ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤ

ਇੱਕ ਖ਼ਤ-ਵਿਛੜੀ ਡਾਇਨਾ ਵਰਗੀ ਮੇਰੀ ਸਾਥਣ ਦੇ ਨਾਂ !

(ਪੋਸਟ: ਦਸੰਬਰ 29, 2008)

ਡਾਇਨਾਸੋਰ ਦੀਏ ਭੈਣੇ ! ਤੈਨੂੰ ਰੀੜ ਦੀ ਹੱਡੀ ਵਰਗਾ ਪਿਆਰ !!

ਅੜੀਏ ! ਬੇਸ਼ੱਕ, ਤੂੰ ਨਜ਼ਰਾਂ ਤੋਂ ਅਲੋਪ ਹੋ ਗਈ ਏਂ, ਪਰ ਤੇਰੇ ਪਿਆਰ ਦੀ ਹੋਂਦ ਅਜੇ ਵੀ ਦਿਲ ਵਿੱਚ ਬਰਕਰਾਰ ਹੈ ਪਰ ਦੇਖ ਲੈ ! ਤੂੰ ਤਾਂ ਕਦੇ ਯਾਰ ਨਿਮਾਣੇ ਦਾ ਹਾਲ ਨਹੀਂ ਪੁਛਿਆਤੇਰੇ ਨਾਲੋਂ ਤਾਂ ਤੇਰੀ ਜਗਰਾਵਾਂ ਵਾਲੀ ਭੈਣ ਹੀ ਚੰਗੀ, ਜੋ ਗਾਹੇ ਬਗਾਹੇ ਕੁਆਰੇ ਜੀਜੇ ਦਾ ਹਾਲ ਤਾਂ ਪੁੱਛਦੀ ਰਹਿੰਦੀ ਆਜੇ ਓਹਦੇ ਦੋ-ਢਾਈ ਜੁਆਕ ਨਾ ਹੁੰਦੇ ਤਾਂ ਸ਼ਾਇਦ ਉਹ ਲੰਡੂ ਜਿਹਾ ਮਾਹੀ ਛੱਡ ਕੇ ਕਨੇਡਾ ਵਾਲ਼ੇ ਨਾਲ਼ ਲਾ ਲੈਂਦੀ ਪਰ ਚੋਬਰੀ ਦੇ ਹਾਲੇ ਵੀ ਲੱਛਣ ਤਾਂ ਖ਼ਰਾਬ ਹੀ ਲੱਗਦੇ ਨੇ ! ਵੈਸੇ...

ਇੱਕ ਗੱਲ ਆਖਾਂ ਤੈਥੋਂ ਡਰ-ਡਰ ਕੇ !

ਕਿੰਨੀ ਸਿਆਣੀ ਹੋ ਗਈ ਆ ਉਹ ਪੜ੍ਹ-ਪੜ੍ਹ ਕੇ !!

ਕੁੱਛੜ ਚੁੱਕ ਕੇ ਨਿਆਣਾ ਫੋਟੋ ਖਿਚਵਾਉਂਦੀ ਹੈ

ਤਕੀਏ 'ਚ ਖੜ੍ਹ-ਖੜ੍ਹ ਕੇ !!!

ਮੇਰੀਏ ਅਮੀਰਜ਼ਾਦੀਏ ! ਤੂੰ ਵੀ ਫੜ੍ਹਾਂ ਤਾਂ ਬੜੀਆਂ ਮਾਰਦੀ ਹੁੰਦੀ ਸੀ ਕਿ....

ਸਾਡੀਆਂ ਕੋਠੀਆਂ-ਕਾਰਾਂ

ਘਰ ਕੰਪਿਊਟਰ !

ਭਈਆਂ ਕੋਲ ਸਕੂਟਰ !!

ਡੈਡੀ ਦੀ ਗੱਡੀ 'ਤੇ ਹੂਟਰ !!!

ਮੇਰੇ ਹੋਸ਼ਾਂ ਦੇ ਤਾਂ ਤੂੰ ਉਡਾ ਦਿੰਦੀ ਸੀ ਕਬੂਤਰ !

ਤੇ ਮੇਰਾ ਸੁਣ-ਸੁਣ ਕਿ ਨਿਕਲ ਜਾਂਦਾ ਸੀ.................??..........ਹਾਸਾ... !!

ਪਰ ਜੋ ਤੇਰੀ ਭੈਣ ਤੇ ਤੇਰੇ ਜੀਜੇ ਨੇ ਤਸਵੀਰਾਂ ਭੇਜੀਆਂ ਨੇ, ਓਹ ਵੇਖ ਕੇ ਤਾਂ ਤੇਰੀ ਭੈਣ ਤੋਂ ਇੰਝ ਲਗਦੈ; ਜਿਵੇਂ: ਇੱਕ ਬੱਚਾ ਗੋਦ ਲਓ ! ਸਪੌਂਸਰ ਏ ਚਾਈਲਡ !! ਡਾਲਰ ਏ ਡੇਅ !!! ਵਾਲ਼ਿਆਂ ਨੇ ਯੁਗਾਂਡਾ ਦੀ ਤਰਸਯੋਗ ਹਾਲਤ ਵਿੱਚ ਸੀਂਢਲ ਜਿਹਾ ਨਿਆਣਾ ਗੋਦੀ ਚੁੱਕੀ ਮੁਟਿਆਰ ਨੂੰ ਕਿਸੇ ਇਸ਼ਤਿਹਾਰ ਲਈ ਵਰਤਿਆ ਹੋਵੇ !!

ਤੇ ਓਧਰ ਤੇਰੇ ਜੀਜੇ ਦੀ ਫੋਟੋ ਦੇਖ ਲੈ ! ਜਿਵੇਂ ਹਾਸੇ ਹੇਠ ਹੰਝੂ ਛੁਪਾ ਕੇ ਕਹਿ ਰਿਹਾ ਹੋਵੇ 'ਇਹਦੀ ਮਾਂ ਦੁੱਧ ਚੁੰਘਾਉਣ ਦੇ ਦੁੱਖੋਂ ਆਖਰੀ ਨਿਸ਼ਾਨੀ ਮੇਰੀ ਝੋਲੀ 'ਚ ਸੁੱਟ ਕੇ ਮੇਰੇ ਵੱਡੇ ਜਪਾਨੀ ਪੁੱਤ ਨੂੰ ਚੁੱਕ ਕੇ ਪਤਾ ਨਹੀਂ ਕਿ`ਧਰ ਚਲੀ ਗਈ ਏ ? ਵੈਸੇ ਪੜ੍ਹਿਆ-ਲਿਖਿਆ ਤਾਂ ਉਹ ਵੀ ਬਹੁਤ ਐ, ਪਰ ਸ਼ਕਲੋਂ ਹੀ ਐਲੀਮੈਂਟਰੀ ਸਕੂਲ ਦਾ ਚਪੜਾਸੀ ਲਗਦੈ !ਉਂਝ ਆਪਣੇ-ਆਪ ਨੂੰ ਪ੍ਰੋਫੈਸਰ ਦੱਸਦੈ !! ਪਰ ਥੋਡੀਆਂ ਤੁਸੀਂ ਜਾਣੋ ! ਮੈਂ ਤਾਂ ਹੋਰ ਹੀ ਪਾਸੇ ਚੱਲ ਪਿਆ ਸੀਮੈਨੂੰ ਤਾਂ ਤੇਰੀਆਂ ਜੁਦਾਈਆਂ ਨੇ ਮਾਰਿਆ ਪਿਐ !

ਤੇਰੀ ਤਨਹਾਈ ਨੇ ਦਿਲ ਵਲੂੰਧਰਿਆ ਪਿਐ ! ਤਾਂਈਓ ਦਿਲ ਦੀ ਧੜਕਣ ਕਦੇ ਲਿਸਟਰ ਕਦੇ ਪੀਟਰ ਇੰਜਨ ਬਣ ਜਾਂਦੀ ਏਯਾਦਾਂ ਦਾ ਪਟਾ ਮਨ ਦੀ ਪੁਲੀ ਤੋਂ ਲਹਿ-ਲਹਿ ਜਾਂਦਾ ਏ ਮੁਹੱਬਤਾਂ ਦੇ ਰਿੰਗਾਂ ਨੂੰ ਰਗੜਾ ਲੱਗਾ ਪਿਐ ! ਦਿਲ ਚੰਦਰਾ ਪਲੀਤਾ ਲਾ ਕੇ ਸਟਾਰਟ ਕਰਨਾ ਪੈਂਦਾ ਏ ਉਨਾ ਚਿਰ ਨੂੰ ਆਸ ਦਾ ਪੱਖਾ ਪਾਣੀ ਛੱਡ ਜਾਂਦਾ ਏ ਤੇ ਪਿਆਰ ਦੀ ਫ਼ਸਲ ਸੋਕੇ ਨਾਲ ਮਰ ਜਾਂਦੀ ਏ ਫਿਰ ਹੰਝੂਆਂ ਦਾ ਮੀਂਹ ਵਰਦੈ, ਤੇ ਅਰਮਾਨਾਂ ਦੇ ਵਾਹਣ 'ਚ ਹੜ੍ਹ ਆ ਜਾਂਦੈ ਫਿਰ ਦਿਲ ਦਾ ਕੱਦੂ ਕਰਕੇ ਝੋਨਾ ਲਾਉਣ ਦੀ ਤਿਆਰੀ ਕਰਦਾ ਹਾਂ, ਤਾਂ ਖ਼ਿਆਲਾਂ ਦੇ ਭਈਏ ਰਾਤ ਨੂੰ ਮੋਟਰ ਤੋਂ ਭੱਜ ਕੇ ਕਿਸੇ ਹੋਰ ਦੀ ਪਨੀਰੀ ਪੱਟਣ ਚਲੇ ਜਾਂਦੇ ਨੇ

ਨੀ...ਤੇਰਾ ਗਰੀਬ ਜੱਟ ਤਾਂ ਮਾਰ ਲਿਐ; ਕਦੇ ਸੋਕੇ ਨੇ ,ਕਦੇ ਡੋਬੇ ਨੇ ..!

ਮੇਰੀਏ ਲੱਛੀਏ ! ਜੇ ਤੂੰ ਕੋਲ ਹੋਵੇਂ ਤਾਂ ਤੇਰੇ ਕੰਨਾਂ ਨੂੰ 'ਬੰਦ' ਬਣਵਾ ਕੇ ਦੇਵਾਂ

ਪਰ ਅਜੇ ਤਾਂ ਤੇਰੀਆਂ ਮੁਰਕੀਆਂ ਲੁਹਾ ਕੇ ਵੇਚਣ ਨੂੰ ਜੀਅ ਕਰਦੈ ..! ਪਰ ਨੱਕ ਦਾ ਕੋਕਾ ਨਹੀਂ ਲੁਹਾਉਣਾ,ਜੇ ਲੁਹਾ ਲਿਆ ਤਾਂ ਲੋਕਾਂ ਨੇ ਕਹਿਣੈ 'ਵਾਪਸੀ ਨਾਲੀ' ਦਾ ਮੂੰਹ ਵੇਖ ਕਿੱਧਰ ਨੂੰ ਕੱਢਿਆ ਪਿਐ ? ਨਾਲੇ ਥਰੀ ਕੁਆਟਰ ਇੰਚ ਮੋਟਾ ਕੋਕਾ ਤੇਰੇ ਨੱਕ ਵਿੱਚ ਨਾ ਹੋਇਆ ਤਾਂ ਤੇਰੇ ਘੁਰਾੜੇ ਸੀਟੀ ਮਾਰ-ਮਾਰ ਕੇ ਉਠਾਇਆ ਕਰਨਗੇ..! 'ਚੌਂਕੀਦਾਰ ਅਜੇ ਨਹੀਂ ਸੁੱਤਾ, ਨੀ ! ਸੋਹਣਾ ਆਉਂਣ ਨੂੰ ਫਿਰੇ...! ਜਾਗਦੇ ਰਹੋ ......!!'

