
ਲੇਖ
****
ਚੰਗਾ ਇਹੀ ਹੁੰਦਾ ਹੈ ਕਿ ਚੇਤਨਾ ਦਾ ਪ੍ਰਵਾਹ ਮੁਸਲਸਲ ਚਲਦਾ ਰਹੇ…ਉਹ ਕਿਨਾਰੇ ਨਾ ਤੋੜੇ…ਚਿਣਗ ਸੁਲ਼ਗਦੀ ਰਹੇ…ਉਹ ਭਾਂਬੜ ਬਣ ਨਾ ਬਲ਼ੇ…ਤੇ ਕਵੀ ਦੀ ਸੋਚ ਉਸ ਪ੍ਰਵਾਨ ਨਾਲ਼ ਤੁਰਦੀ ਰਹੇ…ਉਸ ਚਿਣਗ ਨਾਲ਼ ਮਘਦੀ ਰਹੇ। ਮੇਰੀ ਨਜ਼ਰ ‘ਚ ਕਵੀ ਨੂੰ ਅਣਭੋਲ ਹੋਣਾ ਚਾਹੀਦਾ ਹੈ…ਬੇੜੀਆਂ ਬਣਾਉਂਣ ਵਾਲ਼ੇ ਵਾਂਗ…ਜਿਹੜਾ ਬੇੜੀ ਬਣਾਉਂਦੇ ਸਮੇਂ ਇਸ ਗੱਲੋਂ ਬੇਖ਼ਬਰ ਹੁੰਦੈ ਕਿ ਉਸਦੀ ਬਣਾਈ ਬੇੜੀ ਨੇ ਕਿੰਨੇ ਮੁਸਾਫ਼ਿਰਾਂ ਨੂੰ ਪਾਰ ਲਗਾਉਂਣਾ ਹੈ.....ਉਹ ਤਾਂ ਬੱਸ ਆਪਣਾ ਕਰਮ ਕਰਦਾ ਹੈ। ਓਸੇ ਤਰ੍ਹਾਂ ਕਵੀ ਲਫ਼ਜ਼ਾਂ ਦੇ ਪੰਖੇਰੂਆਂ ਨੂੰ ਕ਼ਫ਼ਸ ‘ਚ ਕੈਦ ਨਹੀਂ ਕਰਦਾ….ਸਗੋਂ ਉਹਨਾਂ ਦੇ ਪੈਰੀਂ ਛੱਲੇ ਪਾ ਖੁੱਲ੍ਹੇ ਆਕਾਸ਼ ‘ਚ ਉਡਾਨ ਭਰਨ ਦਿੰਦਾ ਹੈ…ਪੰਖੇਰੂ ਜਿੱਥੇ ਜਾਣਗੇ….ਉਸਦਾ ਪੈਗ਼ਾਮ ਪਹੁੰਚ ਜਾਏਗਾ।
****
‘ਆਪਣੇ ਆਪ ਕੋਲ਼’ , ਸਰੀ, ਕੈਨੇਡਾ ਵਸਦੇ ਸ਼ਾਇਰ ‘ਜਸਬੀਰ ਮਾਹਲ’ ਦਾ ਪਲੇਠਾ ਕਾਵਿ-ਸੰਗ੍ਰਹਿ ਹੈ....ਜਿਸ ਵਿਚ ਉਸਦੀਆਂ 64 ਬੇਹੱਦ ਖ਼ੂਬਸੂਰਤ ਨਜ਼ਮਾਂ ਸ਼ਾਮਲ ਨੇ…ਉਸਦੀਆਂ ਨਜ਼ਮਾਂ ਤੋਂ ਮੈਂ ਬਹੁਤ ਜ਼ਿਆਦਾ ਮੁਤਾਸਰ ਹੋਈ ਹਾਂ। ਸਭ ਤੋਂ ਚੰਗੀ ਗੱਲ ਕਿ ਉਸਨੇ ਕਿਤਾਬ ਦੀ ਕਿਸੇ ਤੋਂ ਲੰਮੀ ਚੌੜੀ ਭੂਮਿਕਾ ਨਹੀਂ ਬੰਨ੍ਹਵਾਈ…ਕੋਈ ਮੁੱਖ-ਬੰਦ ਨਹੀਂ ਲਿਖਵਾਇਆ। ਮੇਰੇ ਵਿਚਾਰ ਅਨੁਸਾਰ ਲਿਖਤ ‘ਚ ਦਮ ਹੈ ਤਾਂ ਉਹ ਆਪ ਬੋਲੇਗੀ….ਉਸਨੂੰ ਪਾਠਕਾਂ ‘ਤੇ ਛੱਡ ਦਿਓ….ਕੋਝੇਪਣ ਨੂੰ ਫੁਲਕਾਰੀ ‘ਚ ਸਜਾ ਕੇ ਕੀ ਕਰੋਂਗੇ.....ਜਦ ਘੁੰਡ ਚੁੱਕਿਆਂ ਸਭ ਸਾਹਮਣੇ ਆ ਹੀ ਜਾਣਾ ਹੈ। ਮੈਂ ਅੱਜ ਤੱਕ ਕਿਸੇ ਵੀ ਕਿਤਾਬ ਦੀ ਭੂਮਿਕਾ ਨਹੀਂ ਪੜ੍ਹੀ…ਮੈਂ ਕਿਸੇ ਦੀਆਂ ਅੱਖਾਂ ਰਾਹੀਂ ਲਿਖਤ ਨੂੰ ਕਿਉਂ ਦੇਖਾਂ…ਚਾਹੇ ਭੂਮਿਕਾ ਦਾ ਲੇਖਕ ਕੋਈ ਵੀ ਹੋਵੇ। ਕਿਤਾਬ ਕੋਈ ਟਕਸਾਲ ‘ਚੋਂ ਨਿਕਲ਼ਿਆ ਸਿੱਕਾ ਨਹੀਂ ਹੈ..ਜਿਸ ‘ਤੇ ਮੋਹਰ ਲੱਗਣੀ ਜ਼ਰੂਰੀ ਹੁੰਦੀ ਹੈ। ਕਿਤਾਬ ਖ਼ੁਦ ਪੜ੍ਹੋ…ਮੇਰਾ ਇਹ ਵਿਚਾਰ ਹੈ ਕਿਉਂਕਿ ਇੱਕ ਦੇ ਵਿਚਾਰ ਦੂਜੇ ਨਾਲ਼ੋਂ ਮੁਖ਼ਤਲਿਫ਼ ਹੋ ਸਕਦੇ ਹਨ। ਇਹੀ ਗੱਲ ਲੇਖਕ ਲਈ ਵੀ ਹੈ ਕਿ ਪਾਠਕਾਂ ਲਈ ਲਿਖੋ.....ਆਲੋਚਕਾਂ ਲਈ ਨਹੀਂ।
ਜਸਬੀਰ ਮਾਹਲ ਅਜਿਹੇ ਕਲਾ ਅਤੇ ਸਾਹਿਤ ਦੇ ਪਾਰਖੂਆਂ ਤੇ ਤਿੱਖਾ ਵਿਅੰਗ ਕਸਦਾ ਲਿਖਦਾ ਹੈ ਕਿ:
ਕਵਿਤਾ
ਮੈਂ ਅਜੇ ਤੈਨੂੰ ਨਹੀਂ ਲਿਖ ਸਕਦਾ
ਅਜੇ ਤਾਂ ਲੱਭ ਰਿਹਾਂ
ਅਜਿਹਾ ਕੋਈ ਖ਼ਿਆਲ
ਜਾਰੀ ਹੈ ਅਜੇ
ਅਜਿਹੇ ਸ਼ਬਦਾਂ ਦੀ ਭਾਲ਼
ਜਿਨ੍ਹਾਂ ਨੂੰ ਵਰਤ ਕੇ
ਬਣਾਵਾਂ ਤੇਰਾ ਮੂੰਹ-ਮੱਥਾ
ਪਿਕਾਸੋ ਦੀ
ਉਸ ਕਲਾ-ਕ੍ਰਿਤ ਜਿਹਾ
ਨੁਮਾਇਸ਼ ‘ਚ ਜੀਹਨੂੰ
ਪੁੱਠੀ ਟੰਗੀ ਵੇਖ
ਸ਼ਲਾਘਾ ਕਰਦੇ
ਥੱਕਦੇ ਨਹੀਂ ਕਲਾ ਦੇ ਪਾਰਖੂ ( ਪੰਨਾ 33)
-----
ਉਸ ਅਨੁਸਾਰ…
ਘਰ ਵਿਚ ਮਹਿਫ਼ੂਜ਼
ਗਮਲੇ ‘ਚ ਉਗੇ ਬੂਟਿਆਂ ‘ਚੋਂ ਹੀ ਨਹੀਂ
ਸਗੋਂ ਮੌਸਮਾਂ ਦੀ ਮਾਰ ਝੱਲਦੇ
ਰੁੱਖ ਦੇ ਟੂਸਿਆਂ ‘ਚੋਂ ਵੀ
ਫੁੱਟਦੀ ਹੈ ਕਵਿਤਾ
………….
ਕਵਿਤਾ
ਕੁਰਸੀ ਮੇਜ਼ ਡਾਹ ਕੇ
ਕਾਗ਼ਜ਼ ਵਿਛਾ ਕੇ
ਲਿਖੀ ਨਹੀਂ ਜਾਂਦੀ ( ਪੰਨਾ 34-35)
----
ਆਜ਼ਾਦ ਨਜ਼ਮ ਦੇ ਨਾਮ ਦਾ ਸਹਾਰਾ ਲੈ ਕੇ ਲਿਖੇ ਜਾਂਦੀ ਬੇਅਰਥੀ ਨਜ਼ਮ ਬਾਰੇ ਜਿੱਥੇ ਉਹ ਚਿੰਤਾ ਪ੍ਰਗਟ ਕਰਦਾ ਹੈ, ਓਥੇ ਬੇਬਾਕੀ ਨਾਲ਼ ਲਿਖ ਜਾਂਦੈ ਕਿ:
ਕਵਿਤਾ
ਕਦੇ ਸੂਖ਼ਮ ਗੱਲ ਕਹਿਣ ਦੀ ਆੜ ‘ਚ
ਆਖੇ ਫ਼ਜ਼ੂਲ ਜਿਹਾ
ਕਦੇ ਉੱਤਰ-ਆਧੁਨਿਕਤਾ ਦਾ ਲੈ ਸਹਾਰਾ
ਕਹਿੰਦੀ ਹੈ
ਜ਼ਿੰਦਗੀ ਤੋਂ ਟੁੱਟੀ ਹੋਈ ਗੱਲ
ਕਦੇ ਬੋਲਦੀ ਹੈ ਅਵਾ-ਤਵਾ
ਜਿਵੇਂ ਦੱਸ ਰਹੀ ਹੋਵੇ
ਹਫ਼ਤੇ ਦਾ ਰਾਸ਼ੀ-ਫ਼ਲ ( ਪੰਨਾ 37 )
******
ਉਸਦੀਆਂ ਨਜ਼ਮਾਂ ਵਿਚਲੀ ਦਾਰਸ਼ਨਿਕਤਾ ਕਮਾਲ ਦੀ ਹੈ....ਛੋਟੇ-ਛੋਟੇ ਲਫ਼ਜ਼ਾਂ ‘ਚ ਵੱਡੇ ਸੰਕੇਤ ਦੇ ਜਾਣਾ ਉਸਦੀਆਂ ਨਜ਼ਮਾਂ ਦੀ ਖ਼ਾਸੀਅਤ ਹੈ।ਅਸੀਂ ਹਰ ਪਲ ਵਕਤ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਨੱਚੀ ਜਾਂਦੇ ਹਾਂ....ਉਸਦੀ ਨਜ਼ਮ ‘ਆਪਣੇ ਲਈ ਰਾਖਵਾਂ ਦਿਨ’ ਮਿਖਾਈਲ ਨਈਮੀ ਦੇ ਕਥਨ ਅਨੁਸਾਰ ਚੇਤੇ ਕਰਵਾਉਂਦੀ ਹੈ ਕਿ ਇਹ ਅਰਥਹੀਣ ਦੌੜ ਕਿਤੇ ਖ਼ਤਮ ਨਹੀਂ ਹੋਵੇਗੀ...ਇਹ ਜਲਸਾ ਸਦਾ ਲੱਗਿਆ ਰਹੇਗਾ....ਆਪਣੇ-ਆਪ ਨਾਲ਼ ਵਕਤ ਜ਼ਰੂਰ ਬਿਤਾਉਂਣਾ ਚਾਹੀਦਾ ਹੈ...
ਅਰਥਹੀਣ ਇਸ ਦੌੜ ‘ਚ ਹਫਦਾ
ਕਿੰਝ ਦਾ ਮੈਂ ਦੌੜਾਕ ਹਾਂ
ਸ਼ਾਮਲ ਹਾਂ ਦੌੜ ਵਿਚ
ਤੇ ਦਰਸ਼ਕ ਵੀ ਆਪ ਹਾਂ ( ਪੰਨਾ: 10)
-----
ਮਾਹਲ ਦਾਰਸ਼ਨਿਕ ਸੋਚ ਦਾ ਧਾਰਨੀ ਜ਼ਰੂਰ ਹੈ, ਪਰ ਆਮ ਜੀਵਨ ਦੇ ਮਾਅਨੇ ਬਾਖ਼ੂਬੀ ਸਮਝਦਾ ਹੈ…ਫ਼ਰਜ਼ਾਂ ਨੂੰ ਨਿਭਾਉਂਣਾ ਉਸ ਨੂੰ ਆਉਦਾ ਹੈ….
ਸਿਧਾਰਥ ਨਹੀਂ ਹਾਂ ਮੈਂ
ਕਿ ਟੁਰ ਪਵਾਂ ਜੰਗਲ ਵੱਲ
ਟੱਬਰ ਨੂੰ ਛੱਡ
ਮੇਰੇ ਕੋਲ਼ ਨਹੀਂ ਸ਼ਾਹੀ ਮਹਿਲ
ਕਰ ਸਕੇ ਜੋ
ਰੋਟੀ ਦੀ ਮੁਸ਼ਕਿਲ ਹੱਲ
----
ਉਸ ਦੀਆਂ ਨਜ਼ਮਾਂ ਦੀਆਂ ਆਖਰੀ ਸਤਰਾਂ ਨੇ ਮੇਰਾ ਅੰਤਰ-ਮਨ ਝੰਜੋੜ ਕੇ ਰੱਖ ਦਿੱਤਾ ਹੈ...ਏਸੇ ਨਜ਼ਮ ‘ਚ ਅੱਗੇ ਜਾ ਕੇ ਉਹ ਲਿਖਦਾ ਹੈ...
ਮੇਰੇ ਖ਼ੁਦਾ!
ਟੱਬਰ ਵੱਲ, ਆਪਣੇ ਵੱਲ
ਜੰਗਲ ਤੋਂ
ਕਦੋਂ ਮੁੜਾਂਗਾ ਮੈਂ? (ਪੰਨਾ 11)
----
ਉਸਦੀ ਦਾਰਸ਼ਨਿਕਤਾ ਦੀ ਹਾਮੀ ਭਰਦੀਆਂ ਨਜ਼ਮਾਂ ਵੇਖੋ:
ਅਜੀਬ ਸ਼ੈਅ ਹੈ ਆਦਮੀ
ਹੋ ਜਾਏ ਸੁਆਹ ਕਦੇ
ਸਿਵਿਆਂ ਤੋਂ ਬਾਹਰ ਹੀ
ਤੇ ਕਦੇ
ਸਿਵਿਆਂ ‘ਚ ਰਾਖ਼ ਬਣ ਕੇ
ਰਹੇ ਜਿਉਂਦਾ ਜਾਗਦਾ (ਪੰਨਾ 43)
----
ਜਦ ਤੋਂ ਮਿਲ਼ੀ ਹੈ
ਪੱਥਰ ਨੂੰ
ਬੁੱਤ-ਘਾੜੇ ਦੇ ਹੱਥਾਂ ਦੀ ਛੋਹ
ਆਪਣੀ ਜ਼ਾਤ ਕੋਲ਼ੋਂ
ਅੱਡ ਬਹਿੰਦਾ ਹੈ ਉਹ ( ਪੰਨਾ 44)
----
ਪੱਤਝੜ ਰੁੱਤੇ ਪਰਖ ਹੈ ਹੁੰਦੀ
ਕਿਹੜੇ ਜੁੜਿਆਂ ਰਹਿ ਕੇ
ਰੁੱਖਾਂ ਦੇ ਨਾਲ਼ ਵਫ਼ਾ ਕਰਨਗੇ
ਕਿਹੜੇ ‘ਵਾ ਸੰਗ ਰਲ਼ ਕੇ
ਹੋਰਾਂ ਦੇ ਜਾ ਕੰਨ ਭਰਨਗੇ ( ਪੰਨਾ 24)
--
‘ਲੂਣ’ ਅਤੇ ‘ਖੰਭਾ’ ਨਜ਼ਮਾਂ ਪੜ੍ਹ ਕੇ ਪਾਠਕ ਉਸਦੀ ਸੋਚ-ਉਡਾਰੀ ਦਾ ਕਾਇਲ ਹੋ ਜਾਂਦਾ ਹੈ।
****
ਆਧੁਨਿਕ ਜ਼ਿੰਦਗੀ ਤੇ ਵਿਅੰਗ ਕਰਦੀਆਂ ਉਸਦੀਆਂ ਨਜ਼ਮਾਂ ‘ਹਾਦਸੇ’ ‘ਗਿਠਮੁਠੀਏ’, ‘ਅਰਥਹੀਣ’ ‘ਪਛਾਣ’ ‘ਫਾਸਟਫੂਡ’ ਬਹੁਤ ਵਜ਼ਨਦਾਰ ਹਨ। ਉਹ ਪਰਦੇ ਪਾਉਂਣਾ ਨਹੀਂ ਜਾਣਦਾ, ਕਿਉਂਕਿ ਪਰਦੇ ਹਨੇਰਾ ਕਰਦੇ ਨੇ ਤੇ ਉਹ ਚਾਨਣੀਆਂ ਪਗਡੰਡੀਆਂ ਦਾ ਰਾਹੀ ਹੈ। ਏਸੇ ਚਾਨਣ ਨੂੰ ਪਰਤ-ਦਰ-ਪਰਤ ਫਰੋਲਣਾ ਉਹਨੂੰ ਬਾਖ਼ੂਬੀ ਆਉਂਦਾ ਹੈ। ਨਜ਼ਮ ਅਜੋਕਾ ਗਲੀ-ਗੁਆਂਢ’ ਦੇ ਵਿਚ ਉਹ ਗੁਆਂਢੀਆਂ ਨਾਲ਼ ਖ਼ਤਮ ਹੋ ਰਹੇ ਪਿਆਰ ਅਤੇ ਵਰਤਾਵੇ ਦੀ ਗੱਲ ਕਰਦਾ ਖ਼ਦਸ਼ਾ ਪ੍ਰਗਟ ਕਰਦਾ ਹੈ…
ਕੀ ਹੁਣ ਹਵਾ ‘ਚ ਰਲ਼ੀ ਮੁਸ਼ਕ ਤੋਂ
ਮਿਲ਼ਿਆ ਕਰੂ
ਗੁਆਂਢੀ ਦੇ ਮਰ ਜਾਣ ਦੀ ਕਨਸੋਅ ? (ਪੰਨਾ 14)
---
ਮਾਹਲ ਬੜੀ ਸ਼ਿੱਦਤ ਨਾਲ਼ ਇਹ ਦਰਦ ਮਹਿਸੂਸਦਾ ਅਤੇ ਨਜ਼ਮਾਂ ਦੇ ਮਾਧਿਅਮ ਰਾਹੀਂ ਸਟੇਟਸ ਸਿੰਬਲ ਸਮਝੇ ਜਾਂਦੀਆਂ ਚੀਜ਼ਾਂ ਦੇ ਫੈਲਾਅ ‘ਚ ਜ਼ਿੰਦਗੀ ਸ਼ਬਦ ਗੁਆਚਣ ਦਾ ਤੌਖਲ਼ਾ ਪ੍ਰਗਟ ਕਰਦਾ ਲਿਖਦੈ:
..ਇਨਸਾਨ ਨੂੰ ਨਿਗਲ਼ ਗਿਆ ਕੋਈ ਦੈਂਤ
ਬੁੱਤ, ਬਸਤਰ ਤੇ ਜ਼ੇਵਰ ਬਾਕੀ ਨੇ ਬਚੇ। ( ਪੰਨਾ 17)
****
ਕਵੀ ਨਜ਼ਮਾਂ ‘ਚ ਦਿਖਾਵੇਬਾਜ਼ੀ ਛੱਡ ਕੇ ਆਪਣੇ ਆਪ ਲਈ ਜਿਉਂਣ ਨੂੰ ਪ੍ਰੇਰਦਾ ਹੈ…ਤੇਜ਼ ਰਫ਼ਤਾਰ ਜ਼ਿੰਦਗੀ ‘ਚ ਇਕ ਆਮ ਆਦਮੀ ਨੂੰ ਕਿੰਨੇ ਕਿਰਦਾਰ ਨਿਭਾਉਂਣੇ ਪੈਂਦੇ ਨੇ…ਇਸਦੀ ਖ਼ੂਬਸੂਰਤ ਉਦਾਹਰਣ ਨਜ਼ਮ ‘ਅਰਥਹੀਣ’ ਦੀਆਂ ਇਹ ਸਤਰਾਂ ਹਨ….
ਬੜੀ ਵਕਤ ਦੀ ਥੋੜ ਹੈ
ਆਉਂਦੇ ਦਿਨਾਂ ‘ਚ
ਆਰਜ਼ੀ ਤੌਰ ‘ਤੇ ਲੋੜ ਹੈ
ਰੂਹ ਤੋਂ ਸੱਖਣੇ
ਇਕ ਜਣੇ ਦੇ ਜਿਸਮ ਦੀ
ਜੋ ਮੇਰੀ ਥਾਵੇਂ ਭਰੇ ਹਾਜ਼ਰੀ
ਰਸਮੀਂ ਕਿਸਮ ਦੀ….
………
ਮੈਂ ਆਪ ਤੇ ਹਾਜ਼ਰ ਹੋ ਨਹੀਂ ਸਕਣਾ
ਕਿਉਂਕਿ
ਮੈਂ ਆਪਣੇ ਆਪ ਨੂੰ ਮਿਲ਼ਣ ਜਾਣਾ ਹੈ ( ਪੰਨਾ 15)
---
‘ਅਸੀਂ ਸਾਰੇ’ ਨਜ਼ਮ ‘ਚ ਇਸਦਾ ਹੱਲ ਵੀ ਦੱਸ ਦਿੰਦਾ ਹੈ…
ਪੁਲਾੜ ਦੇ ਕਿਸੇ ਬਿੰਦੂ ਤੇ ਖੜੋ ਕੇ
ਆਓ ਧਰਤ ਨੂੰ ਤੱਕੀਏ…
.............
ਸੁੰਡ ਵਾਂਗ ਸਿਮਟ ਗਿਆ ਸਾਡਾ ਅਨੁਭਵ
ਇੰਝ ਹੀ ਸ਼ਾਇਦ
ਧਰੁਵਾਂ ਤੀਕ ਫੈਲ ਸਕੇ
….
ਸ਼ਾਇਦ ਇੰਝ ਹੀ
ਅਸੀਂ ਮਨੁੱਖ ਬਣ ਸਕੀਏ
ਅਸੀਂ ਸਾਰੇ
ਜੋ ਵੇਖਣ ਨੂੰ ਮਨੁੱਖ ਲੱਗਦੇ ਹਾਂ ( ਪੰਨਾ 39)
----
ਮਾਹਲ ਦੌੜ ‘ਚ ਸ਼ਾਮਲ ਜ਼ਰੂਰ ਹੈ..ਪਰ ਉਸਦਾ ਪ੍ਰਥਮ ਆਉਂਣ ਦਾ ਕੋਈ ਇਰਾਦਾ ਨਹੀਂ..ਉਹ ਜ਼ਿੰਦਗੀ ਤੋਂ ਮੁਤਮਈਨ ਹੈ:
ਸ਼ਾਇਦ ਲੋਅ ਦਾ ਕ੍ਰਿਸ਼ਮਾ
ਹੈ ਹਜ਼ੂਰ
ਜਾਂ ਧੂੜ ਦੀ ਹੈ ਕਰਾਮਾਤ
ਕਿ ਮੇਰੀ ਨਜ਼ਰ ਨੂੰ
ਨਹੀਂ ਚੜ੍ਹਿਆ
ਤੇਜ਼ ਰੌਸ਼ਨੀ ਦਾ ਤਾਪ (ਪੰਨਾ 32)
****
ਨਜ਼ਮਾਂ ਆਮ ਭਾਸ਼ਾ ‘ਚ ਲਿਖੀਆਂ ਗਈਆਂ ਨੇ.....ਕੋਈ ਗੁੰਝਲ਼ਦਾਰ ਸ਼ਬਦ ਉਹਨੇ ਨਹੀਂ ਵਰਤੇ...ਉਸਦੀ ਇਹੀ ਖ਼ੂਬੀ ਪਾਠਕ ਨੂੰ ਨਜ਼ਮਾਂ ਵਾਰ-ਵਾਰ ਪੜ੍ਹਨ ਅਤੇ ਵਿਚਾਰਨ ਲਈ ਮਜਬੂਰ ਕਰਦੀ ਹੈ।
ਉਦਾਹਰਣ ਦੇਖੋ..
ਟੱਬਰ…
…..
ਮੋਹ ਦੀ ਵਲਗਣ ‘ਚ ਵਲ਼ ਕੇ
ਬੰਦੇ ਨੂੰ ਬਿਸਕੁਟ ਵਾਂਗ ਤੋੜੇ
ਛੱਲੀ ਵਾਂਗ ਭੋਰੇ
ਤੇ ਹੌਲ਼ੀ-ਹੌਲ਼ੀ ਭਸਮ ਕਰੇ
ਮਨੁੱਖ ਦੀ ਸੱਤਿਆ ( ਪੰਨਾ 13)
****
ਉਸਦੀ ਸੋਚ ‘ਚ ਏਨੀ ਸੰਵੇਦਨਾ ਹੈ….ਸੂਖਮਤਾ ਹੈ ਕਿ ਪੱਤਝੜ ਰੁੱਤੇ ਦਰੱਖਤ ਹੇਠ ਇਕੱਠੇ ਹੋਏ ਪੱਤੇ ਉਸਨੂੰ ਮਾਤਮ ‘ਚ ਡੁੱਬੇ ਚਿਹਰਿਆਂ ਦੀ ਯਾਦ ਦਵਾਉਂਦੇ ਨੇ…ਪੈਟਰੋਲ ਪਵਾਉਂਦਿਆਂ ਉਹ ਹੋਰ ਹੀ ਵਹਿਣਾਂ ‘ਚ ਵਹਿ ਜਾਂਦਾ ਹੈ ਤੇ ਸੋਚਣ ਲੱਗ ਪੈਂਦਾ ਉਹਨਾਂ ਬਾਰੇ.... ਜਿਹੜੇ ਕਰੋੜਾਂ ਅਰਬਾਂ ਸਾਲ ਪਹਿਲਾਂ ਧਰਤੀ ਹੇਠ ਦੱਬੇ ਗਏ ਤੇ ਪੈਟਰੋਲ ਬਣਿਆ…ਹਸਪਤਾਲ ‘ਚ ਮਰੀਜ਼ ਦੇ ਕਮਰੇ ਪਏ ਫੁੱਲਾਂ ਦੇ ਗੁਲਦਸਤੇ ਬਾਰੇ ਵੀ ਕੁਝ ਇੰਝ ਮਹਿਸੂਸ ਕਰਦੈ:
ਮਰੀਜ਼ ਦੇ ਕਮਰੇ ‘ਚ
ਫੁੱਲਾਂ ਦਾ ਗੁਲਦਸਤਾ
ਮਹਿਕਾਂ ਵੰਡਦਾ
ਮੁਸਕਰਾਉਂਦਾ
ਪੀੜ ਆਪਣੀ ਸਹਿ ਰਿਹਾ ਹੈ
…..
ਇਹਦੀ ਚੁੱਪ ਨੂੰ
ਸੁਣੋ ਜ਼ਰਾ
ਕੱਟੇ ਫੁੱਲਾਂ ਦਾ ਗੁਲਦਸਤਾ
ਕੁਝ ਕਹਿ ਰਿਹਾ ਹੈ ( ਪੰਨਾ 27)
---
ਬਲ਼ਦਾ ਸਿਵਾ ਉਸਨੂੰ ਜੀਵਨ-ਜਾਚ ਸਿਖਾ ਜਾਂਦਾ ਹੈ, ਜੋ ਗ੍ਰੰਥਾਂ ਨੇ ਨਹੀਂ ਸਮਝਾਈ….
ਜੀਵਨ ਦੇ ਅਰਥ
ਕਦੋਂ ਸੀ ਸਮਝਾਉਂਣੇ
ਕਿਸੇ ਗ੍ਰੰਥ ਨੇ ਏਦਾਂ
ਜ਼ਿੰਦਗੀ ਦੇ ਰਾਹ
ਕਦੋਂ ਸੀ ਰੁਸ਼ਨਾਉਂਣੇ
ਕਿਸੇ ਸੰਤ ਨੇ ਏਦਾਂ?
ਉਸ ਰਾਖ਼ ਹੋ ਰਹੇ ਦਾ
ਜੋ ਵੀ ਨਾਂ ਸੀ
ਮੈਂ ਉਸਦਾ ਬਹੁਤ ਰਿਣੀ ਹਾਂ ( ਪੰਨਾ 31)
*******
ਕਵੀ ਜ਼ਿੰਦਗੀ ਦੀ ਰਵਾਨੀ ਲਈ ਬਦਲਾਓ ਜ਼ਰੂਰੀ ਸਮਝਦਾ ਹੈ….ਨਜ਼ਮ ‘ਪਰੰਪਰਾ’ ਅਤੇ ‘ਦ੍ਰਿਸ਼ਟੀਕੋਣ’ ਏਸੇ ਵੱਲ ਇਸ਼ਾਰਾ ਕਰਦੀਆਂ ਹਨ।
*******
ਉਹ ਸ਼ਾਂਤੀ ਦਾ ਪੁਜਾਰੀ ਹੈ ਅਤੇ ਮਨੁੱਖਤਾ ਦੀ ਭਲਾਈ ਲੋਚਦਾ ਹੈ…ਅਮਰੀਕਾ ਦੇ ਟਵਿੰਨ ਟਾਵਰਾਂ ਤੇ ਹੋਏ ਹਮਲਿਆਂ ਨੇ ਉਸਦੇ ਸੂਖ਼ਮ ਕਵੀ-ਮਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ… ਇਸ ਤਬਾਹੀ ਕਰਕੇ ਉਹ ਕੁਰਲਾ ਉੱਠਿਆ…..
ਕਿੰਨੇ ਓਪਰੇ ਸੀ ਸ਼ਬਦ
ਜੰਗ, ਡਰ, ਅਸੁਰੱਖਿਆ
ਦਹਿਸ਼ਤਗਰਦੀ, ਜਰਮ-ਯੁੱਧ
ਗਿਆਰਾਂ ਸਤੰਬਰ ਤੋਂ ਪਹਿਲਾਂ ( ਪੰਨਾ 66)
-----
ਰੂਪ ਵੱਖਰਾ ਹੈ ਹੁਣ ਹੱਲੇ ਦਾ
ਹੁਣ ਯੁੱਧ ਦੇ ਹਥਿਆਰ ਨਿਰਾਲੇ
ਕਾਗਜ਼ ਉੱਤੇ ਦਸਤਖ਼ਤ ਕਰਦੇ
ਜਾਂ ਉਹ ਬੱਸ ਫੋਨ ਮਿਲਾਉਂਦੇ
ਹੁਕਮ ਦੀ ਹੁੰਦੀ ਰਹੇ ਪਾਲਣਾ
ਬਿਨ ਟੁੱਕੇ ਤੋਂ
ਜਿਸਮਾਂ ਵਿਚੋਂ ਰਹੇ ਸਿੰਮਦਾ
ਲਹੂ ਮਨੂੱਖ ਦਾ
…
ਲ਼ੁੱਟ ਦਾ ਮਾਲ ਨਾ ਲੱਦਿਆ ਜਾਵੇ
ਘੋੜਿਆਂ, ਗੱਡਿਆਂ ਜਾਂ ਗਧਿਆਂ ‘ਤੇ
ਉਹ ਤਾਂ
ਬੈਂਕਾਂ ‘ਚ ਚੜ੍ਹ ਜਾਏ
ਇਕ ਤੋਂ ਦੂਜੇ ਨਾਂ ( ਪੰਨਾ 63)
----
ਅੱਗ ਦੀਆਂ ਮਸ਼ਾਲਾਂ ਨਾਲੋਂ ਸੂਰਜ ਦੀ ਲੋਏ ਤੁਰਨ ਦਾ ਹਾਮੀ ਹੈ…ਕੋਝੀ ਰਾਜਨੀਤੀ ਨੂੰ ਉਹ ਨਫ਼ਰਤ ਕਰਦਾ ਹੈ ਤੇ ਅਜਿਹੀ ਸੋਚ ਨੂੰ ਬਦਲਦਿਆਂ ਵੇਖਣਾ....ਉਸਦੀ ਦਿਲੀ ਇੱਛਾ ਹੈ…
ਅਮਨ ਉਡੀਕਦਿਆਂ
ਇਕ ਪੀੜ੍ਹੀ ਦੀ
ਅੱਖ ‘ਚ ਭਰ ਗਈ ਰੇਤ
ਧੁੰਦਲ਼ਾ ਗਈ ਅੱਖ ਇਕ ਪੀੜ੍ਹੀ ਦੀ
ਬਣ ਗਈ ਇਕ ਪ੍ਰੇਤ ( ਪੰਨਾ 69)
----
ਬਸ ਅਮਨ ਲੈ ਦੇ ਮੈਨੂੰ ਅੰਮੀਏ!
ਹਾੜਾ ਕਰੀਂ ਨਾ ਨਾਂਹ ( ਪੰਨਾ 68)
********
ਜਸਬੀਰ ਮਾਹਲ ਦਰਾਸ਼ਨਿਕ ਅਤੇ ਸੰਵੇਦਨਸ਼ੀਲ ਹੋਣ ਦੇ ਨਾਲ਼-ਨਾਲ਼ ਇਕ ਆਸ਼ਾਵਾਦੀ ਕਵੀ ਹੈ…ਪੱਤਝੜ ਦੇ ਪੱਤਿਆਂ ‘ਚੋਂ ਉਹ ਬਹਾਰਾਂ ਦੀ ਆਮਦ ਭਾਂਪ ਲੈਂਦਾ ਹੈ…
ਪੱਤਝੜ ਰੁੱਖਾਂ ਦੇ ਨਾਂ
ਬਹਾਰ ਦਾ
ਬਹੁਤ ਅਗੇਤਾ ਘੱਲਿਆ
ਲੁਕਵਾਂ ਸੰਕੇਤ ਹੈ
ਪੱਤਝੜ
ਕਿਸੇ ਰੁੱਖੀ ਉਦਾਸ
ਰੁੱਤ ਦਾ ਨਾਂ ਨਹੀਂ ( ਪੰਨਾ 20)
********
ਸਦਾ ਬਹਾਰ ਨਹੀਂ
ਮੈਂ ਲੋਚਾਂ ਉਸ ਰੁੱਖ ਜਿਹਾ ਬਣਨਾ
ਕਿਸੇ ਘੜੀ ਵੀ
ਜਿਸ ਵੱਲ ਤੱਕਿਆਂ
ਆਉਂਦੀ ਜਾਂਦੀ ਹਰ ਇਕ ਰੁੱਤ ਦੀ
ਖ਼ਬਰ ਮਿਲ਼ੇ ( ਪੰਨਾ 22)
****
ਕਵੀ ਕੁਦਰਤ ਦੇ ਸੁਹੱਪਣ ਦਾ ਉਪਾਸਕ ਹੈ…ਹਰ ਫੁੱਲ, ਪੱਤੀ, ਪੌਦੇ, ਟਾਹਣੀਆਂ ‘ਚ ਉਹ ਜ਼ਿੰਦਗੀ ਧੜਕਦੀ ਦੇਖਦਾ ਹੈ। ਉਸਦਾ ਕੁਦਰਤ ਨਾਲ਼ ਏਨਾ ਮੋਹ ਮੈਨੂੰ ਕਵੀ ਵਰਿੰਦਰ ਪਰਿਹਾਰ ਦੀਆਂ ਕੁਦਰਤ ਬਾਰੇ ਲਿਖੀਆਂ ਨਜ਼ਮਾਂ ਦਾ ਝਾਉਲ਼ਾ ਪਾਉਂਦੀਆਂ ਨੇ…ਕਿਤਾਬ ਖੋਲ੍ਹਦਿਆਂ ਹੀ ਨਜ਼ਮਾਂ ਵਿਚਲੇ ਖ਼ੂਬਸੂਰਤ ਲਫ਼ਜ਼ ਪਾਠਕ ਨੂੰ ਰੰਗ-ਬਿਰੰਗੇ ਫੁੱਲਾਂ, ਨਵੀਆਂ ਲਗਰਾਂ ਅਤੇ ਹਰੇ-ਕਚੂਰ ਪੱਤਿਆਂ ਨਾਲ਼ ਮੋਹ…ਕਲਾਵੇ ‘ਚ ਲੈ ਲੈਂਦੇ ਨੇ ਤੇ ਪਾਠਕ ਕੁਦਰਤ ਨਾਲ਼ ਇੱਕ ਸੁਰ ਹੋ ਜਾਂਦਾ ਹੈ। ਜਦੋਂ ਤੀਕ ਪਾਠਕ ਕਿਤਾਬ ਦੀ ਆਖਰੀ ਨਜ਼ਮ ਦਾ ਲਫ਼ਜ਼-ਲਫ਼ਜ਼ ਮਾਣ ਰਿਹਾ ਹੁੰਦਾ ਹੈ ਤਾਂ ਮਾਹਲ ਉਸਦੇ ਆਲ਼ੇ-ਦੁਆਲ਼ੇ ਕੰਧਾਂ ਉਤਲੇ ਸਟੱਕੋ ਵਿਚ ਕੁਦਰਤ ਦੇ ਸਾਰੇ ਰੰਗ ਭਰ ਚੁੱਕਿਆ ਹੁੰਦਾ ਹੈ।
****
ਬਦਲਦੇ ਸਮੇਂ ਦੀਆਂ ਸੱਚਾਈਆਂ ਨੂੰ ਉਘਾੜਦੀ ਮਾਹਲ ਦੀ ਕਵਿਤਾ ‘ਚ ਸਹਿਜ ਹੈ, ਵਿਆਕੁਲਤਾ ਨਹੀਂ। ਕੁਰੀਤੀਆਂ ਨੂੰ ਉਹ ਢਕਦਾ ਨਹੀਂ, ਸਗੋਂ ਸਵੈ ਤੇ ਲਾਗੂ ਕਰਕੇ, ਉਹਨਾਂ ਦਾ ਹੱਲ ਲੱਭਣ ਦਾ ਹਾਮੀ ਹੈ ਜਾਂ ਇੰਝ ਕਹਿ ਲਈਏ ਕਿ ਉਸਦੀ ਕਵਿਤਾ ਸਵੈ ਨੂੰ ਸੰਬੋਧਿਤ ਹੋ ਕੇ ਸਮੁੱਚੀ ਲੋਕਾਈ ਨੂੰ ਸੁਨੇਹਾ ਦਿੰਦੀ ਹੈ।
ਉਸ ਅਨੁਸਾਰ…
ਚਿੰਤਨ ਦੀ ਹਿਲਜੁਲ
ਬਹੁਤ ਅਮੁੱਲ ਹੈ
ਜੀਵਨ ਲਈ
ਜਿਉਂਣ ਲਈ ( ਪੰਨਾ 51)
----
*******
ਉਸਦੀ ਕਵਿਤਾ ਸੋਚਾਂ ਦੀ ਪੁਖ਼ਤਗੀ ਦੀ ਖ਼ੂਬਸੂਰਤ ਮਿਸਾਲ ਹੈ…ਉਹ ਦਾਇਰਿਆਂ ਦੀ ਸੀਮਾ ਨਿਸ਼ਚਿਤ ਨਹੀਂ ਕਰਦੀ ਸਗੋਂ ਦਾਇਰਿਆਂ ਤੋਂ ਬਾਹਰ ਫੈਲਣ ਦੀ ਸਮਰੱਥਾ ਰੱਖਦੀ ਹੈ। ਉਸਦੇ ਖ਼ਿਆਲਾਂ ਦੀਆਂ ਚਿੜੀਆਂ ਨੂੰ ਚੋਗਾ ਚੁਗ ਕੇ ਆਉਂਣ ਅਤੇ ਸੁਚੱਜੇ ਢੰਗ ਨਾਲ਼ ਬੋਟਾਂ ਦੇ ਮੂੰਹ ‘ਚ ਪਾਉਂਣ ਦਾ ਵੱਲ ਵੀ ਆਉਂਦਾ ਹੈ। ਉਸਦੇ ਖ਼ਿਆਲਾਂ ਨੂੰ ਰੰਗ-ਬਿਰੰਗੀਆਂ ਤਿਤਲੀਆਂ ਬਣ ਆਕ੍ਰਸ਼ਿਤ ਕਰਨਾ ਵੀ ਆਉਂਦਾ ਹੈ ਤੇ ਭੋਰੇ ਬਣ ਗੁਣਗੁਣਾਉਂਣਾ ਵੀ।
****
ਇਕ ਤਜਰਬੇਕਾਰ ਬੁੱਤ-ਤਰਾਸ਼ ਵਾਂਗ ਉਸਨੇ ਕਵਿਤਾ ਨੂੰ ਵਿਭਿੰਨ ਜ਼ਾਵੀਆਂ ਤੋਂ ਕੱਟਿਆ, ਤਰਾਸ਼ਿਆ ਅਤੇ ਸੰਵਾਰਿਆ ਹੈ। ਵਿਸ਼ਿਆਂ ਦੀ ਵਿਲੱਖਣਤਾ ਅਤੇ ਜਟਿਲਤਾ ਦੇ ਬਾਵਜੂਦ, ਉਸਦੀਆਂ ਛੋਟੀਆਂ-ਛੋਟੀਆਂ ਨਜ਼ਮਾਂ ਵੀ ਬੇਹੱਦ ਭਾਵਪੂਰਨ ਹਨ….ਜੋ ਸੋਚਣ ਤੇ ਮਜਬੂਰ ਕਰਦੀਆਂ ਹਨ। ਰਸੂਲ ਹਮਜ਼ਾਤੋਵ ਦੇ ਲਿਖਣ ਅਨੁਸਾਰ ਬਹੁਤੇ ਲੇਖਕ ਦੂਜਿਆਂ ਦੀ ਨਕਲ ਕਰਕੇ ਔਖੇ ਵਿਸ਼ੇ ਛੋਹ ਤਾਂ ਲੈਂਦੇ ਨੇ, ਪਰ ਜਦੋਂ ਉਹਨਾਂ ਨੂੰ ਨਿਭਾਉਂਣਾ ਨਹੀਂ ਆਉਂਦਾ ਤਾਂ ਬੇਗਾਨੇ ਸੰਦੂਕਾਂ ‘ਚੋਂ ਸ਼ਬਦਾਂ ਦੀ ਹੇਰਾ-ਫੇਰੀ ਕਰਨ ਤੇ ਮਜਬੂਰ ਹੋ ਜਾਂਦੇ ਨੇ।ਪਰ ਇਹ ਗੱਲ ਮੈਂ ਇਤਮੀਨਾਨ ਤੇ ਦਿਲੀ ਖ਼ੁਸ਼ੀ ਨਾਲ਼ ਆਖ ਸਕਦੀ ਹਾਂ ਕਿ ਇਹ ਸੰਦੂਕ ਵੀ ਮਾਹਲ ਦਾ ਹੈ …ਕੁੰਜੀਆਂ ਵੀ ਓਸੇ ਦੀਆਂ ਨੇ ਤੇ ਸੰਦੂਕ ਅੰਦਰਲਾ ਸਮਾਨ ਵੀ ਓਸੇ ਦਾ ਹੈ।
ਆਓ ਬੈਠੋ...
ਸੁਣੋ ਬੋਲਾਂ ਤੋਂ ਵਿਰਵਾ ਅਹਿਸਾਸ
ਤੇ ਆਪਣੀ ਚੇਤਨਾ ਦੇ ਅਗਲੇ ਪੜਾਅ ਨੂੰ
ਜੀ ਆਇਆਂ ਆਖੋ ਜਨਾਬ! ( ਪੰਨਾ 59)
*****
ਜਸਬੀਰ ਮਾਹਲ ਦਾ ਇਹ ਕਾਵਿ-ਸੰਗ੍ਰਹਿ ਵਾਰ-ਵਾਰ ਪੜ੍ਹਨ ਅਤੇ ਮਾਨਣਯੋਗ ਹੈ। ਪੰਜਾਬੀ ਕਵਿਤਾ ਦੀ ਸੂਝ ਰੱਖਣ ਵਾਲ਼ੇ ਹਰ ਪਾਠਕ ਨੂੰ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਜ਼ਰੂਰ ਬਣਾਉਂਣਾ ਚਾਹੀਦਾ ਹੈ।ਮੈਂ ਉਸਨੂੰ, ਉਰਦੂ ਦੇ ਅਜ਼ੀਮ ਸ਼ਾਇਰ ਇਫ਼ਤਿਖ਼ਾਰ ਨਸੀਮ ਦੇ ਸ਼ਬਦਾਂ ਨਾਲ਼, ਇਸ ਕਿਤਾਬ ਦੇ ਪ੍ਰਕਾਸ਼ਨ ਤੇ ਦਿਲੀ ਮੁਬਾਰਕਬਾਦ ਪੇਸ਼ ਕਰਦੀ ਹਾਂ ਜਿਸ ਦੇ ਪ੍ਰਕਾਸ਼ਨ ਨਾਲ਼ ਪੰਜਾਬੀ ਕਵਿਤਾ ਨੂੰ ਇਕ ਨਵੀਂ ਛੋਹ ਅਤੇ ਸੇਧ ਮਿਲ਼ੀ ਹੈ।
“ਅਭੀ ਤੋ ਮੈਨੇ ਹਵਾਓਂ ਮੇਂ ਰੰਗ ਘੋਲੇ ਹੈਂ
ਅਭੀ ਤੋ ਮੈਨੇ ਉਫ਼ਕ ਦਰ ਉਫ਼ਕ ਬਿਖਰਨਾ ਹੈ।
………..
ਮੈਂ ਮੁੰਤਜ਼ਿਰ ਹੂੰ ਕਿਸੀ ਹਾਥ ਕਾ ਬਨਾਯਾ ਹੂਆ,
ਕਿ ਉਸਨੇ ਮੁਝ ਮੇਂ ਅਭੀ ਔਰ ਰੰਗ ਭਰਨਾ ਹੈਂ।”
