ਆਰਸੀ ‘ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਜਤਿੰਦਰ ਹਾਂਸ
ਅਜੋਕਾ ਨਿਵਾਸ – ਪਿੰਡ ਅਲੂਣਾ ਤੋਲਾ, ਜ਼ਿਲ੍ਹਾ ਲੁਧਿਆਣਾ
ਪ੍ਰਕਾਸ਼ਿਤ ਕਿਤਾਬਾਂ: ਦੋ ਕਹਾਣੀ ਸੰਗ੍ਰਹਿ: ਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼ ( ਪੰਜਾਬੀ ਅਤੇ ਹਿੰਦੀ )ਅਤੇ ਈਸ਼ਵਰ ਦਾ ਜਨਮ ਪ੍ਰਕਾਸ਼ਿਤ ਹੋ ਚੁੱਕੇ ਹਨ।
ਅਜੋਕਾ ਨਿਵਾਸ – ਪਿੰਡ ਅਲੂਣਾ ਤੋਲਾ, ਜ਼ਿਲ੍ਹਾ ਲੁਧਿਆਣਾ
ਪ੍ਰਕਾਸ਼ਿਤ ਕਿਤਾਬਾਂ: ਦੋ ਕਹਾਣੀ ਸੰਗ੍ਰਹਿ: ਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼ ( ਪੰਜਾਬੀ ਅਤੇ ਹਿੰਦੀ )ਅਤੇ ਈਸ਼ਵਰ ਦਾ ਜਨਮ ਪ੍ਰਕਾਸ਼ਿਤ ਹੋ ਚੁੱਕੇ ਹਨ।
-------
ਦੋਸਤੋ! ਜਤਿੰਦਰ ਹਾਂਸ ਜੀ ਪੰਜਾਬੀ ਵਿਚ ਰਚੀ ਜਾ ਰਹੀ ਕਹਾਣੀ ਦੇ ਬਹੁਤ ਹੀ ਖ਼ੂਬਸੂਰਤ ਹਸਤਾਖ਼ਰ ਹਨ। ਆਪਣੇ ਦੋਵਾਂ ਕਿਤਾਬਾਂ ਦੇ ਪ੍ਰਕਾਸ਼ਿਤ ਹੋਣ ਨਾਲ਼ ਉਹ ਪੰਜਾਬੀ ਅਦਬ ਵਿਚ ਚਰਚਾ ਵਿਚ ਆਏ ਹਨ। ਅੱਜ ਮੈਨੂੰ ਇਹ ਲਿਖਦਿਆਂ ਬਹੁਤ ਖ਼ੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਅੱਜ ਦੀ ਪੋਸਟ ਵਿਚ ਮੈਂ ਉਹਨਾਂ ਦੀ ਇਕ ਅਤਿ ਖ਼ੂਬਸੂਰਤ ਕਹਾਣੀ ‘ਰਾਹੂ-ਕੇਤੂ’ ਤਿੰਨ ਭਾਗਾਂ ਵਿਚ ਪੋਸਟ ਕਰਕੇ ਆਰਸੀ ਪਰਿਵਾਰ ਵੱਲੋਂ ਜਤਿੰਦਰ ਜੀ ਨੂੰ ਖ਼ੁਸ਼ਆਮਦੇਦ ਆਖ ਰਹੀ ਹਾਂ। ਮੇਰੀ ਬੜੀ ਦੇਰ ਦੀ ਖ਼ਵਾਹਿਸ਼ ਸੀ ਕਿ ਜਤਿੰਦਰ ਜੀ ਦੀ ਹਾਜ਼ਰੀ ਆਰਸੀ ‘ਤੇ ਜ਼ਰੂਰ ਲੱਗੇ, ਉਹਨਾਂ ਨੇ ਮੇਰੀ ਈਮੇਲ ਦਾ ਮਾਣ ਰੱਖ ਕੇ ਇਹ ਹਾਜ਼ਰੀ ਲਵਾਈ ਹੈ, ਸੋ ਮੈਂ ਉਹਨਾਂ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇਸ ਕਹਾਣੀ ਬਾਰੇ ਤੁਹਾਡੇ ਵਿਚਾਰ ਦੀ ਉਡੀਕ ਰਹੇਗੀ.... ਅਦਬ ਸਹਿਤ....ਤਨਦੀਪ
=======
ਦੋਸਤੋ! ਜਤਿੰਦਰ ਹਾਂਸ ਜੀ ਪੰਜਾਬੀ ਵਿਚ ਰਚੀ ਜਾ ਰਹੀ ਕਹਾਣੀ ਦੇ ਬਹੁਤ ਹੀ ਖ਼ੂਬਸੂਰਤ ਹਸਤਾਖ਼ਰ ਹਨ। ਆਪਣੇ ਦੋਵਾਂ ਕਿਤਾਬਾਂ ਦੇ ਪ੍ਰਕਾਸ਼ਿਤ ਹੋਣ ਨਾਲ਼ ਉਹ ਪੰਜਾਬੀ ਅਦਬ ਵਿਚ ਚਰਚਾ ਵਿਚ ਆਏ ਹਨ। ਅੱਜ ਮੈਨੂੰ ਇਹ ਲਿਖਦਿਆਂ ਬਹੁਤ ਖ਼ੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਅੱਜ ਦੀ ਪੋਸਟ ਵਿਚ ਮੈਂ ਉਹਨਾਂ ਦੀ ਇਕ ਅਤਿ ਖ਼ੂਬਸੂਰਤ ਕਹਾਣੀ ‘ਰਾਹੂ-ਕੇਤੂ’ ਤਿੰਨ ਭਾਗਾਂ ਵਿਚ ਪੋਸਟ ਕਰਕੇ ਆਰਸੀ ਪਰਿਵਾਰ ਵੱਲੋਂ ਜਤਿੰਦਰ ਜੀ ਨੂੰ ਖ਼ੁਸ਼ਆਮਦੇਦ ਆਖ ਰਹੀ ਹਾਂ। ਮੇਰੀ ਬੜੀ ਦੇਰ ਦੀ ਖ਼ਵਾਹਿਸ਼ ਸੀ ਕਿ ਜਤਿੰਦਰ ਜੀ ਦੀ ਹਾਜ਼ਰੀ ਆਰਸੀ ‘ਤੇ ਜ਼ਰੂਰ ਲੱਗੇ, ਉਹਨਾਂ ਨੇ ਮੇਰੀ ਈਮੇਲ ਦਾ ਮਾਣ ਰੱਖ ਕੇ ਇਹ ਹਾਜ਼ਰੀ ਲਵਾਈ ਹੈ, ਸੋ ਮੈਂ ਉਹਨਾਂ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇਸ ਕਹਾਣੀ ਬਾਰੇ ਤੁਹਾਡੇ ਵਿਚਾਰ ਦੀ ਉਡੀਕ ਰਹੇਗੀ.... ਅਦਬ ਸਹਿਤ....ਤਨਦੀਪ
=======
ਰਾਹੂ-ਕੇਤੂ
ਕਹਾਣੀ – ਭਾਗ
ਪਹਿਲਾ
-------
ਵਕੀਲ ਬਾਬੂ ਜੀ, ਮੋਤੀਆਂ ਆਲੀ ਸਰਕਾਰ ! ਧੰਨ ਹੋ ਤੁਸੀਂ ਤੇ ਧੰਨ ਏ ਥੋਡੀ ਵਕਾਲਤ।
ਵਕੀਲ ਬਾਬੂ ਜੀ, ਮੋਤੀਆਂ ਆਲੀ ਸਰਕਾਰ ! ਧੰਨ ਹੋ ਤੁਸੀਂ ਤੇ ਧੰਨ ਏ ਥੋਡੀ ਵਕਾਲਤ।
ਅਰਜ਼ ਇਹ ਆ ਜੀ, ਮੇਰੀ ਜਾਨ ਨੂੰ ਖ਼ਤਰਾ। ਮੇਰੀ ਮਤਲ ਕੁਝ ਬੰਦੇ ਮੈਨੂੰ ਮਰਿਆ ਭਾਲ਼ਦੇ
ਨੇ। ਕਈ ਦਿਨਾਂ ਤੋਂ ਲੁਕ ਛਿਪ ਕੇ ਜਾਨ
ਬਚਾਉਨਾ। ਬਾਬੂ ਜੀ, ਤੁਸੀਂ ਪੰਜਾਬ ਦੇ ਪਹਿਲੇ ਦਰਜੇ
ਦੇ ਵਕੀਲ ਓਂ। ਬੇਨਤੀ
ਇਹ ਆ ਤੁਸੀਂ ਮੇਰੀ ਅਰਜ਼ੀ ਟਾਈਪ ਕਰਵਾਓ। ਮੈਂ ਸਾਰਿਆਂ ਬੰਦਿਆਂ ਦੀਆਂ ਗੱਲਾਂ ਦੱਸ ਦਿੰਨਾ, ਨਾਲੇ ਕਰੇ। ਜੇ ਮੈਨੂੰ ਕੁਝ ਹੋ ਗਿਆ, ਮੇਰਾ ਮਤਲ ਜੇ ਕਿਸੇ ਨੇ ਮੈਨੂੰ ਮਾਰ ਦਿੱਤਾ ਤਾਂ ਉਹ ਜਿੰਮੇਵਾਰ ਹੋਣਗੇ। ਅਲਮਾਰੀਆਂ ‘ਚ ਪਈਆਂ ਕਾਨੂੰਨ ਦੀਆਂ ਮੋਟੀਆਂ-ਮੋਟੀਆਂ
ਕਿਤਾਬਾਂ ਥੋਡੇ ਹਰਫ਼-ਹਰਫ਼ ਯਾਦ ਨੇ। ਤੁਸੀਂ ਸਾਰੇ ਕਾਨੂੰਨ ਦੀਆਂ ਘੁੰਡੀਆਂ
ਜਾਣਦੇ ਓ। ਤੁਸੀਂ ਕੋਈ ਘੁੰਡੀ ਕੱਢੋ। ਮੈਨੂੰ ਮਰੇ ਹੋਏ ਨੂੰ ਜਿਉਂਦਾ ਕਰੋ। ਜਿਵੇਂ ਤੁਸੀਂ ਮੇਰੇ ਪਹਿਲੇ ਕੇਸ ਵਿੱਚ ਕੀਤਾ
ਸੀ। ਉਵੇਂ ਹੀ ਕਰੋ। ਮੇਰਾ ਮਤਲ ਲੋਕਾਂ ਨੂੰ ਦੱਸ ਦਿਓ,
ਬਈ ਚੰਦ ਸਿਉਂ ਘੀਸੀ ਕਰਵਾ
ਦਿੰਦਾ।
ਵਕੀਲ ਬਾਬੂ ਜੀ ! ਮੈਨੂੰ ਲੱਗਦਾ ਤੁਸੀਂ ਮੈਨੂੰ ਪਹਿਚਾਣਿਆ ਨੀ। ਪਹਿਚਾਣ ਵੀ ਕਿਵੇਂ ਆਵੇ, ਤੁਸੀਂ ਪੰਜਾਬ ਦੇ ਪਹਿਲੇ ਦਰਜੇ ਦੇ ਵਕੀਲ ਓਂ, ਸੈਂਕੜੇ ਬੰਦੇ ਆਉਂਦੇ ਨੇ ਥੋਡੇ ਕੋਲ।
ਮੈਂ ਜੀ ਚੰਦ ਸਿੰਘ ਆਂ, ਪਵਾਂ ਪਿੰਡ ਐ ਮੇਰਾ। ਮੇਰਾ ਕੇਸ ਤੁਸੀਂ ਪਹਿਲਾਂ ਵੀ
ਲੜਿਆ ਸੀ। ਜਿੱਤਿਆ ਸੀ। ਉਸ ਕੇਸ ਵਿੱਚ ਤੁਸੀਂ ਦਾਲ਼ ਖਾਣਿਆਂ ਦੇ
ਲਾਣੇ ਨੂੰ ਸਜ਼ਾ ਕਰਵਾਈ ਸੀ। ਰਹਿੰਦੀ
ਫੀਸ ਨਾਲ ਮੈਂ ਲੱਡੂਆਂ ਦਾ ਡੱਬਾ ਲੈ ਕੇ ਆਇਆ ਸੀ।
ਵਕੀਲ ਬਾਬੂ ਜੀ ! ਮੇਰੇ ਤਾਂ ਅੱਜ ਵੀ ਜਦੋਂ
ਉਹ ਗੱਲਾਂ ਯਾਦ ਆਉਂਦੀਆਂ ਨੇ ਤਾਂ ਲੂਈਂ ਕੰਡਿਆ ਜਾਂਦੀ
ਆ। ਦਾਲ਼ ਖਾਣਿਆਂ ਦਾ ਲਾਣਾ ਬਹੁਤ
ਹੰਕਾਰਿਆ ਹੋਇਆ ਸੀ। ਮੇਰਾ ਮਤਲ ਬਹੁਤ ਬੰਦੇ ਹੋਣ ਕਰਕੇ,
ਉਹ ਸਿਰ ਚੜ੍ਹੇ ਹੋਏ ਸੀ। ਵੱਟਾਂ ਵਾਹ-ਵਾਹ ਸਾਡੇ ਖੇਤ ਵੱਲ ਕਰੀ ਜਾਂਦੇ। ਜਿਉਂ-ਜਿਉਂ ਮੈਂ ਭਲੀਮਾਣਸੀ ਵਰਤਦਾ,
ਉਹ ਨਾਢੂ ਸ਼ਾਹ ਬਣੇ ਫਿਰਨ। ਬਾਬੂ ਜੀ, ਭਲਾ ਬੰਦਾ ਕਿੰਨਾ ਕੁ ਚਿਰ ਦਬੀ ਜਾਊ। ਮੇਰਾ ਮਤਲ ਕਦੀ ਨਾ ਕਦੀ ਤਾਂ ਅਣਖ
ਅੰਦਰੋਂ ਢੁੱਡਾਂ ਮਾਰਦੀ ਆ। ਮਨ ‘ਚ ਲੂਹਰੀਆਂ ਉੱਠਦੀਆਂ।
ਜਦੋਂ ਮੈਂ ਖੇਤਾਂ ਵੱਲ ਜਾਣਾ ਝੂੰਮਦੀ ਕਣਕ ਜਿਵੇਂ ਕਹਿ ਰਹੀ ਹੋਵੇ, ‘‘ਬੰਦਾ ਮਾਰ ਦੇ ਜੱਟਾਂ,
ਕਚਹਿਰੀਓ ਪਹਿਲੀ ਪੇਸ਼ੀ
ਛੁਡਵਾ ਲਿਆਵਾਂਗੇ।’’ ਪਰ ਮੈਂ
ਫਿਰ ਸੋਚਦਾ ਕਣਕ ਇਹ ਨੀ ਕਹਿ ਸਕਦੀ। ਇਹ ਤਾਂ ਹਜ਼ਾਰਾਂ ਲੋਕਾਂ ਦੀ ਭੁੱਖ ਸ਼ਾਂਤ ਕਰਨ ਦੀ ਹੀ ਸੋਚ ਸਕਦੀ ਆ। ਇਹ ਤਾਂ ਮੇਰੇ ਅੰਦਰ ਬੈਠਾ ਕੋਈ ਪਾਪੀ ਬੰਦਾ
ਹੀ ਸੋਚਦਾ, ਪਰ
ਮੇਰੇ ਅੰਦਰ ਬੈਠਾ ਇੱਕ ਹੋਰ ਬੰਦਾ ਸੋਚਦਾ, ‘‘ਲੜਾਈਆਂ-ਝਗੜਿਆਂ ਚੋਂ ਕਿਸੇ ਨੇ ਕੀ ਖੱਟਿਆ, ਆਪਾਂ ਕਰਜ਼ਾ ਲਾਹਾਂਗੇ। ’’
ਇਕ ਦਿਨ ਸ਼ਾਮ ਨੂੰ ਮੇਰੀ ਘਰਵਾਲੀ ਦਲੀਪ ਕੁਰ ਕਹਿੰਦੀ, ‘‘ਏ ਜੀ, ਤੁਸੀਂ ਰੱਬ ਨਾਲ ਰੋਸੇ ਕਰਦੇ ਰਹਿੰਦੇ ਓ, ਕਲ਼ਪਦੇ ਰਹਿੰਦੇ ਓ ਅਖੇ, ਕਰਜ਼ੇ ਨੇ ਮਾਰ ਲਿਆ। ਬੈਂਕਾਂ ਦੀਆਂ ਕਿਸਤਾਂ
ਨੀ ਮੁੜਦੀਆਂ। ਆੜ੍ਹਤੀਆਂ
ਦਾ ਵਿਆਜ ਨੀ ਉਤਰਦਾ। ਦੇਖ ਲਵੋ
ਲੈਣਾ-ਦੇਣਾ ਤਾਂ ਚੰਦ ਸੂਰਜ ਨੇ ਵੀ ਆ, ਅੱਜ ਰਾਹੂ-ਕੇਤੂ ਚੰਦ ਨਾਲ ਹਿਸਾਬ-ਕਿਤਾਬ ਕਰਨਗੇ।
ਅੱਜ ਦੇ ਦਿਨ ਦਾਨ ਕਰਨਾ ਚੰਗਾ ਹੁੰਦਾ। ਆਹ ਕੱਪੜੇ ਦਾਣਿਆਂ ਨੂੰ ਹੱਥ ਲਾ ਦੋ...ਖਬਰੈ
ਰੱਬ ਸੁਣ ਲਵੇ...। ’’ ਉਹ ਪੁਰਾਣੇ ਕੱਪੜੇ ਕੱਢੀ ਬੈਠੀ ਸੀ।
ਮੈਂ ਉਸ ਨੂੰ ਕਿਹਾ, ‘‘ਭਾਗਵਾਨੇ, ਮੈਂ ਤਾਂ ਸਦਾ ਈ ਦਾਨ-ਪੁੰਨ ਕਰਦਾ ਰਹਿੰਨਾ। ਮੇਰਾ ਮਤਲ
ਮਹਿੰਗੀਆਂ ਦਵਾਈਆਂ, ਖਾਦਾਂ, ਬੀਜ ਪਾ ਕੇ ਫ਼ਸਲਾਂ ਪੈਦਾ ਕਰਦਾਂ। ਕੌਡੀਆਂ ਦੇ ਭਾਅ ਸਰਕਾਰ ਦੇ ਵਪਾਰੀ ਲੁੱਟ ਲਿਜਾਂਦੇ ਨੇ। ਤੂੰ ਇਸੇ ਨੂੰ ਦਾਨ ਸਮਝ। ਫਿਰ ਤੂੰ ਵੀ ਦਾਨ-ਪੁੰਨ
ਕਰਦੀ ਰਹਿੰਦੀ ਏਂ, ਤੇਰੇ ਕੀਤੇ ਦਾਨ ਦਾ ਅੱਧਾ ਫਲ ਤੇਰਾ ਪਤੀ ਹੋਣ ਕਰਕੇ ਮੈਨੂੰ ਮਿਲ ਈ ਜਾਣਾ……...।
ਉਹਨੂੰ ਇਹੋ ਜਿਹੀਆਂ ਗੱਲਾਂ ਬਦਸ਼ਗਨੀਆਂ ਲੱਗਦੀਆਂ। ਉਹ ਬੁੱਲ੍ਹ ਟੇਰਦੀ ਅੰਦਰ ਜਾ ਵੜੀ।
ਬਾਬੂ ਜੀ, ਉਸ ਦਿਨ ਬਿਜਲੀ ਰਾਤ ਨੂੰ ਆਉਣੀ ਸੀ। ਮੈਂ ਕਣਕ ਦੇ ਖੇਤ ਨੂੰ ਪਾਣੀ ਲਾਉਣ ਚਲਿਆ ਗਿਆ।
ਕਣਕ ਦੀ ਫ਼ਸਲ ਕਹਿ ਰਹੀ ਸੀ, … “ਜੱਟਾ ਐਤਕੀ ਤੇਰੇ ਸਾਰੇ ਉਲਾਂਭੇ ਲਾਹਦੂੰ। ਤੇਰੇ ਸਾਰੇ ਲੈਣੇ-ਦੇਣੇ ਮੋੜ ਦੂੰ।”
ਪਾਣੀ ਨਾਲ਼ ਸਿੰਜੇ ਕਿਆਰਿਆਂ ਵਿਚੋਂ ਗਿੱਲੀ ਮਿੱਟੀ ਦੀ ਮਹਿਕ ਆ ਰਹੀ ਸੀ। ਹਰੀ ਕਚੂਰ ਕਣਕ ਦੀਆਂ ਬੱਲੀਆਂ ’ਚੋਂ ਦੁੱਧ ਦੀ ਮਹਿਕ ਆ ਰਹੀ ਸੀ। ਨਸ਼ਾ ਜਿਹਾ ਹੋ ਗਿਆ। ‘ਵਾਹ ਓਏ ਦਾਤਾ! ਧੰਨ ਏ ਤੂੰ, ਧੰਨ ਨੇ ਤੇਰੇ ਰੰਗ।’ ਮੇਰਾ ਮਤਲ ‘ਜਦੋਂ ਫ਼ਸਲ ਪੱਕਣ ’ਤੇ ਆਉਂਦੀ ਆ ਤਾਂ ਆਪਣੇ ਆਪ ਦਾਣਿਆਂ
’ਚੋਂ ਦੁੱਧ ਭਰ
ਜਾਂਦਾ।’
ਏਦਾਂ ਦੀਆਂ ਗੱਲਾਂ ਸੋਚਦਿਆਂ
ਮੇਰਾ ਪਾਈਆ ਖ਼ੂਨ ਵੱਧ ਗਿਆ। ਉਦੋਂ ਹੀ
ਲੈਣੇ-ਦੇਣੇ ਯਾਦ ਆ ਗਏ…... ਖਾਲ਼ ਦੇ ਪਾਣੀ ਵਿਚ ਪੂਰਨਮਾਸ਼ੀ ਦਾ ਚੰਦ ਡੋਲਦਾ ਜਿਹਾ ਦਿਖਾਈ ਦਿੱਤਾ। ਦਲੀਪ ਕੁਰ ਦੀ ਗੱਲ ਯਾਦ ਆ ਗਈ ਅਖੇ,
“ਦੇਣਾ-ਲੈਣਾ ਤਾਂ ਚੰਦ ਸੂਰਜ ਨੇ
ਵੀ ਆ।”
ਅਸਮਾਨ ਵੱਲ ਨਿਗ੍ਹਾ ਮਾਰੀ। ਚੰਦ ਨੂੰ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ ਸੀ। ਜਦੋਂ ਕੰਨੀ ਦੇ ਕਿਨਾਰੇ ਨੂੰ ਪਾਣੀ ਮੋੜਿਆ
ਤਾਂ ਦੇਖਿਆ, ਦਾਲ਼ ਖਾਣੇ ਮੋਟਰ ’ਤੇ ਬੈਠੇ ਸ਼ਰਾਬ ਪੀ ਰਹੇ ਸੀ। ਉਨ੍ਹਾਂ ਵਿਚੋਂ ਕਿਸੇ ਨੇ ਖੰਘੂਰਾ ਮਾਰਿਆ। ਮੇਰੇ ਖ਼ੂਨ ’ਚ ਹਲਚਲ ਹੋਈ। ਫਿਰ ਸੋਚਿਆ, “ ਸ਼ਰਾਬੀ ਤੇ ਪਾਗ਼ਲ ਉੱਤੇ
ਕਾਹਦਾ ਗੁੱਸਾ।”
ਪਾਸਾ ਪਰਤ ਕੇ ਲੰਘਣ ਦੀ ਕੋਸ਼ਿਸ਼ ਕੀਤੀ। ਉਹ ਰਾਹੂ-ਕੇਤੂ ਵਾਂਗ ਰਾਹ ਰੋਕ ਕੇ ਖੜ੍ਹ ਗਏ। ਕਹਿੰਦੇ, “ਸਾਲਿਆ, ਸਾਨੂੰ ਲੋਕਾਂ ਕੋਲ ਦਾਲ-ਖਾਣ ਦੱਸਦੈਂ। ਜਿਵੇਂ ਤੂੰ ਨਿੱਤ ਮੀਟ ਨਾਲ ਰੋਟੀ ਖਾਂਦਾ
ਹੁੰਨੈ।... ਅਸੀਂ ਤੇਰੇ ਕਿਹੜੇ ਮੁਰੱਬੇ ਰੋਕ
ਲੇ? ਲੋਕਾਂ ਕੋਲ਼
ਸਾਡੀਆਂ ਗੱਲਾਂ ਬੁਣਾਉਨੈ...।”
ਮੈਂ ਆਪਣੇ ਆਪ ’ਤੇ ਕਾਬੂ ਪਾ ਕੇ ਨਰਮਾਈ ਨਾਲ ਕਿਹਾ, “ ਸਰਦਾਰੋ ਧੰਨ ਓ ਤੁਸੀਂ ਤੇ ਧੰਨ ਏ ਥੋਡੀ ਖੇਤੀ। ਦੇਖੋ, ਨਿੰਦਿਆ-ਚੁਗ਼ਲੀ ਦੀ ਆਦਤ ਤਾਂ ਮੈਨੂੰ ਹੈ
ਨੀ। ਜਿਹੜੀ ਗੱਲ ਕਰੂੰਗਾ ਮੂੰਹ ’ਤੇ ਕਰੂੰਗਾ। ਮੇਰਾ ਮਤਲ ਥੋਡਾ ਕੰਮ ਸਾਰੇ ਪਿੰਡ ’ਚੋਂ ਵਧੀਆ। ਲੋਕ ਨੀ ਜਰਦੇ, ਤਾਂ ਹੀ ਲੋਕ ਖੰਭਾਂ ਦੀਆਂ ਡਾਰਾਂ
ਬਣਾ-ਬਣਾ ਕੇ ਥੋਨੂੰ ਲੜਾਉਣ ਨੂੰ ਫਿਰਦੇ ਨੇ। ਇਹ ਗੱਲਾਂ ਉਹ ਸ਼ਰੀਕ ਬਣਾਉਂਦੇ ਨੇ, ਥੋਡਾ ਟਰੈਕਟਰ ਜਿਨ੍ਹਾਂ ਦੀ ਹਿੱਕ ਉੱਤੇ
ਚੱਲਦਾ, ਜਿਨ੍ਹਾਂ
ਤੋਂ ਥੋਡੀ ਤਰੱਕੀ ਦੇਖ ਨੀ ਹੁੰਦੀ...।”
ਬਾਬਾ ਜੀ, ਮੇਰੀਆਂ ਗੱਲਾਂ ਦਾ ਉਨ੍ਹਾਂ ਸ਼ਰਾਬੀਆਂ ਉੱਤੇ ਕੋਈ ਅਸਰ ਨਾ ਹੋਇਆ। ਉਹ ਬਦੀ ’ਤੇ ਉੱਤਰੇ ਹੋਏ ਸੀ। ਗਾਲ੍ਹ ਕੱਢੀ ਜਾਣ। ਫਿਰ ਪਤਾ ਨਹੀਂ ਮੈਨੂੰ ਕੀ ਹੋ ਗਿਆ। ਮੈਂ ਕਹੀ ਚੁੱਕ ਲਈ ਤੇ ਕਿਹਾ, “ਸਾਲਿਓ ਨੰਗੇ ਬੋਲਣ ਨੂੰ ਮਰਦੇ ਓ,
ਬੈਂਕਾਂ ਦੀਆਂ ਕਿਸ਼ਤਾਂ
ਥੋਤੋਂ ਮੋੜ ਨੀ ਹੁੰਦੀਆਂ, ਵੱਡੇ ਜਗੀਰਦਾਰਾਂ ਤੋਂ। ਸਰਕਾਰ ਥੋਡੀ ਜ਼ਮੀਨ ਕੁਰਕਣ ਨੂੰ ਫਿਰਦੀ ਆ। ਥੋਡੀ ਸਰਦਾਰਨੀ ਨੂੰ ਓਪਰੀ ਹਵਾ ਕੋਈ ਨੀ
ਹੋਈ ਮੇਰਾ ਮਤਲ ਉਹਦੀ ਕਾਮ ਅੱਗ ਥੋਤੋਂ ਠੰਡੀ ਨੀਂ ਹੁੰਦੀ, ਸਾਲਿਓ ਆਦਮੀ ਤੁਸੀਂ ਬੈਂਗਣ ਦੇ ਓ...” ਮੈਂ ਵੀ ਗਾਲ੍ਹਾਂ ਦਾ ਮੀਂਹ ਵਰ੍ਹਾ ਦਿੱਤਾ। ਇਹ ਵੀ ਭੁੱਲ ਗਿਆ ਉਹ ਚਾਰ ਜਣੇ ਨੇ ਤੇ ਮੈਂ
ਇਕੱਲਾ। ਉਹ ਪਤਾ ਨਹੀਂ ਕਿਹੜੇ ਵੇਲੇ ਮੋਟਰ
ਆਲੇ ਕਮਰੇ ’ਚੋਂ
ਡਾਂਗਾਂ ਕਿਰਪਾਨਾਂ ਚੁੱਕ ਲਿਆਏ। ਮੇਰਾ ਕੋਈ ਅੰਗ ਨਹੀਂ ਸੀ ਬਚਿਆ, ਜਿਹੜਾ ਜ਼ਖ਼ਮੀ ਨਾ ਹੋਇਆ ਹੋਵੇ। ਉਨ੍ਹਾਂ ਵਿਚੋਂ ਕਿਸੇ ਨੇ ਕਿਰਪਾਨ ਦੀ ਨੋਕ
ਨਾਲ ਮੇਰੀ ਅੱਖ ਕੱਢ ‘ਤੀ। ਮਰਿਆ ਸਮਝ ਕੇ ਸੁੱਟ ਗਏ, ਪਰ ਬਾਬੂ ਜੀ ਜੱਟ ਵੱਢਿਆ ਨੀ ਮਰਦਾ।
ਬਾਬੂ ਜੀ, ਦਾਲ਼ ਖਾਣਿਆਂ ਤੋਂ ਹੁਣ ਬਹੁਤਾ ਖ਼ਤਰਾ ਨਹੀਂ,
ਮੇਰਾ ਮਤਲ ਉਹ ਜੇਲ੍ਹ ’ਚੋਂ ਬੰਦੇ ਬਣ ਕੇ ਆਏ ਨੇ। ਸਭ ਕੁਝ ਵਿਕ-ਵਿਕਾ ਗਿਆ ਵੱਡੇ ਸਰਦਾਰਾਂ
ਦਾ। ਜਮ੍ਹਾਂ ਖਾਕੀ ਨੰਗ ਹੋ ‘ਗੇ। ਘੀਸੀ ਹੋਗੀ ਸਾਲ਼ਿਆਂ ਦੀ। ਦਿਹਾੜੀਆਂ ਕਰਦੇ ਫਿਰਦੇ ਨੇ। ਪਰ ਜੀ, ਜੇ ਸੱਪ ਦੇ ਦੰਦ ਕੱਢ ਵੀ ਲਈਏ ਤਾਂ ਵੀ ਉਹ
ਦੀ ਡੰਗ ਮਾਰਨ ਦੀ ਆਦਤ ਨਹੀਂ ਜਾਂਦੀ।
ਹੁਣ ਜ਼ਮੀਨ ਦੀਆਂ ਵੱਟਾਂ ਤੇ ਬੰਨਿਆਂ ਦਾ ਰੌਲ਼ਾ ਵੀ ਮੁੱਕ ਗਿਆ। ਮੇਰਾ ਮਤਲ ਵੱਟਾਂ ਹੀ ਨਹੀਂ ਰਹੀਆਂ। ਸਾਰੀ ਜ਼ਮੀਨ ਵਿਕ ਵਿਕਾ ਗਈ। ਬੈਂਕਾਂ, ਆੜ੍ਹਤੀਏ ਲੈ ਗਏ ਹੂੰਝਾ ਫੇਰ ਕੇ। ਕਣਕ ਦੇ ਖੇਤ ਜਿਹੜੇ ਕਹਿੰਦੇ ਸੀ, ‘ਬੰਦਾ ਮਾਰਦੇ ਜੱਟਾ ਪਹਿਲੀ ਪੇਸ਼ੀ ਛੁਡਵਾ
ਲਿਆਵਾਂਗੇ’, ਠਾਣੇਦਾਰ ਦੀ ਜਾੜ੍ਹ ਹੇਠ ਵੀ ਨਾ ਆਏ। ਮੇਰਾ ਮਤਲ ਉਹਦਾ ਘਰ ਵੀ ਪੂਰਾ
ਨਾ ਹੋਇਆ।
ਜਦੋਂ ਖੇਤ ਕੋਲੋਂ ਲੰਘਦਾ ਤਾਂ ਕਾਲ਼ਜੇ ’ਚ ਧੂਹ ਪੈਂਦੀ ਏ, ਕਿਸੇ ਸ਼ਹਿਰ ਦੇ ਬੰਦੇ ਨੇ ਅੱਧੇ
ਪਿੰਡ ਦੀ ਜ਼ਮੀਨ ਖ਼ਰੀਦ ਲਈ।
ਕਦੇ ਮਨ ਸਮਝਾਉਂਦਾ, ਇਹ ਜ਼ਮੀਨ ਕਦੇ ਕਿਸੇ ਦੀ ਨ੍ਹੀਂ ਹੋਈ। ਬਜ਼ੁਰਗ ਇਕ ਗੱਲ ਸੁਣਾਉਂਦੇ ਹੁੰਦੇ ਸੀ। ਅਖੇ, “ਸਾਧਾ ਪੂਪਨਿਆ, ਪਿਓ ਆਲਾ ਖੇਤ ਸਮਝ ਲਿਆ। ਇਹ ਮੇਰਾ ਖੇਤ ਆ।”
“ਭਗਤਾ ਦੁਨੀਆ
ਹੋ-ਹੋ ਚਲੀ ਗਈ, ਇਹ ਜ਼ਮੀਨ ਕਦੇ ਕਿਸੇ ਦੀ ਨੀ ਹੋਈ ” ਏਨਾ ਕਹਿ ਕੇ ਸਾਧ ਚਲਿਆ ਗਿਆ।
ਜੱਟ ਕੀ ਦੇਖਦਾ, ਖੇਤ ’ਚ ਜਿੰਨੇ
ਖਰਬੂਜੇ ਸੀ ਸਾਰਿਆਂ ਦੇ ਸਿਰ ਬਣਗੇ। ਸਾਰੇ ਕਹਿਣ ਜ਼ਮੀਨ ਮੇਰੀ ਐ... ਮੇਰੀ ਐ। ਮਤਲ ਬਾਬੂ ਜੀ, ਅੰਤ ਨੂੰ ਸਾਢੇ ਤਿੰਨ ਹੱਥ ਜ਼ਮੀਨ
ਹੀ ਨਸੀਬ ਹੁੰਦੀ ਆ।
ਹੁਣ ਗੱਲ ਇਹ ਆ ਜੀ, ਮੈਂ ਬੁੱਢਾ ਹੋ ਗਿਆਂ, ਛਿਆਹਟ ਵਰ੍ਹਿਆਂ ਦਾ। ਸਾਰੀ ਉਮਰ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ। ਮੇਰਾ ਮਤਲ ਦਸਾਂ ਨਹੁੰਆਂ ਦੀ ਕਿਰਤ ਕਰੀ
ਆ। ਆਪਣਾ ਟੱਬਰ ਪਾਲ਼ਿਆ। ਦਾਲ਼ ਖਾਣਿਆਂ ਦੀ ਲੜਾਈ ’ਚ ਮੇਰੀ ਅੱਖ ਚਲੀ ਗਈ,
ਨਾਲ਼ੇ ਚੂਲ਼ਾ ਟੁੱਟ ਗਿਆ। ਚੂਲਾ ਤਾਂ ਮੈਂ ਦੇਸੀ ਜਿਹੇ ਡਾਕਟਰ ਤੋਂ
ਬੰਨ੍ਹਵਾ ਲਿਆ ਫਿਰ ਪਿਸ਼ਾਬ ਬੰਦ ਹੋ ਗਿਆ। ਉਹਦਾ ਅਪਰੇਸ਼ਨ ਕਰਵਾ ਲਿਆ। ਹੁਣ ਥੋੜ੍ਹਾ-ਥੋੜ੍ਹਾ ਪਿਸ਼ਾਬ ਹਰ ਵੇਲੇ ਆ ਜਾਂਦਾ। ਉਹਦਾ ਅਪਰੇਸ਼ਨ ਕਰਵਾਉਣਾ ਪੈਣਾ। ਆਮਦਨ ਦਾ ਸਾਧਨ ਕੋਈ ਹੈ ਨੀ। ਜਦੋਂ ਬੰਦਾ ਡੁੱਬਦਾ, ਆਲ਼ੇ-ਦੁਆਲ਼ੇ ਬਹੁਤੇ ਹੱਥ ਮਾਰਦਾ। ਬਾਬੂ ਜੀ ਮੈਨੂੰ ਪਤਾ ਲੱਗਿਆ ਸਰਕਾਰ ਬੁੱਢਿਆਂ
ਨੂੰ ਬੁਢਾਪਾ ਪੈਨਸ਼ਨ ਦਿੰਦੀ ਆ। ਮੈਂ ਦੁਚਿੱਤੀ ’ਚ ਪੈ ਗਿਆ। ਕਦੀ ਸੋਚਦਾਂ ਲਗਵਾ ਲਵਾਂ, ਕਦੀ ਸੋਚਦਾਂ ਛੱਡ ਪਰੇ। ਮੇਰਾ ਮਤਲ ਮਨ ’ਚ ਆਵੇ, “ਜੱਟਾ! ਕਿਉਂ ਦੋ ਢਾਈ ਸੌ ਰੁਪਈਏ ਪਿੱਛੇ ਲਾਗੀਆਂ, ਤੱਥੀਆਂ ਆਲੀ ਲਾਈਨ ’ਚ ਖੜ੍ਹ ਕੇ ਨੀਵਾਂ ਹੋਵੇਂਗਾ।”
ਕਦੀ ਸੋਚਦਾ, ‘ਜਦੋਂ ਸਾਰੀ ਉਮਰ ਅੰਨਦਾਤਾ ਬਣ ਕੇ ਲੋਕਾਂ ਦੇ ਭੋਬੇ ਭਰਦਾ ਰਿਹਾ, ਸਰਕਾਰ ਨੂੰ ਸਾਰੇ ਟੈਕਸ ਦਿੰਦਾ ਰਿਹਾ। ਇਹ ਮੇਰਾ ਹੱਕ ਬਣਦਾ...।’ ਮੈਂ ਉਹੀ ਚੰਦ ਸਿਓਂ ਆ,
ਜਿਹਨੂੰ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣੇ ਮੇਲੇ ’ਚ ਅਗਾਂਹਵਧੂ ਕਿਸਾਨ ਦਾ ਖਿਤਾਬ ਮਿਲਿਆ ਸੀ। ਖੇਤੀਬਾੜੀ ਮੰਤਰੀ ਨੇ ਮੇਰੀ ਤਰੀਫ਼ ਦੇ ਪੁਲ਼ ਬੰਨ੍ਹ ਦਿੱਤੇ ਸੀ ਕਹਿੰਦਾ,
“ਇਹ ਉਨ੍ਹਾਂ ਕਿਸਾਨਾਂ ’ਚ ਆ ਜਿਨ੍ਹਾਂ ਹਰੀ ਕ੍ਰਾਂਤੀ ਲਿਆ
ਕੇ ਦੇਸ਼ ਨੂੰ ਖੁਸ਼ਹਾਲ ਕੀਤਾ, ਹੁਣ ਸਾਨੂੰ ਬਹਾਰਲੇ ਮੁਲਕਾਂ ਤੋਂ ਅੰਨ ਨਹੀਂ ਮੰਗਵਾਉਣਾ ਪੈਂਦਾ” ਵਕੀਲ ਬਾਬੂ ਜੀ, ਮੇਰੀ ਛਾਤੀ ਮਾਣ ਨਾਲ ਚੌੜੀ ਹੋ
ਗਈ ਸੀ। ਹੁਣ ਉਹੀ ਚੰਦ ਸਿਓਂ ਭੁੱਖਾ ਮਰਦਾ
ਬੁਢਾਪਾ ਪੈਨਸ਼ਨ ਲਗਵਾਉਣ ਲੱਗਾ ਸੀ।
ਜੇ ਮੇਰੇ ਕੋਲ ਥੋੜ੍ਹੀ ਜਿਹੀ ਜ਼ਮੀਨ ਵੀ ਬਚਦੀ ਹੁੰਦੀ ਤਾਂ ਇਹ ਅੱਕ ਨਾ ਚੱਬਦਾ।
ਮੈਂ ਸ਼ਹਿਰੋਂ ਬੁਢਾਪਾ ਪੈਨਸ਼ਨ ਲਗਵਾਉਣ ਵਾਲੇ ਫਾਰਮ
ਲੈਣ ਚਲਿਆ ਗਿਆ, ਸਾਰੇ ਰਾਹ ਸੋਚਦਾ ਗਿਆ, “ਭਾਰਤ ਤਰੱਕੀ ਕਰ ਗਿਆ ਹੌਲੀ-ਹੌਲੀ
ਇਹਨੇ ਅਮਰੀਕਾ, ਕੈਨੇਡਾ ਦਾ ਮੁਕਾਬਲਾ ਕਰਨ ਲੱਗ ਜਾਣਾ। ਮੇਰਾ ਮਤਲ ਜਿਵੇਂ ਅਮਰੀਕਾ, ਕੈਨੇਡਾ ’ਚ ਬੰਦੇ ਨੂੰ ਬੁਢਾਪੇ ਦਾ ਫ਼ਿਕਰ ਨੀ। ਬਹੁਤੇ ਅੰਗਰੇਜ਼ ਤਾਂ ਬੱਚੇ ਵੀ ਪੈਦਾ ਨੀ
ਕਰਦੇ। ...ਕਿਉਂ ਜੰਮਣ ਬੱਚੇ? ਜਦੋਂ ਸਰਕਾਰ ਉਨ੍ਹਾਂ ਨੂੰ ਬੁੱਢੇ
ਬਾਰੇ ਸਾਂਭਦੀ ਆ। ਗੁਜ਼ਾਰੇ
ਜੋਗੀ ਪਿਨਸ਼ਨ ਦਿੰਦਾ ਆ। ਡਾਕਟਰੀ
ਸਹੂਲਤਾਂ ਦਿੰਦੀ ਆ। ਹੋਰ ਬੁੱਢੇ
ਬਾਰੇ ਕੀ ਛੁਣਛੁਣਾ ਚਾਹੀਦਾ ਹੁੰਦਾ। ਮੇਰਾ ਮਤਲ ਜੀਹਦੇ ਕੋਲ ਪੈਸੇ ਹੋਣ ਇੱਜ਼ਤ ਉਹਨੂੰ ਮੁਫ਼ਤ ਮਿਲ ਜਾਂਦੀ ਆ...।
ਪੈਨਸ਼ਨ ਵਾਲੇ ਫਾਰਮ ਤਾਂ ਮੈਂ ਲੈ ਆਇਆ। ਫਾਰਮ ਕਾਹਦੇ ਲਿਆਂਦੇ ਫਾਹਾ ਖੜ੍ਹਾ ਕਰ ਲਿਆ। ਸਰਪੰਚ ਦੇ ਦਸਖ਼ਤ ਕਰਾਉਣ ਉਹਦੇ ਘਰ ਗਿਆ।
ਸਰਪੰਚ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ ਸਮਝਦਾ। ਮੈਂ ਫਾਰਮ ਫੜੀ ਬਾਹਰਲੀ ਬੈਠਕ ’ਚ ਬੈਠ ਉਹਨੂੰ ਉਡੀਕੀ ਗਿਆ। ਉਹਦੇ ਨੌਕਰ ਨੂੰ ਦੋ ਤਿੰਨ ਵਾਰ ਕਿਹਾ,
“ ਸਰਪੰਚ ਸਾਹਿਬ ਨੂੰ ਭੇਜ ਜ਼ਰਾ
, ਫਾਰਮ ’ਤੇ ਠੁੰਗ ਮਰਵਾਉਣੀ ਆ ।”
ਸਾਹਬ ਅੰਦਰੇ ਪਤਾ ਨਹੀਂ ਕੀ ਅਸਨੇ-ਪਸਨੇ ਕਰੀਂ ਜਾਵੇ। ਫਿਰ ਮਸੀਂ ਤਿਆਰ ਹੋ ਕੇ ਨਿਕਲਿਆ,
ਜਿਵੇਂ ਸਾਲ਼ੇ ਨੂੰ ਦੇਖਣ ਆਲ਼ੇ ਆਏ ਹੁੰਦੇ ਨੇ।
“ਆ ਬਈ ਚੰਦ
ਸਿਆਂਹ, ਕਿਵੇਂ ਆਉਣਾ ਹੋਏ” ਕਹਿੰਦਾ ਆ ਕੇ ਕੁਰਸੀ ’ਤੇ ਬੈਠ ਗਿਆ।
ਮੈਂ ਕਹਿਣ ਲੱਗਿਆ, “ਸਰਪੰਚ ਸਾਹਿਬ, ਧੰਨ ਓ ਤੁਸੀਂ ਤੇ ਧੰਨ ਏ ਥੋਡੀ
ਸਰਪੰਚੀ, ਬੜੀ
ਔਖੀ ਜ਼ਿੰਮੇਵਾਰੀ ਐ ਜੀ, ਜਿਹੜੀ ਤੁਸੀਂ ਨਿਭਾਈ ਜਾ ਰਹੇ ਓ। ਆਪਣਾ ਪਿੰਡ ਤਾਂ ਡੱਡੂਆਂ ਦੀ ਪੰਸੇਰੀ ਆ, ਜਿਹਨੂੰ ਥੋਡੇ ਵਰਗਾ ਮਤਲ ਸਾਰੀਆਂ ਈ ਇਕੱਲਾ
ਰੱਖ ਸਕਦਾ। ਤੁਸੀਂ ਪਿੰਡ ਨੂੰ ਸਵਰਗ ਬਣਾ ’ਤਾ। ਮੇਰਾ ਮਤਲ ਸਾਰੀਆਂ ਗਲ਼ੀਆਂ ਨਾਲ਼ੀਆਂ ਪੱਕੀਆਂ
ਕਰਵਾ ਦਿੱਤੀਆਂ। ਸਾਫ਼ ਪਾਣੀ
ਪੀਣ ਲਈ ਟੈਂਕੀ ਬਣਵਾ ਦਿੱਤੀ। ਪਿੰਡ ਦੇ ਸਕੂਲ, ਧਰਮਸ਼ਾਲਾ ਵਧੀਆ ਬਣਵਾ ਦਿੱਤੀਆ। ਮੜੀਆਂ ਤਾਂ ਸਵਰਗ ਵਰਗੀਆਂ ਬਣਵਾ ਦਿੱਤੀਆਂ। ਉਨ੍ਹਾਂ ਨੂੰ ਦੇਖ ਕੇ ਮੇਰੇ ਵਰਗੇ ਦਾ ਮਰਨ
ਨੂੰ ਜੀਅ ਕਰ ਆਉਂਦਾ। ਸੁੱਖ ਨਾਲ਼
ਪਰਿਵਾਰ ਵਲੋਂ ਵੀ ਸੁਖੀ ਓਂ। ਮੁੰਡਾ ਅਫ਼ਸਰ ਲੱਗ ਗਿਆ। ਕੁੜੀ ਬਾਹਰਲੇ ਮੁਲਖ਼ ਪੜ੍ਹਨ ਚਲੀ ਗਈ। ਸੱਭੇ ਖੈਰਾਂ ਨੇ...” ਮੈਂ ਬੋਲਦੇ ਨੇ ਹੀ ਉਸ ਅੱਗੇ ਫਾਰਮ ਕੀਤੇ।
ਸਰਪੰਚ ਫਾਰਮ ਪੜ੍ਹਨ ਦਾ ਢਕਵੰਜ ਜਿਹਾ ਕਰਦਾ ਪਤਾ ਨਹੀਂ ਕੀ-ਕੀ ਸੋਚਦਾ ਰਿਹ। ਪੱਗ ’ਤੇ ਹੱਥ ਫੇਰਦਾ ਕਹਿਣ ਲੱਗਿਆ, “ ਚੰਦ ਸਿਆਂ ਆਪਣੀ ਤਾਂ ਘਰ ਆਲੀ ਗੱਲ ਆ। ਜਦੋਂ ਮਰਜ਼ੀ ਘੁੱਗੀ ਮਰਵਾ ਲੀਂ। ਪਹਿਲਾਂ ਪਟਵਾਰੀ ਤੇ ਡਾਕਟਰ ਤੋਂ ਦਸਖ਼ਤ ਕਰਾ
ਲਿਆ” ਥੋੜ੍ਹਾ ਹੱਸ ਕੇ ਕਹਿਣ ਲੱਗਾ,
“ ਮੁੰਡਾ ਤੇਰਾ ਸਰਕਾਰੀ ਨੌਕਰੀ
ਤੇ ਆ। ਮੈਨੂੰ ਨੀ ਲੱਗਦਾ ਤੈਨੂੰ ਪੈਨਸ਼ਨ
ਲੱਗੂ..।”
ਮੈਂ ਸਮਝ ਗਿਆ। ਜਿਹੜੀ
ਇਹਨੂੰ ਵੋਟ ਨੀ ਪਾਈ ਉਹਦੇ ਬਦਲੇ ਲੈ ਰਿਹਾ। ਮਨ ’ਚ ਇਕ ਚੜ੍ਹੇ ਇਕ ਉੱਤਰੇ। ਆਪਣੇ ਗੁੱਸੇ ਉੱਤੇ ਕਾਬੂ ਪਾ ਕੇ ਤੁਰ ਪਿਆ। ਥੋੜ੍ਹੀ ਦੂਰ ਜਾ ਕੇ ਸੋਚਿਆ, ਮਨਾਂ ਐਵੇਂ ਗੁੱਸੇ ’ਚ ਤੁਰ ਆਇਆਂ। ਸ਼ਾਇਦ ਸਰਪੰਚ ਨੂੰ ਮੇਰੇ ਘਰ ਦੀ ਹਾਲਤ ਦਾ
ਪਤਾ ਨਾ ਹੋਵੇ। ਉਹਨੂੰ
ਦੱਸ ਤਾਂ ਦੇਵਾਂ, ਬਈ ਮੁੰਡੇ ਤਾਂ ਮੇਰੀ ਵੱਢੀ ਉਂਗਲ ’ਤੇ ਵੀ ਨੀ ਮੂਤਦੇ। ਜਦੋਂ ਮੁੜ ਕੇ ਉਹਦੀ ਬਾਹਰਲੀ ਬੈਠਕ ਦੇ ਦਰਾਂ ’ਚ ਆਇਆ, ਅੰਦਰ ਉਹਦੀ ਪਤਨੀ ਸੀ ? ਮੈਂ ਬਾਹਰ ਹੀ ਪੈਰ ਜਿਹੇ ਮਲ਼ੇ।
ਉਹ ਪੁੱਛ ਰਹੀ ਸੀ, “ਕੌਣ ਸੀ
? ...ਚਲਿਆ ਗਿਆ?...
ਮੈਂ ਤਾਂ ਚਾਹ ਲੈ ਕੇ ਆਈ
ਸੀ ।”
“ਜੇ ਚਾਹ
ਲਿਪਾਉਣ ਵਾਲਾ ਬੰਦਾ ਹੁੰਦਾ ਤਾਂ ਬਿਠਾ ਲੈਂਦਾ। ਕਾਣਾ ਚੰਦ ਸੀ।”
------
ਕੜੀ ਜੋੜਨ ਲਈ ਕਹਾਣੀ ਦਾ ਦੂਜਾ ਭਾਗ ਅਗਲੀ ਪੋਸਟ ਜ਼ਰੂਰ ਪੜ੍ਹੋ ਜੀ
ਕੜੀ ਜੋੜਨ ਲਈ ਕਹਾਣੀ ਦਾ ਦੂਜਾ ਭਾਗ ਅਗਲੀ ਪੋਸਟ ਜ਼ਰੂਰ ਪੜ੍ਹੋ ਜੀ