ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, October 22, 2012

ਜਤਿੰਦਰ ਹਾਂਸ – ਆਰਸੀ ‘ਤੇ ਖ਼ੁਸ਼ਆਮਦੇਦ – ਕਹਾਣੀ – ਭਾਗ ਪਹਿਲਾ


ਆਰਸੀ ‘ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ:  ਜਤਿੰਦਰ ਹਾਂਸ
ਅਜੋਕਾ ਨਿਵਾਸ
– ਪਿੰਡ ਅਲੂਣਾ ਤੋਲਾ, ਜ਼ਿਲ੍ਹਾ ਲੁਧਿਆਣਾ
ਪ੍ਰਕਾਸ਼ਿਤ ਕਿਤਾਬਾਂ: ਦੋ ਕਹਾਣੀ ਸੰਗ੍ਰਹਿ: ਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼ ( ਪੰਜਾਬੀ ਅਤੇ ਹਿੰਦੀ )ਅਤੇ ਈਸ਼ਵਰ ਦਾ ਜਨਮ ਪ੍ਰਕਾਸ਼ਿਤ ਹੋ ਚੁੱਕੇ ਹਨ।
-------
ਦੋਸਤੋ! ਜਤਿੰਦਰ ਹਾਂਸ ਜੀ ਪੰਜਾਬੀ ਵਿਚ ਰਚੀ ਜਾ ਰਹੀ ਕਹਾਣੀ ਦੇ ਬਹੁਤ ਹੀ ਖ਼ੂਬਸੂਰਤ ਹਸਤਾਖ਼ਰ ਹਨ।  ਆਪਣੇ ਦੋਵਾਂ ਕਿਤਾਬਾਂ ਦੇ ਪ੍ਰਕਾਸ਼ਿਤ ਹੋਣ ਨਾਲ਼ ਉਹ ਪੰਜਾਬੀ ਅਦਬ ਵਿਚ ਚਰਚਾ ਵਿਚ ਆਏ ਹਨ। ਅੱਜ ਮੈਨੂੰ ਇਹ ਲਿਖਦਿਆਂ ਬਹੁਤ ਖ਼ੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਅੱਜ ਦੀ ਪੋਸਟ ਵਿਚ ਮੈਂ ਉਹਨਾਂ ਦੀ ਇਕ ਅਤਿ ਖ਼ੂਬਸੂਰਤ ਕਹਾਣੀ
‘ਰਾਹੂ-ਕੇਤੂ’ ਤਿੰਨ ਭਾਗਾਂ ਵਿਚ ਪੋਸਟ ਕਰਕੇ ਆਰਸੀ ਪਰਿਵਾਰ ਵੱਲੋਂ ਜਤਿੰਦਰ ਜੀ ਨੂੰ ਖ਼ੁਸ਼ਆਮਦੇਦ ਆਖ ਰਹੀ ਹਾਂ। ਮੇਰੀ ਬੜੀ ਦੇਰ ਦੀ ਖ਼ਵਾਹਿਸ਼ ਸੀ ਕਿ ਜਤਿੰਦਰ ਜੀ ਦੀ ਹਾਜ਼ਰੀ ਆਰਸੀ ‘ਤੇ ਜ਼ਰੂਰ ਲੱਗੇ, ਉਹਨਾਂ ਨੇ ਮੇਰੀ ਈਮੇਲ ਦਾ ਮਾਣ ਰੱਖ ਕੇ ਇਹ ਹਾਜ਼ਰੀ ਲਵਾਈ ਹੈ, ਸੋ ਮੈਂ ਉਹਨਾਂ ਦੀ ਤਹਿ ਦਿਲੋਂ  ਸ਼ੁਕਰਗੁਜ਼ਾਰ ਹਾਂ। ਇਸ ਕਹਾਣੀ ਬਾਰੇ ਤੁਹਾਡੇ ਵਿਚਾਰ ਦੀ ਉਡੀਕ ਰਹੇਗੀ.... ਅਦਬ ਸਹਿਤ....ਤਨਦੀਪ
=======
ਰਾਹੂ-ਕੇਤੂ
ਕਹਾਣੀ – ਭਾਗ ਪਹਿਲਾ
-------
ਵਕੀਲ ਬਾਬੂ ਜੀ
, ਮੋਤੀਆਂ ਆਲੀ ਸਰਕਾਰ ! ਧੰਨ  ਹੋ ਤੁਸੀਂ ਤੇ ਧੰਨ ਏ ਥੋਡੀ ਵਕਾਲਤ।
ਅਰਜ਼ ਇਹ ਆ ਜੀ, ਮੇਰੀ ਜਾਨ  ਨੂੰ ਖ਼ਤਰਾ। ਮੇਰੀ ਮਤਲ ਕੁਝ ਬੰਦੇ ਮੈਨੂੰ ਮਰਿਆ ਭਾਲ਼ਦੇ ਨੇ। ਕਈ ਦਿਨਾਂ ਤੋਂ ਲੁਕ ਛਿਪ ਕੇ ਜਾਨ ਬਚਾਉਨਾ। ਬਾਬੂ ਜੀ, ਤੁਸੀਂ ਪੰਜਾਬ ਦੇ ਪਹਿਲੇ ਦਰਜੇ ਦੇ ਵਕੀਲ ਓਂ। ਬੇਨਤੀ ਇਹ ਆ ਤੁਸੀਂ ਮੇਰੀ ਅਰਜ਼ੀ ਟਾਈਪ ਕਰਵਾਓ। ਮੈਂ ਸਾਰਿਆਂ ਬੰਦਿਆਂ ਦੀਆਂ ਗੱਲਾਂ ਦੱਸ ਦਿੰਨਾ, ਨਾਲੇ ਕਰੇ। ਜੇ ਮੈਨੂੰ ਕੁਝ ਹੋ ਗਿਆ, ਮੇਰਾ ਮਤਲ ਜੇ ਕਿਸੇ ਨੇ ਮੈਨੂੰ ਮਾਰ ਦਿੱਤਾ ਤਾਂ ਉਹ ਜਿੰਮੇਵਾਰ ਹੋਣਗੇ। ਅਲਮਾਰੀਆਂ ‘ਚ ਪਈਆਂ ਕਾਨੂੰਨ ਦੀਆਂ ਮੋਟੀਆਂ-ਮੋਟੀਆਂ ਕਿਤਾਬਾਂ ਥੋਡੇ ਹਰਫ਼-ਹਰਫ਼ ਯਾਦ ਨੇ।  ਤੁਸੀਂ ਸਾਰੇ ਕਾਨੂੰਨ ਦੀਆਂ ਘੁੰਡੀਆਂ ਜਾਣਦੇ ਓ। ਤੁਸੀਂ ਕੋਈ ਘੁੰਡੀ ਕੱਢੋ। ਮੈਨੂੰ ਮਰੇ ਹੋਏ ਨੂੰ ਜਿਉਂਦਾ ਕਰੋ। ਜਿਵੇਂ ਤੁਸੀਂ ਮੇਰੇ ਪਹਿਲੇ ਕੇਸ ਵਿੱਚ ਕੀਤਾ ਸੀ। ਉਵੇਂ ਹੀ ਕਰੋ। ਮੇਰਾ ਮਤਲ ਲੋਕਾਂ ਨੂੰ ਦੱਸ ਦਿਓ, ਬਈ ਚੰਦ ਸਿਉਂ ਘੀਸੀ ਕਰਵਾ ਦਿੰਦਾ।

 ਵਕੀਲ ਬਾਬੂ ਜੀ ! ਮੈਨੂੰ ਲੱਗਦਾ ਤੁਸੀਂ  ਮੈਨੂੰ ਪਹਿਚਾਣਿਆ ਨੀ।  ਪਹਿਚਾਣ ਵੀ ਕਿਵੇਂ ਆਵੇ, ਤੁਸੀਂ ਪੰਜਾਬ ਦੇ ਪਹਿਲੇ  ਦਰਜੇ ਦੇ ਵਕੀਲ ਓਂ, ਸੈਂਕੜੇ ਬੰਦੇ ਆਉਂਦੇ  ਨੇ ਥੋਡੇ ਕੋਲ।


ਮੈਂ ਜੀ ਚੰਦ ਸਿੰਘ ਆਂ, ਪਵਾਂ ਪਿੰਡ ਐ ਮੇਰਾ।  ਮੇਰਾ ਕੇਸ ਤੁਸੀਂ ਪਹਿਲਾਂ ਵੀ ਲੜਿਆ ਸੀ। ਜਿੱਤਿਆ ਸੀ। ਉਸ ਕੇਸ ਵਿੱਚ ਤੁਸੀਂ ਦਾਲ਼ ਖਾਣਿਆਂ ਦੇ ਲਾਣੇ ਨੂੰ ਸਜ਼ਾ ਕਰਵਾਈ ਸੀ। ਰਹਿੰਦੀ ਫੀਸ ਨਾਲ ਮੈਂ ਲੱਡੂਆਂ ਦਾ ਡੱਬਾ ਲੈ ਕੇ ਆਇਆ ਸੀ।

 ਵਕੀਲ ਬਾਬੂ ਜੀ ! ਮੇਰੇ ਤਾਂ ਅੱਜ ਵੀ ਜਦੋਂ ਉਹ ਗੱਲਾਂ ਯਾਦ ਆਉਂਦੀਆਂ ਨੇ ਤਾਂ ਲੂਈਂ  ਕੰਡਿਆ ਜਾਂਦੀ ਆ। ਦਾਲ਼ ਖਾਣਿਆਂ ਦਾ ਲਾਣਾ ਬਹੁਤ ਹੰਕਾਰਿਆ ਹੋਇਆ ਸੀ।  ਮੇਰਾ ਮਤਲ ਬਹੁਤ ਬੰਦੇ ਹੋਣ ਕਰਕੇ, ਉਹ ਸਿਰ ਚੜ੍ਹੇ ਹੋਏ ਸੀ। ਵੱਟਾਂ ਵਾਹ-ਵਾਹ ਸਾਡੇ ਖੇਤ ਵੱਲ ਕਰੀ ਜਾਂਦੇ। ਜਿਉਂ-ਜਿਉਂ ਮੈਂ ਭਲੀਮਾਣਸੀ ਵਰਤਦਾ, ਉਹ ਨਾਢੂ ਸ਼ਾਹ ਬਣੇ ਫਿਰਨ। ਬਾਬੂ ਜੀ, ਭਲਾ ਬੰਦਾ ਕਿੰਨਾ ਕੁ ਚਿਰ ਦਬੀ ਜਾਊ।  ਮੇਰਾ ਮਤਲ ਕਦੀ ਨਾ ਕਦੀ ਤਾਂ ਅਣਖ ਅੰਦਰੋਂ ਢੁੱਡਾਂ ਮਾਰਦੀ ਆ।  ਮਨ ‘ਚ ਲੂਹਰੀਆਂ ਉੱਠਦੀਆਂ।


ਜਦੋਂ ਮੈਂ ਖੇਤਾਂ ਵੱਲ ਜਾਣਾ ਝੂੰਮਦੀ ਕਣਕ ਜਿਵੇਂ ਕਹਿ ਰਹੀ ਹੋਵੇ, ‘‘ਬੰਦਾ ਮਾਰ ਦੇ ਜੱਟਾਂ, ਕਚਹਿਰੀਓ ਪਹਿਲੀ ਪੇਸ਼ੀ ਛੁਡਵਾ ਲਿਆਵਾਂਗੇ।’’ ਪਰ ਮੈਂ ਫਿਰ  ਸੋਚਦਾ ਕਣਕ ਇਹ ਨੀ ਕਹਿ ਸਕਦੀ।  ਇਹ ਤਾਂ ਹਜ਼ਾਰਾਂ ਲੋਕਾਂ ਦੀ ਭੁੱਖ ਸ਼ਾਂਤ  ਕਰਨ ਦੀ ਹੀ ਸੋਚ ਸਕਦੀ ਆ। ਇਹ ਤਾਂ ਮੇਰੇ ਅੰਦਰ ਬੈਠਾ ਕੋਈ ਪਾਪੀ ਬੰਦਾ ਹੀ ਸੋਚਦਾ, ਪਰ ਮੇਰੇ ਅੰਦਰ ਬੈਠਾ ਇੱਕ ਹੋਰ ਬੰਦਾ ਸੋਚਦਾ, ‘‘ਲੜਾਈਆਂ-ਝਗੜਿਆਂ ਚੋਂ ਕਿਸੇ ਨੇ ਕੀ ਖੱਟਿਆ, ਆਪਾਂ ਕਰਜ਼ਾ ਲਾਹਾਂਗੇ। ’’

ਇਕ ਦਿਨ ਸ਼ਾਮ ਨੂੰ ਮੇਰੀ ਘਰਵਾਲੀ ਦਲੀਪ ਕੁਰ ਕਹਿੰਦੀ, ‘‘ਏ ਜੀ, ਤੁਸੀਂ ਰੱਬ  ਨਾਲ ਰੋਸੇ ਕਰਦੇ ਰਹਿੰਦੇ ਓ, ਕਲ਼ਪਦੇ ਰਹਿੰਦੇ ਓ ਅਖੇ, ਕਰਜ਼ੇ ਨੇ ਮਾਰ ਲਿਆ।  ਬੈਂਕਾਂ  ਦੀਆਂ ਕਿਸਤਾਂ ਨੀ ਮੁੜਦੀਆਂ। ਆੜ੍ਹਤੀਆਂ ਦਾ ਵਿਆਜ ਨੀ ਉਤਰਦਾ। ਦੇਖ ਲਵੋ ਲੈਣਾ-ਦੇਣਾ ਤਾਂ ਚੰਦ ਸੂਰਜ ਨੇ ਵੀ ਆ, ਅੱਜ ਰਾਹੂ-ਕੇਤੂ ਚੰਦ ਨਾਲ ਹਿਸਾਬ-ਕਿਤਾਬ ਕਰਨਗੇ।    

 ਅੱਜ ਦੇ ਦਿਨ ਦਾਨ ਕਰਨਾ ਚੰਗਾ ਹੁੰਦਾ। ਆਹ ਕੱਪੜੇ ਦਾਣਿਆਂ ਨੂੰ ਹੱਥ ਲਾ ਦੋ...ਖਬਰੈ ਰੱਬ ਸੁਣ ਲਵੇ...। ’’ ਉਹ  ਪੁਰਾਣੇ ਕੱਪੜੇ ਕੱਢੀ ਬੈਠੀ ਸੀ।

 ਮੈਂ ਉਸ ਨੂੰ ਕਿਹਾ, ‘‘ਭਾਗਵਾਨੇ, ਮੈਂ  ਤਾਂ ਸਦਾ ਈ ਦਾਨ-ਪੁੰਨ ਕਰਦਾ ਰਹਿੰਨਾ। ਮੇਰਾ ਮਤਲ ਮਹਿੰਗੀਆਂ ਦਵਾਈਆਂ, ਖਾਦਾਂ, ਬੀਜ ਪਾ ਕੇ ਫ਼ਸਲਾਂ ਪੈਦਾ ਕਰਦਾਂ। ਕੌਡੀਆਂ ਦੇ ਭਾਅ  ਸਰਕਾਰ ਦੇ ਵਪਾਰੀ ਲੁੱਟ ਲਿਜਾਂਦੇ ਨੇ।  ਤੂੰ ਇਸੇ ਨੂੰ ਦਾਨ ਸਮਝ। ਫਿਰ ਤੂੰ  ਵੀ ਦਾਨ-ਪੁੰਨ ਕਰਦੀ ਰਹਿੰਦੀ ਏਂ, ਤੇਰੇ ਕੀਤੇ ਦਾਨ ਦਾ ਅੱਧਾ ਫਲ ਤੇਰਾ ਪਤੀ ਹੋਣ ਕਰਕੇ ਮੈਨੂੰ ਮਿਲ ਈ ਜਾਣਾ……...।

ਉਹਨੂੰ ਇਹੋ ਜਿਹੀਆਂ ਗੱਲਾਂ ਬਦਸ਼ਗਨੀਆਂ ਲੱਗਦੀਆਂ। ਉਹ ਬੁੱਲ੍ਹ ਟੇਰਦੀ  ਅੰਦਰ ਜਾ ਵੜੀ।

ਬਾਬੂ ਜੀ, ਉਸ ਦਿਨ  ਬਿਜਲੀ ਰਾਤ ਨੂੰ ਆਉਣੀ ਸੀ। ਮੈਂ  ਕਣਕ ਦੇ ਖੇਤ ਨੂੰ ਪਾਣੀ ਲਾਉਣ ਚਲਿਆ  ਗਿਆ।

ਕਣਕ ਦੀ ਫ਼ਸਲ ਕਹਿ ਰਹੀ  ਸੀ, … “ਜੱਟਾ ਐਤਕੀ ਤੇਰੇ ਸਾਰੇ ਉਲਾਂਭੇ ਲਾਹਦੂੰ। ਤੇਰੇ ਸਾਰੇ ਲੈਣੇ-ਦੇਣੇ ਮੋੜ ਦੂੰ।”

 ਪਾਣੀ ਨਾਲ਼ ਸਿੰਜੇ ਕਿਆਰਿਆਂ ਵਿਚੋਂ  ਗਿੱਲੀ ਮਿੱਟੀ ਦੀ ਮਹਿਕ ਆ ਰਹੀ ਸੀ।  ਹਰੀ ਕਚੂਰ ਕਣਕ ਦੀਆਂ ਬੱਲੀਆਂ ’ਚੋਂ ਦੁੱਧ ਦੀ ਮਹਿਕ ਆ ਰਹੀ ਸੀ। ਨਸ਼ਾ ਜਿਹਾ ਹੋ  ਗਿਆ। ‘ਵਾਹ ਓਏ ਦਾਤਾ! ਧੰਨ ਏ ਤੂੰ, ਧੰਨ ਨੇ ਤੇਰੇ  ਰੰਗ।’ ਮੇਰਾ  ਮਤਲ ‘ਜਦੋਂ ਫ਼ਸਲ ਪੱਕਣ ’ਤੇ ਆਉਂਦੀ ਆ ਤਾਂ ਆਪਣੇ ਆਪ ਦਾਣਿਆਂ ’ਚੋਂ ਦੁੱਧ ਭਰ ਜਾਂਦਾ।’ ਏਦਾਂ ਦੀਆਂ ਗੱਲਾਂ ਸੋਚਦਿਆਂ ਮੇਰਾ ਪਾਈਆ ਖ਼ੂਨ ਵੱਧ ਗਿਆ। ਉਦੋਂ ਹੀ ਲੈਣੇ-ਦੇਣੇ ਯਾਦ ਆ ਗਏ…... ਖਾਲ਼ ਦੇ ਪਾਣੀ ਵਿਚ ਪੂਰਨਮਾਸ਼ੀ ਦਾ ਚੰਦ ਡੋਲਦਾ ਜਿਹਾ ਦਿਖਾਈ ਦਿੱਤਾ। ਦਲੀਪ ਕੁਰ ਦੀ ਗੱਲ ਯਾਦ ਆ ਗਈ ਅਖੇ, “ਦੇਣਾ-ਲੈਣਾ ਤਾਂ ਚੰਦ ਸੂਰਜ ਨੇ ਵੀ ਆ।”



ਅਸਮਾਨ ਵੱਲ ਨਿਗ੍ਹਾ ਮਾਰੀ। ਚੰਦ ਨੂੰ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ ਸੀ। ਜਦੋਂ ਕੰਨੀ ਦੇ ਕਿਨਾਰੇ ਨੂੰ ਪਾਣੀ ਮੋੜਿਆ ਤਾਂ ਦੇਖਿਆ, ਦਾਲ਼ ਖਾਣੇ ਮੋਟਰ ’ਤੇ ਬੈਠੇ ਸ਼ਰਾਬ ਪੀ ਰਹੇ ਸੀ। ਉਨ੍ਹਾਂ ਵਿਚੋਂ ਕਿਸੇ ਨੇ ਖੰਘੂਰਾ ਮਾਰਿਆ। ਮੇਰੇ ਖ਼ੂਨ ’ਚ ਹਲਚਲ ਹੋਈ। ਫਿਰ ਸੋਚਿਆ,  “  ਸ਼ਰਾਬੀ ਤੇ ਪਾਗ਼ਲ ਉੱਤੇ ਕਾਹਦਾ ਗੁੱਸਾ।”

ਪਾਸਾ ਪਰਤ ਕੇ ਲੰਘਣ ਦੀ ਕੋਸ਼ਿਸ਼ ਕੀਤੀ। ਉਹ ਰਾਹੂ-ਕੇਤੂ ਵਾਂਗ ਰਾਹ ਰੋਕ ਕੇ ਖੜ੍ਹ ਗਏ। ਕਹਿੰਦੇ, “ਸਾਲਿਆ, ਸਾਨੂੰ ਲੋਕਾਂ ਕੋਲ ਦਾਲ-ਖਾਣ ਦੱਸਦੈਂ। ਜਿਵੇਂ ਤੂੰ ਨਿੱਤ ਮੀਟ ਨਾਲ ਰੋਟੀ ਖਾਂਦਾ ਹੁੰਨੈ।... ਅਸੀਂ ਤੇਰੇ ਕਿਹੜੇ ਮੁਰੱਬੇ ਰੋਕ ਲੇ? ਲੋਕਾਂ ਕੋਲ਼ ਸਾਡੀਆਂ ਗੱਲਾਂ ਬੁਣਾਉਨੈ...।”

ਮੈਂ ਆਪਣੇ ਆਪ ’ਤੇ ਕਾਬੂ ਪਾ ਕੇ ਨਰਮਾਈ ਨਾਲ ਕਿਹਾ, “ ਸਰਦਾਰੋ ਧੰਨ ਓ ਤੁਸੀਂ ਤੇ ਧੰਨ ਏ ਥੋਡੀ ਖੇਤੀ। ਦੇਖੋ, ਨਿੰਦਿਆ-ਚੁਗ਼ਲੀ ਦੀ ਆਦਤ ਤਾਂ ਮੈਨੂੰ ਹੈ ਨੀ। ਜਿਹੜੀ ਗੱਲ ਕਰੂੰਗਾ ਮੂੰਹ ’ਤੇ ਕਰੂੰਗਾ। ਮੇਰਾ ਮਤਲ ਥੋਡਾ ਕੰਮ ਸਾਰੇ ਪਿੰਡ ’ਚੋਂ ਵਧੀਆ। ਲੋਕ ਨੀ ਜਰਦੇ, ਤਾਂ ਹੀ ਲੋਕ ਖੰਭਾਂ ਦੀਆਂ ਡਾਰਾਂ ਬਣਾ-ਬਣਾ ਕੇ ਥੋਨੂੰ ਲੜਾਉਣ ਨੂੰ ਫਿਰਦੇ ਨੇ। ਇਹ ਗੱਲਾਂ ਉਹ ਸ਼ਰੀਕ ਬਣਾਉਂਦੇ ਨੇ, ਥੋਡਾ ਟਰੈਕਟਰ ਜਿਨ੍ਹਾਂ ਦੀ ਹਿੱਕ ਉੱਤੇ ਚੱਲਦਾ, ਜਿਨ੍ਹਾਂ ਤੋਂ ਥੋਡੀ ਤਰੱਕੀ ਦੇਖ ਨੀ ਹੁੰਦੀ...।”

ਬਾਬਾ ਜੀ, ਮੇਰੀਆਂ ਗੱਲਾਂ ਦਾ ਉਨ੍ਹਾਂ ਸ਼ਰਾਬੀਆਂ ਉੱਤੇ ਕੋਈ ਅਸਰ ਨਾ ਹੋਇਆ। ਉਹ ਬਦੀ ’ਤੇ ਉੱਤਰੇ ਹੋਏ ਸੀ। ਗਾਲ੍ਹ ਕੱਢੀ ਜਾਣ। ਫਿਰ ਪਤਾ ਨਹੀਂ ਮੈਨੂੰ ਕੀ ਹੋ ਗਿਆ। ਮੈਂ ਕਹੀ ਚੁੱਕ ਲਈ ਤੇ ਕਿਹਾ, “ਸਾਲਿਓ ਨੰਗੇ ਬੋਲਣ ਨੂੰ ਮਰਦੇ ਓ, ਬੈਂਕਾਂ ਦੀਆਂ ਕਿਸ਼ਤਾਂ ਥੋਤੋਂ ਮੋੜ ਨੀ ਹੁੰਦੀਆਂ, ਵੱਡੇ ਜਗੀਰਦਾਰਾਂ ਤੋਂ। ਸਰਕਾਰ ਥੋਡੀ ਜ਼ਮੀਨ ਕੁਰਕਣ ਨੂੰ ਫਿਰਦੀ ਆ। ਥੋਡੀ ਸਰਦਾਰਨੀ ਨੂੰ ਓਪਰੀ ਹਵਾ ਕੋਈ ਨੀ ਹੋਈ ਮੇਰਾ ਮਤਲ ਉਹਦੀ ਕਾਮ ਅੱਗ ਥੋਤੋਂ ਠੰਡੀ ਨੀਂ ਹੁੰਦੀ,  ਸਾਲਿਓ ਆਦਮੀ ਤੁਸੀਂ ਬੈਂਗਣ ਦੇ ਓ...”  ਮੈਂ ਵੀ ਗਾਲ੍ਹਾਂ ਦਾ ਮੀਂਹ ਵਰ੍ਹਾ ਦਿੱਤਾ। ਇਹ ਵੀ ਭੁੱਲ ਗਿਆ ਉਹ ਚਾਰ ਜਣੇ ਨੇ ਤੇ ਮੈਂ ਇਕੱਲਾ। ਉਹ ਪਤਾ ਨਹੀਂ ਕਿਹੜੇ ਵੇਲੇ ਮੋਟਰ ਆਲੇ ਕਮਰੇ ’ਚੋਂ ਡਾਂਗਾਂ ਕਿਰਪਾਨਾਂ ਚੁੱਕ ਲਿਆਏ। ਮੇਰਾ ਕੋਈ ਅੰਗ ਨਹੀਂ ਸੀ ਬਚਿਆ, ਜਿਹੜਾ ਜ਼ਖ਼ਮੀ ਨਾ ਹੋਇਆ ਹੋਵੇ। ਉਨ੍ਹਾਂ ਵਿਚੋਂ ਕਿਸੇ ਨੇ ਕਿਰਪਾਨ ਦੀ ਨੋਕ ਨਾਲ ਮੇਰੀ ਅੱਖ ਕੱਢ ‘ਤੀ। ਮਰਿਆ ਸਮਝ ਕੇ ਸੁੱਟ ਗਏ, ਪਰ ਬਾਬੂ ਜੀ ਜੱਟ ਵੱਢਿਆ ਨੀ ਮਰਦਾ।

ਬਾਬੂ ਜੀ, ਦਾਲ਼ ਖਾਣਿਆਂ ਤੋਂ ਹੁਣ  ਬਹੁਤਾ ਖ਼ਤਰਾ ਨਹੀਂ, ਮੇਰਾ ਮਤਲ ਉਹ ਜੇਲ੍ਹ ’ਚੋਂ ਬੰਦੇ ਬਣ ਕੇ ਆਏ ਨੇ। ਸਭ ਕੁਝ ਵਿਕ-ਵਿਕਾ ਗਿਆ ਵੱਡੇ ਸਰਦਾਰਾਂ ਦਾ। ਜਮ੍ਹਾਂ ਖਾਕੀ ਨੰਗ ਹੋ ‘ਗੇ। ਘੀਸੀ ਹੋਗੀ ਸਾਲ਼ਿਆਂ ਦੀ। ਦਿਹਾੜੀਆਂ ਕਰਦੇ ਫਿਰਦੇ ਨੇ। ਪਰ ਜੀ, ਜੇ ਸੱਪ ਦੇ ਦੰਦ ਕੱਢ ਵੀ ਲਈਏ ਤਾਂ ਵੀ ਉਹ ਦੀ ਡੰਗ ਮਾਰਨ ਦੀ ਆਦਤ ਨਹੀਂ ਜਾਂਦੀ।

ਹੁਣ ਜ਼ਮੀਨ ਦੀਆਂ ਵੱਟਾਂ ਤੇ ਬੰਨਿਆਂ ਦਾ ਰੌਲ਼ਾ ਵੀ ਮੁੱਕ ਗਿਆ। ਮੇਰਾ ਮਤਲ ਵੱਟਾਂ ਹੀ ਨਹੀਂ ਰਹੀਆਂ। ਸਾਰੀ ਜ਼ਮੀਨ ਵਿਕ ਵਿਕਾ ਗਈ। ਬੈਂਕਾਂ, ਆੜ੍ਹਤੀਏ ਲੈ ਗਏ ਹੂੰਝਾ ਫੇਰ ਕੇ।  ਕਣਕ ਦੇ ਖੇਤ ਜਿਹੜੇ ਕਹਿੰਦੇ ਸੀ, ‘ਬੰਦਾ ਮਾਰਦੇ ਜੱਟਾ ਪਹਿਲੀ ਪੇਸ਼ੀ ਛੁਡਵਾ ਲਿਆਵਾਂਗੇ’, ਠਾਣੇਦਾਰ ਦੀ ਜਾੜ੍ਹ ਹੇਠ ਵੀ ਨਾ ਆਏ।  ਮੇਰਾ ਮਤਲ ਉਹਦਾ ਘਰ ਵੀ ਪੂਰਾ ਨਾ ਹੋਇਆ।

 ਜਦੋਂ ਖੇਤ ਕੋਲੋਂ  ਲੰਘਦਾ ਤਾਂ ਕਾਲ਼ਜੇ ’ਚ ਧੂਹ ਪੈਂਦੀ ਏ, ਕਿਸੇ ਸ਼ਹਿਰ ਦੇ ਬੰਦੇ ਨੇ ਅੱਧੇ ਪਿੰਡ ਦੀ ਜ਼ਮੀਨ ਖ਼ਰੀਦ ਲਈ।

ਕਦੇ ਮਨ ਸਮਝਾਉਂਦਾ, ਇਹ  ਜ਼ਮੀਨ ਕਦੇ ਕਿਸੇ ਦੀ ਨ੍ਹੀਂ ਹੋਈ। ਬਜ਼ੁਰਗ  ਇਕ ਗੱਲ ਸੁਣਾਉਂਦੇ ਹੁੰਦੇ ਸੀ। ਅਖੇ, “ਸਾਧਾ ਪੂਪਨਿਆ, ਪਿਓ ਆਲਾ ਖੇਤ ਸਮਝ ਲਿਆ। ਇਹ ਮੇਰਾ ਖੇਤ ਆ।”


“ਭਗਤਾ ਦੁਨੀਆ ਹੋ-ਹੋ ਚਲੀ ਗਈ, ਇਹ ਜ਼ਮੀਨ ਕਦੇ ਕਿਸੇ ਦੀ ਨੀ ਹੋਈ ” ਏਨਾ ਕਹਿ ਕੇ ਸਾਧ ਚਲਿਆ ਗਿਆ।

ਜੱਟ ਕੀ ਦੇਖਦਾ, ਖੇਤ ’ਚ ਜਿੰਨੇ ਖਰਬੂਜੇ  ਸੀ ਸਾਰਿਆਂ ਦੇ ਸਿਰ ਬਣਗੇ। ਸਾਰੇ ਕਹਿਣ ਜ਼ਮੀਨ ਮੇਰੀ ਐ... ਮੇਰੀ ਐ। ਮਤਲ ਬਾਬੂ ਜੀ, ਅੰਤ ਨੂੰ ਸਾਢੇ ਤਿੰਨ ਹੱਥ ਜ਼ਮੀਨ ਹੀ ਨਸੀਬ ਹੁੰਦੀ ਆ।

 ਹੁਣ ਗੱਲ ਇਹ ਆ ਜੀ, ਮੈਂ ਬੁੱਢਾ  ਹੋ ਗਿਆਂ, ਛਿਆਹਟ ਵਰ੍ਹਿਆਂ ਦਾ। ਸਾਰੀ ਉਮਰ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ। ਮੇਰਾ ਮਤਲ ਦਸਾਂ ਨਹੁੰਆਂ ਦੀ ਕਿਰਤ ਕਰੀ ਆ। ਆਪਣਾ ਟੱਬਰ ਪਾਲ਼ਿਆ। ਦਾਲ਼ ਖਾਣਿਆਂ ਦੀ ਲੜਾਈ ’ਚ ਮੇਰੀ ਅੱਖ ਚਲੀ ਗਈ, ਨਾਲ਼ੇ ਚੂਲ਼ਾ ਟੁੱਟ ਗਿਆ। ਚੂਲਾ ਤਾਂ ਮੈਂ ਦੇਸੀ ਜਿਹੇ ਡਾਕਟਰ ਤੋਂ ਬੰਨ੍ਹਵਾ ਲਿਆ ਫਿਰ ਪਿਸ਼ਾਬ ਬੰਦ ਹੋ ਗਿਆ। ਉਹਦਾ ਅਪਰੇਸ਼ਨ ਕਰਵਾ ਲਿਆ। ਹੁਣ ਥੋੜ੍ਹਾ-ਥੋੜ੍ਹਾ ਪਿਸ਼ਾਬ ਹਰ ਵੇਲੇ ਆ  ਜਾਂਦਾ। ਉਹਦਾ ਅਪਰੇਸ਼ਨ ਕਰਵਾਉਣਾ ਪੈਣਾ। ਆਮਦਨ ਦਾ ਸਾਧਨ ਕੋਈ ਹੈ ਨੀ। ਜਦੋਂ ਬੰਦਾ ਡੁੱਬਦਾ, ਆਲ਼ੇ-ਦੁਆਲ਼ੇ ਬਹੁਤੇ ਹੱਥ ਮਾਰਦਾ। ਬਾਬੂ ਜੀ ਮੈਨੂੰ ਪਤਾ ਲੱਗਿਆ ਸਰਕਾਰ ਬੁੱਢਿਆਂ ਨੂੰ ਬੁਢਾਪਾ ਪੈਨਸ਼ਨ ਦਿੰਦੀ ਆ। ਮੈਂ ਦੁਚਿੱਤੀ ’ਚ ਪੈ ਗਿਆ। ਕਦੀ ਸੋਚਦਾਂ ਲਗਵਾ ਲਵਾਂ, ਕਦੀ ਸੋਚਦਾਂ ਛੱਡ ਪਰੇ। ਮੇਰਾ ਮਤਲ ਮਨ ’ਚ  ਆਵੇ, “ਜੱਟਾ! ਕਿਉਂ ਦੋ ਢਾਈ ਸੌ ਰੁਪਈਏ ਪਿੱਛੇ ਲਾਗੀਆਂ, ਤੱਥੀਆਂ ਆਲੀ ਲਾਈਨ ’ਚ ਖੜ੍ਹ ਕੇ ਨੀਵਾਂ ਹੋਵੇਂਗਾ।”

ਕਦੀ ਸੋਚਦਾ, ‘ਜਦੋਂ ਸਾਰੀ ਉਮਰ ਅੰਨਦਾਤਾ ਬਣ ਕੇ ਲੋਕਾਂ ਦੇ ਭੋਬੇ ਭਰਦਾ ਰਿਹਾ, ਸਰਕਾਰ ਨੂੰ ਸਾਰੇ ਟੈਕਸ ਦਿੰਦਾ ਰਿਹਾ। ਇਹ ਮੇਰਾ ਹੱਕ ਬਣਦਾ...।’ ਮੈਂ ਉਹੀ ਚੰਦ ਸਿਓਂ ਆ, ਜਿਹਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਮੇਲੇ ’ਚ ਅਗਾਂਹਵਧੂ ਕਿਸਾਨ ਦਾ ਖਿਤਾਬ ਮਿਲਿਆ ਸੀ। ਖੇਤੀਬਾੜੀ ਮੰਤਰੀ ਨੇ ਮੇਰੀ ਤਰੀਫ਼ ਦੇ ਪੁਲ਼ ਬੰਨ੍ਹ ਦਿੱਤੇ ਸੀ ਕਹਿੰਦਾ, “ਇਹ ਉਨ੍ਹਾਂ ਕਿਸਾਨਾਂ ’ਚ ਆ ਜਿਨ੍ਹਾਂ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਖੁਸ਼ਹਾਲ ਕੀਤਾ, ਹੁਣ ਸਾਨੂੰ ਬਹਾਰਲੇ ਮੁਲਕਾਂ ਤੋਂ ਅੰਨ ਨਹੀਂ ਮੰਗਵਾਉਣਾ ਪੈਂਦਾ” ਵਕੀਲ ਬਾਬੂ ਜੀ, ਮੇਰੀ ਛਾਤੀ ਮਾਣ ਨਾਲ ਚੌੜੀ ਹੋ ਗਈ ਸੀ। ਹੁਣ ਉਹੀ ਚੰਦ ਸਿਓਂ ਭੁੱਖਾ ਮਰਦਾ ਬੁਢਾਪਾ ਪੈਨਸ਼ਨ ਲਗਵਾਉਣ ਲੱਗਾ ਸੀ।

ਜੇ ਮੇਰੇ ਕੋਲ ਥੋੜ੍ਹੀ ਜਿਹੀ ਜ਼ਮੀਨ ਵੀ ਬਚਦੀ ਹੁੰਦੀ ਤਾਂ ਇਹ ਅੱਕ ਨਾ ਚੱਬਦਾ।

ਮੈਂ ਸ਼ਹਿਰੋਂ ਬੁਢਾਪਾ ਪੈਨਸ਼ਨ  ਲਗਵਾਉਣ ਵਾਲੇ ਫਾਰਮ ਲੈਣ ਚਲਿਆ ਗਿਆ, ਸਾਰੇ ਰਾਹ ਸੋਚਦਾ ਗਿਆ, “ਭਾਰਤ ਤਰੱਕੀ  ਕਰ ਗਿਆ ਹੌਲੀ-ਹੌਲੀ ਇਹਨੇ ਅਮਰੀਕਾ, ਕੈਨੇਡਾ ਦਾ ਮੁਕਾਬਲਾ ਕਰਨ ਲੱਗ ਜਾਣਾ। ਮੇਰਾ ਮਤਲ ਜਿਵੇਂ ਅਮਰੀਕਾ, ਕੈਨੇਡਾ ’ਚ ਬੰਦੇ ਨੂੰ ਬੁਢਾਪੇ ਦਾ ਫ਼ਿਕਰ ਨੀ। ਬਹੁਤੇ ਅੰਗਰੇਜ਼ ਤਾਂ ਬੱਚੇ ਵੀ ਪੈਦਾ ਨੀ ਕਰਦੇ। ...ਕਿਉਂ ਜੰਮਣ ਬੱਚੇ? ਜਦੋਂ ਸਰਕਾਰ ਉਨ੍ਹਾਂ ਨੂੰ ਬੁੱਢੇ ਬਾਰੇ ਸਾਂਭਦੀ ਆ। ਗੁਜ਼ਾਰੇ ਜੋਗੀ ਪਿਨਸ਼ਨ ਦਿੰਦਾ ਆ। ਡਾਕਟਰੀ ਸਹੂਲਤਾਂ ਦਿੰਦੀ ਆ। ਹੋਰ ਬੁੱਢੇ ਬਾਰੇ ਕੀ ਛੁਣਛੁਣਾ ਚਾਹੀਦਾ ਹੁੰਦਾ। ਮੇਰਾ ਮਤਲ ਜੀਹਦੇ ਕੋਲ ਪੈਸੇ ਹੋਣ ਇੱਜ਼ਤ ਉਹਨੂੰ ਮੁਫ਼ਤ ਮਿਲ ਜਾਂਦੀ ਆ...।

ਪੈਨਸ਼ਨ ਵਾਲੇ ਫਾਰਮ ਤਾਂ ਮੈਂ ਲੈ ਆਇਆ। ਫਾਰਮ ਕਾਹਦੇ ਲਿਆਂਦੇ ਫਾਹਾ ਖੜ੍ਹਾ ਕਰ ਲਿਆ। ਸਰਪੰਚ ਦੇ ਦਸਖ਼ਤ ਕਰਾਉਣ ਉਹਦੇ ਘਰ ਗਿਆ।

 ਸਰਪੰਚ ਆਪਣੇ ਆਪ ਨੂੰ ਪ੍ਰਧਾਨ  ਮੰਤਰੀ ਤੋਂ ਘੱਟ ਨਹੀਂ ਸਮਝਦਾ। ਮੈਂ ਫਾਰਮ ਫੜੀ ਬਾਹਰਲੀ ਬੈਠਕ  ’ਚ ਬੈਠ ਉਹਨੂੰ ਉਡੀਕੀ ਗਿਆ। ਉਹਦੇ ਨੌਕਰ ਨੂੰ ਦੋ ਤਿੰਨ ਵਾਰ ਕਿਹਾ, “ ਸਰਪੰਚ ਸਾਹਿਬ ਨੂੰ ਭੇਜ ਜ਼ਰਾ , ਫਾਰਮ ’ਤੇ ਠੁੰਗ ਮਰਵਾਉਣੀ ਆ ।”

ਸਾਹਬ ਅੰਦਰੇ ਪਤਾ ਨਹੀਂ ਕੀ ਅਸਨੇ-ਪਸਨੇ ਕਰੀਂ ਜਾਵੇ। ਫਿਰ ਮਸੀਂ ਤਿਆਰ ਹੋ ਕੇ ਨਿਕਲਿਆ, ਜਿਵੇਂ ਸਾਲ਼ੇ ਨੂੰ  ਦੇਖਣ ਆਲ਼ੇ ਆਏ ਹੁੰਦੇ ਨੇ।

“ਆ ਬਈ ਚੰਦ ਸਿਆਂਹ, ਕਿਵੇਂ  ਆਉਣਾ ਹੋਏ”  ਕਹਿੰਦਾ ਆ ਕੇ  ਕੁਰਸੀ ’ਤੇ ਬੈਠ ਗਿਆ।

 ਮੈਂ ਕਹਿਣ ਲੱਗਿਆ, “ਸਰਪੰਚ ਸਾਹਿਬ, ਧੰਨ ਓ ਤੁਸੀਂ ਤੇ ਧੰਨ ਏ ਥੋਡੀ ਸਰਪੰਚੀ, ਬੜੀ ਔਖੀ ਜ਼ਿੰਮੇਵਾਰੀ ਐ ਜੀ, ਜਿਹੜੀ ਤੁਸੀਂ ਨਿਭਾਈ ਜਾ ਰਹੇ ਓ। ਆਪਣਾ ਪਿੰਡ ਤਾਂ ਡੱਡੂਆਂ ਦੀ ਪੰਸੇਰੀ ਆ, ਜਿਹਨੂੰ ਥੋਡੇ ਵਰਗਾ ਮਤਲ ਸਾਰੀਆਂ ਈ ਇਕੱਲਾ ਰੱਖ ਸਕਦਾ। ਤੁਸੀਂ ਪਿੰਡ ਨੂੰ ਸਵਰਗ ਬਣਾ ’ਤਾ। ਮੇਰਾ ਮਤਲ ਸਾਰੀਆਂ ਗਲ਼ੀਆਂ ਨਾਲ਼ੀਆਂ ਪੱਕੀਆਂ ਕਰਵਾ ਦਿੱਤੀਆਂ। ਸਾਫ਼ ਪਾਣੀ ਪੀਣ ਲਈ ਟੈਂਕੀ ਬਣਵਾ ਦਿੱਤੀ। ਪਿੰਡ ਦੇ ਸਕੂਲ, ਧਰਮਸ਼ਾਲਾ ਵਧੀਆ ਬਣਵਾ ਦਿੱਤੀਆ। ਮੜੀਆਂ ਤਾਂ ਸਵਰਗ ਵਰਗੀਆਂ ਬਣਵਾ ਦਿੱਤੀਆਂ। ਉਨ੍ਹਾਂ ਨੂੰ ਦੇਖ ਕੇ ਮੇਰੇ ਵਰਗੇ ਦਾ ਮਰਨ ਨੂੰ ਜੀਅ ਕਰ ਆਉਂਦਾ। ਸੁੱਖ ਨਾਲ਼ ਪਰਿਵਾਰ ਵਲੋਂ ਵੀ ਸੁਖੀ ਓਂ। ਮੁੰਡਾ ਅਫ਼ਸਰ ਲੱਗ ਗਿਆ। ਕੁੜੀ ਬਾਹਰਲੇ ਮੁਲਖ਼ ਪੜ੍ਹਨ ਚਲੀ ਗਈ। ਸੱਭੇ ਖੈਰਾਂ ਨੇ...” ਮੈਂ ਬੋਲਦੇ ਨੇ ਹੀ ਉਸ ਅੱਗੇ ਫਾਰਮ ਕੀਤੇ।

ਸਰਪੰਚ ਫਾਰਮ ਪੜ੍ਹਨ ਦਾ ਢਕਵੰਜ ਜਿਹਾ ਕਰਦਾ ਪਤਾ ਨਹੀਂ ਕੀ-ਕੀ ਸੋਚਦਾ ਰਿਹ। ਪੱਗ  ’ਤੇ ਹੱਥ ਫੇਰਦਾ ਕਹਿਣ ਲੱਗਿਆ, “ ਚੰਦ ਸਿਆਂ ਆਪਣੀ ਤਾਂ ਘਰ ਆਲੀ ਗੱਲ ਆ। ਜਦੋਂ ਮਰਜ਼ੀ ਘੁੱਗੀ ਮਰਵਾ ਲੀਂ। ਪਹਿਲਾਂ ਪਟਵਾਰੀ ਤੇ ਡਾਕਟਰ ਤੋਂ ਦਸਖ਼ਤ ਕਰਾ ਲਿਆ” ਥੋੜ੍ਹਾ ਹੱਸ ਕੇ ਕਹਿਣ ਲੱਗਾ, “ ਮੁੰਡਾ ਤੇਰਾ ਸਰਕਾਰੀ ਨੌਕਰੀ ਤੇ ਆ। ਮੈਨੂੰ ਨੀ ਲੱਗਦਾ ਤੈਨੂੰ ਪੈਨਸ਼ਨ ਲੱਗੂ..।”

ਮੈਂ ਸਮਝ ਗਿਆ। ਜਿਹੜੀ ਇਹਨੂੰ ਵੋਟ ਨੀ ਪਾਈ ਉਹਦੇ ਬਦਲੇ ਲੈ ਰਿਹਾ। ਮਨ ’ਚ ਇਕ ਚੜ੍ਹੇ ਇਕ ਉੱਤਰੇ। ਆਪਣੇ ਗੁੱਸੇ ਉੱਤੇ ਕਾਬੂ ਪਾ ਕੇ ਤੁਰ ਪਿਆ। ਥੋੜ੍ਹੀ ਦੂਰ ਜਾ ਕੇ ਸੋਚਿਆ, ਮਨਾਂ ਐਵੇਂ ਗੁੱਸੇ ’ਚ ਤੁਰ ਆਇਆਂ। ਸ਼ਾਇਦ ਸਰਪੰਚ ਨੂੰ ਮੇਰੇ ਘਰ ਦੀ ਹਾਲਤ ਦਾ ਪਤਾ ਨਾ ਹੋਵੇ। ਉਹਨੂੰ ਦੱਸ ਤਾਂ ਦੇਵਾਂ, ਬਈ ਮੁੰਡੇ ਤਾਂ ਮੇਰੀ ਵੱਢੀ ਉਂਗਲ ’ਤੇ ਵੀ ਨੀ ਮੂਤਦੇ। ਜਦੋਂ ਮੁੜ ਕੇ ਉਹਦੀ ਬਾਹਰਲੀ ਬੈਠਕ ਦੇ ਦਰਾਂ ’ਚ ਆਇਆ, ਅੰਦਰ ਉਹਦੀ ਪਤਨੀ ਸੀ ?  ਮੈਂ ਬਾਹਰ ਹੀ ਪੈਰ ਜਿਹੇ ਮਲ਼ੇ।


ਉਹ ਪੁੱਛ ਰਹੀ ਸੀ, “ਕੌਣ ਸੀ ? ...ਚਲਿਆ ਗਿਆ?... ਮੈਂ ਤਾਂ ਚਾਹ ਲੈ ਕੇ ਆਈ ਸੀ ।”


“ਜੇ ਚਾਹ ਲਿਪਾਉਣ ਵਾਲਾ ਬੰਦਾ  ਹੁੰਦਾ ਤਾਂ ਬਿਠਾ ਲੈਂਦਾ। ਕਾਣਾ  ਚੰਦ ਸੀ।”
------
ਕੜੀ ਜੋੜਨ ਲਈ ਕਹਾਣੀ ਦਾ ਦੂਜਾ ਭਾਗ ਅਗਲੀ ਪੋਸਟ ਜ਼ਰੂਰ ਪੜ੍ਹੋ ਜੀ

ਜਤਿੰਦਰ ਹਾਂਸ – ਆਰਸੀ ‘ਤੇ ਖ਼ੁਸ਼ਆਮਦੇਦ – ਕਹਾਣੀ – ਭਾਗ ਦੂਜਾ


ਰਾਹੂ-ਕੇਤੂ
ਕਹਾਣੀ – ਭਾਗ ਦੂਜਾ
-----
ਕੜੀ ਜੋੜਨ ਲਈ ਕਹਾਣੀ ਦਾ ਪਹਿਲਾ ਭਾਗ ਪਿਛਲੀ ਪੋਸਟ ਜ਼ਰੂਰ ਪੜ੍ਹੋ ਜੀ
---------
ਸਰਪੰਚ ਦੀ ਗੱਲ ਸੁਣ ਕੇ ਮੈਨੂੰ ਅੱਗ  ਲੱਗ ਗਈ। ਜਿਵੇਂ ਮੇਰੇ ਕੰਨਾਂ ‘ਚ ਕੁਝ  ਗਰਮ-ਗਰਮ ਪਾ ਕੇ ਦਿੱਤਾ ਹੋਵੇ। ਜਦੋਂ ਮੈਂ ਭਰਿਆ ਪੀਤਾ ਅੰਦਰ ਵੜਿਆ। ਮੈਨੂੰ  ਦੇਖ ਕੇ ਉਹ ਕੱਚਾ ਜਿਹਾ ਹੋ ਗਿਆ। ਕਹਿਣ ਲੱਗਾ, “ ਆ ਬਈ ਚੰਦ ਸਿਆਂਹ, ਤੈਨੂੰ ਹਾਕ ਮਾਰਨ ਈ ਲੱਗਿਆ ਸੀ। ਤੇਰੀ ਭਰਜਾਈ ਚਾਹ ਲੈ ਕੇ ਆਗੀ, ਪੀ ਕੇ...।”

“ਨਾ ਤੂੰ ਮੈਨੂੰ ਕਾਣਾ  ਪਰਖਦੈਂ, ਜਿਵੇਂ ਧੀ ਦਾ ਸਾਕ ਕਰਨਾ  ਹੁੰਦਾ। ਮੈਂ ਤੇਰੇ ਦਸਖ਼ਤਾਂ ਤੇ  ਧਾਰ ਨੀ ਮਾਰਦਾ, ਨਾ ਈ ਦੋ  ਢਾਈ ਸੌ ਦੀ ਪੈਨਸ਼ਨ ‘ਤੇ। ਤੂੰ  ਸਾਰਾ ਪਿੰਡ ਵੇਚ ਕੇ ਖਾ ਲਿਆ। ਤੂੰ ਹਰਾਮ ਦੇ ਪੈਸੇ ਖਾਣ ਗਿੱਝਿਆਂ। ਸਾਰੀਆਂ ਸਰਕਾਰੀ ਗ੍ਰਾਂਟਾਂ ਖਾ ਗਿਆ। ਪਾੜੋ ਤੇ ਰਾਜ ਕਰੋ ਨਾਲ ਘਰ-ਘਰ ਕਲੇਸ਼ ਪਵਾਈ ਰੱਖਦੈਂ। ਠਾਣੇਦਾਰ ਦਾ ਦੱਲਾ ਤੂੰ। ਸਾਨੂੰ ਪਤਾ ਕੁੜੀ ਕਿਹੜੇ ਬਾਹਰਲੇ ਮੁਲਕ ਗਈ ਆ। ਉਸੇ ਮਾਸਟਰ  ਨਾਲ ਨਿੱਕਲ਼ਗੀ ਜਿਹੜਾ ਉਹਨੂੰ ਟਿਊਸ਼ਨ ਪੜ੍ਹਾਉਂਦਾ  ਸੀ। ਹੁਣ ਕਿਸੇ ਸ਼ਹਿਰ ’ਚ ਬੈਠੇ ਨੇ, ਤੂੰ  ਮੂੰਹ ਨੂੰ ਮਿੱਟੀ ਮਲ਼ੀ ਫਿਰਦੈਂ। ਬੋਲਣ ਨੂੰ ਮਰਦੈ...। ਮੁੰਡਾ ਜਿਵੇਂ ਪੈਸੇ ਝੋਕ ਕੇ ਸਰਕਾਰੀ ਨੌਕਰੀ ’ਤੇ ਲੱਗਿਆ ਸਾਰੇ ਜਾਣਦੇ ਨੇ...” ਮੈਂ ਬੋਲੀ ਗਿਆ।



ਸਰਪੰਚ ਮੇਰੇ ਮਾਰਨ ਆਵੇ। ਗਾਲ੍ਹਾਂ ਕੱਢੇ।  ਉਹਦੀ ਨੂੰਹ ਤੇ ਤੀਵੀਂ ਉਹਨੂੰ ਫੜ-ਫੜ  ਅੰਦਰ ਲਿਜਾਣ ਕਹਿੰਦੀਆਂ, “ਕਿਉਂ ਮਰਿਆ  ਸੱਪ ਗਲ਼ ਪਾਉਣੈ।”



ਮੈਂ ਸਰਪੰਚ ਦੀਆਂ ਇੱਦੀਆਂ-ਪਿੱਦੀਆਂ ਗਿਣੀ ਜਾਵਾਂ। ਲੋਕ ਤਮਾਸ਼ਾ ਦੇਖਣ ਆ ਖੜ੍ਹੇ।

“ਕਾਣਿਆ-ਕੁੱਤਿਆ ਤੈਂ ਮੇਰੇ ਹੱਥੋਂ  ਮਰਨਾ। ਤੈਨੂੰ ਮੈਂ ਦੱਸ ਦਿੱਤਾ...” ਸਰਪੰਚ ਉਨ੍ਹਾਂ ਤੋਂ ਛੁੱਟ ਕੇ  ਮੈਨੂੰ ਮਾਰਨ ਆਵੇ, ਨਾਲ਼ੇ ਇਹੀ  ਗੱਲ ਕਹੀ ਜਾਵੇ।

ਹਾਂ ਬਾਬੂ ਜੀ, ਮੁੰਡੇ ਹੈਗੇ ਨੇ, ਨਾ ਹੋਇਆ ਵਰਗੇ। ਮੇਰਾ ਮਤਲ ਇਕ ਫੌਜੀ ਆ।  ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ। ਦੂਜਾ ਨਿੱਕੇ-ਮੋਟੇ ਕੰਮ ਕਰਦਾ।

ਉਨ੍ਹਾਂ ਦੀਆਂ ਭਦਕਾਰੀਆਂ ਸੁਣ ਲਵੋ।

ਆਪਾਂ ਬੱਚੇ ਜੰਮਦੇ ਹਾਂ। ਜਦੋਂ ਬੁੱਢੇ  ਹੋਵਾਂਗੇ, ਸਹਾਰਾ ਬਣਨਗੇ। ਸਾਡੀ ਸੇਵਾ ਕਰਨੇ।  ਜੇ ਸਾਨੂੰ ਪਤਾ ਹੋਵੇ ਅਸੀਂ ਬੁੱਢੇ ਹੋ ਕੇ ਰੁਲ਼ਣਾ, ਮੇਰਾ ਮਤਲ ਦਰ-ਦਰ ਦੀਆਂ ਠੋਕਰਾਂ  ਖਾਣੀਆਂ ਨੇ, ਕਿਉਂ ਜੰਮੀਏ ਗੰਦੀਆਂ ਔਲਾਦਾਂ।


ਗਲ਼ਤੀਆਂ ਮੇਰੀਆਂ ਵੀ ਨੇ।  ਘੁਮਾਰ ਜਦੋਂ  ਭਾਂਡੇ ਪੱਥਦਾ ਤਾਂ ਭਾਂਡੇ ਦੇ ਪੂਰੇ ਚਿੱਬ ਕੱਢ  ਕੇ ਆਵੇ  ਪਕਾਉਦੈਂ। ਜੇ ਪੱਕੇ ਭਾਂਡੇ ਦੇ ਚਿੱਬ ਕੱਢਣ ਲੱਗੇ ਉਹ ਭਾਂਡਾ ਟੁੱਟ ਜਾਂਦਾ, ਪਰ ਚਿੱਬ ਨੀ ਨਿਕਲਦੇ। ਇਹੀ ਹਾਲ ਮੇਰੇ ਮੁੰਡਿਆਂ ਦਾ ਹੋਇਆ। ਮੇਰਾ ਮਤਲ ਮੈਂ ਉਨ੍ਹਾਂ ਨੂੰ ਪੜ੍ਹਾਈ ਗਿਆ। ਲਾਡ-ਲਡਾਈ ਗਿਆ। ਕਿਸੇ ਕੰਮ ਨੀ ਲਾਏ।  ਆਪ ਈ ਖੇਤਾਂ ’ਚ ਰੁਲ਼-ਰੁਲ਼ ਕੇ ਮਰੀ ਗਿਆ।  ਸੋਚਿਆ ਪੜ੍ਹ ਲਿਖ ਕੇ ਅਫ਼ਸਰ ਬਣ ਜਾਣ। ਜਦੋਂ ਪੜ੍ਹ ਕੇ ਉਹ ਹੱਥ ਲਮਕਾਈ ਫਿਰਨ ਲੱਗੇ, ਫਿਰ ਉਨ੍ਹਾਂ ਨੂੰ ਕੰਮ ਨੂੰ ਕਹਿਣ ਲੱਗਿਆ ਕਹਿੰਦੇ, “ਹਮ ਪੜ੍ਹੇ ਲਿਖੇ ਲਾਟ ਸਾਹਿਬ ਐਂ, ਹਮੇਂ ਨੌਕਰੀ ਚਾਹੀਏ”....ਨੌਕਰੀਆਂ ਸਰਕਾਰ ਕਿੱਥੇ ਦਿੰਦੀ ਆ। ਵੱਡਾ ਮੁੰਡਾ ਤਾਂ ਕੱਦ-ਕਾਠ ਦਾ ਚੰਗਾ ਸੀ ਪੈਸੇ ਦੇ ਦੁਆ ਕੇ ਫ਼ੌਜ ਚ ਭਰਤੀ ਕਰਵਾ ’ਤਾ।

 ਵਕੀਲ ਬਾਬੂ ਜੀ, ਦੋਵੇਂ ਭਾਈ ਵਿਆਹੇ-ਵਰ੍ਹੇ ਨੇ।  ਅੱਡ-ਅੱਡ ਰਹਿੰਦੇ ਨੇ। ਫ਼ੌਜੀ ਫ਼ੌਜ  ਵਿਚ ਗਿਆ ਹੋਣ ਕਰਕੇ ਉਹਦੀ ਘਰਵਾਲੀ ਘਰੇ ਇਕੱਲੀ ਸੀ। ਮੈਂ ਤੇ ਦਲੀਪ ਕੁਰ  ਫ਼ੌਜੀ ਨਾਲ ਰਲ਼ ‘ਗੇ। ਮਾਪਿਆਂ ਨੂੰ ਤਾਂ ਸਾਰੇ ਬੱਚੇ ਇਕੋ ਜਿਹੇ ਹੁੰਦੇ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਲੜਾਈ ਵਾਲਾ ਕੇਸ ਲੜਦਿਆਂ ਤੇ ਬੈਂਕਾਂ ਆੜ੍ਹਤੀਆਂ ਦਾ ਕਰਜ਼ਾ ਲਾਹੁੰਦਿਆਂ ਮੇਰੀ ਜ਼ਮੀਨ ਵਿਕ ਗਈ। ਅੱਧਾ ਕਿੱਲਾ ਦਲੀਪ ਕੁਰ ਦੇ ਨਾਂ ਸੀ ਉਹੀ ਬਚਿਆ। ਅਸੀਂ ਦੋਵੇਂ ਪਤੀ-ਪਤਨੀ  ਫ਼ੌਜੀ ਵੱਲ ਸੀ। ਜ਼ਮੀਨ ਵੀ ਉਸ ਵੱਲ ਸੀ।

 ਇਕ ਦਿਨ ਪੁੰਨ-ਦਾਨ ਕਰਨ ਵਾਲੀ ਤੀਵੀਂ  ਬਿਨਾਂ ਕੋਈ ਕਸ਼ਟ ਭੋਗੇ ਮੈਨੂੰ ਕਸ਼ਟ ਭੋਗਣ ਨੂੰ ਛੱਡ ਕੇ ਤੁਰਗੀ। ਮੇਰਾ ਮਤਲ ਕਸ਼ਟ ਤਾਂ ਉਹਨੇ ਜੀਉਂਦੇ ਜੀਅ ਬਥੇਰੇ ਭੋਗਲੇ ਸੀ। ਜਦੋਂ ਮਰੀ, ਬੈਠੀ ਬੈਠੀ ਓ ਅੱਖਾਂ ਮੀਚਗੀ। ਕਹਿੰਦੇ ਦਿਲ ਦਾ ਦੌਰਾ ਪਿਆ। ਸਬੱਬੀ ਫ਼ੌਜੀ ਛੁੱਟੀ ਆਇਆ ਹੋਇਆ ਸੀ। ਉਹਦੇ ਹੱਥਾਂ ਵਿਚ ਸੁਆਸ ਤਿਆਗੇ।



ਛੋਟੇ ਮੁੰਡੇ ਹਰਪਾਲ ਨੂੰ ਪਤਾ  ਲੱਗਿਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆ ਗਿਆ। ਆਉਣਾ ਈ ਸੀ। ਉਹਦੀ ਮਾਂ ਸੀ। ਪਰ ਜੀ ਮਾੜੀ ਗੱਲ ਇਹ ਹੋਈ, ਉਹ ਮਾਂ ਦੀ ਮਿੱਟੀ ਖ਼ਰਾਬ ਕਰਨ ਲੱਗ ਪਿਆ। ਅਰਥੀ ਨਾ ਚੁੱਕਣ ਦੇਵੇ। ਕਹਿੰਦਾ, “ਪਹਿਲਾਂ ਮੇਰੇ ਹਿੱਸੇ ਦੀ ਜ਼ਮੀਨ ਵੰਡੋ। ਫਿਰ ਅਰਥੀ ਚੁੱਕਿਓ।”

 ਫ਼ੌਜੀ, “ਮਾਂ ਚੋ..., ਬਹਿਨ ਚੋ...” ਗਾਲ੍ਹਾਂ ਕੱਢੇ। ਉਹਨੇ ਅਰਥੀ ਚੁਕਵਾ ਲਈ। ਦੋਵੇਂ ਭਰਾ ਹੱਥੋ-ਪਾਈ ਹੋਣ ਲੱਗੇ। ਉਨ੍ਹਾਂ ਦੀ ਮਾਂ ਅਰਥੀ ਤੋਂ ਅੱਧੀ ਹੇਠਾਂ ਲਮਕੇ ਲੋਕ ਤਮਾਸ਼ਾ ਦੇਖਣ।

 “ ਇਹਦੀ ਭਗਤਣੀ ਦੀ ਮਿੱਟੀ ਨਾ  ਰੋਲ਼ੋ...”  ਮੈਂ ਹੱਥ ਜੋੜਾਂ। ਲੋਕਾਂ  ਨੇ ਵੀ ਸਮਝਾਇਆ, “ਦਾਗ ਦੇ ਆਵੋ।  ਫਿਰ ਚਾਰ ਬੰਦਿਆਂ ’ਚ ਮਾਮਲਾ  ਨਿਪਟਾ ਲਵਾਂਗੇ।”

ਦਾਗ਼ ਤਾਂ ਬਾਬੂ ਜੀ, ਕਿਵੇਂ ਨਾ ਕਿਵੇਂ ਦੇ ‘ਤਾ।

 ਮੁੰਡਿਆਂ ਨੂੰ ਲੱਗਿਆ ਮਾਮਲਾ ਹੁਣ ਚਾਰ ਬੰਦਿਆਂ ’ਚ ਨਹੀਂ ਮੁੱਕਣਾ, ਕਚਹਿਰੀ ਜਾਊ। ਜਿਵੇਂ ਉਨ੍ਹਾਂ ਦੇ ਵਕੀਲਾਂ ਨੇ ਦੱਸਿਆ ਹੋਣਾ। ਦੋਵੇਂ ਮਾਂ ਦੇ ਵੱਧ ਤੋਂ ਵੱਧ ‘ਸਕੇ’ ਬਣਨ ਦੀ ਕੋਸ਼ਿਸ਼ ਕਰਨ ਲੱਗੇ।  ਮੇਰਾ ਮਤਲ ਫਿਰ ‘ਫੁੱਲਾਂ’ ਲਈ ਯੁੱਧ ਸ਼ੁਰੂ ਹੋ ਗਿਆ। ਫ਼ੌਜੀ ਨੇ ਮਾਂ ਦਾ ਸਿਵਾ ਠੰਢਾ ਨਾ ਹੋਣ ਦਿੱਤਾ ਉੱਤੇ ਪਾਣੀ ਦੀਆਂ ਚਾਰ ਬਾਲਟੀਆਂ ਮਾਰੀਆਂ ਫੁੱਲ ਚੁਗ ਲਏ। ਛੋਟਾ ਹਰਪਾਲ ਉਹਦੇ ਨਾਲੋਂ ਵੀ ਤੇਜ਼ ਨਿਕਲਿਆ। ਉਹ ਆਪਣੇ ਰਿਸ਼ਤੇਦਾਰਾਂ ਨਾਲ ਫ਼ੌਜੀ ਨਾਲੋਂ ਵੀ ਪਹਿਲਾਂ ‘ਫੁੱਲ’ ਪਾਉਣ ਕੀਰਤਪੁਰ ਸਾਹਿਬ ਪਹੁੰਚ ਗਿਆ। ਜਿਹੜੀ ਥਾਂ ਫੁੱਲ ਜਲ ਪ੍ਰਵਾਹ ਕਰਦੇ ਨੇ ਉੱਥੇ ਵੱਟੇ ਜਿਹੇ ਸੁੱਟ ਕੇ ਰਜਿਸਟਰ ਉੱਤੇ ਆਪਣਾ ਨਾਂ ਫੁੱਲ ਪਾਉਣ ਵਾਲਿਆਂ ’ਚ ਲਿਖਵਾ ਦਿੱਤਾ।  ਆਪਣੀ ਮਾਂ ਦੇ ਨਾਂ ਦਾ ‘ਪੁੰਨ-ਦਾਨ’ ਕਰਕੇ ਰਸੀਦ ਲੈ ਲਈ।  ਜਦੋਂ ਫੌਜੀ ਫੁੱਲ ਪਾ ਕੇ ਰਜਿਸਟਰ ਉੱਤੇ ਨਾਂ ਲਿਖਵਾਉਣ ਗਿਆ ਤਾਂ ਨਾਂ ਦਰਜ ਕਰਨਾ ਬੰਦਾ ਕਹਿੰਦਾ, “ ਦਲੀਪ ਕੌਰ ਦੇ ਫੁੱਲ ਤਾਂ ਹਰਪਾਲ ਸਿੰਘ ਪਾ ਗਿਆ”  ਫ਼ੌਜੀ ਡੌਰ ਭੌਰ ਹੋ ਗਿਆ।

 ਬਾਬੂ ਜੀ, ਮੀਤੀ ਫ਼ੌਜੀ ਹੀ ਨਿਕਲਿਆ। ਉਹਨੇ  ਮੇਰੇ ਇਧਰ-ਉਧਰ ਗਏ ਤੋਂ ਮਰੀ ਪਈ  ਮਾਂ ਦਾ ਅੰਗੂਠਾ ਲਗਵਾ ਕੇ ਵਸੀਅਤ ਬਣਵਾ ਲਈ ਜਿਹੜਾ ਅੱਧਾ ਕਿੱਲਾ ਜ਼ਮੀਨ ਬਚਦੀ ਸੀ, ਉਹ ਫ਼ੌਜੀ ਨੇ ਸਾਂਭ ਲਈ। ਅਜੇ ਵੀ ਅਦਾਲਤਾਂ ਚ ਧੱਕੇ ਖਾਈ ਜਾਂਦੇ ਨੇ, ਦੋਵੇਂ ਭਾਈ।

 ਛੋਟਾ ਮੁੰਡਾ ਤੇ ਉਹਦੀ ਬਹੂ ਮੇਰੀ ਜਾਨ ਦੇ ਦੁਸ਼ਮਣ ਬਣਗੇ ਕਹਿੰਦੇ,  “ਤੂੰ  ਵੀ ਇਸ ਸਾਜਿਸ਼ ’ਚ ਸ਼ਾਮਲ ਐਂ।”

 ਬਾਬੂ ਜੀ ਧੰਨ ਸੀ ਦਲੀਪ ਕੁਰ, ਊਹਦੇ ਵਰਗਾ ਕਿਸੇ ਨੀ ਬਣ ਜਾਣਾ। ਸ਼ਕਲ ਦੀ ਭਾਵੇਂ ਸਧਾਰਨ ਜਿਹੀ ਸੀ, ਪਰ ਸਾਊ ਏਨੀ ਸੀ ਨਿਰੀ ਗਊ ਸੀ ਗਊ। ਉਹਦੇ ਪੂਰੀ ਹੋਣ ਬਾਅਦ ਮੈਂ ਟੁੱਟ ਗਿਆ, ਮੇਰਾ ਕਿਧਰੇ ਦਿਲ ਨਾ ਲੱਗੇ। ਮੇਰਾ ਮਤਲ ਜੀਵਨ ਸਾਥੀ, ਜੀਵਨ ਸਾਥੀ ਓ ਹੁੰਦਾ। ਉਹਦੇ ਰੋਟੀ ਟੁੱਕ ਦਾ ਕੰਮ ਕਰਦੀ ਕੋਲ ਮੈਂ ਚੁੱਲ੍ਹੇ  ਅੱਗੇ ਜਾ ਕੇ ਬੈਠਣਾ ਜਿਵੇਂ ਸਵਰਗ ਮਿਲ ਜਾਂਦਾ।

ਇਕ ਦਿਨ ਫ਼ੌਜੀ ਦੀ ਬਹੂ  ਕਹਿੰਦੀ, “ਬਾਪੂ ਜੀ ਚੁੱਲ੍ਹੇ ਅੱਗੇ ਬੈਠ ਕੇ ਰੋਟੀ ਖਾ ਲਉ, ਚੁੱਲ੍ਹੇ ਤੇ ਦੁੱਧ ਤੱਤਾ ਕਰਨਾ ਧਰਿਆ ਹੋਇਆ, ਕਿਤੇ ਉਬਲ ਨਾ ਜਾਵੇ।  ਇਕ ਮੱਝ ਰਹਿੰਦੀ ਆ, ਮੈਂ ਉਹਦੀ  ਧਾਰ ਕੱਢ ਲਿਆਵਾਂ...”

 ਮੇਰੇ ਭਾਵੁਕ ਹੋਏ ਦੇ ਸਹਿਜ ਸੁਭਾਅ  ਮੂੰਹੋਂ ਨਿਕਲ ਗਿਆ, “ਭਾਈ ਰੋਟੀ ਕਿੱਥੇ ਚੰਗੀ ਲੱਗਦੀ ਆ। ਮੇਰਾ ਤਾਂ ਰੱਬ ਨੇ ਚੁੱਲ੍ਹਾ ਈ ਖੋਹ ਲਿਆ।”

 ਉਹਨੇ ਇਸੇ ਗੱਲ ਦਾ ਗਲਾਡਾ ਬਣ ਲਿਆ।  ਮੈਨੂੰ ਛੱਜ ’ਚ ਪਾ ਕੇ ਛੱਟਿਆ। ਅਖੇ, “ਕਾਣੇ ਚੌਰੇ ਦਾ ਦਿਮਾਗ ਫਿਰ ਗਿਆ।... ਕਾਣੇ ਚੌਰੇ ਨੂੰ ਨੂੰਹਾਂ-ਧੀਆਂ ਦੀ ਸ਼ਰਮ ਨੀ ਰਹੀ...ਕਾਣਾ ਚੌਰਾ ਮੈਨੂੰ ਦੱਸਦਾ...ਰੱਬ ਨੇ ਮੇਰਾ ਚੁੱਲ੍ਹਾ  ਖੋਹ ਲਿਆ... ਕਾਣੇ ਚੌਰੇ ਨੇ ਸਾਰੀ ਜਮੀਨ ਖਾ ਲੀ, ਸਾਰੀ ਉਮਰ ਕੋਈ ਚੱਜ ਦਾ ਕੰਮ ਨੀ ਕੀਤਾ, ਚੱਟ ਲਿਆ, ਪੂੰਝ ਲਿਆ...ਸ਼ਰਮ ਨੀ ਭੋਰਾ...।”

ਅਸੀਂ ਉਹਦੇ ਲਈ ਕੀ ਨਹੀਂ ਸੀ ਕੀਤਾ।  ‘ਧੰਨ ਏ ਤੂੰ-ਪੁੱਤ-ਧੀਏ। ਕਹਿ-ਕਹਿ ਕੇ ਸਿਰ ਤੇ ਬਠਾਈ ਰੱਖਿਆ। ਉਹਨੇ ਵੱਡੇ ਛੋਟੇ ਦੀ ਸ਼ਰਮ ਵੀ ਲਾਹਤੀ। ਮੈਨੂੰ ਗੱਲ-ਗੱਲ  ਨਾਲ ਕਾਣਾ-ਚੌਰਾ ਕਿਹਾ ਕਰੇ।  ਮੈਨੂੰ ਅੱਗ ਲੱਗ ਜਾਂਦੀ। ਉਹ ਮੇਰੇ ਮੂੰਹੋਂ ਸਿਰੋਂ ਲਹਿਗੀ।

 ਇਕ ਦਿਨ ਮੈਂ ਖ਼ਰੀਆਂ ਖ਼ਰੀਆਂ ਸੁਣਾ ਦਿੱਤੀਆਂ, “ਸੁਣ ਕੁੜੀਏ ਸਿਰ ਢੱਕ ਕੇ  ਚੁੰਨੀ ਦੀ ਬੁੱਕਲ ਮਾਰ ਲੈਣ ਨਾਲ ਕੋਈ ਸਾਊ ਨੀ ਬਣ ਜਾਂਦਾ, ਨਾ ਇਹ ਕਰਤੂਤਾਂ ਲੁਕਦੀਆਂ।  ਮੇਰਾ ਮਤਲ ਜਦੋਂ ਫ਼ੌਜੀ ਛੁੱਟੀ ਆ ਜਾਂਦਾ ਤੂੰ ਨਵੀਆਂ ਨਮੇਲੀਆਂ ਵਾਂਗ ਘਰੋਂ ਨੀ ਨਿਕਲਦੀ। ਜਦੋਂ ਉਹ ਫ਼ੌਜ ’ਚ ਹੁੰਦਾ ਸਾਰਾ ਦਿਨ ਕੌਉਲੇ ਕੱਛਦੀ ਰਹਿਨੀ ਆ। ਪਰਸ ਬਾਂਹ ’ਚ ਪਾ ਕੇ ਕਦੇ ਕਿੱਧਰ ਨੂੰ, ਕਦੀ ਕਿੱਧਰ ਨੂੰ। ਮੈਨੂੰ ਪਤਾ ਜਿਹੜੇ ਚੰਦ ਤੂੰ ਚਾੜ੍ਹਦੀ ਏ। ਮੈਂ ਜ਼ਮੀਨ ਥੋਡੀ ਗਰਜ਼ ਪੂਰੀ ਕਰਨ ਨੂੰ ਵੇਚੀ ਆ, ਹੋਰ ਮੈਂ ਕਿਹੜੀਆਂ ਕੰਜਰੀਆਂ ਨਚਾਉਂਦਾ ਰਿਹਾ। ਥੋਡੇ ਵਾਂਗੂ ਕਿਸੇ ਦਾ ਹੱਕ ਨੀ ਮਾਰਿਆ।  ‘ਮੇਰਾ ਮਤਲ’ ਜ਼ਮੀਨ ਦੱਬੀ ਨੀ...।”

 ਬਹੂ ਨੇ ਫ਼ੌਜੀ ਨੂੰ ਇਕ ਦੀਆਂ ਚਾਰ-ਚਾਰ  ਲਾ ਕੇ ਦੱਸ ਦਿੱਤੀਆਂ।  ਹੁਣ ਫ਼ੌਜੀ ਵੀ ਮੇਰੀ ਜਾਨ ਦਾ ਦੁਸ਼ਮਣ ਬਣਿਆ ਫਿਰਦਾ। ਉਹਨੂੰ ਉੱਥੇ ਕੁਆਟਰ ਮਿਲਿਆ ਹੋਇਆ ਸੀ। ਬਹੂ ਨੂੰ ਨਾਲ ਈ ਲੈ ਗਿਆ।  ਉਹ ਦੀ ਬਹੂ ਸਮਾਨ ਅੰਦਰ ਰੱਖ ਕੇ ਇਕ  ਢਹਿ ਰਿਹਾ ਕਮਰਾ ਮੇਰੇ ਲਈ ਖੁੱਲ੍ਹਾ ਛੱਡ ਕੇ  ਬਾਕੀਆਂ ਨੂੰ ਜਿੰਦੇ ਮਾਰ ‘ਗੀ।



ਛੋਟਾ ਮੁੰਡਾ ਆਪਣੇ ਸਹੁਰੀਂ ਰਹਿੰਦਾ।  ਉੱਥੇ ਸ਼ਹਿਰ ਨੇੜੇ ਆ, ਜਿੱਥੇ ਉਹ  ਫੈਕਟਰੀ ‘ਚ ਲੱਗਿਆ ਹੋਇਆ। ਮੈਂ ਸੁਣਿਆ  ਹੁਣ ਉਹਦੀ ਸੁਹਰਿਆਂ ਨਾਲ ਵੀ ਅਣਬਣ ਹੋ ਗਈ। ਬਹੂ ਤਲਾਕ ਲੈਣ ਨੂੰ ਫਿਰਦੀ  ਆ। ਖ਼ਬਰੈ ਉਹ ਕਿੱਥੇ ਰਹਿੰਦਾ।

 ਮੈਂ ਇੱਕਲੀ ਜਾਨ ਪਿੰਡ ਜਾਨ ਰਹਿਨਾ।

 ਬਾਬੂ ਜੀ, ਅਸੀਂ ਬੁੱਢੇ ਮਾਂ-ਬਾਪ ਨੂੰ ਅੱਖਾਂ ’ਤੇ  ਬਿਠਾਈ ਰੱਖਦੇ ਸੀ। ਮੇਰਾ ਮਤਲ ਉਨ੍ਹਾਂ ਦੀ ਇੱਜ਼ਤ ਕਰਦੇ ਹੁੰਦੇ ਸੀ। ਹੁਣ ਤਾਂ ਬੁੱਢਾ ਹੋਣਾ ਵੀ ਗੁਨਾਹ ਹੋ ਗਿਆ। ਸਾਰਾ ਪਿੰਡ ਮੇਰੀ ਇੱਜ਼ਤ ਕਰਦਾ ਸੀ। ਲੋਕ ਮੈਥੋਂ ਡਰਦੇ ਸੀ, ਬਈ ਚੰਦ ਸਿਉਂ ਨਾਲ਼ ਪੰਗਾ ਨਾ ਲਿਉ ਘੀਸੀ ਕਰਵਾ ਦਿੰਦਾ। ਹੁਣ ਉਹੀ ਲੋਕ ਪਿੱਠ ਪਿੱਛੇ ਕਾਣਾ ਚੰਦ ਕਹਿੰਦੇ ਨੇ। ਮੇਰੀ ਸੀਨੇ ’ਤੇ ਆਰੀ ਫਿਰ ਜਾਂਦੀ ਆ।  ਮੇਰਾ ਮਤਲ ਜਿਹੜੀ ਉਮਰੇ ਸਿਆਣਾ ਬੰਦਾ ਇੱਜ਼ਤ ਭਾਲਦੈ, ਉਦੋਂ ਉਹਨੂੰ ਜ਼ਲੀਲ ਕਰਨ ਲੱਗਦੇ ਨੇ।

 ਪੈਨਸ਼ਨ ਦੀ ਗੱਲ ਵੀ ਸੁਣ ਲੋ।  ਪੈਨਸ਼ਨ  ਵਾਲੇ ਫਾਰਮ ਲੈ ਕੇ ਪਟਵਾਰੀ ਕੋਲ਼ ਗਿਆ।  ਉਹ ਮੈਨੂੰ ਪਹਿਲਾਂ ਹੀ ਜਾਣਦਾ ਸੀ। ਜਦੋਂ ਜ਼ਮੀਨ ਵੇਚੀ ਸੀ। ਉਹ ਤੋਂ ਫਰਦਾਂ ਗੁਦਾਵਰੀਆਂ ਲਿਆਇਆ ਸੀ। ਉਹਦੇ ਦਫ਼ਤਰ ਜਾ ਕੇ ਅਲਖ ਜਗਾਈ, “ ਪਟਵਾਰੀ ਸਾਹਬ, ਮੋਤੀਆਂ ਆਲੀ ਸਰਕਾਰ, ਇਲਾਕੇ ਦੇ ਮਾਲਕੋ, ਧੰਨ ਓ ਤੁਸੀਂ, ਥੋਡੇ ਬਿਨਾਂ ਜੱਟ ਕਾਣੀ ਕੌਡੀ ਦਾ ਵੀ ਨਾ..”

ਪਟਵਾਰੀ ਜ਼ਮੀਨ ਦਾ ਰਿਕਾਰਡ ਫਰੋਲ਼ੀ ਬੈਠਾ ਸੀ। ਮੇਰੇ ਵੱਲ ਦੇਖ ਕੇ ਮੁਸਕਰਾਉਣ  ਲੱਗਾ, “ਬਾਬਾ ਕਿਉਂ ਸ਼ਰਮਿੰਦਾ ਕਰਦੈਂ ।”

 ਮੈਂ  ਉਹਨੂੰ ਸ਼ਰਮਿੰਦਾ ਕੀ ਕਰਨਾ ਸੀ। ਸ਼ਰਮਿੰਦਾ ਤਾਂ ਆਪਣੇ ਆਪ ਨੂੰ ਜੱਟ ਕਹਿ ਕੇ ਹੋਈ ਜਾ ਰਿਹਾ ਸਾਂ। ਮੈਂ ਕਾਹਦਾ ਜੱਟ। ਕੋਲ਼ ਜ਼ਮੀਨ ਦਾ ਕੋਈ ਟੁਕੜਾ ਨਹੀਂ। ਇਹੀ ਗੱਲ ਫਾਰਮਾਂ ’ਤੇ ਲਿਖਵਾਉਣ ਗਿਆ ਸੀ।

 ਪਟਵਾਰੀ ਵੱਡੇ ਸਾਰੇ ਰਜਿਸਟਰ ਉੱਤੋਂ ਜ਼ਮੀਨ ਦਾ ਰਿਕਾਰਡ ਦੇਖੀ ਜਾਵੇ,  ਨਾਲ਼ੇ ਮਖੌਲ ਕਰੀ  ਜਾਵੇ, “ਅੱਛਾ ਬਾਬਾ। ਪੈਨਸ਼ਨ ਲਵਾ ਲੈਣੀ ਆ, ਸਾਡਾ ਗ਼ਰੀਬ ਗੁਰਬੇ ਦਾ ਖਿਆਲ ਰੱਖੀਂ।”

 ਮੈਂ ਉਹਨੂੰ ਕਿਹਾ, “ਜਿਹੜੀਆਂ ਜਗੀਰਾਂ  ਮਿਲਣਗੀਆਂ ਅੱਧੀਆਂ ਤੇਰੀਆਂ” ਮੈਨੂੰ ਉਹਦੇ  ਲਾਲਚੀ ਸੁਭਾਅ ਦਾ ਪਤਾ ਸੀ। ਪੰਜਾਹ  ਦਾ ਨੋਟ ਦੇਣ ਲੱਗਿਆ ਉਹ ਲਵੇ ਨਾ, ਸੌ ਰੁਪਿਆ ਦੇ ਕੇ ਮਨ ਚ ਕਿਹਾ, “ਤੁਸੀਂ  ਤਾਂ ਪੁਲ਼ਸੀਆਂ ਨਾਲੋਂ ਵੀ ਮਾੜੇ ਓ। ਨਾਲੇ ਤਨਖਾਹ ਲੈਂਦੇ ਓ, ਨਾਲੇ ਮੇਰੇ ਵਰਗੇ ਗ਼ਰੀਬਾਂ ਦੇ ਕੱਪੜੇ ਲਾਹੁੰਦੇ ਓ।”
ਪਟਵਾਰੀ ਨੇ ਦੱਸਿਆ ਉਹਨੇ ਫਾਰਮ ਉੱਤੇ  ਲਿਖ ਦਿੱਤਾ,  “ਇਸ ਪਿੰਡ ਵਿੱਚ ਚੰਦ ਸਿੰਘ ਦੇ ਨਾਂ ਕੋਈ ਜ਼ਮੀਨ ਨਹੀਂ।”

ਇਹ ਸ਼ਬਦ ਸੁਣ ਕੇ ਮੈਨੂੰ ਘੁਮੇਰ  ਆ ਗਈ। ਜਿਵੇਂ ਸਭ ਕੁਝ ਈ ਘੁੰਮ ਰਿਹਾ ਹੋਵੇ। ਜੱਟ ਨੂੰ ਜਦੋਂ ਇਹ ਸੁਣਨਾ  ਪੈ ਜਾਵੇ ਤਾਂ ਉਹਨੂੰ ਧਰਤੀ ਵਿਹਲ ਨਹੀਂ ਦਿੰਦੀ। ਮਨ ’ਚ ਆਈ, ਇਨ੍ਹਾਂ ਕਾਗਜ਼ਾਂ ਨੂੰ ਅੱਗ ਲਾ ਕੇ ਫੂਕ ਦਿਆਂ।

 ਕਈ ਦਿਨ ਇਹ ਫਾਰਮ ਘਰੇ ਹੀ ਪਏ  ਰਹੇ। ਇਕ ਦਿਨ ਪੈਸੇ ਟਕੇ ਵਲੋਂ ਤੰਗ  ਫਾਰਮਾਂ ਨੂੰ ਲੈ ਕੇ ਡਿਸਪੈਂਸਰੀ ਵਾਲੇ ਡਾਕਟਰ ਕੋਲ਼ ਚਲਿਆ ਗਿਆ।

 “ਡਾਕਟਰ ਸਾਹਿਬ, ਧੰਨ ਓ ਤੁਸੀਂ  ਤੇ ਧੰਨ ਏ ਥੋਡੀ ਡਾਕਟਰੀ, ਦਿਨ  ਨੀ ਦੇਖਦੇ ਰਾਤ ਨੀ ਦੇਖਦੇ, ਇਹੀ ਸੇਵਾ ਚ ਲੱਗੇ ਰਹਿੰਦੇ ਓ। ਤੁਸੀਂ ਮਰਿਆ ਪਿਆ ਬੰਦਾ ਖੜ੍ਹਾ ਕਰ ਦਿੰਦੇ ਓ। ਰੱਬ ਬਿਮਾਰੀਆਂ ਬਣਾਉਂਦਾ ਥੱਕ ਗਿਆ, ਤੁਸੀਂ ਇਲਾਜ ਲੱਭਦੇ ਨੀ ਥੱਕੇ...”  ਮੈਂ ਡਿਸਪੈਂਸਰੀਆਂ ਵਾਲੇ ਡਾਕਟਰ ਕੋਲ਼ ਜਾ ਕੇ ਉਹਦੀਆਂ ਘੋੜੀਆਂ ਗਾਈ ਜਾਵਾਂ।

 ਡਾਕਟਰ ਵਿਹਲਾ ਹੀ ਬੈਠਾ ਸੀ।  ਸਰਕਾਰੀ ਹਸਪਤਾਲ ਵਿੱਚ ਸਰਕਾਰ ਦਵਾਈਆਂ ਨੀ ਭੇਜਦੀ। ਉੱਥੇ ਆ ਕੇ ਬੰਦੇ ਨੇ ਮਰਨਾ।  ਡਾਕਟਰ ਕਹਿੰਦਾ, “ਬਾਬਾ ਬਿਮਾਰੀ ਦੱਸ ?”

 ਮੈਂ ਡਾਕਟਰ ਅੱਗੇ ਪੈਨਸ਼ਨ ਵਾਲ਼ੇ ਫਾਰਮ ਕੀਤੇ।

 ਉਹ ਫਾਰਮ ਪੜ੍ਹਦਾ ਕਹਿਣ ਲੱਗਾ,  “ਬਾਬਾ ਤੇਰੀ ਉਮਰ ਦਾ ਕਿੱਥੋਂ ਪਤਾ ਲੱਗੂ। ਰਾਸ਼ਨ ਕਾਰਡ ਲਿਆ, ਉਹਦੀ ਫੋਟੋ ਕਾਪੀ ਨਾਲ ਲੱਗੂ।”

 ਮੈਂ ਰਾਸ਼ਨ ਕਾਰਡ ਦੀ ਫ਼ੋਟੋ ਕਾਪੀ ਕਿੱਥੋਂ ਲਿਆਉਂਦਾ। ਉਹ ਤਾਂ ਖ਼ਬਰੈ ਕਿੱਥੇ ਰੱਖ ਕੇ ਬਹੂ ਜ਼ਿੰਦਾ ਮਾਰ ‘ਗੀ ਸੀ।

 ਮੈਂ ਕਿਹਾ,  “ਡਾਕਟਰ ਸਾਹਿਬ ਤੁਸੀਂ  ਮੈਨੂੰ ਬਾਬਾ ਕਹਿੰਦੇ ਓ, ਇਹੀ ਉਮਰ ਦਾ ਸਬੂਤ ਆ।  ਸੰਤਾਲੀ ਦੇ ਹੱਲੇ-ਗੁੱਲੇ ਦੀ ਮੈਨੂੰ  ਚੰਗੀ ਸੁਰਤ ਆ। ਜਦੋਂ ਦੇਸ਼ ਆਜ਼ਾਦ ਹੋਇਆ ਸੀ। ਲੀਡਰ ਕਹਿੰਦੇ ਸੀ, ਹੁਣ ਆਜ਼ਾਦ ਹੋਗੇ,  ਭੁੱਖ ਨੰਗ, ਗ਼ਰੀਬੀ ਨਹੀਂ ਰਹਿਣੀ।  ਉਦੋਂ ਗ਼ਰੀਬ-ਗੁਰਬੇ ਦਾ ਵੱਢ-ਵਢੀਕਾ ਹੁੰਦਾ, ਮੈਂ ਅੱਖੀਂ ਦੇਖਿਆ।  ਹੁਣ ਵੀ ਗ਼ਰੀਬ ਗੁਰਬੇ ਦਾ ਵੱਢ-ਵਢੀਕਾ ਹੋਈ ਜਾਂਦਾ। ਗ਼ਰੀਬੀ ਤਾਂ ਇਨ੍ਹਾਂ ਤੋਂ ਖ਼ਤਮ ਨਹੀਂ ਹੁੰਦੀ ਗ਼ਰੀਬਾਂ ਨੂੰ ਖ਼ਤਮ ਕਰੀਂ ਜਾਂਦੇ ਨੇ...। ਅੰਗਰੇਜ਼ਾਂ ਵੇਲੇ ਸਾਡੇ ਕੋਲ਼ ਜ਼ਮੀਨ ਹੁੰਦੀ ਸੀ, ਹੁਣ ਖਾਕੀ ਨੰਗ ਬਣੇ ਬੈਠੇ ਆ।’



“ ਪਰ ਬਾਬਾ ਰਾਸ਼ਨ ਕਾਰਡ ਬਿਨਾਂ ਤੇਰੀ ਉਮਰ ਦਾ ਸਬੂਤ ?” ਉਹ ਐਨਕਾਂ ਵਿਚੀਂ ਝਾਕਿਆ। “ ਇਕ ਵਾਰ ਫਿਰ ਘਰੇ ਦੇਖ ਆ। ਕਿਸੇ ਖੱਲ-ਖੂੰਜੇ...।”

ਬਾਬੂ ਜੀ, ਮੈਂ ਡਾਕਟਰ ਕੋਲੋਂ ਰਾਸ਼ਨ ਕਾਰਡ ਲੱਭਣ ਘਰ ਚਲਿਆ ਗਿਆ। ਦਲੀਪ ਕੁਰ  ਵਾਲੀ ਪੇਟੀ ਵਿੱਚ ਹੱਥ ਮਾਰਨ ਲੱਗਿਆ।  ਉਹ ਖ਼ਾਲੀ ਜਿਹੀ ਪਈ ਸੀ।  ਉਹ ਉਹਨੂੰ ਦਾਜ ਨਾਲ ਭਰ ਕੇ ਲਿਆਈ ਸੀ। ਉਸ ਵਿੱਚ ਉਸ ਦੇ ਕੁਝ ਕੁ ਪੁਰਾਣੇ ਕੱਪੜੇ ਪਏ ਸੀ। ਕੱਪੜੇ ਫਰੋਲ਼ਦਿਆਂ ਉਨ੍ਹਾਂ ਵਿੱਚ ਕੁਝ ਛਣਕਿਆ। ਫਿਰ ਕੱਪੜੇ ਹਿਲਾਏ ਫਿਰ ਛਣਕਿਆ। ਇਹ ਦਲੀਪ ਕੁਰ ਦੀ ਝਾਂਜਰ ਸੀ। ਝਾਂਜਰ ਨੇ ਕੁਝ ਕਿਹਾ। ਮੇਰਾ ਮਤਲ ਜਿਵੇਂ ਛਣਕ-ਛਣਕ ਕੇ ਕਹਿ ਰਹੀ ਹੋਵੇ, “ ਕੀ ਲੱਭਦੈ ਰਾਖ ਚੋ...?”
=======

ਕੜੀ ਜੋੜਨ ਲਈ ਕਹਾਣੀ ਦਾ ਪਹਿਲਾ ਅਤੇ ਤੀਜਾ ਭਾਗ ਜ਼ਰੂਰ ਪੜ੍ਹੋ ਜੀ