ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, July 18, 2009

ਹਰਦੇਵ ਗਰੇਵਾਲ - ਕਹਾਣੀ ਲੈਲਾ - ਭਾਗ ਦੂਜਾ

ਲੈਲਾ

ਕਹਾਣੀ

ਮੂਲ ਲੇਖਕ: ਮੁਨਸ਼ੀ ਪ੍ਰੇਮ ਚੰਦ

ਹਿੰਦੀ ਤੋਂ ਪੰਜਾਬੀ ਅਨੁਵਾਦ:- ਹਰਦੇਵ ਗਰੇਵਾਲ

ਭਾਗ - ਦੂਜਾ

ਇਹ ਆਖਕੇ ਲੈਲਾ ਨੇ ਫ਼ਰਮਾਨ ਕੱਢਿਆ, ਜਿਸਨੂੰ ਉਸਨੇ ਆਪ ਆਪਣੇ ਮੋਤੀਆਂ ਵਰਗੇ ਅੱਖਰਾਂ ਵਿੱਚ ਲਿਖਿਆ ਸੀ, ਇਸ ਵਿੱਚ ਅੰਨ ਦਾ ਲਗਾਨ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ, ਲੈਲਾ ਪਰਜਾ ਨੂੰ ਭੁੱਲੀ ਨਹੀਂ ਸੀ, ਉਹ ਹੁਣ ਵੀ ਉਹਨਾਂ ਦੀ ਭਲਾਈ ਚਾਹੁਣ ਵਿੱਚ ਜੁਟੀ ਰਹਿੰਦੀ ਸੀਨਾਦਿਰ ਨੇ ਇਸ ਸ਼ਰਤ ਉੱਤੇ ਫ਼ਰਮਾਨ ਉੱਪਰ ਦਸਤਖ਼ਤ ਕਰਨ ਦਾ ਵਚਨ ਦਿੱਤਾ ਸੀ ਕਿ ਲੈਲਾ ਉਸਨੂੰ ਸ਼ਤਰੰਜ ਵਿੱਚ ਤਿੰਨ ਵਾਰ ਮਾਤ ਦੇਵੇਉਹ ਪਰਪੱਕ ਖਿਲਾੜੀ ਸੀ, ਲੈਲਾ ਇਹ ਜਾਣਦੀ ਸੀ, ਪਰ ਇਹ ਸ਼ਤਰੰਜ ਦੀ ਬਾਜ਼ੀ ਨਹੀਂ ਸੀ, ਸਿਰਫ਼ ਕਲੋਲਾਂ ਸੀ, ਨਾਦਿਰ ਨੇ ਮੁਸਕੁਰਾਉਂਦੇ ਹੋਏ ਫ਼ਰਮਾਨ ਉੱਪਰ ਦਸਤਖ਼ਤ ਕਰ ਦਿੱਤੇ, ਕਮਲ ਦੇ ਇੱਕ ਚਿੰਨ੍ਹ ਨਾਲ ਪਰਜਾ ਨੂੰ ਪੰਜ ਕਰੋੜ ਦੇ ਸਾਲਾਨਾ ਕਰ ਤੋਂ ਮੁਕਤੀ ਮਿਲ ਗਈ, ਲੈਲਾ ਦਾ ਮੁੱਖੜਾ ਗਰਵ ਨਾਲ ਸੂਹਾ ਹੋ ਗਿਆ, ਜੋ ਕੰਮ ਸਾਲਾਂ ਬੱਧੀ ਅੰਦੋਲਨ ਨਾਲ ਨਹੀਂ ਹੋ ਸਕਦਾ ਸੀ, ਉਹ ਪ੍ਰੇਮ-ਕਟਾਖਾਂ ਨਾਲ ਕੁਝ ਹੀ ਦਿਨਾਂ ਵਿੱਚ ਹੋ ਗਿਆ

----

ਇਹ ਸੋਚ ਕੇ ਉਹ ਫੁੱਲੀ ਨਹੀਂ ਸਮਾਉਂਦੀ ਸੀ ਕਿ ਜਦੋਂ ਇਹ ਫ਼ਰਮਾਨ ਸਰਕਾਰੀ ਪੱਤਰਾਂ ਵਿੱਚ ਪ੍ਰਕਾਸ਼ਿਤ ਹੋ ਜਾਵੇਗਾ, ਅਤੇ ਵਿਵਸਥਾ ਕਰਨ ਵਾਲੇ ਲੋਕਾਂ ਨੂੰ ਜਦੋਂ ਇਸਦੇ ਦਰਸ਼ਨ ਹੋਣਗੇ, ਉਸ ਵਕਤ ਜਨਸੱਤਾਵਾਦੀਆਂ ਨੂੰ ਕਿੰਨਾ ਖ਼ੁਸ਼ੀ ਹੋਵੇਗੀ, ਲੋਕ ਮੇਰੇ ਸੋਹਿਲੇ ਗਾਉਣਗੇ ਅਤੇ ਮੈਨੂੰ ਆਸ਼ੀਰਵਾਦ ਦੇਣਗੇ

ਨਾਦਿਰ ਪ੍ਰੇਮ-ਮੁਗਧ ਹੋ ਕੇ ਉਸਦੇ ਚੰਨ ਜਿਹੇ ਮੁੱਖੜੇ ਨੂੰ ਦੇਖ ਰਿਹਾ ਸੀ, ਜਿਵੇਂ ਉਹਦਾ ਵੱਸ ਚੱਲਦਾ ਤਾਂ ਸੁੰਦਰਤਾ ਦੀ ਇਸ ਮੂਰਤੀ ਨੂੰ ਆਪਣੇ ਦਿਲ ਵਿੱਚ ਬਿਠਾ ਲੈਂਦਾ

ਅਚਾਨਕ ਰਾਜ ਭਵਨ ਦੇ ਬੂਹੇ ਅੱਗੇ ਸ਼ੋਰ ਮੱਚਣ ਲੱਗ ਪਿਆ, ਅਗਲੇ ਹੀ ਪਲ ਪਤਾ ਚੱਲਿਆ ਕਿ ਜਨਤਾ ਦਾ ਇੱਕ ਟਿੱਡੀ-ਦਲ ਅਸਤਰਾਂ-ਸ਼ਸਤਰਾਂ ਨਾਲ ਲੈਸ, ਰਾਜ ਭਵਨ ਦੇ ਬੂਹੇ ਅੱਗੇ ਖੜ੍ਹਾ ਦੀਵਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈਹਰ ਪਲ ਸ਼ੋਰ ਵਧਦਾ ਜਾ ਰਿਹਾ ਸੀ, ਅਤੇ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਗੁੱਸੇ ਨਾਲ ਭਰੀ ਜਨਤਾ ਦਰਵਾਜ਼ਿਆਂ ਨੂੰ ਤੋੜ ਕੇ ਅੰਦਰ ਵੜ ਜਾਵੇਗੀ, ਫਿਰ ਇਹ ਪਤਾ ਲੱਗਿਆ ਕਿ ਕੁਝ ਲੋਕ ਪੌੜੀਆਂ ਲਾ ਕੇ ਦੀਵਾਰਾਂ 'ਤੇ ਚੜ੍ਹ ਰਹੇ ਨੇ, ਲੈਲਾ ਸ਼ਰਮ ਤੇ ਦੁੱਖ ਨਾਲ ਸਿਰ ਝੁਕਾਈ ਖੜ੍ਹੀ ਸੀ, ਉਸਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿੱਕਲ ਰਿਹਾ ਸੀ, ਕੀ ਇਹ ਉਹੀ ਜਨਤਾ ਹੈ, ਜਿਸਦੇ ਕਸ਼ਟਾਂ ਦੀ ਕਥਾ ਕਹਿੰਦੀ ਹੋਈ ਉਸਦੀ ਆਵਾਜ਼ ਦਰਦ ਨਾਲ ਭਰ ਜਾਂਦੀ ਸੀਇਹ ਉਹੀ ਕਮਜ਼ੋਰ, ਦਲਿਤ, ਸਤਾਈ ਹੋਈ, ਅੱਤਿਆਚਾਰ ਦੀ ਵੇਦਨਾ ਨਾਲ ਤੜਫ਼ਦੀ ਹੋਈ ਜਨਤਾ ਹੈ, ਜਿਸਨੂੰ ਉਹ ਆਪਣਾ ਆਪ ਅਰਪਿਤ ਕਰ ਚੁੱਕੀ ਸੀ?

----

ਨਾਦਿਰ ਵੀ ਖ਼ਾਮੋਸ਼ ਖੜ੍ਹਾ ਸੀ, ਪਰ ਸ਼ਰਮ ਦੇ ਮਾਰੇ ਨਹੀਂ, ਕ੍ਰੋਧ ਨਾਲ ਉਸਦਾ ਮੂੰਹ ਸੁਰਖ਼ ਹੋ ਗਿਆ ਸੀ, ਅੱਖਾਂ 'ਚੋਂ ਚੰਗਿਆੜੇ ਨਿੱਕਲ ਰਹੇ ਸਨਉਹ ਵਾਰ-ਵਾਰ ਬੁੱਲ੍ਹ ਟੁੱਕਦਾ ਅਤੇ ਤਲਵਾਰ ਦੀ ਮੁੱਠ 'ਤੇ ਹੱਥ ਧਰ ਕੇ ਰਹਿ ਜਾਂਦਾਉਹ ਵਾਰ-ਵਾਰ ਲੈਲਾ ਵੱਲ ਰੋਸ ਭਰੀਆਂ ਨਜ਼ਰਾਂ ਦੇਖ ਰਿਹਾ ਸੀ, ਜ਼ਰਾ ਜਿੰਨੇ ਇਸ਼ਾਰੇ ਦੀ ਦੇਰ ਸੀ, ਉਸਦੇ ਹੁਕਮ ਮਿਲਦੇ ਸਾਰ ਹੀ ਉਸਦੀ ਸੈਨਾ ਇਸ ਵਿਦਰੋਹੀ ਦਲ ਨੂੰ ਇਉਂ ਭਜਾ ਦਿੰਦੀ ਜਿਵੇਂ ਹਨੇਰੀ ਪੱਤੇ ਨੂੰ ਉਡਾ ਦਿੰਦੀ ਹੈ, ਪਰ ਲੈਲਾ ਉਸ ਨਾਲ ਅੱਖਾਂ ਨਹੀਂ ਮਿਲਾ ਰਹੀ ਸੀ

ਅਖ਼ੀਰ ਉਸ ਵਿਆਕੁਲ ਹੋ ਕੇ ਆਖਿਆ- ਲੈਲਾ, ਮੈਂ ਰਾਜ ਸੈਨਾ ਨੂੰ ਬੁਲਾਉਣਾ ਚਾਹੁੰਦਾ ਹਾਂ, ਤੂੰ ਕੀ ਆਖਦੀ ਏਂ?”

................

ਲ਼ੈਲਾ ਨੇ ਸਹਿਮੀਆਂ ਹੋਈਆਂ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ- ਜ਼ਰਾ ਠਹਿਰ ਜਾਓ, ਪਹਿਲਾਂ ਇਹਨਾਂ ਲੋਕਾਂ ਨੂੰ ਪੁੱਛ ਤਾਂ ਲਉ ਕਿ ਇਹ ਕੀ ਚਾਹੁੰਦੇ ਹਨ?”

ਇਹ ਹੁਕਮ ਮਿਲਦੇ ਸਾਰ ਹੀ ਨਾਦਿਰ ਛੱਤ 'ਤੇ ਚੜ੍ਹ ਗਿਆ, ਲੈਲਾ ਵੀ ਉਹਦੇ ਪਿੱਛੇ-ਪਿੱਛੇ ਉੱਪਰ ਆ ਪਹੁੰਚੀਦੋਨੋਂ ਹੁਣ ਜਨਤਾ ਦੇ ਸਨਮੁਖ ਆ ਕੇ ਖੜ੍ਹੇ ਹੋ ਗਏਮਸ਼ਾਲਾਂ ਦੇ ਪ੍ਰਕਾਸ਼ ਵਿੱਚ ਲੋਕਾਂ ਨੇ ਦੋਨਾਂ ਨੂੰ ਛੱਤ 'ਤੇ ਖੜ੍ਹੇ ਦੇਖਿਆ, ਮੰਨੋਂਆਕਾਸ਼ 'ਤੋਂ ਦੇਵੀ-ਦੇਵਤਾ ਉੱਤਰ ਆਏ ਹੋਣ, ਅਨੇਕਾਂ ਕੰਠਾਂ 'ਚੋਂ ਆਵਾਜ਼ ਨਿੱਕਲੀ- ਉਹ ਖੜ੍ਹੀ ਏ, ਲੈਲਾ ਉਹ ਖੜ੍ਹੀ ਏਇਹ ਉਹੀ ਜਨਤਾ ਸੀ ਜੋ ਲੈਲਾ ਦੇ ਮਧੁਰ ਸੰਗੀਤ 'ਤੇ ਮਸਤ ਹੋ ਜਾਇਆ ਕਰਦੀ ਸੀ

----

ਨਾਦਿਰ ਨੇ ਬੁਲੰਦ ਆਵਾਜ਼ 'ਚ ਵਿਦਰੋਹੀਆਂ ਨੂੰ ਸੰਬੋਧਿਤ ਕੀਤਾ- ਐ ਈਰਾਨ ਦੀ ਬਦਨਸੀਬ ਪਰਜਾ! ਤੁਸੀਂ ਸ਼ਾਹੀ ਮਹਿਲ ਨੂੰ ਕਿਉਂ ਘੇਰਾ ਪਾਇਆ ਹੋਇਆ ਹੈ? ਬਗ਼ਾਵਤ ਦਾ ਝੰਡਾ ਕਿਉਂ ਬੁਲੰਦ ਕੀਤਾ ਹੋਇਆ ਹੈ? ਤੁਹਾਨੂੰ ਮੇਰਾ ਅਤੇ ਆਪਣੇ ਖ਼ੁਦਾ ਦਾ ਬਿਲਕੁਲ ਵੀ ਖ਼ੌਫ਼ ਨਹੀਂ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੇ ਇੱਕ ਇਸ਼ਾਰੇ 'ਤੇ ਤੁਹਾਡੀ ਹਸਤੀ ਮਿੱਟੀ ਵਿੱਚ ਮਿਲ ਸਕਦੀ ਹੈ? ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਫੌਰਨ ਇੱਥੋਂ ਚਲੇ ਜਾਉ, ਨਹੀਂ ਤਾਂ ਕਲਾਮੇ-ਪਾਕ ਦੀ ਕਸਮ, ਮੈਂ ਤੁਹਾਡੇ ਖ਼ੂਨ ਦੀਆਂ ਨਦੀਆਂ ਵਹਾ ਦਿਆਂਗਾ

...........

ਇੱਕ ਆਦਮੀ ਨੇ, ਜੋ ਵਿਦਰੋਹੀਆਂ ਦਾ ਨੇਤਾ ਪ੍ਰਤੀਤ ਹੋ ਰਿਹਾ ਸੀ, ਸਾਹਮਣੇ ਹੋ ਕੇ ਕਿਹਾ- ਅਸੀਂ ਉਸ ਵਕ਼ਤ ਤੱਕ ਨਹੀਂ ਜਾਵਾਂਗੇ, ਜਦ ਤੱਕ ਸ਼ਾਹੀ ਮਹਿਲ ਲੈਲਾ ਤੋਂ ਸੱਖਣਾ ਨਹੀਂ ਹੋ ਜਾਂਦਾ

..............

ਨਾਦਿਰ ਨੇ ਵਿਗੜਦਿਆਂ ਕਿਹਾ- ਉਏ ਨਾਸ਼ੁਕਰਿਓ! ਖ਼ੁਦਾ ਤੋਂ ਡਰੋਤੁਹਾਨੂੰ ਆਪਣੀ ਮਲਿਕਾ ਦੀ ਸ਼ਾਨ ਵਿੱਚ ਐਡੀ ਗ਼ੁਸਤਾਖ਼ੀ ਕਰਦੇ ਹੋਏ ਸ਼ਰਮ ਨਹੀਂ ਆਉਂਦੀ? ਜਦੋਂ ਦੀ ਲੈਲਾ ਤੁਹਾਡੀ ਮਲਿਕਾ ਬਣੀ ਏ, ਉਸਨੇ ਤੁਹਾਡੇ ਨਾਲ ਕਿੰਨੀਆਂ ਰਿਆਇਤਾਂ ਕੀਤੀਆਂ ਹਨ, ਕੀ ਉਹਨਾਂ ਨੂੰ ਬਿਲਕੁਲ ਭੁੱਲ ਗਏ? ਜ਼ਾਲਿਮੋ! ਇਹ ਮਲਿਕਾ ਏ, ਪਰ ਉਹ ਖਾਣਾ ਖਾਂਦੀ ਏ, ਜੋ ਤੁਸੀਂ ਕੁੱਤਿਆਂ ਨੂੰ ਖਿਲਾ ਦਿੰਦੇ ਓ, ਉਹ ਕੱਪੜੇ ਪਹਿਨਦੀ ਏ, ਜੋ ਤੁਸੀਂ ਫ਼ਕੀਰਾਂ ਨੂੰ ਦੇ ਦਿੰਦੇ ਓ, ਆ ਕੇ ਮਹਿਲਾਂ ਵਿੱਚ ਵੇਖੋ, ਤੁਸੀਂ ਉਸਨੂੰ ਆਪਣੇ ਝੌਂਪੜੇ ਵਾਂਗ ਹੀ ਤਕੱਲੁਫ਼ ਅਤੇ ਸਜਾਵਟ ਤੋਂ ਖਾਲੀ ਪਾਉਗੇਲੈਲਾ ਤੁਹਾਡੀ ਮੱਲਿਕਾ ਹੋ ਕੇ ਵੀ ਫ਼ਕੀਰੀ ਦੀ ਜ਼ਿੰਦਗੀ ਬਸਰ ਕਰ ਰਹੀ ਹੈ, ਹਮੇਸ਼ਾਂ ਤੁਹਾਡੀ ਖ਼ਿਦਮਤ ਵਿੱਚ ਮਘਨ ਰਹਿੰਦੀ ਹੈ, ਤੁਹਾਨੂੰ ਤਾਂ ਉਸਦੇ ਪੈਰਾਂ ਦੀ ਧੂੜ ਆਪਣੇ ਮੱਥੇ 'ਤੇ ਲਾਉਣੀ ਚਾਹੀਦੀ ਹੈ, ਅੱਖਾਂ ਦਾ ਸੁਰਮਾ ਬਣਾਉਣੀ ਚਾਹੀਦੀ ਹੈਈਰਾਨ ਦੇ ਤਖ਼ਤ 'ਤੇ ਕਦੇ ਇਹੋ ਜਿਹੀ ਗ਼ਰੀਬਾਂ 'ਤੇ ਜਾਨ ਦੇਣ ਵਾਲੀ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲੀ, ਗ਼ਰੀਬਾਂ 'ਤੇ ਆਪਣਾ ਆਪ ਨਿਸਾਰ ਕਰਨ ਵਾਲੀ ਮਲਿਕਾ ਨੇ ਕਦਮ ਨਹੀਂ ਰੱਖੇ, ਤੇ ਤੁਸੀਂ ਉਸਦੀ ਸ਼ਾਨ ਵਿੱਚ ਇਹ ਬੇਹੂਦਾ ਗੱਲਾਂ ਕਰ ਰਹੇ ਹੋ? ਅਫ਼ਸੋਸ! ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਜਾਹਿਲ, ਇਨਸਾਨੀਅਤ ਤੋਂ ਖਾਲੀ ਅਤੇ ਕਮੀਨੇ ਹੋ, ਤੁਸੀਂ ਇਸੇ ਕਾਬਿਲ ਹੋ ਕਿ ਤੁਹਾਡੀਆਂ ਗਰਦਨਾਂ ਖੁੰਢੀਆਂ ਛੁਰੀਆਂ ਨਾਲ ਵੱਢ ਦਿੱਤੀਆਂ ਜਾਣ, ਤੁਹਾਨੂੰ ਪੈਰਾਂ ਥੱਲੇ ਰੌਂਦਿਆ ਜਾਵੇ……

..........

ਨਾਦਿਰ ਆਪਣੀ ਗੱਲ ਪੂਰੀ ਵੀ ਨਾ ਕਰ ਪਾਇਆ ਕਿ ਵਿਦਰੋਹੀਆਂ ਨੇ ਇੱਕ ਸੁਰ ਵਿੱਚ ਚੀਕ ਕੇ ਕਿਹਾ- ਲੈਲਾ, ਲੈਲਾ ਸਾਡੀ ਦੁਸ਼ਮਣ ਹੈਅਸੀਂ ਉਸਨੂੰ ਆਪਣੀ ਮਲਿਕਾ ਦੇ ਰੂਪ ਵਿੱਚ ਨਹੀਂ ਦੇਖ ਸਕਦੇ

............

ਨਾਦਿਰ ਨੇ ਜ਼ੋਰ ਨਾਲ ਚਿੱਲਾ ਕੇ ਕਿਹਾ- ਜ਼ਾਲਿਮੋਂ! ਜ਼ਰਾ ਖ਼ਾਮੋਸ਼ ਹੋ ਜਾਉ, ਦੇਖੋ, ਇਹ ਉਹ ਫ਼ਰਮਾਨ ਏ ਜਿਸ ਉੱਪਰ ਲੈਲਾ ਨੇ ਮੇਰੇ ਤੋਂ ਜ਼ਬਰਦਸਤੀ ਦਸਤਖ਼ਤ ਕਰਵਾਏ ਹਨਅੱਜ ਤੋਂ ਗੱਲੇ ਦਾ ਮਹਿਸੂਲ ਘਟਾ ਕੇ ਅੱਧਾ ਕਰ ਦਿੱਤਾ ਗਿਆ ਹੈਤੁਹਾਡੇ ਸਿਰ ਤੋਂ ਮਹਿਸੂਲ ਦਾ ਬੋਝ ਪੰਜ ਕਰੋੜ ਘੱਟ ਹੋ ਗਿਆ ਹੈ

...............

ਹਜ਼ਾਰਾਂ ਆਦਮੀਆਂ ਨੇ ਸ਼ੋਰ ਮਚਾਇਆ- ਇਹ ਬਹੁਤ ਪਹਿਲਾਂ ਮਾਫ਼ ਹੋ ਜਾਣਾ ਚਾਹੀਦਾ ਸੀ, ਅਸੀਂ ਇੱਕ ਕੌਡੀ ਨਹੀਂ ਦੇ ਸਕਦੇਲੈਲਾ, ਲੈਲਾ ਨੂੰ ਅਸੀਂ ਆਪਣੀ ਮਲਿਕਾ ਦੀ ਸੂਰਤ ਵਿੱਚ ਨਹੀਂ ਦੇਖ ਸਕਦੇ

............

ਹੁਣ ਬਾਦਸ਼ਾਹ ਕ੍ਰੋਧ ਨਾਲ ਕੰਬਣ ਲੱਗ ਪਿਆ, ਲੈਲਾ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ- ਜੇ ਪਰਜਾ ਸੀ ਇਹੋ ਮਰਜ਼ੀ ਹੈ ਕਿ ਮੈਂ ਫ਼ਿਰ ਡੱਫ ਵਜਾ ਕੇ ਗਾਉਂਦੀ ਫਿਰਾਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂਮੈਨੂੰ ਯਕੀਨ ਹੈ ਕਿ ਮੈਂ ਆਪਣੇ ਗਾਣੇ ਨਾਲ ਇੱਕ ਵਾਰ ਫਿਰ ਇਹਨਾਂ ਦੇ ਦਿਲਾਂ 'ਤੇ ਹਕੂਮਤ ਕਰ ਸਕਦੀ ਹਾਂ

...............

ਨਾਦਿਰ ਨੇ ਉੱਤੇਜਿਤ ਹੋ ਕੇ ਕਿਹਾ-ਲੈਲਾ! ਮੈਂ ਪਰਜਾ ਦੀਆਂ ਤੁਨਕ-ਮਿਜ਼ਾਜ਼ੀਆਂ ਦਾ ਗ਼ੁਲਾਮ ਨਹੀਂ, ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਆਪਣੇ ਪਹਿਲੂ ਤੋਂ ਵੱਖ ਕਰਾਂ, ਤਹਿਰਾਨ ਦੀਆਂ ਗਲੀਆਂ ਲਹੂ-ਲੁਹਾਣ ਹੋ ਜਾਣਗੀਆਂ, ਮੈਂ ਹੁਣੇ ਇਹਨਾਂ ਬਦਮਾਸ਼ਾਂ ਨੂੰ ਇਹਨਾਂ ਦੀ ਸ਼ਰਾਰਤ ਦਾ ਮਜ਼ਾ ਚਖਾਉਂਦਾ ਹਾਂ

-----

ਨਾਦਿਰ ਨੇ ਮੀਨਾਰ 'ਤੇ ਚੜ੍ਹ ਕੇ ਖ਼ਤਰੇ ਦਾ ਘੰਟਾ ਵਜਾਇਆਸਾਰੇ ਤਹਿਰਾਨ ਵਿੱਚ ਉਸਦੀ ਆਵਾਜ਼ ਗੂੰਜ ਉੱਠੀ, ਪਰ ਸ਼ਾਹੀ ਫੌਜ ਦਾ ਇੱਕ ਵੀ ਆਦਮੀ ਨਜ਼ਰ ਨਹੀਂ ਆਇਆ

ਨਾਦਿਰ ਨੇ ਦੋਬਾਰਾ ਘੰਟਾ ਵਜਾਇਆ, ਪੂਰਾ ਆਕਾਸ਼ ਮੰਡਲ ਉਸਦੀ ਝਨਕਾਰ ਨਾਲ ਕੰਬ ਗਿਆ, ਤਾਰੇ ਵੀ ਕੰਬ ਉੱਠੇ, ਪਰ ਇੱਕ ਵੀ ਸੈਨਿਕ ਨਾ ਨਿੱਕਲਿਆ

ਨਾਦਿਰ ਨੇ ਹੁਣ ਤੀਸਰਾ ਘੰਟਾ ਵਜਾਇਆ, ਪਰ ਉਸਦਾ ਉੱਤਰ ਵੀ ਇਕ ਮਰੀ ਜਿਹੀ ਪ੍ਰਤੀਧੁਨੀ ਨੇ ਦਿੱਤਾ, ਜਿਵੇਂ ਕਿਸੇ ਮਰਨ ਵਾਲੇ ਦੀ ਅੰਤਿਮ ਅਰਦਾਸ ਦੇ ਬੋਲ ਹੋਣ

ਨਾਦਿਰ ਨੇ ਮੱਥੇ 'ਤੇ ਹੱਥ ਮਾਰਿਆ, ਉਹ ਸਮਝ ਗਿਆ ਕਿ ਬੁਰੇ ਦਿਨ ਆ ਪਹੁੰਚੇ, ਹਾਲੇ ਵੀ ਲੈਲਾ ਨੂੰ ਜਨਤਾ ਦੀ ਬੁਰੀ ਨੀਅਤ 'ਤੇ ਕੁਰਬਾਨ ਕਰ ਕੇ ਉਹ ਆਪਣੀ ਰਾਜਸੱਤਾ ਦੀ ਰਾਖੀ ਕਰ ਸਕਦਾ ਸੀ, ਪਰ ਲੈਲਾ ਉਸਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਸੀਉਸਨੇ ਛੱਤ 'ਤੇ ਆ ਕੇ ਲੈਲਾ ਦਾ ਹੱਥ ਫੜ ਲਿਆ ਅਤੇ ਉਸਨੂੰ ਲੈ ਕੇ ਸਦਰ ਫਾਟਕ 'ਚੋਂ ਦੀ ਨਿਕਲ ਤੁਰਿਆ, ਵਿਦਰੋਹੀਆਂ ਨੇ ਜਿੱਤ ਦੇ ਨਾਅਰਿਆਂ ਨਾਲ ਉਸਦਾ ਸਵਾਗਤ ਕੀਤਾ, ਪਰ ਸਭ ਦੇ ਸਭ ਕਿਸੇ ਗੁਪਤ ਪ੍ਰੇਰਣਾ ਦੇ ਸਦਕੇ ਰਾਹ 'ਤੋਂ ਹਟ ਗਏ

----

ਦੋਨੋਂ ਚੁੱਪ ਚਾਪ ਤਹਿਰਾਨ ਦੀਆਂ ਗਲ਼ੀਆਂ 'ਚੋਂ ਹੁੰਦੇ ਹੋਏ ਤੁਰੇ ਜਾ ਰਹੇ ਸਨ, ਚਾਰੇ ਪਾਸੇ ਅੰਧਕਾਰ ਸੀ, ਦੁਕਾਨਾਂ ਬੰਦ ਸਨ, ਬਾਜ਼ਾਰਾਂ ਵਿੱਚ ਚੁੱਪ ਵਰਤੀ ਪਈ ਸੀ, ਕੋਈ ਘਰੋਂ ਬਾਹਰ ਨਹੀਂ ਨਿੱਕਲ ਰਿਹਾ ਸੀਫ਼ਕੀਰਾਂ ਨੇ ਵੀ ਮਸਜਿਦਾਂ 'ਚ ਪਨਾਹ ਲੈ ਲਈ ਸੀ, ਪਰ ਇਹਨਾਂ ਦੋਹਾਂ ਪ੍ਰਾਣੀਆਂ ਲਈ ਕੋਈ ਸਹਾਰਾ ਨਹੀਂ ਸੀ, ਨਾਦਿਰ ਦੇ ਲੱਕ ਨਾਲ ਤਲਵਾਰ ਲਟਕ ਰਹੀ ਸੀ, ਲੈਲਾ ਦੇ ਹੱਥ ਵਿੱਚ ਡੱਫ ਸੀਇਹੀ ਉਹਨਾਂ ਦੀ ਵਿਸ਼ਾਲ ਧਨ ਦੌਲਤ ਦੇ ਆਖ਼ਰੀ ਚਿੰਨ੍ਹ ਸਨ

ਪੂਰਾ ਸਾਲ ਗੁਜ਼ਰ ਗਿਆ, ਲੈਲਾ ਅਤੇ ਨਾਦਿਰ ਦੇਸ਼ ਵਿਦੇਸ਼ ਦੀ ਖ਼ਾਕ ਛਾਣਦੇ ਫਿਰ ਰਹੇ ਸਨ, ਸਮਰਕੰਦ ਅਤੇ ਬੁਖ਼ਾਰ, ਬਗ਼ਦਾਦ ਅਤੇ ਹਲਬ, ਕਾਹਿਰਾ ਅਤੇ ਹਦਨ, ਇਹ ਸਾਰੇ ਦੇਸ਼ ਉਹਨਾਂ ਗਾਹ ਦਿੱਤੇ, ਲੈਲਾ ਦੀ ਡੱਫ ਫਿਰ ਜਾਦੂ ਕਰਨ ਲੱਗੀ, ਉਸਦੀ ਆਵਾਜ਼ ਸੁਣਦੇ ਹੀ ਸ਼ਹਿਰ ਵਿੱਚ ਹਲਚਲ ਮੱਚ ਜਾਂਦੀ, ਆਦਮੀਆਂ ਦਾ ਮੇਲਾ ਲੱਗ ਜਾਂਦਾ, ਆਓ ਭਗਤ ਹੋਣ ਲਗ ਜਾਂਦੀ, ਪਰ ਇਹ ਦੋਨੋਂ ਯਾਤਰੀ ਕਿਤੇ ਵੀ ਇੱਕ ਦਿਨ ਤੋਂ ਵੱਧ ਨਾ ਠਹਿਰਦੇ, ਨਾ ਕਿਸੇ ਤੋਂ ਕੁਛ ਮੰਗਦੇ, ਨਾ ਕਿਸੇ ਬੂਹੇ 'ਤੇ ਜਾਂਦੇ, ਬੱਸ ਰੁੱਖਾ-ਸੁੱਖਾ ਭੋਜਨ ਕਰ ਲੈਂਦੇ ਅਤੇ ਕਦੇ ਕਿਸੇ ਰੁੱਖ ਦੇ ਹੇਠਾਂ, ਕਦੇ ਕਿਸੇ ਪਹਾੜ ਦੀ ਗੁਫ਼ਾ ਵਿੱਚ ਅਤੇ ਕਦੇ ਕਿਸੇ ਸੜਕ ਦੇ ਕਿਨਾਰੇ ਰਾਤ ਕੱਟ ਲੈਂਦੇਦੁਨੀਆਂ ਦੇ ਕਠੋਰ ਰਵੱਈਏ ਨੇ ਉਹਨਾਂ ਨੂੰ ਬਦਲ ਦਿਤਾ ਸੀ, ਉਸਦੀਆਂ ਚਾਲਾਂ ਤੋਂ ਉਹ ਕੋਹਾਂ ਦੂਰ ਭੱਜਦੇ ਸਨ, ਉਹਨਾਂ ਨੂੰ ਅਨੁਭਵ ਹੋ ਗਿਆ ਸੀ ਕਿ ਇੱਥੇ ਜਿਸ ਉੱਤੇ ਜਾਨ ਵਾਰੋ, ਉਹੀ ਆਪਣਾ ਦੁਸ਼ਮਣ ਹੋ ਜਾਂਦਾ ਹੈ, ਜਿਸਦੇ ਨਾਲ ਭਲਾਈ ਕਰੋ, ਉਹੀ ਬੁਰਾਈ 'ਤੇ ਕਮਰ ਕਸ ਲੈਦਾ ਹੈਇੱਥੇ ਕਿਸੇ ਨਾਲ ਦਿਲ ਨਹੀਂ ਲਗਾਉਣਾ ਚਾਹੀਦਾਉਹਨਾਂ ਕੋਲ ਵੱਡੇ-ਵੱਡੇ ਰਈਸਾਂ ਦੇ ਸੱਦੇ-ਪੱਤਰ ਆਉਂਦੇ, ਉਹਨਾਂ ਨੂੰ ਇੱਕ ਦਿਨ ਲਈ ਆਪਣਾ ਮਹਿਮਾਨ ਬਣਾਉਣ ਲਈ ਲੋਕ ਹਜ਼ਾਰਾਂ ਤਰਲੇ ਕੱਢਦੇ, ਪਰ ਲੈਲਾ ਕਿਸੇ ਦੀ ਨਾ ਸੁਣਦੀ, ਨਾਦਿਰ 'ਤੇ ਕਦੇ-ਕਦੇ ਬਾਦਸ਼ਾਹਤ ਦੀ ਸਨਕ ਸਵਾਰ ਹੋ ਜਾਂਦੀ ਸੀ, ਉਹ ਚਾਹੁੰਦਾ ਸੀ ਕਿ ਗੁਪਤ ਰੂਪ ਵਿੱਚ ਤਾਕਤ ਇਕੱਠੀ ਕਰ ਕੇ ਤਹਿਰਾਨ ਉੱਤੇ ਚੜ੍ਹਾਈ ਕਰ ਦਿਆਂ ਅਤੇ ਬਾਗ਼ੀਆਂ ਦੇ ਦੰਦ ਖੱਟੇ ਕਰ ਕੇ ਅਖੰਡ ਰਾਜ ਕਰਾਂ, ਪਰ ਲੈਲਾ ਦੀ ਉਦਾਸੀਨਤਾ ਦੇਖ ਕੇ ਉਸਦਾ ਕਿਸੇ ਨੂੰ ਮਿਲਣ-ਜੁਲਣ ਦਾ ਹਿਆਂ ਨਾ ਪੈਂਦਾਲੈਲਾ ਵਿੱਚ ਉਸਦੀ ਜਾਨ ਵਸਦੀ ਸੀ, ਉਹ ਉਸੇ ਦੇ ਇਸ਼ਾਰਿਆਂ 'ਤੇ ਚੱਲਦਾ ਸੀ

-----

ਉਧਰ ਈਰਾਨ 'ਚ ਵੀ ਅਰਾਜਕਤਾ ਫੈਲੀ ਹੋਈ ਸੀ, ਜਨਸੱਤਾ ਤੋਂ ਤੰਗ ਆ ਕੇ ਅਮੀਰਾਂ ਨੇ ਵੀ ਫੌਜਾਂ ਜਮ੍ਹਾ ਕਰ ਲਈਆਂ ਸਨ, ਅਤੇ ਦੋਨਾਂ ਧਿਰਾਂ ਵਿੱਚ ਆਏ ਦਿਨ ਯੁੱਧ ਹੁੰਦਾ ਰਹਿੰਦਾ ਸੀਪੂਰਾ ਸਾਲ ਬੀਤ ਗਿਆ ਪਰ ਖੇਤਾਂ ਵਿੱਚ ਹਲ਼ ਨਾ ਚੱਲੇ, ਦੇਸ਼ ਭਿਆਨਕ ਭੁੱਖਮਰੀ ਦਾ ਸ਼ਿਕਾਰ ਹੋਇਆ ਪਿਆ ਸੀ, ਵਪਾਰ ਠੱਪ ਸੀ, ਖ਼ਜ਼ਾਨਾ ਖਾਲੀ, ਦਿਨੋਂ-ਦਿਨ ਜਨਤਾ ਦੀ ਸ਼ਕਤੀ ਘਟਦੀ ਜਾਂਦੀ ਸੀ ਅਤੇ ਰਈਸਾਂ ਦਾ ਜ਼ੋਰ ਵਧਦਾ ਜਾਂਦਾ ਸੀ, ਆਖ਼ਿਰ ਇੱਥੋਂ ਤੱਕ ਨੌਬਤ ਆ ਪਹੁੰਚੀ ਕਿ ਜਨਤਾ ਨੇ ਹਥਿਆਰ ਸੁੱਟ ਦਿੱਤੇ ਅਤੇ ਅਮੀਰਾਂ ਨੇ ਰਾਜ ਭਵਨ 'ਤੇ ਆਪਣਾ ਅਧਿਕਾਰ ਜਮਾ ਲਿਆਪਰਜਾ ਦੇ ਨੇਤਾਵਾਂ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ, ਕਿੰਨੇ ਹੀ ਕੈਦਖ਼ਾਨਿਆਂ ਵਿੱਚ ਸੁੱਟ ਦਿੱਤੇ ਗਏ ਅਤੇ ਜਨਸੱਤਾ ਦਾ ਅੰਤ ਹੋ ਗਿਆਰਾਜਸੱਤਾਵਾਦੀਆਂ ਨੂੰ ਹੁਣ ਨਾਦਿਰ ਦੀ ਯਾਦ ਆਈ, ਇਹ ਗੱਲ ਅਨੁਭਵ ਨਾਲ ਸਿੱਧ ਹੋ ਚੁੱਕੀ ਸੀ ਕਿ ਦੇਸ਼ ਵਿੱਚ ਪਰਜਾਤੰਤਰ ਸਥਾਪਿਤ ਕਰਨ ਦੀ ਸਮਰੱਥਾ ਦੀ ਅਣਹੋਂਦ ਹੈਪ੍ਰਤੱਖ ਲਈ ਪ੍ਰਮਾਣ ਦੀ ਜ਼ਰੂਰਤ ਨਹੀਂ ਸੀਇਸ ਮੌਕੇ ਰਾਜਸੱਤਾ ਹੀ ਦੇਸ਼ ਦਾ ਬੇੜਾ ਪਾਰ ਲਾ ਸਕਦੀ ਸੀਇਹ ਵੀ ਮੰਨੀ ਹੋਈ ਗੱਲ ਸੀ ਕਿ ਲੈਲਾ ਅਤੇ ਨਾਦਿਰ ਨੂੰ ਵੀ ਹੁਣ ਜਨਮੱਤ ਨਾਲ ਕੋਈ ਖ਼ਾਸ ਲਗਾਅ ਨਹੀਂ ਰਹਿ ਗਿਆ ਹੋਵੇਗਾਉਹ ਤਖ਼ਤ 'ਤੇ ਬੈਠ ਕੇ ਵੀ ਅਮੀਰਾਂ ਦੇ ਹੀ ਹੱਥਾਂ ਦੀ ਕਠਪੁਤਲੀ ਬਣੇ ਰਹਿਣਗੇ ਅਤੇ ਅਮੀਰਾਂ ਨੂੰ ਪਰਜਾ 'ਤੇ ਮਨਚਾਹੇ ਅੱਤਿਆਚਾਰ ਕਰਨ ਦਾ ਮੌਕਾ ਮਿਲੇਗਾਇਸ ਸਦਕੇ ਆਪਸ ਵਿੱਚ ਸਲਾਹ ਕਰ ਕੇ ਉਹਨਾਂ ਨੇ ਆਪਣੇ ਇੱਕ ਪ੍ਰਤੀਨਿਧੀ ਨੂੰ ਨਾਦਿਰ ਨੂੰ ਮਨਾਉਣ ਲਈ ਰਵਾਨਾ ਕੀਤਾ

---

ਸ਼ਾਮ ਦਾ ਵੇਲਾ ਸੀ, ਲੈਲਾ ਅਤੇ ਨਾਦਿਰ ਦਮਿਸ਼ਕ ਦੇ ਇੱਕ ਰੁੱਖ ਹੇਠਾਂ ਬੈਠੇ ਸਨਅਸਮਾਨ 'ਤੇ ਲਾਲੀ ਛਾਈ ਹੋਈ ਸੀ ਅਤੇ ਉਸ ਨਾਲ ਖਹਿ ਰਹੀ ਪਰਬਤ-ਲੜੀ ਦੀ ਸਿਆਹ ਰੇਖਾ ਇਉਂ ਪ੍ਰਤੀਤ ਹੋ ਰਹੀ ਸੀ ਜਿਵੇਂ ਕਮਲ-ਦਲ ਮੁਰਝਾ ਗਿਆ ਹੋਵੇਲੈਲਾ ਖ਼ੁਸ਼ਨੁਮਾ ਨਜ਼ਰਾਂ ਨਾਲ ਪ੍ਰਕਿਰਤੀ ਦੀ ਇਸ ਸ਼ੋਭਾ ਨੂੰ ਮਾਣ ਰਹੀ ਸੀਨਾਦਿਰ ਮਲੀਨ ਅਤੇ ਚਿੰਤਤ ਭਾਵ ਨਾਲ ਪਿਆ ਸਾਹਮਣੇ ਦੇ ਪ੍ਰਾਂਤ ਨੂੰ ਤਰਸੀਆਂ ਨਿਗਾਹਾਂ ਨਾਲ ਦੇਖ ਰਿਹਾ ਸੀ, ਜਿਵੇਂ ਇਸ ਜੀਵਨ ਤੋਂ ਤੰਗ ਆ ਗਿਆ ਹੋਵੇ

----

ਅਚਾਨਕ ਬਹੁਤ ਦੂਰ ਧੂੜ ਉੱਡਦੀ ਹੋਈ ਦਿਖਾਈ ਦਿੱਤੀ ਅਤੇ ਅਗਲੇ ਹੀ ਪਲ ਇਉਂ ਲੱਗਿਆ ਜਿਵੇਂ ਕੁਝ ਆਦਮੀ ਘੋੜਿਆਂ 'ਤੇ ਸਵਾਰ ਹੋ ਕੇ ਆ ਰਹੇ ਹੋਣਨਾਦਿਰ ਉੱਠ ਬੈਠਿਆ ਅਤੇ ਗ਼ੌਰ ਨਾਲ ਦੇਖਣ ਲੱਗਿਆ ਕਿ ਇਹ ਆਦਮੀ ਕੌਣ ਹਨਅਚਾਨਕ ਉਹ ਉੱਠ ਕੇ ਖੜ੍ਹਾ ਹੋ ਗਿਆਉਸਦਾ ਮੁੱਖੜਾ ਦੀਵੇ ਵਾਂਗੂੰ ਚਮਕ ਉੱਠਿਆ, ਅਵੇਸਲੇ ਸਰੀਰ ਵਿੱਚ ਇੱਕ ਅਦਭੁੱਤ ਚੁਸਤੀ-ਫੁਰਤੀ ਦੌੜ ਗਈ

ਉਹ ਉਤਸੁਕਤਾ ਨਾਲ ਬੋਲਿਆ- ਲੈਲਾ, ਇਹ ਤਾਂ ਈਰਾਨ ਦੇ ਆਦਮੀ ਨੇਕਲਾਮੇ-ਪਾਕ ਦੀ ਕਸਮ, ਇਹ ਈਰਾਨ ਦੇ ਹੀ ਆਦਮੀ ਨੇ, ਇਹਨਾਂ ਦੇ ਲਿਬਾਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ

............

ਲੈਲਾ ਨੇ ਵੀ ਉਹਨਾਂ ਯਾਤਰੀਆਂ ਵੱਲ ਦੇਖਿਆ ਤੇ ਸਚੇਤ ਹੋ ਕੇ ਕਿਹਾ- ਆਪਣੀ ਤਲਵਾਰ ਸੰਭਾਲ, ਸ਼ਾਇਦ ਉਸਦੀ ਲੋੜ ਪੈ ਜਾਵੇ

..............

ਨਾਦਿਰ- ਨਹੀਂ ਲੈਲਾ, ਈਰਾਨ ਦੇ ਲੋਕ ਏਨੇ ਕਮੀਨੇ ਨਹੀਂ ਹਨ ਕਿ ਆਪਣੇ ਬਾਦਸ਼ਾਹ ਉੱਪਰ ਹੱਥ ਚੁੱਕਣ

ਸਵਾਰਾਂ ਨੇ ਕੋਲ ਆ ਕੇ ਘੋੜੇ ਰੋਕ ਲਏ ਅਤੇ ਉੱਤਰ ਕੇ ਬੜਾ ਅਦਬ ਨਾਲ ਨਾਦਿਰ ਨੂੰ ਸਲਾਮ ਕੀਤਾਨਾਦਿਰ ਬਹੁਤ ਜ਼ਬਤ ਕਰਨ ਤੇ ਵੀ ਆਪਣੇ ਮਨੋਵੇਗ ਨੂੰ ਨਾ ਰੋਕ ਪਾਇਆ, ਅਤੇ ਦੌੜ ਕੇ ਉਹਨਾਂ ਦੇ ਗਲ਼ ਨੂੰ ਚਿੰਬੜ ਗਿਆਉਹ ਹੁਣ ਬਾਦਸ਼ਾਹ ਨਹੀਂ ਸੀ, ਈਰਾਨ ਦਾ ਇੱਕ ਮੁਸਾਫ਼ਿਰ ਸੀ, ਬਾਦਸ਼ਾਹਤ ਮਿਟ ਚੁੱਕੀ ਸੀ, ਪਰ ਈਰਾਨੀਅਤ ਰੋਮ-ਰੋਮ ਵਿੱਚ ਭਰੀ ਹੋਈ ਸੀਉਹ ਤਿੰਨੋਂ ਆਦਮੀ ਇਸ ਸਮੇਂ ਈਰਾਨ ਦੇ ਵਿਧਾਤਾ ਸਨ, ਉਹ ਉਹਨਾਂ ਨੂੰ ਖ਼ੂਬ ਪਛਾਣਦਾ ਸੀ, ਉਹਨਾਂ ਦੀ ਸਵਾਮੀ-ਭਗਤੀ ਦੀ ਉਹ ਕਈ ਵਾਰ ਪ੍ਰੀਖਿਆ ਲੈ ਚੁੱਕਾ ਸੀ, ਉਸਨੇ ਉਨ੍ਹਾਂ ਨੂੰ ਲਿਆ ਕੇ ਆਪਣੇ ਬੋਰੇ 'ਤੇ ਬਿਠਾਉਣਾ ਚਾਹਿਆ ਪਰ ਉਹ ਜ਼ਮੀਨ 'ਤੇ ਹੀ ਬੈਠੇ ਰਹੇ, ਉਹਨਾਂ ਦੀ ਨਜ਼ਰ 'ਚ ਉਹ ਬੋਰੀਆ ਉਸ ਸਮੇਂ ਤਖ਼ਤ ਸੀ, ਜਿਸ ਉੱਪਰ ਆਪਣੇ ਸਵਾਮੀ ਦਾ ਸਾਹਮਣੇ ਉਹ ਕਦਮ ਵੀ ਨਹੀਂ ਰੱਖ ਸਕਦੇ ਸਨਗੱਲਬਾਤ ਛਿੜ ਪਈ, ਈਰਾਨ ਦੀ ਦਸ਼ਾ ਬਹੁਤ ਮਾੜੀ ਸੀ, ਲੁੱਟਮਾਰ ਦਾ ਬਾਜ਼ਾਰ ਗਰਮ ਸੀ, ਨਾ ਕੋਈ ਵਿਵਸਥਾ ਸੀ ਅਤੇ ਨਾ ਹੀ ਵਿਵਸਥਾ ਕਰਨ ਵਾਲੇ, ਜੇ ਇਹੀ ਦਸ਼ਾ ਰਹੀ ਤਾਂ ਸ਼ਾਇਦ ਬਹੁਤ ਜਲਦੀ ਉਸਦੇ ਗਲ਼ ਗ਼ੁਲਾਮੀ ਦੀ ਪੰਜਾਲ਼ੀ ਪੈ ਜਾਵੇਗੀਦੇਸ਼ ਹੁਣ ਨਾਦਿਰ ਨੂੰ ਲੱਭ ਰਿਹਾ ਸੀਉਸਦੇ ਸਿਵਾ ਕੋਈ ਦੂਸਰਾ ਉਸ ਡੁੱਬਦੇ ਹੋਏ ਬੇੜੇ ਨੂੰ ਪਾਰ ਨਹੀਂ ਲਗਾ ਸਕਦਾ ਸੀ,ਇਸੇ ਆਸ ਨੂੰ ਲੈ ਕੇ ਇਹ ਲੋਕ ਆਏ ਸਨ

-----

ਨਾਦਿਰ ਨੇ ਉਦਾਸੀਨਤਾ ਨਾਲ ਕਿਹਾ- ਇੱਕ ਵਾਰ ਇੱਜ਼ਤ ਉਤਾਰੀ, ਇਸ ਵਾਰ ਕੀ ਜਾਨ ਲੈਣ ਦੀ ਸੋਚੀ ਏ? ਮੈਂ ਬੜੇ ਆਰਾਮ ਨਾਲ ਹਾਂ, ਤੁਸੀਂ ਮੈਨੂੰ ਪਰੇਸ਼ਾਨ ਨਾ ਕਰੋ

...............

