ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, March 31, 2010

ਸੁਖਿੰਦਰ - ਡਾ. ਜਗਤਾਰ ਦਾ ਤੁਰ ਜਾਣਾ – ‘ਕਾਫ਼ਲੇ ਵਿਚ ਤੂੰ ਨਹੀਂ ਭਾਵੇਂ ਰਿਹਾ’ - ਸ਼ਰਧਾਂਜਲੀ ਲੇਖ

ਡਾ. ਜਗਤਾਰ ਦਾ ਤੁਰ ਜਾਣਾ

ਸ਼ਰਧਾਜਲੀ ਲੇਖ

ਖ਼ੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ,

ਏਸ ਦੀ ਸੁਰਖ਼ੀ ਕਦੇ ਜਾਣੀ ਨਹੀਂ

ਤੇਰੇ ਲਈ ਛਣਕਾ ਕੇ ਲੰਘੇ ਬੇੜੀਆਂ,

ਤੂੰ ਹੀ ਸਾਡੀ ਚਾਲ ਪਹਿਚਾਣੀ ਨਹੀਂ

ਕਾਫ਼ਲੇ ਵਿਚ ਤੂੰ ਨਹੀਂ ਭਾਵੇਂ ਰਿਹਾ,

ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ

ਦੁਸ਼ਮਣਾਂ ਹਥਿਆਰ ਸਾਰੇ ਵਰਤਣੇ,

ਜ਼ਿੰਦਗੀ ਨੇ ਮਾਤ ਪਰ ਖਾਣੀ ਨਹੀਂ

ਡਾ. ਜਗਤਾਰ ਜਦ ਜਦ ਵੀ ਯਾਦ ਆਏਗਾ ਤਾਂ ਉਸਦੇ ਜੁਗਨੂੰਆਂ ਵਾਂਗ ਜਗਮਗਾਉਂਦੇ ਅਜਿਹੇ ਸ਼ਿਅਰ ਸਾਡੀ ਚੇਤਨਾ ਦੇ ਦਰਵਾਜ਼ਿਆਂ ਉੱਤੇ ਦਸਤਕ ਦਿੰਦੇ ਰਹਿਣਗੇਕ੍ਰਾਂਤੀਕਾਰੀ ਲਹਿਰ ਦੇ ਇੱਕ ਅਹਿਮ ਪੰਜਾਬੀ ਸ਼ਾਇਰ ਹੋਣ ਦੇ ਨਾਤੇ ਡਾ. ਜਗਤਾਰ ਦਾ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਹੈਉਹ ਨਾ ਸਿਰਫ਼ ਕਵਿਤਾ ਦੇ ਕ੍ਰਾਂਤੀਕਾਰੀ ਮੁਹਾਵਰੇ ਵੱਲੋਂ ਹੀ ਚੇਤੰਨ ਸੀ; ਬਲਕਿ ਉਹ ਕਾਵਿ ਸਿਲਪ ਦਾ ਵੀ ਮਾਹਿਰ ਸੀਇਸ ਲਈ ਉਸਦੀ ਕਵਿਤਾ ਇੱਕ ਜਗਦੀ ਹੋਈ ਮਿਸ਼ਾਲ ਵਾਂਗ ਉਦੈ ਹੁੰਦੀ ਹੈਉਸਨੇ ਆਪਣੀ ਕਵਿਤਾ ਵਿੱਚ ਨਿੱਜਵਾਦ ਦੇ ਰੋਣੇ ਰੋਣ ਦੀ ਥਾਂ ਜਾਂ ਦੇਹਵਾਦੀ ਕਵਿਤਾ ਲਿਖਣ ਦੀ ਥਾਂ ਜਨ-ਸਮੂਹ ਦੀਆਂ ਤਲਖ਼ੀਆਂ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆਉਸਦੀ ਕਵਿਤਾ ਨਵੇਂ ਕਵੀਆਂ ਲਈ ਤਾਂ ਰੋਲ ਮਾਡਲ ਦਾ ਸਦਾ ਕੰਮ ਕਰਦੀ ਹੀ ਰਹੇਗੀ; ਉਸਦੀ ਕਵਿਤਾ ਸੰਘਰਸ਼ਸ਼ੀਲ ਲੋਕਾਂ ਲਈ ਵੀ ਚਾਨਣ ਮੁਨਾਰੇ ਦਾ ਕੰਮ ਕਰੇਗੀ

ਡਾ. ਜਗਤਾਰ ਦੇ ਇਹ ਸ਼ਿਅਰ ਸਾਡੀ ਚੇਤਨਾ ਚੋਂ ਕਦੀ ਵੀ ਮਿਟ ਨਹੀਂ ਸਕਣਗੇ:

ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ,

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ

ਕਿੰਨੀ ਕੁ ਦੇਰ ਮਿੱਟੀ ਖ਼ਾਮੋਸ਼ ਰਹਿ ਸਕੇਗੀ,

ਕਿੰਨਾ ਕੁ ਚਿਰ ਰਹੇਗਾ ਖ਼ਾਮੋਸ਼ ਖ਼ੂਨ ਮੇਰਾ

ਪੱਥਰ ਤੇ ਨਕਸ਼ ਹਾਂ ਮੈਂ, ਮੈਂ ਰੇਤ ਤੇ ਨਹੀਂ ਹਾਂ,

ਜਿੰਨਾ ਕਿਸੇ ਮਟਾਇਆ, ਹੁੰਦਾ ਗਿਆ ਡੁੰਘੇਰਾ

ਇਤਿਹਾਸ ਦੇ ਸਫ਼ੇ ਤੇ, ਤੇ ਵਕਤ ਦੇ ਪਰਾਂ ਤੇ,

ਉਂਗਲਾਂ ਡਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ

ਡਾ. ਜਗਤਾਰ ! ਤੇਰੀ ਯਾਦ ਵਿੱਚ ਸਭ ਤੋਂ ਖ਼ੂਬਸੂਰਤ ਗੱਲ ਬਸ ਇਹੀ ਆਖੀ ਜਾ ਸਕਦੀ ਹੈ:

ਇਨਕਲਾਬ - ਜ਼ਿੰਦਾਬਾਦ’ !

Tuesday, March 30, 2010

ਰਵਿੰਦਰ ਰਵੀ - ਡਾ. ਜਗਤਾਰ: ਅਲਵਿਦਾ – ਸ਼ਰਧਾਂਜਲੀ ਲੇਖ

ਡਾ. ਜਗਤਾਰ: ਅਲਵਿਦਾ

ਸ਼ਰਧਾਂਜਲੀ ਲੇਖ

ਧੁੱਪਾਂ ਤੋਂ ਰਹੇ ਵਿਰਵੇ, ਬਰਖਾ ਤੋਂ ਰਹੇ ਵਾਂਝੇ

ਵੱਸਦੀ ਹੈ ਨਾ ਹਟਦੀ ਹੈ, ਘਟ ਕਿਹੀ ਚੜ੍ਹੀ ਹੈ

ਫਿਰ ਚੰਨ ਦੇ ਦੁਆਲੇ ਇਕ ਗਿਰਝ ਪਈ ਭੌਂਦੀ

ਇਹ ਮੇਰੀ ਤਬਾਹੀ ਦੀ ਇਕ ਹੋਰ ਘੜੀ ਹੈ

( ਡਾ: ਜਗਤਾਰ)

60ਵਿਆਂ ਵਿਚ ਐਸੇ ਸ਼ਿਅਰ ਲਿਖਣ ਵਾਲਾ ਜਗਤਾਰ ਤੁਰ ਗਿਆ ਹੈ! ਉਹ ਇਕ ਹੱਸਾਸ ਵਿਅਕਤੀ ਅਤੇ ਚਿੰਤਨਸ਼ੀਲ ਸ਼ਾਇਰ ਸੀ। ਉਹ ਇਕ ਅਸੰਤੁਸ਼ਟ ਆਤਮਾ ਸੀ, ਜਿਸ ਦੇ ਅੰਦਰ ਭਾਵਾਂ ਤੇ ਵਿਚਾਰਾਂ ਵਿਚਕਾਰ ਲਗਾਤਾਰ ਇਕ ਜੰਗ ਛਿੜੀ ਰਹੀ ਸੀ। ਉਸ ਦੇ ਕਾਵਿਕ ਜੀਵਨ ਦਾ ਆਰੰਭ ਇਕ ਰੋਮਾਂਟਕ ਗੀਤਕਾਰ ਦੇ ਰੂਪ ਵਿਚ ਹੋਇਆ। ਇਨ੍ਹਾਂ ਗੀਤਾਂ ਵਿਚ ਲੋਕ ਗੀਤਾਂ ਵਰਗੀ ਸਾਦਗੀ, ਮਟਕ ਤੇ ਸੰਜੀਦਗੀ ਸੀ। ਰੁੱਤਾਂ ਰਾਂਗਲੀਆਂਇਸੇ ਸਮੇਂ ਦੀ ਰਚਨਾ ਹੈ। ਪ੍ਰਗਤੀਵਾਦੀ ਰੋਮਾਂਸਵਾਦੀ ਧਾਰਾ ਦੇ ਪ੍ਰਭਾਵ ਹੇਠ ਉਸ ਨੇ ਤਲਖੀਆਂ ਰੰਗੀਨੀਆਂਦੀ ਕਵਿਤਾ ਵਿਚ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਦੀ ਬਾਤ ਪਾ ਕੇ ਲੋੜਵੰਦਾਂ ਦੇ ਹੱਕ ਵਿਚ ਵੋਟ ਪਾਈ। ਦੁੱਧ ਪੱਥਰੀਨਾਲ ਉਹ 60ਵਿਆਂ ਦੀ ਪ੍ਰਧਾਨ ਕਾਵਿ-ਧਾਰਾ ਪ੍ਰਯੋਗਸ਼ੀਲ ਲਹਿਰਵਿਚ ਆ ਸ਼ਾਮਿਲ ਹੋਇਆ ਅਤੇ ਅਧੂਰਾ ਆਦਮੀਂਤਕ ਇਸ ਤੇਜ਼ ਮੁਕਾਬਲੇ ਵਾਲੀ ਲਹਿਰ ਦੇ ਕਵੀਆਂ ਨਾਲ ਬਿਦ ਕੇ ਚੱਲਦਾ ਰਿਹਾ। ਇਸ ਤੋਂ ਬਾਅਦ ਜਦੋਂ ਨਕਸਲਵਾਦੀ ਜਾਂ ਜੁਝਾਰਵਾਦੀ ਕਾਵਿ-ਧਾਰਾ ਦਾ ਬੋਲ ਬਾਲਾ ਹੋਇਆ, ਤਾਂ ਜਗਤਾਰ ਹੋਰ ਬਹੁਤ ਸਾਰੇ ਸਾਹਿਤਕਾਰਾਂ ਵਾਂਗ ਜੁਝਾਰੂ ਕਵੀ ਬਣ ਗਿਆ! ਪਰ ਉਸਦਾ ਅਸਲ ਰੰਗ ਤੇ ਹੁਨਰ, ਆਧੁਨਿਕ ਗਜ਼ਲ ਦੇ ਖੇਤਰ ਵਿਚ, ਇਕ ਕੁਲਵਕਤੀ ਗ਼ਜ਼ਲਗੋ ਬਣ ਕੇ ਹੀ ਨਿੱਖਰਿਆ। ਆਪਣੀ ਜ਼ਿੰਦਗੀ ਦਾ ਆਖ਼ਰੀ ਤੇ ਵਧੇਰੇ ਹਿੱਸਾ ਉਸ ਨੇ ਗ਼ਜ਼ਲ ਨੂੰ ਹੀ ਅਰਪਿਤ ਕੀਤਾ ਤੇ ਗਜ਼ਲ ਉਸਦੀ ਵਿਲੱਖਣ ਪਹਿਚਾਣ ਬਣ ਗਈ.......ਉਸਦੇ ਨਾਮ ਵਾਂਗ ਹੀ ਜੁ ਜਗਤਾਰ ਪਪੀਹਾਤੋਂ ਸ਼ੁਰੂ ਹੋ ਕੇਜਗਤਾਰਬਣਿਆਂ ਤੇ ਫਿਰ ਡਾ. ਜਗਤਾਰਵਿਚ ਆ ਕੇ, ਇਕ ਸਹੀ ਪਛਾਣ ਵਜੋਂ ਟਿਕ ਗਿਆ।

-----

60ਵਿਆਂ ਵਿਚ ਜਲੰਧਰ ਦੇ ਕੌਫ਼ੀ ਹਾਊਸ ਵਿਚ ਹੋਈਆਂ ਉਹ ਭਖਵੀਆਂ ਬਹਿਸਾਂ ਮੈਨੂੰ ਅਜੇ ਵੀ ਯਾਦ ਨੇ, ਜਦੋਂ ਜਗਤਾਰ ਤਰੱਕੀਪਸੰਦ ਪ੍ਰਯੋਗਾਂ ਦਾ ਮੁੱਦਈ ਬਣ ਕੇ ਆਧੁਨਿਕ ਪ੍ਰਯੋਗਸ਼ੀਲ ਕਵੀਆਂ ਨਾਲ ਦਸਤਪੰਜਾ ਲੈਂਦਾ ਰਿਹਾ ਸੀ। ਬਾਅਦ ਵਿਚ ਜਗਤਾਰ ਨਕਸਲਵਾਦੀ ਬਣ ਗਿਆ ਤੇ ਪ੍ਰਮੁੱਖ ਪ੍ਰਯੋਗਸ਼ੀਲ ਕਵੀ, ਵਿਸ਼ਵੀਕਰਨ ਦੀ ਕਿਰਿਆ ਦੁਆਰਾ, ਬ੍ਰਹਮੰਡਕ ਤੇ ਗਲੋਬਲ ਚੇਤੰਨਤਾ ਨਾਲ ਜੁੜ ਗਏ। ਦੋ ਵੱਖੋ ਵੱਖਰੇ ਰਾਹ, ਜਿਨ੍ਹਾਂ ਦੀ ਆਪੋ ਆਪਣੀ ਦਿਸ਼ਾ ਸੀ, ਤੇ ਆਪੋ ਆਪਣੀ ਸ਼ਨਾਖ਼ਤ।

-----

ਮੈਂ ਤੇ ਗੁਰੂਮੇਲ ਉਸਦੇ ਵਿਆਹ ਵਿਚ ਵੀ ਸ਼ਾਮਿਲ ਹੋਏ ਸਾਂ! ਉਸ ਸਮੇਂ, ਮੈਂ 1965 ਵਿਚ ਛਪੇ ਆਪਣੇ ਤੀਜੇ ਕਾਵਿ-ਸੰਗ੍ਰਹਿ: ਬਿੰਦੂਤੋਂ ਬਿਨਾਂ ਟੀ.ਐਸ. ਐਲੀਅਟ ਦੀਆਂ ਦੋ ਪੁਸਤਕਾਂ: ਵੇਸਟ ਲੈਂਡਤੇ ਫੋਰ ਕੁਆਰਟੈਟਸਜਗਤਾਰ ਨੂੰ ਸ਼ਾਦੀ ਦੇ ਤੁਹਫੇ ਵਜੋਂ ਭੇਟ ਕੀਤੀਆਂ ਸਨ......ਉਨ੍ਹਾਂ ਉੱਤੇ ਇਹ ਲਿਖ ਕੇ ਕਿ ਸਹੀ ਅਰਥਾਂ ਵਿਚ ਆਧੁਨਿਕ ਬਨਣ ਲਈ ਇਨ੍ਹਾਂ ਪੁਸਤਕਾਂ ਦਾ ਗੰਭੀਰ ਅਧਿਐਨ ਬਹੁਤ ਜ਼ਰੂਰੀ ਹੈ! ਦੋਸਤ ਸਾਂ ਤੇ ਸਾਡੇ ਵਿਚ ਇਸ ਤਰ੍ਹਾਂ ਦੀ ਨੋਂਕ ਝੋਂਕ ਅਕਸਰ ਚੱਲਦੀ ਹੀ ਰਹਿੰਦੀ ਸੀ!

-----

ਅਜੇ ਕੱਲ੍ਹ ਦੀਆਂ ਤਾਂ ਗੱਲਾਂ ਹਨ ਇਹ.... ਤੇ ਅੱਜ ਉਹ ਮਹਾਂ ਦੀਪਾਂ ਦੀ ਵਿੱਥ ਉੱਤੇ ਬੈਠਾ, ਜ਼ਿੰਦਗੀ, ਦੁਨੀਆਂ ਤੇ ਸਾਨੂੰ ਸਭ ਨੂੰ ਅੰਤਿਮ ਵਿਦਾ ਕਹੇ ਬਿਨਾਂ ਹੀ ਤੁਰ ਗਿਆ ਹੈ। ਉਸ ਨੂੰ ਜ਼ਿੰਦਗੀ ਨਾਲ ਅੰਤਾਂ ਦਾ ਮੋਹ ਸੀ! ਬਸ, ਇਕ ਦਿਲ ਹੀ ਸੀ, ਜੋ ਉਸ ਦੇ ਕਾਬੂ ਨਾ ਆਇਆ!

ਅੱਜ ਅਲਵਿਦਾਸ਼ਬਦ ਵੀ ਬੇਅਰਥ ਹੋ ਗਿਆ ਜਾਪਦਾ ਹੈ!!!

Monday, March 29, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ - ਬਹਿਸ ਪੱਤਰ – ਭਾਗ ਪਹਿਲਾ

ਕੈਨੇਡੀਅਨ ਪੰਜਾਬੀ ਕਵਿਤਾ :ਸੰਵਾਦ ਦੀ ਸਮੱਸਿਆ

ਬਹਿਸ ਪੱਤਰ ਭਾਗ ਪਹਿਲਾ

ਲੇਖ

(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ ਵਿਸ਼ਵ ਪੰਜਾਬੀ ਕਾਨਫਰੰਸ 2009ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਸਨੂੰ ਆਰਸੀ ਦੇ ਸੂਝਵਾਨ ਪਾਠਕਾਂ ਲਈ ਲੜੀਵਾਰ ਪੋਸਟ ਕੀਤਾ ਜਾ ਰਿਹਾ ਹੈ। ਤੁਹਾਡੇ ਇਸ ਬਹਿਸ-ਪੱਤਰ ਬਾਰੇ ਕੀ ਵਿਚਾਰ ਹਨ, ਪੜ੍ਹਨ ਉਪਰੰਤ ਜ਼ਰੂਰ ਲਿਖਣਾ ਜੀ, ਇੰਤਜ਼ਾਰ ਰਹੇਗਾ। ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ। )

********

ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਬਣੀ ਹੋਈ ਹੈ; ਅਜਿਹੀ ਸਥਿਤੀ ਨੂੰ ਜਨਮ ਦੇਣ ਵਾਲੇ ਕਾਰਨਾਂ ਦੀ ਤਲਾਸ਼ ਕਰਨਾ ਅਤੇ ਉਨ੍ਹਾਂ ਮਹੱਤਵ-ਪੂਰਨ ਵਿਸ਼ਿਆਂ ਬਾਰੇ ਗੱਲ ਕਰਨੀ ਜਿਨ੍ਹਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ ਇਸ ਬਹਿਸ-ਪੱਤਰ ਦਾ ਉਦੇਸ਼ ਨਿਰਧਾਰਤ ਕੀਤਾ ਗਿਆ ਹੈਕੈਨੇਡੀਅਨ ਪੰਜਾਬੀ ਕਵਿਤਾ ਜਿਸ ਤਰ੍ਹਾਂ ਦੇ ਗੰਭੀਰ ਸੰਵਾਦ ਦੀ ਮੰਗ ਕਰਦੀ ਹੈ, ਉਸ ਤਰ੍ਹਾਂ ਦਾ ਸੰਵਾਦ ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਛੋਹੇ ਗਏ ਵਿਸ਼ਿਆਂ ਬਾਰੇ ਅਜੇ ਤੱਕ ਛਿੜ ਨਹੀਂ ਸਕਿਆ

-----

ਸੰਵਾਦ ਦੀ ਪ੍ਰੀਭਾਸ਼ਾ :

ਲੇਖਕਾਂ, ਪਾਠਕਾਂ, ਸਮੀਖਿਆਕਾਰਾਂ ਅਤੇ ਆਲੋਚਕਾਂ ਦਰਮਿਆਨ ਛਿੜੇ ਉਸਾਰੂ, ਲਿਖਤ ਦੀਆਂ ਬਹੁ-ਦਿਸ਼ਾਵੀ ਰਚਨਾਤਮਿਕ ਪਰਤਾਂ ਫਰੋਲਣ ਵਾਲੇ, ਗੰਭੀਰ ਵਿਚਾਰ-ਵਿਟਾਂਦਰੇ ਨੂੰ ਸੰਵਾਦ ਕਿਹਾ ਜਾ ਸਕਦਾ ਹੈ

ਸੰਵਾਦ ਦੀ ਅਣਹੋਂਦ ਦੇ ਕਾਰਨ :

ਅਜਿਹੇ ਗੰਭੀਰ ਸੰਵਾਦ ਦੀ ਅਣਹੋਂਦ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਵਧੇਰੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਅਜੇ ਆਲੋਚਨਾ / ਸਮੀਖਿਆ ਦੇ ਖੇਤਰ ਵੱਲ ਰੁਚਿਤ ਹੀ ਨਹੀਂ ਹੋ ਸਕੇਕੈਨੇਡੀਅਨ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਪੰਜਾਬੀ ਸਾਹਿਤਕਾਰਾਂ ਦੀਆਂ ਵੀ ਆਪਣੀਆਂ ਸੀਮਾਵਾਂ ਹਨਅਜਿਹੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਨਾ ਤਾਂ ਕੈਨੇਡੀਅਨ ਪੰਜਾਬੀ ਸਾਹਿਤ ਦੀ ਆਲੋਚਨਾ / ਸਮੀਖਿਆ ਕਰਨ ਦੇ ਵਧੇਰੇ ਯੋਗ ਹੀ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਅਜਿਹਾ ਕੋਈ ਵਿੱਦਿਅਕ ਮਾਹੌਲ ਹੀ ਹੁੰਦਾ ਜੋ ਉਨ੍ਹਾਂ ਨੂੰ ਅਜਿਹੇ ਉੱਦਮ ਕਰਨ ਲਈ ਉਤਸ਼ਾਹਿਤ ਕਰਦਾ ਹੋਵੇਅਜਿਹੇ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਸਾਹਿਤਕਾਰ / ਸਮੀਖਿਅਕ ਜੇਕਰ ਇਸ ਦਿਸ਼ਾ ਵਿੱਚ ਕੁਝ ਕੰਮ ਕਰਦੇ ਵੀ ਹਨ ਤਾਂ ਉਨ੍ਹਾਂ ਦੀਆਂ ਅੱਗੋਂ ਫਿਰ ਕੁਝ ਸੀਮਾਵਾਂ ਹੁੰਦੀਆਂ ਹਨ:

1. ਪਹਿਲੀ ਸੀਮਾ ਤਾਂ ਇਹੀ ਹੁੰਦੀ ਹੈ ਕਿ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਬਣੇ ਪੰਜਾਬੀ ਵਿਭਾਗ ਕਿਸੇ-ਨ-ਕਿਸੇ ਸਿੱਖ ਧਾਰਮਿਕ ਜੱਥੇਬੰਦੀ ਵੱਲੋਂ ਦਿੱਤੀ ਗਈ ਆਰਥਿਕ ਸਹਾਇਤਾ ਉੱਤੇ ਨਿਰਭਰ ਕਰਦੇ ਹੁੰਦੇ ਹਨਇਸ ਲਈ ਇਹ ਪੰਜਾਬੀ ਵਿਭਾਗ ਵੀ ਅਜਿਹੇ ਸਿੱਖ ਧਾਰਮਿਕ ਅਦਾਰਿਆਂ ਦੀ ਸੋਚ ਦੀ ਹੀ ਪੈਰਵੀ ਕਰਨ ਤੋਂ ਅੱਗੇ ਤੁਰਨ ਦੀ ਹਿੰਮਤ ਨਹੀਂ ਕਰ ਸਕਦੇ

2. ਦੂਜੀ ਸੀਮਾ ਇਹ ਹੁੰਦੀ ਹੈ ਕਿ ਇਹ ਸਾਹਿਤਕਾਰ ਜੇਕਰ ਕੁਝ ਉੱਦਮ ਕਰਦੇ ਵੀ ਹਨ ਤਾਂ ਉਹ ਆਪਣੇ ਨਿੱਜੀ ਧੜੇ / ਗਰੁੱਪ ਦੀਆਂ ਗਤੀਵਿਧੀਆਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨਇਸ ਤਰ੍ਹਾਂ ਇਹ ਕੈਨੇਡੀਅਨ ਪੰਜਾਬੀ ਸਾਹਿਤਕਾਰ ਆਪਣੇ ਕਰੀਬੀ ਸਾਥੀਆਂ / ਧੜੇ ਦੇ ਲੋਕਾਂ ਦੀ ਸਿਫ਼ਤ-ਸਲਾਹੁਤਾ ਕਰਨ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਅਤੇ ਸਿਹਤਮੰਦ ਸੰਵਾਦ ਛੇੜਨਾ ਇਨ੍ਹਾਂ ਦੇ ਉਦੇਸ਼ਾਂ ਵਿੱਚ ਸ਼ਾਮਿਲ ਹੀ ਨਹੀਂ ਹੁੰਦਾ

------

ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਅਜਿਹੀ ਚਿੰਤਾਜਨਕ ਸਥਿਤੀ ਨੂੰ ਜਨਮ ਦੇਣ ਵਿੱਚ ਕੈਨੇਡੀਅਨ ਪੰਜਾਬੀ ਮੀਡੀਆ ਵੱਲੋਂ ਪਾਇਆ ਗਿਆ ਨਾਂਹ-ਪੱਖੀਯੋਗਦਾਨ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ

ਪਿਛਲੇ ਇੱਕ ਦਹਾਕੇ ਵਿੱਚ ਕੈਨੇਡੀਅਨ ਪੰਜਾਬੀ ਮੀਡੀਆ ਬਹੁਤ ਪ੍ਰਫੁੱਲਤ ਹੋਇਆ ਹੈਟੋਰਾਂਟੋ, ਮਿਸੀਸਾਗਾ, ਬਰੈਂਪਟਨ, ਵੈਨਕੂਵਰ, ਕੈਲਗਰੀ, ਐਡਮਿੰਟਨ, ਵਿੰਨੀਪੈੱਗ ਅਤੇ ਮਾਂਟਰੀਅਲ ਵਰਗੇ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਅਨੇਕਾਂ ਪੰਜਾਬੀ ਰੇਡੀਓ ਪ੍ਰੋਗਰਾਮ, ਟੀ.ਵੀ. ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ ਅਤੇ ਅਨੇਕਾਂ ਪੰਜਾਬੀ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨਇਸ ਸਮੇਂ ਓਨਟਾਰੀਓ ਵਿੱਚ ਦੋ ਰੋਜ਼ਾਨਾ ਪੰਜਾਬੀ ਅਖ਼ਬਾਰ ਵੀ ਪੂਰੀ ਸਫਲਤਾ ਨਾਲ ਪ੍ਰਕਾਸ਼ਿਤ ਹੋ ਰਹੇ ਹਨਗਿਣਾਤਮਕ ਪੱਖ ਤੋਂ ਭਾਵੇਂ ਕੈਨੇਡੀਅਨ ਪੰਜਾਬੀ ਮੀਡੀਆ ਨੇ ਬਹੁਤ ਤਰੱਕੀ ਕੀਤੀ ਹੈ ਪਰ ਗੁਣਾਤਮਕ ਪੱਖ ਤੋਂ ਅਜਿਹਾ ਸੰਭਵ ਨਹੀਂ ਹੋ ਸਕਿਆਅੱਜ ਤੋਂ ਦਸ ਸਾਲ ਪਹਿਲਾਂ ਕੈਨੇਡੀਅਨ ਪੰਜਾਬੀ ਮੀਡੀਆ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਆਲੋਚਨਾ / ਸਮੀਖਿਆ ਕਰਨ ਵਾਲੀਆਂ ਲਿਖਤਾਂ ਵੱਧ ਛਪਦੀਆਂ ਸਨਪਹਿਲਾਂ ਕੈਨੇਡੀਅਨ ਪੰਜਾਬੀ ਅਖ਼ਬਾਰਾਂ / ਮੈਗਜ਼ੀਨਾਂ ਦੇ ਮਾਲਕ / ਸੰਪਾਦਕ ਵੀ ਵਧੇਰੇ ਕਰਕੇ ਸਾਹਿਤਕਾਰ ਆਪ ਹੀ ਹੋਇਆ ਕਰਦੇ ਸਨਇਸ ਲਈ ਉਨ੍ਹਾਂ ਨੂੰ ਕਵਿਤਾ ਦੀਆਂ ਸਮੱਸਿਆਵਾਂ ਵਿੱਚ ਵੀ ਰੁਚੀ ਹੁੰਦੀ ਸੀਹੁਣ ਬਹੁਤ ਘੱਟ ਸਾਹਿਤਕਾਰ ਕੈਨੇਡੀਅਨ ਪੰਜਾਬੀ ਅਖ਼ਬਾਰਾਂ / ਮੈਗਜ਼ੀਨਾਂ ਦੇ ਮਾਲਕ / ਸੰਪਾਦਕ ਹਨਜਿਹੜੇ ਸਾਹਿਤਕਾਰ ਕੈਨੇਡੀਅਨ ਪੰਜਾਬੀ ਅਖ਼ਬਾਰਾਂ ਦੇ ਮਾਲਕ / ਸੰਪਾਦਕ ਹਨ ਵੀ ਉਨ੍ਹਾਂ ਕੋਲ ਏਨਾਂ ਸਮਾਂ ਹੀ ਨਹੀਂ ਹੁੰਦਾ ਕਿ ਉਹ ਇਹ ਵੀ ਦੇਖ ਸਕਣ ਕਿ ਉਨ੍ਹਾਂ ਦੇ ਅਖ਼ਬਾਰਾਂ ਵਿੱਚ ਕੀ ਛਪ ਰਿਹਾ ਹੈਅਖ਼ਬਾਰਾਂ ਦੇ ਅਸਲੀ ਸੰਪਾਦਕ ਤਾਂ ਅਖ਼ਬਾਰਾਂ ਦੀ ਲੇਅਆਊਟ / ਡਿਜ਼ਾਈਨ ਕਰਨ ਵਾਲੇ ਲੋਕ ਹੀ ਹੁੰਦੇ ਹਨਉਨ੍ਹਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਅਖ਼ਬਾਰ ਵਿੱਚ ਲਗਾ ਦਿੰਦੇ ਹਨਕਵਿਤਾ ਦੀ ਆਲੋਚਨਾ / ਸਮੀਖਿਆ ਕਰਨ ਵਾਲੀਆਂ ਲਿਖਤਾਂ ਉਨ੍ਹਾਂ ਲਈ ਕੋਈ ਵਧੇਰੇ ਦਿਲਚਸਪੀ ਨਹੀਂ ਰੱਖਦੀਆਂਵਧੇਰੇ ਡਿਜ਼ਾਈਨਰਾਂ ਲਈ ਸਭ ਤੋਂ ਵੱਧ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ - ਹਾਲੀਵੁੱਡ / ਬਾਲੀਵੁੱਡ ਦੀਆਂ ਅਭਿਨੇਤਰੀਆਂ ਅਤੇ ਅਭਿਨੇਤਾਵਾਂ ਦੀਆਂ ਅੱਧ ਨੰਗੀਆਂ ਤਸਵੀਰਾਂ ਅਤੇ ਉਨ੍ਹਾਂ ਬਾਰੇ ਲਿਖੀਆਂ ਮਸਾਲੇਦਾਰ ਗੱਪ-ਸ਼ੱਪ ਨਾਲ ਭਰੀਆਂ ਲਿਖਤਾਂ ਜਾਂ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ ਦੇ ਪ੍ਰਧਾਨਾਂ ਵੱਲੋਂ ਦਿੱਤੇ ਗਏ ਲੱਛੇਦਾਰ ਭਾਸ਼ਨ ਜਾਂ ਸਾਰੀ ਸਾਰੀ ਰਾਤ ਦਾਰੂ ਪੀ ਕੇ ਬੜਕਾਂ ਮਾਰਦੇ ਪੰਜਾਬੀਆਂ ਦੀਆਂ ਬੈਂਕਟ ਹਾਲਾਂ ਵਿੱਚ ਹੋ ਰਹੀਆਂ ਮਹਿਫ਼ਿਲਾਂ ਦੀਆਂ ਰਿਪੋਰਟਾਂਕੁਝ ਅਜਿਹਾ ਹਾਲ ਹੀ ਕੈਨੇਡੀਅਨ ਪੰਜਾਬੀ ਰੇਡੀਓ ਅਤੇ ਟੀ.ਵੀ. ਪ੍ਰੋਗਰਾਮਾਂ ਦਾ ਹੈ

-----

ਇਸ ਸਥਿਤੀ ਲਈ ਜ਼ਿੰਮੇਵਾਰ ਕਾਰਨਾਂ ਵਿੱਚ ਮੈਂ ਕੈਨੇਡੀਅਨ ਪੰਜਾਬੀ ਸਾਹਿਤ ਸਭਾਵਾਂ ਦੇ ਅਜਿਹੇ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ ਜੋ ਕਿ ਸਾਹਿਤ ਸਭਾਵਾਂ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਪੈਦਾ ਹੋਣ ਦੇ ਮੌਕੇ ਹੀ ਪੈਦਾ ਨਹੀਂ ਹੋਣ ਦਿੰਦੇਕੈਨੇਡੀਅਨ ਪੰਜਾਬੀ ਸਾਹਿਤ ਸਭਾਵਾਂ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਪੜ੍ਹ ਕੇ ਵੀ ਦੇਖ ਲਵੋਉਨ੍ਹਾਂ ਵਿੱਚ ਵੀ ਵਧੇਰੇ ਜ਼ੋਰ ਇਸ ਗੱਲ ਉੱਤੇ ਹੀ ਦਿੱਤਾ ਗਿਆ ਹੁੰਦਾ ਹੈ ਕਿ ਖਾਣ ਪੀਣ ਦਾ ਬੜਾ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀਖ਼ੁਸ਼ਬੂਆਂ ਛੱਡਦਾ ਤੰਦੂਰੀ ਮੁਰਗਾ ਖਾ ਕੇ ਹਰ ਕੋਈ ਧੰਨ ਧੰਨ ਹੋਇਆ ਪਿਆ ਸੀਅਜਿਹੀਆਂ ਸਾਹਿਤ ਸਭਾਵਾਂ ਦੀਆਂ ਇਕੱਤਰਤਾਵਾਂ ਵਿੱਚ ਕੈਨੇਡੀਅਨ ਪੰਜਾਬੀ ਕਵੀਆਂ ਦੀਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਲਈ ਉਪਰਾਲੇ ਕਰਨਾ ਸ਼ਾਮਿਲ ਹੀ ਨਹੀਂ ਹੁੰਦਾ; ਕਿਉਂਕਿ ਅਜਿਹੀ ਕਵਿਤਾ ਅਜਿਹੇ ਸਾਹਿਤਕ ਅਦਾਰਿਆਂ ਦੇ ਅਹੁਦੇਦਾਰਾਂ ਦੀ ਮਾਨਸਿਕਤਾ ਤੋਂ ਉੱਚੀਆਂ ਗੱਲਾਂ ਕਰਦੀ ਹੁੰਦੀ ਹੈ ਅਤੇ ਇਸ ਗੱਲ ਨੂੰ ਉਹ ਭੱਦਰ ਪੁਰਸ਼ ਕਿਵੇਂ ਸਵੀਕਾਰ ਕਰ ਸਕਦੇ ਹਨ?

-----

ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਨੂੰ ਜਨਮ ਦੇਣ ਵਿੱਚ ਅਜਿਹੇ ਕੈਨੇਡੀਅਨ ਪੰਜਾਬੀ ਕਵੀਆਂ / ਆਲੋਚਕਾਂ / ਸਮੀਖਿਆਕਾਰਾਂ ਨੂੰ ਵੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਹੈ ਜੋ ਕਿ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸਾਂ ਵਿੱਚ ਸ਼ਾਮਿਲ ਹੋਣ ਵੇਲੇ ਇਸ ਗੱਲ ਵੱਲੋਂ ਚਿੰਤਤ ਹੋਣ ਦੀ ਥਾਂ ਕਿ ਇਨ੍ਹਾਂ ਸਾਹਿਤਕ ਕਾਨਫਰੰਸਾਂ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਕੋਈ ਗੰਭੀਰ ਸੰਵਾਦ ਛਿੜ ਸਕਿਆ ਜਾਂ ਕਿ ਨਹੀਂ? ਉਨ੍ਹਾਂ ਦੀ ਤਸੱਲੀ ਮਹਿਜ਼ ਇਸੇ ਗੱਲ ਵਿੱਚ ਹੀ ਹੋ ਗਈ ਹੁੰਦੀ ਹੈ ਕਿ ਕਾਨਫਰੰਸ ਦੇ ਪ੍ਰਬੰਧਕਾਂ ਨੇ ਕਾਨਫਰੰਸ ਦੇ ਤਿੰਨੋਂ ਦਿਨ ਲੱਡੂਆਂ, ਜਲੇਬੀਆਂ, ਬਰਫ਼ੀ, ਵੇਸਣ, ਚਾਹ ਅਤੇ ਕਾਫੀ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀਹਰੇਕ ਕਵੀ/ਆਲੋਚਕ/ਸਮੀਖਿਆਕਾਰ ਜੀਅ ਭਰਕੇ ਅਤੇ ਕਿਸੇ ਵੀ ਸਮੇਂ ਮਠਿਆਈਆਂ ਖਾ ਸਕਦਾ ਸੀ

-----

ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਪੈਦਾ ਕਰਨ ਲਈ ਕਾਫੀ ਹੱਦ ਤੱਕ ਭਾਰਤੀ ਪੰਜਾਬੀ ਆਲੋਚਕ ਵੀ ਜ਼ਿੰਮੇਵਾਰ ਹਨ

ਭਾਰਤੀ ਪੰਜਾਬੀ ਆਲੋਚਕ ਜਾਂ ਤਾਂ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਆਲੋਚਨਾ / ਸਮੀਖਿਆ ਕਰਦੇ ਹੀ ਨਹੀਂ; ਜੇਕਰ ਉਹ ਕਰਦੇ ਵੀ ਹਨ ਤਾਂ ਵਧੇਰੇ ਹਾਲਤਾਂ ਵਿੱਚ ਇਹ ਉਲਾਰ ਹੁੰਦੀ ਹੈਪਿਛਲੇ ਤਕਰੀਬਨ ਇੱਕ ਦਹਾਕੇ ਦੀ ਪੰਜਾਬੀ ਕਵਿਤਾ ਦੇਖੀਏ ਤਾਂ ਅਸੀਂ ਸਹਿਜੇ ਹੀ ਦੇਖ ਸਕਦੇ ਹਾਂ ਕਿ ਪੰਜਾਬੀ ਕਵਿਤਾ ਵਿੱਚ ਦੇਹਵਾਦੀ ਕਵਿਤਾ, ਪਿਆਰ ਕਵਿਤਾ ਜਾਂ ਔਰਤ-ਮਰਦ ਦੇ ਜਿਨਸੀ ਸੰਬੰਧਾਂ ਦੇ ਜਸ਼ਨ ਦੀ ਕਵਿਤਾ ਆਦਿ ਜਿਹੇ ਵਿਸ਼ਿਆਂ ਬਾਰੇ ਲਿਖੀ ਜਾਣ ਵਾਲੀ ਕਵਿਤਾ ਦਾ ਹੜ੍ਹ ਆਇਆ ਹੋਇਆ ਹੈਭਾਰਤੀ ਪੰਜਾਬੀ ਆਲੋਚਕ ਵੀ ਅਜਿਹੀ ਕਵਿਤਾ ਨੂੰ ਹੀ ਸਮੇਂ ਦੇ ਹਾਣ ਦੀ ਕਵਿਤਾ ਕਹਿ ਕੇ ਉਤਸ਼ਾਹਿਤ ਕਰਦੇ ਰਹੇ ਹਨਸਮੇਂ ਦੇ ਹਾਣ ਦੀ ਇਸ ਲਈ ਕਿ ਗਲੋਬਲੀਕਰਨ ਦੇ ਵਰਤਾਰੇ ਕਾਰਨ ਨਵਪੂੰਜੀਵਾਦ ਹਰ ਪਾਸੇ ਅਜਿਹੀਆਂ ਕਦਰਾਂ-ਕੀਮਤਾਂ ਦਾ ਹੀ ਪਾਸਾਰਾ ਕਰ ਰਿਹਾ ਹੈ ਅਤੇ ਵਧੇਰੇ ਭਾਰਤੀ ਪੰਜਾਬੀ ਆਲੋਚਕ ਵੀ ਗਲੋਬਲੀਕਰਨ ਦੇ ਇਸ ਵਰਤਾਰੇ ਦਾ ਹੀ ਹਿੱਸਾ ਬਣ ਚੁੱਕੇ ਹਨਰੇਡੀਓ, ਟੈਲੀਵੀਜ਼ਨ, ਅਤੇ ਪ੍ਰਿੰਟ ਮੀਡੀਆ ਅਜਿਹੀਆਂ ਕਦਰਾਂ-ਕੀਮਤਾਂ ਪੇਸ਼ ਕਰਨ ਵਾਲੇ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ

-----

ਇਸ ਸੰਦਰਭ ਵਿੱਚ ਭਾਰਤੀ ਆਲੋਚਕਾਂ ਦੇ ਉਲਾਰਪਨ ਦੀ ਇੱਕ ਉਦਾਹਰਣ ਦੇਣੀ ਚਾਹਾਂਗਾਕੈਨੇਡਾ ਦੇ ਦੋ ਪੰਜਾਬੀ ਕਵੀਆਂ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਨੇ ਮਿਲਕੇ ਕਵਿਤਾ ਦੀ ਇੱਕ ਪੁਸਤਕ ਪ੍ਰਕਾਸ਼ਤ ਕੀਤੀ: ਲੀਲ੍ਹਾਇਸ ਪੁਸਤਕ ਦੀ ਸੰਦੇਹ ਭਰੀ ਉਸਤਤ ਕਰਨ ਵਾਲੇ ਨਾਮਵਰ ਲੇਖਕਾਂ / ਆਲੋਚਕਾਂ ਵਿੱਚ ਡਾ. ਸੁਰਜੀਤ ਪਾਤਰ, ਡਾ. ਸੁਤਿੰਦਰ ਨੂਰ, ਡਾ. ਗੁਰਬਚਨ ਅਤੇ ਹਰਿੰਦਰ ਮਹਿਬੂਬ ਦਾ ਨਾਮ ਵੀ ਸ਼ਾਮਿਲ ਹੈਇਸ ਪੁਸਤਕ ਦਾ ਚਰਚਾ ਕਰਦਿਆਂ ਨਾਮਵਰ ਪੰਜਾਬੀ ਸਾਹਿਤਕਾਰ ਡਾ. ਸੁਰਜੀਤ ਪਾਤਰ ਨੇ ਲਿਖਿਆ ਕਿ ਇਹ ਪੁਸਤਕ ਇਸ ਸਦੀ ਦੀਆਂ ਚੋਣਵੀਆਂ ਪੁਸਤਕਾਂ ਵਿੱਚ ਸ਼ਾਮਿਲ ਹੋਵੇਗੀਪਰ ਇਸਦੇ ਬਾਵਜੂਦ ਨਾ ਤਾਂ ਇਸ ਪੁਸਤਕ ਦਾ ਕੈਨੇਡਾ ਵਿੱਚ ਹੀ ਕੋਈ ਜ਼ਿਆਦਾ ਚਰਚਾ ਹੋਇਆ ਅਤੇ ਨਾ ਹੀ ਇੰਡੀਆ ਵਿੱਚ ਅਜਿਹੇ ਆਲੋਚਕਾਂ ਦਾ ਉਲਾਰਪਨ ਇਸ ਲਈ ਸਾਹਮਣੇ ਆਇਆ ਕਿ ਭਾਰਤ ਵਿੱਚ ਵੀ ਅਜਿਹੀ ਹੀ ਸਾਹਿਤਕ-ਸਭਿਆਚਾਰਕ ਹਵਾ ਵਗ ਰਹੀ ਸੀ ਲੋਕ-ਸਰੋਕਾਰਾਂ ਤੋਂ ਟੁੱਟੀ ਹੋਈ ਕਵਿਤਾ ਦੇ ਸਮਰਥਕ ਭਾਰਤੀ ਆਲੋਚਕਾਂ ਨੇ ਕੈਨੇਡਾ ਵਿੱਚ ਲਿਖੀ ਜਾ ਰਹੀ ਸਮਾਨਾਂਤਰ ਕਵਿਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ - ਜਿਸ ਵਿੱਚ ਲੋਕ ਸਮੱਸਿਆਵਾਂ ਨੂੰ ਵਿਸ਼ਾ ਬਣਾਇਆ ਗਿਆ ਸੀ ਅਤੇ ਅਜਿਹੀ ਕਵਿਤਾ ਆਮ ਲੋਕਾਂ ਦੀ ਜ਼ਿੰਦਗੀ ਦੇ ਵਧੇਰੇ ਨੇੜੇ ਸੀਅਜਿਹੀ ਕਵਿਤਾ ਵਿੱਚ ਅਜਿਹੀਆਂ ਸਮੱਸਿਆਵਾਂ ਦਾ ਜ਼ਿਕਰ ਛੇੜਿਆ ਗਿਆ ਸੀ - ਜਿਨ੍ਹਾਂ ਦਾ ਸਾਹਮਣਾ ਆਮ ਲੋਕਾਂ ਨੂੰ ਰੌਜ਼ਾਨਾ ਜ਼ਿੰਦਗੀ ਵਿੱਚ ਕਰਨਾ ਪੈਂਦਾ ਹੈ

------

ਕੈਨੇਡੀਅਨ ਪੰਜਾਬੀ ਕਵੀਆਂ ਅਜਮੇਰ ਰੋਡੇ ਅਤੇ ਨਵਤੇਜ ਭਾਰਤੀ ਦੀ ਸਾਂਝੀ ਕਾਵਿ-ਪੁਸਤਕ ਲੀਲ੍ਹਾ1053 ਸਫਿਆਂ ਵਿੱਚ ਫੈਲੀ ਹੋਈ ਹੈਇੰਨੇ ਵੱਡੇ ਕਾਵਿ-ਗ੍ਰੰਥ ਵਿੱਚ ਸਾਹਿਤਕ, ਸਭਿਆਚਾਰਕ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ, ਸਿਹਤ ਸਬੰਧੀ ਜਾਂ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਬਹੁਤ ਹੀ ਘੱਟ ਅਹਿਮੀਅਤ ਦਿੱਤੀ ਗਈ ਹੈਇੰਨੇ ਵੱਡੇ ਗ੍ਰੰਥ ਵਿੱਚ ਸਿਵਾਏ 5-7 ਕਵਿਤਾਵਾਂ ਦੇ ਅਜਿਹੀਆਂ ਸਮੱਸਿਆਵਾਂ ਬਾਰੇ ਬੋਲਣ ਦੀ ਜੁਰੱਅਤ ਹੀ ਨਹੀਂ ਕੀਤੀ ਗਈਜਿੱਥੇ ਕਿਤੇ ਬੋਲਣ ਦੀ ਜੁਰੱਅਤ ਵੀ ਕੀਤੀ ਗਈ ਹੈ ਉੱਥੇ ਵੀ ਇਹ ਗੱਲ ਸਪੱਸ਼ਟ ਨਹੀਂ ਹੁੰਦੀ ਕਿ ਇਸ ਪੁਸਤਕ ਦੇ ਲੇਖਕ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਵਿਚਾਰਧਾਰਕ ਪੱਧਰ ਉੱਤੇ ਕਿੱਥੇ ਖੜ੍ਹੇ ਹਨ ? ਇਸ ਮੌਕੇ ਇੱਕ ਉਦਾਹਰਣ ਦੇਣੀ ਮੈਂ ਜ਼ਰੂਰੀ ਸਮਝਦਾ ਹਾਂਇਹ ਪੁਸਤਕ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ, ਤਕਰੀਬਨ ਦੋ ਦਹਾਕੇ ਤੱਕ, ਦੇਸ-ਬਦੇਸ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਲੋਕਾਂ ਨੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਸੰਤਾਪ ਹੰਢਾਇਆ ਹੈ1947 ਵਿੱਚ ਪੰਜਾਬ ਦੀ ਹੋਈ ਵੰਡ ਸਮੇਂ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਈਸਾਈਆਂ ਨੇ ਧਾਰਮਿਕ ਕੱਟੜਵਾਦੀ ਜਨੂੰਨ ਵਿੱਚ ਅੰਨ੍ਹੇ ਹੋ ਕੇ ਲੱਖਾਂ ਦੀ ਗਿਣਤੀ ਵਿੱਚ ਇੱਕ ਦੂਜੇ ਦਾ ਕ਼ਤਲ ਕੀਤਾ ਸੀ1978 ਤੋਂ 1993 ਦੇ ਸਮੇਂ ਦਰਮਿਆਨ ਧਾਰਮਿਕ ਕੱਟੜਵਾਦ ਦੇ ਨਾਮ ਉੱਪਰ ਪੰਜਾਬੀਆਂ ਨਾਲ ਵਾਪਰੀ ਇਹ ਦੂਜੀ ਵੱਡੀ ਤ੍ਰਾਸਦੀ ਸੀ ਜਿਸ ਵਿੱਚ 50,000 ਤੋਂ ਵੱਧ ਪੰਜਾਬੀਆਂ ਦਾ ਕ਼ਤਲ ਕਰ ਦਿੱਤਾ ਗਿਆਉਨ੍ਹਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ; ਉਨ੍ਹਾਂ ਨੂੰ ਬੱਸਾਂ ਗੱਡੀਆਂ ਵਿੱਚੋਂ ਧੂਹ ਧੂਹ ਕੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ; ਉਨ੍ਹਾਂ ਨੂੰ ਪੁਲਿਸ ਦੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਕੈਦ ਕਰ ਕੇ ਬਿਜਲੀ ਦੇ ਕਰੰਟ ਦੇ ਝਟਕੇ ਦੇ ਕੇ ਤਸੀਹੇ ਦਿੱਤੇ ਗਏਇਸ ਕ਼ਤਲੇਆਮ ਵਿੱਚ ਜਿੱਥੇ ਇੱਕ ਪਾਸੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਮਾਸੂਮ ਪੰਜਾਬੀਆਂ ਦਾ ਕ਼ਤਲੇਆਮ ਮਚਾਇਆ ਉੱਥੇ ਹੀ ਪੰਜਾਬ ਦੀ ਪੁਲਿਸ ਨੇ ਧਾਰਮਿਕ ਕੱਟੜਵਾਦੀਆਂ ਨੂੰ ਕਾਬੂ ਕਰਨ ਦੇ ਨਾਮ ਹੇਠ ਹਜ਼ਾਰਾਂ ਮਾਸੂਮ ਅਤੇ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾਕ਼ਾਤਲਾਂ ਨੇ ਧਰਮ ਦੇ ਜਨੂੰਨ ਵਿੱਚ ਪਾਗਲ ਹੋ ਕੇ ਸੈਂਕੜੇ ਔਰਤਾਂ ਦੇ ਬਲਾਤਕਾਰ ਕੀਤੇਕੈਨੇਡਾ ਦੇ ਤਕਰੀਬਨ ਹਰ ਨਾਮਵਰ ਪੰਜਾਬੀ ਸ਼ਾਇਰ ਨੇ ਅਜਿਹੀਆਂ ਅਤਿ ਦੁਖਾਂਤਕ ਘਟਨਾਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈਕਈ ਸ਼ਾਇਰਾਂ ਨੇ ਤਾਂ ਇਸ ਵਿਸ਼ੇ ਨੂੰ ਲੈ ਕੇ ਆਪਣੀ ਸ਼ਾਇਰੀ ਦੇ ਪੂਰੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨਪਰ ਲੀਲ੍ਹਾਦੇ ਲੇਖਕ ਇਸ ਤ੍ਰਾਸਦੀ ਬਾਰੇ ਇੱਕ ਦੋ ਨਜ਼ਮਾਂ ਲਿਖਕੇ ਹੀ ਇਸ ਤੋਂ ਆਪਣਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨਜਿਸਤੋਂ ਨ ਸਿਰਫ ਇਸ ਪੁਸਤਕ ਦੇ ਲੇਖਕਾਂ ਦੀ ਹੀ ਦਿਆਨਤਦਾਰੀ ਸ਼ੱਕੀ ਬਣ ਜਾਂਦੀ ਹੈ ਬਲਕਿ ਇਸ ਪੁਸਤਕ ਦੀ ਤਾਰੀਫ਼ ਵਿੱਚ ਲੰਬੇ ਲੰਬੇ ਨਿਬੰਧ ਲਿਖਣ ਵਾਲੇ ਪੰਜਾਬੀ ਦੇ ਚਰਚਿਤ ਆਲੋਚਕਾਂ ਬਾਰੇ ਵੀ ਸੰਦੇਹ ਖੜ੍ਹੇ ਹੋ ਜਾਂਦੇ ਹਨ ਕਿ ਕੀ ਉਹ ਪੁਸਤਕਾਂ ਦੀ ਆਲੋਚਨਾ / ਸਮੀਖਿਆ ਕਰਨ ਵੇਲੇ ਪੁਸਤਕਾਂ ਨੂੰ ਪੜ੍ਹਦੇ ਵੀ ਹਨ ਜਾਂ ਕਿ ਪੁਸਤਕਾਂ ਦੇ ਲੇਖਕਾਂ ਦੇ ਕਹਿਣ / ਸੁਣਨ ਉੱਤੇ ਹੀ ਪੁਸਤਕਾਂ ਬਾਰੇ ਆਪਣੇ ਵਿਚਾਰ ਲਿਖ ਦੇਂਦੇ ਹਨ? ਇਹ ਸੁਆਲ ਕੈਨੇਡੀਅਨ ਪੰਜਾਬੀ ਲੇਖਕਾਂ ਵੱਲੋਂ ਬਾਰ ਬਾਰ ਉਠਾਇਆ ਜਾਂਦਾ ਰਿਹਾ ਹੈ ਕਿ ਇੰਡੀਆ ਦੇ ਵਧੇਰੇ ਪੰਜਾਬੀ ਆਲੋਚਕ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਸੰਤੁਲਿਤ ਆਲੋਚਨਾ / ਸਮੀਖਿਆ ਨਹੀਂ ਲਿਖ ਰਹੇਜਿਸ ਕਾਰਨ ਕੈਨੇਡਾ ਦੀ ਪੰਜਾਬੀ ਕਵਿਤਾ ਬਾਰੇ ਬਹੁਤ ਗਲਤ ਫਹਿਮੀਆਂ ਪੈਦਾ ਹੋ ਜਾਣ ਦਾ ਖਤਰਾ ਬਣਿਆ ਰਹਿੰਦਾ ਹੈਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਫੈਲ ਰਹੇ ਅਜਿਹੇ ਸਾਹਿਤਕ ਭਰਿਸ਼ਟਾਚਾਰ ਨੂੰ ਰੋਕਣ ਲਈ ਕੈਨੇਡੀਅਨ ਪੰਜਾਬੀ ਲੇਖਕਾਂ ਨੂੰ ਹੀ ਆਵਾਜ਼ ਉਠਾਉਣੀ ਪਵੇਗੀਕੈਨੇਡੀਅਨ ਪੰਜਾਬੀ ਕਵਿਤਾ ਦੀ ਆਲੋਚਨਾ / ਸਮੀਖਿਆ ਨਾਲ ਸਬੰਧਤ ਇਹ ਗੰਭੀਰ ਸਮੱਸਿਆ ਉਦੋਂ ਤੱਕ ਹੱਲ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਕੈਨੇਡੀਅਨ ਪੰਜਾਬੀ ਸਾਹਿਤਕਾਰ ਆਪ ਵੱਡੀ ਗਿਣਤੀ ਵਿੱਚ ਆਲੋਚਨਾ / ਸਮੀਖਿਆ ਦੇ ਖੇਤਰ ਵਿੱਚ ਪ੍ਰਵੇਸ਼ ਨਹੀਂ ਕਰਦੇਇਸ ਵਿਸ਼ੇ ਬਾਰੇ ਚਰਚਾ ਛੇੜਣ ਲਈ ਮੇਰੀ ਚੇਤਨਾ ਵਿੱਚ ਸਮਾਈ ਹੋਈ ਅਜਿਹੀ ਭਾਵਨਾ ਹੀ ਮੈਨੂੰ ਇਹ ਗੱਲ ਕਹਿਣ ਲਈ ਉਤਸ਼ਾਹਿਤ ਕਰ ਰਹੀ ਹੈ

-----

ਭਾਰਤੀ ਪੱਤਰਕਾਵਾਂ ਵਿੱਚ ਅਕਸਰ ਇਸ ਗੱਲ ਬਾਰੇ ਚਰਚਾ ਹੁੰਦਾ ਰਹਿੰਦਾ ਹੈ ਕਿ ਪਰਵਾਸੀ ਲੇਖਕ ਡਾਲਰਾਂ ਦੇ ਜ਼ੋਰ ਨਾਲ ਪੁਸਤਕਾਂ ਪ੍ਰਕਾਸ਼ਿਤ ਕਰਵਾਉਂਦੇ ਹਨਪਰ ਕੀ ਇਸ ਗੱਲ ਵਿੱਚ ਸਚਾਈ ਨਹੀਂ ਕਿ ਇੰਡੀਆ ਦੇ ਕੁਝ ਕੁ ਗਿਣਤੀ ਦੇ ਵੱਡੇ ਨਾਮਵਰ ਲੇਖਕਾਂ ਨੂੰ ਛੱਡ ਕੇ ਬਾਕੀ ਸਭ ਨੂੰ ਹੀ ਇੰਡੀਆ ਦੇ ਪ੍ਰਕਾਸ਼ਕਾਂ ਨੂੰ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਲਈ ਆਰਥਿਕ ਮੱਦਦ ਵਜੋਂ ਕੁਝ ਨ ਕੁਝ ਦੇਣਾ ਹੀ ਪੈਂਦਾ ਹੈਕੈਨਡੀਅਨ ਪੰਜਾਬੀ ਲੇਖਕਾਂ ਦੀ ਮਿਹਨਤ ਨਾਲ ਕੀਤੀ ਹੋਈ ਕਮਾਈ ਨੂੰ ਵੀ ਭਾਰਤ ਵਿੱਚ ਸਥਿਤ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਉਸੇ ਤਰ੍ਹਾਂ ਹੀ ਲੁੱਟ ਰਹੇ ਹਨ ਜਿਵੇਂ ਕਿ ਭਾਰਤ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਦੀ ਕਮਾਈ ਨੂੰਕੈਨੇਡਾ ਵਿੱਚ ਵੀ ਡਾਲਰ ਦਰਖਤਾਂ ਨਾਲ ਨਹੀਂ ਲੱਗਦੇ; ਇੱਥੇ ਵੀ ਕੈਨੇਡੀਅਨ ਪੰਜਾਬੀ ਲੇਖਕਾਂ ਨੂੰ ਸਖ਼ਤ ਮਿਹਨਤ ਕਰਕੇ ਹੀ ਕਮਾਉਣੇ ਪੈਂਦੇ ਹਨ ਪੰਜਾਬੀ ਆਲੋਚਕਾਂ / ਸਮੀਖਿਆਕਾਰਾਂ ਨੂੰ ਸਿਰਫ਼ ਇਹ ਦੇਖਣਾ ਚਾਹੀਦਾ ਹੈ ਕਿ ਕਵਿਤਾ ਦੀ ਜਿਹੜੀ ਪੁਸਤਕ ਛਪ ਕੇ ਮਾਰਕਿਟ ਵਿੱਚ ਆਈ ਹੈ ਉਸ ਕਵਿਤਾ ਦਾ ਕੀ ਮਿਆਰ ਹੈ

------

ਸੰਵਾਦ ਦੀ ਅਣਹੋਂਦ ਕਾਰਨ ਹੋਣ ਵਾਲੇ ਨੁਕਸਾਨ :

1) ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਬਹੁਤ ਸਾਰੀਆਂ ਪੁਸਤਕਾਂ ਪਾਠਕਾਂ ਦੇ ਧਿਆਨ ਵਿੱਚ ਨਹੀਂ ਆਉਂਦੀਆਂ

2) ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਬਹੁਤ ਸਾਰੀਆਂ ਘਟੀਆ ਪੱਧਰ ਦੀਆਂ ਪੁਸਤਕਾਂ ਪਾਠਕ ਖ੍ਰੀਦ ਕੇ ਆਪਣਾ ਸਮਾਂ ਅਤੇ ਧੰਨ ਜ਼ਾਇਆ ਕਰਦੇ ਰਹਿੰਦੇ ਹਨ

3) ਨਵੇਂ ਉੱਭਰ ਰਹੇ ਕੈਨੇਡੀਅਨ ਪੰਜਾਬੀ ਕਵੀਆਂ ਨੂੰ ਸਹੀ ਦਿਸ਼ਾ ਨਹੀਂ ਮਿਲਦੀ ਅਤੇ ਉਹ ਘਟੀਆ ਪੱਧਰ ਦੀਆਂ ਰਚਨਾਵਾਂ ਪ੍ਰਕਾਸਿਤ ਕਰਕੇ ਸੰਤੁਸ਼ਟੀ ਪ੍ਰਾਪਤ ਕਰ ਲੈਂਦੇ ਹਨ; ਹੌਲੀ ਹੌਲੀ ਉਨ੍ਹਾਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਅਤੇ ਅਨੇਕਾਂ ਵਾਰ ਉਹ ਵੱਡੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਵੀ ਕੋਈ ਸਫ਼ਲ ਰਚਨਾ ਪ੍ਰਕਾਸ਼ਿਤ ਨਹੀਂ ਕਰ ਸਕਦੇ

4) ਸਮਾਜ ਵਿੱਚ ਹਰ ਸਮੇਂ ਹਰ ਪੱਧਰ ਦੇ ਹੀ ਪਾਠਕ ਹੁੰਦੇ ਹਨ; ਪਰ ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸਿ਼ਤ ਹੋਈਆਂ ਚੰਗੀਆਂ ਪੁਸਤਕਾਂ ਬਾਰੇ ਸਾਰਥਿਕ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਵਿੱਚ ਪਾਠਕਾਂ ਦੀ ਗਿਣਤੀ ਵੀ ਘਟਨੀ ਸ਼ੁਰੁ ਹੋ ਜਾਂਦੀ ਹੈਚੰਗੀ ਕਵਿਤਾ ਦੇ ਪਾਠਕ ਸਦਾ ਹੀ ਕਿਸੇ ਨਵੀਂ ਪ੍ਰਕਾਸ਼ਿਤ ਹੋਈ ਰਚਨਾ ਦੀਆਂ ਵੱਖੋ-ਵੱਖਰੀਆਂ ਪਰਤਾਂ ਨੂੰ ਸਮਝਣ ਲਈ ਇੱਕ ਤੋਂ ਵੱਧ ਸਮੀਖਿਆਕਾਰਾਂ / ਆਲੋਚਕਾਂ ਦੇ ਵਿਚਾਰ ਪੜ੍ਹਣੇ ਚਾਹੁੰਦੇ ਹਨ

5) ਗੰਭੀਰ ਸੰਵਾਦ ਦੀ ਅਣਹੋਂਦ ਵਿੱਚ ਕਵਿਤਾ ਦੇ ਕਈ ਰੂਪ ਹੌਲੀ ਹੌਲੀ ਆਲੋਪ ਜਾਂਦੇ ਹਨ

6) ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਕੈਨੇਡੀਅਨ ਪੰਜਾਬੀ ਕਵੀਆਂ ਅਤੇ ਪਾਠਕਾਂ ਦੋਨੋਂ ਨੂੰ ਹੀ ਹੈ

------

ਕਿਹੋ ਜਿਹੇ ਸੰਵਾਦ ਦੀ ਲੋੜ :

1) ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਸਾਰਥਿਕ ਅਤੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ

2) ਅਜਿਹਾ ਸੰਵਾਦ ਜੋ, ਮਹਿਜ਼, ਸ਼ਬਦਾਂ ਦਾ ਚੋਹਲਪਣ ਕਰਨ ਲਈ ਜਾਂ ਵਿੱਦਿਅਕ ਪੰਡਤਾਊਪੁਣਾ ਦਿਖਾਣ ਲਈ ਹੀ ਨਾ ਕੀਤਾ ਗਿਆ ਹੋਵੇ

3) ਅਜਿਹਾ ਸੰਵਾਦ ਜੋ ਕਵਿਤਾ ਦੇ ਪਾਠਕਾਂ ਨੂੰ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਪੜ੍ਹਣ ਲਈ ਉਤਸਾਹਤ ਕਰਦਾ ਹੋਵੇ ਕਿ ਨਾ ਕਿ ਉਨ੍ਹਾਂ ਅੰਦਰ ਕਵਿਤਾ ਦੀਆਂ ਪੁਸਤਕਾਂ ਬਾਰੇ ਘਿਰਣਾ ਪੈਦਾ ਕਰਦਾ ਹੋਵੇ

4) ਅਜਿਹਾ ਸੰਕਟ ਜੋ ਨਵੇਂ ਅਤੇ ਉੱਭਰ ਰਹੇ ਕਵੀਆਂ ਨੂੰ ਕਾਵਿ-ਪ੍ਰਕ੍ਰਿਆ ਦੇ ਵੱਖ ਵੱਖ ਪਹਿਲੂਆਂ ਬਾਰੇ ਸਾਰਥਿਕ ਜਾਣਕਾਰੀ ਅਤੇ ਸੇਧ ਦਿੰਦਾ ਹੋਵੇ

5) ਅਜਿਹਾ ਸੰਵਾਦ ਜੋ ਸਾਡੇ ਸਮਿਆਂ ਵਿੱਚ ਲਿਖੀ ਜਾ ਰਹੀ ਕਵਿਤਾ ਦੇ ਚੰਗੇ/ਮਾੜੇ ਪੱਖਾਂ ਬਾਰੇ ਸੰਤੁਲਿਤ ਜਾਣਕਾਰੀ ਦਿੰਦਾ ਹੋਵੇ

6) ਅਜਿਹਾ ਸੰਵਾਦ ਜੋ ਸਾਡੇ ਸਮਿਆਂ ਵਿੱਚ ਲਿਖੀ ਜਾ ਰਹੀ ਕੈਨੈਡੀਅਨ ਪੰਜਾਬੀ ਕਵਿਤਾ ਦੇ ਸੰਦਰਭ ਵਿੱਚ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਲਿਖੀ ਜਾ ਰਹੀ ਕਵਿਤਾ ਦੇ ਸੰਦਰਭ ਵਿੱਚ ਕਵਿਤਾ ਨੂੰ ਸਮਝਣ/ਪਰਖ਼ਣ ਦੀ ਜਾਚ ਦੱਸਦਾ ਹੋਵੇ

-----

ਸੰਵਾਦ ਦੇ ਲਾਭ :

1) ਕੈਨੇਡੀਅਨ ਪੰਜਾਬੀ ਕਵੀਆਂ ਨੂੰ ਆਪਣੀਆਂ ਪ੍ਰਕਾਸ਼ਿਤ ਹੋਈਆਂ ਕਵਿਤਾ ਦੀਆਂ ਪੁਸਤਕਾਂ ਦੀਆਂ ਸੀਮਾਵਾਂ/ਸੰਭਾਵਨਾਵਾਂ ਬਾਰੇ ਜਾਣਕਾਰੀ ਮਿਲੇਗੀ

2) ਕੈਨੇਡੀਅਨ ਪੰਜਾਬੀ ਕਵੀ ਆਪਣੀਆਂ ਗ਼ਲਤੀਆਂ ਤੋਂ ਸਿੱਖਕੇ ਆਪਣੀ ਅਗਲੀ ਪੁਸਤਕ ਨੂੰ ਹੋਰ ਵਧੀਆ ਲਿਖਣ ਦੀ ਕੋਸ਼ਿਸ਼ ਕਰਨਗੇ

3) ਕੈਨੇਡੀਅਨ ਪੰਜਾਬੀ ਕਵਿਤਾ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੋਵੇਗਾ

4) ਕੈਨੇਡੀਅਨ ਪੰਜਾਬੀ ਕਵੀਆਂ ਨੂੰ ਨਵੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ ਦਾ ਉਤਸ਼ਾਹ ਮਿਲੇਗਾ

5) ਕੈਨੇਡਾ ਵਿੱਚ ਪੰਜਾਬੀ ਜ਼ੁਬਾਨ ਦਾ ਵੀ ਪਾਸਾਰ ਹੋਵੇਗਾ

*******

ਚਲਦਾ

Saturday, March 27, 2010

ਸ਼ਾਮ ਸਿੰਘ ( ਅੰਗ-ਸੰਗ ) - ਸਾਡੀਆਂ ਲਿਖਤਾਂ ਕਿਉਂ ਨਹੀਂ ਕਰਦੀਆਂ ਨ੍ਹੇਰੇ ਦੇ ਵਿਚ ਚਾਨਣ - ਲੇਖ

ਸਾਡੀਆਂ ਲਿਖਤਾਂ ਕਿਉਂ ਨਹੀਂ ਕਰਦੀਆਂ ਨ੍ਹੇਰੇ ਦੇ ਵਿਚ ਚਾਨਣ

ਲੇਖ

ਰਚਨਾ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਇਹ ਉਹੀ ਕਰ ਸਕਦੇ ਹਨ ਜਿਨ੍ਹਾਂ ਕੋਲ ਕਹਿਣ ਲਈ ਅਨੁਭਵ ਹੁੰਦਾ ਹੈ ਤੇ ਲਿਖਣ ਲਈ ਸ਼ਬਦਾਂ ਦੀ ਜਾਦੂਗਰੀਸ਼ਬਦ ਹੀ ਹਨ ਜਿਹੜੇ ਅਨੁਭਵ ਨੂੰ ਢੋਂਦੇ ਹਨ ਅਤੇ ਕਲਾ ਦੀ ਜੁਗਤ ਨੂੰ ਵੀਜੇ ਅਨੁਭਵ ਅਤੇ ਗਹਿਰਾ ਅਨੁਭਵ ਨਾ ਹੋਵੇ ਤਾਂ ਸ਼ਬਦਾਂ ਦੇ ਛਣਕਣਿਆਂ ਦੀ ਕੋਈ ਵੁੱਕਤ ਨਹੀਂਕੇਵਲ ਕਲਾ ਤੇ ਸ਼ਬਦ ਜੜਤ ਉਦੋਂ ਤੱਕ ਪ੍ਰਭਾਵੀ ਨਤੀਜੇ ਨਹੀਂ ਦੇ ਸਕਦੇ ਜਦ ਤੱਕ ਅਨੁਭਵ ਦੀ ਅਮੀਰੀ ਦਾ ਅਮੁੱਕ ਖ਼ਜ਼ਾਨਾ ਕੋਲ਼ ਨਾ ਹੋਵੇਉਸ ਲਿਖਤ ਨੂੰ ਵਧੀਆ ਕਿਹਾ ਜਾ ਸਕਦਾ ਹੈ ਜਿਸ ਵਿਚ ਸ਼ਬਦ ਜੜਤ ਢੁੱਕਵੀਂ ਹੋਵੇ, ਲਿਖਣ ਦਾ ਅੰਦਾਜ਼ ਵਿਲੱਖਣ ਹੋਵੇ, ਕਲਾ ਦੀ ਜੁਗਤ ਨੂੰ ਸਹੀ ਤਰ੍ਹਾਂ ਵਰਤਿਆ ਹੋਵੇ ਅਤੇ ਸਭ ਤੋਂ ਉੱਪਰ ਗਹਿਰ ਗੰਭੀਰ ਅਨੁਭਵ ਹੋਵੇਅਜਿਹਾ ਕੁਝ ਹੁੰਦਿਆਂ ਜਦ ਲਿਖਤ ਪਾਠਕਾਂ ਸਾਹਮਣੇ ਜਾਂਦੀ ਹੈ ਤਾਂ ਉਸਨੂੰ ਭਰਵਾਂ ਹੁੰਗਾਰਾ ਵੀ ਮਿਲਦਾ ਹੈ ਅਤੇ ਸਤਿਕਾਰ ਵੀ
------
ਆਮ ਦੇਖਿਆ ਹੈ ਕਿ ਬਹੁਤੇ ਲੇਖਕ ਮਨੋਰੰਜਨ ਲਈ ਲਿਖਦੇ ਹਨ ਜਿਹੜੇ ਜੀਵਨ ਦੀ ਬਾਰੀਕੀ ਵਿਚ ਜਾਣ ਦਾ ਜਤਨ ਨਹੀਂ ਕਰਦੇ, ਗਹਿਰਾਈ ਵਿਚ ਨਹੀਂ ਵਿਚਰਦੇਅਜਿਹਾ ਲਿਖਣ ਵਾਲੇ ਸਤਹੀ ਜਿਹੀਆਂ ਗੱਲਾਂ ਲਿਖ ਕੇ ਪਾਠਕਾਂ ਦਾ ਮਨੋਰੰਜਨ ਤਾਂ ਕਰ ਦਿੰਦੇ ਹਨ ਪਰ ਉਨ੍ਹਾਂ ਲਈ ਪੈੜਾਂ ਨਹੀਂ ਉਲੀਕਦੇ ਤੇ ਰਾਹ ਨਹੀਂ ਛੱਡਦੇਅਜਿਹੀ ਲਿਖਤ ਥੋੜ੍ਹ-ਚਿਰੀ ਜਾਂ ਛਿਣ-ਭੰਗਰੀ ਅਸਰ ਕਰਨ ਤੋਂ ਵੱਧ ਕੁਝ ਨਹੀਂ ਕਰਦੀਹਲਕੇ ਸੁਹਜ-ਸੁਆਦ ਵਾਲੇ ਅਜਿਹੀਆਂ ਲਿਖਤਾਂ ਦੀ ਲਪੇਟ ਤੋਂ ਦੂਰ ਨਹੀਂ ਰਹਿੰਦੇ, ਪਰ ਨਾਲ ਦੀ ਨਾਲ ਗੰਭੀਰ ਲਿਖਤਾਂ ਅਤੇ ਅਮੀਰ ਅਨੁਭਵਾਂ ਨੂੰ ਭਾਲਣ ਵਾਲੇ ਅਜਿਹੀਆਂ ਲਿਖਤਾਂ ਦੇ ਨੇੜੇ ਵੀ ਨਹੀਂ ਢੁੱਕਦੇਉਹ ਸਮਝਦੇ ਹਨ ਕਿ ਅਜਿਹੀਆਂ ਲਿਖਤਾਂ ਪੜ੍ਹਨ ਨਾਲ ਵਕਤ ਵੀ ਜ਼ਾਇਆ ਹੁੰਦਾ ਹੈ ਤੇ ਹਾਸਲ ਵੀ ਕੁੱਝ ਨਹੀਂ ਹੁੰਦਾਫੇਰ ਵੀ ਮਿਆਰੀ ਮਨੋਰੰਜਨ ਵਾਲੀਆਂ ਰਚਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ
-----
ਨਿੱਜ ਨੂੰ ਲੋੜ ਤੋਂ ਵੱਧ ਵਿਅਕਤ ਕਰਨ ਵਾਲੀਆਂ ਰਚਨਾਵਾਂ ਵਿਚ ਵੀ ਬਹੁਤਾ ਕੁਝ ਉਹ ਹੁੰਦਾ ਹੈ ਜਿਸ ਦੀ ਪਾਠਕਾਂ ਨੂੰ ਜ਼ਰੂਰਤ ਨਹੀਂ ਹੁੰਦੀ ਅਜਿਹੀ ਰਚਨਾ ਬਹੁਤੀ ਵਾਰ ਸੱਚ ਤੋਂ ਦੂਰ ਹੋਣ ਕਰਕੇ ਅਸਲੀਅਤ ਦਾ ਪ੍ਰਗਟਾਵਾ ਨਹੀਂ ਕਰਦੀਅਜਿਹੀ ਰਚਨਾ, ਰਚਨਾਕਾਰ ਨੂੰ ਹੀਰੋ ਜਾਂ ਸੁਪਰਮੈਨ ਵਾਂਗ ਪੇਸ਼ ਕਰਦੀ ਹੈ ਜੋ ਕਿ ਉਹ ਨਹੀਂ ਹੁੰਦਾਅਜਿਹੀ ਰਚਨਾ ਵਿਚੋਂ ਖਚਰੇਪਨ ਦਾ ਅਹਿਸਾਸ ਝੀਤਾਂ ਵਿਚੋਂ ਝਾਕਦਾ ਰਹਿੰਦਾ ਹੈ ਜਿਸ ਕਾਰਨ ਪਾਠਕਾਂ ਨੂੰ ਆਪਣੀ ਮਜ਼ਬੂਤ ਪਕੜ ਵਿਚ ਲੈਣ ਦੇ ਸਮਰੱਥ ਨਹੀਂ ਹੁੰਦਾਕਈ ਇਕ ਆਪਣੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦੇ ਹਨ ਤਾਂ ਕਿ ਦੂਜੇ ਅਜਿਹੀਆਂ ਕਮਜ਼ੋਰੀਆਂ ਤੋਂ ਕੋਈ ਸਬਕ ਸਿੱਖ ਸਕਣਕਈ ਇਕ ਗਰੀਬੀ/ਘੋਰ ਗ਼ਰੀਬੀ ਦਾ ਵਰਨਣ ਕਰਕੇ ਇਹ ਦੱਸਣ ਦਾ ਜਤਨ ਕਰਦੇ ਹਨ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਮਾਹੌਲ ਨੂੰ ਵੀ ਅਣਸਾਹਿਤਕ ਅਤੇ ਅਣਸੁਖਾਵਾਂ ਨਹੀਂ ਰਹਿਣ ਦਿੱਤਾ ਸਗੋਂ ਇਸ ਦੇ ਸਿਰ ਉੱਤੇ ਵੀ ਸਾਹਿਤ ਦੀ ਵੱਡੀ ਛਤਰੀ ਤਾਣ ਦਿੱਤੀ
-----
ਪਿਆਰ ਵਿਚ ਅਸਫ਼ਲ ਰਹਿਣ ਦੇ ਗੀਤ ਗਾਉਣ ਤੋਂ ਬਿਨਾਂ ਤਾਂ ਸ਼ਾਇਦ ਕੋਈ ਵੀ ਨਹੀਂ ਰਹਿੰਦਾਉਦਾਸੀ ਤੇ ਨਿਰਾਸ਼ਾ ਭਰੀ ਸ਼ਾਇਰੀ ਦਿਲ ਦੀ ਸੱਚੀ-ਸੁੱਚੀ ਅਵਾਜ਼ ਹੁੰਦੀ ਹੈ ਜਿਹੜੀ ਕਿਸੇ ਵੀ ਖੇਤਰ ਦੇ ਅਸਫ਼ਲ ਲੋਕਾਂ ਨੂੰ ਉਤਸ਼ਾਹ ਤੇ ਪ੍ਰੇਰਨਾ ਦੇਣ ਤੋਂ ਪਿੱਛੇ ਨਹੀਂ ਰਹਿੰਦੀਅਜਿਹੇ 'ਚ ਅਸਫ਼ਲਤਾ 'ਚੋਂ ਸਫ਼ਲਤਾ ਨੂੰ ਲੱਭਣ ਲਈ ਜੱਦੋ-ਜਹਿਦ ਦੇ ਪੈਰ ਲੱਭ ਪੈਂਦੇ ਹਨ ਜਿਹੜੇ ਹਰ ਔਖੇ/ਟੇਢੇ ਰਾਹਾਂ 'ਤੇ ਤੁਰਨ ਤੋਂ ਅਸਮਰਥ ਨਹੀਂ ਹੁੰਦੇਪਰ ਪਿਆਰ ਦਾ ਨਿਸ਼ਾਨਾ /ਸਿਖਰ ਪਿਆਰ ਹੀ ਹੁੰਦਾ ਹੈ ਜਿਸ ਨਾਲ ਸੰਤੁਸ਼ਟ ਹੋ ਕੇ ਨਿੱਜ ਤੱਕ ਸੀਮਤ ਹੋ ਕੇ ਵੀ ਰਿਹਾ ਜਾ ਸਕਦਾ ਹੈ ਅਤੇ ਦੂਜਾ ਸਮਾਜ ਵੱਲ ਬੂਹਾ ਵੀ ਖੁੱਲ੍ਹ ਸਕਦਾ ਹੈ, ਜਿਸ ਕਾਰਨ ਵੱਡੇ ਹਾਸਲਾਂ ਵੱਲ ਵੀ ਨਿੱਠ ਕੇ ਤੁਰਿਆ ਜਾ ਸਕਦੈ
-----
ਨਿਰਾਸ਼ਾ, ਉਦਾਸੀ, ਮਾਯੂਸੀ ਅਤੇ ਹਾਰ ਵਾਲੇ ਨਾਟਕ, ਨਾਵਲ, ਕਵਿਤਾ, ਕਹਾਣੀ ਅਤੇ ਹੋਰ ਵਿਧਾਵਾਂ ਵਿਚ ਲਿਖਤਾਂ ਲਿਖਣੀਆਂ ਸਾਹਿਤ ਦੇ ਖ਼ਜ਼ਾਨੇ ਵਿਚ ਵਾਧਾ ਤਾਂ ਕਰ ਸਕਦੀਆਂ ਹਨ ਪਰ ਮਾਨਵ ਤੇ ਸਮਾਜ ਦਾ ਕੁਝ ਨਹੀਂ ਸਵਾਰ ਸਕਦੀਆਂਜੇ ਬਾਰੀਕ ਸੂਝ ਵਾਲੇ ਪਾਠਕ ਅਜਿਹੀਆਂ ਰਚਨਾਵਾਂ ਤੋਂ ਵੀ ਜਿੱਤ ਵੱਲ ਵਧਣ ਦੀ ਪ੍ਰੇਰਨਾ ਲੈ ਸਕਣ, ਖ਼ੁਸ਼ੀ ਅਤੇ ਖ਼ੁਸ਼ਹਾਲੀ ਦੇ ਦੁਆਰ ਖੋਲ੍ਹ ਲੈਣ ਦੇ ਜਤਨ ਕਰਨ ਤਾਂ ਇਨ੍ਹਾਂ ਨੂੰ ਵੀ ਸਾਰਥਕ, ਲਾਭਕਾਰੀ ਅਤੇ ਪ੍ਰੇਰਨਾਦਾਇਕ ਮੰਨਿਆ ਜਾ ਸਕਦੈ
-----
ਸਾਡੇ ਲੇਖਕ ਜੀਵਨ ਵਿਚ ਜੋ ਹਨ, ਉਹ ਨਹੀਂ ਲਿਖਦੇਉਹ ਕੁਝ ਲਿਖਣ ਦਾ ਜਤਨ ਕਰਦੇ ਹਨ ਜੋ ਕੁੱਝ ਨਹੀਂ ਹਨ ਜਾਂ ਜੋ ਕੁਝ ਨਹੀਂ ਹੁੰਦਾਉਨ੍ਹਾਂ ਦਾ ਆਪਣਾ ਜੀਵਨ ਉਨ੍ਹਾਂ ਦੀ ਆਪਣੀ ਲਿਖਤ ਮੁਤਾਬਿਕ ਨਹੀਂ ਹੁੰਦਾਜਿਹੜੇ ਆਪਣੀ ਲਿਖਤ ਨਾਲ਼ ਹੀ ਨਹੀਂ ਖੜ੍ਹਦੇ ਉਨ੍ਹਾਂ ਦਾ ਅਮਲ ਉਨ੍ਹਾਂ ਉਪਦੇਸ਼ਕਾਂ ਵਰਗਾ ਹੀ ਹੋ ਕੇ ਰਹਿ ਜਾਂਦਾ ਹੈ ਜਿਹੜੇ ਹੋਰਨਾਂ ਨੂੰ ਸਵਰਗ ਦਾ ਰਾਹ ਦੱਸਣ ਦਾ ਦਾਅਵਾ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਪਿੰਡ ਦਾ ਰਾਹ ਨਹੀਂ ਪਤਾ ਹੁੰਦਾਅਜਿਹੇ ਲੇਖਕ ਸੌ ਰਚਨਾਵਾਂ ਕਰਨ, ਸੌ ਜਤਨ ਕਰਨ ਉਨ੍ਹਾਂ ਦੀਆਂ ਲਿਖਤਾਂ ਸਮਾਜ ਦੇ ਹਨੇਰੇ ਵਿਚ ਚਾਨਣ ਨਹੀਂ ਕਰ ਸਕਦੀਆਂ, ਜੀਵਨ ਦੇ ਪੈਂਡਿਆ 'ਤੇ ਉਜਾਲਾ ਨਹੀਂ ਕਰ ਸਕਦੀਆਂਜਿਹੜੇ ਲੇਖਕ ਲੋਕ ਹਿਤਾਂ ਬਾਰੇ ਲਿਖਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਦਾ ਜੀਵਨ ਲੋਕ-ਹਿੱਤਾਂ ਵਾਲਾ ਨਹੀਂ ਹੁੰਦਾਉਨ੍ਹਾਂ ਦੀਆਂ ਲਿਖਤਾਂ ਵੀ ਲਿਫਾਫਾਬਾਜ਼ੀ ਤੋਂ ਵੱਧ ਕੁੱਝ ਨਹੀਂ ਹੁੰਦੀਆਂਜਿਹੜੇ ਲੇਖਕ ਉੱਚੇ ਜੀਵਨ ਮੁੱਲਾਂ ਦੀਆਂ ਗੱਲਾਂ ਕਰਦੇ ਹਨ ਪਰ ਖੁਦ ਨਿੱਘਰ ਚੁੱਕੇ ਹੁੰਦੇ ਹਨ ਉਨ੍ਹਾਂ ਦੀਆਂ ਲਿਖਤਾਂ ਚਾਨਣ ਵਿਚ ਹਨੇਰ ਤਾਂ ਫੈਲਾਅ ਸਕਦੀਆਂ ਹਨ ਪਰ ਹਨੇਰੇ ਵਿਚ ਚਾਨਣ ਨਹੀਂ ਕਰ ਸਕਦੀਆਂ
----
ਡਰ ਆਲੋਚਨਾ ਦਾ

ਅਸੀਂ ਪ੍ਰਸ਼ੰਸ਼ਾ ਦੇ ਬਹੁਤ ਭੁੱਖੇ ਹਾਂ ਅਤੇ ਹਰ ਸਮੇਂ ਹਰੇਕ ਤੋਂ ਆਪਣੀ ਪ੍ਰਸ਼ੰਸ਼ਾ ਹੀ ਸੁਣਨੀ ਚਾਹੁੰਦੇ ਹਾਂ ਅਤੇ ਸੁਣ ਕੇ ਗਦ-ਗਦ ਹੋ ਜਾਂਦੇ ਹਾਂਹਵਾ ਵਿਚ ਉੱਡਦੇ ਫਿਰਦੇ ਹਾਂ, ਬਿਨਾਂ ਪਰਾਂ ਤੋਂ ਪਰਿੰਦੇ ਹੋ ਕੇ ਪਤਾ ਨਹੀਂ ਆਪੇ ਹੀ ਸਿਰਜੇ ਅਸਮਾਨਾਂ ਵਿਚ ਕਿੱਥੇ ਕਿੱਥੇ ਉਡਾਰੀਆਂ ਲਾ ਆਉਂਦੇ ਹਾਂਇਕ ਅੱਧੇ ਦੀ ਨਹੀਂ ਇਹ ਹਰ ਇਨਸਾਨ ਦੀ ਕਹਾਣੀ ਹੈ, ਜਿਸ ਨੂੰ ਮੰਨਣ ਲਈ ਸ਼ਾਇਦ ਕੋਈ ਵਿਰਲਾ ਹੀ ਤਿਆਰ ਹੁੰਦਾ ਹੈ
-----
ਪ੍ਰਸ਼ੰਸ਼ਾ/ਉਸਤਤ ਦੇ ਉਲਟ ਜ਼ਰਾ ਕੁ ਆਲੋਚਨਾ ਹੋਈ ਨਹੀਂ ਕਿ ਅਸੀਂ ਦੋ ਹੀ ਪੈਰਾਂ ਦੇ ਹੁੰਦੇ ਹੋਇਆਂ ਚਾਰੇ ਖੁਰ ਚੁੱਕ ਕੇ ਆਲੋਚਨਾ ਕਰਨ ਵਾਲੇ ਉੱਤੇ ਕੁਹਾੜਾ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇਕਿਸੇ ਦੀ ਰਚਨਾ ਹੋਵੇ ਜਾਂ ਕਿਰਦਾਰ ਉਸ ਦੀ ਆਲੋਚਨਾ ਕਰਨੀ ਆਸਾਨ ਕਾਰਜ ਨਹੀਂਜੇ ਤਾਂ ਆਲੋਚਕ ਨੇ ਸਿਫ਼ਤਾਂ ਦੇ ਪੁਲ਼ ਬੰਨ੍ਹ ਦਿੱਤੇ ਫੇਰ ਤਾਂ ਠੀਕ ਹੈ ਪਰ ਜੇ ਨੁਕਸ ਕੱਢ ਦਿੱਤੇ ਤਾਂ ਉਸ ਦੀ ਖ਼ੈਰ ਨਹੀਂ
------
ਅਸੀਂ ਪੈਰ ਪੈਰ 'ਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਆਲੋਚਨਾ ਤੋਂ ਡਰਦੇ ਹਾਂਇਸ ਲਈ ਕਿ ਜਿਹੜੇ ਸਾਡੇ ਨੁਕਸ ਸਾਨੂੰ ਪਤਾ ਹਨ ਉਹ ਦੂਜਿਆਂ ਨੂੰ ਨਾ ਪਤਾ ਲੱਗ ਜਾਣਉਨ੍ਹਾਂ ਦਾ ਪ੍ਰਚਾਰ ਨਾ ਹੋਵੇਉਹ ਸਾਡੇ ਵਿਚ ਹੀ ਛੁਪੇ ਰਹਿਣਪਰ, ਇਹ ਜੀਵਨ ਦੇ ਵਿਕਾਸ ਵਾਸਤੇ ਬਿਲਕੁੱਲ ਚੰਗੀ ਗੱਲ ਨਹੀਂਜੇ ਕੋਈ ਸਾਨੂੰ ਸਾਡੇ ਨੁਕਸ ਦੱਸੇਗਾ ਤਾਂ ਉਹ ਸਾਡਾ ਭਲਾ ਕਰੇਗਾਇਸ ਲਈ ਕਿ ਅਸੀਂ ਆਪਣੇ ਆਪ ਤੋਂ ਨਹੀਂ ਡਰਦੇ ਪਰ ਦੂਜਿਆਂ ਨੂੰ ਪਤਾ ਲੱਗ ਜਾਣ ਦਾ ਡਰ ਸਾਨੂੰ ਆਪਣੇ ਆਪ ਵੱਲ ਮੁੜਨ ਲਈ ਪ੍ਰੇਰਨਾ ਦੇ ਸਕਦਾ ਹੈਆਪਣੇ ਆਪ ਵੱਲ ਮੁੜਿਆਂ ਹੀ ਆਪਣੇ ਨੁਕਸਾਂ 'ਚ ਸੋਧ/ਦਰੁਸਤੀ ਬਾਰੇ ਸੋਚਿਆ ਜਾ ਸਕਦਾ ਹੈਕਿਤਾਬ ਦੀ ਹੋਵੇ ਜਾਂ ਆਪਣੀ, ਆਲੋਚਨਾ ਤੋਂ ਡਰਨਾ ਜ਼ਰੂਰ ਚਾਹੀਦਾ ਹੈ ਪਰ ਸਿਰਫ਼ ਡਰਨ ਵਾਸਤੇ ਹੀ ਨਹੀਂ ਸਗੋਂ ਇਸ ਡਰ ਤੋਂ ਸਿੱਖਣ ਵਾਸਤੇ, ਅੱਗੇ ਵਧਣ ਵਾਸਤੇ ਅਤੇ ਜੀਵਨ ਦੀਆਂ ਉੱਚੀਆਂ ਸਿਖਰਾਂ ਵੱਲ ਪਹੁੰਚਣ ਵਾਸਤੇ

ਦੋ ਸ਼ਿਅਰ :

ਮੱਥੇ 'ਚ ਦੀਵਾ ਬਾਲ਼ ਕੇ ਨੇਰ੍ਹੇ 'ਚ ਤੁਰ ਪਿਆ
ਤੇਰੀ ਤਲਾਸ਼ ਕਰਦਿਆਂ ਆਪੇ 'ਚੋਂ ਕਿਰ ਗਿਆ
---
ਤੁਰਿਆ ਸਾਂ ਲੱਭਣ ਲਈ ਪੂਰੇ ਦਾ ਪੂਰਾ ਮੁਕਾਮ
ਬਰਫ਼ ਅੱਗ 'ਤੇ ਧਰ ਕੇ ਰਾਹਾਂ 'ਚ ਖੁਰ ਗਿਆ

Thursday, March 25, 2010

ਰੂਪ ਦਬੁਰਜੀ - ਪਹਿਰੇਦਾਰ - ਮਿੰਨੀ ਕਹਾਣੀ

ਪਹਿਰੇਦਾਰ

ਮਿੰਨੀ ਕਹਾਣੀ

ਰੱਬ ਜੀ! ਕੰਡਿਆਂ ਨੇ ਤਾਂ ਸਾਡੀ ਸ਼ਾਨ ਤੇ ਧੱਬਾ ਲਾਇਆ ਹੋਇਆ ਏ, ਤੁਸੀਂ ਮਿਹਰਬਾਨੀ ਕਰੋ ਕਿ ਸਾਡੀ ਸਮੁੱਚੀ ਨਸਲ ਨਾਲ਼ ਅੱਗੇ ਤੋਂ ਕੰਡੇ ਨਾ ਹੋਣ ਅਤੇ ਮੌਜੂਦਾ ਬੂਟਿਆਂ ਨਾਲੋਂ ਵੀ ਕੰਡੇ ਝਾੜ ਦਿਉ,’’ ਗੁਲਾਬ ਦੇ ਬੂਟੇ ਨੇ ਗਿਲਾ ਕਰਦਿਆਂ ਕਿਹਾ

..........

ਕਿਉਂ ਕੀ ਗੱਲ ?’’ ਰੱਬ ਨੇ ਹੈਰਾਨੀ ਨਾਲ ਪੁੱਛਿਆ

..............

ਮਹਾਰਾਜ!! ਇਕ ਅਸੀਂ ਆਪਣੇ ਸ਼ੁੱਭਚਿੰਤਕਾਂ ਦੇ ਮੂੰਹੋਂ ਸੁਣਿਆ ਕਿ ਜੇ ਗੁਲਾਬ ਦੇ ਬੂਟੇ ਨਾਲ ਕੰਡੇ ਨਾ ਹੋਣ ਤਾਂ ਗੁਲਾਬ ਦੀ ਖ਼ੂਬਸੂਰਤੀ ਹੋਰ ਵੱਧ ਸਕਦੀ ਹੈ, ਹਾਂ!! ਇਹ ਸਾਨੂੰ ਵੀ ਸੱਚ ਲੱਗਦਾ,’’ ਗੁਲਾਬ ਦੇ ਬੂਟੇ ਨੇ ਸਪੱਸ਼ਟੀਕਰਨ ਦਿੱਤਾ

............

ਪਰ ਮੈਂ ਇੰਜ ਨਹੀਂ ਕਰ ਸਕਦਾ, ਹਾਂ ਏਦਾਂ ਕਰ ਸਕਦਾਂ ਕਿ ਬੱਸ ਤੇਰੇ ਹੀ ਬੂਟੇ ਨਾਲੋਂ ਕੰਡੇ ਝਾੜ ਦਿੰਦਾ ਹਾਂ,’’ ਰੱਬ ਨੇ ਡੂੰਘੀ ਸੋਚ ਪਿੱਛੋਂ ਕਿਹਾ।

..............

ਠੀਕ ਹੈ ਮਹਾਰਾਜ, ਆਪਦੀ ਬਹੁਤ-ਬਹੁਤ ਮਿਹਰਬਾਨੀ,’’ ਗੁਲਾਬ ਦੇ ਬੂਟੇ ਨੇ ਖ਼ੁਸ਼ ਹੁੰਦਿਆਂ ਆਖਿਆ

............

ਅਗਲੇ ਦਿਨ ਉਸ ਗੁਲਾਬ ਦੇ ਬੂਟੇ ਨਾਲ਼ ਕੋਈ ਵੀ ਗੁਲਾਬ ਨਹੀਂ ਸੀ

Wednesday, March 24, 2010

ਮੇਜਰ ਮਾਂਗਟ – ਭਗਤ ਸਿੰਘ, ਭਾਰਤ, ਭਤੀਜ ਤੇ ਮੈਂ – 23 ਮਾਰਚ ‘ਤੇ ਵਿਸ਼ੇਸ਼ – ਲੇਖ – ਭਾਗ ਪਹਿਲਾ

ਭਗਤ ਸਿੰਘ, ਭਾਰਤ, ਭਤੀਜ ਤੇ ਮੈਂ

ਭਾਗ ਪਹਿਲਾ

ਲੇਖ

ਕੌਨਵੋਕੇਸ਼ਨ ਸੈਂਟਰ ਵਿੱਚ ਬਹੁਤ ਭੀੜ ਜੁੜ ਚੁੱਕੀ ਸੀਮੈਂ ਵੀ ਇਸ ਭੀੜ ਦਾ ਹਿੱਸਾ ਸਾਂਭਗਤ ਸਿੰਘ ਦੀ ਜਨਮ ਸ਼ਤਾਬਦੀ 'ਤੇ ਮਨਾਏ ਜਾ ਰਹੇ ਸਮਾਗਮ ਵਿੱਚ ਜ਼ਮੀਰ ਦਾ ਧੱਕਿਆ ਧਕਾਇਆ ਮੈਂ ਵੀ ਆ ਗਿਆ ਸਾਂ ਅੱਜ ਕੱਲ ਜ਼ਮੀਰ ਬੜਾ ਓਪਰਾ ਜਿਹਾ ਸ਼ਬਦ ਲੱਗਦਾ ਹੈਕਾਲਿਜ ਦੇ ਦਿਨਾਂ ਵਿੱਚ ਤਾਂ ਇਹ ਸ਼ਬਦ ਜਿਵੇਂ ਸ਼ਖ਼ਸੀਅਤ ਦਾ ਹਿੱਸਾ ਹੀ ਬਣ ਗਿਆ ਸੀਉਦੋਂ ਤਾਂ ਭਗਤ ਸਿੰਘ ਦਾ ਨਾਂ ਵੀ ਜ਼ਿਹਨ ਵਿੱਚ ਗੂੰਜਦਾ ਰਹਿੰਦਾ ਸੀ, ਤੇ ਸ਼ਾਇਦ ਇਹ ਹੀ ਕੋਈ ਪੁਰਾਣੀ ਸਾਂਝ ਏਥੇ ਖਿੱਚ ਲਿਆਈ ਹੋਵੇ
-----
ਚੜ੍ਹਦੀ ਜਵਾਨੀ ਤੇ ਭਗਤ ਸਿੰਘ ਦੀ ਵਿਚਾਰਧਾਰਾ... ਕਯਾ ਜੋੜ-ਮੇਲ ਸੀਉਦੋਂ ਹੀ ਭਗਤ ਸਿੰਘ ਦਾ ਇੱਕ ਪੋਸਟਰ ਮੈਂ ਵੀ ਆਪਣੇ ਕਮਰੇ ਵਿੱਚ ਲਿਆ ਚਿਪਕਾਇਆ ਸੀ ਅਤੇ ਮੇਲਿਆਂ ਵਿੱਚ ਵਿਕਦੇ ਉਸ ਬਾਰੇ ਗੀਤਾਂ ਦੇ ਕਿਤਾਬਚੇ ਵੀ ਪੜ੍ਹੇ ਸਨਢਾਡੀਆਂ ਤੋਂ ਉਸ ਦੀਆਂ ਸ਼ਹੀਦੀ ਵਾਰਾਂ ਸੁਣ ਸੁਣ ਕੇ ਲਹੂ ਖੌਲਣ ਲੱਗ ਪੈਂਦਾ ਸੀਕਿਵੇਂ ਉਹ ਮੌਤ ਲਾੜੀ ਨੂੰ ਵਿਆਹੁਣ ਤੁਰਿਆ ਸੀ'ਮੁਲਕ 'ਚੋਂ ਗੋਰਿਆਂ ਨੂੰ ਕੱਢਣ ਤੇ ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਸੀ 'ਇਹੋ ਗੱਲਾਂ ਦੱਸ ਦੱਸ ਕੇ ਹੀ ਸਟੂਡੈਂਟ ਯੂਨੀਅਨ ਵਾਲੇ ------
ਜ਼ਮੀਰ ਲਫ਼ਜ਼ ਵੀ ਮੈਂ ਤਾਂ ਕਾਲਜ ਜਾ ਕੇ ਹੀ ਸੁਣਿਆ ਸੀਅਸੀਂ ਉਨ੍ਹਾਂ ਬਦੇਸ਼ੀਆਂ ਤੋਂ ਮੁਕਤ ਤਾਂ ਹੋ ਗਏ ਸਾਂ, ਲੇਕਿਨ ਭਾਰਤ ਛੱਡ , ਕੈਨੇਡਾ ਆ ਮੁੜ ਫੇਰ ਇਹ ਗ਼ੁਲਾਮੀ ਕਿਉਂ ਪ੍ਰਵਾਨ ਕਰ ਲਈ? ਕਈ ਵਾਰ ਏਸੇ ਕਰਕੇ ਜ਼ਮੀਰ ਮੈਨੂੰ ਲਾਹਨਤਾਂ ਪਾਉਂਦੀ ਹੈ ਕੁੱਝ ਦੇਰ ਬਾਅਦ ਹੀ ਮੇਰਾ ਮਨ ਸੋਚਣ ਲੱਗ ਪੈਂਦਾ 'ਜਦੋਂ ਆਪਣੇ ਮੁਲਕ ਨੇ ਝੱਲੇ ਹੀ ਨਹੀਂ ਤਾਂ ਹੀ ਤਾਂ ਕੈਨੇਡਾ ਆਏ ਹਾਂਪੜ੍ਹ ਲਿਖ ਕੇ ਦਰ-ਦਰ ਭਟਕਦੇ ਰਹੇ ਪਰ ਕਿਤੇ ਨੌਕਰੀ ਨਹੀਂ ਮਿਲੀਜਿਵੇਂ ਕਹਿੰਦੇ ਨੇ ਮਰਦੀ ਨੇ ਅੱਕ ਚੱਬਿਆ....' ਪਰ ਫੇਰ ਮੈਂ ਮਨ ਨੂੰ ਸਮਝਾਉਂਦਾ ਕਿ ਕਿ ਸਾਰੀ ਧਰਤੀ ਹੀ ਆਪਣੀ ਹੈ
-----
ਜਿਸ ਦਿਨ ਮੈਂ ਭਾਰਤ ਦੀ ਨਾਗਰਿਕਤਾ ਤਿਆਗ, ਕੈਨੇਡਾ ਦਾ ਨਾਗਰਿਕ ਬਣ ਸਹੁੰ ਚੁੱਕੀ ਸੀ, ਮਨ ਤਾਂ ਉਸ ਦਿਨ ਵੀ ਬੜਾ ਕੁਰਲਾਇਆ ਸੀ, ਜਿਵੇਂ ਮਾਂ ਦੀ ਬੁੱਕਲ 'ਚੋਂ ਨਿੱਕਲ਼, ਮਤਰੇਈ ਦੀ ਗੋਦ 'ਚ ਬੈਠ, ਮੈਂ ਮਾਂ ਨੂੰ ਭੁਲਾ ਦਿੱਤਾ ਹੋਵੇਪਰ ਫਿਰ ਮੈਂ ਸੋਚਦਾ ਇਨਸਾਨ ਤਾਂ ਸਾਰੇ ਇੱਕੋ ਨੇ ਲੁੱਟੇ ਜਾ ਰਹੇ ਅਤੇ ਲੁੱਟਣ ਵਾਲੇ ਫੇਰ ਮਨੁੱਖਤਾ ਦਾ ਭਲਾ ਲੋਚਣ ਵਾਲੇ, ਸ਼ਹੀਦ ਭਗਤ ਸਿੰਘ ਦਾ ਅਕਸ ਮੇਰੇ ਮਨ ਵਿੱਚ ਹੋਰ ਗੂੜ੍ਹਾ ਹੋਣ ਲੱਗਦਾ
ਪਤਾ ਨਹੀਂ ਫੇਰ ਵੀ ਕਿਉਂ ਮਨ ਕਦੇ ਕਦੇ ਆਪਣੇ ਆਪ ਨੂੰ ਭਗੌੜਾ ਸਮਝਣ ਲੱਗ ਪੈਂਦਾ ਸ਼ਾਇਦ ਮਨ ਅੰਦਰਲੀ ਕੋਈ ਅਪਰਾਧੀ ਭਾਵਨਾ ਵੀ ਹੋ ਸਕਦੀ ਹੈ,ਕਿ ਜਦੋਂ ਵੀ ਕਿਸੇ ਨਾ ਕਿਸੇ ਸੰਸਥਾ ਵਲੋਂ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ, ਮੈਂ ਉੱਥੇ ਹੀ ਜਾ ਪੁੱਜਦਾਅੱਜ ਵੀ ਬੱਸ ਇਸੇ ਤਰ੍ਹਾਂ ਆ ਹੀ ਗਿਆ ਸੀ
-----
ਇਹ ਉਹ ਹੀ ਸੰਸਥਾ ਸਮਾਗਮ ਕਰਵਾ ਰਹੀ ਸੀ ਜਿਹੜੀ ਭਾਰਤ ਵਿੱਚ ਅਮਰੀਕੀ ਸਾਮਰਾਜ ਅਤੇ ਸਰਮਾਏਦਾਰੀ ਪ੍ਰਬੰਧ ਨੂੰ ਕੋਸਦੀ ਰਹਿੰਦੀ ਸੀ ਅਤੇ ਵੋਟਾਂ ਦੀ ਰਾਜਨੀਤੀ ਤੋਂ ਹਟਕੇ ਹਥਿਆਰਬੰਦ ਇਨਕਲਾਬ ਦੀ ਹਮਾਇਤ ਕਰਦੀ ਸੀਪਰ ਹੁਣ ਸਰਮਾਏਦਾਰੀ ਛਤਰੀ ਦਾ ਆਨੰਦ ਮਾਣ ਰਹੀ ਸੀਰੱਸੀ ਮੱਚ ਗਈ ਪਰ ਵੱਟ ਨਹੀਂ ਸੀ ਗਿਆਹਥਿਆਰਬੰਦ ਇਨਕਲਾਬ ਦੇ ਕੀੜੇ ਅਜੇ ਵੀ ਅੰਦਰੋਂ ਪੂਰੀ ਤਰ੍ਹਾਂ ਨਹੀਂ ਸਨ ਮਰੇਏਸੇ ਕਰਕੇ ਪ੍ਰਬੰਧਕਾਂ ਨੇ ਜੋ ਪੋਸਟਰ ਬਣਾਇਆ ਸੀ ਉਸ ਤੇ ਭਗਤ ਸਿੰਘ ਆਪਣੇ ਰਿਵਾਲਵਰ ਨਾਲ ਸਾਂਡਰਸ ਨੂੰ ਭੁੰਨ ਰਿਹਾ ਸੀਜਿਸ ਨੂੰ ਵੇਖ ਕੇ ਇੱਕ ਵਾਰ ਮੇਰੇ ਬੇਟੇ ਨੇ ਪੁੱਛਿਆ ਸੀ ''ਡੈਡ! ਭਗਤ ਸਿੰਘ ਵਾਜ਼ ਏ ਟੈਰੋਰਿਸਟ?''
ਉਹ ਗੁਰਦਵਾਰਿਆਂ ਦੇ ਲੰਗਰ ਹਾਲਾਂ ਵਿੱਚ ਬੰਦੂਕਾਂ,ਮਸ਼ੀਨ ਗੰਨਾਂ ਤੇ ਹੋਰ ਹਥਿਆਰ ਬੰਦਾਂ ਦੀਆਂ ਫੋਟੋਆਂ ਵੇਖ ਵੀ ਅਕਸਰ ਏਹੋ ਜਿਹੇ ਸੁਆਲ ਕਰਦਾ ਸੀ ਕਿ ''ਇਹ ਟੈਰੋਰਿਸਟਾਂ ਨੂੰ ਕਿਉਂ ਪਰਮੋਟ ਕਰ ਰਹੇ ਨੇ ਗੁਰਦਵਾਰੇ ਤਾਂ ਅਸੀਂ ਮਨ ਦੀ ਸ਼ਾਂਤੀ ਲਈ ਆਉਂਦੇ ਹਾਂ'' ਕਈ ਵਾਰ ਉਸਦੇ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਾ ਹੁੰਦਾ
-----
ਲਾਬੀ ਵਿੱਚ ਭੀੜ ਬਹੁਤ ਹੋਣ ਕਰਕੇ ਪੈਰ ਧਰਨ ਨੂੰ ਵੀ ਥਾਂ ਨਹੀਂ ਸੀਬਹੁਤ ਸਾਰੇ ਬੱਚਿਆਂ ਨੂੰ ਸੱਭਿਆਚਾਰ ਸਿਖਾਉਣ ਦੇ ਚਾਹਵਾਨ ਮੱਲੋ-ਜ਼ੋਰੀ ਉਨ੍ਹਾਂ ਨੂੰ ਨਾਲ ਲੈ ਕੇ ਆਏ ਸਨਕੰਧਾਂ ਤੇ ਭਗਤ ਸਿੰਘ ਦੇ ਬਹੁਤ ਸਾਰੇ ਪੋਸਟਰ ਸਜਾਏ ਗਏ ਸਨ,ਜਿਨ੍ਹਾਂ ਵਿੱਚ ਉਸਦੇ ਸਿਰ ਤੇ ਪਗੜੀ ਵੀ ਸੀ ਤੇ ਟੋਪੀ ਵੀਪੱਗਾਂ ਵਾਲੇ ਭਗਤ ਸਿੰਘ ਦਾ ਪੱਗ ਵਾਲਾ ਪੋਸਟਰ ਖ਼ਰੀਦ ਰਹੇ ਸਨ ਤਾਂ ਕਿ ਬੱਚਿਆਂ ਨੂੰ ਉਸਦਾ ਸਿੱਖ ਹੋਣਾ ਸਮਝਾ ਸਕਣ
ਪ੍ਰੋਗਰਾਮ ਦੇ ਇਸ਼ਤਿਹਾਰ ਤੇ ਵੀ ਪੱਗ ਅਤੇ ਟੋਪੀ ਵਾਲੇ ਪੋਸਟਰ ਦੀ ਚੋਣ ਦਾ ਵਾਵੇਲਾ ਖੜ੍ਹਾ ਹੋਇਆ ਸੀ ਤੇ ਆਖਿਰ ਗੁਰਦਵਾਰੇ ਕਮੇਟੀਆਂ ਤੋਂ ਸਹਿਯੋਗ ਲੈਣ ਲਈ ਪੱਗ ਵਾਲਾ ਪੋਸਟਰ ਛਾਪਣ ਨੂੰ ਹੀ ਤਰਜੀਹ ਦਿੱਤੀ ਗਈ ਸੀ
-----
ਇੱਕ ਹੋਰ ਜਥੇਬੰਦੀ ਵੀ ਸੀ ਜੋ ਭਗਤ ਸਿੰਘ ਨੂੰ ਸਿੱਖ ਸਾਬਤ ਕਰਨ ਲਈ ਹਰ ਵਰ੍ਹੇ ਗੁਰਦਵਾਰੇ ਸਾਹਿਬ ਅਖੰਡ ਪਾਠ ਰੱਖ ਕੇ ਉਸਦਾ ਸ਼ਹੀਦੀ ਦਿਨ ਮਨਾਉਂਦੀ ਸੀਅਜਿਹੇ ਮੌਕੇ ਭਗਤ ਸਿੰਘ ਦੀ ਮਾਂ ਵਿਦਿਆਵਤੀ ਨੂੰ ਕਵੀਸ਼ਰ ਗਿਆਨ ਕੌਰ ਕਹਿ ਕੇ ਇਤਿਹਾਸ ਨਾਲ ਧ੍ਰੋਹ ਵੀ ਕਰਦੇਜਿਵੇਂ ਮਾਤਾ ਗੁਜਰੀ ਨੂੰ ਉਹ ਗੁਜਰ ਕੌਰ, ਮਾਤਾ ਸੁੰਦਰੀ ਨੂੰ ਸੁੰਦਰ ਕੌਰ ਕਹਿੰਦੇ ਸਨਮੈਂ ਸੋਚ ਰਿਹਾ ਸੀ ਕਿ ਜੇ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਭਾਈ ਕਨ੍ਹਈਆ ਨੂੰ ਭਾਈ ਕਨ੍ਹਈਆ ਸਿੰਘ, ਭਾਈ ਨੰਦ ਲਾਲ ਨੂੰ ਭਾਈ ਨੰਦ ਸਿੰਘ ਤੇ ਕਿਸੇ ਦਿਨ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਸਿੰਘ ਹੀ ਨਾ ਬਣਾ ਦੇਣ

ਫਿਰਕਾਪ੍ਰਸਤੀ ਦੇ ਡੰਗੇ ਹੋਏ ਪ੍ਰਚਾਰਕ ਭਗਤ ਸਿੰਘ ਨੂੰ ਪੱਕਾ ਸਿੱਖ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ, ਜੋ ਮੈਨੂੰ ਕਦੇ ਚੰਗਾ ਨਾ ਲੱਗਦਾਭਗਤ ਸਿੰਘ ਦਾ ਮਿਸ਼ਨ ਤਾਂ ਪੂਰੀ ਮਨੁੱਖਤਾ ਲਈ ਸੀਖ਼ੁਸ਼ਬੂ ਨੂੰ ਡੱਬੀਆਂ ਵਿੱਚ ਬੰਦ ਨਹੀ ਕੀਤਾ ਜਾ ਸਕਦਾ
-----
ਇਹ ਹੀ ਕਾਰਨ ਸੀ ਕਿ ਭਗਤ ਸਿੰਘ ਦੀ ਪੁਸਤਕ 'ਮੈਂ ਨਾਸਤਿਕ ਕਿਉਂ ਹਾਂ' ਏਥੇ ਵੀ ਵੇਚੀ ਨਹੀਂ ਸੀ ਜਾ ਰਹੀ, ਤੇ ਕਦੀ ਉਸਦਾ ਜ਼ਿਕਰ ਕਰਨਾ ਵੀ ਮੁਨਾਸਿਬ ਨਹੀਂ ਸੀ ਸਮਝਿਆ ਜਾਂਦਾਸਿੱਖ ਕੱਟੜਵਾਦੀ ਉਸ ਨੂੰ ਏਸੇ ਕਰਕੇ ਨਿੰਦਦੇ ਕਿ ਉਹ ਤਾਂ ਨਾਸਤਿਕ ਸੀਉਨ੍ਹਾਂ ਦਾ ਇੱਕ ਲੀਡਰ ਤਾਂ ਸ਼ਰ੍ਹੇਆਮ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾਜਿਸ ਨੇ ਸਾਰੀ ਉਮਰ ਖ਼ੁਦ ਅੱਤਵਾਦ ਜਾਂ ਵੱਖਵਾਦ ਦੇ ਮੁੱਦੇ ਤੇ ਲੀਡਰੀ ਚਮਕਾਈ ਸੀ ਤੇ ਉਮਰ ਭਰ ਦੀਆਂ ਰੋਟੀਆਂ ਸੇਕੀਆਂ ਸਨ
-----
ਪੁਸਤਕਾਂ ਵੇਚਣ ਲਈ ਟੇਬਲ ਤਾਂ ਅੱਜ ਵੀ ਲਗਵਾਏ ਗਏ ਸਨ ਪਰ ਜਿਨ੍ਹਾਂ ਤੇ ਇੱਕ ਅਖ਼ਬਾਰ ਦਾ ਸੰਪਾਦਕ ਭਾਰਤ ਤੋਂ ਬਹੁਤ ਸਸਤੀਆਂ ਲਿਆਂਦੀਆਂ ਪੁਸਤਕਾਂ ਡਾਲਰਾਂ ਵਿੱਚ ਬਹੁਤ ਮਹਿੰਗੇ ਭਾਅ ਵੇਚ ਕੇ ਲਾਹਾ ਲੈ ਰਿਹਾ ਸੀਪ੍ਰਬੰਧਕ ਕਮੇਟੀ ਨੇ ਆਪਣੀਆਂ ਫੋਟੋਆਂ ਅਤੇ ਚੰਗੀ ਕਵਰੇਜ਼ ਲਵਾਉਣ ਲਈ ਉਸ ਨੂੰ ਇਹ ਜਗਾ ਦਿੱਤੀ ਸੀ ਤਾਂ ਕਿ ਉਹ ਪੈਸੇ ਬਣਾ ਸਕੇ
-----
'
ਟੇਬਲ ਤੇ ਰਸੋਈ ਸਿੱਖਿਆ, ਕਾਮਯਾਬ ਹੋਣ ਦੇ ਤਰੀਕੇ, ਪੰਜਾਬੀ ਗੀਤ, ਨਾਵਲ, ਕਹਾਣੀਆਂ ਅਤੇ ਕੁਝ ਹੋਰ ਆਮ ਜਿਹੀਆਂ ਪੁਸਤਕਾਂ ਜਾਂ ਭਗਤ ਸਿੰਘ ਦੇ ਪੋਸਟਰ ਵੀ ਪਏ ਸਨਅਜਿਹੇ ਸੁਨਹਿਰੀ ਮੌਕੇ ਕਈ ਵਾਰ ਭਾਰਤ ਤੋਂ ਇੱਕ ਪਬਲਿਸ਼ਰ ਵੀ ਪਹੁੰਚਦਾ ਸੀਉਹ ਡਾਲਰ ਬਣਾਉਣ ਲਈ ਸ਼ਾਇਦ ਅੱਜ ਵੀ ਪਹੁੰਚਿਆ ਹੋਵੇਅਖ਼ਬਾਰ ਦਾ ਸੰਪਾਦਕ ਤੇ ਉਹ ਦੋਨੋਂ ਮਿਲ ਕੇ ਹੀ ਕੰਮ ਕਰਦੇ ਸਨਇਹ ਪਬਲਿਸ਼ਰ ਵੈਨਕੂਵਰ, ਕੈਲਗਰੀ,ਐਡਮੰਨਟਨ ਅਤੇ ਅਮਰੀਕਾ ਦੇ ਕਈ ਹੋਣ ਸ਼ਹਿਰਾਂ ਵਿੱਚ ਵੀ ਆਪਣਾ ਅਜਿਹਾ ਹੀ ਨੈੱਟ ਵਰਕ ਚਲਾਉਂਦਾ ਸੀਇਹ ਉਹ ਹੀ ਪਬਲਿਸ਼ਰ ਸੀ ਜੋ ਕੁਝ ਹੀ ਵਰ੍ਹਿਆਂ ਵਿੱਚ ਇੱਕ ਸਧਾਰਨ ਆਦਮੀ ਤੋਂ ਕਰੋੜਪਤੀ ਬਣ ਗਿਆ ਸੀ, ਤੇ ਅਜਿਹੇ ਸਮਾਗਮ ਉਸ ਲਈ ਵਰਦਾਨ ਸਾਬਤ ਹੁੰਦੇ ਸਨ' ਮੇਰੀ ਸੋਚ ਦਾ ਮੱਕੜੀ ਜਾਲ਼ ਹੋਰ ਗੂੜਾ ਹੋਈ ਜਾ ਰਿਹਾ ਸੀ
-----
'
ਜੇ ਕਦੇ ਪੁਸਤਕਾਂ ਘੱਟ ਵਿਕਦੀਆਂ ਤਾਂ ਉਹ ਸਟੇਜ ਤੇ ਚੜ੍ਹ ਕੇ ਲੋਕਾਂ ਨੂੰ ਤਾਹਨਾ ਵੀ ਦੇ ਜਾਂਦਾ 'ਦਰਅਸਲ ਅਜੇ ਏਥੇ ਭਗਤ ਸਿੰਘ ਦੀ ਸੋਚ ਨੂੰ ਫੈਲਾਉਣ ਦੀ ਲੋੜ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ'ਮੈਂ ਜਾਣਦਾ ਸੀ ਇਹ ਵਪਾਰੀ ਬੰਦਾ ਇਮੋਸ਼ਨਲ ਬਲੈਕਮੇਲਿੰਗ ਕਰ ਰਿਹਾ ਹੈਜਿਸ ਤਰਾਂ ਹਰ ਵਰ੍ਹੇ ਭਗਤ ਸਿੰਘ ਯਾਦਗਾਰੀ ਕਮੇਟੀ ਫੰਡ ਇਕੱਠਾ ਕਰਨ ਖ਼ਾਤਰ ਕਰਦੀ ਸੀਭਗਤ ਸਿੰਘ ਦਾ ਨਾਂ ਵੇਚਿਆ ਜਾ ਰਿਹਾ ਸੀਮੈਂ ਇਨ੍ਹਾਂ ਵਪਾਰੀਆਂ ਤੋਂ ਅੱਖ ਬਚਾਉਂਦਾ ਹਾਲ ਦੇ ਅੰਦਰ ਘੁਸ ਗਿਆਮੇਰੀ ਸੋਚ ਦੀਆਂ ਕੀੜੀਆਂ ਲਾਈਨ ਬਣਾ ਕੇ ਤੁਰਨ ਲੱਗੀਆਂ
-----
ਹਾਲ ਦੇ ਅੰਦਰ ਬੱਚਿਆਂ ਦਾ ਭੰਗੜਾ ਪੈ ਰਿਹਾ ਸੀ ਤੇ ਨਾਲ ਹੀ ਕੋਈ ਪੰਜਾਬੀ ਜੱਟਾਂ ਦੇ ਫੱਟੇ ਚੁੱਕਣ ਵਾਲਾ ਗੀਤ ਚੱਲ ਰਿਹਾ ਸੀਇੱਕ ਮੁੰਡਾ ਭਗਤ ਸਿੰਘ ਦੇ ਭੇਸ ਵਿੱਚ ਪੰਜਾਬੀ ਜੱਟ ਬਣ ਕੇ ਡੱਡੂ ਟਪੂਸੀਆਂ ਮਾਰਦਾ ਭੰਗੜਾ ਪਾ ਰਿਹਾ ਸੀ ਇਹ ਨੌਜਵਾਨ ਭੰਗੜੇ ਦੇ ਖੂੰਡਿਆਂ ਨੂੰ ਰਫ਼ਲਾਂ ਬਣਾ ਬਣਾ ਗੋਲੀਆਂ ਚਲਾਉਂਦੇ ਤੇ ਗੀਤ ਵਿੱਚ ਜੱਟਾਂ ਦੇ ਬਦਲਾ ਲੈਣ ਦੀ ਗੱਲ ਹੁੰਦੀ ਸੀਜੋਸ਼ 'ਚ ਆਏ ਇਹ ਗੱਭਰੂ ਕਦੇ ਊਠਾਂ ਵਾਂਗ ਮੱਘੇ ਕੱਢਦੇ ਅਤੇ ਕਦੇ ਕਦੀ ਬੱਕਰੇ ਬੁਲਾਉਂਦੇਜਿਨ੍ਹਾਂ ਨੂੰ ਦੇਖ ਦੇਖ ਮੈਨੂੰ ਘਿਣ ਆ ਰਹੀ ਸੀਆਖਿਰ ਇਹ ਕਿਹੋ ਜਿਹਾ ਭਗਤ ਸਿੰਘ ਪੇਸ਼ ਕਰਨਾ ਚਾਹੁੰਦੇ ਸਨ?
----
ਫੇਰ ਇੱਕ ਅਨਾਊਸਮੈਂਟ ਹੋਈ ਕਿ ਹੁਣ ਭਾਰਤ ਤੋਂ ਆਈ ਡਰਾਮਾ ਟੀਮ 'ਭਾਰਤ ਮਾਂ 'ਨਾਂ ਦਾ ਡਰਾਮਾ ਖੇਡੇਗੀਜਿਸ ਵਿੱਚ ਮਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਦੀ ਗੱਲ ਸੀਮੇਰੇ ਨਾਲ ਦੀ ਸੀਟ ਤੇ ਘੁਸਰ-ਮੁਸਰ ਸ਼ੁਰੂ ਹੋ ਗਈਕੋਈ ਦਰਸ਼ਕ ਕਹਿ ਰਿਹਾ ਸੀ ਭਾਰਤ ਤੋਂ ਪੂਰੀ ਟੀਮ ਨੂੰ ਵੀਜ਼ਾ ਮਿਲਿਆ ਸੀ ਪਰ ਉਨ੍ਹਾਂ 'ਚੋਂ ਤਿੰਨ ਟੁੱਭੀ ਮਾਰ ਗਏਹੁਣ ਉਨ੍ਹਾਂ ਦੀ ਜਗਾ ਤਿੰਨ ਲੋਕਲ ਕਲਾਕਾਰ ਪਾਏ ਗਏ ਹਨਇੱਕ ਹੋਰ ਬੋਲਿਆ 'ਸਾਰੀਆਂ ਸੰਸਥਾਵਾਂ ਹੀ ਕਬੂਤਰਬਾਜ਼ੀ ਕਰਦੀਆਂ ਨੇਉਧਰੋਂ ਕੱਢਣ ਦੇ ਪੱਚੀ-ਪੱਚੀ ਤੀਹ-ਤੀਹ ਲੱਖ ਲੈਂਦੀਆਂ ਨੇਉੱਥੋਂ ਹੀ ਤਾਂ ਇਨ੍ਹਾਂ ਨੂੰ ਪੈਸਾ ਬਣਦੈਆਹ ਪ੍ਰੋਗਰਾਮ ਤਾਂ ਐਵੇਂ ਡਰਾਮਾ ਨੇ'
-----
ਇੱਕ ਹੋਰ ਪੜ੍ਹਿਆ ਲਿਖਿਆ ਬੋਲਿਆ 'ਸੁਣਿਆ ਇਨ੍ਹਾਂ ਨੇ ਤਾਂ 'ਆਰਟ ਕੌਂਸਲ' ਵਾਲਿਆਂ ਤੋਂ ਵੀ ਪੈਂਤੀ ਹਜ਼ਾਰ ਡਾਲਰ ਦੀ ਸਹਾਇਤਾ ਲਈ ਆਜਿਸ ਮਨਿਸਟਰ ਦੀ ਸਪੋਰਟ ਇਨ੍ਹਾਂ ਵੋਟਾਂ ਵੇਲੇ ਕੀਤੀ ਸੀ ਕਹਿੰਦੇ ਉਸੇ ਨੇ ਮਦਦ ਦੁਆਈ ਆ ਸੁਣਿਆ ਉਸੇ ਦੇ ਅਸਰ ਰਸੂਖ਼ ਨਾਲ ਹੀ ਕਲਾਕਾਰਾਂ ਨੂੰ ਵੀਜ਼ੇ ਇਸ਼ੂ ਹੋਏ ਨੇਜਿਵੇਂ ਟੂਰਨਾਮੈਂਟਾਂ ਵੇਲੇ ਹੁੰਦੇ ਨੇਏਹੋ ਕੁੱਝ ਗੁਰਦਵਾਰਿਆਂ ਮੰਦਰਾਂ 'ਚ ਚੱਲਦੈਸਭ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਭਗਤ ਸਿੰਘ ਨੂੰ ਤਾਂ ਵਿਚਾਰੇ ਨੂੰ ਐਵੇਂ ਵਿੱਚ ਘੜੀਸੀ ਫਿਰਦੇ ਆ'' ਮੇਰਾ ਮਨ ਅਜਿਹੀਆਂ ਗੱਲਾਂ ਸੁਣ ਸੁਣ ਬੇਹੱਦ ਉਦਾਸ ਹੋ ਰਿਹਾ ਸੀ
-----
ਮੇਰੇ ਘਰ ਵਿੱਚ ਵੀ ਕੁੱਝ ਏਸੇ ਤਰ੍ਹਾਂ ਦੀ ਬੇਚੈਨੀ ਵਾਲਾ ਮਹੌਲ ਸੀਮੇਰਾ ਭਾਰਤ ਰਹਿ ਰਿਹਾ ਭਤੀਜਾ ਰੂਬਨ ਭਾਰਤ ਮਾਂ ਨਾਲੋਂ ਨਾਤਾ ਨਾ ਤੁੜਵਾਉਣ ਕਾਰਨ ਮੇਰੇ ਤੋਂ ਨਿਰਾਸ਼ ਸੀਮੇਰੇ ਭਰਾ ਨੇ ਮੈਨੂੰ ਫੋਨ ਤੇ ਘੁਰਕੀ ਦਿੱਤੀ ਸੀ ''ਤੂੰ ਆਪ ਤਾਂ ਕਨੇਡਾ ਜਾ ਕੇ ਬਹਿ ਗਿਆ ਪਰ ਸਾਡਾ ਕੁਝ ਨੀ ਸੋਚਿਆਏਥੇ ਹਰ ਬੰਦਾ ਪੱਚੀ ਪੱਚੀ ਤੀਹ ਤੀਹ ਲੱਖ ਦੇ ਕੇ ਨਿੱਕਲ਼ੀ ਜਾਂਦਾ ਏ, ਬੱਸ ਅਸੀਂ ਹੀ ਬੈਠੇ ਹਾਂਜੇ ਤੂੰ ਕੱਚੇ ਪੱਕੇ ਵਿਆਹ ਦਾ ਜੁਗਾੜ ਵੀ ਨਹੀਂ ਕਰ ਸਕਦਾ ਤਾਂ ਕਿਸੇ ਕਬੱਡੀ ਦੀ ਟੀਮ ਵਿੱਚ, ਰਾਗੀਆਂ ਢਾਡੀਆਂ ਨਾਲ ਜਾਂ ਕਿਸੇ ਗਾਉਣ ਵਾਲੇ ਨਾਲ ਢੋਲਕੀ ਛੈਣੇ ਵਜਾਉਣ ਵਾਲਿਆਂ ਵਿੱਚ ਹੀ ਕੱਢ ਦੇਕੁਝ ਤਾਂ ਕਰ।''
----
ਇਸ ਖ਼ਿਆਲ ਨੇ ਮੇਰੇ ਜਿਸਮ ਵਿੱਚ ਝੁਣਝੁਣੀ ਛੇੜ ਦਿੱਤੀ ਸੀਮੈਨੂੰ ਆਪਣੇ ਭਤੀਜੇ ਰੂਬਨ ਦੀ ਯਾਦ ਆਈਜਿਸ ਨੇ ਮੈਨੂੰ ਚਿੱਠੀ ਲਿਖੀ ਸੀ 'ਚਾਚਾ ਜੀ ਮੈਂ ਕੈਨੇਡਾ ਆਉਣਾ ਚਾਹੁੰਦਾ ਹਾਂ ਪਰ ਏਜੰਟ ਪੱਚੀ ਲੱਖ ਰੁਪਏ ਮੰਗਦਾ ਹੈ, ਜੇ ਤੁਸੀਂ ਮਦਦ ਕਰ ਦੇਵੋ ਤਾਂਉਹ ਕਹਿੰਦਾ ਹੈ ਮੈਂ ਤੈਨੂੰ ਕਬੱਡੀ ਦੀ ਟੀਮ ਵਿੱਚ ਭੇਜ ਦੇਵਾਂਗਾਜੋ ਤੁਹਾਡੇ ਟਰਾਂਟੋ ਹੀ ਆ ਰਹੀ ਆਤੁਸੀਂ ਅੱਜ ਹੀ ਵੈਸਟਨ ਯੂਨੀਅਨ ਰਹੀਂ ਪੈਸੇ ਭੇਜ ਦੇਵੋ'ਮੇਰੇ ਤੋਂ ਸੁਭਾਵਿਕ ਹੀ ਕਿਹਾ ਗਿਆ ਸੀ 'ਏਥੇ ਕਿਤੇ ਪੈਸੇ ਦਰੱਖਤਾਂ ਨੂੰ ਲੱਗਦੇ ਆਨਾਲ਼ੇ ਐਨੇ ਪੈਸੇ ਤੇ ਉਹ ਵੀ ਐਨੀ ਛੇਤੀ??
-----

ਮੈਂ ਤਾਂ ਵੀਹ ਸਾਲਾਂ ਤੋਂ ਚੱਜ ਦੀ ਪੈਂਟ ਸ਼ਰਟ ਖਰੀਦਣ ਲੱਗਿਆ ਵੀ ਵੀਹ ਵਾਰੀ ਸੋਚਦਾ ਹਾਂਮਸ਼ੀਨਾਂ ਨਾਲ ਮਸ਼ੀਨ ਹੋਕੇ ਪੈਸੇ ਕਮਾਈਦੇ ਨੇਫਿਰ ਵੀ ਖ਼ਰਚੇ ਈ ਮਸਾਂ ਪੂਰੇ ਹੁੰਦੇ ਆਨਾਲ਼ੇ ਟਰੈਵਲ ਏਜੰਟਾਂ ਦੀਆਂ ਠੱਗੀਆਂ ਤਾਂ ਰੋਜ਼ ਪੜ੍ਹਨ-ਸੁਣਨ ਨੂੰ ਮਿਲਦੀਆਂ ਨੇਕੋਈ ਪੱਕਾ ਕੰਮ ਹੋਵੇ ਤਾਂ ਔਖੇ-ਸੌਖਾ ਹੋ ਕੇ ਬੰਦਾ ਮਦਦ ਵੀ ਕਰ ਦਿੰਦਾ ਹੈਪਰ ਉਸ ਨੇ ਤਾਂ ਇੱਕੋ ਜ਼ਿੱਦ ਫੜੀ ਹੋਈ ਸੀਉੱਤੋਂ ਵੱਡਾ ਭਰਾ ਅੱਡ ਪਿੱਛੇ ਬੋਲੀ ਜਾ ਰਿਹਾ ਸੀਖ਼ੈਰ! ਮੈਂ ਕੋਈ ਹੋਰ ਤਰੀਕਾ ਲੱਭਣ ਦਾ ਝਾਂਸਾ ਦੇ ਕੇ ਮਸਾਂ ਖਹਿੜਾ ਛੁਡਾਇਆ ਸੀ
------
ਹੁਣ ਫੇਰ ਉਹ ਮਗਰ ਪਿਆ ਹੋਇਆ ਹੈ ਕਿ ਕੋਈ ਪੇਪਰ ਮੈਰਿਜ ਵਾਲੀ ਕੁੜੀ ਲੱਭ ਕੇ ਮੈਰਿਜ ਕਰਵਾ ਦਿਉ, ਜਿਸ ਦਾ ਰੇਟ ਏਧਰ ਵੀਹ ਕੁ ਲੱਖ ਰੁਪਿਆ ਚੱਲਦਾ ਹੈਉਸ ਨੇ ਇਹ ਵੀ ਕਿਹਾ ਸੀ ਕਿ ਪਾਪਾ ਜੀ ਕਹਿੰਦੇ ਨੇ ਜਦੋਂ ਮੈਂ ਅਸਲੀ ਵਿਆਹ ਕਰਵਾਉਣ ਆਊਂ ਉਦੋਂ ਆਪਾਂ ਨੂੰ ਵੀ ਤਾਂ ਤੀਹ ਪੈਂਤੀ ਲੱਖ ਮਿਲੂਗਾ ਹੀਏਕਣ ਪੈਸਾ ਡੁੱਬਣ ਦਾ ਵੀ ਡਰ ਨਹੀਂ'
---------
ਸੁਣਕੇ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ ਸਨਮੇਰਾ ਭਤੀਜਾ ਵੀ ਪੰਜਾਬ ਦੇ ਬਹੁਤੇ ਲੋਕਾਂ ਵਾਂਗ ਵਿਉਪਾਰੀ ਬਣ ਗਿਆ ਸੀਕੀ ਹੋ ਗਿਆ ਸੀ ਲੋਕਾਂ ਦੀ ਸੋਚ ਨੂੰ? ਕਿਹੜਾ ਸੁਆਰਥ ਦਾ ਸੱਪ ਡੰਗ ਗਿਆ ਸੀ ਭਗਤ ਸਿੰਘ ਦੇ ਵਾਰਸਾਂ ਨੂੰ? ਮੈਂ ਚਿੰਤਾ ਵਿੱਚ ਡੁੱਬ ਗਿਆ ਕਿ ਕਿਵੇਂ ਲੋਕ ਆਪਣੀਆਂ ਕੰਜ-ਕੁਆਰੀਆਂ ਕੁੜੀਆਂ ਨੂੰ ਕੈਨੇਡਾ ਦੇ ਚੁਬਾਰੇ ਚੜ੍ਹਨ ਲਈ ਪੌੜੀ ਬਣਾ ਕੇ ਵਰਤ ਰਹੇ ਸਨਮੇਰੇ ਭਰਾ ਨੂੰ ਦੁੱਖ ਸੀ ਕਿ ਮੈਂ ਅਜੇ ਤੱਕ ਅਜਿਹੀ ਪੌੜੀ ਕਿਉਂ ਨਹੀਂ ਬਣਿਆਉਹਨੇ ਤਾਂ ਮੈਨੂੰ ਇਹ ਵੀ ਸਲਾਹ ਦਿੱਤੀ ਕਿ 'ਤੂੰ ਵੀ ਹੁਣ ਸਮਾਰੇ ਬਣ, ਘਰ ਵਾਲੀ ਨੂੰ ਪੇਪਰਾਂ 'ਚ ਤਲਾਕ ਦੇ ਕੇ ਏਧਰੋਂ ਅਠਾਰਾਂ ਉੱਨੀ ਵਰ੍ਹਿਆਂ ਦੀ ਕੁੜੀ ਲੈ ਜਾ ਨਾਲੇ ਚਾਲੀ ਪੰਜਾਹ ਲੱਖ ਵੱਟ ਤੇ ਪਿਆਫੇਰ ਉਸੇ ਕੁੜੀ ਨੂੰ ਦੇ ਲੈ ਕੇ ਰੂਬਨ ਦੇ ਪੇਪਰ ਭਰਾ ਦਿਆਂਗੇ'ਜਦੋਂ ਮੈਂ ਇਸ ਨੂੰ ਗ਼ਲਤ ਕਿਹਾ ਸੀ ਤਾਂ ਭਰਾ ਕੜਕਿਆ ਸੀ 'ਬਹਾਨੇ ਨਾ ਬਣਾ ਅਸਲ 'ਚ ਤੂੰ ਚਾਹੁੰਦਾ ਹੀ ਨਹੀਂ ਕਿ ਅਸੀ ਤੇਰੇ ਬਰਾਬਰ ਹੋਈਏ'
------
ਮੈਂ ਦੇਖਿਆ ਇੱਕ ਲੀਡਰ ਸਟੇਜ ਤੇ ਪਾਣੀ ਵਿੱਚ ਮਧਾਣੀ ਪਾਈ ਖੜਾ ਸੀਜਿਸ ਨੂੰ ਨਾ ਤਾਂ ਕੁਝ ਭਗਤ ਸਿੰਘ ਬਾਰੇ ਪਤਾ ਸੀ ਤੇ ਨਾ ਹੀ ਉਸਦੀ ਵਿਚਾਰਧਾਰਾ ਬਾਰੇ ਮੈਂ ਬੈਠਾ ਸੋਚ ਰਿਹਾ ਸੀ ਕਿ ਕਿੱਥੇ ਮਾਂ ਭੂਮੀ ਦੀ ਅਣਖ ਲਈ ਮਰ ਜਾਣ ਵਾਲਾ ਭਗਤ ਸਿਂਉ ਤੇ ਕਿੱਥੇ ਧੀਆਂ ਦਾ ਵਿਉਪਾਰ ਕਰਨ ਵਾਲੇ ਇਹ ਲੋਕ ਜਿਨ੍ਹਾਂ ਅਣਖ ਇੱਜ਼ਤ ਨੂੰ ਛਿੱਕੇ ਟੰਗ ਦਿੱਤਾ ਸੀਮੈਂ ਸੋਚਾਂ ਦੀ ਗਹਿਰੀ ਦਲਦਲ ਵਿੱਚ ਧਸਣ ਲੱਗਿਆ
-----
'
ਕਈ ਗੀਤਕਾਰ ਅਜੇ ਵੀ ਅਸਲੀਅਤ ਤੋਂ ਅੱਖਾਂ ਮੀਟ ਹਰ ਪੰਜਾਬੀਆਂ ਨੂੰ ਅਣਖੀ ਸੂਰਮਾ ਸਿੱਧ ਕਰ ਰਹੇ ਸਨਮੇਰੇ ਭਰਾ ਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ ਸੀ ਕਿ ''ਜੇ ਹੋਰ ਕੁੱਝ ਨਹੀਂ ਬਣਦਾ ਤੂੰ ਆਪਣੀ ਧੀ ਬਬਲੀ ਨਾਲ ਹੀ ਪੇਪਰ ਭਰ ਦੇਪੇਪਰ ਹੀ ਨੇ ਕਿਹੜਾ ਅਸਲੀ ਵਿਆਹ ਹੈਲੋਕ ਤਾਂ ਆਪਣੀਆਂ ਸਕੀਆਂ ਭੈਣਾਂ ਨਾਲ਼ ਵਿਆਹ ਦੇ ਪੇਪਰ ਭਰ ਕੇ ਨਿਕਲੀ ਜਾਂਦੇ ਨੇਆਪਣੇ ਕੋਲ ਪੈਲਿਸ ਵਿੱਚ ਅਜਿਹੇ ਵਿਆਹ ਰੋਜ਼ ਹੁੰਦੇ ਨੇ ਨਾਲੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ''ਕਈ ਵਾਰ ਭਰਾ ਦੀਆਂ ਗੱਲਾਂ ਸੁਣਕੇ ਜੀ ਕਰਦਾ ਕਿ ਹੁਣ ਕੀ ਰੱਖਿਆ ਹੈ ਜੀਣ ਵਿੱਚ, ਖ਼ੁਦਕੁਸ਼ੀ ਹੀ ਕਰ ਲਵਾਂਫੇਰ ਕੋਈ ਅੰਦਰ ਬਲਦਾ ਦੀਵਾ ਰੋਸ਼ਨੀ ਦੇਣ ਲੱਗਦਾਅੱਜ ਮੈਂ ਉਸੇ ਦੀਵੇ ਨੂੰ ਸਲਾਮ ਕਰਨ ਆਇਆ ਸੀ
-----
ਭਾਰਤ ਬੈਠੇ ਸਕੇ ਸਬੰਧੀ ਬਾਹਰਲੇ ਮੁਲਕ ਰਹਿੰਦਿਆਂ ਨੂੰ ਸੁਆਰਥੀ ਦੱਸ ਰਹੇ ਸਨਹਾਲਾਂ ਕਿ ਹੱਦ ਦਰਜੇ ਦੇ ਸੁਆਰਥੀ ਉਹ ਆਪ ਸਨਜੋ ਉਨ੍ਹਾਂ ਦੇ ਜਾਣ ਪਿੱਛੋਂ ਉਨ੍ਹਾਂ ਨੂੰ ਉੱਜੜ ਗਏ ਸਮਝ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਕਾਬਜ਼ ਹੋ ਗਏ ਸਨਜ਼ਮੀਨਾਂ ਦਾ ਠੇਕਾ ਦੇਣਾ ਤਾਂ ਇੱਕ ਪਾਸੇ ਰਿਹਾ ਉਹ ਤਾਂ ਘਰੋਂ ਹਿੱਸੇ ਦੀ ਫੁੱਟੀ ਕੌਡੀ ਵੀ ਦੇਣ ਨੂੰ ਵੀ ਤਿਆਰ ਨਹੀਂ ਸਨਮੈਂ ਜਦੋਂ ਵੀ ਗਿਆ ਮੇਰੇ ਨਾਲ ਏਹੋ ਕੁੱਝ ਹੁੰਦਾ ਰਿਹਾਮੈਨੂੰ ਜਾ ਕੇ ਮੇਰਾ ਅਪਣਾ ਘਰ, ਆਪਣਾ ਲੱਗਦਾ ਹੀ ਨਹੀਂ ਸੀਭਰਾ ਤੇ ਭਰਜਾਈ ਇਹੋ ਅਹਿਸਾਸ ਕਰਵਾਉਂਦੇ ਰਹਿੰਦੇ ਕਿ ਹੁਣ ਮੈਂ ਤਾਂ ਕੈਨੇਡਾ ਐਸ਼ਾਂ ਕਰਦਾ ਹਾਂ ਤੇ ਇੰਡੀਆ ਵਾਲਾ ਸਾਰਾ ਕੁਝ ਉਨ੍ਹਾਂ ਦਾ ਹੀ ਹੈਉਹ ਤਾਂ ਛੁੱਟੀ ਦੌਰਾਨ ਸੌਦੇ ਪੱਤੇ, ਕਾਰਾਂ ਦਾ ਤੇਲ ਖਾਣ ਪੀਣ, ਸਾਰਾ ਕੁੱਝ ਮੇਰੇ ਤੋਂ ਹੀ ਭਾਲ਼ਦੇ ਸਨ
-----

ਹੁਣ ਚਿੱਠੀ ਲਿਖਣ ਦੀ ਤਾਂ ਉਨ੍ਹਾਂ ਕੋਲ ਵਿਹਲ ਨਹੀਂ ਸੀ ਸਗੋਂ ਫੋਨ ਵੀ ਮੇਰੇ ਤੋਂ ਹੀ ਕਰਵਾਉਂਦੇਤੇ ਹਰ ਵਾਰ ਉਨ੍ਹਾਂ ਦੀਆਂ ਮੰਗਾਂ ਦੀ ਲਿਸਟ ਹਨੂਮਾਨ ਦੀ ਪੂਛ ਵਾਂਗ ਵਧਦੀ ਹੀ ਜਾਂਦੀਘਰੇ ਹਰਾ-ਪੱਠਾ ਲਿਆਉਣ, ਡੰਗਰ ਵੱਛਾ ਸਾਂਭਣ ਤੇ ਧਾਰਾਂ ਕੱਢਣ ਜਾਂ ਸੰਨ੍ਹੀਆਂ ਰਲਾਉਣ ਲਈ ਦੋ ਭਈਏ ਰੱਖੇ ਹੋਏ ਸਨਕੱਪੜੇ ਧੋਣ, ਸਫਾਈ ਕਰਨ ਅਤੇ ਰੋਟੀਆਂ ਬਣਾਉਣ ਲਈ ਹੋਰ ਔਰਤਾਂ ਆਉਂਦੀਆਹੋਰ ਤਾਂ ਹੋਰ ਉਨ੍ਹਾਂ ਦੇ ਕੱਪੜੇ ਵੀ ਕੋਈ ਹੋਰ ਪ੍ਰੈੱਸ ਕਰਕੇ ਜਾਂਦਾਅਜੇ ਵੀ ਉਨ੍ਹਾਂ ਦਾ ਸਰਦਾ ਨਹੀਂ ਸੀਜਦ ਮੈਂ ਕਹਿੰਦਾ ਕਿ ਇਹ ਨੌਕਰ ਚਾਕਰ ਹਟਾ ਦਿਉਤਾਂ ਕਹਿੰਦੇ 'ਅਜੇ ਸਾਨੂੰ ਹੋਰ ਕਿੰਨਾ ਕੁ ਥੱਲੇ ਲਾਉਣੈ'ਏਹੋ ਜਿਹੇ ਵਿਹਲੜ ਸਮਾਜ ਵਿੱਚ ਕੀ ਕਰ ਲਵੇਗੀ ਭਗਤ ਸਿੰਘ ਦੀ ਸੋਚ? ਮੈਂ ਪਰੇਸ਼ਾਨ ਸਾਂ ਤੇ ਦਿਮਾਗ ਬਿਲਕੁਲ ਫੰਕਸ਼ਨ ਵਿੱਚ ਨਹੀਂ ਸੀ ਲੱਗ ਰਿਹਾਪਤਾ ਨਹੀਂ ਸਟੇਜ ਤੇ ਕੀ-ਕੀ ਬੋਲਿਆ ਜਾ ਰਿਹਾ ਸੀ
-----
ਕਦੇ ਟਰੈਕਟਰ ਦੀ ਕਿਸ਼ਤ ਟੁੱਟ ਗਈ, ਕਦੇ ਨਾਲ ਲੱਗਦੀ ਜ਼ਮੀਨ ਦਾ ਸੌਦਾ, ਕਦੇ ਮੋਟਰ-ਸਾਈਕਲ ਦੀ ਮੰਗ ਤੇ ਕਦੇ ਬਾਥਰੂਮ ਬਣਾਉਣੇ ਨੇ ਜਾਂ ਕਮਰੇ ਪੇਂਟ ਕਰਵਾਉਣੇਉਨ੍ਹਾਂ ਨੂੰ ਭੋਰ ਭੋਰ ਕੇ ਖਾਂਦਿਆਂ ਨੂੰ ਰਤਾ ਵੀ ਸ਼ਰਮ ਨਹੀਂ ਸੀ ਆਉਂਦੀ ਮੁੰਡਾ ਆਏ ਦਿਨ ਗਲ 'ਚ ਕੈਮਰਾ ਪਾ ਕਦੇ ਸ਼ਿਮਲੇ, ਕਦੇ ਕੁੱਲੂ ਮਨਾਲੀ ਤੁਰਿਆ ਰਹਿੰਦਾ ਹੈ ਤੇ ਹੁਣ ਉਸ ਲਈ ਬਾਹਰਲੀ ਕੁੜੀ ਚਾਹੀਦੀ ਸੀਮੈਨੂੰ ਗ਼ੁੱਸਾ ਆ ਰਿਹਾ ਸੀ
-----
ਲੜੀ ਜੋੜਨ ਲਈ ਹੇਠਲੀ ਪੋਸਟ ਦੂਜਾ ਭਾਗ ਅਤੇ ਤੀਜਾ ਜ਼ਰੂਰ ਪੜ੍ਹੋ ਜੀ।