ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, December 5, 2010

ਗੁਰਮੇਲ ਬਦੇਸ਼ਾ - ਕਾਜੂ ਦੇ ਨਾਲ ਇੱਕ ਕਾਜੂ ਦੀ ਧੀ ਫਰੀ - ਵਿਅੰਗ

ਕਾਜੂ ਦੇ ਨਾਲ ਇੱਕ ਕਾਜੂ ਦੀ ਧੀ ਫਰੀ

ਵਿਅੰਗ

ਮੈਂ ਜਦੋਂ ਦਾ ਕੈਨੇਡਾ ਆਇਆ ਹਾਂ , ਮੇਰੇ ਮਜਾਜ਼ ਦੇ ਨਾਲ ਮੇਰੀ ਖ਼ੁਰਾਕ ਵੀ ਬਦਲ ਗਈ ਹੈ । ਜੋ ਮੈਨੂੰ ਖ਼ੁਰਾਕ ਨਸੀਬ ਹੋਈ ਹੈ ਸ਼ਾਇਦ ਪਟਿਆਲੇ ਵਾਲੇ ਰਾਜਿਆਂ ਨੂੰ ਵੀ ਨਸੀਬ ਨਾ ਹੋਈ ਹੋਵੇ । ਉਹ ਤਾਂ ਸੁਣਿਐ ਕਾਜੂ , ਪਿਸਤੇ , ਬਦਾਮ , ਕੁਸ਼ਤੇ ਤੇ ਹੋਰ ਜੜ੍ਹੀਆਂ-ਬੂਟੀਆਂ ਆਦਿ ਖਾਇਆ ਕਰਦੇ ਸਨ , ਸੁੱਕੇ ਮੇਵੇ ਖਾ ਕੇ ਫਿਰ ਲਵੇਰੇ ਜੋਬਨ ਨੂੰ ਪਲ਼ੋਸ ਪਲ਼ੋਸ ਕੇ ਪੌੜੀਆਂ ਚੜ੍ਹਦੇ ਹੁੰਦੇ ਸੀ । ਇਹ ਤਾਂ ਕੁਦਰਤੀ ਹੈ ਕਿ ਮੈਂ ਵੀ ਉਨ੍ਹਾਂ ਨਾਲੋਂ ਵਧੀਆ ਖ਼ੁਰਾਕ ਖਾ ਕੇ ਐਸੀ ਪਲ਼ੋਸਾ-ਪਲ਼ੋਸੀ ਦੇ ਚੱਕਰਾਂ ਵਿੱਚ ਕਈ ਵਾਰ ਜੇਬਾਂ ਚਡਾਲਰ ਪਾ ਕੇ ਪੱਬਾਂ-ਕਲੱਬਾਂ ਜਾਂ ਖ਼ਾਸ ਖੇਤਰਾਂ ਵਿੱਚ ਜਾ ਕੇ ਤਰਲੋ-ਮੱਛੀ ਹੋਇਆ ਰਹਿੰਦਾ ਹਾਂ । ਖ਼ੁਰਾਕਾਂ ਰੰਗ ਤਾਂ ਦਿਖਾਉਂਦੀਆਂ ਹੀ ਨੇ । ਪਰ ਮੇਰੀ ਅਜੀਬੋ-ਗ਼ਰੀਬ ਖ਼ੁਰਾਕ ਹੈ । ਉਹ ਤਾਂ ਖ਼ੁਰਾਕਾਂ ਖਾ ਕੇ ਕਹਿੰਦੇ ਨੇ ਲੋਕਾਂ ਨੂੰ ਸੋਹਣੇ-ਸੁਨੱਖੇ ਧੀਆਂ-ਪੁੱਤਰਾਂ ਦੀਆਂ ਦਾਤਾਂ ਬਖ਼ਸ਼ਦੇ ਸੀ , ਪਰ ਮੈਂ ਪਾਪੀ ਐਸੀ ਖ਼ੁਰਾਕ ਖਾ ਕੇ ਅਣਜੰਮੇ ਧੀ-ਪੁੱਤਰ ਕੁੱਖ ਚ ਹੀ ਕਤਲ ਕਰਦਾ ਰਿਹਾ । ਇਹ ਕੁੱਖ ਵੀ ਮੇਰੇ ਖ਼ੁਰਾਕੀ ਪਦਾਰਥਾਂ ਦੀ ਕੁੱਖ ਸੀ - ਕਾਜੂ-ਬਦਾਮਾਂ ਦੀ ਕੁੱਖ । ਇਹ ਕੁੱਖ ਮੈਂ ਮੁੱਲ ਖ਼ਰੀਦੀ ਸੀ ਇੱਕ ਪੰਜਾਬੀ ਸਟੋਰ ਚੋਂ ! ਸਰੀ ਦੇ ਉੱਤਮ ਬਜ਼ਾਰ ਚੋਂ !

------

ਇੱਕ ਦਿਨ ਲੰਚ ਸਮੇਂ ਮੈਂ ਕਾਜੂ ਬਦਾਮਾਂ ਵਾਲੀ ਪਟਾਰੀ ਖੋਲ੍ਹੀ , ‘ਤੇ ਤਲੀ ਤੇ ਧਰ ਕੇ ਇੱਕ-ਇੱਕ ਕਰਕੇ ਖਾਣਾ ਸ਼ੁਰੂ ਕਰ ਦਿੱਤਾ ; ਜਿਵੇਂ: ਕਦੇ ਖਾੜਕੂ ਦੌਰ ਵਿੱਚ ਧਰਮਕੋਟ ਥਾਣੇ ਦਾ ਮੁਖੀ ਨਛੱਤਰ ਸਿੰਹੁ ਕਿਸੇ ਬੰਦੇ ਨੂੰ ਸੋਧਾ ਲਾਉਣ ਤੋਂ ਪਹਿਲਾਂ ਖਾਂਦਾ ਹੁੰਦਾ ਸੀ , ਫਿਰ ਅਚਾਨਕ ਕਾਜੂ ਦੀ ਧੀ ਸੁੰਡੀ, ਸੌਰੀ ਕੈਨੇਡਾ ਆਏ ਹਾਂ, ਸੁੰਡੀ ਦਾ ਦੇਸੀ ਜਿਹਾ ਨਾਮ ਲੈਂਦੇ ਚੰਗੇ ਵੀ ਨਹੀਂ ਲੱਗਦੇ , ਇਸ ਸਾਫ਼-ਸੁਥਰੇ ਦੇਸ ਵਿੱਚ ! ਚਲੋ , ਏਦਾਂ ਕਰਦੇ ਹਾਂ ਕਿ ਆਪਾਂ ਸੁੰਡੀ ਦਾ ਨਾਂ ਬਦਲ ਕੇ ਸੁੰਡੀ ਤੋਂ ਸੈਂਡੀ ਰੱਖ ਲੈਂਦੇ ਹਾਂ ; .. ‘ਤੇ ਮੈਂ ਗੱਲ ਕਰ ਰਿਹਾ ਸੀ ਕਿ ਅਚਾਨਕ ਸੈਂਡੀ ਮੇਰੀ ਤਲ਼ੀ ਦੀਆਂ ਰੇਖਾਵਾਂ ਉੱਪਰ ਏਦਾਂ ਦੌੜਣ ਲੱਗੀ ; ਜਿਵੇਂ: ਡਾਊਨ ਟਾਊਨ ਵਿੱਚ ਸਕਾਈ ਟਰੇਨ ! ਅੱਥਰੀ ਮਾਸ਼ੂਕ ਵਰਗੀ ਚਿੱਟੀ ਸੱਪਣੀ ਮੇਲ੍ਹ-ਮੇਲ੍ਹ ਕੇ ਤੁਰਦੀ , ਕਦੇ ਪਿੱਛੇ ਭੌਂ-ਭੌਂ ਕੇ ਟੇਢੀ ਤੱਕਣੀ ਤੱਕਦੀ , ਨਖ਼ਰੇ ਕਰਦੀ , ਪਰ ਕਿੰਨਾ ਕੁ ਚਿਰ ? ਬਾਗੀ ਸੈਂਡੀ ਮੈਥੋਂ ਕਿਵੇਂ ਬਚ ਸਕਦੀ ਸੀ ! ਮੈਂ ਵੀ ਓਸ ਕੌਮ ਵਿੱਚ ਜੰਮਿਆ ਹਾਂ , ਜਿਸ ਦੇ ਸ਼ੇਰਾਂ ਨੇ ਮੱਸੇ ਰੰਘੜ ਦਾ ਸਿਰ ਲਾਹ ਕੇ ਨੇਜੇ ਤੇ ਟੰਗ ਲਿਆ ਸੀ, ਤੇ ਇਹ ਕਿਧਰੋਂ ਆ ਗਈ ਝਾਂਸੀ ਦੀ ਰਾਣੀ ਮੇਰੇ ਤਲ਼ੀ ਦੇ ਮੈਦਾਨ ਵਿੱਚ ? ਧੁੜਧੜੀ ਜਿਹੀ ਲੈ ਕੇ ਛਿਣ ਚ ਹੀ ਸੈਂਡੀ ਦਾ ਕੀਮਾ ਬਣਾ ਕੇ ਮੈਂ ਪੁੱਛਿਆ, ‘ਹੁਣ ਦੱਸ ! ਤੂੰ ਮੇਰੀ ਖ਼ੁਰਾਕ ਨੂੰ ਵੈਜੀਟੇਰੀਅਨ ਬਣਾਉਣ ਲੱਗੀ ਸੀ ….?’

-----

ਸੈਂਡੀ ਦੀ ਮਹੀਨ ਲਾਸ਼ ਮੇਰੇ ਸਾਹਮਣੇ ਪਈ ਸੀ ; ਜਿਵੇਂ: ਕੋਈ ਨਿਹੱਥਾ ਝੂਠੇ ਪੁਲਿਸ ਮੁਕਾਬਲੇ ਵਿੱਚ ਕਿਸੇ ਨਹਿਰ ਦੇ ਪੁਲ ਤੇ ਲਹੂ ਲੁਹਾਣ ਹੋਇਆ ਪਿਆ ਹੋਵੇ ! ਫਿਰ ਪਤਾ ਨਹੀਂ ਕਦੋਂ ਸੈਂਡੀ ਦਾ ਕੋਈ ਭਰਾ ਕੇ. ਪੀ. ਐਸ. ਗਿੱਲ ਵਾਂਗੂੰ ਮੁੱਛਾਂ ਚਾੜ੍ਹ ਕੇ ਮੇਰੇ ਮੂਹਰੇ ਲਾਲਲਾਲ ਅੱਖਾਂ ਕੱਢਣ ਲੱਗ ਪਿਆ । ਤੇ ਮੈਂ ਬੇਦਰਦ ਨੇ ਉਸਨੂੰ ਵੀ ਮੁੱਛਾਂ ਤੋਂ ਫੜ ਕੇ ਦਿੱਲੀ ਦਰਬਾਰ ਪਹੁੰਚਾਅ ਦਿੱਤਾ ।

-----

ਦੋਵੇਂ ਲਾਸ਼ਾਂ ਬਿੱਲੇ ਲਗਾ ਕੇ ਮੈਂ ਪੈਂਦੇ ਸੱਟੇ ਹੀ ਕੈਨੇਡੀਅਨ ਫੂਡ ਏਜੰਸੀਵਾਲਿਆਂ ਨੂੰ ਫ਼ੋਨ ਕਰ ਦਿੱਤਾ । ਉਨ੍ਹਾਂ ਨੇ ਸਬੰਧਿਤ ਮਹਿਕਮੇ ਵਾਲਿਆਂ ਦਾ ਫ਼ੋਨ ਨੰਬਰ ਦੇ ਦਿੱਤਾ । ਉਨ੍ਹਾਂ ਨੂੰ ਇਸ ਅਣਹੋਣੀ ਘਟਨਾ ਦੀ ਖ਼ਬਰ ਸੁਣਾ ਕੇ ਮੈਂ ਹਿਰਾਸਤੀ ਐਨਕਾਊਂਟਰ ਦੀ ਕਾਰਵਾਈ ਦਰਜ ਕਰਵਾ ਦਿੱਤੀ । । ਅਜੇ ਸੈਂਡੀ ਦਾ ਖ਼ੂਨ ਠੰਡਾ ਹੋਇਆ ਹੀ ਹੋਵੇਗਾ ਕਿ ਸਰੀ ਬਰਾਂਚ ਦੇ ਇੰਸਪੈਕਟਰ ਮਿਸਟਰ ਕੈਵਨ ਦਾ ਫੋਨ ਆ ਗਿਆ । ਉਸਨੇ ਮੈਨੂੰ ਭਰੋਸੇ ਵਿੱਚ ਲਿਆ । ਜਨਾਬ ਦਾ ਵਾਅਦਾ ਵਫ਼ਾ ਕਰ ਗਿਆ । ਦੋ ਕੁ ਘੰਟੇ ਬਾਅਦ ਹੀ ਕੈਵਨ ਦਾ ਫੋਨ ਫਿਰ ਛੱਪੜ ਦੇ ਡੱਡੂ ਵਾਂਗੂੰ ਟੈਂ-ਟੈਂ ਕਰਨ ਲੱਗ ਪਿਆ ।

-----

ਮੈਂ ਗੱਲ ਸੁਣੀ । ਉਸ ਨੇ ਕਿਹਾ ; ‘ਮਿਸਟਰ ਬਦੇਸ਼ਾ ਯੂ ਵਰ ਰਾਈਟ - ਯੂ ਆਰ ਰਾਈਟ …. !! ਅਗਲੀ ਗੱਲ ਉਸਦੀ ਪੰਜਾਬੀ ਚ ਦੱਸਾਂ , ਕਿ.. ਅਸੀਂ ਸੈਂਡੀ ਦੀਆਂ ਭੈਣਾਂ ਨੂੰ ਸਟੋਰ ਦੇ ਬਿਨਾਂ ਦੇ ਰਿਹਾਇਸ਼ੀ ਏਰੀਏ ਵਿੱਚ ਇਤਰਾਜ਼-ਯੋਗ ਹਾਲਤ ਵਿੱਚ ਘੁੰਮਦਿਆਂ ਦੇਖਿਆ । ਫੈਸਲਾ- ਸਟੋਰ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਬਿਨ ਖ਼ਾਲੀ ਕਰ ਕੇ ਸਾਰੇ ਕਾਜੂ-ਬਦਮਾਂ ਨੂੰ ਅਗਨ ਭੇਟ ਕੀਤਾ ਜਾਵੇ । ਪਰ ਮੈਂ ਸੋਚ ਰਿਹਾ ਸੀ ਕਿ ਕੈਵਨ ਮੇਰੇ ਤੋਂ ਵੀ ਵੱਡਾ ਜਾਲਮ ਨਿਕਲਿਆ । ਪਤਾ ਨਹੀਂ ਕਦੋਂ ਉਸਦੇ ਅੰਦਰ ਪੂਹਲੇ ਨਿਹੰਗ ਦੀ ਰੂਹ ਪ੍ਰਵੇਸ਼ ਕਰ ਗਈ ਸੀ !?! ਹੁਕਮ ਸਾਰੇ ਕਾਜੂ ਬਦਾਮਾਂ ਨੂੰ ਸੁਰੱਖਿਅਤ ਥਾਂ ਤੇ ਸੁੱਟ ਕੇ ਅੱਗ ਲਗਾ ਦਿਓ ! ਸੋ ਇਸ ਤਰਾਂ ਹੀ ਹੋਇਆ । ਮਾਲਕਾਂ ਨੇ ਹੁਕਮ ਮੰਨਿਆ , ਜੰਮੀਆਂ-ਅਣਜੰਮੀਆਂ ਧੀਆਂ ਨੂੰ ਅਗਨ ਭੇਂਟ ਕਰ ਦਿੱਤਾ । ਚਿਖਾ ਦੇ ਲਾਂਬੂ ਵਪਾਰਿਕ ਸੋਚ ਨੂੰ ਲੂਹ ਕੇ ਰੱਖ ਗਏ ।

-----

ਹੁਣ ਜੇ ਇਹ ਦੁਖਾਂਤਿਕ ਕਹਾਣੀ ਕਿਤੇ ਡਾ. ਹਰਸ਼ਿਦੰਰ ਕੌਰ ਨੂੰ ਪਤਾ ਲੱਗ ਜਾਵੇ ਤਾਂ ਉਹ ਯੂ. ਐਨ. ਓ. ਚ ਪਿੱਟਣਾ ਪਾ ਕੇ ਬਹਿ ਜਾਊਗੀ । ਸ਼ਾਇਦ ਕੋਈ ਐਵਾਰਡ ਵੀ ਹਾਸਿਲ ਹੋ ਜਾਵੇ ! ਦੂਜੇ ਪਾਸੇ , ਕੌਮ ਦੇ ਕੀੜਿਆਂ ਨੂੰ ਮਿੱਠੀ ਜ਼ਹਿਰ ਦੇਕੇ ਟੁੰਨ ਕਰਨ ਦੇ ਨੁਸਖੇ ਦੱਸਣ ਵਾਲੇ ਰੇਡੀਓ ਹੋਸਟ ਤਾਂ ਮੈਨੂੰ ਜੀਣ ਜੋਗਾ ਨਹੀਂ ਛੱਡਣਗੇ ।

ਖ਼ੈਰ, ਗੱਲ ਸੈਂਡੀਆਂ-ਮੈਂਡੀਆਂ ਦੀ ਹੋ ਰਹੀ ਸੀ , ਜਿੰਨਾਂ ਨੂੰ ਸਾਡੇ ਪੰਜਾਬੀ ਸਟੋਰ ਵਾਲਿਆਂ ਨੇ ਵਧਣ-ਫੁੱਲਣ ਲਈ ਅਨੁਕੂਲ ਵਾਤਾਵਰਣ ਪੈਦਾ ਕਰਕੇ ਦਿੱਤਾ ਸੀ । ਪਹਿਲਾਂ ਗੁਦਾਮਾਂ ਵਿੱਚ , ਫਿਰ ਕੱਚ ਦੇ ਬਕਸਿਆਂ ਵਿੱਚ ਮਹਿਲਾਂ ਦੀਆਂ ਰਾਣੀਆਂ ਬਣਾ ਕੇ ਰੱਖਿਆ ਸੀ ।ਇੰਡੀਆ ਵਿੱਚ ਗ਼ਰੀਬਾਂ ਨੂੰ ਤਾਂ ਕਿਤੇ ਸਿਰ ਕੱਜਣ ਲਈ ਛੱਤ ਵੀ ਨਸੀਬ ਨਹੀਂ ਹੁੰਦੀ , ਤੇ ਕੈਨੇਡਾ ਵਿੱਚ ਸੈਂਡੀ ਹੋਣੀ ਕਾਜੂ-ਬਦਾਮਾਂ ਦੀ ਨਿੱਘੀ ਗੁਫ਼ਾ ਵਿੱਚ ਪਨਾਹ ਲੈਕੇ ਮੌਜਾਂ ਮਾਣਦੀਆਂ ਰਹੀਆਂ । ਤੇ ਮੈਂ ਚੁਗਲ ਨੇ ਗੋਰਿਆਂ ਕੋਲ ਚੁਗਲੀ ਕਰ ਕੇ ਵਿਚਾਰੀਆਂ ਦਾ ਰਾਮ-ਨਾਮ ਸੱਤ ਕਰਵਾ ਦਿੱਤਾ ਤੇ ਗੋਰੇ ਵੀ ਇੰਨ੍ਹਾਂ ਮਗਰ ਹੱਥ ਧੋ ਕੇ ਪੈ ਗਏ । ਬਈ ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਤੋਂ ਤੋਰਾ ਬੋਰਾ ਵਾਲੀਆਂ ਪਹਾੜੀਆਂ ਦੀਆਂ ਸੁਰੰਗਾਂ ਚੋਂ ਅਜੇ ਤੱਕ ਤਾਲਿਬਾਨ ਤਾਂ ਲੱਭ ਨਹੀਂ ਰਹੇ , ਇਨ੍ਹਾਂ ਸੁਖੀ ਵਸਦੀਆਂ ਚੀਚਕ ਵਹੁਟੀਆਂ ਨੂੰ ਜਹਾਨੋਂ ਕੂਚ ਕਰਾ ਕੇ ਕੈਨੇਡਾ ਚ ਸੂਰਮੇ ਬਣੇ ਫਿਰਦੇ ਹੋ ! ਉਸਤੋਂ ਬਾਅਦ ਬਾਕੀ ਸਟੋਰਾਂ ਉਪਰ ਛਾਪਾਮਾਰੀ ਕਰ ਰਹੇ ਨੇ , ਸ਼ਾਇਦ ਸ਼ੱਕ ਪੈ ਗਈ ਹੋਵੇ ਕਿ ਲਾਦੇਨ ਕਿਤੇ ਇਨ੍ਹਾਂ ਨੇ ਇੱਥੇ ਤਾਂ ਨਹੀਂ ਛੁਪਾ ਕੇ ਰੱਖਿਆ ?

-----

ਮੈਂ ਆਪਣੀ ਇਹ ਕਹਾਣੀ ਮੇਰੇ ਦੋਸਤ ਨੂੰ ਦੱਸਦਿਆਂ ਕਿਹਾ ਕਿ ਮੈਂ ਓਸ ਸਟੋਰ ਮਾਲਕਾਂ ਨੂੰ ਮਿਲਣਾ ਚਾਹੁੰਦਾ ਹਾਂ , ਜਿੰਨਾਂ ਨੇ ਇਨ੍ਹਾਂ ਧੀਆਂ ਨੂੰ ਐਨੇ ਲਾਡ ਪਿਆਰ ਨਾਲ ਪਾਲਿਆ ਸੀ । ਤਾਂ ਉਸਨੇ ਕਿਹਾ , ‘ਗੁਰਮੇਲ ਰਹਿਣ ਦੇ ! ਜਿੰਨਾਂ ਨੇ ਕਾਜੂ ਦੀ ਧੀ ਤੈਨੂੰ ਦੇ ਦਿੱਤੀ , ਉਨ੍ਹਾਂ ਨੇ ਤੈਥੋਂ ਕੀ ਲੁਕਾ ਕੇ ਰੱਖਿਐ !?!’

ਅੱਗੋਂ ਮੈਂ ਕਿਹਾ , ‘ਧੀ ਤਾਂ ਦੇ ਦਿੱਤੀ , ਪਰ ਪੂਰਾ ਦਾਜ ਦੇ ਕੇ ਨਹੀਂ ਤੋਰੀ ! ਦਾਜ ਬਦਲੇ ਭਾਵੇਂ ਮਿਆਦ ਲੰਘੀ ਵਾਲੇ ਚਾਰ ਪੈਕਟ ਮਸਾਲਿਆਂ ਵਾਲੇ ਹੀ ਸਟਿੱਕਰ ਨਵੇਂ ਲਾ ਕੇ ਦੇ ਦਿੰਦੇ …! ਪਰ ਕਿੱਥੇ ? ਕਜੂਸਾਂ ਨੇ ਕਾਜੂਆਂ ਦਾ ਜਵਾਈ ਰੰਡਾ ਕਰ ਕੇ ਰੱਖ ਦਿੱਤਾ ।

-----

ਇੱਕ ਤੁਸਾਂ ਨੇ ਕਹਾਵਤ ਸੁਣੀ ਹੋਵੇਗੀ – ‘ਉੱਚੀ ਦੁਕਾਨ , ਫਿੱਕਾ ਪਕਵਾਨ’ ! ਪਰ ਮੇਰੇ ਸੁਆਦਾਂ ਨੇ ਇਹ ਕਹਾਵਤ ਹੀ ਬਦਲ ਕੇ ਰੱਖ ਦਿੱਤੀ , ‘ ਉੱਚੀ ਦੁਕਾਨ ਸਲੂਣਾ ਪਕਵਾਨ !ਕਿਉਂਕਿ ਸਲੂਣੀਆਂ ਮਾਸ਼ੂਕਾਂ ਦਾ ਚਸਕਾ ਜੁ ਪੈ ਗਿਆ ਸੀ । ਪਰ ਹੁਣ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਕਿਥੋਂ ਲੱਭਾਂਗਾ ਐਸੇ ਸਲੂਣੇ ਖ਼ੁਰਾਕ ਪਦਾਰਥ ?

-----

ਹੁਣ ਤੁਸੀਂ ਹੀ ਮੈਨੂੰ ਦੱਸਿਓ ਜੇ ਕਿਤੇ ਕਿਸੇ ਸਟੋਰ ਚੋਂ ਤੁਹਾਨੂੰ ਸੈਂਡੀਆਂ ਦੀਆਂ ਛੋਟੀਆਂ ਭੈਣਾਂ ਲੱਭ ਜਾਣ ਤਾਂ ਚੁੰਨੀ ਚੜ੍ਹਾ ਕੇ ਲੈ ਆਊਂਗਾ , ਚਾਰ ਦਿਨ ਦੁਹਾਜੂ-ਦੁਹਾਜੂਕਹਿ ਕੇ ਲੋਕ ਮੇਹਣੇ ਮਾਰ ਕੇ ਆਪੇ ਚੁੱਪ ਕਰ ਜਾਣਗੇ ! ਪਰ ਮੇਰੀ ਰੋਟੀ ਤਾਂ ਪੱਕਦੀ ਹੋ ਜੂਗੀ , ਨਾਲੇ ਜਾੜ੍ਹ ਕਰਾਰੀ ਦੀ ਕਰਾਰੀ !

ਲੂਣੀਆਂ-ਸਲੂਣੀਆਂ ਦਾ ਆਸ਼ਕ

ਗੁਰਮੇਲ ਬਦੇਸ਼ਾ ।