ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਬਰਿੰਦਰ ਸਿੰਘ ਢਿੱਲੋਂ - ਲੇਖ

ਮੈਂ ਇਹ ਗੱਲ ਸਾਂਝੀ ਕਰਨ ਦਾ ਮਾਣ ਮਹਿਸੂਸ ਕਰ ਰਹੀ ਹਾਂ ਕਿ ਸਤਿਕਾਰਤ ਬਰਿੰਦਰ ਸਿੰਘ ਢਿੱਲੋਂ ਜੀ ਨੇ ਅੱਜ ਇੱਕ ਬਹੁਤ ਹੀ ਵਧੀਆ ਲੇਖ ਨਾਲ਼ 'ਆਰਸੀ' ਤੇ ਪਹਿਲੀ ਵਾਰ ਸਾਹਿਤਕ ਸਾਂਝ ਪਾਈ ਹੈ। ਢਿੱਲੌਂ ਸਾਹਿਬ ਦੇ ਖ਼ੂਬਸੂਰਤ ਵਿਅੰਗ ਤੇ ਲੇਖ ਸਿਰ-ਕੱਢਵੇਂ ਪੇਪਰਾਂ ਤੇ ਵੈਬ-ਸਾਈਟਾਂ ਤੇ ਛਪਦੇ ਰਹਿੰਦੇ ਹਨ। ਉਹਨਾਂ ਨੂੰ ਮੈਂ ਸਾਰੇ ਪਾਠਕਾਂ / ਲੇਖਕਾਂ ਵੱਲੋਂ 'ਆਰਸੀ' ਤੇ ਜੀ ਆਇਆਂ ਨੂੰ ਕਹਿੰਦੀ ਹਾਂ।
=====
ਜੋ ਕਹਾਂਗਾ, ਧਰਮ ਨਾਲ਼ ਸੱਚ ਕਹਾਂਗਾ!
(ਪੋਸਟ: ਨਵੰਬਰ: 16, 2008)

ਪਿਛਲੇ ਵਰ੍ਹੇ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਦੀ ਗੱਲ ਹੈ। ਵੋਟਾਂ ਵਾਲੇ ਦਿਨ ਮੈਂ ਆਪਣੇ ਪਿੰਡ ਤੋਂ ਚੰਡੀਗੜ੍ਹ ਕਾਰ ਰਾਹੀਂ ਵਾਪਸ ਆ ਰਿਹਾ ਸੀ। ਰਸਤੇ ਵਿੱਚ ਇੱਕ ਵਾਕਫ਼ ਉਮੀਦਵਾਰ ਦਾ ਹਲਕਾ ਪੈਂਦਾ ਸੀ। ਉਸ ਉਮੀਦਵਾਰ ਦਾ ਛੋਟਾ ਭਾਈ ਮੇਰਾ ਜਮਾਤੀ ਸੀ ਅਤੇ ਚੋਣ ਪ੍ਰਬੰਧਾਂ ਦਾ ਮੁੱਖ ਪ੍ਰਬੰਧਕ ਸੀ। ਮੁੱਖ ਚੋਣ ਕਮਿਸ਼ਨ ਦੇ ਜ਼ਾਬਤੇ ਕਾਰਨ ਉਮੀਦਵਾਰ ਅਤੇ ਉਨ੍ਹਾਂ ਦੇ ਹਮਾਇਤੀ ਚੋਣ ਆਬਜ਼ਰਵਰਾਂ ਤੋਂ ਡਰਦੇ ਝੰਡੀਆਂ-ਬੈਨਰਾਂ ਤੋਂ ਬਗੈਰ ਕਾਰਾਂ ਵਿੱਚ ਹਲਕੇ ਵਿੱਚ ਘੁੰਮ ਰਹੇ ਸਨ। ਜਦੋਂ ਮੈਂ ਉਸ ਸ਼ਹਿਰ ਪਹੁੰਚਿਆ ਤਾਂ ਦੁਪਹਿਰ ਢਲ਼ ਰਹੀ ਸੀ। ਸਾਹਮਣੇ ਤੋਂ ਆਉਂਦੀ ਧੁੱਪ ਪਿਛਾਂਹ ਵੱਲ ਸਰਕ ਗਈ ਸੀ। ਚੋਣਾਂ ਦੇ ਭਾਰਤੀ ਰੰਗ ਵੇਖ ਕੇ ਸ਼ਰਮਸਾਰ ਹੋਇਆ ਸੂਰਜ ਡੁੱਬਣ ਵੱਲ ਵੱਧ ਰਿਹਾ ਸੀ। ਵੋਟਾਂ ਦਾ ਦਿਨ ਹੋਣ ਕਾਰਨ ਆਮ ਆਵਾਜਾਈ ਘੱਟ ਸੀ। ਸੜਕਾਂ ਉਤੇ ਚੋਣਾਂ ਵਾਲੀਆਂ ਗੱਡੀਆਂ ਹੀ ਨਜ਼ਰੀਂ ਪੈਂਦੀਆਂ ਸਨ।
ਆਪਣੇ ਘਰ ਪਹੁੰਚਣ ਲਈ ਮੇਰੇ ਕੋਲ ਕਾਫ਼ੀ ਸਮਾਂ ਸੀ। ਆਪਣੇ ਦੋਸਤ ਨੂੰ ਮਿਲਣ ਲਈ ਮੈਂ ਚੋਣ ਦਫਤਰ ਵੱਲ ਮੁੜ ਪਿਆ। ਅਗਾਂਹ ਉਥੇ ਉਹ ਚਾਰ-ਪੰਜ ਜਣੇ ਹੀ ਬੈਠੇ ਸਨ। ਮੇਜਰ ਸਿੰਘ ਇੱਕ ਪਾਸੇ ਖੜ੍ਹਾ ਕਿਸੇ ਨੂੰ ਹਦਾਇਤਾਂ ਦੇ ਰਿਹਾ ਸੀ। ਬਾਕੀ ਲਾਣਾ ਵੋਟਰਾਂ ਦੀ ਢੁਆ-ਢੁਆਈ ਅਤੇ ਵੱਧ ਤੋਂ ਵੱਧ ਵੋਟਾਂ ਭਗਤਾਉਣ ਵਿੱਚ ਰੁੱਝਾ ਹੋਇਆ ਸੀ। ਉਹ ਸਾਰੇ ਖੁਸ਼ ਸਨ। ਮੈਨੂੰ ਮੇਜਰ ਸਿੰਘ ਨੇ ਦੱਸਿਆ ਕਿ ਹਲਕੇ ਵਿੱਚੋਂ ਆ ਰਹੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਦਾ ਉਮੀਦਵਾਰ ਜਿੱਤ ਰਿਹਾ ਸੀ ਅਤੇ ਪੋਲਿੰਗ ਵੀ ਅਮਨ-ਅਮਾਨ ਨਾਲ ਸਿਰੇ ਚੜ੍ਹ ਰਹੀ ਸੀ ਪਰ ਉਹ ਕੋਈ ਜ਼ੋਖ਼ਮ ਨਹੀਂ ਸਨ ਲੈਣਾ ਚਾਹੁੰਦੇ। ਡਰ ਸੀ ਕਿ ਹਾਰ ਰਿਹਾ ਵਿਰੋਧੀ ਉਮੀਦਵਾਰ ਘਬਰਾ ਕੇ ਕਿਸੇ ਪੋਲਿੰਗ ਬੂਥ ਉੱਤੇ ਗੜਬੜ ਨਾ ਕਰਵਾ ਦੇਵੇ ਜਿਸ ਕਾਰਨ ਦੁਬਾਰਾ ਪੋਲਿੰਗ ਲਈ ਫਿਰ ਤੋਂ ਝੰਜਟ ਕਰਨਾ ਪਵੇ।
ਅਸੀਂ ਕੋਕਾ ਕੋਲਾ ਖ਼ਤਮ ਕੀਤਾ ਹੀ ਸੀ ਕਿ ਉਨ੍ਹਾਂ ਦਾ ਇੱਕ ਪਾਰਟੀ ਵਰਕਰ ਸਾਹੋ-ਸਾਹ ਹੋਇਆ ਦਫਤਰ ਪਹੁੰਚਿਆ। ਉਸ ਦੱਸਿਆ ਕਿ ਇੱਕ ਪਿੰਡ ਵਿੱਚ ਬੌਰੀਆਂ ਦੀਆਂ ਢਾਈ ਸੌ ਵੋਟਾਂ ਰੁੱਸੀਆਂ ਬੈਠੀਆਂ ਸਨ। ਉਹ ਸਾਰੇ ਵਿਹੜੇ ਦੀ ਸਾਂਝੀ ਧਰਮਸ਼ਾਲਾ ਵਿੱਚ ਇਕੱਠੇ ਬੈਠੇ ਪੈਸੇ ਉਡੀਕ ਰਹੇ ਸਨ। ਮੇਜਰ ਸਿੰਘ ਤੁਰੰਤ ਉਸ ਪਿੰਡ ਲਈ ਤੁਰ ਪਿਆ। ਮੈਨੂੰ ਉਹਨੇ ਇਹ ਕਹਿ ਕੇ ਨਾਲ ਗੱਡੀ ਵਿੱਚ ਬਿਠਾ ਲਿਆ ਕਿ “ਬਸ ਗਏ ਤੇ ਆਏ। ਕਾਰ ਦੀ ਸੀਟ ਉੱਤੇ ਬੈਠਾ ਉਹ ਸੱਤਾਂ ਪੱਤਣਾਂ ਦਾ ਤਾਰੂ ਮੈਨੂੰ ਰਸਤੇ ਵਿੱਚ ਸਮਝਾਉਂਦਾ ਜਾ ਰਿਹਾ ਸੀ ਕਿ “ਉਂਜ ਤਾਂ ਆਪਾਂ ਜਿੱਤੇ ਹੀ ਪਏ ਹਾਂ, ਪਰ ਢਾਈ ਸੌ ਵੋਟ ਵੀ ਕੋਈ ਥੋੜ੍ਹੀ ਨਹੀਂ ਹੁੰਦੀ। ਫਿਰ ਜ਼ੋਖ਼ਮ ਕਿਉਂ ਉਠਾਇਆ ਜਾਵੇ? ਨਾਲੇ ਆਪਣਾ ਬਾਈ ਜਿੱਤ ਕੇ ਵਜ਼ੀਰ ਜ਼ਰੂਰ ਬਣੂੰਗਾ। ਇਹਦੀ ਦਿੱਲੀ ਵਾਲਿਆਂ ਨਾਲ ਸਿੱਧੀ ਤਾਰ ਜੁੜਦੀ ਹੈ।" ਮੈਂ ਹੂੰ-ਹਾਂ ਕਰਦਾ ਰਿਹਾ। ਅਸਲ ਵਿੱਚ ਮੈਂ ਚੋਣ ਦਫਤਰ ਵਿੱਚ ਬੈਠ ਕੇ ਥੋੜ੍ਹਾ ਆਰਾਮ ਕਰਨਾ ਚਾਹੁੰਦਾ ਸੀ ਤੇ ਉਹ ਮੈਨੂੰ ਟੁੱਟੀ ਭੱਜੀ ਲਿੰਕ ਰੋੜ ਤੇ ਲਈ ਜਾ ਰਿਹਾ ਸੀ। ਮੈਨੂੰ ਦਫ਼ਤਰ ਦਾ ਚਿੱਟਾ ਗੋਲ ਸਰਾਹਣਾ ਯਾਦ ਆ ਰਿਹਾ ਸੀ।
ਗੱਡੀ ਵਿਹੜੇ ਦੀ ਧਰਮਸ਼ਾਲਾ ਅੱਗੇ ਜਾ ਰੁਕੀ। ਪੱਕੀ ਨਵੀਂ ਬਣੀ ਪਰ ਪਲੱਸਤਰ ਖੁਣੋਂ ਅਧੂਰੀ ਰਹਿੰਦੀ ਧਰਮਸ਼ਾਲਾ ਵਿੱਚ ਦਸ ਕੁ ਬਾਣ ਦੀਆਂ ਮੰਜੀਆਂ ਅਤੇ ਤਿੰਨ-ਚਾਰ ਪੁਰਾਣੀਆਂ ਟੁੱਟੀਆ ਕੁਰਸੀਆਂ ਪਈਆਂ ਸਨ। ਸਾਡੇ ਗੱਡੀ ਵਿੱਚੋਂ ਉਤਰਦਿਆਂ ਹੀ ਉਨ੍ਹਾਂ ਦੇ ਨੇਤਾਵਾਂ ਨੇ ਜੋਸ਼ ਨਾਲ ਹੱਥ ਮਿਲਾਏ। ਉਨ੍ਹਾਂ ਦਾ ਮੁੱਖੀ ਪਿੰਡ ਦਾ ਪੰਚ ਸੀ। ਮੰਜੀਆਂ ਉਤੇ ਬੈਠੇ ਗੱਲਾਂ ਕਰਦਿਆਂ ਨੂੰ ਪਿੱਤਲ ਦੇ ਗਲਾਸ਼ਾਂ ਵਿੱਚ ਚਾਹ ਆ ਗਈ। ਪਿੰਡ ਵਿੱਚ ਉਨ੍ਹਾਂ ਦੇ ਪੰਜਾਹ ਕੁ ਘਰ ਸਨ। ਉਨ੍ਹਾਂ ਦੀ ਮੰਗ ਸੀ ਕਿ ਜੇ ਪਿੰਡ ਦੀ ਧਰਮਸ਼ਾਲਾ ਲਈ ਸਾਂਝੇ ਭਾਂਡੇ ਅਤੇ ਕਨਾਤਾਂ ਵਗੈਰਾ ਖਰੀਦਣ ਵਾਸਤੇ ਪੈਸੇ ਦੇ ਦਿੱਤੇ ਜਾਣ ਤਾਂ ਉਹ ਸਾਰੇ ਦੇ ਸਾਰੇ ਇਕੱਠੀਆਂ ਵੋਟਾਂ ਪਾਉਣਗੇ। ਵੋਟ ਰਾਜਨੀਤੀ ਕਾਰਨ ਪਿੰਡਾਂ ਵਿੱਚ ਵੱਖੋ-ਵੱਖਰੀਆਂ ਧਰਮਸ਼ਾਲਾ ਉਸਾਰਨੀਆਂ ਅਤੇ ਫਿਰ ਉਨ੍ਹਾਂ ਲਈ ਲੋੜੀਂਦਾ ਸਾਮਾਨ ਦੇਣ ਦੀ ਪ੍ਰਿਤ ਸਿਆਸਤਦਾਨਾਂ ਨੇ ਪਾਈ ਹੈ।
ਮੇਜਰ ਸਿੰਘ ਨੇ ਬਾਣੀਆਂ ਵਾਲਾ ਹਿਸਾਬ ਲਾਇਆ। ਭਾਂਡੇ ਅਤੇ ਕਨਾਤਾਂ ਦਾ ਕੁੱਲ ਖਰਚਾ ਬਾਈ ਕੁ ਹਜ਼ਾਰ ਬਣਦਾ ਸੀ। ਸੋ ਇੱਕ ਵੋਟ ਸੌ ਰੁਪਏ ਤੋਂ ਵੀ ਘੱਟ ਮਿਲ ਰਹੀ ਸੀ। ਰਾਤ ਦਾ ਰੇਟ ਤਿੰਨ ਸੌ ਚੱਲਿਆ ਸੀ। ਜੇ ਇਕੱਲੀ-ਇਕੱਲੀ ਵੋਟ ਨੂੰ ਪੈਸੇ ਦੇਣੇ ਪੈਂਦੇ ਤਾਂ ਤਿੰਨ ਗੁਣਾਂ ਖਰਚਾ ਵੱਧ ਹੁੰਦਾ ਸੀ। ਮੇਜਰ ਨੇ ਸੋਚਿਆ, ਇਹ ਸੌਦਾ ਕਿਵੇਂ ਵੀ ਮਾੜਾ ਨਹੀਂ ਸੀ। ਉਹ ਹਮਦਰਦੀ ਭਰੇ ਢੰਗ ਨਾਲ ਅਤੇ ਲੀਡਰੀ ਅੰਦਾਜ਼ ਵਿੱਚ ਇਉਂ ਗੱਲਾਂ ਕਰ ਰਿਹਾ ਸੀ ਜਿਵੇਂ ਇਹ ਮੰਗ ਬਿਲਕੁਲ ਵਾਜਬ ਸੀ। ਆਖਰ ਧਰਮਸ਼ਾਲਾ ਵਿੱਚ ਬਰਾਤ ਨੇ ਠਹਿਰਨਾ ਹੁੰਦਾ ਹੈ ਅਤੇ ਧੀਆਂ-ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਉਸ ਝੱਟ 'ਹਾਂ' ਕਰ ਦਿੱਤੀ। ਉਧਰ ਉਹ ਸਾਰੇ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਕਿ ਅੱਜ ਜੋ ਮਿਲਦਾ ਹੈ, ਲੈ ਲਿਆ ਜਾਵੇ। ਚੋਣਾਂ ਪਿੱਛੋਂ ਤਾਂ ਉਨ੍ਹਾਂ ਨੂੰ ਕਿਸੇ ਨੇ ਪੁੱਛਣਾ ਨਹੀਂ। ਪਹਿਲਾਂ ਉਹ ਕਈ ਵਾਰੀ ਸੁੱਕੇ ਲਾਰਿਆਂ ਹੱਥੋਂ ਠੱਗੀ ਖਾ ਚੁੱਕੇ ਸਨ। ਰਾਤ ਗਈ, ਬਾਤ ਗਈ।
ਹੁਣ ਸਮੱਸਿਆ ਪੈਸਿਆਂ ਦੀ ਸੀ। ਮੇਜਰ ਸਿੰਘ ਕੋਲ ਇਸ ਵੇਲੇ ਨੋਟਾਂ ਦੀ ਇਕੋ ਗੁੱਟੀ ਬਚੀ ਸੀ। ਹੋਰ ਪੈਸੇ ਲੈ ਕੇ ਆਉਣ ਦਾ ਸਮਾਂ ਨਹੀਂ ਸੀ। ਸੋ ਬਾਕੀ ਦਾ ਬਾਰਾਂ ਹਜ਼ਾਰ ਅਗਲੇ ਦਿਨ ਦੇਣ ਦਾ ਵਾਅਦਾ ਕੀਤਾ ਗਿਆ। ਹਾਲਾਤ ਅਜਿਹੇ ਸਨ ਕਿ ਕੋਈ ਧਿਰ ਵੀ ਭਰੋਸਾ ਕਰਨ ਲਈ ਤਿਆਰ ਨਹੀਂ ਸੀ। ਵਿਰੋਧੀ ਪਾਰਟੀ ਦੇ ਬੰਦੇ ਦੋ ਚੱਕਰ ਬੂਹੇ ਅੱਗੋਂ ਕੱਢ ਗਏ ਸਨ। ਅਖੀਰ ਦੋਵਾਂ ਧਿਰਾਂ ਵਲੋਂ ਆਪੋ ਆਪਣੇ ਵਾਅਦੇ ਪੁਗਾਉਣ ਲਈ ਸਹੂੰ ਚੁੱਕਣ ਉਤੇ ਸਹਿਮਤੀ ਹੋ ਗਈ।
ਮੇਜਰ ਸਿੰਘ ਨੇ ਡਰਾਈਵਰ ਨੂੰ ਕਾਰ ਵਿਚੋਂ ਗੁਟਕਾ ਚੁੱਕ ਕੇ ਲਿਆਉਣ ਲਈ ਕਿਹਾ। ਝੱਟ ਹੀ ਰੇਸ਼ਮੀ ਰੁਮਾਲ ਵਿੱਚ ਲਪੇਟਿਆ ਗੁਟਕਾ ਆ ਗਿਆ। ਪਹਿਲਾਂ ਬੌਰੀਆਂ ਦੇ ਲੀਡਰਾਂ ਨੇ ਗੁਟਕੇ ਉੱਤੇ ਹੱਥ ਰੱਖ ਕੇ ਸਹੁੰ ਖਾਧੀ ਕਿ ਉਹ ਸਾਰੇ ਇੱਕ-ਇੱਕ ਵੋਟ ਪਾਉਣਗੇ। ਫਿਰ ਉਨ੍ਹਾਂ ਗੁਟਕਾ ਮੇਰੇ ਵੱਲ ਕਰ ਦਿੱਤਾ। ਮੈਂ ਅਗਾਂਹ ਉਹਨੂੰ ਫੜਾਉਣ ਲੱਗਾ ਤਾਂ ਮੇਜਰ ਨੇ ਸਾਰਿਆਂ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਕਿਹਾ, “ਇੱਕ ਹੀ ਗੱਲ ਆ ਬਾਈ ਜੀ, ਤੁਸੀਂ ਸਹੁੰ ਖਾ ਲਵੋ ।”
ਮੈਂ ਅੱਖਾਂ ਹੀ ਅੱਖਾਂ ਨਾਲ ਉਸ ਨੂੰ ਘੂਰਿਆ, “ਕਿਉਂ, ਗਊ ਕਤਲ ਕਰਾਉਣ ਲਈ ਹੀ ਮੈਨੂੰ ਨਾਲ ਲਿਆਂਦਾ ਸੀ ।” ਮੈਂ ਕਿਵੇਂ ਵੀ ਸਹੁੰ ਨਹੀਂ ਸਾਂ ਚੁੱਕਣੀ ਚਾਹੁੰਦਾ। ਇਹ ਨਾ ਤਾਂ ਮੇਰੀ ਫਿਤਰਤ ਸੀ ਅਤੇ ਨਾ ਹੀ ਕੋਈ ਜ਼ਿੰਮੇਵਾਰੀ ਜਾਂ ਫ਼ਰਜ਼ ਸੀ। ਉਂਜ ਵੀ ਆਮ ਬੰਦਾ ਆਸਤਿਕ ਹੋਵੇ ਜਾਂ ਨਾਸਤਿਕ, ਸਹੁੰ ਚੁੱਕਣ ਤੋਂ ਟਲਿਆ ਹੀ ਕਰਦਾ ਹੈ ਪਰ ਮੈਂ ਸਾਰਿਆਂ ਦੇ ਸਾਹਮਣੇ ਨਾਂਹ ਕਰਕੇ ਮੇਜਰ ਵਲੋਂ ਕੀਤੇ ਵਾਅਦੇ ਨੂੰ ਸ਼ੱਕੀ ਵੀ ਨਹੀਂ ਸੀ ਬਣਾਉਣਾ ਚਾਹੁੰਦਾ। ਪਲ ਦੀ ਪਲ ਮੈਂ ਦੁਬਿਧਾ ਦਾ ਸ਼ਿਕਾਰ ਹੋ ਗਿਆ। ਉਹਨੇ ਮੇਰੇ ਮੱਥੇ ਉੱਤੇ ਟਪਕੀ ਪਸੀਨੇ ਦੀ ਬੂੰਦ ਵੇਖ ਕੇ ਮੈਨੂੰ ਅੱਖ ਮਾਰੀ ਜਿਸ ਦਾ ਮਤਲਬ ਸੀ ਘਬਰਾਉਣ ਦੀ ਕੋਈ ਗੱਲ ਨਹੀਂ। ਪਰ ਮੈਨੂੰ ਲੱਗਾ ਜਿਵੇਂ ਕਹਿ ਰਿਹਾ ਹੋਵੇ, ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ।
ਮੈਂ ਭਰੀ ਪੰਚਾਇਤ ਵਿੱਚ ਸਾਰਿਆਂ ਦੇ ਸਾਹਮਣੇ ਗੁਟਕੇ ਉੱਤੇ ਹੱਥ ਰੱਖ ਕੇ ਕਿਹਾ, “ਬਾਕੀ ਪੈਸੇ ਕੱਲ੍ਹ ਤਕ ਹਰ ਹਾਲਤ ਪਹੁੰਚ ਜਾਣਗੇ। ਸਾਡਾ ਬੰਦਾ ਜਿੱਤੇ, ਭਾਵੇਂ ਹਾਰੇ ।” ਪਰ ਅੰਦਰੋਂ ਮੇਰਾ ਲੇਖਕ ਮਨ ਕੰਬ ਗਿਆ। ਮੈਂ ਕੁਰੂਕਸ਼ੇਤਰ ਵਿੱਚ ਯੂਧਿਸ਼ਟਰ ਵੱਲੋਂ ਬੋਲੇ ਝੂਠ ਦੀ ਤਰ੍ਹਾਂ ਹੀ ਮੂੰਹ ਵਿੱਚ ਕਿਹਾ, “ਰੱਬਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ।” ਪੋਲਿੰਗ ਖਤਮ ਹੋਣ ਦਾ ਸਮਾਂ ਹੋ ਰਿਹਾ ਸੀ। ਉਹ ਸਾਰੇ ਜਣੇ ਇਕੱਠੇ ਪੋਲਿੰਗ ਸਥਾਨ ਸਕੂਲ ਦੇ ਗੇਟ ਬੰਦ ਹੋਣ ਤੋਂ ਪਹਿਲਾਂ-ਪਹਿਲਾਂ ਅੰਦਰ ਵੜ ਗਏ ਅਸੀਂ ਵਾਪਸ ਸ਼ਹਿਰ ਨੂੰ ਚੱਲ ਪਏ।
ਰਸਤੇ ਵਿੱਚ ਮੈਂ ਚੁੱਪ ਸੀ। ਖ਼ੁਦ ਨੂੰ ਫਿਟਕਾਰ ਰਿਹਾ ਸੀ ਕਿ ਚੰਗਾ ਭਲਾ ਘਰੇ ਜਾਂਦਾ-ਜਾਂਦਾ ਮੈਂ ਕਿਉਂ ਫਸ ਗਿਆ ਸੀ ਪਰ ਫਿਰ ਸੋਚਿਆ, ਕੋਈ ਗੱਲ ਨਹੀਂ। ਇਹੋ ਜਿਹੀ ਸਹੁੰ ਤਾਂ ਸਾਰੇ ਹੀ ਖਾਂਦੇ ਹਨ। ਚੋਣਾਂ ਪਿੱਛੋਂ ਚੋਣ ਪਟੀਸ਼ਨਾਂ ਦੌਰਾਨ ਹਾਈ ਕੋਰਟ ਵਿੱਚ ਗਵਾਹੀ ਦੇਣ ਵੇਲੇ ਦੇਸ਼ ਦੀ ਕਾਨੂੰਨ ਘੜਨੀ ਸਭਾ (ਸੰਸਦ) ਦੇ ਉਮੀਦਵਾਰ ਵੀ ਤਾਂ ਝੂਠੀ ਸਹੁੰ ਖਾਂਦੇ ਹੀ ਹਨ ਕਿ ਜੋ ਕੁਝ ਕਹਾਂਗਾ, ਧਰਮ ਨਾਲ ਸੱਚ ਕਹਾਂਗਾ।ਅਦਾਲਤਾਂ ਵਿੱਚ ਇੰਜ (ਝੂਠੀ) ਸਹੁੰ ਖਾਣੀ ਇੱਕ ਰਸਮੀ ਖਾਨਾ ਪੂਰਤੀ ਹੈ, ਤੇ ਪੂਰਾ ਸੱਚ ਕਹਿਣ ਨਾਲ ਅੱਜ ਤੱਕ ਕੋਈ ਮੁਕੱਦਮਾ ਕਦੀ ਜਿੱਤਿਆ ਨਹੀਂ ਗਿਆ। ਕਿਉਂਕਿ ਕਾਨੂੰਨ ਨੂੰ ਪ੍ਰਤਖ ਸਬੂਤਾਂ ਦੀ ਲੋੜ ਹੁੰਦੀ ਹੈ (ਜੋ ਝੁਠੇ ਘੜੇ ਹੁੰਦੇ ਹਨ), ਨੈਤਿਕਤਾ ਦੀ ਨਹੀਂ। ਕੱਚੇ ਰਸਤੇ ਉਤੇ ਦੌੜੀ ਜਾ ਰਹੀ ਕਾਰ ਧੂੜ ਦੇ ਬੱਦਲ ਉਡਾ ਰਹੀ ਸੀ।
ਮੈਨੂੰ ਆਪਣੇ ਪਿੰਡਾਂ ਦਾ ਜੱਗਾ ਅਮਲੀ ਯਾਦ ਆਇਆ। ਇੱਕ ਵਾਰੀ ਉਹ ਸਿੱਖਾਂ ਦਾ ਨਰਮਾ ਚੁਗਦਾ ਫੜਿਆ ਗਿਆ ਸੀ ਪਰ ਸੱਥ ਵਿੱਚ ਉਹ ਪੰਚਾਇਤ ਅੱਗੇ ਪੈਰਾਂ ਉਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਅਖੀਰ ਉਹਨੂੰ ਸਹੁੰ ਦੇ ਤੌਰ ਉਤੇ ਗੁਰਦੁਆਰੇ ਦਾ ਕੁੰਡਾ ਖੋਲ੍ਹਣ ਲਈ ਕਿਹਾ ਗਿਆ। ਉਹ ਝੱਟ ਤਿਆਰ ਹੋ ਗਿਆ। ਸਾਰੇ ਹੈਰਾਨ ਸਨ। ਅਮਲੀ ਉਠਦਾ ਹੋਇਆ ਬੋਲਿਆ, “ਜੇ ਭਾਈ ਜੀ ਨੂੰ, ਜਿਹੜਾ ਵੀਹ ਸਾਲਾਂ ਤੋਂ ਨਿੱਤ ਗੁਰਦੁਆਰੇ ਦਾ ਕੁੰਡਾ ਖੋਲ੍ਹਦਾ ਐ, ਕੁਝ ਨਹੀਂ ਹੋਇਆ ਤਾਂ ਮੈਨੂੰ ਇੱਕ ਵਾਰੀ ਖੋਲ੍ਹਣ ਨਾਲ ਕੀ ਹੁੰਦਾ ਐ?”
ਪਰ ਕਦੀ-ਕਦੀ ਕੋਈ ਅਣਪੜ੍ਹ ਸਿੱਧਾ-ਸਾਦਾ ਆਦਮੀ, ਜੋ ਨਿੱਤ-ਨੇਮੀ ਹੋਵੇ ਤੇ ਸੱਚੇ ਦਿਲੋਂ ਰੱਬ ਦਾ ਖੌਫ਼ ਮੰਨਦਾ ਹੋਵੇ ਕਚਹਿਰੀ ਵਿੱਚ ਗੁਟਕੇ ਉਤੇ ਹੱਥ ਰੱਖਣ ਤੋਂ ਨਾਂਹ ਕਰਦਾ ਹੋਇਆ ਗਵਾਹੀ ਦੇਣੋਂ ਟਲ ਵੀ ਜਾਂਦਾ ਹੈ ਪਰ ਇਹ ਲੋਕ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ। ਬਾਕੀ ਸਭ ਧਰਮ ਦੇ ਪੱਕੇ ਹੋਣ ਦੇ ਦਾਵੇਦਾਰ ਲੋਕ ਵੀ ਆਪਣੇ ਵਕੀਲ ਦੇ ਸਿਖਾਉਣ ਅਨੁਸਾਰ ਕਾਨੂੰਨ ਦਾ ਢਿੱਡ ਭਰਨ ਲਈ ਆਪਣੇ ਧਰਮ ਦੀ ਝੂਠੀ ਸਹੁੰ ਖਾਂਦੇ ਹਨ। ਇਹ ਮੇਰਾ ਜ਼ਾਤੀ ਤਜਰਬਾ ਵੀ ਹੈ ਅਤੇ ਅਦਾਲਤੀ ਸੱਚ ਵੀ।
ਮੇਜਰ ਸਿੰਘ ਅਤੇ ਕਾਰ ਡਰਾਈਵਰ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਸਨ। ਡਰਾਈਵਰ ਦੱਸ ਰਿਹਾ ਸੀ ਕਿ ਇਹ ਸਾਰੀਆਂ ਵੋਟਾਂ ਨਹੀਂ ਪੈਣੀਆਂ ਕਿਉਂਕਿ ਇਨ੍ਹਾਂ ਵਿੱਚੋਂ ਕਈ ਵੋਟਰ ਇਕੱਲੇ-ਇੱਕਲੇ ਪੈਸੇ ਲੈਣੇ ਚਾਹੁੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਂਝੀਆਂ ਥਾਵਾਂ ਦੀ ਉਸਾਰੀ ਕਰਨਾ ਸਰਕਾਰਾਂ ਅਤੇ ਪੰਚਾਇਤਾਂ ਦਾ ਕੰਮ ਹੁੰਦਾ ਤੇ ਨਾ ਹੀ ਉਨ੍ਹਾਂ ਨੂੰ ਇਸ ਧਰਮਸ਼ਾਲਾ ਦੀ ਲੋੜ ਸੀ।(ਪੰਜਾਬ ਵਿੱਚ ਸਿਰਫ ਜੱਟਾਂ ਅਤੇ ਹਰੀਜਨਾਂ ਦੀਆਂ ਧਰਮਸ਼ਾਲਾ ਹੀ ਨਹੀਂ ਬਲਕਿ ਅਗਾਂਹ ਮਜ੍ਹਬੀਆਂ, ਰਵੀਦਾਸੀਆਂ ਅਤੇ ਬੌਰੀਆਂ ਦੀਆਂ ਧਰਮਸ਼ਾਲਾਵਾਂ ਵੀ ਵੱਖ-ਵੱਖ ਹੁੰਦੀਆਂ ਹਨ) ਫਿਰ ਕਿਉਂ ਨਾ ਉਹ ਆਪਣੀ ਵੋਟ ਵੇਚਣ ਬਦਲੇ ਪੈਸੇ ਘਰੇ ਲਿਆਉਣ। ਉਨ੍ਹਾਂ ਦੀ ਸਾਂਝੀ ਧਰਮਸ਼ਾਲਾ ਵਿੱਚ ਕੋਈ ਦਿਲਚਸਪੀ ਨਹੀਂ ਸੀ। ਇਨ੍ਹਾਂ ਨੇ ਰਾਤੀਂ ਸਰਪੰਚ, ਜੋ ਦੂਜੀ ਧਿਰ ਦੀ ਮਦਦ ਕਰ ਰਿਹਾ ਸੀ, ਕੋਲ ਸਹੁੰ ਵੀ ਚੁੱਕੀ ਸੀ ਕਿ ਉਹ ਪੈਸੇ ਭਾਵੇਂ ਕਿਸੇ ਤੋਂ ਲੈਣ ਪਰ ਵੋਟ ਉਨ੍ਹਾਂ ਨੂੰ ਹੀ ਪਾਉਣਗੇ। (ਅਜਿਹੇ ਹਾਲਾਤਾਂ ਕਾਰਨ ਹੀ ਹੁਣ ਵੋਟਾਂ ਵਿੱਚ ਖਰੀਦੀਆਂ ਹੋਈਆਂ ਸ਼ੱਕੀ ਵੋਟਾਂ ਨੂੰ ਉਮੀਦਵਾਰਾਂ ਵੱਲੋਂ ਆਪਣੇ ਘਰੀ ਠਹਿਰਾਇਆ ਜਾਂਦਾ ਹੈ ਅਤੇ ਵੋਟ ਪਾਉਣ ਦਾ ਸਮਾਂ ਖਤਮ ਹੋਣ ਪਿੱਛੋਂ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ। ਇੰਝ ਵੋਟਾਂ ਖਰੀਦਣ ਤੋਂ ਅਗਲਾ ਪੜਾਅ ਹੁਣ ਪੈਸੇ ਦੇ ਕੇ, ਵੋਟਾਂ ਪਾਉਣੋ ਰੋਕਣਾ ਆ ਗਿਆ ਹੈ।) ਡਰਾਈਵਰ ਪੋਲਿੰਗ ਬੂਥਾਂ ਵੱਲ ਚੱਕਰ ਕੱਟ ਕੇ ਪਿੰਡ ਦੀ ਹਵਾ ਸੁੰਘ ਆਇਆ ਸੀ। ਮੇਜਰ ਸਿੰਘ ਨੇ ਸਿਰ ਖੁਰਕਿਆ, “ਕੋਈ ਗੱਲ ਨਹੀਂ, ਜਿੰਨੀਆਂ ਕੁ ਪਾਉਣਗੇ, ਉਹੀ ਬਥੇਰੀਆਂ ਨੇ। ਅੱਧ-ਪਚੱਧ ਪੈ ਜਾਣ, ਬਹੁਤ ਨੇ। ਆਪਾਂ ਵੀ ਕਿਹੜਾ ਇਨ੍ਹਾਂ ਨੂੰ ਬਾਕੀ ਰਹਿੰਦੇ ਪੈਸੇ ਦੇਣੇ ਨੇ।”
ਮੈਨੂੰ ਗੁੱਸਾ ਆ ਗਿਆ, “ਗੱਡੀ ਰੋਕ!” ਕਹਿੰਦਿਆਂ ਮੈਂ ਉਤਰਨ ਲਈ ਖਿੜਕੀ ਦੇ ਹੈਂਡਲ ਨੂੰ ਹੱਥ ਪਾ ਲਿਆ। ਵਾਅਦਾ ਫਰਾਮੋਸ਼ੀ ਅਤੇ ਅਕ੍ਰਿਤਘਣਤਾ ਦਾ ਸਿਹਰਾ ਮੇਰੇ ਸਿਰ ਬੱਝਦਾ ਨਜ਼ਰ ਆ ਰਿਹਾ ਸੀ। ਪਲ ਦੀ ਪਲ ਮੇਰੀ ਕਲਪਨਾ ਵਿੱਚ ਹਾਈ ਕੋਰਟ ਦੇ ਚੀਫ ਜਸਟਿਸ ਦਾ ਵੱਡਾ ਕਮਰਾ ਘੁੰਮ ਗਿਆ। ਪਰ ਛੇ ਫੁੱਟ ਉੱਚੀ ਕੁਰਸੀ ਉਤੇ ਜੱਜ ਦੀ ਥਾਂ ਧਰਮਰਾਜ ਬੈਠਾ ਸੀ। ਮੈਂ ਮੇਜਰ ਨੂੰ ਟੋਕਿਆ, “ਮੈਨੂੰ ਪਹਿਲਾਂ ਹੀ ਸ਼ੱਕ ਸੀ। ਸਾਲਿਆ ਵੋਟਾਂ ਤੁਸੀਂ ਪਵਾਉ ਤੇ ਮੇਰਾ ਮੁਫਤ ਵਿੱਚ ਹੀ ਗੁਟਕੇ ਉਤੇ ਹੱਥ ਰਖਵਾ ਦਿੱਤਾ!"
ਹਾਲਾਤ ਜੱਫੋ-ਜੱਫੀ ਹੋਣ ਵਾਲੇ ਬਣ ਰਹੇ ਸਨ ਪਰ ਵਰ੍ਹਿਆਂ ਪੁਰਾਣੀ ਯਾਰੀ ਕਾਰਨ ਮੇਜਰ ਸਿੰਘ ਨੇ ਡਰਾਈਵਰ ਨੂੰ ਚਲਦੇ ਰਹਿਣ ਦਾ ਇਸ਼ਾਰਾ ਕਰਕੇ ਮੇਰੀ ਬਾਂਹ ਫੜ ਲਈ, “ਨਰਾਜ਼ ਕਿਉਂ ਹੁੰਦਾ ਐਂ। ਜੇ ਉਹ ਦੋਨੋਂ ਪਾਸੀਂ ਸਹੁੰ ਪਾ ਕੇ ਵੋਟਾਂ ਪਾਉਣੋਂ ਮੁੱਕਰ ਸਕਦੇ ਨੇ ਤੇ ਆਪਾਂ ਕਿਉਂ ਨਹੀਂ ਮੁੱਕਰ ਸਕਦੇ? ਅਸੀਂ ਮੁਫਤ ਦੀ ਢੂਹੀ ਕਿਉਂ ਕੁਟਾਈਏ ?”
ਮੈਂ ਸਿਰ ਮਾਰਿਆ, “ਨਹੀਂ, ਇਹ ਕੋਈ ਦਲੀਲ ਨਹੀਂ। ਗੁਟਕੇ ਤੇ ਹੱਥ ਮੈਂ ਰੱਖਿਆ ਸੀ। ਮੈਂ ਜੇ ਵਾਅਦਾ ਕੀਤਾ ਹੀ ਹੈ ਤਾਂ ਪੈਸੇ ਜ਼ਰੂਰ ਦੇਣੇ ਪੈਣਗੇ ।”
ਉਹ ਮੇਰੀ ਮੂਰਖਤਾ ਉਤੇ ਹੱਸਿਆ। ਉਹਨੇ ਡਰਾਈਵਰ ਨੂੰ ਕਾਰ ਵਿੱਚੋਂ ਅੱਗੋਂ ਚੁੱਕ ਕੇ ਗੁਟਕਾ ਫੜਾਉਣ ਲਈ ਕਿਹਾ। ਫਿਰ ਰੇਸ਼ਮੀ ਰੁਮਾਲ ਦੀ ਦੂਹਰੀ ਗੰਢ ਖੋਹਲ ਕੇ ਮੈਨੂੰ ਗੁਟਕਾ ਦਿਖਾਇਆ। ਰੁਮਾਲ ਵਿੱਚ ਗੁਟਕਾ ਨਹੀਂ ਸੀ। ਐਕਸਫੋਰਡ ਦੀ ਬੱਚਿਆਂ ਵਾਲੀ ਛੋਟੀ ਡਿਕਸ਼ਨਰੀ ਸੀ।

No comments: