ਵਿਅੰਗ
ਮੁਹਾਵਰੇ, ਅਖਾਣ ਅਤੇ ਲੋਕੋਕਤੀਆਂ ਬੜੀ ਪਹੁੰਚੀ ਹੋਈ ਚੀਜ਼ ਹੁੰਦੀਆਂ ਹਨ। ਭਾਵੇਂ ਇਹ ਇਕੋ ਥੈਲੀ ਦੇ ਚੱਟੇ ਵੱਟੇ ਹਨ ਪਰ ਫਿਰ ਵੀ ਮੈਂ ਮੁਹਾਵਰੇ ਨੂੰ ਇਕ ਹਾਥੀ ਦੀ ਨਿਆਈਂ ਸਮਝਦਾ ਹਾਂ ਜਿਸ ਦੇ ਪੈਰ ਵਿਚ ਇਨ੍ਹਾਂ ਸਭਨਾਂ ਦੇ ਪੈਰ ਆ ਜਾਂਦੇ ਹਨ। ਇਨ੍ਹਾਂ ਵਿਚ ਸਦੀਆਂ ਦੀ ਸਿਆਣਪ ਸਮੋਈ ਹੁੰਦੀ ਹੈ। ਕਹਿੰਦੇ ਹਨ ਕਿ ਜੇ ਅਖਾਣ ਝੂਠਾ ਹੋ ਗਿਆ ਤਾਂ ਸਮਝੋ ਚੁਆਵਾਂ ਦੁੱਧ ਵੀ ਖੱਟਾ ਹੋ ਗਿਆ। ਮਹਾਂਪੁਰਸ਼ ਇਨ੍ਹਾਂ ਵਿਚ ਕਿਸੇ ਕੌਮ ਦੇ ਸਮੂਹਕ ਅਨੁਭਵ, ਸੂਝ ਤੇ ਰੂਹ ਦੇ ਸਾਖਿਆਤ ਦਰਸ਼ਨ ਕਰਦੇ ਹਨ। ਇਹ ਪੀੜ੍ਹੀ-ਦਰ-ਪੀੜ੍ਹੀ ਗ੍ਰਹਿਣੀਆਂ ਤੇ ਪਰਖੀਆਂ ਜ਼ਿੰਦਗੀ ਦੀਆਂ ਅਟੱਲ ਸੱਚਾਈਆਂ ਨੂੰ ਇਕ ਸੂਤਰ ਰੂਪ ਵਿਚ ਪੇਸ਼ ਕਰਦੇ ਹਨ। ਇਸ ਨਜ਼ਰੀਏ ਤੋਂ ਮੁਹਾਵਰੇ ਦੀ ਮੁਹਾਵਰੇ ਨਾਲ ਹੀ ਪਰਿਭਾਸ਼ਾ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਹ ਕੁੱਜੇ ਵਿਚ ਬੰਦ ਕੀਤਾ ਸਮੁੰਦਰ ਹੁੰਦੇ ਹਨ। ਸੰਜਮ ਇਨ੍ਹਾਂ ਦਾ ਮੀਰੀ ਗੁਣ ਹੈ।
-----
ਇਤਿਹਾਸ ਦੀ ਕਸਵੱਟੀ ‘ਤੇ ਇਹ ਖ਼ਰੇ ਉਤਰਦੇ ਹੋਏ ਚਿਰਜੀਵੀ ਬਣ ਗਏ ਤੇ ਅਜੇ ਤਕ ਹੱਟੇ ਕੱਟੇ ਪਏ ਹਨ। ਬਾਤ ਦਾ ਬਤੰਗੜ ਬਣਾਉਣ ਨਾਲ ਕਈ ਵਾਰੀ ਤੁਸੀਂ ਕਿਸੇ ਨੂੰ ਏਨਾ ਪ੍ਰਭਾਵਤ ਨਹੀਂ ਕਰ ਸਕਦੇ ਜਿੰਨਾ ਇਕ ਮੁਹਾਵਰੇ ਦਾ ਜਾਦੂ ਸਿਰ ਚੜ੍ਹ ਬੋਲਦਾ ਹੈ। ਇਹ ਤਾਂ ਡੰਕੇ ਦੀ ਚੋਟ ਵਾਂਗ ਵੱਜਦੇ ਹਨ, ਠਾਹ ਸੋਟਾ ਮਾਰਦੇ ਹਨ ਤੇ ਇਨ੍ਹਾਂ ਦੀ ਚੋਟ-ਖਾਧਾ ਹੱਥ ਲਾ ਲਾ ਦੇਖਦਾ ਰਹਿ ਜਾਂਦਾ ਹੈ। ਅਸਲ ਵਿਚ ਹਰ ਬੁਲਾਰਾ ਹੀ ਕੋਈ ਅਜਿਹੀ ਪਤੇ ਦੀ ਗੱਲ ਕਰਨ ਦੀ ਤਾਕ ਵਿਚ ਰਹਿੰਦਾ ਹੈ ਜਿਸਦੇ ਸ਼ਬਦ ਪੱਥਰ ਤੇ ਲੀਕ ਹੋਣ। ਕੁਸ਼ਲ ਸਾਹਿਤਕਾਰ ਤੇ ਬੁਲਾਰੇ ਇਨ੍ਹਾਂ ਨੂੰ ਆਪਣੀ ਰਚਨਾ ਵਿਚ ਨਗ ਵਾਂਗ ਪਰੋਅ ਕੇ ਇਨ੍ਹਾਂ ਦੀ ਪ੍ਰਭਾਵ ਸ਼ਕਤੀ ਦਾ ਲਾਭ ਉਠਾ ਕੇ ਸੋਨੇ ਤੇ ਸੁਹਾਗਾ ਫੇਰ ਲੈਂਦੇ ਹਨ। ਪਰ ਮੁਹਾਵਰਿਆਂ ਦੀ ਸੰਰਚਨਾ, ਪ੍ਰਕਾਰਜ ਅਤੇ ਪ੍ਰਭਾਵ ਇਨ੍ਹਾਂ ਨੂੰ ਸੁਤੰਤਰ ਤੌਰ ‘ਤੇ ਸਾਹਿਤ ਦੀ ਕੋਟੀ ਵਿਚ ਰੱਖੇ ਜਾਣ ਦੀ ਵੀ ਸਮਰਥਾ ਦਰਸਾਉਂਦੇ ਹਨ। ਇਸ ਤਰ੍ਹਾਂ ਇਹ ਸਾਹਿਤ ਦੀ ਇਕ ਸੁਤੰਤਰ ਤੇ ਮੁਕੰਮਲ ਵਿਧਾ ਵਜੋਂ ਵੀ ਮਾਣੇ ਜਾ ਸਕਦੇ ਹਨ।
-----
ਸਾਹਿਤ ਦੇ ਇਸ ਲਘੂਤਮ ਰੂਪ ਵਿਚ ਅਨੇਕਾਂ ਰੂਪ, ਸ਼ੈਲੀਆਂ ਤੇ ਦ੍ਰਿਸ਼ਟੀਆਂ ਮੌਜੂਦ ਹਨ। ਮਨੁੱਖ ਜਾਤੀ ਦਾ ਜਿੰਨਾ ਅਨੁਭਵ ਵਿਸ਼ਾਲ ਹੈ ਓਨੇ ਹੀ ਇਹ ਮੁਹਾਵਰੇ ਵਿਸ਼ਾਲ ਹਨ। ਮੁਹਾਵਰਿਆਂ ਨੂੰ ਨਿਰੇ ਪੁਰੇ ਗਿਆਨ ਦੀਆ ਪੁੜੀਆਂ ਜਾਂ ਇਕ ਪ੍ਰਕਾਰ ਪਥਰਾਏ ਫਾਰਮੂਲੇ ਦੇ ਨਿਆਈਂ ਸਮਝਣਾ ਨਿਸਚੇ ਹੀ ਇਨ੍ਹਾਂ ਨਾਲ ਘੋਰ ਅਨਿਆਂ ਹੈ। ਅਨੁਭਵ ਅਧਾਰਤ ਇਨ੍ਹਾਂ ਪ੍ਰਵਚਨਾਂ ਦੀ ਥਾਂ ਹੁਣ ਪ੍ਰਮਾਣ ਅਧਾਰਤ ਗਿਆਨ ਨੇ ਲੈ ਲਈ ਹੈ। ਇਹ ਠੀਕ ਹੈ ਕਿ ਮਨੁੱਖ ਮਾਤਰ ਵਾਰ ਵਾਰ ਉਨ੍ਹਾਂ ਹੀ ਸਥਿਤੀਆਂ ਨੂੰ ਦਰਪੇਸ਼ ਹੁੰਦਾ ਹੈ ਤੇ ਅਜਿਹੀਆਂ ਸਥਿਤੀਆਂ ਵਿਚ ਘਿਰੇ ਮਨੁੱਖ ਦੇ ਸਾਹਮਣੇ ਇਹ ਮੁਹਾਵਰੇ ਕਈ ਵਾਰੀ ਇਕ ਸੱਚਾਈ ਦੇ ਸਰਟੀਫੀਕੇਟ ਵਜੋਂ ਪੇਸ਼ ਕੀਤੇ ਜਾਂਦੇ ਹਨ ਪਰ ਆਪਣੇ ਪ੍ਰਕਾਰਜ ਵਿਚ ਇਹ ਮੁਹਾਵਰੇ ਇਕ ਸੰਕੇਤ ਹੀ ਦਿੰਦੇ ਹਨ, ਸ਼ੁੱਧ ਵਿਚਾਰ ਜਾਂ ਅੰਤਮ ਸੱਚਾਈ ਦੇ ਸੂਚਕ ਨਹੀਂ ਕਹੇ ਜਾ ਸਕਦੇ। ਇਹ ਅਤਿ ਦੇ ਸੂਖ਼ਮ ਤੇ ਸੁਝਾਊ, ਮੋਟੇ-ਠੁਲੇ ਤੇ ਸਪਾਟ, ਵਿਡੰਬਨਾ ਤੇ ਉਪਹਾਸ ਭਰੇ, ਵਿਅੰਗਮਈ ਤੇ ਨਾਟਕੀ, ਏਥੋਂ ਤਕ ਕਿ ਅਮੂਰਤ, ਜਟਿਲ ਤੇ ਵਿਰੋਧਾਭਾਸੀ ਵੀ ਦਿਸ ਆਉਂਦੇ ਹਨ।
-----
ਆਓ ਜ਼ਰਾ ਮੁਹਾਵਰਿਆਂ ਦੀਆਂ ਇਨ੍ਹਾਂ ਸਿਫ਼ਤਾਂ ਦੇ ਦਰਸ਼ਨ ਕਰੀਏ.....
ਇਨ੍ਹਾਂ ਦੀ ਸੂਖ਼ਮਤਾ ਤੇ ਸੰਜਮ ਦਾ ਨਜ਼ਾਰਾ ਦੇਖੋ: ਮੂੰਹ ਤੇ ਨੱਕ ਨਾ ਹੋਣਾ; ਦੱਸੋ ਕਹਿੰਦੇ ਹਨ ਅੱਜ ਕੱਲ੍ਹ ਦੀ ਕਵਿਤਾ ਸਮਝ ਨਹੀਂ ਪੈਂਦੀ। ਹਰਿਭਜਨ ਸਿੰਘ ਦੀ ਇਕ ਕਵਿਤਾ ਦੀ ਸਤਰ ਹੈ ‘ਮੇਰੇ ਅਖਵਾਨਿਆਂ ਵਿਚ ਅੱਖ ਨਹੀਂ ਸੀ।’ ਸਦੀਆਂ ਪਹਿਲਾਂ ਮੁਹਾਵਰੇ ਦੇ ਰੂਪ ਵਿਚ ਅਜਿਹੀ ਜੁਗਤ ਦੀ ਨੀਂਹ ਰਖੀ ਗਈ ਸੀ। ਚੋਖੀ ਸਾਹਿਤਕ ਸਾਧਨਾ ਕੀਤੀ ਹੋਵੇ ਤਾਂ ਸਮਝ ਆਏਗੀ ਕਿ ਨੱਕ ਸ਼ਰਮ ਦਾ ਪ੍ਰਤੀਕ ਹੈ ਤੇ ਇਸ ਮੁਹਾਵਰੇ ਦਾ ਅਰਥ ਬੇਸ਼ਰਮ ਹੋਣਾ ਹੈ। ਮੁਹਾਵਰਿਆਂ ਦੀ ਦੁਨੀਆਂ ਵਿਚ ‘ਕੰਧਾਂ ਦੇ ਕੰਨ ਹੁੰਦੇ ਹਨ’ ਐਪਰ ਛੜਿਆਂ ਦੇ ਨਹੀਂ: ‘ਨਾ ਰੰਨ, ਨਾ ਕੰਨ।’ ਇਹ ਤਾਂ ਮੰਨਿਆ ਕਿ ਰੰਨਹੀਣ ਮਨੁੱਖ ਯਾਨਿ ਛੜਾ ਲਾਪਰਵਾਹ, ਗ਼ੈਰ-ਜ਼ਿੰਮੇਵਾਰ, ਅਤੇ ਮਨਮੌਜੀ ਹੁੰਦਾ ਹੈ, ਨਾ ਉਸਨੂੰ ਚੜ੍ਹੀ ਦੀ ਹੁੰਦੀ ਹੈ ਨਾ ਲੱਥੀ ਦੀ ਪਰ ਏਥੇ ਕੰਨ ਦਾ ਕੀ ਕੰਮ ਹੈ? ਲਓ ਸੁਣੋ। ਰੰਨਹੀਣ ਮਨੁੱਖ ਨੂੰ ਪਤਨੀ ਦੀ ਕੋਈ ਨੋਕ-ਝੋਕ, ਗੁੱਸਾ-ਗਿਲਾ ਨਹੀਂ ਸੁਣਨਾ ਪੈਂਦਾ। ਸੋ ਉਸ ਵਿਅਕਤੀ ਦੇ ਕੰਨ ਨਾ ਹੋਇਆਂ ਨਾਲ ਦੇ ਹਨ। ਵਿਆਹਿਆਂ ਦੇ ਕੰਨ ਘਰ ਵਾਲੀ ਨਾਲੇ ਖਾਂਦੀ ਹੈ ਨਾਲੇ ਖਿਚਦੀ ਹੈ। ਪਰ ਇਹ ਖਿਚ ਕੇ ਕੱਢਿਆ ਅਰਥ ਹੈ। ਵਰਨਾ ਵਾਧੂ ਲਾਇਆ ਕੰਨ ਕਾਫੀਏ ਦਾ ਕੰਮ ਹੀ ਸਾਰਦਾ ਹੈ। ਵੈਸੇ ਵੀ ਕਹਿੰਦੇ ਹਨ ਕਿ ਬਾਹਰੀ ਕੰਨ ਸਿਰਫ਼ ਐਨਕਾਂ ਰੱਖਣ ਦੀ ਟੇਕ ਹੀ ਹੁੰਦੇ ਹਨ ਜਾਂ ਫਿਰ ਖਿਚਣ ਵਾਸਤੇ ਕਿਉਂਕਿ ਕੰਨ ਵਿਚਾਰੇ ਹੱਥਾਂ ਦੀ ਤਰ੍ਹਾਂ ਆਪਣੇ ਬਚਾਅ ਲਈ ਹਿਲ ਜੁਲ ਨਹੀਂ ਕਰ ਸਕਦੇ ਹਾਂ।
-----
ਕੁਝ ਨਾ ਪੁਛੋ, ਕੁੱਤੇ ਦੀ ਪੂਛ ਹਨ ਇਹ ਮੁਹਾਵਰੇ, ਉੱਘ ਦੀਆਂ ਪਤਾਲ ਮਾਰਦੇ ਰਹਿੰਦੇ ਹਨ, ਅਖੇ, ‘ਏਹੋ ਜਿਹਾਂ ਦੇ ਗੱਲ ਏਹੋ ਜਿਹੇ ਹੁੰਦੇ ਹਨ।’ ਕੀ ਕੋਈ ਮੂੰਹ ਸਿਰ ਦਿਸਦਾ ਹੈ ਇਸ ਮੁਹਾਵਰੇ ਦਾ? ਇਹ ਤਾਂ ਮੇਰੇ ਵਰਗੇ ਖੋਜੀਆਂ ਨੇ ਹੱਥ ਪੈਰ ਮਾਰ ਕੇ ਕੁਝ ਪਿੜ ਪੱਲੇ ਪਾਇਆ ਹੈ: ਆਪਣਾ ਅਗਿਆਨ ਲੁਕੋਣ ਲਈ ਜਦ ਕੋਈ ਚਲਾਕੀ ਦੀ ਗੱਲ ਕਰੇ ਤਾਂ ਉਦੋਂ ਕਹਿੰਦੇ ਹਨ। ਕਿਸੇ ਨੇ ਪਹਿਲੀ ਵਾਰ ਊਠ ਦੇਖਿਆ ਜਿਸਦੇ ਗਲ ਵਿਚ ਟੱਲੀ ਪਾਈ ਹੋਈ ਸੀ। ਉਸ ਨੇ ਕਿਸੇ ਕੋਲੋਂ ਪੁਛਿਆ ਕਿ ਇਹ ਕੀ ਹੈ ਤੇ ਇਸਨੇ ਕੀ ਪਾਇਆ ਹੈ। ਅਗੋਂ ਸੱਜਣ ਵੀ ਹਮਾਤੜ ਅਣਜਾਣ ਹੀ ਸੀ ਜਿਸਨੇ ਨਾ ਕਦੇ ਊਠ ਦੇਖਿਆ ਸੀ ਤੇ ਨਾ ਕਦੇ ਟੱਲੀ ਪਰ ਸੀ ਚਲਾਕ। ਸੋ ਉਸ ਨੇ ਆਪਣਾ ਅਗਿਆਨ ਦਰਸਾਉਣ ਲਈ ਕਿਹਾ ਕਿ ਜੀ ਏਹੋ ਜਿਹਾਂ ਦੇ ਗਲ ਏਹੋ ਜਿਹੇ ਹੀ ਹੁੰਦੇ ਹਨ। ਹੋ ਗਿਆ ਨਾ ਚਾਨਣ? ਜੇ ਮੈਂ ਇਸਦਾ ਮਤਲਬ ਕੱਢ ਕੇ ਨਾ ਦਸਦਾ ਤਾਂ ਤੁਸੀਂ ਤਾਂ ਹੋ ਜਾਣਾ ਸੀ ਸੁਣ ਕੇ ਆਊਂ ਬਤਾਊਂ! “ਨੌਤੀ ਸੌ” ਜਿਹੀ ਨਿਰਾਰਥਕ ਸੰਖਿਆ ਵੀ ਮੁਹਾਵਰਿਆਂ ਵਿਚ ਹੀ ਸੰਭਵ ਹੈ ਤੇ “ਢਾਈ ਟੋਟਰੂ” ਜਿਹੇ ਮਰਜੀਵੜੇ ਵੀ। ਅਸਲ ਵਿਚ ਇਹ ਆਪਣਾ ਉੱਲੂ ਸਿੱਧਾ ਰਖਦੇ ਹਨ ਤੇ ਬੰਦੇ ਨੂੰ ਉੱਲੂ ਬਣਾਉਂਦੇ ਹਨ।
-----
ਹਾਸਾ, ਵਿਡੰਬਨਾ, ਅਤਿਕਥਨੀ- ਇਹ ਚੀਜ਼ਾਂ ਤਾਂ ਮੁਹਾਵਰੇ ਦੀ ਜਿੰਦ ਜਾਨ ਹਨ, ਕਿੰਨਿਆਂ ਦੀ ਗੱਲ ਕਰੀਏ ਇਸ ਗੱਲੋਂ ਤਾਂ ਲਗਦਾ ਸਾਰੇ ਇਕੋ ਰੱਸੀ ਨਾਲ ਬੰਨ੍ਹੇ ਜਾਣ ਵਾਲੇ ਹਨ: ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ; ਨਾਚ ਨਾ ਜਾਣੇ ਆਂਗਨ ਟੇਢਾ; ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ, ਜਾਂਦੇ ਚੋਰ ਦੀ ਤੜਾਗੀ ਹੀ ਸਹੀ; ਉਠ ਨਾ ਹੋਵੇ ਫਿੱਟੇ ਮੂੰਹ ਗੋਡਿਆਂ ਦੇ; ਨਾਨੀ ਕੁਆਰੀ ਰਹਿ ਗਈ, ਦੋਹਤੀ ਦੇ ਨੌ ਸੌ ਵਿਆਹ; ਨਹੀਂ ਰੀਸਾਂ ਝਨਾਂ ਦੀਆਂ, ਭਾਵੇਂ ਸੁੱਕਾ ਹੀ ਵਗੇ, ਅੱਠ ਪੁੱਤ ਅਠਾਰਾਂ ਪੋਤੇ, ਅਜੇ ਬਾਬਾ ਘਾਹ ਖੋਤੇ, ਕੁੜੀ ਪੇਟ ਕਣਕ ਖੇਤ ਆ ਜਵਾਈਆ ਮੰਡੇ ਖਾਹ, ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ, ਉਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ, ਮੂਰਖਾਂ ਦੇ ਸਿੰਗ ਨਹੀਂ ਹੁੰਦੇ। ।।।।।।।। ਇੰਨੇ ਹਨ ਕਿ ਭਾਵੇਂ ਖੰਭਾਂ ਦੀਆਂ ਡਾਰਾਂ ਬਣਾ ਲਓ।
-----
ਮੁਹਾਵਰਿਆਂ ਵਿਚ ਆਪਾ ਵਿਰੋਧ ਤੇ ਵਿਰੋਧਾਭਾਸ ਵੀ ਜ਼ਿੰਦਗੀ ਜਿੰਨਾ ਹੀ ਵਿਆਪਕ ਹੈ। ਸਾਨੂੰ ਮੁਹਾਵਰੇ ਦੇਣ ਵਾਲੇ ਸਾਡੇ ਵਡੇਰੇ ਕਿਹੜਾ ਘਟ ਭੰਬਲਭੂਸੇ ਵਿਚ ਰਹਿੰਦੇ ਸਨ। ਇਕ ਨੇ ਜੇ ਇਕ ਗੱਲ ਕਹੀ ਤਾਂ ਦੂਸਰੇ ਨੇ ਉਸ ਤੋਂ ਉਲਟ: 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ”, ਤੇ ਦੂਜੇ ਬੰਨੇ ‘ਮੌਤ ਦੀ ਕੋਈ ਦਵਾ ਨਹੀਂ’ ਜਾਂ ਫਿਰ ਕਹਿਣਗੇ ਜਿਹਦੀ ਆ ਲੱਗੀ ਉਹਨੂੰ ਕੌਣ ਬਚਾਵੇ। ਇਕ ਪਾਸੇ ਖਾਣਸੂਰੀ ਔਰਤ ਨੂੰ ਵਡਿਆ ਦਿੰਦੇ ਹਨ ਦੂਜੇ ਪਾਸੇ ਲਾਹ-ਪਾਹ ਕਰਨ ਲੱਗੇ ਵੀ ਢਿੱਲ ਨਹੀਂ ਕਰਦੇ: “ਨੂੰਹ ਦਾ ਖਾਣ ਕੱਟੀ ਦਾ ਲੇਹਾ, ਅਜਾਈਂ ਨਹੀਂ ਜਾਂਦਾ” ਦੇ ਟਾਕਰੇ ‘ਤੇ “ਤਿੱਤਰ ਖੰਭੀ ਬੱਦਲੀ ਰੰਨ ਮਲਾਈ ਖਾਹ, ਉਹ ਵਸੇ ਉਹ ਉਜੜੇ ਕਦੇ ਨਾ ਖ਼ਾਲੀ ਜਾਂਹ।” ਆਮ ਤੌਰ ਤੇ ਮੁਹਾਵਰੇ ਔਰਤਾਂ ਅਤੇ ਮੱਝਾਂ ਦੇ ਬਹੁਤ ਪਿਛੇ ਪਏ ਰਹਿੰਦੇ ਹਨ। ਅੱਵਲ ਤਾਂ ਔਰਤ ਦੀ ਮੱਤ ਮੰਨਦੇ ਹੀ ਨਹੀਂ ਜੇ ਮੰਨਣੀ ਵੀ ਪਵੇ ਤਾਂ ਗੁੱਤ ਦੇ ਪਿੱਛੇ ਧਕੇਲ ਦਿੰਦੇ ਹਨ। ਮੱਝਾਂ ਵਿਚਾਰੀਆਂ ਇਕ ਤਾਂ ਆਪਣਾ ਕੱਟੜੂ ਪਰੇ ਹਟਾ ਕੇ ਮਾਲਕ ਦਾ ਘਰ ਭਰਦੀਆਂ ਹਨ ਫਿਰ ਵੀ ਖਾਹ-ਮਖਾਹ ਨਿੰਦਿਆ ਦਾ ਪਾਤਰ ਬਣੀਆਂ ਰਹਿੰਦੀਆਂ ਹਨ: ਮੱਝ ਅੱਗੇ ਬੀਨ ਵਜਾਉਣਾ; ਅਕਲ ਵੱਡੀ ਕਿ ਮੱਝ; ਮੋਟੀ ਮੱਝ-ਕਿੰਨਾ ਕਹਿਰ ਢਾਹਿਆ ਬੇਜ਼ੁਬਾਨ ‘ਤੇ। ਫਿਰ ਸੂਮਪੁਣੇ ਦਾ ਬੜਾ ਪ੍ਰਚਾਰ ਕਰਦੇ ਹਨ, ਮੂਤ ‘ਚੋਂ ਮੱਛੀਆਂ ਭਾਲਦੇ ਹਨ, ਥੁੱਕੀਂ ਵੜੇ ਪਕਾਉਂਦੇ ਹਨ, ਸਖੀ ਨਾਲੋਂ ਸੂਮ ਚੰਗਾ ਜਿਹੜਾ ਤੁਰਤ ਦੇਵੇ ਜਵਾਬ, ਨਾਲੇ ਹੁਸ਼ਨਾਕ ਬਾਹਮਣੀ ਸੀਂਢ ਦਾ ਤੁੜਕਾ। ਇਕੱਲੇ ਜਣੇ ਨੂੰ ਛੁਟਿਆਉਂਦੇ ‘ਇਕ ਨਾਲੋਂ ਦੋ ਭਲੇ’ ਜਾਂ ‘ਇਕ ਇਕ ਤੇ ਗਿਆਰਾਂ’ ਦੇ ਮੁਕਾਬਲੇ ਵਿਚ ਇਕ ਨੂੰ ਹੀ ‘ਸਵਾ ਲੱਖ’ ਕਹੀ ਜਾਂਦੇ ਹਨ ਤੇ ‘ਏਕੇ ‘ਚ ਬਰਕਤ’ ਵੀ ਦੱਸੀ ਜਾਂਦੇ ਹਨ। ਪਰ ਇਹ ਮੁਹਾਵਰੇ ਦਾ ਵਿਰੋਧਾਭਾਸ ਕਹੀਏ ਜਾਂ ਖੂਬਸੂਰਤੀ ਕਿ ‘ਚੋਰ ਤੇ ਲਾਠੀ ਦੋ ਜਣੇ , ਮੈਂ ਤੇ ਬਾਪੂ ‘ਕੱਲੇ’ ਵਿਚ ਦੋ ਨੂੰ ਇਕ ਤੇ ਇਕ ਨੂੰ ਦੋ ਬਣਾ ਦਿੱਤਾ ਗਿਆ ਹੈ। ‘ਬੇਈਮਾਨੀਏ ਤੇਰਾ ਆਸਰਾ’ ਦੇ ਟਾਕਰੇ ‘ਨੀਯਤ ਸਾਫ਼ ਤੇ ਕੰਮ ਰਾਸ ਹੈ।’ ਨਾਲੇ ‘ਚੋਰੀ ਦਾ ਗੁੜ ਮਿੱਠਾ’ ਦੱਸ ਕੇ ਚੋਰੀ ਕਰਨ ਲਈ ਉਕਸਾਈ ਜਾਂਦੇ ਹਨ ਨਾਲੇ ਕਹਿੰਦੇ ਹਨ ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ। ਆਪਣੀ ਆਈ ਤੇ ਆਏ ਮੁਹਾਵਰੇ ਆਨੇ ਪਾਈਆਂ ਦਾ ਖ਼ਿਆਲ ਰਖਦੇ ਹਨ, ਵਾਲ ਦੀ ਖੱਲ ਵੀ ਲਾਹੁਣ ਤੱਕ ਜਾਂਦੇ ਹਨ, 'ਦੁਧ ਦਾ ਦੁਧ, ਪਾਣੀ ਦਾ ਪਾਣੀ ਛਾਣਦੇ ਹਨ' ਨਹੀਂ ਤਾਂ ਉਨੀ ਵੀਹ ਦਾ ਤਾਂ ਕੀ ਉਨੀ ਇਕੀ ਦਾ ਫ਼ਰਕ ਵੀ ਨਹੀਂ ਦੇਖਦੇ। ਜੱਟ ਨੇ ਆਪਣਾ ਨੁਕਸਾਨ ਦੁੱਗਣਾ ਬਿਆਨਣਾ ਹੋਵੇ ਤਾਂ ਕਹਿ ਦਿੰਦਾ ਹੈ ਦੋ ਹਜ਼ਾਰ ਦਾ ਨੁਕਸਾਨ ਹੋ ਗਿਆ: ਹਜ਼ਾਰ ਦਾ ਬੌਲਦ ਮਰ ਗਿਆ, ਹਜ਼ਾਰ ਦਾ ਨਵਾਂ ਖਰੀਦਣਾ ਪਿਆ। ਇਸ ਨੂੰ ਕਹਿੰਦੇ ਹਨ ਜੱਟ ਬੁਧੀ! ਵੈਸੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜੱਟਾਂ ਤੋਂ ਮੁਹਾਵਰੇ ਥੋੜ੍ਹਾ ਡਰਦੇ ਹਨ ਕਿਉਂਕਿ ਇਹ ਸਿਰ ‘ਤੇ ਕੋਹਲੂ ਮਾਰ ਦਿੰਦੇ ਹਨ ਤੇ ਮਰੇ ਹੋਏ ਦਾ ਵੀ ਤੇਰਵ੍ਹੀਂ ਹੋਣ ਤੇ ਹੀ ਯਕੀਨ ਬਝਦਾ ਹੈ। ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ।
-----
ਮੁਹਾਵਰਾ-ਸੰਸਾਰ ਐਸਾ ਗੰਧਲਾ ਹੈ ਕਿ ਏਥੇ “ਚਾਰ ਪੈਸੇ” ਵਾਲਾ ਬੰਦਾ ਅਮੀਰ ਹੋ ਜਾਂਦਾ ਹੈ ਪਰ “ਲੱਖ ਤੋਂ ਕੱਖ” ਹੋਣ ਨੂੰ ਵੀ ਚਿਰ ਨਹੀਂ ਲਗਦਾ। ਨਾਲੇ ਖੂਹ ਦੀ ਮਿੱਟੀ ਵੀ ਖੂਹ ਨੂੰ ਲੁਆ ਦਿੰਦੇ ਹਨ ਪਰ ਅਕਲਾਂ ਬਿਨਾ ਖੂਹ ਫਿਰ ਖ਼ਾਲੀ ਦਾ ਖ਼ਾਲੀ ਰਹਿ ਜਾਂਦਾ ਹੈ। ਇਕ ਪਾਸੇ “ਅੰਨ੍ਹੀ ਪੀਹਵੇ ਕੁੱਤਾ ਚੱਟੇ” ਕਹਿ ਕੇ ਵਿਚਾਰੇ ਨੇਤਰਹੀਣ ਦੀ ਲਾਚਾਰੀ ਪ੍ਰਗਟ ਕਰ ਦਿੰਦੇ ਹਨ ਦੂਜੇ ਪਾਸੇ ਅੰਨ੍ਹਿਆਂ ਤੋਂ ਸ਼ੀਰਨੀਆਂ ਵੰਡਾ ਕੇ ਤੇ ਮੁੜ ਮੁੜ ਆਪਣਿਆਂ ਨੂੰ ਦੁਆ ਕੇ ਨੇਤਰਹੀਣ ਹੋਣ ਦੇ ਲਾਭ ਦਰਸਾ ਦਿੰਦੇ ਹਨ। ਪਰ ਫਿਰ ਵੀ ਦੇਖਿਆ ਗਿਆ ਹੈ ਕਿ ਅੱਖਾਂ ਤੇ ਮੁਹਾਵਰਿਆਂ ਦੀ ਸੁਵੱਲੀ ਨਜ਼ਰ ਹੈ ਹਰ ਬੋਲੀ ਵਿਚ ਅੱਖਾਂ ਦੇ ਮੁਹਾਵਰੇ ਕੁਰਬਲ-ਕੁਰਬਲ ਕਰਦੇ ਹਨ।
----
ਮੇਰੀ ਜਾਚੇ ਮੁਹਾਵਰੇ ਬੜੀ ਟੇਢੀ ਖੀਰ ਹੁੰਦੇ ਹਨ। ਅਕਸਰ ਇਹ ਤੁਹਾਨੂੰ ਪਟਕਾ ਮਾਰਦੇ ਹਨ। ਜੇ ਤੁਸੀਂ ਇਨ੍ਹਾਂ ਨਾਲ ਠੀਕ ਵਰਤਾਉ ਨਾ ਕਰੋ ਤਾਂ ਇਹ ਦੋਧਾਰੀ ਤਲਵਾਰ ਬਣ ਕੇ ਉਲਟਾ ਤੁਹਾਡੇ ਤੇ ਵੀ ਵਾਰ ਕਰ ਸਕਦੇ ਹਨ। ਮੁਹਾਵਰਿਆਂ ਕਾਰਨ ਮੈਂ ਕਈ ਵਾਰ ਬੜੀ ਯੱਭ ਵਾਲੀ ਸਥਿਤੀ ਵਿਚ ਫਸਿਆ ਰਹਿੰਦਾ ਹਾਂ। ਇਸ ਲਈ ਮੈਂ ਆਪਣੇ ਪਾਠਕਾਂ ਦੇ ਕੰਨ ਕਰ ਦੇਣਾ ਚਾਹੁੰਦਾ ਹਾਂ: ਇਨ੍ਹਾਂ ਦੇ ਦੋਗਲੇ ਕਿਰਦਾਰ ਤੋਂ ਬਚੋ, ਹਾਲਾਂਕਿ ਮੈਂ ਆਪ ਵੱਡਿਆਂ ਦੀ ਦੱਸੀ ਇਸ ਗੱਲ ਉਤੇ ਕੰਨ ਨਹੀਂ ਧਰਿਆ। ਸਾਡੇ ਨਾਲ ਹੋਈਆਂ ਹਨ ਐਵੇਂ ਨਹੀਂ ਮੂੰਹ ‘ਚੋਂ ਗੱਲ ਕੱਢਦੇ। ਸਾਡੇ ਵਾਕਿਫ਼ਕਾਰ ਟਰੱਕਾਂ ਵਾਲੇ ਸੋਹਣ ਸਿੰਘ ਦੀ ਦੇਸ ਰਹਿ ਗਈ ਆਖਰੀ ਨੂੰਹ ਹਜ਼ਾਰ ਹੇਠ-ਉਤੇ ਅਤੇ ਲੱਖ ਹੇਰ-ਫੇਰ ਕਰਕੇ ਆਖਿਰ ਇੰਡੀਆ ਤੋਂ ਆ ਗਈ ਤਾਂ ਉਨ੍ਹਾਂ ਹਜ਼ਾਰ ਹਜ਼ਾਰ ਸ਼ੁਕਰ ਕੀਤੇ ਤੇ ਲੱਖ ਵੱਟਿਆ। ਹੁਣ ਇੰਡੀਆ ਵੱਲ ਉਨ੍ਹਾਂ ਦੀ ਕੋਈ ਝਾਕ ਨਹੀਂ ਸੀ ਰਹਿ ਗਈ, ਜਿਹੜੇ ਦੇਸ਼ ਨਹੀਂ ਜਾਣਾ ਉਹਦਾ ਰਾਹ ਕਿਉਂ ਪੁੱਛਣਾ। ਅਸਾਂ ਸੋਚਿਆ, ਤੇ ਸਾਡਾ ਬਣਦਾ ਵੀ ਸੀ ਕਿ ਉਨ੍ਹਾਂ ਦੀਆਂ ਖ਼ੁਸ਼ੀਆਂ ਵਿਚ ਵਾਧਾ ਕਰਨ ਲਈ ਵਧਾਈ ਦਿਤੀ ਜਾਵੇ। ਇਕ ਦਿਨ ਸ਼ਾਮ ਦੇ ਘੁਸਮੁਸੇ ਵਿਚ ਜਦੋਂ ਵਾਜਿਬ ਟਾਈਮ ਹੁੰਦਾ ਹੈ, ਅਸੀਂ ਸਾਰਾ ਪਰਿਵਾਰ ਤਸ਼ਰੀਫ਼ ਦੇ ਟੋਕਰੇ ਚੁੱਕੀ ਤੁਰ ਪਏ। ਅਜਿਹੇ ਕੰਮ ਲਈ ਮੈਂ ਸਾਰੇ ਟੱਬਰ ਨੂੰ ਹਮੇਸ਼ਾ ਖਾਓ-ਪੀਏ ਹੀ ਲਿਜਾਂਦਾ ਹਾਂ, ਉਂਜ ਮੇਰੀ ਮਾਂ ਨੇ ਲੱਖ ਵਾਰੀ ਸਮਝਾਇਆ ਹੈ-ਘਰੋਂ ਜਾਈਏ ਖਾ ਕੇ ਅੱਗੋਂ ਮਿਲੇ ਪਕਾ ਕੇ।
----
ਮੇਰੇ ਘਰ ਵਾਲੀ ਨੂੰ ਵਧਾਈ ਬਹੁਤੀ ਹੀ ਚੜ੍ਹੀ ਹੋਈ ਸੀ। ਉਹ ਸੋਫੇ ‘ਤੇ ਬੈਠਣ ਲੱਗੀ ਕਿ ਨਵੀਂ ਨਵੀਂ ਨੂੰਹ ਆ ਕੇ ਮੱਥਾ ਟੇਕਣ ਲੱਗ ਪਈ। ਉਹ ਬਹਿੰਦੀ-ਬਹਿੰਦੀ ਉੱਠ ਖੜ੍ਹੀ ਹੋਈ ਤੇ ਮੱਥਾ ਟੇਕਣ ਦਾ ਜਵਾਬ ਸਿਰ ਪਿਆਰ ਭੁਗਤਾ ਕੇ ਮੂੰਹ ਵਿਚੋਂ ਕਿਰਨਮ ਕਿਰਨੀ ਹੁੰਦੇ ਵਧਾਈ ਦੇ ਸ਼ਬਦ ਉਗਲਛਣ ਲੱਗ ਪਈ, “ਆਹ ਤਾਂ ਬਹੁਤ ਵਧੀਆ ਹੋਇਆ ਜੀ, ਤੁਹਾਡੀ ਆਖ਼ਰੀ ਖ਼ਾਹਿਸ਼ ਪੂਰੀ ਹੋ ਗਈ ਤੁਹਾਡੀ ਨੂੰਹ ਰਾਣੀ ਆ ਗਈ। ਤੁਹਾਡਾ ਤਾਂ ਹੁਣ ਟੱਬਰ ਪੂਰਾ ਹੋ ਗਿਆ।” ਕਹਿੰਦੇ ਹਨ ਮੁਰਦਾ ਬੋਲੂ ਕੱਫ਼ਣ ਪਾੜੂ। ਮੈਂ ਮੱਥੇ ‘ਤੇ ਹੱਥ ਮਾਰਿਆ। ਇਹ ਮੇਰੀ ਘਰ ਵਾਲੀ ਨੇ ਕੀ ਉਚਾਰ ਦਿੱਤਾ। ‘ਆਖ਼ਰੀ ਖ਼ਾਹਿਸ਼’ ਤੇ ਫਿਰ ‘ਟੱਬਰ ਪੂਰਾ ਹੋ ਗਿਆ’। ਉਨ੍ਹਾਂ ਲਈ ਤਾਂ ਇਹ ਬਖ਼ਤਾਵਰ ਦਿਨ ਹਨ। ਮੈਂ ਕਦੇ ‘ਤਾਂਹ ਦੇਖਾਂ ਕਦੇ ਠਾਂਹ’। ਮੱਥੇ ‘ਤੇ ਤਰੇਲੀਆਂ ਛੁੱਟਣ ਲੱਗੀਆਂ। ਤਕਾਲ-ਸੰਧਿਆ ਦਾ ਵੇਲਾ, ਘਰ ਨਵੀਂ ਨਵੀਂ ਨੂੰਹ ਤੇ ਇਹ ਸੁਜਾਨ ਕੌਰ ਉਨ੍ਹਾਂ ਦੀ ਆਖ਼ਰੀ ਖ਼ਾਹਿਸ਼ ਦੱਸ ਕੇ ਟੱਬਰ ਹੀ ਪੂਰਾ ਕਰ ਰਹੀ ਹੈ। ਘਰ ‘ਚ ਸੁੰਨ ਵਰਤ ਗਈ। ਮੈਨੂੰ ਧਰਤੀ ਗਰਕਣ ਨੂੰ ਵਿਹਲ ਨਹੀਂ ਸੀ ਦੇ ਰਹੀ। ਕਮਲਿਆਂ ਦਾ ਟੱਬਰ ਸਾਡਾ, ਕੀ ਕਰੀਏ। ਹੁਣ ਤਕ ਘਰ ਵਾਲੀ ਨੂੰ ਵੀ ਦਾਲ ਵਿਚ ਕੁਝ ਕਾਲਾ ਕਾਲਾ ਤਾਂ ਦਿਸਣ ਲੱਗ ਪਿਆ ਪਰ ਇਹ ਕੀ ਸੀ, ਉਹਦੇ ਖਾਨੇ ਨਾ ਪਿਆ।
----
ਪਰ ਆਪਣੇ ਯਾਰ ਸੋਹਣ ਸਿੰਘ ਨੇ ਸਥਿਤੀ ਸੰਭਾਲ ਲਈ। ਆਖਿਰ ਕਿਸਦੀ ਜ਼ਬਾਨ ਗੋਤਾ ਨਹੀਂ ਖਾ ਜਾਂਦੀ, ਕੋਈ ਅਸਮਾਨ ਤਾਂ ਨਹੀਂ ਸੀ ਢਹਿ ਪਿਆ। ਸਾਡੀ ਇੱਜ਼ਤ ਦਾ ਧਿਆਨ ਰੱਖਦਿਆਂ ਉਸਨੇ ਸਿਰਫ਼ ‘ਹੀ।।।ਹੀ।।।ਹੀ’ ਹੀ ਉਚਾਰ ਕੇ ਗੱਲ ਹੋਊ ਪਰ੍ਹੇ ਕਰਨ ਦੀ ਕੀਤੀ। ਮੁਰਦੇਹਾਣਾ ਮਾਹੌਲ ਚਾਹ ਦੇ ਪਿਆਲਿਆਂ ਤੇ ਲੱਡੂਆਂ ਨਾਲ ਜੀਵਿਤ ਹੋਣ ਲੱਗਾ ਤਾਂ ਮੈਂ ਉਲਝੀ ਤਾਣੀ ਸੁਲ਼ਝਾਉਣ ਦੀ ਠਾਣੀ। ਗਲ਼ਾ ਸਾਫ਼ ਕਰਦਿਆਂ ਮੈਂ ਗ਼ਲਤੀ ਸੁਧਾਰਨ ਲਈ ਕਿਹਾ, “ਅਸਲ ‘ਚ ਜੀ ਮੇਰੀ ਘਰ ਵਾਲ਼ੀ ਦਾ ਮਤਲਬ ਸੀ ਕਿ ਹੁਣ ਤੁਹਾਡੇ ਟੱਬਰ ਦਾ ‘ਕੱਠ ਹੋ ਗਿਆ।” ਮੇਰੇ ਮੂੰਹ ‘ਚੋਂ ਇਹ ਵਾਕ ਨਿਕਲੇ ਹੀ ਸਨ ਕਿ ਮੈਂ ਮਹਿਸੂਸ ਕਰ ਲਿਆ, ਮੈਂ ਤਾਂ ਬਲਦੀ ‘ਚ ਤੇਲ ਪਾ ਦਿੱਤਾ ਸੀ। ਪਰ ਤੀਰ ਚੱਲ ਚੁੱਕਾ ਸੀ। ਪਤਾ ਨਹੀਂ ਅੱਜ ਕੌਣ ਮੱਥੇ ਲੱਗਾ ਕਿ ਜ਼ਬਾਨ ਟਪਲੇ ਹੀ ਖਾਈ ਜਾਂਦੀ ਹੈ। ਹੱਥ ਕੰਗਣ ਨੂੰ ਆਰਸੀ ਕੀ, ਪੜ੍ਹੇ ਲਿਖੇ ਨੂੰ ਫਾਰਸੀ ਕੀ, ਪਰਤੱਖ ਸੀ ਸਾਡਾ ਸਾਰਾ ਆਵਾ ਹੀ ਊਤ ਗਿਆ ਸੀ। ਟੱਬਰ ਤਾਂ ਘਰ ਵਾਲੀ ਨੇ ਚੁੱਕ ‘ਤਾ ਸੀ ਮੈਂ ਤਾਂ ਉਨ੍ਹਾਂ ਦਾ ਭੋਗ ਪਾ ਕੇ ‘ਕੱਠ ਵੀ ਕਰ ਦਿੱਤਾ ਸੀ। ਮੇਜ਼ ਦੁਆਲੇ ਬੈਠੇ ਸਾਰੇ ਜੀਆਂ ਦੇ ਚਾਹ ਦੇ ਕੱਪ ਛਲਕ ਗਏ। ਫਸੀ ਨੂੰ ਫਟਕਣ ਕੀ, ਸੌ ਘੜੇ ਪਾਣੀ ਪਿਆ ਸਿਰ ਮੈਂ ਅੱਗੇ ਧਰ ਕੇ ਜ਼ਿਬਾਹ ਹੋਣ ਲਈ ਵੀ ਤਿਆਰ ਸੀ ਪਰ ਪਿੱਛੇ ਕਿਧਰੇ ਥਾਂ ਸਿਰ ਟਿਕਿਆ ਪਿਆ ਘਰ ਦਾ ਬੁੜਾ ਜੋ ਹਨੇਰੇ ਜਿਹੇ ਵਿਚ ਦਿਖਾਈ ਨਹੀਂ ਸੀ ਦੇ ਰਿਹਾ, ਪ੍ਰਗਟ ਹੋ ਗਿਆ। ਤਾਂ ਹੀ ਪਤਾ ਲੱਗਾ ਜਦ ਉਸਨੇ ਸੋਟਾ ਖੜਕਾਇਆ ਤੇ ਮੂੰਹ ‘ਚੋਂ ਕੜਕਿਆ, “ਚੰਗਾ ਹੈ ਸਰਦਾਰ ਜੀ ਹੁਣ ਤੁਸੀਂ ਸਾਡੇ ਘਰੋਂ ਚਲਾਣਾ ਕਰੋ, ਨਹੀਂ ਤੁਹਾਨੂੰ ਪਾਰ ਬੁਲਾਉਣਾ ਪਊ।”
.......
ਸੌ ਹੱਥ ਰੱਸਾ ਸਿਰੇ ਤੇ ਗੰਢ, ਮੁਹਾਵਰਿਆਂ ਨਾਲ ਕਦੇ ਪੰਗਾ ਨਾ ਲਓ J