ਮਹਿਤੇ ਪਿੰਡ ਦੀਆਂ ਯਾਦਾਂਸਵੈ-ਜੀਵਨੀ - ਕਿਸ਼ਤ - 11ਲੜੀ ਜੋੜਨ ਲਈ ਕਿਸ਼ਤ – 10 ਪੜ੍ਹੋ ਜੀ।
ਮਹਿਤੇ ਵਾਲੀ ਬਰਾਨੀ ਜ਼ਮੀਨ ਦਾ ਕੋਈ ਫਾਇਦਾ ਨਹੀਂ ਸੀ। ਜ਼ਮੀਨ ਵਾਹੁੰਣ ਲਈ ਨਾ ਕੋਲ ਕੋਈ ਸੰਦ ਸਨ ਤੇ ਨਾ ਹੀ ਪਸੂ। ਭਾਵੇਂ ਬਾਪੂ ਨੇ ਅੰਮ੍ਰਿਤਸਰ ਵੱਲ ਗੇੜੇ ਮਾਰ ਕੇ ਸ਼ਰੀਕੇ ਦੇ ਕੁਝ ਲੋਕਾਂ ਨੂੰ ਲੱਭ ਤਾਏ ਸੰਤਾ ਸਿਹੁੰ, ਭਾਊ ਤਾਰਾ ਸਿੰਘ, ਚਾਚਾ ਉਜਾਗਰ ਸਿੰਘ ਤੇ ਚਾਚੀ ਰਤਨ ਕੌਰ ਦੇ ਪਰਵਾਰਾਂ ਨੂੰ ਏਥੇ ਮਹਿਤੇ ਲੈ ਆਂਦਾ ਤੇ ਜ਼ਮੀਨ ਵੀ ਅਲਾਟ ਕਰਵਾ ਦਿਤੀ ਪਰ ਉਹ 6 ਮਹੀਨਿਆਂ ਤੋਂ ਵੱਧ ਮਹਿਤੇ ਨਾ ਟਿਕੇ ਤੇ ਫਿਰ ਅੰਮ੍ਰਿਤਸਰ ਵੱਲ ਮੁੜ ਗਏ। ਉਹਨਾਂ ਨੂੰ ਓਥੇ ਜੋ ਕੱਚੀ ਜ਼ਮੀਨ ਅਲਾਟ ਹੋਈ ਹੋਈ ਸੀ, ਉਹ ਮਹਿਤੇ ਵਾਲੀ ਜ਼ਮੀਨ ਨਾਲੋਂ ਕਿਤੇ ਵੱਧ ਚੰਗੀ ਤੇ ਪਾਣੀ ਵਾਲੀ ਸੀ। ਖੁੱਲ੍ਹੇ ਪਾਣੀਆਂ ਨਾਲ ਬਾਰ ਵਿਚ ਵਾਹੀ ਕਰਨ ਵਾਲੇ ਜ਼ਿਮੀਂਦਾਰਾਂ ਨੂੰ ਮਾਲਵੇ ਦੀ ਬਰਾਨੀ ਜ਼ਮੀਨ, ਟਿੱਬੇ ਤੇ ਖੂਹ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਣੇ ਕਿੱਥੇ ਚੰਗੇ ਲਗਦੇ ਸਨ। ਵੈਸੇ ਵੀ ਇਕ ਪਰਿਵਾਰ ਵੱਲੋਂ ਦੋ ਥਾਈਂ ਜ਼ਮੀਨ ਅਲਾਟ ਕਰਾਉਣੀ ਸਰਕਾਰ ਨਾਲ ਧੋਖਾ ਸੀ ਹਾਲਾਂ ਕਿ ਠੀਕ ਟਿਕਾਣਾ ਲੱਭਣ ਲਈ ਲੋਕ ਦਰ-ਬ-ਦਰ ਭਟਕ ਰਹੇ ਸਨ ਅਤੇ ਕਈ ਕਈ ਥਾਈਂ ਜ਼ਮੀਨਾਂ ਅਲਾਟ ਕਰਵਾ ਲੈਂਦੇ ਸਨ। ਅੰਮ੍ਰਿਤਸਰ ਦਾ ਇਲਾਕਾ ਬਾਰ ਆਬਾਦ ਹੋਣ ਤੋਂ ਪਹਿਲਾਂ ਦਾ ਸਾਡਾ ਜੱਦੀ ਇਲਾਕਾ ਸੀ। ਅੰਮ੍ਰਿਤਸਰੋਂ ਨੌਂ-ਦਸ ਮੀਲ ਦੂਰ ਵੱਲੇ ਵਾਲੀ ਨਹਿਰ ਟੱਪ ਕੇ ਛਾਪਾ, ਫਤਹਿਪੁਰ ਰਾਪੂਤਾਂ ਤੋਂ ਅਗੇ ਸਾਡਾ ਪੁਰਾਣਾ ਜੱਦੀ ਪੁਸ਼ਤੀ ਪਿੰਡ “ਨਵਾਂ ਪਿੰਡ” ਸੀ ਜਿਥੇ ਸ਼ਰੀਕੇ ਵਿਚ ਵੰਡ ਹੁੰਦੀ ਹੁੰਦੀ ਸਾਡੀ ਚਾਰ ਏਕੜ ਜ਼ਮੀਨ ਰਹਿ ਗਈ ਸੀ ਜਿਸ ਦੇ ਹਿੱਸੇ ਠੇਕੇ ਦਾ ਬੜਾ ਆਸਰਾ ਸੀ। ਚਾਚੇ-ਤਾਏ ਤਾਂ ਸਾਨੂੰ ਵੀ ਮਹਿਤਾ ਛਡ ਕੇ ਅੰਮ੍ਰਿਤਸਰ ਵੱਲ ਆਉਣ ਦਾ ਕਹਿ ਰਹੇ ਸਨ ਪਰ ਓਧਰ ਕਿਸੇ ਪਿੰਡ ਵਿਚ ਜ਼ਮੀਨ ਦੀ ਵੱਡੀ ਢੇਰੀ ਨਹੀਂ ਲੱਭ ਰਹੀ ਸੀ। ਦੂਜਾ ਬਾਪੂ ਕਹਿੰਦਾ ਕਿ ਮੇਰੇ ਦਸਵੀਂ ਪਾਸ ਕਰਨ ਤੀਕ ਮਹਿਤੇ ਵਾਲੀ ਕੱਚੀ ਅਲਾਟਮੈਂਟ ਵਾਲਾ ਅੱਡਾ ਨਾ ਪਟਿਆ ਜਾਵੇ। ਦੂਜਾ ਸਰਕਾਰ ਨੇ ਪੱਕੀ ਅਲਾਟਮੈਂਟ ਵੇਲੇ ਸ਼ਰੀਕੇ-ਕਬੀਲੇ ਵਾਲਿਆਂ ਨੂੰ ਇਕੱਠੇ ਕਰ ਹੀ ਦੇਣਾ ਸੀ। ਮੈਂ ਵੀ ਭਾਊ ਤਾਰਾ ਸਿੰਘ ਨਾਲ ਅੰਮ੍ਰਿਤਸਰ ਦਾ ਚੱਕਰ ਲਾ ਆਇਆ ਸਾਂ। ਮਹਿਤੇ ਤੋਂ ਤੁਰ ਕੇ ਅਸੀਂ ਬਠਿੰਡਾ ਗਏ, ਓਥੋਂ ਫਿਰੋਜ਼ਪੁਰ ਤੇ ਓਥੋਂ ਜਲੰਧਰ ਤੇ ਫਿਰ ਅੰਮ੍ਰਿਤਸਰ ਤੋਂ ਉਰ੍ਹਾਂ ਗਹਿਰੀ ਮੰਡੀ ਤੋਂ ਉਤਰ ਕੇ ਪੈਦਲ ਨਵੇਂ ਪਿੰਡ ਆ ਗਏ। ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਿਆਂ ਸ਼ਹਿਰ ਵਿਚੋਂ ਲੰਘਦਿਆਂ ਵੇਖਿਆ ਕਿ ਮੁਸਲਮਾਨਾਂ ਦੇ ਕਈ ਘਰ ਅੱਗਾਂ ਲਾ ਕੇ ਨਸ਼ਟ ਕਰ ਦਿੱਤੇ ਗਏ ਸਨ। ਬੀਬੀ ਜੀਤ ਕੌਰ ਤੇ ਭਾਈਆ ਭਗਵਾਨ ਸਿੰਘ ਵੀ ਮਿਲ ਗਏ ਜੋ ਆਪਣੇ ਪੁਰਾਣੇ ਪਿੰਡ ਨਿਜ਼ਾਮਪੁਰੇ ਈ ਆ ਕੇ ਬਹਿ ਗਏ ਸਨ। ਉਹਨਾਂ ਨੂੰ ਜ਼ਮੀਨ ਵੀ ਓਸੇ ਪਿੰਡ ਵਿਚ ਅਲਾਟ ਹੋ ਗਈ ਸੀ ਤੇ ਪੁਰਾਣਾ ਕੱਚਾ ਘਰ ਵੀ ਰਹਿਣ ਲਈ ਮਿਲ ਗਿਆ ਸੀ। ਏਥੇ ਈ ਪਤਾ ਲੱਗਾ ਕਿ ਤਾਇਆ ਗਿਆਨ ਸਿੰਘ ਜਿਸ ਨੂੰ ਢਾਬਾਂ ਸਿੰਘ ਰਾਇਟ ਕੇਸ ਵਿਚ ਪਹਿਲਾਂ ਫਾਂਸੀ ਤੇ ਫਿਰ ਕਾਲੇ ਪਾਣੀ ਦੀ ਸਜ਼ਾ ਹੋਈ ਸੀ, ਆਪ, ਤਾਈ ਤੇ ਛੋਟੀ ਕੁੜੀ ਬਹਾਵਲਪੁਰ ਤੋਂ ਬਚ ਕੇ ਆ ਗਏ ਸਨ ਪਰ ਵੱਡੀ ਕੁੜੀ ਜੋ ਮੇਰੇ ਹਾਣ ਦੀ ਸੀ ਜਾਂ ਮੈਥੋਂ ਥੋੜ੍ਹੀ ਵੱਡੀ ਸੀ, ਮੁਸਲਮਾਨ ਧਾੜਵੀਆਂ ਨੇ ਖੋਹ ਲਈ ਸੀ। ਤਾਇਆ ਗਿਆਨ ਸਿੰਘ ਏਧਰ ਆ ਕੇ ਅੰਮ੍ਰਿਤਸਰ ਤੋਂ ਅਜਨਾਲੇ ਵੱਲ ਜਾਂਦੀ ਸੜਕ ਲਾਗੇ ਇਕ ਪਿੰਡ ਖੈਰਾਬਾਦ ਵਿਚ ਆ ਕੇ ਗੁਰਦਵਾਰੇ ਦਾ ਗ੍ਰੰਥੀ ਲੱਗ ਗਿਆ ਸੀ।
-----
ਹਿੰਦੋਸਤਾਨ ਜਿਸ ਦੀ ਆਜ਼ਾਦੀ ਲਈ ਉਹਨੇ ਕਾਲੇ ਪਾਣੀ ਦੀ ਸਜ਼ਾ ਕੱਟੀ ਸੀ, ਪਾਕਿਸਤਾਨ ਵਿਚੋਂ ਉੱਜੜਨ ਅਤੇ ਜਵਾਨ ਕੁੜੀ ਦੇ ਖੋਹੇ ਜਾਣ ਨੇ ਉਹਦਾ ਲੱਕ ਤੋੜ ਦਿਤਾ ਸੀ ਤੇ ਹਾਲੇ ਉਹਨੂੰ ਕਿਤੇ ਜ਼ਮੀਨ ਵੀ ਅਲਾਟ ਨਹੀਂ ਹੋਈ ਸੀ। ਉਹ ਅਕਸਰ ਪਾਕਿਸਤਾਨ ਵਿਚੋਂ ਲਿਆਂਦੀਆਂ ਜਾ ਰਹੀਆਂ ਕੁੜੀਆਂ ਤੇ ਔਰਤਾਂ ਨੂੰ ਵੇਖਣ ਲਈ ਅੰਮ੍ਰਿਤਸਰ ਜਾਂਦਾ ਕਿ ਸ਼ਾਇਦ ਉਹਨਾਂ ਵਿਚ ਉਹਦੀ ਕੁੜੀ ਵੀ ਆ ਜਾਵੇ। ਜੋ ਔਰਤਾਂ ਪਾਕਿਸਤਾਨ ਵਿਚੋਂ ਆ ਰਹੀਆਂ ਸਨ, ਉਹਨਾਂ ਦੀ ਹਾਲਤ ਬੜੀ ਮਾੜੀ ਸੀ। ਕਈਆਂ ਦੇ ਪੱਟਾਂ, ਬਾਹਵਾਂ ਅਤੇ ਢਿੱਡਾਂ ਉਤੇ ਪਾਕਿਸਤਾਨ ਜ਼ਿੰਦਾਬਾਦ ਉੱਕਰਿਆ ਹੋਇਆ ਸੀ। ਕਈਆਂ ਦੀ ਛਾਤੀਆਂ ਵੱਢੀਆਂ ਹੋਈਆਂ ਸਨ ਅਤੇ ਕਈਆਂ ਨੂੰ ਭਿਆਨਕ ਰੋਗ ਲੱਗੇ ਹੋਏ ਸਨ। ਕਈਆਂ ਦੇ ਮਾਪੇ ਜਾਂ ਘਰ ਵਾਲੇ ਉਹਨਾਂ ਨੂੰ ਸਵੀਕਾਰ ਕਰਨੋਂ ਵੀ ਨਾਂਹ ਕਰ ਰਹੇ ਸਨ। ਪਿਛੋਂ ਤਾਏ ਦੀ ਕੁੜੀ ਵੀ ਆ ਗਈ ਸੀ ਤੇ ਤਾਏ ਨੇ ਉਹਨੂੰ ਗਲ ਲਾ ਲਿਆ ਸੀ। ਬਾਅਦ ਵਿਚ ਪਰਤਾਪ ਸਿੰਘ ਕੈਰੋਂ ਨੇ ਜੋ ਤਾਏ ਨੂੰ ਆਜ਼ਾਦੀ ਲਈ ਜੇਲ੍ਹਾਂ ਕੱਟਣ ਕਰ ਕੇ ਚੰਗੀ ਤਰ੍ਹਾਂ ਜਾਣਦਾ ਸੀ, ਹਿਸਾਰ ਵੱਲ ਅੱਧਾ ਮੁਰੱਬਾ ਜ਼ਮੀਨ ਬਤੌਰ ਫਰੀਡਮ ਫਾਈਟਰ ਅਲਾਟ ਕਰਵਾ ਦਿਤੀ ਸੀ ਪਰ ਤਾਏ ਨੇ ਇਹ ਕਹਿ ਕੇ ਜ਼ਮੀਨ ਨਾ ਲਈ ਕਿ ਮੈਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਲੈਣਾ। ਕਈ ਵਾਰ ਬਾਪੂ ਝੂਰਦਾ ਕਿ ਜੇ ਤਾਏ ਬੇਲਾ ਸਿੰਘ ਵਾਂਗ ਬਾਰ ਵਾਲੀ ਜ਼ਮੀਨ ਦੇ ਕੁਝ ਕਿੱਲੇ ਵੇਚ ਕੇ ਗੰਗਾਨਗਰ ਲਾਗੇ ਵਿਕਦੀ ਸਸਤੀ ਜ਼ਮੀਨ ਖਰੀਦ ਲੈਂਦੇ ਤਾਂ ਅਜ ਧਕੇ ਨਹੀਂ ਖਾਣੇ ਪੈਣੇ ਸਨ। ਤਾਏ ਬੇਲਾ ਸਿੰਘ ਦੇ ਕੁੜਮ ਨੇ ਜੋ ਨਹਿਰ ਮਹਿਕਮੇ ਵਿਚੋਂ ਬੜਾ ਵੱਡਾ ਅਫ਼ਸਰ ਰੀਟਾਇਡ ਹੋਇਆ ਸੀ, ਉਹਨਾਂ ਨੂੰ ਬੜੇ ਸਸਤੇ ਭਾਅ 100 ਵਿੱਘਾ ਜ਼ਮੀਨ ਮੁੱਲ ਲੈ ਦਿਤੀ ਸੀ। ਤਾਏ ਬੇਲਾ ਸਿੰਘ ਦਾ ਸਾਰਾ ਟੱਬਰ ਗੰਗਾਨਗਰ ਦੇ ਚੱਕਾਂ ਵਿਚ ਜਾ ਆਬਾਦ ਹੋਇਆ ਸੀ ਅਤੇ ਨਵੇਂ ਪਿੰਡ ਵਾਲੀ ਰਹਿੰਦੀ ਜ਼ਮੀਨ ਉਹਨਾਂ ਨੇ ਠੇਕੇ ਤੇ ਦੇ ਦਿਤੀ ਸੀ। ਤਾਏ ਬੇਲਾ ਸਿੰਘ ਦਾ ਲੜਕਾ ਦਲੀਪ ਸਿੰਘ ਜਿਸ ਨੇ ਲਾਇਲਪੁਰ ਤੋਂ ਐਗਰੀਕਲਚਰ ਦੀ ਬੀ ਐਸ ਸੀ ਕੀਤੀ ਸੀ, ਖੇਤੀਬਾੜੀ ਮਹਿਕਮੇ ਵਿਚ ਚੀਚਾਵਤਨੀਂ ਇਨਸਪੈਕਟਰ ਲਗਾ ਹੋਇਆ ਸੀ। ਉਸਦਾ ਬੜੇ ਵੱਡੇ ਘਰ ਵਿਚ ਵਿਆਹ ਹੋਇਆ ਸੀ। ਉਸਦੇ ਸਹੁਰੇ ਰਹਿੰਦੇ ਤਾਂ ਲਾਹੌਰ ਸਨ ਪਰ ਉਹਨਾਂ ਦਾ ਪਿੱਛਾ ਤਰਨ ਤਾਰਨ ਲਾਗੇ ਪਿੰਡ ਫਤਿਹਾਬਾਦ ਦਾ ਸੀ। ਵਿਆਹ ਉਹਨਾਂ ਨੇ 1945 ਵਿਚ ਪਿੰਡ ਆ ਕੇ ਹੀ ਕੀਤਾ ਸੀ ਅਤੇ ਮੈਂ ਓਸ ਵਿਆਹ ਵਿਚ ਜੰਞੇ ਗਿਆ ਸਾਂ।
----
ਇਕ ਸ਼ਨਿਚਰਵਾਰ ਮੈਂ ਗੋਨੇਆਣੇ ਮੰਡੀ ਤੋਂ ਗੱਡੀ ਫੜ ਕੇ ਬਠਿੰਡੇ ਆ ਗਿਆ ਤੇ ਸਰਸੇ ਜਾਣ ਵਾਲੀ ਨਿੱਕੀ ਗੱਡੀ ਦੀ ਪਟੜੀਓ-ਪਟੜੀ ਮਹਿਤੇ ਨੂੰ ਤੁਰ ਪਿਆ। ਜਦੋਂ ਰੇਲਵੇ ਵਰਕਸ਼ਾਪ ਜਿਸ ਤੋਂ ਪਤਾ ਨਹੀਂ ਮੈਨੂੰ ਕਿਉਂ ਡਰ ਲਗਦਾ ਹੁੰਦਾ ਸੀ, ਕੋਲੋਂ ਲੰਘਿਆ ਤਾਂ ਜਿਸ ਗੱਡੀ ਵਿਚ ਮੈਂ ਬਠਿੰਡੇ ਆਇਆ ਸਾਂ, ਉਹਦਾ ਇੰਜਨ ਏਥੇ ਪਾਣੀ ਤੇ ਕੋਇਲਾ ਲੈ ਰਿਹਾ ਸੀ। ਏਥੇ ਅਕਸਰ ਹੀ ਕਿੰਨੇ ਸਾਰੇ ਇੰਜਣ ਖੜ੍ਹੇ ਜਾਂ ਤੁਰੇ ਫਿਰਦੇ ਦਿਸਦੇ ਰਹਿੰਦੇ ਤੇ ਇਹਨਾਂ ਦੀ ਆਵਾਜ਼ ਬੜੀ ਭਿਆਨਕ ਜਿਹੀ ਲਗਦੀ। ਅਜੇ ਵੀ ਕਦੀ ਕਦੀ ਮੁਸਲਮਾਨਾਂ ਦੀਆਂ ਭਰੀਆਂ ਗੱਡੀਆਂ ਪਾਕਿਸਤਾਨ ਨੂੰ ਜਾ ਰਹੀਆਂ ਸਨ। ਬਠਿੰਡੇ ਤੋਂ ਸ਼ੇਰਗੜ੍ਹ ਨੂੰ ਜਾਂਦੀ ਛੋਟੀ ਗੱਡੀ ਦੀ ਲਾਈਨੋ-ਲਾਈਨ ਕੋਹ ਕੁ ਚੱਲ ਕੇ ਸੂਏ ਲਾਗੇ ਜੋ ਗੱਡੀ ਦਾ ਡੱਬਾ ਰੇਲਵੇ ਲਾਈਨ ਤੋਂ ਲਹਿ ਕੇ ਡਿੱਗ ਪਿਆ ਸੀ, ਕਈ ਸਾਲ ਓਥੇ ਹੀ ਡਿੱਗਾ ਰਿਹਾ। ਇਸ ਸੂਏ ਤੇ ਸੱਜੇ ਮੁੜ ਤੇ ਅਗੋਂ ਮਹਿਤੇ ਨੂੰ ਜਾਂਦੇ ਇਕ ਹੋਰ ਸੂਏ ਦੇ ਕੰਢੇ-ਕੰਢੇ ਕਾਫੀ ਦੂਰ ਤਕ ਪੈਦਲ ਚਲਣਾ ਪੈਂਦਾ ਸੀ। ਇਸ ਸੂਏ ਦੇ ਦੂਜੇ ਪਾਸੇ ਜੋਧਪੁਰ ਪਿੰਡ ਦੀ ਹੱਦ ਸੀ ਜਿਥੇ ਕਾਫੀ ਰੀਫਿਊਜੀ ਆ ਕੇ ਵਸ ਗਏ ਸਨ। ਇਹ ਸਾਰਾ ਰਾਹ ਵੀਰਾਨ ਬੀਆਬਾਨ ਸੀ ਤੇ ਬੜਾ ਡਰ ਲਗਦਾ ਹੁੰਦਾ ਸੀ। ਪਾਕਿਸਤਾਨ ਵਿਚੋਂ ਤਾਂ ਬਚ ਕੇ ਆ ਗਏ ਸਾਂ ਪਰ ਇਥੇ ਕੋਈ ਵਾਰਦਾਤ ਹੋ ਜਾਵੇ ਤਾਂ ਕਿਸੇ ਨੂੰ ਕੋਈ ਪਤਾ ਈ ਨਹੀਂ ਲੱਗਣਾ ਸੀ। ਆਜ਼ਾਦ ਭਾਰਤ ਦੇ ਪਹਿਲੇ ਸਿਆਲ ਦੀਆਂ ਠੰਢੜ ਵਿਚ ਪਾਕਿਸਤਾਨੋਂ ਤੁਰਨ ਵੇਲੇ ਗਡੇ ਤੇ ਰਹਿ ਗਿਆ ਪਲੱਸ਼ ਦਾ ਗੁਲਾਬੀ ਕੋਟ ਬਹੁਤ ਯਾਦ ਆਉਂਦਾ ਜੋ ਮਾਂ ਨੇ ਬਰਮਾ ਤੋਂ ਆਏ ਕਿਸੇ ਪਰਵਾਰ ਤੋਂ ਕੱਪੜਾ ਮੁੱਲ ਲੈ ਕੇ ਦਰਜ਼ੀ ਤੋਂ ਸਿਵਾ ਕੇ ਦਿਤਾ ਸੀ। ਮਹਿਤੇ ਪੁਜਦਾ ਤਾਂ ਮਾਂ ਨੂੰ ਚਾਅ ਚੜ੍ਹ ਜਾਂਦਾ। ਪਾਕਿਸਤਾਨ ਬਣਨ ਤੀਕ ਮੈਂ ਕਦੀ ਮਾਂ ਪਿਓ ਤੋਂ ਅਲੱਗ ਨਹੀਂ ਰਿਹਾ ਸਾਂ ਤੇ ਹੁਣ ਅੱਠਵੀਂ ਕਰਦਿਆਂ ਮੈਂ ਮਹਿਤੇ ਅਤੇ ਸ਼ਵਿੰਦਰਾ ਹਾਈ ਸਕੂਲ ਗੋਨਿਆਣਾ ਮੰਡੀ ਦੇ ਵਿਚਕਾਰ ਯਤੀਮਾਂ ਵਾਂਗ ਤੁਰਿਆ ਫਿਰਦਾ ਸਾਂ।
-----
ਜਦੋਂ ਮੈਂ ਨੌਵੀਂ ਪਸ ਕਰ ਕੇ 1949 ਵਿਚ ਦਸਵੀਂ ਵਿਚ ਦਾਖਲ ਹੋਇਆ ਤਾਂ ਇਕ ਦਿਨ ਇਕ ਸਫੈਦ ਪੋਸ਼ ਬੰਦਾ ਹੈਡਮਾਸਟਰ ਨੂੰ ਕਹਿ ਕੇ ਸਾਡੀ ਜਮਾਤ ਵਿਚੋਂ ਇਕ ਸੌਖੇ ਘਰ ਦੇ ਮੁੰਡੇ ਨੂੰ ਉਠਾ ਕੇ ਬਾਹਰ ਲੈ ਗਿਆ ਤੇ ਕਿੰਨਾ ਚਿਰ ਉਹਦੇ ਹੱਥਾਂ ਦੀਆਂ ਰੇਖਾ ਬੜੇ ਗਹੁ ਨਾਲ ਵੇਖਦਾ ਰਿਹਾ। ਕੁਝ ਦਿਨਾਂ ਬਾਅਦ ਉਹ ਇਕ ਪੰਡਤ ਨੂੰ ਨਾਲ ਲੈ ਕੇ ਫਿਰ ਆ ਗਿਆ ਤੇ ਓਸ ਪੰਡਤ ਤੋਂ ਓਸ ਮੁੰਡੇ ਦੇ ਹੱਥਾਂ ਦੀਆਂ ਰੇਖਾਵਾਂ ਵਿਖਾਈਆਂ। ਫਿਰ ਖ਼ਬਰ ਆਈ ਕਿ ਓਸ ਮੁੰਡੇ ਦਾ ਮੰਗਣਾ ਹੋ ਗਿਆ ਸੀ ਤੇ ਕੁਝ ਮਹੀਨਿਆਂ ਬਾਅਦ ਵਿਆਹ ਵੀ ਰੱਖ ਦਿਤਾ ਸੀ। ਨੌਵੀਂ ਦਸਵੀਂ ਪੜ੍ਹਦਿਆਂ-ਪੜ੍ਹਦਿਆਂ ਇਸੇ ਤਰ੍ਹਾਂ ਦੋ ਤਿੰਨ ਹੋਰ ਮੁੰਡਿਆਂ ਦੇ ਮੰਗਣੇ ਵੀ ਹੋ ਗਏ ਤੇ ਮੈਨੂੰ ਯਾਦ ਆਇਆ ਕਿ ਬਾਰ ਦੇ ਪਿੰਡਾਂ ਵਿਚ ਜਦੋਂ ਅਸੀਂ ਸੌਖੇ ਸਾਂ ਤਾਂ ਭਾਈਏ ਭਗਵਾਨ ਸਿੰਘ ਅਤੇ ਬੀਬੀ ਜੀਤ ਕੌਰ ਨੇ ਪੰਜਵੀਂ ਪੜ੍ਹਦਿਆਂ ਮੇਰਾ ਮੰਗਣਾ ਵੀ ਤਾਂ ਸਵਰਨੀ ਨਾਲ ਕਰ ਦਿਤਾ ਸੀ ਜਿਸ ਬਾਰੇ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਸੀ। ਜੇ ਪਾਕਿਸਤਾਨ ਵਿਚੋਂ ਉਹ ਤੇ ਉਹਦਾ ਪਰਿਵਾਰ ਬਚ ਕੇ ਆ ਗਏ ਸਨ ਤਾਂ ਉਹਨਾਂ ਨੂੰ ਕਿਹੜੇ ਜ਼ਿਲੇ ਵਿਚ ਕਿੱਥੇ ਜ਼ਮੀਨ ਅਲਾਟ ਹੋਈ ਸੀ।
-----
ਪਾਕਿਸਤਾਨ ਵਿਚ ਰਹਿ ਗਏ ਸਕੂਲ ਦੀ ਪੜ੍ਹਾਈ ਦਾ ਮੀਡੀਅਮ ਉਰਦੂ ਸੀ। ਏਥੇ ਵੀ ਉਰਦੂ ਸੀ ਪਰ ਨੌਵੀਂ ਜਮਾਤ ਵਿਚ ਉਰਦੂ ਦਾ ਵਿਸ਼ਾ ਬੰਦ ਕਰ ਕੇ ਓਸ ਦੀ ਥਾਂ ਪੰਜਾਬੀ ਕਰ ਦਿਤੀ ਗਈ। ਉਰਦੂ ਪੜ੍ਹਾਉਣ ਵਾਲੇ ਟੀਚਰ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ, ਬਦਲ ਦਿਤੇ ਗਏ ਤੇ ਉਹਨਾਂ ਦੀ ਥਾਂ ਗਿਆਨੀ ਟੀਚਰ ਆ ਗਏ। ਸਾਨੂੰ ਜੋ ਪੰਜਾਬੀ ਦੀਆਂ ਕਿਤਾਬਾਂ ਲੱਗੀਆਂ ਸਨ, ਉਹ ਸਾਰੀਆਂ ਮੈਂ ਕੁਝ ਹਫਤਿਆਂ ਵਿਚ ਹੀ ਪੜ੍ਹ ਲਈਆਂ ਸਨ। ਸਕੂਲ ਦੀ ਲਾਇਬਰੇਰੀ ਵਿਚ ਪਈਆਂ ਮੈਂ ਪੰਜਾਬੀ ਦੀਆਂ ਸਾਰੀਆਂ ਕਿਤਾਬਾਂ ਵੀ ਮੈਂ ਪੜ੍ਹ ਛਡੀਆਂ ਜਿਨ੍ਹਾਂ ਵਿਚ ਨਾਨਕ ਸਿੰਘ ਦੇ ਨਾਵਲਾਂ ਤੋਂ ਇਲਾਵਾ ਗੁਰਬਖ਼ਸ਼ ਸਿੰਘ ਪ੍ਰੀਤ ਲੜੀ, ਪ੍ਰੋ: ਮੋਹਨ ਸਿੰਘ, ਸੁਜਾਨ ਸਿੰਘ, ਦਰਸ਼ਨ ਸਿੰਘ ਅਵਾਰਾ, ਪ੍ਰੀਤਮ ਸਿੰਘ ਸਫੀਰ ਤੇ ਢਾਡੀ ਸੋਹਨ ਸਿੰਘ ਸੀਤਲ ਦੀਆਂ ਕਈ ਕਿਤਾਬਾਂ ਵੀ ਸਨ। ਸਾਵੇ ਪੱਤਰ ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹੋ ਗਈਆਂ ਸਨ। ਇਹਨਾਂ ਲੇਖਕਾਂ ਨੂੰ ਪੜ੍ਹ ਕੇ ਮੇਰਾ ਜੀਅ ਕਰਦਾ ਕਿ ਇਹਨਾਂ ਨੂੰ ਮਿਲਿਆ ਜਾਵੇ ਤੇ ਪਤਾ ਲਗੇ ਕਿ ਇਹ ਕਿਵੇਂ ਲਿਖਦੇ ਹਨ, ਕਿਸ ਤਰ੍ਹਾਂ ਦੇ ਇਨਸਾਨ ਹਨ, ਕਿਸ ਤਰ੍ਹਾਂ ਉਠਦੇ ਬੈਠਦੇ ਹਨ, ਕਿਸ ਤਰ੍ਹਾਂ ਰੋਟੀ ਪਾਣੀ ਖਾਂਦੇ ਹਨ, ਕਿਸ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ ਅਤੇ ਕਿਸ ਤਰ੍ਹਾਂ ਗੱਲਬਾਤ ਕਰਦੇ ਹਨ। ਬਠਿੰਡੇ ਸਟੇਸ਼ਨ ਤੇ ਅਖ਼ਬਾਰਾਂ ਰਸਾਲੇ ਵੇਚਣ ਵਾਲੇ ਬੁਕ ਸਟਾਲ ਤੋਂ ਮੈਂ ਉਰਦੂ ਅਤੇ ਪੰਜਾਬੀ ਦੇ ਕਈ ਰਸਾਲੇ ਲੈ ਕੇ ਵੀ ਪੜ੍ਹ ਲੈਂਦਾ। ਬੁਕ ਸਟਾਲ ਦਾ ਮਾਲਕ ਜੋ ਮੇਰਾ ਵਾਕਿਫ਼ ਬਣ ਗਿਆ ਸੀ, ਕਈ ਵਾਰ ਮੈਨੂੰ ਉਧਾਰ ਰਸਾਲੇ ਦੇ ਦੇਂਦਾ। ਜਾਂ ਮੈਂ ਪੜ੍ਹ ਕੇ ਮੋੜ ਦੇਂਦਾ। ਇਸ ਸਟਾਲ ਤੇ ਅੰਗਰੇਜ਼ੀ ਦੇ ਵੀ ਬੜੇ ਰਸਾਲੇ ਆਉਂਦੇ ਸਨ। ਇਹ ਸਟਾਲ ਵਾਲੇ ਜਿਨ੍ਹਾਂ ਕੋਲ ਬਠਿੰਡੇ ਦੇ ਰੇਲਵੇ ਸਟੇਸ਼ਨ ਤੇ ਅਖ਼ਬਾਰਾਂ ਤੇ ਰਸਾਲੇ ਵੇਚਣ ਦਾ ਠੇਕਾ ਸੀ, ਜਦੋਂ ਗੱਡੀਆਂ ਆਉਂਦੀਆਂ ਤਾਂ ਹੋਕਾ ਦੇ ਕੇ ਓਸੇ ਤਰ੍ਹਾਂ ਅਖ਼ਬਾਰ ਵੇਚਿਆ ਕਰਦੇ ਸਨ ਜਿਵੇਂ ਚਾਹ ਵੇਚਣ ਵਾਲੇ “ਗਰਮ ਚਾਏ” ਦਾ ਹੋਕਾ ਦੇ ਕੇ ਚਾਹ ਵੇਚਦੇ ਸਨ। ਚਾਹ ਵੇਚਣ ਵਾਲੇ ਕੁਝ ਗੱਡੀਆਂ ਦੇ ਨਾਲ ਵੀ ਚਲਦੇ ਸਨ। ਸ਼ਾਂਮ ਵੇਲੇ ਉਹਨਾਂ ਦੀ ਚਾਹ ਵੇਚਣ ਵਾਲੀ ਆਵਾਜ਼ ਬੜੀ ਉੱਚੀ ਹੁੰਦੀ ਪਰ ਸਵੇਰੇ ਜਾ ਕੇ ਜਦੋਂ ਆਵਾਜ਼ਾਂ ਕੱਢ-ਕੱਢ ਕੇ ਉਹ ਥੱਕ ਜਾਂਦੇ ਤਾਂ ਉਹਨਾਂ ਦੇ ਸੰਘ ਵਿਚੋਂ ਬੜੀ ਮੁਸ਼ਕਲ ਨਾਲ “ਗਰਮ ਚਾਏ” ਦੀ ਆਵਾਜ਼ ਨਿਕਲਦੀ।
------
ਪੰਜਾਬੀ ਦੇ ਜੋ ਰਸਾਲੇ ਓਸ ਵੇਲੇ ਛਪਦੇ ਸਨ, ਉਹਨਾਂ ਵਿਚ ਅਮਰ ਕਹਾਣੀਆਂ, ਪ੍ਰੀਤਮ, ਫਤਹਿ, ਜੀਵਨ ਪ੍ਰੀਤੀ, ਫੁਲਵਾੜੀ ਤੇ ਪ੍ਰੀਤ ਲੜੀ ਆਦਿ ਸਨ। ਪੰਜਾਬੀ ਦੀ ਓਸ ਵੇਲੇ ਕੋਈ ਅਖ਼ਬਾਰ ਨਹੀਂ ਸੀ। ਉਰਦੂ ਦੇ ਰਸਾਲੇ ਬੀਸਵੀਂ ਸਦੀ, ਸ਼ਮ੍ਹਾਂ ਅਤੇ ਚਿਤਰਾ ਵੀ ਪੜ੍ਹਦਾ। ਉਰਦੂ ਦੇ ਅਖ਼ਬਾਰ ਮਿਲਾਪ, ਤੇਜ ਤੇ ਪਰਤਾਪ ਵੀ ਪੜ੍ਹਦਾ। ਜੋ ਵੀ ਮੈਂ ਪੜ੍ਹਦਾ, ਮੈਨੂੰ ਜ਼ੁਬਾਨੀ ਯਾਦ ਹੋ ਜਾਂਦਾ। ਕੁਝ ਰੂਸੀ ਲੇਖਕਾਂ ਦੀਆਂ ਅਨੁਵਾਦ ਪੁਸਤਕਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਜਿੰਨਾ ਕੁਝ ਮੈਂ ਪੜ੍ਹਦਾ ਸਾਂ, ਸਕੂਲ ਵਿਚ ਕੋਈ ਹੋਰ ਮੁੰਡਾ ਘੱਟ ਹੀ ਪੜ੍ਹਦਾ ਸੀ। ਇਸਦਾ ਇਕ ਨੁਕਸਾਨ ਇਹ ਹੋਇਆ ਕਿ ਮੈਨੂੰ ਸਕੂਲ ਦੀਆਂ ਪੜ੍ਹਾਈ ਵਾਲੀਆਂ ਬਾਕੀ ਕਿਤਾਬਾਂ ਚੰਗੀਆਂ ਨਾ ਲਗਦੀਆਂ। ਅਲਜਬਰੇ ਤੇ ਫਾਰਸੀ ਤੋਂ ਮੈਨੂੰ ਬੜੀ ਨਫ਼ਰਤ ਸੀ। ਇਸ ਤੋਂ ਪਹਿਲਾਂ ਬਾਰ ਦੇ ਮੁਰੱਬਿਆਂ ਵਿਚ ਮੈਂ ਕਈ ਕਿੱਸੇ ਜੋ ਮੇਲਿਆਂ ਜਾਂ ਸੱਚੇ ਸੌਦੇ ਦੀ ਮਸਿਆ ਤੋਂ ਬਾਪੂ ਲੈ ਕੇ ਦਿੰਦਾ, ਪੜ੍ਹ ਕੇ ਜ਼ਬਾਨੀ ਯਾਦ ਕਰ ਲਏ ਸਨ ਜਿਨ੍ਹਾਂ ਵਿਚ ਹੀਰ ਵਾਰਸ ਸ਼ਾਹ, ਜ਼ਿੰਦਗੀ ਬਿਲਾਸ, ਸਤਿਗੁਰ ਮਹਿਮਾ, ਜਾਨੀ ਚੋਰ, ਕਿੱਸਾ ਝਗੜਾ ਘੁੱਗੀ ਤੇ ਕਾਂ, ਚਾਹ ਤੇ ਲੱਸੀ, ਦਿਓਰ ਤੇ ਭਾਬੀ, ਖੱਦਰ ਤੇ ਮਲਮਲ, ਭਾਨੀ ਮਾਰਾਂ ਦੀ ਕਰਤੂਤ ਸਨ। ਨੌਵੀਂ ਦਸਵੀਂ ਵਿਚ ਹੀ ਗਾਰਗੀ ਦਾ ਇਕਾਂਗੀ “ਬੇਬੇ” ਤੇ ਸੰਤ ਸਿੰਘ ਸੇਖੋਂ ਦੀ ਕਹਾਣੀ “ਪੇਮੀ ਦੇ ਨਿਆਣੇ” ਸਾਡੇ ਕੋਰਸ ਵਿਚ ਸਨ। ਇਹਨਾਂ ਦੋਹਾਂ ਨੇ ਮੇਰੇ ਮਨ ਤੇ ਬੜਾ ਡੂੰਘਾ ਅਸਰ ਕੀਤਾ। ਇਹ ਵੀ ਪਤਾ ਲਗਾ ਕਿ ਗਾਰਗੀ ਏਧਰ ਬਠਿੰਡੇ ਵੱਲ ਦਾ ਸੀ। ਪੇਮੀ ਦੇ ਨਿਆਣੇ ਕਹਾਣੀ ਪੜ੍ਹ ਕੇ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਕਹਾਣੀ “ਠੀਕ ਓਵੇਂ ਹੀ” ਮਹਿਤੇ ਪਿੰਡ ਦੇ ਤੇਲੀਆਂ ਵਾਲੇ ਘਰ ਦੇ ਦਰਵਾਜ਼ੇ ਵਿਚ ਬੈਠ ਕੇ ਲਿਖੀ ਜੋ ਦਸੰਬਰ 1950 ਵਿਚ ਦਸਵੀਂ ਪੜ੍ਹਦਿਆਂ ਅੰਮ੍ਰਿਤਸਰੋਂ ਨਿਕਲਦੇ ਰਸਾਲੇ ਅਮਰ ਕਹਾਣੀਆਂ ਵਿਚ “ਐਮ. ਬੀ. ਮਹਿਤਾ” ਨਾਂ ਥੱਲੇ ਛਪ ਗਈ ਤੇ ਸਕੂਲ ਵਿਚ ਮੇਰਾ ਨਾਂ ਮਸ਼ਹੂਰ ਹੋ ਗਿਆ। ਇਸੇ ਉਤਸ਼ਾਹ ਅਧੀਨ ਹੀ ਦਸਵੀਂ ਪੜ੍ਹਦਿਆਂ ਤਕ ਮੈਂ ਪੰਜ ਕਹਾਣੀਆਂ ਹੋਰ ਲਿਖੀਆਂ ਜੋ ਜੀਵਨ ਪ੍ਰੀਤੀ, ਪ੍ਰੀਤਮ, ਫਤਹਿ ਤੇ ਕੁਝ ਰਸਾਲਿਆਂ ਵਿਚ ਛਪ ਗਈਆਂ ਤੇ ਇੰਜ ਪਿੰਡ ਮਹਿਤੇ ਵਿਚ ਮੇਰੇ ਲੇਖਕ ਬਣਨ ਦੀ ਨੀਂਹ ਰਖੀ ਗਈ ਤੇ ਮੇਰਾ ਹੌਸਲਾ ਵਧਦਾ ਗਿਆ। “ਸਦੀਵੀ ਚਾਨਣ” ਕਹਾਣੀ ਦੀ ਬੜੀ ਚਰਚਾ ਹੋਈ ਜੋ ਮੈਂ ਓਸ ਸਮੇਂ ਦੇ ਉਦਾਸ ਮੋਸਮ ਤੇ ਗਰੀਬ ਦਿਨਾਂ ਵਿਚ ਹਰ ਤਰ੍ਹਾਂ ਦੀਆਂ ਦੀਆਂ ਰੇਖਾਵਾਂ ਦੇ ਆਰ ਪਾਰ ਵਿਚਰਦਿਆਂ ਲਿਖੀ ਸੀ। ਇਸ ਕਹਾਣੀ ਵਿਚ ਚੰਗੀਆਂ ਭਲੀਆਂ ਅੱਖਾਂ ਵਾਲੇ ਇਕ ਮੁੰਡੇ ਨੂੰ ਸਕੂਲੋਂ ਇਸ ਲਈ ਕੱਢ ਦਿਤਾ ਜਾਂਦਾ ਹੈ ਕਿ ਉਹਦੇ ਮਾਂ ਪਿਓ ਅੰਨ੍ਹੇ ਹਨ, ਗ਼ਰੀਬ ਹਨ ਤੇ ਮੰਗਤੇ ਹਨ। ਇਕ ਰਾਤ ਉਹਦਾ ਪਿਓ ਉਸ ਦੀਆਂ ਦੋਵੇਂ ਅੱਖਾਂ ਅੰਨ੍ਹੀਆਂ ਕਰ ਦੇਂਦਾ ਹੈ ਤੇ ਕਹਿੰਦਾ ਹੈ ਕਿ ਤੂੰ ਪੜ੍ਹ ਨਹੀਂ ਸਕਿਆ, ਤੈਨੂੰ ਸਕੂਲ ਵਿਚੋਂ ਕੱਢ ਦਿਤਾ ਗਿਆ ਹੈ। ਅੰਨ੍ਹੇ ਹੋਣ ਪਿਛੋਂ ਹੁਣ ਤੈਨੂੰ ਮੰਗਣ ਵੇਲੇ ਕੋਈ ਤਾਅਨਾ ਨਹੀਂ ਮਾਰੇਗਾ। ਬਹੁਤ ਲੋਕ ਮੇਰੀ ਇਹ ਕਹਾਣੀ ਪੜ੍ਹ ਕੇ ਰੋ ਪੈਂਦੇ ਕਿ ਕਿਵੇਂ ਇਕ ਮਜਬੂਰ ਬਾਪ ਆਪਣੇ ਸੁਨੱਖੀਆਂ ਅੱਖਾਂ ਵਾਲੇ ਮੁੰਡੇ ਨੂੰ ਅੰਨ੍ਹਾ ਕਰ ਦੇਂਦਾ ਹੈ। ਮੇਰਾ ਨਾਂ ਰਸਾਲਿਆਂ ਵਿਚ ਆਉਣ ਲਗ ਪਿਆ ਸੀ ਤੇ ਸਕੂਲ ਵਿਚ ਮੈਂ ਦੂਜਿਆਂ ਨਾਲੋਂ ਆਪਣੇ ਆਪ ਨੂੰ ਉੱਚਾ-ਉੱਚਾ ਅਤੇ ਵੱਖਰਾ-ਵੱਖਰਾ ਮਹਿਸੂਸ ਕਰਦਾ ਸਾਂ। ਚੜ੍ਹਦੀ ਜਵਾਨੀ ਦੀ ਉਮਰੇ ਅਖ਼ਬਾਰਾਂ ਵਿਚ ਮੇਰਾਂ ਨਾਂ ਛਪਣਾ ਸੂਰੂ ਹੋ ਜਾਣ ਮੈਨੂੰ ਕਈ ਵਾਰ ਇੰਜ ਲਗਦਾ ਜਿਵੇਂ ਮੈਂ ਹੀਰੋ ਸਾਂ ਅਤੇ ਮੇਰੇ ਨਿਸ਼ਾਨੇ ਤੇ ਕਲਪਨਾ ਬਹੁਤ ਉੱਚੀ ਸੀ। ਮੈਂ ਇਕ ਦਮ ਬਹੁਤ ਉੱਚਾ ਚੜ੍ਹ ਜਾਣਾ ਚਹੁੰਦਾ ਸਾਂ। ਮੈਂ ਆਪਣਾ ਨਾਂ ਬਣਾਉਣ ਦੇ ਸੁਪਣੇ ਲੈਣ ਲੱਗਾ। ਇਕ ਕਹਾਣੀ ਮੈਂ ਉਰਦੂ ਵਿਚ ਲਿਖ ਕੇ ਚਿਤਰਾ ਅਖ਼ਬਾਰ ਨੂੰ ਭੇਜੀ ਤੇ ਉਹ ਵੀ ਛਪ ਗਈ।
-----
ਨਾਲ ਪੜ੍ਹਦੇ ਜਿਨ੍ਹਾਂ ਮੁੰਡਿਆਂ ਦੀਆਂ ਮੰਗਣੀਆਂ ਹੋ ਗਈਆਂ ਸਨ ਜਾਂ ਵਿਆਹ ਵੀ ਹੋ ਗਏ ਸਨ, ਉਹ ਅੱਧੀ ਛੁੱਟੀ ਵੇਲੇ ਸਕੂਲ ਦੇ ਪਿਛਵਾੜੇ ਬਣੇ ਪਰਨਾਲਿਆਂ ਤੇ ਬੈਠ ਰੋਟੀ ਖਾਣ ਪਿਛੋਂ ਸਟੇਸ਼ਨ ਤੇ ਗੱਡੀਆਂ ਵੇਖਣ ਆ ਜਾਂਦੇ। ਸਟੇਸ਼ਨ ਸਕੂਲ ਦੇ ਨਾਲ ਸੀ। ਗੱਡੀ ਵਿਚ ਸਵਾਰ ਸੋਹਣੀਆਂ ਸਵਾਰੀਆਂ ਦੇ ਝਲਕਾਰੇ ਲੈਣ ਲਈ ਪਲੇਟ ਫਾਰਮ ਤੇ ਗੇੜੇ ਕੱਢਦੇ। ਪਿੰਡ ਨਹੀਆਂ ਵਾਲੇ ਦੇ ਪਾਰ ਰੇਲਵੇ ਲਾਈਨ ਲਾਗੇ ਬਣੇ ਹੋਸਟਲ ਵਿਚੋਂ ਨੱਸ ਬਠਿੰਡੇ ਜਾ ਕੇ ਜਗਜੀਤ ਥੇਟਰ ਤੇ ਬਗੈਰ ਛੱਤ ਵਾਲੀ ਨਾਵਲਟੀ ਟਾਕੀ ਵਿਚ ਜਾ ਕੇ ਪਿਕਚਰਾਂ ਵੇਖਦੇ। ਅਨਮੋਲ ਘੜੀ ਜਿਸ ਵਿਚ ਸੁਰਈਆ, ਸੁਰਿੰਦਰ ਤੇ ਨੂਰ ਜਹਾਂ ਨੇ ਕੰਮ ਕੀਤਾ ਸੀ, ਤੋਂ ਬਾਅਦ ਮੈਂ ਵੀ ਉਹਨਾਂ ਦੇ ਨਾਲ ਕਈ ਫਿਲਮਾਂ ਜਿਵੇਂ ਬਾਜ਼ਾਰ, ਚੰਦਰ ਲੇਖਾ, ਦੁਲਾਰੀ, ਨਿਸ਼ਾਨ, ਲੱਛੀ, ਛਈ, ਸ਼ਹੀਦ, ਨਦੀਆ ਕੇ ਪਾਰ, ਬਰਸਾਤ, ਲਾਹੌਰ, ਕੋਇਲ, ਸਮਾਧੀ, ਮਦਾਰੀ, ਬਾਬੁਲ, ਬੜੀ ਬਹਿਣ, ਦਿਲ ਲਗੀ, ਦੋ ਪਾਕਿਸਤਾਨੀ ਫਿਲਮਾਂ “ਲਾਰੇ ਤੇ ਫੇਰੇ” ਅਲਬੇਲਾ, ਅਫਸਰ ਵਗੈਰਾ ਕਾਫੀ ਪਿਕਚਰਾਂ ਅਸੀਂ ਵੇਖ ਲਈਆਂ ਸਨ। ਮੈਨੂੰ ਇਹਨਾਂ ਫਿਲਮਾਂ ਦੇ ਕਈ ਗਾਣੇ ਤੇ ਕਹਾਣੀਆਂ ਜ਼ੁਬਾਨੀ ਯਾਦ ਹੋ ਗਈਆਂ। ਥੀਏਟਰ ਦੇ ਬਾਹਰ ਇਹ ਗਾਣੇ ਆਨੇ ਆਨੇ ਵਿਚ ਵਿਕਦੇ ਸਨ ਜਿਸ ਦੇ ਪਿਛਲੇ ਪਾਸੇ ਫਿਲਮ ਦੀ ਸੰਖੇਪ ਕਹਾਣੀ ਵੀ ਛਪੀ ਹੁੰਦੀ ਸੀ। ਓਸ ਵੇਲੇ ਦੇ ਬਹੁਤ ਸਾਰੇ ਐਕਟਰਾਂ ਅਤੇ ਐਕਟਰੈਸਾਂ ਦੀ ਵੀ ਮੈਨੂੰ ਪਛਾਣ ਹੋ ਗਈ ਸੀ ਜਿਵੇਂ ਦਲੀਪ ਕੁਮਾਰ, ਅਸ਼ੋਕ ਕੁਮਾਰ, ਦੇਵਾ ਅਨੰਦ, ਮੋਤੀ ਲਾਲ, ਕੇ ਐਨ ਸਿੰਘ, ਸ਼ਾਮ, ਕਰਨ ਦੀਵਾਨ, ਮਜਨੂ, ਗੋਪ, ਰੰਜਨ, ਪਰਾਨ, ਰਹਿਮਾਨ, ਓਮ ਪਰਕਾਸ਼, ਰਾਜਕਪੂਰ, ਕਾਮਨੀ ਕੌਸ਼ਲ, ਨਰਗਿਸ, ਸੁਰਈਆ, ਗੀਤਾ ਬਾਲੀ, ਨਿਮੀ, ਮੁਨਵਰ ਸੁਲਤਾਨਾ, ਮਧੂਬਾਲਾ ਆਦਿ। ਮੇਰਾ ਬਾਲ ਮਨ ਇਹਨਾਂ ਫਿਲਮਾਂ ਅਤੇ ਪੜ੍ਹੇ ਜਾ ਰਹੇ ਨਾਵਲਾਂ ਆਦਿ ਦਾ ਅਸਰ ਬਹੁਤ ਬੁਰੀ ਤਰ੍ਹਾਂ ਕਬੂਲ ਰਿਹਾ ਸੀ। ਟਰੈਜਿਕ ਫਿਲਮਾਂ ਤੇ ਨਾਵਲ ਮੈਨੂੰ ਜ਼ਿਆਦਾ ਚੰਗੇ ਲਗਦੇ। ਦਲੀਪ ਕੁਮਾਰ ਬਹੁਤ ਪਸੰਦੀਦਾ ਐਕਟਰ ਬਣ ਗਿਆ ਤੇ ਓਸ ਦਾ ਅਸਰ ਕਬੂਲਦਿਆਂ ਮੈਂ ਬਹੁਤ ਜਜ਼ਬਾਤੀ ਬਣਦਾ ਜਾ ਰਿਹਾ ਸਾਂ। ਕਦੀ ਕਦੀ ਮੈਂ ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਘਰੋਂ ਭੱਜ ਕੇ ਐਕਟਰ ਬਣਨ ਬਾਰੇ ਵੀ ਸੋਚਦਾ ਪਰ ਬੰਬਈ ਜਾਣ ਦਾ ਕਿਰਾਇਆ ਕਿੱਥੇ ਸੀ। ਏਸ ਕੱਚੀ ਉਮਰੇ ਵੇਖੀਆਂ ਫਿਲਮਾਂ ਅਤੇ ਪੜ੍ਹੇ ਨਾਵਲ ਦੁਨੀਆਂ ਵੇਖਣ ਵਾਲੇ ਮੇਰੇ ਬਾਲ ਮਨ ਉਤੇ ਛਾ ਕੇ ਰਾਜ ਕਰਨ ਲੱਗ ਪਏ ਸਨ। ਇਹਨਾਂ ਮੇਰੇ ਅੰਦਰ ਅਜੀਬ ਕਿਸਮ ਦੀ ਸਿਰਫ ਝੁਣਝੁਣੀ ਹੀ ਨਹੀਂ ਪੈਦਾ ਕਰ ਦਿਤੀ ਸੀ ਸਗੋਂ ਇਕ ਅੱਗ ਲਾ ਦਿਤੀ ਸੀ। ਬੱਸ ਮੈਂ ਕੁਝ ਬਣਨਾ ਚਹੁੰਦਾ ਸਾਂ ਤੇ ਬਹੁਤ ਅੱਗੇ ਵਧਣਾ ਚਹੁੰਦਾ ਸਾਂ ਕਿ ਇਕ ਦਮ ਮੇਰਾ ਨਾਂ ਮਸ਼ਹੂਰ ਹੋ ਜਾਵੇ ਅਤੇ ਮੈਂ ਬਹੁਤ ਅਮੀਰ ਹੋ ਜਾਵਾਂ। ਇਕ ਬਾਅਦ ਦੁਪਹਿਰ ਸਕੂਲ ਵਿਚ ਛੁੱਟੀ ਕਰ ਕੇ ਸਕੂਲ ਦੇ ਸਾਰੇ ਮੁੰਡਿਆਂ ਨੂੰ ਗੋਨਿਆਣੇ ਮੰਡੀ ਦੇ ਥਾਣੇ ਵਿਚ ਕਤਾਰ ਬੰਨ੍ਹ ਕੇ ਜਾਣ ਲਈ ਕਿਹਾ ਗਿਆ। ਪੁਲਸ ਨੇ ਇਲਾਕੇ ਦਾ ਇਕ ਖ਼ਤਰਨਾਕ ਡਾਕੂ ਮਾਰ ਕੇ ਉਹਦੀ ਲਾਸ਼ ਥਾਣੇ ਦੇ ਵਿਹੜੇ ਵਿਚ ਰੱਖੀ ਹੋਈ ਸੀ ਤੇ ਪਬਲਿਕ ਤੋਂ ਇਲਾਵਾ ਸਕੂਲ ਦੇ ਸਾਰੇ ਮੁੰਡਿਆਂ ਨੂੰ ਵੀ ਵਿਖਾਈ ਗਈ। ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਇਕ ਮਰਿਆ ਹੋਇਆ ਡਾਕੂ ਵੇਖਿਆ ਸੀ ਜਿਸ ਦੀ ਉਮਰ 40 ਕੁ ਸਾਲਾਂ ਦੇ ਕਰੀਬ ਹੋਵੇਗੀ। ਗੋਲੀਆਂ ਲੱਗਣ ਕਾਰਨ ਉਹਦੀ ਲਾਸ਼ ਖ਼ੂਨ ਨਾਲ ਲਥਪੱਥ ਸੀ। ਉਸ ਨੂੰ ਵੇਖ ਕੇ ਡਰ ਆਉਂਦਾ ਸੀ। ਇਹ ਡਰ ਮੈਨੂੰ ਬਹੁਤ ਦਿਨ ਆਉਂਦਾ ਰਿਹਾ ਪਰ ਇਕ ਗੱਲ ਜ਼ਰੂਰ ਸੀ ਕਿ ਇਲਾਕੇ ਵਿਚ ਉਸਦਾ ਨਾਂ ਸੀ। ਉਹਦੀ ਮੌਤ ਦੀ ਖ਼ਬਰ ਅਖ਼ਬਾਰਾਂ ਵਿਚ ਛਪੀ ਸੀ। ਆਪਣਾ ਨਾਂ ਬਣਾਉਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਹੈ। ਅੱਗੇ ਵਧਣ ਤੇ ਆਪਣਾ ਨਾਂ ਬਣਾਉਣ ਦੇ ਚੱਕਰਾਂ ਵਿਚ ਮੈਂ ਦਿਨ ਰਾਤ ਪਿਆ ਰਹਿੰਦਾ।
-----
ਦਸਵੀਂ ਪੜ੍ਹਦਿਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਆਪਣੀਆਂ ਕਿਤਾਬਾਂ ਚੁੱਕ ਮਹਿਤੇ ਆ ਗਿਆ। ਮੇਰੀ ਮਾਂ ਕਹਿ ਰਹੀ ਸੀ ਮੇਰਾ ਪੁੱਤ ਜਵਾਨ ਹੁੰਦਾ ਜਾ ਰਿਹਾ ਹੈ ਤੇ ਕੱਦ ਵੀ ਕੱਢ ਰਿਹਾ ਹੈ ਪਰ ਹਾਲੇ ਮੈਨੂੰ ਦਾੜ੍ਹੀ ਮੁੱਛ ਪੂਰੀ ਤਰ੍ਹਾਂ ਨਹੀਂ ਸੀ ਫੁੱਟੀ। ਸਾਂਝੇ ਖੁੱਲ੍ਹੇ ਦਰਵਾਜ਼ੇ ਦੇ ਆਪਣੇ ਵਾਲੇ ਪਾਸੇ ਮੰਜਾ ਡਾਹ ਕੇ ਅਤੇ ਆਪਣਾ ਸਿਰ ਥੰਮੀ ਨਾਲ ਲਾ ਕੇ ਮੈਂ ਆਪਣੀਆਂ ਕਿਤਾਬਾਂ ਪੜ੍ਹਦਾ। ਦੂਜੇ ਪਾਸੇ ਚਾਨਣ ਜੱਟ ਦੀ ਕੁੜੀ ਜਿਸ ਦਾ ਨਾਂ “ਮਹਿਕ” (ਅਸਲੀ ਨਹੀਂ) ਜਿਸ ਤੇ ਠਾਠਾਂ ਮਾਰਦੀ ਜਵਾਨੀ ਚੜ੍ਹ ਆਈ ਸੀ। ਹੁਸਨ ਉਹਦੀਆਂ ਮ੍ਰਿਗਨੈਣੀ ਅੱਖਾਂ, ਅਨਾਰ ਦੇ ਦਾਣਿਆਂ ਵਾਂਗ ਜੜੇ ਚਿਟੇ ਦੰਦਾਂ, ਸਿਓ ਵਰਗੀਆਂ ਗੱਲ੍ਹਾਂ ਤੇ ਮੁਸਕਰਾਉਂਦੇ ਚਿਹਰੇ ਵਿਚੋਂ ਡੁੱਲ੍ਹ ਡੁੱਲ੍ਹ ਪੈਣ ਲਗ ਪਿਆ ਸੀ। ਖੂਹ ਚੜ੍ਹੇ ਤੇ ਜਦੋਂ ਉਹ ਸਿਰ ਤੇ ਪਾਣੀ ਦੇ ਦੋ ਦੋ ਘੜੇ ਇਕੱਠੇ ਚੁੱਕ ਕੇ ਲਿਆਉਂਦੀ ਤਾਂ ਪਿੰਡ ਦੇ ਗੱਭਰੂ ਉਹਦੀ ਹਿਰਨੋਟੀ ਤੋਰ ਤੇ ਕਈ ਵਾਰ ਆਵਾਜ਼ਾਂ ਕਸਦੇ ਪਰ ਉਹ ਕਿਸੇ ਨੂੰ ਜੁੱਤੀ ਥੱਲੇ ਨਹੀਂ ਲਿਆਉਂਦੀ ਸੀ। ਉਹ ਤੇ ਉਹਦੀਆਂ ਸਹੇਲੀਆਂ ਦਰਵਾਜ਼ੇ ਵਿਚ ਇਕੱਠੀਆਂ ਹੋ ਆਪਣੇ ਵਾਲੇ ਪਾਸੇ ਫੁਲਕਾਰੀਆਂ ਕੱਢਦੀਆਂ, ਚਰਖੇ ਕੱਤਦੀਆਂ, ਸਰ੍ਹਾਣਿਆਂ ਤੇ ਹਰੇ ਰੰਗ ਦੇ ਲਾਲ ਚੁੰਝ ਵਾਲੇ ਤੋਤੇ ਬਣਾਉਂਦੀਆਂ ਜਿਨ੍ਹਾਂ ਦੀਆਂ ਅੱਖਾਂ ਵਿਚ ਉਹਨਾਂ ਦੇ ਸੁਪਨੇ ਪਰੋਏ ਹੁੰਦੇ। ਉਹ ਗੀਤਾਂ ਦੀਆਂ ਹੇਕਾਂ ਕੱਢ-ਕੱਢ ਗਾਉਂਦੀਆਂ ਤੇ ਫਿਰ ਬੋਲੀਆਂ ਪਾਉਣ ਲੱਗ ਪੈਂਦੀਆਂ। ਤੀਆਂ ਦੇ ਦਿਨ ਹੋਣ ਕਰ ਕੇ ਕਈ ਵਾਰ ਓਥੇ ਹੀ ਗਿੱਧਾ ਪਾਉਣ ਤੇ ਨੱਚਣ ਵੀ ਲੱਗ ਪੈਂਦੀਆਂ। ਹਰ ਕੁੜੀ ਵਾਰੀ ਵਾਰੀ ਬੋਲੀ ਪਉਂਦੀ ਤੇ ਦੂਜੀ ਉਸ ਨੂੰ ਅੱਗੋਂ ਚੁੱਕ ਲੈਂਦੀ। ਮੈਂ ਹੈਰਾਨ ਸਾਂ ਕਿ ਇਹਨਾਂ ਨੂੰ ਐਨੀਆਂ ਬੋਲੀਆਂ ਕਿਵੇਂ ਯਾਦ ਸਨ। ਇਕ ਕੁੜੀ ਨੇ ਬੋਲੀ ਚੁੱਕੀ:-
ਤਾਰਾਂ ਤਾਰਾਂ ਤਾਰਾਂ-----------------
ਬੋਲੀਆਂ ਦਾ ਖੂਹ ਭਰ ਦਿਆਂ ਜਿਥੋਂ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਸੜਕ ਬੰਨ੍ਹਾਂ ਜਿਥੇ ਚਲਦੀਆਂ ਮੋਟਰ ਕਾਰਾਂ
ਬੋਲੀਆਂ ਦੀ ਗੱਡੀ ਭਰ ਦਿਆਂ ਜਿਥੇ ਚੜ੍ਹਦੇ ਲੋਕ ਹਜ਼ਾਰਾਂ
ਗੱਡੀਆਂ ਦੀ ਨਹਿਰ ਭਰ ਦਿਆਂ ਜਿਥੇ ਲਗਦੇ ਮੋਘੇ ਨਾਲਾਂ
ਨੀ ਜਿਉਂਦੀ ਤੂੰ ਮਰ ਗਈ ਜਦੋਂ ਕੱਢੀਆਂ ਯਾਰ ਨੇ ਗਾਲਾਂ
ਆਖਰੀ ਬੋਲੀ ਤੇ ਸਾਰੀਆਂ ਇਕਠੀਆਂ ਹੋ ਕੇ ਬੋਲੀ ਨੂੰ ਚੁੱਕਦੀਆਂ ਤੇ ਗਿੱਧਾ ਪਾਉਂਦੀਆਂ ਆਖਰੀ ਬੋਲੀ ਨੂੰ ਵਾਰ-ਵਾਰ ਦੁਹਰਾਉਂਦੀਆਂ।
*******
ਚਲਦਾ