(ਪੋਸਟ: ਦਸੰਬਰ 14, 2008)
ਘਾਹ ਦੀ ਹਰੀ ਕਚੂਰ ਪੱਤੀ ‘ਤੇ ਬੈਠੀ ਤ੍ਰੇਲ ਦੀ ਬੂੰਦ ਆਪਣੇ ਗੋਲ-ਮਟੋਲ ਵਜੂਦ ਨੂੰ ਦੇਖ ਕੇ ਮਨ ਹੀ ਮਨ ਖ਼ੁਸ਼ ਹੋ ਰਹੀ ਸੀ।ਸਵੇਰ ਦੀ ਠੰਢੀ-ਠੰਢੀ ਹਵਾ ਦੇ ਝੋਂਕੇ ਨਾਲ ਉਹ ਲਰਜ਼-ਲਰਜ਼ ਜਾਂਦੀ।ਉਹ ਅਜੇ ਇਸ ਸੁਪਨਮਈ ਅਵਸਥਾ ਦਾ ਆਨੰਦ ਮਾਣ ਹੀ ਰਹੀ ਸੀ ਕਿ ਉਹਨੂੰ ਇਕ ਪਾਸਿਉਂ ਨਿੱਘ ਆਉਂਦਾ ਮਹਿਸੂਸ ਹੋਇਆ।ਉਹਨੇ ਨਜ਼ਰਾਂ ਉਤਾਂਹ ਚੁੱਕ ਕੇ ਦੇਖਿਆ ਤਾਂ ਸੂਰਜ ਦੀ ਇਕ ਕਿਰਨ ਆਪਣੀਆਂ ਬਾਹਾਂ ਪਸਾਰੀ ਉਹਨੂੰ ਗਲਵੱਕੜੀ ‘ਚ ਲੈਣ ਲਈ ਉਤਾਵਲੀ ਖੜ੍ਹੀ ਸੀ।
....ਤੇ ਅਗਲੇ ਪਲ ਹੀ ਸੂਰਜ ਦੀ ਕਿਰਨ ਨੇ ਹਜ਼ਾਰਾਂ ਦੀਪ ਉਹਦੇ ਵਜੂਦ ਵਿਚ ਜਗਾ ਦਿੱਤੇ।ਚਾਰੇ ਪਾਸੇ ਰੰਗ ਬਰੰਗੀਆਂ ਰੌਸ਼ਨੀਆਂ ਹੀ ਰੌਸ਼ਨੀਆਂ ਉਹਦੀਆਂ ਅੱਖਾਂ ਚੁੰਧਿਆ ਰਹੀਆਂ ਸਨ।ਉਹਨੇ ਕਦੇ ਸੁਣਿਆ ਸੀ ਕਿ ਮੋਤੀ ਇਸ ਤਰ੍ਹਾਂ ਚਮਕਦੇ ਹੁੰਦੇ ਹਨ।ਹੁਣ ਉਹ ਆਪਣੇ ਆਪ ਨੂੰ ਤ੍ਰੇਲ ਦੀ ਬੂੰਦ ਨਹੀਂ ਸਗੋਂ ਮੋਤੀ ਹੋਣ ਦਾ ਭਰਮ ਪਾਲ਼ ਬੈਠੀ ਸੀ।
ਰੌਸ਼ਨੀਆਂ ਦੀ ਚਕਾ-ਚੌਂਧ ਦੇ ਨਸ਼ੇ ਵਿਚ ਉਹ ਐਸੀ ਗੁਆਚੀ ਕਿ ਅਚਾਨਕ ਉਹਨੂੰ ਆਪਣਾ ਦਮ ਘੁੱਟਦਾ ਮਹਿਸੂਸ ਹੋਇਆ ਤੇ ਉਹਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹਦਾ ਵਜੂਦ ਹਵਾ ਦਾ ਹਿੱਸਾ ਹੋ ਗਿਆ।
No comments:
Post a Comment