ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, February 9, 2009

ਸੁਖਿੰਦਰ - ਲੇਖ

ਖ਼ੂਬਸੂਰਤ ਗਮਲੇ ਵਿੱਚ ਲੱਗਿਆ ਜੜ੍ਹਹੀਣ ਰੁੱਖ - ਹਰਭਜਨ ਮਾਂਗਟ

ਰੁੱਖ ਵਰਗਾ ਹੈ ਮੇਰਾ ਮੈਂ

ਪੁੱਟ ਕੇ ਕਿਸੇ ਪੰਜਾਬ ਦੀ ਧਰਤੀ ਤੋਂ

ਲਿਆ ਗੱਡਿਆ...ਸਮੁੰਦਰੋਂ ਪਾਰ

ਪਰ ਜੜ੍ਹਾਂ ਤਾਂ ਰਹਿ ਗਈਆਂ ਓਥੇ

ਹਰਭਜਨ ਸਿੰਘ ਮਾਂਗਟ ਕੈਨੇਡੀਅਨ ਪੰਜਾਬੀ ਸ਼ਾਇਰ ਹੈ। ਉਸ ਨੂੰ ਜਾਪਦਾ ਹੈ ਕਿ ਉਹ ਭਾਵੇਂ ਰਹਿ ਤਾਂ ਕੈਨੇਡਾ ਵਿੱਚ ਰਿਹਾ ਹੈ ਪਰ ਉਸਦੀ ਰੂਹ ਅਜੇ ਵੀ ਇੰਡੀਆ ਵਿੱਚ ਹੀ ਭਟਕ ਰਹੀ ਹੈ। ਕਿਉਂਕਿ ਉਸ ਦੀਆਂ ਸਭਿਆਚਾਰਕ ਜੜ੍ਹਾਂ ਉੱਥੇ ਹੀ ਹਨ। ਕੈਨੇਡਾ ਦੀ ਧਰਤੀ ਉਸ ਲਈ ਪ੍ਰਦੇਸੀ ਧਰਤੀ ਹੈ। ਉਸ ਨੂੰ ਯਕੀਨ ਹੈ ਕਿ ਇਸ ਧਰਤੀ ਵਿੱਚ ਉਸ ਦੀਆਂ ਜੜ੍ਹਾਂ ਕਦੀ ਵੀ ਲੱਗ ਨਹੀਂ ਸਕਣਗੀਆਂ। ਉਹ ਮਹਿਸੂਸ ਕਰਦਾ ਹੈ ਕਿ ਕੈਨੇਡਾ ਦੀ ਧਰਤੀ ਉਸ ਲਈ ਇੱਕ ਖ਼ੂਬਸੂਰਤ ਗਮਲੇ ਵਾਂਗ ਹੈ ਅਤੇ ਉਹ ਆਪ ਇਸ ਖ਼ੂਬਸੂਰਤ ਗਮਲੇ ਵਿੱਚ ਲੱਗਿਆ ਇੱਕ ਜੜ੍ਹਹੀਣ ਰੁੱਖ ਹੈ:

ਉਹ ਹੋਰ ਹੁੰਦੇ ਨੇ ਜੋ ਗਮਲਿਆਂ ਵਿੱਚ ਉੱਗਦੇ ਨੇ

ਮੇਰਾ ਰੁੱਖ ਤਾਂ ਧਰਤੀ ਨਹੀਂ ਫੜਦਾ

ਮੈਂ ਰੁੱਖ, ਧੁੱਪ, ਠੰਢ ਤੇ ਮੀਂਹ ਵਿੱਚ ਵੀ

ਖੜ੍ਹਾ ਰਹਾਂ ਬਾਹਾਂ ਖਿਲਾਰੀ

ਕਦੇ ਨ ਸੁੱਕਾਂ ਜੇ ਜੜ੍ਹਹੀਨ ਨ ਕਰੇ ਕੋਈ

ਪਰ ਅਜਿਹਾ ਸੰਕਟ ਹਰਭਜਨ ਸਿੰਘ ਮਾਂਗਟ ਦੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਨਹੀਂ ਵਾਪਰਿਆ। ਅਜਿਹੀ ਹੀ ਕਿਸਮ ਦੇ ਇੱਕ ਸੰਕਟ ਦਾ ਸਾਹਮਣਾ ਉਹ ਇਸ ਤੋਂ ਪਹਿਲਾਂ ਵੀ ਕਰ ਚੁੱਕਾ ਹੈ। ਜਦੋਂ ਉਸਨੂੰ ਆਪਣੀ ਜ਼ਿੰਦਗੀ ਦੇ ਕੀਮਤੀ 28 ਵਰ੍ਹੇ ਫੌਜ ਦੀ ਨੌਕਰੀ ਵਿੱਚ ਬਿਤਾਉਣੇ ਪਏ ਸਨ। ਮਾਨਸਿਕ ਤੌਰ ਉੱਤੇ ਉਹ ਇੱਕ ਫੌਜੀ ਨਹੀਂ ਸੀ; ਪਰ ਜੀਵੀਕਾ ਕਮਾਉਣ ਖਾਤਰ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ:

1. ਮੈਂ ਸੈਨਾ ਦੇ ਹਰੇ ਜੰਗਲ ਵਿੱਚ ਇਕ ਰੁੱਖ ਵਾਂਗ ਜਾ ਉੱਗਿਆ

ਤੇ ਬਾਗ਼ੀਤੋਂ ਮਾਂਗਟ ਬਣ ਗਿਆ

ਹੁਕਮਾਂ ਬੱਧੀ ਜ਼ਿੰਦਗੀ ਨੇ ਅਣਚਾਹੀਆਂ ਲਗਰਾਂ ਛਾਂਗ ਸੁੱਟੀਆਂ

ਜ਼ਿੰਦਗੀ ਦੇ ਰੁੱਖ ਨਾਲੋਂ...

2.ਮੈਂ ਚੁੱਪ ਦੀ ਦਹਿਲੀਜ਼ ਤੇ ਖਲੋਤਾ ਖਲੋਤਾ ਥੱਕ ਗਿਆ ਸਾਂ

ਮੈਂ ਰਾਖੇ ਦੀ ਨਿਯਮਾਂ ਬੱਧੀ ਜ਼ਿੰਦਗੀਤੋਂ ਤੰਗ ਆ ਗਿਆ ਸਾਂ

ਮੈਂ ਤਾਂ ਮਹਿਕਦਾ ਇੱਛਕ ਸਾਂ

ਮੈਂ ਚੁੱਪਦਾ ਤਾਲਾ ਤੋੜ ਕੇ ਪਰ੍ਹਾਂ ਵਗਾਹ ਸੁੱਟਿਆ

ਮੈਂ ਚਿਰਾਗਾਂ”, ਰੋਸ਼ਨੀ ਦੇ ਦਰਵਾਜ਼ੇ ਤੇ ਜਾ ਦਸਤਕ ਦਿੱਤੀ

ਮੈਂ ਰਾਮਵਾਂਗ ਬਣਵਾਸ ਭੋਗ ਕੇ

ਆਪਣੀ ਅਯੁੱਧਿਆਪਰਤਿਆ !

ਮੇਰੀ ਜ਼ਿੰਦਗੀ ਦੁੱਖਾਂ ਦੀ ਦਾਸਤਾਨ ਹੈ

ਤੇ ਇਹ ਦੁੱਖ ਮੇਰੇ ਹਨ...

ਹਰਭਜਨ ਸਿੰਘ ਮਾਂਗਟ ਨੇ 2001 ਵਿੱਚ ਆਪਣਾ ਕਾਵਿ-ਸੰਗ੍ਰਹਿ ਮਨ ਦੀ ਛਾਵੇਂਪ੍ਰਕਾਸਿ਼ਤ ਕੀਤਾ ਤਾਂ ਇਸ ਕਾਵਿ-ਸੰਗ੍ਰਹਿ ਦੀਆਂ ਅਨੇਕਾਂ ਕਵਿਤਾਵਾਂ ਵਿੱਚ ਅਜਿਹੇ ਸੰਕਟ ਦਾ ਕੀਤਾ ਗਿਆ ਇਜ਼ਹਾਰ ਪਾਠਕਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਹੈ।

ਅਜਿਹੇ ਸੰਕਟਾਂ ਦਾ ਸਾਹਮਣਾ ਕਰਨ ਵਾਲਾ ਕੈਨੇਡਾ ਵਿੱਚ ਹਰਭਜਨ ਸਿੰਘ ਮਾਂਗਟ ਕੋਈ ਇਕੱਲਾ ਵਿਅਕਤੀ ਨਹੀਂ। ਤੁਹਾਨੂੰ ਅਜਿਹੇ ਹਜ਼ਾਰਾਂ ਹੀ ਪਰਵਾਸੀ ਮਿਲ ਜਾਣਗੇ ਜੋ ਕੈਨੇਡਾ ਦੀ ਧਰਤੀ ਉੱਤੇ ਸਰੀਰਕ ਤੌਰ ਉੱਤੇ ਤਾਂ ਰਹਿ ਰਹੇ ਹਨ ਪਰ ਉਹ ਮਾਨਸਿਕ ਤੌਰ ਉੱਤੇ ਇਸ ਧਰਤੀ ਉੱਤੇ ਨਹੀਂ ਰਹਿ ਰਹੇ। ਅਜਿਹੇ ਵਿਅਕਤੀ ਆਪਣੇ ਆਪਨੂੰ ਅਲਬਰਟ ਕਾਮੂੰ ਦੇ ਨਾਵਲ ਆਊਟਸਾਈਡਰਦੇ ਮੁੱਖ ਪਾਤਰ ਮਿਓਰਸਾਲਤ ਵਾਂਗ ਆਪਣੇ ਆਪਨੂੰ ਸਦਾ ਹੀ ਬਾਹਰਲਾ ਆਦਮੀਹੀ ਸਮਝਦੇ ਰਹਿੰਦੇ ਹਨ। ਉਨ੍ਹਾਂ ਲਈ ਕੈਨੇਡਾ ਦੀ ਧਰਤੀ ਸਦਾ ਹੀ ਪ੍ਰਦੇਸੀ ਧਰਤੀ ਹੀ ਬਣੀ ਰਹਿੰਦੀ ਹੈ। ਇਸਦਾ ਕਾਰਨ ਹਰਭਜਨ ਸਿੰਘ ਮਾਂਗਟ ਆਪਣੀ ਕਵਿਤਾ ਪਰਦੇਸਾਂ ਵਿਚ ਦਿਵਾਲੀਦੀਆਂ ਇਨ੍ਹਾਂ ਸਤਰਾਂ ਰਾਹੀਂ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ:

1.ਕਿੰਜ ਮਨਾਵਾਂ ਦੱਸੋ ਮੈਂ ਪਰਦੇਸਾਂ ਵਿੱਚ ਦਿਵਾਲੀ?

ਮਨ ਦੇ ਅੰਬਰ ਤੇ ਜਦ ਛਾਈ ਗਮ ਦੀ ਬਦਲੀ ਕਾਲੀ।

ਜਿਸਮਾਂ ਨੂੰ ਕੀ ਕਰਨਾ ਜਦ ਕਿ ਰੂਹਾਂ ਭਟਕਣ ਏਥੇ,

ਜਦ ਕਿ ਮੈਨੂੰ ਵਾਜਾਂਮਾਰੇ ਮਿੱਟੀ ਜੋ ਪਿੰਡ ਵਾਲੀ।

2.ਏਥੇ ਤਾਂ ਲੱਕੜ ਦੇ ਘਰ ਨੇ ਕਿਥੇ ਹੈਨ ਬਨੇਰੇ?

ਵਿਚ ਪਲੇਟਾਂ ਰੱਖਣ ਦੀਵੇ, ਹੈ ਨਾ ਕਿਧਰੇ ਥਾਲੀ.

ਬੱਚੇ ਵੀ ਅੰਗਰੇਜ਼ੀ ਬੋਲਣ ਕੌਣ ਪੰਜਾਬੀ ਬੋਲੇ?

ਡਾਲਰਖਾ ਗਿਆ ਮਾਂ ਬੋਲੀ ਨੂੰ ਹਾਂ ਵਿਰਸੇ ਤੋਂ ਖਾਲੀ.

ਵਤਨਾਂ ਵਿਚ ਹੀ ਰਹਿ ਹਏ ਮੇਲੇ, ਏਥੇ ਟਿਕਟਾਂ ਤੇ ਸ਼ੌਅ ਲੱਗਣ,

ਕਲੰਡਰ ਦੇ ਇੱਕ ਖਾਨੇ ਵਿਚ ਹੈ, ਬੈਠੀ ਚੁੱਪ ਦਿਵਾਲੀ

ਮੇਰੇ ਦਿਲ ਤੇ ਚਲੀ ਉਦੋਂ ਤਿੱਖੀ-ਤਿੱਖੀ ਆਰੀ,

ਸੌਂ ਜਾ ਕੰਮ ਤੇਜਾਣੈਂ ਕੱਲ੍ਹ ਨੂੰਆਖਿਆ ਜਦ ਘਰ ਵਾਲੀ।

ਪਿੱਛੇ ਛੱਡ ਕੇ ਆਏ ਵਤਨ ਦੇ ਹੇਰਵੇ ਦੀ ਗੱਲ ਉਹ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਵਿੱਚ ਬਾਰ ਬਾਰ ਕਰਦਾ ਹੈ. ਕਦੀ ਜ਼ਿੰਦਗੀ ਦੇ ਕਿਸੀ ਨਜ਼ਰੀਏ ਤੋਂ ਅਤੇ ਕਦੀ ਕਿਸੀ ਨਜ਼ਰੀਏ ਤੋਂ:

1.ਹਾਸੇ ਖੇਡ ਤਮਾਸ਼ੇ ਸਾਰੇ, ‘ਡਾਲਰਨੇ ਖਾ ਲੀਤੇ ਨੇ

ਹੁਣ ਤਾਂ ਮਾਂਗਟਬਣਕੇ ਹੰਝੂ ਖਾਰੇ ਖਾਰੇ ਫਿਰਦੇ ਹਾਂ.

2.ਧੁੱਪਾਂ ਖਾਤਰ ਤਰਸੇ ਤਰਸੇ, ਤਨ ਮਨ ਉੱਤੇ ਬਰਫ਼ਾਂ ਨੇ,

ਦੇਸ ਕੈਨੇਡਾ ਵਿਚ ਤਾਂ ਆਪਾਂ ਠਾਰੇ ਠਾਰੇ ਫਿਰਦੇ ਹਾਂ।

3.ਸੋਨੇ ਵਰਗਾ ਜੀਵਨ ਵਿਚ ਪਰਦੇਸਾਂ ਦੇ,

ਬਿਨ ਸੋਚੇ ਬਿਨ ਸਮਝੇ ਗਾਲੀ ਜਾਂਦੇ ਹਾਂ

ਕੈਨੇਡਾ ਦੇ ਵਿਕਸਤ ਪੂੰਜੀਵਾਦੀ ਸਮਾਜ ਵਿੱਚ ਰਹਿੰਦਿਆਂ ਹਰਭਜਨ ਸਿੰਘ ਮਾਂਗਟ ਹੋਰ ਵੀ ਬਹੁਤ ਕੁਝ ਅਨੁਭਵ ਕਰਦਾ ਹੈ। ਉਹ ਅਨੁਭਵ ਕਰਦਾ ਹੈ ਕਿ ਇਸ ਸਮਾਜ ਵਿੱਚ ਆਰਥਿਕਤਾ ਹੀ ਹਰ ਤਰ੍ਹਾਂ ਦੇ ਰਿਸ਼ਤੇ ਬਣਾਉਂਦੀ ਅਤੇ ਢਾਹੁੰਦੀ ਹੈ:

ਇੱਥੇ ਤਾਂ ਰਿਸ਼ਤਿਆਂ ਦੇ ਅਰਥ ਬਦਲ ਜਾਂਦੇ ਨੇ

ਇੱਥੇ ਲਹੂ ਚਿੱਟਾ ਹੋਣ ਚ ਬਹੁਤ ਦੇਰ ਨਹੀਂ ਲੱਗਦੀ.

ਇੱਥੇ ਸੂਰਜ, ਚੰਨ ਤਾਰੇ ਤੇ ਧਰਤੀ ਸਭ ਡਾਲਰਲਗਦੇ !

ਪੱਛਮੀ ਸਮਾਜ ਵਿੱਚ ਬੱਚਿਆਂ ਦਾ ਪਾਲਣ ਪੋਸਣ ਵੀ ਇੱਕ ਵੱਡੀ ਸਮੱਸਿਆ ਹੈ। ਇਸ ਸਮੱਸਿਆ ਨੂੰ ਅਨੇਕਾਂ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਹੈ। ਹਰਭਜਨ ਸਿੰਘ ਮਾਂਗਟ ਨੇ ਵੀ ਇਸ ਸਮੱਸਿਆ ਨੂੰ ਆਪਣੀਆਂ ਕਾਵਿ ਕਿਰਤਾਂ ਦਾ ਵਿਸ਼ਾ ਬਣਾਇਆ ਹੈ। ਉਸਦੀ ਕਵਿਤਾ ਇਥੇ ਤਾਂ ਯਾਨੀ ਕੈਨੇਡਾ ਵਿੱਚਇਸ ਵਿਸ਼ੇ ਬਾਰੇ ਚਰਚਾ ਛੇੜਦੀ ਹੈ:

ਬੱਚੇ ਪਰਾਈ ਔਰਤ ਕੋਲੋਂ ਮਾਂ ਦੀ ਮਮਤਾ ਤਲਾਸ਼ ਕਰਦੇ ਹਨ

ਯਾਨੀ ਬੇਬੀ ਸਿਟਰ ਦੇ ਰਹਿਮ ਤੇ ਪਲਦੇ ਹਨ !

ਸਵੇਰੇ ਮੂੰਹ ਹਨੇਰੇ ਡੈਡੀ ਮੰਮੀ, ਲੱਕੜ ਦੇ ਘਰ ਨੂੰ ਛਡਕੇ

ਕਾਰਾਂ ਵਿੱਚ ਕੰਮ ਤੇ ਚਲੇ ਜਾਂਦੇ ਹਨ ਤੇ

ਰਾਤੀਂ ਮੁੜਨ ਵੇਲੇ ਬੱਚੇ ਸੁੱਤੇ ਹੁੰਦੇ ਹਨ

ਸਿਰਫ ਵੀਕ ਐਂਡਤੇ ਹੀ ਡੈਡੀ ਮੰਮੀ ਨਾਲ ਮਿਲਣੀ ਹੁੰਦੀ ਹੈ

ਬੱਚਿਆਂ ਦੀ

ਕੈਨੇਡਾ ਇਮੀਗਰੈਂਟਾਂ ਦਾ ਦੇਸ਼ ਹੈ। ਕੈਨੇਡਾ ਦੀਆਂ ਫੈਕਟਰੀਆਂ ਚਲਾਉਣ ਲਈ ਸਸਤੇ ਮਜ਼ਦੂਰਾਂ ਦੀ ਤਲਾਸ਼ ਵਿੱਚ ਏਸ਼ੀਆ, ਮੱਧ-ਪੂਰਬ, ਅਫਰੀਕਾ ਅਤੇ ਯੋਰਪ ਦੇ ਅਨੇਕਾਂ ਦੇਸ਼ਾਂ ਤੋਂ ਆਏ ਲੋਕਾਂ ਨੂੰ ਕੈਨੇਡਾ ਦੇ ਇਮੀਗਰੈਂਟ ਬਣਾ ਕੇ ਇੱਥੇ ਪੱਕੇ ਤੌਰ ਤੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਇਮੀਗਰੈਂਟ ਬਣ ਕੇ ਆਏ ਲੋਕਾਂ ਨੂੰ ਇਸ ਨਵੇਂ ਅਪਣਾਏ ਦੇਸ਼ ਵਿੱਚ ਆ ਕੇ ਆਪਣੀ ਮਹੱਤਵਹੀਣਤਾਦਾ ਜਦੋਂ ਅਹਿਸਾਸ ਹੁੰਦਾ ਹੈ ਤਾਂ ਉਨ੍ਹਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚਦੀ ਹੈ। ਵਿਸ਼ੇਸ਼ ਕਰਕੇ ਜਦੋਂ ਉਨ੍ਹਾਂ ਵੱਲੋਂ ਆਪਣੇ ਮੁੱਢਲੇ ਦੇਸ਼ਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਵੱਡੀਆਂ ਵੱਡੀਆਂ ਵਿੱਦਿਅਕ ਡਿਗਰੀਆਂ ਰੱਦੀ ਦੇ ਟੁੱਕੜੇ ਬਣ ਜਾਂਦੀਆਂ ਹਨ ਅਤੇ ਉੱਚੀਆਂ ਪਦਵੀਆਂ ਉੱਤੇ ਰਹਿ ਕੇ ਕੰਮ ਕਰਨ ਦਾ ਤਜਰਬਾ ਜ਼ੀਰੋ ਦੇ ਬਰਾਬਰ ਹੋ ਜਾਂਦਾ ਹੈ। ਪਰਵਾਸੀਆਂ ਦੀ ਜ਼ਿੰਦਗੀ ਦੇ ਇਸ ਕੌੜੇ ਅਨੁਭਵ ਨੂੰ ਹਰਭਜਨ ਸਿੰਘ ਮਾਂਗਟ ਵੀ ਮਹਿਸੂਸ ਕਰਦਾ ਹੈ:

ਭਾਰਤੀ ਡਿਗਰੀਆਂ ਇਥੇ ਰੱਦੀ ਕਾਗਜ਼ ਦਾ ਟੁੱਕੜਾ

ਤੋੜੋ ਬੇਰੀ ਕਰੋ ਫਾਰਮਾਂ ਚ ਕੰਮ...ਮੌਸਮ ਮੀਂਹਾਂ ਦਾ...

ਇਕ ਵਾਰ ਤਾਂ ਕੋਸੋਗੇ ਉਸ ਘੜੀ ਨੂੰ

ਜਦੋਂ ਆਏ ਸੀ ਸੱਤ ਸਮੁੰਦਰ ਉਲੰਘ ਕੇ

ਪੱਛਮੀ ਦੇਸ਼ਾਂ ਵਿੱਚ ਇੱਕ ਹੋਰ ਵੱਡੀ ਸਮੱਸਿਆ ਹੈ: ਯੁਵਕਾਂ ਵੱਲੋਂ ਹੋਰਨਾਂ ਦੂਜੇ ਯੁਵਕਾਂ ਨੂੰ ਤੰਗ ਕਰਨਾ। ਅਜਿਹੀਆਂ ਹਰਕਤਾਂ ਕਰਨ ਵਾਲੇ ਯੁਵਕਾਂ ਨੂੰ ਬੁਲੀਕਿਹਾ ਜਾਂਦਾ ਹੈ। ਅਜਿਹੇ ਬੁਲੀਆਂਤੋਂ ਤੰਗ ਆਏ ਅਨੇਕਾਂ ਯੁਵਕ ਖੁਦਕਸ਼ੀ ਵੀ ਕਰ ਲੈਂਦੇ ਹਨ। ਅਜੋਕੇ ਸਮਿਆਂ ਵਿੱਚ ਪਰਾ-ਆਧੁਨਿਕ ਤਕਨਾਲੋਜੀ ਆ ਜਾਣ ਸਦਕਾ ਅਜਿਹੇ ਬੁਲੀਆਪਣੀਆਂ ਅਜਿਹੀਆਂ ਘਿਰਣਾ ਯੋਗ ਹਰਕਤਾਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਹੁਣ ਨਾ ਸਿਰਫ਼ ਸਰੀਰਕ ਤੌਰ ਉੱਤੇ ਹੀ ਪ੍ਰੇਸ਼ਾਨ ਕਰਦੇ ਹਨ-ਬਲਕਿ ਉਹ ਮਾਨਸਿਕ ਤੌਰ ਉੱਤੇ ਵੀ ਪ੍ਰੇਸ਼ਾਨ ਕਰਦੇ ਹਨ। ਉਦਾਹਰਣ ਵਜੋਂ ਇੰਟਰਨੈੱਟ ਅਤੇ ਈਮੇਲ ਸਿਸਟਮ ਦੀ ਵਰਤੋਂ ਕਰਕੇ ਨਾ ਸਿਰਫ ਉਹ ਆਪ ਹੀ ਆਪਣੇ ਕਿਸੇ ਵਿਰੋਧੀ ਯੁਵਕ ਨੂੰ ਭੱਦੀਆਂ ਈਮੇਲ ਭੇਜਦੇ ਹਨ। ਬਲਕਿ ਆਪਣੇ ਹੋਰਨਾਂ ਸਾਥੀਆਂ/ਗੈਂਗ ਦੇ ਮੁੰਡਿਆਂ ਨੂੰ ਵੀ ਅਜਿਹੇ ਕੰਮ ਕਰਨ ਲਈ ਉਤਸ਼ਾਹਤ ਕਰਦੇ ਹਨ। ਇਸ ਤਰ੍ਹਾਂ ਇਹ ਬੁੱਲੀਗੈਂਗਸਟਰ ਕਿਸਮ ਦੇ ਯੁਵਕ ਆਪਣੀ ਹੈਂਕੜ ਦਾ ਮੁਜ਼ਾਹਰਾ ਕਰਕੇ ਸੰਤੁਸ਼ਟੀ ਮਹਿਸੂਸ ਕਰਦੇ ਹਨ। ਇਹ ਵੀ ਇੱਕ ਤਰ੍ਹਾਂ ਦੀ ਮਾਨਸਿਕ ਬੀਮਾਰੀ ਹੈ; ਪਰ ਇਸ ਬੀਮਾਰੀ ਦਾ ਨੁਕਸਾਨ ਵਧੇਰੇ ਹਾਲਤਾਂ ਵਿੱਚ ਉਨ੍ਹਾਂ ਯੁਵਕਾਂ ਨੂੰ ਉਠਾਣਾ ਪੈਂਦਾ ਹੈ ਜੋ ਇਨ੍ਹਾਂ ਬੁੱਲੀਆਂਵੱਲੋਂ ਕੀਤੀਆਂ ਗਈਆਂ ਹਰਕਤਾਂ ਦਾ ਸ਼ਿਕਾਰ ਹੁੰਦੇ ਹਨ। ਮਾਂਗਟ ਦੀ ਕਵਿਤਾ ਪਟੋਲਾ ਬ੍ਰਿਜਇਸ ਸਮੱਸਿਆ ਦੀ ਗੱਲ ਕਰਦੀ ਹੈ:

ਸਰੀ ਬੀ.ਸੀ. ਕਨੇਡਾ

ਦਾ ਪਟੋਲਾ ਬ੍ਰਿਜ

ਕੱਲ੍ਹ ਇੱਥੇ

ਚੌਦਾਂ ਸਾਲ ਦਾ

ਇੱਕ ਸਕੂਲੀ ਮੁੰਡਾ

ਛਾਲ ਮਾਰ ਕੇ ਮਰਿਆ

ਕਾਰਨ

ਜਮਾਤੀਆਂ ਦਾ ਮਖੌਲ

ਛੇੜ-ਛਾੜ

ਆਤਮ ਹੱਤਿਆ

ਬੱਚਿਆਂ ਅਤੇ ਬਜ਼ੁਰਗਾਂ ਦਰਮਿਆਨ ਜ਼ੁਬਾਨ ਅਤੇ ਸਭਿਆਚਾਰ ਦਾ ਫਾਸਲਾ ਵੀ ਪਰਵਾਸੀਆਂ ਲਈ ਇੱਕ ਵੱਡੀ ਚੁਣੌਤੀ ਹੈ। ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗਾਂ ਲਈ ਜੋ ਕਿ ਨਾ ਤਾਂ ਅੰਗਰੇਜ਼ੀ ਜ਼ੁਬਾਨ ਚੰਗੀ ਤਰ੍ਹਾਂ ਬੋਲ ਸਕਦੇ ਹਨ ਅਤੇ ਨ ਹੀ ਸਮਝ ਸਕਦੇ ਹਨ। ਕਿਉਂਕਿ ਕੈਨੇਡਾ ਵਿੱਚ ਜੰਮੇ ਪਲੇ ਬੱਚੇ ਵਧੇਰੇ ਕਰਕੇ ਅੰਗਰੇਜ਼ੀ ਜ਼ੁਬਾਨ ਬੋਲਣ ਨੂੰ ਹੀ ਤਰਜ਼ੀਹ ਦਿੰਦੇ ਹਨ ਅਤੇ ਆਪਣਾ ਵਧੇਰੇ ਸਮਾਂ ਵੀ ਟੈਲੀਵੀਜ਼ਨ, ਇੰਟਰਨੈੱਟ ਜਾਂ ਕੰਮਪੀਊਟਰ ਖੇਡਾਂ ਖੇਡਣ ਵਿੱਚ ਹੀ ਬਤੀਤ ਕਰਨਾ ਪਸੰਦ ਕਰਦੇ ਹਨ. ਪਰ ਆਪਣੀ ਵਧੇਰੇ ਜ਼ਿੰਦਗੀ ਇੰਡੀਆ/ ਪਾਕਿਸਤਾਨ ਜਾਂ ਅਜਿਹੇ ਦੇਸ਼ਾਂ ਵਿੱਚ ਬਿਤਾ ਕੇ ਆਏ ਬਜ਼ੁਰਗ ਪਰਾ-ਆਧੁਨਿਕ ਤਕਨਾਲੋਜੀ ਵਾਲੇ ਵਿਕਸਤ ਹੋ ਰਹੇ ਪੱਛਮੀ ਸਭਿਆਚਾਰ ਵਿੱਚ ਵਧੇਰੇ ਰੁਚੀ ਨ ਰੱਖਦੇ ਹੋਣ ਕਰਕੇ ਬੱਚਿਆਂ ਨਾਲ ਘੁਲ-ਮਿਲ ਨਹੀਂ ਸਕਦੇ। ਜਿਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਸੰਚਾਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਅਨੇਕਾਂ ਹਾਲਤਾਂ ਵਿੱਚ ਇੱਕ ਦੂਜੇ ਦੀ ਮਾਨਸਿਕਤਾ ਨੂੰ ਨ ਸਮਝ ਸਕਣ ਕਾਰਨ ਹਾਲਾਤ ਇੱਕ ਦੂਜੇ ਨੂੰ ਨਫ਼ਰਤ ਕਰਨ ਦੀ ਹੱਦ ਤੱਕ ਵੀ ਪਹੁੰਚ ਜਾਂਦੇ ਹਨ। ਜਿਸਦੇ ਕਈ ਵਾਰੀ ਬਹੁਤ ਹੀ ਦੁਖਦਾਈ ਨਤੀਜੇ ਵੀ ਸਾਹਮਣੇ ਆਉਂਦੇ ਹਨ. ਹਰਭਜਨ ਸਿੰਘ ਮਾਂਗਟ ਵੀ ਇਸ ਸਮੱਸਿਆ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਸ਼ਾਇਦ, ਤਾਂ ਹੀ ਉਸਨੂੰ ਆਪਣੀ ਕਵਿਤਾ ਬੱਚੇਵਿੱਚ ਇਹ ਕਹਿਣਾ ਪਿਆ ਹੈ:

ਮੈਂ ਜਦ ਆਖਾਂ

ਆਪਣੇ ਵਿਰਸੇ ਨਾਲ ਜੁੜੋ

ਆਪਣੇ ਸਭਿਆਚਾਰ ਨਾਲ ਜੁੜੋ

ਉਹ ਮੇਰੇ ਵੱਲ ਹੋਰੂੰ ਹੋਰੂੰ ਝਾਕਦੇ।

ਉਹ ਤਾਂ ਪੰਜਾਬੀ ਭਾਸ਼ਾ ਵੀ ਨਹੀਂ ਬੋਲਦੇ

ਅੰਗਰੇਜ਼ੀ ਵਿੱਚ ਹੀ

ਗੱਲਾਂ ਕਰਦੇ ਘਰ ਵਿੱਚ

ਮੈਂ ਝੂਰਦਾ !

ਸੋਚਦਾ

ਬੱਚੇ ਇੱਥੋਂ ਦੇ ਪਹਿਰਾਵੇ

ਇੱਥੋਂ ਦੇ ਸਭਿਆਚਾਰ ਨਾਲ ਜੁੜੇ

ਮੇਰੇ ਹੱਥ ਰਮਾਇਣਡਿਗ ਪਈ ਹੈ !

ਮਹਾਂਭਾਰਤਵੀ

ਮੈਂ ਬੇਬੱਸ ਜਿਹਾ ਹੋ ਕੇ

ਅੱਖਾਂ ਮੀਟ ਲੈਂਦਾ ਹਾਂ

ਕੈਨਡਾ ਵਿੱਚ ਨਸਲਵਾਦ ਦੀ ਸਮੱਸਿਆ ਪਹਿਲਾਂ ਨਾਲੋਂ ਕਾਫੀ ਘੱਟ ਗਈ ਹੈ; ਪਰ ਇਹ ਅਜੇ ਵੀ ਖਤਮ ਨਹੀਂ ਹੋਈ। ਅਨੇਕਾਂ ਹਾਲਤਾਂ ਵਿੱਚ ਇਹ ਲੁਕਵੇਂ ਢੰਗ ਨਾਲ ਕੀਤਾ ਜਾਦਾ ਹੈ। ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਅੰਕੜਿਆਂ ਅਨੁਸਾਰ ਵੀ ਭਾਵੇਂ ਕਿ ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਟੋਰਾਂਟੋ, ਮੌਂਟਰੀਅਲ, ਵੈਨਕੂਵਰ, ਕੈਲਗਰੀ, ਐਡਮੰਟਨ, ਵਿੰਨੀਪੈੱਗ ਆਦਿ ਵਿੱਚ ਭਾਵੇਂ ਕਿ ਰੰਗਦਾਰ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਪਰ ਉਸ ਦੇ ਬਾਵਜੂਦ ਵੱਡੇ ਵੱਡੇ ਬਿਜ਼ਨਸ ਅਦਾਰਿਆਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਰੰਗਦਾਰ ਲੋਕਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਸਰਕਾਰੀ ਅਦਾਰਿਆਂ ਵਿੱਚ ਵੀ ਉਸ ਅਨੁਪਾਤ ਨਾਲ ਰੰਗਦਾਰ ਲੋਕਾਂ ਨੂੰ ਉੱਚੀਆਂ ਪਦਵੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਅਨੁਪਾਤ ਨਾਲ ਉਹ ਕੈਨੇਡਾ ਦੀ ਆਬਾਦੀ ਦਾ ਹਿੱਸਾ ਬਣ ਚੁੱਕੇ ਹਨ। ਕੈਨੇਡਾ ਦੇ ਚੇਤੰਨ ਪੰਜਾਬੀ ਸ਼ਾਇਰ ਇਸ ਸਮੱਸਿਆ ਵੱਲ ਵੀ ਲੋਕਾਂ ਦਾ ਧਿਆਨ ਦੁਆਉਣ ਲਈ ਆਪਣੀਆਂ ਕਵਿਤਾਵਾਂ ਵਿੱਚ ਜ਼ਿਕਰ ਕਰਦੇ ਰਹਿੰਦੇ ਹਨ। ਹਰਭਜਨ ਸਿੰਘ ਮਾਂਗਟ ਵੀ ਅਜਿਹੇ ਚੇਤੰਨ ਸ਼ਾਇਰਾਂ ਵਿੱਚ ਹੀ ਸ਼ਾਮਿਲ ਹੈ। ਉਸ ਦੀ ਕਵਿਤਾ ਨਸਲੀ ਵਿਤਕਰੇ ਦਾ ਜ਼ਹਿਰਦੀਆਂ ਇਹ ਸਤਰਾਂ ਇਸ ਗੱਲ ਦਾ ਪੁਖਤਾ ਸਬੂਤ ਪੇਸ਼ ਕਰਦੀਆਂ ਹਨ:

ਇਥੇ ਕੈਨੇਡਾ ਵਿਚ ਵੀ

ਨਸਲੀ ਵਿਤਕਰੇ ਦਾ ਜ਼ਹਿਰ

ਹੈ ਗੋਰੇ ਲਹੂ ਵਿਚ

ਕਾਲੇ ਲਹੂ ਵਿਚ

ਪਰ ਮਨੁੱਖ ਕਿਉਂ ਨਹੀਂ ਸਮਝਦਾ

ਕਿ ਲਹੂ ਤਾਂ ਲਹੂ ਹੁੰਦਾ ਹੈ

ਕਾਲੇ ਦਾ ਜਾਂ

ਗੋਰੇ ਦਾ

ਲਹੂ ਦਾ ਰੰਗ ਤਾਂ ਸਭ ਦਾ ਇੱਕੋ ਹੁੰਦਾ ਹੈ

ਫਿਰ ਕਿਉਂ ਕਾਲੇ ਗੋਰੇ ਦਾ ਭੇਤ ਹੈ !

ਹਰਭਜਨ ਸਿੰਘ ਮਾਂਗਟ ਦੀ ਸ਼ਾਇਰੀ ਦਾ ਸੁਭਾਅ ਗੀਤਾਂ ਵਰਗਾ ਹੈ। ਜਿੱਥੇ ਉਹ ਆਪਣੀਆਂ ਕਾਵਿ ਰਚਨਾਵਾਂ ਵਿੱਚ ਸਮੱਸਿਆਵਾਂ ਅਤੇ ਸਥਿਤੀਆਂ ਦਾ ਜਿ਼ਕਰ ਕਰਦਾ ਅਨੇਕਾਂ ਵਾਰ ਭਾਵੁਕ ਹੋ ਜਾਂਦਾ ਹੈ; ਉੱਥੇ ਹੀ ਉਹ ਕਈ ਵਾਰੀ ਸਥਿਤੀ ਨੂੰ ਸੁਖਾਵਾਂ ਮੋੜ ਦੇਣ ਲਈ ਆਪਣੀਆਂ ਰਚਨਾਵਾਂ ਰਾਹੀਂ ਹਾਸੇ ਦੀਆਂ ਫੁੱਲ ਝੜੀਆਂ ਵੀ ਚਲਾ ਦਿੰਦਾ ਹੈ ਅਤੇ ਉਦਾਸ ਚਿਹਰਿਆਂ ਉੱਤੇ, ਚਾਹੇ ਘੜੀ ਪਲ ਲਈ ਹੀ ਸਹੀ, ਰੌਣਕ ਲਿਆ ਦਿੰਦਾ ਹੈ। ਉਦਾਹਰਣ ਲਈ ਉਸਦੀਆਂ ਕਵਿਤਾਵਾਂ ਗਈ ਸੁਧਰ ਕੈਨੇਡਾ ਆ ਕੇ ਜੂਨ ਨੀਂ ਮਾਏ’, ‘ਕਵਿਤਾਅਤੇ ਸੁੱਖ ਪਰਦੇਸਾਂ ਦੇਵਿੱਚੋਂ ਇਹ ਸਤਰਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ:

1.ਮੈਂ ਤੈਨੂੰ ਕਾਰ ਵਿੱਚ ਬੈਠੀ ਕਰਾਂ ਫੂਨ ਨੀਂ ਮਾਏ

ਗਈ ਸੁਧਰ ਕੈਨੇਡਾ ਆ ਕੇ ਜੂਨ ਨੀਂ ਮਾਏ

2.ਸੋਹਣਾ ਦੇਸ਼ ਕੈਨੇਡਾ

ਯਾਰਾਂ ਮੌਜਾਂ ਲੁੱਟੀ ਜਾ

ਇੱਟ ਨਾਲ ਘੁੱਗੀ ਕੁੱਟੀ ਜਾ।

ਦੇਖ ਕੈਨੇਡਾ ਦੇਸ਼ ਪਿਆਰਾ

ਤੂੰ ਵੀ ਡਾਲਰਕੁੱਟੀ ਜਾ।

3.ਤੁਰ ਨ ਹੁੰਦਾ ਦੇਖੋ ਬੇਬੇਦੇ ਕੋਲੋਂ,

ਬੇਰੀਤੋੜਨ ਜਾਵੇ, ਸੁੱਖ ਪਰਦੇਸਾਂ,

ਜਦ ਵੀ ਪੈਨਸ਼ਨ ਆਉਂਦੀ, ਬਾਪੂ ਖਿੜ ਜਾਂਦੈ,

ਕਾਰ ਚ ਬੈਠਾ ਜਾਵੇ, ਸੁੱਖ ਪਰਦੇਸਾਂ ਦੇ.

ਵਿਹਲੇ ਨੂੰ ਵੀ ਵੀਕਾਂਮਿਲਦੀਆਂ ਨੇ ਓਥੇ,

ਰੱਬ ਦਾ ਸ਼ੁਕਰ ਮਨਾਵੇ, ਸੁੱਖ ਪਰਦੇਸਾਂ ਦੇ।

ਇੱਕ ਚੰਗੇ ਸ਼ਾਇਰ ਦੀ ਇਹੀ ਪਹਿਚਾਣ ਹੁੰਦੀ ਹੈ ਕਿ ਉਹ ਆਪਣੀਆਂ ਹੀ ਨਿੱਜੀ ਸਮੱਸਿਆਵਾਂ ਵਿੱਚ ਹੀ ਨਾ ਘਿਰਿਆ ਰਹੇ। ਬਲਕਿ ਉਸਦੇ ਆਸ ਪਾਸ, ਸਮਾਜ ਵਿੱਚ, ਆਂਢੀਆਂ-ਗੁਆਂਢੀਆਂ ਨਾਲ ਜੋ ਕੁਝ ਵਾਪਰਦਾ ਹੈ ਉਸਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਵੇ। ਇਸ ਗੱਲ ਦੀ ਤਸੱਲੀ ਹੈ ਕਿ ਹਰਭਜਨ ਸਿੰਘ ਮਾਂਗਟ ਵੀ ਇਸ ਗੱਲ ਵੱਲੋਂ ਭਲੀ ਭਾਂਤ ਚੇਤੰਨ ਹੈ। ਉਹ ਅਜਿਹੀ ਹਰ ਜਗ੍ਹਾ ਪਹੁੰਚਣਾ ਚਾਹੁੰਦਾ ਹੈ ਜਿੱਥੇ ਕਵਿਤਾ ਜਨਮ ਲੈ ਰਹੀ ਹੈ। ਜਿੱਥੇ ਵਾਪਰ ਰਹੀਆਂ ਘਟਨਾਵਾਂ ਨੂੰ ਉਸਦੀਆਂ ਕਵਿਤਾਵਾਂ ਦਾ ਵਿਸ਼ਾ ਬਨਣਾ ਚਾਹੀਦਾ ਹੈ। ਉਸਦੀ ਕਲਮ ਘਸੀਆਂ ਪਿਟੀਆਂ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਹੋ ਕੇ ਨਹੀਂ ਰਹਿ ਜਾਣਾ ਚਾਹੁੰਦੀ:

ਲਿਖ ਕਲਮੇਂ ਕੁਝ ਨਵਾਂ ਜਿਹਾ

ਤੂੰ ਕਿਉਂ ਨਹੀਂ ਲਿਖਦੀ

ਓਹੀ ਘਿਸੇ ਪਿਟੇ

ਪਿਆਰ ਦੇ ਕਿੱਸੇ

ਪੁਲਾੜ ਯੁੱਗ ਵਿਚ ਵਿਚਰ ਤੂੰ ਵੀ

ਮਸ਼ੀਨ ਬਣੇ ਕਾਮੇ ਦਾ ਗੀਤ ਲਿਖ

ਕੈਨੇਡਾ ਦੇ ਫਾਰਮਾਂ ਚ ਬੇਰੀ ਤੋੜਦੇ ਸੱਤਰ ਸਾਲਾ

ਬਜ਼ੁਰਗ ਬਾਰੇ ਲਿਖ

ਬੀਮਾਰੀ ਵਿਚ ਤੜਪਦੇ ਮਰੀਜ਼ ਦੀ ਕਥਾ ਲਿਖ

ਹਸਪਤਾਲਾਂ ਚ ਅਧ ਖਿੜੇ ਮੁਰਝਾਏ ਚਿਹਰਿਆਂ ਬਾਰੇ ਲਿਖ

ਜਾਬ ਲੱਭਦੇ ਨੌਜਵਾਨ ਦੀ ਕਥਾ ਲਿਖ

ਬਹੁਤ ਕੁਝ ਅਣਲਿਖਿਆ ਪਿਐ।




No comments: