ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, October 16, 2009

ਗਿਆਨੀ ਸੰਤੋਖ ਸਿੰਘ - ਮੈ ਅੱਧੇ ਕਿਰਾਏ ਵਿਚ ‘ਸਫ਼ਰ’ ਕਰਦਾ ਹਾਂ - ਲੇਖ

ਮੈ ਅੱਧੇ ਕਿਰਾਏ ਵਿਚ ਸਫ਼ਰ ਕਰਦਾ ਹਾਂ

ਲੇਖ

ਮੇਰੀ ਵੱਡੀ ਬੱਚੀ ਰਵੀਨ, ਆਸਟ੍ਰੇਲੀਆ ਦੀ ਏਅਰ ਲਾਈਨ ਕਾਂਟਾਜ਼ ਵਿਚ ਉੱਚ ਅਹੁਦੇ ਉਪਰ ਨੌਕਰੀ ਕਰਦੀ ਹੈਇਸ ਲਈ ਮੈ ਤੇ ਉਸਦੀ ਮਾਂ ਇਸ ਕੰਪਨੀ ਦੇ ਜਹਾਜ਼ ਵਿਚ ਤਕਰੀਬਨ ਅੱਧੇ ਕਰਾਏ ਉਪਰ ਸਫ਼ਰ ਕਰ ਸਕਦੇ ਹਾਂਬੱਚੀ ਦੇ ਪਤੀ ਤੇ ਉਹਨਾਂ ਦੇ ਬੱਚੇ ਹੋਰ ਵੀ ਬਹੁਤ ਘੱਟ ਕਰਾਇਆ ਭਰ ਕੇ ਯਾਤਰਾ ਕਰ ਸਕਦੇ ਹਨ ਪਰ ਸਾਰੇ ਪਰਿਵਾਰ ਵਿਚੋਂ ਸਿਰਫ਼ ਮੈ ਹੀ ਇਸ ਸਹੂਲਤ ਦਾ 'ਲਾਭ' ਉਠਾਉਂਦਾ ਹਾਂਜਿੰਨਾ ਕਰਾਇਆ ਆਮ ਸਵਾਰੀ ਨੂੰ ਕਈ ਸ਼ਰਤਾਂ ਸਹਿਤ ਸਸਤੇ ਤੋਂ ਸਸਤਾ ਭਰਨਾ ਪੈਂਦਾ ਹੈ ਉਸ ਤੋਂ ਵੀ ਘੱਟ ਕਰਾਏ ਵਿਚ ਹੀ ਮੈ ਯਾਤਰਾ ਕਰ ਸਕਦਾ ਹਾਂ ਪਰ ਸਿਰਫ਼ ਇਕ ਸ਼ਰਤ ਹੀ ਲਾਗੂ ਹੁੰਦੀ ਹੈ ਮੇਰੇ ਤੇਉਹ ਸ਼ਰਤ ਹੀ ਐਸੀ ਹੈ ਕਿ ਕਈ ਵਾਰ "ਲੇਨੇ ਕੇ ਦੇਨੇ ਪੜ ਜਾਤੇ ਹੈਂ।" ਉਹ ਸ਼ਰਤ ਇਹ ਹੈ ਕਿ ਜਹਾਜ਼ ਉਡਣ ਤੋਂ ਸਿਰਫ਼ ਵੀਹ ਮਿੰਟ ਤੇ ਕਈ ਵਾਰ ਇਸ ਤੋਂ ਵੀ ਘੱਟ ਸਮੇਂ ਤੇ ਮੈਨੂੰ ਪਤਾ ਲੱਗਦਾ ਹੈ ਕਿ ਜਹਾਜ਼ ਮੈਨੂੰ ਆਪਣੇ ਵਿਚ ਬਿਠਾਏਗਾ ਜਾਂ ਕਿ ਖੋਟੇ ਪੈਸੇ ਵਾਂਗੂੰ ਵਾਪਸ ਮੋੜੇਗਾ! ਐਸੇ ਖਲਜਗਣ ਤੋਂ ਬਚਣ ਲਈ ਹੋਰ ਕੋਈ ਜੀ ਇਸ ਸਹੂਲਤ ਦਾ ਲਾਭ ਨਹੀਂ ਉਠਾਉਂਦਾਮੈਨੂੰ ਦੁਨੀਆਂ ਵਿਚ ਵਿਚਰਨ ਦਾ ਸ਼ੌਕ ਹੋਣ ਕਰਕੇ ਤੇ ਮਾਨਸਿਕਤਾ ਦੀ ਸਸਤੇ ਕਰਾਏ ਵੱਲ ਦੀ ਖਿੱਚ ਸਦਕਾ, ਮੈ ਇਸ ਸਹੂਲਤ ਦਾ ਲਾਭ ਉਠਾਉਂਣ ਲਈ, ਕਿਸੇ ਨਾ ਕਿਸੇ ਪਾਸੇ ਤੁਰਿਆ ਹੀ ਰਹਿੰਦਾ ਹਾਂ ਪਰ ਇਸ ਸਸਤੇ ਸਫ਼ਰ ਦੌਰਾਨ, ਕਈ ਵਾਰੀ ਮਹਿੰਗਾ ਸਫ਼ਰਵੀ ਕਰਨਾ ਕਰਨਾ ਪੈ ਜਾਂਦਾ ਹੈਇਹ ਕਦੀ-ਕਦੀ ਦਿਲਚਸਪ ਵੀ ਹੋ ਨਿੱਬੜਦਾ ਹੈ

------

ਜੇਕਰ ਰਾਹ ਵਿਚ ਕਿਤੇ ਜਹਾਜ਼ ਬਦਲਣਾ ਪਵੇ ਤੇ ਅੱਗੋਂ ਦੀ ਸੀਟ ਨਾ ਮਿਲ਼ੇ ਤਾਂ ਫਿਰ ਨਵੇ ਸਿਰੇ ਹੋਰ ਟਿਕਟ ਇਕ ਪਾਸੇ ਦੀ ਆਮ ਸਵਾਰੀ ਵਾਂਗ ਹੀ, ਪੂਰੇ ਮੁੱਲ ਤੇ ਬਹੁਤ ਮਹਿੰਗੀ ਖ਼ਰੀਦਣੀ ਪੈਂਦੀ ਹੈ ਜੋ ਕਿ ਦਾਹੜੀ ਨਾਲ਼ੋਂ ਮੁੱਛਾਂ ਵਧਣ ਕਾਰਨ, “ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀਵਾਲ਼ੀ ਅਵੱਸਥਾ ਬਣ ਜਾਂਦੀ ਹੈਦਿੱਲੀ ਤੋਂ ਤਾਂ ਕਦੀ ਮੈਨੂੰ ਸੀਟ ਮਿਲ਼ੀ ਹੀ ਨਹੀ2003 ਦੇ ਅਪ੍ਰੈਲ਼ ਮਹੀਨੇ ਵਿਚ ਮੈ ਅੰਮ੍ਰਿਤਸਰੋਂ ਰੇਲ ਰਾਹੀਂ ਦਿੱਲੀ ਗਿਆਤਿੰਨ ਦਿਨ ਤੇ ਤਿੰਨ ਰਾਤਾਂ ਹਵਾਈ ਅੱਡੇ ਤੇ ਹੀ ਫਿਰਦਾ ਉਡੀਕ ਕਰਦਾ ਰਿਹਾ ਕਿ ਸ਼ਾਇਦ ਅਗਲੇ, ਸ਼ਾਇਦ ਹੋਰ ਅਗਲੇ ਜਹਾਜ਼ ਵਿਚ ਮੈਨੂੰ ਬੈਠਾ ਲੈਣ ਪਰ ਇਹ ਊਠ ਦਾ ਬੁੱਲ੍ਹ ਨਾ ਡਿਗਦਾ ਵੇਖ ਕੇ, ਅਖੀਰ ਸੋਚਿਆ ਕਿ ਤਿੰਨ ਦਿਨ ਤੋਂ ਖਾਣ ਲਈ ਵੀ ਕੁਝ ਖਾਸ ਨਹੀ ਮਿਲ਼ਿਆ ਤੇ ਉਤੋਂ ਗਰਮੀ ਦਾ ਵੀ ਮੌਸਮ ਹੈ; ਕਿਤੇ ਕਮਜ਼ੋਰ ਸਰੀਰ ਨਾਲ਼ ਜਾਹ ਜਾਂਦੀਏ ਨਾ ਹੋ ਜਾਵੇਉਤੋਂ ਜਵਾਨ ਜਿਹਾ ਦਿੱਸਣ ਵਾਲਾ ਮੋਨਾ ਸੱਜਣ, ਏਅਰ ਇੰਡੀਆ ਦਾ ਓਥੇ ਮੈਨੇਜਰ ਸੀਉਸ ਨਾਲ਼ ਜਦੋਂ ਮੈ ਸੀਟ ਮਿਲ਼ਣ ਦੀ ਸੰਭਾਵਨਾ ਦੀ ਗੱਲ ਕਰਾਂ ਤਾਂ ਉਹ ਵਿਅੰਗਾਤਮਕ ਜਿਹੀ ਝਾਕਣੀ ਮੇਰੇ ਵੱਲ ਝਾਕੇਮੈਨੂੰ ਇਉਂ ਜਾਪੇ ਜਿਵੇਂ ਕਿ ਉਹ ਜਾਣ ਕੇ ਮੇਰੇ ਨਾਲ਼ ਟਿੱਚਰਾਤਮਕ ਜਿਹਾ ਵਰਤਾ ਕਰ ਰਿਹਾ ਹੈਅਖੀਰ ਮੈ ਹਵਾਈ ਅੱਡੇ ਤੋਂ ਜਲੰਧਰ ਜਾਣ ਵਾਲ਼ੀ ਬੱਸ ਫੜੀ ਤੇ ਵਾਪਸ ਚਾਲੇ ਪਾ ਦਿਤੇਰਾਹ ਵਿਚ ਬੱਸ ਇਕ ਥਾਂ ਰੁਕੀ ਤਾਂ ਭਰਾ ਨੂੰ ਅੰਮ੍ਰਿਤਸਰ ਫ਼ੋਨ ਕਰਕੇ ਦੱਸ ਦਿਤਾ ਕਿ ਮੈ ਹੀ ਵਾਪਸ ਆ ਰਿਹਾ ਹਾਂਕਿਤੇ ਮੈਨੂੰ ਗੇਟ ਤੇ ਵੇਖ ਕੇ ਡਰ ਨਾ ਜਾਇਓ ਇਹ ਸਮਝ ਕੇ ਭਾਊ ਦਾ ਸ਼ਾਇਦ ਭੂਤ ਆ ਗਿਆ ਹੈਉਹ ਖ਼ੁਦ ਤਾਂ ਵਲੈਤ ਨੂੰ ਗਿਆ ਸੀ

-----

ਚਿਰਕਾਲੀ ਮਿੱਤਰ ਸ. ਕੁਲਜੀਤ ਸਿੰਘ ਜੀ ਰਾਹੀਂ ਇਕ ਬੱਸ ਅੱਡੇ ਲਾਗੇ ਟ੍ਰੈਵਲ ਏਜੰਟ ਨੂੰ ਛੇਤੀ ਤੋਂ ਛੇਤੀ ਲੰਡਨ ਦੀ ਸੀਟ ਲਈ ਆਖ ਦਿਤਾ ਤੇ ਖ਼ੁਦ ਮੈ ਬੇਫ਼ਿਕਰ ਹੋ ਗਿਆਪੈਸੇ ਨਾ ਉਸ ਨੇ ਮੰਗੇ ਤੇ ਨਾ ਹੀ ਅਸੀਂ ਪੁੱਛੇਮੈ ਤਾਂ ਇਹ ਸੋਚ ਕੇ ਨਾ ਪੁੱਛੇ ਕਿ ਮੇਰੇ ਮਿੱਤਰ ਦਾ ਮਿੱਤਰ ਹੈਜਦੋਂ ਟਿਕਟ ਚੁੱਕਾਂਗੇ ਤਾਂ ਪੈਸੇ ਵੀ ਉਸ ਸਮੇ ਫੜਾ ਦਿਆਂਗੇ ਪਰ ਉਸ ਪਿਓ ਦੇ ਪੁੱਤ ਨੇ ਨਾ ਤਾਂ ਪੈਸੇ ਮੰਗੇ ਤੇ ਨਾ ਹੀ ਟਿਕਟ ਬਣਾਈਇਸ ਤਰ੍ਹਾਂ ਨੌ ਦਿਨ ਹੋਰ ਅੰਮ੍ਰਿਤਸਰ ਵਿਚ ਮੈਨੂੰ ਰਹਿਣਾ ਪਿਆਇਹ ਦਿਨ ਮੈਨੂੰ ਇਉਂ ਲੰਘੇ ਜਿਵੇ ਸ਼ਾਇਦ ਥਲ ਵਿਚ ਸੱਸੀ ਨੂੰ ਲੰਘੇ ਹੋਣ! ਅਖੀਰ ਪੈਸੇ ਪੇਸ਼ਗੀ ਮਿਲ਼ਨ ਤੇ, ਓਸੇ ਏਜੰਟ ਨੇ ਬਹੁਤ ਮਹਿੰਗੀ ਟਿਕਟ ਖ਼ਰੀਦ ਦਿਤੀ ਤੇ ਮੈ ਉਜ਼ਬੇਕਿਸਤਾਨ ਦੇ ਜਹਾਜ ਤੇ ਬੈਠ ਕੇ, ਤਾਸ਼ਕੰਦ ਰਾਹੀਂ ਲੰਡਨ ਅਪੜਿਆਇਉਂ ਮੇਰੀ ਕੰਜੂਸੀਦਾ ਕਚੂੰਬਰ ਨਿਕਲ਼ਿਆ

-----

ਫਿਰ 2007 ਵਿਚ ਵੀ ਦਿੱਲੀਉਂ ਲੰਡਨ ਜਾਣਾ ਸੀਓਥੋਂ ਅੱਗੇ ਬੱਸ ਰਾਹੀਂ ਬੈਲਜੀਅਮ ਦੀ ਰਾਜਧਾਨੀ ਬਰੱਸਲ ਜਾਣਾ ਸੀ ਪਰ ਦਿੱਲੀਉਂ ਸੀਟ ਨਾ ਮਿਲ਼ੀ ਤੇ ਸ. ਤੇਜਿੰਦਰ ਪਾਲ ਸਿੰਘ ਜੀ ਦਿੱਲੀ ਵਾਲ਼ਿਆਂ ਦੀ ਸਹਾਇਤਾ ਨਾਲ਼ ਹੋਰ ਮਹਿੰਗੀ ਟਿਕਟ ਨਾਲ਼, ਆਸਟ੍ਰੀਆ ਦੇਸ ਦੀ ਰਾਜਧਾਨੀ ਵੀਆਨਾ ਰਾਹੀਂ, ਸਿਧਾ ਬਰੱਸਲ ਹੀ ਜਾ ਉਤਰਿਆ

ਇਹੋ ਜਿਹੇ ਕਈ ਦਿਲਚਸਪ ਵਾਕਿਆਤ ਸਫ਼ਰ ਦੌਰਾਨ ਮੇਰੇ ਨਾਲ਼ ਅਕਸਰ ਵਾਪਰਦੇ ਹੀ ਰਹਿੰਦੇ ਹਨਭਾਰਤ ਦੀ ਯਾਤਰਾ ਲਈ ਵੀ ਕਾਂਟਾਜ਼ ਉਪਰ ਸਿਰਫ ਮੁੰਬਈ ਤੱਕ ਹੀ ਜਾਇਆ ਜਾ ਸਕਦਾ ਹੈ ਕਿਉਂਕਿ ਉਸ ਤੋਂ ਅੱਗੇ ਇਹ ਨਹੀਂ ਜਾਂਦੀਮੁੰਬਈ ਤੋਂ ਫਿਰ ਅੱਗੇ ਹੋਰ ਟਿਕਟ ਖ਼ਰੀਦਣੀ ਪੈਂਦੀ ਹੈਉਸ ਟਿਕਟ ਉਤੇ ਖ਼ਰਚ ਆਮ ਵਾਂਗ ਪੂਰਾ ਹੀ ਲੱਗਦਾ ਹੈ ਪਰ ਮਨ ਨੂੰ ਧਰਵਾਸ ਜਿਹਾ ਰਹਿੰਦਾ ਹੈ ਕਿ ਮੈ ਹਿੰਦੁਸਤਾਨ ਵਿਚ ਤਾਂ ਥੋੜ੍ਹੇ ਕਰਾਏ ਨਾਲ਼ ਪਹੁੰਚ ਜਾਵਾਂਗਾ ਅਗਲੇ ਖ਼ਰਚ ਦਾ ਫ਼ਿਕਰ ਨਹੀ ਕਰਦਾਹਰੇਕ ਵਾਰੀ ਹੀ ਸੋਚਦਾ ਹਾਂ ਕਿ ਮੁੰਬਈ ਤੋਂ ਰੇਲ ਰਾਹੀਂ ਅੰਮ੍ਰਿਤਸਰ ਚਲਿਆ ਜਾਵਾਂਗਾ ਪਰ ਅਜਿਹਾ ਕਦੀ ਕਰ ਨਹੀ ਸਕਿਆਧਰਤੀ ਤੇ ਪੈਰ ਲੱਗਦਿਆਂ ਹੀ ਫੌਰਨ ਅੰਮ੍ਰਿਤਸਰ ਪੁੱਜਣ ਦੀ ਕਾਹਲ਼ੀ ਪੈ ਜਾਂਦੀ ਹੈ ਤੇ ਹਵਾਈ ਅੱਡੇ ਤੋਂ ਹੀ ਏਅਰ ਇੰਡੀਆ ਦੀ ਟਿਕਟ ਖ਼ਰੀਦ ਕੇ ਉਸ ਵਿਚ ਅੱਗੇ ਨੂੰ ਉੱਡ ਜਾਂਦਾ ਹਾਂ

----

ਪਿਛਲੀ ਯਾਤਰਾ ਦੀ ਹੀ ਗੱਲ ਹੈ: ਲੰਡਨੋਂ ਦਿੱਲੀ ਜਾਣਾ ਸੀਹੀਥਰੋ ਏਅਰ ਪੋਰਟ ਤੇ ਟਰਮੀਨਲ ਦੀ ਲਭ ਲਭਾਈ ਪਿੱਛੋਂ ਜਦੋਂ ਸਹੀ ਟਰਮੀਨਲ ਤੇ ਪਹੁੰਚਿਆ ਤਾਂ ਕਾਊਂਟਰ ਵਾਲ਼ੀ ਬੀਬੀ ਨੇ ਆਖਿਆ ਕਿ ਜਹਾਜ਼ ਦਾ ਬੂਹਾ ਬੰਦ ਹੋ ਗਿਆ ਹੈਮੈ ਲੇਟ ਹਾਂ ਪਰ ਜੇ ਮੈ ਸਮੇ ਸਿਰ ਪਹੁੰਚ ਵੀ ਜਾਂਦਾ ਤਾਂ ਵੀ ਸੀਟ ਕੋਈ ਨਹੀ ਸੀ ਮਿਲ਼ਣੀਮੇਰੇ ਵੱਲੋਂ ਅੱਗੋਂ ਮਿਲ਼ਨ ਦੀ ਸੰਭਾਵਨਾ ਬਾਰੇ ਪੁਛਣ ਤੇ ਉਸਨੇ ਆਖਿਆ ਕਿ ਮਹੀਨੇ ਤੱਕ ਕੋਈ ਸੰਭਾਵਨਾ ਨਹੀ ਹੈਮੈ ਮਦਰਾਸ, ਕਲਕੱਤੇ ਜਾਂ ਮੁੰਬਈ ਜਾ ਸਕਦਾ ਹਾਂਮੈ ਮੁੰਬਈ ਦੀ ਰਜ਼ਾਮੰਦੀ ਪ੍ਰਗਟਾਈ ਤਾਂ ਉਸਨੇ ਟਰਮੀਨਲ ਦਾ ਨਾਂ ਦੱਸ ਕੇ ਆਖਿਆ ਕਿ ਮੈ ਭੱਜ ਜਾਵਾਂਜਹਾਜ਼ ਤਿਅਰ ਹੈਓਥੋਂ ਭੱਜਿਆਪੁੱਛ ਪੁਛਾ ਕੇ ਸਹੀ ਟਰਮੀਨਲ ਤਾਂ ਲੱਭ ਲਿਆ ਪਰ ਇਉ ਹਫ਼ੜਾ ਦਫ਼ੜੀ ਵਿਚ ਮੇਰਾ ਮੋਬਾਇਲ ਸੈਕਿਉਰਟੀ ਵਾਲ਼ਿਆਂ ਕੋਲ਼ ਹੀ ਰਹਿ ਗਿਆਓਦੋਂ ਦੇ ਸੱਜਣ ਓਸੇ ਫ਼ੋਨ ਤੇ ਰਿੰਗੀ ਜਾਂਦੇ ਨੇ ਤੇ ਅੱਗੋ ਉਤਰ ਨਾ ਮਿਲ਼ਣ ਤੇ ਮੈਨੂੰ ਸਲਵਾਤਾਂ ਸੁਣਾਈ ਜਾਂਦੇ ਨੇ

-----

ਇਕ ਵਾਰੀਂ ਲੰਡਨ ਤੋਂ ਦਿੱਲੀ ਜਾਣਾ ਸੀਮੁੜਨਾ ਤਾਂ ਭਾਵੇਂ ਸਿਡਨੀ ਨੂੰ ਹੀ ਸੀ ਪਰ ਲੰਡਨ ਰਹਿਣ ਸਮੇ ਪਤਾ ਲੱਗਾ ਕਿ ਮਿੱਤਰ ਸ. ਕੁਲਜੀਤ ਸਿੰਘ ਜੀ ਦੀ ਬੇਟੀ ਅੰਮ੍ਰਿਤ ਦਾ ਵਿਆਹ ਹੈਸੋਚਿਆ ਕਿ ਚਲੋ ਬੇਟੀ ਦੇ ਵਿਆਹ ਵਿਚ ਵੀ ਸ਼ਾਮਲ ਹੁੰਦਾ ਜਾਵਾਂਤਿੰਨ ਦਿਨ ਹਰ ਰੋਜ ਹੀਥਰੋ ਹਵਾਈ ਅੱਡੇ ਤੇ ਜਾ ਕੇ ਮੁੜਦਾ ਰਿਹਾਅਚਾਨਕ ਪਤਾ ਲੱਗਾ ਕਿ ਸਾਨੂੰ ਡੀਲ ਕਰਨ ਵਾਲ਼ਾ ਨੌਜਵਾਨ ਪੰਜਾਬੀ ਹੈਇਹ ਉਸ ਦੇ ਇਕ ਵਾਕ, “ਜਲਦੀ ਜਲਦੀ ਚੱਲੋ!ਬੋਲਣ ਤੋਂ ਪਤਾ ਲੱਗਾਮੈ ਪੁਛਿਆ, “ਤੈਨੂੰ ਪੰਜਾਬੀ ਆਉਂਦੀ ਆ? ਉਹ ਕਹਿੰਦਾ.ਹਾਂ ਜੀ; ਮੈ ਪੰਜਾਬੀ ਸਿੱਖ ਹਾਂ ਜੀ!ਇਹ ਸੁਣ ਕੇ ਮੈ ਕਿਹਾ, “ਮਾਰ ਫਿਰ ਕੋਈ ਰੇਖ ਵਿਚ ਮੇਖ! ਪੁਚਾ ਮੈਨੂੰ ਦਿੱਲੀ!ਉਸ ਦਾ ਉਤਰ ਸੀ ਕਿ ਉਹ ਤਾਂ ਆਪਣੇ ਮਾਂ ਪਿਓ ਲਈ ਕੁਝ ਨਹੀ ਸੀ ਕਰ ਸਕਿਆ ਤੇ ਮੇਰੇ ਲਈ ਕੀ ਕਰ ਸਕਦਾ ਹੈ! ਉਸ ਦੀ ਸਪੱਸ਼ਟਵਾਦਤਾ ਤੋਂ ਮੈ ਪ੍ਰਭਾਵਤ ਹੋਇਆ ਤੇ ਆਖਿਆ ਕਿ ਦਿੱਲੀ ਨਹੀ ਤਾਂ ਮੁੰਬਈ, ਕਲਕੱਤਾ, ਮਦਰਾਸ, ਕਿਤੇ ਵੀ ਘੱਲ ਦੇਵੇ ਪਰ ਉਸਨੇ ਅਸਮਰੱਥਾ ਹੀ ਪ੍ਰਗਟਾਈਫਿਰ ਮੈ ਕਿਹਾ ਚੱਲ ਇੰਡੀਆ ਨਹੀ ਤਾਂ ਸਿਡਨੀ, ਸਿੰਘਾਪੁਰ, ਹਾਂਗ ਕਾਂਗ, ਬੈਂਕਾਕ, ਕਿਤੇ ਭੇਜ ਦੇਹਉਸਨੇ ਬੈਂਕਾਕ ਦੀ ਹਾਮੀ ਭਰੀਮੈ ਕਿਹਾ, “ਚੱਲ, ਮੈਨੂੰ ਲੰਡਨੋ ਕੱਢ! ਅੱਧ ਵਿਚ ਤਾਂ ਮੈ ਪਹੁੰਚ ਹੀ ਜਾਵਾਂਗਾਅੱਗੋਂ ਫਿਰ ਵੇਖੀ ਜਾਵੇਗੀ!ਉਸਨੇ ਮੈਨੂੰ ਬੈਂਕਾਕ ਵਾਲੇ ਜਹਾਜ਼ੇ ਚੜ੍ਹਾ ਦਿਤਾਮੈ ਸੋਮਵਾਰ ਬੈਠ ਕੇ ਮੰਗਲਵਾਰ ਸ਼ਾਮ ਨੂੰ ਬੈਂਕਾਕ ਜਾ ਉਤਰਿਆਹਵਾਈ ਅੱਡੇ ਤੋਂ ਹੀ ਸਿਡਨੀ ਦੇ ਜਹਾਜ ਦਾ ਪਤਾ ਕੀਤਾ ਤਾਂ ਉਤਰ ਮਿਲ਼ਿਆ, “ਤਿਆਰ ਹੈ; ਆਓ ਭੇਜੀਏ ਤੁਹਾਨੂੰ ਸਿਡਨੀ!ਹੋਸਟੈਸ ਬੀਬੀ ਨੇ ਛੇਤੀ ਛੇਤੀ ਸਾਰੀ ਕਾਰਵਾਈਪੂਰੀ ਕਰਕੇ ਸਾਨੂੰ ਇਮੀਗ੍ਰੇਸ਼ਨ ਦੀ ਲਾਈਨ ਵਿਚ ਜਾ ਖਲਿਆਰਿਆਮੈ ਬੜਾ ਖ਼ੁਸ਼ ਸਾਂਆਪਣੀ ਕਿਸਮਤ ਤੇ ਰਸ਼ਕ ਕਰ ਰਿਹਾ ਸਾਂ ਕਿ ਕੁਨੈਕਟਿੰਗ ਫਲਾਈਟ ਵਿਚ ਹੀ ਸੀਟ ਮਿਲ਼ ਗਈ ਹੈਖੱਜਲ਼ ਨਹੀ ਹੋਣਾ ਪਿਆ ਪਰ ਇਹ ਖ਼ੁਸ਼ੀ ਥੋੜ੍ਹਚਿਰੀ ਹੀ ਸਾਬਤ ਹੋਈਕੁਝ ਸਮੇ ਪਿਛੋਂ ਉਹੋ ਬੀਬੀ, “ਸੌਰੀ, ਸੌਰੀਕਰਦੀ ਭੱਜੀ ਆਈਕਹਿੰਦੀ ਕਿ ਉਸਨੂੰ ਗ਼ਲਤੀ ਲੱਗ ਗਈ; ਸੀਟ ਹੈ ਨਹੀਸਾਡਾ ਅੰਦਰ ਜਾ ਚੁੱਕਿਆ ਸਾਮਾਨ ਵੀ ਉਸ ਨੇ ਵਾਪਸ ਮੰਗਵਾਇਆਹਵਾਈ ਅੱਡੇ ਦੀ ਫੀਸ ਵਾਪਸ ਕਰਵਾਈ ਤੇ ਸਾਨੂੰ, “ਭਲ਼ਕੇ ਪਤਾ ਕਰਨਾ!ਆਖ ਕੇ, ਲਾਵਰਸ ਛੱਡ ਕੇ ਕਿਸੇ ਪਾਸੇ ਨੂੰ ਭੱਜ ਗਈ

-----

ਕਿਸੇ ਤੋਂ ਪੁੱਛ ਪੁਛਾ ਕੇ, ਟੈਕਸੀ ਫੜ ਕੇ, ਮੈ ਸਿੰਘ ਸਭਾ ਗੁਰਦੁਆਰੇ ਅੱਧੀ ਰਾਤ ਨੂੰ ਜਾ ਉਤਰਿਆਪਹਿਰੇਦਾਰ ਬਜ਼ੁਰਗ ਮੋਨੇ ਸੱਜਣ ਨੇ ਮੈਨੂੰ ਪੁੱਛਿਆ ਕਿ ਮੈ ਗਿਆਨੀ ਹਾਂ ਜਾਂ ਵਾਪਾਰੀ! ਮੇਰੇ ਇਹਨਾਂ ਵਿਚਲਾ ਫ਼ਰਕ ਪੁੱਛਣ ਤੇ ਉਸਨੇ ਆਖਿਆ, “ਜੇ ਗਿਆਨੀ ਏਂ ਤਾਂ ਅੰਦਰ ਆ ਜਾਹ ਤੇ ਜੇ ਵਾਪਾਰੀ ਏਂ ਤਾਂ ਕਿਸੇ ਹੋਟਲ ਵਿਚ ਜਾਹ!ਇਹ ਸੁਣ ਕੇ ਮੈ ਆਖਿਆ ਕਿ ਮੈ ਅੱਧਾ ਕੁ ਗਿਆਨੀ ਹਾਂਉਸਨੇ ਗੇਟ ਖੋਲ੍ਹ ਦਿਤਾ ਤੇ ਮੈ ਤੀਜੀ ਛੱਤ ਉਪਰ ਮੇਰੇ ਵਰਗਿਆਂ ਵਾਸਤੇ ਬਣੇ ਖੁੱਲ੍ਹੇ ਸਥਾਨ ਉਪਰ ਜਾ ਦਰੀ ਤੇ ਡੇਰਾ ਲਾਇਆ

-----

ਅਗਲੇ ਦਿਨ ਫਿਰ ਹਵਾਈ ਅੱਡੇ ਤੇ ਗਿਆ ਪਰ ਗੱਲ ਨਾ ਬਣੀਮੁੜ ਆਇਆ ਪਰ ਹੌਲ਼ੀ ਹੌਲ਼ੀ ਇਸ ਜਾਣ ਆਉਣ ਦੌਰਾਨ ਮੈ ਹਵਾਈ ਤੇ ਜਾਣ ਦਾ ਸਸਤਾ ਤਰੀਕਾ ਲਭ ਲਿਆਜਿਥੇ ਪਹਿਲੇ ਦਿਨ ਪੰਜ ਸੌ ਬਾਹਟ ਟੈਕਸੀ ਵਾਲੇ ਨੂੰ ਦੇ ਕੇ ਗੁਰਦੁਆਰੇ ਨੂੰ ਗਿਆ ਸਾਂ ਓਥੇ ਅਖੀਰਲੇ ਦਿਨ ਮੈ ਕੁੱਲ ਨੌ ਬਾਹਟਾਂ ਵਿਚ ਗੁਰਦੁਆਰੇ ਤੋਂ ਹਵਾਈ ਅੱਡੇ ਤੇ ਅੱਪੜ ਗਿਆਉਹ ਇਸ ਤਰ੍ਹਾਂ ਕਿ ਗੁਰਦੁਆਰੇ ਤੋਂ ਪੰਜ ਬਾਹਟਾਂ ਵਿਚ ਬੱਸ ਰਾਹੀਂ ਰੇਲਵੇ ਸਟੇਸ਼ਨ ਉਤੇ; ਓਥੋਂ ਅੱਗੇ ਰੇਲ ਰਾਹੀਂ ਚਾਰ ਬਾਹਟਾਂ ਵਿਚ ਹਵਾਈ ਅੱਡੇ ਉਤੇ ਪਹੁੰਚ ਗਿਆਇਸ ਤਰ੍ਹਾਂ ਹਰ ਰੋਜ ਇਸ ਆਵਾਜਾਈ ਉਪਰ ਹੋਣ ਵਾਲ਼ੇ ਨਾਜਾਇਜ਼ ਖ਼ਰਚੇ ਦਾ ਫ਼ਿਕਰ ਮੁਕ ਗਿਆਇਹ ਦੋਵੇਂ ਖ਼ਰਚ ਮੈਨੂੰ ਬਹੁਤ ਚੁਭਦੇ ਹਨਇਕ ਹੋਟਲ ਵਿਚ ਸੌਣ ਦਾ ਤੇ ਦੂਜਾ ਟੈਕਸੀ ਵਿਚ ਸਫ਼ਰ ਕਰਨ ਦਾਜੇਕਰ ਇਹ ਦੋਵੇਂ ਖ਼ਰਚੇ ਮੈਨੂੰ ਨਾ ਕਰਨੇ ਪੈਣ ਤਾਂ ਫਿਰ ਤਾਂ ਮੈ ਛਾਲ਼ਾਂ ਮਾਰਦਾ ਦਸੋ ਦਿਸਾਂ ਵਿਚ ਭੱਜਾ ਫਿਰਦਾ ਹਾਂ ਕਿ!

-----

ਇਸ ਹਵਾਈ ਅੱਡੇ ਤੇ ਇਕ ਦਿਨ ਇਕ ਖ਼ਾਸ ਘਟਨਾ ਵਾਪਰੀਮੈ ਬਾਕੀ ਉਡੀਕਵਾਨਾਂ ਵਾਂਗ ਹੀ ਖਲੋਤਾ ਹੋਇਆ ਸਾਂ ਕਿ ਇਕ ਲੇਡੀ ਮੇਰੇ ਪਾਸ ਆਈਆਖਣ ਲੱਗੀ ਕਿ ਉਹ ਅਫ਼ਗਾਨਿਸਤਾਨ ਤੋਂ ਹੈ ਤੇ ਉਸ ਨਾਲ਼ ਦੋ ਬੱਚੇ ਵੀ ਹਨਉਹਨਾਂ ਨੂੰ ਜਹਾਜ਼ ਵਿਚ ਸੀਟਾਂ ਤਾਂ ਸਿਡਨੀ ਦੀਆਂ ਮਿਲ਼ ਗਈਆਂ ਹਨ ਪਰ ਏਅਰ ਪੋਰਟ ਦੀ ਫੀਸ ਲਈ ਦਸ ਡਾਲਰ ਉਸ ਪਾਸ ਨਹੀਂ ਹਨਸਿਰਫ ਪਾਕਿਸਤਾਨੀ ਕਰੰਸੀ ਹੀ ਉਸ ਕੋਲ਼ ਹੈ ਹੋਰ ਕੋਈ ਨਹੀਂਦਸ ਡਾਲਰਾਂ ਦੀ ਕੋਈ ਗੱਲ ਨਹੀਂ ਸੀਮੈ ਕਿਸੇ ਗੱਲ ਵੱਲ ਬਿਨਾ ਧਿਆਨ ਦਿਤਿਆਂ ਹੀ ਉਸਨੂੰ ਫੜਾ ਦਿਤੇਮਾੜਾ ਜਿਹਾ ਵਿਚਾਰ ਵੀ ਆਇਆ ਕਿ ਏਨੇ ਵਿਅਕਤੀ ਹੋਰ ਹਵਾਈ ਅੱਡੇ ਉਪਰ ਹਨਇਹ ਸਿਰਫ ਸ਼ਾਇਦ ਮੇਰੀ ਪੱਗ ਤੇ ਦਾਹੜੀ ਵੇਖ ਕੇ ਹੀ ਮੇਰੇ ਪਾਸ ਆਈ ਹੈ! ਕੁਝ ਸਮੇ ਬਾਅਦ ਫਿਰ ਆਈ ਉਸਨੇ ਆਖਿਆ ਕਿ ਦਸਾਂ ਨਾਲ ਗੱਲ ਨਹੀ ਬਣਦੀ; ਵੀਹ ਚਾਹੀਦੇ ਹਨਥੋੜ੍ਹੀ ਝਿਜਕ ਨਾਲ਼ ਮੈ ਦਸ ਹੋਰ ਦੇ ਦਿਤੇਕੁਝ ਸਮੇ ਬਾਅਦ ਉਹ ਬੀਬੀ ਫਿਰ ਆਈ ਤੇ ਉਸਨੇ ਆਖਿਆ ਕਿ ਤਿੰਨਾਂ ਸਵਾਰੀਆਂ ਦੇ ਤ੍ਰੇਹਠ ਡਾਲਰ ਲੱਗਣੇ ਹਨਏਨੇ ਪੈਸੇ ਸੁਣ ਕੇ ਮੈ ਵਾਹਵਾ ਹੀ ਝਿਜਕ ਵਿਖਾਈ ਦੇਣ ਤੋਂਤ੍ਰੇਹਠ ਦਾ ਮਤਲਬ ਕਿ ਪੈਂਹਠ ਡਾਲੇ ਇਕ ਅਣਜਾਣ ਵਿਅਕਤੀ ਨੂੰ ਪਰਦੇਸ ਵਿਚ ਦੇਣੇ ਕੋਈ ਬਹੁਤੀ ਚੰਗੀ ਗੱਲ ਨਾ ਮੈਨੂੰ ਲੱਗੀਉਸਦੇ ਮੁੜ ਮੁੜ ਜ਼ੋਰ ਦੇਣ ਤੇ ਕਿ ਉਹ ਮੈਨੂੰ ਆਸਟ੍ਰੇਲੀਆ ਜਾ ਕੇ ਵੱਧ ਮੋੜ ਦੇਵੇਗੀਉਸ ਨਾਲ਼ ਦੋ ਬੱਚਿਆਂ ਕਾਰਨ ਮੈ ਝਕਦੇ ਝਕਦੇ ਨੇ ਪੈਂਹਠ ਡਾਲਰ ਉਸਨੂੰ ਦੇ ਦਿਤੇਦੋਹਾਂ ਨੇ ਫ਼ੋਨ ਨੰਬਰ ਵਟਾ ਲਏਉਹ ਤਿੰਨੇ ਆਸਟ੍ਰੇਲੀਆ ਵਾਲ਼ੇ ਜਹਾਜ਼ ਚੜ੍ਹ ਗਏ ਤੇ ਮੈ ਵਾਪਸ ਗੁਰਦੁਆਰੇ ਨੂੰ ਮੁੜ ਗਿਅਹਾਲਾਂ ਕਿ ਜੇ ਮੈ ਉਸਨੂੰ ਪੈਸੇ ਨਾ ਦਿੰਦਾ ਤਾਂ ਤਿੰਨ ਸੀਟਾਂ ਖ਼ਾਲੀ ਰਹਿ ਜਾਣ ਕਰਕੇ ਮੈਨੂੰ ਸੀਟ ਮਿਲ਼ ਸਕਦੀ ਸੀ ਪਰ ਉਸਦੇ ਇਸਤਰੀ ਅਤੇ ਨਾਲ਼ ਬੱਚੇ ਹੋਣ ਕਰਕੇ ਮੈ ਸੋਚਿਆ ਕਿ ਬਿਨਾ ਪੈਸਿਆਂ ਤੋਂ ਇਹ ਤਿੰਨੇ ਰਾਤ ਕਿਥੇ ਕੱਟਣਗੇ! ਮੈ ਗੁਰਦੁਆਰੇ ਜਾ ਡੇਰਾ ਲਾਵਾਂਗਾ

-----

ਅਗਲੇ ਜਾਂ ਅਗਲੇਰੇ ਦਿਨ ਫਿਰ ਮੈ ਉਡੀਕ ਵਿਚ ਖਲੋਤਾ ਸਾਂ ਕਿ ਡੀਲ ਕਰ ਰਹੀ ਹੋਸਟੈਸ ਨੇ ਮੈਨੂੰ ਪੁੱਛਿਆ ਕਿ ਮੈ ਕਿਨੇ ਦਿਨਾਂ ਦਾ ਅੱਡੇ ਉਪਰ ਆਉਂਦਾ ਹਾਂਮੇਰੇ ਮੰਗਲਵਾਰ ਤੋਂ ਆਖਣ ਤੇ ਉਸਨੇ ਆਖਿਆ ਕਿ ਇਕ ਸੀਟ ਖ਼ਾਲੀ ਹੈ ਤੇ ਉਹ ਸੀਟ ਉਹ ਬੀਬੀ ਮੈਨੂੰ ਦੇ ਦੇਵੇਗੀਉਸਨੇ ਬਾਕੀ ਉਡੀਕਣ ਵਾਲ਼ਿਆਂ ਨੂੰ ਆਖਿਆ, “ਜਹਾਜ ਵਿਚ ਇਕੋ ਸੀਟ ਹੈਇਹ ਜੈਂਟਲਮੈਨ ਮੰਗਲਵਾਰ ਦਾ ਆਉਂਦਾ ਹੈਇਹ ਸੀਟ ਮੈ ਇਸਨੂੰ ਦੇ ਰਹੀ ਹਾਂਤੁਸੀਂ ਸਾਰੇ ਜਣੇ ਭਲ਼ਕੇ ਫਿਰ ਯਤਨ ਕਰਿਓਇਹ ਲਫ਼ਜ਼ ਸੁਣਦਿਆਂ ਹੀ ਇਕ ਗੋਰਾ ਨੌਜਵਾਨ, ਜੋ ਕਿ ਪਹਿਲਾਂ ਮਾਯੂਸ ਜਿਹਾ ਹੋਇਆ ਬੈਠਾ ਸੀ, ਇਉਂ ਭੁੜਕ ਕੇ ਉਠਿਆ ਜਿਵੇ ਚਿੱਤੜਾਂ ਥੱਲੇ ਸਪਰਿੰਗ ਲਗਾ ਹੋਇਆ ਹੋਵੇਉਸ ਨੇ ਆਖਿਆ, ”ਮੈ ਛਨਿਛਰਵਾਰ ਦਾ ਆਉਂਦਾ ਹਾਂਇਹ ਸੁਣ ਕੇ ਹੋਸਟੈਸ ਨੇ ਉਸਨੂੰ ਸੀਟ ਦੇਣ ਦਾ ਫੈਸਲਾ ਕਰ ਲਿਆ ਤੇ ਉਸਨੂੰ ਤੋਰ ਦਿਤਾਮੇਰੇ ਵੱਲੋਂ ਆਪਣਾ ਟਿਕਟ ਦਾ ਕੂਪਨ ਵਾਪਸ ਮੰਗਣ ਤੇ ਉਸਨੇ ਕੁਝ ਭੇਦ ਭਰੇ ਤਰੀਕੇ ਨਾਲ਼ ਮੈਨੂੰ ਰੁਕਣ ਲਈ ਆਖਿਆ ਤੇ ਦੱਬਵੀਂ ਆਵਾਜ਼ ਵਿਚ ਇਉਂ ਬੋਲੀ, “ਉਹ ਜੋ ਲੇਡੀ ਫ਼ੋਨ ਕਰ ਰਹੀ ਹੈ ਉਹ ਵੱਡੀ ਅਫ਼ਸਰ ਹੈਉਹ ਫ਼ੋਨ ਕਰ ਹਟੇ ਤਾਂ ਮੈ ਉਸਨੂੰ ਆਖਦੀ ਹਾਂ ਕਿ ਉਹ ਪਾਇਲਟ ਨਾਲ਼ ਗੱਲ ਕਰੇਹੋ ਸਕਦਾ ਹੈ ਕਿ ਜੇ ਉਹ ਚਾਹਵੇ ਤਾਂ ਆਪਣੇ ਨਾਲ਼ ਦੀ ਜੰਪ ਸੀਟ ਉਪਰ ਤੈਨੂੰ ਬੈਠਾ ਕੇ ਲਿਜਾ ਸਕਦਾ ਹੈਫ਼ੋਨ ਮੁੱਕਣ ਤੇ ਉਸਨੇ ਫ਼ੋਨ ਵਾਲ਼ੀ ਵੱਡੀ ਅਫ਼ਸਰ ਨੂੰ ਆਖਿਆਉਸਨੇ ਅੱਗੋਂ ਫ਼ੋਨ ਰਾਹੀਂ ਪਾਇਲਟ ਨਾਲ਼ ਗੱਲ ਕੀਤੀਪਾਇਲਟ ਨੇ ਹਾਂ ਕਰ ਦਿਤੀ ਤੇ ਮੈਨੂੰ ਛੇਤੀ ਛੇਤੀ ਉਹਨਾਂ ਦੋਹਾਂ ਬੀਬੀਆਂ ਨੇ ਜਹਾਜ਼ੇ ਚਾੜ੍ਹਿਆ

-----

ਘਰ ਪਹੁੰਚ ਕੇ ਸਭ ਤੋਂ ਪਹਿਲਾਂ ਮੈ ਘਰਦਿਆਂ ਤੋਂ ਮੈਲਬਰਨ ਤੋਂ ਕਿਸੇ ਲੇਡੀ ਵੱਲੋਂ ਆਏ ਫ਼ੋਨ ਬਾਰੇ ਹੀ ਪੁੱਛਿਆਉਤਰ ਨਾਂਹ ਵਿਚ ਮਿਲ਼ਨ ਤੇ ਮੈਨੂੰ ਇਉ ਹੀ ਕੁਝ ਮਹਿਸੂਸ ਹੋਇਆ ਜਿਵੇਂ ਘਰੋਂ ਘਰ ਗਵਾ ਕੇ ਬਾਹਰੋਂ ਭੜੂਆ ਅਖਵਾਇਆ ਹੋਵੇ! ਹਵਾਈ ਅੱਡੇ ਵਾਲ਼ੀ ਲੇਡੀ ਵੱਲੋਂ ਦਿਤੇ ਗਏ ਫ਼ੋਨ ਨੂੰ ਮੈ ਦੋ ਚਾਰ ਵਾਰ ਖੜਕਾਇਆ ਪਰ ਕੋਈ ਉਤਰ ਨਾ ਆਇਆਦੋ ਕੁ ਦਿਨਾਂ ਬਾਅਦ ਮੇਰੇ ਰਿੰਗਣ ਤੇ ਉਸਦੇ ਪਤੀ ਦੀ ਅੱਗੋਂ ਆਵਾਜ਼ ਆਈਮੈ ਫ਼ੋਨ ਕਰਨ ਦੀ ਵਜਾਹ ਬਿਆਨੀ ਤਾਂ ਉਸ ਨੇ ਆਖਿਆ ਕਿ ਉਹ ਦੁਕਾਨ ਤੇ ਗਈ ਹੈ; ਆਊਗੀ ਤਾਂ ਉਤਰ ਦਊਗੀਉਸਨੇ ਦੱਸਿਆ ਕਿ ਇਸ ਘਟਨਾ ਬਾਰੇ ਉਸ ਨੂੰ ਪਤਾ ਹੈਤਸੱਲੀ ਹੋਈ ਕਿ ਮੈ ਠੱਗਿਆ ਨਹੀ ਗਿਆਉਸਨੇ ਨੰਬਰ ਸਹੀ ਹੀ ਦਿਤਾ ਸੀ ਪਰ ਉਸਨੇ ਮੇਰੇ ਫ਼ੋਨ ਨੰਬਰ ਤੇ ਮੇਰੇ ਘਰਦਿਆਂ ਨੂੰ ਸਮੇ ਸਿਰ ਇਸ ਘਟਨਾ ਬਾਰੇ ਸੂਚਿਤ ਕਿਉਂ ਨਹੀ ਕੀਤਾ! ਇਹ ਸ਼ੰਕਾ ਬਣੀ ਰਹੀਉਸਦਾ ਫ਼ੋਨ ਉਡੀਕਣ ਪਿਛੋਂ ਅਗਲੇ ਦਿਨ ਮੈ ਫਿਰ ਕੀਤਾ ਤਾਂ ਉਸ ਬੀਬੀ ਨੂੰ ਮਿਲ਼ ਗਿਆਉਸਨੇ ਕਿਹਾ ਕਿ ਉਹ ਫ਼ੋਨ ਕਰਦੀ ਰਹੀ ਸੀ ਪਰ ਫ਼ੋਨ ਨੰਬਰ ਸਹੀ ਨਹੀਂ ਸੀਫਿਰ ਇਕ ਦਿਨ ਛੋਟੇ ਪੁੱਤਰ ਗੁਰਬਾਲ ਨੇ ਦੱਸਿਆ ਕਿ ਮੇਰੇ ਬਾਹਰ ਜਾਣ ਪਿਛੋਂ ਉਹਨਾਂ ਨੇ, ਲੋਕਾਂ ਦੀਆਂ ਮੇਰੇ ਬਾਰੇ ਪੁੱਛਾਂ ਤੋਂ ਤੰਗ ਆ ਕੇ, ਪਹਿਲਾ ਫ਼ੋਨ ਕਟਵਾ ਕੇ ਨਵਾਂ ਲਵਾ ਲਿਆ ਸੀ

-----

ਮੁਕਦੀ ਗੱਲ ਕਿ ਉਸਨੇ ਮੇਰਾ ਅਕਾਊਂਟ ਨੰਬਰ ਲੈ ਕੇ ਤਿੰਨ ਕੁ ਹਫ਼ਤਿਆਂ ਪਿੱਛੋਂ ਉਸ ਵਿਚ 65 ਡਾਲਰ ਜਮ੍ਹਾਂ ਕਰਵਾ ਦਿਤੇਮੈ ਉਸਨੂੰ ਆਖਿਆ ਸੀ ਸਿਰਫ਼ ਜਿੰਨੇ ਲਏ ਹਨ ਓਨੇ ਹੀ ਜਮ੍ਹਾਂ ਕਰਵਾਏ ਵਧ ਨਾ ਕਰਵਾਏਪੈਸੇ ਜਮ੍ਹਾਂ ਹੋਣ ਤੱਕ ਮੈ ਕਿਸੇ ਜੀ ਨੂੰ ਇਹ ਗੱਲ ਨਾ ਦੱਸੀ ਤਾਂ ਕਿ ਉਹ ਮੇਰੇ ਇਸ ਤਰ੍ਹਾਂ ਹਵਾਈ ਅੱਡੇ ਉਪਰ ਕਿਸੇ ਅਣਜਾਣ ਬੀਬੀ ਦੇ ਹੱਥੋਂ ਠੱਗੇ ਜਾਣ ਤੇ, ਮੇਰਾ ਮੌਜੂ ਨਾ ਉਡਾਉਂਣ

----

ਇਕ ਦਿਨ ਰਾਤ ਦੀ ਰੋਟੀ ਸਮੇ ਸਾਰੇ ਪਰਿਵਾਰ ਨਾਲ਼ ਬੈਠਿਆਂ ਮੈ ਇਹ ਸਾਰਾ ਪ੍ਰਸੰਗ, ਸ਼ੁਗਲ ਵਜੋਂ ਸਾਰੇ ਜੀਆਂ ਨੂੰ ਸੁਣਾ ਕੇ, ਅੰਤ ਵਿਚ ਹਾਸੇ ਦੇ ਰਉਂ ਵਿਚ ਇਉਂ ਆਖਿਆ, “ਜੇ ਮੈਨੂੰ ਚੇਤਾ ਆ ਜਾਂਦਾ ਕਿ ਉਸਨੂੰ ਪੈਸੇ ਨਾ ਦੇਣ ਨਾਲ਼ ਉਸਦੀਆਂ ਤਿੰਨ ਖ਼ਾਲੀ ਸੀਟਾਂ ਵਿਚੋਂ ਇਕ ਮੈਨੂੰ ਮਿਲ਼ ਜਾਣੀ ਸੀ ਤਾਂ ਮੈ ਉਸਨੂੰ ਪੈਸੇ ਨਹੀ ਸੀ ਦੇਣੇਇਸ ਤਰ੍ਹਾਂ ਖਾਸੇ ਹੋਰ ਖ਼ਰਚ ਤੇ ਖੇਚਲ਼ ਤੋਂ ਬਚ ਕੇ ਮੈ ਕੁਝ ਦਿਨ ਪਹਿਲਾਂ ਹੀ ਆ ਜਾਣਾ ਸੀਮੇਰੇ ਇਹ ਬੋਲ ਸੁਣ ਕੇ ਮੇਰੀ ਨੂੰਹ ਬੇਟੀ ਨੇ ਤੁਰੰਤ ਆਖਿਆ, “ਪਾਪਾ, ਜੇ ਤੁਹਾਨੂੰ ਚੇਤਾ ਆ ਵੀ ਜਾਂਦਾ ਤੁਸੀਂ ਤਾਂ ਵੀ ਉਸ ਨੂੰ ਪੈਸੇ ਦੇ ਦੇਣੇ ਸੀ

ਜਦੋਂ ਮੈ ਐਡੀਲੇਡ ਵਿਚ ਚਾਹ ਪੀਂਦਿਆਂ ਇਹ ਵਾਰਤਾ, ਨੌਜਵਾਨ ਪੱਤਰਕਾਰ, ਸੁਮੀਤ ਟੰਡਨ ਜੀ ਨੂੰ ਸੁਣਾਈ ਤਾਂ ਉਸ ਨੇ ਇਸ ਨੂੰ ਲਿਖਣ ਲਈ ਭਰਪੂਰ ਸ਼ਬਦਾਂ ਵਿਚ ਪ੍ਰੇਰਨਾ ਕੀਤੀਉਸ ਦੀ ਪ੍ਰੇਰਨਾ ਸਦਕਾ ਹੀ ਇਹ ਵਾਕਿਆ ਲਿਖਤ ਵਿਚ ਆਇਆ ਹੈ

No comments: