ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, April 30, 2010

ਬਲਜੀਤ ਬਾਸੀ - ਦਾਰਜੀ - ਵਿਅੰਗ

ਦਾਰਜੀ

ਵਿਅੰਗ

'ਸਿਰਦਾਰਜੀ' ਨਾਲੋਂ ਸਿਰ ਲਾਹ ਦੇਵੋ ਤਾਂ ਬਣ ਜਾਂਦਾ ਹੈ 'ਦਾਰਜੀ'ਅਜੇਹੇ ਕਈ ਸਿਰਲੱਥਾਂ ਦੀਆਂ ਸਰਦਾਰਨੀਆਂ ਆਪਣੇ ਪਤੀਆਂ ਨੂੰ ਦਾਰਜੀ ਕਹਿਕੇ ਬੁਲਾਉਂਦੀਆਂ ਹਨ ਤੇ ਨਾਲ ਹੀ ਸਾਰੇ ਘਰ ਦੇ ਜੀਆਂ, ਰਿਸ਼ਤੇਦਾਰਾਂ ਏਥੋਂ ਤੱਕ ਕਿ ਵਾਕਿਫ਼ਕਾਰਾਂ ਦੇ ਵੀ ਉਹ ਦਾਰਜੀ ਬਣ ਜਾਂਦੇ ਹਨਮੈਂ ਹੁਣ ਤੱਕ ਜਿੰਨੇ ਦਾਰਜੀ ਦੇਖੇ, ਸੁਣੇ, ਬੁਲਾਏ ਹਨ ਸਾਰੇ ਧੁੰਨ ਦੇ ਬੜੇ ਪੱਕੇ ਮਲੂਮ ਹੋਏ ਹਨਬਠਿੰਡੇ ਵਸਦੇ ਮੇਰੀ ਪਤਨੀ ਦੇ ਨਾਨਾ ਜੀ ਅਜਿਹੇ ਜਗਤ-ਦਾਰਜੀ ਸਨ ਜੋ ਵਸਤੂਜਗਤ ਨੂੰ ਹਮੇਸ਼ਾ ਖਿੱਚ ਕੇ ਰੱਖਦੇ ਸਨਦਾਰਜੀ ਨੇ ਇਕ ਵਾਰੀ ਆਪਣੇ ਦਿੱਲੀ ਤੋਂ ਆਏ ਪੋਤੇ ਨੂੰ ਬੱਸ ਸਟੈਂਡ ਤੇ ਚੜ੍ਹਾਉਣ ਜਾਣਾ ਸੀਉਨ੍ਹਾਂ ਨੂੰ ਪਤਾ ਸੀ, ਨਵੀਂ ਪੀੜੀ ਚੜ੍ਹਦਾ ਸੂਰਜ ਦੇਖਕੇ ਨਹੀਂ ਰਾਜ਼ੀਉਨ੍ਹਾਂ ਮੂੰਹ ਹਨੇਰੇ ਘੂਕ ਸੁੱਤੇ ਪਏ ਪੋਤੇ ਦੇ ਸਰੀਰ ਤੋਂ ਖੇਸ ਚੁੱਕ ਮਾਰਿਆਸੂਰਜ ਚੜ੍ਹਨ ਤੱਕ ਸੁੱਤੇ ਘਰ ਦੇ ਜੀਆਂ ਨਾਲ ਉਹ ਅਕਸਰ ਅਜਿਹਾ ਹੀ ਵਿਹਾਰ ਕਰਿਆ ਕਰਦੇ ਸਨਵਿਚਾਰਾ ਸੁੱਤ ਉਣੀਂਦਾ ਪੋਤਾ, ਮੂੰਹ ਹੱਥ ਧੋ, ਸਾਮਾਨ ਚੁੱਕ ਕੇ ਰਿਕਸ਼ੇ ਤੇ ਚੜ੍ਹ ਗਿਆ

-----

ਪਰ ਦਾਰਜੀ ਠਹਿਰੇ ਕੱਟੜ ਰਿਕਸ਼ਾ-ਵਿਰੋਧੀਕਿਤੇ ਜਾਣਾ ਹੋਵੇ, ਦਾਰਜੀ ਨੇ ਰਿਕਸ਼ੇ ਤੇ ਥੋੜ੍ਹੀ ਚੜ੍ਹਨਾ ਹੁੰਦਾ ਸੀਉਨ੍ਹਾਂ ਜ਼ਿੰਦਗੀ ਭਰ ਇਸ ਤਿਪਹੀਏ ਦੀ ਸਵਾਰੀ ਨਹੀਂ ਕੀਤੀਉਨ੍ਹਾਂ ਦੀ ਪੈਦਲ ਚਾਲ ਹੀ ਹਰ ਪ੍ਰਕਾਰ ਦੇ ਪਹੀਏ ਨੂੰ ਮਾਤ ਪਾਉਂਦੀ ਸੀਨੱਕ ਦੀ ਸੇਧੇ ਤੁਰੇ ਜਾਓ, ਮੰਜ਼ਿਲ ਮੂਹਰੇ ਖੜ੍ਹੀ ਹੁੰਦੀ ਹੈਰਿਕਸ਼ੇ ਨੇ ਵੀਹ ਮੋੜ ਘੇੜ ਕੱਟਣੇ ਹਨ, ਤੀਹਾਂ ਬੰਦਿਆਂ ਦੇ ਵਿੱਚ ਵੱਜਣਾ ਹੈ, ਪੰਜਾਹਾਂ ਦਾ ਨੋਟ ਖਿੱਚਣਾ ਹੈ- ਰਿਕਸ਼ਾ ਚੜ੍ਹਨ ਵਿੱਚ ਤਾਂ ਸੌ-ਸੌ ਘਾਟੇ ਹਨਨਾਲੇ ਬਠਿੰਡੇ ਦੀ ਆਵਾਜਾਈ ਵਿੱਚ ਇਕੱਲੇ ਮਨੁੱਖ-ਮਾਤਰ ਦੀ ਇਜਾਰੇਦਾਰੀ ਨਹੀਂ, ਏਥੇ ਊਠਾਂ ਦੀ ਚੜ੍ਹਤ ਹੈ, ਸੂਰਾਂ ਦਾ ਬੋਲਬਾਲਾ ਹੈ, ਮਾਰੂਤੀਆਂ ਤੇ ਘੜੂਕਿਆਂ ਦਾ ਧੂਮ ਧੜੱਕਾ ਹੈਇਹ ਤਾਂ ਕੁਝ ਵੀ ਨਹੀਂ, ਏਥੇ ਰਾਹਾਂ ਦੀ ਹੇਠਲੀ ਉਤੇ ਆਈ ਰਹਿੰਦੀ ਹੈ; ਸੜਕਾਂ ਨੂੰ ਖੋਦ ਖੋਦ ਕੇ, ਸੀਵਰੇਜ ਨੂੰ ਪੁੱਟ ਪੁੱਟ ਕੇ ਤੇ ਨਾਲਿਆਂ ਦਾ ਗੰਦ ਚੁੱਕ ਚੁੱਕ ਕੇ ਪਾਸਿਆਂ ਤੇ ਢੇਰ ਲਗਦੇ ਰਹਿੰਦੇ ਹਨ ਤਾਂ ਕਿ ਟਿੱਬਿਆਂ ਵਾਲੇ ਬਠਿੰਡੇ ਦੀ ਪੁਰਾਣੀ ਦਿੱਖ ਬਹਾਲ ਕੀਤੀ ਜਾ ਸਕੇਕਾਲੀਆਂ ਬੋਲੀਆਂ ਤੇ ਪੀਲੀਆਂ ਹਨੇਰੀਆਂ ਮੁੜ ਚੜ੍ਹਾਉਣ ਦੇ ਵੀ ਗੰਭੀਰ ਉਪਰਾਲੇ ਹੁੰਦੇ ਰਹਿੰਦੇ ਸਨਇਸ ਸ਼ਹਿਰ ਵਿੱਚ ਆਵਾਜਾਈ ਵਜੋਂ ਸੜਕ ਦਾ ਸੰਕਲਪ ਲੋਕਾਂ ਦੇ ਜ਼ਿਹਨ ਵਿੱਚ ਅਜੇ ਤੱਕ ਧੁੰਦਲ਼ਾ ਧੁੰਦਲ਼ਾ ਹੀ ਹੈਦਾਰਜੀ ਖ਼ੁਦ ਬਠਿੰਡੇ ਦੇ ਟਿੱਬੇ ਤੇ ਇਸਦੀਆਂ ਕਾਲ਼ੀਆਂ ਬੋਲ਼ੀਆਂ ਤੇ ਪੀਲ਼ੀਆਂ ਯਾਦ ਕਰਦੇ ਓਦਰੇ ਰਹਿੰਦੇ ਸਨ - ਉਨ੍ਹਾਂ ਨੂੰ ਅਜੇਹੇ ਭੂ-ਦ੍ਰਿਸ਼ ਤੋਂ ਇਕ ਮਾਨਸਿਕ ਸਕੂਨ ਮਿਲਦਾ ਸੀ

-----

ਪਰ ਉਹ ਔਖੇ ਸਨ ਤਾਂ ਇਸ ਗੱਲੋਂ ਕਿ ਆਈ ਬਰਸਾਤ ਉਨ੍ਹਾਂ ਦੇ ਘਰ ਪਾਣੀ ਹੀ ਪਾਣੀ ਹੋਣ ਲੱਗ ਪਿਆ ਸੀ, ਅਣਚਾਹਤ ਪਾਣੀਉਨ੍ਹਾਂ ਤਾਂ ਕਦੇ ਬਠਿੰਡੇ ਵਿੱਚ ਪਾਣੀ ਦੀ ਬੂੰਦ ਨਹੀਂ ਸੀ ਦੇਖੀ ਤੇ ਹੁਣ ਪਾਣੀ ਆਇਆ ਤਾਂ ਪਾਣੀ ਜਾਂਦਾ ਹੀ ਨਹੀਂ ਸੀਇਸ ਵਿੱਚ ਵੀ ਇਕ ਚੱਕਰ ਸੀਗੱਲ ਇਉਂ ਹੋਈ ਕਿ ਇਕ ਵਾਰੀ ਬਠਿੰਡੇ ਵਿੱਚ ਨਿਯੁਕਤ ਸਿਵਿਲ ਇੰਜਨੀਅਰਾਂ ਨੇ ਆਪਣਾ ਦਿਮਾਗ਼ ਨਾ ਵਰਤਦਿਆਂ ਹੋਇਆਂ ਭਰਤੀ ਪੁਆ ਪੁਆ ਕੇ ਸ਼ਹਿਰ ਦੀਆਂ ਗਲ਼ੀਆਂ ਗਜ਼ ਗਜ਼ ਉਚੀਆਂ ਚੁੱਕ ਦਿੱਤੀਆਂਮਕਸਦ ਸੀ ਮੀਂਹ ਦਾ ਪਾਣੀ ਆਬਾਦੀ ਵਿਚ ਨਾ ਆਵੇਪਰ ਇਸ ਭਰਤੀ ਨਾਲ ਗਲ਼ੀਆਂ ਨਾਲ ਲਗਦੇ ਘਰ ਨੀਵੇਂ ਹੋ ਗਏ ਤੇ ਬਰਸਾਤਾਂ ਦਾ ਸਾਰਾ ਪਾਣੀ ਗਲ਼ੀਆਂ ਚੋਂ ਘਰਾਂ ਚ ਆ ਗਿਆਹਾਹਾਕਾਰ ਮਚ ਗਈਸਿਵਿਲ ਇੰਜਨੀਅਰਾਂ ਨੂੰ ਪਾਣੀ ਦੇ ਨਿਯਮਾਂ ਵਿੱਚ ਕੁਝ ਕਾਲ਼ਾ ਕਾਲ਼ਾ ਦਿਖਾਈ ਦਿੱਤਾਨਿਯਮ ਹੈ ਕਿ ਪਾਣੀ ਉਚਾਣ ਤੋਂ ਨਿਵਾਣ ਵੱਲ ਵਹਿੰਦਾ ਹੈਇੰਜਨੀਅਰਾਂ ਨੂੰ ਸ਼ੱਕ ਪੈ ਗਈ ਕਿ ਬਠਿੰਡੇ ਵਿੱਚ ਸ਼ਾਇਦ ਇਹ ਨਿਯਮ ਉਲਟੇ ਦਾਅ ਲਾਗੂ ਹੁੰਦਾ ਹੈਹਾਕਮਾਂ ਨੂੰ ਯਕੀਨ ਦੁਆਇਆ ਗਿਆ ਕਿ ਜਦ ਸਲਾਮ ਹੇਠਾਂ ਤੋਂ ਉਪਰ ਵੱਲ ਨੂੰ ਵੱਜਦਾ ਹੈ ਤਾਂ ਪਾਣੀ ਵੀ ਨਿਵਾਣ ਤੋਂ ਉਚਾਣ ਵੱਲ ਵਗ ਸਕਦਾ ਹੈਇਸ ਤਰਾਂ ਉਨ੍ਹਾਂ ਨੂੰ ਇਸ ਨਿਯਮ ਦੀ ਸਚਾਈ ਪਰਖ ਕਰਨ ਦੀ ਇਜਾਜ਼ਤ ਮਿਲ ਗਈਉਦੋਂ ਤੋਂ ਉਹ ਮਿੱਟੀ ਪੁੱਟ ਪੁੱਟ ਕੇ ਏਧਰ ਉਧਰ ਕਰਦੇ ਧਰਾਤਲ ਦਾ ਪਾਸਕੂ ਠੀਕ ਕਰਦੇ ਰਹਿੰਦੇ ਹਨ ਤੇ ਘੋਖ ਕਰਦੇ ਰਹਿੰਦੇ ਹਨ ਕਿ ਕਿਹੜੇ ਕਾਰਨਾਂ ਕਰਕੇ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਜਾਂਦਾ ਹੈ ਤੇ ਕਿਹੜੇ ਕਾਰਨਾਂ ਕਰਕੇ ਸੜਕਾਂ ਤੇ ਸੁਕਪਕਾ ਰਹਿੰਦਾ ਹੈ

-----

ਦਾਰਜੀ ਨੇ ਪੈਦਲ ਚੱਲ ਕੇ ਵੀ ਤੇ ਸਭ ਸਲਾਮਾਂ ਵਸੂਲ ਕੇ ਵੀ ਰਿਕਸ਼ੇ ਤੋਂ ਪਹਿਲਾਂ ਅੱਡੇ ਤੇ ਪਹੁੰਚ ਜਾਣਾ ਸੀਉਨ੍ਹਾਂ ਖੰਘੂਰੇ ਮਾਰਦੇ ਹੋਏ ਚੱਲਣਾ ਹੁੰਦਾ ਸੀਦਾਰਜੀ ਦਾ ਖੰਘੂਰਾ ਸੁਣਕੇ ਸੱਤ ਘਰਾਂ ਦੀਆ ਵਹੁਟੀਆਂ ਕੁੜੀਆਂ ਅਨੁਸ਼ਾਸਨ ਵਿੱਚ ਆ ਜਾਂਦੀਆਂ ਸਨ- ਪਹਿਲੀਆਂ ਚ ਤਾਂ ਧਾਰ ਕੱਢਦੀ ਉਨ੍ਹਾਂ ਦੀ ਆਪਣੀ ਸਰਦਾਰਨੀ ਦੇ ਪੱਟਾਂ ਚੋਂ ਦੁੱਧ ਵਾਲੀ ਬਾਲਟੀ ਭੁੜਕ ਜਾਂਦੀ ਸੀਉਹ ਖ਼ੁਦ ਇਸਦੀ ਤਾਨ ਵਿੱਚ ਆਏ ਮਿੰਟਾਂ ਸਕਿੰਟਾਂ ਚ ਕਿਤੇ ਦੀ ਕਿਤੇ ਪਹੁੰਚ ਜਾਂਦੇ ਸਨਏਹੀ ਹੋਇਆਦਾਰਜੀ ਨੇ ਅੱਡੇ ਪਹੁੰਚ ਕੇ ਦਿੱਲੀ ਵਾਲੀ ਬੱਸ ਨੂੰ ਵੀ ਕਾਬੂ ਕਰ ਲਿਆ ਪਰ ਭੱਈਆ ਅਜੇ ਸ਼ਾਇਦ ਰਿਕਸ਼ੇ ਨੂੰ ਹੱਥਾਂ ਨਾਲ ਧੱਕ ਧੱਕ ਕੇ ਰਸਤੇ ਦੇ ਟੋਏ ਟਿੱਬੇ ਹੀ ਪਾਰ ਕਰਾ ਰਿਹਾ ਸੀਦਾਰਜੀ ਨੂੰ ਪਤਾ ਸੀ ਕਿ ਦਿੱਲੀ ਵਾਲੀ ਬੱਸ ਦਿੱਲੀ ਵਾਲੇ ਕਊਂਟਰ ਤੇ ਨਹੀਂ ਬਲਕਿ ਇੱਕਲਵਾਂਝੇ ਖਲੋਤੀ ਹੋਵੇਗੀ ਜਿੱਥੇ ਆਲੇ ਦੁਆਲੇ ਪਾਣੀ ਦੇ ਚਰਗਲ਼ਾਂ ਦੀ ਭਰਮਾਰ ਹੋਵੇਗੀਦਿੱਲੀ ਵਾਲੀ ਬੱਸ ਵੈਸੇ ਵੀ ਆਪਣੇ ਆਪ ਨੂੰ ਦਿੱਲੀ ਵਾਲੀ ਬੱਸ ਸਮਝਦੀ ਹੈ, ਇਹ ਕੋਈ ਬਾਜਾਖਾਨੇ ਜਾਣ ਵਾਲੀ ਬੱਸ ਥੋੜ੍ਹੀ ਹੈ ਜੋ ਆਪਣੇ ਬਜਦੇ ਹੋਏ ਬਾਜੇ ਲੁਕੋਣ ਲਈ ਹੋਰ ਬੱਸਾਂ ਦੇ ਝੁਰਮੁਟ ਚ ਲੁਕਦੀ ਫਿਰੇਸ਼ਹਿਰ ਦੇ ਪੁਰਾਣੇ ਵਾਸੀ ਹੋਣ ਦੇ ਬੜੇ ਲਾਭ ਹੁੰਦੇ ਹਨਅਸਮਾਨੀ ਨਛੱਤਰਾਂ ਤੋਂ ਇਲਾਵਾ ਤੁਹਾਨੂੰ ਸ਼ਹਿਰ ਦੀ ਹਰ ਗਤੀ ਦਾ ਗਿਆਨ ਹੁੰਦਾ ਹੈਨਾਲੇ ਦਾਰਜੀ ਬਠਿੰਡੇ ਦੇ ਪੁਰਾਣੇ ਵਾਸੀ ਹੀ ਨਹੀ, ਉਨ੍ਹਾਂ ਬਠਿੰਡੇ ਨੂੰ ਪਿੰਡ ਤੋਂ ਸ਼ਹਿਰ ਬਣਦਾ ਵੇਖਿਆ ਸੀਉਹ ਤਾਂ ਅੱਖਾਂ ਮੀਟਕੇ ਵੀ ਸਾਰਾ ਸ਼ਹਿਰ ਗਾਹ ਸਕਦੇ ਸਨ ਤੇ ਮੁਬਾਰਕ ਕਿਲੇ ਦੀ ਦੀਵਾਰ ਉਪਰ ਪਰਕਿਰਮਾ ਕਰ ਸਕਦੇ ਸਨ

-----

ਦੁਨੀਆ ਭਰ ਦੇ ਪੋਤੇ ਹਮੇਸ਼ਾ ਚੰਦ ਚੜ੍ਹਾਈ ਰੱਖਦੇ ਹਨ ਪਰ ਦਾਰਜੀ ਦੇ ਇਸ ਪੋਤੇ ਨੇ ਤਾਂ ਉਸ ਦਿਨ ਸੂਰਜ ਵੀ ਚੜ੍ਹਾ ਦਿੱਤਾਪਹੁ-ਫੁਟਾਲੇ ਦੀਆਂ ਸੀਤਲ ਕਿਰਨਾਂ ਦਾਰਜੀ ਦੀਆਂ ਅੱਖਾਂ ਵਿੱਚ ਸੂਲਾਂ ਬਣ ਬਣ ਠੁਕਣ ਲੱਗ ਪਈਆਂਉਨ੍ਹਾਂ ਨੂੰ ਰਹਿ ਰਹਿ ਕੇ ਗ਼ੇੱਸਾ ਆ ਰਿਹਾ ਸੀ, ਅਜੇ ਤੱਕ ਪੋਤੇ ਦਾ ਰਿਕਸ਼ਾ ਅੱਡੇ ਤੇ ਨਹੀਂ ਅੱਪੜਿਆਕਿਧਰੇ ਬੱਸ ਹੀ ਨਾ ਖੁੰਝ ਜਾਏਦਾਰਜੀ ਨੇ ਖ਼ੁਦ ਆਪਣੀ ਜ਼ਿੰਦਗੀ ਵਿੱਚ ਕਦੇ ਪਹਿਲੀ ਬੱਸ ਨਹੀਂ ਖੁੰਝਾਈਉਹ ਕਦੇ ਪਹਿਲੀ ਬੱਸ ਤੋਂ ਬਿਨਾ ਦੂਜੀ ਬੱਸ ਵਿੱਚ ਬੈਠੇ ਹੀ ਨਹੀਂਬੱਸ ਇਕ ਵਾਰੀ ਜ਼ਿੰਦਗੀ ਵਿੱਚ ਉਨ੍ਹਾਂ ਤੋਂ ਇਕ ਗ਼ਲਤੀ ਜ਼ਰੂਰ ਹੋ ਗਈਕਿਤੇ ਜਾਣ ਲਈ ਉਹ ਜਦ ਸਵੇਰੇ ਸਵੇਰੇ ਅੱਡੇ ਤੇ ਪਹੁੰਚੇ ਤਾਂ ਪਹਿਲੀ ਬੱਸ ਨਿਕਲ ਚੁੱਕੀ ਸੀ, ਦਾਰਜੀ ਉਨੀ ਪੈਰੀਂ ਮੁੜ ਆਏਉਹ ਮੁਕਾਣ ਅਗਲੇ ਦਿਨ ਦੇ ਆਉਣਗੇ ਪਰ ਸਫ਼ਰ ਪਹਿਲੀ ਬੱਸ ਦਾ ਹੀ ਕਰਨਾ ਹੈਦਾਰਜੀ ਦਾ ਵੱਸ ਚੱਲਦਾ ਜਾਂ ਘੱਟੋ ਘੱਟ ਬੱਸ ਚੱਲਦੀ ਤਾਂ ਉਨ੍ਹਾਂ ਦੂਜੀਆਂ ਤੀਜੀਆਂ ਬੱਸਾਂ ਹੀ ਚਲਾਉਣੀਆਂ ਬੰਦ ਕਰ ਦੇਣੀਆਂ ਸਨ

-----

ਪੋਤਾ ਅਜੇ ਤੱਕ ਨਹੀਂ ਆਇਆਦਾਰਜੀ ਤੰਤ ਮੰਤ ਹੋ ਗਏਪਰ ਉਹ ਕਦੇ ਪੋਤਿਆਂ ਨੂੰ ਬੁਰਾ ਭਲਾ ਨਹੀਂ ਸੀ ਕਹਿੰਦੇਬੇਚੈਨੀ ਵਿੱਚ ਉਨ੍ਹਾਂ ਏਧਰ ਉਧਰ ਕਵਾਇਦ ਕਰਨੀ ਸ਼ੁਰੂ ਕਰ ਦਿੱਤੀਬਠਿੰਡੇ ਦੇ ਪਿੰਡ ਤੋਂ ਸ਼ਹਿਰ ਬਣਨ ਪਿਛੋਂ ਡੱਡੂ-ਰੰਗੇ ਹੋ ਚੁਕੇ ਲੋਕਾਂ ਦੀ ਹੋਣੀ ਤੇ ਕੁੜ੍ਹਨਾ ਸ਼ੁਰੂ ਕਰ ਦਿੱਤਾ; ਲੋਕਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਬਾਰੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਸ਼ਹਿਰ ਤੇ ਧਾਵਾ ਕਰ ਚੁੱਕੇ ਵਾਹਣਾਂ ਦੇ ਪਰਦੂਸ਼ਨ ਤੇ ਥਰਮਲ ਪਲਾਂਟਾਂ ਦੀ ਸਿਰ ਚ ਪੈਂਦੀ ਸੁਆਹ ਨੂੰ ਕੋਸਣ ਲੱਗ ਪਏਉਹ ਧਰਤੀ ਚ ਜ਼ੋਰ ਜ਼ੋਰ ਦੀ ਪੈਰ ਮਾਰਨ ਲੱਗੇ, ਤੇ ਹੱਥਾਂ ਨੂੰ 'ਹੈ ਨਹੀਂ, ਹੈ ਨਹੀਂ' ਦੀ ਮੁਦਰਾ ਚ ਛਣਕਾਉਣ ਲੱਗੇਪਰ ਐਨ ਇਸੇ ਵੇਲੇ ਪੋਤੇ ਦਾ ਰਿਕਸ਼ਾ ਉਨ੍ਹਾਂ ਦੇ ਅੱਗੇ ਆ ਪਹੁੰਚਾਇਕ ਦਮ ਸਥਿਰ ਹੋ ਗਏ ਦਾਰਜੀ, ਅੱਖਾਂ ਲਟ ਲਟ ਬਲ ਗਈਆਂਉਨ੍ਹਾਂ ਰਿਕਸ਼ੇ ਦੇ ਸਿੰਗਾਂ ਨੂੰ ਮੂਹਰਿਓਂ ਹੀ ਫੜ ਲਿਆਮੁੰਡੇ ਨੇ ਉਤਰਦਿਆਂ ਹੀ ਫਟਾਫਟ ਰਿਕਸ਼ੇ ਵਾਲੇ ਦਾ ਭੁਗਤਾਨ ਕੀਤਾ, ਉਸਨੂੰ ਪਤਾ ਸੀ ਦਾਰਜੀ ਵਿੱਚ ਆ ਗਏ ਤਾਂ ਅਸੂਲੀ ਲੜਾਈ ਸ਼ੁਰੂ ਹੋ ਜਾਣੀ ਸੀਦਾਰਜੀ ਨੇ ਅਟੈਚੀ ਚੁੱਕਿਆ ਤੇ ਬੈਗ ਮੁੰਡੇ ਦੇ ਹੱਥ ਫੜਾਇਆਪਰਿਵਹਨ ਨਿਯਮਾਂ ਅਨੁਸਾਰ ਅਟੈਚੀ ਬੱਸ ਦੀ ਛੱਤ ਤੇ ਰੱਖਣਾ ਅਨਿਵਾਰੀ ਸੀਮੁੰਡੇ ਖੁੰਡੇ ਬੱਸ ਦੀ ਛੱਤ ਤੇ ਚੜ੍ਹਨਾ ਸ਼ਾਨ ਦੇ ਖਿਲਾਫ ਸਮਝਦੇ ਹਨ ਤੇ ਪੁਰਾਣੇ ਖੁੰਢ ਦਾਰਜੀ ਕੁਲੀ ਤੋਂ ਸਮਾਨ ਚੜ੍ਹਾਉਣਾ ਨੇਕ ਕਮਾਈ ਨੂੰ ਰੋੜ੍ਹ ਦੇਣਾ ਖ਼ਿਆਲਦੇ ਸਨਦਾਰਜੀ ਦੇ ਸਾਹਮਣੇ ਤਾਂ ਵੈਸੇ ਵੀ ਕੋਈ ਕੁਲੀ ਖੜ੍ਹਾ ਨਹੀਂ ਹੋ ਸਕਦਾਦਾਰਜੀ ਦੇ ਸਾਹਮਣੇ ਤਾਂ ਕਦੇ ਕੋਈ ਮੰਗਤਾ ਨਹੀਂ ਖੜਿਆਇੱਕ ਵਾਰੀ ਪੱਟੀਆਂ ਬੰਨ੍ਹੀ ਇਕ ਢੋਂਗੀ ਮੰਗਤਾ ਆਪਣੇ ਅਪਾਹਜਪੁਣੇ ਤੇ ਤਰਸ ਦੀ ਭਾਵਨਾ ਜਗਾਉਂਦਾ ਗਲੀ ਵਿੱਚ ਆ ਗਿਆਦਾਰਜੀ ਨੇ ਉਸਦੀਆਂ ਪੱਟੀਆਂ ਖੋਲ੍ਹ ਕੇ ਸ਼ਰੇਆਮ ਉਸਦੇ ਸਾਬਤ ਅੰਗਾਂ ਦਾ ਪਰਦਾ ਫਾਸ਼ ਕਰ ਦਿੱਤਾ ਤੇ ਉਸਦਾ ਉਹ ਤਵੰਜ ਉਡਾਇਆ ਕਿ ਮੰਗਤਾ ਬਠਿੰਡੇ ਦੀ ਜੂਹ ਹੀ ਛੱਡ ਗਿਆ

-----

ਦਾਰਜੀ ਅਟੈਚੀਕੇਸ ਸਿਰ ਤੇ ਰੱਖਕੇ ਬੱਸ ਦੀ ਛੱਤ ਤੇ ਚੜਨ੍ਹ ਲੱਗੇ ਤਾਂ ਪੋਤੇ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕਣ ਲੱਗੀਸਾਰੇ ਬਠਿੰਡੇ ਦੇ ਚੜ੍ਹ ਚੜ੍ਹਾਉਂਦੇ ਲੋਕ ਬੱਸ ਅੱਡੇ ਤੇ ਸਨ ਤੇ ਉਸਦੇ ਦਾਰਜੀ ਸਿਰ ਤੇ ਅਟੈਚੀ ਰੱਖੀ ਜਲੂਸ ਕੱਢਣ ਲੱਗੇ ਹੋਏ ਸਨਉਹ ਆਪਣਾ ਸਿਰ ਲੁਕਾਉਂਦਾ ਨੱਸਾਉਸਨੇ ਪਹਿਲਾਂ ਅਖ਼ਬਾਰ ਖਰੀਦੀ ਤੇ ਫਿਰ ਕੰਧ ਨਾਲ ਲੱਗਕੇ ਪਿਸ਼ਾਬ ਕਰਨ ਲੱਗ ਪਿਆਸਭ ਕੰਮ ਨਿਪਟਾਕੇ ਉਸਨੇ ਚੋਰ ਅੱਖ ਨਾਲ ਦੇਖਿਆ, ਦਾਰਜੀ ਅਜੇ ਵੀ ਬੱਸ ਦੀ ਛੱਤ ਤੇ ਹੀ ਸਨਹਾਰਕੇ ਉਹ ਮੀਣੇ ਵੱਛੇ ਵਾਂਗ ਨੀਵਾਂ ਹੁੰਦਾ ਹੁੰਦਾ ਬੱਸ ਦੇ ਅੰਦਰ ਵੜਕੇ ਅਖ਼ਬਾਰ ਪੜ੍ਹਨ ਲੱਗ ਪਿਆਦਾਰਜੀ ਅਟੈਚੀਕੇਸ ਰੱਖਣ ਲਈ ਢੁਕਦੀ ਜਗ੍ਹਾ ਲੱਭਣ ਦੇ ਆਹਰ ਵਿੱਚ ਕਿੰਨਾ ਚਿਰ ਜੋੜ ਤੋੜ ਲਾਉਂਦੇ ਰਹੇਉਨ੍ਹਾਂ ਨੂੰ ਇਸ ਗੱਲ ਦੀ ਖੜਕ ਸੀ ਕਿ ਜੇ ਅਟੈਚੀ ਮੂਹਰੇ ਜਿਹੇ ਰੱਖਿਆ ਤਾਂ ਰਾਹ ਚੋਂ ਉਤਰਦੀ ਕੋਈ ਸਵਾਰੀ ਖਿਸਕਾਕੇ ਤੁਰਦੀ ਬਣੇਗੀ 'ਮੇਰੇ ਸਾਲੇ ਅੱਜ ਦੇ ਜੁਆਕ, ਕਿਤੇ ਬੱਸ ਚੋਂ ਉਤਰਕੇ ਥੋੜ੍ਹੋ ਦੇਖਦੇ ਨੇ' ਦਾਰਜੀ ਠੀਕ ਸੋਚ ਰਹੇ ਸਨਅਖੀਰ ਉਨ੍ਹਾਂ ਬੱਸ ਦੇ ਅੱਗੇ ਜਿਹੇ ਸਪੇਅਰ ਟਾਇਰ ਵਾਲੀ ਸਭ ਤੋਂ ਸੁਰੱਖਿਅਤ ਥਾਂ ਤੇ ਅਟੈਚੀ ਕੇਸ ਟਿਕਾਉਣ ਦਾ ਵਿਚਾਰ ਬਣਾਇਆਪਰ ਦਾਰਜੀ ਦੂਰਦਰਸ਼ੀ ਸਨ, ਉਨ੍ਹਾਂ ਦਾ ਅਨੁਭਵ ਤੇ ਸੂਝ ਵਿਸ਼ਾਲ ਸੀਉਨ੍ਹਾਂ ਨੂੰ ਪਤਾ ਸੀ ਮੌਸਮ ਬੇਯਕੀਨਾ ਹੁੰਦਾ ਹੈਨਾਲੇ ਚਲਦੀ ਬੱਸ ਤਾਂ ਉਂਝ ਵੀ ਤੇਜ਼ ਹਵਾ ਨੂੰ ਨਾਲ ਲਈ ਫਿਰਦੀ ਹੈਨੇ ਜਾਣੀਏ, ਰਾਹ ਚ ਕਿਤੇ ਇਹ ਹਲਕਾ ਜਿਹਾ ਅਟੈਚੀ ਹਵਾ ਹੀ ਉਡਾ ਲਿਜਾਵੇਦਾਰਜੀ ਤਾਂ ਹਰ ਚੀਜ਼ ਕੱਸਣ ਦੇ ਮਾਹਰ ਸਨ, ਸਾਰੇ ਘਰ ਬਾਹਰ ਦੇ ਮੰਜੇ ਤੇ ਬੰਦੇ ਉਨ੍ਹਾਂ ਕੱਸ ਕੇ ਰੱਖੇ ਹੋਏ ਸਨਉਹ ਕਦੇ ਕਿਸੇ ਢਿੱਲ ਨੂੰ ਬਰਦਾਸ਼ਤ ਨਹੀਂ ਸੀ ਕਰਦੇਢਿਲਾ ਮੰਜਾ ਦੇਖਿਆ ਨਹੀਂ, ਇਸ ਨੂੰ ਵਿਹੜੇ ਚ ਢਾਹ ਲੈਂਦੇ ਸਨਫਿਰ ਇਸਦੀ ਦੌਣ ਕੱਸ ਕੱਸ ਕੇ ਮੰਜੇ ਦੀਆ ਚੂਲ਼ਾਂ ਹਿਲਾ ਦਿੰਦੇ ਸਨਗੱਲ ਬਹੁਤੀ ਵਿਗੜੀ ਹੋਵੇ ਤਾਂ ਉਹ ਮੰਜਾ ਉਧੇੜਕੇ, ਨਵਾਂ ਜੀਅ ਪਾਕੇ ਨਵੇਂ ਸਿਰਿਉਂ ਬੁਣਨ ਲੱਗ ਪੈਂਦੇ ਸਨ, ਲੋੜ ਪੈਣ ਤੇ ਹੋਰ ਵਾਣ ਖ਼ਰੀਦ ਲਿਆਉਂਦੇ ਸਨਪਰ ਇਸ ਰੁਝੇਵੇਂ ਦੌਰਾਨ ਉਹ ਕਿਸੇ ਹੋਰ ਨੂੰ ਨੇੜੇ ਨਹੀਂ ਸਨ ਫੜਕਣ ਦੇਂਦੇਢਿੱਲਾ ਮੰਜਾ ਤੇ ਢਿੱਲਾ ਬੰਦਾ ਤਾਂ ਉਨ੍ਹਾਂ ਨੂੰ ਚਾਰ ਘਰ ਪਰੇ ਵੀ ਦਿਸ ਪੈਂਦਾ ਸੀ

------

ਦਾਰਜੀ ਨੇ ਏਧਰ ਉਧਰ ਦੇਖਿਆਅੱਡੇ ਦੀਆਂ ਹੱਟੀਆਂ ਤੋਂ ਤਾਂ ਰੱਸੀਆਂ ਨਹੀਂ ਮਿਲ ਸਕਦੀਆਂ, ਮਿਲ ਵੀ ਜਾਂਦੀਆਂ, ਦਾਰਜੀ ਅਜੇਹੇ ਕੰਮਾਂ ਲਈ ਰੁਪਿਆਂ ਦਾ ਨਬੇੜਾ ਨਹੀਂ ਸਨ ਕਰਦੇਦਾਰਜੀ ਚਾਹੁੰਦੇ ਤਾਂ ਡਰਾਈਵਰ ਬੱਸ ਨੂੰ ਉਨ੍ਹਾਂ ਦੇ ਘਰ ਦੇ ਕੋਲ ਦੀ ਲਿਜਾ ਸਕਦਾ ਸੀ ਪਰ ਬਠਿੰਡੇ ਦੀਆਂ ਗਲ਼ੀਆਂ ਰੁਕਾਵਟ ਸਨਕਿਧਰੇ ਤਾਂ ਏਨੀਆਂ ਚੌੜੀਆਂ ਕਿ ਭਾਵੇਂ ਬੋਇੰਗ ਜਹਾਜ਼ ਲੰਘਾ ਲਵੋ ਤੇ ਕਿਧਰੇ ਏਨੀਆਂ ਭੀੜੀਆਂ ਕਿ ਭੋਰਾ ਜੁਆਕ ਗਡੀਰਾ ਵੀ ਨਹੀਂ ਲੰਘਾ ਸਕਦਾਪਰ ਦਾਰਜੀ ਨੂੰ ਦਾਰਜੀ ਫਿਰ ਕੌਣ ਆਖਦਾ ਜੇ ਉਹ ਖੜੇ ਪੈਰ ਏਨੇ ਗੰਭੀਰ ਮਸਲੇ ਦਾ ਹੱਲ ਨਾ ਲੱਭਦੇਉਨ੍ਹਾਂ ਏਧਰ ਉਧਰ ਮੌਕਾ ਦੇਖਿਆ, ਹੱਲ ਉਨ੍ਹਾਂ ਦੇ ਨੇਫੇ ਚ ਸੀਉਨ੍ਹਾਂ ਝਬਦੇ ਆਪਣਾ ਪਾਜਾਮਾ ਖੋਲ੍ਹਿਆ ਤੇ ਮਦਾਰੀ ਦੇ ਖੁੱਡ ਚੋਂ ਸੱਪ ਕੱਢਣ ਵਾਂਗ ਇਸਦੇ ਨੇਫੇ ਚੋਂ ਨਾਲ਼ਾ ਕੱਢ ਲਿਆਦਾਰਜੀ ਦੇ ਪਾਜਾਮੇ ਦਾ ਨਾਲਾ ਕੋਈ ਹਮਾਤੜ ਦੇ ਪਾਜਾਮੇ ਦਾ ਨਾਲ਼ਾ ਥੋੜ੍ਹੀ ਸੀਊਠ ਦੀ ਲਗਾਮ ਜਿੱਡਾ ਸੀ, ਭਾਵੇਂ ਬੱਸ ਦੇ ਸਾਰੇ ਨੱਗਾਂ ਨੂੰ ਇਸ ਨਾਲ ਬੰਨ੍ਹ ਲਵੋਉਨ੍ਹਾਂ ਪਾਜਾਮਾ ਝਾੜਕੇ ਬੱਲਾਰੱਤੇ ਮੋਢੇ ਤੇ ਸੁੱਟਿਆ ਤੇ ਅਟੈਚੀ ਕੇਸ ਨੂੜਨ ਦੀ ਵਿਉਂਤ ਲਾਉਣ ਲੱਗੇਉਨ੍ਹਾਂ ਬੱਸ ਦੀ ਛੱਤ ਤੇ ਅਟੈਚੀ ਦੀ ਹਰ ਸੰਭਵ ਵਿਰਲ, ਗਲੀ ਤੇ ਟੇਕ ਵਿੱਚ ਦੀ ਨਾਲੇ ਨੂੰ ਲੰਘਾਇਆ ਤੇ ਅਟੈਚੀ ਨੂੰ ਇਸ ਤਰਾਂ ਜਕੜ ਦਿੱਤਾ ਕਿ ਹੁਣ ਭਾਵੇਂ ਕਿੰਨੀ ਕਾਲ਼ੀ ਬੋਲ਼ੀ ਤੇ ਪੀਲ਼ੀ ਹਨੇਰੀ ਬੱਸ ਦੇ ਉਪਰ ਦੀ ਲੰਘ ਜਾਵੇ, ਬੱਸ ਉਡ ਜਾਵੇਗੀ ਪਰ ਅਟੈਚੀ ਟੱਸ ਤੋਂ ਮੱਸ ਨਹੀਂ ਹੋਵੇਗਾ

-----

ਸਾਰਾ ਕੰਮ ਨਿਬੇੜਕੇ ਤੇ ਤਸੱਲੀ ਵਜੋਂ ਵੱਡਾ ਸਾਰਾ ਖੰਘੂਰਾ ਮਾਰਕੇ ਦਾਰਜੀ ਬੱਸ ਤੋਂ ਹੇਠਾਂ ਲਹਿ ਗਏ ਤੇ ਇਸ ਦੇ ਅੰਦਰ ਵੜ ਗਏਮੁੰਡੇ ਨੂੰ ਸਮਝਾਉਣਾ ਸੀ, ਬੱਸ ਵਿੱਚ ਸਾਮਾਨ ਕਿਵੇਂ ਸੰਭਾਲੀਦਾ ਹੈਬੱਸ ਦੀਆਂ ਸਵਾਰੀਆਂ ਨੇ ਗੋਡਿਆਂ ਤੱਕ ਨੰਗੇ ਤੇ ਮੋਢੇ ਪਾਜਾਮਾ ਰੱਖੀ ਵਧੇ ਆ ਰਹੇ ਦਾਰਜੀ ਨੂੰ ਦੇਖਿਆਦਾਰਜੀ ਨੂੰ ਕੌਣ ਕੁਝ ਕਹਿ ਸਕਦਾ ਸੀ, ਅਧੀਆਂ ਸਵਾਰੀਆਂ ਤਾਂ ਉਨ੍ਹਾਂ ਨੂੰ ਜਾਣਦੀਆਂ ਸਨਉਨ੍ਹਾਂ ਸ਼ਰਧਾ ਤੇ ਸ਼ਰਮ ਦੇ ਮਿਲੇ ਜੁਲੇ ਭਾਵਾਂ ਨਾਲ ਅੱਖਾਂ ਨੀਵੀਆਂ ਪਾ ਲਈਆਂਪਰ ਸਭਿਅਤਾ ਦੀ ਇਸ ਮੁਢਲੀ ਅਵਸਥਾ ਵਿੱਚ ਦਾਰਜੀ ਨੂੰ ਦੇਖਕੇ ਮੁੰਡੇ ਦੇ ਹੋਸ਼ ਉੱਡ ਗਏਪਾਣੀਉਂ ਪਾਣੀ ਹੋਇਆ, ਸੋਚਣ ਲੱਗਾ ਪਾਣੀ ਬਣਿਆ ਉਹ ਕਿਧਰੇ ਬੱਸ ਦੀ ਫ਼ਰਸ਼ ਵਿਚ ਹੀ ਵਹਿ ਜਾਵੇਇਨ੍ਹਾਂ ਸਵਾਰੀਆਂ ਦੇ ਸੰਗ ਵਿੱਚ ਇਹ ਨਮੋਸ਼ੀ ਹੁਣ ਦੂਰ ਦਿੱਲੀ ਤੱਕ ਉਸਦੇ ਨਾਲ ਚੁੰਬੜੀ ਰਹਿਣੀ ਸੀਉਹ ਕੰਬ ਉਠਿਆਉਸਨੇ ਇਸ਼ਾਰਿਆਂ ਨਾਲ ਬਥੇਰਾ ਕਿਹਾ ਕਿ ਦਾਰਜੀ ਹੁਣ ਜਾਓ; ਦਿੱਲੀ ਤੱਕ ਮੈਂ ਆਪਣਾ ਆਪ ਤੇ ਆਪਣਾ ਸਾਮਾਨ ਸੰਭਾਲ ਲਵਾਂਗਾ; ਪਰ ਦਾਰਜੀ ਨੂੰ ਪਤਾ ਸੀ ਅਜੋਕੀ ਪੀੜ੍ਹੀ ਕਿੰਨੀ ਅਲਗਰਜ਼ ਹੈਉਨ੍ਹਾਂ ਪਾਜਾਮੇ ਨਾਲ ਨੱਕ ਪੂੰਝਿਆ ਤੇ ਪੋਤੇ ਨੂੰ ਮੁਖਾਤਿਬ ਹੋਏ," ਕਾਕਾ ਹੁਣ ਨਹੀਂ ਜਾਂਦਾ ਤੇਰਾ ਟੈਚੀ ਕਿਤੇਰਾਹ ਚ ਦੇਖਦਾ ਜਾਈਂ।" ਪਰ ਖਿੜਕੀ ਤੋਂ ਬਾਹਰ ਮੂੰਹ ਕਰੀ ਮੁੰਡਾ ਦਾਰਜੀ ਨੂੰ ਅਣਡਿੱਠ ਕਰ ਰਿਹਾ ਸੀ, ਬੁੜ੍ਹਾ ਹੁਣ ਦਫ਼ਾ ਹੋਵੇ ਪਰਾਂਹਪਰ ਦਾਰਜੀ ਦੀ ਅਜੇ ਵੀ ਇਕ ਹੋਰ ਕਾਰਵਾਈ ਬਾਕੀ ਰਹਿੰਦੀ ਸੀਉਨ੍ਹਾਂ ਜੇਬ ਵਿਚੋਂ ਦਸਾਂ ਦਾ ਨੋਟ ਕੱਢ ਲਿਆਜਿਨਾਂ ਦਿਨਾਂ ਵਿੱਚ ਲੋਕ ਪਿਆਰ ਵਜੋਂ ਇਕ ਰੁਪਿਆ ਦਿਆ ਕਰਦੇ ਸਨ, ਦਾਰਜੀ ਦਸ ਰੁਪਏ ਦਿੰਦੇ ਸਨ ਤੇ ਹੁਣ ਜਦੋਂ ਸੌ ਰੁਪਏ ਦੇਣ ਦਾ ਰਿਵਾਜ ਚੱਲ ਪਿਆ ਤਾਂ ਵੀ ਦਾਰਜੀ ਜੇਬ ਚੋਂ ਦਸ ਰੁਪਏ ਹੀ ਢਿੱਲੇ ਕਰਦੇ ਸਨਮੋਢੇ ਤੇ ਪਾਜਾਮਾ ਤੇ ਹੱਥ ਵਿੱਚ ਦਸ ਦਾ ਨੋਟ ਫੜੀ ਦਾਰਜੀ ਪੋਤੇ ਨੂੰ ਜਮਦੂਤ ਦਿਖਾਈ ਦੇ ਰਹੇ ਸਨਪੋਤੇ ਨੇ ਉਨ੍ਹਾਂ ਦੇ ਹੱਥ ਚੋਂ ਦਵਾਸ਼ੱਟ ਨੋਟ ਖਿਚ ਲਿਆ ਤੇ ਬੱਸ ਤੋਂ ਉਤਰ ਆਇਆਉਹ ਦੂਜੀ ਬੱਸ ਫੜਨ ਬਾਰੇ ਵੀ ਸੋਚਣ ਲੱਗਾ ਸੀ ਕਿ ਕੰਡਕਟਰ ਨੇ ਸੀਟੀ ਵਜਾ ਦਿੱਤੀਦਾਰਜੀ ਬੱਸ ਤੋਂ ਬਾਹਰ ਹੋ ਗਏ

-----

ਦਾਰਜੀ ਵਾਪਸੀ ਤੇ ਮੋਢੇ ਤੇ ਪਾਜਾਮਾ ਰੱਖੀ ਘਰ ਆ ਰਹੇ ਸਨ ਪਰ ਮਜਾਲ ਹੈ ਦੁਕਾਨਦਾਰ, ਗਲ਼ੀ ਮਹੱਲਿਆਂ ਦੇ ਲੋਕ, ਗੁਆਂਢੀ ਉਨ੍ਹ੍ਹਾਂ ਦੀ ਅੱਖ ਨਾਲ ਅੱਖ ਮਿਲਾ ਸਕਣਕਈ ਤਾਂ ਡਰਦੇ ਮਾਰੇ ਸਬਾਤਾਂ ਚ ਹੀ ਵੜ ਜਾਂਦੇ ਸਨਘਰ ਪਹੁੰਚਣ ਤੇ ਨਾਨੀ ਜੀ ਨੇ ਦਾਰਜੀ ਦੀ ਸਾਰੀ ਵਿਥਿਆ ਸੁਣੀ ਤਾਂ ਬੋਲੀ, "ਜੇ ਦੋ ਟੈਚੀ ਹੁੰਦੇ ਤਾਂ ਤੁਸੀਂ ਆਪਣੇ ਕਛਿਹਰੇ ਦਾ ਨਾਲ਼ਾ ਵੀ ਖੋਲ੍ਹ ਲੈਣਾ ਸੀਉਸਦਾ ਨਾਲ਼ਾ ਤਾਂ ਪਾਜਾਮੇ ਨਾਲੋਂ ਵੀ ਲੰਮਾ ਹੈ।" ਦਾਰਜੀ ਤੋਂ ਠੁਸਕ ਜਿਹਾ ਖੰਘੂਰਾ ਹੀ ਸਰਿਆ ਤੇ ਉਹ ਪਰੇ ਨੂੰ ਚਲੇ ਗਏਉਹ ਆਪਣੀ ਸਰਦਾਰਨੀ ਤੋਂ ਹੀ ਸੂਤ ਰਹਿੰਦੇ ਸਨ

*****

Wednesday, April 28, 2010

ਸ਼ਾਮ ਸਿੰਘ (ਅੰਗ ਸੰਗ ) - ਸਿਆਸਤਦਾਨਾਂ ਦੇ ਪਿਛ-ਲੱਗ ਕਿਉਂ ਬਣਦੇ ਬੁੱਧੀਜੀਵੀ - ਲੇਖ

ਸਿਆਸਤਦਾਨਾਂ ਦੇ ਪਿਛ-ਲੱਗ ਕਿਉਂ ਬਣਦੇ ਬੁੱਧੀਜੀਵੀ

ਲੇਖ

ਬੁੱਧੀਜੀਵੀ ਸ਼ਬਦ ਐਵੇਂ ਕਿਵੇਂ ਨਹੀਂਇਸ ਸ਼ਬਦ ਦੇ ਅਰਥਾਂ ਵਿਚ ਏਨਾ ਕੁਝ ਹੈ ਜਿਸ ਨੂੰ ਮਨੁੱਖੀ ਹਸਤੀ ਵਿਚ ਸਮੋਈ ਰੱਖਣਾ ਆਸਾਨ ਨਹੀਂਅਰਥਾਂ ਦੀ ਛਤਰੀ ਹੇਠ ਜੋ ਲੋਕ-ਹਿਤ ਨਹੀਂ ਆਉਂਦੇ ਤਾਂ ਫਿਰ ਕਾਹਦਾ ਕੋਈ ਬੁੱਧੀਜੀਵੀ? ਉਹ ਸ਼ਖ਼ਸ ਜਿਹੜਾ ਬੁੱਧੀ ਸਿਰ ਜਿਉਂਦਾ ਹੈ, ਇਸ ਨੂੰ ਜੀਵੰਤ ਰੱਖਦਾ ਹੈ ਅਤੇ ਜਾਗਦੇ ਪਲਾਂ ਨੂੰ ਹੱਥੋਂ ਨਹੀਂ ਕਿਰਨ ਦਿੰਦਾ ਉਸ ਦੇ ਜਾਗਦੇ ਠੋਸ ਵਿਚਾਰਾਂ ਵਿਚ ਤਾਂ ਏਨੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਲੋਕ ਆਪ ਹੀ ਉਸ ਮਗਰ ਤੁਰਨ

-----

ਜੇ ਅਜਿਹਾ ਨਹੀਂ ਹੁੰਦਾ ਤਾਂ ਬੁੱਧੀਜੀਵੀ ਸ਼ਬਦ ਦੀ ਵਰਤੋਂ ਕਰਨ ਵਾਲਾ ਇਸ ਸ਼ਬਦ ਦੇ ਕੱਦ ਬਰਾਬਰ ਨਹੀਂ ਹੁੰਦਾਉਹ ਸਿਰਫ ਆਪਣੀ ਸ਼ਾਨ ਬਨਾਉਣ ਲਈ ਸ਼ਬਦ ਦੀ ਦੁਰਵਰਤੋਂ ਕਰ ਰਿਹਾ ਹੁੰਦਾ ਹੈ ਜਿਸ ਨੂੰ ਕਿਸੇ ਤਰੀਕੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾਉਸ ਨੇ ਕਿਸੇ ਹੋਰ ਨੂੰ ਤਾਂ ਕੀ ਰਾਹ ਵਿਖਾਉਣਾ ਹੋਇਆ ਉਹ ਤਾਂ ਖ਼ੁਦ ਹੀ ਭਰਮ-ਭੁਲੇਖਿਆਂ ਦੀ ਧੁੰਦ ਵਿਚ ਏਨਾ ਘਿਰ ਜਾਂਦਾ ਹੈ ਕਿ ਉਸ ਚੋਂ ਨਿਕਲਣਾ ਸੌਖਾ ਨਹੀਂ ਹੁੰਦਾ

-----

ਆਪਣੇ ਆਪ ਨਾਲ ਜਿਹੜਾ ਆਪ ਹੀ ਬੁੱਧੀਜੀਵੀ ਸ਼ਬਦ ਜੋੜਦਾ ਹੈ, ਉਸ ਨੂੰ ਸਹੀ, ਅਸਲੀ ਅਤੇ ਪੂਰਨ ਨਹੀਂ ਮੰਨਿਆ ਜਾ ਸਕਦਾਉਸ ਤੇ ਸ਼ੱਕੀ ਨਜ਼ਰਾਂ ਟਿਕਾਈ ਰੱਖਣੀਆਂ ਇਸ ਕਰਕੇ ਜਰੂਰੀ ਹਨ ਕਿ ਉਸਦੇ ਗਿਆਨ ਤੇ ਅਨੁਭਵ ਦੀ ਸੱਚਾਈ ਤੇ ਗਹਿਰਾਈ ਤੱਕ ਦਾ ਪਤਾ ਲਗਾਇਆ ਜਾ ਸਕੇਜੇ ਪਰਖ-ਪੜਚੋਲ ਮਗਰੋਂ ਉਹ ਫਰਾਡ ਨਿਕਲਦਾ ਹੈ ਤਾਂ ਉਸ ਨੂੰ ਲੋਕਾਂ ਵਿਚ ਨੰਗਾ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ

-----

ਜਿਹੜਾ ਸ਼ਬਦ ਦੇ ਅਸਲੀ ਅਰਥਾਂ ਵਿਚ ਬੁੱਧੀਜੀਵੀ ਹੈ ਉਹ ਤਾਂ ਚਮਕਦੀ ਚਾਨਣੀ ਵਰਗਾ ਹੁੰਦਾ ਹੈ ਅਤੇ ਜਗਦੇ ਦੀਵੇ ਵਰਗਾਉਹ ਖ਼ੁਦ ਵੀ ਚਾਨਣੇ/ਉਜਾਲੇ/ਰੋਸ਼ਨੀ ਵਿਚ ਰਹਿੰਦਾ ਹੈ ਅਤੇ ਆਪਣੇ ਆਲੇ-ਦੁਆਲੇ ਵਿਚਰਨ ਵਾਲਿਆਂ ਨੂੰ ਵੀ ਹਨੇਰੇ ਵਿਚ ਨਹੀਂ ਰਹਿਣ ਦਿੰਦਾਉਸ ਦੇ ਬੋਲਾਂ ਵਿਚ ਏਨੀ ਤਾਕਤ ਅਤੇ ਪ੍ਰਭਾਵ ਹੁੰਦਾ ਹੈ ਕਿ ਉਸ ਨੂੰ ਸੁਣਨ ਵਾਲਿਆਂ ਦੇ ਮਨਾਂ ਅੰਦਰ ਮੋਮਬੱਤੀਆਂ ਵੀ ਜਗ ਪੈਂਦੀਆਂ ਹਨ ਅਤੇ ਜਗਦੇ-ਬੁਝਦੇ ਟਟਹਿਣੇ ਵੀ

-----

ਉਹ ਬੁੱਧੀ ਦੀ ਅਜਿਹੀ ਵਰਤੋਂ ਕਰਦਾ ਹੈ ਕਿ ਉਸ ਨੂੰ ਸੁਣਨ ਪੜ੍ਹਨ ਵਾਲੇ ਤਾਜ਼ਗੀ ਤੋਂ ਦੂਰ ਨਹੀਂ ਰਹਿ ਸਕਦੇਉਹ ਜੀਵ ਦੇ ਸਿਰਫ਼ ਦਰਵਾਜ਼ੇ ਹੀ ਨਹੀਂ ਖੋਲ੍ਹਦੇ ਸਗੋਂ ਬਾਰੀਆਂ ਅਤੇ ਰੌਸ਼ਨਦਾਨ ਵੀ ਬੰਦ ਨਹੀਂ ਰਹਿਣ ਦਿੰਦਾਨਵੇਂ ਵਿਚਾਰ ਹਾਸਲ ਕਰਨ ਲਈ ਉਹ ਕੰਧਾਂ ਨਹੀਂ ਉਸਾਰਦਾ ਸਗੋਂ ਢਾਹੁੰਦਾ ਹੈ ਤਾਂ ਕਿ ਨਵੇਂ ਵਿਚਾਰਾਂ ਦੇ ਉਸ ਤੱਕ ਪੁੱਜਣ ਦੇ ਰਾਹ ਵਿਚ ਕੋਈ ਵਿਘਨ ਨਾ ਪਵੇ, ਕੋਈ ਰੁਕਾਵਟ ਪੈਦਾ ਨਾ ਹੋਵੇਉਹ ਆਪਣੇ ਅਨੁਭਵ ਦੇ ਫੁੱਲ ਖਿੜਾਉਂਦਾ ਹੈ ਅਤੇ ਦੂਜਿਆਂ ਦੇ ਖਿੜਨ ਤੋਂ ਰੋਕਦਾ ਨਹੀਂ

-----

ਹੁਣ ਜਿਸ ਬਾਰੇ ਏਨੀਆਂ ਸਿਫ਼ਤਾਂ ਸੁਣ ਲਈਆਂ, ਏਨੇ ਗੁਣ ਪੜ੍ਹ ਲਏ ਉਹ ਹੀ ਦੂਜਿਆਂ ਮਗਰ ਲੱਗਾ ਫਿਰੇ ਤਾਂ ਉਸਦਾ ਰੱਬ ਵੀ ਰਾਖਾ ਨਹੀਂ ਹੋ ਸਕਦਾਜੇ ਬੁੱਧੀਜੀਵੀ ਆਪਣੇ ਰੌਸ਼ਨ ਸਫ਼ਰ ਦੇ ਬਾਵਜੂਦ ਸਿਆਸਤਦਾਨਾਂ ਦਾ ਪਿਛਲੱਗ ਬਣਦਾ ਹੈ ਤਾਂ ਉਹ ਆਪਣੀ ਜਾਗਰਿਤ ਹਸਤੀ ਨੂੰ ਸਮੇਂ ਦੀ ਭ੍ਰਿਸ਼ਟ ਧੂੜ ਵਿਚ ਅਜਿਹੀ ਧੁੰਦਲ਼ੀ ਤੇ ਗੰਧਲ਼ੀ ਕਰ ਲੈਂਦਾ ਹੈ ਕਿ ਉਸ ਨੂੰ ਉਸ ਚੋਂ ਕੱਢਣਾ ਸੌਖਾ ਕੰਮ ਨਹੀਂ ਹੁੰਦਾਆਪ ਨਿਕਲ ਨਹੀਂ ਸਕਦਾ ਦੂਜਾ ਕੱਢਦਾ ਨਹੀਂ

-----

ਸਿਆਸਤਦਾਨ ਚਲਾਕ ਹੁੰਦੇ ਹਨ, ਸਵਾਰਥੀ ਹੁੰਦੇ ਹਨ ਅਤੇ ਸਿਰੇ ਦੇ ਲੋਭੀ ਹੁੰਦੇ ਹਨ ਪਰ ਆਮ ਤੌਰ ਤੇ ਬੁੱਧੀਜੀਵੀ ਨਹੀਂ ਹੁੰਦੇਜੇ ਕੁਝ ਫੀਸਦੀ ਬੁੱਧੀਜੀਵੀ ਹੋਣ ਵੀ ਤਾਂ ਲੋਕ ਹਿਤਾਂ ਵੱਲ ਨਹੀਂ ਹੁੰਦੇ, ਆਪਣੇ ਤੇ ਆਪਣੇ ਨੇੜਲਿਆਂ ਬਾਰੇ ਹੀ ਸੋਚਦੇ ਹਨਲੋਕਾਂ ਬਾਰੇ ਸੋਚ ਅਤੇ ਸੋਚਣ ਨੂੰ ਆਪਣੇ ਨੇੜੇ ਤੱਕ ਨਹੀਂ ਫਟਕਣ ਦਿੰਦੇਉਹ ਲੋਕਾਂ ਨੂੰ ਕੇਵਲ ਆਪਣੇ ਮੁਫ਼ਾਦਾਂ ਲਈ ਵਰਤਦੇ ਹਨ ਅਤੇ ਮਤਲਬ ਨਿਕਲਣ ਬਾਅਦ ਉਨ੍ਹਾਂ ਨੂੰ ਆਪਣੇ ਚੇਤਿਆਂ ਵਿਚ ਵੀ ਨਹੀਂ ਆਉਣ ਦਿੰਦੇ

-----

ਚੁਸਤੀ/ਹੁਸ਼ਿਆਰੀ ਕਾਰਨ ਉਹ ਸਮਾਜ ਦੇ ਹਰ ਤਬਕੇ ਨਾਲ ਮਤਲਬੀ ਕਿਸਮ ਦੀ ਪਹੁੰਚ ਬਣਾਈ ਰੱਖਦੇ ਹਨ ਤਾਂ ਕਿ ਚਹੁੰ ਪਾਸੀਂ ਉਨ੍ਹਾਂ ਦਾ ਪ੍ਰਭਾਵ ਕਾਇਮ ਰਹੇਕਿਸੇ ਨੂੰ ਲਾਲਚ ਦਿੰਦੇ ਹਨ, ਕਿਸੇ ਨੂੰ ਉਸਦੀ ਔਕਾਤ ਮੁਤਾਬਕ ਉਸਨੂੰ ਬੁਰਕੀ ਪਾਉਂਦੇ ਹਨ ਅਤੇ ਕਿਸੇ ਨੂੰ ਅਹੁਦੇ ਦਾ ਲਾਰਾ ਲਾ ਕੇ ਕਿਸੇ ਕਿੱਲੇ ਬੱਝੇ ਪਸ਼ੂ ਵਾਂਗ ਅਜਿਹਾ ਟਿਕਾਈ ਰੱਖਦੇ ਹਨ ਕਿ ਉਨ੍ਹਾਂ ਦਾ ਸ਼ਿਕਾਰ ਕਿਸੇ ਹੋਰ ਪਾਸੇ ਜਾਣ ਜੋਗਾ ਨਹੀਂ ਰਹਿੰਦਾ

-----

ਅਸਲ ਵਿਚ ਉਹ ਬੁੱਧੀਜੀਵੀ ਕਹਾਉਣ ਦੇ ਹੱਕ਼ਦਾਰ ਹੀ ਨਹੀਂ ਹੁੰਦੇ ਜਿਹੜੇ ਸਿਆਸਤਦਾਨਾਂ ਦੇ ਪਿਛਲੱਗ ਬਣ ਜਾਣਆਪਣੀ ਮੌਲਿਕ ਸੋਚ, ਨਿੱਜੀ ਅਮੀਰ ਅਨੁਭਵ ਅਤੇ ਨਵੇਂ ਗਿਆਨ ਦੇ ਤਾਰਿਆਂ ਦੀ ਬਾਰਾਤ ਨੂੰ ਛੱਡ-ਛਡਾਅ ਕੇ ਇਨ੍ਹਾਂ ਸਿਆਸਤਦਾਨਾਂ ਦੇ ਪਿਛਲੱਗ ਓਹੀ ਬਣਦੇ ਹਨ ਜਿਹੜੇ ਆਪਣੇ ਵਿਚਾਰਾਂ ਦੇ ਪ੍ਰਪੱਕ ਨਾ ਹੋਣ ਅਤੇ ਲਾਲਚ ਦੇ ਬੈਟ ਨਾਲ ਆਪਣੀ ਵਿਕਟ ਆਪ ਹੀ ਡੇਗਣ ਦਾ ਸ਼ੌਕ ਰੱਖਦੇ ਹੋਣ

-----

ਬੁੱਧੀਜੀਵੀ ਹੋਣਾ ਆਪਣੇ ਆਪ ਵਿਚ ਇਕ ਜਲਵਾ ਹੈ ਅਤੇ ਇਕ ਕੌਤਕ ਜਿਹੜਾ ਆਪਣੇ ਰਾਹ ਤੋਂ ਨਾ ਥਿੜਕ ਸਕਦਾ ਹੈ ਅਤੇ ਨਾ ਹੀ ਵਿਕ ਸਕਦਾ ਹੈ ਪਰ ਜੇ ਲਾਰਿਆਂ ਅਤੇ ਲਾਲਚਾਂ ਦੀ ਹਵਾ ਤੇ ਸਵਾਰ ਹੋ ਜਾਵੇ ਤਾਂ ਉਸ ਅੰਦਰਲਾ ਬੁੱਧੀਜੀਵੀ ਉਸ ਦੇ ਜ਼ਿਹਨ/ਜਿਸਮ ਚੋਂ ਫੰਗ ਲਾ ਕੇ ਉਡ ਜਾਵੇਗਾਅਜਿਹੇ ਬੁੱਧੀਜੀਵੀਆਂ ਦੀ ਘਾਟ ਨਹੀਂ ਜਿਨ੍ਹਾਂ ਨੂੰ ਨ੍ਹੇਰ ਸਵੇਰ ਸਮਾਜ ਵਿਚ ਨਿੱਘਰਦਿਆਂ ਦੇਖਿਆ ਜਾ ਸਕਦਾ ਹੈ

-----

ਚੋਣਾਂ ਤੇ ਸਾਹਿਤਕਾਰ

ਲੋਕਤੰਤਰ ਦਾ ਅਸਰ ਲੇਖਕਾਂ ਤੇ ਵੀ ਹੈ ਜਿਹੜੇ ਆਪਣੇ ਆਪ ਨੂੰ ਕਿਸੇ ਬੁੱਧੀਜੀਵੀ ਦੇ ਲਕਬ ਤੋਂ ਘੱਟ ਨਹੀਂ ਸਮਝਦੇਜਮਹੂਰੀਅਤ ਕਾਰਨ ਹੀ ਲੇਖਕ-ਵਰਗ ਚੋਣਾਂ ਦੇ ਉਸ ਲੰਮੇ ਸਿਲਸਿਲੇ ਵਿਚ ਘਿਰ ਕੇ ਰਹਿ ਗਿਆ ਜਿਸ ਦੇ ਨਤੀਜੇ ਬਹੁਤੇ ਚੰਗੇ ਨਹੀਂ ਨਿਕਲਦੇਚੋਣਾਂ ਸਮੇਂ ਅੱਠ ਦਸ ਦਿਨ ਏਨੀ ਤੇਜ਼ ਸਰਗਰਮੀ ਰਹਿੰਦੀ ਹੈ ਕਿ ਕੋਈ ਵੱਡਾ ਮੋਰਚਾ ਸਰ ਕਰ ਲਿਆ ਜਾਵੇਗਾ ਪਰ ਜਿੱਤਣ ਬਾਅਦ ਜੇਤੂ ਟੀਮ ਤਾਨਾਸ਼ਾਹ ਜਹੀ ਬਣਕੇ ਮਨਮਰਜ਼ੀ ਕਰਨ ਤੋਂ ਗੁਰੇਜ਼ ਨਹੀਂ ਕਰਦੀ

-----

ਲੇਖਕਾਂ ਵਿਚ ਅਗਾਂਹਵਧੂ ਅਤੇ ਪਿਛਾਂਹਖਿਚੂ ਸ਼ਬਦ ਵੀ ਪ੍ਰਚੱਲਿਤ ਹਨ ਪਰ ਇਹ ਵੀ ਫੱਟੇ ਤੋਂ ਘੱਟ ਨਹੀਂ ਵਰਤੇ ਜਾ ਰਹੇਆਪਣੀ ਰਚਨਾ ਵਿਚ ਹੋਣ ਨਾ ਹੋਣ ਪਰ ਮੱਥੇ ਤੇ ਅਗਾਂਵਵਧੂ ਦੀ ਵਰਤੋਂ ਇਵੇਂ ਕਰਦੇ ਹਨ ਜਿਵੇਂ ਮੰਤਰੀ ਸੰਤਰੀ ਤੇ ਨੇਤਾ ਲਾਲ ਬੱਤੀਆਂ ਤੇ ਨੀਲੀਆਂ ਬੱਤੀਆਂ ਦੀ ਨਾਜਾਇਜ਼ ਵਰਤੋਂ ਕਰਨ ਤੋਂ ਨਹੀਂ ਹਟਦੇਆਪਣੇ ਨਾਲ ਪਿਛਾਂਹਖਿਚੂ ਸ਼ਬਦ ਲਾਉਣ ਲਈ ਕੋਈ ਲੇਖਕ ਤਿਆਰ ਨਹੀਂ ਹੁੰਦਾ

-----

ਲੇਖਕ ਚੋਣਾਂ ਜੰਮ ਜੰਮ ਲੜਨ ਜਿੱਤਣ ਬਾਅਦ ਜੇਤੂ ਟੋਲੀ ਵਾਅਦੇ ਜਰੂਰ ਪੂਰੇ ਕਰੇ ਤਾਂ ਕਿ ਕੰਮ ਪੂਰਾ ਹੁੰਦਾ ਦਿਸੇਇਹ ਵੀ ਕਿ ਟੋਲੀ ਸਿਰਫ਼ ਝੂਠ ਬੋਲ ਕੇ ਨਹੀਂ ਜਿੱਤੀ ਸਗੋਂ ਸੱਚੇ ਮਸਲੇ ਸਭ ਦੇ ਸਾਹਮਣੇ ਰੱਖ ਕੇ ਜਿੱਤੀ ਹੈ ਜਿਨ੍ਹਾਂ ਨੂੰ ਪੂਰੇ ਕੀਤੇ ਬਗੈਰ ਟੋਲੀ ਦੇ ਹਰ ਮੈਂਬਰ ਨੂੰ ਸਾਹ ਨਹੀਂ ਲੈਣਾ ਚਾਹੀਦਾ

-----

ਉਂਜ ਏਦਾਂ ਹੁੰਦਾ ਨਹੀਂਪੰਜਾਬੀ ਸਾਹਿਤ ਅਕਾਦਮੀ ਦੀ ਦੋ ਸਾਲ ਪਹਿਲਾਂ ਚੋਣ ਹੋਈਬੜੀ ਚਹਿਲ-ਪਹਿਲਜਿਹੜੇ ਜਿੱਤੇ ਉਨ੍ਹਾਂ ਨੂੰ ਹਾਰ ਪਏ, ਦੂਜੇ ਹਾਰ ਗਏਪਰ ਜਿੱਤਿਆਂ ਨੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਦੋ ਸਾਲਾਂ ਦੌਰਾਨ ਇਕ ਵੀ ਚਿੱਠੀ ਨਹੀਂ ਪਾਈ, ਕਿਸੇ ਸਮਾਗਮ ਤੇ ਨਹੀਂ ਸੱਦਿਆਇੰਝ ਜਿੱਤੀ ਟੋਲੀ ਹਾਰੀ ਹੋਈ ਲੱਗੀਕੋਈ ਨਹੀਂ ਇਕ-ਅੱਧੇ ਮੈਂਬਰ ਦਾ ਭਲਾਂ ਕੀ ਹੁੰਦਾ, ਚੋਣਾਂ ਆਈਆਂ ਚੋਣਾਂ ਲੜੋ, ਚੋਣਾਂ ਹਾਰੋ ਤੇ ਚੋਣਾਂ ਜਿੱਤੋ

-----

ਲਤੀਫ਼ੇ ਦਾ ਚਿਹਰਾ ਮੋਹਰਾ

ਟੋਪੀਆਂ ਵੇਚਣ ਵਾਲੇ ਦੀ ਅੱਖ ਲੱਗੀ ਤਾਂ ਬਾਂਦਰ ਆਏ ਤੇ ਟੋਪੀਆਂ ਲੇ ਕੇ ਦਰੱਖ਼ਤ ਤੇ ਜਾ ਚੜ੍ਹੇਵੇਚਣ ਵਾਲੇ ਨੇ ਦਾਦੇ ਦੀ ਸੁਣਾਈ ਕਹਾਣੀ ਮੁਤਾਬਕ ਸਿਰ ਦੀ ਟੋਪੀ ਲਾਹ ਕੇ ਪਰ੍ਹੇ ਸੁੱਟ ਦਿੱਤੀ ਤਾਂ ਇਕ ਬਾਂਦਰ ਉਹ ਵੀ ਚੁੱਕ ਕੇ ਲੈ ਗਿਆ ਅਤੇ ਟੋਪੀਆਂ ਵੇਚਣ ਵਾਲੇ ਨੂੰ ਠੋਕ ਵਜਾ ਕੇ ਇਹ ਵੀ ਕਹਿ ਗਿਆ , “ਸਾਡਾ ਦਾਦਾ ਕਿਹੜਾ ਸਾਨੂੰ ਕਹਾਣੀ ਨਹੀਂ ਸੁਣਾ ਗਿਆ

Monday, April 26, 2010

ਸਾਧੂ ਬਿਨਿੰਗ – ਇੰਡੀਅਨ - ਕਹਾਣੀ

ਸਾਹਿਤਕ ਨਾਮ: ਸਾਧੂ ਬਿਨਿੰਗ

ਅਜੋਕਾ ਨਿਵਾਸ: ਬਰਨਬੀ, ਬੀ.ਸੀ. ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਵੇਗੀ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਅੱਜ ਬਰਨਬੀ, ਬੀ.ਸੀ. ਵਸਦੇ ਸੁਪ੍ਰਸਿੱਧ ਲੇਖਕ ਸਾਧੂ ਬਿਨਿੰਗ ਜੀ ਨੇ ਜੁਲਾਈ 1974 ਚ ਲਿਖੀ ਇਕ ਬੇਹੱਦ ਖ਼ੂਬਸੂਰਤ ਕਹਾਣੀ ਭੇਜ ਕੇ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਬਿਨਿੰਗ ਸਾਹਿਬ ਕਿਸੇ ਜਾਣਕਾਰੀ ਦੇ ਮੋਹਤਾਜ ਨਹੀਂ, ਕੈਨੇਡਾ ਵਿਚ ਪੰਜਾਬੀ ਭਾਸ਼ਾ ਉੱਤੇ ਉਹਨਾਂ ਅਤੇ ਸੁਖਵੰਤ ਹੁੰਦਲ ਜੀ ਦੁਆਰਾ ਕੀਤੇ ਖੋਜ-ਕਾਰਜ ਆਪਣੀ ਮਿਸਾਲ ਆਪ ਹਨ। ਬਿਨਿੰਗ ਸਾਹਿਬ ਉਹਨਾਂ ਲੇਖਕਾਂ ਚੋਂ ਹਨ, ਜਿਨ੍ਹਾਂ ਨੇ ਸੱਤਰਵਿਆਂ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੇ ਸਕੂਲਾਂ/ਕਾਲਜਾਂ ਚ ਪੰਜਾਬੀ ਨੂੰ ਸਨਮਾਨਯੋਗ ਸਥਾਨ ਦਵਾਉਣ ਲਈ ਅਣਥੱਕ ਘਾਲਣਾ ਘਾਲ਼ੀ ਹੈ। ਅੱਜ ਉਹਨਾਂ ਦੀ ਇਸੇ ਘਾਲਣਾ ਨੂੰ ਸਲਾਮ ਕਰਦਿਆਂ, ਇਸ ਕਹਾਣੀ ਨੂੰ ਆਰਸੀ ਰਿਸ਼ਮਾਂ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਉਹਨਾਂ ਦੀ ਹਾਜ਼ਰੀ ਨਾਲ਼ ਆਰਸੀ ਦਾ ਸਾਹਿਤਕ ਕੱਦ ਹੋਰ ਉੱਚਾ ਹੋਇਆ ਹੈ। ਕੈਨੇਡਾ ਤੋਂ ਬਾਹਰਲੇ ਪਾਠਕ ਸਾਹਿਬਾਨ ਦੀ ਜਾਣਕਾਰੀ ਲਈ ਮੈਂ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਕਹਾਣੀ ਵਿਚਲੀ ਪਾਤਰ ਸੈਰ੍ਹਾ ਨੂੰ ਇੰਡੀਅਨ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ, ਜਿਸ ਤੋਂ ਭਾਵ ਨੇਟਿਵ ਇੰਡੀਅਨ’ ‘Native Indian’ ਹੈ। ਬਿਨਿੰਗ ਸਾਹਿਬ ਦੇ ਪੰਜਾਬੀ ਭਾਸ਼ਾ ਬਾਰੇ ਲੇਖ ਅਤੇ ਬਾਕੀ ਲਿਖਤਾਂ ਵੀ ਆਪਾਂ ਆਉਣ ਵਾਲ਼ੇ ਦਿਨਾਂ ਵਿਚ ਸਾਂਝੀਆਂ ਕਰਦੇ ਰਹਾਂਗੇ। ਬਿਨਿੰਗ ਸਾਹਿਬ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਇੰਡੀਅਨ

ਕਹਾਣੀ

ਪਰਮਿੰਦਰ ਹਸਪਤਾਲੋਂ ਮੁੜਿਆ ਤਾਂ ਕੁਲਵੀਰ ਬਿਨਾਂ ਘਰ ਸੁੰਨਾ ਸੁੰਨਾ ਜਾਪਿਆ। ਉਹਨੇ ਫਰਿੱਜ ਵਿੱਚੋਂ ਬੀਅਰ ਦੀ ਬੋਤਲ ਕੱਢ ਕੇ ਖੋਹਲੀ ਤੇ ਬਹਿਣ ਵਾਲੇ ਕਮਰੇ ਵਿੱਚ ਟੀ ਵੀ ਲਾ ਕੇ ਬੈਠ ਗਿਆ। ਕੁਲਵੀਰ ਦਾ ਨਿੱਖਰ ਕੇ ਹੋਰ ਵੀ ਸੋਹਣਾ ਹੋ ਗਿਆ ਚਿਹਰਾ ਉਹਨੂੰ ਮੁੜ ਮੁੜ ਚੇਤੇ ਆ ਰਿਹਾ ਸੀ। ਕੁਲਵੀਰ ਦੇ ਨਾਲ ਕੱਪੜਿਆਂ ਵਿੱਚ ਲਪੇਟੀ ਪਈ ਉਹ ਚਿੜੀ ਦੇ ਬੋਟ ਵਰਗੀ ਛੋਟੀ ਜਿਹੀ ਜਿੰਦ ਉਹਨੂੰ ਆਪਣੇ ਹੀ ਸਰੀਰ ਦਾ ਅੰਗ ਜਾਪੀ। ਬੱਚੇ ਦੀ ਬਰੀਕ ਬਰੀਕ ਰੋਣ ਦੀ ਆਵਾਜ਼ ਜਿਵੇਂ ਕੋਈ ਬਹੁਤ ਹੀ ਮਿੱਠਾ ਤੇ ਜਜ਼ਬਿਆਂ ਨੂੰ ਛੇੜ ਦੇਣ ਵਾਲਾ ਸੰਗੀਤ ਹੋਵੇ। ਇਹ ਅਜੀਬ ਖ਼ੁਸ਼ੀ ਤੇ ਪਿਓ ਹੋਣ ਦਾ ਅਹਿਸਾਸ ਉਹਨੂੰ ਪਹਿਲੀ ਵਾਰੀ ਹੋਇਆ, ਭਾਵੇਂ ਉਹ ਪਹਿਲਾਂ ਵੀ ਇੱਕ ਵਾਰੀ ਪਿਓ ਬਣਿਆ ਸੀ।

-----

ਕੋਲ ਪਏ ਫੋਨ ਦੀ ਘੰਟੀ ਵੱਜੀ. ਉਹਦਾ ਦੋਸਤ ਪਿਆਰਾ ਉਹਨੂੰ ਵਧਾਈਆਂ ਦੇ ਰਿਹਾ ਸੀ. ਪਰਮਿੰਦਰ ਜਵਾਬ ਵਿੱਚ ਕਹਿ ਰਿਹਾ ਸੀ, “ਵਧਾਈਆਂ, ਤੈਨੂੰ ਵੀ ਨਾਲ ਈ ਆ - ਹੈਂ ਚਲੋ ਔ ਰੈਟ ਆ - ਹਾਂ ਮੁੰਡਾ ਹੋ ਜਾਂਦਾ ਤਾਂ ਵਧੀਆ ਸੀ - ਹੈਂ, ਆ ਜਾ ਦਰਾਮ ਵਥੇਰਾ, ਦਰਾਮ ਸਾਲ਼ਿਆ ਹੋਰ ਨਾ ਲਿਆ ਹੋਊ - ਔ ਰੈਟ ਜੇ ਕਹੇਂ ਤਾਂ ਮੈਂ ਆ ਜਾਨਾਂ - ਯਾ ਓਕੇਅ ਮੈਂ ਰਾਹ ਵਿੱਚੋਂ ਲਿਕਰ ਸਟੋਰੋਂ ਹੁੰਦਾ ਆਊਂਗਾ - ਹੈਂ ਓਕੇਅ ਫੇਰਉਹਨੇ ਰਸੀਵਰ ਰੱਖ ਦਿੱਤਾ। ਟੀ ਵੀ ਬੰਦ ਕੀਤੀ, ਜੁੱਤੀ ਪਾਈ ਤੇ ਜੈਕਟ ਚੁੱਕ ਕੇ ਬਾਹਰ ਨਿਕਲ ਗਿਆ।

-----

ਪਰਮਿੰਦਰ ਪੰਜ ਸਾਲ ਪਹਿਲਾਂ ਕਨੇਡਾ ਆਇਆ ਸੀ। ਕਾਲਜ ਦੀ ਪੜ੍ਹਾਈ ਪਹਿਲੇ ਸਾਲ ਹੀ ਛੱਡ ਜਦੋਂ ਉਹਨੇ ਕਨੇਡਾ ਆਉਣ ਦਾ ਫੈਸਲਾ ਕੀਤਾ ਤਾਂ ਘਰਦਿਆਂ ਖ਼ੁਸ਼ੀ ਖ਼ੁਸ਼ੀ ਮੰਨ ਲਿਆ। ਉਂਝ ਵੀ ਉਹ ਪੜ੍ਹਨ ਨਾਲੋਂ ਅਵਾਰਾਗਰਦੀ ਵੱਧ ਕਰਦਾ ਸੀ। ਉਨ੍ਹਾਂ ਦਾ ਕੰਮ ਚੰਗਾ ਸੀ। ਪੈਸੇ ਦੇ ਜ਼ੋਰ ਦਿਨਾਂ ਵਿੱਚ ਹੀ ਪਾਸਪੋਰਟ ਬਣਵਾ ਉਹ ਕਨੇਡਾ ਆ ਉੱਤਰਿਆ। ਉਨ੍ਹਾਂ ਦੇ ਪਿੰਡ ਦੇ ਚਰਨ ਹੋਰੀਂ ਤਿੰਨੋਂ ਭਰਾ ਚੰਗਾ ਖਾਂਦੇ ਪੀਂਦੇ ਬੰਦੇ ਸਨ। ਚਰਨਾ ਪਰਮਿੰਦਰ ਦੇ ਪਿਓ ਦਾ ਜਵਾਨੀ ਵੇਲੇ ਦਾ ਆੜੀ ਸੀ। ਪਰਮਿੰਦਰ ਆਉਂਦਾ ਹੀ ਉਨ੍ਹਾਂ ਦੇ ਟਿਕ ਗਿਆ। ਉਹਦਾ ਪਿਓ ਪਿੰਡ ਚਰਨੇ ਦੇ ਘਰਦਿਆਂ ਨੂੰ ਪੈਸੇ ਦੇ ਦਿੰਦਾ ਤੇ ਉਸ ਦੇ ਵੱਟੇ ਉਹ ਪਰਮਿੰਦਰ ਨੂੰ ਖਰਚ ਦੇ ਦਿੰਦੇ.

ਪਰਮਿੰਦਰ ਵਿਜਿ਼ਟਰ ਸੀ। ਇਮੀਗਰੇਸ਼ਨ ਲੈਣ ਲਈ ਉਹਦੇ ਕੋਲੋਂ ਪੰਜਾਹ ਨੰਬਰ ਨਹੀਂ ਸਨ ਬਣ ਰਹੇ। ਉਹਨੇ ਵਕੀਲ ਵੀ ਵਧੀਆ ਕੀਤਾ ਹੋਇਆ ਸੀ ਪਰ ਕੰਮ ਬਣਦਾ ਨਜ਼ਰ ਨਹੀਂ ਸੀ ਆ ਰਿਹਾ, ਤੇ ਪਰਮਿੰਦਰ ਅਜਨਬੀ ਸ਼ਹਿਰ ਵਿੱਚ ਅਵਾਰਾਗਰਦੀ ਕਰਦਾ ਦਿਨ ਕੱਟ ਰਿਹਾ ਸੀ।

-----

ਚਰਨੇ ਹੋਰਾਂ ਦੇ ਗੁਆਂਢ ਕਨੇਡੀਅਨ ਇੰਡੀਅਨ ਰਹਿੰਦੇ ਸਨ। ਸਿਆਣੀ ਉਮਰ ਦਾ ਗੋਰਡਨ ਚਰਨੇ ਹੋਰਾਂ ਦੀ ਮਿੱਲ ਵਿੱਚ ਹੀ ਕੰਮ ਕਰਦਾ ਸੀ। ਗੋਰਡਨ ਦਾ ਛੋਟਾ ਭਰਾ ਜਿਹੜਾ ਰੀਜ਼ਰਵ ਵਿੱਚ ਹੀ ਰਹਿੰਦਾ ਸੀ ਕਦੀ ਕਦੀ ਉਹਦੇ ਕੋਲ ਥੋੜ੍ਹਾ ਬਹੁਤਾ ਚਿਰ ਰਹਿ ਜਾਂਦਾ। ਇਸ ਵਾਰੀ ਜਦੋਂ ਉਹ ਆਇਆ ਤਾਂ ਉਹਦੇ ਨਾਲ ਉਹਦੀ ਅਠਾਰਾਂ ਕੁ ਸਾਲਾਂ ਦੀ ਕੁੜੀ ਸੈਰ੍ਹਾ ਵੀ ਸੀ।

-----

ਸੈਰ੍ਹਾ ਦੇ ਵਾਲ ਗੂਹੜੇ ਕਾਲ਼ੇ ਸਨ, ਨੱਕ ਤੇ ਬੁੱਲ ਮੋਟੇ ਮੋਟੇ ਤੇ ਅੱਖਾਂ ਵੀ ਕਾਲ਼ੀਆਂ ਸਨ। ਦੇਖਣ ਨੂੰ ਉਹ ਏਨੀ ਸੋਹਣੀ ਨਾ ਜਾਪਦੀ ਪਰ ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਕਿਸਮ ਦੀ ਖਿੱਚ ਸੀ। ਜਿਸ ਦਿਨ ਦੀ ਉਹ ਗੁਆਂਢ ਆਈ ਸੀ ਪਰਮਿੰਦਰ ਆਨੇ ਬਹਾਨੇ ਉਹਨੂੰ ਤਾੜ ਰਿਹਾ ਸੀ। ਪਹਿਲਾਂ ਤਾਂ ਉਹਦਾ ਡਰਦੇ ਦਾ ਉਹਦੇ ਨਾਲ ਗੱਲਬਾਤ ਕਰਨ ਦਾ ਹੌਂਸਲਾ ਨਾ ਪਿਆ। ਪਰ ਇੱਕ ਦਿਨ ਉਹਨੇ ਸੈਰ੍ਹਾ ਨੂੰ ਆਪਣੀ ਵੱਲ ਦੇਖਦਿਆਂ ਦੇਖਿਆ ਤਾਂ ਦਿਲ ਤਕੜਾ ਕਰਕੇ ਉਹਦੇ ਨਾਲ ਗੱਲੀਂ ਜਾ ਲੱਗਾ। ਪਰਮਿੰਦਰ ਦੀ ਟੁੱਟੀ-ਫੁੱਟੀ ਅੰਗਰੇਜ਼ੀ ਤੇ ਕਾਲਜ ਵਿੱਚ ਕੀਤੀ ਅਵਾਰਾਗਰਦੀ ਉਹਦੇ ਕੰਮ ਆਈ। ਉਹਨੇ ਹਰ ਕਿਸਮ ਦਾ ਝੂਠ ਬੋਲ ਕੇ ਸੈਰ੍ਹਾ ਨਾਲ ਦੋਸਤੀ ਵਧਾ ਲਈ। ਦੋ ਤਿੰਨ-ਵਾਰ ਉਹ ਇਕੱਠੇ ਸ਼ੋਅ ਦੇਖ ਆਏ।

-----

ਚਰਨ ਦੇ ਛੋਟੇ ਭਰਾ ਮੀਤੂ ਨੇ ਇੱਕ ਦਿਨ ਪਰਮਿੰਦਰ ਨੂੰ ਟਕੋਰ ਲਾਉਂਦਿਆਂ ਕਿਹਾ, “ਕੱਲਾ ਈ ਨਾ ਖਾਈ ਜਾਈਂ, ਭੋਰਾ ਸਨੂੰ ਵੀ ਖੁਆ ਛੱਡੀਂ। ਤੈਨੂੰ ਤਾਂ ਬਾਤ ਆਉਂਦੀ ਆ ਕੋਈ ਹੋਰ ਅੜਾ ਲਏਂਗਾ। ਅਸੀਂ ਤਾਂ ਰਹਿੰਦ-ਖੂੰਹਦ ਹੀ ਛਕਣ ਵਾਲੇ ਆਂ.ਪਰਮਿੰਦਰ ਨੇ ਹੱਸ ਕੇ ਗੱਲ ਟਾਲ਼ ਦਿੱਤੀ।

.........

ਕੋਲ ਬੈਠੇ ਚਰਨੇ ਨੇ ਉਹਨੂੰ ਸਲਾਹ ਦਿੱਤੀ, “ਜੇ ਮੇਰੀ ਮੰਨੇ ਤਾਂ ਇਹਨੂੰ ਇੰਡੀਅਨ ਨੂੰ ਮਨਾ ਲੈ ਫਰੀਅ ਹੋ ਜਾਵੇਂਗਾ। ਇਹਦਾ ਪਿਓ ਮੇਰਾ ਫਰਿੰਡ ਆ, ਉਹਨੂੰ ਮੈਂ ਆਪੇ ਮਨਾ ਲਊਂ।

.........

ਦੇਖ ਸਹੀ ਵੀਰਿਆ ਇਰਾਦਾ ਤਾਂ ਆਪਣਾ ਵੀ ਇਹੀ ਆ। ਇਸੇ ਕਰਕੇ ਤਾਂ ਸ਼ਰੀਫ ਬਣ ਕੇ ਰੋਜ਼ ਨਾਲ ਲਈ ਫਿਰਦਾਂ ”, ਪਰਮਿੰਦਰ ਨੇ ਬੜੇ ਰਾਜ਼ ਭਰੇ ਅੰਦਾਜ਼ ਵਿੱਚ ਦੱਸਿਆ।

-----

ਸੈਰ੍ਹਾ ਸ਼ਹਿਰ ਬਹੁਤ ਘੱਟ ਰਹੀ ਸੀ। ਬਹੁਤਾ ਸਮਾਂ ਰੀਜ਼ਰਵ ਵਿੱਚ ਰਹਿਣ ਕਰਕੇ ਸ਼ਹਿਰ ਦੀ ਧੋਖਿਆਂ ਭਰੀ ਜ਼ਿੰਦਗੀ ਦਾ ਉਹਨੂੰ ਗਿਆਨ ਨਹੀਂ ਸੀ। ਉਹਦੀਆਂ ਆਦਤਾਂ ਬੜੀਆਂ ਅਜੀਬ ਤੇ ਭੋਲੀਆਂ ਸਨ। ਉਹਨੂੰ ਹਰ ਕੋਈ ਚੰਗਾ ਲੱਗਦਾ। ਪਰਮਿੰਦਰ ਇੱਕ ਦਿਨ ਮੌਕਾ ਤਾੜ ਕੇ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਲੱਗਾ ਤਾਂ ਉਹਨੇ ਬੜੇ ਭੋਲੇਪਨ ਨਾਲ ਕਿਹਾ ਕਿ ਉਹ ਪਿਆਰ ਕਰਨ ਤੋਂ ਡਰਦੀ ਸੀ।

-----

ਉਹਨੇ ਪਰਮਿੰਦਰ ਨੂੰ ਆਪਣੀ ਵੱਡੀ ਭੈਣ ਬਾਰੇ ਦੱਸਿਆ, “ਮੇਰੀ ਵੱਡੀ ਭੈਣ ਰੀਟਾ - ਬਹੁਤ ਚੰਗੀ ਸੀ ਉਹ - ਸਿਆਣੀ ਵੀ ਬਹੁਤ ਸੀ - ਮੈਨੂੰ ਬਹੁਤ ਪਿਆਰ ਕਰਦੀ ਸੀ - ਇੱਕ ਮੁੰਡਾ ਜਾਰਜ, ਗੋਰਾ ਸੀ ਉਹ - ਮੇਰੇ ਭਰਾ ਜੇਮੀ ਨਾਲ ਸਾਡੀ ਰੀਜ਼ਰਵ ਵਿੱਚ ਆਉਂਦਾ ਹੁੰਦਾ ਸੀ - ਮੇਰੀ ਭੈਣ ਉਹਨੂੰ ਪਸੰਦ ਕਰਦੀ ਸੀ - ਉਹ ਤਾਂ ਉਹਨੂੰ ਪਿਆਰ ਵੀ ਕਰਦੀ ਸੀ - ਮੇਰਾ ਡੈਡੀ ਜਾਰਜ ਨੂੰ ਚੰਗਾ ਨਹੀਂ ਸੀ ਸਮਝਦਾ - ਪਰ ਰੀਟਾ ਜੁਆਨ ਸੀ - ਪੂਰੇ ਅਠਾਰਾਂ ਦੀ ਸੀ ਉਹ ਵੀ ਉਦੋਂ - ਮੰਨੀ ਨਾ - ਜਾਰਜ ਨਾਲ ਰੀਜ਼ਰਵ ਵਿੱਚੋਂ ਚਲੇ ਗਈ - ਜਾਣ ਤੋਂ ਪਹਿਲਾਂ ਮੈਨੂੰ ਘੁੱਟ ਕੇ ਜੱਫ਼ੀ ਪਾ ਕੇ ਮਿਲੀ ਸੀ - ਮੈਂ ਰੋਈ ਸੀ - ਉਹ ਵੀ ਰੋਈ ਸੀ - ਜਾਰਜ ਦੀ ਕਾਰ ਚ ਬਹਿ ਕੇ ਕਹਿਣ ਲੱਗੀ: ਡੈਡੀ ਦਾ ਖ਼ਿਆਲ ਰੱਖੀਂ, ਮੈਂ ਤੈਨੂੰ ਲਿਖਾਂਗੀ - ਡੇੜ ਸਾਲ ਬਾਅਦ ਉਹ ਮੁੜ ਕੇ ਆਈ ਸੀ - ਦੋ ਮਹੀਨਿਆਂ ਦੀ ਬੇਬੀ ਸੀ ਉਹਦੇ ਕੋਲ - ਜਾਰਜ ਉਹਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ - ਹੁਣ ਤਾਂ ਰੀਟਾ ਦਾ ਵੀ ਪਤਾ ਨਹੀਂ ਕਿੱਥੇ ਗਈ - ਉਹਦਾ ਛੋਟਾ ਜਿਹਾ ਮੁੰਡਾ ਬਹੁਤ ਸੋਹਣਾ ਸੀ ”, ਸੈਰ੍ਹਾ ਜਿਵੇਂ ਸੁਪਨੇ ਚੋਂ ਬੋਲ ਰਹੀ ਹੋਵੇ।

ਪਰਮਿੰਦਰ ਕਈ ਵਾਰੀ ਸੈਰ੍ਹਾ ਦੀਆਂ ਭੋਲੀਆਂ ਗੱਲਾਂ ਸੁਣ ਸੁਣ ਅੱਕ ਵੀ ਜਾਂਦਾ, ਪਰ ਉਪਰੋਂ ਪੂਰੀ ਦਿਲਚਸਪੀ ਦਿਖਾਉਂਦਾ। ਸੈਰ੍ਹਾ ਨੂੰ ਹੌਲੀ ਹੌਲੀ ਆਪਣੇ ਜਾਲ ਵਿੱਚ ਫਸਾ ਕੇ ਇੱਕ ਦਿਨ ਉਹਨੇ ਚਰਨੇ ਨੂੰ ਜੇਤੂਆਂ ਵਾਂਗ ਕਿਹਾ, “ਲੈ ਬਈ ਵੀਰਿਆ, ਆਪਾਂ ਤਾਂ ਲਈ ਆ ਠਰਾਅ ਹੁਣ ਤੂੰ ਬੁੜੇ ਨੂੰ ਕਹਿ ਕੇ ਸਾਡਾ ਕੰਡਾ ਕੱਢ। ਆਪਣੀਆਂ ਚਲਾਕੀਆਂ ਤੇ ਚਰਨੇ ਦੇ ਸਹਾਰੇ ਨਾਲ ਪਰਮਿੰਦਰ ਫਰੀਅ ਹੋ ਕੇ ਕੰਮ ਤੇ ਲੱਗ ਗਿਆ। ਸੈਰ੍ਹਾ ਤੇ ਉਹ ਇਕੱਠੇ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲੈ ਕੇ ਰਹਿਣ ਲੱਗੇ।

-----

ਸੈਰ੍ਹਾ ਸ਼ਰਾਬ ਬੀਅਰ ਜਾਂ ਸਿਗਰਟ ਕੁਝ ਵੀ ਨਹੀਂ ਸੀ ਪੀਂਦੀ। ਉਹਦੀਆਂ ਬਹੁਤੀਆਂ ਆਦਤਾਂ ਪੰਜਾਬੀ ਕੁੜੀਆਂ ਵਰਗੀਆਂ ਸਨ। ਉਹ ਪਰਮਿੰਦਰ ਦਾ ਪੂਰਾ ਪੂਰਾ ਖ਼ਿਆਲ ਰੱਖਦੀ। ਉਹਦੇ ਲਈ ਖਾਣਾ ਬਣਾਉਂਦੀ, ਕੱਪੜੇ ਧੋਂਦੀ ਤੇ ਸੱਭ ਤੋਂ ਵੱਧ ਉਹ ਉਹਨੂੰ ਆਪਣਾ ਸਮੁੱਚਾ ਪਿਆਰ ਦਿੰਦੀ। ਪਰ ਪਰਮਿੰਦਰ ਨੂੰ ਇਸ ਸਭ ਕਾਸੇ ਨਾਲ ਕੋਈ ਮਤਲਬ ਨਹੀਂ ਸੀ। ਉਹ ਤਾਂ ਮੌਕੇ ਦੀ ਭਾਲ਼ ਵਿੱਚ ਸੀ ਕਿ ਕਦੋਂ ਉਹਦੇ ਕੋਲੋਂ ਪਿੱਛਾ ਛੁਡਾਵੇ।

-----

ਸੈਰ੍ਹਾ ਦੋ ਕੁ ਹਫ਼ਤਿਆਂ ਲਈ ਆਪਣੇ ਪਿਉ ਨੂੰ ਮਿਲਣ ਰੀਜ਼ਰਵ ਨੂੰ ਚਲੇ ਗਈ। ਉਹਦਾ ਪਿਉ ਕੁਝ ਬੀਮਾਰ ਸੀ, ਉਹਦੀ ਦੇਖ ਭਾਲ ਕਰਦੀ ਉਹ ਮਹੀਨਾ ਲਾ ਆਈ। ਪਰਮਿੰਦਰ ਨੂੰ ਬਹਾਨਾ ਮਿਲ਼ ਗਿਆ। ਉਹਨੇ ਸੈਰ੍ਹਾ ਨੂੰ ਕਿਹਾ ਕਿ ਉਹ ਵੀ ਹੋਰ ਇੰਡੀਅਨਔਰਤਾਂ ਵਾਂਗ ਸ਼ਰਾਬ ਪੀਂਦੀ ਅਤੇ ਆਦਮੀਆਂ ਨਾਲ ਫਿਰਦੀ ਰਹੀ ਸੀ। ਉਹਨੇ ਸੈਰ੍ਹਾ ਨੂੰ ਇੱਕ ਰਾਤ ਸ਼ਰਾਬ ਪੀ ਕੇ ਕੁੱਟਿਆ ਵੀ। ਸੈਰ੍ਹਾ ਮੁੜ ਆਪਣੇ ਪਿਉ ਕੋਲ ਚਲੇ ਗਈ।

-----

ਦੂਜੇ ਸਿਆਲ਼ ਸੈਰ੍ਹਾ ਆਪਣੇ ਪਿਉ ਨਾਲ ਆਪਣੇ ਚਾਚੇ ਨੂੰ ਮਿਲਣ ਆਈ। ਪਰਮਿੰਦਰ ਨੇ ਉਹਨੂੰ ਮਨਾ ਕੇ ਫਿਰ ਆਪਣੇ ਨਾਲ ਰੱਖ ਲਿਆ। ਉਹ ਹੁਣ ਪਹਿਲਾਂ ਨਾਲੋਂ ਕਾਫੀ ਬਦਲ ਚੁੱਕੀ ਸੀ। ਬੜੀ ਲਾ-ਪਰਵਾਹ ਜਿਹੀ। ਬੀਅਰ, ਸ਼ਰਾਬ ਜੋ ਵੀ ਮਿਲੇ ਪੀ ਲੈਂਦੀ। ਪਰਮਿੰਦਰ ਨੂੰ ਉਹਦੇ ਵਿੱਚ ਆਈ ਤਬਦੀਲੀ ਬੜੀ ਫਾਇਦੇਮੰਦ ਗੱਲ ਜਾਪੀ। ਉਹਨੇ ਵਕੀਲ ਨਾਲ ਮਿਲ਼ ਕੇ ਤਲਾਕ ਦੇ ਪੇਪਰ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ। ਛੇਤੀ ਹੀ ਆਪਣੀ ਚਲਾਕੀ ਦੇ ਸਹਾਰੇ ਉਹਨੇ ਸੈਰ੍ਹਾ ਕੋਲੋਂ ਉਨ੍ਹਾਂ ਪੇਪਰਾਂ ਤੇ ਦਸਤਖ਼ਤ ਕਰਾ ਲਏ।

-----

ਤਲਾਕ ਦਾ ਕੰਮ ਹੋਣ ਬਾਅਦ ਪਰਮਿੰਦਰ ਨੇ ਦਿਨਾਂ ਵਿੱਚ ਹੀ ਸੈਰ੍ਹਾ ਤੋਂ ਪਿੱਛਾ ਛੁਡਾ ਲਿਆ। ਉਹਦੇ ਇਸ ਫੁਰਤੀ ਨਾਲ ਸੈਰ੍ਹਾ ਨੂੰ ਖਿਸਕਾਣ ਦਾ ਇੱਕ ਕਾਰਨ ਇਹ ਵੀ ਸੀ ਕਿ ਸੈਰ੍ਹਾ ਨੂੰ ਬੱਚਾ ਠਹਿਰ ਗਿਆ ਸੀ। ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਤਾਂ ਸੈਰ੍ਹਾ ਬੜੇ ਖ਼ਿਆਲ ਨਾਲ ਬਰਥ-ਕੰਟਰੋਲ ਦੀਆਂ ਗੋਲ਼ੀਆਂ ਖਾਂਦੀ ਰਹੀ ਸੀ, ਪਰ ਹੁਣ ਉਹਨੂੰ ਇਸ ਕਿਸਮ ਦੀ ਕੋਈ ਪਰਵਾਹ ਜਾਂ ਖ਼ਿਆਲ ਹੀ ਨਹੀਂ ਸੀ।

ਪਰਮਿੰਦਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨੇ ਸੈਰ੍ਹਾ ਨੂੰ ਰੀਜ਼ਰਵ ਵੱਲ ਜਾਂਦੀ ਇੱਕ ਬਸ ਵਿੱਚ ਬਿਠਾ ਦਿੱਤਾ। ਆਪ ਉਹ ਸ਼ਹਿਰ ਦੇ ਕਿਸੇ ਹੋਰ ਹਿੱਸੇ ਵਿੱਚ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ। ਸੈਰ੍ਹਾ ਜੇ ਉਹਨੂੰ ਭਾਲਣ ਦੀ ਕੋਸ਼ਸ਼ ਵੀ ਕਰਦੀ ਤਾਂ ਉਹਨੇ ਲੱਭਣਾ ਨਹੀਂ ਸੀ।

-----

ਪਰਮਿੰਦਰ ਦੋ ਕੁ ਸਾਲ ਮਿੱਲ ਵਿੱਚ ਕੰਮ ਕਰਦਾ ਰਿਹਾ। ਜਦੋਂ ਹੱਥ ਵਿੱਚ ਗੁਜ਼ਾਰੇ ਜੋਗੇ ਪੈਸੇ ਹੋ ਗਏ ਤਾਂ ਦੇਸ ਜਾ ਕੇ ਵਿਆਹ ਕਰਾ ਆਇਆ। ਕੁਲਵੀਰ ਉਸ ਵਕਤ ਐਮ ਏ ਵਿੱਚ ਪੜ੍ਹਦੀ ਸੀ। ਪੜ੍ਹਾਈ ਵਿਚੇ ਛੱਡ ਕੇ ਉਹ ਕਨੇਡਾ ਆ ਗਈ। ਪਰਮਿੰਦਰ ਹੁਣ ਨਵੇਂ ਮਾਹੌਲ ਤੇ ਨਵੇਂ ਦੋਸਤਾਂ ਵਿੱਚ ਰਹਿ ਰਿਹਾ ਸੀ। ਪਿਆਰਾ ਉਸਦੇ ਨਵੇਂ ਦੋਸਤਾਂ ਵਿੱਚੋਂ ਉਸਦਾ ਸਭ ਤੋਂ ਵਧੀਆ ਦੋਸਤ ਸੀ।

ਪਰਮਿੰਦਰ ਨੇ ਪਿਆਰੇ ਦਾ ਬੂਹਾ ਖੜਕਾਇਆ। ਅੰਦਰ ਲੰਘ ਕੇ ਉਹਨੇ ਸ਼ਰਾਬ ਦੀਆਂ ਬੋਤਲਾਂ ਵਾਲਾ ਬੈਗ ਪਿਆਰੇ ਨੂੰ ਫੜਾ ਦਿੱਤਾ।

.........

ਲਾਹ ਲੈ ਜੈਕਟ ਜਿਹੀ, ਭਾਈਆ ਅਜੇ ਸਵੇਰੇ ਬਣਿਆਂ ਮੂੰਹ ਤੇਰਾ ਹੁਣੇ ਬੁੜ੍ਹਾ ਹੋਇਆ ਲੱਗਦਾ”, ਪਿਆਰੇ ਨੇ ਬੈਗ ਵਿੱਚੋਂ ਬੋਤਲਾਂ ਕੱਢਦੇ ਨੇ ਕਿਹਾ.

............

ਵਿੱਚ ਕੀ ਪਾਉਣਾ, ਪਾਣੀ ਕਿ ਬੱਤਾ?”, ਪਿਆਰੇ ਨੇ ਗਲਾਸ ਉਹਦੇ ਕੋਲ ਨੂੰ ਕਰਦੇ ਨੇ ਪੁੱਛਿਆ।

.............

ਠਹਿਰ ਜਾ ਦੋ ਮਿੰਟ, ਜਾਣਾ ਕਿਤੇ ਵੱਡਿਆ ਕਾਹਲ਼ਿਆ?” ਪਰਮਿੰਦਰ ਨੇ ਗਲਾਸ ਫੜਦਿਆਂ ਬੱਤੇ ਨੂੰ ਹੱਥ ਪਾਇਆ।

...............

ਸਿੱਟ ਲੈ ਅੰਦਰ ਐਵੇਂ ਰੁੱਸਿਆ ਜਿਹਾ ਮੂੰਹ ਬਣਾਈ ਫਿਰਦਾਂ, ਗੱਲਬਾਤ ਕਰਨ ਵਾਲਾ ਤਾਂ ਹੋ।

ਅੱਛਾ ਗੁਰੂ ਕੁਝ ਖਾਣ ਨੂੰ ਤਾਂ ਲਿਆ।

..............

ਲੈ ਆਚਾਰ ਦੀ ਫਾੜੀ ਪਾ ਲੈ ਮੂੰਹ ਚ ਖਾਣ ਨੂੰ ਇੱਥੇ ਚੂੜੇ ਆਲੀ ਬੈਠੀ ਆ ਉਏ।

.............

ਹੋਰ ਸੁਣਾ ਫੇਰ ਤੇਰਾ ਕੀ ਹਾਲ ਆ?” ਪਰਮਿੰਦਰ ਨੇ ਠੀਕ ਹੋ ਕੇ ਬੈਠਦਿਆਂ ਪੁੱਛਿਆ।

.............

ਹਾਲ ਚਾਲ ਔ ਰੈਟ ਆ - ਹਾਲ ਚਾਲ ਨੂੰ ਕੀ ਆ। ਜਿੱਦਣ ਦੀ ਪੈਰ ਤੇ ਸੱਟ ਲੱਗੀ ਆ ਰਾਮ ਨਾਲ ਕੰਪਨਸੇਸ਼ਨ ਠੋਕੀ ਜਾਨੇ ਆਂ ਮੁਖ਼ਤ ਦਾ”, ਪਿਆਰਾ ਬੋਲਦਾ ਹੋਇਆ ਵੱਡੀ ਸਾਰੀ ਕੁਰਸੀ ਤੇ ਇੰਝ ਬੈਠਾ ਸੀ ਜਿਵੇਂ ਉੱਠ ਕੇ ਦੌੜਨਾ ਹੋਵੇ। ਪਹਿਲਾਂ ਉਹਦੇ ਗਲਬਾਤ ਦੇ ਅੰਦਾਜ਼ ਤੋਂ ਵੀ ਲੱਗਦਾ ਸੀ ਜਿਵੇਂ ਉਹ ਕਿਸੇ ਗੱਲ ਕਰਕੇ ਘਬਰਾਇਆ ਜਿਹਾ ਸੀ। ਸਾਲ਼ਾ ਆਇਆ ਈ ਨਈਂ ਅਜੇ ਤੱਕ ਬਾਂਦਰ, ਮੈਨੂੰ ਕਹਿੰਦਾ ਸੀ ਅੱਧੇ ਘੰਟੇ ਤੱਕ ਆਇਆ”, ਪਿਆਰੇ ਨੇ ਘੜੀ ਵੱਲ ਦੇਖਦਿਆਂ ਕਿਹਾ।

.........

ਕਿਹਨੂੰ ਉਡੀਕਣ ਡਿਹਾਂ ਏਨੀ ਬੇਸਬਰੀ ਨਾਲ?”, ਪਰਮਿੰਦਰ ਨੇ ਸਵਾਲ ਕੀਤਾ।

...........

ਨੰਜੂ ਦਾ ਫੋਨ ਆਇਆ ਸੀ. ਕੱਲ੍ਹ ਵੀ ਕਹਿੰਦਾ ਸੀਗਾ ਆਊਂਗਾ ਪਰ ਆਇਆ ਨਹੀਂ। ਅੱਜ ਫੇਰ ਪਤਾ ਨਹੀਂ ਸਾਲ਼ੇ ਦਾ ਆਵੇ ਕਿ ਨਾ।ਪਿਆਰਾ ਉੱਠ ਕੇ ਤਾਕੀ ਰਾਹੀਂ ਬਾਹਰ ਦੇਖਣ ਲੱਗ ਪਿਆ।

...........

ਪਿਆਰੇ ਨੇ ਆਪਣੇ ਲਈ ਇੱਕ ਹੋਰ ਚੰਗਾ ਦਰਾਮ ਪਾਇਆ ਤੇ ਪਰਮਿੰਦਰ ਕੋਲ ਆਉਂਦਿਆਂ ਕਹਿਣ ਲੱਗਾ, “ਪਰਮਿੰਦਰ ਬਈ ਨੰਜੂ ਦਾ ਬੜਾ ਰੁਕ ਆਇਐ। ਇੱਕ ਇੰਡੀਅਨ ਜਿਹੀ ਟੱਕਰੀ ਆ ਉਹਨੂੰ ਉੱਧਰੋਂ ਪਰਿੰਸ ਜਾਰਜ ਵੱਲੋਂ ਲਿਆਇਆ ਕਿਤੋਂ - ਇੱਕ ਨਿੱਕਾ ਜਿਹਾ ਮੁੰਡਾ ਆ ਉਹਦੇ ਨਾਲ। ਸਾਲ਼ੀ ਪੂਰੀ ਹਿੰਦਣੀ ਲੱਗਦੀ ਆ - ਵਿਆਹ ਵੀ ਪਹਿਲਾਂ ਕਿਸੇ ਹਿੰਦੂ ਨਾਲ ਈ ਕਰਾਇਆ ਸੀ - ਅਗਲਾ ਫਰੀਅ ਹੋ ਕੇ ਲਾਂਭੇ ਹੋਇਆ - ਮੁੰਡਾ ਵੀ ਛੱਡ ਗਿਆ - ਬੜੇ ਚੰਗੇ ਸੁਭਾਅ ਦੀ ਦੱਸਦੇ ਆ - ਨੰਜੂ ਤਾਂ ਸੌਹਰਾ ਸਿਫ਼ਤਾਂ ਕਰਦਾ ਈ ਨਈਂ ਥੱਕਦਾ”, ਪਿਆਰਾ ਨਸ਼ੇ ਦੀ ਲੋਰ ਚ ਸੁਆਦ ਨਾਲ ਦੱਸ ਰਿਹਾ ਸੀ।

-----

ਪਰਮਿੰਦਰ ਚੁੱਪ ਕੀਤਾ ਸੁਣ ਰਿਹਾ ਸੀ। ਗੱਲ ਸੁਣ ਕੇ ਇੱਕ ਪਲ ਲਈ ਸੈਰ੍ਹਾ ਉਹਦੇ ਖ਼ਿਆਲ ਵਿੱਚ ਆਈ। ਪਰ ਉਹਨੇ ਇਸ ਖ਼ਿਆਲ ਨੂੰ ਅੰਦਰੇ ਹੀ ਕੋਈ ਹੋਰ ਹੋਊ ਹੋਰ ਥੋੜ੍ਹੀਆਂ ਨੇ ਹਿੰਦੂ ਫਰੀਅ ਕਰਾਏ ਸੀ’, ਕਹਿ ਕੇ ਰੱਦ ਕਰ ਦਿੱਤਾ।

ਪਿਆਰਾ ਫੇਰ ਤਾਕੀ ਵਿੱਚੋਂ ਬਾਹਰ ਦੇਖ ਰਿਹਾ ਸੀ. ਘਰ ਅੱਗੇ ਇੱਕ ਕਾਰ ਰੁਕਦੀ ਦੇਖ ਕੇ ਉਹ ਖ਼ੁਸ਼ੀ ਵਿੱਚ ਟੱਪਿਆ। ਆ ਤਾਂ ਗਿਆ ਬਈ, ਖਬਰੇ ਸਾਡੇ ਵੀ ਅੱਜ ਕਰਮ ਖੁੱਲ੍ਹ ਜਾਣ, ਇੰਡੀਅਨ ਵੀ ਨਾਲ ਈ ਆ।ਉਹਨੇ ਪਰਮਿੰਦਰ ਨੂੰ ਖ਼ੁਸ਼ ਕਰਨ ਲਈ ਕਿਹਾ।

ਨੰਜੂ ਤੀਵੀਂ ਨੂੰ ਦਰਵਾਜ਼ੇ ਵਿੱਚੋਂ ਫੜ੍ਹ ਕੇ ਅੰਦਰ ਲਿਆਇਆ। ਉਨ੍ਹਾਂ ਦੇ ਪਿਛੇ ਇੱਕ ਛੋਟਾ ਜਿਹਾ ਮੁੰਡਾ ਵੀ ਸੀ।

..............

ਭਰਾਵਾ ਇਹਨੇ ਸਵੇਰੇ ਅੱਜ ਬੀਅਰ ਈ ਬਹੁਤ ਪੀ ਲਈ। ਸਹੁਰੀ ਆਉਂਦੀ ਈ ਨਹੀਂ ਸੀ”, ਨੰਜੂ ਨੇ ਤੀਵੀਂ ਨੂੰ ਪਰਮਿੰਦਰ ਦੇ ਸਾਹਮਣੇ ਸੋਫ਼ੇ ਤੇ ਬਿਠਾਉਂਦਿਆਂ ਕਿਹਾ।

..........

ਪਰਮਿੰਦਰ ਨੇ ਸ਼ਰਾਬ ਦਾ ਗਲਾਸ ਅੱਧੇ ਤੋਂ ਉੱਪਰ ਭਰਿਆ ਤੇ ਸੁੱਕੀ ਹੀ ਪੀ ਗਿਆ।

.............

ਲੈ ਫੜ੍ਹ ਪੁੱਤ ਕੁੱਕੀ, ਟੀ. ਵੀ. ਦੇਖਣੀ ਆ ਤੂੰ?” ਪਿਆਰਾ ਮੁੰਡੇ ਨੂੰ ਉਂਗਲੀ ਲਾਈ ਫਿਰਦਾ ਸੀ। ਮੁੰਡਾ ਉਤਾਂਹ ਨੂੰ ਸਿਰ ਚੁੱਕੀ ਚੁੱਪ-ਚਾਪ ਪਿਆਰੇ ਵੱਲ ਦੇਖੀ ਜਾਂਦਾ ਸੀ।

ਮੁੰਡੇ ਨੇ ਪਾਸਾ ਘੁਮਾ ਕੇ ਪਰਮਿੰਦਰ ਵੱਲ ਉਸੇ ਤਰ੍ਹਾ ਡੌਰ ਭੌਰੀਆਂ ਅੱਖਾਂ ਨਾਲ ਦੇਖਿਆ। ਪਰਮਿੰਦਰ ਵੀ ਮੁੰਡੇ ਵੱਲ ਦੇਖਣੋਂ ਨਾ ਰਹਿ ਸਕਿਆ। ਮੁੰਡੇ ਦੀਆਂ ਖ਼ਾਲੀ ਤੇ ਉਦਾਸ ਅੱਖਾਂ ਵਿੱਚ ਉਹਨੂੰ ਇੱਕ ਅਜੀਬ ਜਿਹੀ ਖਿੱਚ ਜਾਪੀ, ਜੋ ਕਦੇ ਉਹਨੇ ਸੈਰ੍ਹਾ ਦੀਆਂ ਅੱਖਾਂ ਵਿੱਚ ਦੇਖੀ ਸੀ। ਉਹਦੀ ਨਵ-ਜੰਮੀ ਕੁੜੀ ਦੀਆਂ ਛੋਟੀਆਂ ਛੋਟੀਆਂ ਕਾਲ਼ੀਆਂ ਅੱਖਾਂ ਵੀ ਉਹਦੇ ਜ਼ਿਹਨ ਚ ਆ ਟਕਰਾਈਆਂ। ਉਹਨੇ ਮੂੰਹ ਭਵਾ ਲਿਆ ਅਤੇ ਉੱਠ ਕੇ ਤੁਰ ਪਿਆ।

ਉਹਦਾ ਹੌਂਸਲਾ ਨਾ ਪਿਆ ਮੁੜ ਕੇ ਦੂਜੇ ਪਾਸੇ ਦੇਖਣ ਦਾ, ਜਿਥੇ ਪਿਆਰਾ ਸੋਫ਼ੇ ਤੇ ਪਈ ਇੰਡੀਅਨਨੂੰ ਭੁੱਖਿਆਂ ਵਾਂਗ ਚੰਬੜ ਗਿਆ ਸੀ।

******

ਸਮਾਪਤ

Sunday, April 18, 2010

ਹਰਜੀਤ ਅਟਵਾਲ – ਕਹਾਣੀ – ਚਿੱਪੀ – ਭਾਗ ਪਹਿਲਾ

ਸਾਹਿਤਕ ਨਾਮ: ਹਰਜੀਤ ਅਟਵਾਲ

ਜਨਮ: 1952 ਪਿੰਡ ਫਰਾਲਾ ਜ਼ਿਲ੍ਹਾ ਜਲੰਧਰ (ਹੁਣ ਨਵਾਂ ਸ਼ਹਿਰ) ਪੰਜਾਬ

ਅਜੋਕਾ ਨਿਵਾਸ: 1977 ਤੋਂ ਇੰਗਲੈਂਡ ਵਿਚ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਸਰਦ ਪੈਰਾਂ ਦੀ ਉਡੀਕ, ਕਹਾਣੀ-ਸੰਗ੍ਰਹਿ: ਸੁੱਕਾ ਪੱਤਾ ਤੇ ਹਵਾ, ਕਾਲਾ ਲਹੂ, ਖੂਹ ਵਾਲਾ ਘਰ, ਸੱਪਾਂ ਦਾ ਘਰ ਬਰਤਾਨੀਆ, ਇਕ ਸੱਚ ਮੇਰਾ ਵੀ, ਨਵੇਂ ਗੀਤ ਦਾ ਮੁਖੜਾ, ਨਾਵਲ: ਵਨ ਵੇਅ, ਰੇਤ, ਸਵਾਰੀ, ਸਾਊਥਾਲ, ਬੀ. ਬੀ. ਸੀ. ਡੀ. (ਛਪਾਈ ਅਧੀਨ), ਸਫ਼ਰਨਾਮਾ: ਫੋਕਸ, ਜੀਵਨੀ: ਪੱਚਾਸੀ ਵਰ੍ਹਿਆਂ ਦਾ ਜਸ਼ਨ (ਆਪਣੇ ਪਿਤਾ ਜੀ ਦੀ ਜੀਵਨੀ)

-----

ਦੋਸਤੋ! ਯੂ.ਕੇ. ਵਸਦੇ ਨਾਵਲਿਸਟ ਅਤੇ ਕਹਾਣੀਕਾਰ ਹਰਜੀਤ ਅਟਵਾਲ ਸਾਹਿਬ ਨੇ ਲਿਖਣਾ ਸਕੂਲ ਸਮੇਂ ਤੋਂ ਹੀ ਸ਼ੁਰੂ ਕੀਤਾ ਸੀਪੰਜਾਬੀ ਦਾ ਲਗਭਗ ਹਰ ਨਾਵਲ (ਭਾਈ ਵੀਰ ਸਿੰਘ ਦੀ ਸੁੰਦਰੀ ਤੋਂ ਲੈ ਕੇ ਅਜ ਤਕ ਦੇ ਸਾਰੇ) ਪੜ੍ਹਨ ਦਾ ਮਾਣ ਹਾਸਲ ਹੈਪੰਜਾਬੀ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਦੇ ਸਾਹਿਤ ਦਾ ਅਧਿਅਨ ਕੀਤਾ ਹੈਸਕੂਲ ਸਮੇਂ ਤੋਂ ਹੀ ਕਹਾਣੀਆਂ ਮੈਗਜ਼ੀਨਾਂ ਤੇ ਅਖ਼ਬਾਰਾਂ ਵਿਚ ਛਪਣੀਆਂ ਸ਼ੁਰੂ ਹੋ ਗਈਆਂ ਸਨਪਹਿਲੀ ਕਿਤਾਬ ਕਵਿਤਾ ਦੀ ਸੰਨ 1981 ਵਿਚ ਛਪਾਈਹੁਣ ਤਕ ਲਿਖੀਆਂ ਕਿਤਾਬਾਂ ਵਿਚੋਂ ਕਈ ਹਿੰਦੁਸਤਾਨ ਦੀਆਂ ਯੂਨੀਵਰਸਟੀਆਂ ਵਿਚ ਪੜ੍ਹਾਈਆਂ ਜਾ ਚੁੱਕੀਆਂ ਹਨ ਜਾਂ ਪੜ੍ਹਾਈਆਂ ਜਾ ਰਹੀਆਂ ਹਨ ਨਾਵਲਾਂ ਦਾ ਹਿੰਦੀ ਭਾਸ਼ਾ ਚ ਵੀ ਅਨੁਵਾਦ ਹੋ ਚੁੱਕਾ ਹੈ। ਰੋਜ਼ਾਨਾ ਭਾਸਕਰ (ਹਿੰਦੀ) ਵਿਚ ਪਿਛਲੇ ਕਈ ਸਾਲ ਤੋਂ ਲਗਾਤਾਰ ਇਕ ਕਾਲਮ; ‘ਲੰਡਨ ਡਾਇਰੀ’, ਲਿਖਦੇ ਆ ਰਹੇ ਹਨ। ਕੁਝ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈਸ਼ਬਦਨਾਂ ਦੇ ਤ੍ਰੈਮਾਸਿਕ ਸਾਹਿਤਕ ਸਿਰਕੱਢ ਮੈਗਜ਼ੀਨ ਦਾ ਪਿਛਲੇ ਤੇਰਾਂ ਸਾਲ ਤੋਂ ਸੰਪਾਦਨ ਵੀ ਬਾਖ਼ੂਬੀ ਕਰ ਰਹੇ ਨੇ। ਅੱਜਕਲ੍ਹ ਉਹ ਆਪਣੇ ਨਵੇਂ ਨਾਵਲ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ

-----

ਅੱਜ ਅਟਵਾਲ ਸਾਹਿਬ ਨੇ ਇਕ ਬੇਹੱਦ ਖ਼ੂਬਸੂਰਤ ਕਹਾਣੀ ਨਾਲ਼ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਏਥੇ ਇਹ ਵੀ ਦੱਸਣਾ ਲਾਜ਼ਮੀ ਸਮਝਦੀ ਹਾਂ ਕਿ ਬਹੁਤ ਜਲਦ ਹੀ ਅਟਵਾਲ ਸਾਹਿਬ ਦਾ ਬਹੁ-ਚਰਚਿਤ ਨਾਵਲ ਰੇਤ ਵੀ ਆਰਸੀ ਚ ਲੜੀਵਾਰ ਪੋਸਟ ਕੀਤਾ ਜਾਵੇਗਾ। ਅੱਜ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਸ ਕਹਾਣੀ ਨੂੰ ਆਰਸੀ ਰਿਸ਼ਮਾਂ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਉਹਨਾਂ ਦੀ ਆਰਸੀ 'ਤੇ ਹਾਜ਼ਰੀ ਸਾਡਾ ਸਭ ਦਾ ਸੁਭਾਗ ਹੈ। ਮਨੁੱਖੀ ਰਿਸ਼ਤਿਆਂ/ਸੋਚ ਦੀ ਜਟਿਲਤਾ ਅਤੇ ਸ਼ਬਦਾਂ ਰਾਹੀਂ ਨਾ ਪ੍ਰਗਟ ਕੀਤੇ ਜਾ ਸਕਣ ਵਾਲ਼ੇ ਭਾਵ/ਮੋਹ ਨੂੰ ਬਾਖ਼ੂਬੀ ਪੇਸ਼ ਕਰਦੀ ਇਸ ਕਹਾਣੀ ਨੂੰ ਮੈਂ ਇੱਕੋ ਸਾਹੇ ਅਤੇ ਕਈ ਵਾਰ ਪੜ੍ਹਿਆ। ਇਹ ਕਹਾਣੀ ਮੇਰੇ ਜ਼ਿਹਨ ਤੇ ਡੂੰਘੀ ਛਾਪ ਛੱਡ ਗਈ ਹੈ। ਮੇਰੇ ਵੱਲੋਂ ਇਕ ਬੇਹਤਰੀਨ ਕਹਾਣੀ ਲਿਖਣ ਤੇ ਅਟਵਾਲ ਸਾਹਿਬ ਨੂੰ ਮੁਬਾਰਕਬਾਦ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਚਿੱਪੀ

ਕਹਾਣੀ

ਭਾਗ ਪਹਿਲਾ

ਮੇਰਾ ਭਾਈਆ ਪਿਆਰ ਦੀ ਮੂਰਤ ਸੀ ਪਰ ਉਸ ਦੇ ਆਖਰੀ ਸਮੇਂ ਮੈਂ ਉਸ ਨੂੰ ਨਰਾਜ਼ ਕਰ ਲਿਆ ਸੀਇਸ ਗੱਲ ਦਾ ਮੈਨੂੰ ਸਦਾ ਹੀ ਦੁੱਖ ਰਿਹਾ ਹੈ

ਮੇਰੇ ਭਾਈਏ ਦਾ ਲੱਕੜ ਦਾ ਅਟਾਲ ਸੀਜੱਟ ਦੇ ਸੁਭਾਅ ਤੋਂ ਉਲਟ ਕਿਸਮ ਦਾ ਵਿਓਪਾਰਇਸ ਨਾਲ ਸ਼ਾਇਦ ਸਮਾਜਕ ਰੁਤਬੇ ਉਪਰ ਕੋਈ ਫ਼ਰਕ ਪੈਂਦਾ ਹੋਵੇਗਾ, ਮੈਨੂੰ ਨਹੀਂ ਪਤਾ ਕਿਉਂ ਕਿ ਕਦੇ ਕਿਸੇ ਨੇ ਸਾਡੇ ਸਾਹਮਣੇ ਅਜਿਹੀ ਕੋਈ ਗੱਲ ਨਹੀਂ ਸੀ ਕਹੀ ਪਰ ਕੁਝ ਰਿਸ਼ਤੇਦਾਰ ਜ਼ਰੂਰ ਸਨ ਜੋ ਭਾਈਏ ਦੇ ਇਸ ਕੰਮ ਨਾਲ ਖ਼ਫ਼ਾ ਸਨ ਪਰ ਭਾਈਆ ਸੀ ਕਿ ਕਿਸੇ ਦੀ ਪਰਵਾਹ ਨਾ ਕਰਦਾਪਹਾੜਾਂ ਵਲੋਂ ਲੱਕੜ ਦੇ ਭਰੇ ਗੱਡੇ ਆਉਂਦੇ, ਭਾਈਏ ਦੇ ਅਟਾਲ ਵਿਚ ਖ਼ਾਲੀ ਹੋ ਕੇ ਮੁੜ ਜਾਂਦੇਭਾਈਆ ਦੁੱਗਣੇ ਭਾਅ ਵੇਚੀ ਜਾਂਦਾਉਹ ਖੜ੍ਹੇ ਦਰੱਖ਼ਤ ਵੀ ਖ਼ਰੀਦਦਾਦਰੱਖ਼ਤ ਨੂੰ ਜੱਫ਼ੀ ਵਿਚ ਲੈ ਕੇ ਉਸ ਦੀ ਕੀਮਤ ਪਾਉਂਦਾ, ਪੇਪਰ ਤੇ ਕੋਈ ਹਿਸਾਬ ਜਿਹਾ ਲਾਉਂਦਾ, ਦਰੱਖ਼ਤ ਦੇ ਪਰਿਵਾਰ ਜਾਂ ਖਿਲਾਰ ਨੂੰ ਦੇਖਦਾ ਤੇ ਦਰੱਖ਼ਤ ਦਾ ਮੁੱਲ ਪਾ ਦਿੰਦਾਦਰੱਖ਼ਤ ਦਾ ਮਾਲਕ ਕੁਝ ਏਧਰ-ਓਧਰ ਕਰਕੇ ਸਾਈ ਫੜ ਲੈਂਦਾਕਈ ਵਾਰ ਮੈਂ ਵੀ ਉਸ ਦੇ ਸਾਈਕਲ ਦੇ ਮੂਹਰੇ ਬੈਠ ਕੇ ਉਹਦੇ ਨਾਲ਼ ਜਾਂਦਾਕਈ ਲੋੜਕਾਰ ਆਪਣਾ ਦਰੱਖ਼ਤ ਵੇਚਣ ਲਈ ਭਾਈਏ ਨੂੰ ਲੱਭਦੇ ਫਿਰਦੇਉਹ ਦੂਰ-ਦੂਰ ਤੱਕ ਦੇ ਪਿੰਡਾਂ ਦੀ ਸਾਈ ਫੜ ਲੈਂਦਾਕਈ ਵਾਰ ਸੜਕਾਂ ਜਾਂ ਨਹਿਰੀ ਦਰੱਖ਼ਤਾਂ ਦੀ ਵੀਫਿਰ ਅਜਿਹੇ ਸਰਕਾਰੀ ਦਰੱਖ਼ਤ ਬੋਲੀ ਰਾਹੀਂ ਵਿਕਣ ਲੱਗੇ ਤਾਂ ਭਾਈਏ ਨੇ ਇਹ ਲੈਣੇ ਬੰਦ ਕਰ ਦਿਤੇ ਪਰ ਨਿੱਜੀ ਦਰੱਖ਼ਤ ਦਾ ਉਸ ਨੂੰ ਪਤਾ ਚਲ ਜਾਵੇ, ਛੱਡਦਾ ਨਹੀਂ ਸੀ

-----

ਮੈਨੂੰ ਬਚਪਨ ਵਿਚ ਹੀ ਉਸ ਨੇ ਆਪਣੇ ਇਸ ਕਿਸਬ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿਤੀ ਸੀਉਹ ਕਹਿੰਦਾ,

ਇਹ ਕਿੱਕਰ ਅੱਠ ਹੱਥ ਲੰਮੀ ਆਂ ਤੇ ਜੱਫ਼ੀ ਭਰ ਮੋਟੀ, ਚਾਰ ਸ਼ਤੀਰੀਆਂ ਕਿਤੇ ਨਹੀਂ ਗਈਆਂ। ...ਐਸ ਟਾਹਲੀ ਚੋਂ ਵੀਹ ਫੱਟੇ ਜ਼ਰੂਰ ਨਿੱਕਲ ਆਉਣਗੇ। ...ਐਸ ਨਿੰਮ ਚੋ ਸੌ ਬਾਲਾ ਕਿਤੇ ਨਹੀਂ ਗਿਆ। ...ਆਹ ਦੇਖ ਪੰਜ ਹਲਸਾਂ, ਐਸ ਕਿੱਕਰ ਚੋਂ ਕਈ ਚਊ ਨਿਕਲ਼ ਆਉਣੇ ਆਂ

ਜਿੰਨੇ ਕੁ ਦਾ ਮਾਲ ਹੁੰਦਾ ਭਾਈਆ ਉਸ ਤੋਂ ਅੱਧ ਮੁੱਲ ਉਸ ਦਰੱਖ਼ਤ ਦਾ ਪਾਉਂਦਾਦਰੱਖ਼ਤ ਵੇਚਣ ਵਾਲੇ ਨੂੰ ਬਹੁਤਾ ਪਤਾ ਨਾ ਹੁੰਦਾ ਤੇ ਉਸ ਨੂੰ ਜੋ ਮਿਲ਼ ਜਾਂਦਾ ਉਹਦੇ ਨਾਲ ਹੀ ਖ਼ੁਸ਼ ਹੋ ਜਾਂਦਾਭਾਈਏ ਨੂੰ ਇਸ ਕੰਮ ਦੀ ਪੂਰੀ ਵਾਕਫ਼ੀ ਸੀ

ਪਰ ਮੈਨੂੰ ਭਾਈਏ ਦਾ ਇਹ ਕੰਮ ਪਸੰਦ ਨਹੀ ਸੀ ਜਿਵੇਂ ਮੇਰੇ ਅੰਦਰਲਾ ਜੱਟ ਕਿਤੇ ਨਾ ਕਿਤੇ ਸ਼ਰਮਸ਼ਾਰ ਹੋ ਰਿਹਾ ਹੋਵੇ

-----

ਦੋ ਕਨਾਲ਼ ਦਾ ਅਟਾਲ ਹਰ ਵੇਲੇ ਲੱਕੜ ਨਾਲ ਭਰਿਆ ਰਹਿੰਦਾਇਸ ਵਿਚ ਬਾਲਣ ਹੁੰਦਾਕਿਸਾਨਾਂ ਦੇ ਕੰਮ ਆਉਣ ਵਾਲਾ ਸਮਾਨ ਵੀਛੋਟੇ ਤੋਂ ਵੱਡਾ ਸਮਾਨਚਊ ਤੋਂ ਸੁਹਾਗੇ ਤਕ ਦਾ ਸਭ ਕੁਝਖੁਰਲੀਆਂ ਭਾਈਏ ਦੇ ਅਟਾਲ ਦੀ ਖ਼ਾਸੀਅਤ ਸਨਬੰਤਾ ਸਿੰਘ ਮਿਸਤਰੀ ਹਰ ਵੇਲੇ ਦਿਹਾੜੀ ਲੱਗਾ ਰਹਿੰਦਾ ਸੀਉਹ ਕਿਸਾਨਾਂ ਦੇ ਸੰਦਾਂ ਨੂੰ ਵਰਤਣਯੋਗ ਕਰਕੇ ਅਗਲੇ ਦੇ ਹੱਥ ਫੜਾ ਦਿੰਦਾਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਅਜਿਹਾ ਖੇਤੀ ਵਿਚ ਵਰਤੋਂ ਦਾ ਸਮਾਨ ਲੈਣ ਆ ਜਾਇਆ ਕਰਦੇ ਸਨ

----

ਭਾਈਆ ਆਪ ਵੀ ਕੁਹਾੜਾ ਅਤੇ ਆਰੀ ਚਲਾਉਣ ਦਾ ਮਾਹਿਰ ਸੀਆਰੇ ਆਰੀਆਂ ਦੇ ਦੰਦੇ ਬੜੀ ਨੀਝ ਨਾਲ ਤਿੱਖੇ ਕਰਦਾਦੰਦੇ ਤਿੱਖੇ ਕਰਨ ਨੂੰ ਉਹ ਵਿਉਂਤ ਲਾਉਣੀ ਕਹਿੰਦਾਇਸ ਵਿਉਂਤ ਲਾਉਣ ਲਈ ਵਧੀਆ ਜਿਹਾ ਟਕੋਰਾ ਸ਼ਹਿਰੋਂ ਲਿਆ ਕੇ ਰੱਖਦਾਦੰਦੇ ਤਿੱਖੇ ਕਰਕੇ ਆਰੀ ਜਾਂ ਆਰੇ ਨੂੰ ਸਿੱਧਾ ਕਰ ਕਰ ਕੇ ਵਿਉਂਤ ਦੇਖਦਾ ਕਿ ਕੰਮ ਠੀਕ ਵੀ ਹੋਇਆ ਹੈਉਂਗਲ਼ਾਂ ਫੇਰ ਕੇ ਦੇਖਦਾ, ਜੇ ਤਾਂ ਦੰਦੇ ਚੁੱਭ ਰਹੇ ਹਨ ਤਾਂ ਵਿਉਂਤ ਠੀਕ ਲੱਗੀ ਹੈ ਨਹੀਂ ਤਾਂ ਕਿਧਰੇ ਕੋਈ ਨੁਕਸ ਹੈਜਦ ਮੈਂ ਪਹਿਲੀ ਵਾਰ ਆਰੀ ਫੜੀ ਤਾਂ ਉਹ ਮੇਰੇ ਵੱਲ ਬਹੁਤ ਨੀਝ ਨਾਲ਼ ਦੇਖ ਰਿਹਾ ਸੀਜਦ ਮੈਂ ਪਹਿਲਾ ਚੀਰ ਪਾਇਆ ਤਾਂ ਉਸ ਨੇ ਮੈਨੂੰ ਜੱਫ਼ੀ ਵਿਚ ਲੈ ਲਿਆ ਤੇ ਕਹਿਣ ਲੱਗਿਆ,

ਇਹ ਮੇਰਾ ਪੁੱਤ ਬਣੂੰ ਇਕ ਦਿਨ ਵੱਡਾ ਮਿਸਤਰੀ!

ਮੇਰੇ ਆਰੀ ਫੜਨ ਦੇ ਢੰਗ ਤੋਂ ਹੀ ਉਸ ਨੇ ਕੋਈ ਅੰਦਾਜ਼ਾ ਲਾ ਲਿਆ ਸੀ ਪਰ ਮੈਨੂੰ ਉਸ ਦੀ ਗੱਲ ਤੇ ਸੰਗ ਆ ਜਾਂਦੀਮੈਨੂੰ ਮਿਸਤਰੀ ਬਣਨਾ ਬਿਲਕੁਲ ਪਸੰਦ ਨਹੀਂ ਸੀ ਪਰ ਭਾਈਆ ਤਾਂ ਮੇਰੇ ਲਈ ਖਿਡਾਉਣੇ ਵੀ ਮਿਸਤਰੀਆਂ ਵਾਲੇ ਹੀ ਲਿਆਉਂਦਾਮੇਰੇ ਖੇਡਣ ਲਈ ਪਲਾਸਟਿਕ ਦਾ ਥੋੜ੍ਹਾ ਹੁੰਦਾ, ਕੁਹਾੜਾ ਹੁੰਦਾ ਜਾਂ ਰੰਦਾ ਹੁੰਦਾ, ਮੇਖਾਂ ਹੁੰਦੀਆਂ

-----

ਮੈਂ ਨਾਨਕੇ ਘਰ ਜਾਂਦਾ ਤਾਂ ਮੇਰੇ ਮਾਮਿਆਂ ਦੇ ਮੁੰਡੇ ਬੋਹੜ ਦੇ ਪੱਤਿਆਂ ਦੇ ਬਲਦ ਬਣਾ ਕੇ ਖੇਡ ਰਹੇ ਹੁੰਦੇਉਹਨਾਂ ਕੋਲ਼ ਲੱਕੜੀ ਦਾ ਬਣਿਆ ਹੋਇਆ ਨਿੱਕਾ ਜਿਹਾ ਗੱਡਾ ਵੀ ਸੀ ਤੇ ਲੱਕੜ ਦੇ ਹੀ ਬੌਲਦ ਵੀਮੈਂ ਉਹਨਾਂ ਨਾਲ ਬਹੁਤ ਚਾਅ ਨਾਲ ਖੇਡਦਾਮੇਰੇ ਨਾਨੇ ਨੇ ਮੇਰਾ ਸ਼ੌਂਕ ਦੇਖ ਕੇ ਮੇਰੇ ਲਈ ਵੀ ਅਜਿਹਾ ਹੀ ਲੱਕੜ ਦਾ ਗੱਡਾ ਤੇ ਬੌਲਦ ਬਣਾ ਦਿਤੇ ਸਨ ਜਿਸ ਨੂੰ ਚਾਈਂ ਚਾਈਂ ਆਪਣੇ ਪਿੰਡ ਲੈ ਆਇਆ ਸਾਂ

ਇਹ ਮੇਰਾ ਨਾਨਾ ਹੀ ਸੀ ਜਿਸ ਨੇ ਮੈਨੂੰ ਖੇਤੀ ਦੇ ਸਾਰੇ ਕੰਮ ਸਿਖਾਏਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਮੇਰੀ ਸਿੱਖਿਆ ਵਧਦੀ ਗਈਛੱਲੀਆਂ ਗੁੱਡਣ ਤਾਂ ਮੈਂ ਬਹੁਤ ਬਚਪਨ ਵਿਚ ਲੱਗ ਪਿਆ ਸਾਂਹਲ੍ਹ ਦੀ ਹੱਥੀ ਮੈਂ ਆਪਣੇ ਮਾਮਿਆਂ ਦੇ ਸਾਰੇ ਮੁੰਡਿਆਂ ਤੋਂ ਪਹਿਲਾਂ ਫੜ ਲਈ ਸੀਵਢਾਈ ਵੇਲੇ ਵੀ ਮੈਂ ਕਿਸੇ ਨੂੰ ਲਾਗੇ ਨਾ ਲੱਗਣ ਦਿੰਦਾ

ਇਕ ਦਿਨ ਮੇਰਾ ਨਾਨਾ ਮੈਨੂੰ ਆਖਣ ਲਗਿਆ,

ਹੇਖਾਂ! ਚੰਗੀ ਭਲੀ ਜ਼ਮੀਨ ਆਂ ਜੱਟ ਦੀ ਤੇ ਇਹ ਖੇਤੀ ਛੱਡੀ ਬੈਠਾ ਤੇ ਆਹ ਤਖਾਣਾ ਕੰਮ ਕਰਕੇ ਆਪਣੇ ਜੱਟ ਹੋਣ ਨੂੰ ਲਾਜ ਲਈ ਬੈਠਾ

ਇਹੋ ਗੱਲ ਆ ਕੇ ਮੈਂ ਭਾਈਏ ਨੂੰ ਦੱਸ ਦਿਤੀਉਹ ਪੂਰੇ ਠਰ੍ਹੰਮੇ ਨਾਲ ਬੋਲਿਆ,

ਦੇਖ ਪੁੱਤਰਾ, ਖੇਤੀ ਚ ਉਹ ਆਮਦਨ ਨਹੀਂ ਜਿਹੜੀ ਏਸ ਕੰਮ ਚ ਆ, ਹੁਣ ਦੇਖ ਆਹ ਵੱਡਾ ਸਾਰਾ ਘਰ ਮੈਂ ਇਸੇ ਕੰਮ ਚੋਂ ਬਣਾਇਆ, ਦੋ ਕੁੜੀਆਂ ਦੇ ਵਧੀਆ ਵਿਆਹ ਕੀਤੇ ਆ, ਚਾਰ ਪੈਸੇ ਵੀ ਕੋਲ਼ ਹੈਗੇ ਆ, ਖੇਤੀ ਚ ਬੰਦਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ

ਭਾਈਏ ਦੀ ਗੱਲ ਠੀਕ ਵੀ ਲਗਦੀ ਪਰ ਮੇਰਾ ਰੁਝਾਨ ਖੇਤੀ ਵਲ ਵਧ ਰਿਹਾ ਸੀਮੈਨੂੰ ਆਪਣੇ ਖੇਤਾਂ ਦਾ ਗੇੜਾ ਮਾਰਨਾ ਚੰਗਾ ਲਗਦਾਮੈਂ ਬਹਾਨਾ ਲੱਭ ਕੇ ਆਪਣੇ ਭੌਲ਼ੀਦਾਰਾਂ ਨਾਲ ਕੰਮ ਨੂੰ ਹੱਥ ਵੀ ਪੁਆ ਦਿੰਦਾਜਦ ਮੇਰੇ ਨਾਨਕਿਆਂ ਨੇ ਟਰੈਕਟਰ ਲਿਆ ਤਾਂ ਮੇਰਾ ਮਨ ਵੀ ਕਾਹਲ਼ਾ ਪੈਣ ਲਗਿਆਮੈਂ ਭਾਈਏ ਨੂੰ ਕਿਹਾ,

ਭਾਈਆ, ਕਿਉਂ ਨਾ ਆਪਾਂ ਟਰੈਕਟਰ ਲੈ ਲਈਏ, ਮੈਂ ਖੇਤੀ ਆਪ ਕਰੂੰ ਤੇ ਲੋਕਾਂ ਦੀ ਜ਼ਮੀਨ ਵੀ ਵਾਹ ਦਿਆ ਕਰੂੰ

ਪੁੱਤਰਾ, ਸਭ ਤੋਂ ਪਹਿਲਾਂ ਤਾਂ ਤੂੰ ਪੜ੍ਹ, ਜੇ ਨਹੀਂ ਪੜ੍ਹਨਾ ਤਾਂ ਫੇਰ ਮੈਂ ਦਸੂੰ ਕਿ ਕੀ ਕਰਨਾਸ਼ਹਿਰ ਜਾ ਕੇ ਆਰਾ ਲਾਵਾਂਗੇਵੱਡੇ ਪੱਧਰ ਤੇ ਕੰਮ ਕਰਾਂਗੇ, ਖੇਤੀ ਚ ਕੁਸ਼ ਨਹੀਂ ਰੱਖਿਆ, ਨਾਲ਼ੇ ਜਮੀਨ ਨੇ ਕਿਤੇ ਨਹੀਂ ਜਾਣਾ, ਖੇਤੀ ਤਾਂ ਜਦੋਂ ਮਰਜ਼ੀ ਕਰ ਲਈਏ

-----

ਮੈਂ ਪੜ੍ਹਨ ਵਿਚ ਠੀਕ ਸਾਂ ਤੇ ਪੜ੍ਹਦਾ ਰਿਹਾ

ਬਾਕੀ ਸਭ ਚਲਦਾ ਸੀ ਪਰ ਭਾਈਏ ਦੀ ਇਕ ਗੱਲ ਮੈਨੂੰ ਬਿਲਕੁਲ ਚੰਗੀ ਨਾ ਲਗਦੀ ਕਿ ਹੋਰਨਾਂ ਮਿਸਤਰੀਆਂ ਵਾਂਗ ਉਹ ਵੀ ਸੰਦਾਂ ਨੂੰ ਇਕ ਦਿਨ ਰਾਜ ਤੇ ਬੈਠਾਇਆ ਕਰਦਾਵਿਸ਼ਵਾਕਰਮਾ ਦਿਵਸ ਤੇ ਪ੍ਰੀਤਮ ਸਿੰਘ ਨੂੰ ਚੰਦਾ ਵੀ ਦਿੰਦਾਮੇਰਾ ਮਨ ਕਰਦਾ ਕਿ ਭਾਈਏ ਨੂੰ ਇਸ ਗੱਲੋਂ ਟੋਕਾਂ ਪਰ ਮੇਰੀ ਏਨੀ ਹਿੰਮਤ ਨਹੀਂ ਸੀਮੈਨੂੰ ਪਤਾ ਸੀ ਕਿ ਭਾਈਆ ਆਪਣੇ ਸੰਦਾਂ ਨੂੰ ਬਹੁਤ ਮੋਹ ਕਰਦਾ ਹੈਫਿਰ ਭਾਈਏ ਨੇ ਮੈਨੂੰ ਕਦੇ ਕਿਸੇ ਗਲੋਂ ਰੋਕਿਆ-ਟੋਕਿਆ ਨਹੀਂ ਸੀਮੇਰੀ ਹਰ ਫ਼ਰਮਾਇਸ਼ ਝੱਟ ਪੂਰੀ ਕਰਦਾਟੈਲੀਵੀਯਨ ਸਾਡੇ ਘਰ ਉਦੋਂ ਤੋਂ ਹੀ ਸੀ ਜਦੋਂ ਇਹ ਨਵੇਂ ਨਿਕਲੇ ਸਨਦਸਵੀਂ ਕਰਦਿਆਂ ਹੀ ਮੈਨੂੰ ਮੋਟਰ ਸਾਈਕਲ ਲੈ ਦਿੱਤਾ ਸੀਜੇਬ੍ਹ ਖ਼ਰਚਾ ਵੀ ਪੂਰਾ ਮਿਲਦਾ

-----

ਇਕ ਦਿਨ ਭਾਈਏ ਨੂੰ ਦਿਲ ਦਾ ਦੌਰਾ ਪੈ ਗਿਆਬਲੱਡ-ਪਰੈਸ਼ਰ ਤਾਂ ਉਸ ਨੂੰ ਹੈ ਹੀ ਸੀ ਤੇ ਉੱਪਰੋਂ ਦੀ ਸ਼ਰਾਬ ਵੀ ਉਹ ਲੋਹੜੇ ਦੀ ਪੀਂਦਾ ਸੀਹਸਪਤਾਲ ਵਿਚ ਪਿਆ ਭਾਈਆ ਮੈਨੂੰ ਕਹਿਣ ਲੱਗਿਆ,

ਮੈਨੂੰ ਪਤਾ ਕਿ ਤੈਨੂੰ ਇਹ ਲੱਕੜ ਦਾ ਕੰਮ ਪਸੰਦ ਨਹੀਂ ਤੇ ਤੂੰ ਕਰਨਾ ਵੀ ਨਹੀਂ, ਬੇਸ਼ੱਕ ਨਾ ਕਰੀਂ ਪਰ ਮੇਰਾ ਇਕ ਕੰਮ ਕਰੀਂ, ਮੇਰੇ ਸੰਦਾਂ ਨੂੰ ਸੰਭਾਲ ਕੇ ਰੱਖੀਂ, ਇਹਨਾਂ ਕਰਕੇ ਮੈਂ ਸਾਰੀ ਉਮਰ ਰਿਜ਼ਕ ਕਮਾਇਆ, ਜੇ ਇਹ ਦੇਣੇ ਵੀ ਹੋਏ ਤਾਂ ਕਿਸੇ ਹੰਢੇ ਹੋਏ ਕਾਰੀਗਰ ਨੂੰ ਦੇਵੀਂ ਜਿਹਨੂੰ ਸੰਦਾਂ ਦੀ ਕਦਰ ਕਰਨੀ ਆਉਂਦੀ ਹੋਵੇ

ਤੇ ਮੈਂ ਭਾਈਏ ਦੀ ਆਖਰੀ ਇੱਛਿਆ ਪੂਰੀ ਨਾ ਕਰ ਸਕਿਆਮੈਂ ਅਟਾਲ ਵੇਚ ਦਿਤਾ ਤੇ ਵਿਚੇ ਹੀ ਸੰਦ ਵੀਜਿਹਨਾਂ ਨੇ ਅਟਾਲ ਖਰੀਦਿਆ ਉਹਨਾਂ ਨੂੰ ਸੰਦਾਂ ਨਾਲ ਬਹੁਤ ਮਤਲਬ ਨਹੀਂ ਸੀਉਹਨਾਂ ਨੇ ਸਿਰਫ਼ ਬਾਲਣ ਹੀ ਵੇਚਣਾ ਸੀਸੰਦ ਉਹਨਾਂ ਨੇ ਸੁੱਟ-ਮ-ਸੁੱਟ ਕਰ ਦਿੱਤੇ

-----

ਉਸ ਦਿਨ ਤੋਂ ਬਾਅਦ ਭਾਈਆ ਮੇਰੇ ਸੁਫ਼ਨਿਆਂ ਵਿਚ ਬਹੁਤ ਵਾਰ ਆਇਆ ਪਰ ਉਹ ਸਦਾ ਹੀ ਮੇਰੇ ਤੋਂ ਨਰਾਜ਼ ਪਾਸਾ ਵੱਟ ਕੇ ਖੜ੍ਹਾ ਹੁੰਦਾ

ਅੱਜ ਮੈਂ ਆਪ ਇਕ ਵਧੀਆ ਚਿੱਪੀ ਹਾਂਮੇਰੇ ਜਿਹਾ ਲੱਕੜ ਦਾ ਕੰਮ ਕਰਨ ਵਾਲਾ ਕਾਰੀਗਰ ਪੂਰੇ ਸਾਊਥਾਲ ਵਿਚ ਨਹੀਂ ਹੋਵੇਗਾ ਸ਼ਾਇਦ ਇਹ ਭਾਈਏ ਦਾ ਅਸ਼ੀਰਵਾਦ ਹੋਵੇ ਜਾਂ ਕੁਝ ਹੋਰ

ਮੌਕਾ ਮੇਲ ਇਹ ਹੋਇਆ ਕਿ ਲੰਡਨ ਪੁੱਜਦਿਆਂ ਜਿਥੇ ਮੈਨੂੰ ਕੰਮ ਮਿਲ਼ਿਆ ਉਹ ਇਕ ਲੱਕੜ ਦੀ ਫੈਕਟਰੀ ਹੀ ਸੀਇਥੇ ਘਰਾਂ ਲਈ ਅਲਮਾਰੀਆਂ ਬਣਦੀਆਂ ਸਨਇੰਟਰਵਿਊ ਸਮੇਂ ਫੈਕਟਰੀ ਦੇ ਫੋਰਮੈਨ ਨੇ ਮੇਰੇ ਤੋਂ ਕੁਝ ਸਕਰਿਊ ਕਸਵਾ ਕੇ ਦੇਖੇਇਹ ਸਕਰਿਊ ਮੇਰੇ ਤੋਂ ਇਵੇਂ ਸਿਧੇ ਕੱਸ ਹੋ ਗਏ ਜਿਵੇਂ ਮੈਂ ਬਹੁਤ ਦੇਰ ਤੋਂ ਇਸ ਕੰਮ ਵਿਚ ਹੋਵਾਂਇਸ ਫੈਕਟਰੀ ਵਿਚ ਕੰਮ ਕਰਦਿਆਂ ਲੱਕੜ ਦੇ ਕੰਮ ਵਿਚ ਮੇਰਾ ਹੱਥ ਸਾਫ਼ ਹੋਣ ਲਗਿਆਛੁੱਟੀ ਵਾਲੇ ਦਿਨ ਮੈਂ ਆਪਣੇ ਇਕ ਵਾਕਿਫ਼ਕਾਰ ਮੱਖਣ ਸਿੰਘ ਨਾਲ ਜੋ ਕਿ ਲੋਕਾਂ ਦੇ ਘਰਾਂ ਵਿਚ ਰਸੋਈ ਅਤੇ ਬੈੱਡਰੂਮਾਂ ਵਿਚ ਅਲਮਾਰੀਆਂ ਫਿੱਟ ਕਰਿਆ ਕਰਦਾ ਸੀ, ਕੰਮ ਵਿਚ ਹੱਥ ਵੰਡਾਉਣ ਲੱਗਿਆਫਿਰ ਫੈਕਟਰੀ ਵਿਚੋਂ ਕੰਮ ਛੱਡ ਕੇ ਮੈਂ ਮੱਖਣ ਸਿੰਘ ਨਾਲ ਰਲ਼ ਕੇ ਇਸੇ ਕੰਮ ਦੇ ਠੇਕੇ ਲੈਣ ਸ਼ੁਰੂ ਕਰ ਦਿਤੇਕੁਝ ਦੇਰ ਬਾਅਦ ਮੈਂ ਆਪਣਾ ਕੰਮ ਅਲੱਗ ਕਰ ਲਿਆ ਤੇ ਲੱਕੜ ਦੇ ਕੰਮ ਤੇ ਵੱਖ ਵੱਖ ਕੰਮਾਂ ਵਿਚ ਹੱਥ ਅਜ਼ਮਾਉਂਦਾ ਰਿਹਾਮੈਂ ਹਰ ਕੰਮ ਨੂੰ ਪੂਰੇ ਧਿਆਨ ਨਾਲ ਤੇ ਸਾਰਾ ਆਪਾ ਕੰਮ ਵਿਚ ਝੋਕ ਕੇ ਕੰਮ ਮਿਹਨਤ ਕਰਦਾਮੇਰੀ ਮੁਹਾਰਤ ਵਧਦੀ ਗਈ ਤੇ ਅੱਜ ਮੈਂ ਜਾਣਿਆ ਪਛਾਣਿਆ ਚਿੱਪੀ ਹਾਂਮੇਰੇ ਕੋਲ ਆਪਣੀ ਇਕ ਵੱਡੀ ਸਾਰੀ ਵੈਨ ਹੈ ਜਿਸ ਉਪਰ ਮੇਰੀ ਕੰਪਨੀ ਦਾ ਨਾਂ ਹੈ ਤੇ ਫੋਨ ਨੰਬਰ ਵੀਕੰਮ ਦੀ ਕਦੇ ਮੈਨੂੰ ਕੋਈ ਤੋਟ ਨਹੀਂ ਆਈ

******

ਲੜੀ ਜੋੜਨ ਲਈ ਭਾਗ ਪਹਿਲਾ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।