ਔਕਾਤ ਕਹਾਣੀ
ਭਾਗ - ਦੂਜਾ
ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।
******
ਜਸਪਾਲ ਉਸ ਦੀ ਇਮਾਨਦਾਰੀ ਦੀਆਂ ਸਿਫ਼ਤਾਂ ਕਰਦਾ ਸੀ, ‘‘ਮੈਂ ਸਾਰੀ ਕੋਠੀ ਇਸ ਦੇ ਹਵਾਲੇ ਕੀਤੀ ਹੋਈ ਆ। ਤੈਨੂੰ ਪਤਾ ਹੀ ਆ ਕਿ ਮਿਸਿਜ਼ ਤੇ ਬੱਚੇ ਤਾਂ ਲੁਧਿਆਣੇ ਰਹਿੰਦੇ ਆ। ਮਿਸਿਜ਼ ਦੀ ਬਦਲੀ ਲਈ ਬਥੇਰੇ ਹੱਥ ਪੈਰ ਮਾਰੇ ਪਰ ਅਜੇ ਤਾਈਂ ਕੰਮ ਨ੍ਹੀਂ ਬਣਿਆ। ਮੈਂ ਇਹ ਕੋਠੀ ਵੀ ਇਸ ਕਰਕੇ ਖ਼ਰੀਦੀ ਸੀ ਕਿ ਸਾਰਾ ਪਰਿਵਾਰ ਇਕ ਥਾਂ ਹੋ ਜਾਏ। ਮੈਂ ਇਥੇ ਸਿਰਫ਼ ਦੋ ਤਿੰਨ ਦਿਨ ਰੁਕਦਾ ਆਂ। ਹਫਤੇ ਦਾ ਸਾਰਾ ਸਾਮਾਨ ਸੁੱਟਵਾ ਦਿੰਦਾ ਆਂ।’’ ਅਸੀਂ ਇਕ ਦਿਨ ਬੈਠੇ ਪੈੱਗ ਲਾ ਰਹੇ ਸੀ। ਦੋ ਕੁ ਪੈੱਗ ਲਾਏ ਸਨ। ਮੋਹਨੀ ਆਂਡਿਆਂ ਦੀ ਭੁਰਜੀ ਬਣਾ ਕੇ ਲਿਆਇਆ ਸੀ। ਜਸਪਾਲ ਨੇ ਕਿਹਾ ਸੀ, ‘‘ਅੱਜ ਤੈਨੂੰ ਪੈੱਗ ਨ੍ਹੀਂ ਮਿਲਣਾ।’’ ਮੋਹਨੀ ਨੇ ਕਿਹਾ ਸੀ, ‘‘ਸਰ ਜੀ, ਜਿੱਦਾਂ ਤੁਹਾਡੀ ਮਰਜ਼ੀ।’’ ਜਸਪਾਲ ਨੇ ਲੋਰ ’ਚ ਆਇਆਂ ਕਿਹਾ ਸੀ, ‘‘ਦੇਖ-ਮੈਂ ਤੇਰੇ ਬਾਰੇ ਕੀ ਸੋਚੀਂ ਬੈਠਾਂ। ਤੈਨੂੰ ਮੈਂ ਜਲਦੀ ਹੀ ਢੇਡ ਕੁ ਮਰਲੇ ਦਾ ਪਲਾਟ ਲੈ ਦੇਣਾ। ਦੋ ਕਮਰੇ ਵੀ ਬਣਾ ਕੇ ਦਊਂਗਾ। ਐਵੇਂ ਮੇਰੀ ਗੱਪ ਨਾ ਸਮਝੀਂ। ਮੈਂ ਰੱਜਿਆ ਪੁੱਜਿਆ ਸੁਨਿਆਰਾ ਆਂ। ਮੈਨੂੰ ਦੋਵੇਂ ਪੈਰ ਜੋੜ ਕੇ ਸਲੂਟ ਮਾਰ। ਮੈਨੂੰ ਵੱਡੇ ਲੋਕਾਂ ਦੀ ਚਮਚੀ ਮਾਰਨੀ ਪੈਂਦੀ ਆ। ਤੂੰ ਕੁਸ਼ ਲੈਣਾ ਆ ਤਾਂ ਮੇਰੀ ਚਮਚੀ ਮਾਰਿਆ ਕਰ। ਐਵੇਂ ਨ੍ਹੀਂ ਕੁਸ਼ ਮਿਲਦਾ ਹੁੰਦਾ।’’ ਜਿਵੇਂ ਜਸਪਾਲ ਨੇ ਕਿਹਾ ਸੀ, ਮੋਹਨੀ ਨੇ ਉਵੇਂ ਹੀ ਕੀਤਾ ਸੀ। ਹਫਤੇ ਕੁ ਬਾਅਦ ਮੈਂ ਜਸਪਾਲ ਨੂੰ ਉਸ ਦੇ ਕਹੇ ਦਾ ਯਾਦ ਕਰਵਾਇਆ ਸੀ। ਉਹ ਦੱਸਿਆ ਸੀ, ‘‘ਮੈਨੂੰ ਯਾਦ ਆ। ਅਜੇ ਤਾਂ ਇਸ ਕੋਠੀ ਦੀਆਂ ਕਿਸ਼ਤਾਂ ਸਾਹ ਨ੍ਹੀਂ ਲੈਣ ਦਿੰਦੀਆਂ। ਮੇਰੀ ਪੂਰੀ ਤਨਖਾਹ ਕਿਸ਼ਤ ’ਚ ਚਲੀ ਜਾਂਦੀ ਆ। ਮਿਸਿਜ਼ ਦੀ ਲੁਧਿਆਣੇ ਵਾਲੀ ਕੋਠੀ ’ਚ। ਘਰ-ਬਾਹਰ ਦਾ ਖ਼ਰਚ ਪਿੰਡ ਦੇ ਸਿਰ ’ਤੇ ਚਲਦਾ। ਇਹਨੂੰ ਕਈ ਵਾਰ ਗਾਜਰ ਦਿਖਾਉਣੀ ਪੈਂਦੀ ਐ।’’
ਇੱਕ ਦਿਨ ਰੋਟੀ ਦੇਣ ਆਏ ਮੋਹਨੀ ਨੂੰ ਮੈਂ ਛੇੜਿਆ ਸੀ, ‘‘ਤੇਰਾ ਬਾਬੂ ਤੈਨੂੰ ਕਦੋਂ ਪਲਾਟ ਲੈ ਕੇ ਦੇ ਰਿਹਾ?’’ ਉਸ ਢਿੱਲੇ ਜਿਹੇ ਮੂੰਹ ਨਾਲ ਕਿਹਾ ਸੀ, ‘‘ਬਾਬੂ ਦੀਆਂ ਬਾਬੂ ਹੀ ਜਾਣੇ। ਮੈਨੂੰ ਤਾਂ ਐਨਾ ਪਤਾ ਲੱਗਾ ਕਿ ਉਨ੍ਹਾਂ ਨੇ ਇੱਥੋਂ ਦੇ ਇਕ ਕਲਬ ਦੀ ਮੈਂਬਰਸ਼ਿਪ ਲੈਣ ਲਈ ਦੋ ਲੱਖ ਰੁਪਈਆ ਖ਼ਰਚਿਆ। ਲਾਇੰਜ਼ ਕਲਬ ਨੂੰ ਲੱਖ ਦਿੱਤਾ।’’ ਕੁਝ ਚਿਰ ਉਹ ਨੀਵੀਂ ਪਾ ਕੇ ਖੜ੍ਹਾ ਰਿਹਾ ਸੀ। ਫੇਰ ਉਸ ਕੁਝ ਕੁ ਹੌਂਸਲੇ ਨਾਲ ਕਿਹਾ ਸੀ, ‘‘ਬਾਬੂ ਜੀ, ਤੁਹਾਡੀ ਬਹੁਤ ਮੰਨਦੇ ਆ। ਤੁਸੀਂ ਹੀ ਮੇਰੀ ਸਿਫਾਰਸ਼ ਕਰ ਦਿਉ। ਬੱਚੇ ਵੱਡੇ ਹੋ ਗਏ ਆ। ਮੈਨੂੰ ਸਿਰ ਢੱਕਣ ਲਈ ਜਗ੍ਹਾ ਮਿਲ ਜਾਊ।’’
ਮਹੀਨੇ ’ਚ ਮੈਂ ਇਥੇ ਅੱਠ-ਨੌਂ ਦਿਨ ਰੁਕਦਾ ਹਾਂ। ਦਸ ਪੰਦਰਾਂ ਦਿਨਾਂ ਬਾਅਦ ਮੋਹਨੀ ਨੂੰ ਪੰਜਾਹ-ਸੌ ਦੇ ਦਿੰਦਾ ਹਾਂ। ਮੈਨੂੰ ਲੱਗਦਾ ਹੈ ਕਿ ਉਹ ਐਨੇ ਨਾਲ ਹੀ ਖ਼ੁਸ਼ ਹੋ ਜਾਂਦਾ ਹੈ। ਮੇਰੇ ਆਉਂਦਿਆਂ ਨੂੰ ਮੇਰਾ ਕੁੜਤਾ-ਪਜਾਮਾ ਤੇ ਤੌਲੀਆ ਧੋਤੇ ਹੋਏ ਮਿਲਦੇ ਹਨ। ਕਮਰਾ ਸਾਫ਼-ਸੁਥਰਾ ਹੁੰਦਾ ਹੈ। ਜੇ ਮੈਂ ਕਦੇ ਪੈਸੇ ਦੇਣ ਦੀ ਘੇਸਲ਼ ਮਾਰ ਜਾਂਦਾ ਹਾਂ ਤਾਂ ਉਹ ਮੈਨੂੰ ਯਾਦ ਕਰਵਾ ਦਿੰਦਾ ਹੈ, ‘‘ਸਾਹਿਬ ਜੀ, ਅੱਜ ਘੁੱਟ ਪੀਣ ਨੂੰ ਮਨ ਕਰਦਾ।’’ ਜਾਂ ‘‘ਮੈਨੂੰ ਪੰਜਾਹ ਦਾ ਨੋਟ ਦਿਉਗੇ। ਬਾਬੂ ਜੀ ਦੇ ਆਉਣ ਤੇ ਦੇ ਦੇਵਾਂਗਾ।’’ ਕਦੇ ਕਦੇ ਮੈਂ ਉਸਨੂੰ ਪੈੱਗ ਵੀ ਦੇ ਦਿੰਦਾ ਸੀ। ਖ਼ਾਸ ਕਰਕੇ ਉਦੋਂ ਜਦੋਂ ਉਸ ਦੀ ਬਣਾਈ ਸਬਜ਼ੀ ਕਮਾਲ ਦੀ ਹੁੰਦੀ ਸੀ। ਉਹ ਹਲਵਾ ਕੱਦੂ ਖੱਟ-ਮਿੱਠਾ ਬਣਾਉਂਦਾ ਹੈ। ਮਿੱਠਾ ਜ਼ਿਆਦਾ। ਖੱਟਾ ਘੱਟ। ਸਾਗ ਮਲਾਈ ਵਰਗਾ ਬਣਾਉਂਦਾ ਹੈ। ਮੈਂ ਖਾਂਦਾ-ਖਾਂਦਾ ਬਾਗ਼ੋਬਾਗ਼ ਹੋ ਜਾਂਦਾ ਸੀ। ਉਹਦੀਆਂ ਵਾਰ-ਵਾਰ ਸਿਫ਼ਤਾਂ ਕਰਦਾ ਸੀ। ਜ਼ਿਆਦਾ ਹੀ ਖ਼ੁਸ਼ ਹੋ ਜਾਂਦਾ ਸੀ ਤਾਂ ਇਕ ਦੀ ਥਾਂ ਤਿੰਨ ਪੈੱਗ ਵੀ ਪਿਲਾ ਦਿੰਦਾ ਸੀ। ਉਹ ਵੀ ਆਪਣੇ ਬੈੱਡ ’ਤੇ ਬਿਠਾ ਕੇ। ਉਹ ਮੇਰੇ ਅੱਗੇ ਸਿਰ ਉੱਚਾ ਨਹੀਂ ਕਰਦਾ ਸੀ। ਨੀਵੀਂ ਪਾਈ ਹੀ ਕਿਸੇ ਗੱਲ ਦਾ ਜਵਾਬ ਦਿੰਦਾ ਸੀ। ਬਹੁਤ ਹੀ ਘੱਟ ਸ਼ਬਦਾਂ ’ਚ। ਜਿੰਨਾ ਕੁ ਪੁੱਛਦਾ, ਉਸ ਤੋਂ ਅੱਧਾ ਕੁ ਜਵਾਬ ਦਿੰਦਾ ਸੀ। ਖ਼ਾਸ ਕਰਕੇ ਉਦੋਂ ਜਦੋਂ ਉਸ ਪੈ¤ਗ ਲਾਇਆ ਹੁੰਦਾ ਸੀ ਜਾਂ ਮੈਂ ਲੁਆਇਆ ਹੁੰਦਾ ਸੀ। ਇਕ ਦਿਨ ਉਹ ਬਹੁਤ ਉਦਾਸ ਜਿਹਾ ਲੱਗਾ। ਮੈਂ ਉਸ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਸੀ। ਉਸ ਦੱਸਣਾ ਸ਼ੁਰੂ ਕੀਤਾ ਸੀ, ‘‘ਮੇਰਾ ਸਾਈਕਲ ਚੋਰੀ ਹੋ ਗਿਆ। ਮੈਂ ਬਾਹਰ ਲੌਕ ਲਾ ਕੇ ਰੱਖਿਆ ਸੀ। ਪਤਾ ਨ੍ਹੀਂ ਚੋਰ ਕਿਵੇਂ ਲੈ ਗਿਆ।’’ ਮੈਂ ਉਸਨੂੰ ਘੂਰਿਆ ਸੀ, ‘‘ਤੂੰ ਅੰਦਰ ਕਿਉਂ ਨ੍ਹੀਂ ਰੱਖਿਆ?’’ ਉਸ ਦੱਸਿਆ, ‘‘ਬਾਬੂ ਜੀ-ਅੰਦਰ ਨ੍ਹੀਂ ਰੱਖਣ ਦਿੰਦੇ। ਕਹਿੰਦੇ-ਅੰਦਰ ਰੱਖ ਕੇ ਗੰਦ ਪਾਉਣਾ। ਚਲੋ-ਸਾਈਕਲ ਤਾਂ ਮੈਂ ਔਖਾ ਸੌਖਾ ਹੋ ਕੇ ਲੈ ਹੀ ਲਵਾਂਗਾ। ਛੋਟੀ ਸਾਲੀ ਦਾ ਵਿਆਹ ਆ ਗਿਆ। ਦਸ ਹਜ਼ਾਰ ਦਾ ਖ਼ਰਚਾ। ਉਪਰੋਂ ਬੱਚਿਆਂ ਦੀ ਫੀਸ। ਮੈਂ ਇਕੱਲੀ ਜਾਨ। ਕੀ ਕਰਾਂ।’’ ਮੈਂ ਕਿਹਾ ਸੀ, ‘‘ਪ੍ਰੋਫੈਸਰ ਸਾਹਿਬ ਕੋਲੋਂ ਅਡਵਾਂਸ ਫੜ ਲੈ।’’ ਉਸ ਰੋਣੀ ਜਿਹੀ ਸੂਰਤ ਬਣਾ ਕੇ ਦੱਸਿਆ ਸੀ, ‘‘ਉਨ੍ਹਾਂ ਕੋਲੋਂ ਤਾਂ ਪਹਿਲਾਂ ਹੀ ਲੈ ਚੁੱਕਾਂ। ਹੁਣ ਜੇ ਤੁਸੀਂ ਮੇਰੀ ਬਾਂਹ ਫੜ ਲਓ ਤਾਂ ਮੇਰਾ ਸਾਹ ਕੁਸ਼ ਕੁ ਸੌਖਾ ਹੋ ਜਾਏਗਾ।’’ ਮੈਂ ਪੁੱਛਿਆ ਸੀ, ‘‘ਕਿੰਨੇ ਕੁ ਨਾਲ ਸਰੂ?’’ ਉਸ ਵਾਰ-ਵਾਰ ਇਹੀ ਕਿਹਾ ਸੀ ਕਿ ਆਪਣੀ ਸਮਰੱਥਾ ਅਨੁਸਾਰ ਦੇ ਦਿਉ। ਮੈਂ ਉਸਨੂੰ ਹੌਸਲਾ ਦਿੱਤਾ। ਉਹ ਚਲਾ ਗਿਆ। ਮੈਂ ਇਸ ਸੰਬੰਧੀ ਜਸਪਾਲ ਨਾਲ ਗੱਲ ਕਰਨੀ ਚਾਹੁੰਦਾ ਸੀ। ਮੈਨੂੰ ਪਤਾ ਸੀ ਕਿ ਉਹ ਨੌਕਰ ’ਤੇ ਬਹੁਤਾ ਵਿਸ਼ਵਾਸ ਨਹੀਂ ਕਰਦਾ ਹੈ। ਇਕ ਦਿਨ ਉਸ ਕਿਹਾ ਸੀ, ‘‘ਅੱਜ ਕਲ੍ਹ ਦੇ ਨੌਕਰ ਈਮੋਸ਼ਨਲੀ ਬਲੈਕਮੇਲ ਕਰਦੇ ਆ। ਮੈਂ ਆਪ ਇਹਨੂੰ ਕਰਦਾ ਆਂ। ਕਦੇ ਇਹਨੂੰ ਬੱਚਿਆਂ ਵਾਂਗ ਰੱਖਣਾ ਪੈਂਦਾ ਆ। ਕਦੇ ਜਨਾਨੀ ਵਾਂਗ। ਚੰਗੇ ਨੌਕਰ ਮਿਲਦੇ ਨ੍ਹੀਂ। ਕਈ ਵਾਰ ਮਾੜੇ ਨਾਲ ਕੰਮ ਚਲਾਉਣਾ ਪੈਂਦਾ। ਮੈਂ ਹਮੇਸ਼ਾ ਪਰਿਵਾਰ ਵਾਲੇ ਬੰਦੇ ਨੂੰ ਹੀ ਨੌਕਰ ਰੱਖਦਾ ਆਂ। ਉਹ ਗ਼ਲਤੀ ਕਰਨ ਲਗਾ ਸੌ ਵਾਰ ਸੋਚਦਾ ਆ।’’
ਮੈਨੂੰ ਹਜਾਰੂ ਯਾਦ ਆਇਆ ਸੀ। ਹਜਾਰੂ ਬਾਰੇ ਮੈਨੂੰ ਮੇਰੇ ਚਾਚਾ ਜੀ ਨੇ ਦੱਸਿਆ ਸੀ। ਵੋਟਰ ਸੂਚੀ ’ਚ ਉਸ ਦਾ ਨਾਂ ਹਜਾਰੀ ਚੰਦ ਸਪੁੱਤਰ ਬਿਹਾਰੀ ਚੰਦ ਦਰਜ ਸੀ। ਘਰ ਤੇ ਬਾਹਰ ਉਸ ਨੂੰ ਹਜਾਰੂ ਕਹਿ ਕੇ ਬੁਲਾਇਆ ਜਾਂਦਾ ਸੀ। ਲੰਬੜਦਾਰ ਜਗੀਰ ਸਿੰਘ ਆਪਣੇ ਪਿਉ ਦੇ ਅਸਤ ਪਾਉਣ ਹਰਿਦੁਆਰ ਗਿਆ ਸੀ। ਵਾਪਸ ਮੁੜਿਆ ਤਾਂ ਉਸ ਦੇ ਨਾਲ ਲਵੀ ਜਿਹੀ ਉਮਰ ਦਾ ਮੁੰਡਾ ਸੀ। ਲੰਬੜਦਾਰ ਨੂੰ ਹਰ ਕੀ ਪੌੜੀ ’ਤੇ ਮਿਲਿਆ ਸੀ। ਲੰਬੜਦਾਰ ਮਹਾ ਗਾਲੜੀ ਸੀ। ਗੱਲਾਂ ’ਚ ਭਰਮਾ ਕੇ ਨਾਲ ਲੈ ਆਇਆ ਸੀ। ਆਉਣ ਸਾਰ ਹੀ ਉਹਨੂੰ ਬਕਰੀਆਂ ਦੇ ਵੱਗ ਮਗਰ ਤੋਰ ਦਿੱਤਾ ਸੀ, ‘‘ਲੈ ਬਈ ਬੱਲਿਆ, ਤੇਰੀ ਨੌਕਰੀ ਸ਼ੁਰੂ।’’ ਹਜਾਰੂ ਦੇ ਸੱਜੇ ਮੋਢੇ ’ਤੇ ਢਾਂਗੀ ਟਿਕਾ ਕੇ ਸਮਝਾਇਆ ਸੀ, ‘‘ਇਹ ਤੇਰੇ ਬੜੀ ਕੰਮ ਆਉੂਗੀ।’’ ਕੁਝ ਚਿਰ ਤਾਂ ਹਜਾਰੂ ਦਾ ਮਨ ਨਹੀਂ ਲੱਗਾ ਸੀ। ਪਰ ਹੌਲ਼ੀ-ਹੌਲ਼ੀ ਉਸ ਆਪਣੀ ਹੋਣੀ ਨਾਲ ਇਕ ਤਰ੍ਹਾਂ ਨਾਲ ਸਮਝੌਤਾ ਹੀ ਕਰ ਲਿਆ ਸੀ।
ਮਹਾਮਾਰੀ ਫ਼ੈਲੀ ਸੀ। ਦਿਨਾਂ ’ਚ ਹੀ ਵੱਗ ’ਚੋਂ ਚਾਰ ਬੱਕਰੀਆਂ ਬਚੀਆਂ ਸਨ। ਲੰਬੜਦਾਰ ਦੀ ਜ਼ਮੀਨ ਨਾ-ਮਾਤਰ ਸੀ। ਘਰ ’ਚ ਰੋਟੀ ਦੇ ਲਾਲੇ ਪੈ ਗਏ ਸਨ। ਲੰਬੜਦਾਰ ਨੇ ਜ਼ਮੀਨ ਆੜਤੀਏ ਕੋਲ ਗਹਿਣੇ ਰੱਖ ਦਿੱਤੀ ਸੀ। ਪੈਸੇ ਜੇਬ ’ਚ ਪਾ ਕੇ ਸਿੰਘਾਪੁਰ ਨੂੰ ਕਮਾਈ ਕਰਨ ਚਲਾ ਗਿਆ ਸੀ। ਜਾਣ ਤੋਂ ਪਹਿਲਾਂ ਉਸ ਹਜਾਰੂ ਨੂੰ ਕਿਹਾ ਸੀ, ‘‘ਲੈ ਬਈ ਰੱਬ ਦਿਆ ਬੰਦਿਆ-ਤੇਰਾ ਮੇਰਾ ਐਨਾ ਕੁ ਸੰਬੰਧ ਸੀ। ਤੂੰ ਨੌਕਰ ਆਂ। ਕਿਸੇ ਨਾਲ ਵੀ ਰਲ਼ ਜਾ।’’ ਹਜਾਰੂ ਦੀਆਂ ਅੱਖਾਂ ਭਰ ਆਈਆਂ ਸਨ। ਲੰਬੜਦਾਰਨੀ ਨੇ ਕਿਹਾ ਸੀ, ‘‘ਜਿਥੇ ਬਾਕੀ ਦੇ ਜੀਅ ਰੋਟੀ ਖਾਂਦੇ ਆ-ਉੱਥੇ ਇਹ ਵੀ ਖਾਈ ਜਾਉੂ।’’
ਲੰਬੜਦਾਰ ਜਿਉਂ ਗਿਆ-ਮੁੜ ਕੇ ਉਸ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ ਸੀ। ਫੇਰ ਘਰ ਨੂੰ ਹਜਾਰੂ ਨੇ ਸੰਭਾਲਿਆ ਸੀ। ਉਸ ਕੁਝ ਮਹੀਨੇ ਨਕੋਦਰ ਜਾ ਕੇ ਲੁਹਾਰਾ ਕੰਮ ਸਿਖਿਆ ਸੀ। ਫੇਰ ਪਿੰਡ ’ਚ ਸੇਪੀ ਦਾ ਕੰਮ ਸ਼ੁਰੂ ਕਰ ਲਿਆ ਸੀ। ਉਸ ਦੀ ਬੋਲੀ ’ਚ ਮਿਠਾਸ ਸੀ। ਕਿਸੇ ਨੂੰ ਕੰਮ ਤੋਂ ਨਾਂਹ ਨਹੀਂ ਕਰਦਾ ਸੀ। ਕੰਮ ਦਾ ਕਾਰੀਗਰ ਸੀ। ਘਰ ਦਾ ਰੋਟੀ-ਪਾਣੀ ਤੁਰ ਪਿਆ ਸੀ। ਉਸੇ ਦੀ ਮਿਹਨਤ ਨਾਲ ਲੰਬੜਦਾਰ ਦੇ ਤਿੰਨੇ ਮੁੰਡੇ ਜੁਆਨ ਹੋਏ ਸੀ। ਦੋਨੋਂ ਕੁੜੀਆਂ ਵਿਆਹੀਆਂ ਗਈਆਂ ਸਨ।
ਮੈਂ ਆਪਣੇ ਆਪ ਨੂੰ ਲੈਪਟਾਪ ’ਤੇ ਬਿਜ਼ੀ ਕਰਨ ਦੀ ਕੋਸ਼ਿਸ਼ ’ਚ ਹਾਂ। ਕਈ ਦੋਸਤਾਂ ਨੂੰ ਈ-ਮੇਲ ਕਰਦਾ ਹਾਂ। ਕਈਆਂ ਦੇ ਜਵਾਬ ਦਿੰਦਾ ਹਾਂ। ਇੰਟਰਨੈਟ ਖੋਲ੍ਹਦਾ ਹਾਂ। ਮੇਰਾ ਮਨ ਕੁਝ ਦੇਖਣ ਨੂੰ ਨਹੀਂ ਕਰਦਾ ਹੈ। ਮੈਂ ਫੇਰ ਡਿਕਸ਼ਨਰੀ ਖੋਲ੍ਹਦਾ ਹਾਂ। ‘ਸਰਵੈਂਟ’ ਸ਼ਬਦ ਦੇ ਅਰਥ ਦੇਖਦਾ ਹਾਂ। ਮੈਨੂੰ ਕੁਝ ਹੋਰ ਹੀ ਦਿੱਸਣ ਲੱਗਦਾ ਹੈ। ਗੱਲ ਉਨ੍ਹਾਂ ਦਿਨਾਂ ਦੀ ਹੈ ਜਿਨ੍ਹੀਂ ਦਿਨੀਂ ਨਵੀਆਂ-ਨਵੀਆਂ ਮੋਟਰਾਂ ਲੱਗਣੀਆਂ ਸ਼ੁਰੂ ਹੋਈਆਂ ਸਨ। ਮੇਰੇ ਪਾਪਾ ਜੀ ਡੀ. ਸੀ. ਦਫ਼ਤਰ ’ਚ ਲੱਗੇ ਸਨ। ਪਿੰਡ ’ਚ ਪਹਿਲੀ ਮੋਟਰ ਸਾਡੇ ਹੀ ਲੱਗੀ ਸੀ। ਪਾਪਾ ਜੀ ਨੇ ਮੋਟਰ ’ਤੇ ਪੱਕਾ ਕਮਰਾ ਬਣਾਇਆ ਸੀ। ਵੱਡਾ ਸਾਰਾ ਚੱਲਾ ਬਣਵਾਇਆ ਸੀ ਜਿਸ ’ਚ ਇਕੋ ਵੇਲੇ ਚਾਰ-ਪੰਜ ਜਣੇ ਨਹਾ ਸਕਦੇ ਸਨ। ਨਾਲ ਹੀ ਛੋਟੀ ਚੱਲੀ ਬਣਵਾਈ ਸੀ ਜਿਸ ’ਚ ਬੱਚੇ ਨਹਾਉਂਦੇ ਸਨ। ਇਕ ਦਿਨ ਬਹੁਤ ਹੀ ਜ਼ਿਆਦਾ ਗਰਮੀ ਪਈ ਸੀ। ਬੀਬੀ ਤੇ ਭੂਆ ਹੋਰੀਂ ਜੰਗਲ-ਪਾਣੀ ਗਈਆਂ ਮੋਟਰ ’ਤੇ ਚਲੇ ਗਈਆਂ ਸਨ। ਮੋਟਰ ਦਾ ਪਾਣੀ ਕਾਫੀ ਠੰਢਾ ਸੀ। ਭੂਆ ਨੂੰ ਮੋੜ ’ਤੇ ਖੜਾ ਕਰਕੇ ਬੀਬੀ ਜੀ ਚੱਲੇ ’ਚ ਨਹਾਉਣ ਲਗ ਪਏ ਸਨ। ਸ਼ਾਇਦ ਉਹ ਖੁੱਲ੍ਹੇ ਪਾਣੀ ’ਚ ਪਹਿਲੀ ਵਾਰ ਨਹਾਤੇ ਸਨ। ਧੌਣ ਕੋਲ ਮੈਲ਼ ਲਾਹੁੰਦਿਆਂ ਹੋਇਆਂ ਉਨ੍ਹਾਂ ਦੇ ਗੁਲੂਬੰਦ ਦਾ ਟਾਂਕਾ ਟੁੱਟ ਗਿਆ ਸੀ। ਉਨ੍ਹਾਂ ਨੇ ਗੁਲੂਬੰਦ ਮੋਟਰ ਦੀ ਨਾਲ ਹੇਠਾਂ ਰੱਖੀਆਂ ਇੱਟਾਂ ’ਤੇ ਰੱਖ ਦਿੱਤਾ ਸੀ। ਉਦੋਂ ਹੀ ਭੂਆ ਜੀ ਨੇ ਆਵਾਜ਼ ਦਿੱਤੀ ਸੀ, ‘‘ਭਾਬੀ ਜਲਦੀ ਜਲਦੀ ਕੱਪੜੇ ਪਾ ਲੈ। ਕੋਈ ਆਉਂਦਾ ਪਿਆ।’’ ਬੀਬੀ ਜੀ ਘਬਰਾ ਗਏ ਸਨ। ਇਥੇ ਘਬਰਾਹਟ ’ਚ ਉਹ ਆਪਣਾ ਗੁਲੂਬੰਦ ਵੀ ਭੁੱਲ ਗਏ ਸਨ। ਜਦੋਂ ਕਰਤਾਰਾ ਕੋਲ ਆਇਆ ਸੀ ਤਾਂ ਭੂਆ ਜੀ ਨੇ ਕਿਹਾ ਸੀ, ‘‘ਵੇ ਫੋਟ ਤੂੰ ਸੀ। ਕੁਸ਼ ਚਿਰ ਬਾਅਦ ਆ ਜਾਂਦਾ-ਭਾਬੀ ਤਾਂ ਸੰਵਾਰ ਕੇ ਨਹਾ ਲੈਂਦੀ।’’ ਕਰਤਾਰੇ ਨੇ ਕਿਹਾ ਸੀ, ‘‘ਮੈਂ ਨੱਕਾ ਵੀ ਮੋੜਣਾ ਸੀ ਨਾ।’’ ਸਵੇਰ ਨੂੰ ਬੀਬੀ ਜੀ ਨੂੰ ਯਾਦ ਆਇਆ ਸੀ ਕਿ ਉਹ ਆਪਣਾ ਗੁਲੂਬੰਦ ਤਾਂ ਮੋਟਰ ’ਤੇ ਹੀ ਭੁੱਲ ਆਏ ਸਨ। ਉਹ ਬਹਾਨੇ ਨਾਲ ਮੋਟਰ ’ਤੇ ਗਏ ਸਨ। ਉਥੇ ਗੁਲੂਬੰਦ ਨਹੀਂ ਸੀ। ਪਾਪਾ ਜੀ ਨੂੰ ਦੱਸਿਆ ਤਾਂ ਅਗੋਂ ਉਹ ਬੀਬੀ ਜੀ ਨੂੰ ਟੁੱਟ ਕੇ ਪੈ ਗਏ ਸਨ ਕਿ ਉਹ ਮੋਟਰ ’ਤੇ ਨੰਗੇ ਕਿਉਂ ਨਹਾਤੇ ਸੀ। ਦੋਹਾਂ ਜੀਆਂ ’ਚ ਬੋਲ-ਕੁਬੋਲ ਹੋਇਆ ਸੀ। ਮਾਂ ਜੀ ਨੇ ਉਨ੍ਹਾਂ ਨੂੰ ਝਿੜਕਿਆ ਸੀ, ‘‘ਫੇਰ ਲੜ ਲਿਉ। ਪਹਿਲਾਂ ਗੁਆਚੀ ਹੋਈ ਚੀਜ਼ ਤਾਂ ਲੱਭ ਲਉ।’’ ਗੁਲੂਬੰਦ ਦੀ ਭਾਲ ਸ਼ੁਰੂ ਹੋ ਗਈ ਸੀ। ਸ਼ੱਕ ਦੀ ਸੂਈ ਕਰਤਾਰੇ ’ਤੇ ਹੀ ਟਿਕੀ ਸੀ। ਪਾਪਾ ਜੀ ਦੋ ਚਿੱਤੀ ’ਚ ਸਨ। ਉਨ੍ਹਾਂ ਨੂੰ ਕਰਤਾਰੇ ’ਤੇ ਅਥਾਹ ਵਿਸ਼ਵਾਸ ਸੀ। ਪਿਛਲੀਆਂ ਤਿੰਨ ਪੀੜੀਆਂ ਤੋਂ ਕਰਤਾਰੇ ਦਾ ਪਰਿਵਾਰ ਸਾਡੇ ਨਾਲ ਲਗਾ ਹੋਇਆ ਸੀ। ਕਰਤਾਰਾ ਕਰਮੂ ਦਾ ਵੱਡਾ ਮੁੰਡਾ ਸੀ। ਸਾਡੇ ਘਰ ’ਚ ਅਕਸਰ ਹੀ ਕਰਮੂ ਨੂੰ ਯਾਦ ਕੀਤਾ ਜਾਂਦਾ ਸੀ। ਜਦੋਂ ਬਾਬਾ ਜੀ ਨੂੰ ਅਧਰੰਗ ਹੋ ਗਿਆ ਸੀ ਤਾਂ ਇਸੇ ਕਰਮੂ ਨੇ ਉਨ੍ਹਾਂ ਨੂੰ ਸੰਭਾਲਿਆ ਸੀ। ਇਥੋਂ ਤੱਕ ਕਿ ਉਨ੍ਹਾਂ ਦੇ ਚਿੱਤੜ ਤੱਕ ਧੋਤੇ ਸਨ। ਬੀਬੀ ਜੀ ਆਪਣੀ ਗੱਲ ’ਤੇ ਅੜ ਗਏ ਸਨ, ‘‘ਸਾਡੇ ਤੋਂ ਬਾਅਦ ਇਹੀ ਤਾਂ ਮੋਟਰ ’ਤੇ ਗਿਆ ਸੀ। ਹੋਰ ਕੌਣ ਹੋ ਸਕਦਾ?’’ ਪਾਪਾ ਜੀ ਨੇ ਕਰਤਾਰੇ ਨੂੰ ਪਿਆਰ ਨਾਲ਼ ਪੁੱਛਿਆ ਸੀ, ‘‘ਜੇ ਤੇਰੇ ਕੋਲ ਹੈ ਤਾਂ ਦੇ ਦੇ। ਘਰ ਦੀ ਘਰ ਵਿਚ ਰਹਿ ਜਾਊਗੀ। ਮੈਂ ਕਿਸੇ ਨੂੰ ਨ੍ਹੀਂ ਦੱਸਦਾ।’’ ਪਰ ਕਰਤਾਰੇ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ ਸੀ। ਪਾਪਾ ਜੀ ਨੂੰ ਗੁੱਸਾ ਆ ਗਿਆ ਸੀ। ਉਨ੍ਹਾਂ ਆਪਣੇ ਦਫ਼ਤਰ ਤੋਂ ਡੀ. ਐਸ. ਪੀ. ਨੂੰ ਫੋਨ ਕਰਵਾਇਆ ਸੀ। ਪਹਿਲੀ ਤੌਣੀ ਲਗਦਿਆਂ ਹੀ ਕਰਤਾਰਾ ਬਕ ਪਿਆ ਸੀ। ਪਿੰਡ ਆ ਕੇ ਉਸ ਕੁੱਪ ’ਚੋਂ ਗੁਲੂਬੰਦ ਕੱਢ ਕੇ ਐਸ. ਐਚ. ਓ. ਨੂੰ ਫੜਾ ਦਿੱਤਾ ਸੀ।
ਮੋਹਨੀ ਨੇ ਰੋਟੀ ਵਾਲੀ ਥਾਲ਼ੀ ਬੈੱਡ ਦੀ ਨੁੱਕਰ ’ਤੇ ਰੱਖ ਕੇ ਕਿਹਾ ਹੈ, ‘‘ਸਾਹਿਬ ਜੀ, ਬੜੇ ਦਿਨ ਬਾਅਦ ਆਏ ਹੋਂ?’’
ਮੈਂ ਉਸ ਦੀ ਇਸ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ। ਪੁੱਛਦਾ ਹਾਂ, ‘‘ਤੈਨੂੰ ਮੇਰੇ ਆਉਣ ਦਾ ਪਤਾ ਲੱਗ ਗਿਆ?’’
ਉਹ ਦੱਸਦਾ ਹੈ, ‘‘ਹਾਂ ਪਤਾ ਆ। ਮੈਂ ਤੁਹਾਡੇ ਕਮਰੇ ਦੀ ਲਾਇਟ ਜਗਦੀ ਦੇਖ ਲਈ ਸੀ।’’
ਮੈਨੂੰ ਫੇਰ ਗ਼ੁੱਸਾ ਆਉਣ ਲੱਗਾ ਹੈ। ਮੈਂ ਆਪਣੇ ਆਪ ’ਤੇ ਕੰਟਰੋਲ ਰੱਖਦਾ ਹਾਂ। ਉਸ ਨਾਲ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦਾ। ਕਿਤੇ ਮੇਰਾ ਗ਼ੁੱਸੇ ਬੇਕਾਬੂ ਨਾ ਹੋ ਜਾਵੇ।
ਉਹ ਨੀਵੀਂ ਪਾਈ ਖੜ੍ਹਾ ਹੈ। ਮੈਂ ਆਪਣਾ ਧਿਆਨ ਲੈਪਟਾਪ ’ਤੇ ਹੀ ਕੇਂਦਰਿਤ ਕਰੀ ਰੱਖਦਾ ਹਾਂ। ਦੋ ਕੁ ਮਿੰਟ ਬੀਤ ਜਾਂਦੇ ਹਨ। ਮੇਰੀਆਂ ਉਂਗਲਾਂ ਤੇਜ਼-ਤੇਜ਼ ਚੱਲ ਰਹੀਆਂ ਸਨ।
ਉਹ ਕਹਿੰਦਾ ਹੈ, ‘‘ਸਾਹਿਬ ਜੀ, ਮੈਨੂੰ ਵੀ ਇਹ ਸਿਖਾ ਦਿਉ।’’
ਮੈਂ ਔਖ ਜਿਹੀ ਮੰਨਦਿਆਂ ਹੋਇਆ ਕਹਿੰਦਾ ਹਾਂ, ‘‘ਤੂੰ ਇਥੇ ਖੜ੍ਹਾਂ?’’
‘‘ਜੀ-ਜੀ...।’’
ਮੈਨੂੰ ਲੱਗਦਾ ਹੈ ਕਿ ਅੱਜ ਵੀ ਉਹ ਪੈਸੇ ਚਾਹੁੰਦਾ ਹਾਂ। ਮੇਰਾ ਮਨ ਕਰਦਾ ਹੈ ਕਿ ਉਹ ਨੂੰ ਇਕ ਰੁਪਈਆ ਵੀ ਨਾ ਦਵਾਂ। ਮੈਂ ਪਿਛਲੇ ਮਹੀਨੇ ਤੋਂ ਉਸ ਨੂੰ ਕੁਝ ਨਹੀਂ ਦਿੱਤਾ ਸੀ। ਇਸੇ ਕਰਕੇ ਹੀ ਉਸ ਨੇ ਮੇਰੀ ਮਿਸ ਕਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ।
‘‘ਤੁਹਾਡੀ ਰੋਟੀ ਠੰਢੀ ਹੋ ਰਹੀ ਆ ਜੀ।’’
‘‘ਮੈਨੂੰ ਪਤਾ।’’ ਮੈਂ ਥੋੜ੍ਹੀ ਕੁ ਉੱਚੀ ਆਵਾਜ਼ ’ਚ ਕਹਿੰਦਾ ਹਾਂ।
‘‘ਤੁਸੀਂ ਮੇਰੇ ਨਾਲ ਨਰਾਜ਼ ਹੋ?’’
ਮੈਂ ਉਸ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਹਾਂ। ਲੈਪਟਾਪ ਇਕ ਪਾਸੇ ਰੱਖਦਾ ਹਾਂ। ਪੈਂਟ ਦੀ ਪਿਛਲੀ ਜੇਬ ’ਚੋਂ ਪਰਸ ਕੱਢਦਾ ਹਾਂ। ਸੌ ਰੁਪਈਏ ਦਾ ਨੋਟ ਕੱਢ ਕੇ ਉਸ ਅੱਗੇ ਰੱਖ ਦਿੰਦਾ ਹਾਂ। ਸਮਝਦਾ ਹਾਂ ਕਿ ਉਸ ਦੀ ਐਨੀ ਕੁ ਔਕਾਤ ਹੈ। ਮਨ ਕਰਦਾ ਹੈ ਕਿ ਉਹਨੂੰ ਪੁੱਛਾਂ ਕਿ ਇਸੇ ਨੋਟ ਕਰਕੇ ਉਸ ਨੇ ਮੇਰੀ ਮਿਸ ਕਾਲ ਵੱਲ ਧਿਆਨ ਨਹੀਂ ਦਿੱਤਾ ਸੀ।
ਉਹ ਨੋਟ ਵੱਲ ਕੋਈ ਧਿਆਨ ਨਹੀਂ ਦਿੰਦਾ।
ਮੈਂ ਖਿਝ ਕੇ ਕਹਿੰਦਾ ਹਾਂ, ‘‘ਆਹ ਚੁੱਕ ਨੋਟ। ਹੁਣ ਤੂੰ ਚਲਿਆ ਜਾਹ। ਜੇ ਕਿਸੇ ਚੀਜ਼ ਦੀ ਲੋੜ ਪਈ ਤਾਂ ਮੈਂ ਆਪੇ ਹੇਠਾਂ ਆ ਕੇ ਲੈ ਲਵਾਂਗਾ।’’
‘‘ਪਹਿਲਾਂ ਦੱਸੋ-ਤੁਸੀਂ ਮੇਰੇ ਨਾਲ ਨਰਾਜ਼ ਕਿਉਂ ਹੋ। ਜਿੰਨਾ ਚਿਰ ਤੁਸੀਂ ਦੱਸਦੇ ਨ੍ਹੀਂ-ਮੈਂ ਹੇਠਾਂ ਨ੍ਹੀਂ ਜਾਣਾ।’’
‘‘ਤੂੰ ਮੇਰੀ ਮਿਸ ਕਾਲ ਅਟੈਂਡ ਕਿਉਂ ਨ੍ਹੀਂ ਕੀਤੀ?’’
‘‘ਉਹ ਮਿਸ ਕਾਲਾਂ ਤੁਹਾਡੀਆਂ ਸੀ।’’
‘‘ਨ੍ਹੀਂ-ਰੱਬ ਦੀਆਂ ਸੀ।’’
‘‘ਸਾਹਿਬ ਜੀ, ਸੌਰੀ। ਮੈਂ ਤਾਂ ਇਹੀ ਸਮਝਦਾ ਰਿਹਾ ਕਿ ਨਵੇਂ ਆਏ ਪੀ. ਜੀ. ਦੀਆਂ ਸੀ। ਇਕ ਨਵਾਂ-ਨਵਾਂ ਮੁੰਡਾ ਆਇਆ। ਸਾਰਾ ਦਿਨ ਆਪਣੇ ਕਮਰੇ ’ਚ ਵੜਿਆ ਰਹਿੰਦਾ। ਉਹ ਬੜਾ ਬੇਵਕੂਫ਼ ਆ। ਪੰਜ-ਦਸ ਮਿੰਟਾਂ ਬਾਅਦ ਮਿਸ ਕਾਲ ਮਾਰਨ ਲੱਗ ਜਾਂਦਾ। ਆਹ ਪਾਣੀ ਦਾ ਗਲਾਸ ਲਿਆ। ਚਾਹ ਦਾ ਕੱਪ ਫੜਾ ਜਾ।’’
ਮੈਨੂੰ ਲੱਗਦਾ ਹੈ ਕਿ ਉਹ ਝੂਠ ਬੋਲ ਰਿਹਾ ਹੈ। ਗੱਲ ਮੁਕਾਉਣ ਲਈ ਮੈਂ ਕਹਿੰਦਾ ਹਾਂ, ‘‘ਅੱਛਾ-ਅੱਛਾ। ਕੋਈ ਗੱਲ ਨ੍ਹੀਂ।’’
ਉਹ ਜਾਂਦਾ-ਜਾਂਦਾ ਫੇਰ ਸੌਰੀ ਕਹਿੰਦਾ ਹੈ। ਨੋਟ ਨੂੰ ਚੁੱਕਦਾ ਨਹੀਂ ਹੈ। ਮੈਂ ਉਸਨੂੰ ਆਵਾਜ਼ ਮਾਰਦਾ ਹਾਂ, ‘‘ਆਹ ਨੋਟ ਤਾਂ ਲੈ ਜਾ। ਖ਼ੁਸ਼ ਹੋ ਜਾ।’’
ਉਹ ਥੋੜ੍ਹੀ ਕੁ ਉੱਚੀ ਆਵਾਜ਼ ’ਚ ਕਹਿੰਦਾ ਹੈ, ‘‘ਸਾਹਿਬ ਜੀ, ਤੁਸੀਂ ਮੇਰਾ ਮੁੱਲ ਪੰਜਾਹ ਜਾਂ ਸੌ ਰੁਪਈਆ ਸਮਝ ਲਿਆ। ਤੁਸੀਂ ਵੀ ਪ੍ਰੋਫੈਸਰ ਸਾਹਿਬ ਵਾਂਗ ਸੋਚਣ ਲੱਗ ਪਏ। ਮੈਨੂੰ ਪਤਾ ਆ ਕਿ ਸਾਰੇ ਮਾਲਕ ਇੱਕੋ ਜਿਹੇ ਹੁੰਦੇ ਆ। ਮੈਨੂੰ ਕਿਸੇ ਨਾਲ ਅੰਦਰੋਂ ਨ੍ਹੀਂ ਜੁੜਨਾ ਚਾਹੀਦਾ।’’
*****
ਸਮਾਪਤ