ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, February 5, 2009

ਮੇਜਰ ਮਾਂਗਟ - ਕਹਾਣੀ

ਚਾਂਦੀ ਦੀ ਗੜਬੀ

ਸਰੂਪ ਸਿੰਘ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਫੇਰ ਛਲਕ ਪਏਉਹ ਸੋਚੀਂ ਡੁੱਬ ਗਿਆ ਤੇ ਉਸਦਾ ਚਿਹਰਾ ਉੱਤਰ ਗਿਆ ਇਹ ਚਿਹਰਾ ਕਨੇਡਾ ਆਕੇ ਵਸੇ ਦਰਸ਼ਣ ਸਿੰਘ ਦਾ ਵੀ ਕਈ ਵਾਰੀ ਉੱਤਰਿਆ ਸੀ ਇਹ ਸੋਚ ਸੋਚ ਸਰੂਪ ਸਿੰਘ ਦੀਆਂ ਦੀਆਂ ਅੱਖਾਂ ਵਿੱਚੋਂ ਕਿੰਨੀ ਹੀ ਵਾਰੀ ਬੁੱਢੇ ਦਰਿਆ ਦੇ ਵਹਿਣ ਵਾਂਗੂੰ ਅੱਥਰੂ ਵੱਗੇ ਸਨ ਆਪਣੀ ਗੱਲ ਉਸ ਨੇ ਕਈ ਵਾਰੀ ਹੋਰਾਂ ਨਾਲ ਸਾਂਝੀ ਕਰਨੀ ਚਾਹੀ ਸੀ ਪਰ ਕਿਸੇ ਕੋਲ਼ ਸਮਾਂ ਹੀ ਨਹੀਂ ਸੀ, ਨਾ ਦਰਸ਼ਣ ਦੀ ਪਤਨੀ ਕੋਲ਼ ਤੇ ਨਾ ਬੱਚਿਆਂ ਕੋਲ਼ ਹੁਣ ਤਾਂ ਉਸਦੇ ਬੱਚੇ ਵੀ ਤਰੱਕੀ ਕਰ ਰਹੇ ਸਨ ਫੈਕਟਰੀਆਂ ਦਾ ਕੰਮ ਛੱਡ ਕੇ ਟਰੱਕ ਚਲਾਉਣ ਲੱਗ ਪਏਲੋਕਾਂ ਵਾਂਗੂੰ ਉਨ੍ਹਾਂ ਦਾ ਵੀ ਵਿਚਾਰ ਸੀ ਕਿ ਟਰੱਕਾਂ ਵਿੱਚ ਪੈਸਾ ਬਹੁਤ ਹੈ ਤੇ ਇਹ ਪੈਸੇ ਦੀ ਹੀ ਸਾਰੀ ਖੇਡ ਸੀ

-----

ਪੈਸੇ ਪਿੱਛੇ ਦੌੜਦਾ ਖ਼ੁਦ ਦਰਸ਼ਣ ਸਿੰਘ ਕਨੇਡਾ ਆਇਆ ਸੀ ਤੇ ਏਸੇ ਪੈਸੇ ਪਿੱਛੇ ਦੌੜ ਰਹੀ ਸੀ ਹੁਣ ਉਸਦੀ ਔਲਾਦ ਕਈ ਵਾਰੀ ਲੱਗਦਾ ਕਿ ਲੋਕ ਪੈਸੇ ਦੇ ਅੰਨ੍ਹੇ ਲਾਲਚ ਵਿੱਚ ਸੱਭਿਆਚਾਰ ਦੀਆਂ ਲਛਮਣ ਰੇਖਾਵਾਂ ਵੀ ਪਾਰ ਕਰ ਜਾਂਦੇ ਹਨ ਸ਼ਾਇਦ ਅੱਜ ਵੀ ਕੋਈ ਅਜਿਹੀ ਹੀ ਗੱਲ ਜਾਪ ਰਹੀ ਸੀਸਰੂਪ ਸਿੰਘ ਨੇ ਸਾਰੇ ਘਰ ਵਿੱਚ ਨਜ਼ਰ ਦੌੜਾਈ ਘਰ ਵਿੱਚ ਬਚਿੰਤ ਕੌਰ ਤੇ ਛੋਟੇ ਬੱਚਿਆਂ ਤੋਂ ਬਗੈਰ ਕੋਈ ਵੀ ਦਿਖਾਈ ਨਾ ਦਿੱਤਾ ਉਸ ਨੂੰ ਆਪਣੇ ਨਿੱਘੇ ਮਿੱਤਰ ਦਰਸ਼ਣ ਸਿੰਘ ਦੀ ਬਹੁਤ ਯਾਦ ਆਈ ਜੋ ਉਸ ਨਾਲ ਹਰ ਗੱਲ ਸਾਂਝੀ ਕਰ ਲਿਆ ਕਰਦਾ ਸੀ,ਜਿਸ ਨੇ ਹੁਣ ਉਸ ਨੂੰ ਕਦੀ ਨਹੀਂ ਸੀ ਮਿਲਣਾ

----

ਕੰਧ ਤੇ ਉਸਦੀ ਵੱਡੀ ਫੋਟੋ ਲਗਾ ਦਿੱਤੀ ਗਈ ਸੀ,ਜਿਸ ਤੇ ਨਜ਼ਰਾਂ ਗੱਡਦਿਆਂ ਸਰੂਪ ਸਿੰਘ ਨੇ ਉੱਚੀ ਆਵਾਜ਼ ਵਿੱਚ ਰਸੋਈ ਵਿੱਚ ਕੰਮ ਕਰ ਰਹੀ ਬਚਿੰਤ ਕੌਰ ਨੂੰ ਆਖਿਆ, “ਭੈਣ ਜੀ ਕਿੱਧਰ ਗਏ ਸਭ? ਸਰਦਾਰ ਸਾਹਿਬ ਬਿਨਾਂ ਤਾਂ ਜਿਵੇਂ ਘਰ ਦੀ ਰੌਣਕ ਹੀ ਚਲੀ ਗਈ ।

----

ਬੱਸ ਜੀ ਜਾਣਾ ਕਿੱਧਰ ਹੈ, ਪੂਰਿਆਂ ਨਾਲ ਤਾਂ ਪੂਰੇ ਹੁਣ ਹੋਇਆ ਨਹੀਂ ਜਾਂਦਾ ਪਹਿਲਾਂ ਦੇਖ ਲਉ ਉਧਰ ਕਿੰਨੇ ਦਿਨ ਲੱਗ ਗਏ...ਮੁੰਡੇ ਕਹਿੰਦੇ ਚੱਲ ਐਨੀਆਂ ਦਿਹਾੜੀਆਂ ਕਾਹਨੂੰ ਭੰਨਣੀਆਂ ਨੇ, ਟਰੱਕ ਦਾ ਗੇੜਾ ਹੀ ਲਾ ਆਉਂਦੇ ਆਂਭੋਗ ਤੋਂ ਪਹਿਲਾਂ ਪਹਿਲਾਂ ਮੁੜ ਆਉਣਗੇ ਊਂ ਤਾਂ ਮੈਂ ਵੀ ਕਦੀ ਕਦਾਈਂ ਕਿਰਨ ਨੂੰ ਲੈ ਕੇ ਡਿਕਸੀ ਗੁਰੂ ਘਰ ਜਾ ਆਉਦੀ ਹਾਂ ਰਾਸ਼ਣ-ਪਾਣੀ ਸਾਰਾ ਦੇ ਆਂਦਾ ਸੀ ਬਾਕੀ ਸਾਰੀ ਜਿੰਮੇਵਾਰੀ ਗੁਰਦੁਆਰੇ ਵਾਲਿਆਂ ਦੀ ਹੈ ਫੇਰ ਦਿਹਾੜੀਆਂ ਭੰਨਣ ਦਾ ਤਾਂ ਕੋਈ ਫੈਦਾ ਨੀ ਨਾਲੇ ਕੰਮ ਤੇ ਮਨ ਹੋਰ ਪਾਸੇ ਪਿਆ ਰਹਿੰਦਾ ਏ ਕਿਰਨ ਵੀ ਅਜੇ ਹੁਣੇ ਕੰਮ ਤੋਂ ਆਈ ਤੀਆਹ ਸਟੋਰਾਂ ਤੱਕ ਗਈ ਆ ਕਹਿੰਦੀ ਮੈਂ ਬੂਟੀ ਪਾਲਰ ਜਾ ਆਮਾਂ, ਫੇਰ ਟੈਮ ਨੀ ਲੱਗਣਾ ਨਾਲੇ ਭੋਗ ਵਿੱਚ ਦਿਨ ਕਿਹੜਾ ਰਹਿ ਗਏ ਨੇਬਚਿੰਤ ਕੌਰ ਲਗਾਤਾਰ ਬੋਲੀ ਜਾ ਰਹੀ ਸੀ

----

ਸਰੂਪ ਸਿੰਘ ਨੂੰ ਬਚਿੰਤ ਕੌਰ ਦੀਆਂ ਗੱਲਾਂ ਧੁਰ ਅੰਦਰ ਤੱਕ ਪੱਛ ਗਈਆਂਉਸ ਨੂੰ ਦਰਸ਼ਣ ਵਲੋਂ ਸੁਣਾਈਆਂ ਗੱਲਾਂ ਯਾਦ ਆਉਣ ਲੱਗੀਆਂ ਜਦੋਂ ਉਹ ਆਪਣੀ ਬੇਬੇ ਬਚਨੋਂ ਨੂੰ ਯਾਦ ਕਰਦਾ ਸੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਵੀ ਮੀਂਹ ਵਾਂਗੂੰ ਆਪ ਮੁਹਾਰੇ ਅਥਰੂ ਚੋਣ ਲੱਗ ਪੈਂਦੇ ਸਨ

----

ਨਵੇਂ ਸ਼ਹਿਰ ਦੇ ਨਾਲ ਲੱਗਦਾ ਉਨ੍ਹਾਂ ਦਾ ਛੋਟਾ ਜਿਹਾ ਪਿੰਡ ਖਿਜ਼ਰਪੁਰਜਿੱਥੇ ਉਨ੍ਹਾਂ ਦੀ ਦਸ ਕੁ ਏਕੜ ਜ਼ਮੀਨ ਸੀ ਬੇਟ ਦੀ ਧਰਤੀ ਹੋਣ ਕਾਰਨ ਏਥੇ ਜਿਆਦਾ ਪੈਦਾਵਾਰ ਨਹੀਂ ਸੀ ਹੁੰਦੀ ਦਰਸ਼ਣ ਸਿੰਘ ਦਾ ਪਿਉ ਨਾਹਰ ਸਿੰਘ ਜਵਾਨੀ ਪਹਿਰੇ ਹੀ ਨਸ਼ਿਆਂ ਨੂੰ ਤੁਰ ਪਿਆ ਸੀ ਉਸਦੇ ਦੱਸਣ ਅਨੁਸਾਰ ਉਹ ਧੂਹਵਾਂ ਚਾਦਰਾ ਲਾਉਂਦਾ ਸਵੇਰੇ ਡੋਡਿਆਂ ਵਾਲੀ ਚਾਹ ਪੀਂਦਾ, ਦੁਪਹਿਰੇ ਮਾਵਾ ਵੀ ਛਕ ਲੈਂਦਾ ਤੇ ਸ਼ਾਮ ਨੂੰ ਸ਼ਰਾਬ ਨਾਲ ਡੱਕ ਕੇ ਆਂਉਦਾ ਉਸਦੇ ਲੱਛਣ ਦੇਖ ਕੇ ਹੀ ਉਸਦੇ ਮਾਂ ਪਿਉ ਨੇ ਉਸ ਨੂੰ ਸਾਂਝੇ ਪਰਿਵਾਰ ਵਿੱਚੋਂ ਅੱਡ ਕਰ ਦਿੱਤਾ ਸੀ ਕਿ ਸ਼ਾਇਦ ਪਰਿਵਾਰ ਦੀ ਜਿੰਮੇਵਾਰੀ ਪੈਣ ਨਾਲ ਸੁਧਰ ਜਾਵੇ ਪਰ ਅਜਿਹਾ ਕੁੱਝ ਵੀ ਨਹੀਂ ਸੀ ਹੋਇਆਸਗੋਂ ਉਹ ਤਾਂ ਹਰ ਰੋਜ ਪੀ ਕੇ ਬੁੱਕਦਾ ਕਿ ਜਿਸ ਵਿੱਚ ਹਿੰਮਤ ਹੈ ਜੱਟ ਨੂੰ ਰੋਕ ਕੇ ਦਿਖਾਵੇ ਜੇ ਲੱਤਾਂ ਨਾਂ ਵੱਢਦਿਆਂ ਉਹ ਸ਼ਰਾਬ ਪੀ ਕੇ ਬਚਨ ਕੌਰ ਨੂੰ ਵੀ ਕੁੱਟਦਾ ਅਤੇ ਦਰਸ਼ਣ ਨੂੰ ਵੀ, ਜਿਸਦੀ ਉਮਰ ਅਜੇ ਦਸ ਬਾਰਾਂ ਸਾਲ ਕੁ ਦੀ ਸੀ ਪਿਉ ਦੇ ਖਰਚਿਆਂ ਕਾਰਨ ਘਰ ਵਿੱਚ ਤੰਗੀ ਆਉਣ ਲੱਗੀ ਖੇਤੀ ਦਾ ਕੰਮ ਤਾਂ ਉਸ ਤੋਂ ਹੁੰਦਾ ਨਾ ਤੇ ਜ਼ਮੀਨ ਉਸ ਨੇ ਕਿਸੇ ਨੂੰ ਅਧਿਆਰੇ ਤੇ ਦੇ ਦਿੱਤੀ ਉਹ ਨਸ਼ੇ ਦਾ ਏਨਾ ਆਦੀ ਹੋ ਗਿਆ ਕਿ ਉਸ ਨੂੰ ਆਪਣੀ ਉਲਾਦ ਦੀ ਵੀ ਪਰਵਾਹ ਨਾ ਰਹੀਉਸ ਦੇ ਦੋ ਕੁੜੀਆਂ ਸਨ ਤੇ ਇੱਕ ਮੁੰਡਾ ਦਰਸ਼ਣਜਿਨ੍ਹਾਂ ਨੂੰ ਉਹ ਕੁੱਟਦਾ ਮਾਰਦਾ ਰਹਿੰਦਾ ਜਦੋਂ ਕਿਤੇ ਨਸ਼ੇ ਲਈ ਪੈਸੇ ਨਾ ਹੁੰਦੇ ਤਾਂ ਘਰ ਦਾ ਸਮਾਨ ਵੇਚਣ ਤੁਰ ਪੈਂਦਾ ਬਚਨੋ ਵਲੋਂ ਰੋਕਣ ਤੇ ਉਸ ਨੂੰ ਕੁੱਟਦਾ

----

ਫੇਰ ਘਰ ਦੇ ਸੰਦ ਭਾਂਡੇ ਵੇਚਣ ਦੇ ਨਾਲ ਨਾਲ ਉਸ ਨੇ ਚੋਰੀ ਛਪੋਰੀ ਬਲੈਕਈਏ ਮੁਖਤਿਆਰ ਕੋਲ ਆਪਣੀ ਜ਼ਮੀਨ ਗਹਿਣੇ ਧਰਨੀ ਵੀ ਸ਼ੁਰੂ ਕਰ ਦਿੱਤੀ ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਉਹ ਬਚਨ ਕੌਰ ਦੇ ਦਾਜ ਵਿੱਚ ਲਿਆਂਦੀ ਚਾਂਦੀ ਦੀ ਝਾਲ ਵਾਲੀ ਗੜਬੀ ਵੇਚ ਕੇ ਮੱਕੀ ਦੇ ਦਾਣੇ ਜਿੰਨੀ ਅਫੀਮ ਖਾ ਆਇਆਇਹ ਸਾਰੀਆਂ ਗੱਲਾਂ ਸਰੂਪ ਸਿੰਘ ਨੂੰ ਖ਼ੁਦ ਦਰਸ਼ਣ ਨੇ ਆਪਣੇ ਮੂੰਹੋਂ ਸੁਣਾਈਆਂ ਸਨ ਇੱਕ ਦਿਨ ਉਹ ਦੱਸਣ ਲੱਗਿਆ ਬਾਪੂ ਨੇ ਜਦੋਂ ਬਹੁਤਾ ਹੀ ਕੰਮ ਖਰਾਬ ਕਰ ਦਿੱਤਾ ਤਾਂ ਸ਼ਰੀਕ ਮਿਹਣੇ ਮਾਰਨ ਲੱਗੇ ਕਿ ਐਦਾਂ ਤਾਂ ਕੋਈ ਸਾਕ ਨਾਤਾ ਵੀ ਨਹੀਂ ਹੋਣਾਹੋਰ ਕਿਧਰੇ ਹੱਥ ਪੈਂਦਾ ਨਾ ਦੇਖ ਕੇ ਇੱਕ ਦਿਨ ਬਲਾਚੌਰ ਵਾਲਾ ਮਾਸੜ ਬਾਪੂ ਨੂੰ ਕਹਿਣ ਲੱਗਿਆ ਕਿ ਆਪ ਤਾਂ ਤੂੰ ਕੁੱਝ ਬਣਾਇਆ ਨੀ ਹੁਣ ਜੁਅਕਾਂ ਨੂੰ ਕਾਹਨੂੰ ਰੋਲਦਾ ਏਂ…? ਸਾਰਾ ਦੁਆਬਾ ਬਾਹਰਲੇ ਮੁਲਕਾਂ ਨੂੰ ਚਲੇ ਚੱਲਿਆ ਤੂੰ ਵੀ ਕਿਉਂ ਨੀ ਆਪਣਾ ਮੁੰਡਾ ਤੋਰ ਦਿੰਦਾ ਗੱਲ ਬਾਪੂ ਦੇ ਮਨ ਲੱਗ ਗਈ ਉਸ ਨੇ ਇਹ ਕੰਮ ਮਾਸੜ ਨੂੰ ਹੀ ਕਰਨ ਨੂੰ ਕਿਹਾ, ਜਿਸ ਦਾ ਮੁੰਡਾ ਪਹਿਲਾਂ ਹੀ ਵਲਾਇਤ ਵਿੱਚ ਸੀ ਤੇ ਫੇਰ ਇੱਕ ਦਿਨ ਦਰਸ਼ਣ ਆਪਣੇ ਮਾਸੜ ਨਾਲ ਜਾ ਕੇ ਵਲਾਇਤ ਜਾਣ ਲਈ ਵਾਊਚਰ ਭੇਜ ਆਇਆ ਤੇ ਕੁੱਝ ਹੀ ਮਹੀਨੇ ਬਾਅਦ ਹੀ ਉਸ ਨੂੰ ਵਲਾਇਤ ਦਾ ਵੀਜ਼ਾ ਮਿਲ ਗਿਆ ਤੇ ਫੇਰ ਕੁੱਝ ਸਾਲ ਉਹ ਵਲਾਇਤ ਰਹਿ ਕੇ ਬਾਅਦ ਵਿੱਚ ਕਨੇਡਾ ਆ ਗਿਆ

----

ਜਦੋਂ ਉਹ ਕਨੇਡਾ ਆਇਆ ਸੀ ਤਾਂ ਉਹ ਦੋਨੋਂ ਰਲ ਕੇ ਕਿੰਨੇ ਹੀ ਮਹੀਨੇ ਇੱਕੋ ਅਪਾਰਟਮੈਂਟ ਵਿੱਚ ਰਹੇਤੇ ਮਹੀਨਿਆਂ ਦੀ ਸਾਂਝ ਹੀ ਜ਼ਿੰਦਗੀ ਭਰ ਦੀ ਦੋਸਤੀ ਵਿੱਚ ਬਦਲ ਗਈ ਸੀ ਦੋਹਾਂ ਦਾ ਹੀ ਕਨੇਡਾ ਵਿੱਚ ਕੋਈ ਖਾਸ ਸਕਾ ਸਬੰਧੀ ਨਹੀਂ ਸੀ ਦੋਨੋ ਇੱਕ ਦੂਜੇ ਕੋਲ ਆਪਣਾ ਦਰਦ ਸਾਂਝਾ ਕਰ ਲੈਂਦੇਸਰੂਪ ਸਿੰਘ ਵੀ ਏਸੇ ਪ੍ਰਕਾਰ ਆਇਆ ਸੀ ਦਰਸ਼ਣ ਉਸ ਲਈ ਬਹੁਤ ਵੱਡਾ ਆਸਰਾ ਸੀਉਸ ਨੂੰ ਯਾਦ ਕਰਦਿਆਂ ਅੱਜ ਫੇਰ ਸਰੂਪ ਸਿੰਘ ਦੇ ਅਥਰੂ ਆਪ ਮੁਹਾਰੇ ਵਹਿ ਤੁਰੇ ਉਸ ਨਾਲ ਸਬੰਧਤ ਕਿੰਨੀਆਂ ਹੀ ਗੱਲਾਂ ਹੋਰ ਯਾਦਾਂ ਆਉਣ ਲੱਗੀਆਂ

----

ਕਦੇ ਕਦੇ ਦਰਸ਼ਣ ਜਦੋਂ ਬਹੁਤ ਉਦਾਸ ਹੋ ਜਾਂਦਾ ਤਾਂ ਆਖਦਾ, “ਬੇਬੇ ਨੂੰ ਉਸ ਗੜਬੀ ਦਾ ਵਿਗੋਚਾ ਜੀਵਨ ਭਰ ਨਾ ਭੁੱਲਿਆ ਜੋ ਉਸਦੇ ਫੌਜੀ ਪਿਉ ਨੇ ਬੜੀ ਰੀਝ ਨਾਲ ਲੈ ਕੇ ਦਾਜ ਦੇ ਭਾਂਡਿਆਂ ਵਿੱਚ ਧਰੀ ਸੀ ਜਿਸ ਤੇ ਬੇਬੇ ਦਾ ਨਾਂ ਵੀ ਉਕਰਿਆ ਹੋਇਆ ਸੀਇਸ ਘਟਨਾਂ ਤੋਂ ਬਾਅਦ ਉਸਦਾ ਮਨ ਲੂਹਿਆ ਗਿਆ ਉਹ ਬਾਪੂ ਨੂੰ ਅੰਦਰੋ ਅੰਦਰ ਨਫ਼ਰਤ ਕਰਨ ਲੱਗੀ ਤੇ ਇਹ ਨਫਰਤ ਉਸ ਨੇ ਆਪਣੇ ਆਖਰੀ ਸਾਹਾਂ ਤੱਕ ਨਿਭਾਈ ਜਦੋਂ ਉਹ ਕਦੇ ਬਹੁਤ ਉਦਾਸ ਹੋ ਜਾਂਦੀ ਤਾਂ ਆਖਦੀ, “ਅਜਿਹੇ ਬੰਦੇ ਦਾ ਕੀ ਕਰਨਾ ਏ ਜੋ ਮੇਰੇ ਪਿਉ ਦੀ ਨਿਸ਼ਾਨੀ ਵੇਚ ਕੇ ਵੀ ਖਾਅ ਗਿਆ। ਦਰਸ਼ਣ ਬਥੇਰਾ ਆਖਦਾ ਕਿ ਬੇਬੇ ਕੋਈ ਨਾ ਜਦੋਂ ਮੈਂ ਕਮਾਉਣ ਲੱਗ ਗਿਆ ਤਾਂ ਸਭ ਤੋਂ ਪਹਿਲਾਂ ਤੈਨੂੰ ਉਸ ਦੇ ਬਦਲੇ ਚਾਂਦੀ ਦੀ ਗੜਬੀ ਲੈ ਕੇ ਦਊਂ ।ਪਰ ਹਾਲਾਤ ਐਸੇ ਬਣੇ ਕਿ ਉਹ ਵਲਾਇਤ ਤੋਂ ਬਾਅਦ ਕਨੇਡਾ ਪੱਕੇ ਹੋਣ ਦੀ ਜਿੱਲਣ ਵਿੱਚ ਅਜਿਹਾ ਖੁੱਭਿਆ ਕਿ ਉਸ ਦੀ ਬੇਬੇ ਉਸ ਨੂੰ ਮਿਲਣ ਲਈ ਤਰਸਦੀ ਤੇ ਗੜਬੀ ਨੂੰ ਝੂਰਦੀ ਜਹਾਨ ਤੋਂ ਤੁਰ ਗਈ

----

ਦਰਸ਼ਣ ਦੀ ਨੂੰਹ ਕਿਰਨ ਸਟੋਰ ਵਿੱਚੋਂ ਆਉਂਦਿਆਂ ਹੀ ਬੋਲੀ, “ਅੰਕਲ ਜੀ ਸਾਸਰੀ ਕਾਲਹੁਣੇ ਆਏ ਸੀ? ਕੁੱਝ ਪੀ ਲਿਆ? ਉਹ ਇੱਕੋ ਸਾਹੇ ਕਈ ਸੁਆਲ ਕਰਦੀ ਹੋਈ ਕਿਚਨ ਵਲ ਨੂੰ ਵੇਖਣ ਲੱਗੀ ਜਿੱਥੇ ਉਸ ਦੀ ਸੱਸ ਰੋਟੀ ਦਾ ਆਹਰ ਕਰ ਰਹੀ ਸੀ ਕਿਰਨ ਨੇ ਕੁੱਝ ਅਖਬਾਰ ਸਰੂਪ ਸਿੱਘ ਵਲ ਵਧਾਉਂਦੇ ਹੋਏ ਕਿਹਾ ਡੈਡੀ ਦੇ ਭੋਗ ਦੀ ਖਬਰ ਤਕਰੀਬਨ ਸਾਰੇ ਅਖਬਾਰਾਂ ਨੇ ਹੀ ਲਾ ਦਿੱਤੀ ਐ ਇਕੱਠ ਤਾਂ ਵਾਹਵਾ ਹੋ ਜਾਣੈ ਫੇਰ ਉਸ ਨੇ ਆਪਣਾ ਚਿਹਰਾ ਕਲੌਜ਼ਿਟ ਵਿੱਚ ਲੱਗੇ ਸ਼ੀਸ਼ੇ ਵਿੱਚ ਨਿਹਾਰਿਆ, ਜਿਵੇਂ ਸੋਚ ਰਹੀ ਹੋਵੇ ਕਿ ਕੀ ਮੈਂ ਭੋਗ ਵਾਲੇ ਦਿਨ ਐਨੇ ਲੋਕਾਂ ਵਿੱਚ ਚੰਗੀ ਲੱਗਾਂਗੀ

----

ਸਰੂਪ ਸਿੰਘ ਨੂੰ ਉਸ ਵਲ ਦੇਖ ਕੇ ਇੱਕ ਕਮਿਊਨਟੀ ਨੇਤਾ ਦੀ ਯਾਦ ਆ ਗਈ ਜੋ ਆਪਣੇ ਪਿਉ ਦੇ ਅੰਤਿਮ ਸੰਸਕਾਰ ਸਮੇ ਆਪਣੀ ਤੇ ਆਪਣੀ ਘਰ ਵਾਲੀ ਦੀ ਤਿਆਰੀ ਬਿਊਟੀ ਪਾਰਲਲ ਤੋਂ ਕਰਵਾਕੇ ਲਿਆਇਆ ਸੀ ਉਦਾਸੀ ਵਾਲਾ ਮੇਕ ਅੱਪ ਤੇ ਉਸ ਨਾਲ ਮਿਲਦੇ ਵਾਲਾਂ ਦੇ ਸਟਾਈਲ ਤਾਂ ਕਿ ਪ੍ਰੈੱਸ ਵਿੱਚ ਜਾਣ ਵਾਲੀਆਂ ਫੋਟੋਆਂ ਪ੍ਰਭਾਵਸ਼ਾਲੀ ਹੋਣ ਸਰੂਪ ਸਿੰਘ ਕਿਰਨ ਨੂੰ ਕਹਿਣ ਲੱਗਿਆ ਕਿ ਬੇਟੇ ਏਥੇ ਕੋਈ ਕੱਪੜਾ ਵਿਛਾ ਦਿਉ, ਲੋਕ ਅਫਸੋਸ ਕਰਨ ਵਾਲੇ ਆਉਣਗੇ ਤਾਂ ਅੱਗੇ ਤੋਂ ਕਿਰਨ ਬੋਲੀ, “ਲਉ ਅੰਕਲ ਜੀ ਹੁਣ ਨੀ ਕੋਈ ਵਿਚਾਰ ਕਰਦਾ, ਜੋ ਆਵੇਗਾ ਸੋਫੇ ਤੇ ਹੀ ਬੈਠ ਜਾਵੇਗਾ ਸਰੂਪ ਸਿੰਘ ਉਸਦੀ ਗੱਲ ਸੁਣ ਕੇ ਚੁੱਪ ਹੋ ਗਿਆ

----

ਏਨੇ ਨੂੰ ਦਰਵਾਜ਼ੇ ਦੀ ਘੰਟੀ ਖੜਕੀ ਤਾਂ ਦਰਸ਼ਣ ਦਾ ਵੱਡਾ ਮੁੰਡਾ ਜੀਤਾ ਅੰਦਰ ਦਾਖਲ ਹੋਇਆ ਉਸ ਨੇ ਆਉਣ ਸਾਰ ਸਤਿ ਸ੍ਰੀ ਅਕਾਲ ਬੁਲਾ ਕੇ ਦੱਸਿਆ ਕਿ ਉਹ ਯਾਰਡ ਵਿੱਚ ਟਰੱਕ ਖੜਾ ਕਰਕੇ ਅਜੇ ਆ ਹੀ ਰਿਹਾ ਹੈ ਉਸ ਨੇ ਇਹ ਵੀ ਦੱਸਿਆ ਕਿ ਸਾਡੀ ਕੰਪਨੀ ਦੇ ਮਾਲਿਕ ਕਹਿੰਦੇ ਹਨ ਕਿ ਜੇ ਤੂੰ ਇੰਡੀਆ ਜਾਣਾ ਹੈ ਹੁਣੇ ਚਲਾ ਜਾਅ ਫੇਰ ਬਿਜ਼ੀ ਸੀਜਨ ਚੱਲ ਪੈਣਾ ਏ ।ਕੁੱਝ ਦੇਰ ਸੋਚ ਕੇ ਉਹ ਫੇਰ ਕਹਿਣ ਲੱਗਿਆ ਮੈਂ ਵੀ ਸੋਚਦਾ ਹਾਂ ਕਿ ਡੈਡੀ ਦੇ ਫੁੱਲ ਪਾਉਣ ਤਾਂ ਇੰਡੀਆ ਜਾਣਾ ਹੀ ਪਵੇਗਾ, ਭੋਗ ਤੋਂ ਚਾਰ ਪੰਜ ਦਿਨ ਬਾਅਦ ਦੀ ਹੀ ਤਿਆਰੀ ਕਰ ਲੈਂਦੇ ਆਂ ਨਾਲੇ ਜ਼ਮੀਨ ਬਗੈਰਾ ਦਾ ਕੰਮ ਨਬੇੜ ਆਂਮਾਂਗੇ ਦੀਪਾ ਵੀ ਪੈਨਸਲਵੇਨੀਆ ਦਾ ਗੇੜਾ ਲੌਣ ਗਿਆ ਏ, ਉਹ ਵੀ ਕੱਲ ਨੂੰ ਮੁੜ ਆਊਸਰੂਪ ਸਿੰਘ ਨੂੰ ਪਤਾ ਨਹੀਂ ਕਿਉਂ ਲੱਗਿਆ ਕਿ ਘਰ ਵਿੱਚ ਦਰਸ਼ਣ ਸਿੰਘ ਦੀ ਅੰਤਿਮ ਅਰਦਾਸ ਦੀ ਨਹੀਂ ਸਗੋਂ ਕਿਸੇ ਵਿਆਹ ਸ਼ਾਦੀ ਦੀ ਤਿਆਰੀ ਹੋ ਰਹੀ ਹੋਵੇ

----

ਏਨੇ ਨੂੰ ਘਰ ਵਿੱਚ ਦੋ ਕੁ ਹੋਰ ਰਿਸ਼ਤੇਦਾਰ ਅਫ਼ਸੋਸ ਕਰਨ ਆ ਗਏ ਮੁੜ-ਮੁੜ ਉਹ ਹੀ ਗੱਲ, ਕਿਵੇਂ ਹੋਇਆ ਤੇ ਕੀਕਣ ਹੋਇਆਫੇਰ ਉਹ ਹੀ ਦਿਲਾਸੇ ਕਿ ਅਜੇ ਤਾਂ ਚੰਗਾ ਭਲਾ ਸੀ ਚੱਲ ਭਾਣਾ ਮੰਨੋ ।ਕੋਈ ਕਹਿੰਦਾ ਕੰਮ ਬਹੁਤ ਕਰਦਾ ਸੀ।ਕੋਈ ਕਹਿੰਦਾ ਹਰਟ ਅਟੈਕ ਹੋ ਗਿਆ ਹੋਣੈ ਏਥੇ ਸੋਚਾਂ ਕਿਹੜਾ ਥੋੜੀਆਂ ਨੇ ਬੰਦਾ ਹਰ ਸਮੇ ਪਰੇਸ਼ਾਨ ਰਹਿੰਦੈ ।ਮੁੜ-ਘਿੜ ਕੇ ਗੱਲ ਕੰਮਾਂ ਤੇ ਜਾਂ ਘਰਾਂ ਤੇ ਆ ਜਾਂਦੀ ਕੋਈ ਲੇਅ-ਆਫ ਦੀਆਂ ਗੱਲਾਂ ਲੈ ਕੇ ਬਹਿ ਗਿਆ ਤੇ ਕੋਈ ਆਪਣੇ ਘਰ ਦੀਆਂਊਟ ਪਟਾਂਗ ਗੱਲਾਂ ਤੇ ਨਿਰਾ ਬਕਵਾਸ ਮਰਨ ਵਾਲਾ ਮਰ ਗਿਆ ਕਿਸੇ ਨੂੰ ਕੀ? ਲੋਕ ਨਾਂ ਨਾਂ ਕਰਦੇ ਕੋਕ ਤੇ ਚਾਹ ਪਾਣੀ ਪੀ ਕੇ ਆਪਣਾ ਫ਼ਰਜ਼ ਪੂਰਾ ਕਰਕੇ ਤੁਰ ਜਾਂਦੇ ਸਰੂਪ ਸਿੰਘ ਦੇ ਮੂੰਹੋਂ ਤਾਂ ਪਾਣੀ ਦੀ ਘੁੱਟ ਵੀ ਨਹੀਂ ਸੀ ਲੰਘ ਰਹੀ ਨਿੱਘੇ ਦੋਸਤ ਦਾ ਅਚਾਨਕ ਵਿਛੜ ਜਾਣਾ ਉਸ ਨੂੰ ਛਲਣੀ ਕਰ ਗਿਆ ਸੀ ਮਨ ਦਾ ਗ਼ਮ ਹਲਕਾ ਕਰਨ ਲਈ ਆਇਆ ਉਹ ਮਨ ਤੇ ਹੋਰ ਬੋਝ ਚੜ੍ਹਾ ਬੈਠਾ ਲੋਕ ਅਜੇ ਵੀ ਆ ਜਾ ਰਹੇ ਸਨ ਸਰੂਪ ਸਿੰਘ ਟੇਪ ਵਾਂਗੂੰ ਉਹ ਹੀ ਗੱਲਾਂ ਦੁਹਰਾ ਦੁਹਰਾ ਕੇ ਥੱਕ ਗਿਆ ਤੇ ਡਾਲਰਾਂ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਿਆ

ਗੱਲਾਂ ਕਰਦੇ ਦਾ ਉਸਦਾ ਮੂੰਹ ਸੁੱਕ ਗਿਆਜੀਤਾ ਵੀ ਜਿਆਦਾ ਦੇਰ ਬੈਠ ਨਾ ਸਕਿਆ ਉਹ ਉਬਾਸੀਆਂ ਲੈਂਦਾ ਕੰਨ ਭੰਨਦਾ ਅੱਖ ਬਚਾ,ਕਿਚਨ ਚੋਂ ਕੁੱਝ ਗਲਾਸ ਵਿੱਚ ਪਾ ਕੇ ਬੈੱਡ ਰੂਮ ਵਿੱਚ ਜਾ ਵੜਿਆ ਸੀ ਬਾਹਰੋਂ ਖੇਡ ਕੇ ਆਏ ਦੋਨੋ ਬੱਚੇ ਕੰਪਿਊਟਰ ਨੂੰ ਚਿੰਬੜ ਗਏ ਸਨ ਬਚਿੰਤ ਕੌਰ ਨੇ ਉਨ੍ਹਾਂ ਨੂੰ ਕਈ ਹਾਕਾਂ ਮਾਰੀਆਂ ਪਰ ਉਹ ਅਣਸੁਣੀਆਂ ਕਰਕੇ ਚਬਰ ਚਬਰ ਅੰਗਰੇਜ਼ੀ ਬੋਲਦੇ ਰਹੇ ਉਨ੍ਹਾਂ ਨੇ ਤਾਂ ਸਰੂਪ ਸਿੰਘ ਨੂੰ ਵੀ ਸਤਿ ਸ੍ਰੀ ਅਕਾਲ ਨਹੀਂ ਸੀ ਕਹੀ ਉਨਾਂ ਭਾਣੇ ਕੌਣ ਦਾਦਾ ਤੇ ਕੌਣ ਦਾਦੇ ਦਾ ਦੋਸਤ ਇਹ ਗੱਲ ਉਨ੍ਹਾਂ ਨੂੰ ਸਮਝਾਉਣ ਦਾ ਕਿਸੇ ਕੋਲ ਸਮਾਂ ਹੀ ਕੋਈ ਨਹੀਂ ਸੀ

----

ਇੱਕ ਦੋ ਵਾਰ ਪਹਿਲਾਂ ਵੀ ਬਚਿੰਤ ਕੌਰ ਨੇ ਕਿਹਾ ਸੀ ਕਿ ਬੇਟੇ ਸਾਸਰੀ ਕਾਲ ਕਹੋ ਪਰ ਬੱਚਿਆਂ ਨੇ ਚੁੱਪ ਵੱਟੀ ਰੱਖੀ ਸੀਜਿਵੇਂ ਪਤਾ ਹੀ ਨਹੀਂ ਕਿਸ ਨੂੰ ਕਿਹਾ ਜਾ ਰਿਹਾ ਸੀਕਦੀ ਕਦੀ ਦਰਸਣ ਵੀ ਸੋਚਦਾ ਹੁੰਦਾ ਸੀ, ਜਿਵੇਂ ਡਾਲਰਾਂ ਦੇ ਮ੍ਰਿਗ ਪਿੱਛੇ ਦੌੜਦੀ ਉਸ ਦੀ ਉਲਾਦ ਸੱਭਿਆਚਾਰ ਦੀਆਂ ਸਾਰੀਆਂ ਲਸ਼ਮਣ ਰੇਖਾਵਾਂ ਪਾਰ ਕਰਦੀ ਜਾ ਰਹੀ ਹੋਵੇਕਦੀ ਕਦੀ ਉਹ ਸਰੂਪ ਸਿੰਘ ਨੂੰ ਕਹਿੰਦਾ ਵੀ ਮੈਨੂੰ ਲੱਗਦੈ ਕਿ ਆਪਣੀ ਉਲਾਦ ਨੇ ਕਿਸੇ ਦਿਨ ਅੰਨੇ ਵਾਹ ਦੌੜਦਿਆਂ ਬੀਆਵਾਨ ਜੰਗਲਾਂ ਵਿੱਚ ਗੁਆਚ ਜਾਣਾ ਹੈ।ਫੇਰ ਸਰੂਪ ਸਿੰਘ ਆਪ ਹੀ ਸੋਚਣ ਲੱਗਿਆ ਇਹ ਵੀ ਵਿਚਾਰੇ ਕੀ ਕਰਨ, ਜੇਹੋ ਜਿਹਾ ਮਾਹੌਲ ਉਹੋ ਜਿਹੇ ਹੀ ਹੋਣਾ ਹੈਨਾਲੇ ਸਾਡੇ ਲੋਕਾਂ ਨੂੰ ਤਾਂ ਕੰਮਾਂ ਤੋਂ ਹੀ ਵਿਹਲ ਨਹੀਂ ਮਿਲਦੀ ਬੱਚਿਆਂ ਲਈ ਉਨ੍ਹਾਂ ਕੋਲ ਸਮਾਂ ਹੀ ਕਿੱਥੇ ਹੈ।

-----

ਸਰੂਪ ਸਿੰਘ ਦੇ ਅਪਣੇ ਘਰ ਵਿੱਚ ਵੀ ਇਹ ਹੀ ਹਾਲਤ ਸੀਪੱਚੀ ਤੀਹ ਵਰੇ ਪਰਿਵਾਰ ਨੂੰ ਸੈੱਟ ਕਰਨ ਲਈ ਉਸ ਨੇ ਵੀ ਬੜਾ ਧੰਦ ਪਿੱਟਿਆ ਸੀਘਰ ਦੀ ਹੀ ਨਹੀਂ ਪੂਰੇ ਕਨੇਡਾ ਦੀ ਤਰੱਕੀ ਵਿੱਚ ਉਸਦਾ ਹਿੱਸਾ ਸੀਸਾਰੀ ਜਵਾਨੀ ਤਾਂ ਫੈਕਟਰੀਆਂ ਵਿੱਚ ਝੋਕ ਦਿੱਤੀ ਸੀਫੇਰ ਸਾਰੇ ਪਰਿਵਾਰ ਨੂੰ ਕਨੇਡਾ ਵਿੱਚ ਸੈੱਟ ਕੀਤਾਜਦੋਂ ਸੈੱਟ ਹੋ ਗਏ ਤਾਂ ਸਰੂਪ ਸਿੰਘ ਅਪਸੈੱਟ ਰਹਿਣ ਲੱਗਿਆਜਿਵੇਂ ਘਰ ਵਿੱਚ ਉਹ ਇੱਕ ਵਾਧੂ ਸਮਾਨ ਬਣ ਗਿਆ ਹੋਵੇਪੁੱਤਾਂ ਪੋਤਰਿਆਂ ਨੂੰ ਆਪੋ ਆਪਣੇ ਕਮਰੇ ਚਾਹੀਦੇ ਸਨ ਤੇ ਸਰੂਪ ਸਿੰਘ ਦੀ ਮੈਟਰਸ ਬੈੱਡ ਰੂਮ ਚੋਂ ਲਿਵਿੰਗ ਰੂਮ ਵਿੱਚ ਆ ਗਈ ਸੀਪੁੱਤਰਾਂ ਨੂੰ ਕੰਮ ਤੋ ਹੀ ਵਿਹਲ ਨਹੀਂ ਸੀ ਮਿਲਦੀਉਸ ਨਾਲ ਗੱਲ ਬਾਤ ਕਰਨ ਦਾ ਕਿਸੇ ਕੋਲ ਸਮਾਂ ਹੀ ਨਹੀਂ ਸੀਜੋ ਕੁੱਝ ਬੱਚੇ ਕਰਦੇ ਸਨ ਉਹ ਉਸ ਦੀ ਸਮਝ ਤੋਂ ਬਾਹਰਾ ਸੀਉਹ ਸਾਰਾ ਸਾਰਾ ਦਿਨ ਟੀਵੀ ਤੇ ਕਾਰਟੂਨ ਫਿਲਮਾਂ ਦੇਖਦੇ ਰਹਿੰਦੇ ਸਰੂਪ ਸਿੰਘ ਖਬਰਾਂ ਦੇਖਣ ਨੂੰ ਵੀ ਤਰਸ ਜਾਂਦਾਜਿਉਂ ਜਿਉਂ ਪੋਤੇ ਪੋਤੀਆਂ ਵੱਡੇ ਹੁੰਦੇ ਜਾ ਰਹੇ ਸਨ ਉਨ੍ਹਾਂ ਵਿੱਚੋਂ ਪਿਆਰ ਤੇ ਨਿੱਘ ਘਟਦਾ ਜਾ ਰਿਹਾ ਸੀਸਰੂਪ ਸਿੰਘ ਜਾਣਦਾ ਸੀ ਕਿ ਅੱਗੋ ਕਿਹੜੀ ਸਟੇਜ ਆਉਣ ਵਾਲੀ ਹੈ ਲਿਵਿੰਗ ਰੂਮ ਤੋਂ ਬਾਅਦ ਉਹ ਸਾਹਮਣਾ ਬੂਹਾ,ਤੇ ਫੇਰ ਇੱਕ ਦਿਨ ਫਿਊਨਰਲ ਹੋਮਬੱਸ ਇਹ ਛੋਟੀ ਜਿਹੀ ਜ਼ਿੰਦਗੀ ਭੋਗ ਕੇ ਉਹ ਕਨੇਡਾ ਦੀ ਧਰਤੀ ਵਿੱਚ ਹੀ ਸਮਾ ਜਾਵੇਗਾਕਦੀ ਕਦੀ ਉਹ ਬਹੁਤ ਉਦਾਸ ਹੋ ਜਾਂਦਾ

----

ਉਸ ਨੂੰ ਤਾਂ ਪੰਜਾਬ ਗਇਆਂ ਵੀ ਪੰਦਰਾਂ ਵੀਹ ਸਾਲ ਹੋ ਚੁੱਕੇ ਸਨਜਦੋਂ ਤੋਂ ਮੁੰਡਿਆਂ ਦੇ ਵਿਆਹ ਹੋ ਗਏ ਉਹ ਗਿਆ ਹੀ ਨਹੀਂ ਸੀਉਧਰ ਹੈ ਵੀ ਕੋਈ ਨਹੀਂ, ਸੀ ਜਾਣਾ ਵੀ ਕੀਹਦੇ ਕੋਲ ਸੀ?ਪਰ ਪਿੰਡ ਦਾ ਤੇ ਖੇਤਾਂ ਦਾ, ਜਾਂ ਪੁਰਾਣੇ ਸਾਥੀਆਂ ਦਾ ਮੋਹ ਤਾਂ ਆਉਂਦਾ ਹੀ ਸੀਇੱਕ ਦੋ ਵਾਰ ਜਾਣ ਦੀ ਉਸ ਨੇ ਜ਼ਿੱਦ ਵੀ ਕੀਤੀ ਸੀ ਪਰ ਸਾਰੇ ਉਸਦੇ ਮਗਰ ਪੈ ਗਏ ਕਿ ਬੱਚਿਆਂ ਨੂੰ ਸਕੂਲ ਕੌਣ ਛੱਡ ਕੇ ਆਊ? ਤੇਰੀ ਉਥੇ ਰੋਟੀ ਕੌਣ ਲਾਹੂ? ਜਾਂ ਟਿਕਟ ਬੜੀ ਮਹਿੰਗੀ ਹੈਹਰ ਵਾਰ ਹੀ ਕੋਈ ਰੁਕਾਵਟ ਪੈ ਜਾਂਦੀਏਹੋ ਹਾਲ ਹੀ ਦਰਸ਼ਣ ਦਾ ਵੀ ਸੀਕਦੀ ਕਦੀ ਉਹ ਮਨ ਜਿਹਾ ਭਰ ਕੇ ਆਖਦਾ ਯਾਰ ਸਰੂਪ ਸਿਆਂ ਹੁਣ ਆਪਣੇ ਪਿੰਡ ਦੇ ਲੋਕ ਅਤੇ ਖੇਤਾਂ ਬੰਨੇ ਵੀ ਭੁੱਲਣ ਲੱਗ ਪਏ ਨੇਮੈਂ ਸੋਚਦਾ ਸੀ ਕਿ ਕਮਾਈ ਕਰਕੇ ਪਿੰਡ ਮੁੜ ਜਾਂਮਾਂਗਾਉੱਥੇ ਜਾ ਕੇ ਜ਼ਮੀਨ ਖਰੀਦਾਂਗਾ, ਕੋਠੀ ਪਾਵਾਂਗਾ ਜਿਸ ਵਿੱਚ ਸਾਰੇ ਬਰਤਨ ਹੀ ਚਾਂਦੀ ਦੇ ਹੋਣਗੇਬੇਬੇ ਤਾਂ ਇੱਕ ਗੜਬੀ ਦੀ ਗੱਲ ਕਰਦੀ ਸੀ...ਪਰ ਯਾਰ ਇਹ ਕਨੇਡਾ ਦਾ ਕੰਬਲ ਆਪਣੀ ਬੁੱਕਲ ਚੋਂ ਨਿਕਲਣ ਦੇਵੇ ਤਾਂ ਹੀ ਹੈ ਨਾਂ।ਤੇ ਫੇਰ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਉਹ ਆਖਦਾ ਹੁਣ ਤਾਂ ਲੱਗਦਾ ਹੈ ਆਪ ਹੀ ਗੜਬੀ ਵਿੱਚ ਪੈ ਕੇ ਜਾਂਵਾਂਗੇਅਸਥੀਆਂ ਹੀ ਜਾਣਗੀਆਂ।

----

ਲੈ ਉਹ ਸਮਾਂ ਵੀ ਆ ਗਿਆ ਸੱਜਣਾ, ਸਰੂਪ ਸਿੰਘ ਆਪਣੇ ਮਿੱਤਰ ਨੂੰ ਮਨ ਹੀ ਮਨ ਮੁਖਾਤਿਬ ਹੋਇਆਬੱਸ ਤੂੰ ਹੁਣ ਹਮੇਸ਼ਾਂ ਲਈ ਇਸ ਮੁਲਕ ਵਿੱਚੋਂ ਵਿਦਾ ਹੋ ਜਾਵੇਗਾ ਆਪਣੇ ਵਤਨ ਲਈਜਿਸ ਦੀ ਮਿੱਟੀ ਤੈਨੂੰ ਉਡੀਕਦੀ ਏ,ਜਿੱਥੇ ਪਰਤਣ ਲਈ ਤੂੰ ਝੂਰਦਾ ਰਹਿੰਦਾ ਸੀਉਸਦੀਆਂ ਅੱਖਾਂ ਵਿੱਚੋਂ ਅੱਥਰੂ ਆਪ ਮੁਹਾਰੇ ਛਲਕ ਗਏਉਸ ਨੇ ਅਫਸੋਸ ਲਈ ਆਏ ਬੰਦਿਆਂ ਨਾਲ ਗੱਲ ਸ਼ੁਰੂ ਕੀਤੀ, “ਇਸ ਮੁਲਕ ਵਿੱਚ ਬੰਦਾ ਕਮਾਉਣ ਆਉਂਦਾ ਏ ਕਿ ਇੱਕ ਦਿਨ ਬੜਾ ਕੁੱਛ ਲੈ ਕੇ ਦੇਸ਼ ਨੂੰ ਮੁੜ ਜਾਵੇਗਾ, ਪਰ ਉਹ ਇੱਕ ਦਿਨ ਜੋ ਦੇਸ਼ੋਂ ਲਿਆਂਦਾ ਸੀ ਉਸ ਨੂੰ ਵੀ ਛੱਡ ਜਾਂਦਾ ਏ,ਹੋਰ ਤਾਂ ਹੋਰ ਆਪਣਾ ਸ਼ਰੀਰ ਵੀਬੱਸ ਦਰਸ਼ਣ ਵੀ ਵਿਚਾਰਾ ਛੱਡ ਕੇ ਤੁਰ ਗਿਆ....ਕਿੰਨੇ ਹੀ ਮਨ ਦੇ ਚਾਅ, ਉਲਾਦ ਧਨ ਦੌਲਤ ਤੇ ਕਮਾਈਆਂਕਿਰਸਾਂ ਕਰਦਾ ਬੰਦਾ ਆਪਣੀ ਸਾਰੀ ਉਮਰ ਲੰਘਾ ਦਿੰਦਾ ਏਪਤਾ ਨਹੀਂ ਕਦੋਂ ਕੁਦਰਤ ਵਾਲੇ ਵਲੋਂ ਅਚਿੰਤੇ ਬਾਜ ਪੈ ਜਾਣਅਜੇ ਕਿਹਾ ਕਰਦਾ ਸੀ ਕਿ ਅਗਲੇ ਸਾਲ ਆਪਾਂ ਪੈਂਹਟਾਂ ਸਾਲਾਂ ਦੇ ਹੋ ਜਾਣੈ ਏਫੇਰ ਜਦੋਂ ਪੈਨਸ਼ਨ ਲੱਗ ਜਾਵੇਗੀ ਤਾਂ ਆਪਣੀ ਮਰਜੀ ਨਾਲ ਕਦੀ ਏਧਰ ਤੇ ਕਦੀ ਇੰਡੀਆ ਵਿੱਚ ਰਿਹਾ ਕਰਾਂਗੇਕੀ ਪਤਾ ਸੀ ਕਿ ਉਹ ਵੀ ਨਸੀਬ ਨਹੀਂ ਹੋਣੀ?ਐਵੇ ਬੰਦਾ ਧੰਦ ਪਿੱਟਦਾ ਰਹਿੰਦਾ ਏ ਟੈਕਸ ਕਟਾਉਂਦਾ,ਬੱਚਤਾਂ ਕਰਦਾ ਉੱਪਰ ਵਾਲਾ ਕਈ ਵਾਰ ਮੌਕਾ ਹੀ ਨਹੀਂ ਦਿੰਦਾ,ਉਸ ਨੇ ਪ੍ਰਮਾਤਮਾ ਦੇ ਭਾਣੇ ਨੂੰ ਮੰਨਿਆ

----

ਬਾਹਰੋਂ ਬੂਹਾ ਖੁੱਲ੍ਹਿਆ ਤਾਂ ਜੀਤਾ ਤੇ ਉਸਦੀ ਪਤਨੀ ਕਿਰਨ ਫੇਰ ਬਹੁਤ ਸਾਰੇ ਲਫਾਫੇ ਫੜੀ ਅੰਦਰ ਦਾਖਲ ਹੋਏਸਰੂਪ ਸਿੰਘ ਦੇਖ ਕੇ ਹੈਰਾਨ ਰਹਿ ਗਿਆ ਕਿ ਜੀਤਾ ਤਾਂ ਬੈੱਡਰੂਮਾਂ ਵਲ ਗਿਆ ਸੀ ਤੇ ਕਿਰਨ ਵੀ ਅਜੇ ਥੋੜਾ ਚਿਰ ਪਹਿਲਾਂ ਆਈ ਆਇਹ ਕਦੋਂ ਬਾਹਰ ਚਲੇ ਗਏ? ਹੁਣ ਉਨ੍ਹਾਂ ਨਾਲ ਦੀਪਾ ਵੀ ਸੀ ਜੋ ਕਿਰਨ ਦੀ ਮਾਸੀ ਦੀ ਕੁੜੀ ਨੂੰ ਮੰਗਿਆ ਹੋਇਆ ਸੀਉਸ ਦੀ ਮੰਗੇਤਰ ਅਜੇ ਪੰਜਾਬ ਵਿੱਚ ਹੀ ਸੀਉਹ ਸਰੂਪ ਸਿੰਘ ਨੂੰ ਦੇਖਣ ਸਾਰ ਬੋਲੇ ਅੰਕਲ ਅਜੇ ਏਥੇ ਹੀ ਏ, ਸੌਰੀ ਅੰਕਲ ਆਹ ਵਾਲ ਮਾਰਟ ਸਟੋਰ ਤੱਕ ਗਏ ਸੀ ਕੁੱਝ ਚੀਜ਼ਾਂ ਲੈਣੀਆਂ ਸਨਸਵੇਰੇ ਫੇਰ ਬੱਫਲੋ ਦਾ ਗੇੜਾ ਲਾਉਣ ਜਾਣੈਨਾਲੇ ਹੁਣ ਦਿਨ ਕਿਹੜੇ ਰਹਿ ਗਏ, ਇੱਕ ਤਾਂ ਦਿਨ ਐਉਹ ਸੋਫੇ ਤੇ ਬੈਗ ਰੱਖਦਾ ਉੱਠਣ ਉੱਠਣ ਕਰਦੇ ਦੋ ਬੰਦਿਆਂ ਨਾਲ ਹੱਥ ਮਿਲਾਉਂਦਾ ਬੋਲਿਆਹੱਥ ਮਿਲਾਉਣ ਸਾਰ ਸਵੇਰੇ ਕੰਮ ਤੇ ਜਾਣਾ ਹੈ ਕਹਿੰਦੇ ਉਹ ਤਾਂ ਅਫ਼ਸੋਸ ਦਾ ਕੰਮ ਨਿਬੇੜ ਕੇ ਨਿੱਕਲ ਤੁਰੇਸਰੂਪ ਸਿੰਘ ਨੇ ਦੇਖਿਆ ਕਿ ਬਾਹਰ ਕਾਫੀ ਹਨੇਰਾ ਫੈਲ ਚੁੱਕਾ ਸੀਉਸ ਨੇ ਕਿਹਾ, “ਹੁਣ ਮੈਂ ਵੀ ਚੱਲਦਾ ਹਾਂ,ਤਾਂ ਜੀਤਾ ਬੋਲਿਆ , “ਚਲੇ ਜਾਈਂ ਅੰਕਲ ਤੂੰ ਕਿਹੜਾ ਸਵੇਰੇ ਕੰਮ ਤੇ ਜਾਣੈਦੀਪਾ ਫੇਰ ਬੋਲਿਆ ਅੰਕਲ ਅਜੇ ਫਾਰਮਾਂ ਦਾ ਕੰਮ ਨਹੀਂ ਖੁੱਲਿਆ?ਪਰ ਸਰੂਪ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਉਹ ਤਾਂ ਬੇਹੱਦ ਉਦਾਸ ਸੀ

----

ਜੀਤੇ ਨੇ ਸੋਫੋ ਤੇ ਬੈਠਦਿਆਂ ਗੱਲ ਸ਼ੁਰੂ ਕੀਤੀ, “ਅੰਕਲ ਫੇਰ ਇੰਡੀਆ ਜਾਣ ਦੀ ਸਾਡੀ ਸਲਾਹ ਪੱਕੀ ਹੋ ਗਈ ਆਟਰੈਵਲ ਏਜੰਟ ਕੋਲ ਵੀ ਜਾ ਆਏ ਹਾਂ, ਚੌਦਾਂ ਸੌ ਪਝੰਤਰ ਡਾਲਰ ਦੀ ਟਿਕਟ ਹੈਰੇਟ ਬੜਾ ਰੀਜ਼ਨੇਬਲ ਐਮੈਂ ਤਾਂ ਦੀਪੇ ਨੂੰ ਵੀ ਕਿਹਾ ਹੈ ਕਿ ਤਿਆਰੀ ਖਿੱਚ ਲੈ ਹੁਣ ਜਦ ਜਾਣਾ ਤਾਂ ਹੈ ਹੀ ਤੇਰੇ ਵਿਆਹ ਦਾ ਕੰਮ ਵੀ ਨਿਬੇੜ ਆਮਾਂਗੇਨਾਲੇ ਇਕੱਠੇ ਹੋਕੇ ਪਿੰਡ ਡੈਡੀ ਦਾ ਪਾਠ ਕਰਾ ਆਮਾਂਗੇ।ਚੱਲਦੀ ਗੱਲ ਵਿੱਚ ਕਿਰਨ ਵੀ ਸ਼ਾਮਲ ਹੋ ਗਈ ਮੇਰੇ ਮਾਸੀ ਮਾਸੜ ਤਾਂ ਕਦੋਂ ਦੇ ਉਡੀਕਦੇ ਨੇ... ਨਾਲੇ ਸੋਨੀਆ ਵੀ ਹੁਣ ਤਾਂ ਪੇਪਰ ਦੇ ਕੇ ਘਰ ਹੀ ਹੈਏਥੇ ਹਰ ਰੋਜ਼ ਤਾਂ ਕੰਮਾਂ ਤੋਂ ਜਾਇਆ ਵੀ ਨਹੀਂ ਜਾਂਦਾ। ਕਿਰਨ ਦੀਆਂ ਗੱਲਾਂ ਸੁਣ ਕਿ ਬਚਿੰਤ ਕੌਰ ਦੀਆਂ ਅੱਖਾਂ ਵਿੱਚ ਵੀ ਪ੍ਰਸ਼ਨ ਲਟਕ ਆਇਆ ਕਿ ਮੇਰੀ ਵਾਰੀ ਤਾਂ ਕਿਸੇ ਨੇ ਵੀ ਹਾਮੀ ਨਹੀਂ ਸੀ ਭਰੀਡੈਡੀ ਇਨ੍ਹਾਂ ਦੇ ਜਾਣ ਨੂੰ ਤਰਸ ਗਏ ਤਾਂ ਵੀ ਕਿਸੇ ਨੇ ਉੱਤਾ ਨਾ ਚੱਕਿਆ ਹੁਣ ਬੜਾ ਦਿਲ ਕੱਢਿਆ ਏਪਰ ਉਹ ਨੂੰਹ ਸਾਹਵੇਂ ਬੋਲ ਨਾ ਸਕੀਜੀਤੇ ਨੇ ਹੀ ਗੱਲ ਮੋੜੀ ਕਿਰਨ ਨੇ ਵੀ ਕੰਮ ਵਾਲਿਆਂ ਨੂੰ ਅੱਜ ਪੁੱਛਿਆ ਸੀ, ਉਹ ਕਹਿੰਦੇ ਤਿੰਨ ਵੀਕ ਚਲੀ ਜਾਦੋ ਤਿੰਨ ਹਫਤੇ ਘਰ ਤਾਂ ਬੀਬੀ ਸਾਂਭ ਲਊਬਾਅਦ ਦੇ ਵਿੱਚ ਮੇਰੇ ਸਹੁਰੇ ਵੀ ਗੇੜਾ ਰੱਖਣਗੇ।ਬਚਿੰਤ ਕੌਰ ਦੀ ਛੋਟੇ ਪੁੱਤ ਤੋਂ ਪਾਣੀ ਵਾਰ ਕੇ ਪੀਣ ਦੀ ਇੱਛਾ ਦਾ ਜਿਵੇਂ ਜੀਤੇ ਨੇ ਗਲ਼ਾ ਹੀ ਘੁੱਟ ਦਿੱਤਾ ਹੋਵੇਉਹ ਖੜ੍ਹੀ ਹੀ ਸੁੰਨ ਹੋ ਗਈਤਾਂ ਕੀ ਮੈਂ ਦਾਲ ਰੋਟੀ ਬਣਾਉਣ ਵਾਲੀ ਤੇ ਜੁਆਕ ਖਿਡਾਉਣ ਵਾਲੀ ਹੀ ਰਹਿ ਗਈ, ਐਨੇ ਨਿਰਮੋਹੇ ਹੋ ਗਏ।ਉਸ ਦਾ ਮਨ ਹੋਰ ਵੀ ਵਲੂੰਧਰਿਆ ਗਿਆ ਜਦੋਂ ਦੀਪੇ ਨੇ ਕਿਹਾ ਭਾਬੀ ਤਾਂ ਵਿਚੋਲਣ ਹੈ ਜਾਣਾ ਹੀ ਪੈਣਾ ਏ, ਹੋਊ ਤਾਂ ਔਖਾ ਈ। ਬਚਿੰਤ ਕੌਰ ਨੇ ਰੋਣ ਹਾਕੀ ਹੋ ਕੇ ਸੋਚਿਆ, ‘ਜਾ ਤੇਰੇ ਤੋ ਵੀ ਮਾਣ ਟੁੱਟ ਗਿਆ ਭੱਜ ਜਾ ਤੂੰ ਵੀਦੇਖੀ ਕਿਤੇ ਤੇਰਾ ਵਿਆਹ ਨਾਂ ਰਹਿ ਜਾਵੇ,ਆਪਣੀ ਭੈਣ ਕੱਢਣ ਦੀ ਮਾਰੀ ਤਾਂ ਤੈਨੂੰ ਹੱਥ ਵਿੱਚ ਲਈ ਫਿਰਦੀ ਏਥੋਡੀ ਖਾਤਰ ਤਾਂ ਮੈਂ ਕਦੀ ਥੋਡੇ ਡੈਡੀ ਨੂੰ ਵੀ ਚੱਜ ਨਾਲ ਨਹੀਂ ਸੀ ਬੁਲਾਇਆ।ਉਹ ਸੋਚਦੀ ਅੱਖਾਂ ਵੀ ਪੂੰਝ ਰਹੀ ਸੀਅੱਜ ਉਸ ਨੂੰ ਆਪਣੇ ਘਰ ਵਾਲੇ ਦਰਸ਼ਣ ਦੀ ਬਹੁਤ ਯਾਦ ਆਈਉਹ ਇਕੱਲੀ ਰਹਿ ਗਈ ਸੀ

----

ਮਾਹੌਲ ਦੀ ਗੰਭੀਰਤਾ ਤੋੜਨ ਲਈ ਜੀਤੇ ਨੇ ਗੱਲ ਬਦਲੀਅਜੇ ਜੁਆਕਾਂ ਦਾ ਕੁੱਝ ਸੋਚਣਾ ਏ,ਚਲੋਂ ਉਧਰ ਛੱਡ ਜਾਂਵਾਂਗੇ...ਭੋਗ ਦੇ ਫੋਨ ਤਕਰੀਬਨ ਸਾਰਿਆਂ ਨੂੰ ਕਰ ਦਿੱਤੇ ਨੇਕਈ ਅਖਬਾਰਾਂ ਵਿੱਚ ਵੀ ਆ ਗਿਆ ਏਕੁੱਝ ਰੇਡੀਉ ਪ੍ਰੋਗਰਾਮਾਂ ਵਾਲੇ ਵੀ ਕਹਿ ਦੇਣਗੇਬੰਨੇ ਚੰਨੇ ਦੇ ਲੋਕਾਂ ਨੂੰ ਪਤਾ ਲੱਗ ਜਾਉ...ਇਕੱਠ ਤਾਂ ਵਾਹਵਾ ਹੋ ਜਾਣਾ ਐਤੁਸੀਂ ਹੀ ਸਾਰਾ ਕੁੱਝ ਦੇਖਣਾ ਹੈਤੁਸੀਂ ਹੀ ਡੈਡੀ ਦੇ ਸਭ ਤੋਂ ਨੇੜੇ ਸੀ।

----

ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਉਸ ਨੇ ਫੇਰ ਗੱਲ ਤੋਰੀ, “ਸੱਚ ਤੁਸੀਂ ਪੁਰਾਣੇ ਬੰਦੇ ਹੋਂ ਇੱਕ ਗੱਲ ਥੋਨੂੰ ਹੋਰ ਪੁੱਛ ਲਈਏ ਕਿ ਜਦੋਂ ਆਪਾਂ ਡੈਡੀ ਦੇ ਫੁੱਲ ਲੈ ਕੇ ਜਾਣੇ ਨੇ ਕਾਹਦੇ ਵਿੱਚ ਪਾ ਕੇ ਲਿਜਾਈਏ? ਪਿੰਡ ਜਾ ਕੇ ਕੀ ਕਰੀਦੈ? ਜੇ ਕੋਈ ਲੈਣ ਦੇਣ ਹੁੰਦਾ ਐ ਤਾਂ ਉਹ ਵੀ ਦੱਸ ਦਿਉਕੀਰਤਪੁਰ ਜਾਣ ਤੋਂ ਬਾਅਦ ਪਿੰਡ ਪਾਠ ਕਰਵਾ ਕੇ ਪਿੰਡ ਦੇ ਸਕੂਲ,ਨੌਜਵਾਨ ਸਭਾ ਤੇ ਗੁਰਦੇਵਾਰੇ ਨੂੰ ਪੈਸੇ ਦੇ ਆਮਾਂਗੇਡੈਡੀ ਦਾ ਨਾਂ ਹੋ ਜੂਉਸ ਤੋਂ ਬਾਅਦ ਜ਼ਮੀਨ ਦਾ ਕੁੱਝ ਕਰਨਾ ਹੈ ਤੇ ਫੇਰ ਵਿਆਹ...ਕੰਮ ਤਾਂ ਕਰਨ ਵਾਲੇ ਹੋਰ ਵੀ ਬਹੁਤ ਨੇਹੁਣ ਚੱਲੇ ਹਾਂ ਤਾਂ ਨਬੇੜ ਕੇ ਹੀ ਆਮਾਂਗੇ।ਜੀਤਾ ਬਲਿਆ

----

ਸਰੂਪ ਸਿੰਘ ਦੋ ਮਨੋਂ ਇੱਕ ਹੌਕਾ ਉੱਠਿਆਉਸ ਨੇ ਆਖਿਆ, “ਬੇਟਾ ਇੱਕ ਗੜਬੀ ਵਿੱਚ ਫੁੱਲ ਪਾ ਕੇ ਉੱਤੇ ਲਾਲ ਕੱਪੜਾ ਬੰਨ ਲਈਦਾ ਹੈ ਜਾਂ ਕੋਈ ਗੁਥਲੀ ਜਿਹੀ ਹੁੰਦੀ ਆਅੱਗੇ ਥੋਡੀ ਮਰਜੀ ਐ।ਤਾਂ ਦੀਪਾ ਬੋਲਿਆ ਗੜਬੀ ਤਾਂ ਆਪਣੇ ਇੰਡੀਅਨ ਸਟੋਰ ਤੋਂ ਵੀ ਮਿਲ ਜਾਊ ਪਰ ਜਿਊਲਰਾਂ ਤੋਂ ਜਾ ਕੇ ਚਾਂਦੀ ਦੀ ਗੜਬੀ ਹੀ ਬਣਵਾ ਲੈਂਦੇ ਆਂਡੈਡੀ ਨੇ ਬਥੇਰਾ ਕੰਮ ਕੀਤੈਨਾਲੇ ਉਹ ਚਾਂਦੀ ਦੀ ਗੜਬੀ ਦੀ ਗੱਲ ਹਮੇਸ਼ਾਂ ਕਰਦੇ ਤੀ।... ਗੱਲ ਤਾਂ ਤੇਰੀ ਠੀਕ ਹੈ,ਜੀਤੇ ਨੂੰ ਭਰਾ ਦੀ ਗੱਲ ਚੰਗੀ ਲੱਗੀ ਚੱਲ ਮੈਂ ਆਪਣੇ ਕਾਰਡ ਤੇ ਹੀ ਲੈ ਆਵਾਂਗਾਉਹ ਬੋਲਿਆ

----

ਸਰੂਪ ਸਿੰਘ ਦੇ ਚਿਹਰੇ ਤੇ ਉਦਾਸੀ ਦੀ ਇੱਕ ਹੋਰ ਪਰਤ ਚੜ ਗਈਉਸ ਲਈ ਬੈਠਣਾ ਔਖਾ ਹੋ ਗਿਆਉਹ ਜਾਣ ਲਈ ਉੱਠ ਖੜਾ ਹੋਇਆਤਾਂ ਜੀਤਾ ਕਹਿਣ ਲੱਗਿਆਂ, “ਅੰਕਲ ਰੋਟੀ ਖਾ ਕੇ ਜਾਇਉ ਬੱਸ ਤਿਆਰ ਹੈਉਸ ਨੇ ਆਪਣੀ ਬੀਬੀ ਨੂੰ ਵੀ ਕਿਹਾ ਕਿ ਰੋਟੀ ਤਿਆਰ ਹੋਈ ਕਿ ਨਹੀਂ ?ਬਚਿੰਤ ਕੌਰ ਨੇ ਅੱਖਾਂ ਪੂੰਝਦਿਆਂ ਨੂੰਹ ਦੇ ਕਮਰੇ ਵਲ ਨਿਗਾਹ ਮਾਰੀ ਤੇ ਫਟਾ ਫਟ ਰੋਟੀਆਂ ਥੱਪਣ ਲੱਗ ਪਈਬੱਚੇ ਅਜੇ ਵੀ ਚਬਰ ਚਬਰ ਬੋਲੀ ਜਾ ਰਹੇ ਸਨ ਜੋ ਬਚਿੰਤ ਕੌਰ ਦੀ ਸਮਝੌਂ ਬਾਹਰਾ ਸੀਸਰੂਪ ਸਿੰਘ ਦੇ ਮੂੰਹੋਂ ਬੁਰਕੀ ਕਿੱਥੇ ਲੰਘਣੀ ਸੀਉਹ ਫਤਹਿ ਬੁਲਾਉਂਦਾ ਕਾਹਲ਼ੀ ਨਾਲ ਬੂਹਾ ਲੰਘਦਾ ਕਾਲ਼ੀ ਰਾਤ ਦੇ ਹਨੇਰੇ ਵਿੱਚ ਗੁਆਚ ਗਿਆ

----***** ਸਮਾਪਤ*****----


No comments: