ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, February 18, 2012

ਸੁਖਿੰਦਰ - ਅਫ਼ਜ਼ਲ ਸਾਹਿਰ ਦੀ ਸ਼ਾਇਰੀ – ਲੇਖ – ਭਾਗ ਤੀਜਾ

ਅਫ਼ਜ਼ਲ ਸਾਹਿਰ ਦੀ ਸ਼ਾਇਰੀ

ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ


ਲੇਖ ਭਾਗ - ਤੀਜਾ


(ਲੇਖ ਦਾ ਪਹਿਲਾ ਅਤੇ ਦੂਜਾ ਭਾਗ ਪੜ੍ਹਨ ਲਈ ਉਪਰਲੀਆਂ ਪੋਸਟਾਂ ਵੇਖੋ ਜੀ ਸ਼ੁਕਰੀਆ)


*******


*******ਆਮ ਬੰਦੇ ਦੀ ਤ੍ਰਾਸਦੀ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ. ਉਹ ਆਪਣੀਆਂ ਭੁੱਖਾਂ ਦਾ, ਆਪਣਿਆਂ ਦੁੱਖਾਂ ਦਾ, ਆਪਣੀਆਂ ਲੋੜਾਂ, ਆਪਣਿਆਂ ਹੱਕਾਂ ਦਾ ਇਜ਼ਹਾਰ ਕਰਨ ਲੱਗਦਾ ਹੈ ਤਾਂ ਭ੍ਰਿਸ਼ਟ ਰਾਜਨੀਤੀਵਾਨ / ਭ੍ਰਿਸ਼ਟ ਸਮਾਜਿਕ, ਸਭਿਆਚਾਰਕ, ਧਾਰਮਿਕ ਆਗੂ ਉਸ ਦੀ ਆਵਾਜ਼ ਬੰਦ ਕਰਨ ਲਈ ਦਹਿਸ਼ਤ ਦੀ ਬੋਲੀ ਬੋਲਣ ਲੱਗਦੇ ਹਨ, ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਅ ਕੇ ਉਨ੍ਹਾਂ ਤੋਂ ਇੱਕ ਦੂਜੇ ਦਾ ਕਤਲ ਕਰਵਾਉਂਦੇ ਹਨ, ਉਨ੍ਹਾਂ ਤੋਂ ਇੱਕ ਦੂਜੇ ਦੀਆਂ ਮਾਵਾਂ, ਭੈਣਾਂ, ਧੀਆਂ ਦੇ ਬਲਾਤਕਾਰ ਕਰਵਾਉਂਦੇ ਹਨ ਅਤੇ ਆਪ ਇਹ ਭ੍ਰਿਸ਼ਟ ਲੋਕ ਚਿਹਰਿਆਂ ਉੱਤੇ ਰੇਸ਼ਮੀ ਮੁਸਕਰਾਹਟਾਂ ਪਹਿਨ ਮੰਦਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਦੇ ਵਿਕਾਊ ਭਾਈਆਂ / ਪੰਡਿਤਾਂ / ਪਾਦਰੀਆਂ / ਮੁਲਾਣਿਆਂ ਤੋਂ ਗਲਿਆਂ ਵਿੱਚ ਫੁੱਲਾਂ ਦੇ ਹਾਰ ਪਵਾ ਕੇ ਸਾਡੇ ਸਮਿਆਂ ਦੇ ਇਹ ਸੱਜਣ-ਠੱਗ ਰੇਡੀਓ / ਟੀਵੀ / ਇੰਟਰਨੈੱਟ / ਅਖਬਾਰਾਂ ਦੀਆਂ ਮੁੱਖ ਖਬਰਾਂ ਬਣਦੇ ਹਨ. ਸਮਾਜਿਕ / ਸਭਿਆਚਾਰਕ / ਧਾਰਮਿਕ / ਰਾਜਨੀਤਕ ਪ੍ਰਦੂਸ਼ਨ ਭਰੇ ਮਾਹੌਲ ਨੂੰ ਹੋਰ ਵੀ ਵਧੇਰੇ ਗੰਦਲਾ ਕਰਨ ਵਿੱਚ ਸਾਡੇ ਸਮਿਆਂ ਦਾ ਹਰ ਤਰ੍ਹਾਂ ਦਾ ਵਿਕਾਊ ਮੀਡੀਆ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ. ਪੇਸ਼ ਹਨ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦੀਆਂ ਅਫ਼ਜ਼ਲ ਸਾਹਿਰ ਦੀਆਂ ਕਵਿਤਾਵਾਂ ਵੇਲੇ ਦੀ ਵਾਰ (1)’, ‘ਚੰਦਰੀ ਰੁੱਤ’, ਅਤੇ ਯਾਰ ਪ੍ਰਹੁਣੇਵਿੱਚੋਂ ਕੁਝ ਭਾਵਪੂਰਤ ਉਦਾਹਰਣਾਂ:


1.


ਕੂੜੋ ਕੂੜ ਅਖ਼ਬਾਰ, ਲਖੀਵਣ ਹੁਕਮੀ ਢੋਲੇ


ਮਾਰੂ ਥਈ ਸਰਕਾਰ, ਨਿਮਾਣਾ ਤਣੀਆਂ ਝੋਲੇ


ਪੀਹ ਕੱਟਣ ਪਰਿਵਾਰ, ਚਿਰੋਕੇ ਸੁੰਝ ਭੜੋਲੇ


ਧੁਰੋਂ ਲਿਖਾਈ ਹਾਰ, ਤੇ ਸੱਧਰ ਖਿੱਦੂ ਫੋਲੇ


ਰੂਹ ਦੇ ਹੋਣ ਵਪਾਰ ਤੇ ਸੁਫ਼ਨੇ ਮਿਧ ਮਧੋਲੇ


ਸਾਹਵਾਂ ਨੂੰ ਲੰਗਾਰ, ਦਿਲਾਂ ਨੂੰ ਪੈ ਗਏ ਝੋਲੇ


ਹਉਕੇ ਭਰਦੀ ਨਾਰ, ਜਣੇ ਪਏ ਗਾਵਣ ਸੋਹਲੇ


ਸਾਂਵਲ ਹੱਥ ਮੁਹਾਰ, ਤੇ ਡਾਚੀ ਰੋਹੀ ਰੋਲੇ


2.


ਰੁੱਖਾਂ ਦੇ ਪਰਛਾਵੇਂ ਕੰਬਣ,


ਧਰਤੀ ਠੰਡੀ ਠਾਰ


ਸਿਖ਼ਰ ਦੁਪਹਿਰੇ, ਰਾਤ ਦੇ ਪਹਿਰੇ,


ਪੱਤਝੜ ਜਿਹੀ ਬਹਾਰ


ਕੂੰਜਾਂ ਦੀ ਥਾਂ ਅੰਬਰਾਂ ਉੱਤੇ,


ਗਿਰਝਾਂ ਬੰਨ੍ਹੀ ਡਾਰ


ਰੂਹ ਦੀ ਧੂਣੀ ਮਿਰਚਾਂ ਧੂੜੇ,


ਨਿੱਤ ਹੋਣੀ ਦੀ ਵਾਰ


ਵੇਲੇ ਦੀ ਕੰਧ ਹੇਠਾਂ ਆ ਗਏ, ਜੀਵਨ ਦੇ ਦਿਨ ਚਾਰ


3.


ਰੱਤਾਂ ਪੀਵਣ ਵਾਲੜੇ


ਅੱਜ ਮੋਹਰੀ ਹੋ ਗਏ


ਰਾਤੀਂ ਨੀਂਦ ਉਨੀਂਦਰਾ


ਸਾਹ ਚੋਰੀ ਹੋ ਗਏਹੁਣ ਤੱਕ ਵਿਚਾਰੇ ਗਏ ਵਿਸ਼ਿਆਂ ਤੋਂ ਇਲਾਵਾ ਅਫ਼ਜ਼ਲ ਸਾਹਿਰ ਨੇ ਆਪਣੀਆਂ ਕਵਿਤਾਵਾਂ ਵਿੱਚ ਹੋਰ ਵੀ ਅਨੇਕਾਂ ਮਹੱਤਵ-ਪੂਰਨ ਵਿਸ਼ਿਆਂ ਬਾਰੇ ਚਰਚਾ ਛੇੜਿਆ ਹੈ. ਇਨ੍ਹਾਂ ਵਿੱਚੋਂ ਰਾਜਨੀਤੀਵਾਨਾਂ ਦਾ ਦੋਗਲਾਪਨ ਅਤੇ ਇੰਡੀਆ-ਪਾਕਿਸਤਾਨ ਦੇ ਆਪਸੀ ਸਬੰਧ ਵਧੇਰੇ ਮਹੱਤਵਸ਼ੀਲ ਵਿਸ਼ੇ ਹਨ. ਕਿਉਂਕਿ ਇਨ੍ਹਾਂ ਵਿਸ਼ਿਆਂ ਨਾਲ ਹਿੰਦ-ਪਾਕਿ ਦੇ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਦਾ ਭੁਤ, ਭਵਿੱਖ ਅਤੇ ਵਰਤਮਾਨ ਜੁੜਿਆ ਹੋਇਆ ਹੈ. 1947 ਤੱਕ ਇਸ ਖਿੱਤੇ ਦੇ ਲੋਕਾਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਇਕੱਠਿਆਂ ਆਜ਼ਾਦੀ ਦੀ ਜੰਗ ਲੜੀ. ਪਰ ਚਲਾਕ ਅੰਗ੍ਰੇਜ਼ ਜਾਣ ਲੱਗਿਆਂ ਇਸ ਖਿੱਤੇ ਦੇ ਲੋਕਾਂ ਨੂੰ ਦੋ ਧੜਿਆਂ / ਦੋ ਦੇਸ਼ਾਂ ਵਿੱਚ ਵੰਡ ਗਏ ਅਤੇ ਇਨ੍ਹਾਂ ਦੋ ਦੇਸ਼ਾਂ ਦੇ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਲਈ ਨਫ਼ਰਤ ਦੀ ਅੱਗ ਦੇ ਭਾਂਬੜ ਬਾਲ ਗਏ. ਉਹੀ ਲੋਕ ਜੋ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਤਲਵਾਰਾਂ, ਬਰਛੇ, ਬੰਦੂਕਾਂ ਤਿਆਰ ਕਰੀ ਬੈਠੇ ਸਨ ਅਤੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜਕੇ ਆਜ਼ਾਦੀ ਦੀ ਜੰਗ ਲੜ ਰਹੇ ਸਨ ਅੰਗਰੇਜ਼ਾਂ ਦੀਆਂ ਮਕਾਰੀ ਭਰੀਆਂ ਰਾਜਨੀਤੀ ਦੀਆਂ ਚਾਲਾਂ ਵਿੱਚ ਫਸ ਕੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਬਣ ਕੇ ਇੱਕ ਦੂਜੇ ਦੇ ਗਲੇ ਵੱਢਣ ਲੱਗੇ, ਸੰਗੀ ਸਾਥੀਆਂ ਦੀਆਂ ਮਾਵਾਂ / ਧੀਆਂ / ਭੈਣਾਂ / ਪਤਨੀਆਂ ਦੇ ਬਲਾਤਕਾਰ ਕਰਨ ਲੱਗੇ, ਇੱਕ ਦੂਜੇ ਦੇ ਘਰਾਂ ਨੂੰ ਅੱਗਾਂ ਲਗਾ ਕੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਸਾੜ ਕੇ ਸੁਆਹ ਕਰਨ ਲੱਗੇ. ਧਰਮ ਦੇ ਨਾਮ ਉੱਤੇ ਹੋਈ ਇਸ ਕਤਲੋਗਾਰਤ ਵਿੱਚ ਭਾਰਤੀ / ਪਾਕਿਸਤਾਨੀ ਹਿੰਦੂਆਂ / ਸਿੱਖਾਂ / ਮੁਸਲਮਾਨਾਂ / ਈਸਾਈਆਂ ਨੇ 10 ਲੱਖ ਤੋਂ ਵੱਧ ਲੋਕਾਂ ਦਾ ਕਤਲੇਆਮ ਕਰਕੇ ਲਾਸ਼ਾਂ ਦੇ ਅੰਬਾਰ ਲਗਾ ਦਿੱਤੇ. ਭਾਰਤ ਦੀ ਹੋਈ ਇਸ ਵੰਡ ਕਾਰਨ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ. ਇੱਕ ਨੂੰ ਪੂਰਬੀ ਪੰਜਾਬ ਅਤੇ ਦੂਜੇ ਨੂੰ ਪੱਛਮੀ ਪੰਜਾਬ ਕਿਹਾ ਜਾਣ ਲੱਗਾ. ਅਫ਼ਜ਼ਲ ਸਾਹਿਰ ਦਾ ਸਬੰਧ ਪੱਛਮੀ ਪੰਜਾਬ ਨਾਲ ਹੈ, ਜੋ ਕਿ ਹੁਣ ਪਾਕਿਸਤਾਨ ਦਾ ਇੱਕ ਪ੍ਰਾਂਤ ਹੈ. ਪਾਕਿਸਤਾਨ ਇੱਕ ਵੱਖਰਾ ਦੇਸ਼ ਇਸ ਲਈ ਬਣਾਇਆ ਗਿਆ ਸੀ ਕਿ ਇਹ ਦੇਸ਼ ਮੁਸਲਮਾਨ ਧਰਮ ਦੇ ਸਮਾਜਿਕ / ਸਭਿਆਚਾਰਕ / ਰਾਜਨੀਤਕ / ਆਰਥਿਕ / ਧਾਰਮਿਕ ਅਸੂਲਾਂ ਅਨੁਸਾਰ ਚਲਾਇਆ ਜਾਵੇਗਾ. ਪਰ ਹੋਇਆ ਸਭ ਕੁਝ ਇਸਦੇ ਉਲਟ. ਪਾਕਿਸਤਾਨ ਵਿੱਚ ਜਾਂ ਤਾਂ ਭ੍ਰਿਸ਼ਟ ਫੌਜੀ ਜਰਨੈਲ ਦੇਸ਼ ਦੀ ਹਕੂਮਤ ਦੀ ਵਾਗਡੋਰ ਸੰਭਾਲਦੇ ਰਹੇ ਅਤੇ ਜੇਕਰ ਕੁਝ ਸਮੇਂ ਲਈ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਸਰਕਾਰਾਂ ਵੀ ਬਣੀਆਂ ਤਾਂ ਉਹ ਵੀ ਲੋਕਾਂ ਨਾਲ ਕੀਤੇ ਹੋਏ ਵਾਹਦਿਆਂ ਮੁਤਾਬਕ ਬਹੁਤੀ ਦੇਰ ਤੱਕ ਕੋਈ ਲੋਕ-ਪੱਖੀ ਕੰਮ ਨਾ ਕਰ ਸਕੀਆਂ ਅਤੇ ਆਪਣਾ ਸਾਰਾ ਜ਼ੋਰ ਹਿੰਦੁਸਤਾਨ-ਪਾਕਿਸਤਾਨ ਦੇ ਲੋਕਾਂ ਨੂੰ ਮੁੜ, ਮੁੜ ਜੰਗ ਦੀ ਭੱਠੀ ਵਿੱਚ ਝੋਕਣ ਲਈ ਹੀ ਲਗਾਂਦੇ ਰਹੇ. ਪਿਛਲੇ ਕੁਝ ਸਾਲਾਂ ਤੋਂ ਹਾਲਾਤ ਹੋਰ ਵੀ ਜ਼ਿਆਦਾ ਵਿਗੜੇ ਹੋਏ ਹਨ. ਪਾਕਿਸਤਾਨ ਵਿੱਚ ਮੁਸਲਮਾਨ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਲੋਕਾਂ ਦੀ ਜ਼ਿੰਦਗੀ ਵੀ ਸੁਰੱਖਿਅਤ ਨਹੀਂ ਰਹਿਣ ਦਿੱਤੀ. ਉਹ ਬਿਨ੍ਹਾਂ ਕਿਸੀ ਡਰ ਦੇ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਆ ਕੇ ਬੰਬ ਧਮਾਕੇ ਕਰ ਸਕਦੇ ਹਨ, ਮਸ਼ੀਨ ਗੰਨਾਂ ਨਾਲ ਗੋਲੀਆਂ ਦੀ ਵਰਖਾ ਕਰਕੇ ਜਾ ਸਕਦੇ ਹਨ, ਕਿਸੀ ਵੀ ਬਿਲਡਿੰਗ ਜਾਂ ਅਦਾਰੇ ਨੂੰ ਡਾਇਨਾਮਾਈਟ ਨਾਲ ਧਮਾਕਾ ਕਰਕੇ ਡੇਗ ਸਕਦੇ ਹਨ. ਪਾਕਿਸਤਾਨ ਦੀ ਅਜਿਹੀ ਸਥਿਤੀ ਲਈ ਉੱਥੋਂ ਦੇ ਦੋਗਲੇ ਕਿਰਦਾਰ ਵਾਲੇ ਰਾਜਨੀਤੀਵਾਨ ਜ਼ਿੰਮੇਵਾਰ ਹਨ. ਜੋ ਕਿ ਜਨਤਕ ਤੌਰ ਉੱਤੇ ਤਾਂ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦਾ ਵਿਰੋਧ ਕਰਦੇ ਹਨ ਪਰ ਅੰਦਰਖਾਤੇ ਉਨ੍ਹਾਂ ਨਾਲ ਯਾਰੀਆਂ ਪਾ ਕੇ ਰੱਖਦੇ ਹਨ. ਅਫ਼ਜ਼ਲ ਸਾਹਿਰ ਇਸ ਨੁਕਤੇ ਨੂੰ ਵੀ ਆਪਣੀ ਨਜ਼ਮ ਜਿੰਦੇ ਨੀਵਿੱਚ ਬਾਖ਼ੂਬੀ ਉਭਾਰਦਾ ਹੈ:


ਜਿੰਦੇ ਨੀ ! ਕੀ ਲੱਛਣ ਤੇਰੇ


ਫਨੀਅਰ ਨਾਲ ਯਰਾਨੇ ਵੀ ਨੇ


ਜੋਗੀ ਵੱਲ ਵੀ ਫੇਰੇ


ਜਿੰਦੇ ਨੀ ! ਕੀ ਲੱਛਣ ਤੇਰੇਜਿੰਦੇ ਨੀ ! ਕੀ ਸਾਕ ਸਹੇੜੇ


ਇੱਕ ਬੁੱਕਲ ਵਿੱਚ ਰਾਂਝਣ ਮਾਹੀ


ਦੂਜੀ ਦੇ ਵਿੱਚ ਖੇੜੇ


ਜਿੰਦੇ ਨੀ ! ਕੀ ਸਾਕ ਸਹੇੜੇਪਾਕਿਸਤਾਨ ਦੀ ਹਕੂਮਤ ਕਰਦੀਆਂ ਰਹੀਆਂ ਤਰੱਕੀਪਸੰਦ ਰਾਜਨੀਤਿਕ ਤਾਕਤਾਂ ਦੀ ਵੀ ਹਕੀਕਤ ਇਹ ਰਹੀ ਕਿ ਉਹ ਵੀ ਅੰਦਰਖਾਤੇ ਅੰਤਰ-ਰਾਸ਼ਟਰੀ ਪੱਧਰ ਉੱਤੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਨੂੰ ਹੀ ਹਵਾ ਦਿੰਦੀ ਰਹੀ. ਸ਼ਾਇਦ ਇਸੀ ਕਾਰਨ ਹੀ ਰਾਜਗੱਦੀ ਉੱਤੇ ਬੈਠਣ ਵੇਲੇ ਆਮ ਲੋਕਾਂ ਦੀਆਂ ਵੋਟਾਂ ਲੈਣ ਲਈ ਉਹ ਲੋਕਾਂ ਨਾਲ ਲੋਕ-ਪੱਖੀ ਕੰਮ ਕਰਨ ਦੇ ਜੋ ਵਾਹਦੇ ਕਰਦੇ ਰਹੇ ਉਹ ਪੂਰੇ ਨਾ ਕਰ ਸਕੇ ਅਤੇ ਜਲਦੀ ਹੀ ਲੋਕਾਂ ਦੇ ਮਨਾਂ ਤੋਂ ਲੱਥ ਗਏ. ਅਫ਼ਜ਼ਲ ਸਾਹਿਰ ਵੀ ਇਸ ਹਕੀਕਤ ਨੂੰ ਭਲੀ ਪ੍ਰਕਾਰ ਸਮਝਦਾ ਹੈ. ਤਾਂ ਹੀ ਤਾਂ ਉਹ ਆਪਣੀ ਨਜ਼ਮ ਪੀੜਾਂ ਵਿਕਣੇ ਆਈਆਂਵਿੱਚ ਲੋਕ-ਦਰਦ ਨੂੰ ਇੰਜ ਜ਼ੁਬਾਨ ਦਿੰਦਾ ਹੈ :


ਉਹ ਵੀ ਮਗਰੋਂ ਲਾਹ ਕੇ ਟੁਰ ਗਏ


ਜਿਹਨਾਂ ਦਿੱਤੀਆਂ ਸਾਈਆਂ


ਸੱਜਣ ਜੀ ! ਪੀੜਾਂ ਵਿਕਣੇ ਆਈਆਂ ਸਾਵੀਆਂ ਰੁੱਤਾਂ ਵਰਗੇ ਸੁਫ਼ਨੇ


ਚੀਕਾਂ ਦੇ ਵਿੱਚ ਗੁੰਨ੍ਹੇ


ਸ਼ਹਿਰ ਨੇ ਜੀਕਣ ਪੱਕੀਆਂ ਥਾਵਾਂ


ਪਿੰਡਾਂ ਦੇ ਪਿੰਡ ਸੁੰਨੇਲਾਸ਼ਾਂ ਤੇ ਦਫ਼ਨਾਉਂਦੇ ਸੁਣਿਆਂ


ਰੂਹਾਂ ਕਿਸ ਦਫ਼ਨਾਈਆਂ !


ਸੱਜਣ ਜੀ ! ਪੀੜਾਂ ਵਿਕਣੇ ਆਈਆਂ
ਅਫ਼ਜ਼ਲ ਸਾਹਿਰ ਦੀ ਸ਼ਾਇਰੀ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ. ਪਰ ਮੈਂ ਇਹ ਕਹਿਕੇ ਹੀ ਆਪਣੀ ਗੱਲ ਸਮਾਪਤ ਕਰਨੀ ਚਾਹਾਂਗਾ ਕਿ ਨਿਰਸੰਦੇਹ, ਇਹ ਸ਼ਾਇਰੀ ਨਵੇਂ ਰੁਝਾਣ ਵਾਲੀ ਕਰਾਂਤੀਕਾਰੀ ਪੰਜਾਬੀ ਸ਼ਾਇਰੀ ਦਾ ਹੀ ਮੁਹਾਂਦਰਾ ਹੈ. ਇਸ ਦੇ ਸਬੂਤ ਵਜੋਂ ਅਫ਼ਜ਼ਲ ਸਾਹਿਰ ਦੀ ਇੱਕ ਖੂਬਸੂਰਤ ਨਜ਼ਮ ਕਾਫ਼ੀਦੀਆਂ ਕੁਝ ਸਤਰਾਂ ਪੇਸ਼ ਹਨ:


ਥੱਪ ਥੱਪ ਕਰਦੇ ਬੂਟਾਂ ਹੇਠਾਂ


ਚੀਕ ਪਈਆਂ ਛਣ ਛਣੀਆਂ


ਵਾਹ ਜੀ ਵਾਹ ਕੀ ਬਣੀਆਂ


*****


ਸਮਾਪਤNo comments: