ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, February 26, 2009

ਡਾ: ਗੁਰਮਿੰਦਰ ਸਿੱਧੂ - ਲੇਖ

ਇੰਡੀਆ ! ਤੈਨੂੰ ਗੁਰਬਾਜ਼ ਬੁਲਾਉਂਦੈ

ਯਾਦਾਂ

ਕੁੱਖੋਂ ਜਾਇਆਂ ਨੂੰ ਪਰਦੇਸੀਂ ਤੋਰ ਬੈਠੇ ਮਾਪਿਆਂ ਦੀਆਂ ਹੂਕਾਂ ਅਕਸਰ ਕੰਨੀਂ ਪੈਂਦੀਆਂ ਨੇਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਬੇਗਾਨੀ ਧਰਤੀ ਉੱਤੇ ਆਲ੍ਹਣੇ ਪਾਉਣ ਵਾਲਿਆਂ ਦੀ ਵੇਦਨਾ ਵੀ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀ ਹੈਪਰ ਲੱਖਾਂ ਹੰਝੂ ਉਹ ਵੀ ਨੇ ਜਿਹਨਾਂ ਕੋਲ ਸ਼ਬਦ ਨਹੀਂ,ਨਾ ਬੋਲਣ ਲਈ, ਨਾ ਲਿਖਣ ਲਈ, ਤੇ ਜਿਹਨਾਂ ਕੋਲ ਹੈ ਵੀ ਨੇ ਉਹਨਾਂ ਨੂੰ ਕੋਈ ਸੁਣਦਾ ਹੀ ਨਹੀਂਇਹ ਹੰਝੂ ਅਕਸਰ ਹਵਾਈ ਅੱਡਿਆਂ ਦੇ ਡਿਪਾਰਚਰ -ਟਰਮੀਨਲ ਉੱਤੇ ਨਿੱਕੇ ਨਿੱਕੇ ਹੈਰਾਨ-ਪਰੇਸ਼ਾਨ ਨੈਣਾਂ ਵਿੱਚੋਂ ਵਗਦੇ ਦੇਖੇ ਜਾ ਸਕਦੇ ਨੇਕਦੀ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇੱਕ ਦਿਨ ਇਹਨਾਂ ਲੱਖਾਂ ਹੰਝੂਆਂ ਉੱਤੇ ਸਿਰਫ਼ ਦੋ ਹੰਝੂ ਭਾਰੂ ਹੋ ਜਾਣਗੇ..ਦੋ ਨਿਰਛਲ ਮਾਸੂਮ ਹੰਝੂ, ਸਾਡੇ ਪੋਤੇ ਗੁਰਬਾਜ਼ ਦੇ, ਜਿਹੜੇ ਗਾਹੇ-ਬਗਾਹੇ ਉਹਦੀਆਂ ਅੱਖਾਂ ਵਿੱਚੋਂ ਡਲ੍ਹਕਣ ਲੱਗ ਪੈਂਦੇ ਨੇ

----

ਭੋਲੇ-ਭਾਲੇ ਦਿਲਾਂ ਵਿੱਚ ਮੋਰੀਆਂ ਕਰਦੀ ਇਸ ਪੀੜ ਦਾ ਅਹਿਸਾਸ ਪਹਿਲੀ ਵਾਰ ੳਦੋਂ ਹੋਇਆ ਜਦੋਂ ਮੈਂ ਆਪਣੀ ਧੀ ਨੂੰ ਵਿਦੇਸ਼ ਪੜ੍ਹਨ ਜਾਣ ਲਈ ਜਹਾਜ਼ ਚੜ੍ਹਾਉਣ ਗਈਅੰਦਰ ਜਾਣ ਵਾਲਿਆਂ ਦੀ ਕਤਾਰ ਵਿੱਚ ਇੱਕ ਮੁਟਿਆਰ ਸੀ ਜਿਹੜੀ ਆਪਣੀ ਤਿੰਨ-ਚਾਰ ਸਾਲ ਦੀ ਬੱਚੀ ਨੂੰ ਉਹਦੀ ਦਾਦੀ ਜਾਂ ਖੌਰੇ ਨਾਨੀ ਨਾਲੋਂ ਧੂਹ-ਧੂਹ ਕੇ ਲਾਹ ਰਹੀ ਸੀ ਤੇ ਬੱਚੀ ਸੀ ਕਿ ਉਹਨੂੰ ਫੈਵੀਕੋਲ ਦੇ ਪੱਕੇ ਜੋੜ ਵਾਂਗ ਚੁੰਬੜੀ ਹੋਈ ਸੀਜਿਉਂ ਹੀ ਕਿਸੇ ਤਰ੍ਹਾਂ ਬੱਚੀ ਅੱਡ ਕੀਤੀ, ਉਹ ਸੁਆਣੀ ਕਾਹਲੀ ਨਾਲ ਸਾਡੇ ੳਹਲੇ ਲੁਕ ਕੇ ਹੁਬ੍ਹਕੀਆਂ ਲੈਣ ਲੱਗੀ ਤੇ ਮਾਂ ਪਿੱਛੇ ਵੱਲ ਛੁੱਟ- ਛੁੱਟ ਆਉਂਦੀ ਰੋਂਦੀ ਵਿਲਕਦੀ ਜੁਆਕੜੀ ਨੂੰ ਖਿੱਚ ਕੇ ਅੰਦਰ ਹੋ ਗਈਇੱਕ ਪਲ ਤਾਂ ਮੈਨੂੰ ਧੀ ਤੋਂ ਵਿਛੜਨ ਦਾ ਉਹ ਦਰਦ ਵੀ ਵਿਸਰ ਗਿਆ ਜਿਹੜਾ ਮੇਰੀਆਂ ਆਂਦਰਾਂ ਨੂੰ ਵੱਢ ਰਿਹਾ ਸੀ

----

ਅਗਲੀ ਵਾਰ ਆਪਣੇ ਚਾਚਾ ਜੀ ਨੂੰ ਯੂ.ਕੇ ਲਈ ਛੱਡਣ ਦਾ ਸਬੱਬ ਬਣਿਆ ਤਾਂ ਇੱਕ ਸਿਓ-ਰੰਗਾ ਬਾਲ ਆਪਣੀਆਂ ਗੋਭਲੀਆਂ ਜਿਹੀਆਂ ਬਾਹਾਂ ਇੱਕ ਬਜ਼ੁਰਗ ਦੀ ਗਰਦਨ ਦਵਾਲੇ ਕਸੀ ਬੈਠਾ ਸੀ,“ਬਾਪੂ ਜੀ! ਤੁਸੀਂ ਵੀ ਸਾਡੇ ਨਾਲ ਚੱਲੋ ਲੰਡਨਮੈਂ ਨਹੀਂ ਜਾਣਾ ਥੋਨੂੰ ਛੱਡ ਕੇ..ਆਈ ਵੌਂਟ ਗੋ..ਸਾਡੇ ਨਾਲ ਚੱਲੋ ਪਲੀਜ਼…” ਉਹ ਥੋੜ੍ਹੀ ਜਿਹੀ ਦੇਰ ਬਾਅਦ ਦੁਹਰਾਉਂਦਾਚਿੱਟ-ਦਾਹੜੀਆ ਬਜ਼ੁਰਗ ਜੁਆਕ ਦੀ ਮਿੱਠੀਲੈਂਦਾ ਤੇ ਹਿਰਾਸਿਆ ਜਿਹਾ ਕਦੀ ਮੋਬਾਈਲ-ਫੋਨ ਤੇ ਬਾਤ-ਚੀਤ ਕਰ ਰਹੇ ਉਹਦੇ ਮਾਪਿਆਂ ਵੱਲ ਦੇਖਣ ਲੱਗਦਾ ਤੇ ਕਦੀ ਸਾਡੇ ਵੱਲਉਹ ਵੇਟਿੰਗ-ਲਾਂਜ ਵਿੱਚ ਸਾਡੇ ਨਾਲ ਦੀ ਕੁਰਸੀ ਤੇ ਬੈਠੇ ਸਨ..ਜਾਣ ਵੇਲੇ ਕੀ ਹੋਇਆ ਹੋਊ ਰੱਬ ਹੀ ਜਾਣੇ

----

ਉਸ ਵੇਲੇ ਮੈਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਕੁਝ ਸਾਲਾਂ ਬਾਅਦ ਇਹ ਹਾਦਸਾ ਸਾਡੇ ਨਾਲ ਵੀ ਵਾਪਰਨ ਵਾਲਾ ਹੈਪਹਿਲੀ ਵਾਰ ਰਿਸ਼ਮ ਕੈਨੇਡਾ ਗਿਆ ਤਾਂ ਗੁਰਬਾਜ਼ ਕੁੱਲ ਡੇਢ ਸਾਲ ਦਾ ਸੀ..ਮੰਮਾ-ਪਾਪਾ ਦੇ ਨਾਲ ਨਾਲ ਦਾਦਾ-ਦਾਦੀ, ਭੂਆ ਦੇ ਪਿਆਰ ਨਾਲ ਭਰਿਆ ਭਕੁੰਨਾਤੇ ਜਦੋਂ ਇਸ ਪਿਆਰ ਦਾ ਇੱਕ ਹਿੱਸਾ ਪਿੱਛੇ ਦੇਸ ਵਿੱਚ ਛੁੱਟ ਗਿਆ ਤਾਂ ਉਹ ਅੰਦਰੋਂ ਕਿਤੋਂ ਛਿੱਲਿਆ ਗਿਆ ਸੀ..ਖ਼ਾਮੋਸ਼ ਵਿਛੋੜੇ ਦਾ ਝੰਬਿਆਅ-ਬੋਲ….ਅ-ਸ਼ਬਦਸਾਡੀ ਨੂੰਹ ਪਰਮੀਤ ਅਕਸਰ ਉਹਦੇ ਉੱਖੜੇ ਉੱਖੜੇ ਰਹਿਣ ਬਾਰੇ ਦੱਸਦੀਜਦੋਂ ਸਾਲ ਕੁ ਬਾਅਦ ਉਹ ਵਾਪਿਸ ਆਏ ਤਾਂ ਉਹਦੀ ਪਹਿਲੀ ਤੱਕਣੀ ਦੀ ਜਗਮਗਾਹਟ ਕੁਝ ਗੁਆਚਿਆ ਲੱਭ ਜਾਣ ਦੀ ਗਾਥਾ ਕਹਿ ਰਹੀ ਸੀਉਹ ਸਾਰੇ ਘਰ ਵਿੱਚ ਖਰਗੋਸ਼ ਵਾਂਗ ਟਪੂਸੀਆਂ ਲਾਉਂਦਾ ਫਿਰਦਾ..ਦਾਦੇ ਦੀ ਜੇਬ੍ਹ ਵਿਚਲੀਆਂ ਟਾਫੀਆਂ ਦਾ ਦੀਵਾਨਾ..ਕੋਲੋਂ ਲੰਘਦੀ ਕਿਸੇ ਕਾਰ ਵਿੱਚੋਂ ਉੱਚੀ ਉੱਚੀ ਵੱਜਦੇ ਗੀਤ ਸੁਣਦਿਆਂ ਹੀ ਬਾਹਾਂ ਉਲਾਰ ਉਲਾਰ ਨੱਚਦਾ..ਤੀਆਂ ਵਰਗੇ ਦਿਨ ਅੱਖ- ਝਮਕਦਿਆਂ ਗੁਜ਼ਰ ਗਏ

----

ਪਰ ਐਤਕੀਂ ਵਿਦਾਈ ਵੇਲੇ ਉਹਦੇ ਅਹਿਸਾਸਾਂ ਨੂੰ ਜੁਦਾਈ ਦੇ ਅਰਥ ਸਮਝ ਆ ਗਏਕਿੰਨੀ ਦੇਰ ਤਾਂ ਉਹਨੂੰ ਪਤਾ ਹੀ ਨਾ ਲੱਗਿਆ ਕਿ ਹੁਣ ਫੇਰ ਉਹੀ ਕੁਝ ਵਾਪਰਨ ਵਾਲਾ ਹੈ,ਪਰ ਜਦੋਂ ਪਰਮੀਤ ਉਹਨੂੰ ਟਰਾਲੀ ਉੱਤੇ ਬਿਠਾ ਕੇ ਸ਼ੀਸ਼ੇ ਵਾਲੇ ਦਰਵਾਜੇ ਦੇ ਅੰਦਰ ਵੜਨ ਲੱਗੀ ਤਾਂ ਮੁੰਡੇ ਨੇ ਪਿੱਛੇ ਵੱਲ ਬਾਹਾਂ ਖਿਲਾਰ ਖਿਲਾਰ ਉਹ ਲੇਰਾਂ ਮਾਰੀਆਂ ਕਿ ਅਸੀ ਤਾਂ ਕੀ, ਦੇਖਣ ਸੁਣਨ ਵਾਲੇ ਵੀ ਅੱਖਾਂ ਪੂੰਝਣ ਲੱਗ ਪਏ

----

ਰਿਸ਼ਮ ਨੇ ਉਹਦੇ ਜਨਮਦਿਨ ਦੀ ਵੀਡੀਓ ਭੇਜੀ..ਸਾਥੀਆਂ ਨਾਲ ਹੱਸਦਾ-ਖੇਡਦਾ ਨੱਚਦਾ ਉਹ ਸੋਫੇ ਤੇ ਚੜ੍ਹ ਗਿਆ..ਫਿਰ ਇੱਕ ਉੱਚੀ ਜਿਹੀ ਕੁਰਸੀ ਤੇ ..ਫਿਰ ਉਹਦੀ ਬਾਂਹ ਤੋਂ ਉੱਚੇ ਮੇਜ਼ ਤੇ..ਹੁਣ ਉਹ ਸਾਡੀ ਦੋਵਾਂ ਦੀ ਫੋਟੋ ਅੱਗੇ ਖੜ੍ਹਾ ਕਹਿ ਰਿਹਾ ਸੀ, “ਵੱਦੇ ਪਾਪਾ!ਆਜੋ!.. ਅੰਮੀ ਆਜੋ…” ਫਿਰ ਅਚਾਨਕ ਰੁਆਂਸੀਆਂ ਅੱਖਾਂ ਨਾਲ ਪਿੱਛੇ ਵੱਲ਼ ਝਾਕਦਾ ਵਿਚਾਰਾ ਜਿਹਾ ਹੋ ਕੇ ਕਹਿਣ ਲੱਗਿਆ, “ ਮੇਲੇ ਨਾਲ ਬੋਲਦੇ ਨੀ..ਜਿਹੜਾ ਵੀ ਉਹ ਸੀ.ਡੀ ਦੇਖਦਾ ਹੈ ਅੱਖਾਂ ਭਰ ਆਉਂਦਾ ਹੈਸੋਚਦੀ ਹਾਂ ਇਸ ਵੇਲੇ ਵੀ ਪਰਦੇਸਾਂ ਵਿੱਚ ਬੈਠੇ ਪਤਾ ਨਹੀਂ ਕਿੰਨੇ ਕੁ ਬਾਲ ਐਲਬਮਾਂ ਖੋਲ਼੍ਹ ਕੇ ਦਾਦੀਆਂ-ਨਾਨੀਆਂ ਨੂੰ 'ਵਾਜਾਂ ਮਾਰ ਰਹੇ ਹੋਣਗੇ

----

ਅਗਲੀ ਦੇਸ-ਫੇਰੀ ਤੇ ਉਹ ਸਾਢੇ ਚਾਰ ਸਾਲ ਦਾ ਹੋ ਗਿਆ ਸੀਜਿੰਨਾ ਚਿਰ ਏਥੇ ਰਿਹਾ ਗੁਲਾਬ ਵਾਂਗ ਖਿੜਿਆ ਰਿਹਾਘਰ ਦੇ ਸਾਹਮਣੇ ਪਾਰਕ ਵਿੱਚ ਦੁੜੰਗੇ ਮਾਰਦਾ, ਟਰਾਈਸਾਈਕਲ ਭਜਾਉਂਦਾ, ਕੁਲਫੀਆਂ ਲੈ ਲੈ ਖਾਂਦਾਰਾਤ ਨੂੰ ਰਜਾਈ ਵਿੱਚ ਪੈ ਕੇ ਬਾਤਾਂ ਸੁਣਦਾ ਸੁਣਦਾ ਉਹ ਘੜੀ-ਮੁੜੀ ਆਪਣਾ ਏਥੇ ਹੀ ਰਹਿਣ ਦਾ ਫੈਸਲਾਸੁਣਾਉਣ ਲੱਗਦਾ.. ਪਰ ਇੰਜ ਤਾਂ ਹੋਣਾ ਹੀ ਨਹੀਂ ਸੀਇਸ ਵਾਰ ਰਿਸ਼ਮ ਕਹਿੰਦਾ, ਤੁਸੀਂ ਸਾਨੂੰ ਛੱਡਣ ਨਹੀਂ ਜਾਣਾ.. .. ਆਪਾਂ ਸਾਰੇ ਦਿੱਲੀ ਤੱਕ ਕਿੰਨੇ ਅਜੀਬ ਜਿਹੇ ਟੈਂਸ਼ਨ ਵਿੱਚ ਜਾਨੇ ਆਂਬੱਸ ਘਰੋਂ ਹੀ ਟੈਕਸੀ ਚ ਜਾਵਾਂਗੇ ਤਾਂ ਇਉਂ ਲੱਗੂ ਜਿਵੇਂ ਏਥੇ ਹੀ ਕਿਸੇ ਸਕੀਰੀਚ ਚੱਲੇ ਆਂ..ਨਾਲੇ ਥੋਡਾ ਬਾਜੀ ਰਿਹਾੜ ਨੀ ਕਰੂ ।

----

ਪਰ ਬਾਜੀ ਹੁਣ ਸਿਆਣਾ ਹੋ ਗਿਆ ਸੀਪਹਿਲਾਂ ਕਿਤੇ ਜਾਣ ਲਈ ਭੱਜ ਕੇ ਗੱਡੀ ਵਿੱਚ ਬਹਿ ਜਾਣ ਵਾਲਾ ਮੁੰਡਾ ਲੱਦੇ ਜਾਂਦੇ ਸੂਟਕੇਸਾਂ ਵੱਲ ਡੈਂਬਰਿਆ ਜਿਹਾ ਝਾਕ ਰਿਹਾ ਸੀਜਦੋਂ ਟੈਕਸੀ ਚੱਲੀ ਤਾਂ ਉਹ ਸਾਰੀ ਰਮਜ਼ ਸਮਝ ਗਿਆਅਸੀਂ ਅਜੇ ਆਪਣਾ ਰੋਣਾ ਸੰਭਾਲਿਆ ਹੀ ਨਹੀਂ ਸੀ ਕਿ ਪੰਦਰਾਂ ਕੁ ਮਿੰਟ ਬਾਅਦ ਟੈਕਸੀ ਮੁੜ ਗੇਟ ਉੱਤੇ ਆ ਖੜ੍ਹੀਮੁੰਡੇ ਨੇ ਰੋ ਰੋ ,ਚੀਕਾਂ ਮਾਰ ਮਾਰ ਬੁਰਾ ਹਾਲ ਕਰ ਲਿਆ ਸੀ,ਇਸ ਤਰ੍ਹਾਂ ਕਿ ਉਹ ਬਾਹਰ ਜਾਣ ਦੀ ਹਾਲਤ ਵਿੱਚ ਹੀ ਨਹੀਂ ਰਹੇ ਸਨ

ਮੈਂ ਥੋਨੂੰ ਬੌਹਤ ਮਿਸ ਕਰੂੰਗਾ..ਆਉਂਦੇ ਨੇ ਹੀ ਮੇਰੀਆਂ ਲੱਤਾਂ ਨੂੰ ਘੁੱਟ ਕੇ ਜੱਫੀ ਪਾ ਲਈ

ਲੈ! ਅਸੀਂ ਤਾਂ ਪਿੱਛੇ ਪਿੱਛੇ ਆ ਰਹੇ ਆਂ..ਅਗਲੇ ਜਹਾਜਤੇ..ਇਹਦੀ ਟਿਕਟ ਨਹੀਂ ਮਿਲੀ ਨਾ!

ਭਰੇ ਹੋਏ ਗੱਚ ਵਿੱਚੋਂ ਮੈਨੂੰ ਝੂਠ ਬੋਲਣਾ ਪਿਆਕਿੰਨੇ ਭੋਲ਼ੇ ਹੁੰਦੇ ਨੇ ਇਹ ਨਿੱਕੇ ਨਿੱਕੇ ਬਾਲ..ਏਨੇ ਕੁ ਨਾਲ ਪਰਚ ਗਿਆ, “ ੳ ਕੇ! ਤੁਸੀਂ ਰੌਂਗ ਐਰੋਪਲੇਨਤੇ ਨਾ ਬੈਠ ਜਿਓ..ਕੈਨੇਡਾ ਵਾਲਾ ਪੁੱਛ ਕੇ ਫਿਰ ਬੈਠਿਓ

ਠੀਕ ਐ ਬਾਜੀ! ਪੁੱਛ ਕੇ ਬੈਠਾਂਗੇ..ਹੁਣ ਤੂੰ ਬੇਫ਼ਿਕਰ ਹੋ ਕੇ ਜਾਹਇਹੋ ਜਿਹੇ ਵੇਲੇ ਹੰਝੂਆਂ ਦਾ ਜ਼ੁਬਾਨ ਬਣਨਾ ਕਿੰਨਾ ਔਖਾ ਸੀ!

ਉਥੇ ਉੱਤਰ ਕੇ ਟੈਕਸੀ ਲੈ ਲਿਓ..ਏਅਰਪੋਰਟ ਤੋਂ..ਆਖਿਓ ਗੁਰਬਾਜ਼ ਦੇ ਘਰ ਜਾਣੈਂ..ਓ ਕੇ ਵੱਦੇ ਪਾਪਾ? ਭੁੱਲ ਨਾ ਜਾਇਓ

ਉਹ ਤਰ੍ਹਾਂ ਤਰ੍ਹਾਂ ਦੀਆਂ ਸਮਝੌਤੀਆਂ ਦੇ ਕੇ ਉਦਾਸਿਆ ਉਦਾਸਿਆ ਟੈਕਸੀ ਚ ਬੈਠ ਗਿਆ

----

ਇਸ ਝੂਠ ਨੂੰ ਸੱਚ ਬਣਾਉਣ ਲਈ ਅਸੀਂ ਪਿੱਛੇ ਜਿਹੇ ਉਹਦੇ ਕੋਲ ਕੈਨੇਡਾ ਚਲੇ ਗਏਹੁਣ ਉਹ ਸੁਖ ਨਾਲ ਪੰਜ ਸਾਲ ਦਾ ਹੋ ਗਿਆ ਸੀ, ਸਾਨੂੰ ਦੇਖਦਿਆਂ ਹੀ ਉਹਦੀਆਂ ਅੱਖਾਂ ਇੰਜ ਚਮਕੀਆਂ ਕਿ ਸਾਡੀ ਰੂਹ ਅੰਦਰ ਤੱਕ ਖਿੜ ਗਈਉਹਨੂੰ ਤਾਂ ਜਿਵੇਂ ਕੋਈ ਗੁਆਚਿਆ ਖਜ਼ਾਨਾ ਮਿਲ ਗਿਆ ਹੋਵੇ..ਸਾਡੇ ਨਾਲ ਹੀ ਖੇਡਦਾ, ਸਾਡੇ ਨਾਲ ਹੀ ਸੌਂਦਾ.. ਅੰਮੀ! ਉਹ ਗੇਮ ਖਿਡਾਓ ਜਿਹੜੀ ਮੈਂ ਕਦੇ ਵੀ ਨਾ ਖੇਡੀ ਹੋਵੇਅਸੀਂ ਕਦੀ ਆਤਲਾ ਪਤਾਤਲਾ.. ਪਤਾਲੋ ਮਿੱਟੀ ਚੀਕਣੀਖੇਡਦੇ, ਕਦੀ ਉੱਕੜ ਦੁੱਕੜ ਭੰਬਾ ਭੌ,ਤੇ ਕਦੀ ਭੰਡਾ-ਭੰਡਾਰੀਆ ਕਿੰਨਾ ਕੁ ਭਾਰਤੇ ਹੋਰ ਬਹੁਤ ਕੁਝ

----

ਹਰ ਰੋਜ਼, “ਵੱਦੇ ਪਾਪਾ! ਉਹ ਸਟੋਰੀ ਸੁਣਾਓ ਜਿਹੜੀ ਮੈਂ ਕਦੇ ਵੀ ਨਾ ਸੁਣੀ ਹੋਵੇ”, ਵੱਦੇ-ਪਾਪਾ ਕਦੀ ਰਿਸਾਲਿਆਂ ਵਿੱਚੋਂ ਕਹਾਣੀਆਂ ਪੜ੍ਹ ਕੇ ਸੁਣਾਉਂਦੇ, ਕਦੀ ਬਾਜੀ ਦਾ ਘੋੜਾ ਬਣਦੇ , ਕਦੀ ਹੂਟ੍ਹੇ-ਮਾਟੇ ਦਿੰਦੇ, ਉਹਨੂੰ ਸਕੂਲ ਛੱਡਣ-ਲੈਣ ਜਾਂਦੇਇੱਕ ਦੁਪਹਿਰ ਮੈਂ ਵੀ ਨਾਲ ਸਾਂਛੁੱਟੀ ਤੋਂ ਬਾਅਦ ਬੱਚੇ ਉੱਥੇ ਹੀ ਲੱਗੇ ਹੋਏ ਝੂਲੇ ਝੂਲਣ ਲੱਗ ਪਏਮਾਪੇ ਏਧਰ ੳਧਰ ਖੜ੍ਹ ਕੇ ਜਾਂ ਬੈਂਚਾਂ ਉਤੇ ਬੈਠ ਕੇ ਉਨ੍ਹਾਂ ਨੂੰ ਦੇਖ ਰਹੇ ਸਨਇੱਕ ਬੱਚਾ ਸਾਡੀ ਬੈਂਚ ਉੱਤੇ ਟੇਢਾ ਜਿਹਾ ਬਹਿ ਕੇ ਤਸਮੇ ਬੰਨ੍ਹਣ ਲੱਗਿਆਅਸੀਂ ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਏਉਹ ਸਧਰਾਈਆਂ ਜਿਹੀਆਂ ਨਜ਼ਰਾਂ ਨਾਲ ਸਾਡੇ ਵੱਲ ਦੇਖਦਾ ਬੋਲਿਆ, “ਗੁਰਬਾਜ਼ ਇਜ਼ ਸੋ ਲੱਕੀ! ਮਾਈ ਗਰੈਂਡ-ਪਾ ਨੈਵਰ ਕਮਜ਼ ਕੈਨੇਡਾ..ਨੈਵਰ..

----

ਵਾਹ ਲੱਗਦੀ ਅਸੀਂ ਉਹਦੇ ਸਾਹਮਣੇ ਆਪਣੇ ਵਾਪਸ ਜਾਣ ਸਬੰਧੀ ਕੋਈ ਜ਼ਿਕਰ ਨਾ ਕਰਦੇਪਰ ਕਦੀ ਕੋਈ ਮਹਿਮਾਨ ਆਉਂਦਾ ਤਾਂ ਅਗਲੇ ਨੂੰ ਮੱਧਮ ਜਿਹੀ ਆਵਾਜ਼ ਵਿੱਚ ਦੱਸਣਾ ਪੈਂਦਾ..ਕਦੀ ਫੋਨ ਉੱਤੇ ਉੱਚੀ ਬੋਲ ਕੇ ਆਪਣੇ ਪਰਤਣ ਦੀ ਤਰੀਕ ਦੱਸਣੀ ਪੈਂਦੀ ਤੇ ਇੱਕ ਨਿੱਕਾ ਜਿਹਾ ਦਿਲ ਜਿਵੇਂ ਅੰਦਰ ਤੱਕ ਹਿੱਲ ਜਾਂਦਾਇੱਕ ਦਿਨ ਡੇਢ ਕੁ ਸਾਲ ਦੇ ਛੋਟੇ ਪੋਤੇ ਨੇ ਸਾਡੇ ਸੂਟਕੇਸਾਂ ਨਾਲੋਂ ਕੈਥੇਪੈਸੇਫਿਕ-ਏਅਰਲਾਈਨਜ਼ ਦੇ ਟੈਗ ਲਾਹ ਦਿੱਤੇਉਹ ਦੌੜਿਆ ਦੌੜਿਆ ਸਾਡੇ ਕੋਲ ਆਇਆ, “ਅੰਮੀ! ਵੱਦੇ ਪਾਪਾ!ਤੁਸੀਂ ਹੁਣ ਇੰਡੀਆ ਨੀ ਜਾ ਸਕਦੇ..ਯੁਵਰਾਜ ਨੇ ਥੋਡੀਆਂ ਟਿਕਟਾਂ ਪਾੜ 'ਤੀਆਂਆਵਾਜ਼ ਦੇ ਨਾਲ ਨਾਲ ਉਹਦਾ ਜਿਸਮ ਵੀ ਨੱਚ ਰਿਹਾ ਸੀ

----

ਲਓ ਜੀ! ਹੁਣ ਤਾਂ ਤੁਸੀਂ ਬਿਲਕੁਲ ਈ ਨੀ ਜਾ ਸਕਦੇਉਹਨੇ ਨਾਹਰਾ ਜਿਹਾ ਲਾਇਆਯੁਵਰਾਜ ਨੇ ਵੱਡੇ ਵੀਰ ਦੀ ਖੁਸ਼ੀ ਵਿੱਚ ਵਾਧਾ ਕਰਦਿਆਂ ਬੈਗ ਨਾਲੋਂ ਆਖਰੀ ਟੈਗ ਵੀ ਪਾੜ ਦਿੱਤਾ ਸੀ

ਉਹ ਦੇ ਅੰਦਰ ਹਮੇਸ਼ਾ ਇੱਕ ਫਿਕਰ ਜਾਗਦਾ ਰਹਿੰਦਾਇੱਕ ਦਿਨ ਕਹਿੰਦਾ, ਵੱਦੇ ਪਾਪਾ!ਜੇ ਤੁਸੀਂ ਜ਼ਰੂਰ ਈ ਜਾਣਾ ਤਾਂ ਮੈਨੂੰ ਨਾਲ ਲੈ ਜਿਓ!ਮੰਮੀ ਤੋਂ ਮੇਰਾ ਪਾਸਪੋਰਟ ਲੈ ਲਿਓ..ਸੁੱਤੇ ਪਏ ਨੂੰ ਨਾ ਛੱਡ ਜਿਓ ਮੈਨੂੰਤੇ ਇਤਫ਼ਾਕ ਇਹ ਸੀ ਕਿ ਅਸੀਂ ਉਹਨੂੰ ਸੁੱਤੇ ਪਏ ਨੂੰ ਹੀ ਛੱਡ ਕੇ ਆਏਬੇਸ਼ੱਕ ਡਰਾਇੰਗ ਰੂਮ ਵਿੱਚ ਨਿੱਕਲੇ ਸਾਡੇ ਸੂਟਕੇਸਾਂ ਵੱਲ ਦੇਖ ਕੇ ਉਹਨੇ ਆਪਣੇ ਵੱਲੋਂ ਜਾਗਦੇ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ ਸੀਪਿਛੋਂ ਪਰਮੀਤ ਨੇ ਫੋਨਤੇ ਦੱਸਿਆ ਕਿ ਸਵੇਰੇ ਸਾਡੇ ਖਾਲੀ ਬੈਡ ਦੇਖ ਕੇ ਉਹ ਡੌਰ-ਭੌਰ ਜਿਹਾ ਹੋ ਗਿਆ ਸੀ..ਏਨਾ ਬੋਲਣ ਵਾਲਾ ਮੁੰਡਾ ਜਮ੍ਹਾ ਈ ਪੱਥਰ.. ਟੀਚਰ ਨੇ ਉਹਨਾਂ ਨੂੰ ਸਕੂਲ ਬੁਲਾ ਕੇ ਆਪਣੇ ਇਸ ਪਿਆਰੇ ਵਿਦਿਆਰਥੀ ਦੇ ਇੰਜ ਗੁੰਮ-ਸੁੰਮ ਹੋ ਜਾਣ ਦੀ ਸ਼ਿਕਾਇਤ ਵੀ ਕੀਤੀ ਸੀ

----

ਅਸੀਂ ਉਥੇ ਕੋਈ ਸਾਢੇ ਕੁ ਤਿੰਨ ਮਹੀਨੇ ਠਹਿਰੇ ਸਾਂਇੱਕ ਦਿਨ ਕਹਿੰਦਾ,“ਵੱਦੇ ਪਾਪਾ! ਜਦੋਂ ਤੁਸੀਂ ਮੈਨੂੰ ਇੰਡੀਆ ਲੈ 'ਗੇ, ਜੇ ਮੈਂ ਉਥੇ ਰੋਇਆ ਤਾਂ ਫ਼ਿਕਰ ਨਾ ਕਰਿਓ!

ਤੂੰ ਕਿਉਂ ਰੋਵੇਂਗਾ ਬਾਜੀ?”

ਬਈ ਜੇ ਮੈਂ ਕਿਹਾ ਕੈਨੇਡਾ ਮੰਮਾ-ਪਾਪਾ ਕੋਲ ਜਾਣੈਂ..ਤੇ ਮੈਨੂੰ ਰੋਣ ਆ ਗਿਆ..ਫਿਰ ਥੋੜ੍ਹੇ ਟਾਈਮ ਪਿਛੋਂ ਮੈਂ ਆਪੇ ਚੁੱਪ ਕਰ ਜੂੰਗਾ..ਤੁਸੀਂ ਫ਼ਿਕਰ ਨਾ ਕਰਿਓ..ਓ.ਕੇ ?”

ਓ.ਕੇ

ਲੈ ਜੋਂਗੇ ਨਾ ਮੈਨੂੰ ਨਾਲ?”

ਉਹ ਕਿਸੇ ਬਹਾਨੇ ਦੀ ਗੁੰਜਾਇਸ਼ ਨਹੀਂ ਰਹਿਣ ਦੇਣਾ ਚਾਹੁੰਦਾ ਸੀਪਰ ਫਿਰ ਵੀ ਕੋਈ ਬੇਯਕੀਨੀ ਜਿਹੀ ਉਹਨੂੰ ਘੇਰੀ ਰੱਖਦੀਸ਼ਾਇਦ ਗੱਲਾਂ-ਬਾਤਾਂ ਸੁਣ ਕੇ ਉਹਨੂੰ ਸਾਡੇ ਚਲੇ ਜਾਣ ਬਾਰੇ ਵਿਸ਼ਵਾਸ਼ ਹੋ ਗਿਆ ਸੀ ਇੱਕ ਸ਼ਾਮ ਉਹ ਸਾਈਡ-ਵਾਕ ਉੱਤੇ ਸਾਈਕਲ ਚਲਾ ਰਿਹਾ ਸੀ ਤੇ ਮੈਂ ਭੱਜ-ਭੱਜ ਕੇ ਉਹਦੇ ਨਾਲ ਰਲ ਰਹੀ ਸਾਂਅਚਾਨਕ ਨਵੇਂ ਬਣਦੇ ਮਕਾਨਾਂ ਵੱਲ ਦੇਖ ਕੇ ਉਹਨੇ ਬਰੇਕ ਲਾ ਲਈ,

ਅੰਮੀ! ਜੇ ਤੁਸੀਂ ਸਾਡੇ ਵਾਲੇ ਘਰ ਨਹੀਂ ਰਹਿਣਾ ਤਾਂ ਏਥੇ ਹੋਰ ਹਾਊਸ ਲੈ ਲਓ..ਮੈਂ ਆਪਣੇ ਸਾਈਕਲਤੇ ਆ ਜਾਇਆ ਕਰੂੰ…”

ਮੈਂ ਇਹ ਕਿੱਸਾ ਟਾਲਣ ਲਈ ਮਕਾਨਾਂ ਦੇ ਉੱਤੋਂ ਦਿਸਦੇ ਪਹਾੜਾਂ ਵੱਲ ਉਂਗਲ ਕੀਤੀ,

ਬਾਜੀ! ਔਹ ਦੇਖ! ਗਰੌਸ ਮਾਊਂਟੇਨ 'ਤੇ ਸਨੋਅ ਪੈ ਗਈ..ਹੁਣ ਏਥੇ ਵੀ ਪੈਣ ਵਾਲੀ ਐ

ਬੱਲੇ ਜੀ ਬੱਲੇ! ਆਪਾਂ ਸਨੋਅ-ਮੈਨ ਬਣਾਵਾਂਗੇ..ਨਾਲੇ ਸਨੋਅ-ਬਾਲਜ਼..ਮੈਂ ਥੋਡੇ ਜ਼ੋਰ ਜ਼ੋਰ ਦੀ ਮਾਰੂੰ..ਤੁਸੀਂ ਬਣਾਈਆਂ ਕਦੇ ਪਹਿਲਾਂ ਸਨੋਅ-ਬਾਲਜ਼?” ਭੋਲਾ ਬਚਪਨ ਉਤਸ਼ਾਹ ਵਿੱਚ ਸਭ ਕੁਝ ਭੁੱਲ ਗਿਆ

ਇੱਕ ਦਿਨ ਸਵੇਰੇ ਜਾਗਦਾ ਹੀ ਉਹ ਬੋਲਿਆ,

ਵੱਦੇ ਪਾਪਾ! ਹੰਡਰਡ ਤੋਂ ਬਾਅਦ ਕੀ ਹੁੰਦਾ?”

ਥਾਊਜ਼ੈਂਡ…” “ਫੇਰ ?” “ਲੱਖ.. ਹੋਰ ਅੱਗੇ…?”

ਮਿਲੀਅਨ..ਬਿਲੀਅਨ..ਟਰਿਲੀਅਨ..

ਇਹ ਕਾਊਂਟਿੰਗ ਕਿੱਥੇ ਫਿਨਿਸ਼ ਹੁੰਦੀ ਐ..?”

ਬਹੁਤ ਦੂਰ..ਬਹੁਤ ਅੱਗੇ……”

ਤੁਸੀਂ ਨਾ! ਜਿੱਥੇ ਕਾਊਂਟਿੰਗ ਖਤਮ ਹੁੰਦੀ ਐ ੳਨੇ ਦਿਨ ਏਥੇ ਰਹਿ ਜਾਓ,ਪਿੱਛੋਂ ਭਾਵੇਂ ਚਲੇ ਜਾਇਓ

ਹਰ ਤੀਜੇ ਚੌਥੇ ਉਹਦੀ ਇਹੋ ਬਾਤ ਹੁੰਦੀ..ਪਤਾ ਨਹੀਂ ਕੀ ਕੀ ਤਰੀਕੇ ਲੱਭਦਾ ਰਹਿੰਦਾਓਦਣ ਤਾਂ ਹੱਦ ਹੀ ਹੋ ਗਈ..ਅਖੇ,

ਅੰਮੀ! ਤੁਸੀਂ ਏਸ ਲਈ ਇੰਡੀਆ ਜਾਣੈਂ ਕਿ ਥੋਡੇ ਪੈਸੇ ਮੁੱਕਗੇ?” ਉਹਦੇ ਗਲੇਡੂ ਭਰੇ ਹੋਏ ਸਨ

ਹਾਂ ਬਾਜੀ! ਹੋਰ ਪੈਸੇ ਲੈ ਕੇ ਅਸੀਂ ਛੇਤੀ ਆਜਾਂਗੇਮੈਨੂੰ ਜਾਣੀ ਸੌਖਾ ਜਿਹਾ ਹੱਲ ਮਿਲ ਗਿਆ

ਪਰ ਅਗਲੀ ਸਵੇਰ ਉਹ ਆਪਣੇ ਨਵੇਂ ਮਨਸੂਬੇ ਨਾਲ ਹਾਜ਼ਿਰ ਸੀ

ਅੰਮੀ! ਮੈਨੂੰ ਇੱਕ ਆਈਡੀਆ ਆਇਐ..ਫਿਰ ਥੋਨੂੰ ਇੰਡੀਆ ਨੀ ਜਾਣਾ ਪੈਣਾ..

ਉਹ ਕੀ ਬੇਟਾ?”

ਆਪਾਂ ਨਾ ਗਰਾਜ-ਸੇਲ ਲਾ ਦਿੰਨੇ ਆਂ..ਫਿਰ ਉਹ ਸਾਰੇ ਪੈਸੇ ਤੁਸੀਂ ਲੈ ਲਿਓ

ਗਰਾਜ-ਸੇਲ ਕੀ ਹੁੰਦੀ ਐ?” ਮੈਂ ਅਣਜਾਣ ਬਣ ਕੇ ਉਹਨੂੰ ਰਤਾ ਖੁਸ਼ੀ ਦੇਣ ਦੇ ਰਉਂ ਵਿੱਚ ਪੁੱਛਿਆ

ਲਓ ਜੀ! ਥੋਨੂੰ ਏਨਾ ਵੀ ਨੀ ਪਤਾ..ਘਰ ਦੀਆਂ ਚੀਜਾਂ ਬਾਹਰ ਕੱਢ ਕੇ ਸੇਲਤੇ ਲਾ ਦੇਈਦੀਆਂ ਨੇ..

ਲੋਕ ਪੈਸੇ ਦੇ ਜਾਂਦੇ ਐ..ਸਮਾਨ ਲੈ ਜਾਂਦੇ ਐ..

ਪਰ ਆਪਾਂ ਘਰ ਦਾ ਸਮਾਨ ਸੇਲਤੇ ਲਾ ਦਿਆਂਗੇ ਤਾਂ ਰਹਾਂਗੇ ਕਿੱਥੇ ? ਖਾਵਾਂ ਪੀਵਾਂਗੇ ਕਿਵੇਂ ?”

ਉਹ ਡੂੰਘੀ ਸੋਚ ਵਿੱਚ ਡੁੱਬ ਗਿਆ ..ਫਿਰ ਬੋਲਿਆ,

ਏਦਾਂ ਕਰਦੇ ਆਂ .. ਮੇਰੇ ਟੁਆਏਜ਼, ਵੀਡੀਓ ਗੇਮ ਤੇ ਸਟੋਰੀ ਬੁਕਸ ਸੇਲ ਤੇ ਲਾ ਦਿੰਨੇ ਆਂ..

ਉਫ!ਇਹ ਉਹ ਚੀਜ਼ਾਂ ਸਨ,ਜਿਹਨਾਂ ਵਿੱਚ ਉਹਦੀ ਜਾਨ ਸੀ, ਯੁਵਰਾਜ ਹੱਥ ਵੀ ਲਾਉਂਦਾ ਤਾਂ ਨਿਆਣੇ ਨੂੰ ਧੱਕੇ ਮਾਰ ਕੇ ਪਰ੍ਹਾਂ ਡੇਗ ਦਿੰਦਾ।

ਫਿਰ ਸ਼ਾਇਦ ਉਹਨੂੰ ਇਹ ਸੌਦਾ ਠੀਕ ਨਹੀਂ ਲੱਗਿਆਉਹ ਇੱਕ ਨਵੀਂ ਸਕੀਮ ਲੈ ਆਇਆ

ਮੈਂ ਹੈਰਾਨ ਸਾਂ ਕਿ ਉੱਪਰੋਂ ਖਾਮੋਸ਼ ਦਿਸਦੇ ਜੁਆਕ ਦੇ ਅੰਦਰੇ-ਅੰਦਰ ਕੀ ਉਥਲ-ਪੁਥਲ ਚੱਲ ਰਹੀ ਸੀ

ਅੰਮੀ! ਤੁਸੀਂ ਇੰਡੀਆ ਜਾਣ ਨੂੰ ਰਹਿਣ ਈ ਦਿਓ! ਉਹ ਤਾਂ ਬਈ ਬਹੁਤ ਗੰਦੈ

ਗੰਦਾ ਕਿਉਂ ਐ ਬੇਟਾ?”

ਉਥੇ ਬਹੁਤ ਕਾਕਰੋਚ ਹੁੰਦੇ ਐ

ਏਥੇ ਵੀ ਤਾਂ ਸਕੰਕ ਹੁੰਦੇ ਐ..ਰਕੂਨ ਹੁੰਦੇ ਐ..ਜਿਹਨਾਂ ਤੋਂ ਤੂੰ ਐਨਾ ਡਰਦਾ ਰਹਿੰਦੈਂ

ਓਹ ਯੈਸ!ਇਹ ਕੰਟਰੀ ਵੀ ਗੰਦੈ..

ਪਰ ਏਥੇ ਵਧੀਆ ਕੁਸ਼ ਵੀ ਤਾਂ ਹੈਗਾ.. ..ਤੇ ਇੰਡੀਆ 'ਚ ਵੀ ਬਹੁਤ ਕੁਸ਼ ਵਧੀਆ ਹੈਗਾ

ਮੈਂ ਪਰਵਾਸੀ ਬਚਪਨ ਨੂੰ ਅਣਪੁਗਦੀਆਂ ਸੋਚਾਂ ਤੋਂ ਬਚਾਉਣਾ ਚਾਹਿਆ।

ਹਾਂ ਜੀ! ਉਥੇ ਤਾਂ ਗੁਬਾਰੇ ਵਾਲੇ ਵੀ ਗਲੀਚ ਆ ਜਾਂਦੇ ਐ..ਪੀਂ-ਪੀਂ ਕਰਦੇ..ਆਈਸਕਰੀਮ ਵਾਲੇ ਵੀ. .ਨਾਲੇ ਕਿੰਨੀ ਸਾਰੀ ਮਿੱਟੀ..ਮੈਂ ਆਪਣੇ ਫਰੈਂਡਜ਼ ਨਾਲ ਘਰ ਬਣਾਉਂਦਾ ਹੁੰਦਾ ਸੀ..ਏਥੇ ਤਾਂ ਕੁਸ਼ ਵੀ ਨੀ ਹੈਗਾ

----

ਉਹਨੂੰ ਦੇਸ ਦੀਆਂ ਵਡਿਆਈਆਂ ਚੇਤੇ ਆ ਰਹੀਆਂ ਸੀ

ਇੰਡੀਆ ਥੋਨੂੰ ਬਹੁਤ ਚੰਗਾ ਲੱਗਦੈ ਅੰਮੀ?” ਉਹ ਗੁਆਚੇ ਦਿਨਾਂ 'ਚੋਂ ਬਾਹਰ ਆਇਆ

ਹਾਂ ਬਾਜੀ!

ਫਿਰ ਮੇਰੇ ਕੋਲ ਇੱਕ ਹੋਰ ਪੱਕਾ ਆਈਡੀਆ ਹੈਗ੍ਹਾ..

ਬਿਲਕੁਲ ਪੱਕਾ ?”

ੳਹ ਯੈਸ..ਰੌਂਗ ਹੋ ਈ ਨੀ ਸਕਦਾ..ਕਿਸੇ ਯਕੀਨ ਨਾਲ ਨਿੱਕੀ ਜਿਹੀ ਛਾਤੀ ਫੈਲਾਅ ਕੇ ਉਹਨੇ ਅੰਗੜਾਈ ਲਈ

ਦੱਸੋ..ਦੱਸੋ..

ਤੁਸੀਂ ਇੰਡੀਆ ਨੂੰ ਏਥੇ ਬੁਲਾ ਲਓ

ਹਾਏ ਰੱਬਾ!ਹੁਣ ਕੀ ਕਹਾਂ ਇਹਨੂੰ?ਆਖਿਰ ਇਹੋ ਸੁਝਿਆ,“ਬਾਜੀ! ਏਥੇ ਕਿਵੇਂ ਆਊਗਾ ਇੰਡੀਆ?”

ਐਰੋਪਲੇਨਚ ਬਹਿ ਕੇ

ਪਰ ਇੰਡੀਆ ਤਾਂ ਬਹੁਤ ਵੱਡੈ..ਐਰੋਪਲੇਨ 'ਚ ਕਿਵੇਂ ਬੈਠੂਗਾ?”

ਫਿਰ ਬਹੁਤ ਵੱਡੇ ਐਰੋਪਲੇਨ ਚ ਬੈਠ ਜਾਏ

ਮੈਨੂੰ ਕੋਈ ਜਵਾਬ ਨਹੀਂ ਸੀ ਔੜ ਰਿਹਾ ਕਿ ਉਹ ਬੋਲਿਆ, “ਆਪਾਂ ਨਾ ! ਏਦਾਂ ਕਰਦੇ ਆਂ..

ਏਥੋਂ ਟਿਕਟ ਭੇਜ ਦਿੰਨੇ ਆਂ, ਤੁਸੀਂ ਆਖਿਓ, “ਇੰਡੀਆ! ਤੈਨੂੰ ਗੁਰਬਾਜ਼ ਬੁਲਾਉਂਦੈ..ਫਿਰ ਪੱਕਾ ਆ ਜੂਗਾ ਏਥੇ

ਆ ਜੂਗਾ ਨਾ ਅੰਮੀ ?”

ਹਾਂ ਬੇਟਾ..ਮੇਰੇ ਭਰੇ ਹੋਏ ਗੱਚ ਕੋਲ ਹੋਰ ਕੋਈ ਚਾਰਾ ਨਹੀਂ ਸੀ


No comments: