ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, May 15, 2009

ਦਰਸ਼ਨ ਦਰਵੇਸ਼ - ਕਹਾਣੀ

ਦੋਸਤੋ! ਇਹ ਬੇਹੱਦ ਖ਼ੂਬਸੂਰਤ ਕਹਾਣੀ ਦਰਵੇਸ਼ ਜੀ ਨੇ ਕਾਲਜ ਪੜ੍ਹਦੇ ਸਮੇਂ 16 ਜਨਵਰੀ, 1982 ਨੂੰ ਕਾਲਜਾਂ, ਯੂਨੀਵਰਸਿਟੀਆਂ ਦੇ ਹੋਸਟਲਾਂ ਚ ਪੜ੍ਹਾਈ ਦੇ ਨਾਮ ਤੇ ਹੁੰਦੀ ਅਵਾਰਾਗਰਦੀ ਅਤੇ ਇਹਨਾਂ ਵਿਦਿਅਕ ਅਦਾਰਿਆਂ ਚ ਪੈਸੇ ਦੇ ਜ਼ੋਰ ਤੇ ਹੁੰਦੀ ਗੁੰਡਾਗਰਦੀ, ਕਾਕਾਸ਼ਾਹੀ ਦੇ ਵਿਰੁੱਧ ਲਿਖੀ ਸੀ। ਮੈਂ ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ ਕਿ ਉਹਨਾਂ ਨੇ ਏਨੇ ਰੁਝੇਵਿਆਂ ਦੇ ਬਾਵਜੂਦ ਕਹਾਣੀ ਆਰਸੀ ਲਈ ਟਾਈਪ ਕਰਕੇ ਭੇਜੀ ਹੈ। ਮੈਨੂੰ ਵਿਸ਼ਵਾਸ ਹੈ ਕਿ ਕਹਾਣੀ ਪੜ੍ਹ ਕੇ ਤੁਹਾਨੂੰ ਬੜਾ ਕੁਝ ਯਾਦ ਆਵੇਗਾ। ਬਹੁਤ-ਬਹੁਤ ਸ਼ੁਕਰੀਆ।

*****

ਹਰ ਚੁਗਾਠ ਉਹਲੇ ਅੱਗ ਮੱਚਦੀ ਹੈ.......

ਕਹਾਣੀ

......ਉਂਝ ਠੰਡ ਜ਼ਰੂਰ ਸੀ ਅੱਜ ਹਵਾ ਕੋਈ ਨਹੀਂ ਸੀ ਵਗ ਰਹੀਇਸਦਾ ਪਤਾ ਦੇਵ ਨੂੰ ਉਦੋਂ ਲੱਗਿਆ ਜਦੋਂ ਉਸਦੀ ਨਿਗਾਹ ਜਾਲੀ ਥਾਣੀਂ ਕਮਰੇ ਦੇ ਮਗਰਲੇ ਪੋਰਸ਼ਨ ਵਿੱਚ ਤਾਰ ਤੇ ਟੰਗੇ ਪਏ ਤੌਲੀਏ ਉੱਤੇ ਪਈ । ਤੌਲੀਆ ਅਹਿੱਲ ਸੀ ਉਦਾਸ ਸੀ ਦੇਵ ਵਾਂਗ ਹੀ ਉਸ ਦੀਆਂ ਅੱਖਾਂ ਚ ਇੱਕ ਅਹਿਸਾਸ ਨੇ ਡੁਬਕੀ ਲਾਈ ਅਤੇ ਉਸਨੇ ਇੱਕੋ ਝਟਕੇ ਨਾਲ ਬਾਰ ਖੋਲ੍ਹਕੇ ਤੌਲੀਏ ਨੂੰ ਅੰਦਰ ਲਿਆ ਕੇ ਮੇਜ਼ ਤੇ ਸੁੱਟ ਦਿੱਤਾ

ਦੇਵ ਨੇ ਮਲਕੜੇ ਜਿਹੇ ਹੀ ਬਾਰ ਬੰਦ ਕੀਤਾ, ਪਰ ਫੇਰ ਵੀ ਝਰਨਾਹਟ ਜਿਹਾ ਛਿੜਿਆ, ਕੰਧਾਂ ਨੇ ਹਲਚਲ ਜਿਹੀ ਮਹਿਸੂਸ ਕੀਤੀ ਤਾਂ ਜਿਵੇਂ ਉਸ ਦਾ ਕਿੰਨਾ ਹੀ ਖ਼ੂਨ ਤ੍ਰਿੜ-ਤ੍ਰਿੜ ਕਰਕੇ ਸਵਾਹ ਹੋ ਗਿਆ ਹੋਵੇ

----

ਉਂਝ ਉਸ ਵਿੱਚ ਖ਼ੂਨ ਸੀ ਹੀ ਕਿੱਥੇ ? ਪਰ ਉਸਨੂੰ ਡਰ ਸੀ ਕਿ ਜਦੋਂ ਉਹ ਬਾਹਰ ਵਾਲਾ ਬਾਰ ਬੰਦ ਕਰਕੇ ਜਾਏਗਾ ਤਾਂ ਉਸ ਵਿੱਚੋਂ ਸ਼ਾਇਦ ਤੁਰਨ ਦੀ ਹਿੰਮਤ ਵੀ ਚੂਸ ਲਈ ਜਾਵੇ

-ਪਰ ਬਾਹਰ ਜਾ ਕੇ ਕਰੇਂਗਾ ਵੀ ਕੀ ?’ ਦੇਵ ਨੇ ਵਾਸਤਾ ਜਿਹਾ ਪਾਇਆ

-ਅਕੇ ਕਰੇਂਗਾ ਵੀ ਕੀ ,ਕੋਈ ਕਿਤੇ ਕੁਛ ਕਰਨ ਵੀ ਗਿਐ ਉਸਨੇ ਉਧਰ ਹੀ ਮੂੰਹ ਰੱਖਿਆ ਅਤੇ ਠੰਡੇ ਹੋਏ ਬੁੱਲ੍ਹ ਚਿੱਥ ਜਿਹੇ ਲਏ

-ਕਿਉਂ ਨਹੀਂ ਜਾਂਦਾ ਹਰ ਕੋਈ ਕਿਤੇ ਨਾਂ ਕਿਤੇ ਚਾਨਣ ਭਾਲਣ ਜਾਂਦੈ ਉਹ ਖਿਝ ਉੱਠਿਆ ਸੀ

-ਜਾਂਦਾ ਹੋਊ ਪਰ ਘੱਟੋ ਘੱਟ ਮੈਂ ਤਾਂ ਕਿਤੇ ਕੁੱਛ ਲ਼ੈਣ ਨਹੀਂ ਗਿਆ ਪਰ ਫੇਰ ਵੀ ਮੈਂ ਜਾਣਾ ਈ ਐ ਉਸ ਨੇ ਬਾਹਰਲੇ ਬਾਰ ਨੂੰ ਜਿੰਦਾ ਲਾਇਆ ਤਾਂ ਉਸਦਾ ਧਿਆਨ ਸਵਿਮਿੰਗ ਪੂਲ ਵਾਲੇ ਪਾਸੇ ਲੱਗੀ ਜਗਦੀ ਬੁਝਦੀ ਟਿਊਬ ਵੱਲ ਚੱਲਿਆ ਗਿਆਚਾਨਣ ਹੌਕੇ ਭਰ ਰਿਹਾ ਸੀ

----

ਠੰਡ ਨੂੰ ਚੀਰਦਾ ਦੇਵ ਚੁੱਪ-ਚਾਪ ਪੌੜੀਆਂ ਉੱਤਰ ਕੇ ਹੋਸਟਲ ਤੋਂ ਬਾਹਰ ਖੇਡ-ਮੈਦਾਨਾਂ ਵਾਲੇ ਪਾਸੇ ਆ ਗਿਆ

ਸੜਕ ਵਿਛੀ ਪਈ ਸੀ ਉਸ ਨੂੰ ਲੱਗਿਆ ਕਿ ਉਹ ਜਿਵੇਂ ਠੰਡ ਨਾਲ ਸੁੰਗੜਕੇ ਇੱਕ ਪਗਡੰਡੀ ਜਿਹੀ ਹੀ ਬਣੀ ਪਈ ਹੋਵੇ ਉਹ ਖੁਦ ਸੁੰਗੜਕੇ ਇਕੱਠਾ ਜਿਹਾ ਹੋ ਗਿਆ ਅਤੇ ਕੰਬਲ ਨੂੰ ਘੁੱਟਕੇ ਜੇ ਘੇਰ ਲਿਆ

ਡਿਗਰੀ ਦੇ ਦੋਵੇਂ ਹੋਸਟਲ ਤਿੰਨ ਮੰਜ਼ਿਲੇ ਆਸੇ ਪਾਸੇ ਟਿਊਬਾਂ ਦੀ ਅੱਖਾਂ ਚੁੰਧਿਆਉਂਦੀ ਰੌਸ਼ਨੀ ਉਸਨੇ ਅਥਲੀਟ ਦੇ ਫੁੱਲੇ ਹੋਏ ਮੱਸਲ ਵਾਂਗ ਅੱਖਾਂ ਝਟਕੀਆਂ ਪਰ ਅੱਖਾਂ ਫਿਰ ਹੋਸਟਲ ਦੀਆਂ ਤਿੰਨਾਂ ਮੰਜ਼ਿਲਾਂ ਤੇ ਕੀਤੇ ਨਵੇਂ ਰੰਗ ਵਿੱਚ ਗੱਡੀਆਂ ਗਈਆਂ ਤੇ ਜਿਵੇਂ ਉਹ ਵੀਨਸ ਦੀ ਹੱਦ ਤੇ ਆ ਕੇ ਹੀ ਗੁੰਮ ਹੋ ਗਿਆ

ਹਰ ਕਮਰੇ 'ਚ ਲਾਈਟ ਜਗਦੀ ਸੀ ਹਰ ਕਮਰੇ ਚ ਸਿਲੇਬਸ ਦਾ ਪਾਠ ਕੰਧਾਂ ਨੂੰ ਪੜ੍ਹਾਇਆ ਜਾ ਰਿਹਾ ਸੀਵਟ ਨੌਨਸੈਂਸ ?’ ਉਹ ਚੀਖਿਆ

ਨਹੀਂ ਸੱਚ ਉਹ ਤਾਂ ਭੁਲੇਖੇ ਦੇ ਕਿੰਨੇ ਹੀ ਸੰਘਣੇ ਜੰਗਲ ਵਿੱਚੋਂ ਇੱਕੋ ਹੀ ਝਟਕੇ ਨਾਲ ਗੁਜ਼ਰ ਚੁੱਕਿਆ ਸੀ

---

ਉਸਨੇ ਖ਼ਿਲਾਅ ਦਾ ਸ਼ੀਸਾ ਦੇਖਿਆ, ਤਾਂ ਉਸਦਾ ਡਰਕੇ ਭੱਜਣ ਨੂੰ ਜੀਅ ਕੀਤਾ ਉਸਨੇ ਅੱਖਾਂ ਚ ਸਵਾਹ ਭਰਨੀ ਚਾਹੀ ਪਰ ਕੰਨ ਕੁੱਝ ਸੁਣਨ ਲਈ ਉਤਾਵਲੇ ਸਨ ਪਹਿਲੇ ਕਮਰੇ ਵਿੱਚ ਮੇਜ਼ ਲੱਗਿਆ ਹੋਇਆ ਸੀਉਪਰ ਕਿਤਾਬਾਂ,ਰਜਿਸਟਰ,ਫਾਈਲ਼ਾਂ ਗ੍ਰਾਫ ਤੇ ਉੱਪਰ ਪੇਪਰ ਵੇਟ

ਉਹ ਆਹਿਸਤਾ ਹੀ ਮੰਜੇ ਤੇ ਬਹਿ ਗਿਆ ਜੁਰਾਬਾਂ ਲਾਹੀਆਂ ,ਸਿਰਹਾਣੇ ਹੇਠ ਰੱਖਣ ਲੱਗਾ ਤਾਂ ਮਸਤਰਾਮ ਤੇ ਉਹਦੀ ਭੈਣ ਅਸ਼ੋਕਾ ਹੋਟਲ ਦੇ ਕਮਰਾ ਨੰ. ਅੱਠ ਵਿੱਚ ਖੜ੍ਹੇ ਆਪੋ ਆਪਣੇ ਅੰਡਰਵੀਅਰਾਂ ਦਾ ਸਾਈਜ਼ ਮਿਣ ਰਹੇ ਸਨ ਉਹ ਗੁਬਾਰੇ ਵਾਂਗ ਫਟ ਜਿਹਾ ਗਿਆ ਤੇ ਛਾਲ ਮਾਰ ਕੇ ਹੋਸਟਲ ਦੇ ਦੋ ਨੰਬਰ ਕਮਰੇ ਵਿੱਚ----

----

ਬੁਲਵਰਕਰ ਸਾਹਮਣੇ ਹੀ ਟੰਗਿਆ ਪਿਆ ਸੀ ਦੇਵ ਮਾਣ ਜਿਹੇ ਵਿੱਚ ਆ ਗਿਆ ਉਸਦੀਆਂ ਅੱਖਾਂ ਲੰਬੀਆਂ ਜਿਹੀਆਂ ਹੋ ਗਈਆਂ ਜਦੋਂ ਉਸਨੇ ਮੰਜੇ ਹੇਠ ਵਾਰਮ ਅਪ ਸ਼ੂ ਖ਼ਾਮੋਸ਼ ਪਏ ਦੇਖੇ ਥੱਕ ਕੇ ਜੋ ਆਏ ਸਨ, ਤਾਂ ਹੀ ਤਾਂ ਆਰਾਮ ਫੁਰਮਾ ਰਹੇ ਨੇ, ਉਹਨਾਂ ਨੂੰ ਵਰਤੋਂ ਵਿੱਚ ਲਿਆਉਣ ਵਾਲਾ ਰਿਲੈਕਸ ਜਿਹਾ ਹੋਇਆ ਪਿਆ ਸੀ

ਦੇਵ ਦੇ ਹੱਥ ਅਣਜਾਣੇ ਹੀ ਅਲਮਾਰੀ ਵੱਲ ਵਧ ਪਏ, ਅਲਮਾਰੀ ਖੁੱਲ੍ਹੀ ਤਾਂ ਉਸਦੀਆਂ ਅੱਖਾਂ ਵਿੱਚੋਂ ਦੀ ਕਿੰਨਾਂ ਹੀ ਬਰੂਦ ਗੁਜ਼ਰ ਗਿਆ ਉਹ ਅੰਨ੍ਹਾ ਹੋ ਗਿਆ ਉਸਨੂੰ ਨੰਗੀਆਂ ਛਾਤੀਆਂ, ਮੋਟੇ ਮੋਟੇ ਕਮਾਏ ਹੋਏ ਪੱਟਾਂ ਅਤੇ ਸੰਭੋਗ ਦੀਆਂ 52 ਕਿਸਮਾਂ ਦੀ ਨੁਮਾਇਸ਼ ਵਿੱਚੋਂ ਲੰਘਣਾ ਔਖਾ ਹੋ ਗਿਆ ਉਹ ਥਾਏਂ ਹੀ ਡਿੱਗ ਪਿਆਉਹ ਭਬੰਤਰ ਜਿਹਾ ਗਿਆ ਉਸਨੂੰ ਸੁਣਿਆ ਕਿ ਦੇਵ ਤਾਂ ਮਰ ਗਿਆ ਲੱਗਦੈ

----

ਫਿਰ ਤਿੰਨ,ਚਾਰ,ਪੰਜ ਤੇ ਫਿਰ ਸਾਰਾ ਹੋਸਟਲ ਹਰ ਕਮਰੇ ਚ ਰੌਸ਼ਨੀ, ਹਰ ਮੁੰਡਾ ਰਜਾਈ ਚ ਛੁਪਿਆ, ਹਰ ਬਿਸਤਰੇ ਹੇਠਾਂ ਮੇਲਾ ,ਹਰ ਅਲਮਾਰੀ ਚ ਨੁਮਾਇਸ਼, ਜਦੋਂ ਦੇਵ ਵਾਹੋ ਦਾਹ ਭੱਜਦਾ ਬਾਹਰ ਨਿੱਕਲਿਆ ਉਹ ਬੁਰੀ ਤਰਾਂ ਲਹੂ ਲੁਹਾਣ ਹੋ ਚੁੱਕਿਆ ਸੀ

ਰਾਤ ਨੇ ਚੀਕ ਮਾਰੀ ਅਤੇ ਆਕਾਸ਼ ਵੀ ਚੀਕ ਚੀਕਕੇ ਮੋੜਵਾਂ ਜੁਆਬ ਦੇਣ ਲੱਗ ਪਿਆ ਦੇਵ ਦੇ ਪੈਰ ਨੂੰ ਠੋਹਕਰ ਲੱਗੀ ਤਾਂ ਉਹ ਜਾਗ ਜਿਹਾ ਪਿਆ

ਉਸਨੇ ਫਿਰ ਉਤਾਂਹ ਨਿਗਾਹ ਮਾਰੀ, ਰਾਤ ਦਾ ਮੂੰਹ ਉਵੇਂ ਹੀ ਟੱਡਿਆ ਹੋਇਆ ਸੀ ਦੇਵ ਸੀ ਬਹੁਤ ਹੀ ਛੋਟਾ ਸੀ -ਨਹੀਂ ਰਾਤ ਇੰਨੇ ਛੋਟਿਆਂ ਨੂੰ ਨਹੀਂ ਨਿਗਲਦੀ ਸ਼ਾਜਿਸ.. .. ਉਸ ਬ੍ਰਿਧ ਉਬਾਸੀ ਵਾਂਗ ਸੋਚਿਆ

----

ਉਹ ਡਿਪਲੋਮੇ ਦੇ ਹੋਸਟਲ ਤੀਕ ਪਹੁੰਚ ਗਿਆ ਉਸਦੀਆਂ ਅੱਖਾਂ ਅੱਗੋਂ ਹਨੇਰਾ ਇੱਕ ਦਮ ਹਨੇਰਾ ਉਹਲੇ ਹੋ ਕੇ ਬੈਠ ਗਿਆ

ਹਰ ਕਮਰੇ ਚ ਟਿਊਬਾਂ ਜਗਦੀਆਂ ਸਨ ਉਹ ਥੋੜ੍ਹਾ ਹੋਰ ਨੇੜੇ ਚਲਾ ਗਿਆ ਮੈੱਸ ਕੋਲ ਪਹੁੰਚ ਗਿਆਨੋਟਿਸ ਬੋਰਡ ਲਾਲ ਇਸ਼ਤਿਹਾਰਾਂ ਨਾਲ ਭਰਿਆ ਹੋਇਆ ਸੀ

ਰਾਜ ਉਲਟ ਗਿਆ ਸੀ ,ਗੁੰਡਾਗਰਦੀ ਦਾ ਦਬਾਅ ਪੈ ਚੁੱਕਿਆ ਸੀ, ਟਾਊਟਾਂ ਨੂੰ ਦਾਣੇ ਭੁੰਨਣ ਲਈ ਭੱਠੀਆਂ ਸਮ੍ਹਾ ਦਿੱਤੀਆਂ ਸਨ ਤੇ ਸਾਰੇ ਦੇ ਸਾਰੇ ਵਿਦਿਅਕ ਢਾਂਚੇਂ ਦੀ ਨਵੀਂ ਹੋਂਦ ਬਰਕਰਾਰ ਹੋ ਚੁੱਕੀ ਸੀ, ਹਰ ਪਾਸੇ ਚਾਨਣ ਸੀ

ਉਸ ਦੇ ਸਾਰੇ ਫੱਟ ਮਿਲ ਗਏ ਸਨਹੁਣ ਉਸਨੂੰ ਲਹੂ ਦੇ ਮੱਚਣ ਦਾ ਕੋਈ ਫਿਕਰ ਨਹੀਂ ਸੀ ਰਿਹਾਬਾਹਰ ਆ ਕੇ ਉਸਨੇ ਹੋਸਟਲ ਨੂੰ ਆਸ ਭਰੀਆਂ ਨਜ਼ਰਾਂ ਨਾਲ ਵੇਖਿਆ ਸ਼ਾਬਾਸ ਦਿੱਤੀ ਤੇ ਨਵੇਂ ਸਿਲੇਬਸ ਲੈਣ ਲਈ ਤੁਰ ਜਿਹਾ ਪਿਆ, ਜੀਅ ਕੀਤਾ ਹੋਸਟਲ ਨੂੰ ਅੱਗ ਜਿਹੀ ਲਾ ਦੇਵੇ

ਨਹੀਂ.. ਨਹੀਂ ਉਹ ਤਾਂ ਹੋਸਟਲ ਦੇ ਪਿਛਵਾੜੇ ਖੜ੍ਹਾ ਸੀ ਕਿਸੇ ਕਮਰੇ ਚ ਭਾਬੀ ਦਿਉਰ ਨੂੰ ਸਾਕ ਲਿਆਉਣ ਲਈ ਮਨਾ ਰਹੀ ਸੀ ਤੇ ਕਿਸੇ ਇੱਕ ਚ ਰੁੱਸੇ ਪੀਆ ਨੂੰ ਮਨਾਉਣ ਲਈ ਹੀਲ-ਹੁੱਜਤ ਹੋ ਰਹੀ ਸੀ ਟੇਪ ਰਿਕਾਰਡਰ ,ਰਿਕਾਰਡ ਪਲੇਅਰਾਂ ਉਸਦਾ ਜੀਅ ਕੀਤਾ ਹੋਸਟਲ ਨੂੰ ਸਵਾਹ ਕਰਕੇ ਰੱਖ ਦੇਵੇ

----

ਕਿਸੇ ਇੱਕ ਕਮਰੇ ਦੀ ਤਾਕੀ ਖੁੱਲ੍ਹੀ ਵੀਰਜ ਦਾ ਭਰਿਆ ਗੁਬਾਰਾ ਡਿੱਗਣ ਤੋਂ ਪਹਿਲਾਂ ਇੱਕ ਤਿੜਕਿਆ ਹਾਸਾ ਤੇ ਗੱਭਰੂ ਲਲਕਾਰਾ ਉਸਦੇ ਪੈਰਾਂ ਚ ਆ ਡਿੱਗੇ ਦੇਵ.. ਦੇਵ ਵਿੱਚ ਅੜ੍ਹਕ ਗਿਆ ਦੇਵ ਨੇ ਦੇਵ ਨੂੰ ਘੂਰਕੇ ਦੇਖਿਆ ਤੇ ਅੱਖਾਂ ਮੀਚਕੇ ਵਾਹੋ ਦਾਹ ਭੱਜ ਗਿਆ.. .. !

ਦੇਵ ਦੀ ਬਾਂਹ ਫੜੀ ਗਈ ਸੱਜੇ ਹੱਥੋਂ ਉਸਨੂੰ ਨਵਾਂ ਸਿਲੇਬਸ ਲੈਣ ਜਾਣ ਤੇ ਪਾਬੰਦੀ ਲਾ ਦਿੱਤੀ ਗਈ

ਖੱਬੇ ਹੱਥ ਕੁੱਤਾ ਬੁੱਚੜ ਦੀ ਮਾਲਿਸ਼ ਕਰ ਰਿਹਾ ਸੀ

ਅੱਖਾਂ ਸਾਹਮਣੇ ਕੁਰਸੀ ਸਿੱਧੀ ਹੋ ਚੁੱਕੀ ਸੀ ਤੇ ਪਿੱਛੇ ਪਿੱਛੇ ਮਧਰਾ ਟਾਊਟ ਆਪਣੇਂ ਨਾਲੋਂ ਵੱਡੀ ਬੰਦੂਕ ਤਣੀ ਖੜ੍ਹਾ ਸੀਫਿਲਮੀ ਕਰਾਟਾ ਜਦੋਂ ਉਸਨੂੰ ਨਾ ਚਲਦਾ ਦਿੱਸਿਆ ਤਾਂ ਉਹ ਨਾਮੋਸ਼ੀ ਨਾਲ ਨੀਵੀਂ ਜਿਹੀ ਪਾਕੇ ਤੁਰ ਪਿਆ

ਬੱਸ ਆਈ ਤੇ ਫੁਰਤੀ ਨਾਲ ਬਹੁਤ ਹੀ ਅੱਗੇ ਲੰਘ ਗਈਉਹ ਗੇਟ ਤੇ ਖੜ੍ਹਾ ਸੀ ਸਾਹਮਣੇ ਦੇਖ ਰਿਹਾ ਸੀ ਸਾਰੀ ਕਲੋਨੀ ਘੂਕ ਸੁੱਤੀ ਪਈ ਸੀ ਪਰ ਸੜਕਾਂ ਉੱਤੇ ਥੱਕੀਆਂ ਖੜ੍ਹੀਆਂ ਰੋਸ਼ਨੀਆਂ ਅਜੇ ਵੀ ਸੁਚੇਤ ਸਨਕਿੰਨਾ ਸੋਹਣਾ ਦ੍ਰਿਸ਼ ਸੀ

----

ਤਾਰਿਆਂ ਦੀ ਪੁਚਕਾਰ ਉਸਨੂੰ ਸੁਣੀ ਉਹ ਭੱਜ ਕੇ ਸੜਕ ਟੱਪ ਗਿਆ

ਸੜਕ ਕਿੰਨੀ ਹੀ ਲੰਬੀ ਸੀ ਸੰਗਰੂਰ ਤੋਂ ਗਾਂਹ ਮਹਿਲਾਂ ਚੌਕਾਂ ਤੱਕ ਸਿੱਧੀ ਫੇਰ ਜਾ ਕੇ ਕਿੰਨੇ ਹੀ ਥਾਂ ਖਿੰਡਦੀ ਸੀ ਸੁਨਾਮ,ਮਾਨਸਾ ,ਦਿੱਲੀ,ਪਟਿਆਲਾ ਉਧਰ ਜਾਣ ਦੀ ਜੁਰਅਤ ਨਾਂ ਪਈ ਤੇ ਉਹ ਨਹਿਰ ਵਾਲੇ ਪਾਸੇ ਤੁਰ ਪਿਆ

-ਦੇਵ ਭਲਾ ਹੁਣ ਤੂੰ ਕਿੱਧਰ ਜਾਨੈ ?’ ਦੇਵ ਨੇ ਫੇਰ ਵਾਸਤਾ ਜਿਹਾ ਪਾਇਆ ਸੀ

-ਜਾਣਾ ਕਿੱਧਰ ਐ ਐਧਰ ਜਾਨਾਂ ਦੇਵ ਉਵੇਂ ਹੀ ਉਸੇ ਹੀ ਚਾਲ ਤੁਰਿਆ ਗਿਆ

-ਕਮਲਿਆ ਨਹਿਰ ਕੰਨੀ ਨਾ ਤੁਰਿਆ ਕਰ ਉਥੇ ਜਾ ਕੇ ਨਾਲੇ ਆਪ ਡੁਸਕੇਗਾ ਨਾਲੇ ਮੈਨੂੰ ਦੁਖੀ ਕਰੇਂਗਾ ਦੇਵ ਨੇ ਪੈਰ ਘੜੀਸ ਜਿਹੇ ਲਏ

ਉਸਨੇ ਅੱਖਾਂ ਖੋਲ੍ਹ ਕੇ ਹੋਰ ਵਧਾਈਆਂ

ਪਿੰਦਰ ਪੁਲ ਦੀ ਅੱਸੀ ਤੇ ਖੜ੍ਹੀ ਸੀ

ਪਿੰਦਰ ਦੇਵ ਜਿੱਡੀ ਹੀ ਤਾਂ ਸੀ

ਪਿੰਦਰ ਨੂੰ ਰਾਤ ਨੇ ਮੂੰਹ ਚ ਪਾ ਲਿਆ ਸੀ

ਦੇਵ ਸੁੱਤਾ ਪਿਆ ਸੀ ਤੇ ਮਹੀਨਾ ਭਰ ਤੀਕ ਸੁੱਤਾ ਪਿਆ ਰਿਹਾ ਸੀਜਦੋਂ ਉਠਿਆ ਸੀ ਤਾਂ ਵਿਹੜਾ ਸੰਭਰ ਕੇ ਛਿੜਕਿਆ ਪਿਆ ਸੀ

