ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, February 18, 2012

ਸੁਖਿੰਦਰ - ਅਫ਼ਜ਼ਲ ਸਾਹਿਰ ਦੀ ਸ਼ਾਇਰੀ – ਲੇਖ – ਭਾਗ ਪਹਿਲਾ

ਅਫ਼ਜ਼ਲ ਸਾਹਿਰ ਦੀ ਸ਼ਾਇਰੀ

ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ


ਲੇਖ ਭਾਗ - ਪਹਿਲਾ


( ਦੋਸਤੋ! ਮੈਂ ਇਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਸੁਖਿੰਦਰ ਜੀ ਵਾਕ ਖ਼ਤਮ ਹੋਣ 'ਤੇ ਡੰਡੀ ਦੀ ਜਗ੍ਹਾ ਬਿੰਦੀ ਦਾ ਇਸਤੇਮਾਲ ਕਰਦੇ ਨੇ, ਤੇ ਆਰਸੀ ਨੂੰ ਲਿਖਤਾਂ ਭੇਜਣ ਸਮੇਂ ਉਹ ਇਸ ਗੱਲ ਦਾ ਖ਼ਿਆਲ ਰੱਖਦੇ ਨੇ ਕਿ ਡੰਡੀ ਹੀ ਲਗਾਈ ਜਾਵੇ, ਪਰ ਐਤਕੀਂ ਸ਼ਾਇਦ ਉਹ ਵਿੱਸਰ ਗਏ ਤੇ ਡੰਡੀਆਂ ਦੀਆਂ ਜਗ੍ਹਾ ਬਿੰਦੀਆਂ ਹੀ ਲਗਾ ਗਏ ਨੇ...ਮੇਰੇ ਕੋਲ਼ ਏਨੀ ਐਡਿਟਿੰਗ ਲਈ ਵਕ਼ਤ ਨਹੀਂ ਹੈ...ਸੋ ਇਹ ਲੇਖ ਬਿੰਦੀਆਂ ਸਹਿਤ ਹੀ ਪੋਸਟ ਕਰ ਰਹੀ ਹਾਂ ਜੀ....ਅਦਬ ਸਹਿਤ...ਤਨਦੀਪ )
*******


ਅਫ਼ਜ਼ਲ ਸਾਹਿਰ ਪੰਜਾਬੀ ਦਾ ਇੱਕ ਨਿਵੇਕਲੀ ਕਿਸਮ ਦਾ ਸ਼ਾਇਰ ਹੈ. ਉਸ ਦੀ ਸ਼ਾਇਰੀ ਵਿੱਚ ਪਰਾ-ਆਧੁਨਿਕ ਸਮਿਆਂ ਦੀ ਚੇਤਨਾ ਨੂੰ ਪੁਰਾਤਨ ਕਾਵਿ ਰੂਪਾਂ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ. ਅਜਿਹੀ ਸ਼ਾਇਰੀ ਕਈ ਵਾਰੀ ਪੌਪ ਸੰਗੀਤ ਦਾ ਵੀ ਅਹਿਸਾਸ ਜਗਾਂਦੀ ਹੈ. ਪੰਜਾਬੀ ਦਾ ਪੌਪ ਗਾਇਕ ਸਤਿੰਦਰ ਸਰਤਾਜ ਕੁਝ ਅਜਿਹੀ ਕਿਸਮ ਦੀ ਹੀ ਸ਼ਾਇਰੀ ਆਪਣੀ ਗਾਇਕੀ ਵਿੱਚ, ਅੱਜ-ਕੱਲ੍ਹ, ਦੇਸ-ਵਿਦੇਸ਼ ਵਿੱਚ ਪੇਸ਼ ਕਰ ਰਿਹਾ ਹੈ. ਅਫ਼ਜ਼ਲ ਸਾਹਿਰ ਵੀ ਆਪਣੀ ਸ਼ਾਇਰੀ ਦੀ ਰਚਨਾ ਕਰਨ ਵੇਲੇ ਇਸ ਗੱਲ ਵੱਲੋਂ ਸੁਚੇਤ ਰਹਿੰਦਾ ਹੈ ਕਿ ਉਸ ਦੀ ਸ਼ਾਇਰੀ ਲੋਕ-ਗਾਇਕੀ ਦੇ ਬਹੁਤ ਨੇੜੇ ਰਹੇ. ਉਸ ਦੀ ਸ਼ਾਇਰੀ ਕਿੱਸਾ-ਕਾਵਿ ਅਤੇ ਸੂਫੀ ਸ਼ਾਇਰਾਂ ਵੱਲੋਂ ਰਚੀਆਂ ਗਈਆਂ ਕਾਫੀਆਂ ਦੀ ਕਾਵਿ-ਵਿਧੀ ਦੇ ਬਹੁਤ ਨੇੜੇ ਰਹਿੰਦੀ ਹੈ. ਅਜਿਹੀ ਸ਼ਾਇਰੀ ਨੂੰ ਮੰਚ ਦੀ ਸ਼ਾਇਰੀ ਵੀ ਕਿਹਾ ਜਾ ਸਕਦਾ ਹੈ. ਕਿਉਂਕਿ ਅਜਿਹੀ ਸ਼ਾਇਰੀ ਪੜ੍ਹਨ ਨਾਲੋਂ ਪੇਸ਼ਕਾਰੀ ਨਾਲ ਜ਼ਿਆਦਾ ਸਬੰਧ ਰੱਖਦੀ ਹੈ. ਅਜਿਹੀ ਸ਼ਾਇਰੀ ਪੂਰਨ ਤੌਰ ਉੱਤੇ ਨ ਤਾਂ ਪਾਠਕਲਈ ਹੀ ਹੁੰਦੀ ਹੈ ਅਤੇ ਨ ਹੀ ਸਰੋਤੇਲਈ ਹੀ. ਇਹ ਸ਼ਾਇਰੀ ਇੱਕ ਨਵੀਂ ਤਰ੍ਹਾਂ ਦੇ ਮਨੁੱਖ ਲਈ ਹੈ. ਜੋ ਕਿ ਨਵੀਂ ਚੇਤਨਾ ਨਾਲ ਵੀ ਜੁੜਨਾ ਚਾਹੁੰਦਾ ਹੈ ਅਤੇ ਸੰਗੀਤ ਦਾ ਵੀ ਆਨੰਦ ਮਾਨਣਾ ਚਾਹੁੰਦਾ ਹੈ. ਪੱਛਮੀ ਸ਼ਾਇਰੀ ਵਿੱਚ ਵੀ ਅਜਿਹੀ ਕਿਸਮ ਦੇ ਤਜਰਬੇ ਹੋ ਰਹੇ ਹਨ. ਜਿਨ੍ਹਾਂ ਨੂੰ ਹਿੱਪ ਹਾਪ’, ‘ਰੈਪਸੰਗੀਤ ਆਦਿ ਦੇ ਨਾਮ ਦਿੱਤੇ ਗਏ ਹਨ. ਕੁਝ ਲੋਕ ਅਫ਼ਜ਼ਲ ਸਾਹਿਰ ਵੱਲੋਂ ਵਰਤੀ ਗਈ ਕੁਝ ਵਿਸ਼ੇਸ਼ ਤਰ੍ਹਾਂ ਦੀ ਸ਼ਬਦਾਵਲੀ ਨੂੰ ਵੇਖ ਕੇ ਕਈ ਵਾਰੀ ਭੁਲੇਖਾ ਖਾ ਜਾਂਦੇ ਹਨ ਕਿ ਸ਼ਾਇਦ ਇਹ ਸ਼ਾਇਰੀ ਸ਼ਿਵ ਕੁਮਾਰ ਬਟਾਲਵੀ ਦੀ ਰੁਦਨ ਵਾਲੀ ਸ਼ਾਇਰੀ ਦੇ ਮੁਹਾਂਦਰੇ ਵਾਲੀ ਸ਼ਾਇਰੀ ਹੈ. ਨਿਰਸੰਦੇਹ, ਇਹ ਸ਼ਾਇਰੀ ਰੁਦਨ ਵਾਲੀ ਸ਼ਾਇਰੀ ਨਹੀਂ. ਇਹ ਸ਼ਾਇਰੀ ਪ੍ਰਗਤੀਵਾਦੀ ਮੁਹਾਂਦਰੇ ਵਾਲੀ ਸ਼ਾਇਰੀ ਹੈ. ਇਸ ਸ਼ਾਇਰੀ ਦਾ ਮੁਹਾਂਦਰਾ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਡਾ. ਜਗਤਾਰ ਜਾਂ ਸੁਰਜੀਤ ਪਾਤਰ ਦੀ ਸ਼ਾਇਰੀ ਵਰਗਾ ਹੀ ਹੈ.ਅਫ਼ਜ਼ਲ ਸਾਹਿਰ ਦੀ ਸ਼ਾਇਰੀ ਨੂੰ ਸਮਝਣ ਲਈ ਉਸ ਦੀਆਂ ਕਵਿਤਾਵਾਂ ਦੀ ਪਿੱਠ-ਭੂਮੀ ਦੇ ਤਹਿਖਾਨਿਆਂ ਵਿੱਚ ਉਤਰਨਾ ਪਵੇਗਾ ਅਤੇ ਇਹ ਸਮਝਣਾ ਪਵੇਗਾ ਕਿ ਜ਼ਿੰਦਗੀ ਦੀਆਂ ਉਹ ਕਿਹੜੀਆਂ ਹਕੀਕਤਾਂ ਹਨ ਜਿਨ੍ਹਾਂ ਨਾਲ ਉਹ ਖਹਿ ਕੇ ਲੰਘਿਆ. ਜ਼ਿੰਦਗੀ ਦੇ ਉਹ ਕਿਹੜੇ ਰਾਹ ਹਨ ਜਿਨ੍ਹਾਂ ਉੱਤੇ ਤੁਰ ਕੇ ਉਹ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਰਿਹਾ ਹੈ. ਸਾਡੇ ਸਮਿਆਂ ਦੀ ਇੱਕ ਹਕੀਕਤ ਹੈ: ਔਰਤ ਦੀ ਤ੍ਰਾਸਦੀ’. ਘਰ, ਪਰਿਵਾਰ, ਸਮਾਜ, ਸਭਿਆਚਾਰ, ਧਰਮ, ਰਾਜਨੀਤੀ - ਹਰ ਜਗਾਹ ਹੀ ਔਰਤ ਨਾਲ ਬੇਇਨਸਾਫ਼ੀ ਹੋ ਰਹੀ ਹੈ. ਉਸ ਦੀ ਹੋਂਦ ਨੂੰ ਦਰੜਿਆ ਜਾ ਰਿਹਾ ਹੈ. ਹਜ਼ਾਰਾਂ ਸਾਲਾਂ ਤੋਂ ਉਸ ਉੱਤੇ ਅੱਤਿਆਚਾਰ ਕੀਤੇ ਜਾ ਰਹੇ ਹਨ. ਇੱਥੋਂ ਤੱਕ ਕਿ ਸਾਡੇ ਅਨੇਕਾਂ ਚਰਚਿਤ ਕਵੀਆਂ ਨੇ ਵੀ ਔਰਤ ਨੂੰ ਦੁਰਕਾਰਿਆ. ਕਵੀ ਤੁਲਸੀ ਦਾਸ ਨੇ ਤਾਂ ਆਪਣੀ ਕਵਿਤਾ ਵਿੱਚ ਔਰਤ ਨੂੰ ਜਾਨਵਰ ਦੇ ਬਰਾਬਰ ਕਿਹਾ ਅਤੇ ਪੀਲੂ ਨੇ ਆਪਣੀ ਸ਼ਾਇਰੀ ਵਿੱਚ ਖੁਰੀ ਜਿਨ੍ਹਾਂ ਦੀ ਮੱਤਵਰਗੇ ਸ਼ਬਦਾਂ ਨਾਲ ਔਰਤ ਨੂੰ ਅਪਮਾਨਿਤ ਕੀਤਾ. ਇੱਥੋਂ ਤੱਕ ਕਿ ਵਾਰਿਸ ਸ਼ਾਹ ਨੇ ਵੀ ਆਪਣੀ ਸ਼ਾਇਰੀ ਵਿੱਚ ਕਈ ਥਾਵਾਂ ਉੱਤੇ ਔਰਤ ਦਾ ਨਿਰਾਦਰ ਕੀਤਾ. ਪਰ ਅਫ਼ਜ਼ਲ ਸਾਹਿਰ ਔਰਤ ਦੇ ਹੱਕ ਵਿੱਚ ਬੋਲਦਾ ਹੈ. ਉਸ ਨੂੰ ਔਰਤ ਦੀ ਤ੍ਰਾਸਦੀ ਦਾ ਅਹਿਸਾਸ ਹੈ. ਔਰਤ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਕਈ ਵਾਰੀ ਉਹ ਪ੍ਰਸਿੱਧ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਦੀ ਇੱਕ ਬਹੁ-ਚਰਚਿਤ ਗ਼ਜ਼ਲ ਦੀ ਵੀ ਯਾਦ ਤਾਜ਼ਾ ਕਰਵਾ ਦਿੰਦਾ ਹੈ. ਜਿਸ ਵਿੱਚ ਸਾਹਿਰ ਲੁਧਿਆਣਵੀ ਔਰਤ ਦੀ ਤ੍ਰਾਸਦੀ ਬਾਰੇ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਔਰਤ ਨੇ ਮਰਦਾਂ ਨੂੰ ਜਨਮ ਦਿੱਤਾ ਪਰ ਇਨ੍ਹਾਂ ਹੀ ਨਾ-ਸ਼ੁਕਰੇ ਮਰਦਾਂ ਨੇ ਔਰਤ ਦੀ ਹੋਂਦ ਨੂੰ ਮਿੱਟੀ ਵਿੱਚ ਮਿਲਾਣ ਲਈ ਹਰ ਕੋਝੇ ਤੋਂ ਕੋਝੇ ਯਤਨ ਕੀਤੇ. ਪੇਸ਼ ਹਨ ਔਰਤ ਦੀ ਤ੍ਰਾਸਦੀ ਵੱਲ ਧਿਆਨ ਦੁਆਂਦੀਆਂ ਅਫ਼ਜ਼ਲ ਸਾਹਿਰ ਦੀ ਕਵਿਤਾ ਜਿੰਦੇ ਨੀਵਿੱਚੋਂ ਕੁਝ ਉਦਾਹਰਣਾਂ :1.


ਜਿੰਦੇ ਨੀ ! ਕੀ ਖੇਡਾਂ ਹੋਈਆਂ


ਪਿਓ ਪੁੱਤਰਾਂ ਦੇ ਪੈਰੀਂ ਪੈ ਕੇ


ਮਾਵਾਂ ਧੀਆਂ ਰੋਈਆਂ


ਜਿੰਦੇ ਨੀ ! ਕੀ ਖੇਡਾਂ ਹੋਈਆਂ


2.


ਜਿੰਦੇ ਨੀ ! ਤੇਰੇ ਜੀਵਨ ਮਾਪੇ


ਆਪੇ ਹੱਥੀਂ ਡੋਲੀ ਚਾੜ੍ਹਨ


ਆਪੇ ਕਰਨ ਸਿਆਪੇ


ਜਿੰਦੇ ਨੀ ! ਤੇਰੇ ਜੀਵਨ ਮਾਪੇ


3.


ਜਿੰਦੇ ਨੀ ! ਕੀ ਹੋਣੀਆਂ ਹੋਈਆਂ


ਇਸ਼ਕੇ ਦੇ ਘਰ ਰਹਿ ਕੇ ਅੱਖੀਆਂ


ਨਾ ਹੱਸੀਆਂ ਨਾ ਰੋਈਆਂ


ਜਿੰਦੇ ਨੀ ! ਕੀ ਹੋਣੀਆਂ ਹੋਈਆਂ


ਅਫ਼ਜ਼ਲ ਸਾਹਿਰ ਆਪਣੀ ਨਜ਼ਮ ਜਿੰਦੇ ਨੀਵਿੱਚ ਔਰਤ ਦੀ ਤ੍ਰਾਸਦੀ ਨਾਲ ਸਬੰਧਤ ਔਰਤ ਦੀ ਜ਼ਿੰਦਗੀ ਦੇ ਤਿੰਨ ਪੱਖਾਂ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ: ਪਰਿਵਾਰ ਵਿੱਚ ਮਾਵਾਂ, ਧੀਆਂ ਨੂੰ ਪਤੀ ਅਤੇ ਪੁੱਤਰ ਦੋਵਾਂ ਦੀ ਹੀ ਦਹਿਸ਼ਤ ਦਾ ਸਾਹਮਣਾ ਕਰਨਾ ਪੈਂਦਾ ਹੈ; ਮਾਪੇ ਧੀਆਂ ਨੂੰ ਪਾਲ਼-ਪਲ਼ੋਸ ਕੇ ਜਵਾਨ ਕਰਦੇ ਹਨ ਪਰ ਧੀਆਂ ਵੱਲੋਂ ਮਾਪਿਆਂ ਦੀ ਮਰਜ਼ੀ ਬਿਨ੍ਹਾਂ ਕੋਈ ਕੰਮ ਕਰਨ ਉੱਤੇ ਇਹੀ ਮਾਪੇ ਉਨ੍ਹਾਂ ਦਾ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ; ਬੜੇ ਚਾਵਾਂ ਨਾਲ ਆਪਣੇ ਮਹਿਬੂਬ ਨਾਲ ਵਿਆਹ ਦੇ ਬੰਧਨਾਂ ਵਿੱਚ ਬੱਝ ਜਾਣ ਤੋਂ ਬਾਅਦ ਉਹੀ ਮਹਿਬੂਬ ਇਤਨਾ ਬਦਲ ਜਾਂਦਾ ਹੈ ਕਿ ਉਹ ਆਪਣੀ ਪਤਨੀ ਦੀ ਜ਼ਿੰਦਗੀ ਨਰਕ ਬਣਾ ਦਿੰਦਾ ਹੈ. ਅਜਿਹੇ ਨਰਕ ਵਿੱਚ ਫਸੀ ਪਤਨੀ ਇੱਕ ਅਜਿਹੀ ਸਥਿਤੀ ਵਿੱਚ ਫਸ ਜਾਂਦੀ ਹੈ ਜਿੱਥੋਂ ਮੁਕਤੀ ਪ੍ਰਾਪਤ ਕਰਕੇ ਨ ਤਾਂ ਉਹ ਸਹਿਜ ਨਾਲ ਜੀ ਸਕਦੀ ਹੈ ਅਤੇ ਨ ਹੀ ਕਿਸੀ ਅੱਗੇ ਅਜਿਹੀ ਜ਼ਿੰਦਗੀ ਦਾ ਦੁੱਖ ਹੀ ਰੋ ਸਕਦੀ ਹੈ.ਔਰਤ ਦੀ ਤ੍ਰਾਸਦੀ ਬਾਰੇ ਅਫ਼ਜ਼ਲ ਸਾਹਿਰ ਦੀਆਂ ਨਜ਼ਮਾਂ ਸੁਫ਼ਨੇ ਰਹਿ ਗਏ ਕੋਰੇਅਤੇ ਬੋਲੀ ਪੰਧ ਕਰੇਂਦੀ ਯਾਰਦੀਆਂ ਹੇਠ ਲਿਖੀਆਂ ਸਤਰਾਂ ਪਾਠਕ / ਸਰੋਤੇ ਦਾ ਉਚੇਚਾ ਧਿਆਨ ਖਿੱਚਦੀਆਂ ਹਨ. ਇਹ ਸਤਰਾਂ ਵੀ ਔਰਤ ਦੀ ਤ੍ਰਾਸਦੀ ਦੇ ਕੁਝ ਹੋਰ ਪੱਖਾਂ ਨੂੰ ਰੂਪਮਾਨ ਕਰਦੀਆਂ ਹਨ:


1.


ਅਸੀਂ ਸਈਆਂ ਨੈਣਾਂ ਵਾਲੀਆਂ


ਸਾਨੂੰ ਜੋਇਆ ਅੰਨ੍ਹੇ ਹਾਲੀਆਂ


ਮਨ ਖੋਭੇ ਸੱਧਰਾਂ ਗਾਲੀਆਂ


ਸਾਡਾ ਜੀਵਨ ਵਿੱਚ ਕੁਠਾਲੀਆਂ


ਖਸਮਾਂ ਦੀਆਂ ਅੱਗਾਂ ਬਾਲੀਆਂ


ਦਿਲ ਗੁੰਨ੍ਹੇ ਵਿੱਚ ਕੁਨਾਲੀਆਂਇਹ ਔਂਤਰ ਜਾਣੇ ਸਮੇਂ ਨੇ


ਸਾਹ ਬਰਫ਼ਾਂ ਵਾਂਗੂੰ ਖੋਰੇ


ਸਾਡੇ ਸੁਫ਼ਨੇ ਰਹਿ ਗਏ ਕੋਰੇ


2.


ਰੂਹ ਖਸਮਾਂ ਲਿਤਾੜੀ ਐਸੀ


ਧੀਆਂ ਦੇ ਦਿਮਾਗ਼ ਹਿੱਲ ਗਏਪੁੱਤ ਜਮੈ ਜੀ ਧੀਆਂ ਨੇ ਇਸੇ


ਝੱਲੀਆਂ ਦੀ ਥੁੜ ਨਾ ਰਹੀ


*****
(ਲੇਖ ਦਾ ਦੂਜਾ ਭਾਗ ਪੜ੍ਹਨ ਲਈ ਹੇਠਲੀ ਪੋਸਟ ਵੇਖੋ ਜੀ
ਸ਼ੁਕਰੀਆ)
No comments: