ਸਾਹਿਤਕ ਨਾਮ: ਰਾਜ ਪਾਲ ਸੰਧੂ
ਅਜੋਕਾ ਨਿਵਾਸ: ਸਿਡਨੀ, ਆਸਟਰੇਲੀਆ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਪੁਸਤਕ ‘ਅਨਹਦ ਨਾਦ’ ਹਾਲ ਹੀ ਵਿਚ ਰਿਲੀਜ਼ ਹੋਈ ਹੈ।
ਦੋਸਤੋ! ਸਿਡਨੀ, ਆਸਟਰੇਲੀਆ ਵਸਦੇ ਲੇਖਕ ਰਾਜ ਪਾਲ ਸੰਧੂ ਜੀ ਨੇ ਇਕਬਾਲ ਮਾਹਲ ਸਾਹਿਬ ਬਾਰੇ ਲਿਖਿਆ ਇਕ ਬੇਹੱਦ ਖ਼ੁਬਸੂਰਤ ਲੇਖ ਘੱਲ ਕੇ ਆਰਸੀ ਪਰਿਵਾਰ ਨਾਲ਼ ਪਲੇਠੀ ਸਾਹਿਤਕ ਸਾਂਝ ਪਾਈ ਹੈ। ਰਾਜ ਪਾਲ ਜੀ ਨੂੰ ਆਰਸੀ ਪਰਿਵਾਰ ‘ਚ ਖ਼ੁਸ਼ਆਮਦੀਦ ਆਖਦਿਆਂ, ਇਸ ਲੇਖ ਨੂੰ ਅੱਜ ਦੀ ਪੋਸਟ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਇਕਬਾਲ ਮਾਹਲ
ਲੇਖ
ਇਕਬਾਲ ਮਾਹਲ ....ਇਹ ਨਾਮ ਨਹੀਂ ਹੈ, ਇਕ ਮੁਕੰਮਲ ਦਸਤਾਨ ਹੈ ।
ਤਾਰੀਖ਼ ਆਪਣੇ ਆਪ ਨੂੰ ਦੁਹਰਾਉਂਦੀ ਹੈ। ਪੜ੍ਹਿਆ ਹੈ ਕਿ ਬਾਦਸ਼ਾਹ ਅਕਬਰ ਵਿਦਵਾਨਾਂ ਦਾ ਬਹੁਤ ਆਦਰ ਕਰਦਾ ਸੀ। ਉਸਦੇ ਦਰਬਾਰ ਵਿਚ ਨੌਂ ਵਿਦਵਾਨ ਸਨ। ਨੌ ਰਤਨ। ਬੀਰਬਲ ਅਕਬਰ ਦੇ ਨੌਂ ਰਤਨਾਂ ਵਿਚੋਂ ਇਕ ਸੀ।
ਇਕਬਾਲ ਮਾਹਲ, ਜਿਸ ਕੋਲ ਅਕਬਰ ਵਾਲੀ ਦਰਿਆ-ਦਿਲੀ ਹੈ, ਬੀਰਬਲ ਵਾਲੀ ਸੂਖ਼ਮ ਬੁੱਧੀ ਵੀ ਹੈ। ਅਤੇ ਉਹ ਪੰਜਾਬੀ ਕਲਾ ਤੇ ਕਲਾਕਾਰਾਂ ਦਾ ਸਿਰਮੌਰ ਕਦਰਦਾਨ ਹੈ।
"ਹੈਲੋ ਹਾਂ, ਮੈਂ ਸ਼ੁੱਕਰਵਾਰ ਨੂੰ ਆਇਆਂ, ਸਰਦ-ਗਰਮ ਜਿਹਾ ਹੋਇਆ ਪਿਆ। ਕਾਰ ਵਿਚ ਏ.ਸੀ ,ਬਾਹਰ ਗਰਮੀ। ਬਸ ਸ਼ਰੀਰ ਫੜਿਆ ਗਿਆ। ਤਾਂ ਹੀ ਘਰੇ ਬੈਠਾ ਨਹੀਂ ਤਾਂ ਨਿਕਲ਼ ਜਾਣਾ ਸੀ ਹੁਣ ਤੱਕ ਬਾਹਰ।" ਫੋਨ ਤੇ ਵੀ ਉਸਦੀ ਆਵਾਜ਼ ਵਿਚ ਉਹੀ ਰੋਹਬ ਤੇ ਮਿਠਾਸ ਹੈ।
ਮੈਂ 'ਡੋਰੀਟੇਲ ਡਰਾਈਵ' ਲਿਖਿਆ ਹੈ। ਹੁਣੇ ਛਪਵਾ ਕੇ ਆਇਆਂ। ਇਹ ਟੈਮਪਰੇਰੀ ਛੜਿਆਂ (ਵਿਆਹੇ ਵਰ੍ਹਿਆਂ ਦੀ ਮਹਿਫ਼ਿਲ ਜਿਥੇ ਤੀਵੀਂ ਨਾਂ ਹੋਵੇ) ਦੀ 'ਕੱਠੇ ਗੁਜ਼ਾਰੀ ਸ਼ਾਮ ਦੀ ਕਹਾਣੀ ਹੈ । ਸ਼ਾਮ ਨੂੰ ਸ਼ੁਰੂ ਹੋ ਕੇ ਰਾਤ ਨੂੰ ਖ਼ਤਮ ਹੋ ਜਾਂਦੀ ਹੈ। ਗੁਰਭਜਨ ਗਿੱਲ ਤੇ ਨਿਰਮਲ ਜੌੜੇ ਨੇ ਮੇਰਾ ਬੜਾ ਮਾਣ ਕੀਤਾ। ਕਿਤਾਬ ਰਿਲੀਜ਼ ਕੀਤੀ।"
"ਰਾਜੇ ਗਲ ਸੁਣ! ਮੈਂ ਕਿਸੇ ਤੋਂ ਡਰਦਾਂ! ਕਿਸੇ ਤੋਂ ਲਿਆ ਨਹੀਂ ਅਜ ਤਕ। ਦਿਤਾ ਹੈ। ਪੈਸੇ ਮੇਰੇ ਕੋਲ ਹੈ ਨਹੀਂ, ਆਈ ਚਲਾਈ ਹੈ ਬਸ। ਮੈਨੂੰ ਆਈ ਚਲਾਈ ਵਿਚ ਮਜ਼ਾ ਆਉਂਦਾ ਹੈ "
ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ ।
ਕਵਿਤਾ ਕਿੰਜ ਬਣਦੀ ਗੁਰਬਾਨੀ, ਜੇ ਨਾਨਕ ਹੱਟੀ ਪਾ ਲੈਂਦਾ "।
ਅੱਡੀਆਂ ਨਾਲ ਪਤਾਸੇ ਭੋਰਨਾ ਮੈਂ ਸੁਣਿਆ ਸੀ ਪਰ ਇਕਬਾਲ ਗੱਲਾਂ ਨਾਲ ਪਤਾਸੇ ਭੋਰਦਾ ਹੈ। ਤਬਲੇ ਦੀ ਥਾਪ ਵਾਂਗ ਠਹਾਕਾ ਲਾਉਂਦਾ ਹੈ। ਵੀਣਾ ਵਾਂਗ ਤਰੰਗਦਾ ਹੋਇਆ ਉਹ ਗੱਲਾਂ ਦੀ ਠੁਮਰੀ ਸੁਣਾਉਂਦਾ ਹੈ।
"ਸਨ ੬੧ ਦੀ ਗੱਲ ਆ, ਰਾਜੇ। ਗਰਮੀ ਦਾ ਮੌਸਮ ਸੀ। ਮੈਂ ਪੰਦਰਾ ਕੁ ਸਾਲਾਂ ਦਾ ਸੀ। ਅੱਖਾਂ ਵਿਚ ਨਸ਼ਾ ਸੀ। ਜਵਾਨੀ ਸੀ, ਜ਼ੋਰ ਸੀ, ਜੋਸ਼ ਸੀ। ਹੁਣ ਵੀ ਹੈ। ਪਰ ਉਦੋਂ ਬੇਪਰਵਾਹੀ ਵੀ ਨਾਲ ਸੀ। ਸਾਰਾ ਦਿਨ ਕੁਝ ਕਰਨ ਨੂੰ ਜੀ ਕਰਦਾ ਰਹਿੰਦਾ ਸੀ। ਮੇਰੇ ਨੇੜੇ ਕੋਈ ਨਾ ਲਗਦਾ, ਜਿਹੜਾ ਲਗਦਾ ਉਹ ਮੇਰਾ ਪੱਕਾ ਬੇਲੀ ਬਣ ਜਾਂਦਾ। ਹੁਣ ਵੀ ਏਦਾ ਹੀ ਹੁੰਦਾ ਹੈ "
ਉਹ ਗੰਭੀਰ ਹੋ ਕੇ ਦੱਸਦਾ ਹੈ।
"ਉਹ ਵੇਲਾ ਸੀ ਜਦੋਂ ਕਲਾਕਾਰ ਸੱਚੇ ਸੁੱਚੇ ਇਨਸਾਨ ਵੀ ਹੁੰਦੇ। ਜ਼ੁਬਾਨ ਦੇ ਪੱਕੇ, ਇੱਜ਼ਤ-ਅਫ਼ਜ਼ਾਈ ਕਰਨ ਵਾਲੇ, ਅਹਿਸਾਨ ਫਰਾਮੋਸ਼ੀ ਉਹਨਾਂ ਦੇ ਸ਼ਬਦਾਵਲੀ ਵਿਚ ਨਹੀਂ ਸ" ਉਹ ਬੋਲਦਾ ਬੋਲਦਾ ਠਹਿਰ ਜਾਂਦਾ ਹੈ। ਹੁਣ ਗੱਲ ਹੋਰ ਹੈ।ਇਕ ਗਹਿਰੀ ਚੁਪ ਛਾ ਜਾਂਦੀ ਹੈ। ਸ਼ਬਦਾਂ ਦੀ ਗੁੰਜਨ ਹੌਲੀ ਹੌਲੀ ਉਸਦੇ ਅੰਦਰੋਂ ਸੁਣਦੀ ਹੈ।
"ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਨਾ ਹੈ ਅਜੇ
ਆਹ! ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ ਅਜੇ"
ਉਸਦੀ ਗੱਲ ਵਿਚ ਸ਼ਿਕਾਇਤ ਹੈ, ਸ਼ਿਕਵਾ ਹੈ, ਪੀੜ ਹੈ, ਨਿਰਾਸ਼ਾ ਹੈ। ਉਹ ਗੱਲ ਬਦਲਦਾ ਹੈ। ਇਕਦਮ ਚੁਸਤੀ ਨਾਲ।
"ਆਪਾਂ ਯਮਲੇ ਨੂੰ ਲੈ ਕੇ ਆਉਣੇ ਪਿੰਡ।" ਸਕੂਲ ਦੀ ਛੁੱਟੀ ਤੋਂ ਬਾਅਦ ਮੈਂ ਨਾਲ ਦੇ ਸਾਥੀਆਂ ਨੂੰ ਕਿਹਾ। ਰੁਪਿਆ ਰੁਪਿਆ ਕਰਕੇ, ਅੱਸੀ ਰੁਪਈਏ 'ਕੱਠੇ ਕਰ ਲਏ। ਯਮਲੇ ਕੋਲ ਪਹੁੰਚ ਗਏ। ਉਹ ਚੀਚੀ ਵਿਚ ਸਿਰਗਟ ਫਸਾ ਕੇ ਕਸ਼ ਲਾ ਰਿਹਾ ਸੀ।
"ਜੀ ਤੁਸੀਂ ਕਿੰਨੇ ਪੈਸੇ ਲੈਂਦੇ ਹੁੰਦੇ ਹੈਗੇ ਜੇ" ਮੈਂ ਪੰਦਰਾ ਸਾਲਾਂ ਦੀ ਸੀ ਮੈਨੂੰ ਕਿਹੜਾ ਪਤਾ ਸੀ ਬਈ ਕਿਵੇਂ ਪੁੱਛੀਦਾ। ਯਮਲਾ ਕੁਝ ਦੇਰ ਮੇਰੇ ਮੁੰਹ ਵਲ ਵੇਖਦਾ ਰਿਹਾ ਫਿਰ ਮੁਸਕਰਾ ਕੇ ਬੋਲਿਆ
"ਤੁਸੀਂ ਕਿੰਨੇ ਪੈਸੇ ਦੇਂਦੇ ਹੁੰਦੇ ਹੈਗੇ ਜੇ?" ਢਾਣੀ ਵਿਚ ਸਾਰੇ ਹੱਸਣ ਲਗ ਪਏ।
੮੦ ਰੁਪਏ, ਦੋ ਦੇ ਚਾਲੀ ਨੋਟ, ਅਸੀਂ ਯਮਲੇ ਅੱਗੇ ਵਿਛੀ ਚਾਦਰ ਤੇ ਢੇਰੀ ਕਰ ਆ ਗਏ ।
"ਬਸ ਫਿਰ ਤਾਂ ਮੈਨੂੰ ਸ਼ੌਂਕ ਜਿਹਾ ਪੈ ਗਿਆ। ਰਾਜੇ ਮੈਨੂੰ ੪੩ ਸਾਲ ਹੋ ਗਏ ਕਨੇਡਾ ਵਿਚ ਬੜੀ ਦੁਨੀਆਂ ਵੇਖੀ। ਜਿਹੜੇ ਕੱਲ੍ਹ ਤੱਕ ਸਾਡੇ ਕੱਪੜੇ ਧੋਂਦੇ ਸੀ ਅੱਜ ..ਚੱਲ ਛੱਡ ਯਾਰ," ਉਹ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਦਾ ਹੈ
"ਕੀ ਫ਼ਰਕ ਪੈਂਦਾ ਹੈ। ਕੋਈ ਫ਼ਰਕ ਨਹੀਂ। ਜੇ ਤੁਸੀਂ ਕਦੀ ਕਨੇਡਾ ਆਏ ਤਾਂ ਵੈਨਕੂਵਰ ਤੋਂ ਕਾਰ ਰਾਹੀਂ ਆਉ ਸਾਡੇ ਕੋਲ ਟੋਰਾਂਟੋ। ਰੌਕੀ ਮਾਊਂਟੇਨ,੭੦੦ ਮੀਲ ਦਾ ਸਫਰ ਹਰਨਾਂ ਦੀਆਂ ਡਾਰਾਂ ਵੇਖਦੇ ਆਇਉ। ਕਦੀ ਕਦੀ ਰਿੱਛ ਵੀ ਦਿਸ ਜਾਂਦਾ ਹੈ ।"
ਇਕਬਾਲ ਦਾ ਯਾਰ ਵੀ ਇਕਬਾਲ ਹੈ... ਰਾਮੂਵਾਲੀਆ। ਉਹ ਲਿਖਦਾ ਹੈ ਸੁਰਾਂ ਦੇ ਸੌਦਾਗਰ ਵਿਚ "ਇਕਬਾਲ ਮਾਹਲ ਰੱਬ-ਸਬੱਬੀਂ ਪੰਜਾਬੀ ਮਾਂ ਬੋਲੀ ਦਾ ਨਾਇਕ ਹੈ।ਉਹ ਸਕਰੀਨ ‘ਤੇ ਜਚਦਾ ਹੈ ,ਉਸ ਕੋਲ ਮਾਈਕ ਨਾਲ ਮੇਚ ਖਾਣ ਵਾਲੀ ਆਵਾਜ਼ ਹੈ। ਉਹ ਵਾਹਗੇ ਬਾਰਡਰ ਦੇ ਦੋਹੀਂ ਪਾਸੇ ਛਾਂ ਦੇਣ ਵਾਲਾ ਘਣਛਾਵਾਂ ਬੂਟਾ ਹੈ।"
ਮੈਨੂੰ ਉਸ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਵਿਚੋਂ ਭਾਸਿਆ ਕਿ ਇਕਬਾਲ ਇਨਸਾਨੀ ਤਹਜ਼ੀਬ ਦਾ ਮਹਿਬੂਬ ਵੀ ਹੈ। ਪਿਆਰ ਦੀ ਸ਼ਤਰੰਜ ਦਾ ਬਾਦਸ਼ਾਹ ਵੀ। ਉਮਰ ਉਸ ਲਈ ਸਿਰਫ਼ ਹਿੰਦਸੇ ਹਨ। ਇਕਬਾਲ ਕੁਕਨੂਸ ਹੈ। ਉਹ ਆਪਣੀ ਉਮਰ ਆਪਣੀ ਮਰਜ਼ੀ ਨਾਲ ਵਧਾ ਸਕਦਾ ਹੈ। ਹਰ ਛੋਟੇ ਵੱਡੇ ਨੂੰ ਇਕੋ ਸਤਿਕਾਰ ਤੇ ਨੇਹਚਾ ਨਾਲ ਘੁੱਟ ਕੇ ਮਿਲਦਾ ਹੈ। ਉਸਦੀ ਗਲਵੱਕੜੀ ਵਿਚ ਇਲਾਚੀਆਂ ਵਾਲੀ ਖ਼ੁਸ਼ਬੂ ਹੈ। ਉਸਦੀਆਂ ਗੱਲਾਂ ਵਿਚ ਯਾਰਾਂ ਵਾਲ਼ਾ ਨਿੱਘ ਹੈ, ਭਰਾਵਾਂ ਵਾਲਾ ਸਨੇਹ ਹੈ, ਬਜ਼ੁਰਗਾਂ ਵਾਲੀ ਸਿਆਣਪ ਹੈ, ਸਾਹਿਤਕਾਰ ਵਾਲੀ ਗੰਭੀਰਤਾ ਹੈ। ਉਹ ਬੰਦਿਆਂ ਨੂੰ ਕਿਤਾਬਾਂ ਵਾਂਗ ਹੀ ਧਿਆਨ ਨਾਲ ਪੜ੍ਹਦਾ ਹੈ। ਉਹ ਬੰਦਿਆਂ ਦੇ ਰਾਜ਼ ਜਾਣਦਾ ਹੈ ।
"ਮੈਂ ਕਿਸੇ ਨੂੰ ਉਸਦੀ ਅਹਿਸਾਨ-ਫ਼ਰਾਮੋਸ਼ੀ ਦੀ ਇਕੋ ਸਜ਼ਾ ਦਿੰਦਾ ਹਾਂ। ਉਸਦੇ ਲਈ ਮੇਰੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਂਦੇ ਨੇ। ਬਸ।"
ਆਪਣੀ ਧੀ ਨਤਾਸ਼ਾ ਦੀ ਜੀ ਖੋਹਲ ਕੇ ਤਾਰੀਫ਼ ਕਰਦਾ ਹੈ। ਬੜੀ ਫੁਰਤੀ ਨਾਲ ਤੇ ਫ਼ਖ਼ਰ ਨਾਲ, ਮਾਣ ਨਾਲ, ਦਿਲ ਦਰਿਆ ਖ਼ੁਸ਼ੀ ਨਾਲ। ਉਹ ਨਤਾਸ਼ਾ ਵਿਚ ਆਪਣਾ ਵਾਰਿਸ ਵੇਖਦਾ ਹੈ, ਆਪਣੀ ਫ਼ਕੀਰੀ ਵੇਖਦਾ ਹੈ, ਆਪਣੀ ਅਕਬਰੀ ਵੇਖਦਾ। ਇਕਬਾਲ ਦੇਖਦਾ ਹੈ।
"ਰਾਜੇ ਸੁਣ, ਨਤਾਸ਼ਾ ਪੰਜਾਬ ਵਿਚ ਵਸਦੇ ਲੋਕਾਂ ਨਾਲੋਂ ਵਧੀਆ ਪੰਜਾਬੀ ਬੋਲਦੀ ਹੈ। ਅਸਲੀ, ਠੇਠ ,ਪੰਜਾਬੀਅਤ ਵਿਚ ਗੜੁੱਚ।"
ਮੈ ਕਿਹਾ "ਇੰਝ ਜਿਵੇਂ ਕਿ ਹੁਣੇ ਹੁਣੇ ਕੋਈ ਹਿਰਨੀ ਸਰ ਸਰ ਕਰਦੀ ਬਾਂਸਾਂ ਦੇ ਝੁੰਡ ਵਿਚੋਂ ਲੰਘੀ ਹੋਵੇ। ਜਿਵੇਂ ਸੰਗਮਰਮਰ ਤੇ ਬੰਟੇ ਡਿੱਗ ਪਏ ਹੋਣ।ਜਿਵੇਂ ਪਾਤਰ ਨੇ ਬਿਰਖ਼ ਨੂੰ ਚੀਰ ਕੇ ਵੰਝਲੀ ਬਣਾ ਲਿਆ ਹੋਵੇ?"
"ਬਿਲਕੁਲ ਇੰਜ ਹੀ ਰਾਜੇ" ਉਹ ਅਹਖ..ਕਰਕੇ ਗਲ਼ੇ ਦੀ ਖਰਾਸ਼ ਦੂਰ ਕਰਦਾ ਹੈ ।
ਉਹ ਪੀਰੀ ਵਿਚ ਵੀ ਤਾਜ਼ਗੀ, ਜੋਸ਼, ਮੜਕ ਤੇ ਜਵਾਨੀ ਨਾਲ ਮਹਿਕਦਾ ਹੈ। ਉਹ ਗਾਲ੍ਹ ਦੀ ਪੁੜੀ ਜਿਹੀ ਬਣਾ ਕੇ ਗੱਲਾਂ ਦੇ ਵਿਚ ਹੀ ਲੁਕਾ ਦਿੰਦਾ ਹੈ। ਸੁਣਨ ਵਾਲੇ ਨੂੰ ਪਤਾ ਨਹੀਂ ਲਗਦਾ। ਅਗਲੀ ਗੱਲ ਪਹਿਲੀ ਗੱਲ ਨਾਲੋਂ ਵੀ ਦਿਲਚਸਪ ਹੁੰਦੀ ਹੈ
"ਲੋਕ ਮੈਨੂੰ ਪੁਛਦੇ ਨੇ ਮਾਹਲ ਤੂੰ ਜੌਹਰੀ ਹੈ। ਹੀਰਿਆਂ ਦਾ ਸੌਦਾਗਰ ਹੈ। ਜਿਸ ਨੂੰ ਹੱਥ ਲਾਉਨਾ ਹੈ ਉਹ ਚੀਜ਼ ਸੋਨਾ ਬਣ ਜਾਂਦੀ ਹੈ। ਕਿੱਥੋਂ ਲੱਭ ਕੇ ਲਿਆਉਨਾ ਹੈ ਹੀਰੇ?" ਉਹ ਹੱਸਦਾ ਹੈ। ਥੋੜ੍ਹਾ ਜਿਹਾ। ਨਾ ਇਕ ਪੈਸਾ ਵਧ ਨਾ ਇਕ ਪੈਸਾ ਘਟ। ਤੋਲ ਕੇ ਜਿੰਨਾ ਬਣਦਾ ਹੈ। ਉਨਾਂ ਹੀ ਹੱਸਦਾ ਹੈ ਪੁਰੀ ਈਮਾਨਦਾਰੀ ਨਾਲ। ਹਾਸੇ ਵਿਚ ਉਹ ਠੱਗੀ ਨਹੀਂ ਮਾਰਦਾ।
"ਮੈਂ ਕਹਿੰਨਾ ਮੈਂ ਹੀਰੇ ਤਰਸ਼ਦਾ ਨਹੀਂ ਮੈਂ ਤਰਾਸ਼ੇ ਹੋਏ ਹੀਰੇ ਲੱਭ ਕੇ ਲਿਆਉਨਾ। ਇਹ ਮੇਰੇ ਲਈ ਰੁਜ਼ਗਾਰ ਨਹੀਂ ਹੈ। ਮੇਰਾ ਪਿਆਰ ਹੈ। ਮੇਰੀ ਭਗਤੀ ਹੈ। ਮੇਰੀ ਮੁਹੱਬਤ ਹੈ।" ਉਸਦੀ ਆਵਾਜ਼ ਵਿਚ ਇਕ ਤਰੰਨੁਮ ਹੈ, ਸੰਗੀਤ ਹੈ, ਰੋਹਬ ਹੈ, ਪੰਜਾਬੀ ਹੈ।
"ਰੱਬ ਰਾਖਾ" ਉਹ ਫ਼ੋਨ ਕਟਦਾ ਹੈ।
ਅਜੂਨੀ !
ਮੈਂ ਮਾਪ ਲਈ ਹੈ ਦੂਰੀ ।
ਨਜ਼ਮ ਦੇ ਸਾਰੇ ਅੱਖਰ ਖੋਲ੍ਹ ਕੇ
ਨਕਸ਼ੇ ਉਪਰ ਇਕ ਲਾਈਨ ਵਿਚ ਵਿਛਾ ਦਿਤੇ ਨੇ ।
ਜਿਥੇ ਤੂੰ ਹੈ ,ਤੇ ਜਿਥੇ ਮੈਂ ਹਾਂ ,
ਬਸ ਤੇਰੇ ਤੇ ਮੇਰੇ ਵਿਚਕਾਰ ਇੰਨਾ ਹੀ ਫ਼ਾਸਲਾ ਹੈ