ਵਾੜ ਕਰੇਲਿਆਂ ਦੇ ਬੀਅ ਵਿਅੰਗ
ਘੁੰਮਵੀਂ ਕੁਰਸੀ ਦੇ ਜਕੜਬੰਦ ‘ਚ ਗੱਡਿਆ, ਸੱਜੀ ਕੂਹਣੀ ਮੇਜ਼ ਤੇ ਟਿਕਾਈ ਤੇ ਅੱਖਾਂ ਕੰਪਿਊਟਰ ਦੀ ਸਕਰੀਨ ਤੇ ਜਮਾਈ, ਮੈਂ ਤਨੋਂ ਮਨੋਂ ਕੰਪਿਊਟਰ ਨਾਲ ਨਰੜਿਆ ਪਿਆ ਸੀ। ਕੁਰਸੀ, ਮੈਂ ਤੇ ਕੰਪਿਊਟਰ ਜਿਵੇਂ ਕੀਲਾ, ਮੱਝ ਤੇ ਖੁਰਲੀ। ਦੁਨੀਆ ਤੋਂ ਬੇਫ਼ਿਕਰ, ਕੀ ਬਣੂ ਦੁਨੀਆ ਦੇ ਫ਼ਿਕਰਾਂ ਚ ਡੁੱਬਾ ਮੈਂ ਤਾਂ ਸੂਲੀ ਤੇ ਲਟਕਣ ਲਈ ਵੀ ਤਾਹੂ ਰਹਿੰਦਾ ਹਾਂ। ਫਿਰ ਯਾਹੂ ਨਿਊਜ਼ ਚ ਆਈ ਇਹ ਖ਼ਬਰ ਤਾਂ ਹੈ ਈ ਬੜੀ ਸਨਸਨੀਖੇਜ਼ ਸੀ। ਅਮਰੀਕਾ ਦੇ ਬਜਦੇ ਡੌਰੂ ਹੁਣ ਦੂਰ-ਰਸ ਨਤੀਜੇ ਲਿਆ ਰਹੇ ਹਨ। ਧਨ ਦੀ ਕਮੀ ਕਾਰਨ ਪੁਲਾੜ ਖੋਜ ਸਬੰਧੀ ਏਜੰਸੀ, ਨਾਸਾ ਦੇ ਚੰਦ ਤੇ ਪੁਲਾੜਯਾਨ ਭੇਜਣ ਦੇ ਪ੍ਰੋਗਰਾਮ ਵਿੱਚ ਵਿਘਨ ਪੈ ਗਿਆ ਹੈ। ਘੋਰ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਬੀਮਾਰੀ, ਹਿੰਸਾ, ਵਾਤਾਵਰਣ ਪ੍ਰਦੂਸ਼ਣ: ਧਰਤੀ ਤੇ ਹੀ ਬਥੇਰੇ ਚੰਦ ਚੜ੍ਹੇ ਪਏ ਹਨ, ਆਕਾਸ਼ੀ ਚੰਦ ਤੇ ਜਾ ਕੇ ਹੁਣ ਅੰਬ ਲੈਣੇ ਹਨ? ਕੀ ਧਰਤੀ ਨੂੰ ਸੁਆਰ ਕੇ ਜਿਉਂਣਯੋਗ ਬਣਾ ਲਿਆ ਹੈ?
----
ਉਧਰ ਤਾਰਿਆਂ ਸਿਤਾਰਿਆਂ ਦੀ ਦੁਨੀਆਂ ਵਿੱਚ ਸਦਾ ਗਲ਼ਤਾਨ ਨਾਸਾ ਦੇ 58000 ਮੁਲਾਜ਼ਮਾਂ ਨੂੰ ਉਭੜ ਖਾਬੜ ਜ਼ਮੀਨੀ ਹਕੀਕਤ ਨੇ ਅਰਸ਼ੋਂ ਫ਼ਰਸ਼ ਤੇ ਪਟਕਾ ਮਾਰਿਆ ਹੈ। ਮੇਰਾ ਕੀ ਪ੍ਰਤਿਕਰਮ ਹੋਣਾ ਚਾਹੀਦਾ ਹੈ? ਮੈਂ ਵਿਹਲੇ ਪਏ ਖੱਬੇ ਹੱਥ ਨਾਲ ਸਿਰ ਖੁਰਚਿਆ, ਇਕ ਧੌਲਾ ਤਾਂ ਪੁਟਿਆ ਗਿਆ ਪਰ ਕੋਈ ਮੌਲਿਕ ਵਿਚਾਰ ਹੱਥ ਨਹੀਂ ਆਇਆ। ਦਿਮਾਗ ਨੂੰ ਹੁਣ ਵਰਤਣ ਦੀ ਲੋੜ ਵੀ ਨਹੀਂ ਰਹੀ, ਇੰਟਰਨੈੱਟ ਦਾ ਜਾਲ ਸਮੱਸਤ ਬ੍ਰਹਿਮੰਡ ਹੰਗਾਲ ਕੇ ਤੁਹਾਡੇ ਇਕ ਪ੍ਰਸ਼ਨ ਦੇ ਹਜ਼ਾਰਾਂ ਉੱਤਰ ਅੱਖ ਦੇ ਫੋਰੇ ਚ ਤੁਹਾਡੇ ਦੀਦਿਆਂ ਅੱਗੇ ਲਿਆ ਧਰਦਾ ਹੈ। ਹਸਦੀ ਨੇ ਫੁੱਲ ਮੰਗਿਆ ਸਾਰਾ ਬਾਗ ਹਵਾਲੇ ਕੀਤਾ ਵਾਲੀ ਗੱਲ ਬਣੀ ਪਈ ਹੈ।
ਚੰਦ ਦੀ ਉਡਾਣ ਚ ਵਿਘਨ ਪੈਣ ਤੋਂ ਪੈਦਾ ਹੋਏ ਬਹੁ-ਪੱਖੀ ਮਸਲਿਆਂ ਦਾ ਵਿਸਥਾਰ ਮੈਨੂੰ ਇਸ ਛੋਟੀ ਜਿਹੀ ਖ਼ਬਰ ਤੋਂ ਕੀ ਲਭਣਾ ਸੀ। ਗੂਗਲ ਨੇ ਸੈਨਤ ਕੀਤੀ, ਸਿਧੀ ਨਾਸਾ ਦੀ ਵੈਬਸਾਈਟ ਤੇ ਵੱਗ ਜਾਹ। ਗੂਗਲ ਤੋਂ ਹੀ ਨਾਸਾ ਦਾ ਸਿਰਨਾਵਾਂ ਲੈ ਕੇ ਮੈਂ ਕੀਬੋਰਡ ਤੇ ਟਿੱਕ ਟਿੱਕ ਕੀਤੀ ਤੇ ਨਾਸਾ ਤੇ ਉਡ ਗਿਆ।
ਐਪਰ ਨਾਸਾ ਤੇ ਉਤਾਰਾ ਕਰਦਿਆਂ ਹੀ ਮੇਰੀ ਨਜ਼ਰ ਇਕ ਹੋਰ ਜਗਬੁਝ ਕਰਦੀ ਖ਼ਬਰ ਨੇ ਕਾਬੂ ਕਰ ਲਈ, 'ਭਾਰਤ ਦੇ ਜ਼ਮੀਨ ਅੰਦਰਲੇ ਪਾਣੀ ਦੀ ਸਤਹ ਹੇਠਾਂ ਜਾ ਰਹੀ ਹੈ।' ਬਿਨਾ ਸ਼ੱਕ ਆਕਾਸ਼ੀ ਨਛੱਤਰਾਂ ਦੇ ਮੁਕਾਬਲੇ ਧਰਤੀ ਦੀ ਖਬਰ ਮੇਰੇ ਲਈ ਵਧੇਰੇ ਲੁਭਾਇਮਾਨ ਸੀ ਤੇ ਉਹ ਵੀ ਜਿਸ ਦਾ ਸਬੰਧ ਮੇਰੀ ਸਰਜ਼ਮੀਨ ਨਾਲ ਹੋਵੇ। ਪਤਾ ਨਹੀਂ ਇਸ ਦੇਸ਼ ਦਾ ਅੰਨ ਪਾਣੀ ਖਾ ਕੇ ਵੀ ਮਨ ਭਾਰਤ ਭਾਰਤ ਕੂਕਦਾ ਰਹਿੰਦਾ ਹੈ; ਭਾਰਤ ਤੇ ਕੋਈ ਭਾਰੀ ਪੈ ਜਾਵੇ, ਮੇਰੇ ਮਨ ਤੇ ਭਾਰੀ ਪੈ ਜਾਂਦੀ ਹੈ। ਖ਼ਬਰ ਦੇ ਹੋਰ ਅੱਗੇ ਗਿਆ ਤਾਂ ਪਤਾ ਲਗਾ ਕਿ ਪ੍ਰਭਾਵਤ ਇਲਾਕਾ ਅਸਲ ਵਿੱਚ ਮੇਰਾ ਪਿਆਰਾ ਪੰਜਾਬ ਅਤੇ ਇਸ ਦੇ ਆਸ ਪਾਸ ਦਾ ਇਲਾਕਾ ਹੀ ਹੈ। ਮੈਂ ਠਠੰਬਰ ਗਿਆ, ਪੰਜਾਬ ਦੇ ਮੰਦੇ ਭਾਗ, ਨਿੱਤ ਨਵਾਂ ਉੱਜੜ ਜਾਣ ਦਾ ਸਰਾਪ। ਏਥੇ ਹਰ ਸਾਲ ਪਾਣੀ ਦਾ ਫੇਹ ਇੱਕ ਫੁੱਟ ਨੀਵਾਂ ਹੋਈ ਜਾ ਰਿਹਾ ਹੈ। ਨਾਸਾ ਦੇ ਗੁਰੂਤਾ (ਧਰਤੀ ਦੀ ਖਿੱਚ) ਅਤੇ ਮੌਸਮ ਦੀ ਪੜਤਾਲ ਕਰ ਰਹੇ ਜੌੜੇ ਪੁਲਾੜਯਾਨ ਧਰਤੀ ਦੀ ਗੁਰੂਤਾ ਵਿੱਚ ਆਈ ਭੋਰਾ ਭਰ ਤਬਦੀਲੀ ਵੀ ਬੁੱਝ ਲੈਂਦੇ ਹਨ, ਏਥੋਂ ਤਕ ਕਿ ਧਰਤੀ ਦੇ ਅੰਦਰ ਜਾਂ ਇਸਦੇ ਉਪਰ ਆਈ ਪਾਣੀ ਦੀ ਤਬਦੀਲੀ ਵੀ ਨੋਟ ਕਰ ਲੈਂਦੇ ਹਨ। ਨਾਸਾ ਦੇ ਜਲਵਿਗਿਆਨੀਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਜੇ ਪਾਣੀ ਦੇ ਪ੍ਰਬੰਧ ਲਈ ਲੁੜੀਂਦੇ ਉਪਾਅ ਨਾ ਕੀਤੇ ਗਏ ਤਾਂ ਸਾਢੇ ਗਿਆਰਾਂ ਕਰੋੜ ਲੋਕਾਂ ਤੇ ਭਾਰੀ ਪੈ ਜਾਵੇਗੀ; ਖੇਤੀ ਦੀ ਪੈਦਾਵਾਰ ਦਾ ਘਾਣ ਹੋ ਜਾਵੇਗਾ, ਪੀਣ ਵਾਲਾ ਪਾਣੀ ਦੁਰਲੱਭ ਹੋ ਜਾਵੇਗਾ। ਇਲਾਕੇ ਦੀ ਜਨਸੰਖਿਆ ਵਿੱਚ ਬੇਵਹਾ ਵਾਧਾ, ਤੇਜ਼ ਆਰਥਕ ਵਿਕਾਸ ਅਤੇ ਪਿਆਸੇ ਖੇਤਾਂ ਲਈ ਲੁੜੀਂਦੇ ਪਾਣੀ ਕਾਰਨ ਜ਼ਮੀਨ ਅੰਦਰਲੇ ਪਾਣੀ ਦੇ ਸਰੋਤ ਸੁੱਕ ਗਏ ਹਨ। ਪਾਣੀ ਦੀ ਘਾਟ ਪੂਰੀ ਕਰਨ ਲਈ ਹੁਣ ਦਰਿਆਵਾਂ ਮੀਂਹਾਂ ਦਾ ਪਾਣੀ ਜਮ੍ਹਾਂ ਕਰਕੇ ਬਨਾਉਟੀ ਝੀਲਾਂ ਡਿੱਗੀਆਂ ਆਦਿ ਬਣਾਉਣੀਆਂ ਪੈਣਗੀਆਂ। ਝੀਲਾਂ ਤੇ ਡਿੱਗੀਆਂ ਨਾਲ ਓਤਪੋਤ ਇਸ ਨਵੇਂ ਪੰਜਾਬ ਦੇ ਭੂ-ਦ੍ਰਿਸ਼ ਦੀ ਪੂਰਵ-ਕਲਪਨਾ ਕਰਕੇ ਮੇਰੇ ਅੱਗੇ ਭੰਬੂ ਤਾਰੇ ਨੱਚਣ ਲੱਗੇ।
----
ਸਾਰੇ ਗਲੋਬ ਦੀ ਚਿੰਤਾ ਵਿੱਚ ਡੁੱਬੇ ਅਮਰੀਕੀ ਟਿੱਪਣੀਕਾਰਾਂ ਦੀਆਂ ਕੁੱਝ ਟਿਪਣੀਆਂ ਪੜ੍ਹਨ ਨੂੰ ਮਿਲੀਆਂ: ਭਾਰਤ ਵਿਕਸਤ ਹੋ ਰਿਹਾ ਹੈ ਤੇ ਅਮੀਰ ਹੁੰਦੇ ਲੋਕ ਹੁਣ ਵਧੇਰੇ ਤੋਂ ਵਧੇਰੇ ਮੀਟ ਖਾਣ ਲੱਗ ਪਏ ਹਨ। ਇੱਕ ਏਕੜ ਭੋਇੰ ਤੇ ਬੀਜਿਆ ਅੰਨ ਜਿੰਨੇ ਲੋਕਾਂ ਦਾ ਢਿੱਡ ਭਰਦਾ ਹੈ, ਓਨੇ ਹੀ ਲੋਕਾਂ ਦਾ ਢਿੱਡ ਸੱਤ ਏਕੜ ਭੋਇੰ ਤੇ ਪਾਲੇ ਪਸ਼ੂਆਂ ਦਾ ਮੀਟ ਭਰਦਾ ਹੈ, ਪਾਣੀ ਦੀ ਮੰਗ ਵਧਣੀ ਹੀ ਸੀ। ਏਨੀ ਹਿਰਦੇਵੇਧਕ ਸਥਿਤੀ ਦੇ ਸਨਮੁੱਖ ਵੀ ਮੈਂ ਹਾਸਰਸ ਦੇ ਰੌਂ ਵਿੱਚ ਆ ਗਿਆ। ਕੀ ਇਹ ਭਾਰਤ ਦੇ ਵਿਕਸਤ ਹੋਣ ਦੀ ਸਜ਼ਾ ਹੈ ਜਾਂ ਅਹਿੰਸਾਵਾਦੀ ਦੇਸ਼ ਦੇ ਲੋਕਾਂ ਵਲੋਂ ਮੀਟ ਖਾਣ ਕਾਰਨ ਦੇਵਤਿਆਂ ਦੀ ਕਰੋਪੀ? ਧਰਤੀ ਹੇਠਲਾ ਪਾਣੀ ਸ਼ਰਮ ਦਾ ਮਾਰਿਆ ਥੱਲੇ ਹੀ ਥੱਲੇ ਜਾ ਰਿਹਾ ਹੈ। ਕ੍ਰੋਧਿਤ ਧਵਲਾ ਕਿਤੇ ਧਰਤੀ ਨੂੰ ਕਹਿਕਸ਼ਾਂ ਚ ਹੀ ਨਾ ਵਗਾਹ ਮਾਰੇ। ਭਾਰਤ ਦੇ ਤਥਾਕਥਿਤ ਵਿਕਾਸ ਨੇ ਅਮਰੀਕੀ ਚਿੰਤਕਾਂ ਦਾ ਬੜਾ ਢਿੱਡ ਦੁਖਾਇਆ ਹੈ। ਪਹਿਲਾਂ ਦੁਨੀਆਂ ਵਿੱਚ ਖ਼ੁਰਾਕ ਦੀ ਕਮੀ ਭਾਰਤ ਸਿਰ, ਫਿਰ ਤੇਲ ਦੀ ਕਮੀ ਭਾਰਤ ਸਿਰ ਤੇ ਹੁਣ ਪਾਣੀ ਦੀ ਕਮੀ ਭਾਰਤ ਦੇ ਸਿਰ। ਗ਼ਰੀਬ ਦੀ ਜੋਰੂ ਸਭ ਦੀ ਜੋਰੂ।
-----
ਪਰ ਏਥੇ ਅਮਰੀਕੀ ਮੁਨਾਫ਼ਾਪ੍ਰਸਤਾਂ ਨੂੰ ਦੋਸ਼ੀ ਠਹਿਰਾਉਂਦੇ ਬੜੇ ਸ਼ਾਤਰ ਚਿੰਤਕ ਵੀ ਹਨ: ਅਮਰੀਕੀ ਦਖਲ ਨਾਲ ਲਿਆਂਦੇ ਹਰੇ ਇਨਕਲਾਬ ਕਾਰਨ ਕਿਸਾਨਾਂ ਨੇ ਰਵਾਇਤੀ ਖੇਤੀ ਢੰਗ, ਬੀਜ, ਸੰਦ ਅਤੇ ਖਾਦ ਵਜੋਂ ਗੋਹੇ ਦੀ ਵਰਤੋਂ ਛੱਡ ਦਿੱਤੀ। ਉਹ ਅਮਰੀਕੀ ਕਾਰਪੋਰੇਸ਼ਨਾਂ ਵਲੋਂ ਤਿਆਰ ਕੀਤੇ ਬੀਜ, ਕੀਟਨਾਸ਼ਕ ਦਵਾਈਆਂ, ਖਾਦ, ਮਸ਼ੀਨਰੀ ਆਦਿ ਤੇ ਨਿਰਭਰ ਹੋ ਗਏ। ਸਿੱਟੇ ਵਜੋਂ ਅਮਰੀਕੀ ਕਾਰਪੋਰੇਸ਼ਨਾਂ ਤਾਂ ਮੁਨਾਫ਼ੇ ਨਾਲ਼ ਪਾਟਣ ਵਾਲੀਆਂ ਹੋ ਗਈਆਂ ਪਰ ਭਾਰਤ ਦੀ ਆਰਥਕਤਾ ਤਹਿਸ ਨਹਿਸ ਹੋ ਗਈ। ਗ਼ਰੀਬ ਨਿਵਾਜ਼ ਇਨ੍ਹਾਂ ਅਮਰੀਕੀਆਂ ਦਾ ਮੱਤ ਹੈ ਕਿ ਭਾਰਤੀਆਂ ਦਾ ਹੱਥ ਗੋਹੇ ਵਿੱਚ ਹੀ ਚੰਗਾ ਲਗਦਾ ਹੈ। ਮੈਂ ਬੌਂਦਲ਼ ਜਿਹਾ ਗਿਆ ਹਾਂ, ਏਨੀਆਂ ਕਰੂਰ ਗੱਲਾਂ ਮੇਰਾ ਕੋਮਲ ਮਨ ਪਚਾਅ ਨਹੀਂ ਸਕਦਾ।
-----
ਸਮੱਸਿਆ ਦੇ ਹੋਰ ਪਹਿਲੂਆਂ ਨਾਲ ਦੋ ਚਾਰ ਹੋਣ ਲਈ ਕਿੰਨੇ ਹੀ ਲਿੰਕ ਤੇ ਸਦਾ ਹਾਜ਼ਰ ਨਾਜ਼ਰ ਗੂਗਲ ਦੇ ਇਸ਼ਤਿਹਾਰਾਂ ਦੀ ਹੱਟ ਲੱਗੀ ਹੋਈ ਸੀ। ਮੈਨੂੰ ਖ਼ੁਦ ਅੱਜ ਕੱਲ੍ਹ ਬੁਧੀਜੀਵੀ ਤੇ ਵਿਸ਼ਵ ਚਿੰਤਕ ਬਣਨ ਦਾ ਫਤੂਰ ਚੜ੍ਹਿਆ ਰਹਿੰਦਾ ਹੈ ਇਸ ਲਈ ਕੋਈ ਵੀ ਗਰਮਾ ਗਰਮ ਮਸਲਾ ਵਿਚਾਰਨੋਂ ਨਹੀਂ ਛੱਡਦਾ। ਹੋਰ ਵਿਸਥਾਰ ਵਿੱਚ ਜਾਣ ਲਈ ਮੈਂ ਅਜੇ ਮਊਸ ਤੇ ਉਂਗਲ ਰੱਖੀ ਹੀ ਸੀ ਕਿ ਅਚਾਨਕ ਬਾਹਰ ਦਰਵਾਜ਼ੇ ਦੀ ਘੰਟੀ ਵਜਦੀ ਸੁਣੀ। ਘੜੀ ਦੇਖੀ, ਸ਼ਾਮ ਦੇ ਪੂਰੇ ਪੰਜ ਵਜ ਗਏ ਸਨ ਤੇ ਮੈਂ ਸਵੇਰ ਦੇ ਨੌਂ ਵਜੇ ਤੋਂ ਇੰਟਰਨੈੱਟ ਦੇ ਕੰਧਾੜੇ ਚੜ੍ਹ ਕੇ ਬੈਠਾ ਸਾਂ। ਦਿਮਾਗੀ ਵਿਲਾਸ ਚੋਂ ਨਿਕਲਣ ਨੂੰ ਅਜੇ ਕਿੱਥੇ ਮਨ ਕਰਦਾ ਸੀ। ਸੜ ਗਈ ਕਿਸਮਤ, ਪਤਾ ਨਹੀਂ ਮੈਨੂੰ ਮੇਰੀ ਬੌਧਿਕ ਸਾਧਨਾ ਤੋਂ ਵਿਚਲਿਤ ਕਰਨ ਲਈ ਕੌਣ ਦੁਨੀਆਦਾਰ ਆ ਧਮਕਿਆ ਹੈ। ਭਾਰੀ ਮਨ ਨਾਲ ਉੱਠਣ ਲੱਗਾ ਤਾਂ ਮਹਿਸੂਸ ਹੋਇਆ ਕਿ ਮੇਰੇ ਤਾਂ ਪੈਰ ਹੀ ਨਹੀਂ ਹਨ। ਛੱਪੜ ਚੋਂ ਨਿਕਲੇ ਕੁੱਤੇ ਵਾਂਗ ਸਰੀਰ ਨੂੰ ਜ਼ੋਰ ਨਾਲ ਛੰਡਿਆ ਤਾਂ ਕੁਝ ਹੋਸ਼ ਹਵਾਸ ਆਏ। ਪਤਾ ਲੱਗਾ ਪੈਰ ਤਾਂ ਸੌਂ ਚੁੱਕੇ ਹਨ। ਘਿਸੜਦੇ ਪੈਰਾਂ ਨਾਲ ਦਰਵਾਜ਼ੇ ਵੱਲ ਵਧਿਆ।
-----
ਝਾਤ ਮੋਰੀ ਰਾਹੀਂ ਦੇਖਿਆ; ਮਾਰੇ ਗਏ, ਇਹ ਤਾਂ ਆਪਣੀ ਭਰਜਾਈ ਸਾਹਿਬਾ ਸੀ। ਮੇਰੇ ਪੈਰ ਲੜਖਾਉਣ ਲੱਗ ਪਏ, ਮਊਸ ਤੇ ਖਿਝ ਆਉਣ ਲੱਗੀ, ਕੀ ਇਹ ਮੇਰੇ ਸਰੀਰ ਨੂੰ ਉਡਾਕੇ ਘੜੀ ਪਲ ਭਰਜਾਈ ਦੀ ਦੁਨੀਆ ਤੋਂ ਪਰੇ ਨਹੀਂ ਲਿਜਾ ਸਕਦਾ? ਪਰ ਦਿਉਰ ਮਾਤਰ ਹਾਂ, ਸਥੂਲ ਭਰਜਾਈ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਸੀ, ਚੱਲ ਮਨਾਂ। ਬੂਹਾ ਖੋਲ੍ਹਣ ਪਿਛੋਂ ਹੱਥ ਮੱਥੇ ਤੇ ਵੱਜਣ ਲਈ ਉਪਰ ਉਠ ਗਏ ਪਰ ਸ੍ਰਿਸ਼ਟਾਚਾਰ ਨੇ ਰੋਕ ਲਏ। ਭਰਜਾਈ ਨੂੰ ਖਿੜੇ ਮੱਥੇ ਮਿਲਣ ਦਾ ਦਸਤੂਰ ਹੈ ਪਰ ਸ੍ਰਿਸ਼ਟਾਚਾਰ ਦਾ ਭੂਤ ਮੇਰੇ ਮੱਥੇ ਤੇ ਤਿਉੜੀਆਂ ਪੈਣ ਨੂੰ ਰੋਕ ਨਾ ਸਕਿਆ।
-----
ਮੈਨੂੰ ਹੋਣੀ ਦਿਸਣ ਲੱਗੀ: ਅੱਜ ਕੁੱਤੇ ਦੀ ਪੂਛ ਨੂੰ ਭਿਉਂ ਭਿਉਂ ਕੇ ਜੁੱਤੀਆਂ ਪੈਣਗੀਆਂ। ਕੀ ਕਰੀਏ ਘਰ ਦੀਆਂ ਗੱਲਾਂ ਪਰ ਮੂੰਹ ਵਿੱਚ ਗੱਲ ਰਹਿੰਦੀ ਵੀ ਨਹੀਂ। ਇਹ ਭਰਜਾਈ ਸਾਡੀ ਹੈ ਨਿਰੀ ਦੇਸੀਪੁਣੇ ਦਾ ਮਜਮੂਆ। ਉਸਦੇ ਮੂਹਰੇ ਜ਼ਰਾ ਢੇਂਊ ਲਫ਼ਜ਼ ਉਚਾਰ ਦਿਉ ਤੇ ਫਿਰ ਦੇਖੋ ਉਸਦੀਆਂ ਵੜਾਛਾਂ ਦੀ ਲਮਕ ਤੇ ਅੱਖੀਆਂ ਦੀ ਚਮਕ। ਸ਼ਾਇਦ ਤੁਹਾਨੂੰ ਆਖੇ ,"ਜ਼ਰਾ ਫੇਰ ਬੋਲੀਂ ਜੋ ਕਿਹਾ ।" ਕਦੇ ਕੈਲੀਫੋਰਨੀਆ ਗਈ ਭਰਵੇਂ ਟਿੰਡੋ ਖਾ ਆਈ, ਕਹਿੰਦੀ ਮੈਂ ਤਾਂ ਵਸਣਾ ਹੀ ਕੈਲੀਫੋਰਨੀਆ ਹੈ। ਨਾਲੇ ਟਿੰਡੋ ਖਾਣ ਨੂੰ ਮਿਲਦੇ ਹਨ ਨਾਲੇ ਮਿਸ਼ੀਗਨ ਰਹਿੰਦਿਆਂ ਹੱਡਾਂ ਚ ਵੜਦੇ ਪਾਲੇ ਤੋਂ ਛੁਟਕਾਰਾ। ਇਹ ਤਾਂ ਸਾਡੇ ਭਰਾ ਦੇ ਆਪਣੇ ਗੁਰਦੇ ਕਪੂਰਿਆਂ ਵਿੱਚ ਜਾਨ ਤੇ ਸਾਡੀ ਚੁੱਕ ਸੀ ਕਿ ਕੈਲੀਫੋਰਨੀਆ ਵਸਣ ਵਾਲੀ ਗੱਲ ਨਾ ਹੋ ਸਕੀ। ਭਾਬੀ ਸਾਡੀ ਜਦੋਂ ਦੇਖੋ ਵੜੀਆਂ, ਸਾਗ, ਵੇਸਣ, ਪੰਜੀਰੀ, ਸੰਢੋਲਾ, ਕੁੱਲਰ ਆਦਿ ਦੀਆਂ ਜਾਂ ਗੱਲਾਂ ਕਰ ਰਹੀ ਹੁੰਦੀ ਹੈ ਜਾਂ ਇਨ੍ਹਾਂ ਖੁਰਾਕਾਂ ਨੂੰ ਚੁੱਲ੍ਹੇ ਤੇ ਚਾੜ੍ਹ ਕੇ ਗੋਰੇ ਗੁਆਂਢੀਆਂ ਦੀਆਂ ਨਾਸਾਂ ਵਿੱਚ ਵਾੜ ਰਹੀ ਹੁੰਦੀ ਹੈ। ਤੁਅੱਜਬ ਦੀ ਗੱਲ ਹੈ ਕਿ ਉਹ ਭਾਰਤ ਵਰਸ਼ ਵੱਲ ਮੂੰਹ ਨਹੀਂ ਕਰਦੀ।
----
ਉਹ ਡੱਪ ਡੱਪ ਕਰਦੀ ਆਈ ਤੇ ਸੋਫ਼ੇ ਤੇ ਪਸਰ ਗਈ। ਉਸਦੇ ਸ਼ਾਂਤ ਦਿਸਦੇ ਮੂੰਹ ਵਿੱਚ ਜਵਾਲਾਮੁਖੀ ਲੁਕਿਆ ਪਿਆ ਸੀ। ਘਰ ਵਿੱਚ ਸੁਨਸੁਨੀ ਫੈਲ ਗਈ। ਮੈਂ ਤਾਂ ਅਤਿ ਦੇ ਘਰੋਗੀ ਕਾਰਨਾਂ ਕਰਕੇ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਿਹਾ ਸੀ। ਕੰਨੀ ਬਚਾ ਕੇ ਕਿਚਨ ਵਿੱਚ ਚਾਹ ਧਰਨ ਲਗ ਪਿਆ। ਪਰ ਹੁਣ ਘਰੋਗੀ ਕਾਰਨਾਂ ਦਾ ਭਾਂਡਾ ਫੋੜਨਾ ਹੀ ਪੈਣਾ ਹੈ। ਕਿੰਨੇ ਹੀ ਦਿਨ ਹੋ ਗਏ ਮੇਰੇ ਪਿਛੇ ਪਈ ਹੋਈ ਸੀ, ਅਖੇ ਵਾੜ ਕਰੇਲਿਆਂ ਦੇ ਬੀਅ ਕਿਤਿਓਂ ਲੱਭ ਕੇ ਦੇਹ। ਫਿਰ ਪਤਾ ਨਹੀਂ ਉਸ ਨੂੰ ਕਿਸਨੇ ਇਹ ਵੀ ਦੱਸ ਦਿੱਤਾ ਕਿ ਕੰਪਿਊਟਰ ਚੋਂ ਖੋਜ ਕਰੇ ਤੇ ਅਲੱਭ ਚੀਜ਼ਾਂ ਵੀ ਲੱਭ ਪੈਂਦੀਆਂ ਹਨ। ਹੋਰ ਤਾਂ ਹੋਰ ਇਹ ਵੀ ਗਿਆਨ ਹੋ ਗਿਆ ਕਿ ਇੰਟਰਨੈੱਟ ਰਾਹੀਂ ਸਭ ਕੁਝ ਖਰੀਦਆ ਵੀ ਜਾ ਸਕਦਾ ਹੈ। ਕਈ ਚਿਰਾਂ ਤੋਂ ਉਸਨੂੰ ਵਾੜ ਕਰੇਲਿਆ ਦਾ ਝੱਲ ਚੜ੍ਹਿਆ ਹੋਇਆ ਸੀ। ਕਹਿੰਦੀ ਦਸੌਰੀ ਮਤਲਬ ਕਿ ਅਮਰੀਕੀ ਕਰੇਲੇ ਵੀ ਕੋਈ ਕਰੇਲੇ ਹੁੰਦੇ ਹਨ, ਢੋਲ ਜਿਹੇ, ਨਾ ਉਨ੍ਹਾਂ ਦਾ ਸੁਹਜ, ਨਾ ਸੁਆਦ। ਪਤਾ ਨਹੀਂ ਸਾਡੀ ਭਰਜਾਈ ਦਾ ਸੁਹਜ ਸੁਆਦ ਕਦੋਂ ਅਤੇ ਕਿਵੇਂ ਏਨਾ ਸੂਖ਼ਮ ਹੋ ਗਿਆ। ਬੱਸ ਚੱਤੋ ਪਹਿਰ ਅੰਗੂਠਾ ਭਰ ਇਨ੍ਹਾਂ ਵਾੜ ਕਰੇਲਿਆਂ ਵਿੱਚ ਹੀ ਉਸਦੀ ਸੁਤਾਅ ਰਹਿਣ ਲੱਗ ਪਈ। ਕਹਿੰਦੀ ਹੱਡਾਂ ਦੀ ਸਾਰੀ ਠੰਡ, ਗੋਡਿਆਂ ਦੀ ਸਾਰੀ ਰੀਹ, ਨੱਕ ਦੀ ਸਾਰੀ ਨਲੀ, ਪੇਟ ਦੀ ਸਾਰੀ ਵਾਯੂ ਤੇ ਕਰੂਰੇ ਦੀ ਸਾਰੀ ਸ਼ੱਕਰ ਗੱਲ ਕੀ ਰੋਗੀ ਕਾਇਆ ਦੀ ਸਾਰੀ ਵਾਇ ਵਾਦੀ ਇਹ ਵਾੜ ਕਰੇਲੇ ਹੀ ਕਢਦੇ ਹਨ। ਫਿਰ ਇਨ੍ਹਾਂ ਦੂਖ ਨਿਵਾਰਨੇ ਕਰੇਲਿਆਂ ਦੀ ਗੱਲ ਕਰਦਿਆਂ ਉਹ ਅਜੇਹਾ ਚਟਖਾਰਾ ਮਾਰੇਗੀ ਜਿਵੇਂ ਵਾਕਿਆ ਹੀ ਇਕ ਕਰੇਲਾ ਉਸਦੇ ਦੰਦਾਂ ਥੱਲੇ ਆ ਗਿਆ ਹੋਵੇ।
-----
ਕੁਝ ਇੱਕ ਦਿਨਾਂ ਤੋਂ ਉਹ ਬਾਰ ਬਾਰ ਫੋਨ ਕਰਕੇ ਮੈਨੂੰ ਯਾਦ ਕਰਵਾਉਂਦੀ ਰਹੀ ਕਿ ਇੰਟਰਨੈੱਟ ਤੋਂ ਵਾੜ ਕਰੇਲਿਆਂ ਦੇ ਬੀਆਂ ਦਾ ਆਰਡਰ ਕਰ ਦੇਹ, ਬੀਜਣ ਦੀ ਰੁੱਤ ਆਈ ਹੋਈ ਹੈ ਫਿਰ ਲੰਘ ਜਾਵੇਗੀ। ਪਰ ਵਾੜ ਕਰੇਲੇ ਜਿਹੀ ਮਹੀਨ ਚੀਜ਼ ਮੇਰੇ ਮੋਟੇ ਦਿਮਾਗ ਵਿੱਚ ਟਿਕਦੀ ਨਹੀਂ ਸੀ। ਕਈ ਵਾਰੀ ਵਾੜ ਕਰੇਲੇ ਵਾੜ ਕਰੇਲੇ ਜਪਦਾ ਕੰਪਿਊਟਰ ਤੇ ਬੈਠਾ ਪਰ ਇੰਟਰਨੈੱਟ ਖੋਲ੍ਹਦਿਆਂ ਹੀ ਦੁਨੀਆ ਦੀ ਚਿੰਤਾ ਹੱਡ ਖਾਣ ਲੱਗ ਜਾਂਦੀ। ਅੱਜ ਸਵੇਰੇ ਧਮਕੀ ਦੇ ਮਾਰੀ ਸੀ ,"ਵਾੜ ਕਰੇਲੇ, ਨਹੀਂ ਤਾਂ ਆਖਰੀ ਮੇਲੇ।"
----
ਆਖਰ ਗੁੱਸਾ ਖਾ ਕੇ ਮੈਂ ਕੰਪਿਊਟਰ ਤੇ ਬੈਠ ਕੇ ਇੰਟਰਨੈੱਟ ਦਾ ਪ੍ਰਕਾਸ਼ ਕਰ ਹੀ ਲਿਆ। ਪਰ ਕੀ ਸੁਣਾਈਏ ਇਸ ਚੰਚਲ ਮਨ ਦੀ ਵਿਥਿਆ, ਖੋਤੀ ਤਾਂ ਮੋੜ ਘੇੜ ਕੇ ਬੋਹੜ ਥੱਲੇ ਆ ਬਹਿੰਦੀ ਹੈ ਪਰ ਇੰਟਰਨੈੱਟ ਖੋਲ੍ਹੀ ਬੈਠਾ ਖੋਤਾ ਮਜਾਲ ਹੈ ਇਕ ਵਾਰੀ ਜਿਸ ਸਾਈਟ ਤੋਂ ਚੱਲਿਆ ਪੂਰੀ ਦਿਹਾੜੀ ਲਾ ਕੇ ਵੀ ਮੁੜ ਉਸ ਤੇ ਵਾਪਸ ਆ ਜਾਵੇ। ਕਹਿੰਦੇ ਹਨ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ। ਪਰ ਇੰਟਰਨੈੱਟ ਦਾ ਤਾਂ ਕੰਮ ਹੀ ਭੁਲਾਉਣਾ ਹੈ, ਕਿਸੇ ਤਣ ਪੱਤਣ ਲਾਉਣਾ ਨਹੀਂ। ਇਕ ਵਾਰੀ ਮਊਸ ਤੇ ਉਂਗਲਾਂ ਦੇ ਪੋਟੇ ਰੱਖੇ ਨਹੀਂ, ਇਹ ਤੁਹਾਨੂੰ ਤੁਹਾਡੀਆਂ ਹੀ ਉਂਗਲਾਂ ਤੇ ਨਚਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਇਕ ਅਸਗਾਹ ਭਟਕਣ ਵੱਲ ਠੇਲ੍ਹ ਦਿੰਦਾ ਹੈ ਜਿਸਦੇ ਪੜਾਅ ਹੀ ਪੜਾਅ ਹਨ ਮੰਜ਼ਿਲ ਕੋਈ ਨਹੀਂ। ਕੁਝ ਇਸੇ ਤਰਾਂ ਵਿਚਾਰੇ ਸੁੜ ਸੁੜ ਕਰਦੇ ਕਵੀ ਜਗਤਾਰ ਦਾ ਹਾਲ ਹਵਾ ਨੇ ਕੀਤਾ ਸੀ:
ਮੈਨੂੰ ਗ਼ੁਬਾਰੇ ਵਾਂਗਰਾਂ ਉਡਾਈ ਫਿਰੇ ਹਵਾ
ਮੇਰੇ ਅੱਗੇ ਵੀ ਖ਼ਿਲਾਅ, ਮੇਰੇ ਪਿਛੇ ਵੀ ਖਿਲਾਅ
-----
ਮੈਂ ਇੰਟਰਨੈੱਟ ਚਾਲੂ ਕਰਦਿਆਂ ਹੀ ਗੂਗਲ ਵਿੱਚ 'ਵਾੜ ਕਰੇਲਿਆਂ ਦੇ ਬੀਅ' ਟਾਈਪ ਕਰ ਦਿੱਤਾ। ਪਲਕ ਝਮਕਦੇ ਹੀ ਕਰੇਲਿਆਂ ਦੇ ਬੀਅ ਵੇਚਦੀਆਂ ਦਰਜਣਾਂ ਦੁਕਾਨਾਂ ਦੀਆਂ ਸਾਈਟਾਂ ਦਾ ਵੇਰਵਾ ਆ ਗਿਆ। ਇਕ ਵਾਰੀ ਤਾਂ ਮੈਂ ਵਿਸਮਾਦ ਵਿਸਮਾਦ ਹੋ ਗਿਆ ਕਿ ਅਮਰੀਕਾ ਬੈਠੇ ਮੈਂ ਕਿੰਨੀ ਦੇਸੀ ਚੀਜ਼ ਪਾ ਲਈ ਹੈ ਜਿਵੇਂ ਐਂਜਲੀਨਾ ਜੌਲੀ ਦੇ ਸਿਰ ਵਿੱਚ ਜੂੰਆਂ ਦਿਸ ਪਈਆਂ ਹੋਣ। ਮੈਂ ਇਕ ਸਾਈਟ ਚੁਣੀ ਜਿਥੇ ਵਾੜ ਕਰੇਲਿਆਂ ਤੋਂ ਇਲਾਵਾ ਚੱਪਣਕੱਦੂ, ਤੁੰਮੇ, ਗੁੱਗਲ, ਤਾਂਦਲਾ, ਮਘਾਂ, ਕੜੀਪੱਤੇ ਆਦਿ ਦੇ ਬੀਅ ਮਿਲਦੇ ਸਨ। ਪਰ ਇਸ ਤੋਂ ਪਹਿਲਾਂ ਕਿ ਮੈਂ ਵਾੜ ਕਰੇਲਿਆਂ ਦੇ ਬੀਆਂ ਦਾ ਭਾਅ ਪਤਾ ਕਰਕੇ ਆਰਡਰ ਕਰਦਾ, ਮੇਰੀ ਨਜ਼ਰ ਸਬਜ਼ੀਆਂ ਬਾਰੇ ਚੁਟਕਲਿਆਂ ਦੇ ਇਕ ਲਿੰਕ ਤੇ ਪੈ ਗਈ। ਚੁਟਕਲੇ ਬੋਰ ਜ਼ਿੰਦਗੀ ਦਾ ਮਸਾਲਾ ਹਨ, ਪਹਿਲਾਂ ਇਨ੍ਹਾਂ ਨਾਲ ਮਨ ਕਰਾਰਾ ਕਰ ਲਈਏ ਫਿਰ ਵਾੜ ਕਰੇਲੇ ਵੀ ਦੇਖੇ ਜਾਣਗੇ। ਸਾਈਟ ਤੇ ਗਿਆ ਤਾਂ ਸਭ ਤੋਂ ਪਹਿਲਾਂ ਕਰੇਲਿਆਂ ਬਾਰੇ ਹੀ ਚੁਟਕਲਾ ਪੜ੍ਹਨ ਨੂੰ ਮਿਲਿਆ : ਇੱਕ ਵਾਰੀ ਸੰਤਾ ਆਪਣੇ ਦੋਸਤ ਬੰਤੇ ਦੇ ਘਰ ਰੋਟੀ ਤੇ ਗਿਆ। ਖਾਣੇ ਦੀ ਖਾਸ ਚੀਜ਼ ਭਰੇ ਹੋਏ ਕਰੇਲੇ ਸਨ। ਸੰਤੇ ਨੇ ਪਹਿਲਾਂ ਕਦੇ ਕਰੇਲੇ ਨਹੀਂ ਸਨ ਖਾਧੇ। ਉਹ ਲਪੇਟੇ ਹੋਏ ਧਾਗਿਆਂ ਸਮੇਤ ਛੇ ਕਰੇਲੇ ਡਕਾਰ ਗਿਆ। "ਸੁਆਦ ਆ ਗਿਆ ਭਾਬੀ ਜੀ।" ਸੰਤਾ ਕਹਿੰਦਾ। ਦੂਜੇ ਦਿਨ ਟਾਇਲਟ ਵਿੱਚ ਬੈਠਿਆਂ ਸੰਤੇ ਨੇ ਦੇਖਿਆ ਕਿ ਧਾਗੇ ਬਾਹਰ ਆ ਰਹੇ ਹਨ। ਡਰੇ ਹੋਏ ਸੰਤੇ ਨੇ ਪਤਨੀ ਨੂੰ ਵਾਜ ਮਾਰੀ,"ਮਰ ਗਿਆ ਧਰਮ ਕੌਰੇ ਮੈਂ ਤਾਂ, ਆਈਂ ਦੇਖੀਂ ਜ਼ਰਾ, ਮੈਂ ਤਾਂ ਉਧੜੀ ਜਾ ਰਿਹਾਂ, ਮੈਂ ਤਾਂ ਖ਼ਤਮ ਹੋ ਰਿਹਾਂ!"
-----
ਬੱਸ ਫਿਰ ਕੀ ਸੀ, ਦੇਹ ਗੇੜੀ ਤੇ ਗੇੜੀ ਚੁਟਕਲਿਆਂ ਵਾਲੀਆਂ ਸਾਈਟਾਂ ਤੇ। ਕੀ ਹੋਇਆ ਕਿ ਮੈਂ ਇਕ ਅਜੇਹੀ ਸਾਈਟ ਤੇ ਫੁਸਲਾਇਆ ਗਿਆ ਜਿਥੇ ਅਜੇਹੇ ਚੁਟਕਲੇ ਪੜ੍ਹਨ ਨੂੰ ਮਿਲੇ ਜਿਨਾਂ ਨੂੰ ਮੈਂ ਤਾਂ ਚੋਂਦੇ ਚੋਂਦੇ ਕਹਾਂਗਾ ਪਰ ਸ਼ਰੀਫ ਲੋਕ ਗੰਦੇ ਜਾਂ ਫਾਹਸ਼ ਤੇ ਸਾਹਿਤਕਾਰ ਫੈਸਲਾ ਨਹੀਂ ਕਰ ਸਕੇ ਅਜੇਹੇ ਮਸਾਲੇ ਨੂੰ ਅਸ਼ਲੀਲ ਆਖਣ ਜਾਂ ਲੱਚਰ। ਮੇਰਾ ਲੰਚ ਇਨ੍ਹਾਂ ਵਿੱਚ ਹੀ ਲੰਘ ਗਿਆ। ਸੁਆਦ ਸੁਆਦ ਹੋਇਆ ਪਤਾ ਨਹੀਂ ਮੈਂ ਕੀ ਕਲਿੱਕ ਕਰ ਬੈਠਾ ਕਿ ਮੈਂ ਦੋ ਕਦਮ ਹੋਰ ਅੱਗੇ ਗ਼ਰਕ ਗਿਆ। ਉਥੇ ਜੋ ਕੁਝ ਹੋ ਰਿਹਾ ਸੀ ਮੇਰੀ ਭੱਦਰ ਕਲਮ ਬਿਆਨ ਨਹੀਂ ਕਰ ਸਕਦੀ। ਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ ਕਿ ਜਦ ਮੈਂ ਭਦਰਪੁਰਸ਼ ਹੋਣ ਦਾ ਦਮ ਨਹੀਂ ਭਰਦਾ, ਮੇਰੀ ਕਲਮ ਕਿਉਂ ਭਦਰਤਾ ਦੀ ਸਿਆਹੀ ਵਿੱਚ ਰੰਗੀ ਪਈ ਹੈ। ਮੈਂ ਦੌੜ ਕੇ ਪੱਕਾ ਕੀਤਾ ਕਿ ਮੇਰੇ ਘਰ ਦੇ ਦੋਨੋਂ ਅਗਲੇ ਪਿਛਲੇ ਦਰਵਾਜ਼ਿਆਂ ਦੇ ਕੁੰਡੇ ਬੰਦ ਹਨ। ਹਰ ਰੰਗ, ਨਸਲ, ਦੇਸ, ਉਮਰ ਤੇ ਹਰ ਪਰਕਾਰ ਦੇ ਮਾਸ ਦਾ ਇਕ ਖੌਲਦਾ ਦਰਿਆ ਪੇਸ਼ ਪੇਸ਼ ਸੀ। ਮੈਂ ਕਿੰਨੇ ਤਰਾਂ ਦੀ ਹੋ ਰਹੀ ਮਾਸ-ਕ੍ਰੀੜਾ ਵਿੱਚ ਗੜੂੰਦ ਹੋ ਗਿਆ। ਸਾਈਟ ਤੋਂ ਝਿਲਮਿਲਾਉਂਦੀਆਂ ਨਗਨ ਹੁਸੀਨਾਵਾਂ ਦੇ ਮੈਨੂੰ ਬੁਲਾਵੇ ਆਉਣ ਲੱਗ ਪਏ, ਹਰ ਤਰ੍ਹਾਂ ਦੇ ਝਾਂਸੇ ਮਿਲ ਰਹੇ ਸਨ। ਉਤੇਜਤ ਕਰਨ ਲਈ ਹਰ ਸੰਭਵ ਸਮਾਨ ਵਰਤਿਆ ਜਾ ਰਿਹਾ ਸੀ। ਮੈਥੋਂ ਰਿਹਾ ਨਹੀਂ ਸੀ ਜਾ ਰਿਹਾ, ਸਬਰ ਟੁੱਟ ਰਿਹਾ ਸੀ, ਹਾਰ ਕੇ ਮੈਂ ਹਨੂਮਾਨ ਧਿਆਉਣ ਲੱਗ ਪਿਆ ਤੇ ਚੌਪਈ ਦਾ ਪਾਠ ਕਰਨ ਲੱਗਾ। ਤਦ ਹੀ ਪਤਾ ਲੱਗਾ ਜਦ ਸਕਰੀਨ ਤੇ ਇਕ ਠੱਪਾ ਲੱਗ ਗਿਆ:
"ਤੁਹਾਡੇ ਕੰਪਿਊਟਰ ਤੇ ਜ਼ਬਰਦਸਤ ਮਾਰੂ ਹਮਲਾ ਹੋਇਆ ਹੈ, ਇਸਨੂੰ ਬਚਾਉਣ ਲਈ ਸਾਡੇ ਵਾਇਰਸਨਾਸ਼ਕ ਦੇ ਗਾਹਕ ਬਣੋ, ਭੇਟਾ ਸਿਰਫ 9.99 ਡਾਲਰ, ਅਜ਼ਮਾਇਸ਼ ਮੁਫਤ। "
ਮੇਰੀ ਨੀਲੀ ਦੁਨੀਆ ਯਕਾ ਯਕ ਠੱਪ ਹੋ ਗਈ। ਤਣਿਆ ਹੋਇਆ ਤਨ ਮਨ ਝੂਠਾ ਪੈ ਗਿਆ। ਲਾਚਾਰ ਜਿਹਾ ਹੋਇਆ ਇਕ ਵਾਰੀ ਤਾਂ ਮੈਂ ਲੂਣ ਪਏ ਗੰਡੋਏ ਵਾਂਗ ਤੜਫਿਆ, ਪਰ ਆਪਣੇ ਆਪ ਨੂੰ ਸੰਭਾਲ ਲਿਆ।
-----
ਮੈਂ ਕੰਪਿਊਟਰੀ ਤਜਰਬੇ ਦੌਰਾਨ ਬਥੇਰੀਆਂ ਖਾਧੀਆਂ ਪੀਤੀਆਂ ਹਨ। ਮੈਨੂੰ ਪਤਾ ਸੀ ਇਹ ਗਿੱਦੜਭਬਕੀ ਹੈ, ਜੇ ਕੋਈ ਮਾਰੂ ਹਮਲਾ ਹੋਇਆ ਹੈ ਤਾਂ ਇਸ ਲੁੱਚੀ ਸਾਈਟ ਦਾ ਹੀ ਕਾਰਾ ਹੈ। ਇਸ ਠੱਪੇ ਨੂੰ ਬੰਦ ਕਰਨ ਲਈ ਅਨੇਕਾਂ ਵਾਰੀ ਮੈਂ ਇਸਦੇ ਕਾਟੇ ਤੇ ਕਲਿੱਕ ਕੀਤਾ ਪਰ ਇਹ ਢੀਠ ਬਹਿੰਕੜ ਬੌਲਦ ਵਾਂਗ ਜ਼ਿੱਦ ਕਰਕੇ ਬੈਠ ਗਿਆ, ਟੱਸ ਤੋਂ ਮੱਸ ਨਾ ਹੋਵੇ। ਸਾਡਾ ਵਾਇਰਸਨਾਸ਼ਕ ਖਰੀਦੋ ਤਾਂ ਉਠਾਂਗਾ। ਪਰ ਕੁਝ ਚਿਰ ਪਿਛੋਂ ਪਤਾ ਨਹੀਂ ਇਸ ਦੇ ਆਪਣੇ ਹੀ ਮਨ ਸੁਮੱਤਿਆ ਆਈ, ਇਹ ਛਪਨ ਹੀ ਹੋ ਗਿਆ। ਮੈਂ ਸੁਖ ਦਾ ਸਾਹ ਲਿਆ ਕਿ ਅਚਾਨਕ ਕੰਪਿਊਟਰ ਚੋਂ ਸੰਦੇਸ਼ਾ ਮਿਲਿਆ,"ਤੁਹਾਡੀ ਮੇਲ ਆਈ ਹੈ।" ਮੈਂ ਆਪਣੀ ਈਮੇਲ ਚੈੱਕ ਕਰਨ ਲੱਗ ਪਿਆ। ਪੰਜਾਬ ਤੋਂ ਇਕ ਦੋਸਤ ਦਾ ਸੁਨੇਹਾ ਸੀ ਕਿ ਉਸਨੇ ਮੇਰੇ ਕਹਿਣ ਤੇ ਕਿਸੇ ਬੰਦੇ ਹੱਥ ਕੁਝ ਦੇਸੀ ਦਵਾਈਆਂ ਭੇਜ ਦਿੱਤੀਆਂ ਹਨ। ਉਹ ਬੰਦਾ ਮੇਰੇ ਹੀ ਸ਼ਹਿਰ ਰਹਿੰਦਾ ਹੈ ਤੇ ਉਸਦਾ ਪਤਾ ਵੀ ਲਿਖ ਭੇਜਿਆ ਸੀ।
-----
ਈਮੇਲ ਬੰਦ ਕਰਕੇ ਮੈਂ ਬੰਦੇ ਦੇ ਘਰ ਦੀਆਂ ਡਾਇਰੈਕਸ਼ਨਾਂ ਲੈਣ ਲਈ ਆਪਣੇ ਵਲੋਂ ਯਾਹੂ ਮੈਪ ਕਲਿਕ ਕੀਤਾ ਪਰ ਨਿਕਲ ਆਇਆ ਯਾਹੂ ਨਿਊਜ਼। ਬੱਸ ਫਿਰ ਕੀ ਸੀ ਖਬਰਾਂ ਪੜ੍ਹਦਾ ਪੜ੍ਹਦਾ ਮੈਂ ਚੰਦ ਵਾਲੀ ਖਬਰ ਤੇ ਫਿਰ ਧਰਤੀ ਹੇਠਲੇ ਪਾਣੀ ਵਾਲੀ ਖ਼ਬਰ ਤੇ ਚਲਾ ਗਿਆ। ਗੱਲ ਕੀ ਵਾੜ ਕਰੇਲਿਆਂ ਦੇ ਬੀਅ ਢੂੰਡਣ ਗਿਆ ਮੈਂ ਕਈ ਗਲੀਆਂ ਕੁੰਜ-ਗਲੀਆਂ ਚੋਂ ਲੰਘਦਾ ਨਾਸਾ ਤੇ ਪਹੁੰਚ ਗਿਆ। ਮੋਹਨ ਸਿੰਘ ਦੇ ਗੀਤ ਦੇ ਬੋਲ ਯਾਦ ਆਏ: ਆਇਆ ਨੀ ਖੌਰੇ ਅੰਬਰ ਘੁੰਮ ਘੁੰਮ ਕਿਹੜੇ।
-----
ਸੋਚਣ ਲਗਾ ਮੈਂ ਅੱਠ ਘੰਟੇ ਇੰਟਰਨੈੱਟ ਤੇ ਗਾਲ ਦਿਤੇ, ਕੀ ਲੱਭਾ? ਸਾਡੀ ਲੋਕ ਬੋਲੀ ਵਿੱਚ ਪਾਏ ਜਾਂਦੇ ਸਵਾਲ, ਬਾਰੀਂ ਬਰਸੀ ਖਟਣ ਗਿਆ ਸੀ, ਕੀ ਖਟ ਲਿਆਇਆ? ਦਾ ਜਵਾਬ ਬਹੁਤ ਤੁਛ ਜਿਹੀ ਚੀਜ਼ ਹੁੰਦਾ ਹੈ। ਸ਼ਾਇਦ ਏਹੀ ਹਾਲ ਇੰਟਰਨੈੱਟ ਦਾ ਹੈ। ਮੈਂ ਕਿਧਰ ਕਿਧਰ ਗਿਆ ਪਰ ਕਿਸੇ ਚੀਜ਼ ਦਾ ਲੜ ਸਿਰਾ ਨਹੀਂ ਫੜਿਆ। ਬਾਹਰ ਮੀਂਹ ਵਰ੍ਹਦਾ ਹੈ ਜਾਂ ਸੁੱਕ ਪਕਾ ਹੈ, ਹੁਣ ਸਵੇਰ ਹੈ ਜਾਂ ਸ਼ਾਮ, ਘਰ ਕੌਣ ਆਇਆ ਕੌਣ ਗਿਆ, ਕੋਈ ਸੁਰਤ ਨਹੀਂ। ਬੱਸ ਮਊਸ ਦੇ ਪਿਛੇ ਲੱਗ ਗੁਬਾਰੇ ਵਾਂਗ ਪਰਵਾਜ਼ ਭਰਦਾ ਸੁੰਨੇ ਅਕਾਸ਼ ਦੇ ਰਕਬੇ ਤਰਦਾ ਰਿਹਾ। ਮਊਸ ਵਿਚਾਰੇ ਦਾ ਵੀ ਕੀ ਦੋਸ਼ ਉਹ ਤਾਂ ਜਦ ਵੀ ਮੈਂ ਉਸ ਤੇ ਉਂਗਲੀ ਦੱਬਦਾ ਸੀ ਕਹਿੰਦਾ ਸੀ 'ਟਿਕ', ਬਸ ਮੈਂ ਆਪ ਹੀ ਸਾਂ ਜੋ ਅਟਿਕ ਬਣਿਆ ਪਿਆ ਸਾਂ। ਮਨੋ-ਚਕਿਤਸਕ ਕਹਿੰਦੇ ਹਨ ਕਿ ਇੰਟਰਨੈੱਟ ਦੀ ਮਟਰਗਸ਼ਤੀ ਸ਼ਰਾਬਨੋਸ਼ੀ ਵਾਂਗ ਇਕ ਗੰਭੀਰ ਮਨੋਰੋਗ ਬਣ ਚੁੱਕਾ ਹੈ ਤੇ ਮਨੋ-ਚਕਿਤਸਕਾਂ ਤੋਂ ਇਸਦਾ ਇਲਾਜ ਕਰਾਉਣਾ ਨਹਾਇਤ ਜ਼ਰੂਰੀ ਹੈ।ਇੰਟਰਨੈੱਟ ਛੇੜ ਛਾੜ ਕਰਕੇ ਸਾਡਾ ਤੰਤੂ ਪ੍ਰਬੰਧ ਵਿਗਾੜੀ ਜਾ ਰਿਹਾ ਹੈ, ਸਾਡੀ ਯਾਦਦਾਸ਼ਤ ਨੂੰ ਨਵੀਂ ਤਰਤੀਬ ਦੇ ਰਿਹਾ ਹੈ। ਇਸ ਸੂਰਤੇ-ਹਾਲ ਵਿੱਚ ਉਡਦਿਆਂ ਨੂੰ ਫੜਨ ਫੜਨ ਕਰਦਾ ਚਿੱਤ ਕਿਸੇ ਚੀਜ਼ ਤੇ ਇਕਾਗਰ ਨਹੀਂ ਹੋ ਸਕਦਾ। ਗੂਗਲ ਤੇ ਹੋਰ ਖੋਜ ਇੰਜਣਾਂ ਦੇ ਆਪਣੇ ਸੁਆਰਥੀ ਹਿਤ ਹਨ: ਜਿੰਨਾ ਜ਼ਿਆਦਾ ਭਟਕੋਗੇ ਓਨੇ ਇਨ੍ਹਾਂ ਦੇ ਇਸ਼ਤਿਹਾਰਾਂ ਦੇ ਮਾਇਆਜਾਲ ਵਿੱਚ ਖਚਿਤ ਹੁੰਦੇ ਜਾਵੋਗੇ। ਤੁਸੀਂ ਕਦੀ ਤਾਂ ਕਿਸੇ ਇਸ਼ਤਿਹਾਰ ਤੋਂ ਭਰਮਾਏ ਹੀ ਜਾਵੋਗੇ। ਇਨ੍ਹਾਂ ਖੋਜ ਇੰਜਣਾਂ ਦੇ ਪੌਂ ਬਾਰਾਂ ਰਹਿਣੇ ਹਨ। ਅਜਿਹੀ ਅਸਗਾਹ ਭਟਕਣ ਵਿੱਚ ਤੁਸੀਂ ਤਾਲਸਤਾਇ ਦੇ 'ਜੰਗ ਤੇ ਅਮਨ' ਜਾਂ ਭਾਈ ਵੀਰ ਸਿੰਘ ਦੇ 'ਭਾਈ ਨੌਧ ਸਿੰਘ' ਜਿਹੀਆਂ ਗੰਭੀਰ ਤੇ ਲੰਮੀਆਂ ਲਿਖਤਾਂ ਨਹੀਂ ਪੜ੍ਹ ਸਕਦੇ।
-----
ਮੈਂ ਭਰਜਾਈ ਨੂੰ ਚਾਹ ਦਾ ਕੱਪ ਫੜਾਉਣ ਲੱਗਿਆ ਪਰ ਉਸਦੀਆਂ ਪਾੜਖਾਣੀਆਂ ਅੱਖਾਂ ਦੀ ਤਾਬ ਨਾ ਝੱਲ ਸਕਿਆ। ਮੈਂ ਨੀਵੀਂ ਪਾ ਲਈ। ਉਸਨੇ ਚਾਹ ਦਾ ਕੱਪ ਫੜਦਿਆਂ ਹੀ ਮੇਜ਼ ਤੇ ਰੱਖ ਦਿੱਤਾ। ਜੀਅ ਕੀਤਾ ਉਸਦੇ ਅੱਗੇ ਡੰਡੌਤ ਕਰਾਂ ਤੇ ਹੁਣੇ ਉਸਦੇ ਸਾਹਮਣੇ ਵਾੜ ਕਰੇਲੇ ਦੇ ਬੀਆਂ ਦਾ ਆਰਡਰ ਦੇ ਦੇਵਾਂ। ਪਰ ਉਸਨੇ ਆਪਣਾ ਪਰਸ ਖੋਲ੍ਹ ਲਿਆ ਤੇ ਫਿਰ ਉਸ ਵਿਚੋਂ ਇਕ ਹੋਰ ਛੋਟਾ ਪਰਸ ਕਢ ਲਿਆ। ਉਸਨੂੰ ਖੋਲ੍ਹਕੇ ਬੱਲਾ ਰੱਤੇ ਇਕ ਕਾਗਜ਼ ਦੀ ਪੁੜੀ ਕੱਢ ਲਈ। ਪਤਾ ਨਹੀਂ, ਜੀਉ ਡਰਤੁ ਹੈ, ਆਖਰੀ ਮੇਲਾ ਜਿਹਾ ਕੁਝ ਲਿਖਿਆ ਹੋਵੇਗਾ ਇਸ ਉੱਤੇ। ਕਾਗਜ਼ ਦੀ ਪੁੜੀ ਖੋਲ੍ਹਕੇ ਮੇਰੀਆਂ ਅੱਖਾਂ ਦੇ ਸਾਹਮਣੇ ਕਰਦਿਆਂ ਹੋਇਆਂ ਆਖਿਓਸ,"ਕੀ ਤੈਨੂੰ ਜ਼ਿੰਦਗੀ ਵਿਚ ਇਕ ਵਾਰ ਇਕ ਛੋਟਾ ਜਿਹਾ ਕੰਮ ਕਹਿ ਬੈਠੀ। ਕੰਨਾਂ ਨੂੰ ਹੱਥ ਲਾਏ ਜੇ ਮੁੜਕੇ ਤੈਨੂੰ ਕੁਝ ਆਖ ਜਾਵਾਂ। ਮੇਰੀਆਂ ਸਹੇਲੀਆਂ ਕਈ ਦਰਜੇ ਚੰਗੀਆਂ। ਕੁਲਦੀਪ ਇੰਡੀਆ ਤੋਂ ਮੁੜੀ ਹੈ ਕੱਲ੍ਹ ਤੇ ਉਸਨੇ ਵਾੜ ਕਰੇਲਿਆਂ ਦੇ ਬੀਅ ਲਿਆਂਦੇ ਹਨ। ਆਹ ਦੇਖ, ਦੋ ਬੀਅ ਮੈਨੂੰ ਵੀ ਦੇ ਦਿੱਤੇ ਹਨ। ਤੇਰੇ ਭਰੋਸੇ ਰਹਿੰਦੀ ਤਾਂ ਮੈਂ ਵੱਤ ਹੀ ਲੰਘਾ ਦੇਣੀ ਸੀ।" ਪੁੜੀ ਚ ਪਏ ਲਾਲਾਂ ਜਿਹੇ ਦੋ ਬੀਅ ਮੇਰੇ ਵੱਲ ਘੂਰ ਰਹੇ ਸਨ।