ਲੇਖ
ਸਦੀਆਂ, ਸਾਲ, ਮਹੀਨਿਆਂ, ਹਫ਼ਤਿਆਂ ਅਤੇ ਦਿਨਾਂ ਦੀ ਗਿਣਤੀ ਮਿਣਤੀ ਕਰਨ ਵਾਲੇ ਵਿਧੀ ਵਿਧਾਨ ਨੂੰ ਅਸੀਂ ਕੈਲੰਡਰ ਆਖਦੇ ਹਾਂ। ਸਦੀਆਂ ਤੱਕ ਦੀ ਗਿਣਤੀ ਨੂੰ ਤਾਂ ਅਸੀਂ ਕੈਲੰਡਰ ਦੀ ਕਲੇਵਰ ਵਿੱਚ ਲੈ ਸਕਦੇ ਹਾਂ ਲੇਕਿਨ ਯੁਗ ਨੂੰ ਕੈਲੰਡਰ ਵਿੱਚ ਕਿਸੇ ਤਰਾਂ ਵੀ ਕਾਬੂ ਨਹੀਂ ਕੀਤਾ ਜਾ ਸਕਦਾ।ਇੱਕ ਦਿਨ ਵਿਚਲੇ ਘੜੀਆਂ, ਪਹਿਰ, ਘੰਟੇ, ਮਿੰਟ, ਸਕਿੰਟਾਂ ਨੂੰ ਵੀ ਕੈਲੰਡਰ ਨਹੀਂ ਕਹਿ ਸਕਦੇ। ਧਰਤੀ ਦਾ ਸੂਰਜ ਦਾ ਅਤੇ ਚੰਦ ਤਾਰਿਆਂ ਦਾ ਜੋ ਗਤੀ ਵਿਧਾਨ ਹੈ ਉਹ ਹੀ ਕੈਲੰਡਰ ਦਾ ਵਿਧਾਨ ਹੈ। ਬੀਤ ਗਏ ਸਮੇਂ ਦੀਆਂ, ਇਤਿਹਾਸ ਦੀਆਂ ਗਿਣਤੀਆਂ ਮਿਣਤੀਆਂ ਕੈਲੰਡਰ ਤੋਂ ਬਿਨ੍ਹਾ ਨਹੀਂ ਹੋ ਸਕਦੀਆਂ ਇਸ ਲਈ ਆਪਣੇ ਅਤੀਤ ਦੀ ਕਹਾਣੀ ਕਰਨ ਲਈ ਕੈਲੰਡਰ ਦੀ ਗੱਲ ਕਰਨੀ ਪਈ। ਬੀਤ ਚੁੱਕੀ ਕਹਾਣੀ, ਬੀਤ ਰਹੀ ਕਹਾਣੀ ਜਾਂ ਭਵਿੱਖਬਾਣੀ ਕਰਨ ਲਈ ਕੈਲੰਡਰ ਬਹੁਤ ਹੀ ਜ਼ਰੂਰੀ ਹੈ।
----
“ਆਪਣਾ ਅਤੀਤ” ਲਿਖਣ ਲਈ ਕੈਲੰਡਰ ਬਿਨ੍ਹਾ ਤਾਂ ਸਰ ਹੀ ਨਹੀਂ ਸੀ ਸਕਦਾ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਕੈਲੰਡਰ ਦਾ ਇਤਿਹਾਸ, ਕੈਲੰਡਰ ਦੀ ਕਹਾਣੀ ਵੀ ਲੋਕਾਂ ਨੇ ਧਾਰਮਿਕ ਇਤਿਹਾਸ ਵਾਂਗ ਆਪਣੀ ਮਰਜ਼ੀ ਮੁਤਾਬਕ ਹੀ ਲਿਖ ਲਈ। ਮਨਘੜਤ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ ਪਰ ਮਿਥਿਹਾਸ ਨੂੰ ਇਤਿਹਾਸ ਕਹਿਣ ਵਾਲਿਆਂ ਦੀ ਜ਼ਿੱਦ ਬਹੁਤੀ ਚੰਗੀ ਵੀ ਨਹੀਂ ਲੱਗੀ। ਜੌਰਜੀਅਨ ਕੈਲੰਡਰ ਨੂੰ ਅੱਜ ਕੱਲ੍ਹ ਸਾਰੀ ਦੁਨੀਆਂ ਤੇ ਮਾਨਤਾ ਮਿਲੀ ਹੋਈ ਹੈ। ਇੱਕ ਜਨਵਰੀ ਤੋਂ ਇਕੱਤੀ ਦਸੰਬਰ ਦਾ ਸਾਲ ਸਾਰੀ ਦੁਨੀਆਂ ਮੰਨ ਕੇ ਬੈਠ ਗਈ ਹੈ। ਦੁਨੀਆਂ ਦੇ ਕਾਰ ਵਿਹਾਰ, ਸਮਾਜਿਕ ਤੇ ਧਾਰਮਕ ਤਿਥੀਆਂ ਮਿਤੀਆਂ, ਦਿਨ ਦਿਹਾਰ, ਛੁੱਟੀਆਂ ਅਤੇ ਪ੍ਰੋਗਰਾਮ, ਜਨਮ ਦਿਨ, ਮੀਟਿੰਗਾਂ, ਆਉਣ ਵਾਲੇ ਸਮੇਂ ਦੇ ਕਾਰ ਵਿਹਾਰ ਸਾਰੇ ਦੇ ਸਾਰੇ ਜੌਰਜੀਅਨ ਕੈਲੰਡਰ ਨੂੰ ਹੀ ਮੁੱਖ ਰੱਖ ਕੇ ਛਪ ਰਹੇ ਹਨ। 1751 ਵਿੱਚ ਜਦੋਂ ਜੌਰਜੀਅਨ ਕੈਲੰਡਰ ਬਰਤਾਨੀਆਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਵਿਰੋਧ ਸਾਹਮਣੇ ਆਇਆ। ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਸਭ ਤੋਂ ਅਖੀਰ ਵਿੱਚ ਬਣਿਆ ਇਹ ਕੈਲੰਡਰ ਸਾਰੀ ਦੁਨੀਆਂ ਤੇ ਛਾ ਜਾਵੇਗਾ। ਕਹਿੰਦੇ ਅੰਗ੍ਰੇਜ਼ੀ ਰਾਜ ਇੱਕ ਦਿਨ ਐਨਾ ਫੈਲਿਆ ਹੋਇਆ ਸੀ ਕਿ ਕਦੇ ਸੂਰਜ ਨਹੀਂ ਸੀ ਛੁਪਦਾ ਅੰਗ੍ਰੇਜ਼ੀ ਰਾਜ ਵਿੱਚ। ਭਲਾ ਜੇ ਧਿਆਨ ਨਾਲ ਵਿਚਾਰੀਏ ਤਾਂ ਅੱਜ ਕਿਹੜਾ ਅੰਗ੍ਰੇਜ਼ੀ ਰਾਜ ਘੱਟ ਹੈ। ਅੰਗ੍ਰੇਜ਼ੀ ਭਾਸ਼ਾ ਤੇ ਅੰਗ੍ਰੇਜ਼ੀ ਕੈਲੰਡਰ ਤਾਂ ਸਾਰੀ ਦੁਨੀਆਂ ਸਵੀਕਾਰੀ ਬੈਠੀ ਹੈ।
----
ਦੁਨੀਆਂ ਦੇ ਸਭ ਤੋਂ ਪਹਿਲੇ ਲਿਖਤੀ ਰੂਪ ਵਾਲੇ ਗ੍ਰੰਥ ਰਿਗ ਵੇਦ ਵਿੱਚ 12 ਮਹੀਨਿਆਂ ਦਾ ਜ਼ਿਕਰ ਆਉਂਦਾ ਹੈ।ਪੰਜ ਸਦੀਆਂ ਪਹਿਲਾਂ ਗੁਰੁ ਨਾਨਕ ਦੇਵ ਜੀ ਨੇ ਬਾਰਾਂ ਮਹੀਨਿਆਂ ਦਾ ਤੁਖਾਰੀ ਰਾਗ ਵਿੱਚ ਜਿਸ ਵਿਸਥਾਰ ਨਾਲ ਜ਼ਿਕਰ ਕੀਤਾ ਹੈ, ਗੁਰੁ ਅਰਜਨ ਤੋਂ ਸਿਵਾ ਇਤਿਹਾਸ ਵਿੱਚ ਉਸ ਤੋਂ ਵੱਧ ਵਿਸਥਾਰਪੂਰਵਕ ਕੋਈ ਕੈਲੰਡਰ ਨਹੀਂ ਬਣਿਆ। ਮਾਰਚ ਦੀ ਸੀਤਲਤਾ ਨਾਲੋਂ ਤਪਸ਼ ਵੱਲ ਨੂੰ ਤੁਰ ਪੈਣਾ, ਵਿਸਾਖ ਵਿੱਚ ਰੁੱਤਾਂ ਦਾ ਬਦਲ ਜਾਣਾ, ਸਭ ਤੋਂ ਵੱਢੇ ਜੇਠ ਮਹੀਨੇ ਦੀ ਅਤੇ ਅਸਾੜ ਦੀ ਤੇਜ ਧੁੱਪ ਦਾ ਵਿਸਥਾਰ, ਸੌਣ ਮਹੀਨੇ ਦੀ ਬਰਸਾਤ ਵਿਚਲੇ ਸੱਪ ਸਪੋਲੀਆਂ ਦਾ ਵੇਰਵਾ, ਭਾਦੋਂ (ਭਾਅਦੋਇ) ਦੇ ਭਰਮ ਦੀ ਗੱਲ, ਅਸੁਨ ਦੇ ਪ੍ਰੇਮ ਉਮਾਹੜੇ, ਕੱਤ ਕੇ ਕਰਮ ਕਮਾਉਣ ਵਾਲੇ ਕੱਤਕ, (ਮਨਘਰ) ਮੰਘਰ ਵਿੱਚ ਸੀਤਲਤਾ ਵੱਲ ਮੁੜਨ, ਪੋਖ ਦੇ ਤੁਖਾਰ (ਠੰਢ) ਦੀ ਅਤੇ ਮਾਘ ਦੇ ਨਾਮ, ਦਾਨ , ਇਸਨਾਨ ਅਤੇ ਆਖਿਰ ਫਲਗੁਣ ਅਨਦ ਅਪਾਰ ਦੀ ਕਹਾਣੀ ਜਿਸ ਵਿਸਥਾਰ ਨਾਲ ਗੁਰੁ ਗ੍ਰੰਥ ਵਿੱਚ ਅੰਕਿਤ ਹੈ, ਹੋਰ ਕਿਸ ਕੈਲੰਡਰ ਵਿੱਚ ਹੈ, ਦੱਸਿਓ ਭਲਾ? ਸੱਤ ਦਿਨਾਂ ਦੇ ਹਫ਼ਤੇ ਦਾ ਗੁਰਬਾਣੀ ਤੋਂ ਵੱਧ ਵਿਸਥਾਰ ਹੋਣ ਦਾ ਜ਼ਿਕਰ ਅਸੀਂ ਤਾਂ ਨਹੀਂ ਪੜਿਆ ਸੁਣਿਆ ਅੱਜ ਤੱਕ।
---
ਕਰਾਈਸਟ ਸੱਚੀਂ ਮੁੱਚੀਂ ਦਾ ਅਵਤਾਰ ਪੈਦਾ ਹੋਇਆ ਕਿ ਨਹੀਂ, ਇਸ ਪਾਸੇ ਤਾਂ ਕੋਈ ਜਾਣ ਹੀ ਨਹੀਂ ਦਿੰਦਾ ਕਿਸੇ ਨੂੰ। ਸਾਲਾਂ ਦੀ ਗਿਣਤੀ ਪਿਛਾਂਹ ਨੂੰ ਜਿੰਨੀ ਮਰਜ਼ੀ ਲਈ ਜਾਓ ਪਰ ਦੋ ਹਜ਼ਾਰ ਸਾਲ, 3500 ਸਾਲ ਜਾਂ ਹੋਰ ਲੱਖਾਂ ਹਜ਼ਾਰਾਂ ਸਾਲ ਗਿਣਨ ਲੱਗਿਆਂ ਜਦ ਉਸਨੂੰ ਇਤਹਾਸ ਆਖਦੇ ਹਨ ਤਾਂ ਇਸ ਗੱਲ ਦੀ ਮੈਨੂੰ ਬਿਲਕੁਲ ਸਮਝ ਨਹੀਂ ਲਗਦੀ। ਮੈਨੂੰ ਇੱਕ ਮਿੱਤਰ ਵਿਦਵਾਨ ਨੇ ਸਵਾਲ ਕੀਤਾ ਕਿ ਜੇ ਤੂੰ ਆਖਦਾ ਹੈਂ ਕਿ ਬੀ. ਸੀ. ਜਾਂ ਹਜ਼ਾਰਾਂ ਸਾਲਾਂ ਦਾ ਇਤਹਾਸ ਸਹੀ ਨਹੀਂ ਲਗਦਾ ਤਾਂ ਤੂੰ ਦੱਸ ਸਹੀ ਕੀ ਹੈ? ਮੈਂ ਜਵਾਬ ਦਿੱਤਾ ਕਿ ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ ਮੇਰੀ ਕਿਹੜੀ ਵੇਲਣੇ ‘ਚ ਬਾਂਹ ਆਈ ਹੈ ਕਿ ਝੂਠ ਬੋਲਾਂ। ਮੇਰੇ ਹਿਸਾਬ ਨਾਲ ਤਾਂ ਕੈਲੰਡਰ ਦਾ ਲਿਖਤੀ ਇਤਿਹਾਸ ਇੱਕ ਹਜ਼ਾਰ ਸਾਲ ਤੋਂ ਪੁਰਾਣਾ ਨਹੀਂ ਹੈ ਕਲੰਡਰ ਕੀ ਕੋਈ ਵੀ ਇਤਹਾਸ ਜਿਸ ਦੀਆਂ ਤਰੀਕਾਂ ਅਸੀਂ ਪਿਛਲੀਆਂ ਚਾਰ ਕੁ ਸਦੀਆਂ ਵਿੱਚ ਨਿਸ਼ਚਤ ਕੀਤੀਆਂ ਹਨ ਉਹ ਸਹੀ ਤਰੀਕਾਂ ਨਹੀਂ ਹਨ। ਇਸਦਾ ਮਤਲਬ ਇਹ ਨਹੀਂ ਕਿ ਸਾਨੂੰ ਪੁਰਾਤਨ ਵਿਦਵਤਾ ਨਾਲੋਂ ਰਿਸ਼ਤਾ ਤੋੜ ਲੈਣਾ ਚਾਹੀਦਾ, ਬਿਲਕੁਲ ਨਹੀਂ, ਗਿਆਨ ਇਤਿਹਾਸ ਹੈ ਜਾਂ ਮਿਥਿਹਾਸ ਹੀਰਾ ਤਾਂ ਹੀਰਾ ਹੀ ਹੁੰਦਾ ਹੈ। ਪਰ ਇਤਿਹਾਸ ਦੀ ਸਾਰਥਕਤਾ ਦਾ ਕੋਈ ਸਬੂਤ ਤਾਂ ਹੋਣਾ ਚਾਹੀਦਾ। ਬਿਨ੍ਹਾ ਸਬੂਤ ਇਤਿਹਾਸ ਕਿਵੇਂ ਹੋ ਸਕਦਾ।
----
ਉਪਨਿਸ਼ਦਾਂ ਵਿੱਚ, ਰਮਾਇਣ ਅਤੇ ਮਹਾਂਭਾਰਤ ਵਿੱਚ ਰਾਜੇ ਨੂੰ ਪਰਮਾਤਮਾ ਦਾ ਹੀ ਰੂਪ ਲਿਖਿਆ ਹੈ। ਜੇ ਕਿਤੇ ਰੱਬ ਧਰਤੀ ਤੇ ਆਵੇ ਤਾਂ ਮਰਿਆਦਾ ਪਰਸ਼ੋਤਮ ਰਾਮ ਵਾਂਗ ਜੀਵਨ ਬਤੀਤ ਕਰੇ। ਸੱਚ ਤੇ ਝੂਠ ਦਾ ਯੁੱਧ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਆ ਕੇ ਰਾਮ ਦੀ ਲੀਲਾ ਹੈ। ਭਾਰਤੀ ਅੰਜ਼ੀਲਾਂ ਵਿੱਚ ਸਤਿਯੁਗ, ਦੁਆਪਰ, ਤ੍ਰੇਤਾ ਅਤੇ ਕਲਯੁਗ ਦਾ ਜ਼ਿਕਰ ਆਉਂਦਾ ਹੈ। ਯੁੱਗ ਕੈਲੰਡਰ ਨਹੀਂ ਹੁੰਦੇ,ਭਾਵ ਉਪਨਿਸ਼ਦਾਂ ਦੇ ਰਾਜੇ ਦੇ ਰੂਪ ਵਿੱਚ ਰਾਮ ਦਾ ਧਰਤੀ ਤੇ ਆਉਣਾ ਸਮੇਂ ਦੀ ਸੀਮਾ ਵਿੱਚ ਨਹੀਂ ਹੈ। ਅਸੀਮ ਪਰਮ ਪੁਰਖ ਦੀ ਗੱਲ ਸੀਮਾ-ਬੱਧ ਹੋ ਵੀ ਨਹੀਂ ਸਕਦੀ ਲੇਕਿਨ ਰਾਜੇ ਅਲੈਗਜ਼ੈਂਡਰ, ਪਲੈਟੋ ਅਰਸਤੂ, ਸੁਕਰਾਤ ਜਾਂ ਜੀਸਸ ਕਰਾਈਸਟ ਦੀਆਂ ਜਨਮ-ਕੁੰਡਲੀਆਂ ਬਣਾਉਣ ਵਾਲੇ ਕਲੰਡਰਾਂ ਦੀ ਉਮਰ ਕਈ ਹਜ਼ਾਰ ਸਾਲ ਗਿਣੀ ਫਿਰਦੇ ਹਨ। ਮੇਰੇ ਮਨ ਨੂੰ ਤਾਂ ਨਹੀਂ ਲਗਦੀ ਇਹ ਗੱਲ।ਇਸਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਸਾਰਿਆਂ ਮਹਾਂਪੁਰਖਾਂ ਦੀ ਗੱਲ ਗਲਤ ਹੈ, ਮੇਰੇ ਹਿਸਾਬ ਨਾਲ ਇਸਨੂੰ ਇਤਿਹਾਸ ਕਹਿਣਾ ਸਹੀ ਨਹੀਂ ਲਗਦਾ। ਦੁਨੀਆਂ ਭਰ ਵਿੱਚ ਮਾਨਤਾ ਪ੍ਰਾਪਤ ਜੌਰਜੀਅਨ ਕੈਲੰਡਰ ਅਨੁਸਾਰ ਬੀ ਸੀ ਦਾ ਅੰਤ ਕਰਾਈਸਟ ਦੇ ਜਨਮ ਨਾਲ ਹੋ ਜਾਂਦਾ ਹੈ। ਹਜ਼ਾਰਾਂ ਸਾਲਾਂ ਦੀ ਗੱਲ ਕਰਨ ਵਾਲਾ ਕੈਲੰਡਰ 1873 ਵਿੱਚ ਜਪਾਨ ‘ਚ ਲਾਗੂ ਹੋਇਆ, ਮਿਸਰ ਵਿੱਚ 1875 ਵਿੱਚ, ਰੂਸ ਵਿੱਚ 1918 ਵਿੱਚ, ਗ੍ਰੀਸ ਵਿੱਚ 1924, ਤੁਰਕੀ ਵਿੱਚ 1926 ਅਤੇ ਚੀਨ ਵਿੱਚ 1949 ਵਿੱਚ ਲਾਗੂ ਹੋ ਗਿਆ। ਅੱਜ ਕਿਸੇ ਦੇਸ਼ ਦਾ ਵੀ ਜੌਰਜੀਅਨ ਕੈਲੰਡਰ ਬਿਨਾ ਭਾਵੇਂ ਨਹੀਂ ਸਰ ਸਕਦਾ ਪਰ ਇੱਕ ਗੱਲ ਸਪੱਸ਼ਟ ਹੈ ਕਿ ਇਸ ਕੈਲੰਡਰ ਬਾਰੇ ਸੋਹਲਵੀਂ ਸਦੀ ਤੋਂ ਪਹਿਲਾਂ ਕੋਈ ਨਾਮੋ ਨਿਸ਼ਾਨ ਨਹੀਂ ਸੀ। ਜੋ ਕੈਲੰਡਰ ਸੋਹਲਵੀਂ ਸਦੀ ਵਿੱਚ ਬਣਨਾ ਸ਼ੁਰੂ ਹੁੰਦਾ ਹੈ ਤੇ 18 ਵੀਂ ਸਦੀ ਵਿੱਚ ਜਾ ਕੇ ਮਾਨਤਾ ਪ੍ਰਾਪਤ ਕਰਦਾ ਹੈ, 20ਵੀਂ ਸਦੀ ਵਿੱਚ ਵੀ ਜਿਸ ਕੈਲੰਡਰ ਵਿੱਚ ਸੁਧਾਰ ਕਰਨ ਦੀ ਨੌਬਤ ਆਉਂਦੀ ਹੈ ਉਹ ਕੈਲੰਡਰ ਹਜ਼ਾਰਾਂ ਸਾਲ ਪਹਿਲਾਂ ਦੀਆਂ ਜਦ ਗੱਲਾਂ ਕਰਦਾ ਹੈ ਤੇ ਆਪਣੀ ਕਹਾਣੀ ਨੂੰ ਇਤਿਹਾਸਕ ਕਹਿਣ ਦੀ ਜ਼ਿੱਦ ਕਰਦਾ ਹੈ ਤਾਂ ਹੋਰ ਕੋਈ ਮੰਨੀ ਜਾਵੇ ਮੇਰੇ ਹਿਸਾਬ ਕਿਤਾਬ ਨਾਲ ਇਤਿਹਾਸ ਨਹੀਂ ਹੈ।
----
ਸਾਲਾਂ ਦੀ ਗਿਣਤੀ ਜੌਰਜੀਅਨ ਕੈਲੰਡਰ ਦੇ 1000 ਵੇਂ ਸਾਲ ਤੋਂ ਜੋ ਵੀ ਪਹਿਲਾਂ ਕਰਨ ਦਾ ਯਤਨ ਕਰਦਾ ਹੈ ਉਹ ਮੇਰੀ ਸਮਝ ਤੋਂ ਤਾਂ ਬਾਹਰ ਹੈ। ਸਨ 1000 ਤੋਂ ਪਹਿਲਾਂ ਦਾ ਸਾਰਾ ਸਮਾਂ ਸਾਰੇ ਸਾਲ ਮੈਨੂੰ ਤਾਂ ਸਿਫ਼ਰ ਸਾਲ ਜ਼ੀਰੋ ਯੀਅਰ ਲਗਦਾ ਹੈ। ਪਹਿਲੀਆਂ ਦਸ ਸਦੀਆਂ ਕਿਸਨੇ, ਕਦੋਂ ਅਤੇ ਕਾਹਤੋਂ ਲਿਖ ਮਾਰੀਆਂ ਸਮਝ ਨਹੀਂ ਆਉਂਦੀ। ਜੇ ਭਲਾ ਪਹਿਲੀਆਂ ਦਸ ਸਦੀਆਂ ਅਤੇ ਉਸਤੋਂ ਪਹਿਲਾਂ ਦੀਆਂ ਸਾਰੀਆਂ ਤਿਥੀਆਂ ਮਿਤੀਆਂ ਨੂੰ ਮਿਥਿਹਾਸ ਆਖੀਏ ਤਾਂ ਕਿੰਨਾ ਕੁ ਨੁਕਸਾਨ ਹੈ। ਝੂਠ ਬੋਲਣ ਦਾ ਕੋਈ ਕਾਰਣ ਤਾਂ ਹੋਣਾ ਚਾਹੀਦਾ ਹੈ ਨਾ, ਬਿਨਾ ਵਜ੍ਹਾ ਤਾਣੀ ਉਲਝਾਅ ਦੇਣਾ ਤਾਂ ਕਿਸੇ ਦੇ ਕੰਮ ਵੀ ਨਹੀਂ ਆ ਸਕਦਾ। ਮਿਥਿਹਾਸਕ ਗੱਲ ਵੀ ਤਾਂ ਸਤਿਕਾਰਯੋਗ, ਪੂਜਣਯੋਗ ਹੋ ਸਕਦੀ ਹੈ ਤਾਂ ਫਿਰ ਕੈਲੰਡਰ ਦੀ ਕੈਦ ਕਿਉਂ? ਪੱਛਮੀ ਸੱਭਿਅਤਾ ਵਿੱਚ ਸਭ ਤੋਂ ਪਹਿਲਾ ਕਲੰਡਰ ਬਨਾਉਣ ਦਾ ਅਧੂਰਾ ਯਤਨ ਜਰਮਨ ਦੇ ਜੌਹਨ ਗੁਟਨਬਰਗ ਨੇ 1469 ਵਿੱਚ ਕੀਤਾ। ਚੀਨੀ ਕਲੰਡਰ, ਭਾਰਤੀ ਕੈਲੰਡਰ ਅਤੇ ਇਸਲਾਮਿਕ ਕੈਲੰਡਰ ਭਾਵੇਂ ਬਹੁਤ ਪਹਿਲਾਂ ਤੋਂ ਚਰਚਾ ਵਿੱਚ ਸਨ ਪਰ ਕਿਸੇ ਵੀ ਕੈਲੰਡਰ ਦੀਆਂ ਤਰੀਕਾਂ ਸਨ 1000 ਤੋਂ ਪਹਿਲਾਂ ਦੀਆਂ ਲਿਖੀਆਂ ਨਹੀਂ ਮਿਲਦੀਆਂ। ਚੀਨੀ ਅਤੇ ਭਾਰਤੀ ਕੈਲੰਡਰ ਧਾਰਮਿਕ ਨਜ਼ਰੀਏ ਨਾਲ ਬਣਾਏ ਗਏ ਸਨ।
----
ਜੀਵਨ ਸੇਧ ਵਾਸਤੇ, ਹੁਕਮ ਵਿੱਚ ਰਹਿਣ ਵਾਸਤੇ, ਇਨਸਾਨੀਅਤ ਸਿੱਖਣ ਵਾਸਤੇ, ਰੱਬ ਦੀ ਰਜ਼ਾ ਵਿੱਚ ਰਹਿਣਾ ਸਿਖਾਉਣ ਵਾਲੇ ਸਿਧਾਂਤ ਸਨ। ਰੱਬ ਦੀ ਰਜ਼ਾ ਵਿੱਚ ਰਹਿਣ ਲਈ ਕਿਸੇ ਖ਼ਾਸ ਤਰੀਕ ਦੀ ਲੋੜ ਹੀ ਨਹੀਂ ਸੀ। ਤੀਸਰਾ ਮੁਢਲਾ ਕੈਲੰਡਰ ਇਸਲਾਮਿਕ ਹੈ ਜੋ ਕਿ ਰੱਬੀ ਹੁਕਮ ਮੰਨਣ ਦਾ ਹਦਾਇਤਨਾਵਾਂ ਹੈ। ਕ੍ਰਿਸ਼ਚੀਅਨ ਕੈਲੰਡਰ ਵੀ ਤਾਂ ਧਾਰਮਿਕ ਨਜ਼ਰੀਏ ਨਾਲ ਹੀ ਹੋਂਦ ਵਿੱਚ ਆਇਆ ਪਰ ਇਤਿਹਾਸਕ ਤਰੀਕਾਂ ਲਿਖ ਕੇ ਲੋਕਾਂ ਨੂੰ ਉਲਝਾ ਦਿੱਤਾ। ਭਗਵਾਨ ਕ੍ਰਿਸ਼ਨ ਦਾ ਕਿਰਦਾਰ ਭਾਵੇਂ ਕਿੰਨਾ ਵੀ ਪੂਜਨੀਕ ਹੈ ਸੀ ਪਰ ਜਦੋਂ ਸਿਕੰਦਰ ਦੇ ਨਾਮ ਨਾਲ 326 ਬੀ.ਸੀ. ਲਾ ਕੇ ਭਗਵਾਨ ਕ੍ਰਿਸ਼ਨ ਦੀ ਕਰਮ ਭੂਮੀ, ਧਰਮ ਭੂਮੀ ਨੂੰ ਸਰ ਕਰਨ ਲਈ ਸਿਕੰਦਰ ਜਾਂਦਾ ਤਰੀਕਾਂ ਅਨੁਸਾਰ ਦਿਸਦਾ ਹੈ ਤਾਂ ਕਹਾਣੀ ਇਤਿਹਾਸਕ ਲਗਦੀ ਹੈ। ਭਾਰਤੀ ਗ੍ਰੰਥਾਂ ਉਪਨਿਸ਼ਦਾਂ, ਅੰਜ਼ੀਲਾਂ ਦੇ ਦਰਸ਼ਣ ਕਰਕੇ, ਸਮਝਦਾਰੀ ਨਾਲ ਪਾਤਰ ਚਿਤਰਣ ਬਦਲਕੇ, ਨਵੇਂ ਨਾਮਕਰਣ ਕਰਕੇ, ਸਨ ਸੰਮਤ ਦੇ ਫਰੇਮ ਵਿੱਚ ਜੜ ਕੇ ਐਸਾ ਪੇਸ਼ ਕੀਤਾ ਕਿ ਹੁਣ ਤਾਂ ਇਹ ਵੀ ਪਤਾ ਕਰਨਾ ਔਖਾ ਹੋ ਗਿਆ ਕਿ ਸੱਚ ਕੀ ਹੈ ਤੇ ਮਨਘੜਤ ਕੀ ਹੈ। ਜੇ ਇਹ ਗੱਲ ਕਰਨੀ ਗੁਨਾਹ ਹੈ ਤਾਂ ਮੈਨੂੰ ਕੋਈ ਐਸੀ ਸਜ਼ਾ ਦਿਓ ਕਿ ਲੋਕੀ ਤ੍ਰਭਕ ਕੇ ਜਾਗ ਪੈਣ।
ਦਾਸਨ ਦਾਸ
ਸੁਰਿੰਦਰ ਸਿੰਘ ਸੁੱਨੜ
No comments:
Post a Comment