ਉਹ ਬਾਹਰ ਵੱਲ ਤੁਰਿਆ ਸੀ ਮਾਂ ਖੜ੍ਹੀ ਦੇਖਦੀ ਰਹੀ ਸੀ ਤੇ ਸਮਾਣਾਂ ਵਰਗੀ ਚੁੱਪ ਚੋਂ ਕੁਸਕੀ ਸੀ

-ਪੁੱਤ ਬਾਹਲੇ ਦਿਨਾ ਨਾਂ ਲਾਕੇ ਆਈ ਬੁੱਧਵਾਰ ਨੂੰ ਕੱਚੀ ਮਾਨਸਾ ਆਲੇ ਸਰਦਾਰਾਂ ਨੇ ਦੇਖਣ ਆਉਣੈ

ਦੇਵ ਗਲੀ ਵਿੱਚ ਆਇਆ ਸੀ ਗਿੰਨੀ ਇੱਕ ਮੂਰਤ ਬਣੀ ਸਾਹਮਣੀ ਕੰਧ ਤੇ ਚਿਪੀ ਹੋਈ ਸੀ ਉਹ ਗਿੰਨੀ ਜਿਸਦੇ ਵੀਰ ਬੁੱਧਵਾਰ ਨੂੰ ਆ ਰਹੇ ਸਨ ਫਿਰ ਪਿੰਦਰ -ਫਿਰ ਗਿੰਨੀ

ਕਹਿੰਦੀ ਹੁੰਦੀ ਸੀ ਨਾਂ –‘ ਦੇਬੀ ਭੈੜਿਆ ਜੇ ਜਾ ਕੇ ਚਿੱਠੀ ਨਾ ਪਾਈ ਭਰਾਵਾਂ ਨੂੰ ਕਹਿ ਟੋਟੇ ਟੋਟੇ ਕਰਵਾਂ ਦੂੰਗੀ ਕੱਚੀ ਮਾਨਸਾ ਆਲੇ ਸਰਦਾਰਾਂ ਦੇ ਕਾਕਿਆ ਨੂੰ ਕੌਣ ਨਹੀਂ ਜਾਣਦਾ

----

ਉਸ ਤੋਂ ਇੱਥੇ ਆਕੇ ਇੱਕ ਖ਼ਤ ਨਹੀਂ ਸੀ ਲਿਖ ਹੋਇਆ ਕਾਕਾਸ਼ਾਹੀ ਨੇ ਉਸਨੂੰ ਧੁਰ ਅੰਦਰੋਂ ਹਿਲਾ ਦਿੱਤਾ ਸੀਕਾਕਾਸ਼ਾਹੀ ਬੁੱਧਵਾਰ ਨੂੰ ਧਾਵਾ ਬੋਲ ਰਹੀ ਸੀ

ਉਸ ਨੇ ਸੂਰਜ ਦੀ ਧੁੱਪ ਵਿਹੜੇਚ ਪੈਂਦੀ ਦੇਖੀ ਵਿਹੜਾ ਲਿਸ਼ਕ ਉਠਿਆ ਪਰ ਚੁਗਾਠਾਂ ਨੂੰ ਤ੍ਰੇੜਾਂ ਆਈਆਂ ਪਈਆਂ ਸਨ

ਉਹ ਹੋਰ ਤੇਜ ਭੱਜ ਪਿਆ

-ਅੱਜ ਤਾਂ ਤੂੰ ਸਿੱਧਾ ਪਿੰਦਰ ਕੋਲੇ ਈ ਜਾਏਂਗਾ ਨਾ ?’ ਦੇਵ ਫੈਸਲਾ ਲੈਣ ਲੱਗ ਪਿਆ ਦੇਵ ਚੁੱਪ ਹੀ ਰਿਹਾ

-ਓ ਭਣੋਈਆ ਬੋਲ ਵੀ ਪੈ ਹੁਣ ਦੇਵ ਹੱਸਿਆ ਵੀ ਝਿਜਕਿਆ ਵੀ

-ਹਾਹੋ-ਹਾਹੋ ਦੇਵ ਨੇ ਫਾਹਾ ਵੱਢਿਆ

-ਕੰਮ ਤਾਂ ਕੋਈ ਹੈਨੀਂ ਤੈਨੂੰ ਪਰ ਫੇਰ ਵੀ

-ਕੌਣ ਕਦੇ ਕਿਸੇ ਕੋਲੇ ਕੰਮ ਗਿਐ ਹਰ ਕੋਈ ਕਿਤੇ ਨਾ ਕਿਤੇ ਸੁਆਲ ਕਰਨ ਜਾਂਦੈ ਸਿਰਫ ਬਣੀ ਰਹਿਣ ਮੂੰਹ ਮੱਥਾ ਦੇਖਣ ਦਿਖਾਉਣ ਵਾਸਤੇ ਦੇਵ ਕਾਫੀ ਊਣਾ ਹੋ ਗਿਆ

-ਦੇਵ ਐਨੀਂ ਦੇਰ ਪਿੱਛੋਂ ਐਨਾਂ ਚਾਨਣ ਦੇਖੇਗਾ ਦੇਖੀ ਕਿਤੇ ਊਂਈ ਨਾਂ ਗੁੰਮ ਹੋ ਜੀ ਦੇਵ ਨੇ ਨਸੀਹਤ ਝਾੜੀ

----

ਦੇਵ ਕੌੜਾ ਕੌੜਾ ਜਿਹਾ ਗੇੜੇ ਖਾਣ ਲੱਗ ਪਿਆ

ਬੁੱਧਵਾਰ ਨਹੀਂ ਉਹ ਤਾਂ ਅਗਲੇ ਐਤਵਾਰ ਨੂੰ ਵਾਪਸ ਮੁੜਿਆ ਅੱਖਾਂ ਸੁੱਜਕੇ ਬੱਤਖ ਦੇ ਆਂਡੇ ਜਿੱਡਾ ਕੱਦ ਕਰ ਗਈਆਂ ਸਨ

ਉਹ ਉਦਾਸ ਉਦਾਸ, ਭੀਖੀ ਦੇ ਮਗਰਲੇ ਅੱਡੇ ਤੇ ਹੀ ਉੱਤਰ ਗਿਆ

ਉਹ ਬੋਲਦਾ ਚੁੱਪ ਕਰ ਗਿਆ ਬੁੱਲ ਖੋਲ੍ਹਕੇ ਉਵੇਂ ਹੀ ਭੇੜ ਲਏ ਉਹ ਦੋਵੇਂ ਕੌਣ ਭਲਾ ? ਪਿੰਦਰ ਦੇ ਦੋਵੇਂ ਭਰਾ ਇੱਕ ਮੋਟਰ ਸਾਈਕਲ ਦਾ ਸ਼ੀਸ਼ਾ ਫਿੱਟ ਕਰਾ ਰਿਹਾ ਸੀ ਤੇ ਇੱਕ ਠੇਕੇ ਦੀਆਂ ਸੀਖਾਂ ਚ ਬਾਂਹ ਫਸਾਈ ਖੜਾ ਸੀ

ਦੇਵ ਦੇ ਖੂਨ ਨੇ ਤਿੜ ਤਿੜ ਕੀਤੀ ਉਸਨੇ ਨੇ ਖਿੱਲਾਂ ਸਾਹਮਣੇ ਡਿਗਦੀਆਂ ਦੇਖੀਆਂ ਤੇ ਉਹ ਉਹਨੀਂ ਪੈਰੀਂ ਹੀ ਸਕੂਲ ਵਾਲੀ ਸੜਕ ਮੁੜ ਪਿਆ

----

ਸੂਰਜ ਅਜੇ ਵੀ ਚਾਨਣ ਦੇਣ ਲਈ ਖਿੱਚੋ ਤਾਣ ਵਿੱਚ ਸੀ ਪਰ ਮਗਰੋਂ ਪਰਲੇ ਦੇਸ਼ ਦੀ ਖਿਚਾਈ ਜ਼ੋਰ ਫੜ ਚੁੱਕੀ ਸੀ ਦੇਵ ਹੱਸਣ ਲੱਗ ਪਿਆ ,ਪਰ ਨਹੀਂ ਰੋਣ ਪੂਰਾ ਉੱਚੀ ਉੱਚੀਨਹੀਂ ਨਹੀਂ ਉਹ ਹੋਰ ਕਾਹਲੀ ਤੁਰਨ ਲੱਗ ਪਿਆ

ਉਸ ਨੂੰ ਯਾਦ ਸੀ ਉਸਦੇ ਕੰਨ ਹੁਣ ਵੀ ਗਵਾਹੀ ਦਿੰਦੇ ਸੀ ਜਦੋਂ ਭੀਖੀ ਅੱਡੇ ਤੇ ਖੜ੍ਹੇ ਨੂੰ ਸੁਨੇਹਾ ਦਿੱਤਾ ਸੀ –‘ ਤੇਰੇ ਹੱਡਾਂ ਦੇ ਟੋਟੇ ਤੇਰੀਆਂ ਹੀ ਅੱਖਾਂ ਸਾਹਮਣੇ ਨੱਚਣਗੇ

ਤੇ ਉਹ ਹੋਣ ਵਾਲੇ ਤਮਾਸ਼ੇ ਤੋਂ ਕੰਬ ਗਿਆ ਸੀ, ਤੜਫ ਉੱਠਿਆ ਸੀ

ਉਹ ਪਿੰਡ ਜਾਣ ਤੋਂ ਝਿਜਕ ਰਿਹਾ ਸੀ ਬੁੱਧਵਾਰ ਵਿੱਚ ਛੁਪੀ ਹੋਈ ਕਾਕਾਸ਼ਾਹੀ, ਜਿਹੜੀ ਵਿਹੜੇ ਚ ਕਾਰ ਛਾਪ ਗਈ ਹੋਣ ਐਂ....ਤੇ ਸੋਨਾ ਬੀਜ ਗਈ ਹੋਣੀਂ ਐ

ਦੇਵ ਨੇ ਉਤਾਂਹ ਨਿਗਾਹ ਮਾਰੀ ਚੰਦ ਗਾਇਬ ਸੀ ਤਾਰੇ ਜ਼ਖਮੀ ਸਨ ਤੇ ਸਨਾਟੇ ਭਰੀ ਰਾਤ ਦੇ ਮੂੰਹ ਵਿਚਲੇ ਦੰਦਾਂ ਚੋਂ ਲਹੂ ਚੋ ਰਿਹਾ ਸੀ ਤੇ ਜਾੜ੍ਹਾਂ ਚ ਮਾਸ ਦੇ ਚੀਥੜੇ ਫਸੇ ਪਏ ਸਨ

ਉਹ ਹੇਠਾਂ ਝਾਕਿਆ

ਪਾਣੀ ਵੱਖੀ ਫੁਲਾਈ ਅਲਵਿਦਾਈ ਦਾ ਰਾਗ ਅਲਾਪਦਾ ਦੂਰ ਨਿਕਲ ਚੁੱਕਿਆ ਸੀ

...........................................

ਉਹ ਪੁਲ ਦੀ ਅੱਸੀ ਉੱਤੇ ਅਹਿੱਲ ਸੀ

ਪਿੰਦਰ ਹੁਣੇ ਤਾਂ ਇੱਥੇ ਖੜ੍ਹੀ ਸੀ

ਪਿੰਦਰ ਦੇਵ ਜਿੱਡੀ ਹੀ ਤਾਂ ਸੀ

ਰਾਤ ਦੇਵ ਜਿੱਡਿਆ ਨੂੰ ਤਾਂ ਨਹੀਂ ਨਾਂ ਮੂੰਹ ਚ ਪਾਉਂਦੀ ਪਰ ਪਿੰਦਰ---

ਪਾਣੀ ਦੇ ਦਿਉ ਵਰਗੇ ਹਾਸੇ ਦਾ ਰਾਜ਼ ਉਹ ਸਮਝ ਗਿਆ ਸੀ

ਉਹ ਮਗਰ ਨੂੰ ਰਿਸਕਿਆਸੱਜੇ ਹੱਥ ਪੁੱਲ ਦੀ ਮੌਣ ਤੇ ਪਈ ਗੰਢ ਨੂੰ ਉਹ ਭੁੱਖਿਆਂ ਵਾਂਗ ਖੋਹਲਣ ਲੱਗ ਪਿਆ

----

ਉਸ ਦੇ ਮੂੰਹ ਤੇ ਦੁਹੱਥੜ ਆ ਵੱਜੀ ਉਹ ਪੁੱਠਾ ਡਿੱਗ ਪਿਆ

ਛੋਟੀ ਭਾਬੀ ਤੇ ਛੋਟੀ ਭੈਣ ਰੀਤ ਦੇ ਵੈਣ ਉਸਨੂੰ ਸੁਣਨੇ ਪਏ

ਵੱਡੀ ਭਾਬੀ ਦੇ ਵਿਹੜੇ ਪੈਂਦਾ ਗਿੱਧਾ ਉਸਤੋਂ ਤੱਕਿਆ ਨਾਂ ਗਿਆ

ਉਹ ਦੋਵੇਂ ਚੀਅਰਜ਼ ਵਿੱਚ ਉਲਝੇ ਹੋਏ ਸਨ ਉਸ ਨੂੰ ਖ਼ੂਨ ਦੀ ਉਲਟੀ ਆ ਗਈ

-ਦੇਵ ਚੱਲ ਹੁਣ ਮੁੜ ਚੱਲ ਦੇਵ ਨੇ ਖ਼ਾਮੋਸ਼ੀ ਖੋਲ੍ਹੀ

-ਕਿੱਥੇ ਉਹ ਇੰਨਾਂ ਹੀ ਬੋਲ ਸਕਿਆ

-ਹੋਸਟਲ ਉਸ ਨੇ ਇਸ਼ਾਰਾ ਕੀਤਾ।

ਦੇਵ ਤੁਰ ਪਿਆ ਪੈਰ ਜਿਹੇ ਘੜੀਸਕੇਉਹ ਕਾਲੋਨੀ ਵਾਲੇ ਗੇਟ ਹੀ ਅੰਦਰ ਵੜ ਗਿਆਸਾਰੀ ਕਾਲੋਨੀ ਅੰਦਰ ਰੋਸ਼ਨੀ ਸੀਸੜਕਾਂ ਹਨੇਰੇ ਵਿੱਚ ਗੁੰਮ ਸਨਹਰ ਕੋਠੀ ਦੇ ਪਰਦਿਆਂ ਉੱਪਰ ਉਸਦੀਆਂ ਅੱਖਾਂ ਚਿਪਕਦੀਆਂ ਰਹੀਆਂ

ਹਰ ਪਰਦਾ ਨਿੱਘਾ ਸੀ ਪਰਦਿਆਂ ਪਿੱਛੇ ਅੱਗ ਮੱਚ ਰਹੀ ਸੀਉਸ ਦੀਆਂ ਅੱਖਾਂ ਧੁਖਣ ਲੱਗ ਪਈਆਂ

ਉਹ ਤੇਜ਼ ਤੁਰਨ ਲੱਗ ਪਿਆ ਉਸਦੀਆਂ ਅੱਖਾਂ ਠੰਢੀਆਂ ਹੋ ਗਈਆਂ ਸਾਰਾ ਹੋਸਟਲ ਹਨੇਰੇ ਵਿੱਚ ਤੈਰ ਰਿਹਾ ਸੀ

ਉਹ ਗੁਰਦੁਆਰਾ ਲੰਘਿਆ ਅੱਗ ਹੋਸਟਲ ਤੋਂ ਬਾਹਰਲੀਆਂ ਸੜਕਾਂ ਤੇ ਡਿੱਗ ਰਹੀ ਸੀ

ਉਸ ਦੀਆਂ ਅੱਖਾਂ ਧੁਖਣ ਲੱਗ ਪਈਆਂ ਉਹ ਕਾਹਲੀ ਕਾਹਲੀ ਤੁਰਨ ਲੱਗ ਪਿਆ।

ਹਵਾ ਵੱਗਣ ਲੱਗ ਪਈ ਸੀ

ਅੱਗ ਹੋਰ ਵੀ ਵਧ ਗਈ ਸੀ ਦੇਵ ਦੀਆਂ ਅੱਖਾਂ ਸੇਕ ਛੱਡਣ ਲੱਗ ਪਈਆਂ ਚੁਗਾਠਾਂ ਹੋਰ ਮਜਬੂਤ ਹੋ ਗਈਆਂ ਤੇ ਹਰ ਚੁਗਾਠ ਪਿੱਛੇ ----


No comments: