ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸੁੱਖੀ ਧਾਲੀਵਾਲ - ਕਹਾਣੀ

ਸੰਸਕਾਰ
(ਪੋਸਟ: ਨਵੰਬਰ 21, 2008)
ਪ੍ਰੇਮ ਸਿੰਘ ਨੂੰ ਲਾਈਫ਼ ਸਪੋਰਟ ਤੇ ਲਾਇਆਂ ਤਿੰਨ ਦਿਨ ਹੋ ਗਏ ਸਨ ! ਡਾਕਟਰਾਂ ਮੁਤਾਬਕ ਬਚਣ ਦੀ ਆਸ ਬਹੁਤ ਘੱਟ ਸੀ ! ਸੀਤੋ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਉਸਦੇ ਸਿਰਹਾਣੇ ਬੈਠੀ ਸੀ ! ਜਦੋ ਜ਼ਿਆਦਾ ਥੱਕ ਜਾਦੀ ਤਾਂ ਕੁਰਸੀ ਤੇ ਬੈਠੀ-ਬੈਠੀ ਦਸ ਪੰਦਰਾਂ ਮਿੰਟ ਸੌਂ ਜਾਂਦੀ ! ਨਰਸਾਂ ਦੇ ਕਹਿਣ ਤੇ ਵੀ ਸੀਤੋ ਪ੍ਰੇਮ ਸਿੰਘ ਨੂੰ ਇਕੱਲਾ ਛੱਡਕੇ ਘਰ ਨਈਂ ਸੀ ਜਾਣਾ ਚਾਹੁੰਦੀ ! ਦਿਨ ਵੇਲੇ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਪ੍ਰੇਮ ਸਿੰਘ ਦਾ ਪਤਾ ਲੈਣ ਆਉਦਾ ਘੜੀ ਪਲ ਗੱਲਾਂ ਕਰਦਾ ਤੇ ਚਲਿਆ ਜਾਦਾ ! ਕਿਸੇ ਕੋਲ ਏਨਾ ਟਾਈਮ ਕਿਥੇ ਸੀ ਕਿ ਉਹ ਸੀਤੋ ਦਾ ਵਕਤ ਕਟਾ ਸਕਦੇ !

ਹਾਲੇ ਮਹੀਨਾ ਪਹਿਲਾਂ ਹੀ ਦੋਵੇ ਜੀਅ ਇੰਡੀਆ ਜਾਕੇ ਆਏ ਸਨ ! ਚੰਗਾ ਭਲਾ ਸੀ ਪ੍ਰੇਮ ਸਿੰਘ , ਪਰ ਜਿਸ ਦਿਨ ਦਾ ਉਹ ਵਾਪਸ ਆਇਆ ਸੀ ਬਹੁਤ ਉਦਾਸ ਰਹਿਦਾ ਸੀ ! ਘਰ ਵਿਚ ਸਿਰਫ ਦੋਏ ਜੀਅ ਤੇ ਉਹ ਵੀ ਸੱਤਰਾਂ-ਬਹੱਤਰਾਂ ਨੂੰ ਢੁੱਕੇ ! ਕੰਮ ਤੋਂ ਦੋਵੇ ਰਿਟਾਇਰ ਸਨ ! ਘਰ ਦੀ ਜੀਹਦੇ ਵਿੱਚ ਉਹ ਰਹਿਦੇ ਸਨ ਕਾਫ਼ੀ ਵਰ੍ਹੇ ਪਹਿਲਾਂ ਹੀ ਫਰੀ ਕਰ ਚੁੱਕੇ ਸਨ ! ਦਰਅਸਲ ਜਿਹੜੇ ਦਿਨ ਦਾ ਉਹ ਵਾਪਸ ਕੈਲੀਫੋਰਨੀਆਂਅਇਆ ਸੀ ਉਹ ਇਕ ਵਾਰ ਫਿਰ ਤੋਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗ ਪਿਆ ਸੀ ! ਪੰਜਾਬ ਵਿੱਚ ਕੱਟੇ ਪਿਛਲੇ ਤਿੰਨ ਮਹੀਨਿਆਂ ਵਿੱਚ ਉਹਦਾ ਮਨ ਭਰੇ ਭਰੇ ਘਰ ਵਿੱਚ ਏਨਾ ਲੱਗ ਗਿਆ ਸੀ ਕਿ ਉਹ ਵਾਪਸ ਨਈਂ ਸੀ ਅਉਣਾ ਚਾਹੁੰਦਾ ! ਆਪਣੇ ਭਤੀਜੇ ਪਾਲੇ ਦੇ ਬੱਚਿਆਂ ਵਿੱਚ ਏਨਾ ਰਚ ਮਿਚ ਗਿਆ ਸੀ ਕਿ ਉਹਨੂੰ ਆਪਣੇ ਪੋਤਰੇ ਵੀ ਜਾਣੀ ਭੁੱਲ ਗਏ ਸਨ ! ਪਾਲੇ ਦਾ ਮੁੰਡਾ ਅਤੇ ਕੁੜੀ ਉਹਦੀ ਉਗਲ ਫੜਕੇ ਖੇਤ ਚਲੇ ਜਾਦੇ ਅਤੇ ਮਿੱਠੀਆਂ ਮਿੱਠੀਆਂ ਨਿੱਕੀਆਂ ਨਿੱਕੀਆਂ ਗੱਲਾ ਕਰਦੇ ! ਜਦੋਂ ਉਹ ਦੋਵੇ ਬੱਚੇ ਪ੍ਰੇਮ ਸਿੰਘ ਨੂੰ ਬਾਪੂ ਬਾਪੂ ਆਖਕੇ ਬਲਾਉਦੇ ਤਾਂ ਉਹ ਫੁੱਲਿਆ ਨਾ ਸਮਾਉਦਾ !
ਪ੍ਰੇਮ ਸਿੰਘ ਦਾ ਕੈਲੀਫੋਰਨੀਆ ਵਾਲਾ ਘਰ ਹਮੇਸ਼ਾ ਇਸੇ ਤਰਾਂ ਖਾਲੀ ਖਾਲੀ ਨਈਂ ਸੀ ! ਇਥੇ ਵੀ ਕਿਸੇ ਸਮੇ ਹਰ ਦਿਨ ਮੇਲੇ ਵਰਗਾ ਤੇ ਹਰ ਸ਼ਾਮ ਦੀਵਾਲੀ ਵਰਗੀ ਹੁੰਦੀ ਸੀ ! ਪ੍ਰੇਮ ਸਿੰਘ ਤੇ ਸੀਤੋ ਦੇ ਸਿਰਫ਼ ਦੋ ਬੱਚੇ ਸਨ ਵੱਡੀ ਕੁੜੀ ਹਰਕਿਰਨ ਅਤੇ ਛੋਟਾ ਮੁੰਡਾ ਧਰਮਵੀਰ ! ਨੱਬੇਵਿਆਂ ਵਿੱਚ ਉਹ ਆਪਣੇ ਪਰਿਵਾਰ ਸਮੇਤ ਅਮਰੀਕਾ ਪਹੁੰਚੇ ਸਨ ਤੇ ਆਪਣੇ ਰਿਸ਼ਤੇਦਾਰਾਂ ਦੇ ਆਸਰੇ ਨਾਲ ਉਹ ਵੀ ਫਰਿਜ਼ਨੋ ਵਿਚ ਹੀ ਟਿਕ ਗਏ ਸਨ ! ਸਾਰੇ ਟੱਬਰ ਨੇ ਰਲ ਮਿਲਕੇ ਏਨੀ ਮਿਹਨਤ ਕੀਤੀ ਦੋ ਸਾਲਾ ਵਿਚ ਹੀ ਆਪਣਾ ਮਕਾਨ ਖਰੀਦ ਲਿਆ ਸੀ ! ਪਿਛੇ ਪ੍ਰੇਮ ਸਿੰਘ ਹੋਰੀ ਸਿਰਫ ਦੋ ਭਰਾ ਸਨ ਅਤੇ ਪੈਂਤੀ ਏਕੜ ਦੀ ਖੇਤੀ ! ਜਿਹੜੀ ਕਿ ਬਾਅਦ ਵਿੱਚ ਪ੍ਰੇਮ ਸਿੰਘ ਦੀ ਭੇਜੀ ਮੱਦਦ ਨਾਲ ਪੰਜਾਹ ਏਕੜ ਹੋ ਗਈ ਸੀ !
ਪ੍ਰੇਮ ਸਿੰਘ ਤੇ ਸੀਤੋ ਨੇ ਬੜੇ ਹੀ ਸੋਹਣੇ ਦਿਨ ਕੱਟੇ ਸਨ ਇਸ ਘਰ ਵਿੱਚ ! ਜਦੋ ਉਹਨਾਂ ਦਾ ਜੁਆਈ ਇੰਡੀਆ ਤੋ ਆਇਆ ਸੀ ਕਿੰਨੀ ਰੋਣਕ ਸੀ ਇਸ ਘਰ ਵਿੱਚ ਤੇ ਫਿਰ ਇਸੇ ਘਰ ਵਿੱਚ ਹੀ ਉਹਨਾ ਦੇ ਦੋਹਤੇ ਹਰਲੀਨ ਤੇ ਦੋਹਤੀ ਨਵਜੋਤ ਨੇ ਜਨਮ ਲਿਆ ਸੀ ! ਦੋ ਸਾਲ ਬਾਅਦ ਧਰਮਵੀਰ ਨੂੰ ਵੀ ਇੰਡੀਆ ਵਿਆਹ ਲਿਆਏ ਸਨ ਤੇ ਛੇ ਮਹੀਨੇਆਂ ਬਾਅਦ ਹੀ ਨੂੰਹ ਰਾਣੀ ਇਥੇ ਪਹੁੰਚ ਗਈ ਸੀ ! ਸਾਲ ਬਾਅਦ ਹੀ ਇਸੇ ਘਰ ਵਿੱਚ ਜੁੜਵੇ ਪੋਤਰਿਆਂ ਨੇ ਜਨਮ ਲਿਆ ਸੀ ! ਦੋਹਾਂ ਪੋਤਰਿਆਂ ਦੇ ਨਾਂ ਪ੍ਰੇਮ ਸਿੰਘ ਆਪ ਬੜੇ ਚਾਅ ਨਾਲ ਸ਼ਾਨ ਸਿੰਘ ਅਤੇ ਜ਼ਾਨ ਸਿੰਘ ਰੱਖੇ ਸਨ ! ਸ਼ਾਨ ਅਤੇ ਜ਼ਾਨ ਹਾਲੇ ਦੋ ਕੁ ਸਾਲਾਂ ਦੇ ਹੀ ਸਨ ਜਦੋ ਪ੍ਰੇਮ ਸਿੰਘ ਦੋਹਾ ਨੂੰ ਮੋਢਿਆਂ ਤੇ ਚੁੱਕਕੇ ਆਪਣੇ ਨਾਲ ਤਾਸ਼ ਵਾਲੀ ਢਾਣੀ ਕੋਲ ਲੈ ਜਾਂਦਾ ! ਦੋਵੇ ਬੱਚੇ ਜਦੋ ਆਪਣੀ ਤੋਤਲੀ ਜ਼ੁਬਾਨ ਵਿੱਚ ਪ੍ਰੇਮ ਸਿੰਘ ਨੂੰ ਬਾਪੂ-ਬਾਪੂ ਆਖਦੇ ਤਾਂ ਉਹ ਗਿੱਠ ਚੋਂੜਾ ਹੋ ਜਾਦਾ !
ਧਰਮਵੀਰ ਦੀ ਘਰਵਾਲੀ ਜਿਸ ਦਿਨ ਦੀ ਆਈ ਸੀ ਉਸੇ ਦਿਨ ਤੋਂ ਹੀ ਉਸਦੇ ਕੰਨ ਭਰਦੀ ਰਹਿਦੀਂ ਸੀ ! ਆਖਦੀ ਸਾਰੀ ਪੈਨਸ਼ਨ ਦੇ ਪੈਸੇ ਤਾਂ ਇਹ ਕੁੜੀ ਨੂੰ ਦੇਈ ਜਾਂਦੇ ਆ.... ਖਾਈ ਜਾਦੇ ਆ ਆਪਣੇ ਪੱਲਿਓਂ ! ਧਰਮਵੀਰ ਜਿਆਦਾ ਨਾ ਗੌਲ਼ਦਾ ! ਸੁਖਜੀਤ ਸ਼ਹਿਰ ਦੀ ਜੰਮੀ ਪਲੀ ਸੀ ਪ੍ਰੇਮ ਸਿੰਘ ਅਤੇ ਸੀਤੋ ਦੀ ਰਹਿਣੀ ਬਹਿਣੀ ਦਾ ਅਕਸਰ ਮਜ਼ਾਕ ਉਡਾਉਦੀ ਤੇ ਕਹਿਦੀ ਕਿ ਇਨ੍ਹਾ ਵਿਚ ਰਹਿਕੇ ਉਹਨਾ ਦੇ ਬੱਚੇ ਵੀ ਬੁਰੀਆਂ ਆਦਤਾਂ ਸਿੱਖਣਗੇ ! ਨਿੱਤ ਨਿੱਤ ਦੀ ਕਿੱਚ-ਕਿੱਚ ਤੋਂ ਤੰਗ ਆਕੇ ਪ੍ਰੇਮ ਸਿੰਘ ਅਤੇ ਸੀਤੋ ਨੇ ਧਰਮਵੀਰ ਨੂੰ ਆਖ ਦਿੱਤਾ ਸੀ ਜੇਕਰ ਉਹ ਚਾਹੇ ਤਾਂ ਅੱਡ ਹੋ ਜਾਵੇ ! ਸੁਖਜੀਤ ਦੇ ਦਿਲ ਦੀ ਹੋ ਗਈ ਸੀ ਤੇ ਦੋ ਹਫ਼ਤਿਆਂ ਵਿੱਚ ਹੀ ਉਹ ਵੱਖਰੀ ਅਪਾਰਟਮੈਟ ਵਿੱਚ ਮੂਵ ਹੋ ਗਏ ਸਨ ! ਹਰਕਿਰਨ ਤੇ ਉਹਦਾ ਪਰਿਵਾਰ ਪਹਿਲਾ ਹੀ ਉਹਨਾ ਤੋ ਦੂਰ ਨਿਊਯਾਰਕ ਵਿਚ ਮੂਵ ਹੋ ਚੁੱਕੇ ਸਨ ਅਤੇ ਸਾਲ ਵਿਚ ਇਕ ਅੱਧੀ ਵਾਰ ਗੇੜਾ ਮਾਰਦੇ ! ਪੋਤਰਿਆਂ ਦੇ ਜਾਣ ਨਾਲ ਘਰ ਖਾਲੀ-ਖਾਲੀ ਹੋ ਗਿਆ ਸੀ। ਪਹਿਲਾਂ ਪਹਿਲ ਧਰਮਵੀਰ ਵੀਕਐਂਡ ਤੇ ਸ਼ਾਨ ਅਤੇ ਜ਼ਾਨ ਨੂੰ ਉਹਨਾ ਕੋਲ ਛੱਡ ਜਾਦਾ ਪਰ ਹੋਲ਼ੀ-ਹੋਲ਼ੀ ਇਹ ਵੀ ਬੰਦ ਹੋ ਗਿਆ ! ਹੁਣ ਦੋਹਾਂ ਕੋਲ ਖਾਣ-ਪਕਾਉਣ ਤੋ ਬਿਨਾ ਕੋਈ ਕੰਮ ਨਈਂ ਸੀ ! ਪ੍ਰੇਮ ਸਿੰਘ ਤਾਸ਼ ਵਾਲੀ ਢਾਣੀ ਕੋਲ ਦਿਹਾੜੀ ਕੱਢ ਅਉਦਾ ਤੇ ਸੀਤੋ ਦੋਹਾਂ ਦਾ ਰੋਟੀ ਟੁੱਕ ਕਰਦੀ ਸਮਾ ਲੰਘਾ ਲੈਂਦੀ !
ਸੀਤੋ ਪਿਛਲੇ ਤਿੰਨ ਦਿਨਾਂ ਵਿੱਚ ਤਿੰਨ ਵਾਰ ਧਰਮਵੀਰ ਨੂੰ ਫੋਨ ਕਰ ਚੁੱਕੀ ਸੀ !
“ ਵੇ ਧਰਮਿਆ ਤੇਰਾ ਬਾਪੂ ਢਿੱਲਾ ਮਿਲਜਾ ਆਕੇ !
“ ਬੀਬੀ ਹਾਲੇ ਤਾਂ ਮੈ ਟੈਕਸਸ ‘ਚ ਆ ਜਦੋ ਕੈਲੀਫੋਰਨੀਆਂ ਦਾ ਲੋਡ ਮਿਲਿਆ ਉਦੋ ਈ ਆ ਹੋਊ !
“ ਨਾਲੇ ਸ਼ਾਨ ਤੇ ਜ਼ਾਨ ਨੂੰ ਲੈ ਕੇ ਆਈਂ , ਤੇਰਾ ਬਾਪੂ ਬਲਾਈ ਯਾਦ ਕਰਦਾ ਸੀ !
ਪ੍ਰੇਮ ਸਿੰਘ ਨੂੰ ਹਾਰਟ ਅਟੈਕ ਹੋਇਆ ਸੀ ! ਸੋਫ਼ੇ ਤੇ ਬੈਠਾ ਬੈਠਾ ਲੁੜਕ ਗਿਆ ਸੀ ! ਬੇਹੋਸ਼ ਹੋਣ ਤੋ ਪਹਿਲਾ ਉਸਨੇ ਆਪਣੇ ਪੋਤਰਿਆਂ ਨੂੰ ਹਾਕਾਂ ਮਾਰੀਆਂ ਸਨ !

“ ਉਏ ਸ਼ਾਨਿਆ ਉਏ ਜ਼ਾਨਿਆ ਆ ਜੋ ਉਏ ਤਾਸ਼ ਖੇਡਣ ਚੱਲੀਏ !"
ਤੇ ਬੱਸ ਫਿਰ ਕੁੱਝ ਨਈਂ ਸੀ ਬੋਲਿਆ ਤੇ ਉਦੋ ਦਾ ਹੀ ਲਾਈਫ਼ ਸਪੋਰਟ ਮਸ਼ੀਨ ਤੇ ਲਟਕ ਰਿਹਾ ਸੀ !
ਸੀਤੋ ਕੁਰਸੀ ਤੇ ਬੈਠੀ ਬੈਠੀ ਊਂਘ ਰਹੀ ਸੀ ! ਅਚਾਨਕ ਹੋਈ ਪੈੜਚਾਲ ਨਾਲ ਉਹ ਤ੍ਰਭਕ ਕੇ ਉਠੀ ! ਸਾਹਮਣੇ ਧਰਮਵੀਰ ਤੇ ਉਹਦੀ ਵਹੁਟੀ ਸੁਖਜੀਤ ਖੜੇ ਸਨ ! ਸੀਤੋ ਨੇ ਦੋਹਾਂ ਨੂੰ ਘੁੱਟਕੇ ਗਲ ਨਾਲ ਲਾਇਆ ਤੇ ਫੁੱਟ-ਫੁੱਟ ਕੇ ਰੋਣ ਲੱਗ ਪਈ !
“ ਵੇ ਧਰਮਿਆਂ ਤੁਸੀ ਸ਼ਾਨੇ ਤੇ ਜ਼ਾਨੇ ਨੂੰ ਨ੍ਹੀ ਲਿਆਏ ਨਾਲ !
ਇਸਤੋ ਪਹਿਲਾਂ ਕਿ ਧਰਮਵੀਰ ਆਪਣਾ ਮੂੰਹ ਖੋਲ੍ਹਦਾ ਸੁਖਜੀਤ ਬੋਲ ਪਈ !
“ ਲੈ ਬੀਬੀ ਉਹਨਾ ਨੂੰ ਤਾਂ ਅਸੀ ਕੀਰਤਨ ਦੀਆਂ ਕਲਾਸਾਂ ‘ਚ ਪਾਇਆ ਹੋਇਆਂ , ਬਾਹਲਾ ਸੋਹਣਾ ਕੀਰਤਨ ਕਰਦੇ ਆ ਦੋਹੇ , ਅੱਜ ਉਹਨਾ ਨੇ ਨਾਨਕਸਰ ਗੁਰਦੁਆਰੇ ਕੀਰਤਨ ਕਰਨਾ ਸ਼ਾਮ ਨੂੰ ! “ ਸ਼ੁਕਰ ਆ ਵਹਿਗੁਰੂ ਦਾ ਜੁਆਕ ਚੰਗੇ ਪਾਸੇ ਲੱਗਗੇ , ਨਾਲ਼ੇ ਅਸੀ ਵੀ ਮੁੜਨਾ ਛੇਤੀ !

ਸੀਤੋ ਚੁੱਪਚਾਪ ਖੜੀ ਬਿੱਟ-ਬਿੱਟ ਵੇਖ ਰਹੀ ਸੀ !
ਪ੍ਰੇਮ ਸਿੰਘ ਆਪਣੇ ਆਖਰੀ ਸਾਹ ਗਿਣ ਰਿਹਾ ਸੀ !

No comments: