ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸ਼ਿਵਚਰਨ ਜੱਗੀ ਕੁੱਸਾ - ਵਿਅੰਗ

ਗੱਲ ਸੁਣੀਂ ਵੇ ਜੋਗੀਆ...!
(ਪੋਸਟ: ਨਵੰਬਰ 13, 2008)

ਜੋਗੀਆ ਵੀਰਾ! ਮੇਰੀ ਇੱਕ ਗੱਲ ਸੁਣ ਕੇ ਜਾਈਂ!
ਆਪ ਦੇ ਨਾਥ ਜੀ ਨੂੰ ਆਖ ਦੇਵੀਂ। ਇੱਥੇ ਹੁਣ ਪੋਠੋਹਾਰ ਦੀ ਕੁੜੀ ਨਹੀਂ, 'ਮਿੱਸਾਂ' ਵਸਦੀਐਂ! ਬਾਈ ਨੰਦ ਲਾਲ ਨੂਰਪੁਰੀ ਨੂੰ ਕਹੀਂ, ਇੱਥੇ ਹੁਣ ਗੋਰੀ ਦੀਆਂ ਝਾਂਜਰਾਂ ਨਹੀਂ ਬੁਲਾਉਂਦੀਆਂ, ਡਿਸਕੋ-ਮਿਊਜਿ਼ਕ ਕੰਨ ਪਾੜਦੈ! ਇੱਥੇ ਸੁਆਣੀਆਂ ਦੁੱਧਾਂ ਵਿਚ ਮਧਾਣੀਆਂ ਨਹੀਂ ਪਾਉਂਦੀਆਂ, "ਚੋਲੀ ਕੇ ਪੀਛੇ ਕਿਆ ਹੈ" ਸਰਵਣ ਕਰਦੀਐਂ! ਗੱਭਰੂ ਸੂਰਮਿਆਂ ਦੀਆਂ 'ਵਾਰਾਂ' ਨਹੀਂ ਸੁਣਦੇ, "ਮੁੰਡਿਆਂ ਤੋਂ ਬਚ ਕੇ ਰਹੀਂ" ਦੇ ਸੋਹਿਲੇ ਗਾਉਂਦੇ ਐ! ਹੁਣ ਇੱਥੇ ਸ਼ੌਂਕਣਾਂ ਦੇ ਮੇਲੇ ਨਹੀਂ ਲੱਗਦੇ, ਹੁਣ ਤਾਂ ਮਾਡਲ-ਮੰਡੀ 'ਤੇ ਮੁਟਿਆਰਾਂ ਦੀ ਨੁਮਾਇਸ਼ ਹੁੰਦੀ ਐ! ਹੁਸਨ, ਮੰਡੀਆਂ 'ਤੇ ਨਿਲਾਮ ਹੁੰਦੈ! ਜੋਬਨ ਪਸ਼ੂਆਂ ਵਾਂਗ ਵਿਕਦੈ!
ਇੱਕ ਗੱਲ ਆਪਣੇ ਨਾਥ ਜੀ ਨੂੰ ਇਹ ਵੀ ਕਹਿ ਦੇਈਂ, ਪੰਜਾਬ ਦੀਆਂ ਔਰਤਾਂ ਅੱਜ ਕੱਲ੍ਹ ਬੰਦੇ ਬਹਾਦਰ ਅਤੇ ਹਰੀ ਸਿੰਘ ਨਲੂਏ ਨਹੀਂ, ਅਮਲੀ ਜੰਮਦੀਐਂ! ਬਾਈ ਸਿਆਂ! ਅਮਲੀ ਤਾਂ ਫਿਰ ਵੀ ਚੰਗੇ ਐ! ਪਰ ਜੰਮੇਂ ਅਕ੍ਰਿਤਘਣ, ਬੰਦੇ ਦੇ ਕੀਤੇ ਗੁਣ ਤਾਂ ਕੀ? ਰੱਬ ਨੂੰ ਵੀ ਦਿਹਾੜੀਦਾਰ ਹੀ ਸਮਝਦੇ ਨੇ! ਗੌਂਅ ਵੇਲੇ ਹਰ ਭਾਈ-ਭਤੀਜਾ ਬਣ ਬਹਿੰਦੈ! ਪਰ ਪਿੱਛੋਂ: ਜਿਚਰੁ ਪੈਨਨਿ ਖਾਵਨੇ ਤਿਚਰੁ ਰਖਨਿ ਗੰਢੁ।। ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ।।
ਜੇ ਪ੍ਰੋਫ਼ੈਸਰ ਮੋਹਣ ਸਿੰਘ ਮਿਲੇ ਤਾਂ ਉਸ ਨੂੰ ਵੀ ਸੁਨੇਹਾਂ ਦੇਈਂ! ਕਦੇ "ਟੈਂ" ਨਾ ਕਹਾਉਣ ਵਾਲੇ ਯੋਧੇ ਅੱਜ ਕੱਲ੍ਹ ਬਾਣੀਆਂ ਅਤੇ ਏਜੰਟਾਂ ਦੇ ਛਿੱਤਰ ਖਾਂਦੇ ਐ! ਅੱਜ ਕੱਲ੍ਹ ਮਿਰਜ਼ੇ ਆਪਣੇ ਤੀਰਾਂ ਅਤੇ ਭੱਥੇ ਦੀ ਸਿਫ਼ਤ ਨਹੀਂ ਕਰਦੇ, ਫ਼ੈਨਸੀ-ਡਰਿੱਲ ਅਤੇ ਨਸ਼ੇ ਵਾਲੀਆਂ ਗੋਲੀਆਂ ਦੇ ਗੁਣ ਗਾਉਂਦੇ ਐ! ਅੱਜ ਕੱਲ੍ਹ ਜੋਬਨ-ਮੱਤੀ ਹੀਰ ਮੰਗੂ ਚਾਰਦੇ ਰਾਂਝੇ ਲਈ ਚੂਰੀ ਨਹੀਂ ਕੁੱਟ ਕੇ ਲਿਜਾਂਦੀ, ਅਫ਼ੀਮ ਦਾ 'ਕੰਡਾ' ਦੇ ਕੇ ਆਉਂਦੀ ਐ---! ਚੋਬਰਾਂ ਦੇ ਸੀਨੇਂ, ਝਨਾਂ ਦੇ ਪੱਤਣਾਂ ਵਾਂਗ ਖ਼ੁਰਦੇ ਜਾਂਦੇ ਐ!
ਜੇ ਕਿਤੇ ਮੇਰਾ ਬਾਬਾ ਨਾਨਕ ਮਿਲੇ ਤਾਂ ਕਹੀਂ, ਬਾਬਾ! ਤੇਰੀ ਅਤੇ ਮਰਦਾਨੇ ਵਾਲੀ ਯਾਰੀ ਹੁਣ ਇੱਥੇ ਖ਼ਤਮ ਹੋ ਚੁੱਕੀ ਹੈ! ਹੁਣ ਇੱਥੇ 'ਤੇਰਾਂ-ਤੇਰਾਂ' ਨਹੀਂ, ਅੱਧ ਈ ਤੋਲਿਆ ਜਾਂਦੈ। ਭੈਣ ਨਾਨਕੀ ਵੀਰ ਨੂੰ ਪ੍ਰਛਾਦਾ ਛਕਾਉਣ ਲਈ ਨਹੀਂ, ਬਾਹਰ ਬੈਠੇ ਵੀਰ ਦਾ 'ਚੈੱਕ' ਉਡੀਕਦੀ ਹੈ! ਰੱਖੜੀ ਇੱਥੇ ਮੁਹੱਬਤ ਦੀ 'ਆੜ' ਬਣਦੀ ਜਾਂਦੀ ਐ! ਅੱਜ ਕੱਲ੍ਹ ਬੇਬੇ ਸੁਲੱਖਣੀ ਪਤੀ-ਪ੍ਰਮੇਸ਼ਰ ਨੂੰ ਨਹੀਂ ਉਡੀਕਦੀ, ਅੱਜ ਕੱਲ੍ਹ ਦੀਆਂ ਸੁਲੱਖਣੀਆਂ ਤਾਂ, ਲੋਟ ਲੱਗੇ ਤਾਂ ਪਤੀ-ਦੇਵ ਦਾ "ਟੱਟੂ-ਪਾਰ" ਵੀ ਕਰਵਾ ਧਰਦੀਐਂ! ਬਾਬੇ ਨਾਨਕ ਨੂੰ ਆਖੀਂ, ਇਹ ਗੱਲਾਂ ਮੈਂ ਨਹੀਂ ਕਰਦਾ, ਰੋਜ਼ ਦੀਆਂ ਅਖ਼ਬਾਰਾਂ ਦੱਸਦੀਐਂ!! ਇੱਥੇ ਗਰੀਬ, ਮਜ਼ਦੂਰ, ਕਿਸਾਨ ਤੋਂ ਬਿਨਾ ਅਕਾਲ-ਪੁਰਖ ਨੂੰ ਕੋਈ ਮਿਹਣਾ ਨਹੀਂ ਮਾਰਦਾ: ਏਤੀ ਮਾਰ ਪਈ ਕੁਰਲਾਣੈ।। ਤੈਂ ਕੀ ਦਰਦ ਨ ਆਇਆ।। ਮਰੇ ਜੁਆਨ ਮੁੰਡਿਆਂ ਦੀਆਂ ਮਾਵਾਂ ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ ਜ਼ਰੂਰ ਰੋ-ਰੋ ਕੇ ਸੁਣਾਉਂਦੀਐਂ! ਇੱਥੇ ਜੱਟ ਦਾ ਪੁੱਤ ਹੁਣ ਤੇਰੇ ਵਾਂਗੂੰ ਹਲ ਨਹੀਂ ਵਾਹੁੰਦਾ ਬਾਬਾ, ਭਈਆ ਟਰੈਕਟਰ ਚਲਾ ਰਿਹਾ ਹੁੰਦੈ ਤੇ ਜੱਟ ਦਾ ਪੁੱਤ ਸਕੂਟਰ ਲੈ ਕੇ ਸ਼ਹਿਰ ਫਿ਼ਲਮ ਦੇਖਦਾ ਹੁੰਦੈ, ਜਾਂ ਕਿਸੇ ਨਹਿਰ 'ਤੇ ਬੈਠਾ ਲਾਹਣ ਪੀਂਦਾ ਹੁੰਦੈ!
ਜੋਗੀ ਵੀਰਿਆ! ਜੇ ਤੈਨੂੰ ਪੁੱਤਰਾਂ ਦਾ ਦਾਨੀਂ, ਸਰਬੰਸ ਵਾਰਨ ਵਾਲਾ ਯੋਧਾ, ਸ੍ਰੀ ਗੁਰੂ ਗੋਬਿੰਦ ਸਿੰਘ ਮਿਲੇ ਤਾਂ ਦੱਸ ਦੇਵੀਂ ਕਿ ਹੁਣ ਤਾਂ ਤੇਰੇ ਜੱਥੇਦਾਰ ਵੀ ਭ੍ਰਿਸ਼ਟਾਚਾਰ ਦੇ ਰਾਹ ਪੈ ਗਏ! "ਪੋਥੀ ਪ੍ਰਮੇਸਰ ਕਾ ਥਾਨੁ" ਗੁਰੂ ਗ੍ਰੰਥ ਸਾਹਿਬ ਨੂੰ ਅਦਾਲਤਾਂ ਵਿਚ ਲਿਜਾਣ ਲੱਗ ਪਏ। ਦਰਬਾਰ ਸਾਹਿਬ ਅੰਦਰ ਮੁਜ਼ਾਹਰੇ ਹੋਣ ਲੱਗ ਪਏ। ਹੁਣ ਸੂਰਮੇਂ-ਯੋਧੇ ਮੈਦਾਨਿ-ਜੰਗ ਵਿਚ ਨਹੀਂ, ਦਰਬਾਰ ਸਾਹਿਬ ਵਿਚ ਹੀ 'ਆਪਣੇ-ਆਪਣੇ' ਜੌਹਰ ਦਿਖਾਉਣ ਤੁਰ ਪਏ! ਤੇ ਉਹ ਵੀ ਖ਼ਾਲਸਾ ਪੰਚਾਇਤਾਂ ਵਾਲੇ!! ਹੁਣ ਤੁਹਾਡੇ ਵਾਂਗੂੰ 'ਅਗਲੇ' ਆਪਣੇ ਪੁੱਤਰਾਂ ਨੂੰ ਜੰਗ ਵਿਚ ਨਹੀਂ ਤੋਰਦੇ, ਅਮਰੀਕਾ ਭੇਜ ਦਿੰਦੇ ਐ! ਹਾਂ, ਦੂਜਿਆਂ ਦੀ ਪੂਛ ਨੂੰ ਬੜਾ ਵੱਟ ਚਾੜ੍ਹਦੇ ਐ! ਕਹੀਂ, ਸੱਚੇ ਪਾਤਿਸ਼ਾਹ! ਤੈਨੂੰ ਤਾਂ ਖ਼ਾਲਸਾ-ਪੰਥ ਨੇ ਗਲਤ-ਫ਼ਹਿਮੀਂ ਵਿਚ ਦਾਦੂ ਦੀ ਸਮਾਧ 'ਤੇ ਤੀਰ ਨਾਲ ਸਜ਼ਦਾ ਕਰਨ ਬਦਲੇ 'ਤਨਖਾਹ' ਲਾ ਦਿੱਤੀ ਸੀ, ਤੂੰ ਤਨਖਾਹ ਕਬੂਲ ਵੀ ਕਰ ਲਈ ਸੀ। ਪਰ ਅੱਜ ਦੇ 'ਪੰਥਕ-ਬੰਦੇ' ਤਾਂ ਸ਼ਰੇਆਮ ਤਿਲਕ ਲੁਆਈ ਜਾਂਦੇ ਐ, ਇਹਨਾਂ ਦਾ ਕੀ ਕਰੀਏ? ਕਿਹੜੇ ਖੂਹ ਵਿਚ ਸੁੱਟੀਏ? ਤਨਖਾਹਾਂ ਨੂੰ ਤਾਂ ਇਹ ਗੌਲਦੇ ਈ ਕੱਖ ਨਹੀਂ! ਗਿੱਟੇ ਉਤੇ ਡੰਡਾ ਖਾ ਕੇ ਵੀ ਲੱਤ ਫਿਰ ਉਥੇ ਈ ਧਰ ਲੈਂਦੇ ਐ ਜੀ! ਸੱਚੇ ਪਾਤਿਸ਼ਾਹ! ਇੱਥੇ ਸਾਧ ਅਤੇ ਸੰਤ ਬੜੇ ਹਨ ਜੀ, ਕੋਈ ਅੰਤ ਨਹੀਂ! ਪਰ ਤੇਰਾ ਪੰਥ ਟੁੱਟੇ ਤਾਰੇ ਵਾਂਗੂੰ ਫਿਰ ਵੀ ਥੱਲੇ ਨੂੰ ਜਾ ਰਿਹਾ ਹੈ ਜੀ! ਇਹਦਾ ਕੋਈ ਹੱਲ ਸੋਚੋ!
ਜੋਗੀ ਵੀਰਿਆ! ਜੇ ਕਿਤੇ ਤੈਨੂੰ ਅਕਾਲ-ਪੁਰਖ ਮਿਲ ਜਾਵੇ---! ਹਾਏ ਉਏ ਰੱਬਾ---!! ਤਾਂ ਕਹੀਂ---!!!
-"ਸੁਣੀ ਪੁਕਾਰ ਦਾਤਾਰੁ ਪ੍ਰਭ।। ਗੁਰੁ ਨਾਨਕੁ ਜਗਿ ਮਾਹਿ ਪਠਾਇਆ।।" ਹੁਣ ਕੋਈ ਬਾਬਾ ਨਾਨਕ ਕਦੋਂ ਚਰਨ ਪਾਊ ਜੀ? ਅਸੀਂ, "ਮਨੁ ਚਾਉ ਭਇਆ ਪ੍ਰਭ ਆਗਮੁ ਸੁਣਿਆ।। ਹਰਿ ਮੰਗਲ ਗਾਉ ਸਖੀ ਗ੍ਰਹਿ ਮੰਦਰਿ ਬਣਿਆ।।" ਕਦੋਂ ਦੁਹਰਾ ਸਕਾਂਗੇ ਜੀ? ਹੁਣ ਤਾਂ ਜੀ "ਸਿੱਧੁ ਛੁਪਿ ਬੈਠੇ ਪਰਬਤੀਂ।। ਕਾਉਣ ਜਗਿ ਕਉ ਪਾਰਿ ਉਤਾਰਾ।।" ਵਾਲਾ ਕਲਯੁੱਗ ਇੱਥੇ ਆਪ ਹੁਦਰਾ ਹੋਇਆ ਫਿਰਦੈ! ਇੱਥੇ ਤਾਂ, "ਸਹਸ ਖਟੇ ਲਖਿ ਕਉ ਉਠਿ ਧਾਵੈ।। ਤ੍ਰਿਪਤ ਨ ਆਵੈ।। ਮਾਇਆ ਪਾਛੈ ਪਾਵੈ।।" ਦਾ ਬੋਲਬਾਲਾ ਹੈ ਜੀ! ਹੁਣ ਤਾਂ "ਨਿਰਵੈਰੈ ਸੰਗ ਵੈਰੁ ਰਚਾਇਦਾ।। ਅਪਣੈ ਘਰਿ ਲੂਕੀ ਲਾਇ।।" ਅਨੁਸਾਰ ਕੋਈ ਨਹੀਂ ਤੁਰਦਾ। ਹੁਣ ਤਾਂ ਇੱਥੇ, "ਖੂਨ ਕੇ ਸੋਹਿਲੇ ਗਾਵੀਅਹਿ ਨਾਨਕੁ।। ਰਤੁ ਕਾ ਕੁੰਗੂ ਪਾਇ ਵੇ ਲਾਲੋ।।" ਹੀ ਸੁਣੀਂਦੇ ਹਨ। ਇਸ ਤੋਂ ਇਲਾਵਾ, "ਕਲਿ ਕਾਤੀ ਰਾਜੇ ਕਸਾਈ।। ਧਰਮ ਪੰਖਿ ਕਰ ਉਡਰਿਆ।। ਕੂੜੁ ਅਮਾਵਸ ਸਚੁ ਚੰਦਰਮਾ।। ਦੀਸੇ ਨਾਹੀ ਕਿਹੁ ਚੜਿਆ।।" ਪ੍ਰਸਿੱਧ ਹੋ ਗਿਆ ਹੈ। ਪਾਪ ਦੀ ਜੰਝ ਕਾਬਲੋਂ ਆਉਂਦੀ ਹੈ ਅਤੇ ਜੋਰੀ ਦਾਨ ਮੰਗਿਆ ਜਾਂਦੈ! ਸ਼ਰਮ ਅਤੇ ਧਰਮ ਦੋਵੇਂ ਹੀ ਛੁਪ ਗਏ ਹਨ ਅਤੇ ਕੂੜ ਪ੍ਰਧਾਨ ਫਿਰਦਾ ਹੈ ਜੀ!
-"ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।।" ਤਾਂ ਲੀਡਰਾਂ ਲਈ ਕੋਈ ਮਾਹਨਾ ਨਹੀਂ ਰੱਖਦਾ। ਉਹ ਤਾਂ ਪੱਤ ਲੁਹਾ ਕੇ ਵੀ ਦਾਰੂ-ਮੁਰਗਾ ਸੇਵਨ ਕਰ ਲੈਂਦੇ ਹਨ ਜੀ! ਉਹ ਰਣਜੀਤ ਸਿੰਘ ਰਾਜੇ ਵਾਂਗੂੰ ਕੋਰੜੇ ਖਾਣ ਨਹੀਂ ਗਿੱਝੇ ਜੀ!! ਅਤੇ ਨਾ ਹੀ "ਬੁੱਢੇ-ਢੱਗੇ" ਅਖਵਾਉਣ ਦੇ ਆਦੀ ਐ! ਅੱਜ ਕੱਲ੍ਹ ਇੱਥੇ ਖ਼ਾਲਸਾ-ਰਾਜ ਦੇ ਉਸਰੱਈਆਂ, ਅਕਾਲੀ ਫੂਲਾ ਸਿੰਘ, ਮਹਾਰਾਜਾ ਸ਼ੇਰ ਸਿੰਘ, ਨਵਾਬ ਕਪੂਰ ਸਿੰਘ, ਹਰੀ ਸਿੰਘ ਨਲੂਏ, ਮਹਾਰਾਜਾ ਰਣਜੀਤ ਸਿੰਘ ਅਤੇ ਜੱਸਾ ਸਿੰਘ ਵਰਗਿਆਂ ਦੀ ਸਖ਼ਤ ਜ਼ਰੂਰਤ ਹੈ ਜੀ! ਜੇ ਕੋਈ ਵਿਹਲਾ ਹੋਵੇ ਤਾਂ ਜ਼ਰੂਰ ਭੇਜਿਓ! ਹੁਣ ਇੱਥੇ ਭਾਈ ਮਨੀ ਸਿੰਘ ਵਰਗੇ ਘੱਟ ਅਤੇ ਖੌਰੂ ਪਾਊ ਵੱਧ ਨੇ ਜੀ!
ਜੋਗੀ ਵੀਰਿਆ! ਜੇ ਕਿਤੇ ਡਾਕਟਰ ਅੰਬੇਦਕਰ ਮਿਲੇ ਤਾਂ ਕਹੀਂ, ਬਾਬਾ! ਤੇਰਾ ਸਵਿਧਾਨ ਅੱਜ ਇੱਥੇ ਤਰਸ ਦੀ ਮੂਰਤ ਬਣਿਆਂ ਬੈਠਾ, ਬਿਲਕੀ ਜਾ ਰਿਹੈ! ਕਾਤਲ ਸਾਫ਼ ਬਰੀ ਅਤੇ ਨਿਰਦੋਸ਼ ਤਖ਼ਤੇ 'ਤੇ ਚੜ੍ਹਾਈ ਜਾਂਦੇ ਐ! ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਪਰੋਸ-ਪਰੋਸ ਕੇ ਦਿੱਤਾ ਜਾ ਰਿਹੈ! ਪੰਜਾਬ ਦਾ ਕਿਸਾਨ ਹੁਣ ਫ਼ਸਲ ਨੂੰ ਨਹੀਂ, ਸੋਕੇ ਨੂੰ ਨਿਰਖਦੈ! ਕਿਸਾਨ ਖੁਦਕਸ਼ੀਆਂ ਕਰੀ ਜਾਂਦੈ! ਦਾਜ-ਦਹੇਜ ਨਾ ਲੈਣ ਦਾ ਰੌਲਾ ਪਾਉਣ ਵਾਲੇ ਖੁਦ ਹੀ ਮਗਰਮੱਛਾਂ ਵਾਂਗੂੰ ਮੂੰਹ ਅੱਡੀ ਖੜ੍ਹੇ ਹਨ। ਮਾਈਕਰੋਫ਼ੋਨ 'ਤੇ ਕੁਝ ਹੋਰ ਆਖਦੇ ਹਨ, ਪਰ ਨੂੰਹਾਂ ਨੂੰ ਬੜਾ ਟਿਕਾਅ ਕੇ ਮੁੰਨਦੇ ਐ ਜੀ!
ਭਈਏ ਪੰਜਾਬ ਨੂੰ ਢੋਹੇ ਜਾ ਰਹੇ ਹਨ। ਇੱਕ ਨਾ ਇੱਕ ਦਿਨ ਪੰਜਾਬ ਦਾ ਮੁੱਖ-ਮੰਤਰੀ 'ਬੱਈਆ' ਹੋਊ ਜੀ! ਹਕੂਮਤਾਂ ਬਦਲਣ ਕਰਕੇ ਪੰਜਾਬ ਦੇ ਵਿਕਾਸ ਦਾ ਸੂਰਜ ਹਰ ਰੋਜ ਜਵਾਬ ਦੇਈ ਜਾਂਦਾ ਹੈ ਬਾਬਾ ਜੀ! ਪੰਜਾਬ ਦੇ ਸਕੂਲਾਂ ਵਿਚ ਮਾਸਟਰ ਹੀ ਹੈ ਨਹੀਂ ਜੀ, ਪਰ ਬੇਰੁਜ਼ਗਾਰ ਮਾਸਟਰ ਨਿੱਤ ਚੰਡੀਗੜ੍ਹ ਧਰਨਾ ਦਿੰਦੇ ਐ! ਇਸ ਗੱਲ ਦੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਜੀ! ਇਕ ਪਾਸੇ ਸਕੂਲ ਵਿਹਲੇ, ਤੇ ਇਕ ਪਾਸੇ ਮਾਸਟਰ ਵਿਹਲੇ? ਅਖ਼ਬਾਰਾਂ ਹੋਰ ਵੀ ਦੱਸਦੀਐਂ ਜੀ, ਬਈ ਹੁਣ ਤਾਂ ਠਾਣਿਆਂ ਵਿਚ ਵੀ ਸ਼ਰਾਬ ਨਿੱਕਲਦੀ ਐ! ਇਹ ਕਾਨੂੰਨ ਮੈਨੂੰ ਮੈਦ ਐ ਤੁਸੀਂ ਤਾਂ ਲਿਖਿਆ ਨਹੀਂ ਸੀ ਜੀ?
ਰਿਸ਼ਵਤਖੋਰੀ ਕਰਕੇ ਬੜੇ ਮੰਤਰੀ ਅੰਦਰ ਕੀਤੇ ਐ ਜੀ! ਪੈਸਾ ਵੀ ਬੜਾ ਮਿਲਿਐ! ਕਹਿੰਦੇ ਲਾਕਰਾਂ 'ਚ ਪਿਆ ਸੀ! ਪਰ ਇਤਨੀਆਂ ਗ੍ਰਿਫ਼ਤਾਰੀਆਂ ਅਤੇ ਲਾਕਰਾਂ 'ਚੋਂ ਮਿਲੇ ਪੈਸੇ ਦਾ ਕਿਸਾਨ ਨੂੰ ਕੀ ਫ਼ਾਇਦਾ ਹੋਇਆ ਜੀ? ਉਹਨੂੰ ਕਮਲੇ ਨੂੰ ਮਰਨ ਤੋਂ ਬਿਨਾ ਹੋਰ ਕੁਛ ਕਿਉਂ ਨਹੀਂ ਦਿਸਦਾ ਜੀ? ਹੁਣ ਕਈ ਮੰਤਰੀ ਸਾਹਿਬਾਨ 'ਗਰਮ-ਗੋਸ਼ਤ' ਦਾ ਸੁਆਦ ਲੈਣ ਕਰਕੇ ਬੜੇ ਹੀ ਮਸ਼ਹੂਰ ਹੋਏ ਐ ਜੀ! ਸ਼ਰਾਬ, ਕਵਾਬ ਅਤੇ ਸ਼ਬਾਬ ਨਾਲ ਰਾਤਾਂ ਬੜੀਆਂ ਨਿੱਘੀਆਂ ਕਰਦੇ ਐ ਜੀ! ਉਹਨਾਂ ਨੂੰ ਕੋਈ ਕੁਛ ਨਹੀਂ ਕਹਿੰਦਾ। ਪਰ ਮਾਸਟਰਾਂ ਤੇ ਕਿਸਾਨਾਂ ਨੂੰ ਫੱਟ ਦੇਣੇਂ ਮੂਧੇ ਪਾ ਲੈਂਦੇ ਐ ਜੀ! ਬਈ ਉਹ ਆਪਣੇ ਹੱਕਾਂ ਲਈ 'ਵਿਖਾਵਾ' ਕਿਉਂ ਕਰਦੇ ਐ? ਕਿਸਾਨ ਤੇ ਮਾਸਟਰ ਵੀ ਕਮਲੇ ਐ ਜੀ! ਉਹਨਾਂ ਨੂੰ ਸੁੱਤੀ ਪਈ ਗੌਰਮਿੰਟ ਨੂੰ ਜਗਾਉਣ ਦਾ ਦੱਸੋ ਭਲਾ ਕੀ ਹੱਕ ਐ? ਇਹਨਾਂ 'ਨੰਗ' ਕਿਸਾਨਾਂ ਨੂੰ ਹੋਰ ਕੋਈ ਕੰਮ ਈ ਹੈਨੀ ਜੀ? ਜਦੋਂ 'ਅਗਲੇ' ਤੋਪਾਂ ਦੀਆਂ ਆਵਾਜ਼ਾਂ ਨਹੀਂ ਸੁਣ ਸਕਦੇ ਜੀ, ਥੋਡੇ ਲੰਡਰ ਨਾਅਰੇ ਤੇ ਫ਼ੋਕੇ ਦਬਕਾੜੇ ਕਿੱਥੋਂ ਸੁਣਨਗੇ ਜੀ?? ਇਹਨਾਂ ਨੂੰ ਕੁਛ ਸਮਝਾਓ ਬਾਬਾ ਜੀ! ਇਹਨਾਂ ਨੂੰ ਲੜਨ ਮਰਨ ਤੋਂ ਬਿਨਾ ਕੁਛ ਆਉਂਦਾ ਈ ਨਹੀਂ ਜੀ? ਕਮਲੇ ਐ ਜੀ!!
ਜੋਗੀ ਵੀਰਿਆ! ਜੇ ਕਿਤੇ ਮੇਰਾ ਬਾਈ ਸ਼ਿਵ ਕੁਮਾਰ ਬਟਾਲਵੀ ਮਿਲ ਪਵੇ। ਉਹਨੂੰ ਕਹੀਂ, ਤੂੰ ਤਾਂ ਇੱਕ 'ਲੂਣਾ' ਦੀ ਗੱਲ ਕੀਤੀ ਸੀ। ਇੱਥੇ ਤਾਂ ਹੁਣ 'ਘਰਿ ਘਰਿ ਏਹੈ ਅਗਿ' ਫਿਰਦੀ ਐ ਮਿੱਤਰਾ! ਇੱਥੇ ਹੁਣ ਸੱਠ-ਸੱਠ ਸਾਲ ਦੇ 'ਬਾਹਰਲੇ' ਲਾੜੇ ਵੀਹ-ਵੀਹ ਸਾਲ ਦੀਆਂ 'ਲੂਣਾ' ਵਿਆਹ ਕੇ, ਲੈ ਕੇ ਜਾਂਦੇ ਐ ਬਾਈ! ਇੱਥੇ ਇਕੱਲੀਆਂ ਲੂਣਾ ਦੇ ਦੁਖਾਂਤ ਹੀ ਨਹੀਂ ਹਨ ਬਾਈ, ਲਵੀ ਉਮਰ ਦੇ 'ਪੂਰਨ' ਵੀ 'ਬਾਹਰਲੀਆਂ' ਬੁੱਢੀਆਂ ਲਾੜੀਆਂ ਵੱਲੋਂ ਬੜੀ ਸ਼ਾਨ ਨਾਲ ਵਿਆਹ ਕੇ ਲਿਜਾਏ ਜਾਂਦੇ ਐ ਬਾਈ ਜੀ! ਉਹਨਾਂ ਨੂੰ ਸਿਰਫ਼ ਵੱਢ ਕੇ ਖੂਹ ਵਿਚ ਹੀ ਨਹੀਂ ਸੁੱਟਿਆ ਜਾਂਦਾ, ਪਰ ਕਸਰ ਕੋਈ ਨਹੀਂ ਛੱਡੀ ਜਾਂਦੀ ਜੀ! ਕੱਚੇ ਧਾਗੇ ਨਾਲ ਵਲਾਇਤ ਦੇ ਖੂਹ 'ਚੋਂ ਨਿਕਲਣਾ ਉਹਨਾਂ ਦੇ ਵੱਸ ਦਾ ਰੋਗ ਹੀ ਨਹੀਂ ਰਹਿ ਜਾਂਦਾ। ਫਿਰ ਉਹ ਤੇਰੇ ਵਾਂਗ ਪਲ-ਪਲ ਮਰਦੇ ਹਨ ਬਾਈ ਮੇਰਿਆ! ਦਾਰੂ ਦਾ ਆਸਰਾ ਲੈ ਕੇ ਆਪਣਾ ਆਪ ਗਾਲਦੇ ਰਹਿੰਦੇ ਐ! ---ਤੇ ਫਿਰ ਇਕ ਦਿਨ ਡਾਕਟਰ ਦੀ 'ਟੂਟੀ' ਉਸ ਨੂੰ ਮੁਰਦਾ ਕਰਾਰ ਦੇ ਦਿੰਦੀ ਹੈ, ਜਿਹੜਾ ਅੰਦਰੋਂ 'ਕਦੋਂ ਦਾ' ਮਰ ਚੁੱਕਿਆ ਹੁੰਦੈ!
ਜੋਗੀ ਵੀਰਿਆ! ਜੇ ਤੈਨੂੰ 'ਹੱਥ ਦੇਖਣ' ਵਾਲੇ 'ਬਾਬੇ' ਮਿਲ ਪੈਣ ਤਾਂ ਪੁੱਛੀਂ, ਬਾਬਿਓ! ਪੰਜਾਬ ਦਾ ਅਮਨ ਚੈਨ ਕਦੋਂ ਕੁ ਵਾਪਿਸ ਮੁੜੂਗਾ ਜੀ? ਜਾਂ ਦੱਸ ਦਿਓ ਕਿਹੜੀ ਕੂਟੀਂ ਚੜ੍ਹ ਗਿਐ? ਜਾ ਕੇ ਫੜ ਈ ਲਿਆਈਏ? ਇਹ ਵੀ ਦੱਸ ਦਿਓ ਕਿ ਜਾਰਜ ਡਬਲਿਊ ਬੁਸ਼ ਅਤੇ ਸੱਦਾਮ ਹੁਸੈਨ ਦਾ ਸਿਤਾਰਾ ਕਿਉਂ ਨਹੀਂ ਮਿਲ ਰਿਹਾ? ਜੇ ਤੁਸੀਂ ਗਿਆਰਾਂ ਸਤੰਬਰ ਦੇ ਘੱਲੂਘਾਰੇ ਬਾਰੇ ਪਹਿਲਾਂ ਦੱਸ ਦਿੰਦੇ, ਤਾਂ ਆਹ ਯੱਭ ਹੀ ਨਹੀਂ ਪੈਣੇ ਸੀ! ਤੁਸੀਂ ਦੱਸ ਦਿੰਦੇ ਖਾਂ ਬਾਬਾ ਜੀ ਬਣਕੇ ਬਈ ਸੱਦਾਮ ਹੁਸੈਨ ਨੇ ਹਥਿਆਰ ਕਿੱਥੇ ਲਕੋਏ ਐ? ਹਥਿਆਰ ਨਿਰੀਖਕ 'ਬਲੈੱਕਸ' ਵਾਧੂ ਗੋਡਣੀਏਂ ਹੋਇਆ ਫਿਰਦਾ ਸੀ! ਤੁਸੀਂ ਦਾਅਵਾ ਕਰਦੇ ਰਹਿੰਦੇ ਹੋ, "ਦੁਸ਼ਮਣ ਮਿੱਤਰ ਬਣ ਜਾਣਗੇ" ਪਰ ਥੋਡੀ ਗਿੱਦੜਸਿੰਗੀ ਬੁਸ਼ ਅਤੇ ਸੱਦਾਮ ਵੇਲੇ ਖੁੰਢੀ ਕਿਉਂ ਹੋ ਜਾਂਦੀ ਐ? ਓਸਾਮਾ ਬਿਨ ਲਾਦੇਨ ਬਾਰੇ ਵੀ ਟੇਵਾ ਲਾ ਦਿੰਦੇ ਬਾਬਾ ਜੀ ਬਣਕੇ! ਕਾਹਨੂੰ ਅਮਰੀਕਾ ਦਾ ਜੋਰ ਲੁਆਈ ਜਾਨੇ ਐਂ? ਵਾਧੂ ਜੋਰ ਖਾ ਜਾਊਗਾ ਜੀ! ਨਾਲੇ ਓਸਾਮਾ ਬਿਨ ਲਾਦੇਨ 'ਤੇ ਤਾਂ ਇਨਾਮ ਵੀ ਬਹੁਤ ਰੱਖਿਆ ਹੋਇਆ ਹੈ ਜੀ! ਜੇ ਫ਼ਲਸਤੀਨੀਆ ਵਾਲੇ ਸਦਰ ਤੇ ਇਜ਼ਰਾਈਲ ਵਾਲੇ ਸ਼ੈਰੋਨ ਨੂੰ ਤੁਹਾਡੇ ਕੋਲੇ ਲੈ ਕੇ ਆਈਏ, ਕੋਈ ਜਾਦੂ ਧੂੜ ਦਿਓਗੇ ਜੀ? ਰਾਜ਼ੀਨਾਵਾਂ ਹੀ ਕਰ ਲੈਣ! ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੇ ਤਾਂ ਵਿਚੋਲਗਿਰੀ ਦੀਆਂ ਮੁੰਦਰੀਆਂ ਜ਼ਰੂਰ ਪਾਓ ਜੀ! ਟੋਨੀ ਬਲੇਅਰ ਦੇ ਗਲ 'ਚ ਤਾਂ ਜ਼ਰੂਰ ਬਰ ਜ਼ਰੂਰ ਕੋਈ ਨਾ ਕੋਈ ਧਾਗਾ ਤਵੀਤ ਪਾਓ ਬਾਬਾ ਜੀ! ਅਮਰੀਕਾ ਦੀ ਝੋਲੀ ਚੁੱਕਣੋਂ ਨਹੀਂ ਹਟਦਾ। ਇਹ ਵੀ ਦੱਸਿਓ ਪੱਤਰੀ ਖੋਲ੍ਹ ਕੇ ਬਾਬਾ ਜੀ, ਬਈ ਅਮਰੀਕਾ ਸਾਊਥ-ਕੋਰੀਆ ਅਤੇ ਇਰਾਕ ਬਾਰੇ ਦੋ-ਧਾਰਾ ਤੂੰਬਾ ਕਿਉਂ ਵਜਾਉਂਦੈ? ਹਥਿਆਰ ਤਾਂ ਕੋਰੀਆ ਕੋਲੇ ਵੀ ਖ਼ਤਰਨਾਕ ਹੈਗੇ ਐ! ਕੋਰੀਆ ਨੂੰ ਇਰਾਕ ਵਾਂਗੂੰ ਟੁੱਟ ਕੇ ਕਿਉਂ ਨਹੀਂ ਪੈਂਦਾ ਜੀ? ਉਹਦੇ ਨਾਲ ਦੋ-ਦੋ ਹੱਥ ਕਾਹਤੋਂ ਮਿਲਾਉਂਦੈ? ਮੈਨੂੰ ਮੈਦ ਐ ਅਮਰੀਕਾ ਉਹਦੇ 'ਤੂਈਆਂ' ਜਿਹੀਆਂ ਵਾਲੇ 'ਭੜ੍ਹਾਕਿਆਂ' ਤੋਂ ਡਰਦੈ ਜੀ! ਇਥੋਪੀਆ 'ਚ ਭੁੱਖੇ ਮਰਦੇ ਲੋਕਾਂ ਨੂੰ ਜ਼ਰੂਰ ਕੋਈ ਕਾਲਾ ਜਾਦੂ ਦਿਓ ਜੀ! ਉਥੇ ਅੰਬ ਜ਼ਰੂਰ ਲੱਗਣ ਲੱਗ ਪੈਣ! ਤੁਸੀਂ ਬਾਬਾ ਜੀ ਘੌਲ ਕਰ ਜਾਂਦੇ ਓਂ! ਹੜ੍ਹ ਵਾਲਾ ਪਾਣੀ ਮੰਤਰ ਮਾਰ ਕੇ ਸੋਕੇ ਵਾਲੇ ਪਾਸੇ ਨੂੰ ਕਿਉਂ ਨਹੀਂ ਧੱਕ ਦਿੰਦੇ?
ਜੋਗੀਆ! ਬਾਈ ਮੇਰਿਆ!! ਜੇ ਕਿਤੇ ਬਾਬਾ ਬੁੱਲ੍ਹੇ ਸ਼ਾਹ, ਸੱਯਦ ਵਾਰਿਸ ਸ਼ਾਹ ਜਾਂ ਬਾਬਾ ਫ਼ਰੀਦ ਕਿਤੇ ਟੱਕਰਨ ਤਾਂ ਸਾਰਿਆਂ ਤੋਂ ਪਹਿਲਾਂ ਉਹਨਾਂ ਦੇ ਚਰਨੀਂ ਡਿੱਗ ਕੇ ਮੇਰਾ "ਸਲਾਮ" ਦੇਈਂ ਤੇ ਆਖੀਂ, ਆਪਣੀ 'ਪੰਜਾਬੀ- ਬੇਬੇ' ਭੁੱਖੀ-ਤਿਹਾਈ, ਲੰਗਾਰ ਹੰਢਾਉਂਦੀ ਐ! ਬਿਮਾਰ ਤਾਂ ਉਹ 1947 ਤੋਂ ਈ ਰਹਿੰਦੀ ਐ, ਅਧਰੰਗ ਜਿਉਂ ਹੋ ਗਿਆ ਸੀ! ਹੁਣ ਤਾਂ ਉਸ ਦੇ ਪੁੱਤ-ਪੋਤੇ ਵੀ ਅੰਗਰੇਜ਼ੀ 'ਅੰਟੀ' ਵਿਚ ਪਰਚ ਗਏ ਐ! ਦੁਆਈ-ਬੂਟੀ ਵੀ ਨਹੀਂ ਦਿੰਦੇ! ਹੁਣ ਤਾਂ ਜਦੋਂ ਮੰਜੇ 'ਤੇ ਪਈ ਖੰਘਦੀ ਐ ਨਾਂ? ਤਾਂ ਮੂੰਹ 'ਚੋਂ ਖੂਨ ਆਉਂਦੈ! ਸ਼ਾਇਦ ਅੰਗਰੇਜ਼ੀ ਟੀ ਬੀ ਹੋ ਗਈ ਐ! ਡਾਕਟਰ ਕਹਿੰਦੇ ਹੁਣ ਬਾਹਲਾ ਚਿਰ ਨਹੀਂ ਕੱਟਦੀ! ਪਰ ਪੁੱਤਾਂ-ਪੋਤਿਆਂ ਨੂੰ ਫੇਰ ਵੀ ਅਸੀਸਾਂ ਹੀ ਦੇਈ ਜਾਂਦੀ ਐ, "ਜਿਉਂਦੇ ਵਸਦੇ ਰਹਿਣ-ਦੁੱਧੀਂ ਪੁੱਤੀਂ ਫ਼ਲਣ!" ਕਹਿੰਦੀ ਐ, "ਪੁੱਤ ਧੀਆਂ ਸੌ ਵਾਰੀ ਬੇਮੁੱਖ ਹੋ ਜਾਣ, ਪਰ ਮਾਂ ਬੇਮੁੱਖ ਕਦੇ ਨਹੀਂ ਹੁੰਦੀ।" ਅੱਖਾਂ ਤੋਂ ਦਿਸਣਾ ਤਾਂ ਕੀ ਸੀ? ਹੁਣ ਤਾਂ ਆਪਦੀ ਕਿਰਿਆ ਵੀ ਮਸਾਂ ਈ ਸੋਧਦੀ ਐ! ਪੋਤੇ ਉਹਦੀ ਖੂੰਡੀ 'ਤੇ ਹੱਸਦੇ ਐ, ਪੋਤੀਆਂ ਚੁੰਨੀ ਤੋਂ ਖਿਝਦੀਐਂ! ਉਹਦੀਆਂ ਪੁਰਾਣੀਆਂ ਰਵਾਇਤਾਂ ਤੋਂ ਨੱਕ-ਬੁੱਲ੍ਹ ਮਾਰਦੇ ਐ! ਝੁਰੜੀਆਂ ਤੋਂ ਚਿੜਦੇ ਐ! ਮੁਸ਼ਕ ਆਉਣ ਦਾ ਦਾਅਵਾ ਵੀ ਕਰਦੇ ਐ ਅਤੇ ਕਦੇ ਕਦੇ 'ਉਜੱਡ-ਬੁੱਢੀ' ਵੀ ਕਹਿੰਦੇ ਐ! ਸੂਗ ਮੰਨਦੇ ਐ! ਉਹ ਟੁੱਟੀ ਮੰਜੀ 'ਤੇ ਪਈ, ਘੰਗਾਰ ਸੁੱਟਦੀ ਰਹਿੰਦੀ ਐ! ਕਦੇ-ਕਦੇ ਵੈਰਾਗ 'ਚ ਆ ਕੇ ਰੋ ਵੀ ਪੈਂਦੀ ਐ! ਪਰ ਉਸ ਦੇ ਹੰਝੂ ਕੋਈ ਨਹੀਂ ਪੂੰਝਦਾ, ਹਾਸੇ ਦਾ ਵਿਸ਼ਾ ਜ਼ਰੂਰ ਬਣਦੀ ਰਹਿੰਦੀ ਐ!
ਜੋਗੀ ਵੀਰਿਆ! ਇਹ ਵੀ ਦੱਸੀਂ ਬਈ ਹੋਰ ਤਾਂ ਹੋਰ ਹੁਣ ਤਾਂ 'ਪੰਜਾਬੀ-ਬੇਬੇ' ਦਾ ਹਾਲ ਉਸ ਦੇ ਮੰਤਰੀ-ਸ਼ੰਤਰੀ ਪੁੱਤਰ ਵੀ ਨਹੀਂ ਪੁੱਛਦੇ। ਪੰਜਾਬੀ ਮਾਂ ਦੀ ਗੱਲ ਵੀ ਅੰਗਰੇਜ਼ੀ ਵਿਚ ਹੀ ਕਰਦੇ ਹਨ! ਵੋਟਾਂ ਵੇਲੇ ਬੇਬੇ ਦੇ ਗੀਝੇ ਵਿਚ ਹੱਥ ਜ਼ਰੂਰ ਮਾਰ ਲੈਂਦੇ ਹਨ। ਪੰਜਾਬੀ ਬੁੱਧੀਜੀਵੀ ਵੀ ਆਪਣੇ ਬੱਚਿਆਂ ਦੇ ਨਾਂ ਰੌਬਿਨ ਜਾਂ ਡੇਵਿਡ ਹੀ ਰੱਖਣ ਲੱਗ ਪਏ! ਨੰਦ ਲਾਲ, ਸਿ਼ਵ ਕੁਮਾਰ, ਪੂਰਨ ਸਿੰਘ ਅਤੇ ਵੀਰ ਸਿੰਘ ਵਰਗਿਆਂ ਨੂੰ ਭੁੱਲ ਗਏ। ਭਾਗ ਕੌਰ, ਸਦਾ ਕੌਰ ਵਿਸਰ ਗਈਆਂ ਅਤੇ ਬੈਗੀ ਅਤੇ ਸੈਂਡੀ ਉਗ ਪਈਆਂ। ਸਕੂਲਾਂ ਵਿਚ ਅੰਗਰੇਜ਼ੀ ਸੁਰੂ ਹੋ ਗਈ। ਪਰ ਬੱਚਿਆਂ ਨੂੰ ਹਾਲੀ ਤੱਕ "ਨਲੀ-ਪੂੰਝਣ" ਦੀ ਅੰਗਰੇਜ਼ੀ ਨਹੀਂ ਆਉਂਦੀ। "ਨੋਜੀ ਆ ਗਈ!" ਹੀ ਦੱਸਦੇ ਐ!
ਜੋਗੀ ਵੀਰਿਆ! ਉਹਨਾਂ ਮਹਾਂਪੁਰਸ਼ਾਂ ਨੂੰ ਸੱਭਿਆਚਾਰ ਬਾਪੂ ਦਾ ਹਾਲ-ਚਾਲ ਵੀ ਜ਼ਰੂਰ ਦੱਸੀਂ! ਉਹਨੂੰ ਵੀ ਜੀਨ, ਸਕੱਰਟ ਅਤੇ ਬੌਬੀ-ਕੱਟ ਰੋਗ ਐ! ਇਲਾਜ਼ ਲਈ ਇੰਗਲੈਂਡ ਭੇਜਿਆ ਸੀ। ਪਰ 'ਬਾਹਰਲੇ' ਡਾਕਟਰਾਂ ਨੇ ਉਸ ਦੇ ਰੋਗਾਂ ਬਾਰੇ ਸੁਣ ਕੇ ਹੀ ਹੱਸ ਛੱਡਿਆ। ਉਹ ਕਹਿੰਦੇ ਇਹਨੂੰ ਕੋਈ ਰੋਗ ਨਹੀਂ, ਇਹਦੇ ਦਿਮਾਗ 'ਚ ਫ਼ਰਕ ਪੈ ਗਿਆ। ਉਥੋਂ ਦੇ ਕੰਪਿਊਟਰਾਂ ਨੂੰ ਤਾਂ ਇਹਦੇ ਰੋਗਾਂ ਦੇ ਨਾਵਾਂ ਦਾ ਵੀ ਨਹੀਂ ਪਤਾ! ਜਦੋਂ ਉਥੋਂ ਦੇ ਵੱਡੇ 'ਹਸਪਤਾਲ' ਵਿਚ ਲੈ ਕੇ ਗਏ ਤਾਂ ਉਥੇ ਇਹ ਪਿੱਟ ਉਠਿਆ! ਕਹਿੰਦਾ, ਮੈਂ ਲੀੜੇ ਨਹੀਂ ਲਾਹੁੰਣ ਦੇਣੇ, ਮੇਰੀ ਊਂ ਡਾਕਟਰੀ ਕਰ ਲਵੋ, ਮੈਂ ਨਿਰਵਸਤਰ ਨਹੀਂ ਹੋਣਾ! ਹੁਣ ਇਹਦਾ ਇਕ ਪਾਸਾ ਮਾਰਿਆ ਪਿਐ! ਉਠਣ ਜੋਕਰਾ ਨਹੀਂ ਰਿਹਾ!
ਜੋਗੀ ਵੀਰਿਆ! ਇਹ ਮੇਰੇ ਸੁਨੇਹੇ ਜ਼ਰੂਰ ਦੇ ਦੇਵੀਂ। ਬੱਸ ਵੀਰਿਆ! ਜਿਉਂਦਾ ਵਸਦਾ ਰਹਿ! ਜੁੱਗ-ਜੁੱਗ ਜੀਵੇਂ! ਜਵਾਨੀਆਂ ਮਾਣੇਂ! ਖੁਸ਼ੀ-ਖੁਸ਼ੀ ਜਾਹ ਤੇ ਖੁਸ਼ੀ-ਖੁਸ਼ੀ ਮੁੜ ਕੇ ਆ। ਹਾਂ, ਪਰ ਮੇਰੀਆਂ ਗੱਲਾਂ ਦਾ ਜਵਾਬ ਜ਼ਰੂਰ ਲੈ ਕੇ ਆਈਂ ਵੀਰਿਆ! ਤੇਰੀ ਉਡੀਕ 'ਚ ਮੈਂ ਇਸ ਬੇਲੇ 'ਚ ਹੀ ਮਿਲੂੰ। ਰੱਬ ਖ਼ੈਰਾਂ ਬਖਸ਼ੇ! ਜਿਉਂਦਾ ਵਸਦਾ ਰਹਿ!!

No comments: