ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, October 30, 2009

ਬਲਜੀਤ ਬਾਸੀ - ਲਾਹੌਰ ਦਾ ਸ਼ੌਕੀਨ - ਕਹਾਣੀ

ਲਾਹੌਰ ਦਾ ਸ਼ੌਕੀਨ

ਕਹਾਣੀ

ਕੁੜੀ ਨੇ ਮੇਰੇ ਦੋਸਤ ਤੇ ਗੁਆਂਢੀ ਕਮਰੇ ਚ ਰਹਿੰਦੇ ਗੁਰਦੀਪ ਬੈਂਸ ਨੂੰ ਗਿਆਰਾਂ ਵਜੇ ਪੀ.ਜੀ.ਆਈ. ਗੇਟ ਦੇ ਸਾਹਮਣੇ ਮਿਲਣ ਦਾ ਇਕਰਾਰ ਕੀਤਾ ਸੀਪਰ ਗੁਰਦੀਪ ਮੈਨੂੰ ਸਾਢੇ ਦਸ ਵਜੇ ਹੀ ਨਾਲ ਲੈ ਆਇਆਮੈਂ ਕਿੱਥੇ ਆਉਂਦਾ ਸੀਕਬਾਬ ਵਿੱਚ ਹੱਡੀ ਬਣਨਾ ਕਿਸਨੂੰ ਚੰਗਾ ਲਗਦਾਨਾਲੇ ਆਪਣੀਆਂ ਅੱਖਾਂ ਮੂਹਰੇ ਝੁੱਡੂ ਦੋਸਤ ਆਸ਼ਕੀਆਂ ਕਰੇ, ਇਹ ਤਾਂ ਸਰਾਸਰ ਹਿੱਕ ਤੇ ਮੂੰਗ ਦਲ਼ਣ ਵਾਲੀ ਗੱਲ ਹੋਣੀ ਸੀ ਉਧਰ ਪਹਿਲੀ ਵਾਰ ਕੋਠੇ ਜਿੱਡੀ ਕੁੜੀ ਦਾ ਸਾਹਮਣਾ ਕਰਨ ਦੀ ਸੋਚ ਕੇ ਹੀ ਗੁਰਦੀਪ ਦੇ ਪੈਰ ਹਿੱਲੇ ਪਏ ਸਨਉਸਨੂੰ ਸਹਾਰੇ ਦੀ ਲੋੜ ਸੀ ਮੈਨੂੰ ਬਹੁਤੀਆਂ ਕਿਤਾਬਾਂ ਪੜ੍ਹਦੇ ਨੂੰ ਦੇਖਕੇ ਉਸਨੇ ਮੈਨੂੰ ਬਹੁਤ ਸਿਆਣਾ ਸਮਝਿਆ ਹੋਣਾ ਉਸਨੂੰ ਕੀ ਪਤਾ ਕੁੜੀ ਨਾਂ ਦੀ ਜਿਣਸ ਦੇਖਕੇ ਮੇਰਾ ਤਾਂ ਢਾਂਚਾ ਹੀ ਹਿੱਲਣ ਲਗਦਾ ਹੈ ਪਰ ਉਸਨੇ ਇਕ ਇਕ ਤੇ ਦੋ ਗਿਆਰਾਂ ਦੀ ਰੱਟ ਲਾਈਮੈਂ ਉਸਨੂੰ ਬਥੇਰਾ ਕਿਹਾ ਦੋਂਹ ਨੂੰ ਦੇਖਕੇ ਕੁੜੀ ਨੌਂ ਦੋ ਗਿਆਰਾਂ ਵੀ ਹੋ ਸਕਦੀ ਹੈ ਤੇ ਨਾਲੇ ਦੋ ਨਾਲ ਦਵੇਖ ਵੀ ਪੈਦਾ ਹੁੰਦਾ ਹੈਪਰ ਉਸ ਦੇ ਕੰਨਾਂ ਤੇ ਜੂੰ ਨਾ ਸਰਕੀ, ਮੈਨੂੰ ਆਪਣੇ ਨਾਲ ਘਸੀਟ ਹੀ ਲਿਆਇਆ

-----

ਉਹ ਪਿਛਲੀ ਸਾਰੀ ਰਾਤ ਸੁੱਤਾ ਨਹੀਂ ਸੀਮਸਾਂ-ਮਸਾਂ ਇਕ ਜਿਉਂਦੀ ਜਾਗਦੀ ਟਿੱਪ ਟੌਪ ਕੁੜੀ ਉਸਦੇ ਅੜਿੱਕੇ ਆਈ ਸੀ, ਕਿੱਥੇ ਲੱਗਣੀਆਂ ਸੀ ਉਸਦੀਆਂ ਅੱਖਾਂ ਤੇ ਕਿੱਥੇ ਲੱਗਣੇ ਸਨ ਉਸਦੇ ਪੈਰ ਇਸ ਪ੍ਰਾਪਤੀ ਲਈ ਉਹ ਕਿੰਨਾ ਜੂਝਦਾ ਤੇ ਤੜਪਦਾ ਰਿਹਾ ਸੀ ਆਪ ਭਲਾ ਕੀ ਸੀ ਉਹ ਅਜੇ ਛੇ ਮਹੀਨੇ ਪਹਿਲਾਂ: ਕਿੱਥੇ ਹੁਸ਼ਿਆਰਪੁਰ, ਫਿਰ ਹੋਰ ਪਰੇ ਟਾਂਡਾ ਉੜਮੁੜ, ਹੋਰ ਪਰੇ ਚਿੜੀ ਦੇ ਪਹੁੰਚੇ ਜਿੱਡਾ ਪਿੰਡ ਖਡਿਆਲਾ ਧੁਰ ਉਤਰ ਦਿਸ਼ਾ ਚੋਂ ਉਹ ਚੱਲ ਕੇ ਆਇਆ ਸੀ ਜਿਵੇਂ ਕਿਸੇ ਖੱਡ ਚੋਂ ਨਿਕਲਿਆ ਹੁੰਦਾ, ਕਪੜੇ ਝਾੜਦਾ ਉਸਦੀਆਂ ਝੋਟੇ ਵਰਗੀਆਂ ਡਿਗੂੰ ਡਿਗੂੰ ਕਰਦੀਆਂ ਅੱਖਾਂ, ਤੌਲੇ ਜਿੱਡਾ ਸਿਰ, ਸਿਕੋੜੇ ਹੋਏ ਮੋਢੇ, ਲੋਹੇ ਵਰਗਾ ਰੰਗ ਤੇ ਫੁੱਲਿਆ ਹੋਇਆ ਸਰੀਰ ਇਕ ਉਜੱਡ ਪੇਂਡੂ ਦਾ ਹੁਲੀਆ ਸੀ ਕੁੜੀਆਂ ਅਜਿਹੇ ਮੁੰਡਿਆਂ ਤੋਂ ਹਜ਼ਾਰ ਕੋਹ ਦੂਰ ਹੀ ਰਹਿੰਦੀਆਂ ਹਨ ਫਿਰ ਲਿਆਕਤ ਦਾ ਨਮੂਨਾ ਦੇਖੋ: ਬੀ.ਏ ਵਿਚੋਂ ਸਿਵਾਏ ਪੰਜਾਬੀ ਦੇ ਹਰ ਸਬਜੈਕਟ ਚੋਂ ਪੈਂਤੀ ਪੈਂਤੀ ਪਰਸੈਂਟ ਨੰਬਰ ਪੰਜਾਬੀ ਦੇ ਪੰਤਾਲੀ ਪਰਸੈਂਟ ਰੰਗ ਲਿਆਏ, ਉਸ ਨੂੰ ਯੂਨੀਵਰਸਿਟੀ ਪੰਜਾਬੀ ਐੱਮ.ਏ. ਵਿਚ ਦਾਖਲਾ ਮਿਲ ਗਿਆ ਤੇ ਉਹ ਚੰਡੀਗੜ੍ਹ ਦੀ ਰੁਮਾਂਚਕ ਦੁਨੀਆਂ ਵਿਚ ਠਿੱਲ੍ਹ ਪਿਆ

-----

ਹੌਲੀ-ਹੌਲੀ ਚੰਡੀਗੜ੍ਹ ਦੀ ਮਟਰ ਗਸ਼ਤੀ, ਹੋਸਟਲ ਦੇ ਖ਼ੁਸ਼ਕ ਰਾਜਮਾਂਹ ਤੇ ਸੁਆਹ ਵਾਲੀਆਂ ਰੋਟੀਆਂ ਨੇ ਉਸਦੀ ਕਾਇਆ ਚੋਂ ਸਾਰੀ ਮਮਿਆਈ ਖਿੱਚ ਲਈਉਸਦਾ ਸਰੀਰ ਹੌਲਾ ਫੁੱਲ ਹੋ ਗਿਆ, ਮੌਰ ਸਿੱਧੇ ਹੋ ਗਏ, ਤੇ ਲੋਹਾ-ਰੰਗ ਫਿੱਕਾ ਪੈ ਗਿਆ ਕੁੜੀਆਂ ਵਲੋਂ ਉਸਦਾ ਝਾਕਾ ਖੁੱਲਦ੍ਹਾ ਗਿਆ, ਉਸਨੂੰ ਗੱਲ ਕਰਨੀ ਤੇ ਬਣਾਉਣੀ ਆ ਗਈ ਕੁੜੀਆਂ ਉਸ ਨਾਲ ਖੁੱਲ੍ਹਣ ਲੱਗ ਪਈਆਂ ਤੇ ਉਸ ਨਾਲ ਗੱਲ ਕਰਕੇ ਖ਼ੁਸ਼ ਹੁੰਦੀਆਂ ਪਰ ਏਧਰ ਗੁਰਦੀਪ ਸਿੰਘ ਬੈਂਸ ਦੇ ਆਪਣੇ ਤੇਵਰ ਬਦਲਦੇ ਬਦਲਦੇ ਹੋਰ ਦੇ ਹੋਰ ਹੋ ਗਏ ਹੁਣ ਪੰਜਾਬੀ ਵਿਭਾਗ ਦੀਆਂ ਕੁੜੀਆਂ ਉਸਨੂੰ ਗੰਵਾਰ, ਜਾਹਲ ਤੇ ਝੱਲ-ਵਲੱਲੀਆਂ ਲੱਗਣ ਲੱਗ ਪਈਆਂਮੇਰੇ ਕੋਲ ਰੋਣੇ ਰੋਂਦਾ,"ਕੀ ਹੈ ਯਾਰ ਇਹ ਪੰਜਾਬੀ ਡਿਪਾਰਟਮੈਂਟ, ਨਿਰਾ ਭੈਣਾਂ ਭਰਾਵਾਂ ਦਾ ਮਹਿਕਮਾ ਕਿਸੇ ਮੁੰਡੇ ਵੱਲ ਰੁਮਾਂਟਕ ਨਜ਼ਰਾਂ ਨਾਲ ਦੇਖਦੀਆ ਹੀ ਨਹੀਂ ਇਹ ਕੁੜੀਆਂ, ਬੱਸ ਰੱਖੜੀ ਬੰਨ੍ਹਣ ਨੂੰ ਕਰਦੀਆਂ ਰਹਿੰਦੀਆਂਹੱਡਲ ਜਿਹੀਆਂ ਜੱਟੀਆਂ, ਜਿਵੇਂ ਕਪਾਹ ਚੁਗਦੀਆਂ ਯੂਨੀਵਰਸਿਟੀ ਵਿਚ ਆ ਵੜੀਆਂ ਚੁੰਨੀ ਦੀ ਡੂਢੀ ਬੁੱਕਲ ਮਾਰ ਲੈਣਗੀਆਂ ਇਨ੍ਹਾਂ ਲੱਸੀ-ਪੀਣੀਆਂ ਨੂੰ ਕੋਈ ਕਿੱਦਾਂ ਕਾਫ਼ੀ ਹਾਊਸ ਵਿੱਚ ਲਿਜਾਵੇ ਕੋਈ ਗੱਲ ਏਧਰ ਉਧਰ ਦੀ ਹੋ ਜਾਵੇ ਤਾਂ ਕਹਿ ਦੇਣਗੀਆਂ ਆ ਤੈਨੂੰ ਦੱਸਾਂ, ਜਿਵੇਂ ਹੁਣੇ ਆਪਣੇ ਛੇ ਫੁੱਟੇ ਭਰਾ ਤੋਂ ਕੁਟਵਾ ਦੇਣਗੀਆਂ ਪਤਾ ਨਹੀਂ ਕਿੱਥੋਂ ਦੁਰਾਹੇ ਗਿੱਦੜਵਾਹੇ ਦੇ ਕਾਲਜਾਂ ਤੋਂ ਪੜ੍ਹ ਕੇ ਆ ਧਮਕੀਆਂ ।"

-----

ਗੁਰਦੀਪ ਦੀ ਨਜ਼ਰ ਹੋਰ ਵਿਭਾਗਾਂ ਦੀਆਂ ਕੁੜੀਆਂ ਖ਼ਾਸ ਤੌਰ ਤੇ ਅੰਗਰੇਜ਼ੀ ਵਾਲੀਆਂ ਹੁਸੀਨਾਂ ਵੱਲ ਲੱਗੀਆਂ ਰਹਿੰਦੀਆਂ ਪਰ ਉਧਰ ਇਹ ਮਜਾਜਣਾਂ ਪੰਜਾਬੀ ਦੇ "ਗਿਆਨੀ ਜਿਹੇ" ਮੰਡਿਆਂ ਤੇ ਨੱਕ ਹੀ ਨਾਂ ਰੱਖਦੀਆਂ ਗੁਰਦੀਪ ਦੀ ਕਲਪਨਾ ਚ ਟੱਪ ਟੱਪ ਕਰਦੀ ਜੀਨਾਂ ਵਾਲੀ ਯੈਂਕਣ ਦੀ ਚਾਹਤ ਹਸਰਤ ਬਣ ਗਈਮੈਂ ਉਸ ਨੂੰ ਕਹਿਣਾ ਪੰਜਾਬੀ ਛੱਡਕੇ ਕਿਸੇ ਹੋਰ ਡਿਪਾਰਟਮੈਂਟ ਚ ਦਾਖਲਾ ਲੈ ਲਾ ਪਰ ਉਸ ਨੇ ਖੀਂ-ਖੀਂ ਕਰ ਛੱਡਣਾ.... ਉਸਦੇ ਪੈਂਤੀ ਪੈਂਤੀ ਪਰਸੈਂਟ ਨੰਬਰ.... ਗੁਲਾਬੀ ਸਿਆਲ਼ ਆ ਰਿਹਾ ਸੀ ਤੇ ਗੁਰਦੀਪ ਨੂੰ ਕੁੜੀ ਦੇ ਸਾਥ ਦੀ ਹੋਰ ਵੀ ਤਲਬ ਹੋਣ ਲੱਗ ਪਈਉਸਦੀ ਨਿਰਾਸ਼ਾ ਵਧ ਰਹੀ ਸੀ, ਉਹ ਉੱਖੜਿਆ ਉੱਖੜਿਆ ਰਹਿਣ ਲੱਗਾ ਕਮਰੇ ਚ ਆਉਂਦਿਆਂ ਹੀ ਕਿਤਾਬਾਂ ਸੁੱਟ ਦੇਂਦਾ ਤੇ ਬਿਸਤਰੇ ਤੇ ਢੇਰੀ ਹੋ ਜਾਂਦਾ ਕੁਝ ਦਿਨਾਂ ਤੋਂ ਤਾਂ ਉਹ ਮੈਨੂੰ ਨਜ਼ਰ ਹੀ ਆਉਣੋਂ ਹਟ ਗਿਆਮੈਨੂੰ ਫ਼ਿਕਰ ਹੋਣ ਲੱਗਾ ਕਿਤੇ ਲੇਕ ਤੇ..... ਪਰ ਅਚਾਨਕ ਕੱਲ੍ਹ ਰਾਤ ਉਹ ਪ੍ਰਗਟ ਹੋ ਗਿਆ ਆਉਂਦਿਆਂ ਹੀ ਆਪਣੀ ਰਾਮ ਕਹਾਣੀ ਸੁਣਾਉਣ ਲੱਗ ਪਿਆ

-----

ਉਸਨੇ ਦੱਸਿਆ ਕਿ ਸਿਆਲ ਦੀ ਰੁੱਤ ਸ਼ੁਰੂ ਹੋ ਜਾਣ ਕਾਰਨ ਉਹ ਰਜਾਈ ਲੈਣ ਪਿੰਡ ਚਲੇ ਗਿਆ ਸੀ ਕਿੰਨਾ ਬੂਝੜ ਸੀ ਉਹ, ਰਜਾਈ ਜਿਹੀ ਨਹਿਸ਼ ਚੀਜ਼ ਨੂੰ ਘਰੋਂ ਅੱਡੇ ਤੱਕ ਸਿਰ ਤੇ ਚੁੱਕੀ ਲਿਆਇਆ ਫਿਰ ਟਾਂਡੇ ਵੱਲ ਜਾਂਦੇ ਤੂੜੇ ਹੋਏ ਟੈਂਪੂ ਦੇ ਡਾਲੇ ਉਤੇ ਉਹ ਇੱਕ ਲੱਤ ਭਾਰ ਖੜ੍ਹਾ ਹੋ ਗਿਆ ਚੁੱਕੀ ਹੋਈ ਲੱਤ ਹੇਠਾਂ ਇਕ ਗਧੀਲਣ ਬੈਠੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੀ ਰਹੀ ਸੀ ਉਸਨੇ ਰਜਾਈ ਨੂੰ ਟੱਪ ਤੇ ਧਰ ਕੇ ਘੁੱਟ ਕੇ ਫੜੀ ਰਖਿਆਇਸ ਤਰਾਂ ਉਸਨੇ ਆਪਣਾ ਸੰਤੁਲਨ ਬਣਾਈ ਰੱਖਿਆ ਤੇ ਰਜਾਈ ਨੂੰ ਵੀ ਮਿੱਟੀ ਪਲੀਤ ਹੋਣ ਤੋਂ ਬਚਾਈ ਰਖਿਆ ਟਾਂਡੇ ਤੋਂ ਲੁਧਿਆਣੇ ਤੱਕ ਉਸਨੂੰ ਜੋ ਬੱਸ ਮਿਲੀ ਉਸ ਵਿਚ ਤਿਲ਼ ਸੁੱਟਣ ਜੋਗੀ ਵੀ ਥਾਂ ਨਹੀਂ ਸੀ, ਅੱਧੀਆਂ ਸਵਾਰੀਆਂ ਤਾਂ ਖੜ੍ਹੀਆਂ ਸਨ ਉਹ ਬੱਸ ਦੇ ਪਿਛਲੇ ਪਾਸੇ ਦਰਵਾਜ਼ੇ ਕੋਲ ਫਿੱਟ ਹੋ ਗਿਆ ਤੇ ਰਜਾਈ ਨੂੰ ਉਸਨੇ ਦੋਵੇਂ ਗੋਡਿਆਂ ਵਿਚਕਾਰ ਘੁੱਟ ਲਿਆ ਰਾਹ ਵਿੱਚ ਜਿੰਨੀਆਂ ਸਵਾਰੀਆਂ ਉਤਰਦੀਆਂ, ਓਨੀਆਂ ਹੀ ਚੜ੍ਹ ਜਾਂਦੀਆਂ

-----

ਏਸੇ ਮੁਦਰਾ ਵਿੱਚ ਉਹ ਲੁਧਿਆਣੇ ਤੱਕ ਖੜ੍ਹਾ ਹੀ ਰਿਹਾ ਲੁਧਿਆਣੇ ਪਹੁੰਚਾ ਤਾਂ ਚੰਡੀਗੜ੍ਹ ਦੀ ਬੱਸ ਤਿਆਰ ਖੜ੍ਹੀ ਸੀ ਉਸਨੇ ਰਜਾਈ ਨੂੰ ਬੱਸ ਦੇ ਇੰਜਣ ਉਤੇ ਟਿਕਾਇਆ ਤੇ ਇੱਕ ਦੋ ਜਣਿਆਂ ਵਾਲੀ ਖ਼ਾਲੀ ਸੀਟ ਤੇ ਬੈਠ ਕੇ ਰਜਾਈ ਤੋਂ ਮੁਕਤ ਹੋਈਆਂ ਲੱਤਾਂ ਦੇ ਸੁੱਖ ਨੂੰ ਮਾਨਣ ਲੱਗਾਪਰ ਲੱਤਾਂ ਨੂੰ ਆਜ਼ਾਦ ਕਰਕੇ ਉਸਨੇ ਅੱਖਾਂ ਨੂੰ ਵਖ਼ਤ ਪਾ ਦਿੱਤਾ: ਰਜਾਈ ਦੀ ਲਗਾਤਾਰ ਨਜ਼ਰਸਾਨੀ ਨਿਹਾਇਤ ਜ਼ਰੂਰੀ ਸੀ

ਰਜਾਈ ਦੇ ਮੰਦੇਭਾਗ, ਗੁਰਦੀਪ ਦੇ ਸੁਪਨਿਆਂ ਦੀ ਪਰੀ, ਇਕ ਹੁਸੀਨ ਕੁੜੀ ਉਸਦੇ ਨਾਲ ਵਾਲੀ ਸੀਟ ਤੇ ਆ ਬੈਠੀ ਕੁੜੀ ਬੈਠਣ ਲੱਗੀ ਤਾਂ ਉਹ ਸੁੰਗੜ ਕੇ ਬਾਰੀ ਨਾਲ ਜਾ ਲੱਗਾ, ਪਤਾ ਨਹੀਂ ਕੁੜੀ ਤੋ ਸੰਗਦਾ ਜਾਂ ਉਸ ਲਈ ਖੁੱਲ੍ਹੀ ਜਗ੍ਹਾ ਛੱਡਦਾਪਰ ਸਹਿਜੇ ਸਹਿਜੇ ਉਹ ਚੌੜਾ ਹੋਣਾ ਸ਼ੁਰੂ ਹੋ ਗਿਆ ਤੇ ਕੁੜੀ ਵੱਲ ਸਰਕਣ ਲੱਗਾਕੁੜੀ ਗੁਰਦੀਪ ਵੱਲ ਦੇਖਕੇ ਕੁਝ ਮੁਸਕਾਈ ਤਾਂ ਗੁਰਦੀਪ ਨੇ ਇਕ ਹੱਥ ਅੱਗੇ ਕਰਕੇ 'ਹਜ਼ੂਰ' ਕਿਹਾ ਕੁੜੀ ਨੂੰ ਉਸਦੀ ਇਹ ਹਰਕਤ ਦਿਲ ਦੀਆਂ ਡੂੰਘਾਣਾਂ ਤੱਕ ਹਲੂਣ ਗਈ, ਉਹ ਥੋੜਾ ਹੋਰ ਮੁਸਕਾਈ ਤਾਂ ਗੁਰਦੀਪ ਦੇ ਰੁਮਾਂਟਕ ਸਫ਼ਰ ਦਾ ਆਗ਼ਾਜ਼ ਹੋ ਗਿਆ ਸ਼ਾਇਦ ਇਹ ਸਫ਼ਰ ਜ਼ਿੰਦਗੀ ਦਾ ਸਫ਼ਰ ਹੀ ਬਣ ਜਾਵੇ, ਗੁਰਦੀਪ ਲੰਬੀ ਸੋਚ ਗਿਆ ਤੇ ਉਸਦੀਆਂ ਅੱਖਾਂ ਰਜਾਈ ਵੱਲੋਂ ਬੇਵਫ਼ਾਈ ਕਰਕੇ ਕੁੜੀ ਦੇ ਵਜੂਦ ਵੱਲ ਟਿਕ ਗਈਆਂ ਪਰ ਚਾਣਚੱਕ ਉਸ ਦੇ ਕੰਨਾਂ ਨੇ ਕੰਡਕਟਰ ਦੀ ਕੜ੍ਹਕਵੇਂ ਬੋਲ ਸੁਣੇ, " ਓਇ ਇਹ ਕੀਹਦਾ ਬਈ ਗੁੱਦੜ ਮਾਲ, ਚੁੱਕੋ ਏਥੋਂ ।" ਸਵਾਰੀਆਂ ਨੇ ਸਿਰ ਚੁੱਕੇ ਤੇ ਚਾਰੇ ਪਾਸੇ ਘੁਮਾਏ

-----

ਗੁਰਦੀਪ ਚੌਂਕ ਉਠਿਆ, ਉਸ ਦੀ ਰਜਾਈ ਧਿਤਕਾਰ ਦਾ ਪਾਤਰ ਬਣੀ ਪਈ ਸੀ ਘੋਰ ਸੰਕਟ ਦੀ ਘੜੀ ਸੀ: ਇਕ ਪਾਸੇ ਨੀਲੀ ਜੀਨ ਵਾਲੀ ਯੈਂਕਣ ਤੇ ਦੂਜੇ ਪਾਸੇ ਸੁਰਖ਼ ਚੰਦੇ ਵਾਲੀ ਰਜਾਈ ਅੱਖਾਂ ਚ ਖੁਭਦੀਆਂ ਵੱਡੀਆਂ ਵੱਡੀਆਂ ਦਕੀਆਨੂਸੀ ਅੰਬੀਆਂ ਦੀ ਛਾਪ ਵਾਲਾ ਲਾਲ ਚੰਦਾ ਦੇਖਕੇ ਉਸਨੂੰ ਝੁਣਝੁਣੀ ਆਈ, ਉਹ ਕਿਵੇਂ ਇਸ ਗ਼ਲਾਜ਼ਤ ਨੂੰ ਏਨੀ ਦੂਰ ਚੁੱਕੀ ਲਿਆਇਆ ਸੀਉਸ ਨੂੰ ਮਾਂ ਤੇ ਖਿਝ ਆਈ, ਰਜਾਈ ਤੇ ਗਿਲਾਫ਼ ਤਾਂ ਚੜ੍ਹਾ ਦਿੰਦੀ ਫਿਰ ਆਪਣੇ ਆਪ ਵਿੱਚ ਕਲਪਿਆ, ਉਹ ਕਿਉਂ ਇਸ ਨੂੰ ਸਣ ਦੀ ਰੱਸੀ ਨਾਲ ਲਪੇਟ ਕੇ ਲੈ ਆਇਆ ਸੀ, ਉਸਨੂੰ ਕੋਈ ਬਿਸਤਰਾ-ਬੰਨ੍ਹ ਨਾ ਲੱਭਾ? ਕੀ ਸੋਚੇਗੀ ਇਹ ਕੁੜੀ, ਪਿੰਡ ਚੁੱਕੀ ਫਿਰਦਾ ਨਾਲ ਨਾਲ, ਲਾਹੌਰ ਦਾ ਸ਼ੌਕੀਨ ਤੇ ਬੋਝੇ ਚ ਗਾਜਰਾਂ ਉਹ ਕਦੇ ਰਜਾਈ ਵੱਲ ਚੋਰ ਅੱਖੀਂ ਦੇਖਦਾ ਤੇ ਕਦੇ ਕੁੜੀ ਵੱਲ

------

ਟਿਕਟਾਂ ਕੱਟਕੇ ਮੁੜਦਾ ਕੰਡਕਟਰ ਉਵੇਂ ਪਈ ਰਜਾਈ ਦੇਖਕੇ ਫਿਰ ਗਰਜਿਆ, "ਆਹ ਹਿਲਾਈ ਨਹੀਂ ਕਿਸੇ ਨੇ ਆਪਣੀ ਜੁੱਲੀ? ਚੁੱਕੋ ਇਹਨੂੰ, ਛੱਤ ਤੇ ਚੜ੍ਹਾਓ ।" ਸਵਾਰੀਆਂ ਏਧਰ ਉਧਰ ਝਾਕਣ ਪਰ ਐਵੇਂ ਕੌਣ ਦਾਅਵੇਦਾਰ ਬਣਦਾ ਗੁਰਦੀਪ ਦੇ ਅੰਦਰ ਚੜ੍ਹਨ ਲੱਥਣ ਲੱਗੀਆਂ ਉਸਨੂੰ ਰਜਾਈ ਨਾਲ ਹੇਜ ਸੀ, ਆਖਰ ਉਸਦੀ ਆਪਣੀ ਰਜਾਈ ਸੀ, ਇਸਦੀ ਖਾਤਿਰ ਉਸਨੇ ਸਰੀਰ ਨੂੰ ਕਿੰਨਾ ਕਸ਼ਟ ਦਿੱਤਾ ਸੀਪਰ ਵਕਤ ਦੀ ਆਪਣੀ ਨਜ਼ਾਕਤ ਸੀ ਕਰੜਾ ਮਨ ਕਰਕੇ ਉਸਨੇ ਦੋ-ਟੁੱਕ ਫੈਸਲਾ ਕਰ ਲਿਆ, ਰਜਾਈ ਜਾਏ ਤਾਂ ਜਾਏ ਪਰ ਉਹ ਕੁੜੀ ਅੱਗੇ ਹੇਚ ਨਹੀਂ ਹੋਵੇਗਾ ਤੇ ਉਹ ਨਿਸਚਿੰਤ ਹੋ ਗਿਆ ਚਿੰਤਾਂ ਚ ਡੁੱਬੀਆਂ ਸਵਾਰੀਆਂ ਨੇ ਕੰਡਕਟਰ ਨੂੰ ਕਿਹਾ ਕਿ ਸ਼ਾਇਦ ਕੋਈ ਭੁੱਲ ਕੇ ਛੱਡ ਗਿਆ ਹੋਵੇਗਾ ਕੰਡਕਟਰ ਲੋਹਾ-ਲਾਖਾ ਹੋਇਆ ਪਿਆ ਸੀ ਉਸਨੇ ਯਕਾਯਕ ਰਜਾਈ ਨੂੰ ਠੁੱਡ ਮਾਰਕੇ ਬੱਸ ਤੋਂ ਬਾਹਰ ਰੋੜ੍ਹ ਦਿੱਤਾ ਤੇ ਬੇਪਰਵਾਹੀ ਨਾਲ ਬੱਸ ਦੀ ਛੱਤ ਤੇ ਵਗਾਹ ਮਾਰਿਆ ਗੁਰਦੀਪ ਤ੍ਰਭਕਿਆ ਪਰ ਉਸਦੀ ਜਾਨ ਵਿੱਚ ਜਾਨ ਆਈ ਸੱਪ ਵੀ ਬਚ ਗਿਆ ਤੇ ਲਾਠੀ ਵੀ

-----

ਰਜਾਈ ਕਰਕੇ ਉਸਦੀ ਕਿੰਨੀ ਸ਼ਰਮਸਾਰੀ ਹੋ ਸਕਦੀ ਸੀ ਪਹਿਲ ਪਲੇਠੀ ਤਾਂ ਇਹ ਕੁੜੀ ਸੀ ਜੋ ਉਸਦੇ ਏਨੇ ਕਰੀਬ ਆਈ ਸੀਡਰਾਈਵਰ ਆ ਗਿਆ ਤੇ ਬੱਸ ਚੱਲ ਪਈਗੁਰਦੀਪ ਨੇ ਆਪਣੇ ਬੈਗ ਨੂੰ ਪੈਰਾਂ ਹੇਠਾਂ ਦੇ ਲਿਆ ਤੇ ਮਨ ਵਿੱਚ ਤਹੱਈਆ ਕੀਤਾ ਕਿ ਰਸਤੇ ਵਿੱਚ ਇਸਨੂੰ ਭੁੱਲਕੇ ਵੀ ਖੋਲ੍ਹਣਾ ਨਹੀਂ, ਕੁੜੀ ਕੀ ਦੇਖੇਗੀ ਪੰਜਾਬੀ ਦੀਆਂ ਕਿਤਾਬਾਂ ਰਿਸਾਲੇ ਉਸਨੇ ਡੂੰਘਾ ਸਾਹ ਲਿਆ ਤੇ ਕੁੜੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਛੇੜ ਲਈਆ । "ਹਜ਼ੂਰ ਕਿਧਰ ਜਾ ਰਹੇ ਹੋ?" ਉਹ ਅਕਸਰ ਹੀ ਦੂਸਰਿਆਂ ਨੂੰ ਹਜ਼ੂਰ ਨਾਲ ਹੀ ਸੰਬੋਧਿਤ ਹੁੰਦਾ ਸੀ ਹਜ਼ੂਰ ਉਸਦਾ ਤਕੀਆ ਕਲਾਮ ਬਣ ਗਿਆ ਸੀ ਕੁੜੀ ਗੁਦਗੁਦਾਈ, ੳਸਨੇ ਹਲਕੀ ਮੁਸਕਰਾਹਟ ਛੱਡੀ ਤੇ ਬੋਲੀ,"ਜੀ ਚੰਡੀਗੜ੍ਹ, ਤੇ ਜਨਾਬ ?" ਕੁੜੀ ਨੇ ਜਨਾਬ ਕਹਿ ਕੇ ਅਦਬ ਕਾਇਮ ਰੱਖਿਆ ਗੁਰਦੀਪ ਨੇ ਏਨੇ ਵਿੱਚ ਅਨੁਮਾਨ ਲਾ ਲਿਆ ਕਿ ਕੁੜੀ 'ਸ਼ੀਲ' ਹੈ । "ਹਜ਼ੂਰ ਦਾ ਕੀ ਸ਼ੁਗਲ ਹੈ ਉਥੇ ?" ਉਹ ਹਜ਼ੂਰ ਦਾ ਅਜੇ ਹੋਰ ਚੱਕਰ ਚਲਾਉਣਾ ਚਾਹੁੰਦਾ ਸੀ

-----

"ਚੰਡੀਗੜ੍ਹ ਤਾਂ ਮੈਂ ਵੈਸੇ ਆਪਣੇ ਅੰਕਲ ਕੋਲ ਚੱਲੀ ਹਾਂ, ਸਾਡਾ ਘਰ ਤਾਂ ਲੁਧਿਆਣੇ ਹੀ ਹੈ, ਮੈਂ ਉਥੇ ਮਾਸਟਰਜ਼ ਕਰ ਰਹੀ ਹਾਂ, ਤੇ ਜਨਾਬ?" ਕੁੜੀ ਦੀ ਦਿਲਚਸਪੀ ਤੇ ਅਦਬ ਬਰਾਬਰ ਸੀਪਰ ਗੁਰਦੀਪ ਕੁਝ ਝੇਪ ਗਿਆ ਸੀ ਉਹ ਲੁਧਿਆਣੇ ਸ਼ਹਿਰ ਦੀ ਤੇ ਮੈਂ ਟਾਂਡੇ ਦਾ ਵੀ ਨਹੀਂ ਉਹ ਕੁਝ ਹੋਰ ਕਹਿਣ ਲੱਗਾ ਸੀ ਪਰ ਉਸਦੇ ਮੂੰਹੋਂ ਨਿਕਲ ਗਿਆ,"ਤੁਸੀਂ ਟਾਂਡਾ ਦੇਖਿਆ?"

........

"ਵ੍ਹਟ ਇਜ਼ ਦੈਟ?" ਕੁੜੀ ਨੇ ਹੈਰਾਨੀ ਪ੍ਰਗਟ ਕੀਤੀ ਗੁਰਦੀਪ ਹੱਥ ਮਲ਼ਣ ਲੱਗਾਕਿਥੇ ਟਾਂਡੇ ਦਾ ਪਟੌਟਾ ਛੇੜ ਬੈਠਾ, ਕੁੜੀ ਨੇ ਤਾਂ ਇਸ ਦਾ ਨਾਂ ਵੀ ਨਹੀਂ ਸੁਣਿਆ

.........

"ਇਹ ਪੰਜਾਬ ਦਾ ਇਕ ਟਊਨ ਹੈ, ਦਰਅਸਲ ਏਥੇ ਇਕ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ, ਮੈਂ ਵੀ ਅਜੀਤ ਅਖ਼ਬਾਰ ......." ਉਸਨੇ ਸ਼ੂਟਿੰਗ ਦੀ ਤਾਂ ਗੱਲ ਬਣਾਈ ਸੀ

ਪਰ ਉਸ ਕੋਲੋਂ ਪੰਜਾਬੀ ਦੀ ਅਖਬਾਰ ਪੜ੍ਹਦੇ ਹੋਣ ਦਾ ਪੋਲ ਖੁੱਲ੍ਹਣ ਲੱਗਾ ਸੀ ਕਿ ਉਸਦੇ ਦੰਦਾਂ ਨੇ ਜੀਭ ਘੁੱਟ ਲਈ। "ਮੇਰਾ ਮਤਲਬ ਮੈਂ ਟ੍ਰਿਬਿਊਨ ਵਿੱਚ ਪੜ੍ਹਿਆ ਸੀ।"

...........

"ਅੱਛਾ, ਕਿਹੜੀ ਫਿਲਮ ? ਮੈਂ ਤਾਂ ਪੜ੍ਹਿਆ ਨਹੀਂ ।" ਫਿਲਮਾਂ ਵਿੱਚ ਕੁੜੀਆਂ ਦੀ ਦਿਲਚਸਪੀ ਤਾਂ ਵਿਸ਼ਵ-ਵਿਆਪੀ ਤੱਥ ਹੈ । "ਛੱਡੋ ਜੀ, ਐਵੇਂ ਕੋਈ ਪੰਜਾਬੀ ਦੀ

ਮੂਵੀ ਹੋਵੇਗੀ, ਮੇਰੀ ਮਾੜੀ ਜਿਹੀ ਕਿਤੇ ਅਖ਼ਬਾਰ ਵਿੱਚ ਨਜ਼ਰ ਪੈ ਗਈ ।" ਉਸਦਾ ਮਨ ਪੰਜਾਬੀ ਪੰਜਾਬੀ ਵਿਚੋਂ ਨਿਕਲਦਾ ਨਹੀਂ ਸੀ ਹੁਣ ਉਸਦੇ ਅੰਦਰ ਇਕ ਕੁਤਕੁਤੀ ਸੀ, ਕਿਤੇ ਪੰਜਾਬੀ ਦੀ ਐੱਮ.ਏ. ਕਰਦੇ ਹੋਣ ਦੀ ਗੱਲ ਉਸਦੇ ਮੂੰਹੋਂ ਨਾ ਨਿਕਲ ਜਾਵੇ ਇਹ ਸੁਣਕੇ ਤਾਂ ਉਹ ਜ਼ਰੂਰ ਬਾਰੀ ਤੋਂ ਬਾਹਰ ਹੀ ਦੇਖਣਾ ਸ਼ੁਰੂ ਕਰ ਦੇਵੇਗੀ ਮਸੀਂ ਤਾਂ ਰਜਾਈ ਤੋਂ ਖਹਿੜਾ ਛਡਵਾਇਆ ਸੀ ਤੇ ਹੁਣ ਪੰਜਾਬੀ ੳਸਨੂੰ ਲੱਗਾ ਰਜਾਈ ਤੇ ਪੰਜਾਬੀ ਦੀ ਐੱਮ.ਏ. ਵਿੱਚ ਕੋਈ ਅਜ਼ਲੀ ਸਾਂਝ ਹੈਖ਼ੈਰ! ਉਸਨੇ ਗੱਲ ਨੂੰ ਵਲ਼ ਪਾ ਲਿਆ,"ਦਾਸ ਵੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਾਸਟਰਜ਼ ਹੀ ਕਰ ਰਿਹਾ ਹੈ ਮੇਰੇ ਫਾਦਰ ਕੈਨੇਡਾ ਵਿੱਚ ਰਹਿੰਦੇ ਹਨ ਤੇ ਆਪਾਂ ਇਕ ਦਿਨ ਬਾਹਰ ਹੀ ਜਾਣਾ ਹੈ ।" ਇਸ ਵਿੱਚ ਕੋਈ ਝੂਠ ਨਹੀਂ, ਗੁਰਦੀਪ ਦਾ ਪਿਉ ਸਚਮੁਚ ਬਾਹਰ ਹੀ ਰਹਿੰਦਾ ਸੀ

............

ਪਰ ਐਸ ਵੇਲੇ ਉਸਨੇ ਕੈਨੇਡਾ ਦਾ ਪਟਾਖਾ ਗੱਲ ਦਾ ਸੰਭਾਵੀ ਰੁਖ਼ ਮੋੜਨ ਲਈ ਚਲਾਇਆ ਸੀ, ਕੁੜੀ ਕਿਤੇ ਇਹ ਨਾਂ ਪੁੱਛ ਲਵੇ, 'ਕਾਹਦੀ ਐਮ.ਏ. ਕਰਦੇ ਹੋ'ਉਸਨੇ ਆਪਣੇ ਲਹਿਜੇ ਵਿੱਚ ਪਰਿਹਾਸ ਦੀ ਚੱਸ ਕਾਇਮ ਰੱਖੀ ਉਸ ਨੇ ਸਿੱਖ ਲਿਆ ਸੀ ਕੁੜੀਆਂ ਨੂੰ ਪ੍ਰਭਾਵਤ ਕਰਨ ਲਈ ਚੁਸਤ ਤੇ ਮਜ਼ਾਕੀਆ ਗੱਲਾਂ ਦੇ ਬਾਣ ਅਸਰ ਕਰਦੇ ਹਨ । "ਵਾਓ ! ਰੀਅਲੀ ? ਦੈਟ ਇਜ਼ ਗਰੇਟ, ਤੁਸੀਂ ਬੜੇ ਲੱਕੀ ਹੋਅਸੀਂ ਤਾਂ ਐਧਰ ਦੀ ਹੀ ਖਾਕ ਛਾਣਾਂਗੇ ।"

..........

ਗੁਰਦੀਪ ਨੂੰ ਲੱਗਾ ਉਸ ਦੇ ਤੁੱਕੇ ਮਾਰ ਕਰ ਰਹੇ ਹਨ । "ਤੁਹਾਡਾ ਵੀ ਫੌਰਨ ਜਾਣ ਦਾ ਮਨ ਹੈ?" ਉਹ ਕੁੜੀ ਨੂੰ ਆਪਣੀ ਲੀਹ ਤੇ ਲਿਆਉਣ ਲੱਗਾ

..........

"ਕਦੇ ਸੋਚਿਆ ਨਹੀਂ ਪਰ ਜੇ ਚਾਂਸ ਬਣੇ ਤਾਂ ਕੌਣ ਫੌਰਨ ਨਹੀਂ ਜਾਣਾ ਚਾਹੇਗਾ।"

-----

ਸਮਰਾਲਾ ਆ ਗਿਆ ਸੀ ਬੱਸ ਕੁਝ ਚਿਰ ਰੁਕੀ ਜੁੰਬਿਸ਼ ਚ ਆਇਆ ਗੁਰਦੀਪ ਉਤਰ ਕੇ ਦੋ ਕੋਲਡ ਡਰਿੰਕ ਫੜ ਲਿਆਇਆ ਇਕ ਕੁੜੀ ਨੂੰ ਪੇਸ਼ ਕੀਤਾ ਜੋ ਉਸਨੇ ਬਿਨਾ ਝਿਜਕ 'ਥੈਂਕ ਯੂ, ਕਿਉਂ ਖੇਚਲ ਕਰਨੀ ਸੀ' ਕਹਿੰਦਿਆਂ ਸਵੀਕਾਰ ਕਰ ਲਿਆਬੱਸ ਚੱਲ ਪਈ ਗੱਲਾਂ ਕਦੇ ਵਧੇਰੇ ਹੀ ਨਿੱਜੀ ਪਰ ਫਿਰ ਅਚਾਨਕ ਬੜਾ ਹੀ ਓਪਰਾ ਰੁਖ਼ ਅਖ਼ਤਿਆਰ ਕਰ ਲੈਂਦੀਆਂਗੁਰਦੀਪ ਵਿੱਚ ਵਿੱਚ ਖਹਿਸਰਬਾਜ਼ੀ ਦੀ ਕੋਸ਼ਿਸ਼ ਕਰਨ ਲਗਦਾ ਪਰ ਯਕਦਮ ਪਰੇ ਹੋ ਜਾਂਦਾੳਸਨੇ ਨੇ ਕੁਝ ਫੜਾਂ ਵੀ ਸ਼ੁਰੂ ਕਰ ਦਿੱਤੀਆਂ ਕੈਨੇਡਾ ਜਾ ਕੇ ਉਹ ਆਪਣੇ ਪਿਉ ਦਾ ਬਿਜ਼ਨਿਸ ਸੰਭਾਲੇਗਾ, ਦੁਨੀਆਂ ਭਰ ਦੀ ਸੈਰ ਕਰਨਾ ਉਸਦੀ ਇਕ ਵੱਡੀ ਤਮੰਨਾ ਹੈ, ਚੰਡੀਗੜ੍ਹ ਵਿੱਚ ਉਹ ਇਕ ਵੱਡੀ ਕੋਠੀ ਪਾਏਗਾ

-----

ਕੁੜੀ ਨੇ ਦੱਸਿਆ ਕਿ ਉਸ ਦੇ ਘਰ ਦਿਆਂ ਦਾ ਟਰਾਸਪੋਰਟ ਦਾ ਬਿਜ਼ਨਿਸ ਹੈ, ਉਹ ਆਪ ਪੱਤਰਕਾਰੀ ਦਾ ਕੋਰਸ ਕਰਕੇ ਪੱਤਰਕਾਰ ਬਣਨਾ ਚਾਹੁੰਦੀ ਹੈ ਗੁਰਦੀਪ ਦੇ ਰਵੱਈਏ ਵਿੱਚ ਹੁਣ ਕੁਝ ਠਹਿਰਾਅ ਆ ਗਿਆ ਸੀ, ਕੁੜੀ ਨੂੰ ਗੱਲੀਂ ਲਾ ਕੇ ਕੁਝ ਕੁਝ ਉਸਨੂੰ ਆਕ੍ਰਸ਼ਤ ਕਰ ਲਿਆ ਸੀਇਸਦਾ ਪਰਿਣਾਮ ਸੀ ਕਿ ਕੁੜੀ ਹੁਣ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰਨ ਲੱਗ ਪਈ ਸੀਪਰ ਅਜੇ ਤੱਕ ਵੀ ਉਹ ਕੋਈ ਅਜਿਹੀ ਗੱਲ ਨਹੀਂ ਸੀ ਕਰ ਸਕਿਆ ਜਿਸ ਵਿੱਚ ਪਿਆਰ ਨਾਂ ਦੇ ਜਜ਼ਬੇ ਘੁਲੇ ਹੋਏ ਹੋਣ ਰਜਾਈ, ਟਾਂਡਾ ਤੇ ਪੰਜਾਬੀ ਕਦਮ-ਕਦਮ ਤੇ ਉਸਦੀ ਪੇਸ਼ਕਦਮੀ ਨੂੰ ਤੁਣਕੇ ਮਾਰ ਰਹੇ ਸਨ

-----

ਚੰਡੀਗੜ੍ਹ ਦਾ ਬੱਸ ਅੱਡਾ ਆ ਗਿਆ ਸੀ ਬੱਸ ਖੜੋਨ ਲੱਗੀ ਤਾਂ ਗੁਰਦੀਪ ਨੇ ਉਸਨੂੰ ਫਿਰ ਮਿਲਣ ਦੀ ਗੱਲ ਕੀਤੀ ਕੁੜੀ ਨੂੰ ਕੋਈ ਲੈਣ ਵਾਲੇ ਬਾਹਰ ਆਏ ਹੋਏ ਸਨ ਕਾਹਲੀ ਨਾਲ ਕੁੜੀ ਨੇ ਕਿਹਾ ਕਿ ਅਗਲੇ ਦਿਨ ਯੂਨੀਵਰਸਿਟੀ ਦੇ ਅੱਗੇ ਪੀ.ਜੀ.ਆਈ. ਵਾਲੇ ਗੇਟ ਕੋਲ ਸਵੇਰੇ ਗਿਆਰਾਂ ਵਜੇ ਉਹ ਉਸਨੂੰ ਮਿਲੇਗੀ ਉਸ ਨੇ ਟਾਅ ਟਾਅ ਬਾਇ ਬਾਇ ਕੀਤੀ ਤੇ ਟਿੱਪ ਟਿੱਪ ਕਰਦੀ ਉਤਰ ਕੇ ਥਰੀ ਵ੍ਹੀਲਰ ਵਿੱਚ ਬੈਠ ਗਈ

-----

ਕੁੜੀ ਗਈ ਤਾਂ ਗੁਰਦੀਪ ਨੂੰ ਹੋਸ਼ ਆਈ, ਉਹ ਖ਼ਾਸ ਚੰਡੀਗੜ੍ਹ ਵਿੱਚ ਸੀ ਉਹ ਪਰੇ ਰਿਕਸ਼ੇ ਵੱਲ ਵਧਣ ਲੱਗਾ ਕਿ ਉਸਨੂੰ ਰਜਾਈ ਚੇਤੇ ਆ ਗਈ ਜੋ ਕੰਡਕਟਰ ਦੀ ਮੇਹਰ ਸਦਕਾ ਬੱਸ ਦੀ ਛੱਤ ਉਪਰ ਚੜ੍ਹ ਗਈ ਸੀਉਹ ਦਵਾ ਸੱਟ ਪੌੜੀਆਂ ਰਾਹੀਂ ਬੱਸ ਤੇ ਚੜ੍ਹਿਆ ਪਰ ਰਜਾਈ ਨੇ ਉਥੇ ਕਿੱਥੇ ਹੋਣਾ ਸੀ

-----

ਹੇਠਾਂ ਉਤਰ ਕੇ ਉਸਨੇ ਕੰਡਕਟਰ ਤੋਂ ਸੰਗਦਿਆਂ ਪੁਛਿਆ ਜੋ ਅਜੇ ਹੁਣੇ ਸਵਾਰੀਆਂ ਨਾਲ ਬਕਾਏ ਦਾ ਹਿਸਾਬ ਨਿਬੇੜ ਕੇ ਹਟਿਆ ਸੀ, "ਭਾਈ ਸਾਹਿਬ ਰਜਾਈ ਕਿੱਧਰ ਗਈ, ਉਪਰ ਤਾਂ ਹੈ ਨਹੀਂ ?" ਕੰਡਕਟਰ ਸ਼ਰਾਰਤੀ ਹਾਸਾ ਹੱਸਿਆ,"ਅੱਛਾ ਤਾਂ ਉਹ ਤੇਰੀ ਰਜਾਈ ਸੀ? ਉਦੋਂ ਤਾਂ ਬੜੀ ਮਸ਼ਟ ਮਾਰੀ ਹੋਈ ਸੀ ?" "ਤੂੰ ਮੇਰੀ ਰਜਾਈ ਦੱਸ ਕਿਧਰ ਗਈ, ਤੈਨੂੰ ਮੇਰੀ ਮਸ਼ਟ ਨਾਲ ਕੀ ?" ਗੁਰਦੀਪ ਬੌਖ਼ਲਾਇਆ ਪਿਆ ਸੀ । "ਰਜਾਈਆਂ ਏਥੇ ਕਿੱਥੇ ਰਹਿੰਦੀਆਂ ਐਡੀ ਹਵਾ ਵਿੱਚ, ਉੜ ਗਈ ਹੋਣੀ ਹੈਛੱਤ ਉਪਰ ਰਜਾਈ ਨੂੰ ਭਾਰ ਪਾ ਕੇ ਰੱਖੀਦਾ, ਤਾਂ ਜਾ ਕੇ ਟਿਕਦੀ ਹੈ।" ਕਹਿੰਦਿਆ ਕੰਡਕਟਰ ਪੱਤਰਾ ਵਾਚ ਗਿਆ ਗੁਰਦੀਪ ਨੂੰ ਰਜਾਈ ਖੁੱਸਣ ਦੀ ਕੋਈ ਬਹੁਤੀ ਨਮੋਸ਼ੀ ਨਹੀਂ ਹੋਈ ਰਜਾਈ ਸੀ ਹੀ ਕੀ ਇਕ ਕੁੜੀ ਦੀ ਪ੍ਰਾਪਤੀ ਦੇ ਮੁਕਾਬਲੇ

ਇਕ ਕੁੜੀ ਦੀ ਖਾਤਰ ਉਹ ਹਜ਼ਾਰ ਰਜਾਈਆਂ ਕੁਰਬਾਨ ਕਰ ਸਕਦਾ ਸੀ

-----

ਗੁਰਦੀਪ ਨੇ ਰਾਤੀਂ ਇਹ ਸਾਰੀ ਵਿਥਿਆ ਸੁਣਾਈ ਸੀ ਤੇ ਸਵੇਰੇ ਤਰਲੇ ਕਰਦਿਆਂ ਮੈਨੂੰ ਸਾਥ ਦੇਣ ਲਈ ਤਿਆਰ ਕਰ ਹੀ ਲਿਆ ..........ਤੇ ਅਸੀਂ ਪੀ.ਜੀ.ਆਈ. ਤੇ ਯੂਨੀਵਰਸਿਟੀ ਦੇ ਵਿਚਕਾਰਲੀ ਸੜਕ ਤੇ ਕੁੜੀ ਦਾ ਇੰਤਜ਼ਾਰ ਕਰ ਰਹੇ ਸਾਂਗਿਆਰਾਂ ਵੱਜ ਗਏ ਗੁਰਦੀਪ ਦੀ ਬੇਚੈਨੀ ਸ਼ੁਰੂ ਹੋ ਗਈ

-----

ਅਸੀਂ ਏਧਰ ਉਧਰ ਘੁੰਮਣ ਲੱਗੇ ਸਵਾ ਗਿਆਰਾਂ ਵੱਜੇ, ਗੁਰਦੀਪ ਦੇ ਪੈਰ ਲੜਖੜਾਉਣ ਲੱਗੇ ਮੈਂ ਉਸਨੂੰ ਸਿਧਾਂਤਕ ਦਿਲਾਸਾ ਦਿੱਤਾ ਕਿ ਇਹੋ ਜਿਹੇ ਮਾਮਲਿਆਂ ਵਿਚ ਵਕਤ ਦੀ ਪਾਬੰਦੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਸਾਢੇ ਬਾਰਾਂ ਇਕ ਤੋਂ ਹੁੰਦੇ ਹੋਏ ਦੋ ਵੱਜ ਗਏ ਪਰ ਦੂਰ ਤੱਕ ਉਡੀਕੀ ਜਾ ਰਹੀ ਕੁੜੀ ਦਾ ਭੂਤ ਵੀ ਦਿਖਾਈ ਨਹੀਂ ਸੀ ਦਿੰਦਾ

------

ਗੁਰਦੀਪ ਡੁੰਨ-ਵੱਟਾ ਬਣਿਆ ਪਿਆ ਸੀ, ਨੀਵੀਂ ਪਾਈ ਬੂਟਾਂ ਨਾਲ ਸੜਕ ਤੋਂ ਮਿੱਟੀ ੳਚੇੜਦਾਮੇਰੇ ਵੱਲ ਤਾਂ ਝਾਕ ਵੀ ਨਹੀਂ ਸੀ ਰਿਹਾ ਨੇੜੇ ਹੀ ਪੀ.ਜੀ.ਆਈ. ਦੇ ਲੋਕਲ ਬੱਸ ਅੱਡੇ ਤੇ ਬੱਸ ਸਟੈਂਡ ਨੂੰ ਜਾਣ ਵਾਲੀ ਇਕ ਬੱਸ ਆਈਗੁਰਦੀਪ ਉਧਰ ਨੂੰ ਦੌੜਿਆ ਸੋਚਿਆ ਉਸ ਨੂੰ ਕੁੜੀ ਦਿਸੀ ਹੈ

.........

"ਕਿੱਧਰ ਜਾ ਰਿਹਾ ਏਂ ?" ਅਚੰਭਤ ਹੋਏ ਨੇ ਮੈਂ ਪੁੱਛਿਆ

.........

"ਪਿੰਡ ਜਾਣ ਲੱਗਾਂ, ਹੋਰ ਰਜਾਈ ਲੈਣ, ਦਿਨ ਤਾਂ ਅਜੇ ਬਥੇਰਾ ਖੜ੍ਹਾ।" ਉਸਨੇ ਮੇਰੇ ਵੱਲ ਨਹੀਂ ਦੇਖਿਆ ਤੇ ਬੱਸ ਵਿੱਚ ਛਾਲ ਮਾਰ ਦਿੱਤੀ

Tuesday, October 27, 2009

ਸੁਖਿੰਦਰ - ਲੇਖ

ਸਤਿਅਮ, ਸ਼ਿਵਮ, ਸੁੰਦਰਮ ਦੇ ਅਰਥ ਸਿਰਜਦੀਆਂ ਕਵਿਤਾਵਾਂ - ਪ੍ਰੀਤਮ ਸਿੰਘ ਧੰਜਲ

ਕੈਨੇਡੀਅਨ ਪੰਜਾਬੀ ਸ਼ਾਇਰ ਪ੍ਰੀਤਮ ਸਿੰਘ ਧੰਜਲ ਦਾ ਕਾਵਿ-ਸੰਗ੍ਰਹਿ ਸਤਿਯੰਮ ਸ਼ਿਵਮ ਸੁੰਦਰਮ’ ‘ਸੱਚ ਹੀ ਸਦਾ ਸੁੰਦਰ ਹੈਬਾਰੇ ਬਹਿਸ ਛੇੜਦੀਆਂ ਕਵਿਤਾਵਾਂ ਦਾ ਇੱਕ ਗੁਲਦਸਤਾ ਹੈ ਸਤਿਯੰਮ ਸ਼ਿਵਮ ਸੁੰਦਰਮਕਾਵਿ-ਸੰਗ੍ਰਹਿ ਪ੍ਰੀਤਮ ਸਿੰਘ ਧੰਜਲ ਨੇ 1996 ਵਿੱਚ ਪ੍ਰਕਾਸ਼ਿਤ ਕੀਤਾ ਸੀਇਸ ਤੋਂ ਪਹਿਲਾਂ ਉਹ ਸੁਚੇਤ ਸੁਪਨੇ’ (1989), ‘ਮਿਲਨ’ (1989) ਅਤੇ ਤੁਲਸੀ ਦੇ ਪੱਤਰ’ (1992) ਵਿੱਚ ਪ੍ਰਕਾਸ਼ਿਤ ਕਰ ਚੁੱਕਾ ਸੀ

-----

ਸਤਿਯੰਮ ਸ਼ਿਵਮ ਸੁੰਦਰਮਦੀਆਂ ਵਧੇਰੇ ਕਵਿਤਾਵਾਂ ਤਿੰਨ ਸ਼ਬਦਾਂ ਬਾਰੇ ਬਹਿਸ ਛੇੜਦੀਆਂ ਹਨ: ਸੱਚ, ਸਦੀਵੀ ਅਤੇ ਸੁੰਦਰਇਹ ਬਹਿਸ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਅਤੇ ਵਰਤਾਰਿਆਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਉਂਦੀ ਹੋਈ ਕੁਦਰਤ ਦੇ ਵਰਤਾਰਿਆਂ ਨੂੰ ਵੀ ਇਸ ਘੇਰੇ ਵਿੱਚ ਲਿਆਉਂਦੀ ਹੈ

ਪ੍ਰਸਿੱਧ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਸਾਪੇਖਿਤਾ ਦਾ ਸਿਧਾਂਤ ਲਿਆਕੇ ਨ ਸਿਰਫ ਆਧੁਨਿਕ ਵਿਗਿਆਨ ਵਿੱਚ ਹੀ ਇਨਕਲਾਬ ਲਿਆਂਦਾ; ਬਲਕਿ ਇਸ ਸਿਧਾਂਤ ਨੇ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾਆਈਨਸਟਾਈਨ ਦੇ ਸਾਪੇਖਿਤਾ ਦੇ ਸਿਧਾਂਤ ਨੇ ਸਾਨੂੰ ਪਹਿਲੀ ਵੇਰੀ ਇਸ ਗੱਲ ਦੀ ਚੇਤਨਾ ਦਿੱਤੀ ਕਿ ਸੱਚ ਕੀ ਹੈ’, ‘ਸਦੀਵੀ ਕੀ ਹੈਅਤੇ ਸੁੰਦਰ ਕੀ ਹੈਇਸ ਸਿਧਾਂਤ ਨੇ ਸਾਨੂੰ ਪਹਿਲੀ ਵਾਰੀ ਇਹ ਗਿਆਨ ਦਿੱਤਾ ਕਿ ਇਹ ਸਭ ਵੇਖਣ, ਸੁਨਣ ਅਤੇ ਅਨੁਭਵ ਕਰਨ ਵਾਲੇ ਦੀ ਸੋਚ ਉੱਤੇ ਹੀ ਨਿਰਭਰ ਕਰਦਾ ਹੈ ਕਿ ਕੀ ਸੱਚਹੈ ਅਤੇ ਕੀ ਝੂਠਹੈਜੋ ਚੀਜ਼ ਕਿਸੇ ਇੱਕ ਵਿਅਕਤੀ ਲਈ ਸੱਚ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਝੂਠ ਹੋ ਸਕਦੀ ਹੈ; ਜੋ ਚੀਜ਼ ਕਿਸੇ ਇੱਕ ਵਿਅਕਤੀ ਦੀ ਨਿਗਾਹ ਵਿੱਚ ਸੁੰਦਰ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਬਦਸੂਰਤ ਹੋ ਸਕਦੀ ਹੈ; ਜੋ ਚੀਜ਼ ਕਿਸੇ ਇੱਕ ਵਿਅਕਤੀ ਦੀ ਨਿਗਾਹ ਵਿੱਚ ਸਦੀਵੀ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਨਾਸ਼ਮਾਨ ਹੋ ਸਕਦੀ ਹੈ

-----

ਇਸ ਕਾਵਿ-ਸੰਗ੍ਰਹਿ ਵਿੱਚ ਇਸ ਵਿਸ਼ੇ ਬਾਰੇ ਮੁੱਖ ਤੌਰ ਉੱਤੇ ਬਹਿਸ ਇਸ ਕਾਵਿ-ਸੰਗ੍ਰਹਿ ਦੀਆਂ ਤਿੰਨ ਮੁੱਖ ਕਵਿਤਾਵਾਂ ਸਤਿਯੰਮ ਸ਼ਿਵਮ ਸੁੰਦਰਮ-1’, ‘ਸਤਿਯੰਮ ਸ਼ਿਵਮ ਸੁੰਦਰਮ-2ਅਤੇ ਸਤਿਯੰਮ ਸ਼ਿਵਮ ਸੁੰਦਰਮ-3ਵਿੱਚ ਛੇੜੀ ਗਈ ਹੈ; ਪਰ ਇਹ ਬਹਿਸ ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਹੋਰਨਾਂ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚ ਵੀ ਚੱਲਦੀ ਰਹਿੰਦੀ ਹੈ

ਪ੍ਰੀਤਮ ਸਿੰਘ ਧੰਜਲ ਦੀ ਸ਼ਾਇਰੀ ਨੂੰ ਸਮਝਣ ਲਈ ਉਸਦੀ ਕਵਿਤਾ ਸਤਿਯੰਮ ਸ਼ਿਵਮ ਸੁੰਦਰਮ-1ਦੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

ਸਤਿਯੰਮ ਸ਼ਿਵਮ ਸੁੰਦਰਮ, ਕਹਿਣ ਵਾਲੇ !

ਇਹ ਸ਼ਾਇਰ ਤੇਰੇ ਨਾਲ ਸਹਿਮਤ ਨਹੀਂ ਹੈ

ਬੜਾ ਕੋਝ ਵੀ ਹੈ ਧਰਤੀ ਦੇ ਉੱਤੇ,

ਇਹ ਦੁਨੀਆਂ ਨਿਰੀ ਖ਼ੂਬਸੂਰਤ ਨਹੀਂ ਹੈ

ਸ਼ਾਇਰ ਦਾ ਵਿਸ਼ਵਾਸ਼ ਹੈ ਕਿ ਇਸ ਦੁਨੀਆਂ ਵਿਚ ਬਹੁਤ ਕੁਝ ਝੂਠ ਹੈ ਅਤੇ ਬਦਸੂਰਤ ਹੈ ਜੋ ਸਦੀਵੀ ਨਹੀਂ ਹੈਜਿਸਨੂੰ ਬਦਲਿਆ ਜਾ ਸਕਦਾ ਹੈ; ਪਰ ਇਸ ਝੂਠ ਦੇ ਪਾਸਾਰੇ ਨੂੰ ਦੇਖਣ ਅਤੇ ਅਨੁਭਵ ਕਰਨ ਲਈ ਇੱਕ ਵੱਖਰੀ ਕਿਸਮ ਦੀ ਅੱਖ ਅਤੇ ਸੋਚ ਦੀ ਲੋੜ ਹੈ:

ਤੇਰੇ ਲਈ ਤਾਂ ਥਾਂਦਾ ਵੀ ਮਤਲਬ ਨਹੀਂ ਕੋਈ,

ਸੋ ਆ ! ਤੈਨੂੰ ਆਪਣੀ ਨਜ਼ਰ ਵਿਚ ਬਿਠਾਵਾਂ

-----

ਇਸ ਗੱਲ ਦਾ ਵਿਸਥਾਰ ਪ੍ਰੀਤਮ ਸਿੰਘ ਧੰਜਲ ਆਪਣੀ ਇੱਕ ਗ਼ਜ਼ਲ ਦੇ ਸ਼ਿਅਰ ਵਿੱਚ ਵੀ ਕਰਦਾ ਹੈ ਕਿ ਜੋ ਕੁਝ ਮਨੁੱਖੀ ਜ਼ਿੰਦਗੀ ਵਿੱਚ ਵਾਪਰਦਾ ਹੈ ਜਾਂ ਸਾਡੇ ਚੌਗਿਰਦੇ ਵਿੱਚ ਵਾਪਰਦਾ ਹੈ - ਇਹ ਨਾ ਤਾਂ ਸਭ ਕੁਝ ਸੁੰਦਰ ਹੀ ਹੈ ਅਤੇ ਨਾ ਹੀ ਸਦੀਵੀ

ਮੇਰੀ ਕਵਿਤਾ, ਐਸ਼ ਤੇ ਆਰਾਮ ਦੇ ਨਗ਼ਮੇ ਨਹੀਂ,

ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਦੀ ਗੱਲ ਹੈ

ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਦੀ ਗੱਲ ਕਰਨ ਲੱਗਾ ਪ੍ਰੀਤਮ ਸਿੰਘ ਧੰਜਲ ਸਭ ਤੋਂ ਪਹਿਲਾਂ ਔਰਤਬਾਰੇ ਗੱਲ ਛੇੜਦਾ ਹੋਇਆ ਕਹਿੰਦਾ ਹੈ:

ਤਨ ਬਦਨ ਦੀ ਗੱਲ ਹੀ ਕਰੀ ਜਾਵੇਂ,

ਇਸ ਤੋਂ ਵਧ ਕੇ ਔਰਤ ਹੋਰ ਵੀ ਹੈ

ਇਨ੍ਹਾਂ ਕਾਵਿ ਸਤਰਾਂ ਨਾਲ ਉਹ ਸੁੰਦਰਤਾਦੀ ਪ੍ਰੀਭਾਸ਼ਾ ਬਾਰੇ ਆਪਣੀ ਬਹਿਸ ਦਾ ਆਰੰਭ ਕਰਦਾ ਹੈਇਹ ਬਹਿਸ ਸਾਹਿਤ, ਸਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈਇਹ ਬਹਿਸ ਹੈ ਰੂਪਅਤੇ ਤੱਤਬਾਰੇਰੂਪਵਾਦੀਆਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਖੂਬਸੂਰਤੀ ਨੂੰ ਬਾਹਰਲੇ ਰੂਪ ਤੱਕ ਹੀ ਸੀਮਿਤ ਕਰਕੇ ਰੱਖ ਦਿੱਤਾ ਸੀ; ਪਰ ਮਾਰਕਸਵਾਦੀਆਂ ਨੇ ਇਹ ਧਾਰਨਾ ਪੇਸ਼ ਕੀਤੀ ਕਿ ਅਸਲ ਖ਼ੂਬਸੂਰਤੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਬਿਆਨ ਕਰਨ ਵਿੱਚ ਹੈਸਾਡੇ ਸਮਿਆਂ ਵਿੱਚ ਸੁੰਦਰਤਾ ਦੀ ਪ੍ਰੀਭਾਸ਼ਾ ਨੂੰ ਹੋਰ ਵਧੇਰੇ ਅਰਥ ਭਰਪੂਰ ਬਨਾਉਣ ਲਈ ਇਸ ਨੂੰ ਰੂਪਅਤੇ ਤੱਤਦੇ ਖ਼ੂਬਸੂਰਤ ਸੁਮੇਲ ਵਜੋਂ ਸਵੀਕਾਰਿਆ ਗਿਆ ਹੈ

-----

ਇਸ ਧਾਰਨਾ ਅਧੀਨ ਪ੍ਰੀਤਮ ਸਿੰਘ ਧੰਜਲ ਹਜ਼ਾਰਾਂ ਸਾਲਾਂ ਤੋਂ ਔਰਤ ਉੱਤੇ ਹੁੰਦੇ ਅਤਿਆਚਾਰਾਂ ਦੀ ਗੱਲ ਛੇੜਦਾ ਹੈਉਸਦਾ ਯਕੀਨ ਹੈ ਕਿ ਔਰਤ ਦੇ ਤਨ ਦੀ ਖ਼ੂਬਸੂਰਤੀ ਦੀਆਂ ਹੀ ਗੱਲਾਂ ਕਰਨੀਆਂ ਕਾਫੀ ਨਹੀਂ; ਉਸ ਨੂੰ ਜਿਸ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਲਤਾੜਿਆ ਜਾ ਰਿਹਾ ਹੈ - ਉਸ ਦੀ ਗੱਲ ਕਰਨੀ ਵੀ ਜ਼ਰੂਰੀ ਹੈਇਸ ਤਰ੍ਹਾਂ ਉਹ ਇੱਕ ਪਾਸੇ ਮਨੁੱਖ ਜਾਤੀ ਦੇ ਇਤਿਹਾਸ ਦੀ ਗੱਲ ਕਰਦਾ ਹੈ - ਦੂਜੇ ਪਾਸੇ ਇਸ ਇਤਿਹਾਸ ਵਿੱਚ ਔਰਤ ਦੀ ਹੁੰਦੀ ਰਹੀ ਦੁਰਗਤੀ ਦੇ ਹਵਾਲੇ ਵੀ ਦਿੰਦਾ ਜਾਂਦਾ ਹੈ:

1.ਇਹ ਅੱਜ ਦੀ ਸ਼ਾਮ ਦੇ ਨ੍ਹੇਰੇ ਵਿਚ

ਜਰਵਾਣੇ ਜਿੱਤ ਕੇ ਆਏ ਨੇ,

ਕੁੜੀਆਂ ਦਾ ਇੱਜੜ ਲਿਆਏ ਨੇ,

ਕੁਝ ਮਾਣਮੱਤੀਆਂ ਲਾਸ਼ਾਂ ਦੇ ਜਿਸਮਾਂ ਦੇ ਜਸ਼ਨ ਮਨਾਏ ਨੇ

2.ਇਕ ਗਰਭਵਤੀ ਸੀ ਉਹਨਾਂ ਚੋਂ

ਉਸਨੂੰ ਮਾਰ ਮੁਕਾਇਆ ਹੈ

ਉਹਦੀ ਕੁੱਖ ਤੇ ਛੁਰਾ ਚਲਾਇਆ ਹੈ

ਏਥੇ ਵੈਰੀ ਨਹੀਂ ਜਨਮੇਗਾ

ਇਹ ਸਭ ਨੂੰ ਆਖ ਸੁਣਾਇਆ ਹੈ

3.ਉਨ੍ਹਾਂ ਦੀ ਜ਼ਮੀਰ ਹੈ ਮਰੀ ਹੋਈ

ਸਿਰਫ ਪੁੱਤਾਂ ਨੂੰ ਜਿਹੜੇ ਸਤਿਕਾਰ ਦਿੰਦੇ

ਜੀਵਨ ਉਨ੍ਹਾਂ ਨਹੀਂ ਜਾਣਿਆ, ਧੀਆਂ ਨੂੰ ਜੋ,

ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੰਦੇ

-----

ਸੁੰਦਰਤਾਦੀ ਪ੍ਰੀਭਾਸ਼ਾ ਦਾ ਵਿਸਥਾਰ ਕਰਦਿਆਂ ਪ੍ਰੀਤਮ ਸਿੰਘ ਧੰਜਲ ਦੇਸ਼, ਧਰਮ, ਫਿਰਕਾ ਅਤੇ ਕਬੀਲਾ ਵਰਗੇ ਸ਼ਬਦਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈਉਹ ਦਸਦਾ ਹੈ ਕਿ ਜਦੋਂ ਇਨ੍ਹਾਂ ਸ਼ਬਦਾਂ ਦੁਆਲੇ ਸੀਮਾਵਾਂ ਦੀਆਂ ਕੰਧਾਂ ਉਸਾਰ ਲਈਆਂ ਜਾਂਦੀਆਂ ਹਨ ਤਾਂ ਬਹੁਤ ਕੁਝ ਅਨਚਾਹਿਆ ਵਾਪਰਦਾ ਹੈਅੰਨ੍ਹੀ ਦੇਸ਼ ਭਗਤੀ ਦੇ ਨਾਮ ਉੱਤੇ ਗੁਆਂਢੀ ਦੇਸ਼ਾਂ ਵਿੱਚ ਆਪਸੀ ਜੰਗ ਛਿੜਦੀ ਹੈ ਅਤੇ ਹਜ਼ਾਰਾਂ ਮਾਵਾਂ ਦੇ ਪੁੱਤ ਮਾਰੇ ਜਾਂਦੇ ਹਨਭੰਗ ਦੇ ਭਾੜੇ ਮਾਰੇ ਗਏ ਫੌਜੀਆਂ ਦੀਆਂ ਰੋਂਦੀਆਂ ਮਾਵਾਂ/ਪਤਨੀਆਂ ਨੂੰ ਇਹ ਕਹਿ ਕੇ ਧਰਵਾਸ ਦਿੱਤਾ ਜਾਂਦਾ ਹੈ ਕਿ ਉਹ ਤਾਂ ਦੇਸ਼ ਲਈ ਕੁਰਬਾਨੀਆਂ ਦਿੰਦੇ ਹੋਏ ਸ਼ਹੀਦ ਹੋਏ ਹਨਦੋ ਗਵਾਂਢੀ ਮੁਲਕਾਂ ਦੇ ਕੁਝ ਹਉਮੈਵਾਦੀ ਰਾਜਸੀ ਨੇਤਾਵਾਂ ਦੀ ਤੰਗ ਨਜ਼ਰ ਕਾਰਨ ਛਿੜੀ ਇਹ ਆਪਸੀ ਜੰਗ ਹਜ਼ਾਰਾਂ ਕੀਮਤੀ ਜਾਨਾਂ ਦੀ ਕੁਰਬਾਨੀ ਲੈਂਦੀ ਹੈਹਜ਼ਾਰਾਂ ਹਸਦੇ ਵਸਦੇ ਘਰ ਸਦਾ ਲਈ ਕਬਰਸਤਾਨ ਬਣ ਜਾਂਦੇ ਹਨ ਅਤੇ ਉੱਥੋਂ ਹਾਸਾ ਸਦਾ ਲਈ ਅਲੋਪ ਹੋ ਜਾਂਦਾ ਹੈਧਰਮ ਦੇ ਅੰਨ੍ਹੇ ਜਨੂੰਨ ਵਿੱਚ ਆਪਣੇ ਧਰਮ ਦੇ ਪੈਰੋਕਾਰਾਂ ਨੂੰ ਹੀ ਇਸ ਧਰਤੀ ਉੱਤੇ ਜਿਊਣ ਦੇ ਹੱਕਦਾਰ ਸਮਝ ਦੂਜੇ ਧਰਮ ਦੇ ਲੋਕਾਂ ਦੇ ਖ਼ੂਨ ਦੀਆਂ ਨਦੀਆਂ ਵਹਾਈਆਂ ਜਾਂਦੀਆਂ ਹਨਧਾਰਮਿਕ ਅਦਾਰਿਆਂ ਉੱਤੇ ਕਾਬਿਜ਼ ਗ੍ਰੰਥੀ, ਪੰਡਤ, ਮੁੱਲਾਂ ਅਤੇ ਪਾਦਰੀ ਭੋਲੇ ਭਾਲੇ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਭੜਕਾਉਣ ਲਈ ਨ ਸਿਰਫ ਉਨ੍ਹਾਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਰੂਪੀ ਜ਼ਹਿਰ ਹੀ ਭਰਦੇ ਹਨ; ਬਲਕਿ ਉਨ੍ਹਾਂ ਨੂੰ ਅਜਿਹੇ ਲਾਲਚ ਵੀ ਦਿੱਤੇ ਜਾਂਦੇ ਹਨ ਕਿ ਆਪਣੇ ਧਰਮ ਦੇ ਨਾਮ ਉੱਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਕਤਲ ਕਰਦੇ ਹੋਏ ਜੇਕਰ ਉਹ ਆਪ ਮਾਰੇ ਵੀ ਗਏ ਤਾਂ ਉਨ੍ਹਾਂ ਨੂੰ ਸਵਰਗ ਵਿੱਚ ਹੂਰਾਂ ਮਿਲਣਗੀਆਂਇਨ੍ਹਾਂ ਗੱਲਾਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀਆਂ ਪ੍ਰੀਤਮ ਸਿੰਘ ਧੰਜਲ ਦੀਆਂ ਕਾਵਿ ਸਤਰਾਂ ਸਾਡਾ ਧਿਆਨ ਖਿੱਚਦੀਆਂ ਹਨ:

ਦੇਸ਼, ਧਰਮ, ਫਿਰਕੇ ਦੇ ਨਾਂ ਤੇ,

ਸੀਮਾ ਹੀ ਝਗੜੇ ਕਰਵਾਏ

ਜੀਵਨ ਲਈ ਅੰਮ੍ਰਿਤਾ ਚਾਹੁੰਦੀ,

ਜੀਵਨ ਦਾ ਗਲ ਘੁੱਟੀ ਜਾਵੇ

2.ਮੁਕਤੀ ਕਿਵੇਂ ਦਿਵਾਉਂਦੇ, ਬੰਧਨ ਚ ਪਾਉਣ ਵਾਲੇ,

ਧਰਮਾਂ ਦੀ ਕੈਦ ਅੰਦਰ, ਕਈਆਂ ਨੇ ਉਮਰ ਗਾਲੀ

3.ਮਾਰਨ ਵਾਲਿਓ ! ਕਿਹੜਾ ਧਰਮ ? ਤੇ ਉਸਦੇ ਕੀ ਗੁਣ ਨੇ ?’

ਧਰਮ ਦੇ ਨਾਮ ਤੇ, ਗੱਡੀ ਚੋਂ ਲਾਹਿਆਂ ਬਾਤ ਪਾਈ ਹੈ

-----

ਧਰਮ ਦੇ ਨਾਮ ਉੱਤੇ ਖ਼ੂਨ ਦੀਆਂ ਨਦੀਆਂ ਵਹਾਉਣ ਵਾਲੇ ਆਖੌਤੀ ਧਾਰਮਿਕ ਰਹਿਨੁਮਾਵਾਂ ਦੀ ਫਿਰਕਾਪ੍ਰਸਤ ਅਤੇ ਧਾਰਮਿਕ ਕੱਟੜਵਾਦੀ ਸੋਚ ਨੂੰ ਚੁਣੌਤੀ ਦੇਣ ਲਈ ਪ੍ਰੀਤਮ ਸਿੰਘ ਧੰਜਲ ਆਪਣੀ ਨਰੋਈ ਸੋਚ ਪੇਸ਼ ਕਰਦਾ ਹੈਉਸਦੀ ਮਨੁੱਖਵਾਦੀ ਧਾਰਨਾ ਅਨੁਸਾਰ ਇੱਕ ਵਧੀਆ ਮਨੁੱਖ ਹੋਣਾ ਸਭ ਤੋਂ ਵੱਡੀ ਗੱਲ ਹੈਕੁਦਰਤਨੂੰ ਵੱਖੋ ਵੱਖ ਨਾਵਾਂ ਨਾਲ ਬੁਲਾਉਣ ਵਾਲੇ ਅਜਿਹੇ ਲੋਕਾਂ ਨਾਲ ਵੀ ਉਹ ਸੰਵਾਦ ਰਚਾਉਂਦਾ ਹੈ ਜੋ ਆਪਸ ਵਿੱਚ ਇੱਕ ਦੂਜੇ ਦਾ ਗਲਾ ਵੱਢ ਰਹੇ ਹਨਉਸਦਾ ਕਹਿਣਾ ਹੈ ਕਿ ਕੁਦਰਤਤਾਂ ਇੱਕੋ ਹੀ ਹੈ ਤੁਸੀਂ ਉਸ ਨੂੰ ਅੱਲਾ’, ‘ਰਾਮ’, ‘ਰੱਬ’, ‘ਭਗਵਾਨਜਾਂ ਕੋਈ ਵੀ ਨਾਮ ਦੇ ਲਵੋਇਸ ਨਾਲ ਕੀ ਫ਼ਰਕ ਪੈਂਦਾ ਹੈਉਹ ਉਨ੍ਹਾਂ ਲੋਕਾਂ ਨੂੰ ਕਰੜੇ ਹੱਥੀਂ ਲੈਂਦਾ ਹੈ ਜੋ ਇਸੇ ਗੱਲ ਪਿਛੇ ਹੀ ਲੜੀ ਜਾਂਦੇ ਹਨ ਕਿ ਕਿਸੇ ਦੂਜੇ ਧਰਮ ਦੇ ਲੋਕਾਂ ਨੇ ਕੁਦਰਤਦਾ ਨਾਮ ਕੋਈ ਹੋਰ ਰੱਖ ਲਿਆ ਹੈ:

1.ਰਾਮਤੋਂ ਅੱਲ੍ਹਾ’, ਜ਼ੁ਼ਬਾਨਾਂ ਭਾਸ਼ਾਵਾਂ ਵਿੱਚ ਵੱਖਰਾ,

ਪਿਆਰ ਦੀ ਬੋਲੀ ਦੇ ਵਿੱਚ ਇਹਵੱਖਰਾ ਹੁੰਦਾ ਨਹੀਂ

------

ਕਵੀ ਨੂੰ ਉਸ ਨਵੇਂ ਮਨੁੱਖ ਦੀ ਤਲਾਸ਼ ਹੈ ਜੋ ਇਨ੍ਹਾਂ ਰੰਗਾਂ, ਧਰਮਾਂ ਦੇ ਝਗੜਿਆਂ ਤੋਂ ਉਪਰ ਉੱਠ ਕੇ, ਸਿਰਫ਼ ਤੇ ਸਿਰਫ਼, ਆਪਣੇ ਆਪਨੂੰ ਮਨੁੱਖ ਸਮਝਦਾ ਹੋਵੇ ਅਤੇ ਹੋਰਨਾਂ ਨੂੰ ਵੀ ਆਪਣੇ ਵਰਗਾ ਮਨੁੱਖ ਸਮਝੇ:

ਹਿੰਦੂ, ਈਸਾਈ, ਪਾਰਸੀ, ਮੁਸਲਿਮ, ਯਹੂਦੀ, ਸਿੱਖ ਮਿਲੇ,

ਇਸ ਮੇਰੇ ਤੇਰੇਜਹਾਨ ਵਿੱਚ, ਇਕ ਆਦਮੀ ਦੀ ਤਲਾਸ਼ ਹੈ

ਸਾਡੇ ਸਮਿਆਂ ਵਿੱਚ ਸਮੁੱਚੀ ਮਨੁੱਖਤਾ ਸਾਹਵੇਂ ਆਤੰਕਵਾਦ ਇੱਕ ਵੱਡੀ ਸਮੱਸਿਆ ਬਣੀ ਹੋਈ ਹੈਧਾਰਮਿਕ, ਸਭਿਆਚਾਰਕ, ਰਾਜਸੀ, ਆਰਥਿਕ ਜੱਥੇਬੰਦੀਆਂ ਭੋਲੇ ਭਾਲੇ ਲੋਕਾਂ ਨੂੰ ਭੜਕਾ ਕੇ ਆਤੰਕਵਾਦੀ ਬਣਾ ਦਿੰਦੀਆਂ ਹਨਅੱਤਵਾਦ ਦੀ ਸਮੱਸਿਆ ਨੂੰ ਸੁਲਝਾਉਣ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਆਖਿਰ ਅਜਿਹੀਆਂ ਸੰਸਥਾਵਾਂ ਭੋਲੇ ਭਾਲੇ ਲੋਕਾਂ ਦੀ ਅਜਿਹੀ ਕਿਹੜੀ ਦੁਖਦੀ ਰਗ ਉੱਤੇ ਹੱਥ ਧਰ ਦਿੰਦੀਆਂ ਹਨ ਕਿ ਉਹ ਇਨ੍ਹਾਂ ਸੰਸਥਾਵਾਂ ਦੇ ਇਸ਼ਾਰਿਆਂ ਤੇ ਹਰ ਖ਼ਤਰਾ ਮੁੱਲ ਲੈਣ ਲਈ ਆਤੰਕਵਾਦ ਦੇ ਰਾਹ ਉੱਤੇ ਤੁਰ ਪੈਂਦੇ ਹਨਇਸ ਗੱਲ ਦਾ ਜਵਾਬ ਪ੍ਰੀਤਮ ਸਿੰਘ ਧੰਜਲ ਦੀਆਂ ਇਨ੍ਹਾਂ ਕਾਵਿ ਸਤਰਾਂ ਰਾਹੀਂ ਉਜਾਗਰ ਹੁੰਦਾ ਹੈ:

ਅੱਤਵਾਦੀ ਕਦੇ ਨਹੀਂ ਜੰਮਦਾ,

ਇਹ ਸਮਾਜ ਦੀ ਦੇਣ ਹੈ, ਪ੍ਰੀਤਮ

ਬੇਇਨਸਾਫ਼ੀ, ਧੱਕੇਸ਼ਾਹੀ

ਦੇ ਰਿਵਾਜ ਦੀ ਦੇਣ ਹੈ, ਪ੍ਰੀਤਮ

------

ਪ੍ਰੀਤਮ ਸਿੰਘ ਧੰਜਲ ਨੇ ਸਤਿਯੰਮ ਸ਼ਿਵਮ ਸੁੰਦਰਮਕਾਵਿ-ਸੰਗ੍ਰਹਿ ਵਿੱਚ ਸਾਡੇ ਸਮਾਜ ਦੀਆਂ ਕੁਝ ਬਦਸੂਰਤੀਆਂ ਬਾਰੇ ਵੀ ਗੱਲ ਕੀਤੀ ਹੈਵਿਹਲੜ ਸਾਧੂ, ਸੰਤ, ਧਾਗੇ, ਤਵੀਤਾਂ ਦੇਣ ਵਾਲੇ ਬਾਬੇ ਸਾਡੇ ਸਮਾਜ ਨੂੰ ਜੋਕਾਂ ਵਾਂਗ ਚੰਬੜੇ ਹੋਏ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਨ ਸਿਰਫ ਮਾਨਸਿਕ ਤੌਰ ਉੱਤੇ ਹੀ ਬੁੱਧੂ ਬਣਾ ਰਹੇ ਹਨ; ਬਲਕਿ ਉਨ੍ਹਾਂ ਦੀ ਹੱਡ-ਭੰਨਵੀਂ ਕੀਤੀ ਕਮਾਈ ਵੀ ਲੁੱਟ ਰਹੇ ਹਨ:

1.ਪਰਾਈ ਕਮਾਈ ਤੇ ਪਲਦੀ ਰਹੀ ਹੈ,

ਵਿਹਲੜ ਨਖੱਟੂਆਂ ਸਾਧਾਂ ਦੀ ਦੁਨੀਆਂ

ਕਿਤੇ ਕਾਲ ਪੈ ਜਾਏ ਪਰਵਾਹ ਨਾ ਕਰਦੀ,

ਇਹ ਅੰਨ੍ਹੇ ਤੇ ਰੁੱਖੇ ਸਰਾਧਾਂ ਦੀ ਦੁਨੀਆਂ

2.ਤਵੀਤਾਂ, ਟੂਣਿਆਂ ਵਾਲੇ ਜਦੋਂ ਵੀ ਗੱਲ ਕਰਦੇ ਨੇ,

ਕੀ ਇਹ ਦੇਖਿਆ ਨਹੀਂ, ਉਹ ਤੈਨੂੰ ਬੁੱਧੂ ਸਮਝਦੇ ਨੇ ?

------

ਸੁੰਦਰਤਾਦੀ ਪ੍ਰੀਭਾਸ਼ਾ ਦੇਣ ਦੇ ਨਾਲ ਨਾਲ ਪ੍ਰੀਤਮ ਸਿੰਘ ਧੰਜਲ ਵਿਸ਼ਵ-ਅਮਨ ਦੀ ਵੀ ਗੱਲ ਕਰਦਾ ਹੈ; ਪਰ ਉਸਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਅਜੋਕੇ ਮਨੁੱਖ ਦੀ ਜੋ ਮਾਨਸਿਕਤਾ ਬਣ ਚੁੱਕੀ ਹੈ ਅਤੇ ਜਿਸ ਤਰ੍ਹਾਂ ਉਹ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲ ਰਿਹਾ ਹੈ, ਉਸਤੋਂ ਅਜੇ ਵਿਸ਼ਵ ਅਮਨ ਦੀ ਸਥਾਪਤੀ ਦੀ ਉਮੀਦ ਕਰਨੀ ਸਾਡੇ ਲਈ ਇੱਕ ਭੁਲੇਖਾ ਹੀ ਹੋਵੇਗਾ:

ਕੱਲ੍ਹ ਨੂੰ ਸ਼ਾਇਦ ਕੋਈ ਅਮਨਾਂ ਦਾ ਚਾਰਾ ਹੋ ਸਕੇ,

ਅੱਜ ਮਨੁੱਖਤਾ ਆਦਮੀ ਦੇ ਰਹਿਮ ਦੀ ਮੁਹਤਾਜ ਹੈ

ਵਿਸ਼ਵ ਅਮਨ ਦੀ ਗੱਲ ਕਰਦਾ ਹੋਇਆ ਉਹ ਸਭਿਆਚਾਰਕ ਇਤਿਹਾਸ ਦੀ ਵੀ ਗੱਲ ਕਰਦਾ ਹੈ ਅਤੇ ਦੱਸਦਾ ਹੈ ਕਿ ਮਨੁੱਖਤਾ ਵਿਸ਼ਵ ਅਮਨ ਸਥਾਪਤੀ ਦੀ ਕਿਸ ਤਰ੍ਹਾਂ ਤੀਬਰਤਾ ਨਾਲ ਉਡੀਕ ਕਰ ਰਹੀ ਹੈ:

ਇਹ ਇਤਲੀ ਦੇ ਜੈਨੱਸ ਮੰਦਰ ਦੀ ਗੱਲ ਹੈ,

ਉਸ ਵਿੱਚ ਲਗਾਏ ਇਹ ਦਰ ਦੀ ਗੱਲ ਹੈ:

ਲੋਕਾਂ ਜਦੋਂ ਸੀ ਇਹ ਬੂਹਾ ਬਣਵਾਇਆ,

ਸਭਨਾਂ ਨੇ ਰਲ ਕੇ ਮਤਾ ਇਹ ਪਕਾਇਆ

ਕਿ ਜਦ ਤਕ ਨਾ ਮਾਨਵ ਅਮਨ ਵਿਚ ਬਹੇਗਾ,

ਓਦੋਂ ਤੱਕ ਇਹ ਦਰਵਾਜ਼ਾ ਖੁੱਲ੍ਹਾ ਰਹੇਗਾ

ਹਾਏ ! ਸਦੀਆਂ ਗਈਆਂ, ਹਾਏ ! ਰਾਜ ਬਦਲੇ,

ਨਾ ਇਸ ਖੁੱਲ੍ਹੇ ਦਰਵਾਜ਼ੇ ਦੇ ਭਾਗ ਬਦਲੇ

ਮਨੁੱਖਤਾ ਨੂੰ ਅੱਜ ਵੀ ਖੜ੍ਹਾ ਇਹ ਪੁਕਾਰੇ,

ਕਿ ਆਪਣਾ ਕਰਜ਼ ਆ ਕੇ ਸਿਰ ਤੋਂ ਉਤਾਰੇ

-----

ਪ੍ਰੀਤਮ ਸਿੰਘ ਧੰਜਲ ਇੱਕ ਕੈਨੇਡੀਅਨ ਪੰਜਾਬੀ ਸ਼ਾਇਰ ਹੈਉਹ ਆਪਣੀ ਕਵਿਤਾ ਵਿੱਚ ਪ੍ਰਵਾਸੀਆਂ ਦੀ ਜ਼ਿੰਦਗੀ ਬਾਰੇ ਚਰਚਾ ਕਰਦਾ ਹੋਇਆ ਦਸਦਾ ਹੈ ਕਿ ਕੈਨੇਡਾ ਵਰਗੇ ਦੇਸ਼ਾਂ ਵਿੱਚ ਜ਼ਿੰਦਗੀ ਏਨੀ ਤਨਾਓ ਭਰਪੂਰ ਹੈ ਕਿ ਅਸੀਂ ਇਸ ਆਸ ਵਿੱਚ ਕਿ ਚਾਰ ਦਿਨ ਸਖਤ ਮਿਹਨਤ ਕਰਕੇ ਮੁੜ ਸਾਰੀ ਜ਼ਿੰਦਗੀ ਆਰਾਮ ਨਾਲ ਬਿਤਾਵਾਂਗੇ - ਸਾਰੀ ਜ਼ਿੰਦਗੀ ਹੀ ਬੇਆਰਾਮੀ ਵਿੱਚ ਬਿਤਾ ਦਿੰਦੇ ਹਾਂ:

ਚਾਰ ਦਿਨ ਆਰਾਮ ਦੇ ਕਟ ਜਾਣ ਦੀ ਹਸਰਤ ਲਈ,

ਜਦ ਵੀ ਤੈਨੂੰ ਦੇਖਿਆ ਹੈ, ਬੇ-ਆਰਾਮ ਦੇਖਿਆ

ਪਰਵਾਸੀ ਜ਼ਿੰਦਗੀ ਦੀ ਗੱਲ ਕਰਦਾ ਪ੍ਰੀਤਮ ਸਿੰਘ ਧੰਜਲ ਇਹ ਦਸਣ ਤੋਂ ਵੀ ਨਹੀਂ ਝਿਜਕਦਾ ਕਿ ਇਸ ਤਨਾਓ ਭਰੀ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਦਾ ਸਭ ਤੋਂ ਵੱਧ ਮਾਰੂ ਅਸਰ ਸਾਡੇ ਬੱਚਿਆਂ ਉੱਤੇ ਹੁੰਦਾ ਹੈਮਕਾਨਾਂ ਦੇ ਮੋਰਗੇਜ਼, ਹਾਈਡਰੋ ਦੇ ਬਿਲ, ਕਾਰਾਂ ਦੀ ਇਨਸ਼ੌਰੈਂਸ ਅਤੇ ਵੱਡੇ ਵੱਡੇ ਗਰੋਸਰੀ ਦੇ ਬਿਲਾਂ ਦੀ ਅਦਾਇਗੀ ਕਰਨ ਦੀ ਨਿੱਤ ਦੀ ਦੌੜ ਵਿੱਚ ਮਾਪੇ ਤਾਂ ਫੈਕਟਰੀਆਂ ਵਿੱਚ ਓਵਰਟਾਈਮ ਲਗਾਉਣ ਵਿੱਚ ਹੀ ਰੁੱਝੇ ਰਹਿੰਦੇ ਹਨ ਪਰ ਛੋਟੇ ਛੋਟੇ ਬੱਚੇ ਘਰਾਂ ਵਿੱਚ ਕੈਦ ਯਤੀਮਾਂ ਵਾਂਗ ਜਿ਼ੰਦਗੀ ਬਤੀਤ ਕਰਦੇ ਹਨ ਜਾਂ ਆਂਢ-ਗੁਆਂਢ ਦੀਆਂ ਬੇਬੀ ਸਿਟਰਾਂ ਕੋਲ ਸਾਰਾ ਦਿਨ ਬਤੀਤ ਕਰਦੇ ਹਨਕਈ ਬੱਚਿਆਂ ਨੂੰ ਤਾਂ ਮਹੀਨਾ ਮਹੀਨਾ ਭਰ ਮਾਪਿਆਂ ਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਦਾਕਿਉਂਕਿ ਸਵੇਰੇ ਜਦੋਂ ਬੱਚੇ ਅਜੇ ਸੁੱਤੇ ਹੀ ਹੁੰਦੇ ਹਨ ਤਾਂ ਮਾਪੇ ਕੰਮਾਂ ਉੱਤੇ ਚਲੇ ਜਾਂਦੇ ਹਨ ਅਤੇ ਸ਼ਾਮ ਨੂੰ ਦੇਰ ਪਈ ਜਦੋਂ ਮਾਪੇ ਘਰ ਆਉਂਦੇ ਹਨ ਤਾਂ ਵੀ ਬੱਚੇ ਸੌਂ ਚੁੱਕੇ ਹੁੰਦੇ ਹਨ:

ਚਾਦਰ ਛੋਟੀ ਹੈ ਪਰ ਪੈਰ ਲੰਮੇ ਹੁੰਦੇ ਜਾਂਦੇ ਨੇ,

ਸਨਅਤੀਕਰਣ ਦੇ ਦਿੱਤੇ ਹੋਏ ਐਸੇ ਜ਼ਮਾਨੇ ਨੇ

ਮਾਂ ਤੇ ਬਾਪ ਦੋਹਾਂ ਨੂੰ ਹੀ ਕੰਮ ਤੋਂ ਵਿਹਲ ਨਹੀਂ ਮਿਲਦੀ,

ਅੱਜ ਘਰ ਘਰ ਦੇ ਅੰਦਰ ਬਣ ਰਹੇ ਯਤੀਮਖਾਨੇ ਨੇ

-----

ਪਰਵਾਸੀਆਂ ਦੀ ਜ਼ਿੰਦਗੀ ਦੀ ਇੱਕ ਹੋਰ ਵੱਡੀ ਸਮੱਸਿਆ ਵੱਲ ਵੀ ਪ੍ਰੀਤਮ ਸਿੰਘ ਧੰਜਲ ਸਾਡਾ ਧਿਆਨ ਦੁਆਉਂਦਾ ਹੈਇਮੀਗਰੇਸ਼ਨ ਪ੍ਰਾਪਤ ਕਰਨ ਦੀ ਝਾਕ ਵਿੱਚ ਪਹਿਲਾਂ ਤਾਂ ਲੋਕ ਕਈ ਕਈ ਸਾਲ ਕੈਨੇਡਾ ਦੀਆਂ ਅਦਾਲਤਾਂ ਦੀਆਂ ਤਰੀਕਾਂ ਭੁਗਤਦੇ ਰਹਿੰਦੇ ਹਨ; ਪਰ ਜਦੋਂ ਉਨ੍ਹਾਂ ਨੂੰ ਇਮੀਗਰੇਸ਼ਨ ਮਿਲ ਵੀ ਜਾਂਦੀ ਹੈ ਤਾਂ ਉਹ ਕਈ ਕਈ ਸਾਲ ਤੱਕ ਆਪਣੀਆਂ ਪਤਨੀਆਂ ਨੂੰ ਕੈਨੇਡਾ ਨਹੀਂ ਲਿਆ ਸਕਦੇਵਿਚਾਰੀਆਂ ਪਤਨੀਆਂ ਆਪਣੇ ਮੁੱਢਲੇ ਦੇਸ਼ਾਂ ਵਿੱਚ ਹੀ ਕਈ ਵਾਰੀ ਤਾਂ 8-10 ਸਾਲਾਂ ਤੱਕ ਵਿਧਵਾਵਾਂ ਵਾਂਗ ਆਪਣੀ ਜ਼ਿੰਦਗੀ ਕੱਟਦੀਆਂ ਹਨ:

ਆਪਣਾ ਦੇਸ਼ ਨਾ ਰੋਜ਼ੀ ਦੇਵੇ,

ਬਾਹਰ ਜਾਵੇ ਕੋਈ,

ਜੀਂਦੇ ਪਰਵਾਸੀ ਦੇ ਘਰ,

ਬੀਵੀ ਵਿਧਵਾ ਹੋਈ

-----

ਮਨੁੱਖੀ ਜ਼ਿੰਦਗੀ ਨਾਲ ਸਬੰਧਤ ਅਜਿਹੀਆਂ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜਿ਼ਕਰ ਕਰਦਾ ਹੋਇਆ, ਪ੍ਰੀਤਮ ਸਿੰਘ ਧੰਜਲ ਮਨੁੱਖ ਨੂੰ ਸਮਝਾਉਂਦਾ ਹੈ ਕਿ ਉਸਨੂੰ ਕੁਦਰਤ ਦੇ ਸੁਭਾਅ ਤੋਂ ਕੁਝ ਸਿੱਖਣਾ ਚਾਹੀਦਾ ਹੈਕੁਦਰਤ ਕਦੀ ਕਿਸੀ ਨਾਲ ਰੰਗ, ਧਰਮ, ਨਸਲ, ਲਿੰਗ, ਜ਼ਾਤ, ਪਾਤ, ਫਿਰਕੇ ਦੇ ਨਾਮ ਉੱਤੇ ਕਦੀ ਵੀ ਕੋਈ ਵਿਤਕਰਾ ਨਹੀਂ ਕਰਦੀਉਸ ਵੱਲੋਂ ਪੈਦਾ ਕੀਤੇ ਮੌਸਮ ਹਰ ਕਿਸੇ ਲਈ ਇੱਕੋ ਜਿੰਨੀ ਸਰਦੀ, ਗਰਮੀ, ਪੱਤਝੜ ਜਾਂ ਬਹਾਰ ਦਾ ਮੌਸਮ ਲੈਕੇ ਆਉਂਦੇ ਹਨਮੀਂਹ ਪੈਂਦਾ ਹੈ ਜਾਂ ਬਰਫ਼ ਪੈਂਦੀ ਹੈ - ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ:

1.ਠੰਡ ਲੱਗਦੀ ਤਾਂ ਸਭ ਨੂੰ ਲਗਦੀ,

ਗਰਮੀ ਲੱਗੇ, ਸਭ ਨੂੰ ਲੱਗੇ

ਪਾਣੀ ਸਭ ਦੀ ਪਿਆਸ ਬੁਝਾਵੇ,

ਹਵਾ ਵਗੇ ਤਾਂ ਸਭ ਲਈ ਵਗੇ

2.ਸੱਤ ਰੰਗਾਂ ਵਾਂਗ ਜੋ ਰਲ ਮਿਲ ਕੇ ਰਹਿੰਦੇ ਇੱਕ ਥਾਂ,

ਉਹਨਾਂ ਨੇ ਹੀ ਨ੍ਹੇਰਿਆਂ ਤੇ ਧੁੱਪਾਂ ਵਾਂਗੂੰ ਚਮਕਣਾ

-----

ਅੱਜ ਗਲੋਬਲਾਈਜ਼ੇਸ਼ਨ ਦਾ ਜ਼ਮਾਨਾ ਹੈਸਾਰੀ ਦੁਨੀਆਂ ਇੱਕ ਪਿੰਡ ਬਣ ਚੁੱਕੀ ਹੈਅਮਰੀਕਾ ਦੀ ਆਰਥਿਕਤਾ ਵਿੱਚ ਮੰਦਵਾੜਾ ਆਇਆ ਤਾਂ ਸਾਰੀ ਦੁਨੀਆਂ ਦੀਆਂ ਆਰਥਿਕਤਾਵਾਂ ਨੇ ਇਸ ਦਾ ਅਸਰ ਕਬੂਲਿਆਮੁੰਬਈ ਵਿੱਚ ਜਾਂ ਨਿਊਯਾਰਕ ਵਿੱਚ ਦਹਿਸ਼ਤਗਰਦਾਂ ਨੇ ਆਤੰਕਵਾਦੀ ਹਮਲੇ ਕੀਤੇ ਤਾਂ ਇਸਦਾ ਅਸਰ ਦੁਨੀਆਂ ਦੇ ਅਨੇਕਾਂ ਹਿੱਸਿਆਂ ਉੱਤੇ ਹੋਇਆਦੁਨੀਆਂ ਦੇ ਕੁਝ ਵੱਡੇ ਦੇਸ਼ਾਂ ਦੀਆਂ ਫੈਕਟਰੀਆਂ ਦੀਆਂ ਚਿਮਨੀਆਂ ਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਜੇਕਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ ਤਾਂ ਇਸ ਦੇ ਨਤੀਜੇ ਵਜੋਂ ਗਲੋਬਲ ਵਾਰਮਿੰਗ ਦਾ ਅਸਰ ਦੁਨੀਆਂ ਦੇ ਹੋਰਨਾਂ ਦੇਸ਼ਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ

-----

ਇਸ ਬ੍ਰਹਿੰਮਡ ਦੀ ਹਰ ਚੀਜ਼, ਹਰ ਜ਼ੱਰਾ, ਜ਼ੱਰਾ ਇੱਕ ਦੂਜੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰੀ ਕੋਈ ਘਟਨਾ ਜਾਂ ਹੋਈ ਤਬਦੀਲੀ ਨਾਲ ਦੁਨੀਆਂ ਦੇ ਬਾਕੀ ਹਿੱਸੇ ਵੀ ਕਿਸੀ ਨ ਕਿਸੀ ਤਰ੍ਹਾਂ ਪ੍ਰਭਾਵਤ ਹੁੰਦੇ ਹਨਭਾਵੇਂ ਅਸੀਂ ਕਈ ਵੇਰੀ ਇਸ ਅਸਰ ਨੂੰ ਮਹਿਸੂਸ ਨਹੀਂ ਕਰਦੇ ਅਤੇ ਸਮਝ ਨਹੀਂ ਸਕਦੇ ਕਿ ਇਹ ਕੋਈ ਘਟਨਾ ਕਿਉਂ ਵਾਪਰੀ ਹੈਪ੍ਰੀਤਮ ਸਿੰਘ ਧੰਜਲ ਦੀਆਂ ਇਹ ਕਾਵਿ ਸਤਰਾਂ ਬੜਾ ਕੁਝ ਕਹਿ ਰਹੀਆਂ ਹਨ:

1.ਹਰ ਜ਼ੱਰਾ, ਜ਼ੱਰਾ ਨਾਲ ਜੁੜਿਆ,

ਇੱਕ ਹਿੱਲੇ, ਦੂਜਾ ਹਿੱਲ ਜਾਵੇ

ਹਰ ਘਟਨਾ, ਘਟਨਾ ਨੂੰ ਜਨਮੇ

ਭਾਵੇਂ ਸਾਨੂੰ ਨਜ਼ਰ ਨਾ ਆਵੇ

2.ਝੱਖੜ ਤਾਂ ਝੱਖੜ ਹੁੰਦੇ ਨੇ

ਨਜ਼ਰ ਮਿਲੇ ਤਾਂ ਦਿਲ ਧੜਕਾਵੇ

ਅੱਜ ਰੀਮੋਟ-ਕੰਟਰੋਲ ਨੂੰ ਦੇਖੋ,

ਦਿਸਦਾ ਨਹੀਂ, ਜੋ ਕਰਦਾ ਜਾਵੇ

-----

ਪ੍ਰੀਤਮ ਸਿੰਘ ਧੰਜਲ ਦੀ ਕਵਿਤਾ ਦਾ ਇੱਕ ਵਿਸ਼ੇਸ਼ ਗੁਣ ਇਹ ਵੀ ਹੈ ਕਿ ਉਹ ਪਾਠਕ ਨੂੰ ਇਸ ਧਰਤੀ ਨਾਲ ਜੋੜਦੀ ਹੈ; ਮਨੁੱਖੀ ਜ਼ਿੰਦਗੀ ਨਾਲ ਜੋੜਦੀ ਹੈਮਨੁੱਖ ਨੂੰ ਉਤਸ਼ਾਹ ਦਿੰਦੀ ਹੈ ਕਿ ਜੋ ਕੁਝ ਹੈ ਉਹ ਇਸੇ ਜ਼ਿੰਦਗੀ ਵਿੱਚ ਹੈਇਸ ਤੋਂ ਬਾਅਦ ਕੁਝ ਨਹੀਂਇਸ ਜ਼ਿੰਦਗੀ ਵਿੱਚ ਖੁਸ਼ੀਆਂ ਵੀ ਹਨ, ਗਮੀਆਂ ਵੀ ਹਨਇਸ ਧਰਤੀ ਉੱਤੇ ਚੰਗੇ ਕੰਮ ਵੀ ਮਨੁੱਖ ਹੀ ਕਰਦੇ ਹਨ ਅਤੇ ਮੰਦੇ ਕੰਮ ਵੀ ਮਨੁੱਖ ਹੀ ਕਰਦੇ ਹਨ ਜ਼ਿੰਦਗੀ ਮਹਿਕ ਹੈ ਤਾਂ ਬਦਬੋ ਵੀ ਹੈ

-----

ਸਤਿਯੰਮ ਸ਼ਿਵਮ ਸੁੰਦਰਮਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਰਾਹੀਂ ਪ੍ਰੀਤਮ ਸਿੰਘ ਧੰਜਲ ਇਸ ਗੱਲ ਬਾਰੇ ਬਹਿਸ ਛੇੜਣ ਵਿੱਚ ਕਾਮਿਯਾਬ ਰਹਿੰਦਾ ਹੈ ਕਿ ਸੱਚ ਹੀ ਸਦੀਵੀ ਅਤੇ ਸੁੰਦਰ ਹੈਉਹ ਆਪਣੀਆਂ ਕਵਿਤਾਵਾਂ ਰਾਹੀਂ ਇਸ ਗੱਲ ਦੇ ਸਬੂਤ ਪੇਸ਼ ਕਰਕੇ ਬਾਰ ਬਾਰ ਸਾਡਾ ਧਿਆਨ ਖਿੱਚਦਾ ਹੈ ਕਿ ਸਮਾਜ ਵਿੱਚ ਕਿਵੇਂ ਝੂਠ ਅਤੇ ਫਰੇਬ ਦਾ ਬੋਲਬਾਲਾ ਹੈਕਾਤਲਾਂ ਅਤੇ ਧਾਰਮਿਕ ਕੱਟੜਵਾਦੀਆਂ ਵੱਲੋਂ ਭੋਲੇ ਭਾਲੇ ਲੋਕਾਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈਉਹ ਇਸ ਗੱਲ ਵਿੱਚ ਵੀ ਯਕੀਨ ਨਹੀਂ ਕਰਦਾ ਜੋ ਕਹਿੰਦੇ ਹਨ ਕਿ ਰੱਬ ਹਰ ਜਗਾਹ ਹੈਉਹ ਕਹਿੰਦਾ ਹੈ ਕਿ ਜੇਕਰ ਰੱਬ ਵਰਗੀ ਕੋਈ ਸ਼ੈਅ ਹੁੰਦੀ ਤਾਂ ਦੁਨੀਆਂ ਵਿੱਚ ਇੰਨਾਂ ਦੁੱਖ ਕਿਉਂ ਹੁੰਦਾਉਸ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਜੇਕਰ ਮਨੁੱਖ ਹਾਲਾਤ ਬਦਲਣੇ ਚਾਹੁੰਦਾ ਹੈ ਤਾਂ ਉਹ ਪੁਰਾਣੇ ਵਿਚਾਰਾਂ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਪਿਛਲੱਗ ਹੀ ਨਾ ਬਣਿਆ ਰਹੇ; ਸਗੋਂ ਉਸ ਨੂੰ ਹਿੰਮਤ ਕਰਕੇ ਆਪਣੀ ਸੋਚ ਵਿੱਚ ਇਨਕਲਾਬੀ ਤਬਦੀਲੀ ਲਿਆਉਣੀ ਪਵੇਗੀ ਅਤੇ ਕੁਝ ਨਵਾਂ ਪਰ ਲੀਕ ਤੋਂ ਹਟਵਾਂ ਕਰਨ ਲਈ ਹੰਭਲਾ ਮਾਰਨਾ ਪਵੇਗਾ:

ਪੂਰਨਿਆਂ ਤੇ ਚੱਲਣਾ ਹੀ ਜੇ ਤੇਰਾ ਵਿਸ਼ਵਾਸ਼ ਹੈ,

ਤਾਂ ਇਹ ਦੱਸ ਕਿ ਆਦਮੀ ਕਿੰਝ ਚੰਦ ਉੱਤੇ ਪਹੁੰਚਦਾ?

-----

ਨਵੇਂ ਵਿਚਾਰਾਂ ਦਾ ਹਾਮੀ, ਪ੍ਰੀਤਮ ਸਿੰਘ ਧੰਜਲ ਸੁਚੇਤ ਪੱਧਰ ਉੱਤੇ ਸ਼ਾਇਰੀ ਲਿਖਣ ਵਾਲੇ, ਪ੍ਰਗਤੀਸ਼ੀਲ, ਕੈਨੇਡੀਅਨ ਪੰਜਾਬੀ ਸ਼ਾਇਰਾਂ ਵਿੱਚ ਗਿਣਿਆਂ ਜਾਂਦਾ ਰਹੇਗਾਅਜਿਹੇ ਸ਼ਾਇਰ ਜੋ ਸ਼ਾਇਰੀ ਲਿਖਣ ਦਾ ਇੱਕ ਵਿਸ਼ੇਸ਼ ਉਦੇਸ਼ ਸਮਝਦੇ ਹਨ: ਦੀਆਂ ਜ਼ਿੰਦਗੀ ਤਲਖ ਹਕੀਕਤਾਂ ਨੂੰ ਆਪਣੀ ਸ਼ਾਇਰੀ ਰਾਹੀ ਪੇਸ਼ ਕਰਨਾ, ਤਾਂ ਜੋ ਇਨ੍ਹਾਂ ਨੂੰ ਬਦਲ ਕੇ ਸਹੀ ਅਰਥਾਂ ਵਿੱਚ ਸੁੰਦਰ ਦੁਨੀਆਂ ਦੀ ਉਸਾਰੀ ਕੀਤੀ ਜਾ ਸਕੇਅਜਿਹੇ ਸ਼ਾਇਰਾਂ ਲਈ ਸੁੰਦਰਤਾਦੀ ਪ੍ਰੀਭਾਸ਼ਾ ਵੀ ਇਹੀ ਹੈਇਹ ਗੱਲ ਉਹ ਆਪਣੇ ਕਾਵਿ-ਸੰਗ੍ਰਹਿ ਸਤਿਯੰਮ ਸ਼ਿਵਮ ਸੁੰਦਰਮਵਿੱਚ ਸ਼ਾਮਿਲ ਗ਼ਜ਼ਲਾਂ ਰਾਹੀਂ ਵੀ ਸਪੱਸ਼ਟ ਕਰ ਜਾਂਦਾ ਹੈਉਹ ਅਜਿਹੇ ਸ਼ਾਇਰਾਂ ਦੀ ਢਾਣੀ ਵਿੱਚ ਸ਼ਾਮਿਲ ਨਹੀਂ ਜੋ ਸ਼ਾਇਰੀ ਲਿਖਣ ਲੱਗਿਆਂ ਆਪਣਾ ਸਾਰਾ ਸਮਾਂ ਇਸ ਗੱਲ ਉੱਤੇ ਹੀ ਜ਼ਾਇਆ ਕਰ ਦਿੰਦੇ ਹਨ ਕਿ ਸ਼ਬਦਾਂ ਦਾ ਤੋਲ, ਤੁਕਾਂਤ ਜਾਂ ਲਗਾਂ ਮਾਤਰਾਂ ਦਾ ਭਾਰ ਠੀਕ ਹੈ ਕਿ ਨਹੀਂਉਸਦਾ ਯਕੀਨ ਹੈ ਕਿ ਅਸਲੀ ਸ਼ਾਇਰੀ ਉਹੀ ਹੈ ਜੋ ਨਵੇਂ ਵਿਚਾਰ ਪੇਸ਼ ਕਰਦੀ ਹੈ ਅਤੇ ਅਜਿਹੀ ਸ਼ਾਇਰੀ ਹੀ ਸਦੀਵੀ ਹੈ:

ਉਹ ਖੋਖਲੇ ਨੇ, ਜਿਹੜੇ ਭਾਰਾਂ ਤੇ ਪੈ ਰਹੇ,

ਪਰਖੇ ਗਏ ਤਾਂ ਸਾਹਵੇਂ ਨਵੇਂ-ਤੋਲ ਆਉਣਗੇ