ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਗੁਰਨਾਮ ਗਿੱਲ - ਲੇਖ

ਬਾਬਾ ਫ਼ਰੀਦ ਤੇ ਸੂਫ਼ੀ ਵਿਚਾਰਧਾਰਾ
(ਪੋਸਟ: ਨਵੰਬਰ 17, 2008)
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੂਫ਼ੀ ਵਿਚਾਰਧਾਰਾ ਦਾ ਜਨਮ ਇਸਲਾਮ ਵਿੱਚੋਂ ਹੀ ਹੋਇਆ ਹੈ ਅਤੇ ਇਸਲਾਮ ਦੇ ਨਾਂ ਹੇਠ ਹੀ ਇਸਦਾ ਵਿਕਾਸ ਹੋਇਆ ਸੀ; ਅਤੇ ਇਹ ਵੀ ਸੱਚ ਹੈ ਕਿ ਇਸਲਾਮ ਦੇ ਪ੍ਰਚਾਰ ‘ਤੇ ਪ੍ਰਸਾਰ ਵਿੱਚ ਸੂਫ਼ੀਵਾਦ ਬੜਾ ਸਹਾਈ ਹੋਇਆ ਹੈ।
ਜਦੋਂ ਸਿੰਧ, ਮਿਸਰ, ਈਰਾਨ ਅਤੇ ਤੁਰਕੀ ਆਦਿ ਦੇਸ਼, ਇਸਲਾਮੀ ਪ੍ਰਭਾਵ ਹੇਠ ਆਏ ਤਾਂ ਇਸਲਾਮੀ ਸ਼ਰੀਅਤ ਵਿੱਚ ਰਹੱਸਵਾਦ ਦੇ ਬੀਜ ਪੁੰਘਰਨ ਲੱਗੇ ਸਨ। ਇਸਦੇ ਨਾਲ਼ ਅਵਾਸੀ ਸਰਗਰਮੀਆਂ ਕਾਰਣ, ਦੂਜੇ ਧਰਮਾਂ ਦਾ ਅਸਰ ਹੋਣਾ ਵੀ ਕੁਦਰਤੀ ਹੀ ਸੀ। ਈਸਾਈ, ਬੋਧੀ ਅਤੇ ਹਿੰਦੂ ਧਰਮਾਂ ਨੂੰ ਵੇਖਦੇ ਹੋਏ, ਸੂਫ਼ੀ ਫ਼ਕੀਰਾਂ ਨੇ ਉਦਾਰਤਾ ਨਾਲ਼ ਸੂਫ਼ੀ ਰਸਤਾ ਅਖ਼ਤਿਆਰ ਕੀਤਾ ਜਿਵੇਂ ਗੁਰੂ ਨਾਨਕ ਦੇਵ ਨੇ ਸਮੇ ਦੀ ਨਜ਼ਾਕਤ ਪਛਾਣਦਿਆਂ; ਇਸਲਾਮੀ ਅਤੇ ਹਿੰਦੂ ਕਰਮ-ਕਾਂਡ (ਸ਼ਰੀਅਤ) ਦੇ ਸਮਾਂਤਰ ਮਾਨਵੀ ਹਿਤਾਂ ਨੂੰ ਪਹਿਲ ਦਿੰਦਿਆਂ, ਸਿੱਖ ਧਰਮ ਦੀ ਰੂਪ-ਰੇਖਾ ਘੜੀ ਸੀ।
ਸਿੱਖ ਧਰਮ ਵਾਂਗ, ਸੰਗੀਤ, ਸੇਵਾ, ਤਿਆਗ, ਸਾਦਗੀ, ਹੁਕਮ ਜਾਂ ਰਜ਼ਾ ਵਿੱਚ ਰਹਿਣਾ, ਨਿਮਰਤਾ, ਨਿਰਮਾਣਤਾ, ਸੁਹਿਰਦਤਾ, ਸਦਾਚਾਰਤਾ, ਭਾਵੁਕਤਾ ਅਤੇ ਮੁਹੱਬਤ ਵਰਗੇ ਜਜ਼ਬਾਤਾਂ, ਮਾਨਤਾਵਾਂ ਅਤੇ ਕੀਮਤਾਂ ਸੂਫ਼ੀਆਂ ਨੇ ਵੀ ਅਪਣਾਈਆਂ ਸਨ। ਇਸਦੇ ਵਿਕਾਸ ਦਾ ਕਾਰਣ, ਇਸ ਵਿਚਲੀ ਉਦਾਰਤਾ ਨੂੰ ਹੀ ਮੰਨਿਆ ਜਾ ਸਕਦਾ ਹੈ।
ਬਾਰ੍ਹਵੀਂ ਸਦੀ ਵਿੱਚ, ਜਦੋਂ ਸੂਫ਼ੀ ਫ਼ਕੀਰਾਂ ਨੇ ਭਾਰਤ ਵਿੱਚ ਆਕੇ ਆਵਾਸ ਧਾਰਣ ਕੀਤਾ, ਉਸ ਵੇਲੇ ਤੱਕ ਇਹ ਰਹਿਸਵਾਦੀ ਫ਼ਲਸਫ਼ਾ, ਸੂਫ਼ੀ ਵਿਚਾਰਧਾਰਾ ਅਧੀਨ ਪੂਰਣ ਵਿਕਾਸ ਕਰ ਚੁੱਕਾ ਸੀ। ਸਮੇਂ ਦੇ ਨਾਲ਼-ਨਾਲ਼ ਸੂਫ਼ੀਆਂ ਦੇ ਪ੍ਰਚਾਰ ਕਾਰਣ, ਇਸਲਾਮ ‘ਚੋਂ ਕਟੱੜਪਨ ਦੇ ਕਰਮ-ਕਾਂਡ ਘਟਣ ਲੱਗੇ ਸਨ ਅਤੇ ਲੋਕਾਂ ਨੂੰ ਸਭਨਾ ਵਿੱਚ ਇੱਕੋ ਹੀ ਨੂਰ ਦਾ ਅਨੁਭਵ ਹੋਣ ਲੱਗਾ ਸੀ। ਬਹੁਤੇ ਸੂਫ਼ੀ ਫ਼ਕੀਰਾਂ ਨੇ ਵੇਦਾਂਤਕ ਸਿਧਾਂਤਾਂ ਦਾ ਅਧਿਅਨ ਵੀ ਕੀਤਾ ਅਤੇ ਪ੍ਰਭਾਵਹਿਤ ਉਹ ਸ਼ਰੀਅਤ ਤੋਂ ਮੁਕਤ ਹੋਣ ਬਾਰੇ ਸੋਚਣ ਲੱਗ ਪਏ ਸਨ। ਹਿੰਮਤ ਕਰਕੇ ਕੁੱਝ ਲੋਕ ਹੋ ਗਏ ਅਤੇ ਕੁੱਝ ਮਜਬੂਰੀ ਵੱਸ ਲੋਚਦੇ ਹੀ ਰਹਿ ਗਏ। ਪਰ ਫੇਰ ਵੀ, ਅਜਿਹੇ ਕਰਮ-ਕਾਡਾਂ ਵਿੱਚ ਉਨ੍ਹਾਂ ਦਾ ਉੱਕਾ ਵਿਸ਼ਵਾਸ ਨਹੀਂ ਸੀ।
ਇਹ ਕਹਿਣਾ ਮੁਸ਼ਕਿਲ ਹੈ ਕਿ ਕਿਸੇ ਇੱਕ ਨਿਸਚਤ ਸਦੀ ਤੋਂ ਬਾਦ; ਮਗਰਲੀ ਜਾਂ ਪਿਛਲੇਰੀ ਸਦੀ ਦੇ ਸਾਰੇ ਹੀ ਸੂਫ਼ੀ ਫ਼ਕੀਰ, ਸ਼ਰੀਅਤ ਤੋਂ ਮੁਕਤ ਹੋ ਕੇ ਉਦਾਰ (ਵੇਦਾਂਤੀ) ਵਿਚਾਰਧਾਰਾ ਦੇ ਅਨੁਆਈ ਹੋ ਗਏ ਹੋਣ! ਹੌਲ਼ੀ-ਹੌਲ਼ੀ, ਆਪੋ-ਆਪਣੇ ਆਤਮਿਕ ਵਿਕਾਸ ਅਨੁਸਾਰ ਸੂਫ਼ੀਆਂ ਦੇ ਮੁਰਸ਼ਦਾਂ (ਗੁਰਾਂ-ਪੀਰਾਂ) ਨੇ ਆਪੋ ਆਪਣੇ ਡੇਰੇ ਬਣਾ ਲਏ ਜਿਵੇਂ ਚਿਸ਼ਤੀ, ਕਾਦਰੀ, ਮਦਾਰੀ, ਸੁਹਰਵਰਦੀ ਅਤੇ ਨਕਸ਼ਬੰਦੀ ਆਦਿ।
ਬਾਬਾ ਫ਼ਰੀਦ ਜੀ, ਚਿਸ਼ਤੀ ਟੋਲੇ ਦੇ ਚੌਥੇ ਉਤਰਾਧਿਕਾਰੀ ਹੋਏ ਹਨ। ਫ਼ਰੀਦ ਜੀ ਨੇ ਆਪਣੇ ਸਲੋਕਾਂ ਰਾਹੀਂ ਮੁੱਲਾਂ ਜਾਂ ਕਾਜ਼ੀ ਲੋਕਾਂ ਦੇ ਨਿਜੀ ਸਵਾਰਥਾਂ ਨੂੰ ਨੰਗੇ ਕਰਕੇ, ਜੰਤਾ ਨੂੰ ਗੁਮਰਾਹੀ ਵਿੱਚ ਰੱਖਣ ਦੇ ਪਾਜ ਨੂੰ ਖੋਲ੍ਹਿਆ ਸੀ। ਇਹੋ ਹੀ ਵਜ੍ਹਾ ਸੀ ਕਿ ਆਮ ਲੋਕੀ ਸੂਫ਼ੀਆਂ ਪ੍ਰਤੀ ਸ਼ਰਧਾ ਰੱਖਣ ਲੱਗ ਪਏ ਸਨ। ਧਰਮ ਦੇ ਨਾਂ ਹੇਠ ਅੱਜ ਵੀ ਇਹ ਸਵਾਰਥ ਖੁੱਲ੍ਹੇ-ਆਮ ਵੇਖਿਆ ਜਾ ਸਕਦਾ ਹੈ!
ਸੂਫ਼ੀ ਫ਼ਕੀਰਾਂ ਨੇ ਸਥਾਨਕ ਲੋਕ-ਬੋਲੀ ਵਿੱਚ ਹੀ ਆਪਣੀ ਸਿਰਜਣਾ ਕੀਤੀ ਤਾਂ ਕਿ ਉਹ ਜਨ-ਸਾਧਾਰਣ ਨਾਲ਼ ਸਿੱਧੀ ਤਰ੍ਹਾਂ ਮੁਖਾਤਿਬ ਹੋ ਸਕਣ। ਇਹ ਗੱਲ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਹਾਨਤਾ ਰੱਖਦੀ ਹੈ।
ਉਸ ਵੇਲੇ ਦੇ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਵਿੱਚ; ਆਤਮਿਕ, ਸਮਾਜਿਕ, ਸਦਾਚਾਰਿਕ ਅਤੇ ਸਭਿਆਚਾਰਿਕ ਵਿਕਾਸ, ਸੂਫ਼ੀਆਂ-ਭਗਤਾਂ ਅਤੇ ਗੁਰੂਆਂ ਦੇ ਸਾਂਝੇ ਕਰਮਾ ਕਾਰਣ ਹੀ ਸੰਭਵ ਹੋ ਸਕਿਆ ਸੀ। ਇਹ ਤੱਥ ਬਹੁਤ ਵੱਡਾ ਪ੍ਰਮਾਣ ਹੈ ਕਿ ਕਟੱੜਤਾ ਜਾਂ ਨਿਰੇ ਕਰਮ-ਕਾਂਡ (ਰਹੁ-ਰੀਤਾਂ) ਸਦੀਆਂ ਤੋਂ ਧਰਮ ਪ੍ਰਚਾਰ ਜਾਂ ਵਿਕਾਸ ਦੇ ਰਾਹ ਵਿੱਚ ਸਿਰਫ਼ ਰੁਕਾਵਟਾਂ ਪੈਦਾ ਕਰਦੇ ਆਏ ਹਨ ਅਤੇ ਵਿਗਿਆਨੀ ਯੁਗ ਵਿੱਚ ਅੱਜ ਵੀ ਕਰ ਰਹੇ ਹਨ! ਹਰ ਵਿਅਕਤੀ ਜਾਂ ਸੰਸਥਾ ਆਪਣੇ ਧਰਮ ਦੇ ਪ੍ਰਚਾਰ, ਪ੍ਰਸਾਰ ਜਾਂ ਵਿਕਾਸ (ਫੈਲਾਅ) ਵਾਸਤੇ ਇਸ ਸੱਚਾਈ ਨੂੰ ਮੱਦੇ-ਨਜ਼ਰ ਰੱਖ ਸਕਦੀ ਹੈ ਕਿ ਸਿਰਫ ਕਰਮ-ਕਾਂਡਾਂ ਤੱਕ ਸੀਮਤ ਹੋ ਕੇ ਰਹਿ ਜਾਣਾ, ਮਨੁੱਖ ਨੂੰ ਦੰਭੀ-ਪਖੰਡੀ ਤਾਂ ਬਣਾ ਸਕਦੇ ਹਨ ਪਰ ਧਰਮੀ ਬਿਲਕੁਲ ਨਹੀਂ।
ਸੂਫ਼ੀ ਫ਼ਕੀਰਾਂ ਦੀ ਸਿਰਜਣਾ ਵਿੱਚ ਲੋਕ-ਬੋਲੀ ਤੋਂ ਇਲਾਵਾ ਵੇਦਾਂਤੀ ਪ੍ਰਭਾਵ ਵੀ ਦ੍ਰਿਸ਼ਟਮਾਨ ਹੁੰਦਾ ਹੈ। ਬੁਲ੍ਹੇ ਸ਼ਾਹ ਜੋ ਸਤਾਰਵੀਂ ਸਦੀ ਦਾ ਸੂਫ਼ੀ ਹੋਇਆ ਹੈ, ਹੇਠਾਂ ਅੰਕਿਤ ਕੀਤੇ ਉਸਦੇ ਬੋਲ ਇਸ ਗੱਲ ਦੀ ਹਾਮੀ ਭਰਦੇ ਪ੍ਰਤੀਤ ਹੁੰਦੇ ਹਨ।
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ; ਮਸਜਦ ਕੋਲੋਂ ਜੀਉੜਾ ਡਰਿਆ।
ਭੱਜ ਭੱਜ ਠਾਕਰ ਦੁਆਰੇ ਵੜਿਆ, ਜਿੱਥੇ ਵਜਦੇ ਨਾਦ ਹਜ਼ਾਰ!
ਇਸ ਵਿੱਚ ਰੂਪਕ, ਬੋਲੀ ਦੀ ਰਸਿਕਤਾ ਅਤੇ ਰਮਜ਼ ਦੀ ਸੁੰਦਰਤਾ ਦਾ ਆਪਣਾ ਹੀ ਕਮਾਲ ਮਿਲਦਾ ਹੈ। ਅਜਿਹੀ ਸਿਰਜਣਾ ਆਤਮਾ ‘ਤੇ ਇੱਕ ਦਮ ਅਸਰ ਕਰਦੀ ਹੈ। ਅਸਲ ਵਿੱਚ ਇਹੋ ਹੀ ਪ੍ਰਚਾਰ ਦੀ ਕਰਾਮਾਤ ਹੈ।
ਮਨਸੂਰ ਉਪੱਰ ਇਹ ਪ੍ਰਭਾਵ ਦਸਵੀਂ ਸਦੀ ਵਿੱਚ ਹੀ ਹਾਵੀ ਹੋ ਗਿਆ ਸੀ! ਮੇਰੀ ਬੁੱਧੀ ਲਈ ਤਾਂ ਇਹ ਹਾਲੇ ਵੀ ਪ੍ਰਸ਼ਨ ਚਿਨ੍ਹ ਹੈ! ਦਸਵੀਂ ਸਦੀ!!
ਬਾਦਸ਼ਾਹ ਔਰੰਗਜ਼ੇਬ ਅਤੇ ਉਸਦੇ ਸ਼ਾਹੀ ਮੁੱਲਾਂ ਨੂੰ ਅਜਿਹੇ ਸੂਫ਼ੀਆਂ ਨਾਲ਼ ਨਫ਼ਰਤ ਸੀ ਕਿਉਂਕਿ ਉਹ ਸਿਰਫ਼ ਇਸਲਾਮ ਦਾ ਬੋਲ-ਬਾਲਾ ਵੇਖਣ ਦਾ ਇੱਛੁਕ ਸੀ। ਅਕਬਰ ਵੇਲੇ, ਆਪਣੇ ਜਾਤੀ ਔਗੁਣਾਂ ਦੇ ਬਾਵਜੂਦ, ਸ਼ਾਹ ਹੁਸੈਨ ਲੋਕਾਂ ਵਿੱਚ ਬੜਾ ਹਰਮਨ ਪਿਆਰਾ ਰਿਹਾ ਸੀ।
ਫਰੀਦ ਜੀ ਤਾਂ ਬੁਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਹਾਸ਼ਮ ਵਰਗੇ ਸੂਫ਼ੀ ਸ਼ਾਇਰਾਂ ਤੋਂ ਬਹੁਤ ਪਹਿਲਾਂ ਹੋਏ ਹਨ। ਘਰੇਲੂ ਮਹੌਲ ਅਤੇ ਅਨੁਸਾਸ਼ਨ ਦਾ ਉਹਨਾਂ ਦੇ ਜੀਵਨ ਤੇ ਡੂੰਘਾ ਅਸਰ ਪਿਆ ਹੈ। ਉਨ੍ਹਾਂ ਨੇ ਆਪਣੇ ਸਮਾਜਿਕ ਖੇਤਰ ਵਿੱਚ ਵਿਚਰਕੇ, ਆਮ ਲੋਕਾਂ ਦੇ ਹਿਤਾਂ ਲਈ ਲਿਖਿਆ ਹੈ। ਸਰਬਤ ਦੇ ਭਲੇ ਦੀ ਗੱਲ ਕੀਤੀ ਹੈ। ਵਿਰਸੇ ਵਿੱਚ ਮਿਲੀਆਂ ਮਾਨਤਾਵਾਂ ਨੂੰ ਗ੍ਰਹਿਣ ਕਰ ਸਕਣ ਦੀ ਯੋਗਤਾ ਕਰਕੇ, ਲੋਕਾਂ ਨੂੰ ਉਸ ਵਿੱਚੋਂ ਪੂਰਣ ਇਨਸਾਨ ਦੀ ਝਲਕ ਦਿਸਣ ਲੱਗੀ ਸੀ। ਇਸੇ ਪ੍ਰਭਾਵ ਅਧੀਨ ਬਾਦਸ਼ਾਹ ਨਾਸਿਰੁੱਦੀਨ ਨੇ, ਬਾਬਾ ਫ਼ਰੀਦ ਨਾਲ਼ ਆਪਣੀ ਧੀ ਦਾ ਰਿਸ਼ਤਾ ਕਰਨ ਵਿੱਚ ਫ਼ਖ਼ਰ ਸਮਝਿਆ ਸੀ।
ਆਪਣੇ ਅਨੁਭਵ ਅਤੇ ਗਿਆਨ ਨੂੰ ਵਿਸ਼ਾਲ ਅਤੇ ਵਿਕਸਤ ਕਰਨ ਲਈ ਫ਼ਰੀਦ ਜੀ ਨੇ ਮੁਲਤਾਨ ਤੋਂ ਦੂਰ-ਦੂਰ ਤੱਕ ਦਾ ਭਰਮਣ ਕੀਤਾ ਸੀ। ਜਦੋਂ ਉਹ ਵਾਪਸ ਪੰਜਾਬ ਆਏ ਤਾਂ ਸੂਫ਼ੀ ਫ਼ਿਤਰਤ ਵਾਲ਼ੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਪੀਰ (ਗੁਰੂ) ਮੰਨ ਲਿਆ ਸੀ। ਉਨ੍ਹਾਂ ਨੇ ਦਰਿਆਵਾਂ ਕਿਨਾਰੇ, ਪੇਂਡੂ ਅਤੇ ਉਜਾੜ ਥਾਵਾਂ ‘ਤੇ ਅਸਥਾਈ ਡੇਰੇ ਜਮਾ ਕੇ ਕੁਦਰਤ ਨਾਲ਼ ਇੱਕ ਸੁਰ ਹੋਣ ਦੇ ਬੜੇ ਜਤਨ ਕੀਤੇ। ਸਾਦੀ ਸ਼ਾਕਾਹਾਰੀ ਖੁਰਾਕ, ਸਵੱਛ ਪਾਣੀ ਅਤੇ ਪੌਣ ਦੀ ਮਹਾਨਤਾ ਸਮਝਾਈ। ਫ਼ਰੀਦ ਜੀ ਦਾ ਹੇਠਲਾ ਸ਼ਲੋਕ ਇਸੇ ਗੱਲ ਵਲ ਸੰਕੇਤ ਕਰਦਾ ਹੈ ਕਿ ਜੇਕਰ ਬੰਦੇ ਨੂੰ ਸਾਦੀ ਖੁਰਾਕ ਅਤੇ ਸਾਦੀ ਰਹਿਣੀ-ਬਹਿਣੀ ਨਾਲ਼ ਸਿਹਤਮੰਦ ਅਤੇ ਪ੍ਰਸੰਨ ਜੀਵਨ ਦੀ ਜਾਚ ਨਹੀਂ ਆ ਸਕਦੀ ਤਾਂ ਫਿਰ ਦੁੱਧ-ਘਿਓ ਜਾਂ ਗੋਸ਼ਤ ਦੇ ਅਸੀਮ ਲਾਲਚਾਂ ਹਿਤ ਦੁੱਖ ਤਾਂ ਭੋਗਣਾ ਪੈਣਾ ਹੀ ਹੈ।
ਫ਼ਰੀਦਾ ਰੋਟੀ ਮੇਰੀ ਕਾਠ ਦੀ ਲਾਵਣੁ ਮੇਰੀ ਭੁੱਖ ।
ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ।
ਉਸ ਵੇਲੇ ਦੀ ਬੋਲੀ ਵਿਚਲੀ ਅਮੀਰੀ ਦਾ ਕਮਾਲ ਵੇਖੋ! ਫ਼ਕੀਰੀ ਦਾ ਦੂਜਾ ਨਾਂ ਹੀ ਸਾਦਗੀ ਹੈ। ਸਾਦਗੀ ਵਿੱਚੋਂ ਹੀ ਨਿਰਮਾਣਤਾ ਅਤੇ ਨਿਮਰਤਾ ਦੇ ਜਜ਼ਬੇ ਜਨਮ ਲੈਂਦੇ ਹਨ। ਇਹ ਜਜ਼ਬਾਤ ਬਹੁਤ ਵੱਡੇ ਇਨਸਾਨੀ ਗੁਣ ਹਨ । ਤਪ-ਸਾਧਨਾ ਅਤੇ ਸਨਿਆਸ ਦਾ ਬਾਕੀ ਗੁਰੂਆਂ ਅਤੇ ਭਗਤਾਂ ਵਾਂਗ, ਫ਼ਰੀਦ ਜੀ ਨੇ ਵੀ ਖੰਡਨ ਕੀਤਾ ਹੈ। ਫ਼ਰੀਦ ਜੀ ਨੇ ਤਾਂ ਬੜਾ ਸਮਝਾਉਣ ਦਾ ਜਤਨ ਕੀਤਾ ਕਿ ਤੀਰਥ-ਇਸ਼ਨਾਨਾਂ ਜਾਂ ਜੰਗਲ-ਬੇਲੀਂ ਭੋਣ ਨਾਲ਼ ਕਿਸੇ ਨੂੰ ਰੱਬ ਨਹੀਂ ਮਿਲਦਾ, ਰੱਬ ਤਾਂ ਬੰਦੇ ਦੇ ਅੰਦਰ ਵਸਦਾ ਹੈ!
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲ ਕਿਆ ਢੂੰਢੇਹਿ ॥19 ॥
ਇਸੇ ਤਰ੍ਹਾਂ ਦੇ ਸ਼ਲੋਕਾਂ ਤੋਂ ਪ੍ਰਭਾਵਤ ਹੋਕੇ ਹੀ ਸ਼ਾਇਦ, ਬੁਲ੍ਹੇ ਸ਼ਾਹ ਨੇ ਵੀ ਏਸੇ ਤਰ੍ਹਾਂ ਦੀਆਂ ਕਾਫੀਆਂ ਦੀ ਰਚਨਾ ਕੀਤੀ ਹੋਵੇ! ਗੁਰੂ ਨਾਨਕ ਦੇਵ ਜੀ ਵੀ ਜਪੁਜੀ ਸਾਹਿਬ ਦੀ ਛੇਵੀਂ ਪਾਉੜੀ ਵਿੱਚ, ਤੀਰਥ ਇਸ਼ਨਾਨਾਂ ਦੀ ਗੱਲ ਇਸੇ ਤਰ੍ਹਾਂ ਹੀ ਕਰਦੇ ਹਨ । ਉਹ ਸਮਝਾਉਂਦੇ ਹਨ ਕਿ ਕਿਸੇ ਖ਼ਾਸ ਫਲ ਦੀ ਪ੍ਰਾਪਤੀ ਦੇ ਲਾਲਚ ਹਿਤ, ਕਿਸੇ ਵਿਸ਼ੇਸ਼ ਤੀਰਥ ਦੀ ਯਾਤਰਾ ਕਰਨੀ, ਭਾਣੇ ਤੋਂ ਉਲਟ ਚਲਣਾ ਹੈ । ਸਰੀਰ ਦੀ ਸਫਾਈ ਕੁਦਰਤੀ ਨਿਯਮ ਦੀ ਪਾਲਣਾ ਹੈ। ਗੁਰਬਾਣੀ ਅਨੁਸਾਰ ਤੀਰਥਾਂ ਤੇ ਭਟਕਣਾ ਬਿਲਕੁਲ ਬੇਲੋੜਾ ਅਤੇ ਬੇਅਰਥਾ ਅਮਲ ਹੈ।
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

ਫਰੀਦ ਜੀ ਦੇ ਨਾਂ ਨਾਲ਼ ‘ਬਾਬਾ’ ਸ਼ਬਦ, ਬਾਕੀ ਗੁਰੂਆਂ ਅਤੇ ਭਗਤਾਂ ਵਾਂਗੂ, ਗਿਆਨ ਯੋਗਤਾ ਅਤੇ ਸ਼ਰਧਾ ਨੂੰ ਮੁੱਖ ਰੱਖ ਕੇ ਹੀ ਜੋੜਿਆ ਗਿਆ ਹੈ । ਵੈਸੇ ਵੀ ਉਹ ਬਾਬਾ ਹੀ ਸਨ ਜਿਹਨਾਂ ਨੇ ਆਪਣੀ ਸਾਦੀ ਰਹਿਣੀ-ਬਹਿਣੀ ਅਤੇ ਸੇਵਾ ਭਾਵਨਾ ਨਾਲ਼ 93 ਸਾਲ ਦੀ ਲੰਮੀ ਸਿਹਤਮੰਦ ਆਯੂ ਭੋਗੀ ਹੈ ।
ਬਾਬਾ ਫਰੀਦ ਜੀ ਨੂੰ ਸੂਫ਼ੀ-ਕਾਵਿ ਦੇ ਮੋਢੀ ਹੋਣ ਦਾ ਮਾਣ ਪ੍ਰਾਪਤ ਹੈ। ਨਿਰਸੰਦੇਹ ਉਹ ਅਦੁੱਤੀ ਗਿਆਨਵਾਨ ਅਤੇ ਵਿਚਾਰਵਾਨ ਸਨ । ਵੈਸੇ ਵੀ ‘ਬਾਬਾ’ ਸ਼ਬਦ ਦੇ ਅਰਥ ‘ਗਿਆਨੀ’ ਹੀ ਹਨ ਅਤੇ ‘ਫਰੀਦ’ ਦੇ ਅਰਥ ‘ਅਦੁੱਤੀ’ । ਬੇਸ਼ਕ ‘ਸੂਫੀ’ ਸ਼ਬਦ ਵੀ ਕਾਲ਼ੇ ਸੂਫ਼ ਦੇ ਵਸਤਰਾਂ ਨਾਲ਼ ਜੁੜਿਆ ਹੋਇਆ ਹੈ ਜਿਵੇਂ ਭਗਵਾਂ ਰੰਗ ਸਾਧਾਂ-ਜੋਗੀਆਂ ਵਾਸਤੇ, ਪਰ ਅਸਲ ਵਿੱਚ ‘ਸੂਫ਼ੀ’ ਦੇ ਅਰਥ ‘ਸ਼ਰੀਅਤ ਮੁਕਤ’ ਆਦਮੀ ਲਈ ਪ੍ਰਯੋਗ ਕੀਤੇ ਜਾਂਦੇ ਸਨ। ਫਰੀਦ ਜੀ ਦੇ ਬਹੁਤ ਸਾਰੇ ਸਮਕਾਲੀ, ਚਾਹੁੰਦੇ ਹੋਏ ਵੀ ਸ਼ਾਇਦ, ਇਸਲਾਮੀ ਸ਼ਰੀਅਤ ਦੀ ਵਲਗਣ ਤੋਂ ਪੂਰੀ ਤਰ੍ਹਾਂ ਅਜ਼ਾਦ ਨਾ ਹੋ ਸਕੇ ਹੋਣ! ਅਜੋਕੇ ਵਿਗਿਆਨੀ ਯੁਗ ਵਿੱਚ ਵੀ Rituals ਕੇਵਲ ਰਹੁ-ਰੀਤਾਂ ਦੀ ਵਲਗਣ ਚੋਂ ਅਜ਼ਾਦ ਹੋ ਸਕਣਾ, ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਜਾਪਦਾ ਹੈ! ਇਸ ਨੂੰ ਕਿਸੇ ਕੌਮ ਦੀ ਬਦਕਿਸਮਤੀ ਹੀ ਸਮਝਿਆ ਜਾ ਸਕਦਾ ਹੈ।
ਅਕਬਰ ਦੇ ਸਮੇਂ ਤੱਕ ਪੁਹੰਚਕੇ, ਇਹ ਧਾਰਮਿਕ ਕੱਟੜਤਾ ਪਹਿਲਾਂ ਵਰਗੀ ਨਹੀਂ ਸੀ ਰਹੀ। ਲੋਕਾਂ ਵਿੱਚ ਸਹਿਣਸ਼ੀਲਤਾ ਘਰ ਕਰ ਚੁੱਕੀ ਸੀ । ਸਮਾਜੀ ਅਤੇ ਸਭਿਆਚਾਰਿਕ ਉਦਾਰਤਾ ਕਾਇਮ ਹੋ ਚੁੱਕੀ ਸੀ। ਅਜਿਹੀ ਤਬਦੀਲੀ ਨੂੰ ਇਤਿਹਾਸਿਕ ਦੁਹਰਾ ਵੀ ਆਖ ਸਕਦੇ ਹਾਂ ਅਤੇ ਕਾਫ਼ੀ ਹੱਦ ਤੱਕ, ਭਗਤੀ ਲਹਿਰ ਦੇ ਨਤੀਜੇ ਵਜੋਂ ਵੀ ਲਿਆ ਜਾ ਸਕਦਾ ਹੈ।
ਇਸ ਸੂਫ਼ੀ ਵਿਚਾਰਧਾਰਾ ਨੂੰ ਸਮਾਜ ਦੇ ਕਲਿਆਨ ਲਈ ਫ਼ਾਇਦੇਮੰਦ ਜਾਣ ਕੇ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਕਾਰ ਸਹਿਤ ਅੰਕਤ ਕੀਤਾ ਗਿਆ ਹੈ । ਇਹ ਸਦੀ ਵਿਸ਼ਵ ਪੱਧਰ ‘ਤੇ ਸਮਾਜਿਕ ਬਰਾਬਰਤਾ ਦੀ ਮੰਗ ਕਰਦੀ ਹੈ। ਇਹ ਪਹਿਲੀਆਂ ਸਦੀਆਂ ਨਾਲੋਂ ਬਿਲਕੁਲ ਵੱਖਰੇ ਇਤਿਹਾਸ ਦੀ ਸਿਰਜਣਾ ਕਰੇਗੀ।

No comments: