ਬੱਸ ਅੱਡੇ ਵਾਲੇ ਪਿੱਪਲ ਹੇਠਾਂ ਪਿਆ ਤਖ਼ਤਪੋਸ਼ ਰੰਗ-ਬਰੰਗੀਆਂ ਰੂਹਾਂ ਦੇ ਦਰਸ਼ਨ ਕਰਦਾ ਰਹਿੰਦਾ। ਕਦੇ ਪਾਰਲੀਮੈਂਟ ਵਾਂਗ ਉਸਾਰੂ ਬਹਿਸ ਹੁੰਦੀ, ਕਦੇ ਹਾਸਿਆਂ ਦੀਆਂ ਫੁਹਾਰਾਂ ਫੁੱਟਦੀਆਂ ਪਰ ਸੱਚੀਂਮੁੱਚੀਂ ਦੇ ਪਾਰਲੀਮੈਂਟ ਵਾਂਗ ‘ਜੂਤਪਤਾਣ’ ਹੋਣ ਵਰਗੀ ਘਟਨਾ ਕਦੇ ਵੀ ਨਹੀਂ ਸੀ ਵਾਪਰੀ। ਤਖਤਪੋਸ਼ ‘ਤੇ ਬੈਠ ਕੇ ਵਾਲਾਂ ਦੀਆਂ ਖੱਲਾਂ ਉਤਾਰੀਆਂ ਜਾਂਦੀਆਂ। ਪਿੰਡ ਦੀ ਰਾਜਨੀਤੀ ਤੋਂ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਤੱਕ ਨੂੰ ਭੁੰਜੇ ਬਿਠਾ ਲਿਆ ਜਾਂਦਾ। ਜਿਸ ਨੂੰ ਜੀਅ ਕਰਦਾ ਗੱਲੀਂ ਬਾਤੀਂ ਸਨਮਾਨਿਤ ਕਰ ਦਿੱਤਾ ਜਾਂਦਾ, ਜਿਸ ਨੂੰ ਜੀਅ ਕੀਤਾ ਗੱਲੀਂ ਬਾਤੀਂ ਮੂੰਹ ਕਾਲਾ ਕਰਕੇ ਗਧੇ ‘ਤੇ ਬਿਠਾਉਣ ਵਰਗਾ ਕਰ ਦਿੱਤਾ ਜਾਂਦਾ। ਪਿੱਪਲ ਹੇਠਾਂ ਜੁੜਦੀ ਢਾਣੀ ਨੂੰ ਇੱਕ ਚਸਕਾ ਜਿਹਾ ਹੀ ਹੋ ਗਿਆ ਸੀ ਕਿ ਅੱਡੇ ‘ਚ ਦਿਨ ਵਿੱਚ ਇੱਕ ਵਾਰੀ ਹਾਜਰੀ ਦਿੱਤੇ ਬਗੈਰ ਰੋਟੀ ਹਜਮ ਨਹੀਂ ਸੀ ਆਉਂਦੀ।
----
ਢਾਣੀ ਦੇ ਮੈਂਬਰ ਪੱਕੇ ਹੀ ਸਨ ਜਿਹਨਾਂ ਨੇ ਬਹਿਸ ‘ਚ ਹਿੱਸਾ ਲੈਣਾ ਹੁੰਦਾ ਸੀ। ਭਾਂਬੜ, ਟੀਲ੍ਹਾ, ਰੂਪਾ, ਭੋਲਾ ਨ੍ਹੇਰੀ ਹਰ ਵੇਲੇ ਤਖ਼ਤਪੋਸ਼ ਹੇਠਾਂ ਹੀ ਹਾਜਰ ਮਿਲਦੇ। ਸਰਕਾਰੀ ਮੁਲਾਜਮਾਂ ਵਾਂਗੂੰ ਬੱਝਵੀ ਡਿਊਟੀ ਦੇਣਾ ਸ਼ਾਇਦ ਉਹਨਾਂ ਦੀ ਆਦਤ ਜਿਹੀ ਬਣ ਗਈ। ਇਸ ਜੁੰਡਲੀ ਦਾ ਪੰਜਵਾਂ ਪਾਤਰ ਅੱਜ ਥੋੜ੍ਹਾ ਲੇਟ ਸੀ ਜਿਸ ਕਰਕੇ ਸਾਰਿਆਂ ਨੂੰ ਹੀ ਅੱਚਵੀ ਜਿਹੀ ਲੱਗੀ ਪਈ ਸੀ। ਸਾਰੇ ਹੀ ਆਪਣੇ ਜਿਗਰੀ ਬਹਿਸਕਾਰ ਭੀਰੀ ਅਮਲੀ ਨੂੰ ਬੇਸਬਰੀ ਨਾਲ ਉਡੀਕ ਰਹੇ ਸਨ। ਗੁਰਦੁਆਰੇ ਵਾਲੀ ਬੀਹੀ ‘ਚੋਂ ਜਿਉਂ ਹੀ ਆਪਣੇ ਆਪ ਨਾਲ ਗੱਲਾਂ ਜਿਹੀਆਂ ਕਰਦਾ ਆਉਂਦਾ ਭੀਰੀ ਨਜ਼ਰੀਂ ਪਿਆ ਤਾਂ ਟੀਲ੍ਹੇ ਨੇ ਹੋਟਲ ਵਾਲੇ ਤੇਜੇ ਨੂੰ ਹੋਕਰਾ ਮਾਰ ਦਿੱਤਾ, “ਤੇਜਿਆ, ਪੰਜ ਕੱਪ ਚਾਹ ਦੇ ਬਣਾਦੀਂ, ਪੱਤੀ ਰੋਕ ਕੇ ਤੇ ਮਿੱਠਾ ਠੋਕ ਕੇ, ਪੰਜਾਂ ਕੱਪਾਂ ਦੇ ਪੈਸੇ ਮੈਂ ਦੇਊਂਗਾ...ਅੱਜ ਮੇਰੀ ਵਾਰੀ ਆ।”
----
ਅਮਲੀ ਤੋਂ ਬਿਨਾਂ ਚਾਰਾਂ ‘ਚ ਐਨਾ ਏਕਾ ਸੀ ਕਿ ਚਾਰੇ ਵਾਰੀ ਵਾਰੀ ਚਾਹ ਦੇ ਪੈਸੇ ਦਿੰਦੇ ਸਨ ਪਰ ਭੀਰੀ ਲਈ ਚਾਹ ਦਾ ਕੱਪ ਤੋਹਫ਼ੇ ਵਜੋਂ ਆਉਂਦਾ ਸੀ। ਤੋਹਫ਼ਾ ਵੀ ਕਾਹਦਾ, ਭੀਰੀ ਉਹਨਾਂ ਨੂੰ ਨਵੀਂ ਤੋਂ ਨਵੀਂ ਖਬਰ ਜੋ ਲਿਆ ਕੇ ਦਿੰਦਾ ਸੀ ਤੇ ਦੁੱਖ ਤੋੜ ਦਿੰਦਾ ਸੀ ਕੋਰੀਆਂ ਕਰਾਰੀਆਂ ਗੱਲਾਂ ਨਾਲ। ਭੀਰੀ ਤਖ਼ਤਪੋਸ਼ ‘ਤੇ ਸਾਫਾ ਵਿਛਾ ਕੇ ਬੈਠਣ ਹੀ ਲੱਗਾ ਸੀ ਕਿ ਕੋਲੋਂ ਲੰਘਦੇ ਇੱਕ ਮੁੱਛਫੁੱਟ ਜਿਹੇ ਮੁੰਡੇ ਨੇ ਭੀਰੀ ਨੂੰ ਬੁਲਾਉਂਦਿਆਂ ਕਿਹਾ, “ਚਾਚਾ..... ਸਾਸਰੀ ਕਾਲ।” ਸਾਰਿਆਂ ਨੂੰ ਆਸ ਸੀ ਕਿ ਹੁਣ ਭੀਰੀ ਵੀ ਫਤਿਹ ਦਾ ਜਵਾਬ ਫਤਿਹ ‘ਚ ਹੀ ਦੇਊ ਪਰ ਵਾਪਰਿਆ ਉਲਟ। ਭੀਰੀ ਨੇ ਤਾਂ ਮੰਜੇ ਜੋੜ ਕੇ ਲਾਏ ਸਪੀਕਰ ਵਾਂਗੂੰ ਗਾਲ੍ਹਾਂ ਦੀ ਚੱਕੀ ਝੋਅ ਦਿੱਤੀ।
-“ਕੀਹਦਾਂ ਓਏ ਤੂੰ ਐਹੋ ਜਿਆ ਜੂੰਆਂ ਦੀਏ ਖਾਧੇ, ਸਿੱਧਾ ਸਾਕ ਕਰਦਿਆ ਕਰੋ ਪ੍ਰਾਹੁਣੇ ਨੂੰ, ਵਿੰਗ ਵਲ ਪਾ ਕੇ ਕਿਉਂ ਨਿੱਕੀ ....।”
-“ਭੀਰੀ, ਜੁਆਕ ਤਾਂ ਤੈਨੂੰ ਸਾਸਰੀਕਾਲ ਬੁਲਾ ਕੇ ਗਿਐ, ਤੂੰ ਧੀ ਭੈਣ ਇੱਕ ਕਰਤੀ।”, ਟੀਲ੍ਹੇ ਨੇ ਹੈਰਾਨੀ ਨਾਲ ਪੁੱਛਿਆ।
-“ਤੈਨੂੰ ਨੀ ਪਤਾ ਟੀਲ੍ਹਿਆ, ਇਹ ਰਿਸ਼ਤਾ ਦੇਣੇ ਚਾਚਾ ਕਹਿਕੇ ....ਮੁੜਕੇ ਮੂੰਹ ‘ਚ ਹੌਲੀ ਕੁ ਦੇਣੇ ਕਹਿ ਦਿੰਦੇ ਆ....ਬਹੂ ਦਿਆ, ਮੇਰੇ ਸਾਲੇ ਮੈਨੂੰ ਬਿਨਾਂ ਗੱਲੋਂ ਸਹੁਰਾ ਬਣਾਈ ਰੱਖਦੇ ਆ। ਪ੍ਰਾਹੁਣੇ ਨੂੰ ਪ੍ਰਾਹੁਣਾ ਨੀਂ ਕਹਿੰਦੇ, ਪਿੰਡ ‘ਚ ਰਹਿਣਾ ਦੁੱਭਰ ਕੀਤਾ ਪਿਐ ਭੈਣ ਦਿਆਂ....ਨੇ।”, ਭੀਰੀ ਅਜੇ ਵੀ ਗੁੱਸੇ ਨਾਲ ਤਖ਼ਤਪੋਸ਼ ‘ਤੇ ਫੈਲਰਿਆ ਬੈਠਾ ਸੀ।
-“ਚੱਲ ਕੋਈ ਗੱਲ ਨੀ, ਹੁਣ ਥੁੱਕ ਦੇ ਗੁੱਸਾ ਤੇ ਸੁਣਾ ਕੋਈ ਨਵੀਂ ਤਾਜੀ।”, ਭਾਂਬੜ ਨੇ ਅਸਲ ਮੁੱਦੇ ਵੱਲ ਆਉਂਦਿਆ ਕਿਹਾ।
-“ਕਾਹਦੀ ਨਵੀਂ ਤਾਜੀ ਯਾਰ, ਪਤਾ ਨੀਂ ਕੀਹਦਾ ਸੀ ਆਹ ਢਿਲਕੀ ਜੀ ਪਿੰਟ ਆਲਾ, ਪਤਿਉਰਾ ਮੂੜ ਈ ਖਰਾਬ ਕਰ ਗਿਆ।”, ਭੀਰੀ ਸਚਮੁੱਚ ਹੀ ਮਸੋਸਿਆ ਜਿਹਾ ਗਿਆ ਸੀ। ਇਉਂ ਲਗਦਾ ਸੀ ਜਿਵੇਂ ਲਾਚੜਿਆ ਹੋਇਆ ਮੁੰਡਾ ਉਹਦੀਆਂ ਗੱਲਾਂ ਹੀ ਖੋਹਕੇ ਭੱਜ ਗਿਆ ਸੀ।
-“ਮੂੜ ਨੂੰ ਤੂੰ ਕੀ ਫਿਲਮ ਬਨੌਣੀ ਆ, ਮੂੜ ਖਰਾਬ ਹੋ ਗਿਆ ਇਹਦਾ ਗਾਜੀਆਣੇ ਆਲੇ ਕੁੰਢੇ ਦਾ, ਚੱਲ ਜੇ ਕੋਈ ਗੱਲ ਨੀ ਆਉਂਦੀ ਤਾਂ ਕੋਈ ਗਾਣਾ ਈ ਸੁਣਾਦੇ।”, ਭਾਂਬੜ ਨੇ ਗੱਲ ਡਲੇ ਵਾਂਗੂੰ ਭੀਰੀ ਦੇ ਗਿੱਟਿਆਂ ‘ਚ ਮਾਰੀ ਸੀ।
-“ਪਿੰਡ ਡੁੱਬਣ ਕਨਾਰੇ...ਕਮਲੀ ਨੂੰ ਕੋਠੇ ਲਿੱਪਣ ਦੀ.... ਗਾਣਾ ਸੁਣਾ ਇਹਨੂੰ ਅਕਬਰ ਬਾਦਸ਼ਾ ਨੂੰ, ਮੈਂ ਤਾਨਸੇਨ ਕੇ ਟੱਬਰ ‘ਚੋਂ ਆਂ... ਵੱਡਾ ਆਇਆ ਗੌਣਪ੍ਰੇਮੀ, ਗੌਣ ਆਲਿਆਂ ਨੇ ਪਹਿਲਾਂ ਥੋੜ੍ਹਾ ‘ਗੰਦ’ ਪਾਇਐ ਜਿਹੜੀ ਰਹਿੰਦੀ ਕਸਰ ਮੈਥੋਂ ਕਢਵਾਉਣੀ ਆ। ਹੰ... ਗੌਣ ਸੁਣਾ ਏਹਨੂੰ।”, ਭੀਰੀ ਨੇ ਭਾਬੜ ਦੀ ਪੋਲੀ ਜਿਹੀ ਝਾੜਝੰਬ ਕਰਦਿਆਂ ਕਿਹਾ।
----
ਭਦੌੜ ਵੱਲ ਨੂੰ ਢਾਈ ਆਲੀ ਬੱਸ ਵੀ ਲੰਘ ਗਈ ਸੀ ਪਰ ਅੱਜ ਉਹਨਾਂ ਦੀਆਂ ਗੱਲਾਂ ਦਾ ਕੁਝ ਲੜਸਿਰਾ ਨਹੀਂ ਬਣ ਰਿਹਾ ਸੀ। ਕੋਈ ਜੀਅ ਜਿਹਾ ਲਵਾਉਣ ਵਾਲੀ ਗੱਲ ਨਹੀਂ ਸੀ ਹੋ ਰਹੀ। ਇੰਨੇ ਨੂੰ ਹੋਟਲ ਵਾਲਾ ਤੇਜਾ ਚਾਹ ਦੇ ਪੰਜ ਕੱਪ ਤਾਸ਼ ਦੇ ਪੱਤਿਆਂ ਵਾਂਗੂੰ ਖਿੰਡਾ ਕੇ ਤੁਰ ਚੱਲਿਆ।
-“ਇਹਨਾਂ ਨੂੰ ਢਕ ਕੇ ਵੀ ਲੈ ਆਇਆ ਕਰ ਪਤੰਦਰਾਂ ਨੂੰ, ਕੋਈ ਚਿੜੀ ਚੁੜੀ ਬਿੱਠ ਕਰ ਜਾਂਦੀ ਹੁੰਦੀ ਆ।” ਤੇਜੇ ਨੂੰ ਮੱਤ ਜਿਹੀ ਦਿੰਦਿਆਂ ਉੱਤੇ ਪਿੱਪਲ ਵੱਲ ਉੱਡਵੀਂ ਜਿਹੀ ਨਿਗ੍ਹਾ ਮਾਰਦਿਆਂ ਸ਼ਾਇਦ ਭੀਰੀ ਨੇ ਹੁਣ ਪਹਿਲੀ ਗੱਲ ਦਿਲੋਂ ਕੀਤੀ ਸੀ।
-“ਆਏਂ ਕਿਵੇਂ ਕਰਦੂ ਚਿੜੀ ਬਿੱਠ।”, ਤੇਜਾ ਬੜੇ ਹੌਸਲੇ ਤੇ ਯਕੀਨ ਨਾਲ ਕਹਿ ਰਿਹਾ ਸੀ।
-“ਓਹਨੇ ਕਿਹੜਾ ਸੁੱਥਣ ਲਾਹ ਕੇ ਕਰਨੀ ਆ, ਉੱਡੀ ਜਾਂਦੀ ਈ ਕਰਜੂ.... ਹੋਰ ਉਹਨੇ ਤੈਥੋਂ ਪੁੱਛ ਕੇ ਕਰਨੀ ਆ ਕਿ ਤੇਜਿਆ.....ਬਾਈ ਬਣ ਕੇ ਬਿੱਠ ਕਰਲਾਂ।”, ਭੀਰੀ ਦੀ ਸਹਿਜ ਸੁਭਾਅ ਕੀਤੀ ਗੱਲ ਸੁਣਕੇ ਟੀਲ੍ਹੇ ਵਰਗਿਆਂ ਦੀਆਂ ਤਾਂ ਹਸਦਿਆਂ ਦੀਆਂ ਵੱਖੀਆਂ ਦੁਖਣ ਲੱਗ ਹੀ ਗਈਆਂ ਸਨ, ਨਿਹਾਲੇਵਾਲੇ ਵਾਲੀ ਬੱਸ ਉਡੀਕ ਰਹੀਆਂ ਬੁੜ੍ਹੀਆਂ ਵੀ ਚੁੰਨੀਆਂ ਮੂੰਹਾਂ ਅੱਗੇ ਕਰਕੇ ਹੱਸ ਰਹੀਆਂ ਸਨ।
-“ਚੱਲ ਛੱਡ ਯਾਰ ਲੱਲ ਪਲੱਲ ਨੂੰ, ਤੂੰ ਆਏਂ ਦੱਸ ਬਈ ਗੁਰਦੁਆਰੇ ਵੱਲੀਓਂ ਆਉਂਦਾ ਆਵਦੇ ਆਪ ਨਾਲ ਕੀ ਗੱਲਾਂ ਕਰਦਾ ਆਉਂਦਾ ਸੀ।”, ਭੋਲੇ ਨ੍ਹੇਰੀ ਨੇ ਭੀਰੀ ਦੇ ਬਦਲੇ ਮਿਜਾਜ ਨੂੰ ਦੇਖਦਿਆਂ ਗੱਲ ਅੱਗੇ ਤੋਰਨੀ ਚਾਹੀ।
-“ਗੱਲਾਂ ਕਰਨ ਨੂੰ ਮੈਂ ਕਿਹੜਾ ਕੁੜੀ ਦੇ ਦਾਜ ਬਾਰੇ ਫਿਕਰ ਕਰਨੈਂ, ਚਿੜੇ ਦੀ ਪੂਛ ਅਰਗੇ ਹੈਗੇ ਆਂ, ਕੁੜੀ ਤੋਰਨੀ ਨੀਂ...ਨੂੰਹ ਲਿਆਉਣੀ ਨੀ, ਮੈਂ ਤਾਂ ਦੁਕਾਨ ਆਲੇ ਰਾਮ ਤੋਂ ਖਬਰਾਂ ਸੁਣ ਕੇ ਆਇਆ ਸੀ। ਖਬਰਾਂ ਦੇ ਗਧੀਗੇੜ ‘ਚ ਪਿਆ ਈ ਐਧਰ ਨੂੰ ਤੁਰ ਆਇਆ।”, ਸੜ੍ਹਾਕੇ ਮਾਰ ਮਾਰ ਚਾਹ ਪੀਂਦਾ ਭੀਰੀ ਹੁਣ ਕੁਝ ਟਹਿਕ ਸਿਰ ਹੋ ਗਿਆ ਸੀ।
----
-“ਚੱਲ ਸਿੱਟ ਕੋਈ ਗੱਪ.... ਅਸੀਂ ਵੀ ਨ੍ਹਾਉਣ ਆਲੇ ਹੋਈਏ।”, ਰੂਪੇ ਨੇ ਭੀਰੀ ‘ਤੇ ਕਰਾਰੀ ਚੋਟ ਕਰਦਿਆਂ ਟੀਲ੍ਹੇ ਨੂੰ ਅੱਖ ਮਾਰ ਕੇ ਗੁੱਝੀ ਸੈਨਤ ਮਾਰੀ। ਸ਼ਾਇਦ ਰੂਪਾ ਜਾਣ ਬੁੱਝ ਕੇ ਭੀਰੀ ਨੂੰ ਮਘਾਉਣਾ ਚਾਹੁੰਦਾ ਸੀ। ਉਹ ਜਾਣਦੇ ਸਨ ਕਿ ਜਿੰਨਾ ਚਿਰ ਉਹਨੂੰ ਤੰਗ ਜਿਹਾ ਨਹੀਂ ਕੀਤਾ ਜਾਂਦਾ, ਉਹਦਾ ਰੇਡੂਆ ਓਨਾ ਚਿਰ ਖਬਰਾਂ ਸ਼ੁਰੂ ਨਹੀਂ ਸੀ ਕਰਦਾ।
-“ਐਹਦੀ ਚੱਕਵੀਆਂ ਜੀਆਂ ਮੁੱਛਾਂ ਆਲੇ ਦੀ ਮੈਨੂੰ ਆਹੀ ਗੱਲ ਪਸਿੰਦ ਨੀਂ, ਇਹਦਾ ਮੂੰਹ ਤਾਂ ਜਿਹੋ ਜਿਆ ਹੈਗਾ...ਉਹ ਤਾਂ ਹੈਗਾ ਈ ਆ, ਮਾਂ ਦੇ ਚਮਗਿੱਦੜ ਪੁੱਤ ਨੇ ਪੁੱਠੀ ਗੱਲ ਈ ਕਰਨੀ ਆ....ਨਾ ਇਹਨੂੰ ਚੜ੍ਹੀ ਦੀ ਨਾ ਲੱਥੀ ਦੀ....ਟੀਲ੍ਹਿਆ ਇਹਨੂੰ ਕਹਿਦੇ ਕਿ ਚਾਹ ਪੀਵੇ ਤੇ ਘਰੇ ਜਾਵੇ, ਇਹਨਾਂ ਦੇ ਘਰੇ ਲਾਮੋਂ ਬੰਦੇ ਆਏ ਆ।”, ਭੀਰੀ ਨੂੰ ਰੂਪਾ ਵਿਉਹ ਵਰਗਾ ਲੱਗ ਰਿਹਾ ਸੀ।
-“ਤੂੰ ਤਾਂ ਐਵੇਂ ‘ਬਲੋਅ’ ਮਾਰ ਜਾਨੈਂ, ਰੂਪਾ ਤਾਂ ਐਵੇਂ ਜਾਣਕੇ ਛੇੜਦਾ ਸੀ ਤੈਨੂੰ, ਚੱਲ ਸੁਣਾ ਕੋਈ ਰੱਬ ਘਰ ਦੀ।”, ਭਾਂਬੜ ਹੁਣ ਸਿਆਣਾ ਜਿਹਾ ਬਣਿਆ ਬੈਠਾ ਸੀ।
-“ਰੱਬ ਘਰ ਦੀ ਤਾਂ ਏਹੀ ਆ ਬਈ ਹੁਣ ਤਾਂ ਜੁੱਤੀਆਂ ਦੇ ਲਸੰਸ ਬਣਿਆ ਕਰਨਗੇ....?”, ਭੀਰੀ ਨੇ ਅਵੱਲੀ ਹੀ ਖਬਰ ਸੁਣਾ ਧਰੀ ਸੀ।
-“ਕਿਉਂ? ਮੈਂ ਝੂਠ ਕਿਹਾ ਸੀ? ਸਿੱਟਤਾ ਨਾ ਆਉਣ ਸਾਰ ਬਿਨਾਂ ਪਹੀਆਂ ਤੋਂ।”, ਰੂਪਾ ਭੀਰੀ ਦੀਆਂ ਖਬਰਾਂ ‘ਚ ਤੇਜ਼ੀ ਲਿਆਉਣ ਲਈ ਫੇਰ ਉਹਦੀ ਦੁਖਦੀ ਰਗ ‘ਤੇ ਜਾਣ ਕੇ ਹੱਥ ਧਰ ਰਿਹਾ ਸੀ।
-“ਮੈਂ ਅੱਗੇ ਔਖਾ ਹੋਇਆ ਵਾਂ, ਮੈਂ ਕੁਛ ਮਾਰੂੰ ਇਹਦੇ ਮਗਜ ‘ਚ, ਭਾਂਬੜਾ ਚੁੱਪ ਕਰਾਲਾ ਏਹਨੂੰ ਭੁੰਜੇ ਹੱਗਣੀ ਜਾਤ ਨੂੰ।”, ਭੀਰੀ ਰੂਪੇ ਵੱਲ ਨੂੰ ਝਈਆਂ ਲੈ ਲੈ ਜਾ ਰਿਹਾ ਸੀ। ਭਾਂਬੜ ਦੇ ਸਮਝਾਉਣ ‘ਤੇ ਰੂਪਾ ਚੁੱਪ ਹੋ ਗਿਆ ਤੇ ਭੀਰੀ ਦੀਆਂ ਖਬਰਾਂ ਫੇਰ ਚਾਲੂ ਹੋ ਗਈਆਂ।
----
-“ਮੈਂ ਇਹੀ ਸੋਚਦਾ ਆਉਂਦਾ ਸੀ ਕਿ ਥੋੜ੍ਹੇ ਸਾਲਾਂ ‘ਚ ਬੰਦੂਕਾਂ ਪਸਤੌਲ ਕਿਸੇ ਨੇ ਸਿਆਨਣੇ ਨੀਂ, ਸੁਰਖੀ ਪੋਡਰ ਦੇ ਸਮਾਨ ਅੰਗੂੰ ਰਾਮ ਅਰਗਿਆਂ, ਟੋਨੀ ਅਰਗਿਆਂ ਦੀਆਂ ਦੁਕਾਨਾਂ ਤੋਂ ਮਿਲ ਜਿਆ ਕਰਨਗੇ। ਜਿੱਥੋਂ ਤਾਂਈਂ ਮੇਰਾ ਖਿਆਲ ਆ ਲੋਕ ਗੋਲੀ ਨਾਲ ਬੰਦਾ ਮਾਰਨ ਆਲੇ ਨੂੰ ਲੰਡੂ ਜਿਆ ਬਦਮਾਸ਼ ਈ ਸਮਝਿਆ ਕਰਨਗੇ।”, ਭੀਰੀ ਖਬਰ ਤੋਂ ਪਹਿਲਾਂ ਜੋ ਭੂਮਿਕਾ ਬੰਨ੍ਹ ਰਿਹਾ ਸੀ, ਸਾਰੇ ਸਾਂਤ ਚਿੱਤ ਹੋ ਕੇ ਸੁਣ ਰਹੇ ਸੀ। “ਜਦੋਂ ਲੋਕੀਂ ਬੰਦੂਕਾਂ ਪਸਤੌਲ ਵਰਤਣੋਂ ਈ ਹਟਗੇ ਫੇਰ ਕਿਹੜਾ ਇਹਨਾਂ ਦਾ ‘ਚਾਰ ਪਾਉਣੈ। ਫੇਰ ਆਪੇ ਸਸਤੇ ਹੋ ਜਾਣਗੇ, ਹੋਰ ਤਾਂ ਹੋਰ ਸਰਕਾਰਾਂ ਨੂੰ ਹੋਰ ਝੰਜਟ ਪੈਜੂ... ਬਰੂਦ ਚੈੱਕ ਕਰਨ ਆਲੀਆਂ ਚਪੇੜਾਂ ਜਿਹੀਆਂ ਅੰਗੂੰ ਜੁੱਤੀਆਂ ਚੈੱਕ ਕਰਨ ਆਲੀਆਂ ਮਸ਼ੀਨਾਂ ਬਨੌਣੀਆਂ ਪੈਣਗੀਆਂ। ਮੰਤਰੀ ਸੰਤਰੀ ਨੇ ਆਉਣਾ ਹੋਇਆ ਕਰੂ ਤਾਂ ਪੁਲਸ ਆਲੇ ਪਸਤੌਲ ਆਲੇ ਨੂੰ ਭਾਵੇਂ ਲੰਘਾ ਦੇਣ ਪਰ ਜੁੱਤੀ ਆਲੇ ਨੂੰ ਫੜ੍ਹ ਲਿਆ ਕਰਨਗੇ। ਵੋਟਾਂ ਤੋਂ ਪਹਿਲਾਂ ਲਾਰੇ ਲਾਉਣ ਆਲੇ ਦਿਨਾਂ ‘ਚ ਜਦੋਂ ਲੀਡਰ ਲੋਕਾਂ ਨੂੰ ਬੁੱਧੂ ਬਣਾਉਣ ਪਿੰਡ- ਪਿੰਡ ਜਲਸੇ ਕਰਦੇ ਹੁੰਦੇ ਆ, ਉਹਨੀਂ ਦਿਨੀਂ ਰਫਲਾਂ ਠਾਣਿਆਂ ‘ਚ ਜਮ੍ਹਾਂ ਕਰਵਾਉਣ ਅੰਗੂੰ ਪੁਲਸ ਆਲੇ ਪਿੰਡ- ਪਿੰਡ ਆਪੋ ਆਪਣੀਆਂ ਜੁੱਤੀਆਂ ਠਾਣਿਆਂ ‘ਚ ਜਮ੍ਹਾਂ ਕਰਾਉਣ ਵਾਸਤੇ ਗੁਰਦੁਆਰਿਆਂ ‘ਚ ਹੋਕੇ ਦਵਾਇਆ ਕਰਨਗੇ। ਠਾਣਿਆਂ ‘ਚੋਂ ਫਿਰ ਬਰੂਦ ਦੀ ਨਹੀਂ ਸਗੋਂ ਚੰਮ ਦੀਆਂ ਜੁੱਤੀਆਂ ਦਾ ਮੁਸ਼ਕ ਮਾਰਿਆ ਕਰੂ। ਸਪਾਟੇ-ਚਪਾਟੇ ਵਿਚਾਰੇ ਮੁਸ਼ਕ ਤੋਂ ਬਚਣ ਦੇ ਮਾਰੇ ਡਾਕੂਆਂ ਅੰਗੂੰ ਦਿਨੇ ਵੀ ਮੂੰਹ ਬੰਨ੍ਹ ਕੇ ਫਿਰਿਆ ਕਰਨਗੇ।”
----
-“ਓਏ ਅੱਜ ਇਹਦੇ ਦਿਮਾਗ ਦੇ ਟਾਂਕੇ ਹਿੱਲੇ ਵੇ ਆ, ਮਾਰ ਮਰਾਈ ਤੋਂ ਘੱਟ ਗੱਲ ਨੀ ਕਰਦਾ। ਇਹਦਾ ਕੀ ਪਤਾ ਡੱਬ ‘ਚ ਪਸਤੌਲ ਟੰਗੀ ਫਿਰਦਾ ਹੋਵੇ। ਜੇ ਬਚੀਦੈ ਤਾਂ ਬਚਜੋ, ਇਹਦਾ ਕੀ ਆ ਇਹਨੇ ਤਾਂ ਗੱਪ ਆਂਗੂੰ ਕੱਢ ਕੇ ਚਲਾ ਈ ਦੇਣੈ।”, ਭਾਂਬੜ ਦੇ ਰੋਕਣ ‘ਤੇ ਵੀ ਰੂਪਾ ਚੁੱਪ ਨਾ ਰਹਿ ਸਕਿਆ।
-“ਤੈਨੂੰ ਕੀ ਪਤੈ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆ ਨੇ? ਜੇ ਕਦੇ ਬੰਦਿਆਂ ‘ਚ ਬੈਠਿਆ ਹੋਵੇਂ ਤਾਂ ਪਤਾ ਲੱਗੇ ਕਿ ਦੁਨੀਆਂ ਕਿੱਥੇ ਵਸਦੀ ਆ... ਜਦੋਂ ਦੇਖੋ ਆਵਦੀ ਈ ਬੰਸਰੀ ਵਜਾਉਣ ਬਹਿ ਜਾਨੈਂ।”, ਭੀਰੀ ਰੂਪੇ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ। “ਭਲਿਆ ਮਾਣਸਾ ਗਮੰਤਰੀ ਵੀ ਗੌਣ ਸੁਣਾਉਣ ਤੋਂ ਪਹਿਲਾਂ ਊਂਈਂ ਗੱਲਾਂ ਜੀਆਂ ਈ ਕਰਦੇ ਹੁੰਦੇ ਆ, ਗੌਣ ਤਾਂ ਬਾਦ ‘ਚ ਸ਼ੁਰੂ ਕਰਦੇ ਹੁੰਦੇ ਆ। ਓਵੇਂ ਈ ਖਬਰ ਤਾਂ ਥੋਨੂੰ ਮੈਂ ਅਜੇ ਦੱਸੀ ਨੀਂ ਅਜੇ, ਇਹ ਤਾਂ ‘ਮੂਹਰਲੀਆਂ’ ਗੱਲਾਂ ਈ ਸੀਗੀਆਂ।”, ਭੀਰੀ ਦੇ ਹੱਥ ਸ਼ਾਇਦ ਕੋਈ ‘ਖਤਰਨਾਕ’ ਖਬਰ ਲੱਗੀ ਹੋਈ ਸੀ।
-“ਐਵੇਂ ਤਰਸਾਈ ਜਿਆ ਕਿਉਂ ਜਾਨੈਂ। ਸੁਣਾ ਕੇ ਮੱਥਾ ਡੰਮ੍ਹ ਰੂਪੇ ਦਾ, ਕਦੋਂ ਦਾ ਤੈਨੂੰ ਮੇਹਣੇ ਮਾਰੀ ਜਾਂਦੈ।”, ਭਾਂਬੜ ਰੂਪੇ ਦੇ ਬਹਾਨੇ ਨਾਲ ਭੀਰੀ ਮੂੰਹੋਂ ਛੇਤੀ ਛੇਤੀ ਖਬਰ ਕਢਵਾਉਣੀ ਚਾਹੁੰਦਾ ਸੀ।
---
-“ ਲਓ ਸੁਣੋ ਤੇ ਮੇਰੀਆਂ ਗੱਲਾਂ ਦਾ ਜਵਾਬ ਨਾਲ ਦੀ ਨਾਲ ਦੇਈ ਜਾਉ, ਫੇਰ ਦੱਸਿਓ ਮੈਂ ਝੂਠ ਬੋਲਦਾ ਸੀ ਕਿ ਸੱਚ। ਪਹਿਲਾਂ ਤਾਂ ਇਹ ਦੱਸੋ ਕਿ ਇੰਦਰਾ ਗਾਂਧੀ ਕਾਹਦੇ ਨਾਲ ਮਾਰੀ ਸੀ?”, ਭੀਰੀ ਹੁਣ ਜੁੰਡਲੀ ਨੂੰ ਮਾਸਟਰਾਂ ਵਾਂਗ ਸੁਆਲ ਪਾ ਰਿਹਾ ਸੀ।
-“ਗੋਲੀ ਨਾਲ...।”, ਰੂਪਾ ਤੇ ਭਾਂਬੜ ‘ਕੱਠੇ ਈ ਬੋਲੇ।
-“ਓਹਦਾ ਮੁੰਡਾ ‘ਰਜੀਪ’ ਤੇ ਡਾਕੂ ਫੂਲਣ ਦੇਵੀ ਕਾਹਦੇ ਨਾਲ ਮਾਰੇ ਸੀ?”, ਭੀਰੀ ਭਾਰਤ ਦੀ ਰਾਜਨੀਤੀ ਵੱਲ ਨੂੰ ਭੱਜਿਆ ਜਾ ਰਿਹਾ ਸੀ।
-“ਉਹ ਵੀ ਗੋਲੀ ਨਾਲ ਈ ਮਾਰੇ ਹੋਣਗੇ ਵਿਚਾਰੇ।”, ਟੀਲ੍ਹਾ ਪਹਿਲਾਂ ਹੀ ਬੋਲ ਪਿਆ ਸੀ।
-“ਕਿਸੇ ਲੀਡਰ ਨੂੰ ਜਾਨੋਂ ਮਾਰਨ ਲਈ ਪਹਿਲਾਂ ਲੋਕ ਹਥਿਆਰ ਵਰਤਦੇ ਸੀ, ਹੁਣ ਮਾਰਨ ਆਲੇ ਹਥਿਆਰਾਂ ਦੀ ਥਾਂ ਜੁੱਤੀਆਂ ਨਾਲ ਲੀਡਰ ਮਾਰਨ ਲੱਗਗੇ। ਉਹ ਤਾਂ ‘ਮਰੀਕਾ ਆਲੇ ਬੁਸ਼ ਦੇ ਕਰਮ ਚੰਗੇ ਸੀ, ਕਿਸੇ ਗੋਰੇ ਦੀ ਮਟੀ ਤੇ ਮੱਥਾ ਟੇਕ ਕੇ ਆਇਆ ਹੋਊ, ਨਹੀਂ ਤਾਂ ਰਗੜ ਦੇਣਾ ਸੀ ਇਰਾਕੀ ਪੱਤਰਕਾਰ ਨੇ ਛਿੱਤਰ ਨਾਲ ਈ। ਗੋਲੀ ਨਾਲ ਤਾਂ ਬੰਦਾ ਇੱਕ ਵਾਰੀ ਮਰ ਜਾਂਦੈ, ਉਹਨੂੰ ਬਾਦ ‘ਚ ਕੁਛ ਪਤਾ ਨੀ ਲਗਦਾ ਕਿ ਉਹਦੀ ਕਿੰਨੀ ਕੁੱਤੇਖਾਣੀ ਹੋਗੀ। ਪਰ ਬੁਸ਼ ਨੂੰ ਤਾਂ ਵਿਚਾਰੇ ਨੂੰ ਜਿ਼ੰਦਗੀ ਭਰ ਟੇਕ ਨੀ ਆਉਣੀ। ਜੁੱਤੀ ਮਾਰਨ ਆਲੇ ਨੂੰ ਕੀ ਹੋ ਗਿਆ, ਤਿੰਨ ਸਾਲ ਕੈਦ ਈ ਹੋਈ ਆ। ਹੋਰ ਕੀ ਉਹਨੂੰ ਕੀੜਿਆਂ ਆਲੇ ਜੰਡ ‘ਤੇ ਚੜ੍ਹਾਤਾ।” , ਭੀਰੀ ਦਾ ਜਿਵੇਂ ਗੱਲ ਸੁਣਾਉਂਦੇ ਦਾ ਦਮ ਚੜ੍ਹ ਗਿਆ ਸੀ।
-“ਜਾਹ ਓਏ ਗਪੌੜਸੰਖਾ, ਦੁਬਾਰਾ ਚਾਹ ਪੀਣ ਆਲੇ ਕਰਤੇ.... ਪਤਾ ਨੀਂ ਕੀ ਖਾ ਕੇ ਆਇਐ। ਗੱਪ ਤੇ ਗੱਪ ਵੇਲ ਵੇਲ ਸਿੱਟੀ ਜਾਂਦੈ।”, ਰੂਪਾ ਆਪਣੇ ਸੁਭ੍ਹਾ ਤੋਂ ਟਲ ਨਹੀਂ ਸੀ ਸਕਿਆ।
-“ਜੇ ਹਜੇ ਵੀ ਯਕੀਨ ਨੀ ਆਉਂਦਾ ਤਾਂ ਔਹ ਮਹੰਤਾਂ ਦਾ ਮੁੰਡਾ ਆਉਂਦੈ, ਜਿਹੜਾ ਪੱਤਰਕਾਰ ਆ। ਹੁਣੇ ਥੋਡੀ ‘ਦਸੱਲੀ’ ਕਰਾਦੂ।”, ਭੀਰੀ ਨੇ ਤਖਤਪੋਸ਼ ਤੋਂ ਉੱਤਰ ਕੇ ਟ੍ਰੈਫਿਕ ਪੁਲਿਸ ਵਾਲਿਆਂ ਵਾਂਗੂੰ ਪੱਤਰਕਾਰ ਰਣਜੀਤ ਬਾਵਾ ਨੂੰ ਘੇਰ ਲਿਆ ਸੀ।
-“ਪੱਤਰਕਾਰਾ, ਐਹਨਾਂ ਬੂਝੜਾਂ ਨੂੰ ਦੱਸੀਂ ਕਿ ਕਿਵੇਂ ਲੀਡਰਾਂ ਦੇ ਛਿੱਤਰ ਪੈਣ ਲੱਗਗੇ, ਜਿਵੇਂ ‘ਮਰੀਕਾ ਆਲੇ ਬੁਸ਼ ਦੇ ਪਏ ਸੀ।”, ਭੀਰੀ ਨੇ ਪੱਤਰਕਾਰ ਨੂੰ ਸੰਖੇਪ ‘ਚ ਹੀ ਹੀਰ ਸਮਝਾ ਦਿੱਤੀ ਸੀ।
----
-“ਹਾਂ ਜੀ, ਬਲਵੀਰ ਸਿਉਂ ਸੱਚ ਕਹਿੰਦੈ, ਹੁਣ ਤਾਂ ਵੱਡੇ ਵੱਡੇ ਲੀਡਰਾਂ ਨੂੰ ਲੋਕ ਗੋਲੀਆਂ ਨਹੀਂ ਸਗੋਂ ਜੁੱਤੀਆਂ ਮਾਰ ਕੇ ਹੀ ਗੁੱਭਗੁਭਾਟ ਕੱਢ ਲੈਂਦੇ ਆ। ਬੁਸ਼ ਦੇ ਜੁੱਤੀ ਇਰਾਕ ਦੇ ਪੱਤਰਕਾਰ ਮੁੰਤਜਰ ਜੈਦੀ ਨੇ ਮਾਰੀ ਸੀ। ਫਿਰ ਬਰਤਾਨੀਆ ਦੀ ਕੈਂਬਰਿਜ ਯੂਨੀਵਰਸਿਟੀ ‘ਚ ਭਾਸ਼ਣ ਦੇਣ ਲੱਗੇ ਚੀਨੀ ਪ੍ਰਧਾਨ ਮੰਤਰੀ ਵੇਨ ਜਿਆਬਾਓ ਦੇ ਵੀ ਜੁੱਤੀ ਮਾਰੀ ਸੀ ਕਿਸੇ ਨੇ। ਫਿਰ ਹੁਣ ਸਵੀਡਨ ‘ਚ ਵੀ ਇਜ਼ਰਾਈਲ ਦੇ ਰਾਜਦੂਤ ਬੇਨੀ ਡੇਗਨ ਵੱਲ ਵੀ ਜੁੱਤੀ ਸੂਕਦੀ ਗਈ ਸੀ। ਅਜੇ ਥੋੜ੍ਹੇ ਦਿਨਾਂ ਦੀ ਹੀ ਗੱਲ ਐ ਆਪਣੇ ਮੁਲਕ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਵੀ ਪੱਤਰਕਾਰ ਜਰਨੈਲ ਸਿੰਘ ਨੇ ਚਿੱਟੇ ਰੰਗ ਦਾ ਬੂਟ ਚਲਾਵਾਂ ਮਾਰਿਆ ਸੀ ਪਰ ਮੰਤਰੀ ਵਾਲ- ਵਾਲ ਬਚ ਗਿਆ। ਹੁਣ ਇੱਕ ਬਾਬੇ ਨੇ ਵੀ ਆਪਣੇ ਲੀਡਰ ਵੱਲ ਨੂੰ ‘ਠਿੱਬਾ’ ਚਲਾ ਦਿੱਤੈ।”, ਪੱਤਰਕਾਰ ਭੀਰੀ ਦੀ ਗੱਲ ‘ਤੇ ਸੱਚਾਈ ਦੀ ਮੋਹਰ ਲਾਕੇ ਮੋਟਰਸੈਕਲ ਦੀ ਕਿੱਕ ਮਾਰ ਕੇ ਮਾਛੀਕਿਆਂ ਵਾਲੇ ਰਾਹ ਪੈ ਗਿਆ।
---
-“ਕਿਉਂ ਹੁਣ ਤਾਂ ਯਕੀਨ ਆ ਗਿਆ ਕਿ ਨਹੀਂ? ਸਾਲੇ ਮੇਰੇ ਮੈਨੂੰ ਤਾਂ ਟੁੱਕ ‘ਤੇ ਡੇਲਾ ਈ ਸਮਝਦੇ ਆ। ਦੇਖਿਆ ਪੜ੍ਹੇ ਲਿਖੇ ਬੰਦੇ ਦਾ ਡਮਾਕ... ਮੈਨੂੰ ਵੀ ਬਲਵੀਰ ਸਿਉਂ ਕਹਿ ਗਿਆ। ਇਹ ਕਤ੍ਹੀੜਾਂ ਭੀਰੀ ਭੀਰੀ ਕਰੀ ਜਾਣਗੀਆਂ।”, ਭੀਰੀ ਆਪਣੇ ਆਪ ਨੂੰ ਜੇਤੂ ਜਿਹਾ ਮਹਿਸੂਸ ਕਰ ਰਿਹਾ ਸੀ। “ਮੈਂ ਤਾਂ ਆਪ ਹੁਣ ਵਿਉਂਤ ਜੀ ਬਣਾਈ ਜਾਨਾਂ ਬਈ ਜਿਹੜਾ ਮੰਤਰੀ ਆਪਣੇ ਪਿੰਡ ਆ ਕੇ ਝੂਠ ਬੋਲਣ ਲੱਗਿਆ ਆਪਾਂ ਤਾਂ ਆਪ ਛਿੱਤਰ ਆਲਾ ‘ਫੈਰ’ ਕਰ ਈ ਦੇਣੇ। ਬਾਦ ‘ਚ ਭਾਵੇਂ ਕੈਦ ਈ ਹੋਜੇ। ਮੈਂ ਤਾਂ ਮੱਚਿਆ ਪਿਆਂ... ਵੋਟਾਂ ਵੇਲੇ ਦੰਦੂਕਿਆਂ ਆਲੇ ਥੜ੍ਹੇ ‘ਤੇ ਆ ਕੇ ਸਾਰੇ ਲਾਰੇ ਲਾ ਕੇ ਤੁਰ ਜਾਂਦੇ ਆ। ਫੇਰ ਕੋਈ ਬਾਤ ਨੀ ਪੁੱਛਦਾ। ਹੁਣ ਆਉਣ ਦੇ ਜਿਹੜਾ ਆਉਂਦੈ... ਮੈਂ ਦੇਊਂ ਧਨੇਸੜੀ.... ਆਪਾਂ ‘ਫੈਰ’ ਕਰ ਈ ਦੇਣੈ।”, ਭੀਰੀ ਗੱਲਾਂ ਕਰਦਾ ਜਿਵੇਂ ਫੁੰਕਾਰੇ ਮਾਰ ਰਿਹਾ ਸੀ।
-“ਫਾਇਰ ਤਾਂ ਇਉਂ ਕਹਿੰਦੈ ਜਿਵੇਂ ਬਾਰਾਂ ਬੋਰ ਦਾ ਪਸਤੌਲ ਡੱਬ ‘ਚ ਦੇਈ ਫਿਰਦੈ ਹੁੰਦੈ। ਮੱਝੂਕੇ ਫਾਇਰ ਹੋਜੇ...ਇਹਨੂੰ ਇੱਥੇ ਬੈਠੇ ਨੂੰ ਮੋਕ ਲੱਗ ਜਾਂਦੀ ਆ। ਹੁਣ ਗੱਲਾਂ ਕਰਦੈ ਮਰਨ ਮਰਾਉਣ ਦੀਆਂ।”, ਰੂਪਾ ਫੇਰ ਘਤਿੱਤ ਕਰ ਗਿਆ ਸੀ।
----
-“ਟੀਲ੍ਹਿਆ, ਮੇਰਾ ਵੀਰ ਇਹਨੂੰ ਪਾਸੇ ਲੈਜਾ, ਕਿਤੇ ਪਹਿਲਾ ‘ਫੈਰ’ ਇਹਦੇ ਈ ਨਾ ਬੱਖਲ ‘ਚ ਮਾਰਨਾ ਪੈਜੇ। ਜਦੋਂ ਕੋਈ ਮੰਤਰੀ ਡਿੱਕੇ ਆਊ..ਦੇਖੀ ਜਾਊ। ਕਿਤੇ ਇਹਦੇ ਈ ਸਿੰਗ ਨਾ ਚੋਪੜੇ ਜਾਣ ਮੈਥੋਂ। ਰੂਪਿਆ, ਜਿੱਦੇਂ ਮੈਂ ਕਰਾਮਾਤ ਕਰਤੀ ਨਾ.... ਓਸ ਦਿਨ ਦੇਖੀਂ ਕਿਵੇਂ ਅਖਬਾਰ ਬਲਬੀਰ ਸਿਉਂ ਹਿੰਮਤਪੁਰੀਏ ਦੇ ਨਾਂ ਨਾਲ ਭਰੇ ਪਏ ਹੋਣਗੇ ਤੇ ਮੇਰੇ ਚਲਾਏ ਠਿੱਬੇ ਛਿੱਤਰ ਦੇ ‘ਫੈਰ’ ਨੂੰ ਟੇਲੀਵੀਜਨਾਂ ਆਲੇ ਦੇਖੀਂ ਕਿਵੇਂ ਮੋੜ ਮੋੜ ਕੇ ਦਖਾਉਣਗੇ। ਨਾਲੇ ਦੇਖੀਂ ਕਿਵੇਂ ਮਸਾਲਾ ਲਾ ਲਾ ਖਬਰਾਂ ਬੋਲਦੇ.... ਅਖੇ ਬਲਵੀਰ ਸੀਂਘ ਹੀਂਮਤਪੁਰੀਆ ਕੇ ਛੀਤਰ ਸੇ ਮਾਂਤਰੀ ਘਮੰਡਾ ਸੀਂਘ ਵਾਲ ਵਾਲ ਬਚਿਆ। ਔਰ ਛੀਤਰ ਚਲਾਨੇ ਕੇ ਬਾਦ ਬਲਵੀਰ ਸੀਂਘ ਬੜੇ ਪ੍ਰਸਿੰਨ ਦੀਖ ਰਹੇ ਹੈਂ.....ਹੋਰ ਤਾਂ ਹੋਰ ਆਹ ਠਿੱਬਾ ਜਿਆ ਛਿੱਤਰ ਵੀ ਬੋਲੀ ‘ਤੇ ਵਿਕੂਗਾ ਇਰਾਕ ਆਲੇ ਪੱਤਰਕਾਰ ਤੇ ਆਪਣੇ ਦੇਸ਼ ਦੇ ਪੱਤਰਕਾਰ ਜਰਨੈਲ ਸਿੰਘ ਦੇ ਬੂਟਾਂ ਅੰਗੂੰ। ਫੇਰ ਤੂੰ ਵੀ ਮਾਣ ਕਰੇਂਗਾ ਕਿ ਬਲਬੀਰ ਸਿਉਂ ਮੇਰਾ ਯਾਰ ਆ।”, ਭੀਰੀ ਰੂਪੇ ਨੂੰ ਟੀ.ਵੀ. ‘ਤੇ ਆਉਂਦੀਆਂ ਖਬਰਾਂ ਵਾਂਗ ਪੰਜਾਬੀ ਤੇ ਹਿੰਦੀ ਦੀ ਸੰਨ੍ਹੀ ਜਿਹੀ ਰਲਾਉਂਦਾ ਹੋਇਆ ਹੁਣ ਉੱਠ ਕੇ ਆਪ ਹੀ ਗੁਰਦੇਵ ਮੋਚੀ ਵੱਲ ਨੂੰ ਸਿੱਧਾ ਹੋ ਤੁਰਿਆ।
----
-“ਕਿਉਂ ਹੁਣ ਸਾਡੇ ਕੋਲੋਂ ਮੁਸ਼ਕ ਆਉਣ ਲੱਗ ਗਿਆ ਜਿਹੜਾ ਗੁਰਦੇਵ ਕੋਲ ਜਾ ਕੇ ਬਹਿ ਗਿਆ।”, ਭੋਲਾ ਨ੍ਹੇਰੀ ਭੀਰੀ ਨਾਲ ਗੁੱਸਾ ਜਿਹਾ ਕਰਦਾ ਬੋਲਿਆ।
-“ਨਹੀਂ ਭੋਲਿਆ ਮੁਸ਼ਕ ਆਲੀ ਗੱਲ ਨੀਂ.... ਪਰਸੋਂ ਨੂੰ ਆਪਣੇ ਪਿੰਡ ਵੀ ਮੰਤਰੀ ਨੇ ਆਉਣੈਂ।”, ਭੀਰੀ ਬਾਕੀ ਗੱਲ ਦੱਬ ਜਿਹੀ ਗਿਆ।
-“ਮੰਤਰੀ ਆ ਵੀ ਜਾਊ ਤੇ ਚਲਾ ਵੀ ਜਾਊ, ਗੁਰਦੇਵ ਨਾਲ ਕੀ ਗੁਰਮਤਾ ਕਰਨੈ?”, ਟੀਲ੍ਹਾ ਵੀ ਅਜੇ ਗੱਲ ਦੀ ਰਮਜ ਲੱਭ ਰਿਹਾ ਸੀ।
-“ਬਈ ਮਿੱਤਰੋ! ਆਪਾਂ ਐਤਕੀਂ ਕੋਈ ਨਾ ਕੋਈ ਚੰਦ ਚੜ੍ਹਾ ਈ ਦੇਣੈ। ਮੈਂ ਤਾਂ ਗੁਰਦੇਵ ਕੋਲੋਂ ਆਵਦੇ ‘ਪਸਤੌਲ’ ਦੇ ਤਲੇ ਲੁਆਉਣ ਲੱਗਿਆਂ।”, ਭੀਰੀ ਦੀ ਗੱਲ ਸੁਣਕੇ ਇੱਕ ਵਾਰ ਫੇਰ ਹਾਸੜ ਮੱਚ ਗਈ ਸੀ। ਭੀਰੀ ਦੇ ਉੱਠਣ ਸਾਰ ਹੀ ਬਾਕੀ ਸਾਥੀ ਵੀ ਆਪੋ- ਆਪਣੇ ਆਲ੍ਹਣਿਆਂ ਨੂੰ ਜਾਣ ਲਈ ਤਿਆਰ ਹੋ ਗਏ। ਹੁਣ ਅੱਡੇ ਵਾਲਾ ਤਖ਼ਤਪੋਸ਼ ਫੇਰ ਵਿਚਾਰਾ ‘ਕੱਲਾ ਜਿਹਾ ਰਹਿ ਗਿਆ ਸੀ। ਪਰ ਭੀਰੀ ਗੁਰਦੇਵ ਤੋਂ ਆਪਣੇ ਠਿੱਬੇ ਹੋਏ ਛਿੱਤਰਾਂ ਦੇ ਤਲੇ ਲੁਆਉਣ ‘ਚ ਰੁੱਝ ਗਿਆ ਸੀ।
1 comment:
Bhaut khoob mandeep ji
Post a Comment