ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, April 24, 2011

ਮੇਜਰ ਮਾਂਗਟ – ਮੈਂ ਤੇ ਮੇਰੇ ਪਾਠਕ - ਲੇਖ

ਮੈਂ ਤੇ ਮੇਰੇ ਪਾਠਕ

ਲੇਖ


ਮੈਂ 1990 ਵਿੱਚ ਕੈਨੇਡਾ ਆਇਆ ਸੀ।ਉਦੋਂ ਤੱਕ ਮੇਰੇ ਗੀਤਾਂ ਦਾ ਕਿਤਾਬਚਾ ਸੱਚ ਦੀ ਆਵਾਜ਼ਅਤੇ ਇੱਕ ਕਹਾਣੀਆਂ ਦੀ ਪੁਸਤਕ ਤਲੀਆਂ ਤੇ ਉੱਗੇ ਥੋਹਰ ਛਪ ਚੁੱਕੇ ਸਨ।ਮੇਰੀਆਂ ਰਚਨਾਵਾਂ ਅਕਸਰ ਅਖ਼ਬਾਰਾਂ ਵਿੱਚ ਛਪਣ ਕਾਰਨ ਪਾਠਕ ਤਾਂ ਮੇਰੇ ਉਦੋਂ ਵੀ ਸਨ।ਪਰ ਜਦੋਂ 1993 ਵਿੱਚ ਮੇਰਾ ਦੂਸਰਾ ਕਹਾਣੀ ਸੰਗ੍ਰਹਿ ਕੂੰਜਾਂ ਦੀ ਮੌਤਛਪਿਆ ਤਾਂ ਮੇਰੇ ਬਹੁਤ ਸਾਰੇ ਪਾਠਕ ਨਵੇਂ ਜੁੜ ਗਏ।1990 ਵਿੱਚ ਮੇਰੀ ਕਿਤਾਬ ਤੇ ਮੇਰੀ ਗ਼ੈਰ-ਹਾਜ਼ਰੀ ਵਿੱਚ ਹੋਏ ਸਮਾਗਮ ਵਿੱਚ ਮੇਰੇ ਪਾਠਕਾਂ ਦਾ ਭਰਵਾਂ ਇਕੱਠ ਹੋਇਆ।1993 ਵਿੱਚ ਤਾਂ ਇਹ ਗਿਣਤੀ ਬਹੁਤ ਸੀ।ਸਵਰਨਜੀਤ ਸਵੀ ਨੇ ਇਹ ਕਿਤਾਬ ਛਾਪੀ ੳਤੇ ਸੁਰਜੀਤ ਪਾਤਰ ਨੇ ਪ੍ਰਧਾਨਗੀ ਕੀਤੀ।1996 ਵਿੱਚ ਮੇਰੀ ਕਿਤਾਬ ਤ੍ਰਿਸ਼ੰਕੂਚੇਤਨਾ ਪ੍ਰਕਾਸ਼ਨ ਨੇ ਛਾਪੀ ਇਸ ਦਾ ਸਮਾਗਮ ਵੀ ਪੰਜਾਬੀ ਭਵਨ ਲਧਿਆਣੇ ਲੇਖਕਾਂ, ਵਿਦਵਾਨਾ ਅਤੇ ਪਾਠਕਾਂ ਦੀ ਭਰਪੂਰ ਹਾਜ਼ਰੀ ਵਿੱਚ ਹੋਇਆ।ਫੇਰ ਸਨ 2000 ਵਿੱਚ ਮੇਰੀ ਮੁਲਾਕਾਤਾਂ ਦੀ ਪੁਸਤਕ ਆਹਮਣੇ ਸਾਹਮਣੇਪ੍ਰਕਾਸ਼ਿਤ ਹੋਈ ਮੇਰੇ ਪੰਜਾਬ ਜਾਣ ਤੇ ਸਾਹਿਤ ਸਭਾ ਸਮਰਾਲਾ,ਲਿਖਾਰੀ ਸਭਾ ਰਾਮਪੁਰ ਅਤੇ ਸਾਹਿਤ ਸਭਾ ਮਾਛੀਵਾੜਾ ਨੇ ਮੇਰੇ ਪਾਠਕਾਂ ਦੀ ਵੱਡੀ ਗਿਣਤੀ ਇਨ੍ਹਾਂ ਤੇ ਸਫ਼ਲ ਸਮਾਗਮ ਕਰਵਾਏ।ਫੇਰ ਸਨ 2004 ਵਿੱਚ ਮੇਰਾ ਚੌਥਾ ਕਹਾਣੀ ਸੰਗ੍ਰਹਿ ਪਰੀਆਂ ਦਾ ਦੇਸਛਪਿਆ ਜਿਸ ਤੇ ਸਮਰਾਲੇ ਵਿੱਚ ਬਹੁਤ ਵੱਡਾ ਸਮਾਗਮ ਹੋਇਆ ਜਿਸ ਵਿੱਚ ਡਾ: ਗੁਲਜ਼ਾਰ ਮੁਹੰਮਦ ਗੋਰੀਆ, ਲਾਲ ਸਿੰਘ ਦਿਲ, ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਵੀ ਸ਼ਾਮਿਲ ਸਨ।ਅਜਿਹਾ ਹੀ 2008 ਅਤੇ 2009 ਵਿੱਚ ਵੀ ਹੋਇਆ ਜਦੋਂ ਪਾਠਕਾਂ ਨਾਲ ਮੇਰੇ ਰੂ-ਬ-ਰੂ ਕਰਵਾਏ ਗਏ ਤੇ ਮੇਰੀਆਂ ਕਹਾਣੀਆਂ ਤੇ ਵਿਸ਼ੇਸ਼ ਸਮਾਗਮ ਹੋਏ।ਪਿਛਲੀ ਵਾਰ ਤਾਂ ਮੇਰੇ ਕਾਵਿ ਸੰਗ੍ਰਹਿ ਦਰਿਆ ਚੋਂ ਦਿਸਦਾ ਚੰਨ ਸਮੇਂ ਮਹੀਨਾ ਭਰ ਇਹ ਰੌਣਕਾ ਲੱਗਦੀਆਂ ਰਹੀਆਂ।ਇਸ ਵਕ਼ਤ ਤੱਕ ਮੇਰੇ ਨਾਲ ਬਹੁਤ ਸਾਰੇ ਪਾਠਕ ਜੁੜ ਚੁੱਕੇ ਸਨ ਜੋ ਮੇਰੀ ਕਹਾਣੀ ਨੂੰ ਸ਼ਿੱਦਤ ਨਾਲ ਪਿਆਰ ਕਰਦੇ ਸਨ।ਇਨ੍ਹਾਂ ਪਾਠਕਾਂ ਵਿੱਚ ਮੇਰੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਫੇਰ ਯੂਨੀਵਰਸਿਟੀ ਪੜ੍ਹਨ ਵਾਲੇ ਪਾਠਕ ਮਿੱਤਰ ਵੀ ਸਨ।ਜਦੋਂ ਵੀ ਮੈਂ ਭਾਰਤ ਗਿਆ ਮੇਰੀ ਕੋਈ ਨਾ ਕੋਈ ਕਿਤਾਬ ਵੀ ਛਪਦੀ ਰਹੀ ਤੇ ਤੇ ਸਮਾਗਮ ਵੀ ਹੁੰਦੇ ਰਹੇ।ਪਰ ਸਾਲ 2010 ਦਾ ਮੇਰਾ ਇਹ ਗੇੜਾ ਬਗੈਰ ਕਿਸੇ ਪੁਸਤਕ ਦੀ ਚਰਚਾ ਅਤੇ ਕਿਸੇ ਸਾਹਿਤਕ ਸਮਾਗਮ ਤੋਂ ਬਗੈਰ ਸੀ।ਹੋਰ ਤਾਂ ਹੋਰ ਮੈਂ ਪਰਿਵਾਰ ਨਾਲ ਹੋਣ ਕਾਰਨ ਕਿਸੇ ਵੀ ਸਾਹਿਤਕਾਰ ਨੂੰ ਨਾ ਮਿਲ ਸਕਿਆ।ਮੈਨੂੰ ਪਤਾ ਸੀ ਕਿ ਸਾਰੇ ਮੇਰੇ ਨਾਲ ਬੇਹੱਦ ਗ਼ੁੱਸੇ ਹੋਣਗੇ।ਪਰ ਮੇਰੇ ਲਈ ਆਪਣੇ ਬੱਚੇ ਤੇ ਪਰਿਵਾਰ ਬਹੁਤ ਜ਼ਰੂਰੀ ਸਨ ਜਿਨਾਂ ਨੂੰ ਲੈ ਕੇ ਆਇਆ ਸੀ।ਮੈਂ ਸਾਰਾ ਸਮਾਂ ਉਨ੍ਹਾਂ ਨੂੰ ਹੀ ਦੇਣਾ ਚਾਹੁੰਦਾ ਸੀ।ਸਾਲ 2010 ਵਿੱਚ ਮੇਰੀਆਂ ਨਵੀਆਂ ਕਹਾਣੀਆਂ ਸਿਰਜਣਾ, ਕਹਾਣੀ ਪੰਜਾਬ, ਤ੍ਰਿਸ਼ੰਕੂ, ਜਾਗੋ, ਸਰੋਕਾਰ, ਅਕਸ, ਰੂਪ ੳਤੇ ਕਈ ਹੋਰ ਮੈਗਜ਼ੀਨਾਂ ਨੇ ਛਾਪੀਆਂ ਜਿਨਾਂ ਦੀ ਚਰਚਾ ਸੀ, ਪਰ ਪੰਜਾਬੀ ਦੇ ਇਹ ਸਾਹਿਤਕ ਪਰਚੇ ਆਮ ਘਰਾਂ ਅਤੇ ਪਾਠਕਾਂ ਤੱਕ ਨਹੀਂ ਪਹੁੰਚਦੇ।ਮੇਰਾ ਇਹ ਸੁਭਾਅ ਵੀ ਨਹੀਂ ਕਿ ਮੈਂ ਕਿਸੇ ਦੋਸਤ, ਰਿਸ਼ਤੇਦਾਰ ਜਾ ਜਾਣ ਪਛਾਣ ਵਾਲੇ ਨੂੰ ਦੱਸਾਂ ਕਿ ਮੈਂ ਲਿਖਦਾ ਹਾਂ ਮੈਨੂੰ ਜ਼ਰੂਰ ਪੜ੍ਹੋ, ਪਰ ਜਦੋਂ ਤੋਂ ਮੇਰੇ ਆਰਟੀਕਲ ਰੋਜ਼ਾਨਾ ਅਜੀਤ ਨੇ ਛਾਪਣੇ ਸ਼ੁਰੂ ਕੀਤੇ ਮੈਨੂੰ ਸਾਰੇ ਪੰਜਾਬ ਵਿੱਚੋਂ ਹਰ ਜ਼ਿਲ੍ਹੇ ਅਤੇ ਪਿੰਡ ਵਿੱਚੋਂ ਆਮ ਪਾਠਕਾਂ ਦਾ ਵਿਸ਼ਾਲ ਘੇਰਾ ਮਿਲਿਆ।ਜਦੋਂ ਕੋਈ ਆਰਟੀਕਲ ਅਜੀਤ ਜਾਂ ਨਵਾਂ ਜ਼ਮਾਨਾ ਵਿਚ ਛਪਦਾ ਮੈਂਨੂੰ ਸੈਂਕੜੇ ਫੋਨ ਭਾਰਤ ਤੋਂ ਆਉਂਦੇ।ਈਮੇਲਜ਼ ਆਉਂਦੀਆ।ਇਹ ਪਾਠਕ ਮੇਰੇ ਆਉਣ ਦਾ ਪਤਾ ਪੁੱਛਦੇ ਅਤੇ ਮੈਨੂੰ ਮਿਲਣਾ ਚਾਹੁੰਦੇ, ਪਰ ਜਦੋਂ ਮੇਰੇ ਜਾਣ ਦਾ ਪ੍ਰੋਗਾਰਾਮ ਬਣਿਆ ਤਾਂ ਮੈਂ ਅਜਿਹੇ ਕਿਸੇ ਪਾਠਕ ਨੂੰ ਨਹੀਂ ਸੀ ਦੱਸ ਸਕਿਆ।ਪਿਛਲੇ ਤੀਹਾਂ ਸਾਲਾਂ ਵਿੱਚ ਮੇਰੇ ਇਹ ਪਾਠਕ ਹਰ ਤਰ੍ਹਾਂ ਦੇ ਹਨ ਨੌਜਵਾਨ ਮੁੰਡੇ, ਕੁੜੀਆਂ, ਮੇਰੇ ਹਮ-ਉਮਰ, ਚਾਚਿਆਂ-ਤਾਇਆਂ ਵਰਗੇ, ਮੇਰੀਆਂ ਮਤਾਵਾਂ ਭੈਣਾਂ ਤੇ ਬਜ਼ੁਰਗ।ਇਨ੍ਹਾਂ ਚੋਂ ਇੱਕ ਪਾਠਕ ਅਜਿਹਾ ਵੀ ਸੀ ਜੋ ਰਾੜਾ ਗੁਰਦੁਵਾਰੇ ਵਿੱਚ ਲਮਬੇ ਅਰਸੇ ਤੋਂ ਰਹਿੰਦਾ ਸੀ ਤੇ ਜਿਸ ਦਾ ਹੋਰ ਕੋਈ ਨਹੀਂ ਸੀ।ਉਹ ਮੇਰੀਆਂ ਰਚਨਾਵਾਂ ਨੂੰ ਐਨਾ ਪਿਆਰ ਕਰਦਾ ਕਿ ਹਰ ਰੋਜ਼ ਹੀ ਮੈਨੂੰ ਕੈਨੇਡਾ ਫੋਨ ਕਰਕੇ ਮੇਰੇ ਆਉਣ ਬਾਰੇ ਪੁੱਛਦਾ, ਪਰ ਮੈਂ ਸੋਚਦਾ ਸੀ ਕਿ ਗੁਰਦੁਵਾਰੇ ਰਹਿਣ ਵਾਲਾ ਬਾਬਾ ਸਾਹਿਤ ਦਾ ਐਨਾ ਪ੍ਰੇਮੀ ਕਿਵੇਂ ਹੋ ਸਕਦਾ ਹੈ।ਮੈਂ ਤਾਂ ਕੋਈ ਧਾਰਮਿਕ ਬੰਦਾ ਵੀ ਨਹੀਂ।ਪਰ ਉਸਦੇ ਪਿਆਰ ਸਾਹਮਣੇ ਮੈਂ ਆਪਣਾ ਜਾਣਾ ਲੁਕੋ ਨਹੀਂ ਸੀ ਸਕਿਆ।ਮੇਰੇ ਪਾਠਕ ਜਾਣਦੇ ਸਨ ਕਿ ਕਹਾਣੀਆਂ ਲਿਖਣ ਦੇ ਨਾਲ਼-ਨਾਲ਼ ਬ੍ਰਹਿਮੰਡ ਦੇ ਰਹੱਸਾਂ ਬਾਰੇ ਵੀ ਵਿਗਿਆਨਕ ਅਤੇ ਖੋਜ ਭਰਪੂਰ ਲੇਖ ਲਿਖਦਾ ਹਾਂ।ਇਸ ਵਿਸ਼ੇ ਵਿੱਚ ਦਿਲਚਸਪੀ ਰੱਖਣ ਵਾਲੇ ਵੀ ਮੇਰੇ ਪੰਜਾਬ ਵਿੱਚ ਬਹੁਤ ਸਾਰੇ ਪਾਠਕ ਹਨ।ਜੋ ਅਕਸਰ ਮੈਨੂੰ ਈਮੇਲਜ਼ ਅਤੇ ਫ਼ੋਨ ਕਰਦੇ ਹਨ, ਪਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਪੰਜਾਬ ਆਇਆ ਹੋਇਆ ਹਾਂ।ਮੇਰੇ ਧੂਲਕੋਟ ਵਾਲੇ ਅੰਕਲ ਨੂੰ ਜਾਣਦੇ ਕੁਝ ਮੁੰਡੇ ਜੋ ਮੇਰੇ ਬ੍ਰਹਿਮੰਡ ਸਬੰਧੀ ਲਿਖੇ ਲੇਖਾਂ ਦੇ ਪਾਠਕ ਸਨ ਇਹ ਮੰਨ ਨਹੀਂ ਸੀ ਰਹੇ ਕਿ ਅੰਕਲ ਦਾ ਰਿਸ਼ਤੇਦਾਰ ਹਾਂ।ਜਦੋਂ ਅੰਕਲ ਨੇ ਦੱਸਿਆ ਕਿ ਮੈਂ ਭਾਰਤ ਆ ਰਿਹਾ ਹਾਂ ਤਾਂ ਉਹ ਕਹਿੰਦੇ ਕੇ ਅਸੀਂ ਹਰ ਹਾਲਤ ਵਿੱਚ ਮਿਲਣਾ ਹੈ।ਹੁਣ ਜਿਸ ਦਿਨ ਦਾ ਮੈਂ ਉੱਤਰਿਆਂ ਸਾਂ ਮਿਲਣ ਵਾਲਿਆਂ ਦੇ ਲਗਾਤਾਰ ਫੋਨ ਆ ਰਹੇ ਸਨ।ਬਾਬਾ ਦਰਵਾਰਾ ਸਿੰਘ ਜੋ ਰਾੜਾ ਸਾਹਿਬ ਗੁਰਦੁਵਾਰੇ ਵਿੱਚ ਹਰ ਰੋਜ਼ ਉੱਠਣ ਸਾਰ ਫ਼ੋਨ ਕਰਦਾ ਤੇ ਮੈਨੂੰ ਮਿਲਣ ਲਈ ਕਹਿੰਦਾ।ਮੇਰੇ ਕੋਲ ਸਮਾਂ ਨਹੀਂ ਸੀ ਮੈਂ ਬਥੇਰੇ ਬਹਾਨੇ ਲਗਾਏ ਪਰ ਉਸਦੇ ਹਠ ਸਾਹਮਣੇ ਹਾਰ ਗਿਆ।ਮੈਨੂੰ ਸਹੁਰਿਆਂ ਤੋਂ ਆਪਣੇ ਪਿੰਡ ਜਾਂ ਸਮਰਾਲੇ ਜਾਣ ਲਈ ਰਾੜਾ ਸਾਹਿਬ ਗੁਰਦਵਾਰੇ ਦੇ ਅੱਗੇ ਤੋਂ ਹੀ ਲੰਘਣਾ ਪੈਂਦਾ ਸੀ।ਮੈਂ ਕਿਹਾ ਕਿ ਮੈਂ ਆ ਰਿਹਾ ਹਾਂ ਬਾਬਾ ਦਰਬਾਰਾ ਸਿੰਘ ਘੰਟਾ ਪਹਿਲਾਂ ਹੀ ਸੜਕ ਦੇ ਵਿਚਕਾਰ ਖਲੋ ਗਏ ਤੇ ਪੁੱਛਣ ਲੱਗ ਪਏ ਕਿ ਕਿੱਥੇ ਹੈ।ਮੇਰੇ ਪੁੱਜਣ ਤੇ ਉਨ੍ਹਾਂ ਨੂੰ ਚਾਅ ਚੜ੍ਹ ਗਿਆ।ਉਹ ਸਭ ਕੁਝ ਭੁੱਲ ਗਏ।ਮੇਰੀ ਗੱਡੀ ਆਪਣੇ ਕਮਰੇ ਤੱਕ ਲੈ ਕੇ ਗਏ ਤੇ ਹਰ ਕਿਸੇ ਨੂੰ ਦੱਸ ਰਹੇ ਸਨ ਮੇਰਾ ਲੇਖਕ ਦੋਸਤ ਹੈ ਮੇਜਰ ਮਾਂਗਟ ਕਨੇਡਾ ਤੋਂ ਆਇਆ ਹੈ।ਉਹ ਮੈਨੂੰ ਵੱਡੇ ਬਾਬਾ ਜੀ ਨੂੰ ਮਿਲਾਉਣਾ ਚਾਹੁੰਦੇ ਸਨ ਪਰ ਮੇਰੇ ਕੋਲ ਸਮਾ ਨਹੀਂ ਸੀ।ਉਨ੍ਹਾਂ ਮੈਨੂੰ ਸਾਰਾ ਗੁਰਦੁਵਾਰਾ ਦਿਖਾਇਆ ਕਈ ਕਿਤਾਬਾਂ ਤੇ ਤੋਹਫ਼ੇ ਦਿੱਤੇ।ਜਿਵੇਂ ਮੈਂ ਉਸਦੇ ਪਰਿਵਾਰ ਦਾ ਕੋਈ ਖ਼ਾਸ ਮੈਂਬਰ ਹੋਵਾਂ।ਉਸ ਵਲੋਂ ਕੀਤਾ ਐਨਾ ਮਾਣ ਤਾਣ ਦੇਖਕੇ ਮੇਰੇ ਅੱਖਾਂ ਵਿੱਚ ਅੱਥਰੂ ਆ ਗਏ।ਹੁਣ ਵੀ ਬਾਬਾ ਦਰਵਾਰਾ ਸਿੰਘ ਦੇ ਫ਼ੋਨ ਮੈਨੂੰ ਅਕਸਰ ਆਉਦੇ ਹਨ।ਉਹ ਮੇਰਾ ਪਾਠਕ ਹੈ ਦੋਸਤ ਹੈ ਉਸ ਨਾਲ ਇਹ ਮਿਲਣੀ ਮੇਰੇ ਚੇਤੇ ਵਿੱਚ ਉੱਕਰੀ ਗਈ।ਗੁਰਦੁਵਾਰਾ ਰਾੜਾ ਸਾਹਿਬ ਨਾਲ ਮੇਰਾ ਗੂੜ੍ਹਾ ਰਿਸ਼ਤਾ ਕੈਨੇਡਾ ਆਉਣ ਤੋਂ ਪਹਿਲਾਂ ਵੀ ਰਿਹਾ ਹੈ।ਪਹਿਲੀ ਵਾਰ ਮੈਂ ਆਪਣੀ ਦਾਦੀ ਬਸੰਤ ਕੌਰ ਅਤੇ ਮਾਤਾ ਹਰਭਜਨ ਕੌਰ ਨਾਲ਼ ਉਦੋਂ ਆਇਆ ਸੀ ਜਦੋਂ ਸੰਤ ਬਾਬਾ ਈਸ਼ਰ ਸਿੰਘ ਦੀ ਮ੍ਰਿਤਕ ਦੇਹ ਏਥੇ ਲਿਆਂਦੀ ਗਈ ਸੀ।ਅਸੀਂ ਬਚਪਨ ਵਿੱਚ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸੁਣਨ ਦੂਰ-ਦੁਰਾਡੇ ਜਾਂਦੇ ਰਹਿੰਦੇ ਸੀ।ਮੇਰੀ ਪਹਿਲੀ ਪੁਸਤਕ ਤਲੀਆਂ ਤੇ ਉੱਗੇ ਥੋਹਰਵੀ ਰਾੜਾ ਸਹਿਬ ਹੀ ਛਪੀ ਸੀ।ਏਥੇ ਇਸ ਪੁਸਤਕ ਦੇ ਪਰੂਫ ਪੜ੍ਹਨ ਮੈਂ ਮੰਚ ਪ੍ਰਿੰਟਿੰਗ ਪ੍ਰੈੱਸ ਤੇ ਆਮ ਹੀ ਆਉਂਦਾ ਸੀ।ਏਥੇ ਮੇਰਾ ਦੋਸਤ ਹਰਪਾਲ ਖੰਗੂੜਾ ਅਤੇ ਬਲਦੇਵ ਸਿੰਘ ਅਕਸਰ ਮਿਲਦੇ।ਏਥੇ ਹੀ ਅਸੀਂ ਨਵ-ਲੇਖਕ ਮੰਚ ਰਾੜਾ ਸਾਹਿਬ ਬਣਾਇਆ ਤੇ ਉਸ ਦੀਆਂ ਮੀਟਿੰਗਾਂ ਵੀ ਅਕਸਰ ਕਰਿਆ ਕਰਦੇ ਸੀ।ਫੇਰ ਮੇਰੀ ਪਹਿਲੀ ਪੁਸਤਕ ਵੀ ਏਥੇ ਕਰਮਸਰ ਕਾਲਜ ਵਿੱਚ ਰਿਲੀਜ਼ ਹੋਈ ਸੀ।ਜਿੱਥੇ ਮੈਂ ਇਹ ਸਭ ਕੁਝ ਯਾਦ ਕਰ ਰਿਹਾ ਸੀ ਉੱਥੇ ਬਾਬਾ ਦਰਬਾਰਾ ਸਿੰਘ ਜੀ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਹਰ ਜਗਾ ਦੇ ਦਰਸ਼ਨ ਕਰਵਾਏ ਅਤੇ ਬੜੇ ਪਿਆਰ ਨਾਲ ਲੰਗਰ ਵੀ ਛਕਾਇਆ।ਇਸੇ ਪ੍ਰਕਾਰ ਇੱਕ ਦਿਨ ਅੰਕਲ ਕਰਨੈਲ ਸਿੰਘ ਨਾਲ ਤਿੰਨ ਚਾਰ ਬੰਦੇ ਆਏ।ਅੰਕਲ ਨੇ ਦੱਸਿਆ ਕਿ ਉਹ ਮੇਰੇ ਪਾਠਕ ਹਨ ਅਤੇ ਹਮੇਸ਼ਾਂ ਮੇਰੀਆਂ ਲਿਖਤਾਂ ਪੜ੍ਹਦੇ ਹਨ।ਉਨ੍ਹਾਂ ਵਿੱਚੋਂ ਮੇਰੀਆਂ ਕਹਾਣੀਆਂ ਦੇ ਪਾਠਕ ਸਨ ਤੇ ਦੋ ਬ੍ਰਹਿਮੰਡ ਸਬੰਧੀ ਲਿਖੇ ਜਾ ਰਹੇ ਲੇਖਾਂ ਦੇ।ਉਨ੍ਹਾਂ ਨੂੰ ਮੇਰਾ ਬ੍ਰਹਮ ਦੇਸ਼ ਦੀਆਂ ਮਹਾਂਨਗਰੀਆਂ ਵਾਲਾ ਆਰਟੀਕਲ ਬਹੁਤ ਵਧੀਆ ਲੱਗਿਆ ਸੀ।ਉਹ ਮੇਰੇ ਤੋਂ ਬ੍ਰਹਿਮੰਡ ਬਾਰੇ ਬਹੁਤ ਪ੍ਰਸ਼ਨ ਪੁੱਛ ਰਹੇ ਸਨ।ਉਨ੍ਹਾਂ ਜੋ ਇੱਕ ਬੰਦਾ ਮੈਨੂੰ ਆਪਣੇ ਚਾਚੇ ਨਾਲ ਮਿਲਾਉਣਾ ਚਾਹੁੰਦਾ ਸੀ ਜੋ ਹਮੇਸ਼ਾਂ ਤਾਰਿਆਂ ਨੂੰ ਨਿਹਾਰਦਾ ਰਹਿੰਦਾ ਤੇ ਇਸ ਸਬੰਧੀ ਬਹੁਤ ਗਿਆਨ ਰੱਖਦਾ ਹੈ।ਇਨ੍ਹਾਂ ਪਾਠਕਾਂ ਨੇ ਮੇਰੀਆਂ ਉਹ ਲਿਖਤਾਂ ਬਾਰੇ ਵੀ ਗੱਲਾਂ ਕੀਤੀਆਂ ਜੋ ਮੈਨੂੰ ਵਿੱਸਰ ਚੁੱਕੀਆਂ ਸਨ।ਉਹ ਮੈਨੂੰ ਬੇਹੱਦ ਸਤਿਕਾਰ ਦੇ ਰਹੇ ਸਨ ਤੇ ਲੱਗਭਾਗ ਦੋ ਘੰਟੇ ਮੇਰੇ ਨਾਲ ਰਹੇ।ਮੇਰੇ ਮਨ ਵਿੱਚ ਮੇਰੇ ਪਾਠਕਾਂ ਨਾਲ ਜੁੜੀਆਂ ਅਜਿਹੀਆਂ ਸੈਂਕੜੇ ਯਾਦਾਂ ਹਨ।ਮੈਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਜਾਵਾਂ ਤਾਂ ਮੇਰੇ ਪਾਠਕ ਮਿਲ ਹੀ ਜਾਂਦੇ ਹਨ, ਜੋ ਮੇਰਾ ਬਹੁਤ ਮਾਣ ਤਾਣ ਕਰਦੇ ਹਨ।ਇਹ ਮੇਰਾ ਇੱਕ ਬਹੁਤ ਵੱਡਾ ਪਰਿਵਾਰ ਹੈ ਜੋ ਕਦੇ ਵੀ ਮੈਨੂੰ ਰਿਸ਼ਤਿਆਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦਾ।ਇੱਕ ਲੇਖਕ ਦੀ ਪਾਠਕ ਬਹੁਤ ਵੱਡੀ ਪੂੰਜੀ ਹੁੰਦੇ ਹਨ।ਇਹ ਮੇਰੇ ਬੱਚਿਆਂ ਨੂੰ ਵੀ ਮਿਲਦੇ ਕਈ ਤਾਂ ਏਥੋਂ ਤੱਕ ਵੀ ਆਖਦੇ ਕਿ ਫਲਾਣੀ ਕਹਾਣੀ ਤਾਂ ਮੇਰੀ ਹੈ।ਇਨ੍ਹਾਂ ਪਾਠਕਾਂ ਦੀਆਂ ਸੈਂਕੜੇ ਚਿੱਠੀਆਂ ਮੈਂ ਸੰਭਾਲ ਰੱਖੀਆਂ ਹਨ।ਮੈਂ ਭਾਵੇਂ ਕਿਤੇ ਵੀ ਜਾਵਾਂ ਮੇਰੇ ਪਾਠਕਾਂ ਦੀ ਮਿਲਣੀ ਤੋਂ ਬਗੈਰ ਮੇਰਾ ਸਫ਼ਰ ਅਧੂਰਾ ਰਹਿੰਦਾ ਹੈ।

Friday, April 15, 2011

ਕੇਹਰ ਸ਼ਰੀਫ਼ - ਲਿਖਣਾ ਇੰਨਾ ਸੌਖਾ ਤਾਂ ਨਹੀਂ - ਲੇਖ

ਲਿਖਣਾ ਇੰਨਾ ਸੌਖਾ ਤਾਂ ਨਹੀਂ

ਲੇਖ


ਲਿਖਣਾ ਬਹੁਤ ਹੀ ਔਖੀ ਸਾਧਨਾ ਹੈ। ਇਸਨੂੰ ਜਿਹੜੇ ਲੋਕ ਆਮ ਜਾਂ ਕਹੀਏ ਸਾਧਾਰਨ ਜਹੇ ਸਮਾਜਿਕ ਵਰਤਾਰਿਆਂ ਵਰਗਾ ਸਮਝਦੇ ਹਨ, ਉਹ ਬਹੁਤ ਵੱਡੀ ਭੁੱਲ ਕਰਦੇ ਹਨ। ਲਿਖਣ ਸਾਧਨਾ ਲੰਬੀ ਤਪੱਸਿਆ ਵਰਗੀ ਹੈ। ਬਹੁਤ ਲੰਬੇ ਅਭਿਆਸ ਤੋਂ ਬਆਦ ਹੀ ਲਿਖਣ ਕ੍ਰਿਆ ਵਿਚ ਪ੍ਰਪੱਕਤਾ ਆਉਂਦੀ ਹੈ। ਇਹ ਜ਼ਿੰਦਗੀ ਜਿਉਂਦਿਆਂ, ਨਿੱਤ-ਦਿਹਾੜੀ ਦੇ ਤਜਜਰਬੇ ਵਿਚੋਂ ਲੰਘਦਿਆਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗਿਆਨ ਵਧਾਉਣ ਵਾਲੀਆਂ ਦਵਾਈਆਂ ਜਾਂ ਟੀਕੇ ਤਾਂ ਕਿਧਰਿਉਂ ਮਿਲਦੇ ਨਹੀਂ, ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜ਼ਿੰਦਗੀ ਦਾ ਅਨੁਭਵ ਹੰਢਾਉਦਿਆਂ ਨਾਲ ਹੀ ਬਹੁਤ ਕੁਝ ਪੜ੍ਹਨ ਦੀ ਲੋੜ ਪੈਂਦੀ ਹੈ। ਜਿਸ ਘੜੇ ਵਿਚ ਪਾਣੀ ਹੋਵੇਗਾ ਤਦ ਹੀ ਉਸ ਵਿਚੋਂ ਕੁਝ ਕੱਢਿਆ ਜਾ ਸਕਦਾ ਹੈ, ਖ਼ਾਲੀ ਘੜੇ ਨੂੰ ਲੱਖ ਵਾਰ ਵਿੰਗਾ, ਟੇਢ੍ਹਾ ਕਰੀਏ ਵਿਚੋਂ ਕੁਝ ਨਿਕਲ਼ ਹੀ ਨਹੀਂ ਸਕਦਾ।


-----


ਲਿਖਣ ਵਾਸਤੇ ਵੱਖੋ-ਵੱਖ ਵਿਧਾਵਾਂ ਹਨ। ਹਰ ਕੋਈ ਆਪਣੀ ਸੂਝ-ਸਮਝ, ਸੁਭਾਅ ਜਾਂ ਪਸੰਦ ਦੇ ਅਨੁਸਾਰ ਹੀ ਲਿਖਦਾ ਹੈ। ਪਰ ਕਿਸੇ ਵੀ ਲਿਖਤ ਵਿਚੋਂ ਅਹਿਸਾਸ ਦੀ ਸ਼ਿੱਦਤ ਮਨਫ਼ੀ ਨਹੀਂ ਕੀਤੀ ਜਾ ਸਕਦੀ। ਇਸਦੀ ਜੇ ਵਿਗਿਆਨਕ ਅਧਾਰ ਤੇ ਵਿਆਖਿਆ ਕਰਨੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਕੋਈ ਡਾਕਟਰੀ ਦੀ ਪੜ੍ਹਾਈ ਕਰਦਾ ਹੈ ਤਾਂ ਪੜ੍ਹਾਈ ਪੂਰੀ ਹੋਣ ਤੇ ਉਹ ਡਾਕਟਰ ਬਣ ਜਾਂਦਾ ਹੈ ਫੇਰ ਵਾਰੀ ਆਉਂਦੀ ਹੈ ਕਿ ਉਹ ਕਿਹੜੇ ਖੇਤਰ ਦਾ ਮਾਹਿਰ ਬਣਨਾ ਚਾਹੁੰਦਾ ਹੈ। ਅਗਲੀ ਪੜ੍ਹਾਈ ਉਸ ਖੇਤਰ ਦੀ ਮੁਹਾਰਤ ਪੈਦਾ ਕਰਨ ਵਾਸਤੇ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਹੈ ਸਾਹਿਤ ਦੀ ਸਾਧਨਾ। ਪਹਿਲਾਂ ਸਾਹਿਤ ਦੀ ਸਮਝ ਪੈਦਾ ਹੋਵੇ ਫੇਰ ਖੇਤਰ ਜਾਂ ਵਿਧਾ ਚੁਣੀ ਜਾਵੇ ਲੇਖ, ਕਹਾਣੀ, ਨਾਵਲ, ਨਾਟਕ, ਕਵਿਤਾ, ਗੀਤ ਜਾਂ ਗ਼ਜ਼ਲ ਆਦਿ ਕੀ ਲਿਖਣਾ ਹੈ? ਉਸ ਵਿਧਾ ਬਾਰੇ ਜਾਣਿਆ ਜਾਵੇ, ਉਸ ਦੀ ਭਾਸ਼ਾ ਤੇ ਉਸਦੇ ਸੁਭਾਅ ਬਾਰੇ। ਇੱਥੇ ਸਿਰਫ਼ ਇਹ ਹੀ ਕਿਹਾ ਜਾ ਸਕਦਾ ਹੈ ਕਿ ਆਮ ਬੰਦਾ ਲਿਖਣ ਦਾ ਆਗ਼ਾਜ਼ ਕਵਿਤਾ ਤੋਂ ਸ਼ੁਰੂ ਕਰਦਾ ਹੈ। ਫੇਰ ਇਹ ਵੀ ਉਸ ਵਾਸਤੇ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਵਿਤਾ ਹੈ ਕੀ? ਸ਼ਬਦਾਂ ਦਾ ਜੋੜ ਜਾਂ ਕੁਝ ਹੋਰ ਵੀ?


-----


ਗੀਤ ਲਿਖਣ ਵਾਲੇ ਆਮ ਕਰਕੇ ਸ਼ਬਦਾਂ ਨੂੰ ਸਾਧਾਰਨਤਾ ਦੀ ਪੱਧਰ ਤੇ ਲਿਆ ਕੇ ਉਸ ਦੀ ਲੈਅ ਨਾਲ, ਰਿਦਮ ਨਾਲ ਮਾੜਾ ਵਿਹਾਰ ਕਰਦੇ ਹਨ। ਗੀਤ ਵਿਚਲੇ ਵਿਚਾਰ ਦੇ ਅਰਥਾਂ ਨੂੰ ਅਨਰਥਾਂ ਵਿਚ ਬਦਲ ਦਿੰਦੇ ਹਨ, ਇਹ ਨਹੀਂ ਹੋਣਾ ਚਾਹੀਦਾ। ਕਿਉਂਕਿ ਗੀਤ ਦਾ ਸੰਗੀਤ ਨਾਲ ਸਬੰਧ ਹੈ ਇਸ ਕਰਕੇ ਗੀਤ ਲਿਖਣ ਵਾਲਿਆਂ ਨੂੰ ਸੰਗੀਤਕ ਸੂਝ-ਸਮਝ ਤੋਂ ਵਾਕਿਫ਼ ਹੋਣਾ ਚਾਹੀਦਾ ਹੈ। ਅੱਜ ਦੇ ਗੀਤਕਾਰਾਂ ਲਈ ਸਮਾਜ ਦੇ ਹਰ ਪੱਖ ਦੀ ਸਮਝ/ਸੋਝੀ ਹੋਣੀ ਚਾਹੀਦੀ ਹੈ। ਕਿਉਂਕਿ ਲੱਚਰ ਗਾਇਕੀ ਨੇ ਸਾਡੇ ਸਮਾਜ ਨੂੰ ਬੀਮਾਰ ਸੋਚ ਦੇ ਲੜ ਲਾਉਣ ਦਾ ਰਾਹ ਫੜਿਆ ਹੋਇਆ ਹੈ, ਇਸ ਨੂੰ ਤੱਜਦਿਆਂ ਸਿਹਤਮੰਦ ਕਦਰਾਂ-ਕੀਮਤਾਂ ਵਾਲੀ ਗੀਤਕਾਰੀ ਹੋਣੀ ਚਾਹੀਦੀ ਹੈ, ਜੋ ਲੋਕਾਂ ਦੇ ਸੁਹਜ-ਸਵਾਦ ਦੀ ਪੂਰਤੀ ਵੀ ਕਰਦੀ ਹੋਵੇ ਤੇ ਲੋਕਾਂ ਨੂੰ ਕਿਸੇ ਚੰਗੇ ਵਿਚਾਰ ਦੇ ਲੜ ਵੀ ਲਾਉਂਦੀ ਹੋਵੇ। ਗੀਤ ਨਾਲ ਖੁੱਲ੍ਹੀ ਕਵਿਤਾ ਵਰਗਾ ਵਿਹਾਰ ਵੀ ਨਹੀ ਕਰਨਾ ਚਾਹੀਦਾ। ਇਹ ਸਾਹਿਤ ਨਾਲ ਧੱਕਾ ਕਰਨ ਦੇ ਬਰਾਬਰ ਹੀ ਹੈ। ਰਾਹੋਂ ਕੁਰਾਹੇ ਪੈਣ ਵਾਲੀ ਗੱਲ ਵੀ।


-----


ਕਵਿਤਾ ਲਿਖਣ ਦੇ ਕਿਸੇ ਵੀ ਅਭਿਆਸੀ ਵਾਸਤੇ ਕੁਝ ਸਤਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਜੋ ਪੰਜਾਬੀ ਦੇ ਬਹੁਤ ਹੀ ਸੂਝਵਾਨ ਲੇਖਕ ਸੁਖਬੀਰ ਦੀਆਂ ਲਿਖੀਆਂ ਹੋਈਆਂ ਹਨ। ਸੁਖਬੀਰ ਲਿਖਦਾ ਹੈ, ਖੁੱਲ੍ਹੀ ਕਵਿਤਾ ਲਿਖਣ ਲਈ ਪਹਿਲਾਂ ਛੰਦ-ਬੱਧ ਕਵਿਤਾ ਦੀ ਸਮਝ ਹੋਣੀ ਚਾਹੀਦੀ ਹੈ, ਵੱਖ ਵੱਖ ਛੰਦਾਂ ਵਿਚ ਲਿਖਣ ਦਾ ਭਰਵਾਂ ਅਭਿਆਸ ਹੋਣਾ ਚਾਹੀਦਾ ਹੈ। ਜਿਹੜਾ ਕਵੀ ਛੰਦ-ਬੱਧ ਕਵਿਤਾ ਨਹੀਂ ਲਿਖ ਸਕਦਾ, ਉਸ ਲਈ ਖੁੱਲ੍ਹੀ ਕਵਿਤਾ ਲਿਖਣੀ ਅਸੰਭਵ ਹੈ। ਜਿਸ ਨੂੰ ਵੱਖ ਵੱਖ ਲੈਆਂ ਵਿਚ ਲਿਖਣਾ ਨਹੀਂ ਆਉਂਦਾ ਉਹ ਖੁੱਲ੍ਹੀ ਕਵਿਤਾ ਵਿਚ ਲੈਅ ਕਿਵੇਂ ਵਰਤ ਸਕੇਗਾ? ਲੈਅ ਤੋਂ ਬਿਨਾਂ ਖੁੱਲ੍ਹੀ ਕਵਿਤਾ ਨਿਰੀ ਵਾਰਤਕ ਹੈ। ਵਾਰਤਕ ਦੀਆਂ ਸਤਰਾਂ ਵੱਡੀਆਂ ਛੋਟੀਆਂ ਕਰਕੇ ਇਕ ਦੂਜੇ ਦੇ ਥੱਲੇ ਲਿਖਣ ਨਾਲ ਖੁੱਲ੍ਹੀ ਕਵਿਤਾ ਨਹੀਂ ਬਣ ਜਾਂਦੀ............. ਲੈਅ ਤੋਂ ਛੁੱਟ ਖੁੱਲ੍ਹੀ ਕਵਿਤਾ ਦੀ ਆਪਣੀ ਤਕਨੀਕ ਹੈ ਕਿ ਕਿੱਥੇ ਸਤਰ ਛੋਟੀ ਰੱਖਣੀ ਹੈ ਕਿੱਥੇ ਲੰਬੀ ਕਰਨੀ ਹੈ, ਕਿੱਥੇ ਉਨ੍ਹਾਂ ਤੋਂ ਜਾਣ ਬੁੱਝ ਕੇ ਬਚਣਾ ਹੈ। ਕਵਿਤਾ ਦੇ ਛੋਟੇ ਛੋਟੇ ਬੰਦ ਕਿਉਂ ਤੇ ਕਿਵੇਂ ਬਣਾਉਣੇ ਹਨ ....... ਜਿਸ ਕਵੀ ਨੂੰ ਖੁੱਲ੍ਹੀ ਕਵਿਤਾ ਦੀ ਤਕਨੀਕ ਦਾ ਹੀ ਪਤਾ ਨਹੀਂ, ਉਹ ਉਸ ਵਿਚ ਕਲਾ ਕਿਵੇਂ ਪੈਦਾ ਕਰ ਸਕੇਗਾ, ਉਸ ਨੂੰ ਕਲਾ ਕ੍ਰਿਤ ਦਾ ਰੂਪ ਕਿਵੇਂ ਦੇ ਸਕੇਗਾ?”


-----


ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਜੋ ਕਵਿਤਾ ਨੂੰ ਹਰ ਪੱਖੋਂ ਜਾਨਣ ਵਾਲੇ ਕਰਦੇ ਹਨ। ਜਿਵੇਂ ਚਾਰਲਜ਼ ਹਾਰਟਮੈਨ ਕਹਿੰਦਾ ਹੈ ਕਿ ਖੁੱਲ੍ਹੀ ਕਵਿਤਾ ਦਾ ਛੰਦ ਵਿਧਾਨ ਸੰਖਿਆਵਾਦੀ (ਮਾਤਰਾ/ ਅੱਖਰਾਂ ਦੀ ਗਿਣਤੀ) ਦੇ ਬਜਾਏ ਉਸ ਦੇ ਤੋਲ ਪ੍ਰਬੰਧ ਵਿਚੋਂ ਉਭਾਰਿਆ ਜਾਂਦਾ ਹੈ।ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਖਾਂਦਰੂ ਲੋਕ ਕੀ ਕਰਨ ? ਜਵਾਬ ਬਹੁਤ ਹੀ ਸਿੱਧਾ ਤੇ ਸਾਦਾ ਹੈ ਕਿ ਜਿਸ ਵਿਧਾ ਵਿਚ ਲਿਖਣਾ ਹੈ ਉਸ ਬਾਰੇ ਗਿਆਨ ਪ੍ਰਾਪਤ ਕਰਨ। ਉਸ ਖੇਤਰ ਦੇ ਸਿਆਣਿਆਂ ਤੋਂ ਸਲਾਹ ਲਈ ਜਾਵੇ। ਹੁੰਦੀ ਆਲੋਚਨਾ ਨੂੰ ਖਿੜੇ ਮੱਥੇ ਸਵੀਕਾਰਨ ਅਤੇ ਉਸਤੋਂ ਸਿੱਖਣ ਦਾ ਜਤਨ ਕਰਨ। ਹੋਈਆਂ ਜਾਂ ਆਪੇ ਕਹਿ ਕੇ ਕਰਵਾਈਆਂ ਸਿਫ਼ਤਾਂ ਨਾਲ ਹੀ ਲੋਕਾਂ ਨੂੰ ਮੂਰਖ ਬਣਾਉਣ ਦਾ ਕਾਰਜ ਨਾ ਕਰਨ। ਆਪਣੀ ਆਪੇ ਜਾਂ ਮਿੱਤਰਾਂ-ਦੋਸਤਾਂ ਨੂੰ ਕਹਿ ਕੇ ਵਡਿਆਈ ਕਰਨ, ਕਰਵਾਉਣ ਵਾਲਾ ਬੰਦਾ ਜ਼ਿਹਨੀ ਮਰੀਜ਼ ਹੁੰਦਾ ਹੈ। ਜਿ਼ਹਨੀ ਮਰੀਜ਼ ਬਣਨੋਂ ਬਚਿਆ ਜਾਵੇ। ਇਸਦੀ ਥਾਵ੍ਹੇਂ ਗਿਆਨ ਪ੍ਰਪਤੀ ਦੇ ਰਾਹੇ ਪਿਆ ਜਾਵੇ। ਕਲਾਸਿਕ ਰਚਨਾਵਾਂ ਦਾ ਅਧਿਐਨ ਅਤੇ ਵਰਤਮਾਨ ਵਿਚ ਰਚੇ ਜਾ ਰਹੇ ਸਾਹਿਤ ਨਾਲ ਵਾਸਤਾ ਰੱਖਿਆ ਜਾਵੇ।


-----


ਗੱਲ ਬੜੀ ਹੀ ਸਿੱਧੀ ਜਹੀ ਹੈ ਇਸ ਨੂੰ ਸਮਝਣ ਵਾਸਤੇ ਮਨੁੱਖ ਸਭ ਤੋਂ ਪਹਿਲਾਂ ਆਪਣੇ ਆਪ ਪ੍ਰਤੀ ਅਤੇ ਕੀਤੀ ਜਾ ਰਹੀ ਰਚਨਾ ਬਾਰੇ ਜ਼ਿੰਮੇਵਾਰੀ ਵਾਲਾ ਵਿਹਾਰ ਅਪਣਾਵੇ। ਗੀਤ ਲਿਖਣ ਵਾਲੇ ਨੂੰ ਗੀਤ ਦੇ ਮੁੱਖੜੇ ਤੇ ਅੰਤਰੇ ਵਿਚਲੇ ਫ਼ਰਕ ਦਾ ਪਤਾ ਹੋਵੇ, ਇਸੇ ਤਰ੍ਹਾਂ ਗ਼ਜ਼ਲ ਦੇ ਲਿਖਾਰੀ ਨੂੰ ਗ਼ਜ਼ਲ ਦੇ ਵਿਧੀ-ਵਿਧਾਨ ਪਿੰਗਲ ਤੇ ਅਰੂਜ਼ ਦਾ ਗਿਆਨ ਹੋਵੇ ਆਦਿ। ਬਾਕੀ ਦੀਆਂ ਵਿਧਾਵਾਂ ਬਾਰੇ ਵੀ ਇਵੇਂ ਹੀ ਕਿਹਾ ਜਾ ਸਕਦਾ ਹੈ। ਜਿਹੜਾ ਇਹ ਨਹੀਂ ਜਾਨਣਾ ਜਾਂ ਸਿੱਖਣਾ ਚਾਹੁੰਦਾ ਉਹਨੂੰ ਸਾਹਿਤ ਦੀ ਕਿਸੇ ਵੀ ਵਿਧਾ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਹਰ ਵਿਧਾ ਦੇ ਲਿਖਣ ਲਈ ਭਾਸ਼ਾ ਦਾ ਪ੍ਰਯੋਗ ਵੱਖਰਾ ਹੁੰਦਾ ਹੈ। ਸੰਬੋਧਨੀ ਵਿਹਾਰ ਵਿਚ ਵੀ ਫ਼ਰਕ ਹੁੰਦਾ ਹੈ।


-----


ਕਈ ਲੇਖਕ ਨਿਰਪੱਖ ਹੋਣ ਦਾ ਬੜਾ ਢਕੌਂਜ ਕਰਦੇ ਹਨ, ਦੂਜਿਆਂ ਨੂੰ ਮਿਹਣੇ ਵਜੋਂ ਆਖਣਗੇ ਕਿ ਫਲਾਣਾ , ਫਲਾਣੀ ਵਿਚਾਰਧਾਰਾ ਦੇ ਅਧੀਨ ਹੋ ਕੇ ਲਿਖਦਾ ਹੈ। ਚੇਤੇ ਰੱਖਣ ਵਾਲੀ ਗੱਲ ਹੈ ਕਿ ਕੋਈ ਵੀ ਅਜਿਹਾ ਨਹੀਂ ਹੋ ਸਕਦਾ ਜੋ ਕਿਸੇ ਵਿਚਾਰਧਾਰਾ ਤੋਂ ਬਗੈਰ ਲਿਖਦਾ ਹੋਵੇ। ਲਿਖਣ ਵਾਲੇ ਦੀ ਵਿਚਾਰਧਾਰਾ ਰਚਨਾ ਦਾ ਅੰਗ ਬਣੇ, ਕਲਾਤਮਿਕ ਉਚਾਈਆਂ ਨੂੰ ਛੁਹਣ ਦਾ ਜਤਨ, ਅਭਿਆਸ ਤੇ ਮਿਹਨਤ ਕਰੇ। ਪਰ ਬਹੁਤਿਆਂ ਕੋਲ ਇਸਦਾ ਰਾਹ ਨਹੀਂ, ਗੁਰ ਨਹੀਂ, ਕਲਾ ਨਹੀਂ। ਇਸ ਬਾਰੇ ਛੋਟੀ ਜਹੀ ਮਿਸਾਲ ਹੈ ਕਿ ਅਸੀਂ ਸਾਰੇ ਹੀ ਰੋਟੀ ਖਾਂਦੇ ਹਾਂ। ਆਟੇ ਨੂੰ ਪਾਣੀ ਨਾਲ ਗੁੰਨ੍ਹਿਆ ਜਾਂਦਾ ਹੈ, ਪਰ ਜਦੋਂ ਅਸੀਂ ਆਟੇ ਤੇ ਪਾਣੀ ਨਾਲ ਬਣੀ ਰੋਟੀ ਖਾਂਦੇ ਹਾਂ ਤਾਂ ਕਦੇ ਵੀ ਕਿਸੇ ਨੇ ਰੋਟੀ ਵਿੱਚੋਂ ਪਾਣੀ ਚੋਂਦਾ ਨਹੀਂ ਦੇਖਿਆ ਹੋਣਾ। ਬਸ! ਇਹ ਹੀ ਹੈ ਉਹ ਨੁਸਖਾ ਕਿ ਜਿਵੇਂ ਰੋਟੀ ਵਿੱਚ ਪਾਣੀ ਨਜ਼ਰ ਨਹੀਂ ਆਉਂਦਾ ਇੰਜ ਹੀ ਰਚਨਾ ਵਿਚਲੇ ਵਿਚਾਰਾਂ ਵਿੱਚ ਵਿਚਾਰਧਾਰਾ ਹੋਵੇ ਪਰ ਰਚਨਾ ਦੇ ਬਾਹਰ ਨਾ ਲਟਕਦੀ ਹੋਵੇ ਤਾਂ ਹੀ ਉਹ ਕਲਾ ਭਰਪੂਰ ਰਚਨਾ ਬਣ ਸਕਦੀ ਹੈ। ਇਸ ਰਾਹੇ ਤੁਰਦਿਆਂ ਹੀ ਕੋਈ ਕਲਾਸਿਕ ਰਚਨਾ ਰਚਣ ਤੱਕ ਦਾ ਸਫ਼ਰ ਤੈਅ ਕਰ ਸਕਦਾ ਹੈ। ਨਹੀਂ ਤਾਂ ਕਲਾ ਦੇ ਨਾਂ ਤੇ ਬੱਕਰੇ ਬੁਲਾਉਣ ਵਾਲੀ ਗੱਲ ਹੋ ਕੇ ਰਹਿ ਜਾਵੇਗੀ। ਜਿਸ ਰਾਹੀਂ ਸਾਹਿਤ ਅੰਦਰ ਕੋਹਜ ਤਾਂ ਪੈਦਾ ਕੀਤਾ ਜਾ ਸਕਦਾ ਹੈ ਪਰ ਸੁਹਜ ਪੈਦਾ ਨਹੀਂ ਕੀਤਾ ਜਾ ਸਕਦਾ, ਜੋ ਸਾਹਿਤ ਦਾ ਵੀ ਮੀਰੀ ਗੁਣ ਹੈ।


-----


ਹਰ ਪਾਸੇ ਹੀ ਅਸੂ਼ਲ ਹਨ ਜਦੋਂ ਕੋਈ ਕੱਪੜੇ ਦੀ ਮਿਣਤੀ ਕਰਦਾ ਹੈ ਤਾਂ ਗਜ਼ ਜਾਂ ਮੀਟਰ ਦੀ ਵਰਤੋਂ ਕਰਦਾ ਹੈ, ਪਰ ਜ਼ਮੀਨ ਦੀ ਮਿਣਤੀ ਵਾਸਤੇ ਜਰੀਬ ਦੀ ਵਰਤੋਂ ਕੀਤੀ ਜਾਂਦੀ ਹੈ, ਆਲੂ-ਗੰਢੇ ਤੋਲਣ ਵਾਸਤੇ ਕਿਲੋਗਰਾਮ ਵਾਲੇ ਵੱਟੇ ਵਰਤੇ ਜਾਂਦੇ ਹਨ। ਨਾ ਤਾਂ ਕੱਪੜਾ ਮਿਣਨ ਵਾਸਤੇ ਵੱਟੇ ਵਰਤੇ ਜਾ ਸਕਦੇ ਹਨ ਅਤੇ ਨਾ ਹੀ ਆਲੂ-ਗੰਢਿਆਂ ਦਾ ਭਾਰ ਮੀਟਰ ਨਾਲ ਮਿਣਿਆ ਜਾ ਸਕਦਾ ਹੈ। ਜਿਸ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਉਹ ਠੀਕ ਲੀਹ ਫੜ ਸਕਦਾ ਹੈ। ਇਹ ਅਸੂਲ ਸਾਹਿਤ ਵਿਚ ਵੀ ਚੱਲਦੇ ਹਨ। ਇਨ੍ਹਾਂ ਨੂੰ ਸਮਝਣ ਦੀ ਲੋੜ ਹੈ। ਚੰਗਾ ਹੋਵੇ ਜੇ ਇਸ ਗੱਲ ਨੂੰ ਪੱਲੇ ਬੰਨ੍ਹ ਲਿਆ ਜਾਵੇ ਕਿ ਲਿਖਤ ਨੂੰ ਕਲਾਤਮਿਕਤਾ ਤੋਂ ਰਹਿਤ ਤੇ ਰਸ ਵਿਹੂਣੀ ਨਾ ਕੀਤਾ ਜਾਵੇ ਉਸ ਦੇ ਮਿਆਰ ਦਾ ਖ਼ਿਆਲ ਰੱਖਿਆ ਜਾਵੇ, ਉਸ ਦੇ ਮਿਆਰ ਵਿਚ ਨਵੇਂ ਵਾਧੇ ਕੀਤੇ ਜਾਣ।ਛਪਣ ਤੋਂ ਪਹਿਲਾਂ ਰਚਨਾਵਾਂ ਵਿਚਲੇ ਸ਼ਬਦ-ਜੋੜ, ਵਾਕ ਬਣਤਰ ਆਦਿ ਨੂੰ ਸੋਧ ਕੇ ਕਿਧਰੇ ਵੀ ਭੇਜਿਆ ਜਾਵੇ। ਇਕ, ਦੋ ਜਾਂ ਚਾਰ ਵਾਰ ਸੋਧ ਕੇ ਗ਼ਲਤੀਆਂ ਦੂਰ ਕਰ ਲਈਆਂ ਜਾਣ, ਇਹ ਕਿਸੇ ਹੋਰ ਦੀ ਹੀ ਨਹੀਂ ਸਗੋਂ ਆਪਣੀ ਸੁਧਾਈ ਦਾ ਰਾਹ ਹੈ। ਕੁਝ ਨਵਾਂ ਸਿੱਖਣ ਦਾ ਵੀ।


-----


ਤੇਜ਼ੀ ਨਾਲ ਹੋਏ ਤਕਨੀਕੀ ਵਿਕਾਸ ਨੇ ਲੋਕਾਂ ਅੱਗੇ ਅਚੰਭੇ ਵਰਗਾ ਕੁਝ ਪ੍ਰਗਟ ਕਰ ਦਿੱਤਾ ਹੈ, ਜਿਸ ਦੀ ਚਕਾਚੌਂਧ ਨਾਲ ਲੋਕ ਚੁੰਧਿਆਏ ਗਏ ਹਨ। ਇਸ ਕਰਕੇ ਚੁਫ਼ੇਰੇ ਚਾਨਣ ਤਾਂ ਨਜ਼ਰ ਆਇਆ ਇਸ ਦੇ ਪਿਛੋਕੜ ਵਾਲੇ ਵਰਤਾਰੇ ਦੇਖਣ ਵੇਲੇ ਅਸੀਂ ਅੱਖਾਂ ਮੀਟ ਲਈਆਂ। ਜੇ ਅੱਖਾਂ ਖੁੱਲ੍ਹੀਆਂ ਰੱਖ ਕੇ ਤੁਰਿਆ ਜਾਵੇ ਤਾਂ ਸਮੁੱਚੇ ਵਰਤਾਰੇ ਦੀ ਸਮਝ ਪੈ ਸਕਦੀ ਹੈ। ਤੁਰੇ ਜਾਂਦੇ ਵਕਤ ਵਿੱਚੋਂ ਬਹੁਤ ਕੁੱਝ ਕੰਮ ਦਾ ਫੜਿਆ ਜਾ ਸਕਦਾ ਹੈ।


-----


ਸੂਚਨਾ ਤਕਨੀਕੀ ਯੁੱਗ ਨੇ ਇਸ ਨੂੰ ਸੰਸਾਰ ਨੂੰ ਬਹੁਤ ਛੋਟਾ ਕਰ ਦਿੱਤਾ ਹੈ। ਅੱਜ ਦੇ ਯੁੱਗ ਦਾ ਮੁੱਖ ਸੰਚਾਰ ਸਾਧਨ ਕੰਪਿਊਟਰ ਹੈ। ਇਸ ਨਾਲ ਰੌਸ਼ਨੀ ਤੇ ਆਵਾਜ਼ ਜਿੰਨੀ ਤੇਜ਼ੀ ਨਾਲ ਦੁਨੀਆਂ ਵਿਚ ਪਹੁੰਚਿਆ ਜਾ ਸਕਦਾ ਹੈ। ਇਸ ਸਾਧਨ ਦੇ ਆਸਰੇ ਕੁਝ ਸ਼ਬਦ ਵੀ ਲਿਖੋ ਇੰਟਰਨੈੱਟ ਰਾਹੀਂ ਕੁੱਲ ਦੁਨੀਆਂ ਤੱਕ ਪਹੁੰਚ ਜਾਂਦੇ ਹਨ। ਇੰਟਰਨੈੱਟ ਵਿਚ ਬਹੁਤ ਸਾਰੀ ਜਾਣਕਾਰੀ ਪਈ ਹੈ। ਉਸ ਜਾਣਕਾਰੀ ਨੂੰ ਵਰਤਦਿਆਂ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਕੁਝ ਵੀ ਕਿਸੇ ਪਾਸਿਉਂ ਚੋਰੀ ਕਰਕੇ ਕੋਈ ਛਪਵਾਉਣ ਦਾ ਜਤਨ ਕਰੇਗਾ ਤਾਂ ਬਹੁਤ ਸਾਰੇ ਹੋਰ ਲੋਕ ਵੀ ਜਾਣ ਜਾਂਦੇ ਹਨ ਕਿ ਇਹ ਕਿੱਥੋਂ ਚੋਰੀ ਕੀਤੀ ਗਈ ਹੈ। ਪੰਜਾਬੀ ਵਿਚ ਛਪਦੀਆਂ ਰਚਨਾਵਾਂ ( ਆਮ ਕਰਕੇ ਵੈੱਬ ਸਾਈਟਾਂ ਤੇ ਬਲਾਗਜ਼ ਉੱਤੇ) ਵਿਚ ਵੀ ਇਹ ਦੇਖਿਆ ਜਾਂਦਾ ਹੈ, ਐਧਰੋਂ-ਓਧਰੋਂ ਚੁੱਕ ਕੇ ਆਪਣੇ ਨਾਂ ਥੱਲੇ ਛਪਵਾਉਣ ਵਾਲੇ ਵੀ ਬਹੁਤ ਹਨ। ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ। ਚੋਰੀ ਕਰਨ ਵਾਲਾ ਇਹ ਹੀ ਸਮਝਦਾ ਹੈ ਕਿ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਪਰ ਉਸ ਨਾ ਪਤਾ ਲੱਗਣ ਦੀ ਸੋਚਣ ਵਾਲੇ ਵਹਿਮੀ ਤੋਂ ਬਿਨਾਂ ਸਭ ਨੂੰ ਇਸ ਬਾਰੇ ਪਤਾ ਹੁੰਦਾ ਹੈ।


-----


ਰੋਜ਼ਾਨਾ ਘਟਨਾਵਾਂ ਜਾਣਨ ਵਾਲਿਆਂ ਨੇ ਦੇਖਿਆ ਹੀ ਹੋਣਾ ਹੈ ਕਿ ਪਿਛਲੇ ਦਿਨੀਂ ਜਰਮਨੀ ਦੇ ਇਕ ਕੇਂਦਰੀ ਮੰਤਰੀ ਦੀ ਪੀ. ਐਚ. ਡੀ (ਡਾਕਟਰ ਟਾਈਟਲ) ਦੀ ਡਿਗਰੀ ਵਾਪਸ ਲੈ ਲਈ ਗਈ ਕਿਉਂਕਿ ਉਸ ਨੇ ਕਿਧਰਿਉਂ ਕਿਸੇ ਦਾ ਟੈਕਸਟ ਆਪਣੇ ਖੋਜ ਪੱਤਰ ਵਿਚ ਸ਼ਾਮਿਲ ਕਰ ਲਿਆ ਸੀ, ਜਦੋਂ ਇਸ ਦਾ ਪਤਾ ਲੱਗਿਆ ਤਾਂ ਕੀਤੀ ਮਿਹਨਤ ਐਵੇਂ ਹੀ ਗਈ, ਜੋ ਤੋਏ ਤੋਏ ਹੋਈ ਉਹ ਵੱਖਰੀ। ਇਸ ਕਰਕੇ ਹੀ ਉਹਨੂੰ ਵਜ਼ੀਰ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣਾ ਪਿਆ। ਇਹ ਦੇਖਦਿਆਂ ਤੇ ਇਸ ਤੋਂ ਸਬਕ ਲੈਂਦਿਆਂ ਅਜਿਹੇ ਕਾਰਜਾਂ ਵਿਚ ਰੁੱਝੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ।


----


ਰਚਨਾਕਾਰ ਨੇ ਸਿਰਜਣਾ ਕਰਨੀ ਹੁੰਦੀ ਹੈ। ਇਹ ਬਹੁਤ ਔਖਾ ਕਾਰਜ ਹੈ। ਚੇਤੇ ਰੱਖਣ ਵਾਲੀ ਗੱਲ ਹੈ ਕਿ ਕੋਈ ਵੀ ਰਚਨਾ ਐਵੇਂ ਨਹੀਂ ਹੁੰਦੀ। ਹਰ ਕੰਮ ਮਿਹਨਤ ਦੀ ਮੰਗ ਕਰਦਾ ਹੈ। ਲਿਖਣ ਕਾਰਜ ਵਿਚ ਜੁਟੇ ਲੋਕ ਜਿਨ੍ਹਾਂ ਨੇ ਸੰਸਾਰ ਨੂੰ ਨਵੇਂ ਵਿਚਾਰ ਦੇ ਲੜ ਲਾਉਣਾ ਹੁੰਦਾ ਹੈ ਉਹ ਮਿਹਨਤ ਤੋਂ ਮੂੰਹ ਕਿਉਂ ਮੋੜਨ? ਲਿਖਣ ਵਾਸਤੇ ਮਿਹਨਤ ਕੀਤੀ ਜਾਵੇ, ਤਾਂ ਫੇਰ ਸੱਚਮੁਚ ਹੀ ਲੇਖਕ ਵਡਿਆਈ ਦਾ ਹੱਕ਼ਦਾਰ ਬਣ ਜਾਂਦਾ ਹੈ।


Friday, April 8, 2011

ਨਿਰਮਲ ਸਿੰਘ ਕੰਧਾਲਵੀ - ਕ੍ਰਿਸ਼ਨ ਚੰਦਰ - ਪਹਿਲਾ ਬਿਲ – ਕਹਾਣੀ – ਭਾਗ ਪਹਿਲਾ


ਦੋਸਤੋ! ਹਿੰਦੀ ਅਤੇ ਉਰਦੂ ਦੇ ਸੁਪ੍ਰਸਿੱਧ ਅਫ਼ਸਾਨਾਨਿਗਾਰ ਜਨਾਬ ਕ੍ਰਿਸ਼ਨ ਚੰਦਰ ਸਾਹਿਬ 23 ਨਵੰਬਰ, 1914 ਨੂੰ ਲਾਹੌਰ ਵਿਚ ਜਨਮੇ ਤੇ ਜ਼ਿੰਦਗੀ ਦਾ ਬਹੁਤਾ ਸਮਾਂ ਕਸ਼ਮੀਰ ਬਿਤਾਉਣ ਤੋਂ ਬਾਅਦ 8 ਮਾਰਚ, 1977 ਨੂੰ ਮੁੰਬਈ ਵਿਖੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹਨਾਂ ਨੇ ਆਪਣੇ ਜੀਵਨ-ਕਾਲ ਦੌਰਾਨ 20 ਨਾਵਲ, 30 ਤੋਂ ਵੱਧ ਕਹਾਣੀ-ਸੰਗ੍ਰਹਿ ਅਤੇ ਬਹੁਤ ਸਾਰੇ ਨਾਟਕ ਰੇਡਿਓ ਲਈ ਲਿਖੇ। ਅੱਜ ਉਹਨਾਂ ਦੀ ਕਲਮ ਨੂੰ ਸਲਾਮ ਕਰਦਿਆਂ, ਇਹ ਬੇਹੱਦ ਖ਼ੂਬਸੂਰਤ ਕਹਾਣੀ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਆਸ ਹੈ ਕਿ ਨਵੇਂ ਕਹਾਣੀਕਾਰ ਇਸ ਨੂੰ ਪੜ੍ਹ ਕੇ ਸੇਧ ਜ਼ਰੂਰ ਲੈਣਗੇ। ਕੰਧਾਲਵੀ ਸਾਹਿਬ! ਤੁਹਾਡਾ ਸ਼ੁਕਰੀਆ ਅਦਾ ਕਰਨ ਲਈ ਮੇਰੇ ਕੋਲ਼ ਅੱਜ ਸ਼ਬਦ ਥੁੜ ਗਏ ਹਨ...ਫੇਰ ਵੀ ਆਖਾਂਗੀ...ਤੁਸੀਂ ਪਿੱਠ ਦਰਦ ਤੋਂ ਪੀੜਿਤ ਹੁੰਦਿਆਂ ਹੋਇਆਂ ਵੀ ਆਰਸੀ ਦੁਬਾਰਾ ਅਪਡੇਟ ਹੋਣ ਦੀ ਖ਼ੁਸ਼ੀ ਚ ਹਾਜ਼ਰੀ ਲਵਾਈ ਹੈ.... ਬਹੁਤ-ਬਹੁਤ ਸ਼ੁਕਰੀਆ। ਪਰਮਾਤਮਾ ਤੁਹਾਨੂੰ ਛੇਤੀ ਸਿਹਤਯਾਬ ਕਰੇ....ਆਮੀਨ!!

ਅਦਬ ਸਹਿਤ


ਤਨਦੀਪ ਤਮੰਨਾ


******


ਪਹਿਲਾ ਬਿਲ


ਕਹਾਣੀ


ਮੂਲ ਲੇਖਕ: ਕ੍ਰਿਸ਼ਨ ਚੰਦਰ


ਹਿੰਦੀ ਤੋਂ ਪੰਜਾਬੀ ਅਨੁਵਾਦ: ਨਿਰਮਲ ਸਿੰਘ ਕੰਧਾਲਵੀ


ਭਾਗ ਪਹਿਲਾ


ਊਸ਼ਾ ਨੇ ਟੈਲੀਫ਼ੂਨ ਬੰਦ ਕਰ ਦਿੱਤਾ ਅਤੇ ਆਪਣੇ ਭਰਾ ਕੈਲਾਸ਼ ਨੂੰ ਕਹਿਣ ਲੱਗੀ,“ਰਾਤੀਂ ਸੇਠ ਜੀ ਨਾਲ ਮੇਰੀ ਗੱਲ ਹੋਈ ਸੀ।ਅੱਜ ਫੇਰ ਮੈਂ ਪੱਕੀ ਕਰ ਲਈ ਐ।ਪਹਿਲੀ ਤਰੀਕ ਤੋਂ ਤੂੰ ਉਨ੍ਹਾਂ ਦੇ ਦਫ਼ਤਰ ਵਿਚ ਕੰਮ ਸ਼ੁਰੂ ਕਰਨੈ।ਸਾਢੇ ਸੱਤ ਸੌ ਰੁਪਏ ਤੇਰੀ ਤਨਖ਼ਾਹ ਹੋਵੇਗੀ, ਤੇ ਫੇਰ ਆਪਣੀ ਹਿੰਮਤ ਨਾਲ ਤੂੰ ਕਿਤੇ ਵੀ ਪਹੁੰਚ ਸਕਦੈਂ।ਸੇਠ ਜੀ ਦੀ ਅਲਮੀਨੀਅਮ ਫ਼ੈਕਟਰੀ ਦਾ ਮੈਨੇਜਰ ਹੁਣ ਮਹੀਨੇ ਦੀ ਬਾਰਾਂ ਹਜ਼ਾਰ ਤਨਖ਼ਾਹ ਲੈਂਦੈ।ਤੂੰ ਵੀ ਏਥੇ ਤੱਕ ਪਹੁੰਚ ਸਕਦੈਂ।ਉਹ ਵੀ ਤੇਰੇ ਵਾਂਗ ਪਹਿਲਾਂ ਥੋੜ੍ਹੀ ਤਨਖ਼ਾਹ ਤੇ ਹੀ ਸ਼ੁਰੂ ਹੋਇਆ ਸੀ।ਏਨਾ ਕਹਿ ਕੇ ਉਹ ਕੈਲਾਸ਼ ਦੇ ਚੇਹਰੇ ਵੱਲ ਦੇਖਣ ਲੱਗੀ।


-----


ਕੈਲਾਸ਼ ਉਸ ਵੇਲੇ ਖਾਣੇ ਦੀ ਮੇਜ਼ ਤੇ ਬੈਠਾ ਸੰਗਤਰਾ ਛਿੱਲ ਰਿਹਾ ਸੀ।ਉਸ ਦੇ ਸਾਹਮਣੇ ਮੇਜ਼ ਉੱਪਰ ਇਕ ਬੜੇ ਕੀਮਤੀ ਫੁੱਲਦਾਨ ਵਿਚ ਨਰਗਿਸ ਦੇ ਫੁੱਲ ਮਹਿਕਾਂ ਖ਼ਿਲਾਰ ਰਹੇ ਸਨ।ਸਮੁੰਦਰ ਵੱਲ ਦੀ ਖਿੜਕੀ ਖੁੱਲ੍ਹੀ ਸੀ ਤੇ ਹਲਕੇ ਹਰੇ ਰੰਗ ਦੇ ਪਰਦਿਆਂ ਰਾਹੀਂ ਅਠਖੇਲੀਆਂ ਕਰਦੀ ਹਵਾ ਅੰਦਰ ਆ ਰਹੀ ਸੀ।ਊਸ਼ਾ ਖੁੱਲ੍ਹੀ ਹੋਈ ਖਿੜਕੀ ਦੇ ਕੋਲ ਖੜ੍ਹੀ ਸੀ।ਉਹਦੇ ਕੱਟੇ ਹੋਏ ਸੁੰਦਰ ਸੁਨਹਿਰੀ ਵਾਲ ਉਸ ਦੇ ਮੋਢਿਆਂ ਤੇ ਝੂਲ ਰਹੇ ਸਨ।ਅਠੱਤੀਆਂ ਸਾਲਾਂ ਦੀ ਉਮਰ ਵਿਚ ਵੀ ਉਹ ਮਸਾਂ ਚੌਵੀ ਪੱਚੀ ਸਾਲਾਂ ਦੀ ਲਗਦੀ ਸੀ।ਕੈਲਾਸ਼ ਨੂੰ ਆਪਣੀ ਭੈਣ ਦੀ ਸੁੰਦਰਤਾ ਉੱਪਰ ਬੜਾ ਮਾਣ ਸੀ।ਉਹ ਕਈ ਵਾਰੀ ਸੋਚਦਾ ਕਿ ਚਾਲੀਆਂ ਦੀ ਉਮਰ ਦੇ ਨੇੜੇ ਤੇੜੇ ਜਾ ਕੇ ਤਾਂ ਕਈ ਔਰਤਾਂ ਲਗਭਗ ਖ਼ਤਮ ਹੀ ਹੋ ਜਾਂਦੀਆਂ ਹਨ, ਪਤਾ ਨਹੀਂ ਉਸ ਦੀ ਭੈਣ ਨੇ ਕਿਹੜੇ ਕਿਹੜੇ ਯਤਨਾਂ ਨਾਲ ਸਰੀਰ ਦੀ ਸੁੰਦਰਤਾ ਨੂੰ ਹੁਣ ਤੱਕ ਬਚਾ ਕੇ ਰੱਖਿਆ ਹੋਇਆ ਸੀ।ਬੈਂਗਣੀ ਰੰਗ ਦੀ ਸਾੜ੍ਹੀ ਦੇ ਪੱਲੂ ਨੂੰ ਸੰਭਾਲੀ ਉਹ ਖਿੜਕੀ ਤੋਂ ਬਾਹਰ ਦੇਖ ਰਹੀ ਸੀ।ਕੈਲਾਸ਼ ਉਹਦੇ ਨੇੜੇ ਜਾ ਖੜ੍ਹਾ ਹੋਇਆ।ਸਮੁੰਦਰ ਦੇ ਕਿਨਾਰੇ ਕਾਲੇ-ਕਾਲੇ ਤਣਿਆਂ ਵਾਲੇ ਨਾਰੀਅਲ ਦੇ ਬ੍ਰਿਛ, ਲੰਮੇ ਕੱਦ ਵਾਲੇ ਦੈਂਤਾਂ ਦੇ ਸਮਾਨ ਮੋਰ ਪੰਖ ਹੱਥਾਂ ਵਿਚ ਲਈ ਖੜ੍ਹੇ ਸਨ ਅਤੇ ਉਨ੍ਹਾਂ ਦੇ ਹਰੇ ਹਰੇ ਪੱਤੇ ਸਮੁੰਦਰ ਅਤੇ ਆਸਮਾਨ ਦੀ ਨੀਲੱਤਣ ਵਿਚ ਝਾਲਰਾਂ ਦੀ ਤਰ੍ਹਾਂ ਲਟਕ ਰਹੇ ਸਨ।


-----


ਕੈਲਾਸ਼ ਨੇ ਖ਼ੁਸ਼ੀ ਅਤੇ ਤਸੱਲੀ ਨਾਲ ਇਕ ਲੰਮਾ ਸਾਹ ਲੈ ਕੇ ਪੁੱਛਿਆ, “ਪਰ ਭੈਣ, ਮੈਂ ਕੰਮ ਕੀ ਕਰਨਾ ਹੋਊ?”ਊਸ਼ਾ ਨੇ ਕੈਲਾਸ਼ ਦੀ ਤਰਫ਼ ਮੁੜੇ ਬਿਨਾਂ ਸਮੁੰਦਰ ਵਲ ਇਸ਼ਾਰਾ ਕਰ ਕੇ ਕਿਹਾ, “ ਸਮੁੰਦਰ ਪਾਰ ਤੋਂ ਬੜੇ-ਬੜੇ ਲੋਕ ਸਾਡੇ ਦੇਸ਼ ਵਿਚ ਵਿਉਪਾਰ ਕਰਨ ਲਈ ਆਉਂਦੇ ਐ- ਤੇਰਾ ਕੰਮ ਬਸ ਹੋਵੇਗਾ, ਉਨ੍ਹਾਂ ਨੂੰ ਖ਼ੁਸ਼ ਰੱਖਣਾ।ਅਜਿਹਾ ਕੰਮ ਕਰਨ ਵਾਲਿਆਂ ਨੂੰ ਅੱਜ ਦੇ ਜ਼ਮਾਨੇ ਵਿਚ ਕਾਂਟੈਕਟ-ਮੈਨ ਕਹਿੰਦੇ ਐ।ਬਹੁਤ ਮਹੱਤਵਪੂਰਨ ਪਰ ਬਹੁਤ ਸੂਝ-ਬੂਝ ਵਾਲਾ ਕੰਮ ਹੈ ਇਹ।


....


ਸਮਝ ਗਿਆ,” ਕੈਲਾਸ਼ ਲਾਪਰਵਾਹੀ ਨਾਲ ਬੋਲਿਆ।


.............


ਨਹੀਂ, ਤੂੰ ਅਜੇ ਨਹੀਂ ਸਮਝਿਆ,” ਊਸ਼ਾ ਉਹਦੇ ਵਲ ਮੁੜ ਕੇ ਬੋਲੀ, “ ਤੂੰ ਅਜੇ ਬਾਈਆਂ ਸਾਲਾਂ ਦਾ ਨੌਜੁਆਨ ਐਂ, ਤੂੰ ਆਪਣੀ ਭੈਣ ਦੀ ਤਰ੍ਹਾਂ ਨਹੀਂ ਇਹ ਦੁਨੀਆਂ ਦੇਖੀ ਅਜੇ, ਅਤੇ ਮੈਂ ਚਾਹੁੰਦੀ ਵੀ ਨਹੀਂ ਕਿ ਤੂੰ ਦੇਖੇਂ, ਮੈਂ ਤੈਨੂੰ ਹੁਣ ਤੱਕ ਦੁਨੀਆਂ ਦੀ ਹਰ ਘਿਰਣਾ ਤੋਂ ਬਚਾ ਕੇ ਰੱਖਿਐ, ਜਿਵੇਂ ਕੋਈ ਮਾਂ ਆਪ ਚਿੱਕੜ ਵਿਚ ਖੜ੍ਹੀ ਹੋ ਕੇ ਵੀ ਆਪਣੇ ਬੱਚੇ ਨੂੰ ਬਾਹਾਂ ਤੇ ਚੁੱਕੀ ਰੱਖਦੀ ਐ।ਏਸੇ ਤਰ੍ਹਾਂ ਹੀ ਮੈਂ ਤੈਨੂੰ ਗ਼ਰੀਬੀ ਅਤੇ ਉਸਦੀ ਹਰ ਬੁਰਿਆਈ ਤੋਂ ਹੁਣ ਤੱਕ ਬਚਾ ਕੇ ਰੱਖਿਐ।ਮੈਂ ਹੁਣ ਚਾਹੁੰਨੀ ਆਂ ਕਿ ਤੂੰ ਛੇਤੀ ਛੇਤੀ ਜੀਵਨ ਦੇ ਰਾਹ ਤੇ ਅੱਗੇ ਵਧੇਂ ਅਤੇ ਇਕ ਦਿਨ ਆਪਣੇ ਸੇਠ ਜੀ ਦੀ ਤਰ੍ਹਾਂ ਹੀ ਕਰੋੜਪਤੀ ਬਣੇਂ,” ਊਸ਼ਾ ਦੀ ਆਵਾਜ਼ ਵਿਚ ਡੂੰਘਾ ਵਿਸ਼ਵਾਸ ਸੀ।


.............


ਮੈਂ ਵੀ ਪੈਸੇ ਵਿਚ ਖੇਲ੍ਹਣਾ ਚਾਹੁੰਨਾ ਭੈਣ, ਕਿਉਂਕਿ ਪੈਸੇ ਬਿਨਾਂ ਤਾਂ ਜੀਵਨ ਨਰਕ ਬਣ ਜਾਂਦੈ,” ਕੈਲਾਸ਼ ਨੇ ਕਿਹਾ।


..........


ਤੂੰ ਤਾਂ ਇਸ ਨਰਕ ਬਾਰੇ ਸਿਰਫ਼ ਸੁਣਿਐ; ਮੈਂ ਤਾਂ ਇਸ ਨਰਕ ਨੂੰ ਭੋਗਿਆ ਵੀ ਐ,” ਏਨਾ ਕਹਿ ਕੇ ਊਸ਼ਾ ਖਿੜਕੀ ਦੇ ਕੋਲ ਪਈ ਇਕ ਆਰਾਮ ਕੁਰਸੀ ਤੇ ਲੇਟ ਗਈ ਅਤੇ ਉਸ ਨੇ ਆਪਣੀਆਂ ਅੱਖਾਂ ਮੁੰਦ ਲਈਆਂ ਤੇ ਬੋਲੀ, “ ਬੱਸ ਮੈਂ ਚਾਹੁੰਨੀ ਆਂ ਕਿ ਤੂੰ ਛੇਤੀ ਤੋਂ ਛੇਤੀ ਪੈਸੇ ਵਿਚ ਖੇਲੇਂ।ਸੇਠ ਜੀ ਨੇ ਵਚਨ ਦਿੱਤੈ ਕਿ ਜੇ ਤੂੰ ਉਨ੍ਹਾਂ ਦੇ ਕਹਿਣੇ ਵਿਚ ਰਿਹਾ ਤਾਂ ਉਹ ਪੰਜਾਂ ਸਾਲਾਂ ਦੇ ਵਿਚ ਵਿਚ ਤੈਨੂੰ ਲੱਖਪਤੀ ਬਣਾ ਦੇਣਗੇ।ਜ਼ਰਾ ਸੋਚ, ਸਤਾਈ ਸਾਲ ਦੀ ਉਮਰ ਵਿਚ ਹੀ ਤੂੰ ਲੱਖਪਤੀ ਬਣ ਜਾਵੇਂਗਾ।


............


ਮੈਂ ਸੇਠ ਜੀ ਦੇ ਕਹੇ ਮੁਤਾਬਿਕ ਹੀ ਕੰਮ ਕਰਾਂਗਾ ਭੈਣ,” ਕੈਲਾਸ਼ ਨੇ ਬੜੇ ਵਿਸ਼ਵਾਸ ਨਾਲ ਕਿਹਾ ਅਤੇ ਇਹ ਕਹਿੰਦਿਆਂ ਉੇਹਦੇ ਮੂੰਹ ਤੇ ਮੁਸਕਰਾਹਟ ਖੇਡਣ ਲੱਗੀ।ਊਸ਼ਾ, ਕੈਲਾਸ਼ ਦੇ ਭੋਲੇ ਚਿਹਰੇ ਨੂੰ ਦੇਖ਼ ਕੇ ਮੁਸਕਰਾਏ ਬਿਨਾਂ ਨਾ ਰਹਿ ਸਕੀ।


...........


ਉਹ ਮਨ ਹੀ ਮਨ ਸੋਚਣ ਲੱਗੀ ਕਿ ਕੈਲਾਸ਼ ਅਜੇ ਕਿਤਨਾ ਭੋਲ਼ਾ ਤੇ ਅਨਜਾਣ ਹੈ ਤੇ ਉਹਨੇ ਬੜੇ ਪਿਆਰ ਨਾਲ ਕੈਲਾਸ਼ ਨੂੰ ਕਿਹਾ, “ਜਾਹ, ਪਹਿਲਾਂ ਆਪਣਾ ਸੰਤਰਾ ਖ਼ਤਮ ਕਰ ਲੈ, ਮੇਰਾ ਵੀਰ।ਤੇ ਫਿਰ ਸਮੁੰਦਰ ਵਲ ਦੇਖਦਿਆਂ ਉਹਦੀਆਂ ਅੱਖਾਂ ਵਿਚ ਨੀਂਦ ਰੜਕਣ ਲੱਗੀ, ਨੀਂਦ ਆਵੇ ਵੀ ਕਿਉਂ ਨਾ? ਕਮਰਾ ਕਿਤਨਾ ਆਰਾਮ-ਦੇਹ, ਫ਼ਰਸ਼ ਤੇ ਈਰਾਨੀ ਗ਼ਲੀਚੇ ਤੇ ਛੱਤ ਅਤੇ ਕੰਧਾਂ ਦੇ ਰੰਗਾਂ ਦੀ ਮਨਮੋਹਣੀ ਕਲਰ-ਸਕੀਮ।ਕਮਰੇ ਦਾ ਵਾਤਾਵਰਣ ਕਿਸੇ ਨੂੰ ਵੀ ਮਿੰਟਾਂ ਵਿਚ ਨੀਂਦ ਲਿਆ ਸਕਦੈ।ਮਹੀਨੇ ਦੇ ਚਾਰ ਪੰਜ ਹਜ਼ਾਰ ਰੁਪਏ ਤਾਂ ਇਸ ਫਲੈਟ ਦੀ ਰੱਖ-ਰਖਾਈ ਤੇ ਹੀ ਖ਼ਰਚ ਹੋ ਜਾਂਦੇ ਨੇ, ਪਰ ਕਦੋਂ ਤੱਕ ਇਹ ਖ਼ਰਚ ਹੁੰਦਾ ਰਹੇਗਾ?


-----


ਅਚਾਨਕ ਹੀ ਊਸ਼ਾ ਚੌਂਕੀ।ਖੜੱਪੇ ਸੱਪ ਦੀ ਤਰ੍ਹਾਂ ਇਹ ਪ੍ਰਸ਼ਨ ਉਹਦੇ ਸਾਹਮਣੇ ਫਣ ਫ਼ੈਲਾਈ ਖੜ੍ਹਾ ਸੀ।ਉਹ ਸੋਚਾਂ ਦੇ ਗਹਿਰੇ ਸਾਗਰ ਚ ਉੱਤਰ ਕੇ ਇਸ ਪ੍ਰਸ਼ਨ ਦੀਆਂ ਅੱਖਾਂ ਚ ਅੱਖਾਂ ਪਾ ਕੇ ਦੇਖਣ ਲੱਗੀ- ਕਦੋਂ ਤੱਕ? ਸੇਠ ਜੀ ਉਸ ਨੂੰ ਬਹੁਤ ਪਿਆਰ ਕਰਦੇ ਨੇ, ਪਰ ਕਦੋਂ ਤੱਕ..? ਕਦੋਂ ਤੱਕ..? ਸਿਰਫ਼ ਉਸ ਸਮੇਂ ਤੱਕ ਹੀ ਜਦੋਂ ਤੱਕ ਉਹਦੇ ਸਰੀਰ ਦੀ ਕੋਮਲਤਾ ਤੇ ਸੁੰਦਰਤਾ ਕਾਇਮ ਰਹੇਗੀ, ਫਿਰ ਉਹ ਕਿਸੇ ਨਵੀਂ ਜਵਾਨੀ ਦੀ ਤਲਾਸ਼ ਸ਼ੁਰੂ ਕਰ ਦੇਣਗੇ।


.........


ਨਹੀਂ, ਨਹੀਂ ਸੇਠ ਜੀ ਇਸ ਤਰ੍ਹਾਂ ਦੇ ਨਹੀਂ।ਹੁਣ ਦੋ ਕੁ ਸਾਲਾਂ ਤੋਂ ਤਾਂ ਉਹ ਮੇਰੇ ਨਾਲ ਏਵੇਂ ਸਲੂਕ ਕਰ ਰਹੇ ਐ ਜਿਵੇਂ ਮੈਂ ਉਨ੍ਹਾਂ ਦੀ ਵਿਆਹ ਕੇ ਲਿਆਂਦੀ ਹੋਈ ਪਤਨੀ ਹੋਵਾਂ, ਬਿਲਕੁਲ ਪਤਨੀ ਦੀ ਤਰ੍ਹਾਂ।ਵਾਰ ਵਾਰ ਕਹਿ ਚੁੱਕੇ ਐ, “ ਊਸ਼ਾ, ਹੁਣ ਤੂੰ ਆਰਾਮ ਨਾਲ ਰਹਿ, ਖਾਹ ਪੀ, ਮੌਜ ਕਰ ਤੇ ਪਿਛਲੀਆਂ ਗੱਲਾਂ ਨੂੰ ਭੁੱਲ ਜਾ! ਹੁਣ ਤਾਂ ਮੈਂ ਤੈਨੂੰ ਆਪਣੀ ਬੀਵੀ ਦੀ ਤਰ੍ਹਾਂ ਈ ਰੱਖਿਆ ਹੋਇਐ।ਉਹਦੇ ਵਾਂਗ ਈ ਤੂੰ ਖ਼ਰਚ ਕਰਦੀ ਏਂ, ਉਹੀ ਮਾਣ-ਇੱਜ਼ਤ, ਦੱਸ ਕੋਈ ਕਸਰ ਐ?”


...........


ਕਸਰ ਤਾਂ ਨਹੀਂ ਪਰ……..”


.............


ਪਰ ਕੀ?” ਊਸ਼ਾ ਨੇ ਪ੍ਰਸ਼ਨ ਦੇ ਲਹਿਰਾਉਂਦੇ ਫਣ ਤੇ ਡੂੰਘੀ ਨਜ਼ਰ ਮਾਰ ਕੇ ਕਿਹਾ, “ ਹਾਏ, ਉਹ ਦਿਨ ਬੀਤ ਗਏ, ਜਵਾਨੀ ਦੇ ਖ਼ਾਲੀਪਨ ਦੇ, ਜਦੋਂ ਦਿਲ ਆਪਣੇ ਸਾਹਮਣੇ ਆਪਣਾ ਹੀ ਕੋਈ ਹਮਜੋਲੀ ਮੰਗਦਾ ਹੈ।ਉਹ ਉਂਗਲੀਆਂ ਜਿਨ੍ਹਾਂ ਨੂੰ ਛੂਹ ਲੈਣ ਨਾਲ ਸਰੀਰ ਵਿਚ ਬਿਜਲੀ ਦੌੜੇ; ਉਹ ਨਜ਼ਰ ਜਿਸ ਨੂੰ ਦੇਖਣ ਨਾਲ ਸਰੀਰ ਟੁੱਟਣ ਲੱਗੇ; ਉਹ ਸਾਹ ਜਿਨ੍ਹਾਂ ਨੂੰ ਆਪਣੇ ਨੇੜੇ ਅਨੁਭਵ ਕਰ ਕੇ ਹੀ ਮਨ ਦਾ ਮੋਰ ਪੈਲਾਂ ਪਾਉਣ ਲੱਗੇ; ਉਹ, ਜਿਸ ਲਈ ਇਸਤਰੀ ਹਾਰ-ਸ਼ਿੰਗਾਰ ਕਰਦੀ ਐ, ਸੀਨੇ ਵਿਚ ਬੱਚੇ ਦੀ ਆਸ ਲੈ ਕੇ ਘੁੰਮਦੀ ਐ ਅਤੇ ਵਿਛੋੜੇ ਦੀ ਅੱਗ ਹੋਵੇ ਜਾਂ ਚਿਤਾ ਦੀ, ਖ਼ਾਮੋਸ਼ੀ ਨਾਲ ਸਿਰ ਝੁਕਾ ਕੇ ਜਲ ਜਾਂਦੀ ਐ।ਪਗਲੀ! ਜਦ ਉਹੀ ਨਾ ਮਿਲਿਆ ਅਤੇ ਜਦ ਸਮਾਂ ਹੀ ਬੀਤ ਗਿਆ ਤਾਂ ਹੁਣ ਸ਼ਿਕਾਇਤ ਕਰਨ ਦਾ ਕੀ ਫ਼ਾਇਦਾ? ਹੁਣ ਤਾਂ ਇਹੀ ਸੋਚ ਕਿ ਸੇਠ ਕਸਤੂਰੀ ਚੰਦ ਹੀ ਤੇਰਾ ਸਭ ਕੁਝ ਹੈ, ਉਹੀ ਭਗਵਾਨ, ਉਹੀ ਦੇਵਤਾ….ਉਹੀ ਤੇਰਾ ਪਤੀ


-----


ਸੋਚਦਿਆਂ ਸੋਚਦਿਆਂ ਊਸ਼ਾ ਦੀਆਂ ਅੱਖਾਂ ਵਿਚ ਅੱਥਰੂ ਆ ਗਏ।ਸਮੁੰਦਰ ਵਿਚ ਇਕ ਕਿਸ਼ਤੀ ਕਿਨਾਰੇ ਵਲ ਆ ਰਹੀ ਸੀ।ਅੱਜ ਤੋਂ ਕਈ ਸਾਲ ਪਹਿਲਾਂ ਇਸੇ ਤਰ੍ਹਾਂ ਹੀ ਸੇਠ ਕਸਤੂਰੀ ਚੰਦ ਵੀ ਇਕ ਕਿਸ਼ਤੀ ਤੇ ਸਵਾਰ ਹੋ ਕੇ ਉਨ੍ਹਾਂ ਦੇ ਪਿੰਡ ਆਇਆ ਸੀ ਤੇ ਉਸ ਨੇ ਉਹਦੇ ਮਾਂ ਬਾਪ ਨਾਲ ਊਸ਼ਾ ਦਾ ਸੌਦਾ ਕਰ ਲਿਆ ਸੀ।ਉਸ ਸਮੇਂ ਸੋਕਾ ਪੈਣ ਕਰ ਕੇ ਪਿੰਡਾਂ ਵਿਚ ਭੁੱਖ-ਮਰੀ ਵਰਗੀ ਹਾਲਤ ਬਣੀ ਹੋਈ ਸੀ।ਉਸ ਵੇਲੇ ਉਹਦੀ ਉਮਰ ਸਿਰਫ਼ ਗਿਆਰਾਂ ਸਾਲ ਦੀ ਸੀ।ਸੇਠ ਕਸਤੂਰੀ ਚੰਦ ਦਾ ਅਸੂਲ ਸੀ ਕਿ ਉਹ ਹਮੇਸ਼ਾ ਅੱਲ੍ਹੜ ਕੁੜੀਆਂ ਹੀ ਖ਼ਰੀਦਦਾ ਸੀ।ਇਕ ਤਾਂ ਸਸਤੀਆਂ ਮਿਲ ਜਾਂਦੀਆਂ ਸਨ ਤੇ ਦੂਸਰਾ ਉਨ੍ਹਾਂ ਨੂੰ ਮਨਮਰਜ਼ੀ ਦੇ ਸੱਚੇ ਵਿਚ ਢਾਲਿਆ ਜਾ ਸਕਦਾ ਸੀ।ਊਸ਼ਾ ਤੋਂ ਪਹਿਲਾਂ ਸੇਠ ਨੇ ਇੰਜ ਹੀ ਤਿੰਨ ਲੜਕੀਆਂ ਹੋਰ ਵੀ ਖ਼ਰੀਦੀਆਂ ਸਨ।


------


ਊਸ਼ਾ ਉੱਪਰ ਇਕ ਅਜੀਬ ਕਿਸਮ ਦਾ ਆਲਮ ਤਾਰੀ ਹੋ ਗਿਆ।ਉਹ ਜਿਵੇਂ ਬੁੜਬੜਾ ਰਹੀ ਸੀ।ਕਿਥੇ ਐਂ ਤੂੰ ਮੇਰੇ ਪਿਆਰੇ ਪਿਆਰੇ ਪਿੰਡ? ਕਿੱਥੇ ਐ ਉਹ ਅੱਲ੍ਹੜ ਜਿਹਾ ਮੁੰਡਾ ਜੋ ਡੰਗਰ ਚਾਰਦਿਆਂ ਮੇਰੀ ਗੁੱਤ ਖਿੱਚ ਕੇ ਕਹਿੰਦਾ ਹੁੰਦਾ ਸੀ, “ ਊਸ਼ੀਏ, ਮੈਂ ਤੇਰੇ ਨਾਲ ਵਿਆਹ ਕਰਵਾਉਣੈ, ਦੱਸ ਕਦੋਂ ਕਰਾਵਾਂ?” ਪਿੰਡ ਦੇ ਮੰਦਰ ਦੇ ਪੁਜਾਰੀ ਨੇ ਇਕ ਦਿਨ ਸੁਹਾਗਵਤੀ ਹੋਣ ਦੀ ਅਸੀਸ ਦਿੱਤੀ ਸੀ ਤੇ ਇਸ ਅਸੀਸ ਤੋਂ ਦੋ ਦਿਨ ਬਾਅਦ ਹੀ ਮੇਰੇ ਮਾਂ ਬਾਪ ਨੇ ਮੈਨੂੰ ਵੇਚ ਦਿੱਤਾ ਸੀ।ਰੁਪਇਆਂ ਨਾਲ ਮੇਰਾ ਲਗਨ ਕਰ ਦਿੱਤਾ ਗਿਆ ਸੀ।ਹੁਣ ਮੈਂ ਸੋਚਦੀ ਆਂ ਕਿ ਰੁਪੱਇਆ ਹੀ ਉਹ ਡੰਗਰ ਚਾਰਨੇ ਵਾਲਾ ਮੁੰਡਾ ਹੈ ਜੋ ਪਿੰਡਾਂ ਦੀਆਂ ਭੁੱਖੀਆਂ ਤੇ ਭੋਲੀਆਂ ਮੱਝਾਂ ਗਾਈਆਂ ਨੂੰ ਸ਼ਹਿਰ ਦੇ ਬੁੱਚੜਖਾਨਿਆਂ ਵਿਚ ਛੱਡ ਆਉਂਦਾ ਹੈ।ਕਿਉਂ ਮੈਨੂੰ ਇਸ ਵੇਲੇ ਆਪਣੀ ਮਾਂ ਨਾਲੋਂ ਆਪਣੇ ਘਰ ਦਾ ਵਿਹੜਾ ਵਧੇਰੇ ਯਾਦ ਆ ਰਿਹੈ? ਅਤੇ ਉਹ ਕੈਂਹੇਂ ਦੀ ਕਟੋਰੀ ਜਿਸ ਵਿਚ ਮੈਂ ਜ਼ਿਦ ਕਰ ਕੇ ਦੁਧ ਪੀਂਦੀ ਹੁੰਦੀ ਸਾਂ! ਆਪਣੇ ਬਾਪ ਨਾਲੋਂ ਜ਼ਿਆਦਾ ਮੈਨੂੰ ਵਿਹੜੇ ਚ ਲੱਗੀ ਹੋਈ ਤੁਲਸੀ ਯਾਦ ਆਉਂਦੀ ਹੈ, ਜਿਸ ਨੇ ਮੇਰਾ ਸੌਦਾ ਨਹੀਂ ਸੀ ਕੀਤਾ ਅਤੇ ਮੇਰੇ ਫਲੈਟ ਦੇ ਗ਼ਮਲਿਆਂ ਚ ਲਗੇ ਵਿਦੇਸ਼ੀ ਫੁੱਲਾਂ ਨਾਲੋਂ ਮੰਦਰ ਦੇ ਅਹਾਤੇ ਚ ਲੱਗੀ ਹੋਈ ਰਾਤ ਦੀ ਰਾਣੀ ਜੋ ਬਿਨਾਂ ਪੈਸੇ ਤੋਂ ਮਹਿਕਦੀ ਹੈ- ਹੁਣ ਮੇਰੇ ਕੋਲ ਸਭ ਕੁਝ ਹੈ।ਆਪਣਾ ਫਲੈਟ, ਕਾਰ, ਬੈਂਕ ਬੈਲੈਂਸ, ਫਿਰ ਮੈਨੂੰ ਅਜਿਹੀਆਂ ਚੀਜ਼ਾਂ ਕਿਉਂ ਯਾਦ ਆ ਰਹੀਆਂ ਨੇ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਹੈ


-----


ਊਸ਼ਾ ਨੇ ਚੁੱਪ ਕਰਕੇ ਆਪਣੇ ਅੱਥਰੂ ਪੂੰਝ ਸੁੱਟੇ।ਪਾਗਲ ਹੋ ਰਹੀ ਹਾਂ ਮੈਂ, ਜੋ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੀ ਆਂ; ਨਹੀਂ ਤਾਂ ਪੈਸੇ ਤੋਂ ਬਿਨਾਂ ਸੰਭਵ ਵੀ ਕੀ ਹੈ? ਦੋ ਮੁੱਠੀ ਚਾਵਲ ਵੀ ਪੈਸੇ ਬਿਨਾਂ ਨਹੀਂ ਮਿਲਦੇ।ਮੇਰੇ ਮਾਂ ਬਾਪ ਚੰਗੀ ਤਰ੍ਹਾਂ ਇਹ ਗੱਲ ਜਾਣਦੇ ਸਨ ਤਾਂ ਹੀ ਉਨ੍ਹਾਂ ਨੇ ਮੈਨੂੰ ਵੇਚ ਦਿੱਤਾ ਸੀ।ਫੇਰ ਅਗਲੇ ਪੰਜ ਸੱਤ ਸਾਲਾਂ ਵਿਚ ਮੈਂ ਵੀ ਇਸ ਗੱਲ ਨੂੰ ਸਮਝ ਗਈ ਤੇ ਹੁਣ ਮੈਂ ਆਪਣੇ ਮਾਂ ਬਾਪ ਨੂੰ ਦੋਸ਼ ਕਿਉਂ ਦੇਵਾਂ? ਕੀ ਮੈਂ ਆਪਣੀ ਸੁੰਦਰਤਾ ਨੂੰ ਇਕ ਕਲਾ ਵਾਂਗ ਨਹੀਂ ਵੇਚਿਆ, ਜਿਵੇਂ ਵਕੀਲ ਆਪਣੀ ਵਕਾਲਤ, ਇਕ ਡਾਕਟਰ ਆਪਣੀ ਡਾਕਟਰੀ ਤੇ ਇਕ ਮਜ਼ਦੂਰ ਆਪਣੇ ਸਰੀਰ ਦੀ ਸ਼ਕਤੀ ਵੇਚਦਾ ਹੈ? ਪੈਸਾ ਤਾਂ ਜੀਵਨ ਦੀ ਇਕ ਬਹੁਤ ਬੜੀ ਸਚਾਈ ਹੈ, ਸੇਠ ਕਸਤੂਰੀ ਚੰਦ ਨੇ ਹੌਲੀ ਹੌਲੀ ਸਾਰਾ ਕੁਝ ਮੈਨੂੰ ਸਮਝਾ ਦਿੱਤਾ ਸੀ।ਪੈਸੇ ਨਾਲ ਹੀ ਸਭ ਕੁਝ ਵੇਚਿਆ ਤੇ ਖ਼ਰੀਦਿਆ ਜਾਂਦਾ ਹੈ।ਚਾਹੇ ਦੋ ਮੁੱਠੀ ਚਾਵਲ ਹੋਣ, ਔਰਤ ਹੋਵੇ ਜਾਂ ਕਲਾ।ਇਸੇ ਲਈ ਤਾਂ ਮੈਂ ਆਪਣੇ ਸਰੀਰ ਨੂੰ ਬੜਾ ਸੰਭਾਲ ਸੰਭਾਲ ਕੇ ਰੱਖਿਐ ਤਾਂ ਕਿ ਮੇਰੇ ਮਾਂ ਬਾਪ ਦਾ ਪੱਕਾ ਘਰ ਬਣ ਜਾਵੇ ਤੇ ਮੇਰੇ ਭੈਣ ਭਰਾ ਕਦੀ ਭੁੱਖੇ ਨਾ ਰਹਿਣ ਅਤੇ ਮੇਰਾ ਸਭ ਤੋਂ ਪਿਆਰਾ ਭਰਾ ਕੈਲਾਸ਼ ਪੜ੍ਹ ਲਿਖ਼ ਕੇ ਕਿਸੇ ਚੰਗੀ ਨੌਕਰੀ ਤੇ ਲੱਗ ਜਾਵੇ ਤੇ ਅੱਜ, ਹੁਣ ਜਦੋਂ ਇਹ ਦਿਨ ਆ ਗਿਐ ਤਾਂ ਪਤਾ ਨਹੀਂ ਕਿਉਂ ਮੇਰਾ ਮਨ ਘਬਰਾ ਰਿਹੈ ਤੇ ਮੈਨੂੰ ਆਪਣਾ ਪਿੰਡ ਤੇ ਘਰ ਦਾ ਵਿਹੜਾ ਕਿਉਂ ਏਨਾ ਯਾਦ ਆ ਰਿਹੈ……


..........


ਭੈਣ, ਤੂੰ ਰੋਂਦੀ ਪਈ ਏਂ?” ਕੈਲਾਸ਼ ਨੇ ਨੇੜੇ ਆ ਕੇ ਆਪਣੀ ਭੈਣ ਦੇ ਮੋਢੇ ਤੇ ਹੱਥ ਰੱਖਦਿਆਂ ਪੁੱਛਿਆ।


............


ਹਾਂ, ਕੈਲਾਸ਼,” ਊਸ਼ਾ ਨੇ ਆਪਣੇ ਅੱਥਰੂ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।ਉਵੇਂ ਹੀ ਰੋਂਦਿਆਂ ਰੋਂਦਿਆਂ ਬੋਲੀ, “ ਇਕ ਦਿਨ ਮੈਂ ਰੱਬ ਕੋਲ ਪ੍ਰਾਰਥਨਾ ਕੀਤੀ ਸੀ ਕਿ ਜਿਸ ਦਿਨ ਮੇਰੇ ਭਰਾ ਨੂੰ ਨੌਕਰੀ ਮਿਲ ਜਾਏਗੀ ਮੈਂ ਸਮਝਾਂਗੀ ਕਿ ਮੇਰਾ ਜੀਵਨ ਸਫ਼ਲ ਹੋ ਗਿਐ, ਇਹ ਤਾਂ ਖ਼ੁਸ਼ੀ ਦੇ ਅੱਥਰੂ ਨੇ ਮੇਰੇ ਵੀਰੇ।


-----


ਸੇਠ ਜੀ ਦੇ ਦਫ਼ਤਰ ਵਿਚ ਕੈਲਾਸ਼ ਦਾ ਅੱਜ ਪਹਿਲਾ ਦਿਨ ਸੀ।ਉਹ ਆਪਣੇ ਕੈਬਿਨ ਵਿਚ ਬੈਠਾ ਬੜੀ ਫ਼ੁਰਤੀ ਨਾਲ ਕੰਮ ਕਰ ਰਿਹਾ ਸੀ।ਸਾਫ਼-ਸੁਥਰਾ ਏਅਰ ਕੰਡੀਸ਼ਨਡ ਕੈਬਿਨ।ਬਾਹਰ ਦਰਵਾਜ਼ੇ ਤੇ ਬੈਠਾ ਚਪੜਾਸੀ, ਚਪੜਾਸੀ ਨੂੰ ਅੰਦਰ ਬੁਲਾਉਣ ਲਈ ਘੰਟੀ, ਟੈਲੀਫ਼ੂਨ ਅਤੇ ਹੋਰ ਸਾਜ਼-ਸਾਮਾਨ ਦੇ ਨਾਲ ਨਾਲ ਅੰਦਰ ਇਕ ਨੌਜੁਆਨ ਆਦਮੀ ਬੈਠਾ ਸੀ ਜੋ ਛੇਤੀ ਤੋਂ ਛੇਤੀ ਲੱਖਪਤੀ ਬਣਨਾ ਚਾਹੁੰਦਾ ਸੀ।ਉਹਦੇ ਟੀਚੇ ਬੜੇ ਉੱਚੇ, ਅਣਗਿਣਤ ਆਸ਼ਾਵਾਂ ਅਤੇ ਦਿਲ ਵਿਚ ਉੱਜਲ ਭਵਿੱਖ ਦੀ ਤਾਂਘ।ਇਕ ਤਰ੍ਹਾਂ ਨਾਲ ਉਹ ਹੁਣ ਇਸ ਦਫ਼ਤਰ ਅਤੇ ਬਿਲਡਿੰਗ ਨੂੰ ਆਪਣੀ ਹੀ ਸਮਝਦਾ ਸੀ ਕਿਉਂਕਿ ਸੇਠ ਜੀ ਉਸ ਦੇ ਆਪਣੇ ਹੀ ਸਨ ਇਕ ਤਰ੍ਹਾਂ ਨਾਲ- ਇਸ ਗੱਲ ਨੂੰ ਸਭ ਜਾਣਦੇ ਸਨ।ਉਹ ਆਪ ਵੀ ਜਾਣਦਾ ਸੀ, ਨਹੀਂ ਤਾਂ ਕੇਵਲ ਇਕ ਸਾਧਾਰਣ ਗ੍ਰੈਜੂਏਟ ਨੂੰ ਸਾਢੇ ਸੱਤ ਸੌ ਰੁਪਏ ਦੀ ਨੌਕਰੀ ਇਤਨੀ ਆਸਾਨੀ ਨਾਲ ਕਿਵੇਂ ਮਿਲ ਸਕਦੀ ਸੀ? ਉਸ ਨੂੰ ਸਭ ਪਤਾ ਸੀ।ਏਸੇ ਲਈ ਉਹ ਹਰੇਕ ਗੱਲ ਲਈ ਸੇਠ ਜੀ ਉੱਪਰ ਨਿਰਭਰ ਨਹੀਂ ਰਹਿਣਾ ਚਾਹੁੰਦਾ ਸੀ।ਉਸ ਨੇ ਮਨ ਹੀ ਮਨ ਇਰਾਦਾ ਕੀਤਾ ਕਿ ਹੁਣ ਉਹ ਆਪਣੀ ਮਿਹਨਤ ਨਾਲ ਅੱਗੇ ਵਧੇਗਾ।ਚੁਸਤੀ ਅਤੇ ਸਮਝਦਾਰੀ ਨਾਲ ਹਰ ਕੰਮ ਕਰੇਗਾ ਤੇ ਖ਼ੁਦ ਉਹ ਸਾਰੇ ਭੇਦ ਜਾਣ ਲਵੇਗਾ ਕਿ ਸੇਠ ਜੀ ਪੈਸਾ ਕਿਵੇਂ ਬਣਾਉਂਦੇ ਹਨ।ਕੰਪਨੀ ਦਾ ਜਨਰਲ ਮੈਨੇਜਰ ਇਤਨਾ ਅਮੀਰ ਕਿਵੇਂ ਹੋ ਗਿਐ।ਉਹ ਖ਼ੁਦ ਸਾਰੇ ਗੁਰ ਸਿੱਖੇਗਾ ਜਿਸ ਨਾਲ ਜਲਦੀ ਤੋਂ ਜਲਦੀ ਅਮੀਰਾਂ ਦੀ ਕਤਾਰ ਵਿਚ ਖੜ੍ਹਾ ਹੋ ਸਕੇ।ਰੂਬੀ, ਉਹਦੀ ਗਰਲ-ਫਰੈਂਡ ਤਾਂ ਬਹੁਤ ਫ਼ਜ਼ੂਲ ਖ਼ਰਚ ਐ।ਕੀ ਉਹ ਸਾਢੇ ਸੱਤ ਸੌ ਰੁਪਏ ਦੀ ਨੌਕਰੀ ਨਾਲ ਉਹਦਾ ਦਿਲ ਜਿੱਤ ਸਕੇਗਾ? ਕੀ ਉਹ ਵਿਆਹ ਲਈ ਰਜ਼ਾਮੰਦ ਵੀ ਹੋ ਜਾਵੇਗੀ? ਅਮੀਰ ਬਾਪ ਦੀ ਵਿਗੜੀ ਹੋਈ ਬੇਟੀ ਐ।ਹਰ ਹਾਲਤ ਵਿਚ ਜਲਦੀ ਹੀ ਖੁੱਲ੍ਹਾ ਪੈਸਾ ਕਮਾਉਣਾ ਹੋਵੇਗਾ।ਸੇਠ ਜੀ ਦੇ ਨਜ਼ਦੀਕ ਰਹਿ ਕੇ ਚੁਪ-ਚਾਪ ਉਹ ਨੁਸਖੇ ਸਿੱਖ ਲਵੇਗਾ ਜਿਸ ਨਾਲ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾ ਸਕੇ।ਉਹ ਏਨਾ ਸਿੱਧਾ ਤੇ ਭੋਲਾ ਵੀ ਨਹੀਂ ਜਿਤਨਾ ਉਹਦੀ ਭੈਣ ਉਹਨੂੰ ਸਮਝਦੀ ਐ….


******


ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।


ਨਿਰਮਲ ਸਿੰਘ ਕੰਧਾਲਵੀ - ਕ੍ਰਿਸ਼ਨ ਚੰਦਰ - ਪਹਿਲਾ ਬਿਲ – ਕਹਾਣੀ – ਭਾਗ ਦੂਜਾ

ਪਹਿਲਾ ਬਿਲ

ਕਹਾਣੀ


ਮੂਲ ਲੇਖਕ: ਕ੍ਰਿਸ਼ਨ ਚੰਦਰ


ਹਿੰਦੀ ਤੋਂ ਪੰਜਾਬੀ ਅਨੁਵਾਦ: ਨਿਰਮਲ ਸਿੰਘ ਕੰਧਾਲਵੀ


ਭਾਗ ਦੂਜਾ ਤੇ ਆਖ਼ਰੀ


*****


ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।


*****


ਉਹਦੀਆਂ ਸੋਚਾਂ ਦੀ ਤਾਰ ਨੂੰ ਕੰਪਨੀ ਦੇ ਜਨਰਲ ਮੈਨੇਜਰ ਦੇ ਫੋਨ ਨੇ ਤੋੜਿਆ ।ਮਿਸਟਰ ਕੈਲਾਸ਼, ਯੂ.ਕੇ. ਦੀ ਰੋਟੈਕਸ ਕੰਪਨੀ ਤੋਂ ਮਿਸਟਰ ਬ੍ਰਾਊਨ ਦੋ ਵਜੇ ਦੀ ਫਲਾਈਟ ਤੇ ਲੰਦਨ ਤੋਂ ਆ ਰਹੇ ਐ, ਯਾਦ ਐ ਨਾ?” ਜਨਰਲ ਮੈਨੇਜਰ ਨੇ ਪੁੱਛਿਆ।


.........


ਜੀ ਸਰ,” ਕੈਲਾਸ਼ ਨੇ ਜਵਾਬ ਦਿੱਤਾ।


...........


ਉਨ੍ਹਾਂ ਨੂੰ ਏਅਰਪੋਰਟ ਤੋਂ ਲਿਆਉਣ ਦਾ ਬੰਦੋਬਸਤ ਹੋ ਗਿਐ ਨਾ?”


............


ਹਾਂ ਜੀ ਸਰ, ਬਿਲਕੁਲ ਜੀ


...........


ਉਨ੍ਹਾਂ ਦੇ ਰਹਿਣ, ਖਾਣ-ਪੀਣ ਤੇ ਸੈਰ-ਤਫ਼ਰੀਹ ਦਾ ਸਾਰਾ ਪ੍ਰੋਗਰਾਮ ਤੇਰੇ ਹੀ ਜ਼ਿੰਮੇ ਐ, ਪਤਾ ਐ ਨਾ?”


...........


ਜੀ ਸਰ


...........


ਖਾਣ-ਪੀਣ ਅਤੇ ਸੈਰ-ਤਫ਼ਰੀਹ ਦਾ ਪ੍ਰੋਗਰਾਮ ਬਣਾ ਲਿਆ?”


.........


ਜੀ, ਬਣਾ ਲਿਐ ਸਰ


..........


ਅਤੇ ਖ਼ਰਚੇ ਦਾ ਬਜਟ?”


..........


ਸਰ, ਮੈਂ ਬਣਾ ਰਿਹਾਂ ਜੀ


..............


ਤਿਆਰ ਕਰ ਕੇ ਜਲਦੀ ਮੇਰੇ ਪਾਸ ਲੈ ਕੇ ਆ।


..........


ਮੈਂ ਦਸਾਂ ਮਿੰਟਾਂ ਚ ਹਾਜ਼ਰ ਹੁੰਨਾ ਜੀਜਨਰਲ ਮੈਨੇਜਰ ਨੇ ਫ਼ੋਨ ਬੰਦ ਕਰ ਦਿਤਾ।ਕੈਲਾਸ਼ ਨੇ ਇਕ ਸਫ਼ੈਦ ਕਾਗ਼ਜ਼ ਉੱਤੇ ਪੈਂਸਿਲ ਨਾਲ ਜੋ ਬਜਟ ਤਿਆਰ ਕੀਤਾ ਸੀ, ਉਹਦੇ ਤੇ ਇਕ ਨਜ਼ਰ ਮਾਰੀ ਤੇ ਹਰੇਕ ਆਈਟਮ ਨੂੰ ਚੈੱਕ ਕੀਤਾ।


...........


ਕਾਲ-ਗਰਲ-500 ਰੁਪਏਇਕ ਸੌ ਰੁਪਏ ਵਿਚ ਵਧੀਆ ਕਾਲ-ਗਰਲ ਮਿਲ ਜਾਂਦੀ ਐ, ਪ੍ਰੰਤੂ ਮਿਸਟਰ ਬ੍ਰਾਊਨ ਨੂੰ ਬਹੁਤ ਹੀ ਵਧੀਆ ਅਤੇ ਬਿਲਕੁਲ ਹਿੰਦੁਸਤਾਨੀ ਲੜਕੀ ਚਾਹੀਦੀ ਐ।ਮਿਸਟਰ ਬ੍ਰਾਊਨ ਦੇ ਅਸਿਸਟੈਂਟ ਨੇ, ਜੋ ਕਿ ਕੱਲ੍ਹ ਹੀ ਹਵਾਈ ਜਹਾਜ਼ ਰਾਹੀਂ ਪਹੁੰਚ ਚੁੱਕਾ ਸੀ, ਇਹ ਸੁਨੇਹਾ ਪਹਿਲਾਂ ਹੀ ਪਹੁੰਚਾ ਦਿਤਾ ਸੀ।ਕੈਲਾਸ਼ ਸੋਚਣ ਲੱਗਾ ਮਿਸਟਰ ਬ੍ਰਾਊਨ ਇਕ ਪਰਦੇਸੀ ਅਤੇ ਅਜਨਬੀ ਆਦਮੀ ਐ, ਉਹਦੇ ਲਈ ਇਹ ਸੰਭਵ ਨਹੀਂ ਹੋਵੇਗਾ ਕਿ ਉਹ ਇਕ ਸੌ ਅਤੇ ਪੰਜ ਸੌ ਵਾਲੀ ਹਿੰਦੁਸਤਾਨੀ ਲੜਕੀ ਵਿਚ ਪਛਾਣ ਕਰ ਸਕੇ, ਸੋ ਇਸ ਤਰ੍ਹਾਂ ਚਾਰ ਸੌ ਰੁਪਿਆ ਤਾਂ ਸਿੱਧਾ ਹੀ ਇਸ ਆਈਟਮ ਵਿਚੋਂ ਬਚਾ ਲਵੇਗਾ।ਚਲੋ, ਜੇ ਦੋ ਸੌ ਵਾਲੀ ਵੀ ਲਿਆਉਣੀ ਪਈ ਫਿਰ ਵੀ ਤਿੰਨ ਸੌ ਦੀ ਬੱਚਤ ਤਾਂ ਸਿੱਧੀ ਵੱਟ ਤੇ ਪਈ ਐ।


............


ਬਲੈਕ-ਡਾਗ ਵਿਸਕੀ- 400 ਰੁਪਏਅਸਿਸਟੈਂਟ ਦੱਸਦਾ ਸੀ ਕਿ ਮਿਸਟਰ ਬ੍ਰਾਊਨ ਸਿਰਫ਼ ਬਲੈਕ-ਡਾਗ ਵਿਸਕੀ ਹੀ ਪੀਂਦੈ ਜੋ ਬੰਬਈ ਚ ਸਿਰਫ਼ ਬਲੈਕ ਵਿਚ ਈ ਮਿਲਦੀ ਐ।ਰੂਬੀ ਦੇ ਭਰਾ ਨੇ ਇਕ ਸਮਗਲਰ ਤੋਂ ਦੋ ਬੋਤਲਾਂ ਦੋ ਸੌ ਰੁਪਏ ਵਿਚ ਲਿਆ ਕੇ ਦੇਣ ਦਾ ਵਾਅਦਾ ਕੀਤੈ।ਚਾਰ ਸੌ ਰੁਪਏ ਵਿਚੋਂ ਦੋ ਸੌ ਆਪਣੇ ਖਰੇ।


.............


ਹੋਟਲ- 300 ਰੁਪਏਇਸ ਚੋਂ ਕੁਝ ਨਹੀਂ ਮਿਲ ਸਕਦਾ।ਹੋਟਲ ਦਾ ਬਿੱਲ ਕਿਸੇ ਵੇਲੇ ਵੀ ਚੈੱਕ ਕੀਤਾ ਜਾ ਸਕਦੈ- ਸੌਰੀ ਕੈਲਾਸ਼।


.................


ਟੈਕਸੀ- 100 ਰੁਪਏਦੋ ਦਿਨ ਲਈ ਟੈਕਸੀ ਦੇ ਸੌ ਰੁਪਏ ਕੋਈ ਜ਼ਿਆਦਾ ਨਹੀਂ।ਆਪਣੇ ਦੋਸਤ ਯੂਸਫ਼ ਦੀ ਇੰਪਾਲਾ ਮੰਗ ਲਵਾਂਗਾ ਦੋ ਦਿਨਾਂ ਲਈ। ਆਪਣਾ ਯਾਰ ਐ ਯੂਸਫ਼, ਸ਼ਾਇਦ ਟੈਂਕੀ ਵੀ ਪੈਟਰੋਲ ਨਾਲ ਭਰਵਾ ਦੇਵੇ। ਸੌ ਰੁਪਇਆ ਇਸ ਚੋਂ ਬਚ ਜਾਵੇਗਾ।


...............


ਫੁਟਕਲ ਖ਼ਰਚ- 40 ਰੁਪਏਫ਼ੁਟਕਲ ਖ਼ਰਚਿਆਂ ਲਈ ਚਾਲੀ ਰੁਪਏ ਠੀਕ ਈ ਐ- ਇਸ ਨਿਗੂਣੀ ਜਿਹੀ ਰਕਮ ਚੋਂ ਕੁਝ ਬਚਾਉਂਦੇ ਆਪਾਂ ਚੰਗੇ ਨਹੀਂ ਲਗਦੇ।ਇਸ ਵਿਚੋਂ ਜੇ ਕੁਝ ਬਚਿਆ ਤਾਂ ਆਪਣੇ ਅਸਿਸਟੈਂਟ ਦੇ ਹੱਥ ਤੇ ਕੁਝ ਰੱਖ ਕੇ ਆਪਣੀ ਟੌਹਰ ਬਣਾਵਾਂਗਾ-ਕੈਲਾਸ਼ ਬੇਟਾ ਕੁਝ ਅਫ਼ਸਰੀ ਰੋਅਬ ਵੀ ਬਣਾਉਣਾ ਚਾਹੀਦੈ!ਉਹ ਮਨ ਹੀ ਮਨ ਖ਼ੁਸ਼ੀ ਦੇ ਲੱਡੂ ਭੋਰ ਰਿਹਾ ਸੀ।


------


ਕੈਲਾਸ਼ ਨੇ ਬੜੀ ਸਾਵਧਾਨੀ ਨਾਲ ਬਜਟ ਦੀ ਹਰ ਮੱਦ ਤੇ ਗ਼ੌਰ ਕੀਤੀ।ਕੁਲ ਬਜਟ ਤੇਰਾਂ ਸੌ ਚਾਲ਼ੀ ਰੁਪਏ ਬਣਦਾ ਸੀ।ਕੋਈ ਬਹੁਤਾ ਨਹੀਂ।ਉਹ ਸੋਚ ਰਿਹਾ ਸੀ, “ਭਾਵੇਂ ਬਜਟ ਬਿਲਕੁਲ ਸਟੈਂਡਰਡ ਰੇਟ ਦੇ ਮੁਤਾਬਿਕ ਐ ਪਰ ਮੈਂ ਆਪਣੀ ਅਕਲ ਤੇ ਚੁਸਤੀ ਵਰਤ ਕੇ ਇਸ ਵਿਚੋਂ ਛੇ ਸੌ ਰੁਪਏ ਤਾਂ ਜ਼ਰੂਰ ਹੀ ਬਚਾ ਲੈਣੇ ਆਂ? ਜੇ ਮਹੀਨੇ ਵਿਚ ਇਸ ਤਰ੍ਹਾਂ ਦੇ ਪੰਜ ਛੇ ਪ੍ਰੋਗਰਾਮ ਵੀ ਮਿਲ ਜਾਇਆ ਕਰਨ ਤਾਂ ਸੇਠ ਜੀ ਦੀ ਮਦਦ ਤੋਂ ਬਿਨਾਂ ਹੀ ਮੈਂ ਜਲਦੀ ਹੀ ਲੱਖਪਤੀਆਂ ਵਾਲੀ ਪੌੜੀ ਤੇ ਪੈਰ ਰੱਖ ਲਵਾਂਗਾ।ਇਹ ਸੋਚ ਕੇ ਉਹ ਮੁਸਕਰਾ ਪਿਆ, ਫਿਰ ਉਸ ਨੇ ਲਾਲ ਪੈਂਨਸਿਲ ਨਾਲ ਬਜਟ ਵਾਲੇ ਕਾਗ਼ਜ਼ ਦੇ ਇਕ ਕੋਨੇ ਤੇ ਕਾਂਨਫੀਡੈਂਸ਼ਲਲਿਖ਼ਿਆ ਅਤੇ ਜਨਰਲ ਮੈਨੇਜਰ ਦੇ ਕੈਬਿਨ ਵੱਲ ਤੁਰ ਪਿਆ।


-----


ਜਨਰਲ ਮੈਨੇਜਰ ਨੇ ਬਜਟ ਤੇ ਇਕ ਸਰਸਰੀ ਜਿਹੀ ਨਜ਼ਰ ਮਾਰੀ ਤੇ ਕਾਗ਼ਜ਼ ਵਾਪਿਸ ਦਿੰਦਿਆਂ ਕਹਿਣ ਲੱਗਾ, “ ਹੁਣ ਸੇਠ ਜੀ ਤੋਂ ਪਾਸ ਕਰਵਾ ਲੈ ਜਾ ਕੇ।


...........


ਸੇਠ ਜੀ ਤੋਂ ਹੋਰਾਂ ਕਿਉਂ, ਸਰ ?” ਕੈਲਾਸ਼ ਨੇ ਹੈਰਾਨੀ ਨਾਲ ਪੁੱਛਿਆ, “ ਦਸ ਹਜ਼ਾਰ ਤੱਕ ਦਾ ਬਜਟ ਤਾਂ ਤੁਸੀਂ ਹੀ ਪਾਸ ਕਰ ਸਕਦੇ ਹੋ।


.................


ਇਹ ਤਾਂ ਠੀਕ ਐ,” ਜਨਰਲ ਮੈਨੇਜਰ ਨੇ ਮੁਸਕਰਾ ਕੇ ਕਿਹਾ, “ ਪਰ ਕੈਲਾਸ਼ ਬਾਬੂ, ਕਿੱਸਾ ਇਹ ਐ ਕਿ ਜਦ ਕੋਈ ਨਵਾਂ ਵਰਕਰ ਨੌਕਰੀ ਸ਼ੁਰੂ ਕਰਦਾ ਹੈ ਤਾਂ ਸੇਠ ਜੀ ਖ਼ੁਦ ਛੇ ਮਹੀਨੇ ਤੱਕ ਉਸਦੇ ਸਾਰੇ ਬਜਟ ਪਾਸ ਕਰਦੇ ਐ।


..............


ਅਜਿਹਾ ਕਿਉਂ?” ਕੈਲਾਸ਼ ਜਾਨਣ ਲਈ ਉਤਸੁਕ ਸੀ।


...............


ਇੰਜ ਕਰਨ ਨਾਲ ਨਵੇਂ ਵਰਕਰਾਂ ਦੀ ਟਰੇਨਿੰਗ ਹੋ ਜਾਂਦੀ ਐ ਅਤੇ ਉਹ ਭਵਿੱਖ ਵਿਚ ਗ਼ਲਤੀਆਂ ਕਰਨ ਤੋਂ ਬਚ ਜਾਂਦੇ ਐ।ਸੇਠ ਜੀ ਨੇ ਮੈਨੂੰ ਵੀ ਇਸੇ ਤਰ੍ਹਾਂ ਹੀ ਟਰੇਂਡ ਕੀਤਾ ਸੀ….ਹੁਣ ਇਹ ਬਜਟ ਲੈ ਕੇ ਸਿੱਧਾ ਹੀ ਸੇਠ ਜੀ ਪਾਸ ਚਲਿਆ ਜਾਹ, ਉਨ੍ਹਾਂ ਨੇ ਤੈਨੂੰ ਬੁਲਾਇਆ ਵੀ ਐ।


-----


ਕੈਲਾਸ਼, ਜਨਰਲ ਮੈਨੇਜਰ ਦੇ ਕੈਬਿਨ ਚੋਂ ਬਾਹਰ ਆ ਕੇ ਲੰਬੀ ਸਾਰੀ ਕਾਰੀਡੋਰ ਵਿਚੀਂ ਹੁੰਦਾ ਹੋਇਆ ਸੇਠ ਜੀ ਦੇ ਕੈਬਿਨ ਵਿਚ ਪਹੁੰਚਾ।ਸੇਠ ਜੀ ਨੇ ਬੜੀ ਨਿਮਰਤਾ ਨਾਲ ਹੱਥ ਮਿਲਾਇਆ ਅਤੇ ਕੈਲਾਸ਼ ਨੂੰ ਸਾਹਮਣੇ ਪਈ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਉਹਦੇ ਹੱਥੋਂ ਬਜਟ ਵਾਲਾ ਕਾਗ਼ਜ਼ ਲੈ ਕੇ ਦੇਖਣ ਲੱਗੇ ਤੇ ਕੈਲਾਸ਼ ਸੇਠ ਜੀ ਦਾ ਚਿਹਰਾ ਪੜ੍ਹਨ ਲੱਗਾ।ਸੇਠ ਜੀ ਦਾ ਚਿਹਰਾ ਇਕ ਬੜੇ ਹੀ ਕਿਰਪਾਲੂ ਅਤੇ ਮਿੱਠੇ ਸੁਭਾਅ ਵਾਲੇ ਆਦਮੀ ਦਾ ਚਿਹਰਾ ਮਾਲੂਮ ਹੁੰਦਾ ਸੀ।ਆਵਾਜ਼ ਏਨੀ ਮਿੱਠੀ ਤੇ ਰਸਦਾਰ ਕਿ ਮਾਲੂਮ ਹੁੰਦਾ ਸੀ ਜਿਵੇਂ ਸੇਠ ਜੀ ਦੇ ਗਲ਼ੇ ਵਿਚ ਮਿਸ਼ਰੀ ਘੁਲੀ ਹੋਈ ਹੋਵੇ।ਪਿਛਲੇ ਦਸ ਸਾਲਾਂ ਵਿਚ ਕੈਲਾਸ਼ ਨੇ ਅਨੇਕਾਂ ਵਾਰ ਇਸ ਚਿਹਰੇ ਨੂੰ ਦੇਖਿਆ ਸੀ।ਉਹਨੂੰ ਇਸ ਗੱਲ ਦੀ ਕਦੀ ਸਮਝ ਨਹੀਂ ਸੀ ਆਈ ਕਿ ਏਨਾ ਮਿੱਠਾ, ਕਿਸੇ ਕੀੜੀ ਤੱਕ ਨੂੰ ਨੁਕਸਾਨ ਨਾ ਪਹੁੰਚਾਉਣ ਵਾਲਾ ਇਨਸਾਨ ਕਰੋੜਪਤੀ ਕਿਵੇਂ ਬਣ ਸਕਦਾ ਹੈ? ਪਰ ਹੁਣ ਤੱਕ ਉਸ ਨੇ ਸੇਠ ਜੀ ਨੂੰ ਸਿਰਫ਼ ਆਪਣੇ ਘਰ ਹੀ ਦੇਖਿਆ ਸੀ।ਦਫ਼ਤਰ ਵਿਚ ਗੱਲਬਾਤ ਕਰਨ ਦਾ ਇਹ ਉਸ ਦਾ ਪਹਿਲਾ ਮੌਕਾ ਸੀ।


------


ਸੇਠ ਕਸਤੂਰੀ ਚੰਦ ਨੇ ਕੈਲਾਸ਼ ਦੇ ਬਣਾਏ ਹੋਏ ਬਜਟ ਤੇ ਇਕ ਸਰਸਰੀ ਜਿਹੀ ਨਜ਼ਰ ਮਾਰੀ।ਕਾਲ ਗਰਲ 500 ਰੁਪਏਬਲੈਕ-ਡਾਗ ਵਿਸਕੀ 400 ਰੁਪਏਹੋਟਲ 300 ਰੁਪਏਟੈਕਸੀ 100 ਰੁਪਏਫ਼ੁਟਕਲ ਖ਼ਰਚ 40 ਰੁਪਏ
ਕੁਲ-ਜੋੜ 1340 ਰੁਪਏ
ਸੇਠ ਜੀ ਚਹਿਕੇ ਤੇ ਬੋਲੇ, “ ਕੁਲ 1340 ਰੁਪਏ? ਤੇਰਾ ਬਣਾਇਆ ਬਜਟ ਤਾਂ ਠੀਕ ਈ ਲਗਦੈ ਬਈ।


..............


ਬਹੁਤ ਹੀ ਸੋਚ ਕੇ ਬਣਾਇਐ ਸੇਠ ਜੀ,” ਕੈਲਾਸ਼ ਨੇ ਖ਼ੁਸ਼ ਹੁੰਦਿਆਂ ਕਿਹਾ।


.............


ਉਹ ਤਾਂ ਲਗਦਾ ਈ ਐ।


..............


ਥੈਂਕ ਯੂਕੈਲਾਸ਼ ਨੇ ਮੁਸਕਰਾ ਕੇ ਕਿਹਾ।


.............


ਸੇਠ ਜੀ ਮੁਸਕਰਾ ਕੇ ਬੋਲੇ, “ ਬਾਕੀ ਤਾਂ ਸਭ ਠੀਕ ਐ ਪਰਪਰ ਇਹ ਕਾਲ-ਗਰਲ..ਇਹ ਪੰਜ ਸੌ ਚ ਮਿਲਦੀ ਐ ਬਈ? ਕੁਝ ਜ਼ਿਆਦਾ ਨਹੀਂ ਇਹ?”


.............


ਸੇਠ ਜੀ, ਬ੍ਰਾਊਨ ਸਾਹਿਬ ਨੂੰ ਵਧੀਆ ਤੇ ਬਿਲਕੁਲ ਹਿੰਦੁਸਤਾਨੀ ਕਾਲ-ਗਰਲ ਚਾਹੀਦੀ ਐ।ਇਹ ਉਹਨਾਂ ਦੀ ਖ਼ਾਸ ਫ਼ਰਮਾਇਸ਼ ਐ ਜੀ।


...................


ਫਿਰ ਠੀਕ ਐ, ਜੇ ਬਈ ਖ਼ਾਸ ਫ਼ਰਮਾਇਸ਼ ਐ ਬ੍ਰਾਊਨ ਸਾਹਿਬ ਦੀ, ਫੇਰ ਤਾਂ ਜ਼ਰੂਰ ਹੀ ਪੂਰੀ ਹੋਣੀ ਚਾਹੀਦੀ ਐ,” ਸੇਠ ਜੀ ਨੇ ਪੈਨਸਿਲ ਨਾਲ ਕਾਲ-ਗਰਲ ਵਾਲੀ ਮੱਦ ਟਿੱਕ-ਮਾਰਕ ਕਰ ਦਿੱਤੀ।


..............


ਕੈਲਾਸ਼ ਨੇ ਸੁਖ ਦਾ ਸਾਹ ਲਿਆ ਤੇ ਮਨ ਹੀ ਮਨ ਕਿਹਾ, “ ਚਲੋ ਇਹ ਆਈਟਮ ਤਾਂ ਪਾਸ ਹੋਈ।


..............


ਸੇਠ ਜੀ ਨੇ ਹੁਣ ਦੂਸਰੀ ਮੱਦ ਦੇਖੀ, ਵਿਸਕੀ ਚਾਰ ਸੌ ਰੁਪਏ?” ਭਰਵੱਟੇ ਉਤਾਂਹ ਚੁੱਕ ਕੇ ਸੇਠ ਜੀ ਨੇ ਕੈਲਾਸ਼ ਵਲ ਦੇਖਿਆ ਤਾਂ ਉਹ ਜਲਦੀ ਨਾਲ ਬੋਲਿਆ:


............


ਬ੍ਰਾਊਨ ਸਾਹਿਬ ਦੇ ਅਸਿਸਟੈਂਟ ਨੇ ਦੱਸਿਐ ਜੀ ਕਿ ਉਹ ਸਿਰਫ਼ ਬਲੈਕ-ਡਾਗ ਹੀ ਪੀਂਦੇ ਐ।ਮੈਂ ਕਈ ਸਮਗਲਰਾਂ ਤੋਂ ਪਤਾ ਕਰ ਲਿਐ ਜੀ।ਦੋ ਬੋਤਲਾਂ ਚਾਰ ਸੌ ਤੋਂ ਘੱਟ ਨਹੀਂ ਮਿਲਣੀਆਂ ਆਪਾਂ ਨੂੰ।ਬਾਕੀ ਆਪ ਜੀ ਦੀ ਮਰਜ਼ੀ ਐ।ਜੇ ਤੁਸੀਂ ਕਹੋ ਤਾਂ ਕਿਸੇ ਸਸਤੀ ਵਿਸਕੀ ਦਾ ਪ੍ਰਬੰਧ ਕਰ ਲੈਨੇ ਆਂ


.............


ਸੇਠ ਜੀ ਨੇ ਨਾਂਹ ਵਿਚ ਸਿਰ ਹਿਲਾਇਆ ਤੇ ਬੋਲੇ, “ ਨਈਂ, ਨਈਂ ਬਈ, ਜੇ ਮਿਸਟਰ ਬ੍ਰਾਊਨ ਕਾਲਾ-ਕੁੱਤਾ ਈ ਪੀਂਦੇ ਐ ਤਾਂ ਕਾਲਾ-ਕੁੱਤਾ ਈ ਮਿਲੂ ਉਨ੍ਹਾਂ ਨੂੰ, ਆਖ਼ਿਰ ਉਹ ਸਾਡੇ ਮਹਿਮਾਨ ਨੇ ਸੇਠ ਜੀ ਨੇ ਇਸ ਮੱਦ ਤੇ ਵੀ ਟਿੱਕ ਮਾਰਕ ਲਗਾ ਦਿੱਤਾ ਤੇ ਅਗਲੀ ਮੱਦ ਤੇ ਨਜ਼ਰ ਟਿਕਾ ਲਈ।


.............


ਹੋਟਲ ਤਿੰਨ ਸੌ ਰੁਪਏ?” ਕਿਹੜੇ ਹੋਟਲ ਵਿਚ ਠਹਿਰਾ ਰਿਹੈਂ ਬਈ ਮਿਸਟਰ ਬ੍ਰਾਊਨ ਨੂੰ?”


..............


ਜੀ, ਸਰਤਾਜ ਵਿਚ।


............


ਸੇਠ ਜੀ ਮੁਸਕਰਾਏ ਤੇ ਬੋਲੇ, “ ਕੈਲਾਸ਼ ਬੇਟਾ, ਸ਼ਾਇਦ ਤੈਨੂੰ ਪਤਾ ਨਹੀਂ- ਮੈਰੀਨ ਡਰਾਈਵ ਤੇ ਆਪਣਾ ਇਕ ਸ਼ਾਨਦਾਰ ਗੈਸਟ ਹਾਊਸ ਵੀ ਐ।ਮਿਸਟਰ ਬ੍ਰਾਊਨ ਵਰਗੇ ਯੂਰਪੀਨ ਮਹਿਮਾਨਾਂ ਵਾਸਤੇ ਸਭ ਸੁਖ-ਸਹੂਲਤਾਂ ਨੇ ਉੱਥੇ- ਉਨ੍ਹਾਂ ਨੂੰ ਉੱਥੇ ਠਹਿਰਾਉ।


.................


ਏਨਾ ਕਹਿ ਕੇ ਸੇਠ ਜੀ ਨੇ ਤਿੰਨ ਸੌ ਦੀ ਰਕਮ ਤੇ ਕਾਟਾ ਫੇਰ ਦਿੱਤਾ ਪਰ ਕੈਲਾਸ਼ ਨੂੰ ਰੱਤੀ ਭਰ ਵੀ ਬੁਰਾ ਨਾ ਲੱਗਿਆ ਕਿਉਂਕਿ ਇਸ ਮੱਦ ਵਿਚੋਂ ਤਾਂ ਉਸ ਨੂੰ ਬੱਚਤ ਹੋਣ ਦੀ ਪਹਿਲਾਂ ਹੀ ਕੋਈ ਆਸ ਨਹੀਂ ਸੀ।


.................


ਅਤੇ ਇਹ ਸੌ ਰੁਪਇਆ ਟੈਕਸੀ ਦਾ?” ਜ਼ਿਆਦਾ ਤਾਂ ਨਹੀਂ ਇਹ, ਪਰ ਟੈਕਸੀ ਦਾ ਖ਼ਰਚ ਕਿਉਂ ਕਰਦੇ ਹੋ ਬਈ, ਮੇਰੀ ਗੱਡੀ ਲੈ ਜਾਉ ਨਾ।


................


ਸਰ, ਤੁਹਾਡੀਆਂ ਦੋਨੋਂ ਗੱਡੀਆਂ ਮੁਰੰਮਤ ਵਾਸਤੇ ਗਈਆਂ ਹੋਈਆਂ ਨੇ ਜੀ।


............


ਤਾਂ ਜਨਰਲ ਮੈਨੇਜਰ ਦੀ ਗੱਡੀ ਲੈ ਜਾਉ


.............


ਉਨ੍ਹਾਂ ਦੀ ਗੱਡੀ ਪੂਨੇ ਗਈ ਹੋਈ ਐ ਜੀ, ਏਸੇ ਲਈ ਮੈਂ ਇਕ ਪ੍ਰਾਈਵੇਟ ਇੰਪਾਲਾ ਦਾ ਬੰਦੋਬਸਤ ਕਰ ਲਿਐ-ਸਿਰਫ਼ ਸੌ ਰੁਪਇਆ ਦੋ ਦਿਨਾਂ ਦਾ ਤੇ ਪੈਟਰੌਲ ਨਾਲ।


...................


ਸਿਰਫ਼ ਸੌ ਰੁਪਏ ਚ ਇੰਪਾਲਾ, ਦੋ ਦਿਨਾਂ ਲਈ ਤੇ ਉਹ ਵੀ ਸਣੇ ਪੈਟਰੌਲ, ਨਾਮੁਮਕਿਨ ਐ।ਸੇਠ ਜੀ ਨੇ ਮਾਣ ਨਾਲ ਕੈਲਾਸ਼ ਵਲ ਦੇਖਿਆ ਜਿਵੇਂ ਸ਼ਾਬਾਸ਼ ਦੇ ਰਹੇ ਹੋਣ।ਸੇਠ ਜੀ ਵਲ ਦੇਖ ਕੇ ਕੈਲਾਸ਼ ਦੀ ਛਾਤੀ ਫੁੱਲ ਗਈ ਤੇ ਸੇਠ ਜੀ ਨੇ ਇਸ ਮੱਦ ਤੇ ਵੀ ਟਿੱਕ ਮਾਰ ਦਿੱਤਾ ਤੇ ਕੈਲਾਸ਼ ਦੀਆਂ ਅੱਖਾਂ ਸਾਹਮਣੇ ਸੌ ਦਾ ਨੋਟ ਨੱਚਣ ਲੱਗਾ।


.............


ਚਾਲੀ ਰੁਪਏ ਫੁਟਕਲ ਖ਼ਰਚਿਆਂ ਲਈ, ਇਹ ਤਾਂ ਬਿਲਕੁਲ ਜਾਇਜ਼ ਐ।ਕਹਿ ਕੇ ਸੇਠ ਜੀ ਨੇ ਟਿੱਕ ਮਾਰਕ ਲਗਾ ਦਿੱਤਾ।ਕੈਲਾਸ਼ ਨੇ ਸੁਖ ਦਾ ਸਾਹ ਲਿਆ।ਸੇਠ ਜੀ ਨੇ ਸਿਰਫ਼ ਹੋਟਲ ਦੀ ਮੱਦ ਹੀ ਕੱਟੀ ਸੀ- ਚਲੋ ਠੀਕ ਐ।ਸੇਠ ਜੀ ਬਜਟ ਵਾਲੇ ਕਾਗ਼ਜ਼ ਤੇ ਦਸਤਖ਼ਤ ਕਰਨ ਹੀ ਲੱਗੇ ਸਨ ਕਿ ਉਨ੍ਹਾਂ ਨੂੰ ਕੋਈ ਗੱਲ ਚੇਤੇ ਆ ਗਈ।ਉਨ੍ਹਾਂ ਨੇ ਟੈਲੀਫ਼ੂਨ ਚੁੱਕਿਆ ਤੇ ਕਿਧਰੇ ਨੰਬਰ ਮਿਲਾਇਆ।ਟੈਲੀਫ਼ੂਨ ਤੇ ਗੱਲਬਾਤ ਕੁਝ ਇਸ ਢੰਗ ਨਾਲ ਹੋਈ ਕਿ ਕੈਲਾਸ਼ ਕੁਝ ਵੀ ਸਮਝ ਨਾ ਸਕਿਆ।ਗੱਲ ਮੁਕਾ ਕੇ ਸੇਠ ਜੀ ਨੇ ਟੈਲੀਫ਼ੂਨ ਰੱਖਿਆ ਤੇ ਖ਼ੁਸ਼ੀ ਨਾਲ ਹੱਥ ਰਗੜ ਕੇ ਬੋਲੇ, “ ਇਕ ਅੰਬੈਸੀ ਵਿਚ ਫੋਨ ਕੀਤੈ, ਉੱਥੇ ਆਪਣਾ ਇਕ ਜਾਣਕਾਰ ਕੰਮ ਕਰਦੈ, ਉੱਥੋਂ ਦੋ ਬੋਤਲਾਂ ਬਲੈਕ-ਡਾਗ ਦਾ ਬੰਦੋਬਸਤ ਹੋ ਗਿਐ।ਏਨਾ ਕਹਿ ਕੇ ਸੇਠ ਜੀ ਨੇ ਬਲੈਕ-ਡਾਗ ਦੀ ਮੱਦ ਦੇ ਚਾਰ ਸੌ ਰੁਪਇਆਂ ਤੇ ਕਾਟਾ ਫੇਰ ਦਿੱਤਾ।ਸੇਠ ਜੀ ਪੈਂਨਸਿਲ ਮੂੰਹ ਵਿਚ ਪਾ ਕੇ ਦਬਾਉਣ ਲੱਗੇ ਤੇ ਕੈਲਾਸ਼, ਸੇਠ ਜੀ ਦਾ ਗਲ਼ਾ ਦਬਾਉਣ ਬਾਰੇ ਸੋਚਣ ਲੱਗਾ।


------


ਸੇਠ ਜੀ ਨੇ ਕੁਝ ਦੇਰ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਫਿਰ ਇਕ ਦਮ ਖੋਲ੍ਹ ਲਈਆਂ।ਉਨ੍ਹਾਂ ਦੇ ਚਿਹਰੇ ਤੇ ਐਸੀ ਉੱਜਲ ਮੁਸਕਰਾਹਟ ਆਈ ਜਿਵੇਂ ਉਨ੍ਹਾਂ ਦੇ ਅੰਦਰ ਹਜ਼ਾਰ ਵਾਟ ਦਾ ਬਲਬ ਜਗ ਪਿਆ ਹੋਵੇ।ਬੜੇ ਪਿਆਰ ਨਾਲ ਕੈਲਾਸ਼ ਦੀ ਤਰਫ਼ ਦੇਖ ਕੇ ਬੋਲੇ, “ ਕੈਲਾਸ਼ ਬੇਟਾ, ਤੂੰ ਮਿਸਟਰ ਰਸਤੋਗੀ ਨੂੰ ਤਾਂ ਜਾਣਦੈਂ ਨਾ, ਆਪਣੇ ਪਬਲੀਸਿਟੀ ਡੀਪਾਰਟਮੈਂਟ ਵਿਚ ਕੰਮ ਕਰਦੈ?”


..............


ਜੀ ਹਾਂ


...............


ਅਜੇ ਹੁਣੇ ਹੁਣੇ ਹੀ ਉਸ ਦੀ ਸ਼ਾਦੀ ਹੋਈ ਐ।


.................


ਜੀ ਹਾਂ,ਮੈਨੂੰ ਪਤੈ ਜੀ


...........


ਤੈਨੂੰ ਪਤੈ, ਲੜਕੀ ਵਾਲਿਆਂ ਨੇ ਦਹੇਜ ਵਿਚ ਉਸ ਨੂੰ ਕੈਡਲਾਕ ਕਾਰ ਦਿੱਤੀ ਐ।


..............


ਜੀ ਹਾਂਕੈਲਾਸ਼ ਦਾ ਗਲ਼ਾ ਖ਼ੁਸ਼ਕ ਹੋਣ ਲੱਗਾ।


..................


ਮੇਰਾ ਨਾਮ ਲੈ ਕੇ ਉਸ ਤੋਂ ਦੋ ਦਿਨਾਂ ਲਈ ਉਹਦੀ ਕੈਡਲਾਕ ਗੱਡੀ ਮੰਗ ਲੈ,” ਸੇਠ ਜੀ ਖ਼ੁਸ਼ ਹੋ ਕੇ ਬੋਲੇ, ਫਿਰ ਪੈਂਸਿਲ ਨਾਲ ਸੇਠ ਜੀ ਨੇ ਟੈਕਸੀ ਦਾ ਸੌ ਰੁਪਇਆ ਵੀ ਕੱਟ ਦਿੱਤਾ।


------


ਹੁਣ ਸਿਰਫ਼ ਕਾਲ-ਗਰਲ ਦੇ ਹੀ ਪੰਜ ਸੌ ਰੁਪਏ ਰਹਿ ਗਏ ਸਨ ਜਾਂ ਫੁਟਕਲ ਖ਼ਰਚਿਆਂ ਦੇ ਚਾਲੀ ਰੁਪਏ।ਸੇਠ ਜੀ ਮੂੰਹ ਵਿਚ ਹੀ ਬੁੜਬੁੜਾਉਣ ਲੱਗੇ, “ ਕਾਲ-ਗਰਲ ਪੰਜ ਸੌ ਰੁਪਏ? ਕਾਲ-ਗਰਲ ਪੰਜ ਸੌ ਰੁਪਏ? ਕਿਸ ਤਰ੍ਹਾਂ ਦਾ ਜ਼ਮਾਨਾ ਆ ਗਿਐ ਬਈ।ਧਰਮ ਦਾ ਤਾਂ ਨਾਮ ਹੀ ਦੁਨੀਆਂ ਚੋਂ ਉੜ ਗਿਐ, ਜਿਸ ਨੂੰ ਵੀ ਦੇਖੋ ਜ਼ਰਾ ਜਿੰਨੇ ਕੰਮ ਲਈ ਕਾਲ-ਗਰਲ ਮੰਗਦੈ ਅੱਜ-ਕਲ! ਕਲਯੁਗ ਆ ਗਿਐ ਭਾਈ ਹੁਣ ਤਾਂ, ਘੋਰ ਕਲਯੁਗ।ਕਾਲ-ਗਰਲਕਾਲ-ਗਰਲਕੀ ਕਾਲ-ਗਰਲ ਪੰਜ ਸੌ ਤੋਂ ਘੱਟ ਨਹੀਂ ਮਿਲ ਸਕਦੀ, ਬੇਟਾ ਕੈਲਾਸ਼?”


..............


ਮਿਸਟਰ ਬ੍ਰਾਊਨ ਬਹੁਤ ਹੀ ਵਧੀਆ ਤੇ ਸੁੰਦਰ ਲੜਕੀ ਮੰਗਦੇ ਐ ਸੇਠ ਜੀ,” ਕੈਲਾਸ਼ ਨੇ ਬਹੁਤ ਹੀ ਸੁੰਦਰ’ ‘ਤੇ ਉਚੇਚਾ ਜ਼ੋਰ ਦਿੱਤਾ।


.............


ਸੇਠ ਜੀ ਨੇ ਕੁਝ ਪਲਾਂ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ-ਸੋਚ ਸੋਚ ਕੇ ਬੋਲੇ:ਬਈ ਕੈਲਾਸ਼, ਜੇ ਇਹ ਗੱਲ ਐ ਤਾਂ ਆਪਣੀ ਊਸ਼ਾ ਕਿਹਦੇ ਨਾਲੋਂ ਘੱਟ ਸੁੰਦਰ ਐ: ਬਾਹਰ ਜਾਣ ਦੀ ਕੀ ਲੋੜ ਐ?”


....................


ਏਨਾ ਕਹਿ ਕੇ ਸੇਠ ਜੀ ਨੇ ਛੇਤੀ ਨਾਲ ਕਾਲ-ਗਰਲ ਵਾਲੀ ਪੰਜ ਸੌ ਦੀ ਮੱਦ ਉੱਪਰ ਵੀ ਲਕੀਰ ਫੇਰ ਦਿਤੀ ਅਤੇ 1340 ਰੁਪਇਆਂ ਚੋਂ ਸਿਰਫ਼ 40 ਰੁਪਏ ਫੁਟਕਲ ਖ਼ਰਚਿਆਂ ਦੀ ਰਕਮ ਮਨਜ਼ੂਰ ਕਰ ਕੇ ਬਜਟ ਵਾਲਾ ਕਾਗਜ਼ ਕੈਲਾਸ਼ ਨੂੰ ਫੜਾ ਦਿੱਤਾ ਜਿਵੇਂ ਉਹ ਬਜਟ ਵਾਲਾ ਕਾਗ਼ਜ਼ ਨਾ ਹੋਵੇ, ਲੱਖਪਤੀ ਬਣਨ ਦਾ ਨੁਸਖ਼ਾ ਹੋਵੇ।


*****


ਸਮਾਪਤ