ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 12, 2012

ਹਰਪ੍ਰੀਤ ਸੇਖਾ – ਆਰਸੀ ‘ਤੇ ਖ਼ੁਸ਼ਆਮਦੀਦ – ਕਹਾਣੀ – ਭਾਗ ਪਹਿਲਾ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ ਹਰਪ੍ਰੀਤ ਸੇਖਾ

ਅਜੋਕਾ ਨਿਵਾਸ ਸਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ ਕਹਾਣੀ ਸੰਗ੍ਰਹਿ ਬੀਜੀ ਮੁਸਕਰਾ ਪਏ ਪਹਿਲਾ ਐਡੀਸ਼ਨ ੨੦੦੬ ਤੇ ਦੂਜਾ ੨੦੧੧ ਵਿਚ ਪ੍ਰਕਾਸ਼ਿਤ ਹੋ ਚੁੱਕਿਆ ਹੈ।


-----
ਦੋਸਤੋ! ਸਰੀ, ਕੈਨੇਡਾ ਵਸਦੇ ਕਹਾਣੀਕਾਰ ਹਰਪ੍ਰੀਤ ਸੇਖਾ ਜੀ ਦੀਆਂ ਕਹਾਣੀਆਂ ਦੀ ਮੈਂ ਡੈਡੀ ਜੀ ਬਾਦਲ ਸਾਹਿਬ ਕੋਲ਼ੋਂ ਕਾਫ਼ੀ ਤਾਰੀਫ਼ ਸੁਣੀ ਹੋਈ ਸੀ। ਚੰਦ ਮਹੀਨੇ ਪਹਿਲਾਂ ਮੈਨੂੰ ਇਕ ਸਮਾਗਮ ਦੌਰਾਨ ਬੈੱਲ ਸੈਂਟਰ
ਚ ਉਹਨਾਂ ਨੂੰ ਪਹਿਲੀ ਵਾਰ ਮਿਲ਼ਣ ਦਾ ਮੌਕਾ ਮਿਲ਼ਿਆ ਤਾਂ ਉਹਨਾਂ ਕਿਹਾ ਕਿ ਉਹ ਆਰਸੀ ਬਲੌਗ ਵੇਖਦੇ ਰਹਿੰਦੇ ਹਨ, ( ਉਹਨੀਂ ਦਿਨੀਂ ਆਰਸੀ ਨੂੰ ਮੇਰੀ ਘੌਲ਼ ਕਰਕੇ ਅਪਡੇਟ ਬਹੁਤ ਘੱਟ ਕੀਤਾ ਜਾ ਰਿਹਾ ਸੀ ) ਨਾਲ਼ ਹੀ ਉਹਨਾਂ ਵਾਅਦਾ ਕੀਤਾ ਕਿ ਜਦੋਂ ਵੀ ਬਲੌਗ ਅਪਡੇਟ ਹੋਣਾ ਸ਼ੁਰੂ ਹੋਵੇਗਾ, ਤਾਂ ਉਹ ਆਪਣੀ ਕਹਾਣੀ ਨਾਲ਼ ਹਾਜ਼ਰੀ ਲਵਾਉਣਗੇ। ਵਾਅਦਾ ਪੁਗਾਉਂਦਿਆਂ, ਅੱਜ ਉਹਨਾਂ ਨੇ ਆਪਣੀ ਲਿਖੀ ਇਕ ਬੇਹੱਦ ਖ਼ੂਬਸੂਰਤ ਕਹਾਣੀ ਗਿਫ਼ਟ ਘੱਲ ਕੇ ਆਰਸੀ ਸਾਹਿਤਕ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਇਸ ਕਹਾਣੀ ਨੂੰ ਆਰਸੀ ਰਿਸ਼ਮਾਂ ਦੀ ਅੱਜ ਦੀ ਪੋਸਟ
ਚ ਸ਼ਾਮਿਲ ਕਰ ਰਹੀ ਹਾਂ ਤੇ ਆਸ ਕਰਦੀ ਹਾਂ ਕਿ ਉਹ ਭਵਿੱਖ ਵਿਚ ਵੀ ਹਾਜ਼ਰੀ ਲਵਾਉਂਦੇ ਰਹਿਣਗੇ...ਨਾਲ਼ ਹੀ ਏਨੀ ਖ਼ੂਬਸੂਰਤ ਕਹਾਣੀ ਲਿਖਣ 'ਤੇ ਦਿਲੀ ਮੁਬਾਰਕਬਾਦ ਵੀ ਪੇਸ਼ ਕਰਦੀ ਹਾਂ.....ਅੱਲਾਹ ਕਰੇ ਜ਼ੋਰੇ ਕਲਮ ਔਰ ਜ਼ਿਆਦਾ.....ਬਹੁਤ-ਬਹੁਤ ਸ਼ੁਕਰੀਆ ਹਰਪ੍ਰੀਤ ਜੀਓ..ਜੀ ਆਇਆਂ ਨੂੰ ਜੀ ।
ਅਦਬ ਸਹਿਤ
ਤਨਦੀਪ
*********


ਗਿਫ਼ਟ

ਕਹਾਣੀ

ਭਾਗ ਪਹਿਲਾ

ਸ਼ਾਨ ਮੱਥਾ ਟੇਕ ਕੇ ਗੁਰਦੁਆਰੇ ਦੇ ਦਰਬਾਰ ਹਾਲ ਵਿੱਚ ਵਿਛੇ ਗੂੜ੍ਹੇ ਨੀਲੇ ਰੰਗ ਦੇ ਕਾਰਪੈੱਟ ਤੇ ਬੈਠ ਗਿਆਉਸ ਸਾਹਮਣੇ ਵੇਖਿਆ, ਸੁਨਹਿਰੀ ਰੰਗ ਦੀ ਪਾਲਕੀ ਦੇ ਪਿੱਛੇ ਬੈਠਾ ਭਾਈ ਜੀ ਗੁਰਬਾਣੀ ਦਾ ਪਾਠ ਕਰ ਰਿਹਾ ਸੀਪਾਲਕੀ ਤੋਂ ਖੱਬੇ ਹੱਥ ਛੇ ਕੁ ਫੁੱਟ ਦੀ ਵਿੱਥ ਤੇ ਕੋਈ ਅੱਠ ਫੁੱਟ ਲੰਬੀ, ਚਾਰ ਫੁੱਟ ਚੌੜੀ ਅਤੇ ਡੇਢ ਫੁੱਟ ਉੱਚੀ ਸਟੇਜ ਬਣੀ ਹੋਈ ਸੀ, ਜਿਸ ਉੱਪਰ ਸਫ਼ੈਦ ਕੱਪੜਾ ਵਿਛਿਆ ਹੋਇਆ ਸੀਸਟੇਜ ਉੱਪਰ ਬੰਦ ਹਰਮੋਨੀਅਮ ਅਤੇ ਤਬਲਾ ਪਏ ਸਨਸਟੇਜ ਦੇ ਪਿੱਛੇ ਪੋਡੀਅਮ ਸੀ, ਜਿਸ ਉੱਪਰ ਅੰਗਰੇਜ਼ੀ ਵਿੱਚ ਰਾਜ ਕਰੇਗਾ ਖਾਲਸਾਲਿਖਿਆ ਹੋਇਆ ਸੀਪਾਲਕੀ ਦੇ ਸਾਹਮਣੇ ਗੋਲਕ ਸੀ, ਜਿਸ ਦੇ ਸੱਜੇ ਪਾਸੇ ਚਿੱਟੀ ਦਾਹੜੀ ਵਾਲਾ ਬਜ਼ੁਰਗ ਬੈਠਾ ਸੀਹਾਲ ਅੰਦਰ ਆਉਣ ਵਾਲੇ ਗੋਲਕ ਵਿੱਚ ਪੈਸੇ ਪਾ ਮੱਥਾ ਟੇਕ ਕੇ ਚਿੱਟੀ ਦਾਹੜੀ ਵਾਲੇ ਬਜ਼ੁਰਗ ਤੋਂ ਦੇਗ ਲੈ ਕੇ ਇੱਕ ਪਾਸੇ ਔਰਤਾਂ ਅਤੇ ਦੂਸਰੇ ਪਾਸੇ ਆਦਮੀ ਬੈਠ ਜਾਂਦੇਸ਼ਾਨ ਨੇ ਸੱਜੇ ਅਤੇ ਖੱਬੇ ਪਾਸੇ ਵਾਲੀਆਂ ਕੰਧਾਂ ਤੇ ਨਿਗ੍ਹਾ ਮਾਰੀਵੀਹ ਫੁੱਟ ਉੱਚੀਆਂ ਹਲਕੇ ਸੁਨਹਿਰੀ ਰੰਗ ਦੀਆਂ ਕੰਧਾਂ ਦੇ ਉੱਪਰਲੇ ਸਿਰੇ ਤੋਂ ਚਾਰ ਕੁ ਫੁੱਟ ਤੇ ਛੇ ਕੁ ਇੰਚ ਚੌੜੇ ਬਾਰਡਰ ਵਿੱਚ ਗੂੜੇ ਨੀਲੇ ਰੰਗ ਨਾਲ ਗੁਰਮੁਖੀ ਅੱਖਰਾਂ ਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਸਨ, ਜਿਨ੍ਹਾਂ ਨੂੰ ਪੜ੍ਹਨ ਤੋਂ ਸ਼ਾਨ ਅਸਮਰੱਥ ਸੀਉਹ ਅੱਖਰਾਂ ਵੱਲ ਹੀ ਵੇਖ ਰਿਹਾ ਸੀ ਕਿ ਇੱਕ ਦੋ-ਢਾਈ ਸਾਲ ਦਾ ਗੋਭਲਾ ਜਿਹਾ ਬੱਚਾ ਉੱਥੋਂ ਲੰਘਦਾ-ਲੰਘਦਾ ਉਸਦੇ ਸਾਹਮਣੇ ਆ ਖੜੋਤਾਸ਼ਾਨ ਦਾ ਜੀਅ ਕੀਤਾ ਕਿ ਬੱਚੇ ਨੂੰ ਫੜ ਕੇ ਆਪਣੇ ਕੋਲ ਬਿਠਾ ਲਵੇਬੱਚਾ ਉਸ ਵੱਲ ਵੇਖਦਾ ਰਿਹਾ ਪਰ ਸ਼ਾਨ ਦਾ ਹੌਸਲਾ ਨਾ ਪਿਆਬੱਚਾ ਔਰਤਾਂ ਵਾਲੇ ਪਾਸੇ ਚਲਾ ਗਿਆਸ਼ਾਨ ਦੀ ਨਿਗ੍ਹਾ ਉਸਦੇ ਪਿੱਛੇ ਹੋ ਗਈਬੱਚਾ ਵਾਪਿਸ ਇੱਕ ਆਦਮੀ ਕੋਲ ਆ ਗਿਆ, “ਟਿਕਦਾ ਨ੍ਹੀਂ ਓਏ ਸ਼ਾਨ ਦੇ ਕੰਨੀਂ ਉਸ ਆਦਮੀ ਦੀ ਘੁਰਕੀ ਪਈਬੱਚਾ ਔਰਤਾਂ ਵੱਲ ਭੱਜ ਗਿਆ ਅਤੇ ਫਿਰ ਉੱਥੋਂ ਗੋਲਕ ਵਲ ਜਾ ਕੇ ਉਸ ਵਿੱਚ ਹੱਥ ਮਾਰਨ ਲੱਗਾ, ਇੱਕ ਔਰਤ ਜਿਹੜੀ ਸ਼ਾਇਦ ਬੱਚੇ ਦੀ ਮਾਂ ਹੋਵੇਗੀ, ਉਸਨੂੰ ਦੋਨਾਂ ਮੋਢਿਆਂ ਤੋਂ ਪਕੜ ਉਸ ਆਦਮੀ ਵੱਲ ਘਿਰਣਾ ਭਰੀਆਂ ਨਜ਼ਰਾਂ ਨਾਲ ਵੇਖਦੀ ਬਾਹਰ ਵੱਲ ਚਲੀ ਗਈ ਸ਼ਾਨ ਨੀਵੀਂ ਪਾ ਕੇ ਬੈਠ ਗਿਆ, ਉਸ ਦੀ ਨਿਗ੍ਹਾ ਆਪਣੀ ਉਸ ਉਂਗਲ ਤੇ ਅਟਕ ਗਈ, ਜਿਸਦਾ ਨਹੁੰ ਦੋ ਲੋਹੇ ਦੇ ਟੁਕੜਿਆਂ ਵਿੱਚ ਆ ਕੇ ਕਾਲਾ ਹੋ ਗਿਆ ਸੀਸ਼ਾਨ ਨੇ ਆਪਣੇ ਮੋਢਿਆਂ ਚ ਖਿੱਚ ਜਿਹੀ ਮਹਿਸੂਸ ਕੀਤੀ


.........
ਇਹ ਖਿੱਚ ਉਹ ਉਦੋਂ ਮਹਿਸੂਸ ਕਰਦਾ
, ਜਦ ਉਸਨੂੰ ਉਹ ਸੁਪਨਾ ਆਉਂਦਾ, ਜਿਸ ਵਿੱਚ ਉਹ ਪਾਣੀ ਦੇ ਇੱਕ ਵੱਡ-ਆਕਾਰੀ ਪੂਲ ਵਿੱਚ ਡੁੱਬ ਰਿਹਾ ਹੁੰਦਾਬਚਾਅ ਲਈ ਉਹ ਹੱਥ-ਪੈਰ ਚਲਾਉਣ ਦੀ ਕੋਸ਼ਿਸ਼ ਕਰਦਾ ਪਰ ਉਸ ਦੀਆਂ ਬਾਹਾਂ ਉਸ ਦਾ ਸਾਥ ਨਾ ਦਿੰਦੀਆਂਬਾਹਾਂ ਨੂੰ ਦੋਹਾਂ ਪਾਸਿਆਂ ਤੋਂ ਕੋਈ ਖਿੱਚ ਰਿਹਾ ਹੁੰਦਾ, ਉਹ ਬਾਹਾਂ ਛਡਾਉਣ ਲਈ ਖਿੱਚੋ-ਤਾਣ ਕਰਦਾ ਡੁੱਬਦੇ-ਡੁੱਬਦੇ ਡਰ ਕੇ ਜਾਗ ਪੈਂਦਾਇਹ ਸੁਪਨਾ ਉਸ ਨੂੰ ਬਹੁਤ ਸਾਲ ਪਹਿਲਾਂ ਆਉਣਾ ਸ਼ੁਰੂ ਹੋਇਆ ਸੀ, ਜਦ ਉਹ ਵੀਕ ਐਂਡ ਡੈਡੀ ਦੇ ਘਰ ਬਿਤਾ ਕੇ ਆਉਂਦਾ ਸੀਪਰ ਜਦੋਂ ਉਸ ਦਾ ਡੈਡੀ ਗੁਰਵੀਰ ਕੈਲਗਰੀ ਮੂਵ ਹੋ ਗਿਆ ਸੀ, ਇਹ ਸੁਪਨਾ ਫੇਰ ਵੀ ਆਉਂਦਾ ਰਿਹਾ ਸੀਹੁਣ ਤਾਂ ਗੁਰਵੀਰ ਨੂੰ ਮਿਲੇ ਵੀ ਤਿੰਨ ਸਾਲ ਦੇ ਕਰੀਬ ਹੋ ਗਏ ਹੋਣਗੇਪਿਛਲੀ ਵਾਰ ਜਦ ਗੁਰਵੀਰ ਵੈਨਕੂਵਰ ਆਇਆ ਸੀ, ਸ਼ਾਨ ਬਾਹਰਵੀਂ ਜਮਾਤ ਪਾਸ ਕਰ ਚੁੱਕਾ ਸੀਸ਼ਾਨ ਨੂੰ ਉਸ ਨੇ ਡਿਨਰ ਵਾਸਤੇ ਰੈਸਟੋਰੈਂਟ ਲੈ ਜਾਣ ਲਈ ਫ਼ੋਨ ਰਾਹੀਂ ਪੱਕਾ ਕਰ ਲਿਆਉਸ ਨੂੰ ਲੈਣ ਆਏ ਗੁਰਵੀਰ ਨੇ ਘਰ ਦੇ ਸਾਹਮਣੇ ਕਾਰ ਰੋਕ ਹਾਰਨ ਵਜਾਇਆਜਦ ਦਰਵਾਜ਼ਾ ਖੋਹਲ ਸ਼ਾਨ ਬਾਹਰ ਨਿਕਲਿਆ, ਗੁਰਵੀਰ ਕਾਰ ਵਿੱਚੋਂ ਬਾਹਰ ਨਿਕਲ ਉਸ ਦੀ ਉਡੀਕ ਕਰ ਰਿਹਾ ਸੀਕਾਰ ਦਾ ਇੰਜਣ ਚੱਲ ਰਿਹਾ ਸੀਨੇੜੇ ਪਹੁੰਚ ਸ਼ਾਨ ਨੇ ਕਿਹਾ, “ਹਾਏ ਡੈਡਸ਼ਾਨ ਨੇ ਹਾਏਸ਼ਬਦ ਉੱਚੀ ਅਤੇ ਡੈਡਸ਼ਬਦ ਨੀਵੀਂ ਸੁਰ ਚ ਉਚਾਰਿਆ


ਗੁਰਵੀਰ ਨੇ ਉਸ ਨੂੰ ਜੱਫ਼ੀ ਚ ਲੈ ਲਿਆਫਿਰ ਉਸ ਨੂੰ ਮੋਢਿਆਂ ਤੋਂ ਫੜ ਪੈਰਾਂ ਤੋਂ ਸਿਰ ਤੱਕ ਨਜ਼ਰ ਮਾਰੀਮੇਰੇ ਪੁੱਤ ਦੇ ਤਾਂ ਦਾਹੜੀ ਆ ਗਈ,” ਆਖ ਉਸ ਪੋਲਾ ਜਿਹਾ ਸ਼ਾਨ ਦੀ ਗੱਲ੍ਹ ਉੱਪਰ ਮਾਰਿਆ


ਕਾਰ ਚ ਬੈਠ ਗੁਰਵੀਰ ਨੇ ਪੁੱਛਿਆ, “ਕਿਹੜੇ ਰੈਸਟੋਰੈਂਟ ਚੱਲੇਂਗਾ, ਦੇਸੀ ਕਿ---?”


ਅੱਪ ਟੂ ਯੂ


ਨਹੀਂ ਤੇਰਾ ਦਿਨ ਆ ਤੇਰੀ ਮਰਜੀ ਏ


ਆਈ ਡੌਂਟ ਕੇਅਰ,” ਆਖ ਸ਼ਾਨ ਨੇ ਮੋਢੇ ਚੜ੍ਹਾਏ


ਪੰਜਾਬੀ ਰੈਸਟੋਰੈਂਟ ਚ ਪਹੁੰਚ ਗੁਰਵੀਰ ਨੇ ਪੁੱਛਿਆ, “ਹੁਣ ਫਿਰ ਕੀ ਕਰਨ ਦਾ ਇਰਾਦਾ ਹੈ?”


ਬੀ.ਸੀ.ਆਈ.ਟੀ. ਤੋਂ ਮਸ਼ੀਨਿਸਟ ਦਾ ਕੋਰਸ ਕਰਨੈ


ਤੂੰ ਹੋਰ ਪੜ੍ਹਦਾ, ਯੂਨੀਵਰਸਿਟੀ ਜਾਂਦਾ


ਸ਼ਾਨ ਨੇ ਅੱਖਾਂ ਗੁਰਵੀਰ ਦੇ ਚਿਹਰੇ ਤੇ ਗੱਡ ਦਿੱਤੀਆਂਗੁਰਵੀਰ ਤੋਂ ਜਿਵੇਂ ਉਸ ਦੀ ਤੱਕਣੀ ਦੀ ਤਾਬ ਨਾ ਝੱਲੀ ਗਈ ਹੋਵੇ, ਕਹਿੰਦਾ, “ਤੂੰ ਡਰਿੰਕ ਲੈ ਲੈਨਾਂ?”


ਮਸ਼ੀਨਿਸਟ ਮੈਨੂੰ ਠੀਕ ਲੱਗਦੈ ਲੋਕਾਂ ਨਾਲ ਵਾਹ ਨਹੀਂ ਪੈਂਦਾ


ਮੈਂ ਡਰਿੰਕ ਬਾਰੇ ਪੁੱਛਿਆ ਸੀ?”


ਨਹੀਂ, ਮੈਂ ਨਹੀਂ ਪੀਂਦਾ


ਬੀਅਰ ਵੀ ਨਹੀਂ? ਮੇਰੇ ਸਾਥ ਲਈ?”


ਨਹੀਂ


ਚੱਲ ਚੰਗੈ, ਪਰ ਮੈਂ ਤਾਂ ਲਵਾਂਗਾ


ਤੇ ਫੇਰ ਸ਼ਾਨ ਉੱਸਲ ਵੱਟੇ ਜਿਹੇ ਲੈਣ ਲੱਗਾਗੁਰਵੀਰ ਨੇ ਦੋ ਕੁ ਵਾਰ ਮਹਿਸੂਸ ਕੀਤਾ ਜਿਵੇਂ ਸ਼ਾਨ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਉਸ ਕੁਝ ਕਹਿਣ ਲਈ ਸ਼ਾਨ ਨੂੰ ਉਕਸਾਇਆ ਨਾਅਖੀਰ ਸ਼ਾਨ ਨੇ ਹੌਸਲਾ ਜਿਹਾ ਕਰਕੇ ਪੁੱਛ ਹੀ ਲਿਆ, “ਡੈਡ ਤੁਸੀਂ ਮੰਮ ਨੂੰ ਡਾਈਵੋਰਸ ਕਿਓਂ ਦਿੱਤਾ”?


ਹੂੰ---- ਕਿਹੋ-ਜਿਹਾ ਸਵਾਲ ਕਰ ਦਿੱਤਾ? ਆਪਾਂ ਤਾਂ ਅੱਜ ਤੇਰੀ ਗ੍ਰੈਜੂਏਸ਼ਨ ਸੈਲੀਬੀਰੇਟ ਕਰਦੇ ਆਂ


ਪਲੀਜ਼ ਡੈਡ


ਸਾਡੀ ਨਹੀਂ ਬਣੀ, ਇਹਦੇ ਨਾਲੋਂ ਚੰਗਾ ਸੀ ਵੱਖ-ਵੱਖ ਰਹਿੰਦੇਹੁਣ ਠੀਕ ਨਹੀਂ? ਉਹ ਆਪਣੀ ਮਰਜ਼ੀ ਨਾਲ ਜਿਉਂਦੀ ਐ, ਮੈਂ ਆਪਣੀ ਜਿੰਦਗੀ ਮਾਣ ਰਿਹੈਂ


ਤੇ ਤੇ ਮੈਂ ? ਆਈ ਮੀਨ ਇੱਕਠੇ ਰਹਿਣ ਦੇ ਚਾਨਸ ਨਹੀਂ ਸੀ?”


ਨਹੀਂ, ਮੈਂ ਬਹੁਤ ਟੌਲਰੇਟ ਕਰਦਾ ਰਿਹਾ, ਤੇਰੀ ਨਾਨੀ ਗੱਲ-ਗੱਲ ਨਾਲ ਕਨੇਡਾ ਮੰਗਵਾਉਣ ਦਾ ਤਾਅਨਾ ਮਾਰਦੀ ਸੀਤੈਨੂੰ ਪਤੈ ਇੱਥੇ ਆਪਣੇ ਲੋਕ ਇੱਕ ਦੂਜੇ ਨੂੰ ਸਪੌਂਸਰ ਕਰ ਕੇ ਹੀ ਆਏ ਆ, ਉਹ ਦੋ ਸਾਲ ਪਹਿਲਾਂ ਆ ਗਏਜੇ ਉਨ੍ਹਾਂ ਮੈਨੂੰ ਸਪੌਂਸਰ ਕੀਤਾ ਸੀ, ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਆਪਣੀ ਜਿੰਦਗੀ ਉਨ੍ਹਾਂ ਅਨੁਸਾਰ ਜੀਂਦਾਘਰ ਚ ਉਹਦੀ ਲੋੜ ਤੋਂ ਜਿਆਦਾ ਦਖਲ ਅੰਦਾਜ਼ੀ ਸੀ, ਤੇਰੀ ਮਾਂ ਉਸਨੂੰ ਪੁੱਛੇ ਬਿਨਾਂ ਕੁਝ ਕਰਦੀ ਨਹੀਂ ਸੀ, ਤੇਰੇ ਦਾਦੇ-ਦਾਦੀ ਦੀ ਬਿਲਕੁਲ ਹੀ ਪਰਵਾਹ ਨਹੀਂ ਸੀ ਕਰਦੀ


ਪਰ ਮੰਮ ਕਹਿੰਦੀ ਆ ਕਿ ਤੁਸੀਂ ਉਸ ਨੂੰ ਆਪਣੇ ਸਟੈਂਡਰਡ ਦੀ ਨਹੀਂ ਸੀ ਸਮਝਦੇ, ਇਸ ਕਰਕੇ ਡਾਈਵੋਰਸ ਹੋਇਐ


ਤੂੰ ਹੀ ਦੱਸ ਸ਼ਕਲ-ਸੂਰਤ ਜਾਂ ਪੜ੍ਹਾਈ-ਲਿਖਾਈ ਚ ਉਹ ਮੇਰੇ ਬਰਾਬਰ ਦੀ ਹੈ?”


ਫਿਰ ਤੁਸੀਂ ਵਿਆਹ ਕਿਓਂ ਕੀਤਾ ਉਸ ਨਾਲ?”


ਇਹ ਮੇਰੇ ਪੇਰੈਂਟਸ ਵੱਲੋਂ ਅਰੇਂਜਡ ਸੀ


ਤੁਸੀਂ ਇੱਥੇ ਆ ਕੇ ਕਿੰਨਾ ਚਿਰ ਉਸ ਨਾਲ ਰਹੇ


ਉਹ ਦਸ-ਗਿਆਰਾਂ ਸਾਲ ਅਸੀਂ ਆਪਸ ਚ ਲੜਦੇ ਹੀ ਰਹੇ ਆਂਮੈਂ ਉਸ ਨਾਲ ਨਿਭਾਉਣ ਲਈ ਆਪਣੇ-ਆਪ ਨਾਲ ਲੜਦਾ ਰਿਹੈਂ, ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੇਰਾ ਦਿਲ ਉਸ ਨੂੰ ਕਬੂਲ ਲਵੇ।।


ਤੁਸੀਂ ਕੋਸ਼ਿਸ਼ ਕਰਦੇ ਸੀ, ਜਦ ਤੁਹਾਨੂੰ ਪੂਰਾ ਯਕੀਨ ਹੀ ਨਹੀਂ ਸੀ, ਫਿਰ ਮੈਨੂੰ ਕਿਓਂ ਪੈਦਾ ਕੀਤਾ?”


ਇਹ ਸਭ ਅਚਨਚੇਤ ਹੀ ਹੋ ਗਿਆ


,” ਆਖ ਸ਼ਾਨ ਚੁੱਪ ਕਰ ਗਿਆ


.............


ਗੁਰਦੁਆਰੇ ਬੈਠੇ ਸ਼ਾਨ ਨੇ ਉਸ ਆਦਮੀ ਵੱਲ ਵੇਖਿਆ, ਜਿਸ ਨੇ ਬੱਚੇ ਨੂੰ ਝਿੜਕਿਆ ਸੀ, ਉਸਨੂੰ ਆਦਮੀ ਤੇ ਕਚੀਚੀ ਜਿਹੀ ਉੱਠੀ, ‘ਵੇਖ ਕਿਵੇਂ ਅੱਖਾਂ ਮੀਟ ਕੇ ਬੈਠਾ ਹੈ,----- ਸ਼ਾਇਦ ਪਾਠ ਸੁਣਦਾ ਹੋਵੇ, ਮੈਨੂੰ ਵੀ ਪਾਠ ਸੁਣਨਾ ਚਾਹੀਦਾ ਹੈ, ਵਾਧੂ-ਘਾਟੂ ਸੋਚਣ ਨਾਲੋਂ


ਉਸ ਨੇ ਅੱਖਾਂ ਮੀਚ ਕੇ ਗੁਰਬਾਣੀ ਦਾ ਪਾਠ ਸੁਣਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਸਮਝ ਨਾ ਪਈਮੰਮ ਤੇ ਉਸ ਨੂੰ ਖਿਝ ਆਈ, ‘ਕਿਹਾ ਸੀ ਤੇਰਾ ਬਰਥਡੇਅ ਹੈ, ਆ ਕਿਤੇ ਵਧੀਆ ਜਿਹੇ ਰੈਸਟੋਰੈਂਟ ਤੋਂ ਲੰਚ ਕਰਵਾ ਲਿਆਵਾਂ ਪਰ ਉਹ ਖਿੱਚ ਕੇ ਐਥੇ ਲੈ ਆਈਕਹਿੰਦੀ ਮੇਰਾ ਬਰਥਡੇਅ ਆ ਜਿੱਥੇ ਮੇਰਾ ਦਿਲ ਕਰਦੈ ਉੱਥੇ ਚੱਲ, ਹੁਣ ਮੈਂ ਕੀ ਕਰਾਂ ਐਥੇ? ਉੱਠ ਕੇ ਬਾਹਰ ਚਲਾ ਜਾਵਾਂ? ਬਾਹਰ ਵੀ ਕੀ ਕਰਾਂਗਾ, ਬਾਹਰ ਤਾਂ ਸੱਚ ਬਲਦੇਵ ਅੰਕਲ ਖੜ੍ਹਾ ਸੀ, ਉਸ ਫੇਰ ਲੈਕਚਰ ਦੇਣ ਲੱਗ ਜਾਣਾ ਹੈਇੱਥੇ ਹੀ ਠੀਕ ਹੈਇਹ ਲੋਕ ਵੀ ਗੱਲਾਂ-ਗੱਲਾਂ ਚ ਅਗਲੇ ਦੀ ਬੇਇਜ਼ਤੀ ਕਰ ਜਾਂਦੇ ਆ, ਉਸ ਦਿਨ ਕਹਿੰਦਾ, ਤੂੰ ਆਪਣੀ ਮਾਂ ਦੇ ਆਖੇ ਨਹੀਂ ਲੱਗਦਾ, ਵਿਆਹ ਕਿਓਂ ਨੀ ਕਰਾਉਂਦਾ? ਉਹਨੇ ਪਤਾ ਤੇਰੀ ਖਾਤਿਰ ਸਾਰੀ ਉਮਰ ਰੋਲ਼ ਲਈਜੀਅ ਤਾਂ ਕਰਦਾ ਸੀ ਕਿ ਆਖ ਦਿਆਂ ਮਾਈਂਡ ਯੋਅਰ ਓਨਪਰ ਕਿਹਾ ਹੀ ਨਹੀਂ ਗਿਆਇਸੇ ਕਰਕੇ ਤਾਂ ਉਸਦਾ ਹੌਸਲਾ ਵਧਿਆਜੇ ਮੰਮ ਦਾ ਕਜ਼ਨ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਜੋ ਕੁਝ ਮਰਜੀ ਕਹਿ ਲਵੇਕਹਿੰਦਾ ਕਿਤੇ ਤੇਰਾ ਗੇਅ-ਗੂ ਆਲਾ ਚੱਕਰ ਤਾਂ ਨਹੀਂ’? ਜੀਅ ਕਰਦਾ ਸੀ ਕਿ ਢਿੱਡ ਚ ਮੁੱਕੀ ਮਾਰਾਂ, ਮਾਰਨ ਨੂੰ ਤਾਂ ਉਨ੍ਹਾਂ ਮੁੰਡਿਆਂ ਦੇ ਵੀ ਜੀਅ ਕਰਦਾ ਸੀ---- ਉਸ ਦੀਆਂ ਅੱਖਾਂ ਅੱਗੇ ਸਕੂਲ ਵਾਲਾ ਸੀਨ ਘੁੰਮਣ ਲੱਗਾ


..............


ਉਸ ਦਿਨ ਉਹ ਪਹਿਲੀ ਵਾਰ ਸੋਲ੍ਹਵੇਂ ਬਰਥਡੇਅ ਤੇ ਮਿਲੀ ਜੈਕਟ ਪਾ ਕੇ ਸਕੂਲ ਗਿਆ ਸੀਸਕੂਲ ਦੇ ਗਰਾਊਡ ਚ ਜਾਂਦਿਆਂ ਉਸ ਦੇ ਕੰਨੀਂ ਆਵਾਜ਼ ਪਈ, ‘ਹੇ ਅਲੋਨਰ ਨਾਈਸ ਜੈਕਟ


ਸ਼ਾਨ ਦਾ ਜੀਅ ਕੀਤਾ ਕਿ ਦੱਸੇ ਕਿ ਉਸ ਦੇ ਡੈਡ ਨੇ ਭੇਜੀ ਹੈ ਪਰ ਉਹ ਸਕੂਲ ਦੇ ਅਵਾਰਾ ਮੁੰਡੇ ਸਨਓ ਥੈਂਕਸਆਖ ਸ਼ਾਨ ਤੁਰਨ ਲੱਗਾ ਪਰ ਉਹ ਚਾਰੇ ਮੁੰਡੇ ਉਸ ਦੇ ਦੁਆਲੇ ਆ ਖੜ੍ਹੇ , “ਮੇਰੇ ਮਾਂ-ਪਿਓ ਤਾਂ ਐਨੀ ਮਹਿੰਗੀ ਜੈਕਟ ਮੈਨੂੰ ਨਹੀਂ ਦੇ ਸਕਦੇ,” ਇੱਕ ਮੁੰਡੇ ਨੇ ਕਿਹਾਮੇਰੇ ਵੀ ਨਹੀਂਤਿੰਨਾਂ ਨੇ ਵਾਰੀ-ਵਾਰੀ ਕਿਹਾਫਿਰ ਇਹ ਮੁੰਡਾ ਐਨੀ ਮਹਿੰਗੀ ਜੈਕਟ ਪਹਿਨੇ ਇਹ ਤਾਂ ਇਨਸਾਫ਼ ਨਹੀਂ,” ਆਖ ਇੱਕ ਨੇ ਸ਼ਾਨ ਨੂੰ ਬਾਹਾਂ ਤੋਂ ਫੜ ਲਿਆਦੋ ਘਸੁੰਨ ਵੱਟ ਕੇ ਖੜ੍ਹ ਗਏਇੱਕ ਨੇ ਉਸ ਦੀ ਜੈਕਟ ਦੇ ਪਿੱਛੇ ਕੁਝ ਲਿਖ ਦਿੱਤਾ ਉਹ ਹੱਸਣ ਲੱਗੇ, ਸ਼ਾਨ ਨੇ ਜੈਕਟ ਲਾਹੁਣ ਦੀ ਕੋਸ਼ਿਸ਼ ਕੀਤੀਜੇ ਤੂੰ ਇਹ ਲਾਹੀ ---- ਇੱਕ ਮੁੰਡੇ ਨੇ ਘਸੁੰਨ ਵਿਖਾਇਆਸ਼ਾਨ ਦੇ ਮਗਰ ਮਗਰ ਉਹ ਤੁਰਨ ਲੱਗੇਹੋਰ ਮੁੰਡੇ-ਕੁੜੀਆਂ ਉਸ ਦੇ ਪਿੱਛੇ ਲਿਖਿਆ ਪੜ੍ਹ ਕੇ ਹੱਸਣ ਲੱਗੇਤਾਂ ਇਹਨੇ ਆਪਣਾ ਨਾਂ ਅਲੋਨਰ ਤੋਂ ਹੋਮੋ ਰੱਖ ਲਿਐ?” ਇੱਕ ਨੇ ਕਿਹਾ ਅਤੇ ਹਾਸਾ ਉੱਚੀ ਹੋ ਗਿਆਸ਼ਾਨ ਨੇ ਜੈਕਟ ਲਾਹੁਣ ਦੀ ਫਿਰ ਕੋਸ਼ਿਸ਼ ਕੀਤੀਪਰ ਘਸੁੰਨ ਵੇਖ ਉਹ ਡਰ ਗਿਆ ਅਤੇ ਵਾਸ਼ਰੂਮ ਵੱਲ ਭੱਜਿਆਪਿੱਛੋਂ ਬਹੁਤ ਸਾਰੀਆਂ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂਵਾਸ਼ਰੂਮ ਚ ਵੜ ਉਸ ਜੈਕਟ ਲਾਹ ਕੇ ਵੇਖੀਪਿੱਛੇ ਲਿਖਿਆ ਹੋਇਆ ਸੀ ਹੋਮੋਉਸ ਹੈਂਡ ਸੋਪ ਨਾਲ ਧੋਣ ਦੀ ਕੋਸ਼ਿਸ਼ ਕੀਤੀ ਪਰ ਲਿਖਿਆ ਮਿਟ ਨਹੀਂ ਸੀ ਰਿਹਾਉਸ ਸੋਚਿਆ ਜੈਕਟ ਗਾਰਬੇਜ ਕੈਨ ਚ ਸੁੱਟ ਦੇਵੇ ਪਰ ਕੁਝ ਸੋਚ ਉਸ ਸੁੱਟੀ ਨਾ ਅਤੇ ਫਿਰ ਮਲ ਮਲ ਕੇ ਮਿਟਾਉਣ ਦੀ ਕੋਸ਼ਿਸ਼ ਕਰਨ ਲੱਗਾਪ੍ਰਿਸੀਪਾਲ ਨੂੰ ਸ਼ਿਕਾਇਤ ਲਾ ਕੇ ਕੁਝ ਨਹੀਂ ਬਣਨਾਉਸ ਵਾਰਨਿੰਗ ਦੇ ਕੇ ਛੱਡ ਦੇਣਾ ਹੈ, ਵੱਧ ਤੋਂ ਵੱਧ ਉਨ੍ਹਾਂ ਦੇ ਪੇਰੈਂਟਸ ਨੂੰ ਬੁਲਾ ਕੇ ਦੱਸ ਦੇਵੇਗਾਤੂੰ ਆਪਣੇ ਡੈਡ ਨੂੰ ਦੱਸ ਜਾ ਕੇ,” ਉਸ ਦੇ ਮਗਰ ਵਾਸ਼ਰੂਮ ਚ ਆਇਆ ਗੁਰਪ੍ਰੀਤ ਹਮਦਰਦੀ ਪ੍ਰਗਟਾਅ ਰਿਹਾ ਸੀਸ਼ਾਨ ਨੇ ਗੁਰਪ੍ਰੀਤ ਵੱਲ ਵੇਖਿਆ ਪਰ ਬੋਲਿਆ ਕੁਝ ਨਾਗੁਰਪ੍ਰੀਤ ਫਿਰ ਕਹਿਣ ਲੱਗਾ, “ਮੈਂ ਜਦੋਂ ਅੱਠਵੀਂ ਚ ਪੜ੍ਹਦਾ ਸੀ, ਮੈਨੂੰ ਇੱਕ ਮੁੰਡਾ ਤੰਗ ਕਰਦਾ ਹੁੰਦਾ ਸੀਮੈਂ ਟੀਚਰ, ਪ੍ਰਿੰਸੀਪਾਲ ਸਾਰਿਆਂ ਨੂੰ ਦੱਸਿਆ ਪਰ ਉਹ ਨਾ ਹਟਿਆਫਿਰ ਮੈਂ ਆਵਦੇ ਡੈਡੀ ਨੂੰ ਦੱਸ ਦਿੱਤਾਉਹ ਗੈਂਗਸਟਰ ਵਾਂਗ ਡ੍ਰੈੱਸਅਪ ਹੋ ਕੇ ਸਕੂਲ ਮੂਹਰੇ ਖੜ੍ਹ ਗਿਆ ਜਦ ਮੁੰਡਾ ਬਾਹਰ ਆਇਆ, ਡੈਡੀ ਨੇ ਐਸਾ ਧਮਕਾਇਆ ਕਿ ਉਹ ਮੈਨੂੰ ਤੰਗ ਕਰਨਾ ਤਾਂ ਇੱਕ ਪਾਸੇ, ਮੇਰਾ ਦੋਸਤ ਬਣਨ ਨੂੰ ਫਿਰੇ,” ਆਖ ਗੁਰਪ੍ਰੀਤ ਚਲਾ ਗਿਆ ਪਰ ਸ਼ਾਨ ਸੋਚ ਰਿਹਾ ਸੀ ਕਿ ਜੇ ਮੰਮ ਨੇ ਜੈਕਟ ਵੇਖ ਲਈ ਤਾਂ ਕੀ ਸੋਚੇਗੀ?


ਯਾਦ ਕਰਕੇ ਸ਼ਾਨ ਦਾ ਸਾਹ ਤੇਜ਼ ਤੇਜ਼ ਚੱਲਣ ਲੱਗਾਹੋਮੋ’ ‘ਅਲੋਨਰਦੀਆਂ ਰਲ਼ਵੀਆਂ-ਮਿਲ਼ਵੀਆਂ ਆਵਾਜ਼ਾਂ ਉਸ ਦੇ ਕੰਨਾਂ ਚ ਗੂੰਜਣ ਲੱਗੀਆਂਹਾਂ-ਹਾਂ ਮੈਂ ਅਲੋਨਰ ਹੀ ਸਹੀ, ਕੋਈ ਮੇਰਾ ਦੋਸਤ ਕਿਓਂ ਨਹੀਂ ਬਣਦਾ? ਜੇ ਮੈਨੂੰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ, ਤਾਂ ਮੇਰਾ ਕੀ ਕਸੂਰ ਹੈ? ਮੈਂ ਹਾਂ ਹੀ ਇਹੋ-ਜਿਹਾਇੱਥੇ ਭੁਚਾਲ ਕਿਓਂ ਨਹੀਂ ਆ ਜਾਂਦਾ? ਕੋਈ ਬੰਬ ਕਿਓਂ ਨਹੀਂ ਡਿੱਗ ਪੈਂਦਾ?’


.........


ਅਰਦਾਸ ਕਰਨ ਉੱਠੇ ਭਾਈ ਜੀ ਦੇ ਹੱਥੋਂ ਮਾਈਕ ਡਿੱਗਣ ਕਰਕੇ ਇੱਕ ਜ਼ੋਰਦਾਰ ਖੜਕਾ ਹੋਇਆਸ਼ਾਨ ਨੂੰ ਲੱਗਾ ਜਿਵੇਂ ਕੋਈ ਬੰਬ ਡਿੱਗਿਆ ਹੋਵੇ ਅਤੇ ਉਸ ਦੇ ਜਮਾਤੀਆਂ ਤੇ ਬਲਦੇਵ ਅੰਕਲ ਸਣੇ ਬਹੁਤ ਸਾਰੀਆਂ ਲਾਸ਼ਾਂ ਪਈਆਂ ਹੋਣਅਰਦਾਸ ਲਈ ਖੜੋਤੇ ਉਸਨੇ ਆਪਣੀ ਲੱਤ ਠੁੱਡ ਮਾਰਨ ਵਾਂਗ ਚਲਾਈ, ਜਿਵੇਂ ਬਲਦੇਵ ਅੰਕਲ ਦੀ ਲਾਸ਼ ਦੇ ਮਾਰੀ ਹੋਵੇਝਟਕਾ ਜਿਹਾ ਵੱਜਣ ਕਰਕੇ ਉਹ ਆਪਣੇ ਆਪ ਚ ਆਇਆਇਹ ਮੈਂ ਕੀ ਵਾਧੂ-ਘਾਟੂ ਸੋਚੀ ਜਾਦਾਂ ਹਾਂ! ਧਿਆਨ ਹੋਰ ਪਾਸੇ ਲਾਉਣਾ ਚਾਹੀਦਾ ਹੈਅਤੇ ਉਹ ਆਪਣਾ ਧਿਆਨ ਨੱਕ ਚੋਂ ਆਉਂਦੇ-ਜਾਂਦੇ ਸਾਹ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਨ ਲੱਗਾ


*******


ਦੂਜਾ ਭਾਗ ਪੜ੍ਹਨ ਲਈ ਹੇਠਲੀ ਪੋਸਟ ਜ਼ਰੂਰ ਵੇਖੋ ਜੀ



No comments: