ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, February 20, 2009

ਦਰਸ਼ਨ ਦਰਵੇਸ਼ - ਕਹਾਣੀ

ਮੱਛੀਆਂ ਦਾ ਮਿਰਗਜਲ

ਕਹਾਣੀ

ਉਹ ਬਹੁਤ ਹੀ ਇਕੱਲਾ ਹੈਰੋਹੀ ਦੇ ਜੰਡ ਵਾਂਗ ਇਕੱਲਾ

ਰੋਹੀ ਦੇ ਜੰਡ ਵਾਂਗ ਹੀ ਹੁਣ ਉਸਨੂੰ ਪਾਣੀ ਲਾਉਂਣ ਵਾਲਾ ਕੋਈ ਵੀ ਨਹੀਂ ਹੈ

ਰੋਹੀ ਦੇ ਜੰਡ ਵਾਂਗ ਹੀ ਹੁਣ ਉਸਨੂੰ ਕੋਈ ਗਿਰਵੀ ਨਹੀਂ ਰੱਖਦਾ ,ਜਿਵੇਂ ਉਸਦੇ ਪਿਤਾ ਦੀ ਜ਼ਮੀਨ ਟਿਕੀ ਹੋਈ ਸੀ

ਉਹ ਉਦੋਂ ਵੀ ਏਨਾ ਹੀ ਇਕੱਲਾ ਸੀ - ਜਦ ਉਸਦੀ ਬਸਤੀ ਤੇ ਮਾਰੂ ਕੀਟਾਣੂਆਂ ਦਾ ਹਮਲਾ ਹੋਇਆ ਸੀ

ਉਹ ਉਦੋਂ ਵੀ ਏਨਾਂ ਹੀ ਇਕੱਲਾ ਸੀ ਜਦ ਉਹ ਚੁਬਾਰੇ ਚੋਂ ਬਾਹਰ ਦਰਿਆ ਵੱਲ ਖੁੱਲ੍ਹਦੀ ਤਾਕੀ ਵਿੱਚ ਬਹਿ ਕੇ ਕੁੱਝ ਨਾ ਕੁੱਝ ਰੰਗੀਨ ਜਿਹਾ ਪੜ੍ਹਿਆ ਕਰਦਾ ਸੀ ਘਰ ਵਿੱਚ ਉਸਦੀ ਇੱਕੋ ਇੱਕ ਭੈਣ ਸੀ ਆਪਣੇ ਸਹੁਰਿਆਂ ਵਲੋਂ ਛੱਡੀ ਹੋਈ ਬੱਸ ਦੋਹਾਂ ਦੀ ਹੀ ਦੁਨੀਆਂ ਸੀ ਉਹ ਸਾਰਾ ਦਿਨ ਪੜ੍ਹਦਾ ਰਹਿੰਦਾ ਤੇ ਭੈਣ ਘਰ ਦੇ ਕੰਮਾਂ-ਕਾਰਾਂ ਵਿੱਚ ਸਾਰਾ ਦਿਨ ਉਲ਼ਝੀ ਰਹਿੰਦੀ

-----

ਦੋਵੇਂ ਹੀ ਉਦਾਸ-ਉਦਾਸ ਆਪਣੇ ਵਿਹੜੇ ਦੀ ਮਿੱਟੀ ਸੁੰਘਦੇ ਜੀਅ ਰਹੇ ਸਨ ਕਿ ਭੈਣ ਨੇ ਕਿਧਰੋਂ ਵਰ ਟੋਲ ਕੇ ਉਸਦਾ ਵਿਆਹ ਕਰ ਦਿੱਤਾ ਤੇ ਉਹਨਾਂ ਦੇ ਵਿਹੜੇ ਵਿੱਚ ਰੌਣਕ ਆ ਗਈ ਪਰ ਜਿਵੇਂ ਉਦਾਸੀ ਉਹਨਾਂ ਦੇ ਘਰ ਵਿੱਚ ਘਰ ਕਰ ਗਈ ਸੀ

ਮਾਰੂ ਕੀਟਾਣੂਆਂ ਨੇ ਜਿਹੋ ਜਿਹਾ ਹਮਲਾ ਬਸਤੀ ਦੇ ਹੋਰ ਘਰਾਂ ਤੇ ਕੀਤਾ ਸੀ ਉਹੋ ਜਿਹਾ ਹੀ ਉਹਨਾਂ ਦੇ ਘਰ ਤੇ ਕੀਤਾ ਪਤੀ-ਪਤਨੀ ਦੋਵੇਂ ਗੋਡਿਆਂਚ ਸਿਰ ਦੇ ਕੇ ਭੈਣ ਦੇ ਮਰਗ ਤੇ ਬੈਠ ਗਏ

ਬਸਤੀ ਦੇ ਸਾਰੇ ਘਰਾਂ ਦੀਆਂ ਕੰਧਾਂ ਤੇ ਮਾਤਮ ਕਿਲਕਿਲੀਆਂ ਪਾ ਰਿਹਾ ਸੀਉਹਨਾਂ ਦੋਵਾਂ ਨੂੰ ਦਿਲਾਸਾ ਕੌਣ ਦਿੰਦਾ ?

ਉਹ ਆਪ ਹੀ ਉੱਠੇ ਅਸਮਾਨ ਵਲ ਮੂੰਹ ਕਰਕੇ ਤੇਰਾ ਭਾਣਾ ਮੀਠਾ ਲਾਗੇ ਉਚਾਰਿਆ ਤੇ--- ਪਤਨੀ ਨੇ ਉਸਦੀ ਭੈਣ ਵਾਲੇ ਸਾਰੇ ਕੰਮ ਸੰਭਾਲ਼ ਲਏ ਉਹ ਆਦਤਨ ਹੀ ਆਪਣੀ ਚੁਬਾਰੇ ਵਾਲੀ ਬਾਰੀ ਚ ਆ ਬੈਠਾ ਜੋ ਕਿ ਦਰਿਆ ਵੱਲ ਖੁੱਲ੍ਹਦੀ ਸੀ ਉਹ ਦਰਿਆ ਦੇ ਸਾਹਾਂ ਵਿੱਚ ਸਾਹ ਹੋਇਆ ਪੜ੍ਹਦਾ ਰਹਿੰਦਾ ਸੀ

ਜਿੱਥੇ ਤੀਕ ਨਿਗਾਹ ਜਾਂਦੀ ਉਹ ਦਰਿਆ ਵੱਲ ਤੱਕਦਾ ਵੀਰਾਨ ਕਬਰ ਜਿੱਡਾ ਹਉਂਕਾ ਭਰਦਾ ਤੇ ਚੁੱਪਚਾਪ ਉਦਾਸ ਹੋਇਆ ਤੁਰਦਾ ਤੁਰਦਾ ਪਤਨੀ ਕੋਲ ਆ ਜਾਂਦਾ।

ਇਹ ਪਲ ਉਸਦੇ ਆਪਣੇ ਨਹੀਂ ਸਨ ਪਰ ਇਹਨਾਂ ਬੇਗਾਨਿਆਂ ਪਲਾਂ ਵਿੱਚ ਵੀ ਅਪਣੱਤ ਸੀ

ਪਤਨੀ ਦਾ ਮੱਥਾ ਚੁੰਮਦਾ ਜਿਵੇਂ ਉਸਦੇ ਬੁੱਲ੍ਹ ਹੀ ਉੱਥੇ ਰਹਿ ਗਏ ਹੋਣ

ਪਤਨੀ ਦੇ ਸਿਰ ਦੇ ਚੀਰ ਚ ਉਗਲਾਂ ਫੇਰਦਾ ਤਾਂ ਜਿਵੇਂ ਕਿਸੇ ਜੰਗਲ ਚੋਂ ਗੁਜ਼ਰ ਰਿਹਾ ਹੋਵੇ

ਕੁੱਝ ਹੱਸਦਾਮੁਸਕਰਾਉਂਦਾ ਤੇ ਉਸਦੇ ਬੁੱਲ੍ਹਾਂ ਤੇ ਤਰਦੀ ਤੇਹ ਅਪਣਾਕੇ ਫਿਰ ਆਪਣੀ ਵਾਰੀ ਵਿੱਚ ਹੀ ਆ ਜਾਂਦਾ, ਜਿਹੜੀ ਦਰਿਆ ਵੱਲ ਖੁੱਲ੍ਹਦੀ ਸੀ

----

ਪਰ ਦਰਿਆ ਦੇ ਸਾਹਾਂ ਦੀ ਅਵਾਜ਼ ਉਸਨੂੰ ਰਾਸ ਨਾ ਆਈ

ਦਰਿਆ ਦਾ ਫੈਲਾਅ ਉਹ ਮਿਣ ਨਾ ਸਕਿਆ

ਤਾਂ ਜਿਵੇਂ ਜੰਗਲ ਚੋਂ ਗੁਜ਼ਰਨਾ ਹੀ ਉਸਦਾ ਨਸੀਬ ਸੀ

ਕਿ----ਮਾਰੂ ਕੀਟਾਣੂਆਂ ਨੇ ਇੱਕ ਹੋਰ ਤਕੜਾ ਹਮਲਾ ਉਸਦੇ ਘਰ ਤੇ ਕਰ ਦਿੱਤਾ।

-ਤੇ ਉਹ ਫਿਰ ਪਤਨੀ ਦੇ ਵੀਰਾਨ ਮਰਗ ਤੇ ਜਾ ਬੈਠਾ ਇਸ ਸ਼ੂਕਦੇ ਤੂਫਾਨ ਵਿੱਚ ਹਮਦਰਦੀ ਦਾ ਕੋਈ ਵੀ ਧੌਲਾ ਬੋਲ ਉਸਦੇ ਕੰਨਾਂ ਨੇ ਨਾ ਸੁਣਿਆ ਤੇ ਉਹ ਫਿਰ ਇਕੱਲਾ ਹੋ ਗਿਆ ਬੀਆਬਾਨ ਦੀ ਉਮਰ ਵਾਂਗ ਇਕੱਲਾ

ਉਸਦੀ ਨਿਗਾਹ ਦੂਰ ਤੀਕ ਫੈਲੇ ਦਰਿਆ ਤੇ ਟਿਕੀ ਹੋਈ ਹੈ ਉਸਨੂੰ ਦਰਿਆ ਦੇ ਸਾਹ ਫਿਰ ਸਾਫ਼ ਸੁਣਾਈ ਦੇ ਰਹੇ ਹਨ ਤੇ ਉਹ ਅੱਜ ਫਿਰ ਉਸੇ ਬਾਰੀ ਵਿੱਚ ਖ਼ਾਮੋਸ਼ ਬੈਠਾ ਹੈਪਰ ਅੱਜ ਕੋਈ ਕਿਤਾਬ ਉਸਦੇ ਹੱਥ ਵਿੱਚ ਨਹੀਂ ਹੈ

ਉਹ ਉਦੋਂ ਵੀ ਬਹੁਤ ਇਕੱਲਾ ਸੀ ਜਦੋਂ---ਜਦੋਂ-------

ਫਿਰ ਬਾਰੀ ਥਾਣੀ ਆਉਂਦਾ ਚਾਨਣ ਉਸਨੂੰ ਰਾਸ ਨਾ ਆਇਆ

ਉਹ ਬਹੁਤ ਹੀ ਇਕੱਲਾ ਸੀ ਉਸ ਵਾਂਗ ਹੀ ਇਕੱਲੇ ਬਸਤੀ ਦੇ ਕੁਝ ਲੋਕ ਜਦ ਘਰਾਂ ਤੋਂ ਬਾਹਰ ਆਏ ਤਾਂ ਉਸਨੇ ਵੀ ਆਪਣੇ ਪਿਉ ਵਾਲੀ ਕੁੰਡੀ ਲੱਭ ਲਈ ਅਤੇ ਦਰਿਆ ਕਿਨਾਰੇ ਆ ਗਿਆ

----

ਦਰਿਆ ਨੂੰ ਨੇੜਿਓਂ ਹੋ ਕੇ ਤੱਕਣ ਦਾ ਸ਼ਾਇਦ ਉਸਦਾ ਇਹ ਪਹਿਲਾ ਮੌਕਾ ਸੀ

ਉਹ ਵਾਰ ਵਾਰ ਕੁੰਡੀ ਸੁੱਟਦਾ ਪਰ ਉਸਦੇ ਕੋਈ ਵੀ ਮੱਛੀ ਹੱਥ ਨਾ ਲੱਗਦੀ ਤੇ ਉਸਨੂੰ ਖਾਲੀ ਕੁੰਡੀ ਹੀ ਬਾਹਰ ਕੱਢਣੀ ਪੈ ਜਾਂਦੀ

-ਸ਼ੌਕ ਮਜਬੂਰੀ ਦਾ ਪੰਧ ਕਦੇ ਨਹੀਂ ਤੈਅ ਕਰ ਸਕਦੇ ਕਿਸੇ ਕੁੜੀ ਦੇ ਛਿੰਦੇ ਜਿਹੇ ਬੋਲ ਉਸਦੇ ਕੰਨੀ ਪਏ

ਉਹ ਤ੍ਰਭਕਿਆ

ਛਿੰਦੇ ਬੋਲਾਂ ਵਾਲੀ ਲਾਡਲੀ ਕੁੜੀ ਉਸਦੇ ਖੱਬੇ ਹੱਥ ਪਾਣੀਚ ਆਪਣੀ ਕੁੰਡੀ ਸਿੱਟੀ ਖ਼ਾਮੋਸ਼ ਬੈਠੀ ਸੀ

ਉਸ ਕੁੜੀ ਵੱਲ ਤੱਕਿਆ ਤੇ ਹਉਂਕਾ ਭਰ ਕੇ ਵਾਪਸ ਪਰਤ ਆਇਆ

-ਪਰ ਸ਼ੌਕਾਂ ਦੀ ਮਰਗ ਤੇ ਬੈਠਣ ਦਾ ਸ਼ੌਕ ਵੀ ਤਾਂ ਕੋਈ ਨਹੀਂ ਪਾਲ ਸਕਦਾਉਸ ਧੀਮੇ ਬੋਲਾਂ ਨਾਲ ਕਿਹਾ

ਕੁੜੀ ਉਸਦੇ ਹੋਰ ਨੇੜੇ ਸਰਕ ਆਈ

ਇੰਨਾ ਨੇੜੇ ਕਿ ਵਿਚਕਾਰੋਂ ਸਿਰਫ਼ ਪੌਣ ਹੀ ਗੁਜ਼ਰ ਸਕਦੀ ਸੀ

ਬੱਦਲਾਂ ਚੋਂ ਨਿਕਲੀ ਧੁੱਪ ਨਾਲ ਕੁੜੀ ਦਾ ਚਿਹਰਾ ਹੋਰ ਲਿਸ਼ਕ ਪਿਆ

-ਤੇਰੀਆਂ ਅੱਖਾਂ ਦੇ ਵਿਲਕਦੇ ਸਮੁੰਦਰ ਦੇ ਕਿਨਾਰਿਆਂ ਤੇ ਹਾਸਾ ਖਿਲਾਰਨ ਦੀ ਮੈਂ ਮੁਆਫ਼ੀ ਚਾਹੁੰਨੀ ਆਂ

-ਇੱਥੇ ਹਰ ਹਾਸੇ ਨੂੰ ਕਬਰਾਂ ਦਾ ਸਰਾਪ ਲੱਗਿਆ , ਤੂੰ ਖਿਲਾਰਕੇ ਕੀ ਕਰੇਗੀ

-ਕਬਰ ਦੀ ਵਲਗਣ ਤੋਂ ਬਹੁਤ ਉਰਾਂ ਜੇ ਚਾਨਣ ਦੀ ਦੀਵਾਰ ਖੜ੍ਹੀ ਕਰਨ ਦੀ ਕੋਸ਼ਿਸ਼ ਕਰਾਂ ਤਾਂ ਹੋ ਸਕਦੈ ਮੋਏ ਹਾਸੇ ਰਤਾ ਮੁਹਾਰਾਂ ਮੋੜ ਹੀ ਲੈਣ

-ਇਹੋ ਜਿਹੀ ਇੱਕ ਚਾਨਣ ਦੀ ਦੀਵਾਰ ਮੇਰੀ ਭੈਣ ਨੇ ਵੀ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਖੁਦ ਹੀ ਉਸ ਹੇਠ ਆ ਕੇ --ਉਸਦਾ ਸੰਘ ਭਾਰਾ ਹੋ ਗਿਆ

-ਉਹ ਤੇਰੀ ਭੈਣ ਦਾ ਕਰਮ ਸੀ ਇਹ ਮੇਰਾ ਕਰਮ ਹੈ ਤੂੰ ਆਗਿਆ ਤਾਂ ਦੇਵੇਂਗਾ ਨਾ ?’ ਕੁੜੀ ਹੱਥ ਨਾਲ ਡੋਰ ਹਿਲਾ ਰਹੀ ਸੀ

-ਭੈਣ ਵੀ ਜਿਸ ਨਿਮਾਣੀ ਨੂੰ ਆਗਿਆ ਦੇ ਕੇ ਗਈ ਸੀ ਉਸ ਤੋਂ ਤਾਂ ਇੱਟ ਵੀ ਰੱਖ ਨਾ ਹੋਈ

-ਸ਼ਗਨਾਂ ਦੀ ਇੱਟ ਤੇ ਸਦਾ ਅਚਿੰਤੇ ਬਾਜ਼ਾਂ ਦੀ ਅੱਖ ਹੁੰਦੀ ਐਮੇਰੇ ਕਰਮ ਅਜੇ ਸ਼ਗਨਾਂ ਤੋਂ ਉਰਾਂ ਦੀ ਗੱਲ ਕਰਨਗੇ ਤੂੰ ਆਗਿਆ ਤਾਂ ਦੇਵੇਗਾ ਨਾ ?

ਉਸਦੀ ਖ਼ਾਮੋਸ਼ੀ ਦੇ ਅਰਥ ,ਉਸ ਕੁੜੀ ਨੇ ਪਤਾ ਨਹੀਂ ਕੀ ਲਏ ਪਰ ਉਹ ਉਹਦੇ ਨਾਲ ਤੁਰ ਜ਼ਰੂਰ ਪਈ

----

ਕੁੜੀ ਦੇ ਵਿਵਹਾਰ ਦਾ ਚਾਨਣ ਬਾਰੀ ਦੇ ਚਾਨਣ ਤੋਂ ਬਹੁਤ ਸਾਫ਼ ਸੀ ਕਈ ਬਾਰ ਉਹ ਏਨਾਂ ਚੁੰਧਿਆ ਜਾਂਦਾ ਕਿ ਮੱਛੀ ਦੇ ਪਾਰਦਰਸ਼ੀ ਖੰਭਾਂ ਵਿੱਚੋਂ ਉਸਨੂੰ ਉਸਦੇ ਕਿੰਨੇ ਹੀ ਰੂਪ ਦਿੱਸਣ ਲੱਗਦੇ ਕਿਸੇ ਪਾਸੇ ਤਾਂ ਉਹ ਉਸਦੇ ਚੀਰ ਚ ਉਗਲਾਂ ਫੇਰ ਰਿਹਾ ਹੁੰਦਾ ਤੇ ਕਿਸੇ ਪਾਸੇ ਉਸਦਾ ਮਸਤਕ ਚੁੰਮ ਰਿਹਾ ਹੁੰਦਾ, ਪਰ ਉਸਦੇ ਰੱਖੜੀ ਬੰਨਦੀ ਉਹ ਉਸਨੂੰ ਕਿਤੇ ਵੀ ਦਿਖਾਈ ਨਾ ਦਿੰਦੀ

ਅਚੇਤ ਮਨ ਚ ਦੋਸਤੀ ਦਾ ਪਰਛਾਵਾਂ ਕਿਹੋ ਜਿਹਾ ਵੀ ਹੋ ਸਕਦੈ ?’ ਉਹ ਕਈ ਵਾਰ ਸੋਚਦਾ ਤੇ ਕਿੰਨੀ ਕਿੰਨੀ ਹੀ ਦੇਰ ਉਸਦੇ ਵਾਲਾਂ ਵਿੱਚ ਉਗਲਾਂ ਫੇਰਦਾ ਰਹਿੰਦਾ

-ਮੇਰੀ ਖ਼ਾਮੋਸ਼ੀ ਦੇ ਇਹਨੇ ਕੀ ਅਰਥ ਲਏ ਹਨ ?ਇਹ ਤਾਂ ਸ਼ਾਇਦ ਮੈਨੂੰ ਵੀ ਨਹੀਂ ਪਤਾ ਕਿ ਮੈਂ ਇਸਨੂੰ ਕਹਾਂ ਅਗਿਆ ਦੇਵਾਂ ਜਾਂ ਕਿ ਚਲੇ ਜਾਣ ਲਈ ਹੀ ਕਹਿ ਦੇਵਾਂ

-ਪਰ ਫਿਰ ਇਸ ਤੋਂ ਪਰਾਂ ਹੋ ਕੇ ਜਾਵਾਂਗਾ ਵੀ ਤਾਂ ਕਿੱਥੇ ਉਸ ਬਾਰੀ ਵਿੱਚੋਂ ? ਨਹੀਂ-ਨਹੀਂ ਨਹੀਂ ਉਸ ਚਾਨਣ ਵਿੱਚ ਮੈਂ ਹੁਣ ਕਦੀ ਵੀ ਨਹੀਂ ਜਾਵਾਂਗਾ ਉਹ ਚਾਨਣ ਮੇਰੇ ਘਰ ਦਾ ਜੱਦੀ ਦੁਸ਼ਮਣ ਐਉਹ ਚਾਨਣ ਪਿਤਾ ਦੀ ਗਹਿਣੇ ਰੱਖੀ ਪੈਲੀ ਵੱਲੋਂ ਆਉਂਦਾ ਹੈ ਉਹ ਚਾਨਣ ਮੇਰਾ ਨਹੀਂ ਸ਼ਰੀਕਾਂ ਦਾ ਹੈ ਡੂੰਘੀ ਰਾਤ ਗਈ ਤੀਕ ਵੀ ਉਹ ਕੁੜੀ ਤੋਂ ਪਰ੍ਹਾਂ ਦੂਜੇ ਮੰਜੇ ਤੇ ਪਿਆ ਸੋਚ ਰਿਹਾ ਹੈ ।-ਮੇਰਾ ਚਾਨਣ ਕਬਰਾਂ ਦੇ ਉਹਲੇ ਹੈ ਮੇਰਾ ਚਾਨਣ ਮੇਰੇ ਕੋਲ ਵੀ ਤਾਂ ਹੈ ਉਹ ਪਰ੍ਹਾਂ ਪਈ ਕੁੜੀ ਵੱਲ ਤੱਕਦਾ ਹੈ ਤੇ ਉਸਨੂੰ ਜਗਾ ਲੈਂਦਾ ਹੈ ਹਨੀ ਮੇਰੇ ਹਿੱਸੇ ਦਾ ਚਾਨਣ ਕਿਧਰੇ ਹੋਰ ਤਾਂ ਨਹੀਂ ਨਾਂ ਦੇਵੇਗੀ

-ਤੇਰਾ ਹਿੱਸਾ ਤਾਂ ਮੈਂ ਤੈਨੂੰ ਦੇ ਚੁੱਕੀ ਹਾਂ ਕੀ ਤੂੰ ਅਜੇ ਤੀਕ ਉਹਨੂੰ ਪਛਾਣ ਹੀ ਨਹੀਂ ਸਕਿਆ

-ਚਾਨਣ ਦੇ ਰੰਗ ਦੀ ਲਕੀਰ ਹਰ ਕੋਈ ਵੀ ਤਾਂ ਮੱਥੇ ਤੇ ਮਲ ਨਹੀਂ ਸਕਦਾ ਹਨੀ

-ਸੁੱਖ ਮਲੀਆਂ ਲਕੀਰਾਂ ਤਾਂ ਝੂਠੀਆਂ ਹੁੰਦੀਆਂ ਨੇ ?ਸੁੱਚੀ ਲਕੀਰ ਤਾਂ ਬਾਹੀ ਜਾਂਦੀ ਹੈ

ਉਹ ,ਕੁੜੀ ਨੂੰ ਸੌਣ ਲਈ ਕਹਿ ਦਿੰਦਾ ਹੈ

ਤੇ ਆਪ------

-ਪਰਛਾਵਾਂ ਤਾਂ ਹਨੇਰਾ ਹੁੰਦੇ ਪਰ ਹਨੀ ਤੇਰੇ ਰੰਗ ਦਾ ਚਾਨਣ ਮੇਰਾ ਪਰਛਾਵਾਂ ਕਿਉਂ ਬਣ ਗਿਐ?’ ਆਪਣੀ ਹੀ ਚੁੱਪ ਉਸਨੂੰ ਦੋਸ਼ੀ ਲੱਗਦੀ

----

ਉਹ ਸਾਰਾ ਸਾਰਾ ਦਿਨ ਸਿਰ ਤੋਂ ਗੁਜ਼ਰਦੇ ਵਕਤ ਦੇ ਜ਼ਖ਼ਮਾਂ ਦੀਆਂ ਗਿਣਤੀਆਂ ਮਿਣਤੀਆਂ ਕਰਦੇ ਸ਼ਾਮ ਹੁੰਦੀ ਖਾਣਾ ਖਾਂਦੇ ਅਤੇ ਆਪੋ ਆਪਣੇ ਪਾਣੀਆਂ ਦੇ ਹਉਕੇ ਸੁਣਦੇ ਨਿੱਘ ਵਿੱਚ ਦੁਬਕ ਜਾਂਦੇ ਆਪਣੇ ਜੰਗਲ ਦੇ ਵਿਰਲਾਪ ਵਿੱਚ ਸ਼ਰੀਕ ਹੁੰਦੇ ਅਤੇ ਫਿਰ ਸਵੇਰ ਸਾਰ ਧੁੱਪਾਂ ਵਿੱਚ ਖਿਲ ਪੈਂਦੇ

ਸੁੱਖ ਦੇ ਸੁਪਨਿਆਂ ਦੇ ਕੰਡੇ ਚੁਗਦਿਆਂ ਹਨੀ ਨੇ ਉਸ ਨੂੰ ਕਦੇ ਵੀ ਅਹਿਸਾਸ ਨਹੀਂ ਸੀ ਹੋਣ ਦਿੱਤਾ

-ਹਨੀ ਸ਼ੌਕ ਕਦੇ ਵੀ ਮਜਬੂਰੀ ਦਾ ਪੰਧ ਤਹਿ ਨਹੀਂ ਕਰ ਸਕਦੇ ਕਦੇ-ਕਦੇ ਉਹ ਕੁੜੀ ਦਾ ਚਿਹਰਾ ਪੜ੍ਹਦਾ ,ਕਿੰਨਾਂ ਹੀ ਕੁੱਝ ਸੋਚਦਾ ਹਨੀ ਦੇ ਕਹੇ ਹੋਏ ਸ਼ਬਦ ਹੀ ਦੁਹਰਾਉਂਦਾ

-ਸੁੱਖ ਅਜੇ ਵੀ ਮਿਰਗਜਲ ਕੱਛਣ ਵਿੱਚ ਕੋਈ ਕਸਰ ਰਹਿੰਦੀ ਐਂਇੰਨਾਂ ਕੁ ਜੁਆਬ ਦਿੰਦੀ ਕੁੜੀ ਬਹੁਤ ਹੀ ਉਦਾਸ ਹੋ ਜਾਂਦੀ –‘ਸੁੱਖ ਠੀਕ ਹੈ ਤੇਰੀ ਖ਼ਾਮੋਸ਼ੀ ਦੇ ਅਰਥ ਮੈਂ ਜੋ ਵੀ ਸਮਝੇ ਪਰ ਇੱਕ ਲੰਮਾ ਮਿਰਗਜਲ ਤਾਂ ਪਾਰ ਕਰ ਹੀ ਲਿਆ ਪਰ ਭੈੜਿਆ ਹਾੜਾ ਈ ਮੈਨੂੰ ਹੁਣ ਨਾਂ ਬੰਜਰ ਰਾਹਾਂ ਤੇ ਤੋਰ ਦੇਈ

ਉਹ ਫਿਰ ਖ਼ਾਮੋਸ਼ ਹੋ ਗਿਆ

ਹਨੀ ਨੇ ਉਸਦੀ ਖ਼ਾਮੋਸ਼ੀ ਦੇ ਪਤਾ ਨਹੀਂ ਕੀ ਅਰਥ ਸਮਝੇ ਪਰ ਉਹ ਉਸਦੇ ਨਾਲ ਜ਼ਰੂਰ ਤੁਰੀ ਗਈ

----

ਹਨੀ ਦੇ ਜ਼ਬਤ ਨੇ ਰਿਸ਼ਤਿਆਂ ਦੀ ਵਹੀ ਮਨਫ਼ੀ ਕਰ ਦਿੱਤੀ

ਤੇ ਉਹ ਦਿਨਾਂ ਰਾਤਾਂ ਦਾ ਬੀਆਬਾਨ ਕੱਛਦੇ ਸਮੁੰਦਰ ਕਿਨਾਰੇ ਪਹੁੰਚ ਗਏ ਕੋਲ ਹੀ ਘੁੱਗ ਵੱਸਦਾ ਸ਼ਹਿਰ ਸੀ ਤੇ ਘੁੱਗ ਵਸਦੇ ਸ਼ਹਿਰ ਦੇ ਪੈਰਾਂ ਚ ਵਿਸ਼ਾਲ ਸਮੁੰਦਰ ਦੀ ਕਦਮ ਚਾਲ ਦਾ ਸ਼ੋਰ ਸੀ

ਇਸਦੇ ਮੱਥੇ ਚ ਬਹੁਤ ਸੇਕ ਜ਼ਰਬ ਹੋ ਚੁੱਕਿਆ ਸੀ ਆਪਣੀ ਹੀ ਖ਼ਾਮੋਸ਼ੀ ਤੋਂ ਉਹ ਲਾਂਭੇ-ਲਾਂਭੇ ਫਿਰ ਰਿਹਾ ਸੀ

ਉਸਨੇ ਸ਼ਹਿਰ ਦੇ ਕਿਸੇ ਹਨੇਰੇ ਕੋਨੇ ਚ ਆਪਣੇ ਮੱਥੇ ਦੇ ਸੇਕ ਦਾ ਸਿਵਾ ਸੇਕਣਾ ਚਾਹਿਆ ਤੇ ਉਹ ਚਲਿਆ ਗਿਆ

ਵਾਪਸ ਆਇਆ ਤਾਂ ਮੱਥਾ ਤਾਂ ਸਰਦ ਸੀ ਪਰ ਆਉਂਦਿਆਂ ਹੀ ਅੱਖਾਂ ਚ ਹਨੇਰਾ ਫੈਲਣਾ ਸ਼ੁਰੂ ਹੋ ਗਿਆ

ਕੁੜੀ ਗੁੰਮ ਹੋ ਚੁੱਕੀ ਸੀ

ਹਨੀ ਆਸੇ ਪਾਸੇ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਹੀ

-ਨਹੀਂ ਹਨੀ- ਨਹੀਂ ਤੂੰ ਵਾਪਸ ਪਰਤ ਆ ਮੈਂ ਤੈਨੂੰ ਬੰਜਰ ਰਾਹਾਂ ਉੱਤੇ ਤੁਰਦੀ ਨਹੀਂ ਤੱਕ ਸਕਾਂਗਾ

ਚੀਕਦਾ ਹੋਇਆ ਉਵੇਂ ਹੀ ਅੱਖਾਂ ਚ ਹਨੇਰਾ ਭਰ ਕੇ ਉਹ ਸਮੁੰਦਰ ਕੰਢੇ ਆ ਗਿਆ –‘ਸਮੁੰਦਰ ਚੋਂ ਉੱਗੀਆਂ ਲਹਿਰਾਂ ਬੰਜਰ ਵੀ ਤਾਂ ਹੋ ਸਕਦੀਆਂ ਨੇ

----

ਮਲਾਹਾਂ ਨੇ ਉਸਦੀ ਫਰਿਆਦ ਮੰਨ ਲਈ ਤੇ ਸਮੁੰਦਰ ਚ ਚੱਲਣ ਲਈ ਉਸਨੂੰ ਇੱਕ ਕਿਸ਼ਤੀ ਦੇ ਦਿੱਤੀ ।-ਨਹੀਂ- ਹਨੀ- ਨਹੀਂ ਤੂੰ ਵਾਪਸ ਪਰਤ ਆ ਮੈਂ ਆਪਣੇ ਚਾਨਣ ਦਾ ਰੰਗ ਪਛਾਣ ਲਿਆ ਹਨੀ ’-ਆਪਣੀਆਂ ਚੀਕਾਂ ਦੇ ਸ਼ੋਰ ਚ ਗੁੰਮ ਹੋਏ ਤੋਂ ਉਸਦੀ ਕਿਸ਼ਤੀ ਅਗਾਂਹ ਕਿਸੇ ਵਸਤੂ ਨਾਲ ਟਕਰਾਈ

ਉਸ ਅੱਖਾਂ ਚੋਂ ਕੁੱਝ ਅੱਥਰੂਆਂ ਦੀ ਮਾਰਫ਼ਤ ਥੋੜਾ ਜਿਹਾ ਹਨੇਰਾ ਝੜਿਆ ਤਾਂ ਹਨੀ ਧਾਹ ਕੇ ਉਸਨੂੰ ਮਿਲੀ

----

ਹਨੀ ਬਿਲਕੁਲ ਨਿਰਵਸਤਰ ਸੀ ਹਨੀ ਜਿੱਥੋਂ ਉਠ ਕੇ ਆਈ ਸੀ ਉਸਦੇ ਆਲੇ ਦੁਆਲੇ ਜੋ ਵੀ ਕੁੜੀਆਂ ਬੈਠੀਆਂ ਕਲੋਲ ਕਰ ਰਹੀਆਂ ਸਨ ਸਭ ਦੀਆਂ ਸਭ ਨਿਰਵਸਤਰ ਸਨ

ਹਨੀ ਜਿੱਥੋਂ ਉੱਠ ਕੇ ਆਈ ਸੀ ਉਹ ਗੁਲਾਮਾਂ ਵਾਲੀ ਥਾਂ ਸੀ।

ਹਨੀ ਜਿੱਥੋਂ ਉੱਠਕੇ ਆਈ ਸੀ ਉਹ ਸਲੀਬ ਤੇ ਲਟਕੇ ਸਿਪਾਹੀ ਵਰਗਾ ਮਾਹੌਲ ਸੀ

ਉਸਨੇ ਹਨੀ ਨੂੰ ਆਪਣੇ ਕਲਾਵੇ ਵਿੱਚ ਭਰ ਲਿਆ ਸਿਰ ਉਪਰਲੀ ਚਾਦਰ ਉਸਨੇ ਨਿਰਵਸਤਰ ਜਿਸਮ ਤੇ ਦਿੱਤੀ ਅਤੇ ਸਾਰਾ ਹਨੇਰਾ ਝਾੜਕੇ ਕਿਸ਼ਤੀ ਵਾਪਸ ਛੱਡ ਦਿੱਤੀ

-ਸੁੱਖ ਤੇਰਾ ਮੱਥਾ ਬਹੁਤ ਸਰਦ ਪਿਐਲੱਗਦੈ ਸਾਰਾ ਸੇਕ ਮਨਫ਼ੀ ਕਰ ਆਇਐ ?’ ਬੰਦਰਗਾਹ ਤੋਂ ਮੈਦਾਨਾਂ ਵਲ ਆਉਂਦਿਆਂ ਕੁੜੀ ਨੇ ਕਿਹਾ

- ਅੱਖਾਂ ਚ ਹਨੇਰਾ ਭਰ ਕੇ ਵੀ ਤਾਂ ਮੈਂ ਈ ਲਿਆਇਆਪਰ ਤੂੰ ਏਧਰ ਕਿੱਧਰ ਆ ਗਈ ਸੈਂ?’ ਉਹ ਸ਼ਰਮਿੰਦਾ ਵੀ ਹੋਇਆ ਅਤੇ ਸੰਭਲਿਆ ਵੀ

- ਮਿਰਗਜਲ ਦਾ ਕੋਈ ਆਖਰੀ ਸਿਰਾ ਲੱਭਣ ਵਾਸਤੇ ਤਾਂ ਕਿ ਤੇਰੀ ਖਾਮੋਸ਼ੀ ਕੁੱਝ ਤਾਂ ਟੁੱਟ ਸਕੇ

- ਪਰ ਹਨੀ, ਵਾਪਸ ਆਏ ਹਾਸੇ ਜੇ ਸ਼ਰਮਾਉਂਦੇ ਹੋਣ ਤਾਂ ਖ਼ਾਮੋਸੀ ਦੀ ਦੀਵਾਰ ਉਹਲੇ ਲੁਕ ਵੀ ਤਾਂ ਸਕਦੇ ਨੇ

- ਪਰ ਜੇ ਉਹਨਾਂ ਹਾਸਿਆ ਦੇ ਸਿਰ ਵਿਚਕਾਰ ਉਪਰੋਂ ਆਪ ਹੀ ਇੱਟ ਮਾਰੀ ਜਾਵੇ ਤਾਂ ਉਹ ਮਰ ਵੀ ਤਾਂ ਸਕਦੇ ਨੇ

ਦੋਵੇਂ ਹੱਥਚ ਹੱਥ ਫੜੀ ਦਰਿਆ ਕਿਨਾਰੇ ਤੁਰਦੇ ਰਹੇ

----

ਉਸਨੂੰ ਅਚੰਭਾ ਲੱਗ ਗਿਆ ਸੀਹਨੀ ਤੋਂ ਕੰਨੀ ਜਿਹੀ ਕਤਰਾ ਰਿਹਾ ਸੀ, ਹਨੀ ਇਹ ਸਾਰਾ ਕੁਝ ਹੀ ਕਹਿ ਰਹੀ ਸੀ

ਦੋਵੇਂ ਉਸੇ ਹੀ ਮੰਜ਼ਰ ਉੱਤੇ ਆ ਗਏ ਜਿੱਥੇ ਉਹ ਪਹਿਲਾਂ ਮਿਲੇ ਸਨ ਕੁੜੀ ਪਹਿਲਾਂ ਰੁਕੀ ਤੇ ਮੁੰਡਾ ਬਾਅਦ

-ਹਨੀ ਏਧਰ ਕਬਰਾਂ ਨੇ ਤੇ ਆਪਾਂ ਆਪਣੇ ਹਾਸੇ ਇੱਥੋਂ ਹੀ ਵਾਪਸ ਲੈ ਜਾਈਏਉਸਦਾ ਇਸ਼ਾਰਾ ਖਾਲੀ ਪਏ ਘਰ ਵੱਲ ਸੀ

-ਸੁੱਖ ਇਹ ਅਸੰਭਵ ਹੈ ਮੈਂ ਏਨਾਂ ਮਿਰਗਜਲ ਕੱਛਕੇ ਤੇਰੇ ਨਾਲ ਤੁਰੀਪਰ ਤੇਰੇ ਮੱਥੇ ਦਾ ਸੇਕ ਉਸ ਸ਼ਹਿਰ ਚ ਹਨੇਰੇ ਕੋਨੇਚ ਹੀ ਮਨਫੀ ਹੋਣਾ ਸੀ ਤੈਨੂੰ ਸਮੁੱਚੇ ਨੂੰ ਸਰਦ ਕਰਨ ਕੋਸ਼ਿਸ਼ ਕੀਤੀ ਪਰ ਤੂੰ ਚਾਨਣ ਦਾ ਰੰਗ ਵੀ ਨਾ ਪਛਾਣ ਸਕਿਆ ਹੁਣ ਤਾਂ ਮੈਂ ਆਪ ਮੱਛੀ ਬਣਕੇ ਪਰਤੀ ਹਾਂ ਮੇਰੇ ਜਿਸਮ ਦਾ ਸ਼ੀਸ਼ਾ ਲਿਸ਼ਕਾਕੇ ਮੈਂ ਤੇਰਾ ਭਵਿੱਖ ਮੈਲ਼ਾ ਨਹੀਂ ਕਰਨਾ ਚਾਹੁੰਦੀ , ਸੁੱਖ

-ਪਰ---ਪਰ----

ਕੁੜੀ ਵਾਪਸ ਦਰਿਆ ਦੇ ਕਿਨਾਰੇ ਕਿਨਾਰੇ ਪੈਰਾਂ ਨਾਲ ਰੇਤ ਉਡਾਉਂਦੀ ਹੋਈ ਨੀਵੀਂ ਪਾਈ ਪਰਤ ਗਈ

ਉਹ ਕਿੰਨੀ ਹੀ ਦੇਰ ਰੋਹੀ ਦਾ ਜੰਡ ਬਣਿਆ ਉੱਥੇ ਖੜ੍ਹਾ ਰਿਹਾ।


No comments: