ਲੇਖ
ਅਜੋਕੇ ਸਮਿਆਂ ਵਿੱਚ ਆਪਣੇ ਚਿਹਰੇ ਉੱਤੇ ਨਵੇਂ ਰੰਗ-ਰੂਪ ਵਾਲਾ ਮਖੌਟਾ ਪਹਿਣ ਕੇ ਅਤੇ ਜਿਨ੍ਹਾਂ ਇਰਾਦਿਆਂ ਨੂੰ ਲੈ ਕੇ ਸਰਮਾਏਦਾਰੀ ਵਿਸ਼ਵ-ਪੱਧਰ ਉੱਤੇ ਛਾ ਜਾਣ ਲਈ ਕਾਹਲੀ ਪੈ ਰਹੀ ਹੈ ਉਨ੍ਹਾਂ ਇਰਾਦਿਆਂ ਪਿੱਛੇ ਲੁਕੀ ਹੋਈ ਦਰਿੰਦਗੀ ਨੂੰ ਪਹਿਚਾਨਣਾ ਕਿਸੇ ਸਾਧਾਰਨ ਵਿਅਕਤੀ ਦੇ ਵੱਸ ਵਿੱਚ ਨਹੀਂ; ਪਰ ਇਸ ਦਰਿੰਦਗੀ ਦੇ ਸੰਕੇਤਾਂ ਨੂੰ ਹੀ ਪਹਿਚਾਨਣਾ ਸਾਡੇ ਸਮਿਆਂ ਦੇ ਚੇਤੰਨ ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਜਿੰਮੇਵਾਰੀ ਹੈ।
---
ਕੈਨੇਡਾ ਵਿੱਚ ਰਹਿ ਰਹੇ ਪ੍ਰਸਿੱਧ ਪੰਜਾਬੀ ਪੱਤਰਕਾਰ ਸੁਰਜਨ ਜ਼ੀਰਵੀ ਵੱਲੋਂ ਆਪਣੇ ਲੇਖਾਂ ਦੀ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਇਹ ਹੈ ਬਾਰਬੀ ਸੰਸਾਰ’ ਇਸ ਦਿਸ਼ਾ ਵਿੱਚ ਕੀਤਾ ਗਿਆ ਇੱਕ ਵਿਸ਼ੇਸ਼ ਯਤਨ ਕਿਹਾ ਜਾ ਸਕਦਾ ਹੈ। ਇਸ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਜਾਣਕਾਰੀ ਭਰਪੂਰ ਅਤੇ ਅਜੋਕੀਆਂ ਹਾਲਤਾਂ ਦੀ ਚੀਰ ਫਾੜ ਕਰਨ ਵਾਲੀਆਂ ਲਿਖਤਾਂ ਰਾਹੀਂ ਸੁਰਜਨ ਜ਼ੀਰਵੀ ਨੇ ਸਰਮਾਇਦਾਰੀ ਦੇ ਚਿਹਰੇ ਉੱਤੇ ਪਾਏ ਹੋਏ ਰੰਗ-ਬਰੰਗੇ ਮੁਖੌਟੇ ਨੂੰ ਲੀਰੋ ਲੀਰ ਕਰਕੇ ਉਸਦਾ ਦਰਿੰਦਗੀ ਭਰਿਆ ਚਿਹਰਾ ਨੰਗਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਵਿਸ਼ਵ-ਰਾਜਨੀਤੀ ਬਾਰੇ ਵਾਰਤਕ ਵਿੱਚ ਲਿਖੀ ਹੋਈ ਇੰਨੀ ਜ਼ਿਆਦਾ ਚੇਤੰਨਤਾ ਪੈਦਾ ਕਰਨ ਵਾਲੀ ਹੋਰ ਕੋਈ ਪੁਸਤਕ ਇਸਤੋਂ ਪਹਿਲਾਂ ਪ੍ਰਕਾਸ਼ਿਤ ਨਹੀਂ ਹੋਈ।
----
ਸੁਰਜਨ ਜ਼ੀਰਵੀ ਤਕਰੀਬਨ ਚਾਰ ਦਹਾਕੇ ਪੰਜਾਬ, ਇੰਡੀਆ ‘ਚੋਂ ਪ੍ਰਕਾਸ਼ਿਤ ਹੁੰਦੇ ਪ੍ਰਗਤੀਵਾਦੀ ਲਹਿਰ ਦੇ ਅਖਬਾਰ ‘ਨਵਾਂ ਜ਼ਮਾਨਾ’ ਦੇ ਸੰਪਾਦਕੀ ਮੰਡਲ ਨਾਲ ਜੁੜਿਆ ਰਿਹਾ ਹੈ। ਇਹ ਉਹ ਸਮਾਂ ਸੀ ਜਦੋਂ ਵਿਸ਼ਵ ਵਿੱਚ ਦੋ ਵੱਡੀਆਂ ਤਾਕਤਾਂ ਅਮਰੀਕਾ ਅਤੇ ਸੋਵੀਅਤ ਯੂਨੀਅਨ - ਦੋ ਵੱਡੀਆਂ ਵਿਚਾਰਧਾਰਾਵਾਂ ਸਰਮਾਇਦਾਰੀ ਵਿਚਾਰਧਾਰਾ ਅਤੇ ਕਮਿਊਨਿਸਟ ਵਿਚਾਰਧਾਰਾ ਦੀ ਨੁਮਾਇੰਦਗੀ ਕਰ ਰਹੀਆਂ ਸਨ। ਇਹ ਉਹ ਸਮਾਂ ਸੀ ਜਦੋਂ ਇਨ੍ਹਾਂ ਦੋ ਵੱਡੀਆਂ ਤਾਕਤਾਂ ਦਰਮਿਆਨ ਚੱਲ ਰਹੀ ਠੰਢੀ ਜੰਗ ਜ਼ਿੰਦਗੀ ਦੇ ਹਰ ਖੇਤਰ ਵਿੱਚ ਇਹ ਸਿੱਧ ਕਰਨ ਦਾ ਯਤਨ ਕਰ ਰਹੀ ਸੀ ਕਿ ਕਿਹੜੀ ਵਿਚਾਰਧਾਰਾ ਲੋਕ-ਪੱਖੀ ਹੈ ਅਤੇ ਕਿਹੜੀ ਵਿਚਾਰਧਾਰਾ ਲੋਕ-ਵਿਰੋਧੀ ਹੈ। ਹਰ ਦਿਨ, ਸਵੇਰ ਹੁੰਦਿਆਂ ਹੀ ਵਿਸ਼ਵ ਦੇ ਕਰੋੜਾਂ ਲੋਕ ਅਖਬਾਰਾਂ, ਮੈਗਜ਼ੀਨਾਂ, ਰੇਡੀਓ, ਟੈਲੀਵੀਜ਼ਨ ਰਾਹੀਂ ਆ ਰਹੀ ਜਾਣਕਾਰੀ ਤੋਂ ਇਹ ਜਾਨਣ ਲਈ ਉਤਾਵਲੇ ਹੁੰਦੇ ਕਿ ਇਨ੍ਹਾਂ ਦੋ ਵੱਡੀਆਂ ਤਾਕਤਾਂ ਵਿੱਚੋਂ ਕਿਸ ਨੇ ਕੋਈ ਨਵੀਂ ਪ੍ਰਾਪਤੀ ਕਰ ਲਈ ਹੈ। ਇਹ ਉਹ ਸਮਾਂ ਸੀ ਜਦੋਂ ਕਿਸੇ ਵੱਡੇ ਅਖਬਾਰ ਦਾ ਸੰਪਾਦਕ ਹੋਣਾ ਬੜੇ ਮਾਨ-ਸਨਮਾਨ ਵਾਲੀ ਗੱਲ ਸਮਝੀ ਜਾਂਦੀ ਸੀ। ਕਿਉਂਕਿ ਵਿਸ਼ਵ ਭਰ ਵਿੱਚ ਵਾਪਰ ਰਹੀਆਂ ਚੰਗੀਆਂ/ਮਾੜੀਆਂ ਗੱਲਾਂ ਬਾਰੇ ਖ਼ਬਰਾਂ ਪ੍ਰਾਪਤ ਕਰਨ ਦਾ ਸਾਧਾਰਨ ਵਿਅਕਤੀ ਕੋਲ ਇੱਕ ਚੰਗਾ ਅਤੇ ਸਸਤਾ ਮਾਧਿਅਮ ਅਖਬਾਰਾਂ ਹੀ ਹੁੰਦੀਆ ਸਨ। ਸੁਰਜਨ ਜ਼ੀਰਵੀ ਉਨ੍ਹਾਂ ਸਮਿਆਂ ਵਿੱਚ ਪੱਤਰਕਾਰੀ ਦੇ ਖੇਤਰ ਨਾਲ ਨਾ ਸਿਰਫ ਜੁੜਿਆ ਹੋਇਆ ਸੀ; ਬਲਕਿ ਉਹ ਕਮਿਊਨਿਸਟ ਲਹਿਰ ਦੀਆਂ ਸਰਗਰਮੀਆਂ ਨਾਲ ਵੀ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਉਸ ਨੂੰ ਉਸ ਸਮੇਂ ਦੌਰਾਨ ਕਮਿਊਨਿਸਟ ਵਿਚਾਰਾਂ ਨੂੰ ਪਰਣਾਈ ਵਿਸ਼ਵ ਸ਼ਕਤੀ ਸੋਵੀਅਤ ਯੂਨੀਅਨ ਨੂੰ ਵੀ ਅੱਖੀਂ ਦੇਖਣ ਦਾ ਮੌਕਾ ਮਿਲਿਆ। ਇੱਕ ਚੇਤੰਨ ਪੱਤਰਕਾਰ ਹੋਣ ਦੇ ਨਾਤੇ ਸੁਰਜਨ ਜ਼ੀਰਵੀ ਨੇ ਠੰਢੀ ਜੰਗ ਦੇ ਦਹਾਕਿਆਂ ਦੀ ਵਿਸ਼ਵ ਰਾਜਨੀਤੀ ਅਤੇ ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋ ਜਾਣ ਤੋਂ ਪਿੱਛੋਂ ਦੀ ਵਿਸ਼ਵ ਰਾਜਨੀਤੀ ਨੂੰ ਵੀ ਬੜੀ ਗੰਭੀਰਤਾ ਨਾਲ ਸਮਝਿਆ ਹੈ।
----
‘ਇਹ ਹੈ ਬਾਰਬੀ ਸੰਸਾਰ’ ਪੁਸਤਕ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਸੁਰਜਨ ਜ਼ੀਰਵੀ ਨੇ ਵਿਸ਼ਵ ਰਾਜਨੀਤੀ ਨਾਲ ਸਬੰਧਤ ਅਹਿਮ ਘਟਨਾਵਾਂ ਅਤੇ ਵਰਤਾਰਿਆਂ ਨੂੰ ਨਾ ਸਿਰਫ ਤੱਥਾਂ ਦੇ ਹਵਾਲਿਆਂ ਨਾਲ ਹੀ ਪੇਸ਼ ਕੀਤਾ; ਬਲਕਿ ਉਸਨੇ ਇਨ੍ਹਾਂ ਤੱਥਾਂ ਨੂੰ ਇਸ ਦਿਲਚਸਪ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਕਿ ਉਸਦੀਆਂ ਲਿਖਤਾਂ ਵਿੱਚ ਇੱਕ ਵਗਦੇ ਦਰਿਆ ਦੇ ਪਾਣੀਆਂ ਵਰਗੀ ਰਵਾਨਗੀ ਹੈ। ਉਸ ਦੀਆਂ ਇਹ ਲਿਖਤਾਂ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਅੰਤਰ-ਰਾਸ਼ਟਰੀ ਪੱਧਰ ਦੇ ਮਹੱਤਵ-ਪੂਰਨ ਅੰਗਰੇਜ਼ੀ ਜ਼ੁਬਾਨ ਵਿੱਚ ਲਿਖਣ ਵਾਲੇ ਕਿਸੇ ਲੇਖਕ ਦੀਆਂ ਲਿਖਤਾਂ ਪੜ੍ਹ ਰਹੇ ਹੋਈਏ - ਜਿਸਨੇ ਆਪਣੀਆਂ ਲਿਖਤਾਂ ਦਾ ਮਾਧਿਅਮ ਅੰਗਰੇਜ਼ੀ ਦੀ ਥਾਂ ਪੰਜਾਬੀ ਜ਼ੁਬਾਨ ਨੂੰ ਚੁਣ ਲਿਆ ਹੋਵੇ।
----
ਇਸ ਪੁਸਤਕ ਦਾ ਕੇਂਦਰੀ ਧੁਰਾ ਇਸ ਪੁਸਤਕ ਦਾ ਨਿਬੰਧ ‘ਇਹ ਹੈ ਬਾਰਬੀ ਸੰਸਾਰ’ ਹੀ ਹੈ। ਇਹ ਨਿਬੰਧ ਮੂਲ ਰੂਪ ਵਿੱਚ ਭਾਵੇਂ ਕਿ ਛੋਟੀ ਉਮਰ ਦੀਆਂ ਕੁੜੀਆਂ ਦੇ ਖੇਡਣ ਲਈ ਬਣੇ ਇੱਕ ਖਿਡੌਣੇ ‘ਬਾਰਬੀ ਡੌਲ’ ਬਾਰੇ ਹੀ ਹੈ; ਪਰ ਅਸਲੀਅਤ ਵਿੱਚ ਇਹ ਨਿਬੰਧ ਉਸ ‘ਬਾਰਬੀ ਡੌਲ’ ਰੂਪੀ ਖਿਡੌਣੇ ਪਿੱਛੇ ਲੁਕੀ ਹੋਈ ਸਰਮਾਇਦਾਰੀ ਨਿਜ਼ਾਮ ਦੀ ਉਹ ਸਾਜ਼ਿਸ਼ ਹੈ ਜਿਸ ਰਾਹੀਂ ਉਹ ਔਰਤ ਚੇਤਨਤਾ ਉੱਤੇ ਅਨੇਕਾਂ ਦਿਸ਼ਾਵਾਂ ਤੋਂ ਹਮਲਾ ਕਰਦਾ ਹੈ। ਜਿਸਦਾ ਸਿੱਧਾ ਸਬੰਧ ਸਮਾਜਿਕ, ਸਭਿਆਚਾਰਕ, ਆਰਥਿਕ ਅਤੇ ਰਾਜਨੀਤਕ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ। ਇਹ ‘ਬਾਰਬੀ ਡੌਲ’ ਜ਼ਿੰਦਗੀ ਜਿਉਣ ਦਾ ਇੱਕ ਢੰਗ ਪੇਸ਼ ਕਰਦੀ ਹੈ - ਜਿਸਦਾ ਨਾਹਰਾ ਹੈ: ‘ਖਾਓ, ਪੀਓ, ਕਰੋ ਆਨੰਦ !’। ਇਸ ਗੱਲ ਨੂੰ ਸੁਰਜਨ ਜ਼ੀਰਵੀ ਆਪਣੇ ਨਿਬੰਧ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
“ਵਾਸਤਵ ਵਿਚ ਬਾਰਬੀ ਖਿਡੌਣਾ ਨਹੀਂ ਸਗੋਂ ਬਾਲੜੀਆਂ ਨੂੰ ਖਿਡਾਉਣ ਵਾਲੀ ਇਕ ਅਜਿਹੀ ਪ੍ਰਭਾਵਸ਼ਾਲੀ ਪਾਤਰ ਬਣ ਗਈ ਹੈ ਜਿਹੜੀ ਉਹਨਾਂ ਦੀਆਂ ਉਮੰਗਾਂ ਤੇ ਸੁਪਨਿਆਂ ਨੂੰ ਇਕ ਖ਼ਾਸ ਸੇਧ ਤੇ ਸੱਚੇ ਵਿਚ ਢਾਲ ਰਹੀ ਹੈ। ਬਾਰਬੀ ਦਾ ਸੁਨੇਹਾ ਹੈ - ਖਪਤ, ਖਪਤ ਤੇ ਹੋਰ ਖਪਤ। ਇਹ ਉਸਦਾ ਆਪਣਾ ਸੁਨੇਹਾ ਨਹੀਂ। ਇਹ ਇੱਥੋਂ ਦੇ ਸਮਾਜ ਦਾ ਮੂਲ ਅੰਤਰ ਹੈ। ਉਹ ਤਾਂ ਇਸ ਨੂੰ ਦੁਹਰਾਉਂਦੀ ਹੀ ਹੈ। ਇਹ ਸੁਨੇਹਾ ਦੇਣ ਦਾ ਬਾਰਬੀ ਦਾ ਆਪਣਾ ਢੰਗ ਹੈ। ਉਹਦੀ ਆਪਣੀ ਕਾਟੇਜ ਹੈ। ਘਰ ਹੈ, ਘੋੜਾ ਹੈ, ਕਾਰ ਹੈ, ਸ਼ਿੰਗਾਰਦਾਨ ਹੈ, ਸੈਂਟਾਂ, ਕਰੀਮਾਂ, ਲੋਸ਼ਨਾਂ, ਨਾਲ ਸਜੇ ਮੇਜ਼ ਅਤੇ ਅਲਮਾਰੀਆਂ ਹਨ। ਉਸਦਾ ਆਪਣਾ ਬੁਆਏ ਫਰੈਂਡ ਵੀ ਹੈ, ਜਿਸਦਾ ਨਾਂਅ ਕੈੱਨ ਹੈ। ਉਹ ਬੜੀ ਰੰਗੀਨ, ਭੜਕੀਲੀ ਤੇ ਆਰਾਮ ਦੇਹ ਜ਼ਿੰਦਗੀ ਜਿਉਂਦੀ ਹੈ। ਬਾਰਬੀ ਇਸ ਗੱਲ ਦੀ ਇਬਾਰਤ ਹੈ ਕਿ ਸਰੀਰਕ ਖੂਬਸੂਰਤੀ ਵਧੀਆ ਜ਼ਿੰਦਗੀ ਦੀ ਬੁਨਿਆਦੀ ਸ਼ਰਤ ਹੈ ਤੇ ਐਸ਼ ਆਰਾਮ ਇਸਦਾ ਅਸਲ ਮੰਤਵ।”
----
ਸਰਮਾਏਦਾਰੀ ਨਿਜ਼ਾਮ ਵੱਲੋਂ ਵਿਸ਼ਵ ਪੱਧਰ ਉੱਤੇ ਫੈਲਾਏ ਜਾ ਰਹੇ ਕੰਨਜ਼ੀਊਮਰ ਕਲਚਰ ਨਾਲ ਬੱਚਿਆਂ ਨੂੰ ਜੋੜਨ ਲਈ ਬਾਰਬੀ ਜਿਹੜਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ, ਉਸ ਬਾਰੇ ਸੁਰਜਨ ਜ਼ੀਰਵੀ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
“ਆਪਣੇ ਚਾਰ ਦਹਾਕਿਆਂ ਦੀ ਹੋਂਦ ਵਿੱਚ ਬਾਰਬੀ 500 ਵੱਖ ਵੱਖ ਨਵੇਂ ਰੂਪਾਂ ਵਿੱਚ ਸਾਹਮਣੇ ਆ ਚੁੱਕੀ ਹੈ, 45 ਵੱਖ ਵੱਖ ਨਸਲਾਂ ਤੇ ਕੌਮੀਅਤਾਂ ਦੇ ਨੈਣ ਨਕਸ਼ਾਂ ਨਾਲ ਪੇਸ਼ ਹੋ ਚੁੱਕੀ ਹੈ। ਹਰ ਸਾਲ ਇਸ ਦੇ ਲਈ 120 ਕਿਸਮ ਦੀਆਂ ਪੁਸ਼ਾਕਾਂ ਅਤੇ ਪਹਿਰਾਵੇ ਤਿਆਰ ਹੁੰਦੇ ਹਨ। ਇਹ ਪਹਿਰਾਵੇ ਡਿਓਰ ਤੇ ਸੈਨ ਲੋਰੈਂ ਵਰਗੀਆਂ ਸੰਸਾਰ ਪ੍ਰਸਿੱਧ ਫੈਸ਼ਨ ਫ਼ਰਮਾਂ ਤੋਂ ਡਿਜ਼ਾਈਨ ਕਰਵਾਏ ਜਾਂਦੇ ਹਨ। ਇਸ ਦੋਸ਼ ਤੋਂ ਬਚਣ ਲਈ ਕਿ ਬਾਰਬੀ ਨਿਰੇ ਰੱਜੇ-ਪੁੱਜੇ ਤਬਕੇ ਦਾ ਹੀ ਚਿੰਨ੍ਹ ਬਣਕੇ ਰਹਿ ਗਈ ਹੈ, ਮੈਟਲ ਕੰਪਨੀ ਨੇ ਇਸਦੇ “ਵਰਕਰ ਕੁੜੀ” ਤੇ “ਦਫ਼ਤਰੀ ਕੁੜੀ” ਦੇ ਰੂਪ ਵੀ ਤਿਆਰ ਕੀਤੇ ਹਨ। ਇਹ ਗੁੱਡੀ 140 ਦੇਸ਼ਾਂ ਵਿੱਚ ਵਿਕਦੀ ਹੈ ਤੇ ਹੁਣ ਤੱਕ 1 ਅਰਬ ਤੋਂ ਵੱਧ ਗਿਣਤੀ ਵਿੱਚ ਵਿਕ ਚੁੱਕੀ ਹੈ। ਕਿਉਂਕਿ ਬਾਰਬੀ ਹਰ ਵਾਰ ਨਵੇਂ ਰੂਪ ਵਿੱਚ ਪੇਸ਼ ਹੁੰਦੀ ਹੈ, ਇਸ ਲਈ ਬੱਚੀਆਂ ਇਕ ਬਾਰਬੀ ਖਰੀਦ ਕੇ ਸੰਤੁਸ਼ਟ ਨਹੀਂ ਹੋ ਜਾਂਦੀਆਂ। ਉਹ ਨਵੇਂ ਰੂਪ ਵਿੱਚ ਆਈ ਹਰ ਬਾਰਬੀ ਖਰੀਦਣਾ ਚਾਹੁੰਦੀਆਂ ਹਨ। ਦਸ-ਦਸ ਪੰਦਰਾਂ-ਪੰਦਰਾਂ ਬਾਰਬੀਆਂ ਤਾਂ ਏਥੇ ਅਕਸਰ ਬੱਚੀਆਂ ਦੇ ਕਮਰਿਆਂ ਵਿੱਚ ਸਜੀਆਂ ਜਾ ਰੁਲਦੀਆਂ ਦੇਖੀਆਂ ਜਾ ਸਕਦੀਆਂ ਹਨ। ਪਰ ਉਤਲੇ ਤਬਕੇ ਦੀਆਂ ਕਈ ਬੱਚੀਆਂ ਕੋਲ ਏਨੀਆਂ ਬਾਰਬੀਆਂ ਹਨ ਕਿ ਉਹਨਾਂ ਦੀ ਕੋਈ ਗਿਣਤੀ ਹੀ ਨਹੀਂ। ਵਿਸ਼ੇਸ਼ ਕਾਰੋਬਾਰ, ਮਨੋਵਿਗਿਆਨ ਤੇ ਐਡਵਰਟਾਈਜ਼ਿੰਗ ਕਲਾ ਦੀ ਭਾਈਵਾਲੀ ਦੇ ਸਦਕਾ ਪਲਾਸਟਿਕ ਦੀ ਇਹ ਗੁੱਡੀ ਇੱਕ ਅਲੰਕ੍ਰਿਤ ਮੂਰਤੀ, ਇਕ ਬਿੰਬ, ਇਕ ਮਿਆਰ ਬਣ ਗਈ ਹੈ।”
----
ਬਾਰਬੀ ਡੋਲ ਨਾਲ ਜੁੜਿਆ ਬਾਰਬੀ ਸੰਸਾਰ ਮਹਿਜ਼ ਪੱਛਮੀ ਦੇਸ਼ਾਂ ਤੱਕ ਹੀ ਨਹੀਂ ਫੈਲਿਆ ਹੋਇਆ। ਏਸ਼ੀਆ ਦੇ ਇੰਡੀਆ ਵਰਗੇ ਦੇਸ਼ਾਂ ਵਿੱਚ ਵੀ ਬਾਰਬੀ ਡੌਲ ਦਾ ਕੰਨਜ਼ੀਊਮਰ ਕਲਚਰ ਆਪਣੀਆਂ ਜੜ੍ਹਾਂ ਲਗਾ ਚੁੱਕਾ ਹੈ। ਜਿਸ ਦੇ ਸਭ ਤੋਂ ਵੱਡੇ ਸਮਰਥਕ ਇੰਡੀਆ ਦਾ ਪ੍ਰਾਈਮ ਮਨਿਸਟਰ ਡਾ. ਮਨਮੋਹਨ ਸਿੰਘ ਅਤੇ ਉਸਦੇ ਸਾਥੀ ਹਨ। ਇੰਡੀਆ ਵਿੱਚ ਕੰਨਜ਼ੀਊਮਰ ਕਲਚਰ ਦਾ ਪਾਸਾਰ ਕਰਨ ਵਾਲੇ ਇਹ ਰਾਜਨੀਤੀਵਾਨ ਦਰਮਿਆਨੇ ਦਰਜੇ ਦੇ ਤਬਕੇ ਨੂੰ ਤਾਂ ਪੱਛਮੀ ਦੇਸ਼ਾਂ ਦੇ ਲੋਕਾਂ ਵਰਗੇ ਐਸ਼ੋ-ਇਸ਼ਰਤ ਦਾ ਸਾਮਾਨ ਦੇ ਰਹੇ ਹਨ; ਪਰ ਹੇਠਲੇ ਦਰਜੇ ਦੇ ਗਰੀਬ ਲੋਕ ਪਹਿਲਾਂ ਨਾਲੋਂ ਵੀ ਹੋਰ ਵਧੇਰੇ ਗਰੀਬ ਹੋ ਰਹੇ ਹਨ। ਕਿਉਂਕਿ ਇਨ੍ਹਾਂ ਨਵੀਆਂ ਆਰਥਿਕ ਨੀਤੀਆਂ ਸਦਕਾ ਹਰ ਚੀਜ਼ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਮਹਿੰਗੀ ਹੋ ਗਈ ਹੈ। ਸੁਰਜਨ ਜ਼ੀਰਵੀ ਇੰਡੀਆ ਵਿੱਚ ਕੰਨਜ਼ੀਊਮਰ ਕਲਚਰ ਦੇ ਵੱਧ ਰਹੇ ਪ੍ਰਭਾਵ ਕਾਰਨ ਪੈਦਾ ਹੋ ਰਹੀ ਗੰਭੀਰ ਸਥਿਤੀ ਦਾ ਜ਼ਿਕਰ ਆਪਣੇ ਨਿਬੰਧ ‘ਐ ਵਤਨ ਕਾਸ਼ ਤੁਝੇ ਅਬ ਕੇ ਸਲਾਮਤ ਦੇਖੂੰ’ ਵਿੱਚ ਕੁਝ ਇਨ੍ਹਾਂ ਸ਼ਬਦਾਂ ਰਾਹੀਂ ਕਰਦਾ ਹੈ:
“ਮਨਮੋਹਨ ਸਿੰਘ ਦੀਆਂ ਉਦਾਰ ਆਰਥਿਕ ਨੀਤੀਆਂ ਸਦਕਾ ਹਿੰਦੋਸਤਾਨ ਦਾ ਦਰਮਿਆਨਾ ਤਬਕਾ ਪਹਿਲਾਂ ਵਾਲਾ ਦਰਮਿਆਨਾ ਤਬਕਾ ਹੀ ਨਹੀਂ ਰਿਹਾ, ਜਿਹੜਾ ਕਿਰਸ ਤੋਂ ਕੰਮ ਲੈਂਦਾ ਸੀ। ਫੂਹੀ-ਫੂਹੀ ਕਰਕੇ ਜੋੜਦਾ ਸੀ। ਦੇਸ਼ ਦੀਆਂ ਸਮੱਸਿਆਵਾਂ ਵਿੱਚ ਦਿਲਚਸਪੀ ਲੈਂਦਾ ਸੀ, ਪਰ ਹੁਣ ਇਹ ਤਬਕਾ “ਬਹੁਤਾ ਕਮਾਓ, ਬਹੁਤਾ ਖਰਚੋ, ਤੇ ਬਹੁਤੀਆਂ ਚੀਜ਼ਾਂ ਖਰੀਦੋ ਤੇ ਪਾਵੋ” ਦਾ ਕਾਇਲ ਹੋ ਗਿਆ ਹੈ ਤੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ।
----
ਪੱਛਮੀ ਅਖਬਾਰਾਂ ਵਿੱਚ ਇਹ ਰਿਪੋਰਟਾਂ ਛਪਦੀਆਂ ਹੀ ਰਹਿੰਦੀਆਂ ਕਿ ਹਿੰਦੋਸਤਾਨ ਵਿੱਚ ਦਰਮਿਆਨੇ ਤਬਕੇ ਦੀ ਪ੍ਰਫੁੱਲਤਾ ਦੇ ਸਿੱਟੇ ਵਜੋਂ ਉੱਥੋਂ ਦੇ ਖਪਤ ਢੰਗਾਂ ਵਿੱਚ ਇਨਕਲਾਬ ਆ ਰਿਹਾ ਹੈ। ਇਕ ਰਿਪੋਰਟ ਅਨੁਸਾਰ ਹਿੰਦੋਸਤਾਨ ਵਿੱਚ ਦਰਮਿਆਨੇ ਤਬਕੇ ਦੀ ਗਿਣਤੀ 30 ਕਰੋੜ ਤੱਕ ਪਹੁੰਚ ਗਈ ਹੈ। ਇੰਜ ਹੀ ਇਕ ਹੋਰ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇਸ ਵਾਰੀ ਤਰੱਕੀ ਦੇ ਬਾਵਜੂਦ ਸ਼ਹਿਰਾਂ ਵਿਚ ਕੂੜੇ ਦੇ ਢੇਰਾਂ ਤੋਂ ਲੀਰਾਂ ਤੇ ਹੋਰ ਟੁੱਟੀਆਂ-ਭੱਜੀਆਂ ਚੀਜ਼ਾਂ ਚੁਗਣ ਵਾਲਿਆਂ ਦੀ ਗਿਣਤੀ ਵੀ ਨਾਲੋ ਨਾਲ ਵੱਧ ਰਹੀ ਹੈ। ਕੀ ਇਹ ਦੇਸ਼ ਵਿੱਚ ਹੋਈ ਤਰੱਕੀ ਉੱਤੇ ਕਠੋਰ ਵਿਅੰਗ ਨਹੀਂ? ਹਿੰਦੁਸਤਾਨ ਦੀ ਆਬਾਦੀ ਦੇ ਦੋ ਤਿਹਾਈ ਹਿੱਸੇ ਲਈ ਇਸ ਉਨਤੀ ਕੋਲ ਕੂੜੇ ਦੀ ਗੰਦਗੀ ਵਿੱਚ ਕੁਝ ਫਰਕ ਪਾ ਦੇਣ ਤੋਂ ਵੱਧ ਕੁਝ ਵੀ ਨਹੀਂ।”
---
ਬਾਰਬੀ ਡੌਲ ਕਲਚਰ ਚੀਨ ਦੀ ਦੀਵਾਰ ਟੱਪ ਕੇ ਚੀਨ ਪਹੁੰਚ ਚੁੱਕਾ ਹੈ; ਸਾਈਬੇਰੀਆ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਰੁਸ ਪਹੁੰਚ ਚੁੱਕਾ ਹੈ; ਅਫਰੀਕਾ ਦੇ ਮਾਰੂਥਲਾਂ ਦੀ ਸਖਤ ਗਰਮੀ ਦੀ ਪ੍ਰਵਾਹ ਨਾ ਕਰਦਾ ਹੋਇਆ ਅਫਰੀਕਾ ‘ਚੋਂ ਹੁੰਦਾ ਹੋਇਆ ਮੱਕੇ-ਮਦੀਨੇ ਦੀ ਜੂਹ ਤੱਕ ਪਹੁੰਚਦਾ ਹੋਇਆ ਮਿਡਲ ਈਸਟ ਵਿੱਚ ਵੀ ਆਪਣਾ ਪ੍ਰਭਾਵ ਪੈਦਾ ਕਰ ਰਿਹਾ ਹੈ।
ਬਾਰਬੀ ਡੌਲ ਕਲਚਰ ਦੇ ਮੱਕਾਰ ਸਮੱਰਥਕ ਲੋਕ-ਪੱਖੀ ਮਸਲਿਆਂ ਨੂੰ ਆਪਣੇ ਪੈਰਾਂ ਹੇਠ ਲਤਾੜਦੇ ਹੋਏ ਆਪਣੀਆਂ ਕਰੀਮਾਂ, ਪਾਊਡਰਾਂ, ਸੁਰਖੀਆਂ, ਲੋਸ਼ਨਾਂ ਨੂੰ ਵੇਚਣ ਲਈ ਕਦੀ ਇੰਡੀਆ, ਕਦੀ ਕੀਨੀਆ, ਕਦੀ ਅਮਰੀਕਾ, ਕਦੀ ਫਰਾਂਸ, ਕਦੀ ਇੰਗਲੈਂਡ, ਕਦੀ ਰੂਸ, ਕਦੀ ਚੀਨ, ਕਦੀ ਜਾਪਾਨ ਅਤੇ ਕਦੀ ਜਰਮਨ ਦੀ ਕਿਸੀ ਇੱਕ ਨੌਜਵਾਨ ਔਰਤ ਨੂੰ ‘ਮਿਸ ਯੂਨੀਵਰਸ’ ਦਾ ਖਿਤਾਬ ਦੇ ਕੇ ਉਸ ਦੇਸ਼ ਦੀਆਂ ਕਰੋੜਾਂ ਨੌਜਵਾਨ ਔਰਤਾਂ ਨੂੰ ਆਪਣੇ ਹੋਰ ਸਭ ਮਹੱਤਵ-ਪੂਰਨ ਖਰਚੇ ਬੰਦ ਕਰਕੇ ਕਰੀਮਾਂ, ਪਾਉਡਰਾਂ, ਸੁਰਖੀਆਂ ਅਤੇ ਲੋਸ਼ਨ ਖ੍ਰੀਦਣ ਲਈ ਉਤਸਾਹਤ ਕਰਦੇ ਹਨ. ਇਸ ਸਾਜ਼ਿਸ਼ ਵਿੱਚ ਅਜਿਹੇ ਦੇਸ਼ਾਂ ਦੇ ਮੀਡੀਆ ਨੂੰ ਵੀ ਇਸ ਲੁੱਟ ਵਿੱਚ ਹਿੱਸੇਦਾਰ ਬਣਾਇਆ ਜਾਂਦਾ ਹੈ। ਅਜਿਹਾ ਮੀਡੀਆ ਲੋਕ-ਪੱਖੀ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਵਾਲੇ ਹੋਰ ਸਭਨਾਂ ਪ੍ਰੋਗਰਾਮਾਂ ਨੂੰ ਪਿਛਾਂਹ ਰੱਖ ਕੇ ਬਾਰਬੀ ਡੌਲ ਕਲਚਰ ਨਾਲ ਸਬੰਧਤ ਕਰੀਮਾਂ, ਪਾਉਡਰਾਂ, ਸੁਰਖੀਆਂ ਅਤੇ ਲੋਸ਼ਨ ਵੇਚਣ ਵਾਲੀਆਂ ਕੰਪਨੀਆਂ ਵੱਲੋਂ ਦਿੱਤੇ ਗਏ ਇਸ਼ਤਿਹਾਰਾਂ ਨੂੰ ਬਾਰ ਬਾਰ ਪ੍ਰਸਾਰਿਤ ਕਰਦਾ ਹੈ।
----
ਕਰੀਮਾਂ, ਪਾਉਡਰਾਂ, ਸੁਰਖੀਆਂ ਨਾਲ ਸਬੰਧਤ ਕੰਨਜ਼ੀਊਮਰ ਕਲਚਰ ਦੇ ਪ੍ਰਭਾਵ ਤੋਂ ਫਿਲਮੀ ਸੰਸਾਰ ਅਤੇ ਉਸਦੇ ਸਮਾਰੋਹ ਵੀ ਬਚੇ ਨਹੀਂ ਹੋਏ। ਦਰਅਸਲ, ਅਸਿੱਧੇ ਤੌਰ ਉੱਤੇ, ਸਰਮਾਇਦਾਰੀ ਨਿਜ਼ਾਮ ਦਾ ਪ੍ਰਚਾਰ ਕਰਨ ਲਈ ਇਨ੍ਹਾਂ ਅਦਾਰਿਆਂ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਸ਼ਤਰੰਜ ਦੇ ਮੁਹਰਿਆਂ ਵਾਂਗ ਵਰਤਿਆ ਜਾਂਦਾ ਹੈ। ਇਸ ਸਾਜ਼ਿਸ਼ ਦੀ ਇੱਕ ਮਿਸਾਲ ਸੁਰਜਨ ਜ਼ੀਰਵੀ ਆਪਣੇ ਨਿਬੰਧ ‘ਆਸਕਰ ਅਵਾਰਡ’ ਵਿੱਚ ਪੇਸ਼ ਕਰਦਾ ਹੈ:
“ਫਿਲਮ ਅਕੈਡਮੀ ਅਵਾਰਡ ਸਮਾਰੋਹ ਆਇਆ ਤੇ ਲੰਘ ਗਿਆ। ਇਲੀਆ ਕਾਜ਼ਾਨ ਨੂੰ ਔਸਕਰ ਅਵਾਰਡ ਮਿਲ ਗਿਆ। ਸਮੇਂ ਦੇ ਮਿਜਾਜ਼ ਅਨੁਸਾਰ ਮੀਡੀਏ ਨੇ ਆਪਣੀਆਂ ਰੀਪੋਰਟਾਂ ਵਿਚ ਫਿਲਮ ਕਲਾ ਜਾਂ ਟੈਲੈਂਟ ਦੀ ਗੱਲ ਕਰਨ ਦੀ ਥਾਂ ਬਹੁਤਾ ਜ਼ੋਰ ਫਿਲਮ ਆਰਟਿਸਟਾਂ ਦੇ ਪਹਿਰਾਵਿਆਂ, ਉਹਨਾਂ ਦੇ ਹੀਰੇ ਮੋਤੀ ਜੜੇ ਗਹਿਣਿਆਂ ਆਦਿ ਓਪਰੀਆਂ ਜਿਹੀਆਂ ਗੱਲਾਂ ਦੱਸਣ ‘ਤੇ ਹੀ ਲਾਇਆ।”
----
ਪਰ ਬਾਰਬੀ ਡੌਲ ਕਲਚਰ ਹਰ ਜਗ੍ਹਾ ਆਪਣਾ ਖੂਬਸੂਰਤ ਮੁਖੌਟੇ ਵਾਲਾ ਚਿਹਰਾ ਲੈ ਕੇ ਹੀ ਹਾਜਿ਼ਰ ਨਹੀਂ ਹੁੰਦਾ। ਜਿਹੜਾ ਸਭਿਆਚਾਰ ਬਾਰਬੀ ਡੌਲ ਕਲਚਰ ਦਾ ਮਿੱਠ ਬੋਲੜਾ ਪਰਚਾਰ ਸੁਣਕੇ ਈਨ ਮੰਨਣ ਲਈ ਤਿਆਰ ਨਹੀਂ ਹੁੰਦਾ ਉਸ ਸਭਿਆਚਾਰ ਨੂੰ ਆਪਣੀ ਈਨ ਮਨਾਉਣ ਲਈ ਬਾਰਬੀ ਡੌਲ ਫਿਰ ਆਪਣਾ ਦਰਿੰਦਗੀ ਭਰਿਆ ਚਿਹਰਾ ਦਿਖਾਉਂਦੀ ਹੈ। ਉਨ੍ਹਾਂ ਲੋਕਾਂ ਉੱਤੇ ਕਲੱਸਟਰ ਬੰਬ ਸੁੱਟੇ ਜਾਂਦੇ ਹਨ, ਉਨ੍ਹਾਂ ਲੋਕਾਂ ਦੇ ਖੇਤਾਂ ਨੂੰ ਬੰਜਰ ਬਨਾਉਣ ਲਈ ਔਰੈਂਜ ਏਜੈਂਟ ਦੀ ਬਰਖਾ ਕੀਤੀ ਜਾਂਦੀ ਹੈ; ਉਨ੍ਹਾਂ ਦੇ ਘਰਾਂ ਨੂੰ ਮਲੀਆ ਮੇਟ ਕਰਨ ਲਈ ਹਵਾਈ ਜਹਾਜ਼ਾਂ ਰਾਹੀਂ ਕਾਰਪੈੱਟ ਬੰਬਾਰੀ ਕੀਤੀ ਜਾਂਦੀ ਹੈ। ਇਹ ਸਭ ਕੁਝ ਕਰਨ ਲਈ ਕੋਈ ਬਹਾਨਾ ਢੂੰਡਿਆ ਜਾਂਦਾ ਹੈ। ਦੁਨੀਆਂ ਨੇ ਦੇਖਿਆ ਹੈ ਕਿ ਹੱਸਦੇ-ਵੱਸਦੇ ਇਰਾਕ ਨੂੰ ਖੰਡਰਾਂ ਵਿੱਚ ਬਦਲ ਦੇਣ ਲਈ ਅਮਰੀਕਾ ਦੇ ਪ੍ਰਧਾਨ ਜੋਰਜ ਬੁੱਸ਼ ਅਤੇ ਉਸਦੇ ਜੰਗਬਾਜ਼ ਸਾਥੀਆਂ ਨੇ ਸੰਯੁਕਤ ਰਾਸ਼ਟਰ ਦੇ ਕਾਇਦੇ ਕਾਨੂੰਨਾਂ ਨੂੰ ਵੀ ਪੈਰਾਂ ਹੇਠ ਰੋਲਦਿਆਂ ਇਹ ਕਹਿਕੇ ਇਰਾਕ ਉੱਤੇ ਹਮਲਾ ਕਰ ਦਿੱਤਾ ਕਿ ਉਹ ਨਿਊਕਲਰ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਇਸ ਵੇਲੇ ਦੁਨੀਆਂ ਦੀ ਇੱਕੋ ਇੱਕ ਸਭ ਤੋਂ ਵੱਡੀ ਸੁਪਰਵਾਰ ਹੈ। ਉਸ ਕੋਲ ਤਾਂ ਹਜ਼ਾਰਾਂ ਨਿਊਕਲੀਅਰ ਬੰਬ ਹਨ। ਇਰਾਕ ਕੋਲ ਜੇਕਰ ਇੱਕ ਬੰਬ ਵੀ ਹੁੰਦਾ ਤਾਂ ਉਹ ਅਮਰੀਕਾ ਦਾ ਕੀ ਵਿਗਾੜ ਸਕਦਾ ਸੀ? ਅੱਜ ਤੱਕ ਜੇਕਰ ਕਿਸੇ ਨੇ ਐਟਮ ਬੰਬਾਂ ਦੀ ਵਰਤੋਂ ਕੀਤੀ ਹੈ ਤਾਂ ਉਹ ਸਿਰਫ ਇੱਕੋ ਦੇਸ਼ ਅਮਰੀਕਾ ਹੈ। ਪਰ ਇਸ ਮੂੰਹੋਂ ਬੋਲਦੀ ਸਚਾਈ ਦੇ ਬਾਵਜ਼ੂਦ ਅਮਰੀਕਾ ਨੇ ਆਪਣੀ ਗੁੰਡਾਗਰਦੀ ਅਤੇ ਧੌਂਸ ਦਿਖਾਉਣ ਲਈ ਇਰਾਕ ਉੱਤੇ ਹਮਲਾ ਕਰ ਦਿੱਤਾ। ਇੱਕ ਖੂੰਖਾਰ ਬਘਿਆੜ ਨੇ ਇੱਕ ਲੇਲੇ ਨੂੰ ਨੌਚ ਲਿਆ। ਕੀ ਕਸੂਰ ਸੀ ਉਨ੍ਹਾਂ ਲੱਖਾਂ ਇਰਾਕੀ ਲੋਕਾਂ ਦਾ ਜੋ ਅਮਰੀਕਾ ਦੀ ਇਸ ਦਰਿੰਦਗੀ ਕਾਰਨ ਕਤਲ ਕਰ ਦਿੱਤੇ ਗਏ? ਕੀ ਕਸੂਰ ਹੈ ਉਨ੍ਹਾਂ ਸੈਂਕੜੇ ਮਾਸੂਮ ਇਰਾਕੀਆਂ ਦਾ ਜੋ ਅੱਜ ਵੀ ਇਰਾਕ ਦੇ ਬਾਜ਼ਾਰਾਂ, ਚੌਰੱਸਤਿਆਂ, ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ, ਹਸਪਤਾਲਾਂ, ਦਫਤਰਾਂ ਵਿੱਚ ਮਸ਼ੀਨ ਗੰਨਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾਏ ਜਾ ਰਹੇ ਹਨ? ਅਮਰੀਕਾ ਵੱਲੋਂ ਇਰਾਕ ਉੱਤੇ ਕੀਤਾ ਗਿਆ ਇਹ ਹਮਲਾ ਜੋਰਜ ਬੁੱਸ਼ ਲਈ ਦੋ ਤਰ੍ਹਾਂ ਨਾਲ ਲਾਭਕਾਰੀ ਸੀ। ਇੱਕ ਤਾਂ ਉਹ ਇਰਾਕ ਦੀ ਆਰਥਿਕਤਾ ਉੱਤੇ ਕਬਜ਼ਾ ਕਰਕੇ ਆਪਣਾ ‘ਬਾਰਬੀ ਕਲਚਰ’ ਨਾਲ ਸਬੰਧਤ ਮਾਲ ਵੇਚਣਾ ਚਾਹੁੰਦਾ ਸੀ; ਦੂਜਾ ਅਮਰੀਕਾ ਅੰਦਰ ‘ਬਾਰਬੀ ਕਲਚਰ’ਪੈਦਾ ਕਰਨ ਵਾਲੀਆਂ ਵੱਡੇ ਵੱਡੇ ਸਕੈਂਡਲਾਂ ਵਿੱਚ ਫਸੀਆਂ ਕੰਪਨੀਆਂ ਵੱਲੋਂ ਲੋਕਾਂ ਦਾ ਧਿਆਨ ਹੋਰ ਪਾਸੇ ਲਗਾਉਣਾ ਚਾਹੁੰਦਾ ਸੀ। ਇਰਾਕ ਉੱਤੇ ਫੌਜੀ ਹਮਲਾ ਕਰਕੇ ਜੋਰਜ ਬੁੱਸ਼ ਅਤੇ ਉਸਦੇ ਸਾਥੀ ਆਪਣੇ ਇਨ੍ਹਾਂ ਦੋਹਾਂ ਹੀ ਉਦੇਸ਼ਾਂ ਵਿੱਚ ਪੂਰੀ ਤਰ੍ਹਾਂ ਸਫਲ ਹੋਏ।
----
‘ਇਹ ਹੈ ਬਾਰਬੀ ਸੰਸਾਰ’ ਪੁਸਤਕ ਵਿੱਚ ਸੁਰਜਨ ਜ਼ੀਰਵੀ ਨੇ ਬਾਰਬੀ ਸਭਿਆਚਾਰ ਅਤੇ ਉਸ ਨਾਲ ਸਬੰਧਤ ਦਰਿੰਦਗੀ ਤੋਂ ਬਿਨ੍ਹਾਂ ਕੁਝ ਹੋਰ ਮਹੱਤਵ-ਪੂਰਨ ਵਿਸ਼ਿਆਂ ਬਾਰੇ ਵੀ ਚਰਚਾ ਛੇੜਿਆ ਹੈ।
ਇਨ੍ਹਾਂ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਹੈ ਭਾਰਤੀ ਸਭਿਆਚਾਰ ਵਿੱਚ ਫੈਲੀ ਹੋਈ ਜ਼ਾਤ-ਪਾਤ ਦੇ ਕੋਹੜ ਦੀ ਬੀਮਾਰੀ। ਇਹ ਬੀਮਾਰੀ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਨੂੰ ਕੈਂਸਰ ਦੇ ਰੋਗ ਵਾਂਗ ਚੰਬੜੀ ਹੋਈ ਹੈ। ਇਸ ਬੀਮਾਰੀ ਦੇ ਹੁੰਦਿਆਂ ਭਾਰਤੀ ਮੂਲ ਦੇ ਲੋਕ ਕਦੀ ਵੀ ਪੂਰਨ ਰੂਪ ਵਿੱਚ ਸਿਹਤਮੰਦ ਜ਼ਿੰਦਗੀ ਨਹੀਂ ਜਿਉਂ ਸਕਦੇ। ਇਸ ਜ਼ਾਤ-ਪਾਤ ਦੀ ਬੀਮਾਰੀ ਕਾਰਨ ਹੀ ਭਾਰਤੀ ਲੋਕ ਕਦੀ ਇਕੱਠੇ ਨਹੀਂ ਹੋ ਸਕਦੇ। ਭਾਰਤੀ ਲੋਕਾਂ ਦੀ ਇਸ ਕਮਜ਼ੋਰੀ ਸਦਕਾ ਅੰਗਰੇਜ਼ਾਂ ਨੇ ਸੈਂਕੜੇ ਸਾਲ ਹਿੰਦੁਸਤਾਨੀਆਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ। ਇਸ ਜ਼ਾਤ-ਪਾਤ ਦੀ ਸਮੱਸਿਆ ਕਾਰਨ ਹੀ ਭਾਰਤੀ ਮੂਲ ਦੇ ਲੋਕਾਂ ਵੱਲੋਂ ਇੱਕ ਦੂਜੇ ਨਾਲ ਕੀਤਾ ਜਾਂਦਾ ਰਿਹਾ ਵਿਤਕਰਾ ਨਸਲਵਾਦ ਦੇ ਵਿਤਕਰੇ ਨਾਲੋਂ ਵੀ ਵੱਧ ਭਿਆਨਕ ਸੀ। ਮਨੂੰ ਨਾਮ ਦੇ ਇੱਕ ਵਿਅਕਤੀ ਨੇ ਭਾਰਤੀ ਸਮਾਜ ਨੂੰ ਲੀਰੋ ਲੀਰ ਕਰਨ ਲਈ ਭਾਰਤੀ ਲੋਕਾਂ ਦੀ ਮਾਨਸਿਕਤਾ ਵਿੱਚ ਜ਼ਾਤ-ਪਾਤ ਦੀ ਵੰਡ ਦੀਆਂ ਅਜਿਹੀਆਂ ਲਕੀਰਾਂ ਪਾਈਆਂ ਕਿ ਇਹ ਪੱਥਰ ਉੱਤੇ ਪਈ ਲੀਕ ਵਾਂਗ ਬਣ ਗਈਆਂ। ਹਜ਼ਾਰਾਂ ਸਾਲ ਬੀਤ ਜਾਣ ਬਾਹਦ ਵੀ ਭਾਰਤੀ ਸਮਾਜ ਚਿੰਤਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਕਿ ਉਹ ਭਾਰਤੀ ਮੂਲ ਦੇ ਲੋਕਾਂ ਦੇ ਦਿਮਾਗ਼ਾਂ ਵਿੱਚ ਫੈਲ ਰਹੇ ਜ਼ਾਤ-ਪਾਤ ਦੀ ਬੀਮਾਰੀ ਦੇ ਕੈਂਸਰ ਉੱਤੇ ਕਿਵੇਂ ਕਾਬੂ ਪਾਉਣ? ਅਫਸੋਸ ਦੀ ਗੱਲ ਹੈ ਕਿ ਭਾਰਤ ਦੇ ਕੌਮੀ ਪੱਧਰ ਦੇ ਕਿਸੇ ਵੀ ਰਾਜਸੀ ਨੇਤਾ ਨੇ ਇਸ ਸਮੱਸਿਆ ਨੂੰ ਕਦੀ ਵੀ ਗੰਭੀਰਤਾ ਨਾਲ ਨਹੀਂ ਲਿਆ। ਇੱਥੋਂ ਤੱਕ ਕਿ ਪ੍ਰਗਤੀਵਾਦੀ ਲਹਿਰ ਨਾਲ ਜੁੜੇ ਅਤੇ ਆਪਣੇ ਆਪ ਨੂੰ ਸੱਚੇ-ਸੁੱਚੇ ਕਮਿਊਨਿਸਟ ਕਹਿਣ ਵਾਲੇ ਆਗੂਆਂ ਨੇ ਵੀ ਨਹੀਂ। ਭਾਰਤੀ ਸਮਾਜ ਅਤੇ ਭਾਰਤੀ ਮੂਲ ਦੇ ਲੋਕਾਂ ਨਾਲ ਸਬੰਧਤ ਇਸ ਸਮੱਸਿਆ ਬਾਰੇ ਸੁਰਜਨ ਜ਼ੀਰਵੀ ਨੇ ਆਪਣੇ ਨਿਬੰਧ ‘ਜਾਤੀ ਪ੍ਰਥਾ ਵਿਰੁੱਧ ਲੜਾਈ’ ਵਿੱਚ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪ੍ਰਗਟਾਏ ਹਨ:
“ਦੁੱਖ ਦੀ ਗੱਲ ਇਹ ਹੈ ਕਿ ਜਿਵੇਂ ਜਿਵੇਂ ਊਚ-ਨੀਚ ਦੇ ਅਡੰਬਰ ਥੱਲਿਓਂ ਧਾਰਮਿਕ ਮਾਨਤਾਵਾਂ ਤੇ ਮਿਥਿਆਵਾਂ ਦੀ ਜ਼ਮੀਨ ਖਿਸਕ ਰਹੀ ਹੈ, ਇਸਨੂੰ ਨਿਰੋਲ ਧੌਂਸ ਤੇ ਧੱਕੇ ਨਾਲ ਕਾਇਮ ਰੱਖਣ ਦੇ ਯਤਨ ਤਿੱਖੇ ਹੋ ਰਹੇ ਹਨ, ਜਿਹੜੇ ਕਈ ਹਾਲਤਾਂ ਵਿਚ ਹਿੰਸਾ ਤੇ ਖ਼ੂਨ-ਖਰਾਬੇ ਦੀ ਸ਼ਕਲ ਅਖ਼ਤਿਆਰ ਕਰ ਰਹੇ ਹਨ। ਪੰਜਾਬ ਤੇ ਹਿੰਦੁਸਤਾਨ ਦੇ ਹੋਰਨਾਂ ਰਾਜਾਂ ਦੇ ਪੇਂਡੂ ਇਲਾਕਿਆਂ ਵਿੱਚ ਅਜਿਹਾ ਵਰਤਾਰਾ ਸਗੋਂ ਫੈਲਦਾ ਜਾ ਰਿਹਾ ਹੈ। ਊਚ-ਨੀਚ ਨੂੰ ਬਣਾਈ ਰੱਖਣ ਦੇ ਯਤਨਾਂ ਵਿੱਚ ਵਸੋਂ ਦੇ ਉਹ ਹਿੱਸੇ ਸਮੂਹਕ ਰੂਪ ਵਿੱਚ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਸਿਵਾਏ ਇਸਦੇ ਹੋਰ ਕੋਈ ਵਿਸ਼ੇਸ਼ਤਾ ਨਹੀਂ ਹੁੰਦੀ ਕਿ ਉਹ ਇਤਫ਼ਾਕ ਨਾਲ ਆਪਣੇ ਆਪ ਨੂੰ ਉੱਚੀ ਜ਼ਾਤ ਸਮਝਣ ਵਾਲੇ ਘਰਾਂ ਵਿੱਚ ਜੰਮੇ ਹੁੰਦੇ ਹਨ। ਕਈ ਵਾਰ ਤਾਂ ਉਹ ਆਰਥਿਕ ਪੱਖੋਂ ਵੀ ਦਲਿਤ ਜਾਤੀਆਂ ਨਾਲੋਂ ਕੋਈ ਬਹੁਤੇ ਸੌਖੇ ਨਹੀਂ ਹੁੰਦੇ...ਜਾਤੀਗਤ ਭੇਦਭਾਵ ਨੇ ਹਿੰਦੁਸਤਾਨੀ ਸਮਾਜ ਵਿੱਚ ਜਿੰਨੀਆਂ ਡੂੰਘੀਆਂ ਜੜ੍ਹਾਂ ਫੜ ਲਈਆਂ ਸਨ, ਉਸਦੇ ਰੂਬਰੂ ਇਸਦੇ ਖਿਲਾਫ਼ ਲੜਾਈ ਨੂੰ ਰੂਹਾਨੀ ਤੇ ਧਾਰਮਿਕ ਖੇਤਰ ਤੋਂ ਕਿਤੇ ਅੱਗੇ ਲਿਜਾਣਾ ਜ਼ਰੂਰੀ ਸੀ...ਅਜਿਹੇ ਯਤਨ ਸੁਤੰਤਰਤਾ ਸੰਗਰਾਮ ਦਾ ਹਿੱਸਾ ਹੋਣੇ ਚਾਹੀਦੇ ਸਨ। ਸੁਤੰਤਰਤਾ ਸੰਗਰਾਮ ਦੇ ਆਗੂ ਵਰਗ ਨੂੰ ਜਿਸ ਵਿਚ ਬੁੱਧੀਮਾਨ, ਚਿੰਤਕ, ਲੇਖਕ, ਕਲਾਕਾਰ ਤੇ ਵਿਗਿਆਨੀ ਸ਼ਾਮਲ ਸਨ, ਚਾਹੀਦਾ ਸੀ ਕਿ ਊਚ-ਨੀਚ ਦੇ ਕਾਰਨ ਆਜ਼ਾਦ ਹਿੰਦੁਸਤਾਨ ਨੂੰ ਪੇਸ਼ ਆਉਣ ਵਾਲੀਆਂ ਗੰਭੀਰ ਸਮਾਜੀ ਸਮੱਸਿਆਵਾਂ ਬਾਰੇ ਦੂਰਦਰਸ਼ਤਾ ਦਾ ਸਬੂਤ ਦਿੰਦੇ ਹੋਏ ਇਸ ਵਿਰੁੱਧ ਆਵਾਜ਼ਾਂ ਉਠਾਉਂਦਾ। ਪਰ ਅਜਿਹਾ ਹੋਇਆ ਨਹੀਂ...ਚਕਰਾ ਦੇਣ ਵਾਲੀ ਗੱਲ ਇਹ ਹੈ ਕਿ ਖੱਬੇ ਪੱਖੀ ਲਹਿਰ ਨੇ ਵੀ ਇਸ ਮਾਮਲੇ ਵੱਲ ਧਿਆਨ ਦੇਣਾ ਉੱਕਾ ਹੀ ਜ਼ਰੂਰੀ ਨਾ ਸਮਝਿਆ। ਇਹ ਗੱਲ ਖੱਬੇ ਪੱਖੀ ਸੋਚ ਦਾ ਹਿੱਸਾ ਹੀ ਨਾ ਬਣ ਸਕੀ ਕਿ ਆਰਥਿਕ ਆਧਾਰ ਉੱਤੇ ਸ਼੍ਰੇਣੀ-ਵੰਡ ਆਪਣੀ ਥਾਂ ਹੈ, ਪਰ ਜਾਤੀਆਂ ਵਿਚਾਲੇ ਊਚ-ਨੀਚ ਤੇ ਭੇਦ-ਭਾਵ ਇਕ ਅਜਿਹਾ ਵਰਤਾਰਾ ਹੈ, ਜਿਹੜਾ ਕੇਵਲ ਹਿੰਦੁਸਤਾਨੀ ਸਮਾਜ ਦਾ ਹੀ ਲੱਛਣ ਹੈ ਤੇ ਸਮਾਜੀ ਜਬਰ ਜਿਸਦਾ ਮੁੱਖ ਅੰਸ਼ ਹੈ...ਵਿਚਾਰਾਂ ਤੇ ਦਲੀਲਾਂ ਦੀ ਪੱਧਰ ਉੱਤੇ ਇਹ ਲੜਾਈ ਲੜਨ ਲਈ ਕਿਸੇ ਮਹੂਰਤ ਜਾਂ ਮਤੇ ਦੀ ਲੋੜ ਨਹੀਂ ਸੀ। ਪਰ ਜਿਸ ਸੋਚਵਾਨ ਵਰਗ ਨੇ ਵਿਚਾਰਾਂ ਤੇ ਦਲੀਲਾਂ ਦਾ ਪਿੜ ਬੰਨ੍ਹਣਾ ਸੀ, ਉਹਨਾਂ ਨੇ ਜਾਤੀ ਪ੍ਰਥਾ ਨੂੰ ਦਿਮਾਗ਼ੀ ਤੌਰ ‘ਤੇ ਇਸ ਹੱਦ ਤੱਕ ਕਬੂਲ ਕਰ ਰੱਖਿਆ ਸੀ ਕਿ ਇਸਦੀ ਅਨੈਤਕਤਾ ਤੇ ਸਮਾਜ-ਦੁਸ਼ਮਣੀ ਨੇ ਉਹਨਾਂ ਦੇ ਮਨਾਂ ਨੂੰ ਕਦੇ ਝੰਜੋੜਿਆ ਹੀ ਨਹੀਂ।”
----
ਇਸ ਪੁਸਤਕ ਵਿੱਚ ਵਿਚਾਰਿਆ ਗਿਆ ਇੱਕ ਹੋਰ ਮਹੱਤਵ-ਪੂਰਨ ਮਸਲਾ ਜੋ ਵਿਸ਼ੇਸ਼ ਧਿਆਨ ਖਿੱਚਦਾ ਹੈ, ਉਹ ਹੈ: ਫਲਸਤੀਨ ਲੋਕਾਂ ਦੀ ਆਜ਼ਾਦੀ ਦਾ ਮਸਲਾ। ਪਿਛਲੇ ਤਕਰੀਬਨ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਫਲਸਤੀਨ ਲੋਕ ਆਪਣੀ ਆਜ਼ਾਦੀ ਦਾ ਸੰਘਰਸ਼ ਲੜ ਰਹੇ ਹਨ। ਇਸ ਲੰਬੇ ਸੰਘਰਸ਼ ਵਿੱਚ ਫਲਸਤੀਨ ਲੋਕਾਂ ਨੇ ਹਰ ਤਰ੍ਹਾਂ ਦੇ ਜਬਰ ਦਾ ਸਾਹਮਣਾ ਕੀਤਾ ਹੈ। ਲਿਬਨਾਨ, ਗਾਜ਼ਾ ਪੱਟੀ ਅਤੇ ਪੱਛਮੀ ਤੱਟ ਦੇ ਇਲਾਕੇ ਉਨ੍ਹਾਂ ਦੇ ਖ਼ੂਨ ਨਾਲ ਰੰਗੇ ਪਏ ਹਨ। ਫਲਸਤੀਨ ਮਰਦਾਂ, ਔਰਤਾਂ, ਬੱਚਿਆਂ, ਬੁੱਢਿਆਂ ਅਤੇ ਨੌਜਵਾਨਾਂ ਨੇ ਆਪਣੇ ਖ਼ੂਨ ਵਿੱਚ ਆਪਣੀਆਂ ਉਂਗਲਾਂ ਡੁਬੋ ਕੇ ‘ਫਲਸਤੀਨ ਆਜ਼ਾਦੀ’ ਸ਼ਬਦ ਹਵਾ ਵਿੱਚ ਲਿਖਿਆ ਹੈ। ਯਾਸਰ ਅਰਾਫ਼ਤ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਨੇ ਫਲਸਤੀਨ ਲੋਕਾਂ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਫਲਸਤੀਨ ਲੋਕਾਂ ਦੀ ਇੱਕ ਲੰਬਾ ਸਮਾਂ ਤੱਕ ਅਗਵਾਈ ਕੀਤੀ। ਅਫਸੋਸ ਹੈ ਕਿ ਦੁਨੀਆਂ ਭਰ ਦੇ ਸਭਿਅਕ ਲੋਕ ਦਹਾਕਿਆਂ ਤੋਂ ਆਜ਼ਾਦੀ ਸੰਘਰਸ਼ ਵਿੱਚ ਫਲਸਤੀਨ ਲੋਕਾਂ ਨੂੰ ਏਨੇ ਜ਼ੁਲਮ ਸਹਿੰਦਿਆਂ ਹੋਇਆਂ ਦੇਖ ਰਹੇ ਹਨ - ਪਰ ਕੋਈ ਉਨ੍ਹਾਂ ਦੇ ਹੱਕ ਵਿੱਚ ਨਾਹਰਾ ਮਾਰਨ ਲਈ ਤਿਆਰ ਨਹੀਂ। ਉਨ੍ਹਾਂ ਦੀ ਆਪਣੀ ਹੀ ਧਰਤੀ ਤੋਂ ਉਨ੍ਹਾਂ ਨੂੰ ਜ਼ਬਰਦਸਤੀ ਬੇਦਖ਼ਲ ਕਰ ਦਿੱਤਾ ਗਿਆ। ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੀ ਨਿਪੁੰਸਕ ਹੋ ਚੁੱਕੀ ਯੂ.ਐਨ.ਓ. ਵੀ ਉਨ੍ਹਾਂ ਦੇ ਜ਼ਬਰਦਸਤੀ ਖੋਹੇ ਗਏ ਹੱਕਾਂ ਨੂੰ ਵਾਪਸ ਦੁਆਉਣ ਲਈ ਕੁਝ ਨਹੀਂ ਕਰ ਸਕੀ। ਅਮਰੀਕਾ ਦੀ ਸ਼ਹਿ ਉੱਤੇ ਇਜ਼ਰਾਈਲ ਜਦੋਂ ਉਸਦਾ ਦਿਲ ਕਰਦਾ ਹੈ ਫਲਸਤੀਨ ਲੋਕਾਂ ਦੇ ਘਰਾਂ, ਸਕੂਲਾਂ, ਹਸਪਤਾਲਾਂ, ਫੈਕਟਰੀਆਂ ਉੱਤੇ ਬੰਬਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਮਾਸੂਮ ਅਤੇ ਬੇਸਹਾਰਾ ਫਲਸਤੀਨ ਲੋਕਾਂ ਨੇ ਇਸ ਸੰਘਰਸ਼ ਵਿੱਚ ਇੰਨੀਆਂ ਮੁਸੀਬਤਾਂ ਝੱਲੀਆਂ ਹਨ ਕਿ ਹੁਣ ਆਪਣੇ ਘਰਾਂ ਨੂੰ ਖੰਡਰ ਬਣੇ ਵੇਖ ਕੇ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਨਹੀਂ ਵਗਦੇ। ਉਨ੍ਹਾਂ ਦੀਆਂ ਅੱਖਾਂ ਵਿੱਚ ਹੁੰਝੂਆਂ ਲਈ ਪਾਣੀ ਹੁਣ ਰਹਿ ਹੀ ਕਿੱਥੇ ਗਿਆ ਹੈ? ਅਜਿਹੇ ਔਖੇ ਪਲਾਂ ਵਿੱਚ ਜੇਕਰ ਕੋਈ ਫਲਸਤੀਨ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਕਾਤਲ ਇਜ਼ਰਾਈਲੀ ਫੌਜੀਆਂ ਦੇ ਟੈਂਕ ਜਾਂ ਬੁੱਲਡੋਜ਼ਰ ਉਸ ਮਾਸੂਮ ਨੂੰ ਦਰੜ ਕੇ ਉਸਦੇ ਜਿਸਮ ਦਾ ਚੀਥੜਾ ਚੀਥੜਾ ਕਰ ਦਿੰਦੇ ਹਨ।
---
‘ਇਹ ਹੈ ਬਾਰਬੀ ਸੰਸਾਰ’ ਪੁਸਤਕ ਬਾਰੇ ਚਰਚਾ ਖ਼ਤਮ ਕਰਨ ਤੋਂ ਪਹਿਲਾਂ ਮੈਂ ਇਸ ਪੁਸਤਕ ਵਿੱਚ ਸ਼ਾਮਿਲ ਨਿਬੰਧ ‘ਘੱਟਗਿਣਤੀ ਬਸਤੀਆਂ’ ਵਿੱਚ ਛੇੜੇ ਗਏ ਵਿਸ਼ੇ ਬਾਰੇ ਗੱਲ ਕਰਨੀ ਚਾਹਾਂਗਾ।
ਕੈਨੇਡਾ ਵਿੱਚ ਨੇਟਿਵ ਇੰਡੀਅਨ ਲੋਕਾਂ ਤੋਂ ਇਲਾਵਾ ਅਨੇਕਾਂ ਹੋਰ ਸਭਿਆਚਾਰਾਂ ਦੇ ਲੋਕ ਵੀ ਵੱਸਦੇ ਹਨ। ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਦੇ ਲੋਕ ਕੈਨੇਡਾ ਆ ਕੇ ਨਾ ਵੱਸੇ ਹੋਣ। ਜਿਸ ਕਾਰਨ ਕੈਨੇਡਾ ਦਾ ਸਮਾਜ ਇੱਕ ਰੰਗਾ ਹੋਣ ਦੀ ਥਾਂ ਬਹੁ-ਰੰਗਾ ਹੋ ਗਿਆ ਹੈ। ਕੈਨੇਡੀਅਨ ਸਮਾਜ ਅਤੇ ਸਭਿਆਚਾਰ ਦਾ ਇਹ ਗੁਣ ਇਸਨੂੰ ਸ਼ਕਤੀ ਵੀ ਦਿੰਦਾ ਹੈ ਅਤੇ ਇਸ ਲਈ ਸੰਕਟ ਵੀ ਪੈਦਾ ਕਰਦਾ ਹੈ।
----
ਬਹੁ-ਸਭਿਆਚਾਰਕ ਸਮਾਜ ਹੋਣ ਕਾਰਨ ਕੋਈ ਵੀ ਇੱਕ ਸਭਿਆਚਾਰ ਆਪ ਸਭ ਤੋਂ ਉੱਤਮ ਹੋਣ ਦੀ ਦੂਜਿਆਂ ਹੋਰਨਾਂ ਸਭਿਆਚਾਰਾਂ ਉੱਤੇ ਧੌਂਸ ਨਹੀਂ ਜਮਾ ਸਕਦਾ; ਦੂਜੀ ਗੱਲ, ਵੱਖ ਵੱਖ ਸਭਿਆਚਾਰਾਂ ਦੇ ਲੋਕ ਇੱਕ ਦੂਜੇ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਦਾ ਆਨੰਦ ਮਾਣ ਸਕਦੇ ਹਨ। ਪਰ ਬਹੁ-ਰੰਗੇ ਸਭਿਆਚਾਰ ਵਾਲੇ ਸਮਾਜ ਲਈ ਉਦੋਂ ਸੰਕਟ ਭਰੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਵਿੱਚ ਸ਼ਾਮਿਲ ਕੁਝ ਰੰਗ ਆਪਣੇ ਨਿੱਕੇ ਨਿੱਕੇ ਘੁਰਨੇ ਬਣਾ ਕੇ ਰਹਿਣ ਲੱਗ ਜਾਂਦੇ ਹਨ। ਕੈਨੇਡਾ ਦੇ ਮਹਾਂਨਗਰ ਗਰੇਟਰ ਟੋਰਾਂਟੋ ਦੇ ਇਲਾਕੇ ਵਿੱਚ ਭਵਿੱਖ ਵਿੱਚ ਪੈਦਾ ਹੋਣ ਵਾਲੇ ਕਿਸੇ ਵੱਡੇ ਸੰਕਟ ਦੇ ਸੰਕੇਤ ਸਹਿਜੇ ਹੀ ਪਹਿਚਾਣੇ ਜਾ ਸਕਦੇ ਹਨ। ਕੁਝ ਇਲਾਕਿਆਂ ਵਿੱਚ ਤਾਮਿਲ, ਕੁਝ ਇਲਾਕਿਆਂ ਵਿੱਚ ਬਲੈਕ, ਕੁਝ ਇਲਾਕਿਆਂ ਵਿੱਚ ਪੰਜਾਬੀ, ਕੁਝ ਇਲਾਕਿਆਂ ਵਿੱਚ ਇਟਾਲੀਅਨ, ਕੁਝ ਇਲਾਕਿਆਂ ਵਿੱਚ ਗਰੀਕ, ਕੁਝ ਇਲਾਕਿਆਂ ਵਿੱਚ ਚੀਨੇ ਅਤੇ ਕੁਝ ਇਲਾਕਿਆਂ ਵਿੱਚ ਪੁਰਤਗੇਜ਼ੀ ਮੂਲ ਦੇ ਲੋਕਾਂ ਨੇ ਆਪਣੀਆਂ ਬਸਤੀਆਂ ਸਥਾਪਤ ਕਰ ਲਈਆਂ ਹਨ।
----
ਇਸ ਤੋਂ ਵੀ ਅੱਗੇ ਜਾ ਕੇ ਪੰਜਾਬੀ ਲੋਕਾਂ ਨੇ ਜੱਟ ਗੁਰਦੁਆਰੇ, ਰਾਮਗੜ੍ਹੀਆ ਗੁਰਦੁਆਰੇ, ਰਵੀਦਾਸ ਗੁਰਦੁਆਰੇ, ਨਾਨਕਸਰ ਗੁਰਦੁਆਰੇ ਆਦਿ ਉਸਾਰ ਲਏ ਹਨ। ਅਜਿਹੀ ਕਿਸਮ ਦੀਆਂ ਬਸਤੀਆਂ ਉਸਾਰਨ ਅਤੇ ਜ਼ਾਤ-ਪਾਤ ਦੇ ਨਾਮ ਉੱਤੇ ਧਾਰਮਿਕ ਅਤੇ ਸਭਿਆਚਾਰਕ ਅਦਾਰੇ ਉਸਾਰਨ ਨਾਲ ਲੋਕ ਇੱਕ ਦੂਜੇ ਤੋਂ ਮਾਨਸਿਕ ਤੌਰ ਉੱਤੇ ਦੂਰ ਚਲੇ ਜਾਂਦੇ ਹਨ ਅਤੇ ਹੌਲੀ ਹੌਲੀ ਇਹ ਮਾਨਸਿਕ ਦੂਰੀ ਇੱਕ ਦੂਜੇ ਲਈ ਨਫ਼ਰਤ ਵਿੱਚ ਬਦਲ ਜਾਂਦੀ ਹੈ।
‘ਇਹ ਹੈ ਬਾਰਬੀ ਸੰਸਾਰ’ ਪੁਸਤਕ ਵਿੱਚ ਸੁਰਜਨ ਜ਼ੀਰਵੀ ਨੇ ਅਜੋਕੇ ਸਮਿਆਂ ਦੀ ਵਿਸ਼ਵ-ਰਾਜਨੀਤੀ ਨਾਲ ਸਬੰਧਤ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਮਹੱਤਵ-ਪੂਰਨ ਵਿਸ਼ਿਆਂ ਬਾਰੇ ਗੰਭੀਰ ਚਰਚਾ ਛੇੜਨ ਵਾਲੀਆਂ ਲਿਖਤਾਂ ਸ਼ਾਮਿਲ ਕਰਕੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ।
ਇਸ ਮਹੱਤਵ-ਪੂਰਨ ਪੁਸਤਕ ਦਾ ਸੁਆਗਤ ਕਰਦਿਆਂ ਮੈਨੂੰ ਦਿਲੀ ਖੁਸ਼ੀ ਮਹਿਸੂਸ ਹੋ ਰਹੀ ਹੈ।
No comments:
Post a Comment