ਲੇਖ
ਵਾਰਿਸ ਸ਼ਾਹ ਦਾ ਜਨਮ ਸ਼ੇਖੂਪੁਰਾ (ਹੁਣ ਪਾਕਿਸਤਾਨ) ਤੋਂ 8 ਮੀਲ ਦੂਰ ਲਹਿੰਦੇ ਵੱਲ ਪਿੰਡ ਜੰਡਿਆਲਾ ਸ਼ੇਰ ਖਾਂ ਵਿਖੇ ਇਕ ਸਈਅਦ ਘਰਾਣੇ ਦੇ ਕੁਤਬ ਸ਼ਾਹ ਦੇ ਘਰ 1735 ਈ. (1250 ਹਿਜਰੀ) ਵਿਚ ਹੋਇਆ। ਇਹ ਸਾਂਦਲ ਬਾਰ ਦੇ ਇਲਾਕੇ ਵਿਚ ਹੈ। ਇਸ ਦੇ ਲਾਗੇ ਹੀ ਹਰਨ ਮੁਨਾਰਾ ਹੈ, ਜਿੱਥੇ ਜਹਾਂਗੀਰ ਬਾਦਸ਼ਾਹ ਸ਼ਿਕਾਰ ਖੇਡਣ ਆਇਆ ਕਰਦਾ ਸੀ ਅਤੇ ਸ੍ਰੀ ਨਨਕਾਣਾ ਸਾਹਿਬ ਵੀ ਏਥੋਂ ਬਹੁਤੀ ਦੂਰ ਨਹੀਂ ਹੈ, ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਇਤਿਹਾਸਕ ਪੱਖੋਂ ਮਸ਼ਹੂਰ ਏਸੇ ਇਲਾਕੇ ਵਿਚ ਮਹਾਰਾਣੀ ਜਿੰਦਾਂ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਕ਼ੈਦ ਰਹੀ ਸੀ। ਇਹ ਪਿੰਡ ਅਕਬਰ ਬਾਦਸ਼ਾਹ ਦੇ ਉੱਘੇ ਮੁਲਾਜ਼ਮਾਂ ਵਿਚੋਂ ਸ਼ੇਰ ਖਾਂ ਪਠਾਨ ਨੇ ਆਬਾਦ ਕੀਤਾ ਸੀ ਤੇ ਇਹਦਾ ਨਾਂ ਓਸ ਵੇਲੇ ਸ਼ੇਰ ਕੋਟ ਸੀ ਪਰ ਸਾਬਤ ਹੁੰਦਾ ਏ ਕਿ ਏਥੇ ਪਹਿਲਾਂ ਕੋਈ ਥੇਹ ਸੀ ਜਿਹੜਾ ਜੰਡਿਆਲਾ ਨਾਂ ਨਾਲ ਮਸ਼ਹੂਰ ਸੀ ਤੇ ਵਿਰਕ ਕੌਮ ਨੇ ਆਬਾਦ ਕੀਤਾ ਸੀ।
-----
ਸ਼ੇਰ ਖਾਂ ਨੇ ਇਕ ਬਾਉਲੀ ਵੀ ਬਣਵਾਈ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਾਉਲੀ 976 ਹਿਜਰੀ ਵਿਚ ਬਣੀ ਹੋ ਸਕਦੀ ਹੈ।ਸਿੱਖਾਂ ਦੇ ਜ਼ੋਰ ਸਮੇਂ ਏਥੇ ਮੱਜਾ ਸਿੰਘ ਦਾ ਕਬਜ਼ਾ ਹੋ ਗਿਆ ਸੀ। ਉਹਦੇ ਬਾਅਦ 1841 ਬਿਕਰਮੀ ਵਿਚ ਮਹਾਂ ਸਿੰਘ ਨੇ ਇਹ ਕਸਬਾ ਫਤਿਹ ਕਰ ਕੇ ਅਰੂੜਾ ਸਿੰਘ ਕੜਿਆਲਾ ਨੂੰ ਜਾਗੀਰ ਵਿਚ ਦੇ ਦਿੱਤਾ ਸੀ ਤੇ ਉਸ ਸਮੇਂ ਇਹ ਛੇ ਬਸਤੀਆਂ ਦੀ ਇਕ ਬਸਤੀ ਬਣ ਕੇ ਜੰਡਿਆਲਾ ਮਸ਼ਹੂਰ ਹੋ ਗਿਆ। ਕਸਬੇ ਦੀ ਬਹੁਤੀ ਵਸੋਂ ਪਠਾਣਾਂ ਦੀ ਹੈ। ਮੁੱਢਲੀ ਤਾਲੀਮ ਵਾਰਿਸ ਸ਼ਾਹ ਨੇ ਆਪਣੇ ਏਸੇ ਪਿੰਡ ਵਿਚੋਂ ਈ ਹਾਸਲ ਕੀਤੀ ਅਤੇ ਉੱਚੀ ਤਾਲੀਮ ਦੀ ਲਗਨ ਉਹਨਾਂ ਨੂੰ ਕਸੂਰ ਲੈ ਗਈ, ਜਿੱਥੇ ਮਖਦੂਮ ਗ਼ੁਲਾਮ ਅਲੀ ਮਹੀ-ਉਲ-ਦੀਨ ਕਸੂਰੀ ਦਾ ਫ਼ੈਜ਼ ਜਾਰੀ ਸੀ ਓਸ ਵੇਲੇ ਲਾਹੌਰ, ਮੁਲਤਾਨ ਤੇ ਕਸੂਰ ਵਿਚ ਈ ਵੱਡੀਆਂ ਦਰਸਗਾਹਾਂ ਸਨ। ਆਪ ਵੀ ਵਾਰਿਸ ਸ਼ਾਹ ਨੇ ਕਿਹਾ ਹੈ, "ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ ਤੇ ਸ਼ਾਗਿਰਦ ਮਖ਼ਦੂਮ ਕਸੂਰ ਦਾ ਈ" ਵਾਰਿਸ ਨੂੰ ਕਸੂਰ, ਆਪਣੀ ਦਰਸਗਾਹ ਅਤੇ ਆਪਣੇ ਉਸਤਾਦ ਨਾਲ ਬੜਾ ਮੋਹ ਸੀ। ਇਸ ਦਾ ਪ੍ਰਮਾਣ ਇਸ ਸਤਰ ਤੋਂ ਮਿਲਦਾ ਹੈ :"ਡੇਰਾ ਬਖ਼ਸ਼ੀ ਦਾ ਮਾਰ ਕੇ ਲੁੱਟ ਲੀਤਾ ਪਾਈ ਫਤਿਹ ਪਠਾਨ ਕਸੂਰ ਦੇ ਨੇ""ਸਾਰੇ ਮੁਲਕ ਖ਼ਰਾਬ ਪੰਜਾਬ ਵਿਚੋਂ ਮੈਨੂੰ ਬੜਾ ਅਫ਼ਸੋਸ ਕਸੂਰ ਦਾ ਏ।"
-----
ਵਾਰਿਸ ਸ਼ਾਹ ਨੂੰ ਆਪਣੇ ਜੱਦੀ ਪਿੰਡ ਜੰਡਿਆਲੇ ਨਾਲ ਵੀ ਬੜਾ ਮੋਹ ਸੀ। ਏਸ ਮੋਹ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਉਹਦੇ ਵੱਡੇ ਵਡੇਰਿਆਂ ਦੀਆਂ ਕਬਰਾਂ ਉਥੇ ਮੌਜੂਦ ਸਨ। ਜੰਡਿਆਲੇ ਦੀਆਂ ਬਾਉਲੀਆਂ ਤੇ ਹੋਰ ਯਾਦਗਾਰਾਂ ਵਾਰਿਸ ਸ਼ਾਹ ਦੇ ਭੂਤ ਕਾਲ ਦੀਆਂ ਨਿਸ਼ਾਨੀਆਂ ਸਨ। ਏਸੇ ਲਈ ਵਾਰਿਸ ਸ਼ਾਹ ਬੜੇ ਯਕੀਨ ਅਤੇ ਗੌਰਵ ਨਾਲ ਆਪਣੇ ਪਿੰਡ ਬਾਰੇ ਕਹਿੰਦਾ ਹੈ: "ਅਹਿਮਦ ਸ਼ਾਹ ਅਜ ਗੈਬ ਥੀਂ ਆਣ ਪੌਸੀ ਰੱਬ ਰੱਖ ਜੰਡਿਆਲੇ ਨੂੰ ਲੈਸਿਆ ਵੇ" ਨਾਂ ਮੁਨਸਫ਼ ਸਈਅਦ ਵਾਰਿਸ ਵਿਚ ਜੰਡਿਆਲੇ ਵੱਸੇ ਜਿਹੜਾ ਸ਼ੇਰ ਖਾਂ ਗਾਜ਼ੀ ਬਧਾ ਸਭ ਕੁ ਓਥੇ ਦੱਸੇ ਰੱਬਾ ਰੋਜ਼ ਕਿਆਮਤ ਤੀਕ ਵਸਾਏ ਸ਼ਹਿਰ ਜੰਡਿਆਲਾ ਕਾਈ ਆਫ਼ਤ ਪਵੇ ਨਾ ਉਸ ਤੇ ਵੱਸੇ ਨਿੱਤ ਸੁਖਾਲਾ।
-----
ਖੋਜ ਅਨੁਸਾਰ ਸ਼ਾਹ ਲਤੀਫ਼ ਭਟਾਈ, ਸਚੱਲ ਧਰਮਤ, ਬੁੱਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਦਾ ਦੌਰ ਇੱਕੋ ਈ ਸੀ। ਇਹ ਸਮਾਂ ਮੁਗ਼ਲ ਰਾਜ ਦੇ ਜ਼ਵਾਲ ਦਾ ਸਮਾਂ ਸੀ ਅਤੇ ਦਿੱਲੀ ਅਤੇ ਆਗਰੇ ਵਿਚ ਉਸ ਵੇਲੇ ਮੀਰ, ਇਨਸ਼ਾ, ਜੁਰਅਤ, ਮਸਹਫ਼ੀ ਆਦਿ ਉਰਦੂ ਦੇ ਸ਼ਾਇਰ ਆਪਣਾ ਕਲਾਮ ਰਚ ਰਹੇ ਸਨ। ਉਹਨਾਂ ਦੀ ਸ਼ਾਇਰੀ ਦੀ ਬੁਨਿਆਦ ਫ਼ਾਰਸੀ ਸੀ ਪਰ ਬਹਾਦਰ ਪੰਜਾਬੀ ਵਾਰਿਸ ਸ਼ਾਹ ਦੀ ਸ਼ਾਇਰੀ ਦੀ ਬੁਨਿਆਦ ਇਹਦੇ ਆਪਣੇ ਆਲੇ-ਦੁਆਲੇ ਦੇ ਪੰਜਾਬ ਦੇ ਲੋਕ, ਆਪਣੇ ਰੁੱਖ, ਆਪਣੇ ਪੌਦੇ, ਆਪਣੇ ਪੰਛੀ, ਆਪਣੀਆਂ ਰਾਹਵਾਂ, ਆਪਣੇ ਰਸਮੋ-ਰਿਵਾਜ਼, ਆਪਣਾ ਪੰਜਾਬੀ ਸਭਿਆਚਾਰ ਤੇ ਆਪਣੇ ਖੇਤ ਤੇ ਉਹਨਾਂ ਵਿਚ ਉੱਗਣ ਵਾਲੀਆਂ ਫ਼ਸਲਾਂ ਸਨ। ਆਲੇ ਦੁਆਲੇ ਚਰਨ ਫਿਰਨ ਵਾਲੇ ਪਸ਼ੂ, ਪੰਛੀ ਤੇ ਪੰਜਾਬ ਦਾ ਲੋਕ ਸੁਭਾਅ, ਲੋਕ, ਪਿੰਡਾਂ ਨੂੰ ਕੋਈ ਵੀ ਕਵੀ ਅੱਜ ਤੀਕ ਵਾਰਿਸ ਦੇ ਮੁਕਾਬਲੇ ਤੇ ਪੇਸ਼ ਨਹੀਂ ਕਰ ਸਕਿਆ।
-----
ਵਾਰਿਸ ਸ਼ਾਹ ਨੂੰ ਆਪਣੇ ਦੇਸ਼ ਨਾਲ ਵੀ ਬਹੁਤ ਪਿਆਰ ਸੀ।"ਸ਼ਕਰ ਗੰਜ ਤੇ ਆਣ ਮੁਕਾਮ ਕੀਤਾ ਦੁੱਖ ਦਰਦ ਪੰਜਾਬ ਦਾ ਦੂਰ ਏ ਜੀ।"ਵਾਰਿਸ ਸ਼ਾਹ ਨੇ ਭਾਵੇਂ ਹੀਰ ਦੇ ਕਿੱਸੇ ਰਾਹੀਂ ਹੀਰ ਨੂੰ ਰਹਿੰਦੀ ਦੁਨੀਆ ਤੀਕ ਅਮੀਰ ਕਰ ਦਿੱਤਾ ਪਰ ਕੁਲ ਨੂੰ ਦਾਗ਼ ਲਾਉਣ ਵਾਲੀ ਧੀ ਬਾਰੇ ਵਾਰਿਸ ਸ਼ਾਹ ਇਹ ਕਹੈ ਬਗ਼ੈਰ ਨਹੀਂ ਰਹਿ ਸਕਿਆ,
"ਵਾਰਿਸ ਸ਼ਾਹ ਜਿਹੜੀ ਧੀ ਬੁਰੀ ਹੋਵੇ, ਦਈਏ ਰੋੜ੍ਹ ਸਮੁੰਦਰੋਂ ਪਾਰ ਮੀਆਂ" ਅਤੇ "ਵਾਰਿਸ ਸ਼ਾਹ ਅਹਿ ਤਰੈ ਈ ਝੂਠ ਜਾਣੋ ਕੌਲ ਜੱਟ, ਸੁਨਿਆਰ, ਕਸਾਈਆਂ ਦਾ।" ਵਾਰਿਸ ਸ਼ਾਹ ਆਪਣੇ ਅਤੇ ਪਿਤਾ ਬਾਰੇ ਲਿਖਦਾ ਹੈ:"ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ ਪਿਆ ਮਰੇਂਗਾ ਕੁਤਬ ਦਿਆ ਬੇਟਿਆ ਓਏ।"
----
ਕਸੂਰ ਤੋਂ ਤਾਅਲੀਮ ਹਾਸਿਲ ਕਰਕੇ ਵਾਰਿਸ ਸ਼ਾਹ ਪਾਕਪਟਨ ਚਲੇ ਗਏ ਅਤੇ ਉਥੇ ਹਜ਼ਰਤ ਬਾਬਾ ਫ਼ਰੀਦ ਗੰਜ ਸ਼ਕਰ ਹੋਰਾਂ ਦੇ ਆਸਤਾਨੇ ਤੋਂ ਰੂਹਾਨੀ ਫੈਜ਼ ਪ੍ਰਾਪਤ ਕੀਤਾ।ਲਿਖਦੇ ਹਨ, "ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰ ਗੰਜ ਮਸਊਦ ਭਰਪੂਰ ਹੈ ਜੀ।" ਵਾਰਿਸ ਵਾਪਸੀ ਤੇ ਠਠ ਜਾਹਨ ਰੁਕ ਗਏ ਤੇ ਇਕ ਛੋਟੀ ਜਿਹੀ ਮਸੀਤ ਵਿਚ ਡੇਰਾ ਲਾ ਕੇ ਦੀਨ ਦੀ ਤਾਲੀਮ ਦੇਣੀ ਸ਼ੁਰੂ ਕਰ ਦਿੱਤੀ। ਏਥੇ ਭਾਗ ਭਰੀ ਨਾਂ ਦੀ ਇਕ ਔਰਤ ਨਾਲ ਪਿਆਰ ਹੋ ਗਿਆ ਤੇ ਏਸ ਪਿਆਰ ਦਾ ਪ੍ਰਤਿਕਰਮ ਇਹ ਹੋਇਆ ਕਿ ਵਾਰਿਸ ਨੇ ਆਪਣੇ ਦਿਲ ਦੀ ਭੜਾਸ ਬਾਹਰ ਕੱਢਣ ਲਈ ਹੀਰ ਰਾਂਝੇ ਦੀ ਕਥਿਤ ਕਹਾਣੀ ਦਾ ਆਸਰਾ ਲਿਆ। ਤਦੋਂ ਸ਼ੌਕ ਹੋਇਆ ਕਿੱਸਾ ਜੋੜਨੇ ਦਾ ਜਦੋਂ ਇਸ਼ਕ ਦੀ ਗੱਲ ਇਜ਼ਹਾਰ ਹੋਈ, ਜਾਂ ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗ ਭਰੀਏ ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ, ਜਾਂ ਵਾਰਿਸ ਸ਼ਾਹ ਫ਼ਕੀਰ ਦੀ ਅਕਲ ਕਿੱਥੇ ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੇ।”
-----
ਭਾਗ ਭਰੀ ਦਾ ਅਸਲ ਨਾਂ ਭਾਗਵੰਤੀ ਸੀ। ਉਹ ਹਿੰਦੂ ਘਰਾਣੇ ਨਾਲ ਸੰਬੰਧ ਰੱਖਦੀ ਸੀ। ਇਹ ਖ਼ਾਨਦਾਨ ਢਕੋ ਅਖਵਾਂਦਾ ਸੀ। ਏਸ ਹਿੰਦੂ ਖ਼ਾਨਦਾਨ ਵਿਚੋਂ ਇਕ ਘਰਾਣਾ ਮੁਸਲਮਾਨ ਹੋਇਆ ਸੀ ਜੀਹਦੀ ਕੁੜੀ ਵਿਚੋਂ ਇਕ ਬੰਦੇ ਦੀ ਉਮਰ ਸੌ ਸਾਲ ਤੋਂ ਵੱਧ ਸੀ। ਵਾਰਿਸ ਸ਼ਾਹ ਹੁਰੀਂ ਪਾਕਪਟਨ ਤੋਂ ਹੋ ਕੇ ਤੇ ਉਸਤਾਦ ਨੂੰ ਸਲਾਮ ਕਰ ਕੇ ਜੰਡਿਆਲਾ ਸ਼ੇਰ ਖਾਂ ਚਲੇ ਗਏ। ਉਹਨਾਂ ਦੇ ਉਥੋਂ ਚਲੇ ਜਾਣ ਦੇ ਬਾਅਦ ਭਾਗਵੰਤੀ 9 ਵਰ੍ਹੇ ਜਿਉਂਦੀ ਰਹੀ। ਇਹ ਨੌਂ ਸਾਲ ਉਸ ਸ਼ਾਹ ਹੋਰਾਂ ਦੀ ਯਾਦ ਵਿਚ ਗੁਜ਼ਾਰ ਦਿੱਤੇ ਕਿ ਅਚਾਨਕ ਇਕ ਦਿਨ ਫਜਰ ਦੀ ਨਮਾਜ਼ ਪੜ੍ਹ ਕੇ ਬੈਠੀ ਸੀ ਤੇ ਰੂਹ ਉਡਾਰੂ ਹੋ ਗਈ ਤੇ ਉਹ ਅਗਲੇ ਜਹਾਨ ਅੱਪੜ ਗਈ। ਇਹ ਗੱਲ 1180-90 ਹਿਜਰੀ ਦੀ ਹੈ, ਜਿਸ ਵੇਲੇ ਇਸ਼ਕ ਦੀ ਇਹ ਗੱਲ ਆਮ ਹੋ ਗਈ। ਸ਼ਾਹ ਸਾਹਿਬ ਮਲਕਾ ਹਾਂਸ ਚਲੇ ਗਏ ਤੇ ਉਸੇ ਥਾਂ ਕਿਤਾਬ ਪੂਰੀ ਕੀਤੀ। ਇਹ ਸਦਾ ਬਹਾਰ ਸ਼ਾਹਕਾਰ 1761 ਈ। (1181 ਹਿਜਰੀ) ਦਾ ਦੱਸਿਆ ਜਾਂਦਾ ਹੈ।
-----
ਕਿਤਾਬ ਪੂਰੀ ਕਰ ਕੇ ਆਪ ਆਪਣੇ ਉਸਤਾਦ ਦੀ ਖ਼ਿਦਮਤ ਵਿਚ ਹਾਜ਼ਰ ਹੋਏ। ਕਿੱਸੇ ਦੀ ਸ਼ੁਹਰਤ ਪਹਿਲਾਂ ਹੀ ਉਥੇ ਅੱਪੜ ਗਈ ਸੀ।ਮਖਦੂਮ ਸਾਹਿਬ ਨੇ ਨਾਰਾਜ਼ਗੀ ਦੀ ਰੌਂ ਵਿਚ ਕਿਹਾ, "ਵਾਰਸ ਤੂੰ ਮੇਰੀ ਮਿਹਨਤ ਐਵੇਂ ਈ ਗੁਆਈ। ਬੁੱਲ੍ਹੇ ਸ਼ਾਹ ਨੂੰ ਪੜ੍ਹਾਇਆ, ਉਹਨੇ ਸਾਰੰਗੀ ਫੜ ਲਈ। ਤੈਨੂੰ ਪੜ੍ਹਾਇਆ, ਤੂੰ ਹੀਰ ਬਣਾ ਦਿੱਤੀ।" ਫੇਰ ਹੁਕਮ ਦਿੱਤਾ ਕਿ ਹੀਰ ਦੇ ਕੁਝ ਸ਼ਿਅਰ ਸੁਣਾ ਤੇ ਵਾਰਿਸ ਸ਼ਾਹ ਨੇ ਸ਼ਿਅਰ ਸੁਣਾਇਆ:
“ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਲਾਇਆ ਈ ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਕੇ ਖ਼ੂਬ ਸੁਣਾਇਆ ਈ ”
ਇਹ ਸੁਣ ਕੇ ਉਸਤਾਦ ਹੋਰਾਂ ਫੁਰਮਾਇਆ:
"ਤੂੰ ਮੁੰਜ ਦੀ ਰੱਸੀ ਵਿਚ ਮੋਤੀ ਪਰੋਅ ਦਿੱਤੇ ਨੇ"
-----
ਏਸ ਬਾਰੇ ਇਕ ਹੋਰ ਰਵਾਇਤ ਵੀ ਏ ਕਿ ਇਸ਼ਕ ਮਜਾਜ਼ੀ ਦਾ ਇਹ ਰੰਗ ਵੇਖ ਕੇ ਉਸਤਾਦ ਹੋਰਾਂ ਦੇ ਸੀਨੇ ਵਿਚ ਅੱਗ ਦਾ ਭਾਂਬੜ ਮੱਚ ਉੱਠਿਆ ਤੇ ਉਹਨਾਂ ਹੁਕਮ ਦਿੱਤਾ, "ਮੇਰੇ ਸਿਰ ਤੇ ਪਾਣੀ ਪਾਓ ਤਾਂ ਜੇ ਅੱਗ ਮੱਧਮ ਹੋਵੇ" ਕਈ ਰਵਾਇਤਾਂ ਅਨੁਸਾਰ ਵਾਰਿਸ ਸ਼ਾਹ ਇਕ ਲੜਕੀ ਛੱਡ ਕੇ 1223 ਹਿਜਰੀ ਵਿਚ ਸੁਰਗਵਾਸ ਹੋਏ ਪਰ ਇਸ ਦਾ ਕੋਈ ਠੋਸ ਸਬੂਤ ਨਹੀਂ ਮਿਲਦਾ। ਦਮੋਦਰ ਅਨੁਸਾਰ ਹੀਰ ਤੇ ਰਾਂਝਾ ਮੱਕੇ ਵੱਲ ਚਲੇ ਗਏ ਪਰ ਵਾਰਿਸ ਅਨੁਸਾਰ ਹੀਰ ਨੂੰ ਜ਼ਹਿਰ ਦੇ ਦਿੱਤਾ ਗਿਆ ਤੇ ਉਹ ਮਰ ਗਈ, ਜਿਵੇਂ:-
“ਹੀਰ ਜਾਨ ਬਹੱਕ ਤਸਲੀਮ ਹੋਈ ਸਿਆਲਾਂ ਦਫ਼ਨ ਕਰ ਖ਼ਤ ਲਿਖਾਇਆ ਈ।” ਅਹਿਮਦ ਕਵੀ ਨੇ ਵੀ ਇਹੀ ਲਿਖਿਆ ਹੈ ਕਿ ਹੀਰ ਤੇ ਰਾਂਝਾ ਹੱਜ ਕਰਨ ਲਈ ਚਲੇ ਗਏ ਸਨ:
“ਡਿਠੇ ਹਾਜੀਆਂ ਮੱਕੇ ਦੇ ਰਾਹ ਤਿੰਨੇ ਰਾਂਝਾ ਹੀਰ ਤੇ ਨਾਲ ਈ ਮੱਝ ਬੂਰੀ।ਰਾਂਝਾ ਰਾਹ ਵਖਾਂਵਦਾ ਹਾਜੀਆਂ ਨੂੰ ਹੀਰ ਵੰਡਦੀ ਲੰਗਰ ਦੇ ਵਿਚ ਚੂਰੀ।”
-----
ਠੱਠਾ ਜਾਂ ਪਿੰਡ ਦੀ ਭਾਗਭਰੀ ਨਾਲ ਵਾਰਿਸ ਸ਼ਾਹ ਦੀਆਂ ਅੱਖਾਂ ਲੜ ਗਈਆਂ ਸਨ ਪਰ ਫ਼ੱਟ ਖਾ ਕੇ ਉਥੋਂ ਨੱਸਣਾ ਪਿਆ ਤੇ ਆਪਣੇ ਫ਼ੱਟਾਂ ਤੇ ਫਹੇ ਧਰਦਿਆਂ ਵਾਰਿਸ ਸ਼ਾਹ ਨੇ ਹੀਰ ਰਾਂਝੇ ਦਾ ਕਿੱਸਾ ਲਿਖ ਦਿੱਤਾ: ਵਾਰਸ ਸ਼ਾਹ ਨੇ ਜਿਥੇ ਕਿਤੇ ਭਾਗ ਭਰੀ ਆਖਿਆ ਏ, ਉਥੇ ਇਹੋ ਦੁਆ ਕਿਤੀ ਏ ਕਿ ਤੂੰ ਭਾਗਾਂ ਵਾਲੀ ਏਂ।
1892 ਈ ਵਿਚ ਜਮਾਂਬੰਦੀ ਅਨੁਸਾਰ ਵਾਰਿਸ ਸ਼ਾਹ ਦੇ ਮਜ਼ਾਰ ਦਾ ਕੁੱਲ ਰਕਬਾ 5 ਕਨਾਲ ਤੇ 16 ਮਰਲੇ ਸੀ ਜਿਹੜਾ 1905 ਈ ਦੀ ਜਮ੍ਹਾਂਬੰਦੀ ਵਿਚ ਘਟ ਕੇ 3 ਕਨਾਲ 2 ਮਰਲੇ ਰਹਿ ਗਿਆ ਹੈ। ਵਾਰਿਸ ਸ਼ਾਹ ਦਾ ਨਾਂ ਬਤੌਰ ਇਕ ਪੰਜਾਬੀ ਲੇਖਕ/ਸ਼ਾਇਰ ਦੇ ਰਹਿੰਦੀ ਦੁਨੀਆ ਤੀਕ ਜ਼ਿੰਦਾ ਰਹੇਗਾ। ਭਾਰਤ ਦੀ ਵੰਡ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ "ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕ਼ਬਰਾਂ ਵਿਚੋਂ ਬੋਲ" ਨੇ ਵਾਰਿਸ ਦੇ ਨਾਂ ਨੂੰ ਹੋਰ ਵੀ ਅਮਰ ਕੀਤਾ ਹੈ।