ਮੇਰੇ ਨੈਣਾਂ ਦੀਏ ਵਾਲ-ਪੇਪਰੇ ! ਦਿਲ ਦੇ ਮੌਨੀਟਰ 'ਤੇ ਸੱਧਰਾਂ ਦਾ ਕਰਸਰ ਗੁਆਚੀ ਵੈੱਬ ਸਾਈਟ ਵਾਂਗੂੰ ਤੈਨੂੰ ਲੱਭਦੀ ਨੂੰ ਥੱਕਿਆ ਪਿਐ ! ਤੂੰ ਪਤਾ ਨਹੀਂ ਕੀਹਦੇ ਸੌਫਟਵੇਅਰ ਵਿੱਚ ਜਾ ਕੇ ਫਿੱਟ ਹੋ ਗਈ ਏਂ? ਵਿਛੋੜਿਆਂ ਦੇ ਵਾਇਰਸ ਨੇ ਅੰਗ-ਅੰਗ ਫਰੀਜ਼ ਕੀਤਾ ਪਿਆ ਏ ! ਹੁਣ ਤਾਂ ਐਂਟੀ-ਵਾਇਰਸ ਵਰਗੇ ਤੇਰੇ ਖ਼ਤ ਪੜ ਕੇ ਟਾਈਮ ਟਪਾ ਰਿਹਾ ਹਾਂ

ਵੇਖੀਂ ਕਿਤੇ, ਹੁਣ ਮੈਨੂੰ ਤੇਰੇ ਵਰਗੀ ਕੋਈ ਹੋਰ ਕੁੜੀ ਨਾ ਡਾਊਨ ਲੋਡ ਕਰਨੀ ਪੈ ਜਾਵੇ ? ਪਰ ਹੁਣ ਤਾਂ ਵਿੰਡੋ-98 ਵਰਗੇ ਤੇਰੇ ਗੁਰਮੇਲ ਦੀ ਵੀ ਗੈਗਾ-ਬਾਈਟ ਸ਼ਕਤੀ ਘਟੀ ਜਾਂਦੀ ਏ..ਮੇਰੀਏ ਵਿੰਡੋ-ਵਿਸਟੀਏ !! ਚੱਲ ਓਹ ਤਾਂ ਕੋਈ ਨਾ, ਸਟੋਰ ਤੋਂ ਨੀਲੀ ਚਿੱਪ(100.ਐਮ.ਜੀ.ਦੀ ) ਲੈਕੇ ਵਧਾਅ ਲਵਾਂਗੇ ..!.

'ਤੂੰ ਆ ਜਾ ਕਿਤੋਂ ਈ ਮੇਲ ਬਣਕੇ....!

ਸਾਰੀ ਉਮਰ ਜਾਗ ਕੇ ਲੰਘਾਵਾਂ,

ਕਦੇ ਵੀ ਨਾ ਅੱਖ ਗੁਰਮੇਲ ਝਮਕੇ..!!'

ਅੜੀਏ ! ਹੁਣ ਤਾਂ ਇਕੱਲੇ ਨੂੰ ਘਰ ਦੀਆਂ ਕੰਧਾਂ ਵੀ ਖਾਣ ਨੂੰ ਆਉਂਦੀਆਂ ਨੇ, ਪਰ ਉਹ ਵੀ ਮੂੰਹ ਲਾਕੇ ਛੱਡ ਦਿੰਦੀਆਂ ਨੇ ! ਸ਼ਾਇਦ ਤੇਰੇ ਵਾਂਗੂੰ ਹੁਣ ਕੰਧਾਂ ਨੂੰ ਵੀ ਮੈਂ ਸੁਆਦ ਲਗਣੋ ਹਟ ਗਿਆਂ..! ਕੁਸ਼ ਖਾਣ ਨੂੰ ਵੀ ਜੀ ਨਹੀਂ ਕਰਦਾਪਰ ਘਰੇ ਕੁਸ਼ ਹੋਵੇ ਤਾਂ ਖਾਵਾਂ ! ਵਰਜਿਨ ਕੌਲੀਆਂ ਨੂੰ ਵੀ ਬਿਨ੍ਹਾਂ ਵਰਤੇ ਹੀ ਧੋ-ਧੋ ਕੇ ਰਖਦਾ ਰਹਿੰਦਾ ਹਾਂ ! ਬੱਸ, ਹੁਣ ਤਾਂ ਤੇਰੀ ਯਾਦ 'ਚ ਸਾਰਾ ਦਿਨ ਚਾਹ 'ਚ ਕੜਛੀ ਘੁੰਮਾਉਂਦਾ ਰਹਿੰਦਾ ਹਾਂ !!

ਤੂੰ ਪਤਾ ਨਹੀਂ ਕਿਧਰ ਜ਼ੁਲਫ਼ਾਂ ਦੀ ਬਲੀ ਦੇਣ ਚਿੰਤਪੁਰਨੀ ਚਲੀ ਗਈ ਏਂ ? ਪਰ ਪਾਪਣੇ! ਕੁਝ ਜੰਮੀਆਂ-ਅਣਜੰਮੀਆਂ ਸਿਰ ਦੀਆਂ ਧੀਆਂ ਬਾਰੇ ਤਾਂ ਸੋਚਦੀ ! ਸਮਾਜ ਤਾਂ ਓਧਰ ਮਰਦਾਂ ਨੂੰ ਤਾਹਨੇ ਮਾਰਦਾ ਪਿਆ ਏ ,ਕਿ ਇਹ ਕੁੜੀਆਂ ਨੂੰ ਨਹੀਂ ਚਾਹੁੰਦੇ ! ਭਲਾ ਪੁੱਛਣ ਵਾਲਾ ਹੋਵੇ; ਕੁੜੀਆਂ ਤੋਂ ਬਿਨ੍ਹਾ ਅਸੀਂ ਕਿਸ ਕੰਮ ਦੇ ? ਕਿਤੇ ਬਾਹਰਲੇ ਮੁਲਕਾਂ 'ਚ ਆਕੇ ਆਪਣਾ ਵਿਰਸਾ ਤਾਂ ਨਹੀਂ ਭੁੱਲ ਗਈ -ਮੁਟਿਆਰੇ ! ਕਦੇ-ਕਦੇ ਮੈਨੂੰ ਤੇਰੀ ਹੋਂਦ 'ਤੇ ਵੀ ਸ਼ੱਕ ਜਿਹਾ ਹੋਣ ਲੱਗ ਪੈਂਦਾ ਏ ! ਸਾਡੇ ਵਿਰਸੇ ਦੀ ਕਿਤੇ ਤੁਸੀਂ ਨਸਲਕੁਸ਼ੀ ਤਾਂ ਨਹੀਂ ਕਰੀ ਜਾਂਦੀਆਂ ?

ਪਹਿਲਾਂ ਤਾਂ ਆਪਾਂ ਗਾਉਣ ਵਾਲਿਆਂ ਨੂੰ ਇਲਜ਼ਾਮ ਦਿੰਦੇ ਹੁੰਦੇ ਸੀ ਕਿ ਇਹ ਗੀਤਾਂ 'ਚ ਨੰਗੇਜ਼ ਦਾ ਪ੍ਰਚਾਰ ਕਰਦੇ ਨੇ...ਤੇ ਅੱਜਕਲ੍ਹ ਤਾਂ ਦੇਖ ਲੈ ! ਸਾਰਾਹ ਪਾਲਿਨ ਦੀਆਂ ਧੀਆਂ ਵਰਗੀਆਂ ਆਪ ਹੀ ਸਰੇ-ਬਜ਼ਾਰ ਸਭ ਕੁਝ ਦਿਖਾਈ ਜਾਂਦੀਆਂ ਨੇ !!

ਬੀਚਾਂ 'ਤੇ ਅੱਧ-ਨੰਗੀਆਂ ਨੂੰ ਜੇ ਹੁਣ ਚਮਕੀਲਾ ਆਕੇ ਦੇਖੇ ,ਤਾਂ ਮੇਰੇ ਗਲ਼ ਲੱਗਕੇ ਭੁੱਬਾਂ ਮਾਰ-ਮਾਰ ਰੋਵੇਗਾ! ਕਿ ਗੁਰਮੇਲ ਤੂੰ ਜੇ ਐਨਾ ਹੀ ਬੇਸ਼ਰਮ ਹੋ ਗਿਆ ਏਂ, ਤਾਂ ਨਾਲ਼ ਲੱਗਦੀ ਇੱਕ ਹੇਅਰ-ਰੀਮੂਵਲ ਵਾਲ਼ੀ ਦੁਕਾਨ ਖੋਲ੍ਹ ਕੇ ਨਾਰੀ ਸੰਸਾਰ ਦੀ ਸੇਵਾ ਆਪਣੇ ਹੱਥੀਂ ਕਿਉਂ ਨਹੀਂ ਲੈਂਦਾ..! ਹਾਲੇ ਵੀ ਸੋਚ ਲੈ,ਤਾਂ ਕਿ ਤੇਰਾ ਜਨਮ ਸਫ਼ਲ ਹੋ ਜਾਵੇ !

ਪਰ ਗੁੱਸੇ-ਖੋਰੀਏ !ਕਿਤੇ ਗੁੱਸਾ ਹੀ ਨਾ ਕਰ ਜਾਵੀਂ ਤਿੱਖੀ ਚੁੰਝ ਵਾਲੀ ਤੇਰੀ ਜੁੱਤੀ ਤੋਂ ਵੀ ਬੜਾ ਡਰ ਲਗਦੈ ਜਾਰਜ਼ ਬੁੱਸ਼ ਤਾਂ ਪੱਤਰਕਾਰ ਦੇ ਛਿੱਤਰ ਤੋਂ ਬਚ ਗਿਆਮੈਥੋਂ ਤਾਂ ਐਨੀ ਹੁਸ਼ਿਆਰੀ ਵਰਤੀ ਨਹੀਂ ਜਾਣੀ ....!!

ਪਰ ਜੋ ਵੀ ਹੋਵੇ, ਜਦੋਂ ਤੂੰ ਮੈਨੂੰ ਸਲੀਵ-ਲੈੱਸ ਪਾ ਕੇ ਮਿਲਣ ਆਉਂਦੀ ਹੁੰਦੀ ਸੀ, ਤਾਂ ਪਹਿਲਾਂ ਤੇਰੇ ਕੁਤਕੁਤੀਆਂ ਕੱਢਣ ਨੂੰ ਜੀਅ ਕਰਦਾ ਹੁੰਦਾ ਸੀ ! ਕਦੇ ਉਹ ਦਿਨ ਫੇਰ ਵੀ ਆਉਂਣਗੇ ...?

ਮੈਨੀਕਿਓਰ-ਪੈਡੀਕਿਓਰ ਵਰਗੀਏ....

ਤੇਰੀ ਉਡੀਕ ਵਿੱਚ....

ਲਾਲ ਪਰਾਂਦੇ ਵਰਗਾ....

ਤੇਰਾ ਯਾਰ....

ਗੁਰਮੇਲ ਬਦੇਸ਼ਾ !!

No comments: