ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਡਾ: ਜਸਬੀਰ ਕੌਰ - ਲੇਖ

ਵਾਹ! ਤਾਜ

(ਪੋਸਟ: ਦਸੰਬਰ 23, 2008)

ਪਿਛਲੇ ਦਿਨੀਂ (26/11) ਮੁੰਬਈ ਵਿਚ ਜੋ ਕੁਝ ਵੀ ਵਾਪਰਿਆ ਉਸ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਕਈ ਘਰ ਉੱਜੜ ਗਏ, ਸੈਂਕੜੇ ਬੇਗੁਨਾਹ ਲੋਕ ਮਾਰੇ ਗਏ, ਬੱਚੇ ਅਨਾਥ ਹੋ ਗਏ। ਇਹ ਖੂਨੀ ਖੇਡ ਮੁੰਬਈ ਦੇ ਸਭ ਤੋਂ ਪੁਰਾਣੇ ਪੰਜ ਤਾਰਾ ਹੋਟਲ ਤਾਜ ਵਿਚ ਤੇ ਹੋਰ ਥਾਂਵਾਂ ਤੇ ਤਿੰਨ ਦਿਨ ਖੇਡੀ ਜਾਂਦੀ ਰਹੀ। ਅਸੀਂ ਘਰ ਬੈਠੇ ਟੀ.ਵੀ ਤੇ ਪਲ-ਪਲ ਦੇ ਘਟਨਾਕ੍ਰਮ ਨੂੰ ਵੇਖਦੇ ਰਹੇ ਤੇ ਦੁਖੀ ਹੁੰਦੇ ਰਹੇ। ਇਸ ਖੂਨੀ ਖੇਡ ਨੇ ਕਈ ਫੌਜ ਦੇ ਜਵਾਨਾਂ ਅਤੇ ਪੁਲਿਸ ਅਫਸਰਾਂ ਦੀ ਜਾਨ ਲਈ, ਪਰ ਸਭ ਤੋਂ ਵੱਧ ਸ਼ਰਮਿੰਦਗੀ ਵਾਲੀ ਗੱਲ ਇਹ ਰਹੀ ਕਿ ਅਜਿਹੇ ਸਮੇਂ ਵੀ ਸਾਡੇ ਲੀਡਰਾਂ ਦੀ ਇਕ ਦੂਜੇ ਤੇ ਦੂਸ਼ਣਬਾਜੀ ਖਤਮ ਨਹੀਂ ਹੋਈ,ਜਿਸ ਕਰਕੇ ਭਾਰਤ ਦੇ ਹਰ ਆਮ ਬੰਦੇ ਦਾ ਰੋਹ ਛਲਕ ਪਿਆ, ਤੇ ਲੋਕ ਆਪਣੀ ਰੱਖਿਆ ਲਈ ਸੜਕਾਂ ਤੇ ਉੱਤਰ ਆਏ। ਕਹਿੰਦੇ ਨੇ ਕਿ ਜਦੋਂ ਲੋਕ ਸ਼ਕਤੀ ਅੱਗੇ ਆਉਂਦੀ ਹੈ ਤਾਂ ਹਰ ਸ਼ਕਤੀ ਉਸ ਅੱਗੇ ਫੇਲ੍ਹ ਹੋ ਜਾਂਦੀ ਹੈ। ਅਜਿਹੇ ਦੁੱਖ ਭਰੇ ਵਕਤ ਵੇਲੇ ਸਾਰਾ ਭਾਰਤ ਇਕ ਜੁੱਟ ਹੋ ਕੇ ਅੱਤਵਾਦ ਦੇ ਖ਼ਿਲਾਫ਼ ਖੜਾ ਹੈ, ਭਾਰਤ ਦੇ ਲੋਕਾਂ ਨੇ ਸਾਰੀ ਦੁਨੀਆਂ ਨੂੰ ਇਹ ਵਿਖਾ ਦਿੱਤਾ ਹੈ ਕਿ ਹੁਣ ਇਹ ਕੋਹਰਾਮ ਹੋਰ ਬਰਦਾਸ਼ਤ ਨਹੀਂ ਕੀਤਾ ਜਾਏਗਾ,ਜਿਸ ਦੇ ਨਤੀਜੇ ਵੱਜੋਂ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਤਣਾਅ ਭਰੇ ਹੋ ਗਏ ਹਨ,ਤੇ ਲੋਕ ਸ਼ਕਤੀ ਦਾ ਇਹ ਵਿਦਰੋਹ ਜਾਇਜ਼ ਹੈ ।

ਜੋ ਲੋਕ ਇਸ ਹਮਲੇ ਵਿਚ ਮਾਰੇ ਗਏ ਦੇਸ਼ਵਾਸੀਆਂ ਨੇ ਇਕ ਜੁੱਟ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਅੱਜ ਅਸੀਂ ਆਪਣੇ ਦੇਸ਼ ਦੀ ਕਮਾਂਡੋ ਫੋਰਸ ਦੇ ਸਿਰ ਤੇ ਹਰ ਵੱਡੇ ਤੋਂ ਵੱਡੇ ਖ਼ਤਰੇ ਦਾ ਮੁਕਾਬਲਾ ਕਰ ਲੈਂਦੇ ਹਾਂ। ਇਹੋ ਜਿਹੀ ਮੁਸ਼ਕਲ ਵਿਚ ਜਦੋਂ ਸਾਰਾ ਦੇਸ਼ ਜੂਝ ਰਿਹਾ ਸੀ,ਉਸ ਵੇਲੇ ਰਾਜ ਠਾਕਰੇ ਦਾ ਮੁੰਬਈ ਪ੍ਰੇਮ ਕਿਥੇ ਸੀ? ਕਿਉਂ ਨਹੀਂ ਅੱਗੇ ਆ ਕੇ ਉਹਨਾਂ ਦੀ ਐਮ.ਐਨ. ਸੀ ਸੇਨਾ ਨੇ ਅੱਤਵਾਦੀਆਂ ਦਾ ਮੁਕਾਬਲਾ ਕੀਤਾ? ਅੱਜ ਜਦੋਂ ਇਕੋ ਇਕ ਅੱਤਵਾਦੀ ਜੋ ਮੁੰਬਈ ਹਮਲਿਆਂ ਵਿਚ ਫੜਿਆ ਗਿਆ ਉਸ ਦੀ ਕਾਨੂੰਨੀ ਮੱਦਦ ਤੇ ਸ਼ਿਵ ਸੈਨਿਕ ਹੰਗਾਮਾ ਕਰ ਰਹੇ ਹਨ ਇਹ ਸੈਨਿਕ ਹਮਲੇ ਵੇਲੇ ਕਿਥੇ ਲੁਕੇ ਹੋਏ ਸਨ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੰਗਾਮਾ ਕਰਦੇ ਹੋਏ? ਅਜਿਹੇ ਵੇਲੇ ਮੁੰਬਈ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਾਰੇ ਹਿੰਦੋਸਤਾਨ ਵਿਚੋਂ ਆਏ ਭਾਰਤੀ ਸੈਨਾ ਦੇ ਜਾਂਬਾਜ਼ ਸੈਨਿਕ ਆਪਣੀਆਂ ਜਾਨਾਂ ਤੇ ਖੇਡ ਕੇ ਬਚਾ ਰਹੇ ਸਨ। ਇਸ ਘਟਨਾ ਤੋਂ ਬਾਅਦ ਰਾਜ ਠਾਕਰੇ ਨੂੰ ਸਬਕ ਸਿੱਖ ਲੈਣਾ ਚਾਹੀਦਾ ਹੈ,ਕਿ ਮੁੰਬਈ ਸਾਰੇ ਭਾਰਤ ਦੀ ਹੈ, ਤੇ ਇਸ ਨੂੰ ਜੱਦੀ ਜਾਇਦਾਦ ਬਣਾਉਣਾ ਦੇਸ਼ ਨਾਲ ਗੱਦਾਰੀ ਹੈ।

ਇਸ ਹਮਲੇ ਵਿਚ ਸਭ ਤੋਂ ਵੱਧ ਨੁਕਸਾਨ ਮੁੰਬਈ ਦੀ ਸ਼ਾਨ ਕਹੇ ਜਾਣ ਵਾਲੇ ਤਾਜ ਹੋਟਲ ਨੂੰ ਹੋਇਆ। ਇਹ ਭਾਰਤ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਪਹਿਲਾ ਪੰਜ ਤਾਰਾ ਹੋਟਲ ਹੈ,ਜਿਸ ਨਾਲ ਪੂਰਾ ਭਾਰਤ ਭਾਵਨਾਤਮਕ ਸਾਂਝ ਰੱਖਦਾ ਹੈ। ਪਰ ਏਨੇ ਵੱਡੇ ਹਮਲੇ ਤੋਂ ਬਾਅਦ ਤਾਜ ਫਿਰ 21 ਦਿੰਸਬਰ ਨੂੰ ਖੋਲ੍ਹਿਆ ਜਾ ਰਿਹਾ ਹੈ,ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਹਿੰਦੋਸਤਾਨ ਨੂੰ ਖ਼ਤਮ ਕਰਨ ਵਾਲੇ ਕਦੀ ਵੀ ਆਪਣੇ ਇਰਾਦੇ ਵਿਚ ਕਾਮਯਾਬ ਨਹੀਂ ਹੋ ਸਕਦੇ, ਹਿੰਦੋਸਤਾਨ ਦੇ ਇਸ ਜ਼ਜਬੇ ਨੂੰ ਸਲਾਮ!

ਇਕ ਗੱਲ ਹੋਰ ਜੋ ਬਹੁਤ ਦੁਖਦਾਇਕ ਹੈ ਕਿ ਸਾਡੇ ਜਾਂਬਾਜ਼ ਭਾਰਤੀ ਸੈਨਿਕ ਜਿਨ੍ਹਾਂ ਦੀ ਸ਼ਹੀਦੀ ਸਿਰਫ਼ ਇਕ ਸ਼ਰਧਾਂਜਲੀ ਭੇਟ ਕਰ ਕੇ ਭੁਲਾ ਦਿੱਤੀ ਜਾਂਦੀ ਹੈ। ਦੂਜੇ ਪਾਸੇ ਕ੍ਰਿਕਟ ਖਿਡਾਰੀ, ਤੇ ਫਿਲਮੀ ਹਸਤੀਆਂ, ਜੋ ਬਿਨਾਂ ਕਿਸੇ ਗੱਲ ਦੇ ਕਰੋੜਾਂ ਦੇ ਇਨਾਮ ਹਾਸਿਲ ਕਰਦੇ ਹਨ, ਮੈਂ ਇਹ ਸਵਾਲ ਤੁਹਾਡੇ ਲਈ ਛੱਡ ਰਹੀ ਹਾਂ ਕਿ ਅਸਲੀ ਇਨਾਮ ਦਾ ਹੱਕਦਾਰ ਕੌਣ ਹੈ?? ਇਸ ਦੁੱਖ ਭਰੇ ਸਮੇਂ ਵਿਚ ਮੁੰਬਈ ਦੇ ਹੀ ਇਕ ਸਿੱਖ ਸੰਸਥਾ ਵਲੋਂ ਤਾਜ ਹੋਟਲ ਦੇ ਲਾਗੇ ਪੀੜਤਾਂ ਲਈ ਸੈਨਾਂ ਲਈ ਲੰਗਰ ਦਾ ਪ੍ਰੰਬਧ ਵੀ ਕੀਤਾ ਗਿਆ , ਪਰ ਕਿਸੇ ਅਖ਼ਬਾਰ ਕਿਸੇ ਟੀ.ਵੀ. ਚੈਨਲ ਵਲੋਂ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ।

No comments: