ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸੁਰਿੰਦਰ ਸਿੰਘ ਸੁੱਨੜ - ਯਾਦਾਂ

ਤਨਦੀਪ... ਮੈਂ 1975 ਵਿੱਚ ਇੱਕ ਕਹਾਣੀ "ਪਰੌਂਠਾ" ਲਿਖੀ ਸੀ। ਮੇਰੀ ਹੱਡ-ਬੀਤੀ ਨੂੰ ਅੰਮ੍ਰਿਤਾ ਪ੍ਰੀਤਮ ਨੇ ਪੜ੍ਹਿਆ ਤੇ ਪੜ੍ਹ ਕੇ ਮੈਨੂੰ ਹੌਸਲਾ ਅਫ਼ਜ਼ਾਈ ਦਾ ਨਿੱਕਾ ਜਿਹਾ ਚਾਰ ਸਤਰਾਂ ਦਾ ਖ਼ਤ ਲਿਖ ਭੇਜਿਆ ਕਿ ਤੂੰ ਲਿਖ ਸਕਦਾ ਹੈਂ ਲਿਖਣਾ ਨਾ ਬੰਦ ਕਰੀਂ। ਹੋ ਸਕਦਾ ਇਹ ਹੀ ਕਾਰਣ ਹੈ ਕਿ ਮੈਂ ਅਜੇ ਤੱਕ ਕੁਝ ਨਾ ਕੁਝ ਲਿਖਦਾ ਹੀ ਰਹਿਨਾਂ। ਕਹਾਣੀ ਭੇਜ ਰਿਹਾਂ। ਜੇ ਆਰਸੀ ਦੇ ਪਾਠਕਾਂ ਨੂੰ ਚੰਗੀ ਲੱਗੀ ਤਾਂ ਮੇਰੀਆਂ ਬਹੁਤ ਸਾਰੀਆਂ ਹੱਡ-ਬੀਤੀਆਂ ਹਨ ਇੱਕ-ਇੱਕ ਕਰਕੇ ਭੇਜਦਾ ਰਹਾਂਗਾ।
ਸੁਰਿੰਦਰ ਸਿੰਘ ਸੁੱਨੜ
==========

ਪਰੌਂਠਾ (ਮੇਰੀ ਜੀਵਨ ਕਹਾਣੀ 'ਮੰਜ਼ਿਲ ਨਾਂ ਮਿਲੀ' ਵਿੱਚੋਂ ਇੱਕ ਹੱਡ-ਬੀਤੀ)
(ਪੋਸਟ: ਨਵੰਬਰ 11, 2008)

ਆਪਣੇ-ਆਪ ਤੇ ਵਿਸ਼ਵਾਸ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ । ਮਨ ਹੀ ਮਨ ਵਿੱਚ ਕਈ ਮੰਦਰ ਬਣਾਉਂਣੇ ਚਾਹੇ ਲੇਕਿਨ ਸੰਪੂਰਣਤਾ ਕਿਸੇ ਵਿੱਚ ਵੀ ਨਾ ਮਿਲੀ । ਯਕੀਨ ਨਹੀਂ ਸੀ ਆ ਰਿਹਾ ਕਿ ਐਨਾ ਪੜ੍ਹ-ਲਿਖ ਕੇ ਇਸ ਤਰ੍ਹਾਂ ਦਾ ਮੰਨਿਆਂ -ਪਰਮੰਨਿਆਂ ਪਰਿਵਾਰ , ਜਿਸ ਦੇ ਪਿਉ ਦਾਦੇ ਅਫ਼ਸਰੀ ਠਾਠ ਨਾਲ ਰਹੇ ਹੋਣ-ਦੋ ਭਰਾ ਗਜ਼ਟਡ ਅਫ਼ਸਰ ਲੇਕਿਨ ਮੈਨੂੰ ਨੌਕਰੀ ਨਹੀਂ ਸੀ ਮਿਲ ਰਹੀ । ਸੂਰਜ ਚੜ੍ਹਦੇ ਦਾ ਤੇ ਛਿਪਣ ਲੱਗੇ ਦਾ ਕੋਈ ਬਹੁਤਾ ਫ਼ਰਕ ਹੀ ਨਹੀਂ ਸੀ ਮਹਿਸੂਸ ਹੋ ਰਿਹਾ । ਕੀ ਕਰਾਂ ਕੀ ਨਾ ਕਰਾਂ , ਕਿੱਧਰ ਨੂੰ ਜਾਵਾਂ ਕੋਈ ਵੀ ਫੈਸਲਾ ਕਰਨ ਦਾ ਕੋਈ ਕਾਰਣ ਨਹੀਂ ਸੀ ਦਿਸ ਰਿਹਾ । ਜਦੋਂ ਹੋਸਟਲ ਵਿੱਚ ਰਹਿ ਕੇ ਪੜਦਾ ਸਾਂ ਤਾਂ ਹਰ ਮਹੀਨੇ ਜੇਬ ਖਰਚਾ ਮੰਗਣਾ ਆਪਣਾ ਹੱਕ ਲਗਦਾ ਸੀ ਲੇਕਿਨ ਅੱਜ ਸਭ ਕੁਝ ਹੀ ਅਰਥਹੀਣ ਹੋ ਗਿਆ ਜਾਪਦਾ। ਪਿੰਡ ਹੀ ਰਹਿਣਾ ਰਸੋਈ ਵਾਲੇ ਨੌਕਰ ਨੇ ਸਵੇਰ ਦੀ ਚਾਹ ਮੰਜੇ ਤੇ ਦੇ ਜਾਣੀ , ਰੋਟੀ ਵੇਲ਼ੇ ਰੋਟੀ ਮਿਲ ਜਾਣੀ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਦੋ ਚਾਰ ਚੱਕਰ ਏਧਰ ਉਧਰ ਲਾ ਕੇ ਬਿਸਤਰੇ ਵਿੱਚ ਅਸਤ ਹੋ ਜਾਣਾ ।
ਮਾਰਚ ਦਾ ਮਹੀਨਾ ਚੜ੍ਹ ਪਿਆ ਸੀ , ਇੱਕ ਦਿਨ ਸਵੇਰੇ ਚਾਹ ਦਾ ਕੱਪ ਪੀ ਕੇ ਘਰੋਂ ਬਾਹਰ ਨਿਕਲ਼ਣ ਲੱਗਾ ਮੱਠੀ-ਮੱਠੀ ਠੰਢ ਸੀ ਆਪਣੇ ਬਿਸਤਰੇ ਤੇ ਵਿਛੀ ਚਾਦਰ ਦੀ ਬੁੱਕਲ ਮਾਰ ਲਈ । ਘਰੋਂ ਤੁਰਕੇ ਨਹਿਰ ਤੱਕ ਸਾਡੇ ਆਪਣੇ ਖੇਤਾਂ ਵਿੱਚੋਂ ਦੀ ਤੁਰਦਾ ਫਿਰਦਾ ਨਹਿਰ ਤੇ ਪਹੁੰਚ ਗਿਆ । ਬਿਨ੍ਹਾ ਸੋਚੇ ਸਮਝੇ ਬਿਨ੍ਹਾ ਕਿਸੇ ਦਲੀਲ ਦੇ ਨਹਿਰ ਦੇ ਕੰਢੇ-ਕੰਢੇ ਤੁਰਿਆ ਗਿਆ , ਨਹਿਰੇ ਨਹਰ ਤੁਰਦਾ ਜਲੰਧਰ ਪਹੁੰਚ ਗਿਆ । ਪੰਜ ਕੁ ਮੀਲ ਦਾ ਪੈਂਡਾ ਸੀ , ਜਲੰਧਰ ਪਹੁੰਚ ਕੇ ਖ਼ਿਆਲ ਆਇਆ ਕਿ ਇਸ ਸ਼ਹਿਰ ਦੇ ਬਹੁਤ ਲੋਕ ਸਾਨੂੰ ਜਾਣਦੇ ਹਨ , ਕੋਈ ਦੇਖੂ ਤਾਂ ਕੀ ਸੋਚੂ ਇਸ ਖ਼ਿਆਲ ਨਾਲ ਚਾਦਰ ਸਿਰ ਤੇ ਲਪੇਟ ਕੇ ਬੁੱਕਲ ਮਾਰ ਲਈ , ਅੱਧਾ ਕੁ ਮੂੰਹ ਬੁੱਕਲ ਵਿੱਚ ਲੈ ਕੇ ਹੌਲ਼ੀ-ਹੌਲ਼ੀ ਤੁਰਿਆ ਗਿਆ ਤੇ ਰੇਲਵੇ ਸਟੇਸ਼ਨ ਪਹੁੰਚ ਗਿਆ । ਬੜੀ ਭੀੜ ਸੀ , ਜਿੱਧਰ ਨੂੰ ਲੋਕ ਤੁਰੇ ਜਾਣ ਉਧਰ ਨੂੰ ਮੈਂ ਵੀ ਤੁਰਿਆ ਜਾਵਾਂ । ਅੰਮ੍ਰਿਤਸਰ ਵੱਲੋਂ ਆਉਂਦੀ ਗੱਡੀ ਰੁਕੀ , ਬਹੁਤ ਲੋਕ ਉਸ ਗੱਡੀ ਵਿੱਚ ਭੱਜ ਭੱਜ ਕੇ ਚੜ ਰਹੇ ਸੀ ਮੈਂ ਵੀ ਭੱਜ ਕੇ ਚੜ੍ਹ ਗਿਆ । ਗੱਡੀ ਤੁਰ ਪਈ ਜਿੱਥੇ ਜਿੱਥੇ ਕਿਸੇ ਨੂੰ ਸੀਟ ਮਿਲੀ ਲੋਕੀਂ ਬੈਠਦੇ ਗਏ । ਹੌਲ਼ੀ-ਹੌਲ਼ੀ ਮੁਸਾਫ਼ਰ ਇੱਕ ਦੂਜੇ ਨਾਲ ਗੱਲ-ਬਾਤ ਕਰਨ ਲੱਗ ਪਏ । ਮੇਰੇ ਲਾਗੇ ਬੈਠੀ ਇੱਕ ਔਰਤ ਮੈਨੂੰ ਪੁੱਛਣ ਲੱਗੀ , ਵੀਰਾ! ਤੂੰ ਕਿੱਥੇ ਜਾਣਾ? ਮੈਨੂੰ ਤਾਂ ਖੁਦ ਨਹੀਂ ਸੀ ਪਤਾ ਕਿ ਮੈਂ ਕਿੱਥੇ ਜਾਣਾ । ਵੀਰਾ! ਸੁੱਖ ਤਾਂ ਹੈ ? ਕੀ ਗੱਲ ਬੋਲਦਾ ਕਿਉਂ ਨਹੀਂ , ਓਹ ਤਾਂ ਵਿਚਾਰੀ ਹਮਦਰਦੀ ਦਿਖਾ ਰਹੀ ਸੀ ਲੇਕਿਨ ਉਸਦੀ ਹਮਦਰਦੀ ਨੇ ਮੈਨੂੰ ਉਸਦੇ ਕੋਲ ਬੈਠਣਾ ਔਖਾ ਕਰ ਦਿੱਤਾ । ਪਰ ਚੱਲਦੀ ਗੱਡੀ 'ਚੋਂ ਜਾਵਾਂ ਤਾਂ ਕਿੱਥੇ ਜਾਵਾਂ । ਏਨੇ ਨੂੰ ਗੱਡੀ ਲੁਧਿਆਣੇ ਆ ਕੇ ਰੁਕੀ ਮੈਂ ਫਟਾਫਟ ਗੱਡੀ ਚੋਂ ਉਤਰ ਗਿਆ ।
ਜੇ ਕੋਈ ਮੇਰੇ ਵੱਲ ਅੱਖਾਂ ਨਾਲ ਅੱਖਾਂ ਪਾ ਕੇ ਦੇਖਦਾ ਤਾਂ ਮੈਂ ਇੱਕ ਦਮ ਨੀਵੀਂ ਪਾ ਲੈਂਦਾ ਮੈਨੂੰ ਲੱਗਦਾ ਜਿਵੇਂ ਕੋਈ ਸਵਾਲ ਕਰ ਰਿਹਾ ਹੋਵੇ ਕਿਉਂਕਿ ਕਿਸੇ ਵੀ ਸਵਾਲ ਦਾ ਜਵਾਬ ਤਾਂ ਮੇਰੇ ਕੋਲ ਸੀ ਨਹੀਂ । ਲੋਕਾਂ ਦੀ ਭੀੜ ਤੋਂ ਪਾਸੇ ਜਾਣ ਦੀ ਕੋਸ਼ਿਸ਼ ਵਿੱਚ ਮੈਂ ਇਕਾਂਤ ਭਾਲ਼ਦਾ ਭਾਲ਼ਦਾ ਲੁਧਿਆਣੇ ਤੋਂ ਬਾਹਰ ਨਿਕਲ ਗਿਆ । ਏਨੇ ਨੂੰ ਮਾੜਾ-ਮਾੜਾ ਹਨ੍ਹੇਰਾ ਹੋਣ ਲੱਗ ਪਿਆ ਸੀ । ਸ਼ਹਿਰ ਦੇ ਬਾਹਰਵਾਰ ਇੱਕ ਬੰਦ ਹੋ ਚੁੱਕੀ ਦੁਕਾਨ ਦੇ ਮੂਹਰੇ ਬਣੇ ਥੜ੍ਹੇ ਤੇ ਮੈਂ ਬੈਠ ਗਿਆ । ਥੜ੍ਹੇ ਤੇ ਕੋਈ ਸਾਰਾ ਦਿਨ ਕੋਲ਼ਿਆਂ ਦੀ ਭੱਠੀ ਬਾਲਕੇ ਕੁਝ ਪਕਾਉਂਦਾ ਰਿਹਾ ਹੋਣਾ , ਭੱਠੀ ਹਾਲੇ ਪੂਰੀ ਗਰਮ ਸੀ । ਸਾਰਾ ਦਿਨ ਤੁਰ ਤੁਰ ਕੇ ਥੱਕਿਆ ਮੈਂ ਉਸ ਥੜ੍ਹੇ ਤੇ ਚਾਦਰ ਉੱਪਰ ਲੈ ਕੇ ਲੇਟ ਗਿਆ ਤੇ ਮੈਨੂੰ ਨੀਂਦ ਆ ਗਈ । ਤੜਕੇ ਉੱਠਿਆ ਠੰਡ ਲੱਗ ਰਹੀ ਸੀ , ਭੱਠੀ ਦੀ ਗਰਮੀ ਰਾਤੋ-ਰਾਤ ਠੰਢੀ ਹੋ ਚੁੱਕੀ ਸੀ । ਚਾਦਰ ਦੀ ਬੁੱਕਲ ਮਾਰ ਕੇ ਮੈਂ ਹੌਲ਼ੀ-ਹੌਲ਼ੀ ਤੁਰ ਪਿਆ । ਤੁਰਨ ਨਾਲ ਸਰੀਰ ਥੋੜ੍ਹਾ ਗਰਮੀ ਵਿੱਚ ਆ ਗਿਆ । ਸੂਰਜ ਵੀ ਚੜ੍ਹ ਪਿਆ , ਮੈਂ ਜੀ ਟੀ ਰੋੜ ਦੇ ਪਾਸੇ ਪਾਸੇ ਤੁਰਿਆ ਗਿਆ । ਹਾਲੇ ਸਵੇਰਾ ਹੀ ਸੀ ਕਿ ਮੈਂ ਫਿਲੌਰ ਪਹੁੰਚ ਗਿਆ । ਸੜਕ ਦੇ ਦੋਵੇਂ ਪਾਸੇ ਲੋਕ ਤੁਰੇ ਫਿਰਦੇ ਨਜ਼ਰ ਆਏ ਲੋਕਾਂ ਤੋਂ ਪਰੇ-ਪਰੇ ਰਹਿਣ ਲਈ ਮੈਂ ਖੱਬੇ ਪਾਸੇ ਜਾਂਦੀ ਇੱਕ ਸੜਕ ਤੇ ਮੁੜ ਗਿਆ । ਉਸ ਸੜਕ ਤੇ ਮੈਂ ਹਾਲੇ ਥੋੜਾ ਦੂਰ ਹੀ ਗਿਆ ਸਾਂ ਕਿ ਮੀਲ ਪੱਥਰ ਤੇ ਜੰਡਿਆਲਾ ਲਿਖਿਆ ਪੜ੍ਹ ਕੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਆਪਣੇ ਪਿੰਡ ਵੱਲ ਨੂੰ ਹੀ ਜਾ ਰਿਹਾ ਹਾਂ । ਇੱਕ ਗੱਲ ਦਾ ਹੌਸਲਾ ਹੋ ਗਿਆ ਕਿ ਜੇ ਮੈਨੂੰ ਹੁਣ ਕੋਈ ਪੁੱਛੂ ਕਿੱਥੇ ਚੱਲਿਆਂ ਤਾਂ ਮੈਂ ਆਪਣਾ ਪਿੰਡ ਦੱਸ ਸਕਦਾ ਹਾਂ । ਸੜਕ ਤੇ ਡਿੱਗਿਆ ਕਿਸੇ ਦਾ ਗੰਨਾ ਚੁੱਕ ਕੇ ਚੂਪਦਾ ਤੁਰਿਆ ਗਿਆ । ਗੰਨਾ ਚੂਪਣ ਨਾਲ ਜਿਵੇਂ ਯਾਦ ਆ ਗਿਆ ਕਿ ਮੈਂ ਤਾਂ ਕੱਲ ਦਾ ਕੁਝ ਖਾਧਾ ਹੀ ਨਹੀਂ । ਖ਼ੈਰ ! ਭੁੱਖ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਤੁਰਿਆ ਗਿਆ ।
ਤਕਰੀਬਨ ਦੁਪਿਹਰ ਦਾ ਸਮਾ ਹੋ ਗਿਆ , ਅੱਗੇ ਇੱਕ ਪਿੰਡ ਨਜ਼ਰ ਆਇਆ । ਪਿੰਡ ਦਾ ਸਕੂਲ ਸੜਕ ਦੇ ਬਿਲਕੁਲ ਨਾਲ ਸੀ , ਸਕੂਲ ਦੇ ਸਾਹਮਣੇ ਸੜਕ ਦੇ ਕੰਢੇ ਤੇ ਕਈ ਦਰੱਖਤ ਸਨ । ਦੁਪਿਹਰ ਵੇਲੇ ਗਰਮੀ ਥੋੜ੍ਹੀ-ਥੋੜ੍ਹੀ ਚੁਭ ਰਹੀ ਸੀ । ਮੈਂ ਥਕਾਵਟ ਵੀ ਮਹਿਸੂਸ ਕਰ ਰਿਹਾ ਸੀ । ਜ਼ਰਾ ਕੁ ਆਰਾਮ ਕਰਨ ਦੀ ਸੋਚਕੇ ਇੱਕ ਦਰੱਖਤ ਹੇਠਾਂ ਮੈਂ ਬੈਠ ਗਿਆ । ਮੈਂ ਹਾਲੇ ਬੈਠਾ ਹੀ ਸੀ ਕਿ ਘੰਟੀ ਵੱਜੀ ਸਕੂਲ ਵਿੱਚ ਅੱਧੀ ਛੁੱਟੀ ਹੋਈ । ਬੱਚੇ ਦੌੜੇ-ਦੌੜੇ ਆਏ , ਪੰਜ-ਸੱਤ ਬੱਚੇ ਉਸੇ ਦਰਖਤ ਹੇਠਾਂ ਆ ਬੈਠੇ ਤੇ ਉਨ੍ਹਾਂ ਆਪੋ ਆਪਣਾ ਲੰਚ ਖੋਲ੍ਹ ਕੇ ਖਾਣਾ ਸ਼ੁਰੂ ਕਰ ਦਿੱਤਾ । ਇੱਕ ਲੜਕਾ ਮੇਰੇ ਤੋਂ ਦੋ ਕੁ ਗਜ ਦੂਰ ਬੈਠਾ ਸੀ । ਕੱਪੜੇ-ਲੱਤੇ ਤੋਂ ਕਿਸੇ ਸਰਦੇ-ਪੁਜਦੇ ਘਰ ਦਾ ਲਗਦਾ ਸੀ । ਉਸਨੇ ਆਪਣਾ ਰੋਟੀ ਵਾਲਾ ਡੱਬਾ ਖੋਲ੍ਹਿਆ , ਵਿੱਚੋਂ ਇੱਕ ਪਰੌਂਠਾ ਕੱਢਿਆ ਤੇ ਖਾਣ ਲੱਗ ਪਿਆ । ਏਨੀ ਵਧੀਆ ਮਹਿਕ ਆਈ ਕਿ ਰੋਕਦਿਆਂ-ਰੋਕਦਿਆਂ ਵੀ ਮੈਂ ਉਸ ਦਸ ਬਾਰਾਂ ਸਾਲ ਦੇ ਬੱਚੇ ਦੀਆਂ ਸਾਰੀਆਂ ਬੁਰਕੀਆਂ ਗਿਣਦਾ ਰਿਹਾ । ਉਸ ਬੱਚੇ ਦਾ ਹਾਣੀ-ਪਰਮਾਣੀ ਇੱਕ ਲੜਕਾ , ਜਿਸਨੇ ਲੰਬਾ ਜਿਹਾ ਝੱਗਾ ਪਾਇਆ ਹੋਇਆ ਸੀ , ਸਿਰੋਂ ਪੈਰੋਂ ਨੰਗਾ , ਝੱਗੇ ਵਿੱਚ ਵੀ ਇੱਕ ਦੋ ਮੋਰੀਆਂ ਸਨ । ਇੱਕ ਮੋਰੀ ਵਿੱਚ ਦੀ ਤਾਂ ਉਸਦਾ ਢਿੱਡ ਨਜ਼ਰ ਆ ਰਿਹਾ ਸੀ । ਹੌਲੀ-ਹੌਲੀ ਲਾਗੇ ਆ ਖੜ੍ਹਾ ਹੋਇਆ ਤੇ ਪਰੌਂਠਾ ਖਾ ਰਹੇ ਬੱਚੇ ਦੀਆਂ ਬੁਰਕੀਆਂ ਮੇਰੇ ਨਾਲੋਂ ਵੀ ਵੱਧ ਨੀਝ ਨਾਲ ਗਿਣਨ ਲੱਗਾ । ਉਸਦਾ ਧਿਆਨ ਏਨਾ ਗਵਾਚਿਆ ਹੋਇਆ ਸੀ ਬੁਰਕੀਆਂ ਵਿੱਚ ਕਿ ਦੋ ਵਾਰ ਉਸਦੀ ਆਪਣੀ ਉਂਗਲੀ ਫਟੀ ਹੋਈ ਕਮੀਜ਼ ਦੀ ਮੋਰੀ ਵਿੱਚ ਗਈ ਤੇ ਅਚੇਤ ਹੀ ਉਸਨੇ ਆਪਣਾ ਕਮੀਜ਼ ਥੋੜਾ ਜਿਹਾ ਹੋਰ ਪਾੜ ਲਿਆ ।
ਇੱਕ ਤਾਜ਼ੀ ਸੂਈ ਲਗਦੀ ਕੁੱਤੀ ਵੀ ਸਾਡੇ ਲਾਗੇ ਹੋ ਕੇ ਬੈਠ ਗਈ । ਮੈਂ , ਨੰਗੇ ਢਿੱਡ ਵਾਲਾ ਮੁੰਡਾ ਅਤੇ ਤਾਜ਼ੀ ਸੂਈ ਕੁੱਤੀ ਅਸੀਂ ਤਿੰਨੇ ਬੜੇ ਧਿਆਨ ਨਾਲ ਪਰੌਂਠਾ ਖਾ ਰਹੇ ਬੱਚੇ ਵੱਲ ਟਿਕਟਿਕੀ ਲਾ ਕੇ ਦੇਖ ਰਹੇ ਸਾਂ । ਇੱਕ ਪਰੌਂਠਾ ਖਾ ਕੇ ਉਹ ਸ਼ਾਇਦ ਰੱਜ ਗਿਆ । ਉਸਦੇ ਡੱਬੇ ਵਿੱਚ ਇੱਕ ਹੋਰ ਪਰੌਂਠਾ ਸੀ । ਉਸਨੇ ਅੱਧਾ ਪਰੌਂਠਾ ਤੋੜ ਕੇ ਕੁੱਤੀ ਵੱਲ ਸੁੱਟਿਆ , ਕੁੱਤੀ ਨੇ ਹਾਲੇ ਮਾੜਾ ਜਿਹਾ ਮੂੰਹ ਲਾਇਆ ਹੀ ਸੀ ਕਿ ਲਾਗੇ ਖੜੋਤੇ ਮੁੰਡੇ ਨੇ ਕੁੱਤੀ ਨੂੰ ਦਬਕ ਕੇ ਪਰੌਂਠਾ ਚੁੱਕ ਲਿਆ ਤੇ ਫਟਾ ਫਟ ਖਾ ਗਿਆ । "ਕੁੱਤੀ ਦਾ ਜੂਠਾ ਖਾ ਗਿਆ , ਕੁੱਤੀ ਦਾ ਜੂਠਾ ਖਾ ਗਿਆ ", ਰੌਲਾ ਸੁਣਕੇ ਕਈ ਹੋਰ ਬੱਚੇ ਵੀ ਕੱਠੇ ਹੋ ਗਏ । ਜੋ ਅੱਧਾ ਪਰੌਂਠਾ ਹਾਲੇ ਬਚਿਆ ਸੀ , ਉਹ ਫਿਰ ਉਸ ਲੜਕੇ ਨੇ ਕੁੱਤੀ ਵੱਲ ਨੂੰ ਸੁੱਟਣਾ ਚਾਹਿਆ ਪਰ ਇਸ ਵਾਰ ਉਸ ਲੰਬੇ ਝੱਗੇ ਵਾਲੇ ਮੁੰਡੇ ਨੇ ਬੜੀ ਫੁਰਤੀ ਕੀਤੀ । ਛਾਲ ਮਾਰ ਕੇ ਚੁੱਕ ਲਿਆ ਕੁੱਤੀ ਨੂੰ ਮੂੰਹ ਵੀ ਨਾ ਲਾਉਣ ਦਿੱਤਾ । ਸਾਰੇ ਬੱਚੇ---- "ਹੋ ਈ ਓਏ- ਹੋ ਈ ਓਏ" ਰੌਲ਼ਾ ਪਾਉਂਦੇ ਰਹੇ । ਸਿਰੋਂ ਪੈਰੋਂ ਨੰਗਾ ਉਹ ਮੁੰਡਾ ਪਰੌਠੇ ਦਾ ਮਜ਼ਾ ਲੈਂਦਾ ਟਪੂਸੀਆਂ ਮਾਰਦਾ ਸਕੂਲ ਵੱਲ ਨੂੰ ਚਲਾ ਗਿਆ ।

No comments: