ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, April 8, 2009

ਬਲਬੀਰ ਸਿੰਘ ਮੋਮੀ - ਸਵੈ ਜੀਵਨੀ

ਕਿਹੋ ਜਿਹਾ ਸੀ ਜੀਵਨ
ਸਵੈ ਜੀਵਨੀ

(ਬਹੁਤ ਸਾਰੇ ਦੋਸਤਾਂ, ਪਾਠਕਾਂ ਅਤੇ ਸਾਥੀ ਲੇਖਕਾਂ ਦੇ ਸੁਝਾਵਾਂ ਨੂੰ ਮੰਨਦਿਆਂ ਮੈਂ ਆਪਣੀ ਸਵੈ ਜੀਵਨੀ ਕਿਸ਼ਤਵਾਰ ਲਿਖਣੀ ਸ਼ਰੂ ਕਰ ਦਿੱਤੀ ਹੈਭਾਵੇਂ ਮੇਰੀ ਵਿਕੋਲਿਤਰੀ ਜ਼ਿੰਦਗੀ ਕੋਈ ਮਹਾਨਤਾ ਨਹੀਂ ਰੱਖਦੀ ਤੇ ਨਾ ਹੀ ਮੈਂ ਆਪਣੇ ਆਪ ਨੂੰ ਕੋਈ ਉਚ ਕੋਟੀ ਦਾ ਲੇਖਕ, ਵਿਦਵਾਨ ਜਾਂ ਸਿਆਣਾ ਵਿਅਕਤੀ ਹੀ ਸਮਝਦਾ ਹਾਂ ਪਰ ਏਨਾ ਕੁ ਅਹਿਸਾਸ ਜ਼ਰੂਰ ਹੈ ਕਿ ਮੇਰੇ ਜੀਵਨ ਵਿਚ ਸਾਧਾਰਨਤਾ ਤੋਂ ਉੱਚਾ ਉੱਠ ਕੇ ਕੁਝ ਨਾ ਕੁਝ ਅਨੋਖਾ ਜ਼ਰੂਰ ਹੈ ਜੋ ਪਾਠਕਾਂ ਨੂੰ ਅਨੇਕਾਂ ਅਲੋਕਾਰੀ, ਖੱਟੀਆਂ, ਮਿੱਠੀਆਂ, ਕੌੜੀਆਂ, ਖਾਰੀਆਂ ਤੇ ਕੁਸੈਲੀਆਂ ਯਾਦਾਂ ਤੇ ਤਜ਼ਰਬਿਆਂ ਨਾਲ ਜੋੜ ਸਕਦਾ ਹੈਇਸ ਵਿਚ 1947 ਦੀ ਭਾਰਤ ਵੰਡ ਦਾ ਅੱਖੀਂ ਡਿੱਠਾ ਭਿਆਨਕ ਉਜਾੜਾ, ਲੱਖਾਂ ਦੀ ਗਿਣਤੀ ਵਿਚ ਹੋਈਆਂ ਅਣਲਿਖਤ ਮੌਤਾਂ ਤੇ ਮੁੜ ਮੁੜ ਕੇ ਉਜੜਨ ਦੇ ਵਸੇਬੇ ਦਾ ਕੁਰਲਾਉਂਦਾ ਦੁਖਾਂਤ ਸ਼ਾਮਲ ਹੈਜੀਵਨੀ ਲਿਖਣ ਦੀ ਸਭ ਤੋਂ ਵਡੀ ਸਮੱਸਿਆ ਹੈ ਸੱਚ ਲਿਖਣਾ ਜੋ ਬਹੁਤ ਕੌੜਾ ਲੱਗਦਾ ਹੈ ਅਤੇ ਝੂਠ ਲਿਖਣ ਨੂੰ ਜ਼ਮੀਰ ਨਹੀਂ ਮੰਨਦੀਜ਼ਿੰਦਗੀ ਦੇ ਇਸ ਲੰਮੇ ਸਫ਼ਰ ਵਿਚ ਅਮੀਰੀ ਤੇ ਗਰੀਬੀ ਹੰਢਾਈ, ਕਈ ਚੰਗੇ ਮਾੜੇ ਦੋਸਤ ਮਿਲੇਜੀਵਨ ਭਰ ਦਾ ਸਾਥ ਨਿਭਾਣ ਦੀਆਂ ਕਸਮਾਂ ਖਾਣ ਵਾਲੀਆਂ ਕਈ ਮਨ ਮੋਹਣੀਆਂ ਸੂਰਤਾਂ ਆਈਆਂ ਤੇ ਗਈਆਂ ਪਰ ਪਾਤਰਾਂ ਦੇ ਰੂਪ ਵਿਚ ਉਹ ਮੇਰੀਆਂ ਦਿਲਕਸ਼ ਲਿਖਤਾਂ ਵਿਚ ਬਿਰਾਜਮਾਨ ਹੋ ਗਈਆਂਦੁੱਖ ਸੁੱਖ ਦੇ ਸੱਪ ਕੰਢਿਆਂ ਅੰਦਰ ਦਿਲ ਗੰਗਾ ਦੀ ਧਾਰਾ ਵਾਂਗ ਵਹਿੰਦਾ ਰਿਹਾਜੀਵਨ ਦੇ ਡੂੰਘੇ ਸਰ ਦੀ ਝਾਤ ਕੋਈ ਵੀ ਨਾ ਪਾ ਸਕਿਆਸ਼ਾਇਦ ਮੈਂ ਖ਼ੁਦ ਵੀ ਨਹੀਂ - ਲੇਖਕ)

ਕਿਸ਼ਤ 1

ਚਾਰ ਚੁਫ਼ੇਰੇ ਮੌਤ ਹੀ ਮੌਤ

ਪਿਛੇ ਮੁੜ ਕੇ ਵੇਖਦਾ ਹਾਂ ਤਾਂ ਮਨ ਅਤੇ ਸੋਚ ਦੀ ਸੂਈ 1947 ਦੇ ਆਰ ਪਾਰ ਜਾ ਕੇ ਰੁਕ ਜਾਂਦੀ ਹੈਭੁਲਾਇਆਂ ਵੀ ਨਹੀਂ ਭੁਲਦਾ ਕਿ ਪਾਕਿਸਤਾਨ ਬਨਣ ਤੋਂ ਪਹਿਲਾਂ ਅਤੇ ਪਿਛੋਂ ਦਾ ਸਮਾਂ ਜਦੋਂ ਅਸੀਂ ਬਾਰ ਦੇ ਨਵਾਂ ਪਿੰਡ, ਚੱਕ ਨੰਬਰ 78, ਜਿਲ਼ਾ ਸ਼ੇਖੂਪੁਰਾ ਵਿਚ ਰਿਹਾ ਕਰਦੇ ਸਾਂ ਜਿਥੇ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਨਵਾਂ ਪਿੰਡ ਤੋਂ ਉੱਠ ਕੇ ਸਾਡੇ ਵਡੇਰਿਆਂ ਨੂੰ ਅੰਗਰੇਜ਼ਾਂ ਵੱਲੋਂ ਮੁਰੱਬੇ ਮਿਲੇ ਹੋਏ ਸਨਅਸਲੀਅਤ ਇਹ ਸੀ ਕਿ ਮੁਖ ਤੌਰ ਤੇ ਇਹ ਮੁਰੱਬੇ ਪਹਿਲਾਂ ਜੰਗਲ ਸਨ ਤੇ ਵਡੇਰਿਆਂ ਨੇ ਇਹਨਾਂ ਜੰਗਲਾਂ ਨੂੰ ਬੜੀ ਸਖ਼ਤ ਮਿਹਨਤ ਕਰ ਕੇ ਸਾਫ ਕਰ ਵਾਹੀ ਹੇਠ ਲਿਆ ਇਸ ਇਲਾਕੇ ਨੂੰ ਆਬਾਦ ਕੀਤਾ ਸੀਅੰਗਰੇਜ਼ ਹਕੂਮਤ ਦਾ ਵਾਧਾ ਇਹ ਸੀ ਕਿ ਉਹਨਾਂ ਨੇ ਹਿੰਦੋਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਇਲਾਕੇ ਨੂੰ ਨਹਿਰਾਂ ਕੱਢ ਕੇ ਪਾਣੀ ਦਿੱਤਾ ਸੀਇਹਨਾਂ ਥਾਵਾਂ ਤੇ ਪਹੁੰਚਣ ਲਈ ਰੇਲਵੇ ਲਾਈਨ ਵਿਛਾਈ ਸੀ ਤੇ ਸੜਕਾਂ ਬਣਾਈਆਂ ਸਨਸਕੂਲ ਤੇ ਹਸਪਤਾਲ ਖੋਲ੍ਹੇ ਸਨ ਤੇ ਵੱਡੇ ਵੱਡੇ ਸ਼ਹਿਰਾਂ ਵਿਚ ਬਿਜਲੀ ਲਿਆਂਦੀ ਸੀਚਿੱਠੀ ਪੱਤਰ ਰਾਹੀਂ ਇਕ ਦੂਜੇ ਤਕ ਸੁੱਖ ਸਾਂਦ ਜਾਂ ਕੋਈ ਅਫ਼ਸੋਸ ਦੀ ਖਬਰ ਪੁਚਾਉਣ ਲਈ ਡਾਕਖਾਨੇ ਤੇ ਤਾਰ ਘਰ ਖੋਲ੍ਹੇ ਸਨਲੋਕਾਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਲਈ ਇੰਡੀਅਨ ਪੈਨਲ ਕੋਡ ਬਣਾਇਆ ਸੀਜੁਰਮਾਂ ਨੂੰ ਰੋਕਣ ਲਈ ਪੋਲੀਸ ਦਾ ਮਹਿਕਮਾ ਕਾਇਮ ਕਰ ਕੇ ਥਾਣੇ ਬਣਾਏ ਸਨ ਤੇ ਇਨਸਾਫ ਪ੍ਰਾਪਤ ਕਰਨ ਲਈ ਕੋਰਟਾਂ ਕਾਇਮ ਕੀਤੀਆਂ ਸਨ ਜਿਥੇ ਫੌਜਦਾਰੀ ਤੇ ਦੀਵਾਨੀ ਮੁਕਦਮੇ ਚੱਲਦੇ ਸਨਇਸ ਤਰ੍ਹਾਂ ਦੇ ਨਵੇਂ ਮਹਿਕਮੇ ਬਣਾ ਕੇ ਅਤੇ ਫੌਜੀ ਭਰਤੀ ਕਰ ਕੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਸੀਭਾਵੇਂ ਕਈ ਲੋਕਾਂ ਨੂੰ ਨੌਕਰੀਆਂ ਮਿਲ ਗਈਆਂ ਸਨ ਪਰ ਨਸਲੀ ਵਿਤਕਰੇ ਕਾਰਨ ਹਿੰਦੋਸਤਾਨ ਦੇ ਲੋਕ ਅੰਗਰੇਜ਼ਾਂ ਕੋਲੋਂ ਆਜ਼ਾਦੀ ਚਹੁੰਦੇ ਸਨਅੰਗਰੇਜ਼ਾਂ ਨੇ ਸਾਰੇ ਭਾਰਤ ਉੱਤੇ ਕਰੀਬ ਦੋ ਸੌ ਸਾਲ ਅਤੇ ਪੰਜਾਬ ਉੱਤੇ ਕਰੀਬ ਸੌ ਸਾਲ ਰਾਜ ਕੀਤਾ ਸੀਪੰਜਾਬ ਦਾ ਰਾਜ ਅੰਗਰੇਜ਼ਾਂ ਨੇ ਸਿੱਖਾਂ ਤੋਂ ਖੋਹਿਆ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੋਈ ਆਪੋ ਧਾਪੀ ਅਤੇ ਖਾਨਾਜੰਗੀ ਕਾਰਨ ਪਾਟ ਗਏ ਸਨਸਿੱਖ ਰਾਜ ਨੂੰ ਸੰਭਾਲਣ ਵਾਲਾ ਕੋਈ ਯੋਗ ਸਿੱਖ ਹੁਕਮਰਾਨ ਬਾਕੀ ਨਹੀਂ ਰਿਹਾ ਸੀਅੱਥਰੀਆਂ ਤੇ ਬੇਲਗਾਮ ਫੌਜਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਿਥੀ ਹੱਦ ਟੱਪ ਕੇ ਅੰਗਰੇਜ਼ਾਂ ਦੇਖ ਰੇਖ ਹੇਠ ਵਾਲੇ ਇਲਾਕਿਆਂ ਮੁਦਕੀ, ਫੇਰੂ ਸ਼ਹਿਰ (ਫਿਰੋਜ਼ ਸ਼ਾਹ), ਸਭਰਾਵਾਂ ਆਦਿ ਥਾਵਾਂ ਤੇ ਅੰਗਰੇਜ਼ ਫੌਜ ਨਾਲ ਲੜਾਈਆਂ ਵਿਚ ਹਾਰ ਖਾਧੀ ਸੀਓਸ ਵੇਲੇ ਦੇ ਮਸ਼ਹੂਰ ਸ਼ਾਇਰ ਸ਼ਾਹ ਮੁਹਮੰਦ ਨੇ ਜੰਗਨਾਮਾ ਸਿੱਖਾਂ ਅਤੇ ਅੰਗਰੇਜ਼ਾਂ ਵਿਚ ਹੋਈਆਂ ਲੜਾਈਆਂ ਅਤੇ ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ਾ ਕਰਨ ਦਾ ਜੋ ਹਿਰਦੇ ਵੇਧਕ ਜ਼ਿਕਰ ਕੀਤਾ ਹੈ, ਓਸ ਵੇਲੇ ਦੇ ਪੰਜਾਬ ਨੂੰ ਸਮਝਣ ਲਈ ਕਿਤੇ ਵੀ ਨਹੀਂ ਮਿਲਦਾ29 ਮਾਰਚ, ਸੰਨ 1849 ਈ. ਵਿਚ ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ਾ ਕਰ ਕੇ ਇਸ ਨੂੰ ਹਿੰਦੋਸਤਾਨ ਵਿਚ ਮਿਲਾ ਲਿਆਫਿਰ ਓਹ ਸਮਾਂ ਆਇਆ ਜਦੋਂ ਪੰਜਾਬ ਅਤੇ ਹਿੰਦੋਸਤਾਨ ਦੇ ਲੋਕਾਂ ਨੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਅਤੇ ਅੰਦੋਲਨਾਂ ਦੁਆਰਾ ਅੰਗਰੇਜ਼ ਹਕੂਮਤ ਨੂੰ ਮਜਬੂਰ ਕਰ ਦਿਤਾ ਕਿ ਉਹ ਹਿੰਦੋਸਤਾਨ ਨੂੰ ਆਜ਼ਾਦ ਕਰ ਦੇਣ

----

ਇਹ ਘਟਨਾ ਅਗਸਤ 1947 ਦੇ ਮੁੱਢਲੇ ਦਿਨਾਂ ਦੀ ਹੈਅਜੇ ਪਾਕਿਸਤਾਨ ਬਨਣ ਦਾ ਐਲਾਨ ਨਹੀਂ ਸੀ ਹੋਇਆ ਪਰ ਮੁਸਲਿਮ ਲੀਡਰ ਮੁੰਹਮਦ ਅਲੀ ਜਿਨਾਹ ਦੀ ਮੰਗ ਸੀ ਕਿ ਹਿੰਦੋਸਤਾਨ ਨੂੰ ਆਜ਼ਾਦ ਕਰਨ ਵੇਲੇ ਮੁਸਲਮਾਨਾਂ ਦੀ ਵਧੇਰੇ ਵੱਸੋਂ ਵਾਲੇ ਇਲਾਕੇ ਵੰਡ ਕੇ ਵਖਰਾ ਮੁਲਕ ਪਾਕਿਸਤਾਨ ਬਣਾ ਦਿਤਾ ਜਾਵੇਹਿੰਦੂ, ਸਿੱਖ ਅਤੇ ਮੁਸਲਿਮ ਨੇਤਾ ਆਪੋ ਆਪਣੀਆਂ ਵਿਚਾਰਾਂ ਲੈ ਕੇ ਮੁਲਕ ਦੇ ਗੋਰੇ ਹਾਕਮਾਂ ਅਗੇ ਲੰਮੇ ਸਮੇਂ ਤੋਂ ਆਪਣੇ ਪੱਖ ਪੇਸ਼ ਕਰ ਰਹੇ ਸਨਲਾਰਡ ਮਾਊਂਟ ਬੈਟਨ ਓਸ ਵੇਲੇ ਸਾਰੇ ਹਿੰਦੋਸਤਾਨ ਦਾ ਗਵਰਨਰ ਜਨਰਲ ਸੀਹਿੰਦੋਸਤਾਨ ਦੀਆਂ ਰਿਆਸਤਾਂ ਕਿਸ ਪਾਸੇ ਜਾਣਗੀਆਂ, ਵਰਗੀਆਂ ਅੜਿੱਚਣਾਂ ਵੀ ਦੇਸ਼ ਦੀ ਵੰਡ ਲਈ ਭਾਰੀ ਅੜਿਕਾ ਬਣੀਆਂ ਹੋਈਆਂ ਸਨਖਚਰਾ ਗੋਰਾ ਦਿਮਾਗ ਭਾਵੇਂ ਹਿੰਦੋਸਤਾਨ ਨੂੰ ਆਜ਼ਾਦੀ ਦੇਣ ਲਈ ਮਜਬੂਰ ਹੋ ਚੁਕਾ ਸੀ ਪਰ ਉਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਕੇ ਮੁਲਕ ਨੂੰ ਆਜ਼ਾਦ ਕਰਨਾ ਚਹੁੰਦਾ ਸੀ ਜਿਸ ਦੇ ਸੇਕ ਨਾਲ ਆਉਣ ਵਾਲੇ ਸਮੇਂ ਵਿਚ ਇਸ ਦੇਸ਼ ਦੇ ਲੋਕ ਕਦੇ ਵੀ ਚੈਨ ਨਾਲ ਜੀ ਨਾ ਸਕਣ

----

ਆਖਰ ਇੰਡੀਅਨ ਇੰਡੀਪੈਂਡੈਕਸ ਐਕਟ 1947 ਅਨੁਸਾਰ ਹਿੰਦੋਸਤਾਨ ਦੀ ਵੰਡ ਕਰ ਕੇ 14 ਅਗਸਤ, 1947 ਦੀ ਰਾਤ ਨੂੰ ਸੈਂਕੜਿਆਂ ਵਰ੍ਹਿਆਂ ਦੀ ਅੰਗਰੇਜ਼ਾਂ ਦੀ ਤੇ ਉਸ ਤੋਂ ਪਹਿਲਾਂ ਹੋਏ ਮੁਸਲਿਮ ਹੁਕਮਰਾਨਾਂ ਜਿਵੇਂ ਮੁਗਲਾਂ, ਲੋਧੀਆਂ, ਖਿਲਜੀਆਂ, ਤੁਗਲਕਾਂ, ਕੁਤਬਦੀਨ ਐਬਕ, ਅਲਤਮਸ਼, ਬਲਬਨ, ਖਾਨਦਾਨੇ ਗੁਲਾਮਾਂ, ਸੁਬਕਤਗੀਨ ਤੇ ਉਸਦੇ ਪੁਤਰ ਮਹਿਮੂਦ ਗਜ਼ਨਵੀ, ਸਈਅਦਾਂ, ਮੁਹਮੰਦ ਗੌਰੀ ਅਤੇ ਇਬਨ ਬਿਨ ਕਾਸਮ ਆਦਿ ਦੀਆਂ ਭਾਰਤ ਦੇ ਲੋਕਾਂ ਵੱਲੋਂ ਸਮੇਂ ਸਮੇਂ ਹੰਢਾਈਆਂ ਲੁੱਟਾਂ ਅਤੇ ਗੁਲਾਮੀਆਂ ਤੋਂ ਬਾਅਦ ਹਿੰਦੋਸਤਾਨ ਦੇ ਦੋ ਟੁਕੜੇ ਕਰ ਕੇ ਮੁਲਕ ਆਜ਼ਾਦ ਕਰ ਦਿਤਾ ਗਿਆ ਅਤੇ ਬ੍ਰਿਟਿਸ਼ ਇੰਡੀਅਨ ਐਮਪਾਇਰ ਦਾ ਅੰਤ ਹੋ ਗਿਆਹਿੰਦੋਸਤਾਨ ਦੀਆਂ 562 ਰਾਜਿਆਂ ਦੀਆਂ ਰਿਆਸਤਾਂ ਵਿਚੋਂ ਸਭ ਤੋਂ ਵਡੀ ਸਮਸਿਆ ਰਿਆਸਤ ਜੰਮੂ ਕਸ਼ਮੀਰ ਦੀ ਸੀ ਜਿਸ ਦਾ ਮੁਖੀ ਹਿੰਦੂ ਮਹਾਰਾਜਾ ਹਰੀ ਸਿੰਘ ਡੋਗਰਾ ਸੀ ਅਤੇ ਪਰਜਾ ਵਧੇਰੇ ਤੌਰ ਤੇ ਮੁਸਲਮਾਨ ਸੀ1947 ਵਿਚ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਇੰਡੋ ਪਾਕਿਸਤਾਨ ਬਣ ਉਭਰੀ ਲੜਾਈ ਦੋਹਾਂ ਮੁਲਕਾਂ ਦੀ ਵੰਡ ਵਿਚ ਇਕ ਅਜਿਹੇ ਜ਼ਹਿਰ ਆਲੂਦਾ ਕਿੱਲ ਵਾਂਗ ਠੁਕ ਕੇ ਬਾਕੀ ਰਹਿ ਗਈ ਜੋ ਪਿਛੋਂ ਨਾਸੂਰ ਦਾ ਰੂਪ ਧਾਰ ਕੇ ਰਹਿ ਗਈ

----

ਵੱਢ ਟੁੱਕ, ਛੁਰੇ ਬਾਜ਼ੀ ਅਤੇ ਮੁਸਲਮਾਨਾਂ ਵੱਲੋਂ ਹਿੰਦੂ ਸਿੱਖਾਂ ਅਤੇ ਹਿੰਦੂ ਸਿੱਖਾਂ ਵੱਲੋਂ ਮੁਸਲਮਾਨਾਂ ਨੂੰ ਮਾਰਨ ਮਰਾਨ ਦੀਆਂ ਖਬਰਾਂ ਪਿਛਲੇ ਕਈ ਮਹੀਨਿਆਂ ਤੋਂ ਆਮ ਬਣ ਕੇ ਰਹਿ ਗਈਆਂ ਸਨਕਿਸੇ ਕਿਸੇ ਵੇਲੇ ਗੱਡੀ ਵਿਚ ਇਕ ਫਿਰਕੇ ਦੇ ਸਵਾਰ ਸਾਰੇ ਦੇ ਸਾਰੇ ਮੁਸਾਫਰਾਂ ਨੂੰ ਵੱਢਣ ਦੀਆਂ ਖਬਰਾਂ ਵੀ ਆ ਜਾਂਦੀਆਂਅਫਵਾਹਾਂ ਆਂਦੀਆਂ ਕਿ ਜੇ ਮੁਸਲਮਾਨਾਂ ਦੀ ਵੱਢੀ ਗੱਡੀ ਅੰਮ੍ਰਿਤਸਰੋਂ ਲਾਹੌਰ ਵੱਲ ਆਉਂਦੀ ਤਾਂ ਲਾਹੌਰ ਵੱਲੋਂ ਹਿੰਦੂ ਸਿੱਖਾਂ ਦੀ ਵੱਢੀ ਗੱਡੀ ਅੰਮ੍ਰਿਤਸਰ ਨੂੰ ਭੇਜ ਦਿਤੀ ਜਾਂਦੀਸ਼ਹਿਰਾਂ ਵਿਚ ਛੁਰੇਬਾਜ਼ੀ ਦੀਆਂ ਖ਼ਬਰਾਂ ਲਾਹੌਰ ਰੇਡੀਓ ਤੋਂ ਨਸ਼ਰ ਹੁੰਦੀਆਂ ਸਨਸਾਡੇ ਪਿੰਡ ਨੂੰ ਲਗਦੀ ਮੰਡੀ ਢਾਬਾਂ ਸਿੰਘ ਦੇ ਸਟੇਸ਼ਨ ਤੇ ਬਲੋਚ ਮਿਲਟਰੀ ਨੇ ਗੱਡੀ ਖਲ੍ਹਾਰ ਕੇ ਮੰਡੀ ਦੇ ਲੋਕਾਂ ਤੇ ਅੰਨ੍ਹੇ ਵਾਹ ਗੋਲਾ ਬਾਰੀ ਕੀਤੀ ਅਤੇ ਮੰਡੀ ਲੁੱਟੀ ਸੀਮੰਡੀ ਵਿਚ ਵਧੇਰੇ ਤੌਰ ਤੇ ਹਿੰਦੂਆਂ ਜਾਂ ਸਿੱਖਾਂ ਦੀ ਆਬਾਦੀ ਸੀਮੰਡੀ ਦੇ ਖੱਤਰੀ, ਮਹਾਜਨ ਤੇ ਅਰੋੜੇ ਬਾਲ ਬੱਚੇ ਸਮੇਤ ਮੰਡੀ ਛੱਡ ਕੇ ਜਾਨਾਂ ਬਚਾਉਂਦੇ ਸਾਡੇ ਅਤੇ ਲਾਗਲੇ ਪਿੰਡਾਂ ਵਿਚ ਪਨਾਹ ਲੈਣ ਲਈ ਭੱਜ ਆਏ ਸਨਕਈਆਂ ਨੇ ਸਾਡੇ ਪਿੰਡ ਦੇ ਗੁਰਦਵਾਰੇ ਜਾਂ ਸਾਡੇ ਘਰਾਂ ਵਿਚ ਡੇਰੇ ਲਾ ਲਏ ਸਨਲੋਕ ਸ਼ਰ੍ਹੇਆਮ ਮੰਡੀ ਦੀਆਂ ਦੁਕਾਨਾਂ ਵਿਚੋਂ ਸਾਮਾਨ ਚੁੱਕ ਚੁੱਕ ਕੇ ਲਿਜਾ ਰਹੇ ਸਨ ਤੇ ਉਹਨਾਂ ਨੂੰ ਰੋਕਣ ਜਾਂ ਹਟਕਣ ਵਾਲਾ ਕੋਈ ਨਹੀਂ ਸੀਉਜੜੀ ਮੰਡੀ ਵਿਚੋਂ ਲੋਕ ਵੜੇਵਿਆਂ ਦੀਆਂ ਬੋਰੀਆਂ ਲਿਆ ਕੇ ਆਪਣੇ ਪਸ਼ੂਆਂ ਅਗੇ ਸੁਟ ਰਹੇ ਸਨ ਪਰ ਪਸ਼ੂ ਇਹਨਾਂ ਵੜੇਵਿਆਂ ਨੂੰ ਮੂੰਹ ਨਹੀਂ ਲਾ ਰਹੇ ਸਨਇਥੋਂ ਤਕ ਕਿ ਪਸ਼ੂਆਂ ਨੇ ਸਾਬਤ ਵੱਢ ਕੇ ਲਿਆਂਦੀ ਚਰ੍ਹੀ ਤੇ ਮੱਕੀ ਦੇ ਟਾਂਡੇ ਜੋ ਉਹਨਾਂ ਅੱਗੇ ਸੁਟੇ ਜਾਂਦੇ ਸਨ, ਉਹ ਵੀ ਖਾਣੇ ਛੱਡ ਦਿੱਤੇ ਸਨਮੈਂ ਵੀ ਆਪਣੇ ਹਾਣੀਆਂ ਨਾਲ ਘਰ ਦਿਆਂ ਤੋਂ ਚੋਰੀ ਉੱਜੜੀ ਮੰਡੀ ਵੇਖਣ ਗਿਆ ਕੁਝ ਕਿਤਾਬਾਂ ਤੇ ਕਾਪੀਆਂ ਚੁੱਕ ਲਿਆਇਆ

----

ਪਿਸ਼ਾਵਰ ਅਤੇ ਰਾਵਲਪਿੰਡੀ ਦੇ ਸਿੱਖ ਤੇ ਹਿੰਦੂ ਜਿਨ੍ਹਾਂ ਨੂੰ ਭਾਪੇ ਕਹਿੰਦੇ ਸਨ, ਪਹਿਲਾਂ ਹੀ ਆਪਣੇ ਪਰਿਵਾਰਾਂ ਨੂੰ ਸਾਡੇ ਪਿੰਡ ਜਾਂ ਲਾਗਲੇ ਪਿੰਡਾਂ ਵਿਚ ਛੱਡ ਗਏ ਸਨ ਤੇ ਵਿਚ ਵਿਚਾਲੇ ਚੱਕਰ ਮਾਰਦੇ ਰਹਿੰਦੇ ਸਨਉਹਨਾਂ ਨੂੰ ਪਤਾ ਨਹੀਂ ਸੀ ਕਿ ਸ਼ੇਖੂਪੁਰਾ ਜਿਲ਼ਾ ਵੀ ਪਾਕਿਸਤਾਨ ਵਿਚ ਆ ਜਾਣਾ ਹੈਉਹਨਾਂ ਦਾ ਖ਼ਿਆਲ ਸੀ ਕਿ ਬਾਬਾ ਨਾਨਕ ਦਾ ਨਨਕਾਣਾ ਅਤੇ ਸੱਚਾ ਸੌਦਾ ਜ਼ਿਲਾ ਸ਼ੇਖੂਪੁਰਾ ਵਿਚ ਹੋਣ ਕਰ ਕੇ ਇਹ ਇਲਾਕਾ ਪਾਕਿਸਤਾਨ ਵਿਚ ਨਹੀਂ ਆਵੇਗਾਜਦ ਹੱਦਬੰਦੀ ਹੋ ਜਾਵੇਗੀ ਤੇ ਰੌਲੇ ਗੌਲੇ ਮੱਠੇ ਪੈ ਜਾਣਗੇ ਤਾਂ ਫਿਰ ਆਪਣੇ ਇਲਾਕੇ ਜਾਂ ਘਰਾਂ ਨੂੰ ਪਰਤ ਜਾਵਾਂਗੇ

----

ਵੰਡ ਵੇਲੇ ਮੇਰੀ ਉਮਰ ਬਾਰਾਂ ਸਾਲ ਤੋਂ ਉਤੇ ਸੀ ਤੇ ਮੈਂ ਪਿੰਡ ਦੇ ਖਾਲਸਾ ਹਾਈ ਸਕੂਲ ਦੀ ਅੱਠਵੀਂ ਜਮਾਤ ਵਿਚ ਪੜ੍ਹਦਾ ਸਾਂਗਰਮੀਆਂ ਦੀਆਂ ਛੁਟੀਆਂ ਕਾਰਨ ਸਕੂਲ ਬੰਦ ਸਨਸਾਡੀ ਤੇ ਹੈੱਡਮਾਸਟਰ ਹਰਨਾਮ ਸਿੰਘ ਦੇ ਘਰ ਦੀ ਕੰਧ ਸਾਂਝੀ ਸੀਸਾਂਝੀ ਕੰਧ ਦੇ ਸਾਡੇ ਤੇ ਉਹਨਾਂ ਵਾਲੇ ਪਾਸੇ ਖੁਰਲੀਆਂ ਸਨ ਜਿਥੇ ਸਾਡੇ ਤੇ ਉਹਨਾਂ ਦੇ ਪਸ਼ੂ ਮੱਝਾਂ, ਗਊਆਂ ਤੇ ਬਲਦ ਬੱਝਦੇ ਸਨਓਸ ਵੇਲੇ ਸਾਡੇ ਪਿੰਡ ਨਵਾਂ ਪਿੰਡ, ਚੱਕ ਨੰਬਰ 78 ਜਿਲ਼ਾ ਸ਼ੇਖੂਪੁਰਾ ਵਿਚ ਸਿਰਫ ਇਕ ਰੇਡੀਓ ਸੀ ਜੋ ਹੈਡਮਾਸਟਰ ਹਰਨਾਮ ਸਿੰਘ ਦੀ ਬੈਠਕ ਵਿਚ ਹੁੰਦਾ ਸੀਸ਼ਾਮੀਂ ਇਹ ਰੇਡੀਓ ਬਾਹਰ ਥੜ੍ਹੇ ਤੇ ਲਿਆ ਕੇ ਮੇਜ਼ ਤੇ ਰੱਖ ਕੇ ਤੇ ਬੈਟਰੀ ਵਿਚ ਰੇਡੀਓ ਦਾ ਸਵਿਚ ਅਤੇ ਏਰੀਅਲ ਦੀ ਤਾਰ ਰੇਡੀਓ ਵਿਚ ਫਿੱਟ ਕਰਨਾ ਮੇਰਾ ਕੰਮ ਸੀਓਸ ਸਮੇਂ ਸਾਡੇ ਪਿੰਡ ਤਾਂ ਕੀ ਮੰਡੀ ਵਿਚ ਵੀ ਬਿਜਲੀ ਨਹੀਂ ਸੀ ਆਈਇਸ ਲਈ ਇਹ ਰੇਡੀਓ ਲਾਗੇ ਰੱਖੀ ਬੈਟਰੀ ਨਾਲ ਹੀ ਚੱਲਦਾ ਸੀਸ਼ਾਮੀਂ ਬੈਠਕ ਦੇ ਬਾਹਰ ਬਣੇ ਥੜ੍ਹੇ 'ਤੇ ਪਾਣੀ ਛਿੜਕ ਕੇ ਮੰਜੇ ਡਾਹ ਦਿਤੇ ਜਾਂਦੇ ਤੇ ਰੇਡੀਓ ਤੇ ਦੇਹਾਤੀ ਪਰੋਗਰਾਮ ਤੇ ਖਬਰਾਂ ਸੁਣਨ ਵਾਲੇ ਲੋਕ ਮੰਜਿਆਂ ਤੇ ਆ ਬੈਠਦੇਕੁਝ ਭੁੰਜੇ ਵੀ ਬੈਠ ਜਾਂਦੇ ਜਾਂ ਖੜ੍ਹੇ ਰਹਿੰਦੇਲਾਹੌਰ ਤੋਂ ਨਸ਼ਰ ਹੁੰਦਾ ਦੇਹਾਤੀ ਪਰੋਗਰਾਮ ਸਭ ਦੀ ਪਸੰਦ ਸੀਚਾਚਾ ਨਿਜ਼ਾਮਦੀਨ ਨੂੰ ਗੱਲ ਬੜੀ ਫੁਰਦੀ ਸੀਇਸ ਦੇਹਾਤੀ ਪਰੋਗਰਾਮ ਵਿਚ ਪੰਜਾਬੀ ਗਾਣੇ ਵੀ ਸੁਣਾਏ ਜਾਂਦੇ ਸਨਕੰਧ ਟੱਪ ਕੇ ਗੁਲਾਬੀ ਫੁੱਲ ਤੋੜਿਆ ਆਸ਼ਕਾਂ ਦੇ ਬਾਗ ਦੇ ਵਿਚੋਂ,” ਵਿਦਿਆ ਨਾਥ ਸੇਠ ਦਾ ਗਾਇਆ ਨਿੱਕੀ ਜਹੀ ਗੱਲ ਦੀ ਕਹਾਣੀ ਬਣ ਗਈ-ਤੇਰੀ ਮੇਰੀ ਖੇਡ ਸੀ ਬਿਗਾਨੀ ਬਣ ਗਈ,” ਅਤੇ ਸੂਹੇ ਵੇ ਚੀਰੇ ਵਾਲਿਆ ਮੈਂ ਕਹਿੰਦੀ ਆਂ, ਕਰ ਛਤਰੀ ਦੀ ਛਾਂ ਮੈਂ ਛਾਵੇਂ ਬਹਿੰਦੀ ਆਂਆਦਿ ਓਸ ਵੇਲੇ ਦੇ ਬੜੇ ਮਸ਼ਹੂਰ ਗਾਣੇ ਸਨਕਦੀ ਕਦੀ ਨਾਇਬ ਕੋਟੀਆ ਘੁਮਿਆਰ ਤੇ ਪੁੱਤਰ ਬੂਟਿਆ ਦੀ ਅਲਗੋਜੇ ਵਜਾਉਂਦਿਆਂ ਦੀ ਜੁਗਨੀ ਕੀ ਕਹਿੰਦੀ ਆ,” ਵੀ ਸੁਣਾਈ ਜਾਂਦੀ ਸੀ

----

ਆਖਰ 14 ਅਗਸਤ, 1947 ਦੀ ਰਾਤ ਨੂੰ ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆਸਾਡਾ ਪਿੰਡ ਪਾਕਿਸਤਾਨ ਵਿਚ ਆ ਗਿਆ ਸੀਸਾਰੇ ਪਿੰਡ ਵਿਚ ਸੱਨਾਟਾ ਛਾ ਗਿਆ ਪਰ ਇਹ ਦੱਸਣ ਵਾਲਾ ਕੋਈ ਨਹੀਂ ਸੀ ਕਿ ਹੁਣ ਅਸੀਂ ਕੀ ਕਰਨਾ ਹੈਅਸੀਂ ਆਪਣੇ ਇਸ ਪਿੰਡ ਵਿਚ ਰਹਿਣਾ ਹੈ ਜਾਂ ਇਹ ਪਿੰਡ ਛੱਡ ਕੇ ਚਲੇ ਜਾਣਾ ਹੈਵੱਢ ਟੁੱਕ ਦੀਆਂ ਖ਼ਬਰਾਂ ਵਿਚ ਵਾਧਾ ਹੋਣਾ ਸ਼ਰੂ ਹੋ ਗਿਆ ਸੀਸਖ਼ਤ ਗਰਮੀ ਦੇ ਬਾਵਜੂਦ ਲੋਕ ਰਾਤ ਨੂੰ ਦੋ ਦੋ ਕਮੀਜ਼ਾਂ ਪਾ ਕੇ ਸੌਂਦੇ ਕਿ ਪਤਾ ਨਹੀਂ ਕਿਹੜੇ ਵੇਲੇ ਭੱਜਣਾ ਪੈ ਜਾਣਾ ਹੈਲਾਗਲੇ ਪਿੰਡਾਂ ਵਿਚੋਂ ਗੱਡਿਆਂ ਤੇ ਸਾਮਾਨ ਲੱਦੀਂ ਕੁਝ ਲੋਕ ਕਾਫ਼ਲੇ ਦੇ ਰੂਪ ਵਿਚ ਸੱਚਾ ਸੌਦਾ ਕੈਂਪ ਵੱਲ ਰਵਾਨਾ ਹੋਣੇ ਸ਼ੁਰੂ ਹੋ ਗਏ ਸਨਇਹਨਾਂ ਕਾਫ਼ਲਿਆਂ ਤੇ ਮੁਸਲਮਾਨ ਲੁਟੇਰੇ ਹਮਲੇ ਕਰਦੇ, ਕ਼ਤਲੋ ਗਾਰਤ ਵੀ ਹੁੰਦੀਨਕਦੀ, ਗਹਿਣੇ ਅਤੇ ਸਾਮਾਨ ਲੁੱਟ ਲਿਆ ਜਾਂਦਾ ਅਤੇ ਕਈ ਵਾਰ ਜਵਾਨ ਕੁੜੀਆਂ ਤੇ ਔਰਤਾਂ ਵੀ ਖੋਹ ਲਈਆਂ ਜਾਂਦੀਆਂਜੋ ਮੁਕਾਬਲਾ ਕਰਦੇ, ਮਾਰੇ ਜਾਂਦੇਕਈ ਜਵਾਨ ਔਰਤਾਂ ਜੇ ਕੋਈ ਲਾਗੇ ਖੂਹ ਹੁੰਦਾ ਤਾਂ ਭੱਜ ਕੇ ਓਸ ਵਿਚ ਛਾਲਾਂ ਮਾਰ ਦੇਂਦੀਆਂਰਾਤ ਨੂੰ ਪਿੰਡ ਵਿਚ ਮਰਦ ਹੱਥਾਂ ਵਿਚ ਬਰਛੇ ਲੈ ਕੇ ਹਮਲਾਆਵਰਾਂ ਤੋਂ ਬਚਾਅ ਲਈ ਪਹਿਰਾ ਦੇਂਦੇਮੁਸਲਮਾਨ ਤੇਲੀ ਤੇ ਸੇਪੀਆਂ ਕਰਨ ਵਾਲੇ ਕੁਝ ਹੋਰ ਗਰੀਬ ਮੁਸਲਮਾਨ ਸਿੱਖਾਂ ਤੋਂ ਡਰਦੇ ਇਕ ਰਾਤ ਪਿੰਡ ਛੱਡ ਕੇ ਭੱਜ ਗਏਮੈਂ ਆਪਣਾ ਸਕੂਲ ਵਾਲਾ ਬਸਤਾ ਤੇ ਚਾਕੂ ਨਾਲ ਲੈ ਕੇ ਸੌਂਦਾ ਕਿ ਜੇ ਰਾਤ ਬਰਾਤੇ ਭੱਜਣਾ ਪੈ ਗਿਆ ਤਾਂ ਆਪਣੀਆਂ ਕਿਤਾਬਾਂ ਤਾਂ ਕੋਲ ਹੋਣਗੀਆਂ

----

ਆਖਰ ਜਦ ਹਾਲਾਤ ਬਹੁਤ ਵਿਗੜਨ ਲੱਗੇ ਤੇ ਦੋ ਵਾਰ ਰਾਤ ਨੂੰ ਪਿੰਡ ਤੇ ਧਾੜਵੀਆਂ ਨੇ ਹਮਲੇ ਵੀ ਕੀਤੇ ਤਾਂ 3 ਸਤੰਬਰ, 1947 ਦੀ ਸਵੇਰ ਨੂੰ ਸਾਡੇ ਪਿੰਡ ਦੇ ਲੋਕਾਂ ਨੇ ਆਪਣੇ ਵਡੇਰਿਆਂ ਦੀ ਸਖ਼ਤ ਮਿਹਨਤ ਨਾਲ ਆਬਾਦ ਕੀਤੀ ਹੋਈ ਸਾਂਦਲ ਬਾਰ ਦੇ ਮੁਰਬਿਆਂ ਦੀ ਜ਼ਮੀਨ ਵਿਚੋਂ ਆਪਣੇ ਹੱਸਦੇ ਵੱਸਦੇ ਘਰ ਬਾਰ ਛੱਡ ਕੇ ਕਾਫ਼ਲੇ ਦੇ ਰੂਪ ਵਿਚ ਸੱਚਾ ਸੌਦਾ ਕੈਂਪ ਵਿਚ ਜਾਣ ਦਾ ਫੈਸਲਾ ਕਰ ਲਿਆ ਜਿਥੋਂ ਭਾਰਤੀ ਫੌਜ ਦੀਆਂ ਟੁਕੜੀਆਂ ਦੀ ਹਿਫ਼ਾਜ਼ਤ ਵਿਚ ਆਪਣੇ ਘਰਾਂ ਤੋਂ ਉਜੜੇ ਲੋਕ ਹੌਲੀ-ਹੌਲੀ ਅਗੇ ਗੱਡੀਆਂ, ਟਰੱਕਾਂ ਅਤੇ ਕਾਫ਼ਲਿਆਂ ਦੀ ਸ਼ਕਲ ਵਿਚ ਹਿੰਦੋਸਤਾਨ ਨੂੰ ਜਾ ਰਹੇ ਸਨ

----

ਕਿਸ਼ਤ 2- 'ਬਾਰ ਕਿਵੇਂ ਆਬਾਦ ਹੋਈ' ਦਾ ਇੰਤਜ਼ਾਰ ਕਰੋ।

1 comment:

ਸੁਖਿੰਦਰ said...

Hello Momi ji:
I always knew you can write a beautiful autobiography.
I have fully enjoyed the first chapter.
Sukhinder