ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, February 18, 2012

ਸੁਖਿੰਦਰ - ਅਫ਼ਜ਼ਲ ਸਾਹਿਰ ਦੀ ਸ਼ਾਇਰੀ – ਲੇਖ – ਭਾਗ ਦੂਜਾ

ਅਫ਼ਜ਼ਲ ਸਾਹਿਰ ਦੀ ਸ਼ਾਇਰੀ

ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ


ਲੇਖ ਭਾਗ - ਦੂਜਾ


(ਲੇਖ ਦਾ ਪਹਿਲਾ ਭਾਗ ਪੜ੍ਹਨ ਲਈ ਉਪਰਲੀ ਪੋਸਟ ਵੇਖੋ ਜੀ ਸ਼ੁਕਰੀਆ)


*******


ਅਨਜੋੜ ਵਿਆਹਾਂ ਕਾਰਨ ਭਾਰਤੀ / ਪਾਕਿਸਤਾਨੀ ਪਤੀਆਂ ਵੱਲੋਂ ਆਪਣੀਆਂ ਹੀ ਪਤਨੀਆਂ ਉਪਰ ਕੀਤੇ ਜਾਂਦੇ ਅੱਤਿਆਚਾਰਾਂ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਨਿੱਤ ਛਪਦੀਆਂ ਹਨ; ਭਾਵੇਂ ਕਿ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖ਼ਬਰਾਂ ਵੀ ਪੰਜਾਬੀ ਮੀਡੀਆ ਵਿੱਚ ਛਪਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਪਤਨੀਆਂ ਵੱਲੋਂ ਪਤੀਆਂ ਨਾਲ ਜ਼ਿਆਦਤੀ ਕੀਤੀ ਗਈ ਸੀ. ਅਜਿਹੀਆਂ ਖ਼ਬਰਾਂ ਵੀ ਪੰਜਾਬੀ ਕਮਿਊਨਿਟੀ ਵਿੱਚ ਚਰਚਾ ਦਾ ਵਿਸ਼ਾ ਬਣ ਰਹੀਆ ਹਨ ਕਿ ਕੁਝ ਪਰਿਵਾਰਾਂ ਵਿੱਚ ਪਤਨੀਆਂ ਆਪਣੇ ਪਤੀਆਂ ਦੀ ਨਿੱਤ ਮਾਰ-ਕੁਟਾਈ ਕਰਦੀਆਂ ਹਨ. ਪਰ ਅਜਿਹੀਆਂ ਖ਼ਬਰਾਂ ਵਧੇਰੇ ਨਹੀਂ.ਅਫ਼ਜ਼ਲ ਸਾਹਿਰ ਆਪਣੀਆਂ ਨਜ਼ਮਾਂ ਵਿੱਚ ਇਸ ਵਿਸ਼ੇ ਬਾਰੇ ਵੀ ਚਰਚਾ ਛੇੜਦਾ ਹੈ ਕਿ ਅੱਜ ਜਦੋਂ ਕਿ ਦੁਨੀਆਂ ਵਿੱਚ ਨਵੀਂ ਚੇਤਨਾ ਦਾ ਪਾਸਾਰ ਹੋ ਰਿਹਾ ਹੈ, ਮਨੁੱਖ ਨਵੇਂ ਗਿਆਨ-ਵਿਗਿਆਨ ਨਾਲ ਜੁੜ ਰਿਹਾ ਹੈ; ਪਰ ਤੀਜੀ ਦੁਨੀਆਂ ਨਾਲ ਸਬੰਧ ਰੱਖਣ ਵਾਲੇ ਲੋਕ ਅਸੀਂ ਅਜੇ ਵੀ ਸਮਾਂ ਵਿਹਾ ਚੁੱਕੀਆਂ ਰੂੜੀਵਾਦੀ ਕਦਰਾਂ-ਕੀਮਤਾਂ ਨਾਲ ਹੀ ਆਪਣੀ ਮਾਨਸਿਕਤਾ ਨੂੰ ਜੰਗਾਲੀ ਬੈਠੇ ਹਾਂ. ਪ੍ਰਵਾਰ / ਸਮਾਜ / ਸਭਿਆਚਾਰ ਵਿੱਚ ਵਾਪਰਨ ਵਾਲੀਆਂ ਅਨੇਕਾਂ ਤ੍ਰਾਸਦੀਆਂ ਦਾ ਮੂਲ ਕਾਰਨ ਵੀ ਸਾਡਾ ਰੂੜੀਵਾਦੀ ਕਦਰਾਂ-ਕੀਮਤਾਂ ਨਾਲ ਮੋਹ ਹੀ ਹੈ. ਪੇਸ਼ ਹਨ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦੀਆਂ ਅਫ਼ਜ਼ਲ ਸਾਹਿਰ ਦੀ ਨਜ਼ਮ ਚੇਤਰ ਰੰਗ ਨਰੋਏਦੀਆਂ ਕੁਝ ਸਤਰਾਂ :


ਚੇਤਰ ਰੰਗ ਨਰੋਏ...ਵੇ ਲੋਕਾ !


ਚੇਤਰ ਰੰਗ ਨਰੋਏ


ਭੋਇੰ ਤੇ ਨਵੀਂ ਹਯਾਤੀ ਖਿੜ ਪਈ


ਅਸੀਂ ਮੋਏ ਦੇ ਮੋਏ


ਚੇਤਰ ਰੰਗ ਨਰੋਏ...ਵੇ ਲੋਕਾ !


ਚੇਤਰ ਰੰਗ ਨਰੋਏਫੁੱਲਾਂ ਤੋਂ ਨਾ ਅੱਖ ਚਕੀਵੇ


ਚੇਤ ਮਿਲਾਪੀ ਰੁੱਤੇ


ਬਾਹਰ ਸੁਲੱਖਣਾ ਦਿਨ ਚੜ੍ਹ ਆਇਆ


ਅਸੀਂ ਆਂ ਸੁੱਤਮ ਸੁੱਤੇ


ਪੁੱਠੇ ਵੇਖ ਵਤੀਰੇ ਸਾਡੇ


ਹਾਸੇ ਪਿੱਟ ਖਲੋਏ


ਚੇਤਰ ਰੰਗ ਨਰੋਏ...ਵੇ ਲੋਕਾ !


ਚੇਤਰ ਰੰਗ ਨਰੋਏ


ਲੱਗੇ ਬੂਰ ਤੇ ਫੁੱਟੀਆਂ ਲਗਰਾਂ


ਰੁੱਖਾਂ ਰੰਗ ਵਟਾਏ


ਅਸੀਂ ਨਾ ਆਪਣੇ ਜੁੱਸਿਆਂ ਉੱਤੋਂ


ਹੰਢੇ ਵਰਤੇ ਲਾਹੇ


ਖੂਹ ਤੇ ਖੜ੍ਹ ਕੇ ਵੀ ਨਾ ਭਰਿਆ


ਭਾਂਡਾ ਲੋਏ ਲੋਏ


ਚੇਤਰ ਰੰਗ ਨਰੋਏ...ਵੇ ਲੋਕਾ !


ਚੇਤਰ ਰੰਗ ਨਰੋਏ


ਨਵੇਂ ਗਿਆਨ-ਵਿਗਿਆਨ ਦੀ ਲੋਅ ਨਾਲ ਜਦੋਂ ਕਿ ਪਹਿਲੀ ਅਤੇ ਦੂਜੀ ਦੁਨੀਆਂ ਦੇ ਲੋਕਾਂ ਦੇ ਦਿਮਾਗ਼ਾਂ ਵਿੱਚ ਵੀ ਚਾਨਣ ਦਾ ਪਾਸਾਰ ਹੋ ਚੁੱਕਾ ਹੈ; ਪਰ ਅਸੀਂ ਤੀਜੀ ਦੁਨੀਆਂ ਦੇ ਲੋਕ ਅਜੇ ਵੀ ਸਦੀਆਂ ਪੁਰਾਣੇ ਰੂੜੀਵਾਦੀ ਵਿਚਾਰਾਂ ਨਾਲ ਹੀ ਜ਼ਿੰਦਗੀ ਜਿਊਣੀ ਪਸੰਦ ਕਰਦੇ ਹਾਂ. ਜਿਸ ਕਾਰਨ ਅਨੇਕਾਂ ਪੱਧਰਾਂ ਉੱਤੇ ਅਸੀਂ ਜ਼ਿੰਦਗੀ ਨੂੰ ਪੂਰੀ ਸ਼ਿੱਦਤ ਨਾਲ ਮਾਨਣ ਤੋਂ ਵਾਂਝੇ ਰਹਿ ਜਾਂਦੇ ਹਾਂ.ਅਜੋਕੇ ਸਮਿਆਂ ਵਿੱਚ ਵੀ ਆਮ ਲੋਕਾਂ ਵੱਲੋਂ ਰੂੜੀਵਾਦੀ ਵਿਚਾਰਾਂ ਅਤੇ ਕਦਰਾਂ-ਕੀਮਤਾਂ ਦੇ ਸਹਾਰੇ ਜ਼ਿੰਦਗੀ ਬਤੀਤ ਕਰੀ ਜਾਣ ਦਾ ਵੱਡਾ ਕਾਰਨ ਇਹ ਹੈ ਕਿ ਸਮਾਜਿਕ / ਸਭਿਆਚਾਰਕ / ਰਾਜਨੀਤਕ / ਧਾਰਮਿਕ ਅਦਾਰਿਆਂ ਉੱਤੇ ਅਜਿਹੇ ਦਿਸ਼ਾ-ਰਹਿਤ ਲੋਕ ਕਾਬਜ਼ ਹਨ ਜਿਨ੍ਹਾਂ ਦੀ ਇਹ ਖ਼ਾਹਿਸ਼ ਹੀ ਨਹੀਂ ਹੈ ਕਿ ਆਮ ਆਦਮੀ ਦੀ ਚੇਤਨਾ ਵਿੱਚ ਕਦੀ ਚਾਨਣ ਦਾ ਪਾਸਾਰ ਹੋਵੇ. ਕਿਉਂਕਿ ਆਮ ਆਦਮੀ ਨੂੰ ਇਸ ਗੱਲ ਦੀ ਸਮਝ ਆ ਜਾਣ ਨਾਲ ਕਿ ਸਮਾਜਿਕ / ਸਭਿਆਚਾਰਕ / ਧਾਰਮਿਕ / ਰਾਜਨੀਤਕ ਅਦਾਰੇ ਕਿਸ ਤਰ੍ਹਾਂ ਕੰਮ ਕਰਦੇ ਹਨ ਅਤੇ ਇਨ੍ਹਾਂ ਦੀ ਦਿਸ਼ਾ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਅਦਾਰਿਆਂ ਉੱਤੇ ਕਾਬਿਜ਼ ਧਿਰਾਂ ਆਪਣੀ ਮਨ-ਮਰਜ਼ੀ ਨਹੀਂ ਕਰ ਸਕਣਗੀਆਂ. ਆਮ ਲੋਕਾਂ ਵਿੱਚ ਜਾਗਰਿਤੀ ਆ ਜਾਣ ਨਾਲ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਵੇਗੀ ਕਿ ਅਸੀਂ ਦਿਨ ਰਾਤ ਹੱਡ-ਭੰਨਵੀਂ ਮਿਹਨਤ ਕਰਦੇ ਹਾਂ ਪਰ ਫਿਰ ਵੀ ਸਾਡੇ ਬੱਚੇ ਭੁੱਖੇ ਹੀ ਕਿਉਂ ਸੌਂਦੇ ਹਨ ? ਫਿਰ ਵੀ ਅਸੀਂ ਕਰਜ਼ਿਆਂ ਦੇ ਭਾਰ ਥੱਲੇ ਹੀ ਕਿਉਂ ਦੱਬੇ ਰਹਿੰਦੇ ਹਾਂ? ਆਮ ਬੰਦੇ ਦੀ ਤ੍ਰਾਸਦੀ ਨਾਲ ਜੁੜੀਆਂ ਇਨ੍ਹਾਂ ਗੱਲਾਂ ਨੂੰ ਅਫ਼ਜ਼ਲ ਸਾਹਿਰ ਬੜੀ ਚੰਗੀ ਤਰ੍ਹਾਂ ਸਮਝਦਾ ਹੈ. ਇਸੇ ਲਈ ਹੀ ਇੱਕ ਚੇਤੰਨ ਸ਼ਾਇਰ ਹੋਣ ਵਜੋਂ ਉਹ ਆਪਣੀ ਸ਼ਾਇਰੀ ਵਿੱਚ ਇਨ੍ਹਾਂ ਵਿਚਾਰਾਂ ਨੂੰ ਬੜੀ ਦ੍ਰਿੜਤਾ ਅਤੇ ਸੰਜੀਦਗੀ ਨਾਲ ਪੇਸ਼ ਕਰਦਾ ਹੈ. ਉਹ ਮੁਸੀਬਤਾਂ ਦੇ ਮਾਰੇ ਅਤੇ ਅਨੇਕਾਂ ਤਰ੍ਹਾਂ ਦੇ ਅੱਤਿਆਚਾਰ ਸਹਿ ਰਹੇ ਆਮ ਬੰਦੇ ਦੇ ਨਾਲ ਖੜ੍ਹਦਾ ਹੈ ਨਾ ਕਿ ਚੋਰਾਂ ਜਾਂ ਲੁਟੇਰਿਆਂ ਦੇ ਨਾਲ. ਪੇਸ਼ ਹਨ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੀਆਂ ਅਫ਼ਜ਼ਲ ਸਾਹਿਰ ਦੀ ਸ਼ਾਇਰੀ ਵਿੱਚੋਂ ਕੁਝ ਉਦਾਹਰਣਾਂ :


1.


ਰੋਜ਼ ਦਿਹਾੜੇ, ਜੀਣਾ ਮਰਨਾ,


ਸਾਡੇ ਲੇਖੀਂ ਲਿਖਿਆ


ਵੇਲਾ ਕਿਹੜੀ ਟੋਰ ਟੁਰੀਂਦੈ,


ਇਹ ਨਾ ਸਾਨੂੰ ਦਿਖਿਆ


ਸਾਦ ਮੁਰਾਦੇ ਜੀਅ ਅਖਵਾਏ


ਬੇ ਲੱਜੇ, ਬੇ ਚੱਜੇ


ਸਾਈਂ !


ਅਸੀਂ ਇਸ ਜੀਵਨ ਤੋਂ ਰੱਜੇ


(ਇਸ ਜੀਵਨ ਤੋਂ ਰੱਜੇ)


2.


ਵੇਲੇ ਦੀ ਪਈ ਡੈਣ ਖਿਡਾਵੇ


ਚੁੱਕ ਅਸਾਨੂੰ ਕੁੱਛੇ


ਕਿਹੜਾ ਸਾਡਾ ਵਾਲੀ ਵਾਰਿਸ


ਕੌਣ ਅਸਾਨੂੰ ਪੁੱਛੇ


ਜਿਹੜੇ ਜ਼ਾਤੋਂ ਹੈਨ ਕੁਜ਼ਾਤੇ


ਉਹ ਸਿਰ ਚੜ੍ਹ ਕੇ ਗੱਜੇ


ਸਾਈਂ !


ਅਸੀਂ ਇਸ ਜੀਵਨ ਤੋਂ ਰੱਜੇ (ਇਸ ਜੀਵਨ ਤੋਂ ਰੱਜੇ)


3.


ਨਾ ਕੋਈ ਸੇਕ, ਨਾ ਠੰਢੀਆਂ ਹਾਵਾਂ


ਟੁਰੀਆਂ ਜਾਵਣ, ਰੁਕੀਆਂ ਸਾਹਵਾਂ


ਅੱਖੀਂ ਜੰਮੀਆਂ ਦਿਸ਼ਾ, ਦਿਸ਼ਾਵਾਂ


ਅੰਧ ਗ਼ੁਬਾਰ ਚ ਲੁਕੀਆਂ ਰਾਹਵਾਂ


ਰਾਹੀਂ ਬੈਠੇ ਚੋਰ


ਬਣ ਕੇ ਹੋਰ ਦੇ ਹੋਰ


4.


ਅਸੀਂ ਲੱਖਾਂ ਏਕੜ ਬੀਜੀਏ


ਸਾਡਾ ਫਿਰ ਵੀ ਮੰਦਾ ਹਾਲ


ਸਾਡੀ ਮੱਝੀਂ ਬਾਦੀ ਹੋ ਗਈ


ਸਾਡੇ ਵਿਚ ਭੜੋਲੇ ਕਾਲਸਾਡੇ ਵਿਹੜੇ ਸੁੰਨੇ ਹੋ ਗਏ


ਹਰ ਪਾਸੇ ਉਗਿਆ ਘਾਹ


ਸਾਈਂ !


ਸਾਡੀ ਉੱਜੜੀ ਝੋਕ ਵਸਾ


(ਉਜੜੀ ਝੋਕ ਵਸਾ)


*****
(ਲੇਖ ਦਾ ਤੀਜਾ ਭਾਗ ਪੜ੍ਹਨ ਲਈ ਹੇਠਲੀ ਪੋਸਟ ਵੇਖੋ ਜੀ
ਸ਼ੁਕਰੀਆ)

No comments: