ਵਿਅੰਗ
ਕਹਿੰਦੇ ਹਨ ਮਨੁੱਖ ਜਦ ਬਾਂਦਰ ਜਾਤੀ ਵਾਲੀ ਪੂਛ ਤੋਂ ਖਹਿੜਾ ਛੁਡਾ ਕੇ ਸਿੱਧਾ ਹੋ ਤੁਰਿਆ ਤਾਂ ਉਹ ਅਫ਼ਰੀਕਾ ਦੇ ਜੰਗਲ ਛੱਡਕੇ ਮੈਦਾਨਾਂ ਵੱਲ ਨੂੰ ਵਧਣ ਲੱਗਾ। ਇਸ ਬਿਖੜੇ ਮਾਰਗ ਚਲਦਿਆਂ ਉਸ ਨੇ ਮੈਦਾਨਾਂ ਵਿੱਚੋਂ ਸਾਗ ਖਾਣਾ ਸ਼ੁਰੂ ਕਰ ਦਿੱਤਾ ਪਰ ਇਹ ਸਾਗ ਸਾਡਾ ਪੰਜਾਬੀਆਂ ਦਾ ਜਗਤ-ਪ੍ਰਸਿੱਧ ਆਲਣ ਵਾਲਾ ਰਿੱਧਾ-ਪੱਕਾ ਸਾਗ ਨਹੀਂ ਬਲਕਿ ਖਾਣਯੋਗ ਹਰੇ ਕਚੂਰ ਪੱਤੇ ਹੀ ਸਨ। ਖੋਜ ਦਸਦੀ ਹੈ ਕਿ ਸਾਗ ਸ਼ਬਦ ਸੰਸਕ੍ਰਿਤ ਸ਼ਾਕ ਤੋਂ ਬਣਿਆ ਹੈ ਤੇ ਇਸ ਹਿਸਾਬ ਨਾਲ ਸਾਗ ਦੇ ਸ਼ੌਕੀਨ ਪੰਜਾਬੀ ਅਸਲ ਵਿੱਚ ਸਿੱਕੇਬੰਦ ਸ਼ਾਕਾਹਾਰੀ ਸਾਬਿਤ ਹੁੰਦੇ ਹਨ ਭਾਵੇਂ ਕਿ ਉਹ ਅੱਜ ਕੱਲ੍ਹ ਚਿਕਨ ਨੂੰ ਵੀ ਖ਼ੂਬ ਰਗੜਾ ਫੇਰਦੇ ਹਨ। ਪੰਜਾਬੀ ਠੋਕ ਵਜਾ ਕੇ ਆਪਣੇ ਸਭਿਆਚਾਰ ਨੂੰ ਸਾਗ ਤੇ ਮੱਕੀ ਦੀ ਰੋਟੀ ਦਾ ਸਭਿਆਚਾਰ ਐਲਾਨਦੇ ਹਨ ਤੇ ਚੌੜੇ ਹੋ ਕੇ ਦਸਦੇ ਹਨ ਕਿ ਸਾਗ ਦੀ ਕਾਢ ਕੱਢ ਕੇ ਉਨ੍ਹਾਂ ਦੁਨੀਆ ਭਰ ਦੇ ਖਾਧ-ਵਿਅੰਜਨਾਂ ਵਿੱਚ ਠੋਸ ਵਾਧਾ ਕੀਤਾ ਹੈ। ਧਿਆਨ ਨਾਲ ਵਾਚਿਆਂ ਇਸ ਦਾਅਵੇ ਵਿੱਚ ਕੋਈ ਅਤਿਕਥਨੀ ਪ੍ਰਤੀਤ ਨਹੀਂ ਹੁੰਦੀ। ਸਮੁੱਚੇ ਧਰਤ-ਗੋਲੇ ਦੁਆਲੇ ਘੁੰਮ ਲਉ, ਵੰਨ ਸਵੰਨੇ ਉਪਲਬਧ ਖਾਣਿਆਂ ਵਿੱਚੋਂ ਸਾਗ ਜਿਹਾ ਅਦਭੁੱਤ ਆਹਾਰ ਤੁਹਾਨੂੰ ਕਿਧਰੇ ਨਹੀਂ ਮਿਲੇਗਾ। ਸਾਗ ਦਾ ਪ੍ਰੇਮ ਪੰਜਾਬੀ ਦੀ ਨਸ-ਨਸ ਵਿੱਚ ਵੜਿਆ ਹੋਇਆ ਹੈ। ਇਸ ਦੇ ਵਿਗੋਚੇ ਤੋਂ ਉਤਪਨ ਵੇਦਨਾ ਨੂੰ ਕਿਸੇ ਕਵੀ ਨੇ ਭਲੀ ਭਾਂਤ ਹਾਇਕੂ ਵਿੱਚ ਬੰਨ੍ਹਿਆ ਹੈ:
ਜਾਊਂ ਕਹਾਂ ਕਿ ਦੂਰ ਤੱਕ
ਮਿਲਤਾ ਨਹੀਂ ਸਰੋਂ ਦਾ ਸਾਗ
ਸਾਗ ......ਸਾਗ......ਸਾਗ....
-----
ਦੇਖਣਾ ਹੋਵੇਗਾ ਕਿ ਉਹ ਕਿਹੜੀ ਗੱਲ ਹੈ ਜਿਸ ਕਾਰਨ ਸਾਡੇ ਇਸ ਨਿਮਾਣੇ ਭੋਜਨ ਨੇ ਏਨਾ ਉੱਚਾ ਮਰਾਤਬਾ ਪਾਇਆ ਹੈ? ਇਹ ਜਾਨਣ ਲਈ ਪਹਿਲਾਂ ਸਾਨੂੰ ਇਸ ਵਿਲੱਖਣ ਸੰਕਲਪ ਸਾਗ ਨੂੰ ਪਰਿਭਾਸ਼ਾ ਵਿੱਚ ਬੰਨ੍ਹਣਾ ਹੋਵੇਗਾ: ਡੰਗਰਾਂ ਦੇ ਹਰੇ ਪੱਠਿਆਂ ਤੋਂ ਬਿਲਕੁਲ ਅਲੱਗ ਪੰਜਾਬੀ ਸਾਗ ਇਕ ਅਜਿਹਾ ਮਾਨਵ ਜਾਤੀ ਦੇ ਖਾਣਯੋਗ ਪਕਵਾਨ ਹੈ ਜਿਸਨੂੰ ਪਰੰਪਰਕ ਢੰਗ ਨਾਲ ਬਣਾਉਣ ਵਿੱਚ ਦੋ ਕੁ ਚੀਰਨੀਆਂ ਯਾਨੀ ਟੋਕਰਾ ਭਰ ਸਰੋਂ ਦੇ ਪੱਤਿਆਂ ਤੇ ਗੰਦਲਾਂ ਦਾ ਬਰਾਬਰ ਅਨੁਪਾਤ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਫਿਰ ਚੁੱਲ੍ਹੇ ਤੇ ਗੋਹਟਿਆਂ ਦੀ ਰੇਣ ਲਾ ਕੇ ਘੱਟੋ ਘੱਟ ਇਕ ਪਹਿਰ ਤਕ ਮੱਠੀ ਅੱਗ ਦੇ ਤਾਅ ਤੇ ਰੱਖਕੇ ਖ਼ੁਬ ਪਕਾਇਆ ਜਾਂਦਾ ਹੈ। ਦਰਅਸਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਾਰੇ ਦੇ ਸਾਰੇ ਵਿਟਾਮਿਨ ਪੂਰੀ ਤਰਾਂ ਖਾਰਜ ਹੋ ਜਾਣ । ਇਸ ਉਪਰੰਤ ਇਸ ਨੂੰ ਮੱਕੀ ਦਾ ਅੱਲਣ ਪਾਉਣ, ਘੋਟਣ ਤੇ ਸਲਿੱਜਣ ਜਿਹੀਆਂ ਦੀਰਘ ਤੇ ਪੇਚੀਦਾ ਪ੍ਰਕਿਰਿਅਵਾਂ ਵਿੱਚ ਦੀ ਲੰਘਾਉਣਾ ਪੈਂਦਾ ਹੈ। ਇਸ ਸਮੁੱਚੇ ਵਰਤਾਰੇ ਨੂੰ ਤੱਤ-ਵਿਸਰਜਨ ਕਿਹਾ ਜਾ ਸਕਦਾ ਹੈ ਜਿਸ ਦਾ ਅੰਤਮ ਉਦੇਸ਼ ਇਸ ਬਨਸਪਤੀ ਨੂੰ ਸਾਡੇ ਸਰੀਰ ਲਈ ਲੁੜੀਂਦੇ ਤੱਤਾਂ ਤੋਂ ਸੱਖਣਾ ਕਰਕੇ ਇਕ ਪ੍ਰਕਾਰ ਦਾ ਭਸਮ ਬਣਾਉਣਾ ਹੈ। ਪਰ ਪੰਜਾਬੀਆਂ ਦਾ ਦਾਅਵਾ ਹੈ ਕਿ ਅਸਲ ਵਿੱਚ ਦੇਸੀ ਸਰੋਂ ਦੀ ਕੁੜੱਤਣ, ਗੋਭੀ ਸਰੋਂ ਦੀ ਮਿਠਾਸ ਤੇ ਰਾਏ ਸਰੋਂ ਦੇ ਕੁਸੈਲੇਪਣ ਨੂੰ ਮੁੱਢੋਂ ਸੁੱਢੋਂ ਮਾਰਨ ਲਈ ਸਾਗ ਦੇ ਪੱਤਿਆਂ ਨੂੰ ਇਨ੍ਹਾਂ ਭੀਸ਼ਮ ਕਿਰਿਆ ਕਰਮਾਂ ਵਿਚੋਂ ਲੰਘਾਉਣਾ ਅਤਿ ਜ਼ਰੂਰੀ ਹੈ। ਅਖ਼ਤਿਆਰੀ ਤੌਰ ਤੇ ਇਸ ਵਿੱਚ ਬਾਥੂ, ਪਾਲਕ, ਪੱਤ ਗੋਭੀ, ਚਲਾਈ, ਤਾਂਦਲਾ, ਮੇਥੀ, ਡੱਡਿਆਂ ਦੇ ਪੱਤੇ ਆਦਿ ਵੀ ਪਾਏ ਜਾ ਸਕਦੇ ਹਨ। ਬਾਹਰਲੇ ਦੇਸਾਂ ਵਿੱਚ ਕੰਮ ਸਾਰਨ ਵਜੋਂ ਇਸ ਵਿੱਚ ਬਰੌਕਲੀ, ਕੌਲਰਡ ਗਰੀਨ, ਸ਼ਲਗਮ ਦੇ ਪੱਤੇ, ਪੱਤਗੋਭੀ, ਰੁਪੀਨੀ, ਕੇਅਲ, ਲੈਟੱਸ ਆਦਿ ਮਿਲਾਕੇ ਪੰਜਾਬੀ ਸਾਗ ਦਾ ਸੁਆਦ ਪੈਦਾ ਕਰਨ ਦੇ ਸਫ਼ਲ ਪ੍ਰਯੋਗ ਕੀਤੇ ਗਏ ਹਨ। ਆਧੁਨਿਕ ਯੁੱਗ ਵਿੱਚ ਇਸ ਪਕਵਾਨ ਨੂੰ ਪ੍ਰਵਾਨਣਯੋਗ ਬਣਾਉਣ ਲਈ ਪਿਆਜ਼, ਲਸਣ, ਅਦਰਕ ਤੇ ਕਈ ਵਾਰੀ ਟਮਾਟਰਾਂ ਦੇ ਤੜਕੇ ਲਾਉਣ ਨੂੰ ਮਹੱਤਤਾ ਦਿਤੀ ਗਈ ਹੈ, ਵਿਸ਼ੇਸ਼ ਤੌਰ ਤੇ ਬੇਹੇ ਸਾਗ ਨੂੰ, ਪਰ ਰਵਾਇਤੀ ਸਿਆਣਪ ਇਹ ਕਹਿੰਦੀ ਹੈ ਕਿ ਸਾਗ ਜਿੰਨਾ ਬੇਹਾ ਓਨਾ ਸੁਆਦੀ। ਦੇਖਣ ਵਿੱਚ ਆਇਆ ਹੈ ਕਿ ਤੜਕਾ ਲਾਉਣ ਦੇ ਦ੍ਰਿਸ਼ਟੀਕੋਣ ਤੋਂ ਪੰਜਾਬੀ ਦੋ ਹਿੱਸਿਆ ਵਿੱਚ ਪਾਟੇ ਹੋਏ ਹਨ : ਮੂਲਵਾਦੀ ਪੰਜਾਬੀ ਭੁੱਲ ਕੇ ਵੀ ਤੜਕਾ ਨਹੀਂ ਲਾਉਂਦੇ ਤੇ ਉਦਾਰਵਾਦੀ ਭੁੱਲ ਕੇ ਵੀ ਤੜਕਾ ਲਾਉਂਦੇ ਹਨ।
-----
ਪਹਿਲੀਆਂ ਵਿੱਚ ਦਾਤੀ ਨਾਲ ਚੀਰੇ ਸਾਗ ਨੂੰ ਤੌੜੀ ਵਿੱਚ ਪਾਕੇ ਭੜੋਲੀ ਵਿੱਚ ਪਾਥੀਆਂ ਦੇ ਮੱਠੇ ਸੇਕ ਨਾਲ ਰਿੰਨ੍ਹਿਆ ਜਾਂਦਾ ਸੀ। ਤੌੜੀ ਦੀ ਮਿੱਟੀ ਅਤੇ ਇਸਦੀਆਂ ਤੇੜਾਂ ਵਿੱਚ ਫਸੇ ਪੁਰਾਣੇ ਸਾਗ ਦੇ ਅੰਸ਼ਾਂ ਦੀ ਹਮਕ ਇਸਦੇ ਜ਼ਾਇਕੇ ਨੂੰ ਧਰਤੀ ਦੀ ਵਾਸ਼ਨਾ ਨਾਲ ਸਮਰਿਧ ਕਰ ਦਿੰਦੇ ਸਨ ਜਿਸ ਤੇ ਪੰਜਾਬੀ ਸ਼ਖ਼ਸ ਲਟਬੌਰਾ ਹੋਇਆ ਰਹਿੰਦਾ ਸੀ। ਅੱਜ ਪਰੈਸ਼ਰ ਕੁੱਕਰਾਂ ਵਿੱਚ ਬਣਦੇ ਸਾਗ ਵਿਚੋਂ ਮਿੱਟੀ ਦੀ ਇਹ ਭਿੰਨੀ ਭਿੰਨੀ ਖ਼ੁਸ਼ਬੂ ਗ਼ਾਇਬ ਹੋ ਗਈ ਹੈ। ਪੁਰਾਣੇ, ਅਜੇ ਤੱਕ ਜਿਉਂਦੇ ਬਜ਼ੁਰਗਾਂ ਲਈ ਤੌੜੀ ਦਾ ਹੇਰਵਾ ਉਂਨ੍ਹਾਂ ਦੀ ਜ਼ਿੰਦਗੀ ਦਾ ਇਕ ਘੋਰ ਦੁਖਾਂਤ ਹੈ ਤੇ ਜਿਸਨੂੰ ਯਾਦ ਕਰਕੇ ਉਹ ਅੱਖਾਂ ਗਲਿੱਜ ਲੈਂਦੇ ਹਨ।
-----
ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਮੱਕੀ ਦਾ ਆਲਣ ਪੰਜਾਬੀ ਸਾਗ ਦਾ ਇਕ ਅਨਿੱਖੜਵਾਂ ਅੰਗ ਹੈ। ਇਤਿਹਾਸ ਦੱਸਦਾ ਹੈ ਕਿ ਜਦ ਪਹਿਲਾਂ ਪਹਿਲਾਂ ਮੱਕੀ ਪੰਜਾਬ ਵਿੱਚ ਆਈ ਤਾਂ ਕਣਕ-ਖਾਣੇ ਪੰਜਾਬੀਆਂ ਨੂੰ ਪਤਾ ਨਹੀਂ ਸੀ ਲਗਦਾ ਕਿ ਇਸਦੀ ਰੋਟੀ ਕਿਵੇਂ ਬਣਾਈ ਜਾਵੇ ਕਿਉਂਕਿ ਇਹ ਕਣਕ ਵਾਂਗ ਨਾਂ ਤਾਂ ਵੇਲ ਹੁੰਦੀ ਸੀ ਤੇ ਨਾਂ ਹੀ ਜੁੜਦੀ ਸੀ। ਸੋ ਉਨ੍ਹਾਂ ਇਸ ਨੂੰ ਸਾਗ ਵਿੱਚ ਪਾਕੇ ਤੇ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ। ਬੱਸ ਏਥੇ ਹੀ ਪੰਜਾਬੀ ਸਾਗ ਰਿੰਨ੍ਹਣ ਦੀ ਕਰੀਦ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਹੋ ਗਈ। ਸੰਸਾਰ ਭਰ ਦੀ ਰਸੋਈ ਕਲਾ ਵਿੱਚ ਚੀਰਨ, ਆਲਣ, ਘੋਟਣ ਤੇ ਸਲਿੱਜਣ ਦੇ ਨਵੇਂ ਸੰਕਲਪਾਂ ਨੇ ਜਨਮ ਲਿਆ। ਪੰਜਾਬ ਦੇ ਤਰਖਾਣਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਘੋਟਣੀ ਨਾਂ ਦਾ ਇਕ ਨਵਾਂ ਉਪਕਰਣ ਈਜਾਦ ਕਰ ਦਿੱਤਾ। ਨਾਲ ਦੀ ਨਾਲ ਠੰਡੇ ਤੱਤੇ ਪਾਣੀ ਨਾਲ ਮੱਕੀ ਦੀ ਰੋਟੀ ਪਕਾਉਣ ਦੇ ਤਜਰਬੇ ਵੀ ਹੁੰਦੇ ਰਹੇ। ਆਖਰ ਪੰਜਾਬੀਆਂ ਦੀ ਮਿਹਨਤ ਨੂੰ ਬੂਰ ਪਿਆ ਤੇ ਉਹ ਚਾਪੜ ਵਰਗੀ ਮੋਟੀ ਠੁੱਲ੍ਹੀ ਰੋਟੀ ਤਿਆਰ ਕਰਨ ਵਿੱਚ ਸਫ਼ਲ ਹੋ ਗਏ। ਹੁਣ ਮੱਕੀ ਦੇ ਆਲਣ ਵਾਲੇ ਸਾਗ ਨਾਲ ਮੱਕੀ ਦੀ ਰੋਟੀ ਖਾਧੀ ਜਾਣ ਲੱਗ ਪਈ ਤੇ ਇਹ ਇਕ ਪੱਕਾ ਤੇ ਅਟੁੱਟ ਮੇਲ ਬਣ ਗਿਆ।
-----
ਇਸ ਤਰਾਂ ਜਟਿਲ ਫਾਰਮੂਲੇ ਨਾਲ ਤਿਆਰ ਹੋਏ ਸਾਗ ਦੇ ਸਭੇ ਗੁਣ ਉਜਾਗਰ ਕਰਨ ਤੇ ਨਾਸ਼ ਹੋਈ ਪੌਸ਼ਟਿਕਤਾ ਮੁੜ ਬਹਾਲ ਕਰਨ ਲਈ ਮੱਖਣ ਦੇ ਪੇੜੇ ਦੀ ਵਰਤੋਂ ਕੀਤੀ ਜਾਣ ਲੱਗੀ। ਫਿਰ ਲੱਸੀ ਦੇ ਛੰਨੇ ਨਾਲ ਇਕ ਐਸਾ ਲਾਸਾਨੀ ਪਰੋਸਾ ਤਿਆਰ ਹੋ ਗਿਆ ਜਿਸ ਵਿੱਚ ਪੰਜਾਬੀ ਪ੍ਰਤਿਭਾ, ਮਿਹਨਤ, ਸਿਰੜ ਅਤੇ ਸੁਹਜ ਦੇ ਗੁਣ ਮੂੰਹੋਂ ਬੋਲਦੇ ਹਨ। ਸਥੂਲ ਤੇ ਸ਼ਕਤੀ ਭਰਪੂਰ ਇਸ ਭੋਜਨ ਨੇ ਉਦਰਕ ਪੂਰਤੀ ਤੋਂ ਇਲਾਵਾ ਪੰਜਾਬੀਆਂ ਨੂੰ ਇਕ ਸੂਖ਼ਮ ਨਸ਼ਾ ਵੀ ਦੇਣਾ ਸ਼ੁਰੂ ਕਰ ਦਿੱਤਾ ਜਿਸ ਲਈ ਢੁਕਵਾਂ ਸ਼ਬਦ ਘੂਕੀ ਵਰਤਿਆ ਜਾਣ ਲੱਗਾ। ਇਸ ਗੱਲ ਵਿੱਚ ਕੋਈ ਹੈਰਾਨੀ ਨਹੀਂ ਕਿ ਪੰਜਾਬੀਆਂ ਵਿੱਚ ਨਸ਼ੇ ਦੀ ਬਾਣ ਇਸ ਪ੍ਰਕਾਰ ਦੇ ਭੋਜਨ ਵਿਚੋਂ ਪ੍ਰਾਪਤ ਘੂਕੀ ਨੇ ਪਾਈ ਜੋ ਬਾਅਦ ਵਿੱਚ ਸ਼ਰਾਬ ਪੀਣ ਦੀ ਭੈੜੀ ਲਤ ਵਿੱਚ ਪ੍ਰਗਟ ਹੋਈ। ਪੰਜਾਬੀਆਂ ਦੇ ਮਿਹਦੇ ਨੂੰ ਵੀ ਕੁਝ ਅਰਾਮ ਮਿਲਿਆ; ਉਸਦਾ ਕੰਮ ਕੀ ਰਹਿ ਗਿਆ ਮੱਖਣ ਦਾ ਪੇੜਾ ਹਜ਼ਮ ਕਰਨ ਲਈ ਕੋਲ ਰੱਖ ਲਓ ਤੇ ਪਚਿਆ ਪਚਾਇਆ ਸਾਗ ਅੱਗੇ ਆਂਦਰਾਂ ਵੱਲ ਨੂੰ ਠੇਲ ਦਿਓ। ਸਾਗ ਦੇ ਲੋਭ, ਮੋਹ, ਹੰਕਾਰ ਨੇ ਪੰਜਾਬੀ ਜੱਟ ਵਿਚੋਂ ਪਰਾਈ ਇਸਤਰੀ ਦੇ ਹੁਸਨ ਤੇ ਨਖ਼ਰੇ ਨੂੰ ਮਾਨਣ ਦੀ ਯੋਗਤਾ ਦਾ ਬੁਰੀ ਤਰਾਂ ਨਿਕਾਸ ਕਰ ਦਿੱਤਾ ਤੇ ਉਹ ਕੁਲੱਕੜ ਤੇ ਬੇਰਸੀਆ ਇਨਸਾਨ ਬਣ ਕੇ ਰਹਿ ਗਿਆ; ਤਾਂ ਹੀ ਤਾਂ ਆਪਣੇ ਖੇਤ ਵਿੱਚ ਸਾਗ ਤੋੜਨ ਆਈ ਕਿਸੇ ਨਾਰ ਨੂੰ ਭਜਾਉਣ ਦੇ ਇਰਾਦੇ ਨਾਲ ਉਹ ਕਹਿ ਉਠਦਾ ਹੈ:
ਹੱਥ ਸੋਚ ਕੇ ਗੰਦਲ ਨੂੰ ਪਾਈਂ...
-----
ਜਦ ਅਸੀਂ ਪਹਿਲਾਂ ਪਹਿਲਾਂ ਅਮਰੀਕਾ ਵਿੱਚ ਅਪਾਰਟਮੈਂਟ ਲਿਆ ਤਾਂ ਘਰ ਅੰਦਰ ਵੜਨ ਲੱਗਿਆਂ ਸਾਨੂੰ ਫਰੰਟ ਤੇ ਬਾਥੂ ਦੇ ਜਾੜੇ ਉੱਗੇ ਦਿਖਾਈ ਦਿਤੇ। ਮੇਰੀ ਜਨਾਨੀ ਦੀਆਂ ਤਾਂ ਵੜਾਛਾਂ ਖਿੜ ਗਈਆਂ, ਮਾਨੋ ਪੰਜਾਬ ਸਾਡੇ ਮੂਹਰੇ ਵਿਛਿਆ ਪਿਆ ਸੀ। ਅਮਰੀਕਾ ਨੇ ਮੇਰੀ ਤ੍ਰੀਮਤ ਦਾ 50% ਦਿਲ ਇਸ ਬਾਥੂ ਕਰਕੇ ਜਿੱਤ ਲਿਆ। ਉਸਨੇ ਮਨ ਹੀ ਮਨ ਵਿਚ ਮਨ ਬਣਾਇਆ ਕਿ ਕੁਝ ਦਿਨਾਂ ਪਿਛੋਂ ਜਦ ਇਹ ਬਾਥੂ ਹੋਰ ਵੱਡਾ ਹੋ ਜਾਵੇਗਾ ਤਾਂ ਉਹ ਇਸ ਦੀ ਸਾਗ ਵਿੱਚ ਖੁੱਲ੍ਹ ਕੇ ਵਰਤੋਂ ਕਰੇਗੀ। ਫਿਰ ਕੀ ਸੀ, ਹਰ ਰੋਜ਼ ਪਾਣੀ ਦੀ ਤ੍ਰੌਂਕ ਨਾਲ ਬਾਥੂ ਨੇ ਤਾਂ ਛਾਲਾਂ ਚੁੱਕ ਲਈਆਂ ਤੇ ਅਮਰੀਕੀ ਬੰਦਿਆ ਵਾਂਗ ਮੱਲ ਕੇ ਘਰ ਅੱਗੇ ਲਹਿਰ ਬਹਿਰ ਕਰ ਦਿੱਤੀ। ਇਸ ਦੌਰਾਨ ਇਕ ਦਿਨ ਸਾਡੇ ਘਰ ਇਕ ਲਿਖਤੀ ਨੋਟਿਸ ਆ ਗਿਆ ਜਿਸ ਨੂੰ ਅਸੀਂ ਪੜ੍ਹਨਾ ਗਵਾਰਾ ਨਾ ਸਮਝਿਆ। ਤੀਜੇ ਚੌਥੇ ਦਿਨ ਜਦ ਮੈਂ ਕੰਮ ਤੋਂ ਆਇਆ ਤਾਂ ਦੇਖਿਆ ਕਿ ਇਕ ਕਚੂਚ ਹੋਇਆ ਮੇਨਟੇਨੈਂਸ ਦਾ ਆਦਮੀ ਇਸ ਬਾਥੂ ਦੀ ਬੰਬੀ ਖੇਤੀ ਨੂੰ ਜੜੋਂ ਵੱਢ ਰਿਹਾ ਸੀ। ਉਹ ਮੇਰੇ ਵੱਲ ਕੌੜ ਕੌੜ ਝਾਕ ਰਿਹਾ ਸੀ। ਬਾਥੂ ਦੇ ਘਾਣ ਤੇ ਇਸ ਨੂੰ ਵੱਢ ਰਹੇ ਬੰਦੇ ਦੀਆਂ ਕਹਿਰਵਾਨ ਨਜ਼ਰਾਂ ਤੋਂ ਔਖਾ ਹੋਇਆ ਮੈਂ ਫਟਾ ਫਟ ਅੰਦਰ ਜਾ ਵੜਿਆ। ਦਰਵਾਜ਼ੇ ਦੇ ਕੋਲੇ ਹੀ ਮੈਨੂੰ ਇਕ ਕਾਗ਼ਜ਼ ਦਾ ਪੁਰਜ਼ਾ ਦਿਖਾਈ ਦਿੱਤਾ। ਇਸ ਨੂੰ ਕੰਬਦੇ ਹੋਏ ਹੱਥਾਂ ਨਾਲ ਚੁੱਕ ਕੇ ਮੈਂ ਪੜ੍ਹਨ ਲੱਗਾ ,"ਤੁਸੀਂ ਸਾਡੀ ਚਿਤਾਵਨੀ ਦੇ ਬਾਵਜੂਦ ਆਪਣੇ ਘਰ ਅੱਗਿਓਂ ਨਦੀਨ ਪੁੱਟ ਕੇ ਫੁੱਲ ਨਹੀਂ ਉਗਾਏ। ਤੁਹਾਨੂੰ 50 ਡਾਲਰ ਜੁਰਮਾਨਾ ਕੀਤਾ ਜਾਂਦਾ ਹੈ। ਅੱਗੇ ਤੋਂ ਅਜਿਹਾ ਹੋਇਆ ਤਾਂ ਅਸੀਂ ਤੁਹਾਨੂੰ ਨਿਯਮਾਂ ਅਨੁਸਾਰ ਬੇਦਖ਼ਲ ਕਰਨ ਲਈ ਮਜਬੂਰ ਹੋਵਾਂਗੇ।" ਅਜੇ ਅਮਰੀਕੀ ਕਮਾਈ ਦੇ ਪਹਿਲੇ ਹਫ਼ਤੇ ਦਾ ਪੇਚੈੱਕ ਵੀ ਨਹੀਂ ਸੀ ਹਥਿਆਇਆ, ਮੈਂ ਪੰਜਾਹਾਂ ਨੂੰ ਪੰਤਾਲੀਆਂ ਨਾਲ ਗੁਣਾ ਕਰਕੇ ਬੇਹੋਸ਼ ਹੋ ਗਿਆ।
-----
ਗੱਲ ਹੋ ਰਹੀ ਸੀ ਸਾਗ ਤੇ ਮੱਕੀ ਦੇ ਬੇਜੋੜ ਮੇਲ ਦੀ ਅਤੇ ਇਸ ਭੋਜਨ ਦੇ ਪੰਜਾਬੀ ਸਭਿਆਚਾਰ ਦੇ ਉੱਘੜਵੇਂ ਨਕਸ਼ ਹੋਣ ਦੀ। ਐਪਰ ਇਤਿਹਾਸ ਦੀਆਂ ਪੋਥੀਆਂ ਕੁਝ ਹੋਰ ਹੀ ਕਹਾਣੀ ਦੱਸਦੀਆਂ ਹਨ। ਅਖੇ ਜੀ ਮੱਕੀ ਤਾਂ ਸਾਡੇ ਦੇਸ਼ ਦੀ ਜੱਦੀ ਫ਼ਸਲ ਹੀ ਨਹੀਂ ਤੇ ਇਸ ਨੂੰ ਤਾਂ ਏਧਰ ਦਰਾਮਦ ਹੋਈ ਨੂੰ ਦੋ ਸਦੀਆਂ ਤੋਂ ਵਧ ਦਾ ਸਮਾਂ ਨਹੀਂ ਹੋਇਆ। ਜੇ ਮੱਕੀ ਹੀ ਸਾਡੀ ਨਹੀਂ ਹੈ ਤਾਂ ਫਿਰ ਇਸ ਦੇ ਆਲਣ ਬਿਨਾਂ ਪੰਜਾਬੀ ਸਾਗ ਕਾਹਦਾ। ਇਹ ਤਾਂ ਫਿਰ ਹਰੇ ਪੱਤਿਆਂ ਦੀ ਭੁਰਜੀ ਹੋਈ, ਜਮਨਾ ਪਾਰਲੇ ਭਾਰਤ ਦਾ ਖਾਜਾ। ਇਤਿਹਾਸ ਪੜ੍ਹ ਕੇ ਮੈਂ ਕਾਲਜਾ ਫੜ ਲਿਆ ਤੇ ਯਾਦ ਕਰਨ ਲੱਗ ਪਿਆ ਕਿ ਪੰਜਾਬੀ ਵਿੱਚ ਮੱਕੀ ਸੰਬੰਧੀ ਕੋਈ ਮੁਹਾਵਰਾ ਲੱਭਾਂ ਪਰ ਵਿਅਰਥ। ਦੂਜੇ ਪਾਸੇ ਕਣਕ, ਛੋਲੇ, ਬਾਜਰਾ, ਚੌਲਾਂ ਨਾਲ ਸਾਡਾ ਲੋਕ ਸਾਹਿਤ ਨੱਕੋ-ਨੱਕ ਭਰਿਆ ਪਿਆ ਹੈ। ਮੈਨੂੰ ਪੰਜਾਬੀਅਤ ਦੀ ਜ਼ਮੀਨ ਖਿਸਕਦੀ ਪ੍ਰਤੀਤ ਹੋਈ। ਕੋਸ਼ ਦੇਖੇ ਪਤਾ ਲੱਗਾ, ਮੱਕੀ ਸ਼ਬਦ ਸਾਡਾ ਨਹੀਂ, ਗੁਰਬਾਣੀ ਤੇ ਨਜ਼ਰ ਦੁੜਾਈ ਮੱਕੀ ਸ਼ਬਦ ਇਕ ਵਾਰੀ ਵੀ ਨਹੀਂ ਆਇਆ, ਸਾਗ ਦੋ ਵਾਰੀ ਵਰਤਿਆ ਗਿਆ ਹੈ ਪਰ ਉਹ ਵੀ ਹਰੇ ਪੱਤਿਆਂ ਦੇ ਅਰਥਾਂ ਵਿੱਚ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ:
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ
ਪਰ ਕਬੀਰ ਸਾਹਿਬ ਦੀ ਤੁਕ ਤੋਂ ਸਾਗ ਦੇ ਇਕ ਘਟੀਆ ਭੁਰਜੀਨੁਮਾ ਚੀਜ਼ ਹੋਣ ਦਾ ਪ੍ਰਮਾਣ ਮਿਲਦਾ ਹੈ:
ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ
ਅਰਥਾਤ ਪਰਮਾਤਮਾ ਦੇ ਦਿਨ ਰਾਤ ਗੁਣ ਗਾਉਂਦਿਆਂ ਮੈਂ ਬੇਸੁਆਦੇ ਸਾਗ ਨੂੰ ਵੀ ਖੀਰ ਸਮਝ ਕੇ ਖਾ ਲਿਆ ।
-----
ਮਹਾਂਪੁਰਸ਼ਾਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਮੱਕੀ ਤਾਂ ਸਭ ਤੋਂ ਪਹਿਲਾਂ ਅਮਰੀਕਾ ਮਹਾਂਦੀਪ ਵਿੱਚ ਹੀ ਪਾਈ ਗਈ ਤੇ ਸੋਲ੍ਹਵੀਂ ਸਦੀ ਵਿੱਚ ਯੂਰਪੀਅਨ ਨੌਆਬਾਦਕਾਰ ਜਦ ਏਥੇ ਆਏ ਤਾਂ ਉਹ ਮੱਕੀ ਨੂੰ ਪਹਿਲੀ ਵਾਰ ਆਪਣੇ ਯੂਰਪੀ ਦੇਸ਼ਾਂ ਚ ਲੈ ਕੇ ਗਏ। ਇਸ ਤਰਾਂ ਭਾਰਤ ਵਿੱਚ ਪੁੱਜਦਿਆਂ ਇਸ ਨੇ ਕਾਫ਼ੀ ਦੇਰ ਕਰ ਦਿੱਤੀ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਢੇਰ ਚਿਰ ਪਿਛੋਂ ਮੱਕੀ ਪੰਜਾਬ ਵਿੱਚ ਪੁੱਜੀ। ਇਸਦਾ ਭਾਵ ਹੈ ਕਿ ਪੰਜਾਬੀ ਕੌਮੀਅਤ ਦੇ ਪਿਤਾਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕੀ ਨਹੀਂ ਸੀ ਖਾਧੀ ਤੇ ਜੇ ਮੱਕੀ ਨਹੀਂ ਸੀ ਖਾਧੀ ਤਾਂ ਮੱਕੀ ਦੇ ਆਲਣ ਵਾਲਾ ਸਾਗ ਕਿਧਰੋਂ ਖਾਣਾ ਸੀ। ਹਾਂ, ਉਨ੍ਹਾਂ ਨੇ ਮਲਿਕ ਭਾਗੋ ਦੇ ਛੱਤੀ ਪਦਾਰਥ ਠੁਕਰਾ ਕੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਜ਼ਰੂਰ ਖਾਧੀ ਹੋਣੀ ਹੈ ਤੇ ਕੋਧਰਾ ਮੱਕੀ ਨਹੀਂ ਇਕ ਘਟੀਆ ਕਿਸਮ ਦਾ ਬਾਜਰਾ ਹੈ।
-----
ਅਸੀਂ ਪੰਜਾਬੀ ਮੱਕੀ ਨੂੰ ਆਪਣੀ ਜੱਦੀ ਪੁਸ਼ਤੀ ਚੀਜ਼ ਸਮਝੀ ਬੈਠੇ ਹਾਂ ਤੇ ਆਪਣੇ ਸਭਿਆਚਾਰ ਦੀ ਪ੍ਰਾਪਤੀ ਦਾ ਚਰਮ ਬਿੰਦੂ। ਜਦ ਮੱਕੀ ਪੰਜਾਬ ਵਿੱਚ ਆਈ ਤਾਂ ਸਾਡੇ ਕੋਲ ਇਸ ਨਵੇਂ ਅੰਨ ਵਾਸਤੇ ਸ਼ਬਦ ਨਹੀਂ ਸੀ। ਅਸੀਂ ਚਰੀ ਲਈ ਵਰਤੇ ਜਾਂਦੇ ਸ਼ਬਦ ਜਵਾਰ ਤੋਂ ਹੀ ਕੰਮ ਸਾਰਿਆ। ਦੁਆਬੇ ਤੇ ਹੋਰ ਕਈ ਇਲਾਕਿਆਂ ਵਿੱਚ ਅਜੇ ਵੀ ਮੱਕੀ ਨੂੰ ਜਵਾਰ ਹੀ ਕਿਹਾ ਜਾਂਦਾ ਹੈ। ਪਰ ਮੱਕੀ ਦੇ ਆਉਣ ਨਾਲ ਪੰਜਾਬ ਵਿੱਚ ਇਕ ਅੰਨ ਦਾ ਇਨਕਲਾਬ ਆ ਗਿਆ। ਪੰਜਾਬ ਵਿੱਚ ਹਾੜ੍ਹੀ ਸੌਣੀ ਦੋ ਫ਼ਸਲਾਂ ਹੋਣ ਲੱਗ ਪਈਆਂ ਤੇ ਸਾਡੀ ਜਨਸੰਖਿਆ ਵਿੱਚ ਢੇਰ ਵਾਧਾ ਹੋ ਗਿਆ। ਪਰ ਬਖੁਟਰੀ ਮੱਕੀ ਕਿਹੜੇ ਵੇਲੇ ਪੰਜਾਬੇ ਆਈ ਤੇ ਕਿਹੜੇ ਵੇਲੇ ਚਲੀ ਵੀ ਗਈ। ਪੰਜਾਬੀਆਂ ਨੇ ਤਾਂ ਅਜੇ ਇਸ ਨੂੰ ਅਪਣਾਇਆ ਹੀ ਸੀ ਤੇ ਅਜੇ ਰੀਝਾਂ ਵੀ ਪੂਰੀਆਂ ਨਹੀਂ ਸੀ ਕੀਤੀਆਂ ਪਰ ਇਹ ਦਗ਼ਾ ਦੇ ਗਈ। ਮੇਰੇ ਦੇਖਦੇ ਦੇਖਦੇ ਪੰਜਾਬ ਵਿੱਚ ਨਕਦੀ ਫਸਲ ਝੋਨਾ ਆ ਗਿਆ ਤੇ ਮੱਕੀ ਦਾ ਮੱਕੂ ਬੱਝ ਗਿਆ। ਇਹ ਹਾਲ ਹੈ ਸਾਡੇ ਕੌਮੀ ਖਾਣੇ ਦਾ। ਅਮਰੀਕਾ ਵਿੱਚ ਰਹਿੰਦੇ ਪੰਜਾਬੀ ਕੁਝ ਧਰਵਾਸਾ ਲੈ ਸਕਦੇ ਹਨ ਕਿ ਏਥੇ ਮੱਕੀ ਬਥੇਰੀ ਹੈ ਪਰ ਏਥੇ ਦੀ ਨਵੀਂ ਪੰਜਾਬੀ ਪਨੀਰੀ ਸਾਗ ਤੋਂ ਇਵੇਂ ਭਜਦੀ ਹੈ ਜਿਵੇਂ ਧੁਣਖੀ ਤੋਂ ਕਾਂ। ਇਸ ਪਨੀਰੀ ਤੋਂ ਡਰਦੇ ਸਾਗ ਦੇ ਸ਼ੌਕੀਨ ਸਾਗ ਨੂੰ ਗਰਾਜ ਵਿੱਚ ਧਰਨ ਲੱਗ ਪਏ ਹਨ। ਫਿਰ ਵੀ ਇਹ ਜੁਆਕ ਘਰ ਵਿੱਚ ਸਾਗ ਰਿਝਦਾ ਹੋਵੇ ਤਾਂ ਇਸਦੀਆਂ ਲਪਟਾਂ ਨੂੰ ਆਪਣੇ ਸਰੀਰ ਨਾਲ ਨਹੀਂ ਲੱਗਣ ਦੇਂਦੇ ਤੇ ਦੁਆਲੇ ਚਾਦਰ ਲਪੇਟ ਲੈਂਦੇ ਹਨ। ਮੇਰੀ ਗੱਲ ਪੱਲੇ ਬੰਨ੍ਹ ਲਓ : ਸਾਗ ਖਾਓ ਪਰ ਗੋਰਾ-ਜਗਤ ਤੋਂ ਲੁਕਾ ਕੇ ਤੇ ਆਪਣੀ ਬੁੱਕਲ ਵਿੱਚ ਵਾੜ ਕੇ। ਚਾਂਭਲੇ ਹੋਏ ਕਦੇ ਭੁੱਲ ਕੇ ਵੀ ਆਪਣੇ ਅੰਗਰੇਜ਼ ਬੌਸ ਨੂੰ ਸਾਗ ਦਾ ਸੁਆਦ ਨਾ ਦਿਖਾਉਣ ਲੱਗ ਪਿਓ, ਨਹੀਂ ਤਾਂ ਫਾਇਰ ਹੋਣ ਦਾ ਸਾਮਾਨ ਤੁਸੀਂ ਆਪ ਹੀ ਤਿਆਰ ਕਰ ਲਿਆ ਹੈ। ਜੇ ਕਿਤੇ ਬੌਸ ਪੁਲਿਸ ਅਫ਼ਸਰ ਹੋਇਆ ਤਾਂ ਫਾਇਰਿੰਗ ਵੀ ਹੋ ਸਕਦੀ ਹੈ!
----
ਪੰਜਾਬੀਆਂ ਦੇ ਸਾਗ ਦਾ ਪੋਲ ਖੁੱਲ੍ਹ ਚੁੱਕਾ ਹੈ ਪਰ ਇਹ ਇਸ ਤੋਂ ਟਲਣ ਵਾਲੇ ਨਹੀਂ ਕਿਉਂਕਿ ਸਾਗ ਇਨ੍ਹਾਂ ਦੀ ਹਿਯਾਤੀ ਦਾ ਹਿੱਸਾ ਬਣ ਚੁੱਕਾ ਹੈ, ਇਨ੍ਹਾਂ ਦੇ ਹੱਡਾਂ ਵਿੱਚ ਰਚ ਚੁੱਕਾ ਹੈ। ਜੇ ਸਾਗ ਵੀ ਗਿਆ ਤਾਂ ਫਿਰ ਪੰਜਾਬੀਆਂ ਦੇ ਪੱਲੇ ਕੀ ਰਹਿ ਗਿਆ? ਸਿਡਨੀ ਤੋਂ ਸਰੀ ਤੱਕ ਤੇ ਡੈਨਮਾਰਕ ਤੋ ਕੀਨੀਆ ਤੱਕ ਸਾਗ ਦੀ ਗੰਧ ਪੰਜਾਬੀਆਂ ਨੇ ਦੁਨੀਆ ਦੇ ਕੋਨੇ ਕੋਨੇ ਵਿੱਚ ਫੈਲਾਈ ਹੋਈ ਹੈ ਭਾਵੇਂ ਕਿ ਇਸ ਦੀਆਂ ਕਈ ਉਪ-ਵੰਨਗੀਆਂ ਤਿਆਰ ਹੋ ਗਈਆਂ ਹਨ।
----
1997 ਦੀ ਗੱਲ ਹੈ। ਪਹਿਲੀ ਵਾਰੀ ਮੇਰਾ ਭਾਰਤ ਛੱਡਕੇ ਬਾਹਰ ਘੁੰਮਣ ਦਾ ਜੁਗਾੜ ਬਣਿਆ। ਮੇਰੇ ਨਾਨਕੇ ਸਮਝੋ ਇੰਗਲੈਂਡ ਵਿੱਚ ਹਨ, ਚਾਰੇ ਮਾਮੇ ਤੇ ਅੱਗੇ ਉਨ੍ਹਾਂ ਦਾ ਕੋੜਮੇ। ਮੇਰੇ ਮਾਮੇ ਦੀ ਏਧਰ ਜੰਮੀ ਪਲੀ ਇਕ ਲੜਕੀ ਲੰਡਨ ਵਿੱਚ ਰਹਿੰਦੀ ਹੈ। ਉਹੋ ਮੈਨੂੰ ਹੀਥਰੋ ਏਅਰ ਪੋਰਟ ਤੋਂ ਲੈਣ ਆਈ। ਘਰ ਜਾਂਦਿਆਂ ਨੂੰ ਸ਼ਾਮ ਹੋ ਗਈ ਤੇ ਰੋਟੀ ਦਾ ਵੇਲਾ। ਥੋੜ੍ਹਿ ਬੀਅਰ ਛਕਣ ਪਿਛੋਂ ਖਾਣਾ ਲੱਗ ਗਿਆ: ਮੱਕੀ ਦੀਆ ਰੋਟੀਆਂ ਤੇ ਸਾਗ ਦਾ ਡੌਂਗਾ; ਉਪਰ ਪੀਲੇ ਮੱਖਣ ਦੀ ਗੁੱਲ ਜਿੱਡੀ ਟਿੱਕੀ ਪੰਘਰ ਰਹੀ ਸੀ। ਲਾਗੇ ਨਿੱਕੀਆਂ ਨਿੱਕੀਆਂ ਪਲੇਟੀਆਂ ਵਿੱਚ ਅਚਾਰ ਤੇ ਬੇਹਾ ਨਿੱਕ-ਸੁਕ ਪਿਆ ਸੀ। ਭੈਣ ਕਹਿੰਦੀ ਅੱਜ ਤੁਹਾਡੇ ਆਉਣ ਦੀ ਖ਼ੁਸ਼ੀ ਵਿੱਚ ਸਪੈਸ਼ਲ ਸਾਗ ਬਣਾਇਆ ਹੈ। ਮੈਂ ਹੇਠ ਉਤਾ ਝਾਕਾਂ, ਸਪੈਸ਼ਲ ਸਾਗ ਕੀ ਹੁੰਦਾ ਹੈ? ਸ਼ਾਇਦ ਇਸ ਵਿੱਚ ਬੀਫ਼ ਦੇ ਟੁਕੜੇ ਪਾਏ ਹੋਣਗੇ। ਪਰ ਸਾਗ ਤਾਂ ਸਾਗ ਹੈ ਚਾਹੇ ਪੰਜਾਬ ਦਾ, ਚਾਹੇ ਲੰਡਨ ਦਾ, ਚਾਹੇ ਟੋਰਾਂਟੋ ਦਾ। ਚੂਲੀ ਕੁ ਬੀਅਰ ਤੇ ਪਲੇਟਾ-ਭਰ ਸਾਗ ਨਾਲ ਖੂਬ ਢਿੱਡ ਤੂੜ ਹੋ ਗਿਆ ਤੇ ਮੰਜੇ ਤੇ ਡਿਗਦੇ ਸਾਰ ਘੂਕੀ ਸਿਰ ਨੂੰ ਚੜ੍ਹਨ ਲੱਗੀ। ਭੈਣ ਭਾਰਤ ਦੇ ਰਿਸ਼ਤੇਦਾਰਾਂ ਦਾ ਹਾਲ ਪੁੱਛੇ ਪਰ ਮੇਰੀਆਂ ਅੱਖਾਂ ਅੱਗੇ ਸੂਰ, ਗਾਈਆਂ ਤੇ ਭੇਡਾਂ ਟਪੂਸੀਆਂ ਮਾਰ ਰਹੇ ਸਨ। ਸਵੇਰੇ ਬਰੇਕਫਾਸਟ ਦਾ ਟਾਈਮ ਹੋਇਆ, ਭੈਣ ਨੇ ਪੁੱਛਿਆ ਬਰੇਕਫਾਸਟ ਚ ਕੀ ਲਓਗੇ? ਮੈਂ ਕਿਹਾ ਜੋ ਤੁਸੀਂ ਖਾਓਗੇ। "ਜਦੋਂ ਸਾਗ ਬਣਿਆ ਹੋਵੇ ਅਸੀਂ ਤਾਂ ਇਸ ਤੋਂ ਬਿਨਾ ਕੁਝ ਨਹੀਂ ਖਾਂਦੇ।" ਉਹ ਬੋਲੀ। "ਅੱਛਾ" ਮੈਂ ਕਿਹਾ, "ਅੱਜ ਦਾ ਦਿਨ ਤਾਂ ਮੇਰਾ ਅੰਨ ਜਲ ਤੁਹਾਡੇ ਨਾਲ ਹੀ ਰਲ਼ਿਆ ਹੋਇਆ ਹੈ।" । ਭੈਣ ਖ਼ੁਸ਼ ਹੋ ਗਈ, "ਮੈਨੂੰ ਪਤਾ ਸੀ, ਆਪਾਂ ਪੰਜਾਬੀ ਸਾਗ ਤੋਂ ਬਿਨਾ ਰਹਿ ਨਹੀਂ ਸਕਦੇ।" ਤੇ ਜੋ ਹੋਣਾ ਸੀ ਹੋਇਆ।
-----
ਅਜੇ ਇਕ ਡੰਗ ਹੋਰ ਪਿਆ ਸੀ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਏਥੋਂ ਦੋ ਸੌ ਮੀਲ ਦੂਰ ਆਪਣੇ ਨਾਨਕੇ ਸ਼ਹਿਰ ਨੌਟਿੰਘਮ ਚਲੇ ਜਾਣਾ ਸੀ। ਦੁਪਹਿਰਾ, ਜਿਸ ਨੂੰ ਲੰਚ ਕਹਿੰਦੇ ਹਨ, ਚਰਦਿਆਂ ਹੋਇਆਂ ਚਟਖਾਰੇ ਮਾਰਦੀ ਭੈਣ ਕਹਿ ਰਹੀ ਸੀ, "ਤੁੜਕੇ ਹੋਏ ਸਾਗ ਦੀ ਨਹੀਂ ਰੀਸ, ਅਜੇ ਤਾਂ ਮੈਂ ਹਰੀਆਂ ਮਿਰਚਾਂ ਪਾਉਣੀਆਂ ਭੁੱਲ ਗਈ।" ਸਾਗੋ-ਸਾਗ ਹੋਇਆ ਲੌਢੇ ਵੇਲੇ ਮੈਂ ਆਪਣੇ ਆਪ ਨੂੰ ਨੌਟਿੰਘਮ ਜਾਣ ਲਈ ਤਿਆਰ ਖੜ੍ਹੀ ਕਾਰ ਵਿੱਚ ਸੁੱਟ ਲਿਆ। ਅਸੀਂ ਨਾਨਕੇ ਘਰ ਸ਼ਾਮ ਹੁੰਦਿਆਂ ਪਹੁੰਚ ਗਏ। ਜਾਂਦਿਆਂ ਮੈਂ ਦੇਖਿਆ ਰਸੋਈ ਵਿੱਚ ਮੇਰੀ ਮੋਟੀ ਮਾਮੀ ਤੇ ਉਸ ਤੋਂ ਵੀ ਮੋਟੀ ਉਸਦੀ ਨੂੰਹ ਕਿਸੇ ਚੀਜ਼ ਦੇ ਦੁਆਲੇ ਘੋਲ-ਮਥੋਲਾ ਹੋ ਰਹੀਆਂ ਸਨ। ਉਹ ਦੋ ਜਣੀਆਂ ਸਨ ਪਰ ਅੱਠ ਨੌਂ ਜਣੀਆਂ ਲੱਗ ਰਹੀਆਂ ਸਨ। ਬਿੜਕ ਸੁਣਕੇ ਉਹ ਮੇਰੇ ਵੱਲ ਨੂੰ ਅਹੁਲੀਆਂ। ਉਨ੍ਹਾਂ ਦੇ ਮੱਥੇ, ਟੌਪ ਤੇ ਜੀਨਾਂ ਤੇ ਸਾਗ ਦੇ ਛਿੱਟੇ ਪਏ ਹੋਏ ਸਨ। "ਲੈ ਨੀ ਲੈ, ਭਾਣਜਾ ਆ ਗਿਆ, ਸੋਚਿਆ ਸੀ ਤੇਰੇ ਆਉਣ ਤੋਂ ਪਹਿਲਾਂ ਹੀ ਸਾਗ ਘੋਟ ਰੱਖਾਂ, ਪਰ ਇਹ ਨੂੰਹ ਰਾਣੀ ਹੁਣੇ ਕੰਮ ਤੋਂ ਆਈ। ਚੱਲ ਕੋਈ ਨੀ, ਤੂੰ ਕਿਹੜਾ ਓਪਰਾ।" ਮੈਂ ਸੋਚ ਰਿਹਾ ਸਾਂ ਅਜੇ ਤਾਂ ਮੈਂ ਅਗਲੇ ਦਿਨਾਂ ਵਿੱਚ ਤਿੰਨ ਮਾਮੀਆਂ ਹੋਰ ਭੁਗਤਾਉਣੀਆਂ ਹਨ, ਦਿਮਾਗ ‘ਚ ਕਿਆਸੇ ਸਮੋਕਡ ਬੇਕਨ, ਭੁੰਨੇ ਸਟੇਕ, ਸੋਸੇਜ, ਯੌਰਕਸ਼ਾਇਰ ਪੁਡਿੰਗ, ਲੈਟਸ ਤੇ ਮੇਅਨੇਜ਼ ਆਦਿ ਪਤਾ ਨਹੀਂ ਇਸ ਜਨਮ ਵਿੱਚ ਨਸੀਬ ਹੋਣਗੇ ਕਿ ਨਹੀਂ।
*******