
ਕਹਾਣੀ
ਕੁੜੀ ਨੇ ਮੇਰੇ ਦੋਸਤ ਤੇ ਗੁਆਂਢੀ ਕਮਰੇ ਚ ਰਹਿੰਦੇ ਗੁਰਦੀਪ ਬੈਂਸ ਨੂੰ ਗਿਆਰਾਂ ਵਜੇ ਪੀ.ਜੀ.ਆਈ. ਗੇਟ ਦੇ ਸਾਹਮਣੇ ਮਿਲਣ ਦਾ ਇਕਰਾਰ ਕੀਤਾ ਸੀ। ਪਰ ਗੁਰਦੀਪ ਮੈਨੂੰ ਸਾਢੇ ਦਸ ਵਜੇ ਹੀ ਨਾਲ ਲੈ ਆਇਆ। ਮੈਂ ਕਿੱਥੇ ਆਉਂਦਾ ਸੀ। ਕਬਾਬ ਵਿੱਚ ਹੱਡੀ ਬਣਨਾ ਕਿਸਨੂੰ ਚੰਗਾ ਲਗਦਾ।ਨਾਲੇ ਆਪਣੀਆਂ ਅੱਖਾਂ ਮੂਹਰੇ ਝੁੱਡੂ ਦੋਸਤ ਆਸ਼ਕੀਆਂ ਕਰੇ, ਇਹ ਤਾਂ ਸਰਾਸਰ ਹਿੱਕ ਤੇ ਮੂੰਗ ਦਲ਼ਣ ਵਾਲੀ ਗੱਲ ਹੋਣੀ ਸੀ । ਉਧਰ ਪਹਿਲੀ ਵਾਰ ਕੋਠੇ ਜਿੱਡੀ ਕੁੜੀ ਦਾ ਸਾਹਮਣਾ ਕਰਨ ਦੀ ਸੋਚ ਕੇ ਹੀ ਗੁਰਦੀਪ ਦੇ ਪੈਰ ਹਿੱਲੇ ਪਏ ਸਨ। ਉਸਨੂੰ ਸਹਾਰੇ ਦੀ ਲੋੜ ਸੀ । ਮੈਨੂੰ ਬਹੁਤੀਆਂ ਕਿਤਾਬਾਂ ਪੜ੍ਹਦੇ ਨੂੰ ਦੇਖਕੇ ਉਸਨੇ ਮੈਨੂੰ ਬਹੁਤ ਸਿਆਣਾ ਸਮਝਿਆ ਹੋਣਾ । ਉਸਨੂੰ ਕੀ ਪਤਾ ਕੁੜੀ ਨਾਂ ਦੀ ਜਿਣਸ ਦੇਖਕੇ ਮੇਰਾ ਤਾਂ ਢਾਂਚਾ ਹੀ ਹਿੱਲਣ ਲਗਦਾ ਹੈ । ਪਰ ਉਸਨੇ ਇਕ ਇਕ ਤੇ ਦੋ ਗਿਆਰਾਂ ਦੀ ਰੱਟ ਲਾਈ। ਮੈਂ ਉਸਨੂੰ ਬਥੇਰਾ ਕਿਹਾ ਦੋਂਹ ਨੂੰ ਦੇਖਕੇ ਕੁੜੀ ਨੌਂ ਦੋ ਗਿਆਰਾਂ ਵੀ ਹੋ ਸਕਦੀ ਹੈ ਤੇ ਨਾਲੇ ਦੋ ਨਾਲ ਦਵੇਖ ਵੀ ਪੈਦਾ ਹੁੰਦਾ ਹੈ। ਪਰ ਉਸ ਦੇ ਕੰਨਾਂ ਤੇ ਜੂੰ ਨਾ ਸਰਕੀ, ਮੈਨੂੰ ਆਪਣੇ ਨਾਲ ਘਸੀਟ ਹੀ ਲਿਆਇਆ।
-----
ਉਹ ਪਿਛਲੀ ਸਾਰੀ ਰਾਤ ਸੁੱਤਾ ਨਹੀਂ ਸੀ। ਮਸਾਂ-ਮਸਾਂ ਇਕ ਜਿਉਂਦੀ ਜਾਗਦੀ ਟਿੱਪ ਟੌਪ ਕੁੜੀ ਉਸਦੇ ਅੜਿੱਕੇ ਆਈ ਸੀ, ਕਿੱਥੇ ਲੱਗਣੀਆਂ ਸੀ ਉਸਦੀਆਂ ਅੱਖਾਂ ਤੇ ਕਿੱਥੇ ਲੱਗਣੇ ਸਨ ਉਸਦੇ ਪੈਰ । ਇਸ ਪ੍ਰਾਪਤੀ ਲਈ ਉਹ ਕਿੰਨਾ ਜੂਝਦਾ ਤੇ ਤੜਪਦਾ ਰਿਹਾ ਸੀ । ਆਪ ਭਲਾ ਕੀ ਸੀ ਉਹ। ਅਜੇ ਛੇ ਮਹੀਨੇ ਪਹਿਲਾਂ: ਕਿੱਥੇ ਹੁਸ਼ਿਆਰਪੁਰ, ਫਿਰ ਹੋਰ ਪਰੇ ਟਾਂਡਾ ਉੜਮੁੜ, ਹੋਰ ਪਰੇ ਚਿੜੀ ਦੇ ਪਹੁੰਚੇ ਜਿੱਡਾ ਪਿੰਡ ਖਡਿਆਲਾ । ਧੁਰ ਉਤਰ ਦਿਸ਼ਾ ‘ਚੋਂ ਉਹ ਚੱਲ ਕੇ ਆਇਆ ਸੀ ਜਿਵੇਂ ਕਿਸੇ ਖੱਡ ਚੋਂ ਨਿਕਲਿਆ ਹੁੰਦਾ, ਕਪੜੇ ਝਾੜਦਾ । ਉਸਦੀਆਂ ਝੋਟੇ ਵਰਗੀਆਂ ਡਿਗੂੰ ਡਿਗੂੰ ਕਰਦੀਆਂ ਅੱਖਾਂ, ਤੌਲੇ ਜਿੱਡਾ ਸਿਰ, ਸਿਕੋੜੇ ਹੋਏ ਮੋਢੇ, ਲੋਹੇ ਵਰਗਾ ਰੰਗ ਤੇ ਫੁੱਲਿਆ ਹੋਇਆ ਸਰੀਰ ਇਕ ਉਜੱਡ ਪੇਂਡੂ ਦਾ ਹੁਲੀਆ ਸੀ । ਕੁੜੀਆਂ ਅਜਿਹੇ ਮੁੰਡਿਆਂ ਤੋਂ ਹਜ਼ਾਰ ਕੋਹ ਦੂਰ ਹੀ ਰਹਿੰਦੀਆਂ ਹਨ । ਫਿਰ ਲਿਆਕਤ ਦਾ ਨਮੂਨਾ ਦੇਖੋ: ਬੀ.ਏ ਵਿਚੋਂ ਸਿਵਾਏ ਪੰਜਾਬੀ ਦੇ ਹਰ ਸਬਜੈਕਟ ਚੋਂ ਪੈਂਤੀ ਪੈਂਤੀ ਪਰਸੈਂਟ ਨੰਬਰ । ਪੰਜਾਬੀ ਦੇ ਪੰਤਾਲੀ ਪਰਸੈਂਟ ਰੰਗ ਲਿਆਏ, ਉਸ ਨੂੰ ਯੂਨੀਵਰਸਿਟੀ ਪੰਜਾਬੀ ਐੱਮ.ਏ. ਵਿਚ ਦਾਖਲਾ ਮਿਲ ਗਿਆ ਤੇ ਉਹ ਚੰਡੀਗੜ੍ਹ ਦੀ ਰੁਮਾਂਚਕ ਦੁਨੀਆਂ ਵਿਚ ਠਿੱਲ੍ਹ ਪਿਆ ।
-----
ਹੌਲੀ-ਹੌਲੀ ਚੰਡੀਗੜ੍ਹ ਦੀ ਮਟਰ ਗਸ਼ਤੀ, ਹੋਸਟਲ ਦੇ ਖ਼ੁਸ਼ਕ ਰਾਜਮਾਂਹ ਤੇ ਸੁਆਹ ਵਾਲੀਆਂ ਰੋਟੀਆਂ ਨੇ ਉਸਦੀ ਕਾਇਆ ਚੋਂ ਸਾਰੀ ਮਮਿਆਈ ਖਿੱਚ ਲਈ। ਉਸਦਾ ਸਰੀਰ ਹੌਲਾ ਫੁੱਲ ਹੋ ਗਿਆ, ਮੌਰ ਸਿੱਧੇ ਹੋ ਗਏ, ਤੇ ਲੋਹਾ-ਰੰਗ ਫਿੱਕਾ ਪੈ ਗਿਆ । ਕੁੜੀਆਂ ਵਲੋਂ ਉਸਦਾ ਝਾਕਾ ਖੁੱਲਦ੍ਹਾ ਗਿਆ, ਉਸਨੂੰ ਗੱਲ ਕਰਨੀ ਤੇ ਬਣਾਉਣੀ ਆ ਗਈ । ਕੁੜੀਆਂ ਉਸ ਨਾਲ ਖੁੱਲ੍ਹਣ ਲੱਗ ਪਈਆਂ ਤੇ ਉਸ ਨਾਲ ਗੱਲ ਕਰਕੇ ਖ਼ੁਸ਼ ਹੁੰਦੀਆਂ । ਪਰ ਏਧਰ ਗੁਰਦੀਪ ਸਿੰਘ ਬੈਂਸ ਦੇ ਆਪਣੇ ਤੇਵਰ ਬਦਲਦੇ ਬਦਲਦੇ ਹੋਰ ਦੇ ਹੋਰ ਹੋ ਗਏ । ਹੁਣ ਪੰਜਾਬੀ ਵਿਭਾਗ ਦੀਆਂ ਕੁੜੀਆਂ ਉਸਨੂੰ ਗੰਵਾਰ, ਜਾਹਲ ਤੇ ਝੱਲ-ਵਲੱਲੀਆਂ ਲੱਗਣ ਲੱਗ ਪਈਆਂ। ਮੇਰੇ ਕੋਲ ਰੋਣੇ ਰੋਂਦਾ,"ਕੀ ਹੈ ਯਾਰ ਇਹ ਪੰਜਾਬੀ ਡਿਪਾਰਟਮੈਂਟ, ਨਿਰਾ ਭੈਣਾਂ ਭਰਾਵਾਂ ਦਾ ਮਹਿਕਮਾ । ਕਿਸੇ ਮੁੰਡੇ ਵੱਲ ਰੁਮਾਂਟਕ ਨਜ਼ਰਾਂ ਨਾਲ ਦੇਖਦੀਆ ਹੀ ਨਹੀਂ ਇਹ ਕੁੜੀਆਂ, ਬੱਸ ਰੱਖੜੀ ਬੰਨ੍ਹਣ ਨੂੰ ਕਰਦੀਆਂ ਰਹਿੰਦੀਆਂ। ਹੱਡਲ ਜਿਹੀਆਂ ਜੱਟੀਆਂ, ਜਿਵੇਂ ਕਪਾਹ ਚੁਗਦੀਆਂ ਯੂਨੀਵਰਸਿਟੀ ਵਿਚ ਆ ਵੜੀਆਂ । ਚੁੰਨੀ ਦੀ ਡੂਢੀ ਬੁੱਕਲ ਮਾਰ ਲੈਣਗੀਆਂ । ਇਨ੍ਹਾਂ ਲੱਸੀ-ਪੀਣੀਆਂ ਨੂੰ ਕੋਈ ਕਿੱਦਾਂ ਕਾਫ਼ੀ ਹਾਊਸ ਵਿੱਚ ਲਿਜਾਵੇ । ਕੋਈ ਗੱਲ ਏਧਰ ਉਧਰ ਦੀ ਹੋ ਜਾਵੇ ਤਾਂ ਕਹਿ ਦੇਣਗੀਆਂ ਆ ਤੈਨੂੰ ਦੱਸਾਂ, ਜਿਵੇਂ ਹੁਣੇ ਆਪਣੇ ਛੇ ਫੁੱਟੇ ਭਰਾ ਤੋਂ ਕੁਟਵਾ ਦੇਣਗੀਆਂ । ਪਤਾ ਨਹੀਂ ਕਿੱਥੋਂ ਦੁਰਾਹੇ ਗਿੱਦੜਵਾਹੇ ਦੇ ਕਾਲਜਾਂ ਤੋਂ ਪੜ੍ਹ ਕੇ ਆ ਧਮਕੀਆਂ ।"
-----
ਗੁਰਦੀਪ ਦੀ ਨਜ਼ਰ ਹੋਰ ਵਿਭਾਗਾਂ ਦੀਆਂ ਕੁੜੀਆਂ ਖ਼ਾਸ ਤੌਰ ਤੇ ਅੰਗਰੇਜ਼ੀ ਵਾਲੀਆਂ ਹੁਸੀਨਾਂ ਵੱਲ ਲੱਗੀਆਂ ਰਹਿੰਦੀਆਂ । ਪਰ ਉਧਰ ਇਹ ਮਜਾਜਣਾਂ ਪੰਜਾਬੀ ਦੇ "ਗਿਆਨੀ ਜਿਹੇ" ਮੰਡਿਆਂ ਤੇ ਨੱਕ ਹੀ ਨਾਂ ਰੱਖਦੀਆਂ । ਗੁਰਦੀਪ ਦੀ ਕਲਪਨਾ ਚ ਟੱਪ ਟੱਪ ਕਰਦੀ ਜੀਨਾਂ ਵਾਲੀ ਯੈਂਕਣ ਦੀ ਚਾਹਤ ਹਸਰਤ ਬਣ ਗਈ। ਮੈਂ ਉਸ ਨੂੰ ਕਹਿਣਾ ਪੰਜਾਬੀ ਛੱਡਕੇ ਕਿਸੇ ਹੋਰ ਡਿਪਾਰਟਮੈਂਟ ਚ ਦਾਖਲਾ ਲੈ ਲਾ ਪਰ ਉਸ ਨੇ ਖੀਂ-ਖੀਂ ਕਰ ਛੱਡਣਾ.... ਉਸਦੇ ਪੈਂਤੀ ਪੈਂਤੀ ਪਰਸੈਂਟ ਨੰਬਰ.... ਗੁਲਾਬੀ ਸਿਆਲ਼ ਆ ਰਿਹਾ ਸੀ ਤੇ ਗੁਰਦੀਪ ਨੂੰ ਕੁੜੀ ਦੇ ਸਾਥ ਦੀ ਹੋਰ ਵੀ ਤਲਬ ਹੋਣ ਲੱਗ ਪਈ। ਉਸਦੀ ਨਿਰਾਸ਼ਾ ਵਧ ਰਹੀ ਸੀ, ਉਹ ਉੱਖੜਿਆ ਉੱਖੜਿਆ ਰਹਿਣ ਲੱਗਾ ।ਕਮਰੇ ਚ ਆਉਂਦਿਆਂ ਹੀ ਕਿਤਾਬਾਂ ਸੁੱਟ ਦੇਂਦਾ ਤੇ ਬਿਸਤਰੇ ਤੇ ਢੇਰੀ ਹੋ ਜਾਂਦਾ । ਕੁਝ ਦਿਨਾਂ ਤੋਂ ਤਾਂ ਉਹ ਮੈਨੂੰ ਨਜ਼ਰ ਹੀ ਆਉਣੋਂ ਹਟ ਗਿਆ। ਮੈਨੂੰ ਫ਼ਿਕਰ ਹੋਣ ਲੱਗਾ ਕਿਤੇ ਲੇਕ ਤੇ..... ਪਰ ਅਚਾਨਕ ਕੱਲ੍ਹ ਰਾਤ ਉਹ ਪ੍ਰਗਟ ਹੋ ਗਿਆ । ਆਉਂਦਿਆਂ ਹੀ ਆਪਣੀ ਰਾਮ ਕਹਾਣੀ ਸੁਣਾਉਣ ਲੱਗ ਪਿਆ ।
-----
ਉਸਨੇ ਦੱਸਿਆ ਕਿ ਸਿਆਲ ਦੀ ਰੁੱਤ ਸ਼ੁਰੂ ਹੋ ਜਾਣ ਕਾਰਨ ਉਹ ਰਜਾਈ ਲੈਣ ਪਿੰਡ ਚਲੇ ਗਿਆ ਸੀ । ਕਿੰਨਾ ਬੂਝੜ ਸੀ ਉਹ, ਰਜਾਈ ਜਿਹੀ ਨਹਿਸ਼ ਚੀਜ਼ ਨੂੰ ਘਰੋਂ ਅੱਡੇ ਤੱਕ ਸਿਰ ਤੇ ਚੁੱਕੀ ਲਿਆਇਆ । ਫਿਰ ਟਾਂਡੇ ਵੱਲ ਜਾਂਦੇ ਤੂੜੇ ਹੋਏ ਟੈਂਪੂ ਦੇ ਡਾਲੇ ਉਤੇ ਉਹ ਇੱਕ ਲੱਤ ਭਾਰ ਖੜ੍ਹਾ ਹੋ ਗਿਆ । ਚੁੱਕੀ ਹੋਈ ਲੱਤ ਹੇਠਾਂ ਇਕ ਗਧੀਲਣ ਬੈਠੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੀ ਰਹੀ ਸੀ । ਉਸਨੇ ਰਜਾਈ ਨੂੰ ਟੱਪ ਤੇ ਧਰ ਕੇ ਘੁੱਟ ਕੇ ਫੜੀ ਰਖਿਆ। ਇਸ ਤਰਾਂ ਉਸਨੇ ਆਪਣਾ ਸੰਤੁਲਨ ਬਣਾਈ ਰੱਖਿਆ ਤੇ ਰਜਾਈ ਨੂੰ ਵੀ ਮਿੱਟੀ ਪਲੀਤ ਹੋਣ ਤੋਂ ਬਚਾਈ ਰਖਿਆ । ਟਾਂਡੇ ਤੋਂ ਲੁਧਿਆਣੇ ਤੱਕ ਉਸਨੂੰ ਜੋ ਬੱਸ ਮਿਲੀ ਉਸ ਵਿਚ ਤਿਲ਼ ਸੁੱਟਣ ਜੋਗੀ ਵੀ ਥਾਂ ਨਹੀਂ ਸੀ, ਅੱਧੀਆਂ ਸਵਾਰੀਆਂ ਤਾਂ ਖੜ੍ਹੀਆਂ ਸਨ । ਉਹ ਬੱਸ ਦੇ ਪਿਛਲੇ ਪਾਸੇ ਦਰਵਾਜ਼ੇ ਕੋਲ ਫਿੱਟ ਹੋ ਗਿਆ ਤੇ ਰਜਾਈ ਨੂੰ ਉਸਨੇ ਦੋਵੇਂ ਗੋਡਿਆਂ ਵਿਚਕਾਰ ਘੁੱਟ ਲਿਆ । ਰਾਹ ਵਿੱਚ ਜਿੰਨੀਆਂ ਸਵਾਰੀਆਂ ਉਤਰਦੀਆਂ, ਓਨੀਆਂ ਹੀ ਚੜ੍ਹ ਜਾਂਦੀਆਂ।
-----
ਏਸੇ ਮੁਦਰਾ ਵਿੱਚ ਉਹ ਲੁਧਿਆਣੇ ਤੱਕ ਖੜ੍ਹਾ ਹੀ ਰਿਹਾ । ਲੁਧਿਆਣੇ ਪਹੁੰਚਾ ਤਾਂ ਚੰਡੀਗੜ੍ਹ ਦੀ ਬੱਸ ਤਿਆਰ ਖੜ੍ਹੀ ਸੀ । ਉਸਨੇ ਰਜਾਈ ਨੂੰ ਬੱਸ ਦੇ ਇੰਜਣ ਉਤੇ ਟਿਕਾਇਆ ਤੇ ਇੱਕ ਦੋ ਜਣਿਆਂ ਵਾਲੀ ਖ਼ਾਲੀ ਸੀਟ ਤੇ ਬੈਠ ਕੇ ਰਜਾਈ ਤੋਂ ਮੁਕਤ ਹੋਈਆਂ ਲੱਤਾਂ ਦੇ ਸੁੱਖ ਨੂੰ ਮਾਨਣ ਲੱਗਾ। ਪਰ ਲੱਤਾਂ ਨੂੰ ਆਜ਼ਾਦ ਕਰਕੇ ਉਸਨੇ ਅੱਖਾਂ ਨੂੰ ਵਖ਼ਤ ਪਾ ਦਿੱਤਾ: ਰਜਾਈ ਦੀ ਲਗਾਤਾਰ ਨਜ਼ਰਸਾਨੀ ਨਿਹਾਇਤ ਜ਼ਰੂਰੀ ਸੀ।
ਰਜਾਈ ਦੇ ਮੰਦੇਭਾਗ, ਗੁਰਦੀਪ ਦੇ ਸੁਪਨਿਆਂ ਦੀ ਪਰੀ, ਇਕ ਹੁਸੀਨ ਕੁੜੀ ਉਸਦੇ ਨਾਲ ਵਾਲੀ ਸੀਟ ਤੇ ਆ ਬੈਠੀ। ਕੁੜੀ ਬੈਠਣ ਲੱਗੀ ਤਾਂ ਉਹ ਸੁੰਗੜ ਕੇ ਬਾਰੀ ਨਾਲ ਜਾ ਲੱਗਾ, ਪਤਾ ਨਹੀਂ ਕੁੜੀ ਤੋ ਸੰਗਦਾ ਜਾਂ ਉਸ ਲਈ ਖੁੱਲ੍ਹੀ ਜਗ੍ਹਾ ਛੱਡਦਾ। ਪਰ ਸਹਿਜੇ ਸਹਿਜੇ ਉਹ ਚੌੜਾ ਹੋਣਾ ਸ਼ੁਰੂ ਹੋ ਗਿਆ ਤੇ ਕੁੜੀ ਵੱਲ ਸਰਕਣ ਲੱਗਾ। ਕੁੜੀ ਗੁਰਦੀਪ ਵੱਲ ਦੇਖਕੇ ਕੁਝ ਮੁਸਕਾਈ ਤਾਂ ਗੁਰਦੀਪ ਨੇ ਇਕ ਹੱਥ ਅੱਗੇ ਕਰਕੇ 'ਹਜ਼ੂਰ' ਕਿਹਾ । ਕੁੜੀ ਨੂੰ ਉਸਦੀ ਇਹ ਹਰਕਤ ਦਿਲ ਦੀਆਂ ਡੂੰਘਾਣਾਂ ਤੱਕ ਹਲੂਣ ਗਈ, ਉਹ ਥੋੜਾ ਹੋਰ ਮੁਸਕਾਈ ਤਾਂ ਗੁਰਦੀਪ ਦੇ ਰੁਮਾਂਟਕ ਸਫ਼ਰ ਦਾ ਆਗ਼ਾਜ਼ ਹੋ ਗਿਆ । ਸ਼ਾਇਦ ਇਹ ਸਫ਼ਰ ਜ਼ਿੰਦਗੀ ਦਾ ਸਫ਼ਰ ਹੀ ਬਣ ਜਾਵੇ, ਗੁਰਦੀਪ ਲੰਬੀ ਸੋਚ ਗਿਆ ਤੇ ਉਸਦੀਆਂ ਅੱਖਾਂ ਰਜਾਈ ਵੱਲੋਂ ਬੇਵਫ਼ਾਈ ਕਰਕੇ ਕੁੜੀ ਦੇ ਵਜੂਦ ਵੱਲ ਟਿਕ ਗਈਆਂ । ਪਰ ਚਾਣਚੱਕ ਉਸ ਦੇ ਕੰਨਾਂ ਨੇ ਕੰਡਕਟਰ ਦੀ ਕੜ੍ਹਕਵੇਂ ਬੋਲ ਸੁਣੇ, " ਓਇ ਇਹ ਕੀਹਦਾ ਬਈ ਗੁੱਦੜ ਮਾਲ, ਚੁੱਕੋ ਏਥੋਂ ।" ਸਵਾਰੀਆਂ ਨੇ ਸਿਰ ਚੁੱਕੇ ਤੇ ਚਾਰੇ ਪਾਸੇ ਘੁਮਾਏ।
-----
ਗੁਰਦੀਪ ਚੌਂਕ ਉਠਿਆ, ਉਸ ਦੀ ਰਜਾਈ ਧਿਤਕਾਰ ਦਾ ਪਾਤਰ ਬਣੀ ਪਈ ਸੀ । ਘੋਰ ਸੰਕਟ ਦੀ ਘੜੀ ਸੀ: ਇਕ ਪਾਸੇ ਨੀਲੀ ਜੀਨ ਵਾਲੀ ਯੈਂਕਣ ਤੇ ਦੂਜੇ ਪਾਸੇ ਸੁਰਖ਼ ਚੰਦੇ ਵਾਲੀ ਰਜਾਈ । ਅੱਖਾਂ ਚ ਖੁਭਦੀਆਂ ਵੱਡੀਆਂ ਵੱਡੀਆਂ ਦਕੀਆਨੂਸੀ ਅੰਬੀਆਂ ਦੀ ਛਾਪ ਵਾਲਾ ਲਾਲ ਚੰਦਾ ਦੇਖਕੇ ਉਸਨੂੰ ਝੁਣਝੁਣੀ ਆਈ, ਉਹ ਕਿਵੇਂ ਇਸ ਗ਼ਲਾਜ਼ਤ ਨੂੰ ਏਨੀ ਦੂਰ ਚੁੱਕੀ ਲਿਆਇਆ ਸੀ। ਉਸ ਨੂੰ ਮਾਂ ਤੇ ਖਿਝ ਆਈ, ਰਜਾਈ ਤੇ ਗਿਲਾਫ਼ ਤਾਂ ਚੜ੍ਹਾ ਦਿੰਦੀ । ਫਿਰ ਆਪਣੇ ਆਪ ਵਿੱਚ ਕਲਪਿਆ, ਉਹ ਕਿਉਂ ਇਸ ਨੂੰ ਸਣ ਦੀ ਰੱਸੀ ਨਾਲ ਲਪੇਟ ਕੇ ਲੈ ਆਇਆ ਸੀ, ਉਸਨੂੰ ਕੋਈ ਬਿਸਤਰਾ-ਬੰਨ੍ਹ ਨਾ ਲੱਭਾ? ਕੀ ਸੋਚੇਗੀ ਇਹ ਕੁੜੀ, ਪਿੰਡ ਚੁੱਕੀ ਫਿਰਦਾ ਨਾਲ ਨਾਲ, ਲਾਹੌਰ ਦਾ ਸ਼ੌਕੀਨ ਤੇ ਬੋਝੇ ਚ ਗਾਜਰਾਂ । ਉਹ ਕਦੇ ਰਜਾਈ ਵੱਲ ਚੋਰ ਅੱਖੀਂ ਦੇਖਦਾ ਤੇ ਕਦੇ ਕੁੜੀ ਵੱਲ ।
------
ਟਿਕਟਾਂ ਕੱਟਕੇ ਮੁੜਦਾ ਕੰਡਕਟਰ ਉਵੇਂ ਪਈ ਰਜਾਈ ਦੇਖਕੇ ਫਿਰ ਗਰਜਿਆ, "ਆਹ ਹਿਲਾਈ ਨਹੀਂ ਕਿਸੇ ਨੇ ਆਪਣੀ ਜੁੱਲੀ? ਚੁੱਕੋ ਇਹਨੂੰ, ਛੱਤ ਤੇ ਚੜ੍ਹਾਓ ।" ਸਵਾਰੀਆਂ ਏਧਰ ਉਧਰ ਝਾਕਣ ਪਰ ਐਵੇਂ ਕੌਣ ਦਾਅਵੇਦਾਰ ਬਣਦਾ । ਗੁਰਦੀਪ ਦੇ ਅੰਦਰ ਚੜ੍ਹਨ ਲੱਥਣ ਲੱਗੀਆਂ । ਉਸਨੂੰ ਰਜਾਈ ਨਾਲ ਹੇਜ ਸੀ, ਆਖਰ ਉਸਦੀ ਆਪਣੀ ਰਜਾਈ ਸੀ, ਇਸਦੀ ਖਾਤਿਰ ਉਸਨੇ ਸਰੀਰ ਨੂੰ ਕਿੰਨਾ ਕਸ਼ਟ ਦਿੱਤਾ ਸੀ। ਪਰ ਵਕਤ ਦੀ ਆਪਣੀ ਨਜ਼ਾਕਤ ਸੀ । ਕਰੜਾ ਮਨ ਕਰਕੇ ਉਸਨੇ ਦੋ-ਟੁੱਕ ਫੈਸਲਾ ਕਰ ਲਿਆ, ਰਜਾਈ ਜਾਏ ਤਾਂ ਜਾਏ ਪਰ ਉਹ ਕੁੜੀ ਅੱਗੇ ਹੇਚ ਨਹੀਂ ਹੋਵੇਗਾ ਤੇ ਉਹ ਨਿਸਚਿੰਤ ਹੋ ਗਿਆ । ਚਿੰਤਾਂ ਚ ਡੁੱਬੀਆਂ ਸਵਾਰੀਆਂ ਨੇ ਕੰਡਕਟਰ ਨੂੰ ਕਿਹਾ ਕਿ ਸ਼ਾਇਦ ਕੋਈ ਭੁੱਲ ਕੇ ਛੱਡ ਗਿਆ ਹੋਵੇਗਾ । ਕੰਡਕਟਰ ਲੋਹਾ-ਲਾਖਾ ਹੋਇਆ ਪਿਆ ਸੀ । ਉਸਨੇ ਯਕਾਯਕ ਰਜਾਈ ਨੂੰ ਠੁੱਡ ਮਾਰਕੇ ਬੱਸ ਤੋਂ ਬਾਹਰ ਰੋੜ੍ਹ ਦਿੱਤਾ ਤੇ ਬੇਪਰਵਾਹੀ ਨਾਲ ਬੱਸ ਦੀ ਛੱਤ ਤੇ ਵਗਾਹ ਮਾਰਿਆ । ਗੁਰਦੀਪ ਤ੍ਰਭਕਿਆ ਪਰ ਉਸਦੀ ਜਾਨ ਵਿੱਚ ਜਾਨ ਆਈ । ਸੱਪ ਵੀ ਬਚ ਗਿਆ ਤੇ ਲਾਠੀ ਵੀ।
-----
ਰਜਾਈ ਕਰਕੇ ਉਸਦੀ ਕਿੰਨੀ ਸ਼ਰਮਸਾਰੀ ਹੋ ਸਕਦੀ ਸੀ । ਪਹਿਲ ਪਲੇਠੀ ਤਾਂ ਇਹ ਕੁੜੀ ਸੀ ਜੋ ਉਸਦੇ ਏਨੇ ਕਰੀਬ ਆਈ ਸੀ। ਡਰਾਈਵਰ ਆ ਗਿਆ ਤੇ ਬੱਸ ਚੱਲ ਪਈ। ਗੁਰਦੀਪ ਨੇ ਆਪਣੇ ਬੈਗ ਨੂੰ ਪੈਰਾਂ ਹੇਠਾਂ ਦੇ ਲਿਆ ਤੇ ਮਨ ਵਿੱਚ ਤਹੱਈਆ ਕੀਤਾ ਕਿ ਰਸਤੇ ਵਿੱਚ ਇਸਨੂੰ ਭੁੱਲਕੇ ਵੀ ਖੋਲ੍ਹਣਾ ਨਹੀਂ, ਕੁੜੀ ਕੀ ਦੇਖੇਗੀ ਪੰਜਾਬੀ ਦੀਆਂ ਕਿਤਾਬਾਂ ਰਿਸਾਲੇ । ਉਸਨੇ ਡੂੰਘਾ ਸਾਹ ਲਿਆ ਤੇ ਕੁੜੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਛੇੜ ਲਈਆ । "ਹਜ਼ੂਰ ਕਿਧਰ ਜਾ ਰਹੇ ਹੋ?" ਉਹ ਅਕਸਰ ਹੀ ਦੂਸਰਿਆਂ ਨੂੰ ‘ਹਜ਼ੂਰ’ ਨਾਲ ਹੀ ਸੰਬੋਧਿਤ ਹੁੰਦਾ ਸੀ । ਹਜ਼ੂਰ ਉਸਦਾ ਤਕੀਆ ਕਲਾਮ ਬਣ ਗਿਆ ਸੀ । ਕੁੜੀ ਗੁਦਗੁਦਾਈ, ੳਸਨੇ ਹਲਕੀ ਮੁਸਕਰਾਹਟ ਛੱਡੀ ਤੇ ਬੋਲੀ,"ਜੀ ਚੰਡੀਗੜ੍ਹ, ਤੇ ਜਨਾਬ ?" ਕੁੜੀ ਨੇ ਜਨਾਬ ਕਹਿ ਕੇ ਅਦਬ ਕਾਇਮ ਰੱਖਿਆ ।ਗੁਰਦੀਪ ਨੇ ਏਨੇ ਵਿੱਚ ਅਨੁਮਾਨ ਲਾ ਲਿਆ ਕਿ ਕੁੜੀ 'ਸ਼ੀਲ' ਹੈ । "ਹਜ਼ੂਰ ਦਾ ਕੀ ਸ਼ੁਗਲ ਹੈ ਉਥੇ ?" ਉਹ ਹਜ਼ੂਰ ਦਾ ਅਜੇ ਹੋਰ ਚੱਕਰ ਚਲਾਉਣਾ ਚਾਹੁੰਦਾ ਸੀ ।
-----
"ਚੰਡੀਗੜ੍ਹ ਤਾਂ ਮੈਂ ਵੈਸੇ ਆਪਣੇ ਅੰਕਲ ਕੋਲ ਚੱਲੀ ਹਾਂ, ਸਾਡਾ ਘਰ ਤਾਂ ਲੁਧਿਆਣੇ ਹੀ ਹੈ, ਮੈਂ ਉਥੇ ਮਾਸਟਰਜ਼ ਕਰ ਰਹੀ ਹਾਂ, ਤੇ ਜਨਾਬ?" ਕੁੜੀ ਦੀ ਦਿਲਚਸਪੀ ਤੇ ਅਦਬ ਬਰਾਬਰ ਸੀ। ਪਰ ਗੁਰਦੀਪ ਕੁਝ ਝੇਪ ਗਿਆ ਸੀ । ਉਹ ਲੁਧਿਆਣੇ ਸ਼ਹਿਰ ਦੀ ਤੇ ਮੈਂ ਟਾਂਡੇ ਦਾ ਵੀ ਨਹੀਂ । ਉਹ ਕੁਝ ਹੋਰ ਕਹਿਣ ਲੱਗਾ ਸੀ ਪਰ ਉਸਦੇ ਮੂੰਹੋਂ ਨਿਕਲ ਗਿਆ,"ਤੁਸੀਂ ਟਾਂਡਾ ਦੇਖਿਆ?"
........
"ਵ੍ਹਟ ਇਜ਼ ਦੈਟ?" ਕੁੜੀ ਨੇ ਹੈਰਾਨੀ ਪ੍ਰਗਟ ਕੀਤੀ । ਗੁਰਦੀਪ ਹੱਥ ਮਲ਼ਣ ਲੱਗਾ। ਕਿਥੇ ਟਾਂਡੇ ਦਾ ਪਟੌਟਾ ਛੇੜ ਬੈਠਾ, ਕੁੜੀ ਨੇ ਤਾਂ ਇਸ ਦਾ ਨਾਂ ਵੀ ਨਹੀਂ ਸੁਣਿਆ ।
.........
"ਇਹ ਪੰਜਾਬ ਦਾ ਇਕ ਟਊਨ ਹੈ, ਦਰਅਸਲ ਏਥੇ ਇਕ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ, ਮੈਂ ਵੀ ਅਜੀਤ ਅਖ਼ਬਾਰ ......." ਉਸਨੇ ਸ਼ੂਟਿੰਗ ਦੀ ਤਾਂ ਗੱਲ ਬਣਾਈ ਸੀ
ਪਰ ਉਸ ਕੋਲੋਂ ਪੰਜਾਬੀ ਦੀ ਅਖਬਾਰ ਪੜ੍ਹਦੇ ਹੋਣ ਦਾ ਪੋਲ ਖੁੱਲ੍ਹਣ ਲੱਗਾ ਸੀ ਕਿ ਉਸਦੇ ਦੰਦਾਂ ਨੇ ਜੀਭ ਘੁੱਟ ਲਈ। "ਮੇਰਾ ਮਤਲਬ ਮੈਂ ਟ੍ਰਿਬਿਊਨ ਵਿੱਚ ਪੜ੍ਹਿਆ ਸੀ।"
...........
"ਅੱਛਾ, ਕਿਹੜੀ ਫਿਲਮ ? ਮੈਂ ਤਾਂ ਪੜ੍ਹਿਆ ਨਹੀਂ ।" ਫਿਲਮਾਂ ਵਿੱਚ ਕੁੜੀਆਂ ਦੀ ਦਿਲਚਸਪੀ ਤਾਂ ਵਿਸ਼ਵ-ਵਿਆਪੀ ਤੱਥ ਹੈ । "ਛੱਡੋ ਜੀ, ਐਵੇਂ ਕੋਈ ਪੰਜਾਬੀ ਦੀ
ਮੂਵੀ ਹੋਵੇਗੀ, ਮੇਰੀ ਮਾੜੀ ਜਿਹੀ ਕਿਤੇ ਅਖ਼ਬਾਰ ਵਿੱਚ ਨਜ਼ਰ ਪੈ ਗਈ ।" ਉਸਦਾ ਮਨ ਪੰਜਾਬੀ ਪੰਜਾਬੀ ਵਿਚੋਂ ਨਿਕਲਦਾ ਨਹੀਂ ਸੀ ।ਹੁਣ ਉਸਦੇ ਅੰਦਰ ਇਕ ਕੁਤਕੁਤੀ ਸੀ, ਕਿਤੇ ਪੰਜਾਬੀ ਦੀ ਐੱਮ.ਏ. ਕਰਦੇ ਹੋਣ ਦੀ ਗੱਲ ਉਸਦੇ ਮੂੰਹੋਂ ਨਾ ਨਿਕਲ ਜਾਵੇ । ਇਹ ਸੁਣਕੇ ਤਾਂ ਉਹ ਜ਼ਰੂਰ ਬਾਰੀ ਤੋਂ ਬਾਹਰ ਹੀ ਦੇਖਣਾ ਸ਼ੁਰੂ ਕਰ ਦੇਵੇਗੀ । ਮਸੀਂ ਤਾਂ ਰਜਾਈ ਤੋਂ ਖਹਿੜਾ ਛਡਵਾਇਆ ਸੀ ਤੇ ਹੁਣ ਪੰਜਾਬੀ । ੳਸਨੂੰ ਲੱਗਾ ਰਜਾਈ ਤੇ ਪੰਜਾਬੀ ਦੀ ਐੱਮ.ਏ. ਵਿੱਚ ਕੋਈ ਅਜ਼ਲੀ ਸਾਂਝ ਹੈ। ਖ਼ੈਰ! ਉਸਨੇ ਗੱਲ ਨੂੰ ਵਲ਼ ਪਾ ਲਿਆ,"ਦਾਸ ਵੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਾਸਟਰਜ਼ ਹੀ ਕਰ ਰਿਹਾ ਹੈ । ਮੇਰੇ ਫਾਦਰ ਕੈਨੇਡਾ ਵਿੱਚ ਰਹਿੰਦੇ ਹਨ ਤੇ ਆਪਾਂ ਇਕ ਦਿਨ ਬਾਹਰ ਹੀ ਜਾਣਾ ਹੈ ।" ਇਸ ਵਿੱਚ ਕੋਈ ਝੂਠ ਨਹੀਂ, ਗੁਰਦੀਪ ਦਾ ਪਿਉ ਸਚਮੁਚ ਬਾਹਰ ਹੀ ਰਹਿੰਦਾ ਸੀ ।
............
ਪਰ ਐਸ ਵੇਲੇ ਉਸਨੇ ਕੈਨੇਡਾ ਦਾ ਪਟਾਖਾ ਗੱਲ ਦਾ ਸੰਭਾਵੀ ਰੁਖ਼ ਮੋੜਨ ਲਈ ਚਲਾਇਆ ਸੀ, ਕੁੜੀ ਕਿਤੇ ਇਹ ਨਾਂ ਪੁੱਛ ਲਵੇ, 'ਕਾਹਦੀ ਐਮ.ਏ. ਕਰਦੇ ਹੋ'। ਉਸਨੇ ਆਪਣੇ ਲਹਿਜੇ ਵਿੱਚ ਪਰਿਹਾਸ ਦੀ ਚੱਸ ਕਾਇਮ ਰੱਖੀ । ਉਸ ਨੇ ਸਿੱਖ ਲਿਆ ਸੀ ਕੁੜੀਆਂ ਨੂੰ ਪ੍ਰਭਾਵਤ ਕਰਨ ਲਈ ਚੁਸਤ ਤੇ ਮਜ਼ਾਕੀਆ ਗੱਲਾਂ ਦੇ ਬਾਣ ਅਸਰ ਕਰਦੇ ਹਨ । "ਵਾਓ ! ਰੀਅਲੀ ? ਦੈਟ ਇਜ਼ ਗਰੇਟ, ਤੁਸੀਂ ਬੜੇ ਲੱਕੀ ਹੋ। ਅਸੀਂ ਤਾਂ ਐਧਰ ਦੀ ਹੀ ਖਾਕ ਛਾਣਾਂਗੇ ।"
..........
ਗੁਰਦੀਪ ਨੂੰ ਲੱਗਾ ਉਸ ਦੇ ਤੁੱਕੇ ਮਾਰ ਕਰ ਰਹੇ ਹਨ । "ਤੁਹਾਡਾ ਵੀ ਫੌਰਨ ਜਾਣ ਦਾ ਮਨ ਹੈ?" ਉਹ ਕੁੜੀ ਨੂੰ ਆਪਣੀ ਲੀਹ ਤੇ ਲਿਆਉਣ ਲੱਗਾ।
..........
"ਕਦੇ ਸੋਚਿਆ ਨਹੀਂ ਪਰ ਜੇ ਚਾਂਸ ਬਣੇ ਤਾਂ ਕੌਣ ਫੌਰਨ ਨਹੀਂ ਜਾਣਾ ਚਾਹੇਗਾ।"
-----
ਸਮਰਾਲਾ ਆ ਗਿਆ ਸੀ । ਬੱਸ ਕੁਝ ਚਿਰ ਰੁਕੀ । ਜੁੰਬਿਸ਼ ‘ਚ ਆਇਆ ਗੁਰਦੀਪ ਉਤਰ ਕੇ ਦੋ ਕੋਲਡ ਡਰਿੰਕ ਫੜ ਲਿਆਇਆ । ਇਕ ਕੁੜੀ ਨੂੰ ਪੇਸ਼ ਕੀਤਾ ਜੋ ਉਸਨੇ ਬਿਨਾ ਝਿਜਕ 'ਥੈਂਕ ਯੂ, ਕਿਉਂ ਖੇਚਲ ਕਰਨੀ ਸੀ' ਕਹਿੰਦਿਆਂ ਸਵੀਕਾਰ ਕਰ ਲਿਆ। ਬੱਸ ਚੱਲ ਪਈ । ਗੱਲਾਂ ਕਦੇ ਵਧੇਰੇ ਹੀ ਨਿੱਜੀ ਪਰ ਫਿਰ ਅਚਾਨਕ ਬੜਾ ਹੀ ਓਪਰਾ ਰੁਖ਼ ਅਖ਼ਤਿਆਰ ਕਰ ਲੈਂਦੀਆਂ। ਗੁਰਦੀਪ ਵਿੱਚ ਵਿੱਚ ਖਹਿਸਰਬਾਜ਼ੀ ਦੀ ਕੋਸ਼ਿਸ਼ ਕਰਨ ਲਗਦਾ ਪਰ ਯਕਦਮ ਪਰੇ ਹੋ ਜਾਂਦਾ। ੳਸਨੇ ਨੇ ਕੁਝ ਫੜਾਂ ਵੀ ਸ਼ੁਰੂ ਕਰ ਦਿੱਤੀਆਂ । ਕੈਨੇਡਾ ਜਾ ਕੇ ਉਹ ਆਪਣੇ ਪਿਉ ਦਾ ਬਿਜ਼ਨਿਸ ਸੰਭਾਲੇਗਾ, ਦੁਨੀਆਂ ਭਰ ਦੀ ਸੈਰ ਕਰਨਾ ਉਸਦੀ ਇਕ ਵੱਡੀ ਤਮੰਨਾ ਹੈ, ਚੰਡੀਗੜ੍ਹ ਵਿੱਚ ਉਹ ਇਕ ਵੱਡੀ ਕੋਠੀ ਪਾਏਗਾ ।
-----
ਕੁੜੀ ਨੇ ਦੱਸਿਆ ਕਿ ਉਸ ਦੇ ਘਰ ਦਿਆਂ ਦਾ ਟਰਾਸਪੋਰਟ ਦਾ ਬਿਜ਼ਨਿਸ ਹੈ, ਉਹ ਆਪ ਪੱਤਰਕਾਰੀ ਦਾ ਕੋਰਸ ਕਰਕੇ ਪੱਤਰਕਾਰ ਬਣਨਾ ਚਾਹੁੰਦੀ ਹੈ । ਗੁਰਦੀਪ ਦੇ ਰਵੱਈਏ ਵਿੱਚ ਹੁਣ ਕੁਝ ਠਹਿਰਾਅ ਆ ਗਿਆ ਸੀ, ਕੁੜੀ ਨੂੰ ਗੱਲੀਂ ਲਾ ਕੇ ਕੁਝ ਕੁਝ ਉਸਨੂੰ ਆਕ੍ਰਸ਼ਤ ਕਰ ਲਿਆ ਸੀ। ਇਸਦਾ ਪਰਿਣਾਮ ਸੀ ਕਿ ਕੁੜੀ ਹੁਣ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰਨ ਲੱਗ ਪਈ ਸੀ। ਪਰ ਅਜੇ ਤੱਕ ਵੀ ਉਹ ਕੋਈ ਅਜਿਹੀ ਗੱਲ ਨਹੀਂ ਸੀ ਕਰ ਸਕਿਆ ਜਿਸ ਵਿੱਚ ਪਿਆਰ ਨਾਂ ਦੇ ਜਜ਼ਬੇ ਘੁਲੇ ਹੋਏ ਹੋਣ । ਰਜਾਈ, ਟਾਂਡਾ ਤੇ ਪੰਜਾਬੀ ਕਦਮ-ਕਦਮ ਤੇ ਉਸਦੀ ਪੇਸ਼ਕਦਮੀ ਨੂੰ ਤੁਣਕੇ ਮਾਰ ਰਹੇ ਸਨ ।
-----
ਚੰਡੀਗੜ੍ਹ ਦਾ ਬੱਸ ਅੱਡਾ ਆ ਗਿਆ ਸੀ । ਬੱਸ ਖੜੋਨ ਲੱਗੀ ਤਾਂ ਗੁਰਦੀਪ ਨੇ ਉਸਨੂੰ ਫਿਰ ਮਿਲਣ ਦੀ ਗੱਲ ਕੀਤੀ । ਕੁੜੀ ਨੂੰ ਕੋਈ ਲੈਣ ਵਾਲੇ ਬਾਹਰ ਆਏ ਹੋਏ ਸਨ । ਕਾਹਲੀ ਨਾਲ ਕੁੜੀ ਨੇ ਕਿਹਾ ਕਿ ਅਗਲੇ ਦਿਨ ਯੂਨੀਵਰਸਿਟੀ ਦੇ ਅੱਗੇ ਪੀ.ਜੀ.ਆਈ. ਵਾਲੇ ਗੇਟ ਕੋਲ ਸਵੇਰੇ ਗਿਆਰਾਂ ਵਜੇ ਉਹ ਉਸਨੂੰ ਮਿਲੇਗੀ । ਉਸ ਨੇ ਟਾਅ ਟਾਅ ਬਾਇ ਬਾਇ ਕੀਤੀ ਤੇ ਟਿੱਪ ਟਿੱਪ ਕਰਦੀ ਉਤਰ ਕੇ ਥਰੀ ਵ੍ਹੀਲਰ ਵਿੱਚ ਬੈਠ ਗਈ ।
-----
ਕੁੜੀ ਗਈ ਤਾਂ ਗੁਰਦੀਪ ਨੂੰ ਹੋਸ਼ ਆਈ, ਉਹ ਖ਼ਾਸ ਚੰਡੀਗੜ੍ਹ ਵਿੱਚ ਸੀ । ਉਹ ਪਰੇ ਰਿਕਸ਼ੇ ਵੱਲ ਵਧਣ ਲੱਗਾ ਕਿ ਉਸਨੂੰ ਰਜਾਈ ਚੇਤੇ ਆ ਗਈ ਜੋ ਕੰਡਕਟਰ ਦੀ ਮੇਹਰ ਸਦਕਾ ਬੱਸ ਦੀ ਛੱਤ ਉਪਰ ਚੜ੍ਹ ਗਈ ਸੀ। ਉਹ ਦਵਾ ਸੱਟ ਪੌੜੀਆਂ ਰਾਹੀਂ ਬੱਸ ਤੇ ਚੜ੍ਹਿਆ ਪਰ ਰਜਾਈ ਨੇ ਉਥੇ ਕਿੱਥੇ ਹੋਣਾ ਸੀ ।
-----
ਹੇਠਾਂ ਉਤਰ ਕੇ ਉਸਨੇ ਕੰਡਕਟਰ ਤੋਂ ਸੰਗਦਿਆਂ ਪੁਛਿਆ ਜੋ ਅਜੇ ਹੁਣੇ ਸਵਾਰੀਆਂ ਨਾਲ ਬਕਾਏ ਦਾ ਹਿਸਾਬ ਨਿਬੇੜ ਕੇ ਹਟਿਆ ਸੀ, "ਭਾਈ ਸਾਹਿਬ ਰਜਾਈ ਕਿੱਧਰ ਗਈ, ਉਪਰ ਤਾਂ ਹੈ ਨਹੀਂ ?" ਕੰਡਕਟਰ ਸ਼ਰਾਰਤੀ ਹਾਸਾ ਹੱਸਿਆ,"ਅੱਛਾ ਤਾਂ ਉਹ ਤੇਰੀ ਰਜਾਈ ਸੀ? ਉਦੋਂ ਤਾਂ ਬੜੀ ਮਸ਼ਟ ਮਾਰੀ ਹੋਈ ਸੀ ?" "ਤੂੰ ਮੇਰੀ ਰਜਾਈ ਦੱਸ ਕਿਧਰ ਗਈ, ਤੈਨੂੰ ਮੇਰੀ ਮਸ਼ਟ ਨਾਲ ਕੀ ?" ਗੁਰਦੀਪ ਬੌਖ਼ਲਾਇਆ ਪਿਆ ਸੀ । "ਰਜਾਈਆਂ ਏਥੇ ਕਿੱਥੇ ਰਹਿੰਦੀਆਂ ਐਡੀ ਹਵਾ ਵਿੱਚ, ਉੜ ਗਈ ਹੋਣੀ ਹੈ। ਛੱਤ ਉਪਰ ਰਜਾਈ ਨੂੰ ਭਾਰ ਪਾ ਕੇ ਰੱਖੀਦਾ, ਤਾਂ ਜਾ ਕੇ ਟਿਕਦੀ ਹੈ।" ਕਹਿੰਦਿਆ ਕੰਡਕਟਰ ਪੱਤਰਾ ਵਾਚ ਗਿਆ । ਗੁਰਦੀਪ ਨੂੰ ਰਜਾਈ ਖੁੱਸਣ ਦੀ ਕੋਈ ਬਹੁਤੀ ਨਮੋਸ਼ੀ ਨਹੀਂ ਹੋਈ । ਰਜਾਈ ਸੀ ਹੀ ਕੀ ਇਕ ਕੁੜੀ ਦੀ ਪ੍ਰਾਪਤੀ ਦੇ ਮੁਕਾਬਲੇ।
ਇਕ ਕੁੜੀ ਦੀ ਖਾਤਰ ਉਹ ਹਜ਼ਾਰ ਰਜਾਈਆਂ ਕੁਰਬਾਨ ਕਰ ਸਕਦਾ ਸੀ ।
-----
ਗੁਰਦੀਪ ਨੇ ਰਾਤੀਂ ਇਹ ਸਾਰੀ ਵਿਥਿਆ ਸੁਣਾਈ ਸੀ ਤੇ ਸਵੇਰੇ ਤਰਲੇ ਕਰਦਿਆਂ ਮੈਨੂੰ ਸਾਥ ਦੇਣ ਲਈ ਤਿਆਰ ਕਰ ਹੀ ਲਿਆ ।..........ਤੇ ਅਸੀਂ ਪੀ.ਜੀ.ਆਈ. ਤੇ ਯੂਨੀਵਰਸਿਟੀ ਦੇ ਵਿਚਕਾਰਲੀ ਸੜਕ ਤੇ ਕੁੜੀ ਦਾ ਇੰਤਜ਼ਾਰ ਕਰ ਰਹੇ ਸਾਂ। ਗਿਆਰਾਂ ਵੱਜ ਗਏ । ਗੁਰਦੀਪ ਦੀ ਬੇਚੈਨੀ ਸ਼ੁਰੂ ਹੋ ਗਈ।
-----
ਅਸੀਂ ਏਧਰ ਉਧਰ ਘੁੰਮਣ ਲੱਗੇ । ਸਵਾ ਗਿਆਰਾਂ ਵੱਜੇ, ਗੁਰਦੀਪ ਦੇ ਪੈਰ ਲੜਖੜਾਉਣ ਲੱਗੇ । ਮੈਂ ਉਸਨੂੰ ਸਿਧਾਂਤਕ ਦਿਲਾਸਾ ਦਿੱਤਾ ਕਿ ਇਹੋ ਜਿਹੇ ਮਾਮਲਿਆਂ ਵਿਚ ਵਕਤ ਦੀ ਪਾਬੰਦੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ । ਸਾਢੇ ਬਾਰਾਂ ਇਕ ਤੋਂ ਹੁੰਦੇ ਹੋਏ ਦੋ ਵੱਜ ਗਏ ਪਰ ਦੂਰ ਤੱਕ ਉਡੀਕੀ ਜਾ ਰਹੀ ਕੁੜੀ ਦਾ ਭੂਤ ਵੀ ਦਿਖਾਈ ਨਹੀਂ ਸੀ ਦਿੰਦਾ ।
------
ਗੁਰਦੀਪ ਡੁੰਨ-ਵੱਟਾ ਬਣਿਆ ਪਿਆ ਸੀ, ਨੀਵੀਂ ਪਾਈ ਬੂਟਾਂ ਨਾਲ ਸੜਕ ਤੋਂ ਮਿੱਟੀ ੳਚੇੜਦਾ। ਮੇਰੇ ਵੱਲ ਤਾਂ ਝਾਕ ਵੀ ਨਹੀਂ ਸੀ ਰਿਹਾ । ਨੇੜੇ ਹੀ ਪੀ.ਜੀ.ਆਈ. ਦੇ ਲੋਕਲ ਬੱਸ ਅੱਡੇ ਤੇ ਬੱਸ ਸਟੈਂਡ ਨੂੰ ਜਾਣ ਵਾਲੀ ਇਕ ਬੱਸ ਆਈ। ਗੁਰਦੀਪ ਉਧਰ ਨੂੰ ਦੌੜਿਆ । ਸੋਚਿਆ ਉਸ ਨੂੰ ਕੁੜੀ ਦਿਸੀ ਹੈ ।
.........
"ਕਿੱਧਰ ਜਾ ਰਿਹਾ ਏਂ ?" ਅਚੰਭਤ ਹੋਏ ਨੇ ਮੈਂ ਪੁੱਛਿਆ।
.........