ਚਤਰ ਹਨ ਸਾਨੂੰ ਐਹੋ ਜਿਹੀਆਂ ਮੂਵੀਆਂ ਪੇਸ਼ ਕਰਨ ਵਾਲੇ! ਧੰਨ ਐਂ...! ਧੰਨ ਹਨ ਉਹ ਲੋਕ, ਜਿਹੜੇ ਸਾਨੂੰ ਜਾਗਦਿਆਂ ਨੂੰ ਹੀ ਪੈਂਦੀਂ ਪਾਈ ਜਾ ਰਹੇ ਹਨ ਅਤੇ ਅਸੀਂ 'ਸਤਿ' ਕਰਕੇ ਸਭ ਕੁਝ ਕਬੂਲ ਕਰੀ ਜਾ ਰਹੇ ਹਾਂ। ਗੁਣ ਹੋਣਾ ਚਾਹੀਦੈ, ਬੱਸ ਦੁਨੀਆਂ ਤਾਂ ਲੁੱਟਣ ਵੱਲੀਓਂ ਹੀ ਪਈ ਐ ਮਿੱਤਰੋ...! ਜਿਸ ਨੂੰ ਦੁਨੀਆਂ ਲੁੱਟਣੀ ਆ ਗਈ, ਉਸ ਨੂੰ ਕੋਈ ਕੰਮ ਕਰਨ ਦੀ ਕੀ ਜ਼ਰੂਰਤ ਐ? ਤੇਰਾ ਵਿਕਦਾ ਜੈ ਕੁਰੇ ਪਾਣੀ - ਲੋਕਾਂ ਦਾ ਦੁੱਧ ਵਿਕਦਾ...! ਜਿੰਨ੍ਹਾਂ ਦਾ ਪਾਣੀ ਵਿਕਦੈ, ਉਹਨਾਂ ਨੂੰ ਮੱਝਾਂ ਤੋਂ ਪੈਰ ਮਿੱਧਵਾਉਣ ਦੀ ਕੀ ਜ਼ਰੂਰਤ ਐ?
ਇਕ ਐਥੋਂ ਦੇ ਬੱਚੇ ਵੀ ਐਹੋ ਜਿਹੇ ਹੀ ਹਨ, "ਗੰਜ ਕੁੱਟ-ਗੰਜ ਕੁੱਟ" ਸੁਣਨ ਦੇ ਆਦੀ! ਮੈਂ ਅਤੇ ਮੇਰਾ ਇਕ ਮਿੱਤਰ ਹੀਥਰੋ ਏਅਰਪੋਰਟ ਲੰਡਨ ਤੋਂ ਉਸ ਦੀ ਸੱਸ ਨੂੰ ਲੈਣ ਲਈ ਜਾ ਰਹੇ ਸੀ। ਉਸ ਮਿੱਤਰ ਨੇ ਅੰਮ੍ਰਿਤ ਵੇਲੇ ਦਾ ਖਿ਼ਆਲ ਕਰਦਿਆਂ ਇਕ ਕੀਰਤਨ ਦੀ ਧਾਰਮਿਕ ਕੈਸਿਟ ਲਾ ਲਈ। ਕਾਰ ਵਿਚ ਉਸ ਦਾ ਦਸ ਕੁ ਸਾਲ ਦਾ ਪੁੱਤਰ ਪਿਛਲੀ ਸੀਟ 'ਤੇ ਘਾਂਊਂ-ਮਾਂਊਂ ਜਿਹਾ ਹੋਇਆ, ਅੱਧ ਸੁੱਤਾ ਜਿਹਾ ਪਿਆ ਸੀ। ਜਦ ਕੈਸਿਟ ਵਾਲੇ ਬਾਬੇ ਨੇ ਅਜੇ ਸ਼ਬਦ ਦੀ ਸ਼ੁਰੂਆਤ ਕੀਤੀ ਹੀ ਸੀ ਤਾਂ ਉਸ ਦਾ ਪੁੱਤਰ ਚੀਕ ਉਠਿਆ, "ਵੱਟ ਦਾ ਹੈੱਲ ਇੱਜ਼ ਗੋਇੰਗ ਔਨ, ਮੈਨ...?" ਤਾਂ ਬਾਪ ਨੇ ਕਿਹਾ, "ਇਹ ਗੁਰਬਾਣੀ ਐਂ ਪੁੱਤ...!" ਉਹ ਮੂੰਹ ਫ਼ੱਟ ਲੜਕਾ ਆਖਣ ਲੱਗਿਆ, "ਸਟੌਪ ਇੱਟ! ਆਈ ਡੋਂਟ ਲਾਈਕ ਗੁਰਬਾਣੀ...!" ਮੇਰੇ ਮਿੱਤਰ ਨੇ ਘੋਰ ਮਾਯੂਸ ਹੁੰਦਿਆਂ ਕੈਸਿਟ ਬੰਦ ਕਰ ਦਿੱਤੀ। ਮੇਰੇ ਕੋਲ ਵੀ ਕੁਝ ਕਹਿਣ ਨੂੰ ਨਹੀਂ ਬਚਿਆ ਸੀ। ਮੈਂ ਸੋਚ ਰਿਹਾ ਸੀ ਕਿ ਕਸੂਰ ਸਰਾਸਰ ਸਾਡਾ ਆਪਦਾ ਸੀ। ਜਦੋਂ ਮਨ ਪ੍ਰਦੇਸੀ ਹੋ ਜਾਵੇ, ਸਾਰਾ ਦੇਸ਼ ਪਰਾਇਆ ਹੋ ਜਾਂਦਾ ਹੈ। ਸਾਨੂੰ ਸਾਡੇ ਪੁਰਖਿ਼ਆਂ ਦੀ ਦਿੱਤੀ ਸੁਮੱਤ ਸਦਕਾ ਗੁਰਦੁਆਰੇ ਜਾਣ ਦਾ ਚਾਅ ਜਿਹਾ ਚੜ੍ਹਿਆ ਰਹਿੰਦਾ ਸੀ। ਅੱਜ ਕੱਲ੍ਹ ਦੇ ਬੱਚੇ ਤਾਂ ਗੁਰਦੁਆਰੇ ਦੇ ਨਾਂ ਨੂੰ ਹੀ "ਬੋਰਿੰਗ-ਬੋਰਿੰਗ" ਕਰਨ ਲੱਗ ਪੈਂਦੇ ਨੇ।
ਇਕ ਗੱਲ ਹੋਰ ਯਾਦ ਆ ਗਈ। ਵੀਹ ਕੁ ਸਾਲ ਪਹਿਲਾਂ ਜਦ ਮੈਂ ਆਸਟਰੀਆ ਤੋਂ ਪਹਿਲੀ ਵਾਰ ਇੰਗਲੈਂਡ ਆਪਣੇ ਸਾਢੂ ਅਤੇ ਸਾਲੀ ਨੂੰ ਮਿਲਣ ਆਇਆ ਤਾਂ ਉਦੋਂ ਉਸ ਦੇ ਦੋਨੋਂ ਮੁੰਡੇ ਛੋਟੇ-ਛੋਟੇ ਸਨ। ਉਹ ਆਪਸ ਵਿਚ ਅਤੇ ਮਾਂ ਬਾਪ ਨਾਲ ਅੰਗਰੇਜ਼ੀ ਹੀ ਬੋਲਦੇ। ਮੈਂ ਉਹਨਾਂ ਬੱਚਿਆਂ ਨੂੰ ਸਮਝਾਇਆ ਕਿ ਤੁਸੀਂ ਮੇਰੇ ਨਾਲ ਪੰਜਾਬੀ ਬੋਲਿਆ ਕਰੋ, ਅੰਗਰੇਜ਼ੀ ਮੈਨੂੰ 'ਪੈਰ-ਮਿੱਧ' ਜਿਹੀ ਹੀ ਆਉਂਦੀ ਐ। ਖ਼ੈਰ, ਮੈਂ ਦੋ ਕੁ ਹਫ਼ਤੇ ਇੰਗਲੈਂਡ ਰਿਹਾ। ਬੱਚੇ ਮੇਰੇ ਨਾਲ ਵਾਹਵਾ ਪੰਜਾਬੀ ਬੋਲਣ ਲੱਗ ਪਏ। ਦੋ ਕੁ ਹਫ਼ਤਿਆਂ ਬਾਅਦ ਜਦ ਮੈਂ ਵਾਪਿਸ ਜਾਣ ਲੱਗਿਆ ਤਾਂ ਬਾਈ ਬਲਦੇਵ ਦਾ ਵੱਡਾ ਮੁੰਡਾ ਵਿਕਰਮ ਮੈਨੂੰ ਪੰਜਾਬੀ ਵਿਚ ਪੁੱਛਣ ਲੱਗਿਆ, "ਅੰਕਲ ਹੁਣ ਤੂੰ ਚੱਲੀ...?" ਮੈਂ ਉਸ ਨੂੰ ਆਖਿਆ, "ਪੁੱਤ 'ਕੱਲੀ ਮੇਰੀ ਅੰਗਰੇਜ਼ੀ ਹੀ 'ਪੈਰ ਮਿੱਧ' ਨਹੀਂ-ਤੇਰੀ ਪੰਜਾਬੀ ਵੀ 'ਖੁਰਵੱਢ' ਈ ਐ!" ਉਹ "ਵਾਅਟ੍ਹ ਪੈਰ-ਮਿੱਧ ਐਂਡ ਖੁਰ-ਵੱਢ?" ਆਖ ਕੇ ਹੱਸ ਪਿਆ। ਮੈਨੂੰ ਦੋਨਾਂ ਸ਼ਬਦਾਂ ਦੀ ਅੰਗਰੇਜ਼ੀ ਨਹੀਂ ਆਉਂਦੀ ਸੀ ਅਤੇ ਉਸ ਨੂੰ ਸਮਝ ਨਹੀਂ ਆਉਂਦੀ ਸੀ। ਖ਼ੈਰ, ਉਸ ਨੂੰ ਮੈਂ ਪੰਜਾਬੀ ਦੀ ਐਸੀ ਲਗਨ ਲਾਈ ਕਿ ਇੰਗਲੈਂਡ ਦਾ ਜੰਮਪਲ, ਅੱਜ ਕੱਲ੍ਹ ਇੰਗਲੈਂਡ ਵਿਚ ਹੀ ਉਹ ਚੰਗਾ ਅਫ਼ਸਰ ਹੋਣ ਦੇ ਨਾਲ-ਨਾਲ ਪੰਜਾਬੀ ਵੀ ਪੂਰੀ ਜੱਟਾਂ ਵਾਲੀ ਬੋਲਦੈ।
...ਗੱਲ ਗੀਤਾਂ ਦੀ ਚੱਲ ਰਹੀ ਸੀ ਅਤੇ ਗੀਤ ਦੀ ਗੱਲ 'ਕਾਲੇ ਡੋਰੀਏ' ਤੋਂ ਤੁਰੀ ਸੀ। ਪਰ ਵਿਚਾਰੀ ਬਦ-ਕਿਸਮਤ ਕੁੜੀ ਦੇ ਵਾਲਾਂ ਦੀ ਸਿਰਫ਼ ਇਕ ਲੂੰਡਕੀ ਜਿਹੀ ਹੀ ਰੱਖੀ ਹੋਈ ਸੀ, ਜਿਵੇਂ ਘੋੜ੍ਹੀ ਦੀ ਪੂਛ ਹੁੰਦੀ ਐ, ਪੁੱਛਣ ਵਾਲਾ ਹੋਵੇ ਬਈ ਕਾਲਾ ਡੋਰੀਆ ਉਹਦੇ 'ਚ ਸੁਆਹ ਪਊ? ਸਾਡੇ ਲਿਖਣ ਵਾਲੇ ਗੀਤਕਾਰਾਂ ਦਾ ਦੁਖਾਂਤ ਇਹ ਹੈ ਕਿ ਉਹ ਜਿਹੜੀ ਕੁੜੀ ਨੂੰ ਕਲਪਨਾ ਵਿਚ ਸਿਰਜ਼ਦੇ ਹਨ, ਗਾਇਕਾਂ ਦੇ ਤਾਂ ਸ਼ਾਇਦ ਕੋਈ ਵੱਸ ਹੋਵੇ, ਚਾਹੇ ਨਾ ਹੋਵੇ। ਪਰ ਮੂਵੀ ਤਿਆਰ ਕਰਨ ਵਾਲੇ ਗੀਤਕਾਰ ਦੀ ਕਲਪਨਾ 'ਤੇ ਆਰੀ-ਰੰਦਾ ਮਾਰਨੋਂ ਜ਼ਰਾ ਵੀ ਨਹੀਂ ਜਰਕਦੇ। ਗੀਤਕਾਰ ਵਿਚਾਰਾ ਕਲਪਨਾ ਬਲਾਉਰੀ ਅੱਖਾਂ ਦੀ ਕਰ ਕੇ ਕੋਈ ਗੀਤ ਘੜ੍ਹਦੈ। ਪਰ ਜਦੋਂ ਮੂਵੀ ਬਣਾਈ ਜਾਂਦੀ ਹੈ ਤਾਂ ਕੁੜੀ ਦੀਆਂ ਅੱਖਾਂ ਚਾਹੇ ਚੁੰਨ੍ਹੀਆਂ ਹੀ ਹੋਣ। ਪਰ ਕੱਜਲ ਨਾਲ ਅੱਖਾਂ ਭੇਡ ਦੀਆਂ ਅੱਖਾਂ ਵਾਂਗ ਲਬੇੜੀਆਂ ਹੁੰਦੀਐਂ। ਗਾਉਣ ਵਾਲਾ 'ਕਸੂਰੀ ਜੁੱਤੀ' ਦਾ ਵਿਖਿਆਨ ਕਰ ਰਿਹਾ ਹੁੰਦਾ ਹੈ, ਪਰ ਬੀਬੀ ਸਟੇਜ਼ 'ਤੇ ਦੋ ਕੁ ਰੱਸੀਆਂ ਜਿਹੀਆਂ ਦੇ ਸੈਂਡਲ ਪਾ ਕੇ ਸਟੇਜ਼ 'ਤੇ ਅੱਕਲਕਾਨ ਹੋਈ ਹੁੰਦੀ ਐ।
ਇਕ ਗਾਇਕ ਗਾ ਰਿਹਾ ਸੀ, "ਚਿੱਟੀ ਕੁੜਤੀ ਤੇਰੀ 'ਤੇ ਬਟਨ ਕਾਲੇ...!" ਪਰ ਨਾਲ ਨੱਚਣ ਵਾਲੀ ਬੀਬੀ ਦੇ ਨਾ ਤਾਂ ਕੋਈ ਕੁੜਤੀ ਪਾਈ ਹੋਈ ਸੀ, ਸਗੋਂ ਕੱਪੜੇ ਇੰਜ ਪਾਏ ਹੋਏ ਸਨ ਜਿਵੇਂ ਕਿਸੇ ਸਮੁੰਦਰ ਦੇ ਕੰਢੇ ਨਹਾਉਣ ਚੱਲੀ ਹੋਵੇ। ਜੇ ਕੋਈ ਗਾਇਕ ਸਲਵਾਰ ਦੀ ਗੱਲ ਕਰਦੈ, ਤਾਂ ਮੂਵੀ ਵਾਲੇ ਮੇਰੇ ਵੀਰ 'ਸਕੱਰਟ' ਪਾਈ ਦਿਖਾਉਂਦੇ ਐ। ਉਹ ਵੀ ਉਹ ਸਕੱਰਟ, ਜਿਸ ਦੇ ਨਾਲ ਜੁਆਕ ਦਾ ਮੂੰਹ ਵੀ ਨਾ ਪੂੰਝਿਆ ਜਾ ਸਕੇ। ਬੀਬੀ ਦਾ ਨੱਕ ਚਾਹੇ ਫ਼ੀਨ੍ਹਾਂ ਹੀ ਹੋਵੇ, ਪਰ ਸਾਡੇ ਅਗਾਂਹਵਧੂ ਗਾਇਕ, "ਤਿੱਖਾ ਨੱਕ ਤਲਵਾਰ ਵਰਗਾ" ਦੀ ਹੇਕ ਲਾਉਣ ਲੱਗੇ ਜਮਾਂ ਨ੍ਹੀ ਸੋਚਦੇ।
ਪਹਿਲਾਂ ਪਹਿਲ, ਜਦੋ ਮੂਵੀਆਂ ਅਜੇ ਹੋਂਦ ਵਿਚ ਆਈਆਂ ਹੀ ਨਹੀਂ ਸਨ, ਪਿੰਡ ਦਿਆਂ ਬਨੇਰਿਆਂ 'ਤੇ ਦੋ ਮੰਜੇ ਜੋੜ ਕੇ ਸਪੀਕਰ ਵੱਜਦੇ ਸੁਣੀਂਦੇ ਸੀ ਅਤੇ ਜਦ ਮਰਹੂਮ ਨਰਿੰਦਰ ਬੀਬਾ ਉਚੀ ਹੇਕ ਵਿਚ ਗਾਉਂਦੀ ਸੀ, "ਮੈਂ ਜੱਟੀ ਪੰਜਾਬ ਦੀ - ਮੇਰੀਆਂ ਸਿਫ਼ਤਾਂ ਕਰੇ ਜਹਾਨ...!" ਤਾਂ ਸੁਣ ਕੇ ਸਾਡੇ ਪਿੰਡ ਵਾਲੇ ਸੱਘੇ ਅਮਲੀ ਵਰਗੇ ਵੀ 'ਵਾਹ-ਵਾਹ' ਕਰ ਉਠਦੇ ਸਨ। ਅੱਜ ਕੱਲ੍ਹ ਸਿਫ਼ਤ ਪੰਜਾਬਣ ਜੱਟੀ ਦੀ ਹੋ ਰਹੀ ਹੁੰਦੀ ਐ ਤੇ ਡਰੱਗ ਦੀ ਮਾਰੀ ਬੀਬੀ ਕੈਮਰੇ ਮੂਹਰੇ ਢਾਂਗੇ ਵਾਂਗੂੰ ਹਿੱਲਦੀ ਨਜ਼ਰ ਆਉਂਦੀ ਹੈ। ਗੱਲ ਗੀਤ ਵਿਚ ਕੁੜਤੀ-ਸਲਵਾਰ ਦੀ ਕੀਤੀ ਹੁੰਦੀ ਹੈ ਅਤੇ ਵਿਚੇ ਹੀ ਜੱਟੀ-ਜੱਟੀ ਦਾ ਹੂੰਗਾ ਵੀ ਵਜਾਇਆ ਹੁੰਦੈ, ਪਰ 'ਜੱਟੀ' ਦੇ ਨਾ ਕੁੜਤੀ, ਨਾ ਸਲਵਾਰ! ਧੁੰਨੀ ਨੰਗੀ ਹੁੰਦੀ ਹੈ ਅਤੇ ਚੱਪੇ ਕੁ ਦੀ ਮਿੰਨ੍ਹੀ ਸਕੱਰਟ ਐਨ੍ਹ 'ਬਾਡਰ' ਤੱਕ ਹੇਠਾਂ ਨੂੰ ਸਰਕਾਈ ਹੁੰਦੀ ਐ।
ਇਕ ਭਾਈਬੰਦ ਨੇ ਕੋਕੇ ਬਾਰੇ ਗਾਇਆ ਤਾਂ ਮੈਨੂੰ ਹੋਰ ਕਿਸੇ 'ਤੇ ਨਹੀਂ, ਗਾਉਣ ਵਾਲੇ 'ਤੇ ਹੀ ਤਰਸ ਆਈ ਜਾਵੇ। ਨੱਚਣ ਵਾਲੀ ਕੁੜੀ ਦੇ ਕੋਕਾ ਤਾਂ ਕੀ ਹੋਣਾ ਸੀ? ਨਾ ਹੀ ਕਿਸੇ ਮੂਵੀਕਾਰ ਨੇ ਕੁੜੀ ਦੇ ਨੱਕ ਤੱਕ ਕੈਮਰਾ ਹੀ ਕੀਤਾ ਸਗੋਂ ਉਸ ਦੀਆਂ ਸੁੱਕੀ ਟਿੰਡੋ ਵਰਗੀਆਂ ਛਾਤੀਆਂ 'ਤੇ ਹੀ ਕੈਮਰੇ ਦੀ ਸ਼ਿਸ਼ਤ ਬੰਨ੍ਹੀ ਰੱਖੀ। ਮੈਂ ਦਾਅਵੇ ਨਾਲ ਆਖਦੈਂ, ਕਿ ਜਿਹੜੀ ਕੁੜੀ ਨਾਚ ਕਰਦੀ ਹੁੰਦੀ ਹੈ, ਉਸ ਨੂੰ ਕਸੂਰੀ ਜੁੱਤੀ ਬਾਰੇ ਪਤਾ ਹੀ ਨਹੀਂ ਹੋਣਾ ਕਿ ਕੀ ਬਲਾਅ ਹੁੰਦੀ ਐ? ਉਸ ਨੂੰ ਪੁੱਛਿਆ ਜਾਵੇ ਕਿ ਦੱਸੋ ਕਸੂਰ ਪਾਕਿਸਤਾਨ ਵਿਚ ਹੈ ਜਾਂ ਅਫ਼ਗਾਨਿਸਤਾਨ ਵਿਚ? ਸ਼ਾਇਦ ਉੱਤਰ, "ਆਈ ਡੋਂਟ ਨੋਅ...!" ਜਾਂ "ਆਈ ਡੋਂਟ ਕੇਅਰ....!" ਵਿਚ ਹੀ ਆਵੇਗਾ। ਕਈ ਵਾਰ ਤਾਂ ਸਾਡੇ ਮੂਵੀਕਾਰ ਭਾਈਬੰਦਾਂ ਨੇ ਹੱਦ ਹੀ ਕੀਤੀ ਹੁੰਦੀ ਐ। ਪੰਜਾਬਣ 'ਜੱਟੀ' ਦੀ ਥਾਂ ਵਲਾਇਤੀ ਮੇਮ ਹੀ ਲਿਆ ਵਾੜਦੇ ਐ। ਉਸ ਮੇਮ ਨੂੰ ਵਿਚਾਰੀ ਨੂੰ ਜੱਟੀ ਦੇ ਗੁਣਾਂ ਦਾ ਕੀ ਪਤਾ? ਉਹ ਤਾਂ ਦਰਦ ਹੋਣ ਵਾਲੇ ਕੱਟਰੂ ਵਾਂਗੂੰ ਸਟੇਜ਼ 'ਤੇ ਖੜ੍ਹੀ ਉਸਲਵੱਟੇ ਜਿਹੇ ਲਈ ਜਾਂਦੀ ਐ!
ਬਾਕੀ ਗੱਲ ਰਹੀ ਪੰਜਾਬੀ ਜੱਟ ਦੀ! ਜਦੋਂ ਜੱਟ ਦੀ ਗੱਲ ਚੱਲਦੀ ਹੈ ਤਾਂ ਮੈਨੂੰ ਸਾਡੇ ਪਿੰਡਾਂ ਦੇ ਜੱਟਾਂ ਦਾ ਮੂੰਹ-ਮੁਹਾਂਦਰਾ ਜਿ਼ਹਨ ਵਿਚ ਦਿਸਣ ਲੱਗ ਪੈਂਦੈ। ਪਰ ਜਦੋਂ ਟੈਲੀਵੀਯਨ ਦੇ ਸਕਰੀਨ 'ਤੇ ਨਜ਼ਰ ਮਾਰੀਦੀ ਹੈ ਤਾਂ ਮੱਲੋਮੱਲੀ ਆਪਣੇ ਆਪ ਨੂੰ ਫਿਟਕਾਰ ਜਿਹੀ ਪਾਉਣ ਨੂੰ ਦਿਲ ਕਰਦੈ, ਬਈ ਪੰਜਾਬ ਦੇ ਜੱਟ ਐਹੋ ਜੇ ਹੁੰਦੇ ਐ...? ਦਾਹੜੀ ਦੀ 'ਤੂਈ' ਜਿਹੀ ਬਣਾ ਕੇ ਕੰਨਾਂ ਵਿਚ ਕੋਕਰੂ...! ਸਾਡੇ ਪਿੰਡਾਂ ਦੇ ਜੱਟਾਂ ਦੇ ਧੂੰਅਵੇਂ ਚਾਦਰੇ, ਰੰਗਲੇ ਖੂੰਡੇ, ਡੰਡਿਆਂ ਵਾਂਗ ਆਕੜੇ ਮਾਵੇ ਵਾਲੇ ਤੁਰਲ੍ਹੇ, ਖੜਕਵੇਂ ਆਰਕੰਡੀ ਦੇ ਚੀਰੇ, ਸੁੱਚੇ ਤਿੱਲੇ ਦੇ ਖੁੱਸੇ...ਗੋਡਿਆਂ ਤੱਕ ਕੱਢਵੇਂ ਕਲੀਆਂ ਵਾਲੇ ਕੁੜਤੇ...! ਪਰ ਅੱਜ ਦੇ ਟੈਲੀਵੀਯਨੀ-ਜੱਟ? ਲੈਦਰ ਦੀ ਵਰਦੀ ਵਿਚ ਕਸੇ ਇਉਂ ਲੱਗਦੇ ਐ ਜਿਵੇਂ ਕਿਸੇ ਅੰਬੈਸੀ ਅੱਗਿਓਂ ਗੰਨਮੈਨੀ ਤਿਆਗ ਕੇ ਆਏ ਹੋਣ! ਪੰਜਾਬ ਦੇ ਜੱਟਾਂ ਦੀਆਂ ਕੁੰਢੀਆਂ ਮੁੱਛਾਂ, ਚਿਹਰਿਆਂ 'ਤੇ ਜਲਾਲ, ਦਗ਼ਦੇ ਚਿਹਰੇ, ਰੋਅਬਦਾਰ ਤੱਕਣੀਂ...! ਪਰ ਅੱਜ ਦੇ ਟੀ. ਵੀ. ਮਾਰਕਾ ਜੱਟ...? ਜੈੱਲ ਲਾ ਕੇ ਵਾਲ ਕੰਡੇਰਨਿਆਂ ਵਾਂਗੂੰ ਖੜ੍ਹੇ, ਗਲ 'ਚ ਇਕ ਡਰਾਉਣਾ ਚਿੰਨ੍ਹ ਜਿਹਾ ਲਮਕਾ ਲੈਂਦੇ ਐ, ਜਿਵੇਂ ਗਾਉਣ ਨਹੀਂ, ਡਰਾਉਣ ਆਏ ਹੁੰਦੇ ਐ। ਗਾਉਂਦੇ ਉਂਗਲਾਂ ਇਉਂ ਮਾਰਦੇ ਐ, ਜਿਵੇਂ ਪੈਲ਼ੀ ਦੀ ਵੱਤ ਦੇਖਣੀ ਹੋਵੇ, ਕਈਆਂ ਦੀ ਤਾਂ ਦਾਹੜ੍ਹੀ ਵੀ ਇਉਂ ਬਣਾਈ ਹੁੰਦੀ ਐ, ਜਿਵੇਂ ਘੋੜ੍ਹੇ ਦੇ ਤੇਜ਼-ਤਿੱਖਾ ਖ਼ਰਖ਼ਰਾ ਫਿਰ ਗਿਆ ਹੁੰਦੈ। ਪਰ ਮੁਆਫ਼ ਕਰਨਾ ਬਾਈ, ਇਹ ਤਾਂ 'ਬਲੈਤੀ-ਜੱਟ' ਐ...! ਇਹ ਉਹ ਭੱਤੇ ਢੋਣ ਵਾਲੀਆਂ ਪੰਜਾਬੀ ਜੱਟੀਆਂ ਨਹੀਂ, ਸਿਗਰਟਾਂ ਤੇ ਡਰੱਗ ਦੀਆਂ ਖੋਖਲੀਆਂ ਕੀਤੀਆਂ ਹੋਈਆਂ ਦੇਸੀ ਮੇਮਾਂ ਨੇ...! ਇਹਨਾਂ ਨੂੰ ਤਾਂ ਇੰਜ ਆਖਣ ਨੂੰ ਜੀਅ ਕਰਦੈ, "ਨ੍ਹੀ ਇਕ ਤੇਰਾ ਰੰਗ ਮੁਸ਼ਕੀ - ਦੂਜਾ ਮੁਸ਼ਕ ਕੱਛਾਂ 'ਚੋਂ ਮਾਰੇ...!" ਮੇਰੇ ਬਾਈ ਬਣਕੇ ਵੱਧ ਘੱਟ ਬੋਲਣ ਲਈ ਮੈਨੂੰ ਮੁਆਫ਼ ਕਰਨਾ!!

No comments: