ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, October 9, 2009

ਸਾਥੀ ਲੁਧਿਆਣਵੀ - ਇੰਦਰਜੀਤ ਹਸਨਪੁਰੀ ਦਾ ਵਿਛੋੜਾ - ਸ਼ਰਧਾਂਜਲੀ

ਸਨਰਾਈਜ਼ ਟੀ. ਵੀ. ( ਯੂ.ਕੇ.) ਦੇ ਸਟੂਡਿਓ 'ਚ ਸਾਥੀ ਲੁਧਿਆਣਵੀ ਅਤੇ ਇੰਦਰਜੀਤ ਹਸਨਪੁਰੀ

***********************

ਇੰਦਰਜੀਤ ਹਸਨਪੁਰੀ ਦਾ ਵਿਛੋੜਾ

ਸ਼ਰਧਾਂਜਲੀ

ਇੰਦਰਜੀਤ ਹਸਨਪੁਰੀ ਪੰਜਾਬੀ ਦੇ ਸਿਰਮੌਰ ਗੀਤਕਾਰ ਸਨਉਹ ਵਧੀਆ ਸ਼ਖ਼ਸ, ਫਿਲਮਕਾਰ ਅਤੇ ਚਿੱਤਰਕਾਰ ਵੀ ਸਨਉਨ੍ਹਾਂ ਦਾ ਚਲੇ ਜਾਣਾ ਸਾਰੇ ਪੰਜਾਬੀਆਂ ਵਾਸਤੇ ਬੜੇ ਦੁੱਖ ਵਾਲ਼ੀ ਗੱਲ ਹੈਅਜੇ ਕੁਝ ਮਹੀਨੇ ਹੀ ਪਹਿਲਾਂ ਆਪ ਜੀ ਯੂ ਕੇ ਆਏ ਸਨ ਤਾਂ ਮੈਂ ਉਨ੍ਹਾਂ ਨੂੰ ਸਨਰਾਈਜ਼ ਟੈਲੀਵੀਯਨ ਉੱਤੇ ਆਪਣੇ ਪੰਜਾਬੀ ਗੱਲਬਾਤਪਰੋਗਰਾਮ ਵਿਚ ਇੰਟਰਵੀਊ ਕੀਤਾ ਸੀ

-----

ਮੈਂ ਇੰਦਰਜੀਤ ਹਸਨਪੁਰੀ (ਮੈਂ ਉਹਨੂੰ ਪਿਆਰ ਨਾਲ਼ ਹੁਸਨਪਰੀਵੀ ਕਿਹਾ ਕਰਦਾ ਸਾਂ) ਨੂੰ ਪੰਜਾਹਵਿਆਂ ਤੋਂ ਜਾਣਦਾ ਸਾਂ- ਜਦੋਂ ਮੈਂ ਕਾਲਜ ਸਟੂਡੈਂਟ ਸਾਂ ਤੇ ਇੰਦਰਜੀਤ ਹਸਨਪੁਰੀ ਲੁਧਿਆਣੇ ਦੇ ਨੌ ਲੱਖਾ ਸਿਨਮੇ ਦੇ ਸਾਹਮਣੇ ਵਾਲ਼ੇ ਖੋਖੇ ਚੋਂ ਪੇਂਟਿੰਗ ਭਾਵ ਕਮਰਸ਼ੀਅਲ ਪੇਂਟਰ ਦਾ ਕੰਮ ਚਲਾਉਂਦਾ ਹੁੰਦਾ ਸੀਕਈ ਵੇਰ ਉਹ ਮੀਲ ਪੱਥਰਾਂ ਉਤੇ ਸਾਈਨ ਭਾਵ ਮੀਲ-ਗਿਣਤੀ ਲਿਖ਼ਣ ਵੀ ਚਲਾ ਜਾਇਆ ਕਰਦਾ ਸੀਅਸੀਂ ਅਕਸਰ ਹੀ ਇਸ ਖੋਖੇ ਵਿਚ ਮਿਲ਼ਿਆ ਕਰਦੇ ਸਾਂਇਹ ਮੁਲਾਕਾਤਾਂ ਵਧੇਰੇ ਕਰਕੇ ਮੇਰੇ ਕਾਲਜ ਤੋਂ ਘਰ ਜਾਣ ਤੋਂ ਬਾਅਦ ਹੋਇਆ ਕਰਦੀਆਂ ਸਨਪਰ ਕਈ ਵੇਰ ਨੌ ਲੱਖੇ ਜਾਂ ਰਿਖੀਸਿਨਮੇ ਵਿਚ ਫਿਲਮ ਦੇਖਣ ਉਪਰੰਤ ਵੀ ਮਿਲ਼ੀਦਾ ਸੀਉਦੋਂ ਉਸ ਦੀ ਆਰਥਕ ਹਾਲਤ ਉੱਕਾ ਹੀ ਚੰਗੀ ਨਹੀਂ ਸੀ ਹੋਇਆ ਕਰਦੀਕਈ ਵੇਰ ਉਹ ਪਰੇਸ਼ਾਨ ਵੀ ਹੋ ਜਾਇਆ ਕਰਦਾ ਸੀਹਰ ਕੋਈ ਉਹਦੀ ਮਦਦ ਕਰਨ ਵਿਚ ਖ਼ੁਸ਼ੀ ਮਹਿਸੂਸ ਕਰਦਾ ਸੀ ਪਰ ਉਸਦਾ ਕਿਰਦਾਰ ਅਜਿਹਾ ਸੀ ਕਿ ਉਹ ਹੱਕ ਦੀ ਖਾਣ ਵਿਚ ਹੀ ਸੰਤੁਸ਼ਟ ਸੀਉਹ ਅਕਸਰ ਕਿਹਾ ਕਰਦਾ ਸੀ ਕਿ ਲੇਖਕ ਤੇ ਮਜ਼ਦੂਰ ਨੂੰ ਆਪਣੀ ਮਿਹਨਤ ਦਾ ਸਹੀ ਇਵਜ਼ਾਨਾ ਮਿਲਣਾ ਚਾਹੀਦਾ ਹੈਇਕ ਭਾਰਤ ਫੇਰੀ ਸਮੇਂ ਮੈਂ ਜਦੋਂ ਉਸ ਨੂੰ ਦਸਿਆ ਕਿ ਪ੍ਰੀਤ ਲੜੀ ਸਮੇਤ ਮੈਨੂੰ ਬਹੁਤ ਸਾਰੇ ਪੇਪਰ ਬਕਾਇਦਾ ਮਿਹਨਤਾਨਾ ਦਿੰਦੇ ਹਨ ਤਾਂ ਉਹ ਬੁਹੁਤ ਖ਼ੁਸ਼ ਹੋੲਆ ਸੀ ਤੇ ਕਹਿਣ ਲੱਗਾ ਕਿ ਭਾਵੇਂ ਤੁਹਾਨੂੰ ਵਲੈਤੀਆਂ ਨੂੰ ਇਸ ਦੀ ਬਹੁਤੀ ਜ਼ਰੂਰਤ ਨਹੀਂ ਪਰ ਆਪਣਾ ਹੱਕ ਨਹੀਂ ਛੱਡਣਾ ਚਾਹੀਦਾ

-----

ਉਹਦਾ ਲੁਧਿਆਣੇ ਵਾਲ਼ਾ ਖੋਖਾ ਅਸਲ ਤੌਰ ਤੇ ਯਾਰਾਂ ਦੀ ਕੁੱਲੀ ਸੀ, ਸਾਡੇ ਵਾਸਤੇਅਸੀ ਮੁੰਡੇ ਖੁੰਡੇ ਹੀ ਨਹੀਂ ਸਗੋਂ ਕੁਝ ਕੁੜੀਆਂ ਵੀ ਉਥੇ ਆ ਜਾਇਆ ਕਰਦੀਆਂ ਸਨਇਹ ਕੁੜੀਆਂ ਸਾਡੇ ਵਾਂਗ ਹੀ ਇੰਦਰਜੀਤ ਹਸਨਪੁਰੀ ਦੀ ਕੰਪਨੀ ਦੀਆਂ ਸ਼ੌਕੀਨ ਸਨਪਰ ਛੜਿਆਂ ਵਿਚਕਾਰ ਉਹ ਤੇ ਮੈਂ ਲਤੀਫ਼ਿਆ ਦਾ ਰੰਗ ਬੰਨ੍ਹ ਦਿੰਦੇਉਹ ਅਕਸਰ ਕਹਿਂਦਾ,”ਲਤੀਫ਼ਿਆਂ ਦਾ ਆਗ਼ਾਜ਼ ਸਾਥੀ ਲੁਧਿਆਣਵੀ ਕਰੂ ਤੇ ਅਖ਼ੀਰਲਾ ਲਤੀਫ਼ਾ ਵੀ ਇਹੋ ਸੁਣਾਊ ਪਰ ਵਿਚਕਾਰਲੇ ਸਮੇਂ ਚ ਮੈਂ ਇਹਨੂੰ ਬੋਲਣ ਨਹੀਂ ਜੇ ਦੇਣਾਇਹ ਬੋਲਦਾ ਬਹੁਤ ਹੈਕਿਸੇ ਨੂੰ ਬੋਲਣ ਨਹੀਂ ਦਿੰਦਾ ਲੰਡਨ ਆਇਆ ਤਾਂ ਰੇਡੀਓ ਤੇ ਮੇਰਾ ਡਿਸਕਸ਼ਨ ਪ੍ਰੋਗਰਾਮ ਸੁਣਕੇ ਕਹਿਣ ਲੱਗਾ ਬਹੁਤਾ ਬੋਲਣ ਵਾਲ਼ੀ ਤੇਰੀ ਆਦਤ ਗਈ ਨਹੀਂਲੁਧਿਆਣੇ ਵਾਲ਼ੇ ਉਹਦੇ ਖੋਖੇ ਵਿਚ ਉਹਦੇ ਮਿੱਤਰਾਂ ਦਾ ਤਾਂਤਾ ਲੱਗਾ ਰਹਿੰਦਾਉਹ ਗੱਲਾਂ ਕਰਦਾ ਕਰਦਾ ਨਾਲੌ ਨਾਲ਼ ਆਪਣਾ ਕੰਮ ਵੀ ਕਰੀ ਜਾਂਦਾਲਤੀਫ਼ਿਆਂ ਤੇ ਗੱਲਾਂ ਨਾਲ਼ ਤਾਂ ਢਿੱਡ ਨਹੀਂ ਨਾ ਭਰਦਾ? ਇੰਦਰਜੀਤ ਹਸਨਪੁਰੀ ਇਕ ਯੋਧਾ ਸੀ ਜਿਸ ਨੇ ਜ਼ਿੰਦਗ਼ੀ ਨਾਲ ਜ਼ਬਰਦਸਤ ਘੋਲ਼ ਕੀਤਾਨਾਲ਼ੋ-ਨਾਲ਼ ਉਸ ਨੇ ਕਲਮ ਚਲਾਈਉਹ ਮਜ਼ਦੂਰਾਂ ਅਤੇ ਨਿਆਸਰਿਆਂ ਲਈ ਜੂਝਿਆ-ਆਪਣੇ ਗੀਤਾਂ ਰਾਹੀਂ ਵੀ, ਆਪਣੀਆਂ ਫ਼ਿਲਮਾਂ ਰਾਹੀਂ ਵੀ ਤੇ ਹਕੀਕੀ ਤੌਰ ਤੇ ਵੀਮੇਰੇ ਇੰਗਲੈਂਡ ਆਉਣ ਤੋਂ ਬਾਅਦ ਉਹ ਬੰਬਈ ਚਲਾ ਗਿਆ ਸੀਜਿੱਥੇ ਉਸਨੇ ਕਈ ਯਾਦਗਾਰੀ ਫ਼ਿਲਮਾਂ ਬਣਾਈਆਂ, ਉਹ ਉਥੇ ਕਵੀਆਂ ਤੇ ਗੀਤਕਾਰਾਂ ਦੇ ਹੱਕਾਂ ਲਈ ਵੀ ਲੜਿਆਉੱਥੇ ਉਸ ਦੇ ਗੀਤ ਲਤਾ ਮੰਗੇਸ਼ਕਰ ਤੋਂ ਸਿਵਾ ਸਭਨਾ ਗਾਇਕਾਂ/ਗਾਇਕਾਵਾਂ ਨੇ ਗਾਏਮੁਹੰਮਦ ਰਫ਼ੀ ਅਤੇ ਬਾਅਦ ਵਿਚ ਜਗਜੀਤ ਸਿੰਘ ਉਸ ਦੇ ਗੀਤਾਂ ਦੇ ਪ੍ਰਸ਼ੰਸ਼ਕ ਰਹੇ

-----

ਉਹ ਜਦੋਂ ਵੀ ਇਥੇ ਇੰਗਲੈਂਡ ਆਉਂਦਾ ਤਾਂ ਇਕ ਦਮ ਹੀ ਟੈਲੀਫੋਨ ਕਰਦਾ ਤੇ ਮਿਲਣ ਦੇ ਪਰੋਗਰਾਮਾਂ ਵਾਰੇ ਪੁੱਛਦਾਅਸੀਂ ਇਕੱਠੇ ਮੁਸ਼ਾਇਰਿਆਂ ਵਿਚ ਸ਼ਿਰਕਤ ਕਰਦੇ, ਲਤੀਫ਼ੇ ਸੁਣਾਉਂਦੇ ਤੇ ਪੁਰਾਣੀਆਂ ਯਾਦਾਂ ਦਾ ਜ਼ਿਕਰ ਕਰਦੇਮੈਂ ਉਹਨੂੰ ਆਪਣੇ ਰੇਡੀਓ ਪ੍ਰੋਗਰਾਮਾਂ ਵਿਚ ਲੈਕੇ ਜਾਂਦਾਇਹੋ ਜਿਹੀ ਪਹਿਲੀ ਰੇਡੀਓ ਮੁਲਾਕਾਤ ਮੈਂ ਉਸ ਨਾਲ਼ ਨੱਬੇਵਿਆਂ ਵਿਚ ਕੀਤੀ ਤੇ ਅੰਤਮ ਟੈਲੀਵੀਯਨ ਇੰਟਰਵੀਊ ਐਵੇਂ ਕੁਝ ਮਹੀਨੇ ਪਹਿਲਾਂ ਹੀ 2009 ਵਿਚ ਕੀਤੀਐਤਕੀਂ ਜਦੋਂ ਉਹ ਇਥੇ ਆਇਆ ਤਾਂ ਟੈਲੀਵੀਯਨ ਸਟੂਡਿਓ ਵਿਚ ਮੈਂ ਉਹਨੂੰ ਉਹਦੀ ਸਿਹਤ ਵਾਰੇ ਕਈ ਵੇਰ ਪੁਛਿਆ ਕਿਉਂਕਿ ਉਹ ਮੈਨੂੰ ਤੰਦਰੁਸਤ ਨਹੀਂ ਸੀ ਲੱਗ ਰਿਹਾਉਸਨੇ ਦੱਸਿਆ ਕਿ ਉਹ ਬਹੁਤਾ ਠੀਕ ਨਹੀਂ ਰਹਿੰਦਾਮੈਂ ਤਾਈਦ ਕੀਤੀ ਕਿ ਉਹ ਆਪਣਾ ਖ਼ਿਆਲ ਰੱਖੇ ਫਿਰ ਬਾਅਦ ਵਿਚ ਪਤਾ ਲੱਗਾ ਕਿ ਉਹ ਕੈਨੇਡਾ ਗਿਆ ਸੀ ਤੇ ਵਾਪਸ ਇੰਡੀਆ ਪੁੱਜਣ ਉਪਰੰਤ ਠੀਕ ਨਹੀਂ ਸੀ ਰਿਹਾ

-----

ਭਾਰਤ ਵਿਚ ਉਹ ਮੇਰੀਆਂ ਚੀਜ਼ਾਂ ਨੂੰ ਧਿਆਨ ਨਾਲ਼ ਪੜ੍ਹਦਾਜਦੋਂ ਮੈਂ ਪ੍ਰੀਤ ਲੜੀ ਤੋਂ ਬਾਅਦ ਟ੍ਰਿਬਿਊਨ ਤੇ ਅਜੀਤ ਵਿਚ ਲਿਖਣਾ ਸ਼ੁਰੂ ਕੀਤਾ ਤਾਂ ਲੁਧਿਆਣਿਓਂ ਟੈਲੀਫ਼ੋਨ ਕਰਕੇ ਕਹਿਣ ਲੱਗਾ,”ਉਇ ਸਾਥੀ ਮਿੱਤਰਾ, ਤੂੰ ਵਧੀਆ ਕੀਤਾ ਅਜੀਤ ਤੇ ਟ੍ਰਿਬਿਊਨ ਵਿਚ ਲਿਖਣਾ ਸ਼ੁਰੂ ਕਰਕੇਅਸੀਂ ਤਾਂ ਸਮਝਿਆ ਸੀ ਕਿ ਸਾਥੀ ਨੇ ਪ੍ਰੀਤ ਲੜੀ ਵਿਚ ਲਿਖ਼ਣਾ ਛੱਡਕੇ ਸਾਨੂੰ ਪੰਜਾਬ ਚ ਰਹਿੰਦਿਆਂ ਨੂੰ ਵਿਸਾਰ ਹੀ ਛੱਡਿਆਂ ਏਇਹੋ ਜਿਹੇ ਵਧੀਆ ਲੇਖ ਕਿੱਥੇ ਮਿਲ਼ਦੇ ਨੇ ਅੱਜਕਲ੍ਹ ਯਾਰ?” ਤੇ ਮੈਂ ਇਕ ਦਿਨ ਅਜੀਤ ਵਿਚ ਮੇਰੇ ਵਾਰੇ ਲਿਖੀ ਉਸ ਦੀ ਹੇਠ ਲਿਖੀ ਚੀਜ਼ ਪੜ੍ਹੀ:-

-----

ਪੈਰ ਅੱਗ ਤੇ ਧਰਦਾ ਸਾਥੀ

ਗੱਲ ਕਹਿਣੋਂ ਨਾ ਡਰਦਾ ਸਾਥੀ

----

ਕਵਿਤਾ,ਗੀਤ ਗ਼ਜ਼ਲ ਸਿਰਜੇ ਤੇ,

ਲੇਖਾਂ ਵਿਚ ਰੰਗ ਭਰਦਾ ਸਾਥੀ

-----

ਗਿਆਨ ਦਾ ਸਾਗਰ ਕਰਕੇ ਕੱਠਾ,

ਕੁੱਜੇ ਵਿਚ ਬੰਦ ਕਰਦਾ ਸਾਥੀ

-----

ਜਿੱਤ ਓਸ ਦੇ ਪੈਰ ਚੁੰਮਦੀ,

ਬਾਜ਼ੀ ਕਦੇ ਨਾ ਹਰਦਾ ਸਾਥੀ

-----

ਜਾ ਇੰਗਲੈਂਡ ਦਾ ਵਾਸੀ ਬਣਿਆ,

ਸਾਗਰ ਤਰਦਾ ਤਰਦਾ ਸਾਥੀ

-----

ਮਿਲ਼ੋ ਤਾਂ ਇਓਂ ਮਹਿਸੂਸ ਹੋਏਗਾ,

ਜਿਵੇਂ ਹੈ ਬੰਦਾ ਘਰ ਦਾ ਸਾਥੀ

-----

ਨਾ ਪਿਘਲ਼ਾ ਸਕਦੀ ਧੁੱਪ ਉਸ ਨੂੰ,

ਨਾ ਹੀ ਮੀਂਹ ਵਿਚ ਖ਼ਰਦਾ ਸਾਥੀ

-----

ਦੁਖੀ, ਗ਼ਰੀਬ ਕਿਤੇ ਕੋਈ ਤੜਫ਼ੇ,

ਰੋਹ ਵਿਚ ਹਉਕਾ ਭਰਦਾ ਸਾਥੀ

----

ਜ਼ਾਲਮ ਨਾਲ਼ ਏ ਮੱਥਾ ਲਾਉਂਦਾ,

ਜ਼ੁਲਮ ਕਦੇ ਨਾ ਜਰਦਾ ਸਾਥੀ

-----

ਹਸਨਪੁਰੀ ਦਾ ਯਾਰ ਪੁਰਾਣਾ,

ਸੁਣਿਆ ਗੱਲਾਂ ਕਰਦਾ ਸਾਥੀ

ਬਾਅਦ ਵਿਚ ਉਸ ਨੇ ਹੋਰ ਮਿੱਤਰਾਂ ਵਾਰੇ ਨਜ਼ਮਾਂ ਲਿਖ ਕੇ ਮੋਤੀ ਪੰਜ ਦਰਿਆਵਾਂ ਦੇ ਨਾਮ ਹੇਠ ਇਕ ਕਾਵਿ- ਸੰਗ੍ਰਹਿ ਪ੍ਰਕਾਸ਼ਤ ਕਰਵਾਇਆ

-----

ਐਤਕੀਂ ਜਦੋਂ ਲੰਡਨ ਵਿਚ ਅਸੀਂ ਟੈਲੀਵੀਯਨ ਸਟੂਡੀਓ ਤੋਂ ਬਾਹਰ ਆਏ ਤਾਂ ਉਸ ਨੇ ਜ਼ਿੱਦ ਕੀਤੀ ਕਿ ਮੈਂ ਉਸ ਦੇ ਨਾਲ਼ ਹੀ ਉਸ ਦੇ ਮਿੱਤਰ ਦੇ ਘਰ ਚੱਲਾਂਜਦੋਂ ਅਸੀਂ ਉੱਥੇ ਪੁੱਜੇ ਤਾਂ ਹਸਨਪੁਰੀ ਦੀ ਲਾਈਵ ਇੰਟਰਵਿੳ ਦੇਖ ਕੇ ਹਟੇ ਅਨੇਕਾਂ ਮਿੱਤਰਾਂ ਦੀ ਢਾਣੀ ਬੈਠੀ ਸੀ ਜਿਹੜੇ ਮੇਰੇ ਵੀ ਪ੍ਰਸ਼ੰਸ਼ਕ ਸਨਇਹ ਮਹਿਫ਼ਿਲ ਰਾਤ ਦੇਰ ਤੀਕ ਚੱਲੀਹਾਸੇ ਤੇ ਲਤੀਫ਼ਿਆਂ ਦੇ ਗੁਬਾਰੇ ਖ਼ੂਬ ਉੱਡੇ ਭੁੰਨੇ ਹੋਏ ਮੁਰਗੇ ਅਤੇ ਵਿਸਕੀ ਨਾਲ਼ ਮਹਿਮਾਨ ਨਿਮਾਜ਼ੀ ਹੋਈਹਸਨਪੁਰੀ ਦੀ ਸ਼ਿਕਾਇਤ ਸੀ ਕਿ ਮੈਂ ਬਹੁਤੀ ਨਹੀਂ ਸੀ ਪੀਤੀਉਸ ਨੂੰ ਡਰਿੰਕ ਡਰਾਈਵ ਦੀ ਗੱਲ ਸਮਝ ਨਹੀਂ ਸੀ ਆ ਰਹੀ

-----

ਮਹਿਫ਼ਿਲ ਚ ਬੈਠਿਆਂ ਮੈਂ ਉਸ ਵਾਰੇ ਚਾਰ ਕੁ ਸ਼ਿਅਰ ਸੁਣਾਏ ਤਾਂ ਉਹ ਬਹੁਤ ਖ਼ੁਸ਼ ਹੋਇਆ ਪਰ ਗ਼ਿਲਾ ਵੀ ਕੀਤਾ ਕਿ ਮੈਂ ਇਹ ਟੈਲੀਵੀਯਨ ਉੱਤੇ ਕਿਉਂ ਨਹੀਂ ਸੀ ਸੁਣਾਏ? ਉਹ ਸ਼ਿਅਰ ਇਹ ਸਨ:-

ਬਹੁਤ ਬੜਾ ਗੀਤਕਾਰ ਹੈ, ਇੰਦਰਜੀਤ ਹਸਨਪੁਰੀ

ਗੀਤਕਾਰ ਹੈ, ਫ਼ਨਕਾਰ ਹੈ ਇੰਦਰਜੀਤ ਹਸਨਪੁਰੀ

-----

ਗੀਤਾਂ ਚ ਸਾਂਭ ਦਿੱਤਾ ਹੈ ਉਸ ਨੇ ਪੰਜਾਬ ਨੂੰ,

ਏਦਾਂ ਦਾ ਕਿਰਦਾਰ ਹੈ ਇੰਦਰਜੀਤ ਹਸਨਪੁਰੀ

-----

ਲੋਕਾਂ ਨਾਲ਼ ਖੜ੍ਹਾ ਹੈ, ਲੋਕਾਂ ਦਾ ਸ਼ਾਇਰ ਹੈ,

ਵੈਰੀ ਲਈ ਲਲਕਾਰ ਹੈ ਇੰਦਰਜੀਤ ਹਸਨਪੁਰੀ

-----

ਗੀਤ ਤੇ ਗ਼ਜ਼ਲਾਂ ਲਿਖ਼ਦਾ, ਫ਼ਿਲਮਾਂ ਬਣਾਉਂਦਾ ਹੈ,

ਬੜਾ ਵਧੀਆ ਚਿੱਤਰਕਾਰ ਹੈ ਇੰਦਰਜੀਤ ਹਸਨਪੁਰੀ

-----

ਪੀਣ,ਪਿਲਾਉਣ, ਖਾਣ,ਪੀਣ ਦਾ ਸ਼ੌਕੀਨ ਹੈ,

ਹਸਦਾ, ਖੇਡਦਾ ਸਰਦਾਰ ਹੈ ਇੰਦਰਜੀਤ ਹਸਨਪੁਰੀ

-----

ਬੜਾ ਤਕੜਾ ਹੁੰਦਾ ਸੀ ਇੰਦਰਜੀਤ ਹਸਨਪੁਰੀ,

ਲਗਦਾ ਹੁਣ ਬੀਮਾਰ ਹੈ ਇੰਦਰਜੀਤ ਹਸਨਪੁਰੀ

-----

ਪੁਰਾਣਾ ਹੈ, ਪੱਕਾ ਹੈ, ਬਿਹਤਰੀਨ ਵੀ ਹੈ,

ਸਾਥੀਦਾ ਯਾਰ ਹੈ ਇੰਦਰਜੀਤ ਹਸਨਪੁਰੀ

ਮੈਂ ਉਸ ਦੀ ਯਾਦ ਵਿਚ ਸਿਰ ਝੁਕਾਉਂਦਾ ਹਾਂ ਤੇ ਉਸ ਦੇ ਪਰਿਵਾਰ ਨਾਲ਼ ਸਹਾਨੁਭੂਤੀ ਪ੍ਰਗਟਾਉਂਦਾ ਹਾਂ


1 comment:

harvinder said...

hasanpuri ji da vicchora peina hi si,so pei giya.1992 vich P.A.U.aaon te ohna da autograph liya,likhiaa si--"Larreen vich neriyaan de naal mitra,Ik deeva bujhe duja baal mitra" Fer 2006 vich ohna nu Mansa sad ke sanmanit kita si...Bas yaadaan hi reh gaeen... Harvinder