ਸਰਦਾਰਾਂ ਨੇ ਜ਼ੋਰ ਪਾਉਂਣਾ ਸ਼ੁਰੂ ਕੀਤਾ- ਅਸੀਂ ਹਜ਼ੂਰ ਦਾ ਪੱਲਾ ਨਹੀਂ ਛੱਡਾਂਗੇ, ਇੱਥੇ ਹੀ ਆਪਣੀਆਂ ਗਰਦਨਾਂ 'ਤੇ ਛੁਰੀਆਂ ਫੇਰ ਕੇ ਆਪਣੇ ਹਜ਼ੂਰ ਦੇ ਕਦਮਾਂ ਵਿੱਚ ਜਾਨ ਦੇ ਦਿਆਂਗੇ, ਜਿਨ੍ਹਾਂ ਬਦਮਾਸ਼ਾਂ ਨੇ ਤੁਹਾਨੂੰ ਪਰੇਸ਼ਾਨ ਕੀਤਾ ਸੀ, ਹੁਣ ਉਹਨਾ ਦਾ ਕੋਈ ਨਾਮੋ-ਨਿਸ਼ਾਨ ਬਾਕੀ ਨਹੀਂ ਰਿਹਾ, ਅਸੀਂ ਉਨ੍ਹਾਂ ਨੂੰ ਹੁਣ ਕਦੇ ਵੀ ਸਿਰ ਉਠਾਉਣ ਨਹੀਂ ਦਿਆਂਗੇ, ਸਿਰਫ਼ ਹਜ਼ੂਰ ਦੀ ਸਰਪਰਸਤੀ ਚਾਹੀਦੀ ਹੈ

................

ਨਾਦਿਰ ਨੇ ਵਿੱਚੋਂ ਟੋਕ ਕੇ ਕਿਹਾ- ਸਾਹਿਬਾਨ! ਜੇਕਰ ਤੁਸੀਂ ਮੈਨੂੰ ਇਸ ਇਰਾਦੇ ਨਾਲ ਈਰਾਨ ਦਾ ਬਾਦਸ਼ਾਹ ਬਣਾਉਂਣਾ ਚਾਹੁੰਦੇ ਹੋ, ਤਾਂ ਮਾਫ਼ ਕਰੋ, ਇਸ ਸਫ਼ਰ ਵਿੱਚ ਮੈਂ ਪਰਜਾ ਦੀ ਹਾਲਤ ਦਾ ਬੜੇ ਗ਼ੌਰ ਨਾਲ ਮੁਲਾਹਜ਼ਾ ਕੀਤਾ ਹੈ ਅਤੇ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਸਾਰੇ ਮੁਲਕਾਂ ਵਿੱਚ ਉਸਦੀ ਹਾਲਤ ਖ਼ਰਾਬ ਹੈ, ਰਹਿਮ ਦੇ ਕਾਬਿਲ ਹੈਈਰਾਨ ਵਿੱਚ ਮੈਨੂੰ ਕਦੇ ਇਹੋ ਜਿਹੇ ਮੌਕੇ ਨਹੀਂ ਮਿਲੇ ਸਨਮੈਂ ਪਰਜਾ ਨੂੰ ਆਪਣੇ ਦਰਬਾਰੀਆਂ ਦੀਆਂ ਅੱਖਾਂ ਨਾਲ ਦੇਖਦਾ ਸੀਮੇਰੇ ਤੋਂ ਤੁਸੀਂ ਇਹ ਉਮੀਦ ਨਾ ਰੱਖੋ ਕਿ ਮੈਂ ਪਰਜਾ ਨੂੰ ਲੁੱਟ ਕੇ ਤੁਹਾਡੀਆਂ ਜੇਬਾਂ ਭਰਾਂਗਾਇਹ ਇਲਜ਼ਾਮ ਮੈਂ ਆਪਣੇ ਸਿਰ 'ਤੇ ਨਹੀਂ ਲੈ ਸਕਦਾ, ਮੈਂ ਇਨਸਾਫ਼ ਦੀ ਤੱਕੜੀ ਬਰਾਬਰ ਰੱਖਾਂਗਾ ਅਤੇ ਇਸੇ ਸ਼ਰਤ 'ਤੇ ਈਰਾਨ ਚੱਲ ਸਕਦਾ ਹਾਂ

...............

ਲੈਲਾ ਨੇ ਮੁਸਕੁਰਾ ਕੇ ਕਿਹਾ- ਤੂੰ ਪਰਜਾ ਦਾ ਕਸੂਰ ਮਾਫ਼ ਕਰ ਸਕਦਾ ਏਂ, ਕਿਉਂਕਿ ਉਸਦੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਉਸਦਾ ਵਾਰ ਤਾਂ ਮੇਰੇ ਉੱਤੇ ਸਨ, ਮੈਂ ਉਸਨੂੰ ਕਿਵੇਂ ਮਾਫ਼ ਕਰ ਸਕਦੀ ਹਾਂ?”

.............

ਨਾਦਿਰ ਨੇ ਬੜੀ ਗੰਭੀਰਤਾ ਨਾਲ ਕਿਹਾ- ਲੈਲਾ, ਮੈਨੂੰ ਯਕੀਨ ਨਹੀਂ ਆ ਰਿਹਾ ਕਿ ਮੈਂ ਤੇਰੇ ਮੂੰਹੋਂ ਏਹੋ ਜਿਹੀ ਗੱਲ ਸੁਣ ਰਿਹਾ ਹਾਂ

............

ਲੋਕਾਂ ਨੇ ਸਮਝਾਇਆ, ਹਾਲੇ ਉਨ੍ਹਾਂ ਨੂੰ ਭੜਕਾਉਂਣ ਦੀ ਜ਼ਰੂਰਤ ਹੀ ਕੀ ਹੈ? ਈਰਾਨ ਵਿੱਚ ਪਹੁੰਚ ਕੇ ਦੇਖਿਆ ਜਾਏਗਾਦੋ-ਚਾਰ ਮੁਖ਼ਬਿਰਾਂ ਤੋਂ ਪਰਜਾ ਦੇ ਨਾਂ 'ਤੇ ਇਹੋ ਜਿਹੀਆਂ ਗੜਬੜੀਆਂ ਕਰਵਾ ਦਿਆਂਗੇ ਕਿ ਇਹਨਾਂ ਦੇ ਸਾਰੇ ਖ਼ਿਆਲਾਤ ਬਦਲ ਜਾਣਗੇਇੱਕ ਸਰਦਾਰ ਨੇ ਬੇਨਤੀ ਕੀਤੀ- ਹਜ਼ੂਰ! ਇਹ ਕੀ ਆਖ ਰਹੇ ਹੋ? ਅਸੀਂ ਕੀ ਇੰਨੇ ਨਾਦਾਨ ਹਾਂ ਕਿ ਹਜ਼ੂਰ ਨੂੰ ਇਨਸਾਫ਼ ਦੇ ਰਸਤੇ 'ਤੋਂ ਭਟਕਾਉਣਾ ਚਾਹਾਂਗੇ? ਇਨਸਾਫ਼ ਹੀ ਬਾਦਸ਼ਾਹ ਦਾ ਜੌਹਰ ਹੈ, ਅਤੇ ਸਾਡੀ ਦਿਲੀ ਤਮੰਨਾ ਇਹੀ ਹੈ ਕਿ ਤੁਹਾਡਾ ਇਨਸਾਫ਼ ਨੌਂਸ਼ੇਰਬਾਂ ਨੂੰ ਵੀ ਸ਼ਰਮਸਾਰ ਕਰ ਦੇਵੇਸਾਡੀ ਮਨਸ਼ਾ ਸਿਰਫ਼ ਏਹੋ ਹੈ ਕਿ ਅੱਗੇ ਤੋਂ ਅਸੀਂ ਪਰਜਾ ਨੂੰ ਕਦੇ ਏਹੋ ਜਿਹਾ ਮੌਕਾ ਨਹੀਂ ਦੇਵਾਂਗੇ ਕਿ ਉਹ ਹਜ਼ੂਰ ਦੀ ਸ਼ਾਨ ਵਿੱਚ ਬੇ-ਅਦਬੀ ਕਰ ਸਕੇ, ਅਸੀਂ ਆਪਣੀਆਂ ਜਾਨਾਂ ਹਜ਼ੂਰ 'ਤੇ ਵਾਰਨ ਲਈ ਹਮੇਸ਼ਾਂ ਤਿਆਰ ਹੋਵਾਂਗੇ

----

ਅਚਾਨਕ ਅਜਿਹਾ ਪ੍ਰਤੀਤ ਹੋਣ ਲੱਗਾ ਜਿਵੇਂ ਸਾਰੀ ਪ੍ਰਕਿਰਤੀ ਸੰਗੀਤਮਈ ਹੋ ਗਈਪਹਾੜ ਅਤੇ ਰੁੱਖ, ਤਾਰੇ ੳਤੇ ਚੰਨ, ਹਵਾ ੳਤੇ ਪਾਣੀ, ਸਾਰੇ ਇੱਕੋ ਸੁਰ 'ਚ ਗਾਉਣ ਲੱਗ ਪਏਚਾਨਣੀ ਦੀ ਨਿਰਮਲਤਾ ਵਿੱਚੋਂ, ਹਵਾ ਦੇ ਵਹਿਣ ਵਿੱਚੋਂ, ਸੰਗੀਤ ਦੀਆਂ ਤਰੰਗਾਂ ਉੱਠਣ ਲੱਗੀਆਂ, ਲੈਲਾ ਆਪਣਾ ਡੱਫ ਵਜਾ-ਵਜਾ ਕੇ ਗਾ ਰਹੀ ਸੀ, ਅੱਜ ਪਤਾ ਲੱਗਾ ਧੁਨੀ ਹੀ ਸ੍ਰਿਸ਼ਟੀ ਦਾ ਮੂਲ ਹੈ, ਪਹਾੜਾਂ ਉੱਪਰ ਦੇਵੀਆਂ ਨਿੱਕਲ-ਨਿੱਕਲ ਕੇ ਨੱਚਣ ਲਗ ਪਈਆਂ, ਆਕਾਸ਼ 'ਤੇ ਦੇਵਤਾ ਨੱਚਣ ਲੱਗ ਪਏ,ਸੰਗੀਤ ਨੇ ਇੱਕ ਨਵਾਂ ਸੰਸਾਰ ਰਚ ਦਿੱਤਾ

----

ਉਸ ਦਿਨ ਤੋਂ, ਜਦੋਂ ਪਰਜਾ ਨੇ ਰਾਜ ਭਵਨ ਦੇ ਬੂਹੇ ਅੱਗੇ ਰੌਲਾ ਪਾਇਆ ਸੀ ਅਤੇ ਲੈਲਾ ਨੂੰ ਦੇਸ਼-ਨਿਕਾਲੇ ਲਈ ਮਜਬੂਰ ਕੀਤਾ ਸੀ, ਲੈਲਾ ਦੇ ਵਿਚਾਰਾਂ ਵਿੱਚ ਕ੍ਰਾਂਤੀ ਆ ਗਈ ਸੀਜਨਮ ਤੋਂ ਹੀ ਉਸਨੇ ਜਨਤਾ ਦੇ ਨਾਲ ਹਮਦਰਦੀ ਕਰਨਾ ਸਿੱਖਿਆ ਸੀ, ਉਹ ਰਾਜ ਕਰਮਚਾਰੀਆਂ ਨੂੰ ਪਰਜਾ 'ਤੇ ਅੱਤਿਆਚਾਰ ਕਰਦੇ ਹੋਏ ਦੇਖਦੀ ਸੀ ਤਾਂ ਉਸਦਾ ਕੋਮਲ ਹਿਰਦਾ ਤੜਪ ਉੱਠਦਾ ਸੀ,ਉਦੋਂ ਧਨ, ਦੌਲਤ ਅਤੇ ਵਿਲਾਸ ਤੋਂ ਉਸਨੂੰ ਘ੍ਰਿਣਾ ਹੋਣ ਲਗਦੀ ਸੀ, ਜਿਸਦੇ ਕਾਰਣ ਪਰਜਾ ਨੂੰ ਇੰਨੇ ਦੁੱਖ ਸਹਿਣੇ ਪੈਂਦੇ ਸਨਉਹ ਆਪਣੇ ਵਿੱਚ ਕੋਈ ਐਸੀ ਸ਼ਕਤੀ ਉਜਾਗਰ ਕਰਨਾ ਚਾਹੁੰਦੀ ਸੀ ਜੋ ਅੱਤਿਆਚਾਰੀਆਂ ਦੇ ਦਿਲਾਂ ਵਿੱਚ ਦਿਆ ਅਤੇ ਪਰਜਾ ਦੇ ਦਿਲਾਂ ਵਿੱਚ ਨਿਡਰਤਾ ਦਾ ਸੰਚਾਰ ਕਰ ਸਕੇਉਸਦੀ ਬਾਲ-ਕਲਪਨਾ ਉਸਨੂੰ ਐਸੇ ਤਖ਼ਤ ਤੇ ਬਿਠਾ ਦਿੰਦੀ, ਜਿੱਥੇ ਉਹ ਆਪਣੀ ਨਿਆਂ ਨੀਤੀ ਨਾਲ ਸੰਸਾਰ ਵਿੱਚ ਯੁਗਾਂ ਨੂੰ ਬਦਲ ਦਿੰਦੀਕਿੰਨੀਆਂ ਹੀ ਰਾਤਾਂ ਉਸਨੇ ਇਹ ਸੁਪਨਾ ਦੇਖਣ ਵਿੱਚ ਕੱਟੀਆਂ ਸਨ, ਕਿੰਨੀ ਵਾਰ ਉਹ ਅਨਿਆਂ ਪੀੜਤਾਂ ਦੇ ਸਿਰਹਾਣੇ ਬੈਠ ਕੇ ਰੋਈ ਸੀ, ਪਰ ਜਦ ਇੱਕ ਦਿਨ ਐਸਾ ਆਇਆ ਕਿ ਉਸਦੇ ਸੁਨਹਿਰੀ ਖ਼ਾਬ ਛੋਟੇ ਰੂਪ ਵਿੱਚ ਪੂਰੇ ਹੋਣ ਲੱਗੇ ਤਦ ਉਸਨੂੰ ਇੱਕ ਨਵਾਂ ਅਤੇ ਕਠੋਰ ਅਨੁਭਵ ਹੋਇਆ, ਉਸਨੇ ਦੇਖਿਆ ਕਿ ਪਰਜਾ ਇੰਨੀ ਸਹਿਣਸ਼ੀਲ, ਇੰਨੀ ਦੁਰਬਲ ਤੇ ਇੰਨੀ ਦੀਨ ਵੀ ਨਹੀਂ ਹੈ, ਜਿੰਨਾ ਉਹ ਸਮਝਦੀ ਸੀਬਲਕਿ ਉਸ ਵਿੱਚ ਹੋਛੇਪਣ, ਘਟੀਆ ਵਿਚਾਰ ਅਤੇ ਅਸੱਭਿਅਕਤਾ ਦੀ ਮਾਤਰਾ ਕਿਤੇ ਜ਼ਿਆਦਾ ਸੀਉਹ ਚੰਗੇ ਵਿਵਹਾਰ ਦੀ ਕਦਰ ਕਰਨਾ ਨਹੀਂ ਜਾਣਦੀ, ਤਾਕਤ ਹਾਸਿਲ ਕਰ ਕੇ ਵੀ ਉਸਦਾ ਸਹੀ ਉਪਯੋਗ ਨਹੀਂ ਕਰ ਸਕਦੀ, ਉਸੇ ਦਿਨ ਉਸਦਾ ਦਿਲ ਜਨਤਾ ਤੋਂ ਫਿਰ ਗਿਆ ਸੀ

----

ਜਿਸ ਦਿਨ ਨਾਦਿਰ ਅਤੇ ਲੈਲਾ ਫਿਰ ਤਹਿਰਾਨ ਵਿੱਚ ਉਜਾਗਰ ਹੋਏ, ਸਾਰਾ ਨਗਰ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਨਿੱਕਲ ਪਿਆਸ਼ਹਿਰ ਵਿੱਚ ਆਤੰਕ ਛਾਇਆ ਪਿਆ ਸੀ, ਹਰ ਪਾਸੇ ਪੀੜਾਮਈ ਰੁਦਨ ਦੀ ਧੁਨੀ ਸੁਣਾਈ ਦੇ ਰਹੀ ਸੀ, ਅਮੀਰਾਂ ਦੇ ਮੁਹੱਲੇ ਵਿੱਚ ਖ਼ੁਸ਼ੀ ਰੁਲਦੀ ਫਿਰ ਰਹੀ ਸੀ ਅਤੇ ਗ਼ਰੀਬਾਂ ਦੇ ਮੁਹੱਲੇ ਉੱਜੜੇ ਪਏ ਸਨ, ਉਹਨਾਂ ਨੂੰ ਦੇਖ ਕੇ ਕਲੇਜਾ ਫਟਿਆ ਜਾ ਰਿਹਾ ਸੀ, ਨਾਦਿਰ ਰੋ ਪਿਆ, ਪਰ ਲੈਲਾ ਦੇ ਬੁਲ੍ਹਾਂ 'ਤੇ ਕਠੋਰ, ਨਿਰਦਈ ਹਾਸਾ ਤੈਰ ਰਿਹਾ ਸੀ

---

ਨਾਦਿਰ ਦੇ ਸਾਹਮਣੇ ਹੁਣ ਇੱਕ ਭਾਰੀ ਸਮੱਸਿਆ ਸੀ, ਉਹ ਨਿੱਤ ਦੇਖਦਾ ਕਿ ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਨਹੀਂ ਹੁੰਦਾ ਅਤੇ ਜੋ ਨਹੀਂ ਕਰਨਾ ਚਾਹੁੰਦਾ, ਉਹੀ ਹੁੰਦਾ ਹੈ, ਅਤੇ ਇਸਦਾ ਕਾਰਣ ਲੈਲਾ ਹੈਪਰ ਕੁਛ ਕਹਿ ਨਹੀਂ ਸਕਦਾ ਸੀ, ਲੈਲਾ ਉਸਦੇ ਹਰ ਕੰਮ ਵਿੱਚ ਆਪਣੀ ਲੱਤ ਅੜਾਉਂਦੀ ਸੀਉਹ ਜਨਤਾ ਦੇ ਉਪਕਾਰ ਅਤੇ ਉੱਥਾਨ ਲਈ ਜੋ ਵੀ ਵਿਉਂਤ ਘੜਦਾ, ਲੈਲਾ ਉਸ ਵਿੱਚ ਕੋਈ ਨਾ ਕੋਈ ਵਿਘਨ ਪਾ ਦਿੰਦੀ ਅਤੇ ਉਸ ਨੂੰ ਚੁੱਪ ਰਹਿਣ ਦੇ ਸਿਵਾਏ ਕੁਝ ਨਾ ਸੁੱਝਦਾਲੈਲਾ ਦੇ ਲਈ ਉਸਨੇ ਇੱਕ ਵਾਰ ਰਾਜਪਾਟ ਦਾ ਤਿਆਗ ਕਰ ਦਿੱਤਾ ਸੀ, ਉਦੋਂ ਬੁਰੇ ਵਕਤ ਵਿੱਚ ਲੈਲਾ ਦੀ ਪ੍ਰੀਖਿਆ ਲਈ ਸੀ, ਇੰਨੇ ਦਿਨਾਂ ਦੀ ਬਿਪਤਾ ਵਿੱਚ ਉਸਨੂੰ ਲੈਲਾ ਦੇ ਚਰਿੱਤਰ ਦਾ ਜੋ ਅਨੁਭਵ ਹੋਇਆ ਸੀ, ਉਹ ਇੰਨਾ ਮਨੋਹਰ, ਇੰਨਾ ਰਸਭਿੰਨਾ ਸੀ ਕਿ ਉਹ ਲੈਲਾ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਸੀਲੈਲਾ ਹੀ ਉਸਦਾ ਸਵਰਗ ਸੀ, ਉਸਦੇ ਪ੍ਰੇਮ ਵਿੱਚ ਡੁੱਬੇ ਰਹਿਣਾ ਹੀ ਉਸ ਦੀ ਸਭ ਤੋਂ ਵੱਡੀ ਖ਼ਾਹਿਸ਼ ਸੀ, ਲੈਲਾ ਲਈ ਉਹ ਹੁਣ ਕੀ ਕੁਝ ਨਹੀਂ ਕਰ ਸਕਦਾ ਸੀ? ਪਰਜਾ ਦੀ ਅਤੇ ਸਾਮਰਾਜ ਦੀ ਉਸਦੇ ਸਾਹਮਣੇ ਕੀ ਹਸਤੀ ਸੀ?

ਇਸੇ ਤਰ੍ਹਾਂ ਤਿੰਨ ਸਾਲ ਬੀਤ ਗਏ, ਪਰਜਾ ਦੀ ਦਸ਼ਾ ਦਿਨ-ਬ-ਦਿਨ ਵਿਗੜਦੀ ਹੀ ਗਈ

----

ਇੱਕ ਦਿਨ ਨਾਦਿਰ ਸ਼ਿਕਾਰ ਖੇਡਣ ਗਿਆ ਅਤੇ ਸਾਥੀਆਂ ਤੋਂ ਅਲੱਗ ਹੋ ਜੰਗਲ ਵਿੱਚ ਭਟਕਣ ਲੱਗਾ, ਇੱਥੋਂ ਤੱਕ ਕਿ ਰਾਤ ਹੋ ਗਈ, ਪਰ ਸਾਥੀਆਂ ਦਾ ਪਤਾ ਨਾ ਚੱਲਿਆ, ਘਰ ਪਰਤਣ ਦਾ ਰਾਹ ਵੀ ਉਹ ਨਹੀਂ ਜਾਣਦਾ ਸੀਅਖ਼ੀਰ ਖ਼ੁਦਾ ਦਾ ਨਾਂ ਲੈ ਕੇ ਉਹ ਇੱਕ ਪਾਸੇ ਨੂੰ ਤੁਰ ਪਿਆ ਕਿ ਕਿਤੇ ਤਾਂ ਕਿਸੇ ਪਿੰਡ ਜਾਂ ਬਸਤੀ ਦਾ ਨਾਮੋ-ਨਿਸ਼ਾਨ ਮਿਲੇਗਾ, ਉਥੇ ਰਾਤ ਭਰ ਪਿਆ ਰਹਾਂਗਾ ਅਤੇ ਸਵੇਰੇ ਪਰਤ ਜਾਵਾਂਗਾਚੱਲਦੇ-ਚੱਲਦੇ ਜੰਗਲ ਦੇ ਦੂਸਰੇ ਸਿਰੇ 'ਤੇ ਉਸਨੂੰ ਇੱਕ ਪਿੰਡ ਨਜ਼ਰ ਆਇਆ, ਜਿਸ ਵਿੱਚ ਮੁਸ਼ਕਿਲ ਨਾਲ ਦੋ ਚਾਰ ਘਰ ਹੋਣਗੇ, ਹਾਂ, ਇੱਕ ਮਸਜਿਦ ਜ਼ਰੂਰ ਬਣੀ ਹੋਈ ਸੀ, ਮਸਜਿਦ ਵਿੱਚ ਇੱਕ ਦੀਵਾ ਟਿਮਟਿਮਾ ਰਿਹਾ ਸੀ, ਪਰ ਕਿਸੇ ਆਦਮੀ ਜਾਂ ਆਦਮਜ਼ਾਤ ਦਾ ਨਾਮੋ- ਨਿਸ਼ਾਨ ਤੱਕ ਨਹੀਂ ਸੀ, ਅੱਧੀ ਰਾਤ ਤੋਂ ਜ਼ਿਆਦਾ ਬੀਤ ਚੁੱਕੀ ਸੀ, ਇਸ ਲਈ ਕਿਸੇ ਨੂੰ ਤਕਲੀਫ਼ ਦੇਣੀ ਵੀ ਠੀਕ ਨਹੀਂ ਸੀਨਾਦਿਰ ਨੇ ਘੋੜੇ ਨੂੰ ਇੱਕ ਰੁੱਖ ਨਾਲ ਬੰਨ੍ਹ ਦਿੱਤਾ ਅਤੇ ਮਸਜਿਦ ਵਿੱਚ ਰਾਤ ਕੱਟਣ ਦੀ ਠਾਣ ਲਈਉੱਥੇ ਇੱਕ ਫਟੀ ਜਿਹੀ ਚਟਾਈ ਪਈ ਸੀ, ਉਹ ਉਸੇ 'ਤੇ ਲੇਟ ਗਿਆ, ਦਿਨ ਭਰ ਦਾ ਥੱਕਿਆ ਮਾਰਿਆ ਸੀ,ਪੈਂਦੇ ਸਾਰ ਹੀ ਨੀਂਦ ਆ ਗਈਪਤਾ ਨਹੀਂ ਉਹ ਕਿੰਨੀ ਦੇਰ ਸੁੱਤਾ ਰਿਹਾ, ਪਰ ਕਿਸੇ ਦੀ ਆਹਟ ਸੁਣ ਕੇ ਤ੍ਰਭਕਿਆ ਤਾਂ ਕੀ ਦੇਖਦਾ ਹੈ ਕਿ ਇੱਕ ਬੁੱਢਾ ਆਦਮੀ ਬੈਠਾ ਨਮਾਜ਼ ਪੜ੍ਹ ਰਿਹਾ ਹੈ, ਨਾਦਿਰ ਨੂੰ ਅਸਚਰਜ ਹੋਇਆ ਕਿ ਇੰਨੀ ਰਾਤ ਗਏ ਕੌਣ ਨਮਾਜ਼ ਪੜ੍ਹ ਰਿਹਾ ਹੈਉਸਨੂੰ ਇਹ ਖ਼ਬਰ ਨਹੀਂ ਸੀ ਕਿ ਰਾਤ ਬੀਤ ਚੁੱਕੀ ਹੈ ਅਤੇ ਇਹ ਫ਼ਜ਼ਲ ਦੀ ਨਮਾਜ਼ ਹੈਉਹ ਪਿਆ-ਪਿਆ ਦੇਖਦਾ ਰਿਹਾਬਿਰਧ ਵਿਅਕਤੀ ਨੇ ਨਮਾਜ਼ ਅਦਾ ਕੀਤੀ, ਫਿਰ ਉਹ ਸੀਨੇ ਦੇ ਸਾਹਮਣੇ ਹੱਥ ਫੈਲਾ ਕੇ ਦੁਆ ਮੰਗਣ ਲੱਗਾ, ਦੁਆ ਦੇ ਸ਼ਬਦ ਸੁਣ ਕੇ ਉਸਦਾ ਖ਼ੂਨ ਸਰਦ ਹੋ ਗਿਆਉਹ ਦੁਆ ਉਸਦੇ ਰਾਜਕਾਲ ਦੀ ਐਸੀ ਤੀਬਰ, ਐਸੀ ਵਾਸਤਵਿਕ, ਐਸੀ ਸਿੱਖਿਆਦਾਇਕ ਆਲੋਚਨਾ ਸੀ, ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਸੀਉਸਨੂੰ ਆਪਣੇ ਜੀਵਨ ਵਿੱਚ ਆਪਣੀ ਬਦਨਾਮੀ ਸੁਣਨ ਦਾ ਮੌਕਾ ਮਿਲ ਰਿਹਾ ਸੀ, ਉਹ ਇਹ ਤਾਂ ਜਾਣਦਾ ਸੀ ਕਿ ਉਸਦਾ ਸ਼ਾਸਨ ਆਦਰਸ਼ ਨਹੀਂ ਹੈ, ਪਰ ਇਹ ਕਲਪਣਾ ਵੀ ਨਹੀਂ ਕੀਤੀ ਜਾ ਸੀ ਕਿ ਸਥਿਤੀ ਇੰਨੀ ਅਸਹਿਣਯੋਗ ਹੋ ਗਈ ਹੈ, ਦੁਆ ਇਹ ਸੀ-

...........

ਐ ਖ਼ੁਦਾ! ਤੂੰ ਹੀ ਗ਼ਰੀਬਾਂ ਦਾ ਮਦਦਗ਼ਾਰ ਅਤੇ ਨਿਆਸਰਿਆਂ ਦਾ ਸਹਾਰਾ ਹੈਂਤੂੰ ਇਸ ਜ਼ਾਲਿਮ ਬਾਦਸ਼ਾਹ ਦੇ ਜ਼ੁਲਮ ਦੇਖਦਾ ਹੈਂ ਤੇ ਤੇਰਾ ਕਹਿਰ ਉਸ 'ਤੇ ਨਹੀਂ ਡਿੱਗਦਾ, ਇਹ ਬੇ-ਦੀਨ ਕਾਫ਼ਿਰ, ਇੱਕ ਹਸੀਨ ਔਰਤ ਦੀ ਮੁਹੱਬਤ ਵਿੱਚ ਖ਼ੁਦ ਨੂੰ ਏਨਾ ਭੁੱਲ ਗਿਆ ਹੈ ਕਿ ਨਾ ਅੱਖਾਂ ਤੋਂ ਦੇਖਦਾ ਹੈ ਨਾ ਕੰਨਾਂ ਤੋਂ ਸੁਣਦਾ ਹੈਜੇ ਦੇਖਦਾ ਹੈ ਤਾਂ ਉਸੇ ਔਰਤ ਦੀਆਂ ਅੱਖਾਂ ਤੋਂ, ਜੇ ਸੁਣਦਾ ਹੈ ਤਾਂ ਉਸੇ ਔਰਤ ਦੇ ਕੰਨਾਂ ਤੋਂ, ਹੁਣ ਇਹ ਮੁਸੀਬਤ ਨਹੀਂ ਸਹੀ ਜਾਂਦੀ, ਜਾਂ ਤਾਂ ਤੂੰ ਉਸ ਜ਼ਾਲਿਮ ਨੂੰ ਨਰਕ ਚ ਪਹੁੰਚਾ ਦੇ, ਜਾਂ ਸਾਨੂੰ ਨਿਆਸਰਿਆਂ ਨੂੰ ਇਸ ਦੁਨੀਆਂ 'ਤੋਂ ਉਠਾ ਲੈ, ਈਰਾਨ ਉਸਦੇ ਜ਼ੁਲਮ ਤੋਂ ਤੰਗ ਆ ਗਿਆ ਹੈ ਅਤੇ ਤੂੰ ਹੀ ਉਸਦੇ ਸਿਰ 'ਤੋਂ ਇਸ ਬਲਾ ਨੂੰ ਟਾਲ ਸਕਦਾ ਹੈਂ

----

ਬੁੱਢੇ ਨੇ ਤਾਂ ਆਪਣੀ ਖੂੰਡੀ ਸੰਭਾਲੀ ਅਤੇ ਤੁਰਦਾ ਬਣਿਆ, ਪਰ ਨਾਦਿਰ ਕਿਸੇ ਮੁਰਦੇ ਵਾਂਗ ਉੱਥੇ ਹੀ ਪਿਆ ਰਿਹਾ, ਜਿਵੇਂ ਉਸ 'ਤੇ ਬਿਜਲੀ ਡਿੱਗ ਪਈ ਹੋਵੇ

ਇੱਕ ਹਫ਼ਤੇ ਤੱਕ ਨਾਦਿਰ ਦਰਬਾਰ ਵਿੱਚ ਨਾ ਆਇਆ ਤੇ ਨਾ ਹੀ ਕਿਸੇ ਕਰਮਚਾਰੀ ਨੂੰ ਆਪਣੇ ਕੋਲ਼ ਆਉਣ ਦੀ ਆਗਿਆ ਦਿੱਤੀ, ਪੂਰਾ ਦਿਨ ਅੰਦਰ ਪਿਆ ਇਹ ਸੋਚਦਾ ਰਹਿੰਦਾ ਕਿ ਕੀ ਕਰਾਂ, ਨਾਂ-ਮਾਤਰ ਨੂੰ ਕੁਛ ਖਾ ਲੈਂਦਾ, ਲੈਲਾ ਬਾਰ-ਬਾਰ ਉਸਦੇ ਕੋਲ ਜਾਂਦੀ ਅਤੇ ਕਦੇ ਉਸਦਾ ਸਿਰ ਆਪਣੀ ਗੋਦੀ 'ਚ ਰੱਖ ਕੇ, ਕਦੇ ਉਸਦੇ ਗਲ਼ 'ਚ ਬਾਹਾਂ ਪਾ ਕੇ ਪੁੱਛਦੀ- ਤੂੰ ਕਿਉਂ ਏਨਾ ਉਦਾਸ ਤੇ ਪਰੇਸ਼ਾਨ ਏਂ?” ਨਾਦਿਰ ਉਸਨੂੰ ਦੇਖ ਕੇ ਰੋਣ ਲੱਗ ਪੈਂਦਾ, ਪਰ ਮੂੰਹੋਂ ਕੁਝ ਨਾ ਕਹਿੰਦਾ, ਪ੍ਰਸਿੱਧੀ ਜਾਂ ਲੈਲਾ, ਇਹੀ ਉਸਦੇ ਸਾਹਮਣੇ ਕਠਿਨ ਸਮੱਸਿਆ ਸੀ,ਉਸਦੇ ਹਿਰਦੇ ਵਿੱਚ ਭਿਅੰਕਰ ਦੁਚਿੱਤੀ ਲੱਗੀ ਰਹਿੰਦੀ, ਪਰ ਉਹ ਕੁਛ ਨਿਸ਼ਚੈ ਨਾ ਕਰ ਪਾਉਂਦਾ, ਯਸ਼ ਪਿਆਰਾ ਸੀ,ਪਰ ਲੈਲਾ ਉਸ 'ਤੋਂ ਵੀ ਪਿਆਰੀ ਸੀ,ਉਹ ਬਦਨਾਮ ਹੋ ਕੇ ਜਿਉਂਦਾ ਰਹਿ ਸਕਦਾ ਸੀ, ਪਰ ਲੈਲਾ ਦੇ ਬਿਨਾ ਉਹ ਆਪਣੇ ਜੀਵਨ ਦੀ ਕਲਪਣਾ ਹੀ ਨਹੀਂ ਕਰ ਸਕਦਾ ਸੀ, ਲੈਲਾ ਉਸਦੇ ਰੋਮ-ਰੋਮ ਵਿੱਚ ਵਸੀ ਹੋਈ ਸੀ

----

ਅੰਤ ਵਿੱਚ ਉਸਨੇ ਨਿਸ਼ਚਾ ਕਰ ਲਿਆ- ਲੈਲਾ ਮੇਰੀ ਹੈ, ਮੈਂ ਲੈਲਾ ਦਾ ਹਾਂ, ਨਾ ਮੈਂ ਉਸਤੋਂ ਅਲੱਗ, ਨਾ ਉਹ ਮੇਰੇ ਤੋਂ ਜੁਦਾ, ਜੋ ਕੁਝ ਉਹ ਕਰਦੀ ਹੈ, ਮੇਰਾ ਹੈ, ਜੋ ਕੁਝ ਮੈਂ ਕਰਦਾ ਹਾਂ,ਉਸਦਾ ਹੈਇੱਥੇ ਮੇਰ ਅਤੇ ਤੇਰ ਦਾ ਭੇਦ ਹੀ ਕਿੱਥੇ? ਬਾਦਸ਼ਾਹਤ ਮਿਟ ਜਾਣੀ ਹੈ, ਪ੍ਰੇਮ ਅਮਰ, ਅਸੀਂ ਅਨੰਤ ਕਾਲ ਤੱਕ ਇੱਕ ਦੂਸਰੇ ਦੀ ਬੁੱਕਲ ਵਿੱਚ ਬੈਠੇ ਹੋਏ ਸਵਰਗ ਦਾ ਸੁੱਖ ਭੋਗਾਂਗੇ, ਸਾਡਾ ਪ੍ਰੇਮ ਅਨੰਤ ਕਾਲ ਤੱਕ ਅਸਮਾਨ ਦੇ ਤਾਰੇ ਵਾਂਗੂੰ ਚਮਕੇਗਾਨਾਸਿਰ ਪ੍ਰਸੰਨ ਹੋ ਕੇ ਉੱਠਿਆਉਸਦਾ ਮੁੱਖੜਾ ਜਿੱਤ ਦੀ ਲਾਲੀ ਨਾਲ ਦਹਿਕ ਰਿਹਾ ਸੀ, ਅੱਖਾਂ ਵਿੱਚੋਂ ਸੂਰਬੀਰਤਾ ਝਲਕ ਰਹੀ ਸੀਉਹ ਲੈਲਾ ਦੇ ਪ੍ਰੇਮ ਦਾ ਪਿਆਲਾ ਪੀਣ ਜਾ ਰਿਹਾ ਸੀ, ਜਿਸਨੂੰ ਇੱਕ ਹਫ਼ਤੇ ਤੱਕ ਉਸਨੇ ਮੂੰਹ ਵੀ ਨਹੀਂ ਲਾਇਆ ਸੀਉਸਦਾ ਦਿਲ ਉਸੇ ਉਮੰਗ ਵਿੱਚ ਉੱਛਲ ਰਿਹਾ ਸੀ, ਜੋ ਅੱਜ ਤੋਂ ਪੰਜ ਸਾਲ ਪਹਿਲਾਂ ਉੱਠਿਆ ਕਰਦੀ ਸੀਪ੍ਰੇਮ ਦਾ ਫੁੱਲ ਕਦੇ ਨਹੀਂ ਮੁਰਝਾਉਂਦਾ, ਪ੍ਰੇਮ ਦੀ ਨੀਂਦ ਕਦੇ ਨਹੀਂ ਉੱਤਰਦੀ

----

ਪਰ ਲੈਲਾ ਦੀ ਆਰਾਮਗਾਹ ਦੇ ਬੂਹੇ ਬੰਦ ਸਨ ਅਤੇ ਡੱਫ ਜੋ ਬੂਹੇ 'ਤੇ ਨਿੱਤ ਇੱਕ ਕਿੱਲੀ 'ਤੇ ਟੰਗਿਆ ਰਹਿੰਦਾ ਸੀ, ਗ਼ਾਇਬ ਸੀਨਾਦਿਰ ਦਾ ਕਲੇਜਾ ਸੁੰਨ ਹੋ ਕੇ ਰਹਿ ਗਿਆਬੂਹਾ ਬੰਦ ਰਹਿਣ ਦਾ ਮਤਲਬ ਤਾਂ ਇਹ ਹੋ ਸਕਦਾ ਸੀ ਕਿ ਲੈਲਾ ਬਾਗ਼ ਵਿੱਚ ਹੋਵੇਗੀ, ਪਰ ਡੱਫ ਕਿੱਥੇ ਗਿਆ? ਸੰਭਵ ਹੈ, ਉਹ ਡੱਫ ਲੈ ਕੇ ਬਾਗ਼ ਵਿੱਚ ਗਈ ਹੋਵੇ, ਪਰ ਇਹ ਉਦਾਸੀ ਕਿਉਂ ਛਾਈ ਹੈ? ਇਹ ਮਾਯੂਸੀ ਕਿਉਂ ਟਪਕ ਹੈ? ਨਾਦਿਰ ਨੇ ਕੰਬਦੇ ਹੋਏ ਹੱਥਾਂ ਨਾਲ ਬੂਹਾ ਖੋਲ੍ਹ ਦਿੱਤਾ, ਲੈਲਾ ਅੰਦਰ ਨਹੀਂ ਸੀਪਲੰਘ ਵਿਛਿਆ ਹੋਇਆ ਸੀ, ਸ਼ੱਮਾਅ ਜਲ ਰਹੀ ਸੀ, ਵੁਜ਼ੂ ਦਾ ਪਾਣੀ ਰੱਖਿਆ ਹੋਇਆ ਸੀ, ਨਾਦਿਰ ਦੇ ਪੈਰ ਕੰਬਣ ਲੱਗ ਪਏਕੀ ਲੈਲਾ ਰਾਤ ਨੂੰ ਵੀ ਨਹੀਂ ਸੁੱਤੀ? ਕਮਰੇ ਦੀ ਇੱਕ-ਇੱਕ ਚੀਜ਼ ਵਿੱਚ ਲੈਲਾ ਦੀ ਯਾਦ ਸੀ, ਉਸਦੀ ਤਸਵੀਰ ਸੀ, ਉਸਦੀ ਮਹਿਕ ਸੀ ਪਰ ਲੈਲਾ ਨਹੀਂ ਸੀ, ਮਕਾਨ ਸੁੰਨਸਾਨ ਪ੍ਰਤੀਤ ਹੋ ਰਿਹਾ ਸੀ, ਜਿਵੇਂ ਜੋਤੀ ਰਹਿਤ ਅੱਖਾਂ

----

ਨਾਦਿਰ ਦਾ ਦਿਲ ਭਰ ਆਇਆ, ਉਸਦੀ ਹਿੰਮਤ ਨਾ ਪਈ ਕਿ ਕਿਸੇ ਤੋਂ ਕੁਝ ਪੁੱਛੇ, ਦਿਲ ਏਨਾ ਹੌਲ਼ਾ ਹੋ ਗਿਆ ਕਿ ਮੂਰਖਾਂ ਦੇ ਵਾਂਗ ਫ਼ਰਸ਼ 'ਤੇ ਬੈਠ ਕੇ ਵਿਲਕ- ਵਿਲਕ ਕੇ ਰੋਣ ਲੱਗ ਪਿਆਜਦੋਂ ਜ਼ਰਾ ਹੰਝੂ ਰੁਕੇ ਤਾਂ ਉਸਨੇ ਬਿਸਤਰ ਨੂੰ ਸੁੰਘਿਆ ਕਿ ਸ਼ਾਇਦ ਲੈਲਾ ਦੇ ਸਪਰਸ਼ ਦੀ ਗੰਧ ਆਏ, ਪਰ ਖ਼ਸ ਅਤੇ ਗ਼ੁਲਾਬ ਦੀ ਮਹਿਕ ਦੇ ਸਿਵਾ ਕੋਈ ਸੁਗੰਧ ਨਹੀਂ ਸੀ

----

ਅਚਾਨਕ ਉਸਨੂੰ ਸਿਰਹਾਣੇ ਦੇ ਥੱਲਿਉਂ ਬਾਹਰ ਨਿੱਕਲਿਆ ਹੋਇਆ ਇੱਕ ਕਾਗਜ਼ ਦਾ ਪੁਰਜ਼ਾ ਦਿਖਾਈ ਦਿੱਤਾਉਸਨੇ ਇੱਕ ਹੱਥ ਨਾਲ ਕਲੇਜੇ ਨੂੰ ਸੰਭਾਲ ਕੇ ਪੁਰਜ਼ਾ ਕੱਢ ਲਿਆ ਅਤੇ ਸਹਿਮੀਆਂ ਹੋਈਆਂ ਅੱਖਾਂ ਨਾਲ ਉਸਨੂੰ ਦੇਖਿਆਇੱਕੋ ਨਿਗਾਹ ਵਿੱਚ ਸਾਰਾ ਭੇਤ ਖੁੱਲ੍ਹ ਗਿਆ

ਉਹ ਨਾਦਿਰ ਦੀ ਕਿਸਮਤ ਦਾ ਫੈਸਲਾ ਸੀ

...............

ਨਾਦਿਰ ਦੇ ਮੂੰਹੋਂ ਨਿੱਕਲਿਆ- ਹਾਏ ਲੈਲਾ!ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ

................

ਲੈਲਾ ਨੇ ਉਸ ਕਾਗਜ਼ ਦੇ ਪੁਰਜ਼ੇ 'ਤੇ ਲਿਖਿਆ ਸੀ- ਮੇਰੇ ਪਿਆਰੇ ਨਾਦਿਰ, ਤੇਰੀ ਲੈਲਾ ਤੇਰੇ ਤੋਂ ਜੁਦਾ ਹੁੰਦੀ ਏ- ਹਮੇਸ਼ਾਂ ਲਈ, ਮੇਰੀ ਤਲਾਸ਼ ਨਾ ਕਰੀਂ, ਤੈਨੂੰ ਮੇਰਾ ਸੁਰਾਗ਼ ਨਹੀਂ ਮਿਲੇਗਾ, ਮੈਂ ਤੇਰੀ ਮੁਹੱਬਤ ਦੀ ਗ਼ੁਲਾਮ ਸੀ, ਤੇਰੀ ਬਾਦਸ਼ਾਹਤ ਦੀ ਭੁੱਖੀ ਨਹੀਂਅੱਜ ਇੱਕ ਹਫ਼ਤੇ ਤੋਂ ਦੇਖ ਰਹੀ ਹਾਂ, ਤੇਰੀ ਨਿਗਾਹ ਫਿਰੀ ਹੋਈ ਹੈਤੂੰ ਮੇਰੇ ਨਾਲ ਬੋਲਦਾ ਨਹੀਂ, ਮੇਰੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦਾ, ਮੇਰੇ ਤੋਂ ਬੇਜ਼ਾਰ ਰਹਿੰਦਾ ਹੈਂਮੈਂ ਕਿਹੜੇ -ਕਿਹੜੇ ਅਰਮਾਨ ਲੈ ਕੇ ਤੇਰੇ ਕੋਲ ਆਉਂਦੀ ਹਾਂ ਅਤੇ ਕਿੰਨੀ ਮਾਯੂਸ ਹੋ ਕੇ ਵਾਪਿਸ ਪਰਤਦੀ ਹਾਂ, ਇਸਦਾ ਤੂੰ ਅੰਦਾਜ਼ਾ ਵੀ ਨਹੀਂ ਲਗਾ ਸਕਦਾਇਸ ਸਜ਼ਾ ਦੇ ਲਾਇਕ ਮੈਂ ਕੋਈ ਕੰਮ ਨਹੀਂ ਕੀਤਾਮੈਂ ਜੋ ਕੁਝ ਵੀ ਕੀਤਾ ਹੈ, ਤੇਰੀ ਹੀ ਭਲਾਈ ਦੇ ਖ਼ਿਆਲ ਨਾਲਇੱਕ ਹਫ਼ਤਾ ਮੈਨੂੰ ਰੋਂਦੇ ਹੋਏ ਗੁਜ਼ਰ ਗਿਆ, ਮੈਨੂੰ ਲੱਗ ਰਿਹਾ ਹੈ ਕਿ ਹੁਣ ਮੈਂ ਤੇਰੀਆਂ ਨਜ਼ਰਾਂ 'ਚੋਂ ਗਿਰ ਗਈ, ਤੇਰੇ ਦਿਲ 'ਚੋਂ ਕੱਢ ਦਿੱਤੀ ਗਈਆਹ! ਇਹ ਪੰਜ ਸਾਲ ਹਮੇਸ਼ਾਂ ਯਾਦ ਰਹਿਣਗੇ, ਹਮੇਸ਼ਾਂ ਤੜਪਾਉਂਦੇ ਰਹਿਣਗੇ, ਇਹੀ ਡੱਫ ਲੈਕੇ ਆਈ ਸੀ, ਇਹੀ ਡੱਫ ਲੈਕੇ ਜਾਂਦੀ ਹਾਂਪੰਜ ਸਾਲ ਮੁਹੱਬਤ ਦੇ ਮਜ਼ੇ ਉਠਾਕੇ, ਜ਼ਿੰਦਗੀ ਭਰ ਲਈ ਹਸਰਤ ਦੇ ਦਾਗ਼ ਲਈ ਜਾਂਦੀ ਹਾਂ, ਲੈਲਾ ਮੁਹੱਬਤ ਦੀ ਗ਼ੁਲਾਮ ਸੀ, ਜਦ ਮੁਹੱਬਤ ਹੀ ਨਾ ਰਹੀ, ਤਾਂ ਲੈਲਾ ਕਿਉਂ ਕਰ ਰਹਿੰਦੀ? ਰੁਖ਼ਸਤ !

***********

ਸਮਾਪਤ


No comments: