ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਮਨਦੀਪ ਖੁਰਮੀ ਹਿੰਮਤਪੁਰਾ - ਯਾਦਾਂ

ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ ਹੂਟਾ!
(ਪੋਸਟ: ਨਵੰਬਰ 22, 2008)
ਵਿਆਹ ਹੋਣ ਤੋਂ ਬਾਦ ਐਸਾ ਕੱਦੂ 'ਚ ਤੀਰ ਵੱਜਾ ਕਿ ਡੇਢ ਮਹੀਨੇ ਦੇ ਵਕਫ਼ੇ 'ਚ ਹੀ ਇੰਗਲੈਂਡ ਲਈ ਪਰਮਾਨੈਂਟ ਸੈਟਲਮੈਂਟ ਵੀਜਾ ਮਿਲ ਗਿਆ। ਬੇਸ਼ੱਕ ਹਰ ਕਿਸੇ ਨੂੰ 'ਬਾਹਰ' ਜਾਣ ਦੀ ਕਾਹਲ ਲੱਗੀ ਹੋਈ ਹੈ ਪਰ ਘਰੋਂ ਪੈਰ ਪੁੱਟਣ ਨੂੰ ਵੱਢੀ ਰੂਹ ਨਹੀਂ ਸੀ ਕਰਦੀ। ਇੱਕ ਸੱਚਾਈ ਦਿਲ ਦੀ ਨੁੱਕਰੇ ਤੜਪ ਰਹੀ ਸੀ, ਉਹ ਇਹ ਕਿ ਮੈਂ ਕਾਗਜ਼ਾਂ ਉੱਪਰ ਲੱਗੀਆਂ ਮੋਹਰਾਂ ਅੱਗੇ ਝੁਕਦਿਆਂ ਹੋਇਆਂ ਵੀ ਜਹਾਜ਼ ਵੱਲ ਨੱਕ ਕਰਨ ਨੂੰ ਤਿਆਰ ਨਹੀਂ ਸੀ।
16 ਫਰਵਰੀ 2008 ਦਾ ਦਿਨ ਆਇਆ ਤਾਂ 'ਆਪਣਿਆਂ' ਤੋਂ ਦੂਰ ਹੋਣ ਦਾ ਭੈਅ ਸਤਾਉਣ ਲੱਗਾ। ਅੰਤ ਨੂੰ ਮਨ ਤਕੜਾ ਜਿਹਾ ਕੀਤਾ ਪਰ ਘਰ ਦੇ ਬਾਕੀ ਜੀਆਂ ਦੀਆਂ ਅੱਖਾਂ 'ਚ ਆਏ ਹੰਝੂਆਂ ਨੇ ਮੈਨੂੰ ਵੀ ਰੋਣ ਲਈ ਮਜ਼ਬੂਰ ਕਰ ਦਿੱਤਾ। ਸ਼ਾਇਦ ਇਹ ਪ੍ਰਵਾਸੀ ਬਨਣ ਜਾ ਰਹੇ ਹਰ ਦਿਲ ਦੀ ਕਹਾਣੀ ਹੋਵੇ ਪਰ ਕਿਤਾਬਾਂ 'ਚ ਪੜ੍ਹਨ ਅਤੇ ਫਿਲਮਾਂ 'ਚ ਦੇਖਣ ਤੋਂ ਬਾਦ ਉਸੇ ਕਹਾਣੀ ਦਾ ਮੁੱਖ ਪਾਤਰ ਅੱਜ ਮੈਂ ਖੁਦ ਬਣਿਆ ਹੋਇਆ ਸੀ। 17 ਫਰਵਰੀ ਨੂੰ ਦਿੱਲੀ ਦੇ ਹਵਾਈ ਅੱਡੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਛੋਟੇ ਤੇ ਵੱਡੇ ਵੀਰ ਦੀਆਂ ਬੇਵੱਸ ਜਿਹੀਆਂ ਅੱਖਾਂ ਦੇਖਕੇ ਮਨ ਖੁਰ ਜਿਹਾ ਰਿਹਾ ਸੀ। ਪਿਛਲਿਆਂ ਦੀ ਯਾਦ ਨੂੰ ਪਲ ਦੋ ਪਲ ਭੁਲਾਉਣ ਲਈ ਉਡੀਕ ਕੁਰਸੀ ਤੇ ਬੈਠਾ ਹੀ ਸਾਂ ਕਿ ਸਮਾਨ ਦੇ ਭਾਰ ਬਾਰੇ ਪੁਛਦਾ ਪੁੱਛਦਾ ਇੱਕ ਲੁਧਿਆਣੇ ਵਾਲਾ ਬਾਬਾ ਮੇਰਾ ਯਾਰ ਬਣ ਬੈਠਾ। ਇੰਗਲੈਂਡ ਤੋਂ ਲੱਤ ਦਾ ਇਲਾਜ ਕਰਾਉਣ ਇੰਡੀਆ ਆਇਆ ਬਾਬਾ ਮੈਨੂੰ 'ਪੁੱਤਰ' ਕੀ ਕਹਿ ਬੈਠਾ ਕਿ ਬਸ ਦਿਲ ਮੋਮ ਬਣ ਗਿਆ। ਏਅਰਪੋਰਟ ਅੰਦਰ ਦਾਖਲ ਹੋਣ ਤੋਂ ਪਹਿਲਾਂ ਵੱਡੇ ਸਾਲਾ ਸਾਹਿਬ ਨੇ ਬਹੁਤ ਦਿਸ਼ਾ-ਨਿਰਦੇਸ਼ ਦਿੱਤੇ ਸਨ ਕਿ "ਮਨਦੀਪ ਜੀ, ਕਿਸੇ ਨਾਲ ਵਾਧੂ ਗੱਲ ਕਰਨ ਦੀ ਲੋੜ ਨਹੀਂ, ਕਿਸੇ ਦਾ ਸਮਾਨ ਨਹੀਂ ਫੜ੍ਹਨਾ, ਮੈਂ ਤਾਂ 18-19 ਵਾਰ ਅਮਰੀਕਾ ਜਾ ਆਇਆਂ, ਲੋਕਾਂ ਦੇ ਦਿਲਾਂ ਦਾ ਨਹੀਂ ਪਤਾ।" ਪਰ ਫਿਰ ਮਹਿਸੂਸ ਹੋਇਆ ਕਿ ਕਿਸੇ ਜਵਾਨ ਨੂੰ ਘਿਓ ਚਾਰਨ ਨਾਲੋਂ ਕਿਸੇ ਬਜ਼ੁਰਗ ਨੂੰ ਸਹਾਰੇ ਲਈ ਉਂਗਲ ਫੜਾਈ ਵੀ ਲੱਖ ਗੁਣਾ ਬਿਹਤਰ ਹੋਵੇਗੀ। ਮੈਂ ਜਿੱਧਰ ਜਾਵਾਂ, ਲੁਧਿਆਣੇ ਵਾਲਾ ਬਾਬਾ ਮੇਰੇ ਪਿੱਛੇ-ਪਿੱਛੇ। ਸਾਮਾਨ ਦੀ ਤੋਲ-ਤੁਲਾਈ, ਟੈਗ ਲਾਉਣ, ਬੋਰਡਿੰਗ ਪਾਸ ਲੈਣ ਤੱਕ ਬਾਬੇ ਨਾਲ ਸਾਥ ਬਣਿਆ ਰਿਹਾ। ਪਰ ਉਦੋਂ ਹੀ ਪਤਾ ਲੱਗਾ ਜਦੋਂ ਬਾਬਾ ਬੋਰਡਿੰਗ ਪਾਸ ਬਣਾਉਣ ਵਾਲੇ ਲਵੇ ਜਿਹੇ ਮੁੰਡੇ ਦੀ ਮਿਹਰਬਾਨੀ ਨਾਲ ਵ੍ਹੀਲ ਚੇਅਰ (ਟਾਇਰਾਂ ਵਾਲੀ ਕੁਰਸੀ) ਤੇ ਬੈਠ ਕੇ ਮੈਥੋਂ ਪਹਿਲਾਂ ਹੀ ਛੂ-ਮੰਤਰ ਹੋ ਗਿਆ।
ਦਿੱਲੀ ਦੇ ਇਮੀਗ੍ਰੇਸਨ ਅਧਿਕਾਰੀਆਂ ਦੀ 'ਮਿਠਾਸ ਭਰੀ ਬੋਲਬਾਣੀ' ਬਾਰੇ ਬੜੀ ਵਾਰ ਸੁਣਿਆ ਸੀ ਪਰ ਪਤਾ ਤਦ ਹੀ ਲੱਗਾ ਜਦ ਵਾਹ ਪਿਆ। ਮੈਂ ਹੁਣ ਇੱਕ ਟਾਈ ਵਾਲੇ ਬਾਬੂ ਦੇ ਘੁਰਨੇ ਜਿਹੇ ਅੱਗੇ ਖੜ੍ਹਾ ਸੀ। ਉਹਨੇ ਪਾਸਪੋਰਟ ਨੂੰ ਕਦੇ ਐਨਕ ਲਗਾ ਕੇ ਤੇ ਕਦੇ ਐਨਕ ਉਤਾਰ ਕੇ ਕਈ ਵਾਰ ਦੇਖਿਆ ਜਿਵੇਂ ਇਹੀ ਕਹਿ ਰਿਹਾ ਹੋਵੇ, "ਭਲਿਆ ਮਾਣਸਾ, ਪੰਜਾਬ ਰੋਡਵੇਜ਼ ਦੀ ਕੰਡਕਟਰੀ ਮਾੜੀ ਸੀ ਜਿਹੜਾ ਇੰਗਲੈਂਡ ਨੂੰ ਮੂੰਹ ਚੁੱਕ ਲਿਐ।" ਉਹਦੀ ਤਸੱਲੀ ਨਾ ਹੋਈ ਤਾਂ ਉਹਨੇ ਮੈਰਿਜ ਸਰਟੀਫਿਕੇਟ, ਸਪਾਂਸਰਸਿਪ ਲੈਟਰ ਆਦਿ ਸਮੇਤ ਕਈ ਕਾਗਜ ਵਾਰ ਵਾਰ ਮੰਗੇ। ਮਾਂ ਦਾ ਪੁੱਤ ਐਸੀ ਚਲਾਕੀ ਖੇਡੇ ਕਿ ਕਦੇ ਮੇਰਾ ਨਾਂ, ਕਦੇ ਜਨਮ ਤਰੀਕ, ਕਦੇ ਘਰਵਾਲੀ ਦਾ ਨਾਂ ਪਲਟ ਪਲਟ ਕੇ ਪੁੱਛੀ ਜਾਵੇ। ਗੱਲ ਕੀ ਨਿੱਕਲੀ ਕਿ ਪਹਿਲਾਂ ਪਹਿਲ ਇੱਕ ਲੰਡੂ ਜਿਹਾ ਵੀਜਾ ਲਗਵਾਇਆ ਸੀ ਪਰ ਕਿਸੇ ਕਾਰਨ ਮੈਂ ਯਾਤਰਾ ਨਾ ਕੀਤੀ ਤਾਂ ਏਜੰਟ ਨੇ ਖਫਾ ਹੋ ਕੇ ਵੀਜੇ ਤੇ ਪਿੰਨ ਨਾਲ 'ਕੈਂਸਲ' ਲਿਖ ਦਿੱਤਾ ਸੀ। ਪਰ ਬਾਬੂ ਜੀ ਅਜੇ ਵੀ ਪਾਸਪੋਰਟ ਵਿੱਚੋਂ ਕੁਝ ਲੱਭਣ ਦੇ ਆਹਰ 'ਚ ਰੁੱਝੇ ਹੋਏ ਸਨ। ਸਟੂਲ ਉੱਪਰ ਬੈਠੇ ਇੱਕ ਦੇਸੀ ਜਿਹੇ ਬੰਦੇ ਵੱਲ ਇਸ਼ਾਰਾ ਕਰਕੇ ਬੋਲਿਆ, "ਵੋ ਜੋ ਸਾਹਿਬ ਬੈਠੇ ਹੈਂ ਨਾ, ਉਨਕੋ ਦਿਖਾਨਾ ਜਾਕਰ।" ਮੈਂ ਪਹਿਲਾਂ ਹੀ ਅੱਕਿਆ ਖੜ੍ਹਾ ਸੀ ਉਹਦੇ ਮੂਹੋਂ 'ਸਾਹਿਬ' ਸੁਣਕੇ ਜੀਅ ਕਰੇ ਕਿ ਸੁਕੜੂ ਜਿਹੇ ਨੂੰ ਕਹਿ ਦਿਆਂ, "ਸਾਬ੍ਹ ਹੋਊ ਤੇਰਾ, ਮੇਰਾ ਓਹ ਲੱਗਦੈ ਸਾਲਾ । ਜੁਆਈ ਬਣ ਕੇ ਚੱਲਿਆਂ, ਐਵੇਂ ਲੱਲੀ ਛੱਲੀ ਨੂੰ ਸਾਬ੍ਹ ਕਿਉਂ ਆਖਾਂ।" ਪਰ ਦੜ ਜਿਹੀ ਵੱਟ ਗਿਆ। ਦਸ ਕੁ ਮਿੰਟ ਦੀ ਹੋਰ ਫਰੋਲਾ-ਫਰੋਲੀ ਤੋਂ ਬਾਦ ਪਾਸਪੋਰਟ ਮੈਨੂੰ ਮਿਲਿਆ ਤਾਂ ਮੈਂ ਬ੍ਰਿਟਿਸ਼ ਏਅਰਵੇਜ ਦੇ ਜਹਾਜ਼ ਲਈ ਲੱਗੀ ਕਤਾਰ ਵਿੱਚ ਖੜ੍ਹ ਗਿਆ। ਲਿਖਤਕਾਰ ਅਨੁਸਾਰ ਇੱਕ ਪੈਰ ਅਗਾਂਹ ਨੂੰ ਜਾ ਰਿਹਾ ਸੀ ਪਰ ਦੂਸਰਾ ਪੈਰ ਪਿਛਲਿਆਂ ਦੇ ਪਿਆਰ ਦੀਆਂ ਬੇੜੀਆਂ 'ਚ ਜਕੜਿਆ ਮਿੱਟੀ ਦਾ ਮੋਹ ਛੱਡਣ ਨੂੰ ਤਿਆਰ ਹੀ ਨਹੀਂ ਸੀ। ਅੰਤ ਗਰਮ ਅੱਥਰੂ ਗੱਲ੍ਹਾਂ ਉੱਤੋਂ ਦੀ ਵਗੇ, ਚੀਸ ਜਿਹੀ ਵੱਟੀ ਤੇ ਧੁੱਸ ਦੇ ਕੇ ਜਹਾਜ਼ ਅੰਦਰ ਜਾ ਵੜਿਆ। ਮੂਡ ਫਿਰ ਚੇਂਜ ਹੋ ਗਿਆ, ਹੋਵੇ ਵੀ ਕਿਓਂ ਨਾ, ਕਿਉਂਕਿ ਜਿਸ ਸੀਟ ਤੇ ਮੈਂ ਬੈਠਣਾ ਸੀ ਬਿਲਕੁਲ ਉਹਦੇ ਨਾਲ ਵਾਲੀ ਸੀਟ ਤੇ ਲੁਧਿਆਣੇ ਵਾਲਾ ਬਾਬਾ ਪਹਿਲਾਂ ਹੀ ਸਜਿਆ ਬੈਠਾ ਸੀ। ਬੇਸ਼ੱਕ ਮੈਂ ਪਹਿਲੀ ਵਾਰ ਇੰਗਲੈਂਡ ਜਾ ਰਿਹਾ ਸੀ ਪਰ ਬਾਬਾ 3-4 ਵਾਰ ਆਉਣ ਜਾਣ ਤੇ ਵੀ 'ਖਿਡਾਰੀ' ਨਹੀਂ ਸੀ ਬਣਿਆ ਕਿਉਂਕਿ ਸੀਟ ਅੱਗੇ ਲੱਗੇ ਛੋਟੇ ਜਿਹੇ ਕੰਪਿਊਟਰ ਟਾਈਪ ਟੀ ਵੀ ਨੂੰ ਗਧੀ ਗੇੜ ਪਾਈ ਫਿਰਦੇ ਨੂੰ ਦੇਖਕੇ ਮੈਨੂੰ ਬੋਲਿਆ, "ਪੁੱਤਰ, ਤੂੰ ਤਾਂ ਕਹਿੰਦਾ ਸੀ ਕਿ ਜਹਾਜ਼ ਪਹਿਲੀ ਵੇਰ ਚੜ੍ਹਨੈਂ, ਪਰ ਤੇਰੇ ਕਾਰਨਾਮੇ ਤਾਂ ਦੱਸਦੇ ਨੇ ਕਿ ਤੂੰ ਜਹਾਜ਼ 'ਚ ਕਈ ਵੇਰ ਝੂਟੇ ਲਏ ਹੋਏ ਨੇ।" ਮੈਂ ਟੀ ਵੀ 'ਤੇ ਸਾਹਰੁਖ ਖਾਨ ਦੀ ਫਿਲਮ 'ਚੱਕ ਦੇ ਇੰਡੀਆ' ਦੇਖਣ 'ਚ ਮਸਤ ਸੀ। ਬਾਬਾ ਆਪਣੇ ਟੀ ਵੀ ਨਾਲ ਪੰਗੇ ਜਿਹੇ ਲੈ ਕੇ ਹਟ ਗਿਆ ਤਾਂ ਮੈਂ ਓਹਦਾ ਟੀ ਵੀ ਚਲਾ ਦਿੱਤਾ। ਬਾਬਾ ਅੱਖ ਵੀ ਨਾ ਝਪਕੇ ਪਰ ਵਿੱਚ ਦੀ ਮੈਨੂੰ ਕਹਿ ਗਿਆ, "ਫਿਲਮ ਤਾਂ ਇਹ ਐ, ਜਿਹੜੀ ਹਾਕੀ ਬਾਰੇ ਐ, ਨਹੀਂ ਤਾਂ ਐਵੇਂ ਕ੍ਰਿਕਟ ਨੂੰ ਸਿਰ ਚੜ੍ਹਾਈ ਫਿਰਦੇ ਆ।" ਪਤਾ ਹੀ ਨਾ ਲੱਗਾ ਕਦ ਫਿਲਮ ਖਤਮ ਹੋ ਗਈ। ਫਿਰ ਗੱਲਾਂ ਦਾ ਦੌਰ ਸ਼ੁਰੂ ਹੋਇਆ। ਬਾਬਾ ਵਿਹਲਾ ਜਿਹਾ ਹੁੰਦਾ ਬੋਲਿਆ, "ਪੁੱਤਰ, ਜਿਹੜੀ ਫਿਲਮ ਤੂੰ ਦਿਖਾਤੀ, ਬਸ ਨਜ਼ਾਰਾ ਈ ਆ ਗਿਆ। ਫਿਲਮ ਵਾਲੇ ਕੋਚ (ਸ਼ਾਹਰੁਖ) ਨੇ ਵੀ ਲੋਕਾਂ ਨੂੰ ਦੱਸਤਾ ਕਿ ਕੁੜੀਆਂ ਹੁਣ ਪਿੱਛੇ ਨਹੀਂ ਰਹੀਆਂ ਤੇ ਉਹਨੇ ਆਵਦੇ ਉੱਪਰ ਲੱਗਾ ਬਦਨਾਮੀ ਦਾ ਕਲੰਕ ਵੀ ਧੋ ਦਿੱਤਾ।"
ਬਾਬਾ ਦੋ ਲਾਈਨਾਂ ਵਿੱਚ ਹੀ ਫਿਲਮ ਦਾ ਸਾਰ ਸੰਖੇਪ 'ਚ ਸੁਣਾ ਗਿਆ ਸੀ। ਬੇਸ਼ੱਕ ਫਿਲਮ ਸ਼ਾਹਰੁਖ ਦੀ ਮਿਹਨਤ ਦਾ ਨਤੀਜਾ ਸੀ ਪਰ ਬਾਬੇ ਦੇ ਮੂਹੋਂ ਨਿਕਲੇ ਸ਼ਬਦ "ਜਿਹੜੀ ਫਿਲਮ ਤੂੰ ਦਿਖਾਤੀ" ਸੁਣ ਕੇ ਇਉਂ ਲੱਗਾ ਜਿਵੇਂ ਮੈਂ ਅਛੋਪਲੇ ਜਿਹੇ ਹੀ ਕੋਈ ਪੁੰਨ ਦਾ ਕੰਮ ਕਰ ਗਿਆ ਹੋਵਾਂ।
ਜਹਾਜ਼ ਵਿੱਚ ਸੇਵਾ ਕਰਨ ਵਾਲੀ 'ਬੀਬੀ' ਝੂਠਾ ਜਿਹਾ ਹਾਸਾ ਹੱਸਦੀ ਸਾਡੇ ਕੋਲ ਵੀ ਆ ਗਈ। ਬਾਬੇ ਨੇ ਮੈਨੂੰ ਕਿਹਾ ਕਿ ਉਹ ਪੀਂਦਾ ਨਹੀਂ ਪਰ ਲੂਰ੍ਹੀਆਂ ਐਸੀਆਂ ਉੱਠੀਆਂ ਕਿ ਇੱਕ ਬੀਅਰ ਦੀ ਕੇਨ ਮੈਨੂੰ ਲੈ ਦਿੱਤੀ ਤੇ ਆਪ ਰੈੱਡ ਲੇਬਲ ਦੇ ਦੋ ਬੋਤਲਾਂ ਦੇ ਬੱਚੇ ਜਿਹੇ (ਛੋਟੇ ਪੈੱਗ) ਆਪ ਲੈ ਲਏ। ਤੀਜੀ ਛੋਟੀ ਬੋਤਲ ਮੇਰੇ ਅੱਗੇ ਧਰ ਦਿੱਤੀ। ਮੈਂ ਕਿਹਾ, "ਬਾਪੂ ਮੈਂ ਤਾਂ ਨੀਂ ਪੀਣੀ।" "ਕੋਈ ਗੱਲ ਨਹੀਂ ਨਾਲ ਲੈਜੀਂ, ਯਾਦ ਕਰ ਲਿਆ ਕਰੀਂ ਕਿ ਜਹਾਜ਼ 'ਚੋਂ ਲਿਆਂਦੀ ਸੀ।", ਬਾਬਾ ਬੋਲਿਆ। ਸਾਡੀਆਂ ਗੱਲਾਂ ਸੁਣਕੇ ਤਰਨਤਾਰਨ ਵੱਲ ਦਾ ਇੰਦਰਜੀਤ ਔਲਖ ਵੀ ਮੇਰੇ ਨਾਲ ਗੱਲੀਂ ਪੈ ਗਿਆ। ਸਾਡੇ ਦੇਖਦਿਆਂ ਹੀ ਬਾਬੇ ਨੇ ਇੱਕ ਗਲਾਸ ਵਿੱਚ ਹੀ ਪਾ ਕੇ ਦੋਵੇਂ ਪੈੱਗ ਚਾੜ੍ਹ ਲਏ। ਫਿਰ ਕੀ ਸੀ ਬਾਬਾ ਪਲਾਂ 'ਚ ਹੀ ਤੋਤਾ ਜਿਹਾ ਬਣ ਗਿਆ।
ਜਹਾਜ਼ 'ਚ ਅਨਾਊਂਸਮੈਂਟ ਹੋਈ ਕਿ ਅਸੀਂ 20 ਕੁ ਮਿੰਟ ਤੱਕ ਹੀਥਰੋ ਹਵਾਈ ਅੱਡੇ 'ਤੇ ਉੱਤਰਨ ਵਾਲੇ ਹਾਂ। ਜਿਉਂ ਜਿਉਂ ਜਹਾਜ਼ ਨਿਵਾਣ ਵੱਲ ਨੂੰ ਜਾ ਰਿਹਾ ਸੀ ਤਾਂ ਮੈਨੂੰ ਜਾਪਿਆ ਜਿਵੇਂ ਮੇਰੇ ਕੰਨਾਂ ਦੇ ਪਰਦੇ ਪਾਟ ਰਹੇ ਹੋਣ। ਹੀਥਰੋ ਆਇਆ ਤਾਂ ਭਾਰਤ ਤੇ ਇੰਗਲੈਂਡ ਦਾ ਫ਼ਰਕ ਮਹਿਸੂਸ ਹੋਣ ਲੱਗਾ। ਇਮੀਗ੍ਰੇਸ਼ਨ ਅਧਿਕਾਰੀ ਤਾਂ ਦਿੱਲੀ ਵਾਲਿਆਂ ਤੋਂ ਵੀ ਵਧੇਰੇ ਨੰਬਰ ਲੈਂਦੇ ਜਾਪੇ।ਲਾਈਨ 'ਚ ਲੱਗੇ ਨੂੰ ਕੱਟੇ ਵਾਲਾਂ ਵਾਲੀ ਮੁਟਿਆਰ ਨੇ ਆਵਾਜ ਮਾਰੀ। ਮੇਰੀ ਕਮਲ਼ੀ ਜਿਹੀ ਅੰਗਰੇਜ਼ੀਸੁਣ ਕੇ ਉਹਨੇ ਪੁਛਿਆ, "ਆਰ ਯੂ ਪੰਜਾਬੀ?" (ਕੀ ਤੁਸੀਂ ਪੰਜਾਬੀ ਹੋ?) ਮੈਂ ਹਾਂ ਕਿਹਾ ਤਾਂ ਉਹ ਪੰਜਾਬੀ 'ਚ ਉੱਤਰ ਆਈ। ਪਾਸਪੋਰਟ ਫੜ੍ਹਿਆ ਤੇ ਬੋਲੀ, " ਕੀ ਕਰਦੀ ਏ ਤੁਹਾਡੀ ਵਹੁਟੀ? ਪਹਿਲਾਂ ਇੰਗਲੈਂਡ ਆਏ ਹੋ ਕਦੀ?" ਇਹੋ ਜਿਹੇ ਛੋਟੇ ਛੋਟੇ ਸਵਾਲ ਉਸਨੇ ਸ਼ੁੱਧ ਪੰਜਾਬੀ 'ਚ ਪੁੱਛੇ। ਮੈਂ ਕਾਵਾਂ ਦੀ ਘੇਰੀ ਚਿੜੀ ਵਾਂਗ ਖੜ੍ਹਾ ਰਿਹਾ ਤੇ ਉਹਨੇ ਮੇਰਾ ਪਾਸਪੋਰਟ ਇੱਕ ਗੰਜੇ ਜਿਹੇ ਗੋਰੇ ਨੂੰ ਫੜਾ ਦਿੱਤਾ। ਉਸ ਮਾਂ ਦੇ ਪੁੱਤ ਨੇ ਘੜੀਸਾਜਾਂ ਵਾਂਗ ਅੱਖ 'ਤੇ ਸ਼ੀਸ਼ੇ ਵਾਲਾ ਪੋਪਲਾ ਜਿਹਾ ਚੜ੍ਹਾ ਕੇ ਪਾਸਪੋਰਟ ਦਾ ਕੋਨਾ ਕੋਨਾ ਟੋਹ ਧਰਿਆ। ਪਾਸਪੋਰਟ ਵੱਲ ਦੇਖਕੇ ਜਦ ਉਹ ਮੇਰੇ ਵੱਲ ਦੇਖੇ ਤਾਂ ਮੈਨੂੰ ਵੀ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹਿਆ ਗਿਆ ਹੋਵਾਂ। ਸ਼ੱਕੀ ਜਿਹੀ ਤੱਕਣੀ ਤੱਕਦਾ ਉਹ ਮੇਰੇ ਕੋਲ ਆਇਆ, ਨਾਲ ਆਉਣ ਦਾ ਇਸ਼ਾਰਾ ਕਰਕੇ ਭੇਡਾਂ ਦੇ ਵਾੜੇ ਵਾਂਗ ਬੰਦ ਬੈਂਚਾਂ ਵਾਲੇ ਕਟਿਹਰੇ ਜਿਹੇ ਵਿੱਚ ਬਿਠਾ ਕੇ ਖੁਦ ਇਮੀਗ੍ਰੇਸ਼ਨ ਅਫਸਰ ਕੋਲ ਚਲਾ ਗਿਆ। ਸ਼ੀਸਿ਼ਆਂ ਦੇ ਬਣੇ ਕੈਬਿਨ 'ਚੋਂ ਮੈਨੂੰ ਤੱਕਦੇ ਉਹ ਮੈਨੂੰ ਵੀ ਦਿਸ ਰਹੇ ਸਨ ਪਰ ਮੈਂ ਉੱਥੇ ਬੈਠਾ ਵੀ ਇਹੀ ਫ਼ਰਕ ਮਹਿਸੂਸ ਕਰ ਰਿਹਾ ਸਾਂ ਕਿ ਪੰਜਾਬ ਦੀ ਆਪਣੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਕੋਈ 'ਪੰਜਾਬੀ' ਵਿੱਚ ਸਿੱਧੇ ਮੂੰਹ ਗੱਲ ਕਰਨ ਨੂੰ ਤਿਆਰ ਨਹੀਂ ਪਰ ਹੀਥਰੋ ਹਵਾਈ ਅੱਡੇ ਤੇ ਪੰਜਾਬੀ ਪੰਜਾਬ ਨਾਲੋਂ ਵੀ ਸ਼ੁੱਧ ਬੋਲੀ ਗਈ। ਅਧਿਕਾਰੀ ਤਾਂ ਆਪੋ-ਆਪਣੇ ਕੰਮਾਂ 'ਚ ਮਸਤ ਦਗੜ ਦਗੜ ਕਰਦੇ ਫਿਰਦੇ ਸਨ ਪਰ ਮੇਰੀ ਧੁੰਨੀ ਵੱਜੀ ਜਾਵੇ ਕਿਉਂਕਿ ਮਾੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ। ਦਿਨ ਮਾੜੇ ਹੋਣ ਤਾਂ ਬੋਤੇ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦੈ। ਘੰਟਾ ਬੈਠਣ ਤੋਂ ਬਾਦ ਉਹੀ ਬੀਬੀ ਆਈ ਤੇ ਪਾਸਪੋਰਟ ਫੜ੍ਹਾ ਕੇ ਮੈਡੀਕਲ ਸਰਟੀਫਿਕੇਟ ਉੱਪਰ ਅਧਿਕਾਰੀ ਦੀ ਮੋਹਰ ਲਗਵਾਉਣ ਲਈ ਕਹਿ ਚਲਦੀ ਬਣੀ। ਸਾਮਾਨ ਲਿਆ, ਬਾਹਰ ਨਿਕਲਿਆ ਤਾਂ 'ਭਾਗਵਾਨ' ਖੜ੍ਹੀ ਉਡੀਕ ਰਹੀ ਸੀ। ਉਸਨੇ ਦੱਸਿਆ ਕਿ ਉਹ ਥੋੜ੍ਹਾ ਚਿਰ ਪਹਿਲਾਂ ਹੀ ਫੋਨ ਤੇ ਇਮੀਗ੍ਰੇਸ਼ਨ ਅਧਿਕਾਰੀ ਨਾਲ ਗੱਲ ਕਰਕੇ ਹਟੀ ਹੈ। ਏਅਰਪੋਰਟ ਤੋਂ ਬਾਹਰ ਨਿੱਕਲੇ ਤਾਂ ਦਿੱਲੀ ਦੇ ਇਮੀਗ੍ਰੇਸ਼ਨ ਅਧਿਕਾਰੀ, ਜਹਾਜ਼ ਦਾ 9 ਘੰਟੇ ਦਾ ਸਫ਼ਰ ਤੇ ਫਿਰ ਹੀਥਰੋ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਤਾਏ ਨੂੰ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਹਰੇ ਭਰੇ ਬੂਟੇ ਨੂੰ ਜੜ੍ਹੋਂ ਪੁੱਟ ਕੇ ਮੁੜ ਕਿਸੇ ਨਵੀਂ ਥਾਂ ਤੇ ਲਿਜਾ ਕੇ 'ਗੱਡ' ਦਿੱਤਾ ਹੋਵੇ।

No comments: