ਸਨਰਾਈਜ਼ ਟੀ. ਵੀ. ( ਯੂ.ਕੇ.) ਦੇ ਸਟੂਡਿਓ 'ਚ ਸਾਥੀ ਲੁਧਿਆਣਵੀ ਅਤੇ ਇੰਦਰਜੀਤ ਹਸਨਪੁਰੀ
***********************
ਇੰਦਰਜੀਤ ਹਸਨਪੁਰੀ ਦਾ ਵਿਛੋੜਾ
ਸ਼ਰਧਾਂਜਲੀ
ਇੰਦਰਜੀਤ ਹਸਨਪੁਰੀ ਪੰਜਾਬੀ ਦੇ ਸਿਰਮੌਰ ਗੀਤਕਾਰ ਸਨ। ਉਹ ਵਧੀਆ ਸ਼ਖ਼ਸ, ਫਿਲਮਕਾਰ ਅਤੇ ਚਿੱਤਰਕਾਰ ਵੀ ਸਨ। ਉਨ੍ਹਾਂ ਦਾ ਚਲੇ ਜਾਣਾ ਸਾਰੇ ਪੰਜਾਬੀਆਂ ਵਾਸਤੇ ਬੜੇ ਦੁੱਖ ਵਾਲ਼ੀ ਗੱਲ ਹੈ। ਅਜੇ ਕੁਝ ਮਹੀਨੇ ਹੀ ਪਹਿਲਾਂ ਆਪ ਜੀ ਯੂ ਕੇ ਆਏ ਸਨ ਤਾਂ ਮੈਂ ਉਨ੍ਹਾਂ ਨੂੰ ਸਨਰਾਈਜ਼ ਟੈਲੀਵੀਯਨ ਉੱਤੇ ਆਪਣੇ “ਪੰਜਾਬੀ ਗੱਲਬਾਤ” ਪਰੋਗਰਾਮ ਵਿਚ ਇੰਟਰਵੀਊ ਕੀਤਾ ਸੀ।
-----
ਮੈਂ ਇੰਦਰਜੀਤ ਹਸਨਪੁਰੀ (ਮੈਂ ਉਹਨੂੰ ਪਿਆਰ ਨਾਲ਼ “ਹੁਸਨਪਰੀ” ਵੀ ਕਿਹਾ ਕਰਦਾ ਸਾਂ) ਨੂੰ ਪੰਜਾਹਵਿਆਂ ਤੋਂ ਜਾਣਦਾ ਸਾਂ- ਜਦੋਂ ਮੈਂ ਕਾਲਜ ਸਟੂਡੈਂਟ ਸਾਂ ਤੇ ਇੰਦਰਜੀਤ ਹਸਨਪੁਰੀ ਲੁਧਿਆਣੇ ਦੇ “ਨੌ ਲੱਖਾ” ਸਿਨਮੇ ਦੇ ਸਾਹਮਣੇ ਵਾਲ਼ੇ ਖੋਖੇ ਚੋਂ ਪੇਂਟਿੰਗ ਭਾਵ ਕਮਰਸ਼ੀਅਲ ਪੇਂਟਰ ਦਾ ਕੰਮ ਚਲਾਉਂਦਾ ਹੁੰਦਾ ਸੀ।ਕਈ ਵੇਰ ਉਹ ਮੀਲ ਪੱਥਰਾਂ ਉਤੇ ਸਾਈਨ ਭਾਵ ਮੀਲ-ਗਿਣਤੀ ਲਿਖ਼ਣ ਵੀ ਚਲਾ ਜਾਇਆ ਕਰਦਾ ਸੀ।ਅਸੀਂ ਅਕਸਰ ਹੀ ਇਸ ਖੋਖੇ ਵਿਚ ਮਿਲ਼ਿਆ ਕਰਦੇ ਸਾਂ। ਇਹ ਮੁਲਾਕਾਤਾਂ ਵਧੇਰੇ ਕਰਕੇ ਮੇਰੇ ਕਾਲਜ ਤੋਂ ਘਰ ਜਾਣ ਤੋਂ ਬਾਅਦ ਹੋਇਆ ਕਰਦੀਆਂ ਸਨ। ਪਰ ਕਈ ਵੇਰ “ਨੌ ਲੱਖੇ’ ਜਾਂ ‘ਰਿਖੀ” ਸਿਨਮੇ ਵਿਚ ਫਿਲਮ ਦੇਖਣ ਉਪਰੰਤ ਵੀ ਮਿਲ਼ੀਦਾ ਸੀ।ਉਦੋਂ ਉਸ ਦੀ ਆਰਥਕ ਹਾਲਤ ਉੱਕਾ ਹੀ ਚੰਗੀ ਨਹੀਂ ਸੀ ਹੋਇਆ ਕਰਦੀ।ਕਈ ਵੇਰ ਉਹ ਪਰੇਸ਼ਾਨ ਵੀ ਹੋ ਜਾਇਆ ਕਰਦਾ ਸੀ। ਹਰ ਕੋਈ ਉਹਦੀ ਮਦਦ ਕਰਨ ਵਿਚ ਖ਼ੁਸ਼ੀ ਮਹਿਸੂਸ ਕਰਦਾ ਸੀ ਪਰ ਉਸਦਾ ਕਿਰਦਾਰ ਅਜਿਹਾ ਸੀ ਕਿ ਉਹ ਹੱਕ ਦੀ ਖਾਣ ਵਿਚ ਹੀ ਸੰਤੁਸ਼ਟ ਸੀ। ਉਹ ਅਕਸਰ ਕਿਹਾ ਕਰਦਾ ਸੀ ਕਿ ਲੇਖਕ ਤੇ ਮਜ਼ਦੂਰ ਨੂੰ ਆਪਣੀ ਮਿਹਨਤ ਦਾ ਸਹੀ ਇਵਜ਼ਾਨਾ ਮਿਲਣਾ ਚਾਹੀਦਾ ਹੈ। ਇਕ ਭਾਰਤ ਫੇਰੀ ਸਮੇਂ ਮੈਂ ਜਦੋਂ ਉਸ ਨੂੰ ਦਸਿਆ ਕਿ ਪ੍ਰੀਤ ਲੜੀ ਸਮੇਤ ਮੈਨੂੰ ਬਹੁਤ ਸਾਰੇ ਪੇਪਰ ਬਕਾਇਦਾ ਮਿਹਨਤਾਨਾ ਦਿੰਦੇ ਹਨ ਤਾਂ ਉਹ ਬੁਹੁਤ ਖ਼ੁਸ਼ ਹੋੲਆ ਸੀ ਤੇ ਕਹਿਣ ਲੱਗਾ ਕਿ ਭਾਵੇਂ ਤੁਹਾਨੂੰ ਵਲੈਤੀਆਂ ਨੂੰ ਇਸ ਦੀ ਬਹੁਤੀ ਜ਼ਰੂਰਤ ਨਹੀਂ ਪਰ ਆਪਣਾ ਹੱਕ ਨਹੀਂ ਛੱਡਣਾ ਚਾਹੀਦਾ।
-----
ਉਹਦਾ ਲੁਧਿਆਣੇ ਵਾਲ਼ਾ ਖੋਖਾ ਅਸਲ ਤੌਰ ‘ਤੇ ਯਾਰਾਂ ਦੀ ਕੁੱਲੀ ਸੀ, ਸਾਡੇ ਵਾਸਤੇ।ਅਸੀ ਮੁੰਡੇ ਖੁੰਡੇ ਹੀ ਨਹੀਂ ਸਗੋਂ ਕੁਝ ਕੁੜੀਆਂ ਵੀ ਉਥੇ ਆ ਜਾਇਆ ਕਰਦੀਆਂ ਸਨ। ਇਹ ਕੁੜੀਆਂ ਸਾਡੇ ਵਾਂਗ ਹੀ ਇੰਦਰਜੀਤ ਹਸਨਪੁਰੀ ਦੀ ਕੰਪਨੀ ਦੀਆਂ ਸ਼ੌਕੀਨ ਸਨ।ਪਰ ਛੜਿਆਂ ਵਿਚਕਾਰ ਉਹ ਤੇ ਮੈਂ ਲਤੀਫ਼ਿਆ ਦਾ ਰੰਗ ਬੰਨ੍ਹ ਦਿੰਦੇ। ਉਹ ਅਕਸਰ ਕਹਿਂਦਾ,”ਲਤੀਫ਼ਿਆਂ ਦਾ ਆਗ਼ਾਜ਼ ਸਾਥੀ ਲੁਧਿਆਣਵੀ ਕਰੂ ਤੇ ਅਖ਼ੀਰਲਾ ਲਤੀਫ਼ਾ ਵੀ ਇਹੋ ਸੁਣਾਊ ਪਰ ਵਿਚਕਾਰਲੇ ਸਮੇਂ ‘ਚ ਮੈਂ ਇਹਨੂੰ ਬੋਲਣ ਨਹੀਂ ਜੇ ਦੇਣਾ।ਇਹ ਬੋਲਦਾ ਬਹੁਤ ਹੈ।ਕਿਸੇ ਨੂੰ ਬੋਲਣ ਨਹੀਂ ਦਿੰਦਾ” ਲੰਡਨ ਆਇਆ ਤਾਂ ਰੇਡੀਓ ‘ਤੇ ਮੇਰਾ ਡਿਸਕਸ਼ਨ ਪ੍ਰੋਗਰਾਮ ਸੁਣਕੇ ਕਹਿਣ ਲੱਗਾ” ਬਹੁਤਾ ਬੋਲਣ ਵਾਲ਼ੀ ਤੇਰੀ ਆਦਤ ਗਈ ਨਹੀਂ।“ ਲੁਧਿਆਣੇ ਵਾਲ਼ੇ ਉਹਦੇ ਖੋਖੇ ਵਿਚ ਉਹਦੇ ਮਿੱਤਰਾਂ ਦਾ ਤਾਂਤਾ ਲੱਗਾ ਰਹਿੰਦਾ। ਉਹ ਗੱਲਾਂ ਕਰਦਾ ਕਰਦਾ ਨਾਲੌ ਨਾਲ਼ ਆਪਣਾ ਕੰਮ ਵੀ ਕਰੀ ਜਾਂਦਾ।ਲਤੀਫ਼ਿਆਂ ਤੇ ਗੱਲਾਂ ਨਾਲ਼ ਤਾਂ ਢਿੱਡ ਨਹੀਂ ਨਾ ਭਰਦਾ? ਇੰਦਰਜੀਤ ਹਸਨਪੁਰੀ ਇਕ ਯੋਧਾ ਸੀ ਜਿਸ ਨੇ ਜ਼ਿੰਦਗ਼ੀ ਨਾਲ ਜ਼ਬਰਦਸਤ ਘੋਲ਼ ਕੀਤਾ।ਨਾਲ਼ੋ-ਨਾਲ਼ ਉਸ ਨੇ ਕਲਮ ਚਲਾਈ। ਉਹ ਮਜ਼ਦੂਰਾਂ ਅਤੇ ਨਿਆਸਰਿਆਂ ਲਈ ਜੂਝਿਆ-ਆਪਣੇ ਗੀਤਾਂ ਰਾਹੀਂ ਵੀ, ਆਪਣੀਆਂ ਫ਼ਿਲਮਾਂ ਰਾਹੀਂ ਵੀ ਤੇ ਹਕੀਕੀ ਤੌਰ ‘ਤੇ ਵੀ। ਮੇਰੇ ਇੰਗਲੈਂਡ ਆਉਣ ਤੋਂ ਬਾਅਦ ਉਹ ਬੰਬਈ ਚਲਾ ਗਿਆ ਸੀ। ਜਿੱਥੇ ਉਸਨੇ ਕਈ ਯਾਦਗਾਰੀ ਫ਼ਿਲਮਾਂ ਬਣਾਈਆਂ, ਉਹ ਉਥੇ ਕਵੀਆਂ ਤੇ ਗੀਤਕਾਰਾਂ ਦੇ ਹੱਕਾਂ ਲਈ ਵੀ ਲੜਿਆ। ਉੱਥੇ ਉਸ ਦੇ ਗੀਤ ਲਤਾ ਮੰਗੇਸ਼ਕਰ ਤੋਂ ਸਿਵਾ ਸਭਨਾ ਗਾਇਕਾਂ/ਗਾਇਕਾਵਾਂ ਨੇ ਗਾਏ।ਮੁਹੰਮਦ ਰਫ਼ੀ ਅਤੇ ਬਾਅਦ ਵਿਚ ਜਗਜੀਤ ਸਿੰਘ ਉਸ ਦੇ ਗੀਤਾਂ ਦੇ ਪ੍ਰਸ਼ੰਸ਼ਕ ਰਹੇ।
-----
ਉਹ ਜਦੋਂ ਵੀ ਇਥੇ ਇੰਗਲੈਂਡ ਆਉਂਦਾ ਤਾਂ ਇਕ ਦਮ ਹੀ ਟੈਲੀਫੋਨ ਕਰਦਾ ਤੇ ਮਿਲਣ ਦੇ ਪਰੋਗਰਾਮਾਂ ਵਾਰੇ ਪੁੱਛਦਾ। ਅਸੀਂ ਇਕੱਠੇ ਮੁਸ਼ਾਇਰਿਆਂ ਵਿਚ ਸ਼ਿਰਕਤ ਕਰਦੇ, ਲਤੀਫ਼ੇ ਸੁਣਾਉਂਦੇ ਤੇ ਪੁਰਾਣੀਆਂ ਯਾਦਾਂ ਦਾ ਜ਼ਿਕਰ ਕਰਦੇ। ਮੈਂ ਉਹਨੂੰ ਆਪਣੇ ਰੇਡੀਓ ਪ੍ਰੋਗਰਾਮਾਂ ਵਿਚ ਲੈਕੇ ਜਾਂਦਾ।ਇਹੋ ਜਿਹੀ ਪਹਿਲੀ ਰੇਡੀਓ ਮੁਲਾਕਾਤ ਮੈਂ ਉਸ ਨਾਲ਼ ਨੱਬੇਵਿਆਂ ਵਿਚ ਕੀਤੀ ਤੇ ਅੰਤਮ ਟੈਲੀਵੀਯਨ ਇੰਟਰਵੀਊ ਐਵੇਂ ਕੁਝ ਮਹੀਨੇ ਪਹਿਲਾਂ ਹੀ 2009 ਵਿਚ ਕੀਤੀ।ਐਤਕੀਂ ਜਦੋਂ ਉਹ ਇਥੇ ਆਇਆ ਤਾਂ ਟੈਲੀਵੀਯਨ ਸਟੂਡਿਓ ਵਿਚ ਮੈਂ ਉਹਨੂੰ ਉਹਦੀ ਸਿਹਤ ਵਾਰੇ ਕਈ ਵੇਰ ਪੁਛਿਆ ਕਿਉਂਕਿ ਉਹ ਮੈਨੂੰ ਤੰਦਰੁਸਤ ਨਹੀਂ ਸੀ ਲੱਗ ਰਿਹਾ। ਉਸਨੇ ਦੱਸਿਆ ਕਿ ਉਹ ਬਹੁਤਾ ਠੀਕ ਨਹੀਂ ਰਹਿੰਦਾ। ਮੈਂ ਤਾਈਦ ਕੀਤੀ ਕਿ ਉਹ ਆਪਣਾ ਖ਼ਿਆਲ ਰੱਖੇ। ਫਿਰ ਬਾਅਦ ਵਿਚ ਪਤਾ ਲੱਗਾ ਕਿ ਉਹ ਕੈਨੇਡਾ ਗਿਆ ਸੀ ਤੇ ਵਾਪਸ ਇੰਡੀਆ ਪੁੱਜਣ ਉਪਰੰਤ ਠੀਕ ਨਹੀਂ ਸੀ ਰਿਹਾ।
-----
ਭਾਰਤ ਵਿਚ ਉਹ ਮੇਰੀਆਂ ਚੀਜ਼ਾਂ ਨੂੰ ਧਿਆਨ ਨਾਲ਼ ਪੜ੍ਹਦਾ।ਜਦੋਂ ਮੈਂ ਪ੍ਰੀਤ ਲੜੀ ਤੋਂ ਬਾਅਦ ਟ੍ਰਿਬਿਊਨ ਤੇ ਅਜੀਤ ਵਿਚ ਲਿਖਣਾ ਸ਼ੁਰੂ ਕੀਤਾ ਤਾਂ ਲੁਧਿਆਣਿਓਂ ਟੈਲੀਫ਼ੋਨ ਕਰਕੇ ਕਹਿਣ ਲੱਗਾ,”ਉਇ ਸਾਥੀ ਮਿੱਤਰਾ, ਤੂੰ ਵਧੀਆ ਕੀਤਾ ਅਜੀਤ ਤੇ ਟ੍ਰਿਬਿਊਨ ਵਿਚ ਲਿਖਣਾ ਸ਼ੁਰੂ ਕਰਕੇ। ਅਸੀਂ ਤਾਂ ਸਮਝਿਆ ਸੀ ਕਿ ਸਾਥੀ ਨੇ ਪ੍ਰੀਤ ਲੜੀ ਵਿਚ ਲਿਖ਼ਣਾ ਛੱਡਕੇ ਸਾਨੂੰ ਪੰਜਾਬ ‘ਚ ਰਹਿੰਦਿਆਂ ਨੂੰ ਵਿਸਾਰ ਹੀ ਛੱਡਿਆਂ ਏ।ਇਹੋ ਜਿਹੇ ਵਧੀਆ ਲੇਖ ਕਿੱਥੇ ਮਿਲ਼ਦੇ ਨੇ ਅੱਜਕਲ੍ਹ ਯਾਰ?” ਤੇ ਮੈਂ ਇਕ ਦਿਨ ਅਜੀਤ ਵਿਚ ਮੇਰੇ ਵਾਰੇ ਲਿਖੀ ਉਸ ਦੀ ਹੇਠ ਲਿਖੀ ਚੀਜ਼ ਪੜ੍ਹੀ:-
-----
ਪੈਰ ਅੱਗ ‘ਤੇ ਧਰਦਾ ਸਾਥੀ।
ਗੱਲ ਕਹਿਣੋਂ ਨਾ ਡਰਦਾ ਸਾਥੀ।
----
ਕਵਿਤਾ,ਗੀਤ ਗ਼ਜ਼ਲ ਸਿਰਜੇ ਤੇ,
ਲੇਖਾਂ ਵਿਚ ਰੰਗ ਭਰਦਾ ਸਾਥੀ।
-----
ਗਿਆਨ ਦਾ ਸਾਗਰ ਕਰਕੇ ‘ਕੱਠਾ,
ਕੁੱਜੇ ਵਿਚ ਬੰਦ ਕਰਦਾ ਸਾਥੀ।
-----
ਜਿੱਤ ਓਸ ਦੇ ਪੈਰ ਚੁੰਮਦੀ,
ਬਾਜ਼ੀ ਕਦੇ ਨਾ ਹਰਦਾ ਸਾਥੀ।
-----
ਜਾ ਇੰਗਲੈਂਡ ਦਾ ਵਾਸੀ ਬਣਿਆ,
ਸਾਗਰ ਤਰਦਾ ਤਰਦਾ ਸਾਥੀ।
-----
ਮਿਲ਼ੋ ਤਾਂ ਇਓਂ ਮਹਿਸੂਸ ਹੋਏਗਾ,
ਜਿਵੇਂ ਹੈ ਬੰਦਾ ਘਰ ਦਾ ਸਾਥੀ।
-----
ਨਾ ਪਿਘਲ਼ਾ ਸਕਦੀ ਧੁੱਪ ਉਸ ਨੂੰ,
ਨਾ ਹੀ ਮੀਂਹ ਵਿਚ ਖ਼ਰਦਾ ਸਾਥੀ।
-----
ਦੁਖੀ, ਗ਼ਰੀਬ ਕਿਤੇ ਕੋਈ ਤੜਫ਼ੇ,
ਰੋਹ ਵਿਚ ਹਉਕਾ ਭਰਦਾ ਸਾਥੀ।
----
ਜ਼ਾਲਮ ਨਾਲ਼ ਏ ਮੱਥਾ ਲਾਉਂਦਾ,
ਜ਼ੁਲਮ ਕਦੇ ਨਾ ਜਰਦਾ ਸਾਥੀ।
-----
‘ਹਸਨਪੁਰੀ’ ਦਾ ਯਾਰ ਪੁਰਾਣਾ,
ਸੁਣਿਆ ਗੱਲਾਂ ਕਰਦਾ ਸਾਥੀ।
ਬਾਅਦ ਵਿਚ ਉਸ ਨੇ ਹੋਰ ਮਿੱਤਰਾਂ ਵਾਰੇ ਨਜ਼ਮਾਂ ਲਿਖ ਕੇ ਮੋਤੀ ਪੰਜ ਦਰਿਆਵਾਂ ਦੇ ਨਾਮ ਹੇਠ ਇਕ ਕਾਵਿ- ਸੰਗ੍ਰਹਿ ਪ੍ਰਕਾਸ਼ਤ ਕਰਵਾਇਆ।
-----
ਐਤਕੀਂ ਜਦੋਂ ਲੰਡਨ ਵਿਚ ਅਸੀਂ ਟੈਲੀਵੀਯਨ ਸਟੂਡੀਓ ਤੋਂ ਬਾਹਰ ਆਏ ਤਾਂ ਉਸ ਨੇ ਜ਼ਿੱਦ ਕੀਤੀ ਕਿ ਮੈਂ ਉਸ ਦੇ ਨਾਲ਼ ਹੀ ਉਸ ਦੇ ਮਿੱਤਰ ਦੇ ਘਰ ਚੱਲਾਂ।ਜਦੋਂ ਅਸੀਂ ਉੱਥੇ ਪੁੱਜੇ ਤਾਂ ਹਸਨਪੁਰੀ ਦੀ ‘ਲਾਈਵ’ ਇੰਟਰਵਿੳ ਦੇਖ ਕੇ ਹਟੇ ਅਨੇਕਾਂ ਮਿੱਤਰਾਂ ਦੀ ਢਾਣੀ ਬੈਠੀ ਸੀ ਜਿਹੜੇ ਮੇਰੇ ਵੀ ਪ੍ਰਸ਼ੰਸ਼ਕ ਸਨ। ਇਹ ਮਹਿਫ਼ਿਲ ਰਾਤ ਦੇਰ ਤੀਕ ਚੱਲੀ।ਹਾਸੇ ਤੇ ਲਤੀਫ਼ਿਆਂ ਦੇ ਗੁਬਾਰੇ ਖ਼ੂਬ ਉੱਡੇ। ਭੁੰਨੇ ਹੋਏ ਮੁਰਗੇ ਅਤੇ ਵਿਸਕੀ ਨਾਲ਼ ਮਹਿਮਾਨ ਨਿਮਾਜ਼ੀ ਹੋਈ।ਹਸਨਪੁਰੀ ਦੀ ਸ਼ਿਕਾਇਤ ਸੀ ਕਿ ਮੈਂ ਬਹੁਤੀ ਨਹੀਂ ਸੀ ਪੀਤੀ। ਉਸ ਨੂੰ ਡਰਿੰਕ ਡਰਾਈਵ ਦੀ ਗੱਲ ਸਮਝ ਨਹੀਂ ਸੀ ਆ ਰਹੀ।
-----
ਮਹਿਫ਼ਿਲ ‘ਚ ਬੈਠਿਆਂ ਮੈਂ ਉਸ ਵਾਰੇ ਚਾਰ ਕੁ ਸ਼ਿਅਰ ਸੁਣਾਏ ਤਾਂ ਉਹ ਬਹੁਤ ਖ਼ੁਸ਼ ਹੋਇਆ ਪਰ ਗ਼ਿਲਾ ਵੀ ਕੀਤਾ ਕਿ ਮੈਂ ਇਹ ਟੈਲੀਵੀਯਨ ਉੱਤੇ ਕਿਉਂ ਨਹੀਂ ਸੀ ਸੁਣਾਏ? ਉਹ ਸ਼ਿਅਰ ਇਹ ਸਨ:-
ਬਹੁਤ ਬੜਾ ਗੀਤਕਾਰ ਹੈ, ਇੰਦਰਜੀਤ ਹਸਨਪੁਰੀ।
ਗੀਤਕਾਰ ਹੈ, ਫ਼ਨਕਾਰ ਹੈ ਇੰਦਰਜੀਤ ਹਸਨਪੁਰੀ।
-----
ਗੀਤਾਂ ‘ਚ ਸਾਂਭ ਦਿੱਤਾ ਹੈ ਉਸ ਨੇ ਪੰਜਾਬ ਨੂੰ,
ਏਦਾਂ ਦਾ ਕਿਰਦਾਰ ਹੈ ਇੰਦਰਜੀਤ ਹਸਨਪੁਰੀ।
-----
ਲੋਕਾਂ ਨਾਲ਼ ਖੜ੍ਹਾ ਹੈ, ਲੋਕਾਂ ਦਾ ਸ਼ਾਇਰ ਹੈ,
ਵੈਰੀ ਲਈ ਲਲਕਾਰ ਹੈ ਇੰਦਰਜੀਤ ਹਸਨਪੁਰੀ।
-----
ਗੀਤ ਤੇ ਗ਼ਜ਼ਲਾਂ ਲਿਖ਼ਦਾ, ਫ਼ਿਲਮਾਂ ਬਣਾਉਂਦਾ ਹੈ,
ਬੜਾ ਵਧੀਆ ਚਿੱਤਰਕਾਰ ਹੈ ਇੰਦਰਜੀਤ ਹਸਨਪੁਰੀ।
-----
ਪੀਣ,ਪਿਲਾਉਣ, ਖਾਣ,ਪੀਣ ਦਾ ਸ਼ੌਕੀਨ ਹੈ,
ਹਸਦਾ, ਖੇਡਦਾ ਸਰਦਾਰ ਹੈ ਇੰਦਰਜੀਤ ਹਸਨਪੁਰੀ।
-----
ਬੜਾ ਤਕੜਾ ਹੁੰਦਾ ਸੀ ਇੰਦਰਜੀਤ ਹਸਨਪੁਰੀ,
ਲਗਦਾ ਹੁਣ ਬੀਮਾਰ ਹੈ ਇੰਦਰਜੀਤ ਹਸਨਪੁਰੀ।
-----
ਪੁਰਾਣਾ ਹੈ, ਪੱਕਾ ਹੈ, ਬਿਹਤਰੀਨ ਵੀ ਹੈ,
“ਸਾਥੀ” ਦਾ ਯਾਰ ਹੈ ਇੰਦਰਜੀਤ ਹਸਨਪੁਰੀ।
ਮੈਂ ਉਸ ਦੀ ਯਾਦ ਵਿਚ ਸਿਰ ਝੁਕਾਉਂਦਾ ਹਾਂ ਤੇ ਉਸ ਦੇ ਪਰਿਵਾਰ ਨਾਲ਼ ਸਹਾਨੁਭੂਤੀ ਪ੍ਰਗਟਾਉਂਦਾ ਹਾਂ।
1 comment:
hasanpuri ji da vicchora peina hi si,so pei giya.1992 vich P.A.U.aaon te ohna da autograph liya,likhiaa si--"Larreen vich neriyaan de naal mitra,Ik deeva bujhe duja baal mitra" Fer 2006 vich ohna nu Mansa sad ke sanmanit kita si...Bas yaadaan hi reh gaeen... Harvinder
Post a Comment