ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, February 11, 2010

ਗੁਰਮੇਲ ਬਦੇਸ਼ਾ - ਇੱਕ ਖ਼ਤ – ‘ਮਹਿਮਾ ਅਪਰ–ਅਪਾਰ’ ਵਾਲੇ ਬਾਬਾ ਜੀ ਦੇ ਨਾਂ – ਮਜ਼ਾਹੀਆ ਖ਼ਤ

ਇੱਕ ਖ਼ਤ ਮਹਿਮਾ ਅਪਰਅਪਾਰ ਵਾਲੇ ਬਾਬਾ ਜੀ ਦੇ ਨਾਂ !

ਮਜ਼ਾਹੀਆ ਖ਼ਤ

*******

ਚਾਰੇ ਪਾਸੇ ਧੰਨ-ਧੰਨ ਕਰਵਾਉਣ ਵਾਲੇ ਮੇਰੇ ਬਾਬਾ ਜੀ !

ਚਰਨੀਂ ਪੈਂਦਾ ਹਾਂ !!

ਬਾਬਾ ਜੀ ! ਮੇਰੀ 'ਚਰਨੋ' ਤਾਂ ਗਲ਼ ਨੂੰ ਪੈਂਦੀ ਰਹਿੰਦੀ ਐ ਕਿ ਮੈਂ ਦਸਵਾਂ ਦਸੌਂਧ ਬਾਬਾ ਜੀ ਦੇ ਡੇਰੇ ਵਾਸਤੇ ਕਿਉਂ ਭੇਜਦਾ ਰਹਿੰਦਾ ਹਾਂ ? ਤੁਸੀਂ ਤਾਂ ਜਾਣੀ ਜਾਣ ਹੋ ਕਿ ਪੁਰਸ਼ਾਂ ਤੋਂ ਪੀੜਤ ਇਸਤਰੀਆਂ ਤੁਹਾਡੇ ਲੜ ਲੱਗ ਕੇ ਆਪਣਾ ਜੀਵਨ ਸਫ਼ਲ ਕਰਦੀਆਂ ਨੇ ! ਪਰ ਮੇਰੇ ਘਰ ਦੀ ਹਾਲਤ ਉਲਟ-ਪੁਲਟ ਹੋਈ ਪਈ ਆ ਵੈਸੇ, ਤੁਹਾਡਾ ਮਿਹਰ ਭਰਿਆ ਹੱਥ ਸਕਿਉਰਟੀ ਕੈਮਰੇ ਵਾਂਗੂੰ ਮੇਰੇ ਸਿਰ ਤੇ ਹੋਣਾ ਚਾਹੀਦੈ, ਮੈਂ ਤਾਂ ਭੁਝੰਗੀਆਂ ਦੀ ਪਿੱਗੀ ਬੈਂਕ ਤੋਂ ਲੈ ਕੇ ਟੀ. ਡੀ. ਬੈਂਕ ਤੱਕ ਖ਼ਾਲੀ ਕਰ ਕੇ ਤੁਹਾਡੇ ਲੇਖੇ ਲਾ ਸਕਦਾ ਹਾਂ ਬਾਅਦ ਚ ਚਰਨੀਂ ਲੱਗੇ ਤੁਹਾਡੇ ਦਾਸ ਨੂੰ ਐੱਫ.ਬੀ.ਆਈ. ਵੀ ਨਹੀਂ ਲੱਭ ਸਕਦੀ , ਘਰਵਾਲੀ ਨੇ ਤਾਂ ਮੈਨੂੰ ਕਿੱਥੋਂ ਲੱਭਣੈ......!?!

-----

ਮੇਰੇ ਅੰਤਰਜਾਮੀ ਬਾਬਾ ਜੀ ! ਮੇਰਾ ਤਾਂ ਜੀਅ ਕਰਦੈ, ਮੈਂ ਮਨ ਦਾ ਬੁਝਿਆ ਜੁਗਨੂੰਤੁਹਾਡੀ ਕਾਰ ਦੀ ਲਾਲ ਬੱਤੀ ਤੇ ਬਿਠਾ ਕੇ ਆਪਣੇ ਅੰਦਰ ਗਿਆਨ ਦਾ ਰੰਗ-ਬਿਰੰਗਾ ਚਾਨਣ ਭਰ ਲਵਾਂ ! ਕਦੇ ਕਦੇ ਚਿੱਤ ਕਰਦੈ, ਮੈਂ ਕਾਰ ਦੇ ਟਾਇਰਾਂ ਦੀ ਧੂੜ ਬਣ ਜਾਵਾਂ ! ਫਿਰ ਸੋਚਦਾਂ ਕਿ ਕੋਈ ਬੀਬੀ ਚੁੱਕ ਕੇ ਮੱਥੇ ਨੂੰ ਹੀ ਨਾ ਲਵੇ ..?....ਉਂਝ ਤਾਂ.. ਹੁਣ ਕੋਈ ਮੈਨੂੰ ਮੂੰਹ ਲਾ ਕੇ ਨਹੀਂ ਰਾਜੀ !

-----

ਤੁਹਾਡੀ ਬਖ਼ਸ਼ਿਸ਼ ਹੋਵੇ ਤਾਂ ਮੈਂ ਆਪਣੀ ਚਰਨ ਕੌਰ ਨੂੰ ਤਨਖਾਹੀਆ ਕਰਾਰ ਦੇ ਕੇ ਏਹਦੀ ਸਾਰੀ ਤਨਖਾਹ ਤੁਹਾਡੀ ਸੇਵਾ ਚ ਲਾ ਦਿਆਂ ! ਫਿਰ ਸੋਚਦਾਂ, ਕਿਤੇ ਕਾਲਾ ਸੂਟ ਪਾ ਕੇ ਪ੍ਰੋ. ਰਾਗੀ ਸਿੰਘ ਵਾਂਗੂੰ ਮੇਰਾ ਬਾਈਕਾਟ ਹੀ ਨਾ ਕਰ ਦੇਵੇ !?! ਕਦੇ ਕਦੇ ਚਿੱਤ ਕਰਦੈ, ਧੁੰਮੇ ਹੋਣਾਂ ਦੇ ਕੈਲੰਡਰ ਵਾਂਗੂੰ ਇਹਨੂੰ ਵੀ ਸੋਧ ਕੇ ਕੰਧ ਤੇ ਟੰਗ ਦਿਆਂ ! ਪਰ ਘਰੇਲੂ ਕਲੇਸ਼ ਕਾਰਣ ਤੁਹਾਡੇ ਸੇਵਕਾਂ ਤੇ ਇਥੇ ਵੀ ਅੱਜਕਲ੍ਹ ਭੀੜਾਂ ਪਈਆਂ ਹੋਈਆਂ ਨੇ ! ਜਿੰਨਾ ਚਿਰ ਇੰਨ੍ਹਾਂ ਦੇ ਝਾੜੂ ਬਰਦਾਰ ਬਣੇ ਰਹੋ , ਓਨਾ ਚਿਰ ਹੀ ਦੇਸੀ ਘਿਓ ਨਾਲ ਪਿੰਜਣੀਆਂ ਸਿੰਞਦੀਆਂ ਨੇ , ਬਾਅਦ ਚ ਤਾਂ ਇਹ ਵੀ ਬੇਹੇ ਕੜਾਹ ਵਾਂਗੂੰ ਲੈਂਦੀਆਂ ਨੇ ! ਪਤਾ ਨਹੀਂ ਕੀ ਇਨ੍ਹਾਂ ਨੇ ਜੱਥੇਦਾਰਾਂ ਦਾ ਜੂਠਾ ਖਾ ਲਿਐ , ਕਦੇ ਘਰੇ ਵਾੜ ਲੈਂਦੀਆਂ ਨੇ , ਕਦੇ ਘਰ ਚੋਂ ਛੇਕ ਦਿੰਦੀਆਂ ਨੇ !

-----

ਪਰ ਸਾਡੀਆਂ ਲਾਵਾਂ ਵੇਲੇ ਪਾਠੀ ਨੇ ਪਤਾ ਨਹੀਂ ਕੀ ਨਾਲ ਚੰਡੀ ਦੀ ਵਾਰ ਪੜ੍ਹ ਦਿੱਤੀ ਸੀ , ਹੁਣ ਤਾਂ ਬਾਬਾ ਜੀ ! ਚੰਡਾਲ ਦਾ ਰੂਪ ਧਾਰਨ ਕਰਕੇ ਬਲੀ ਦੇ ਬੱਕਰੇ ਨੂੰ ਮੇਰੀ ਸਿੰਘਣੀ ਚੱਜ ਨਾਲ ਮਿਆਂਕਣ ਵੀ ਨਹੀਂ ਦਿੰਦੀ

ਸਿਰਸੇ ਵਾਲੇ ਵਾਂਗੂੰ ਤੁਸੀਂ ਵੀ ਹੁਣ ਕੋਈ ਕਰੋ ਨਵਾਂ ਬਾਟਾ ਤਿਆਰ !...ਤਾਂ ਕਿ ਭੇਡੂ-ਬੱਕਰੇ ਵੀ ਸ਼ੇਰਾਂ ਦੀ ਖੱਲ ਪਾ ਕੇ ਗਿੱਦੜ ਭਬਕੀਆਂ ਜੋਗੇ ਤਾਂ ਹੋ ਸਕਣ !

-----

ਪਰ ਬਾਬਾ ਜੀ ! ਮੇਰੀ ਸੱਸ ਤੁਹਾਡੀ ਬੜੀ ਪੱਕੀ ਸ਼ਰਧਾਲੂ ਹੈ ਤੁਹਾਨੂੰ ਟੀ.ਵੀ. ਤੇ ਮੁੱਛਾਂ ਉਪਰ ਹੱਥ ਫੇਰ ਕੇ ਪ੍ਰਵਚਨ ਕਰਦਿਆਂ ਦੇਖ ਆਪ ਵੀ ਨਾਲ ਧਾਰਨਾ ਪੜ੍ਹਨ ਲੱਗ ਪੈਂਦੀ ਐ………

ਮੈਂ ਬਾਬਾ ਜੀ ਦੀ ਮੁੱਛ ਦਾ ਵਾਲ ਬਣ ਜਾਵਾਂਜਿੱਥੇ ਰਹਿੰਦੇ ਹੱਥ…!’

….ਅਜੇ ਹੱਥ ਫੇਰਦੇਮੂੰਹ ਚ ਹੀ ਹੁੰਦੈ..! ..ਉਨੇ ਚਿਰ ਨੂੰ ਮੇਰੇ ਸਹੁਰਾ ਸਾਹਬ ! ਡੀ.ਜੀ.ਪੀ. ਰਠੌਰਵਾਂਗੂੰ ਮੁੱਛਾਂ ਚੜ੍ਹਾ ਕੇ ਟੀ. ਵੀ. ਬੰਦ ਕਰ ਦਿੰਦੇ ਨੇ, ਤੇ ਤੁਹਾਡੀਆਂ ਢੋਲਕੀਆਂ-ਛੈਣਿਆਂ ਵਾਂਗੂੰ ਭਾਂਡੇ ਖੜਕਾਉਣ ਲੱਗ ਪੈਂਦੇ ਨੇ .....ਕਦੇ ਕਦੇ ਮੇਰੀ ਸੱਸ ਨੂੰ ਵੀ !!

------

ਪਰ ਉਹ ਤਾਂ ਆਪਣੇ ਬਚਨਾਂ ਤੋਂ ਫਿਰ ਵੀ ਨਹੀਂ ਫਿਰਦੀ ਤੁਹਾਡੇ ਬਾਣੇ ਤੇ ਮੋਹਿਤ ਹੋ ਕੇ ਝੂੰਮ-ਝੂੰਮ ਕੇ ਗਾਉਂਦੀ ਰਹਿੰਦੀ ਐ;

ਹੋਇਆ ਉਮਰਾਂ ਦਾ ਦੂਰ ਹਨੇਰਾ..! ਚਮਕ ਪਈ ਚੋਲੇ ਦੀ…!!...

ਤੇਰੇ ਚਰਨਾਂ ਚ ਕਰ ਲਾਂ ਬਸੇਰਾ…!...…ਚਮਕ ਪਈ ਚੋਲੇ ਦੀ…!!..

ਬੋਲੋ ਸਾਰੇ….!!!”

ਪਰ ਸਹੁਰਾ ਸਾਹਬ ਫਿਰ ਕ੍ਰੋਧਿਤ ਹੋਕੇ ਮੰਦੇ ਬਚਨ ਬਿਲਾਸ ਕਰਦੇ ਹੋਏ ਕਹਿੰਦੇ ਨੇ ; .. ‘ਬਸੇਰਾ ਚਰਨਾਂ ਚ ਕਿਉਂ ਕਰਨੈ…! ..ਚੋਲੇ ਚ ਈ ਕਰ ਲਾ……..!!’

-----

ਵ੍ਹਾਗੁਰੂ ! ਵ੍ਹਾਗੁਰੂ !! ਰੱਬ ਸੁਮੱਤ ਬਖ਼ਸ਼ੇ ! ਪਰ ਮਨਮੁੱਖ-ਮਨਮੱਤੀਏ ਪੁਰਖਾਂ ਦਾ ਕੀ ਕੀਤਾ ਜਾਵੇ..?

ਵੈਸੇ, ਲਾਈਵ ਪ੍ਰਸਾਰਣ ਰਾਹੀਂ ਤੁਹਾਡੇ ਸਜੇ ਦੀਵਾਨਾਂ ਵੱਲ ਦੇਖ ਕੇ ਇੰਝ ਲਗਦੈ ; ਜਿਵੇਂ: ਡੇਰੇ ਵਿੱਚ ਵਾਤਾਵਰਣ ਦੇ ਪ੍ਰਦੂਸ਼ਣ ਸਬੰਧੀ ਵਿਸ਼ਵ ਦਾ ਸਿਖਰ ਸੰਮੇਲਨ ਹੋ ਰਿਹਾ ਹੋਵੇ ! ਐਨਾ ਕੱਠ..!?! …ਕਿਧਰੇ , ਸੰਗਤ ਵਲੋਂ ਰੁੱਖ ਵੱਢ-ਵੱਢ ਕੇ ਲੰਗਰ ਵਾਸਤੇ ਬਾਲਣ ! ਕਿਧਰੇ, ਨਵੇਂ ਬਣ ਰਹੇ ਡੇਰੇ ਵਾਸਤੇ ਬਜਰੀ-ਰੇਤਾ ਵਾਲੇ ਟਰੱਕਾਂ ਦੇ ਟਰੱਕ ! ਹਰੇਕ ਪ੍ਰਾਣੀ ਬੱਠਲ ਕੜਾਹੀਏ ਚੁੱਕੀ ਫਿਰਦਾ ਵੇਖ ਕੇ ਇੰਝ ਪ੍ਰਤੀਤ ਹੁੰਦੈ ; ਜਿਵੇਂ: ਬਾਬਾ ਜੀ ਨੇ ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਬਖ਼ਸ਼ ਕੇ ਸਰਕਾਰਾਂ ਦਾ ਮੂੰਹ ਬੰਦ ਕਰਵਾ ਦਿੱਤਾ ਹੋਵੇ !!........ਤੇ ਓਧਰ ਰਸਦਾਂ ਦੇ ਭਰੇ ਆਉਂਦੇ ਟਰੱਕਾਂ ਵੱਲ ਦੇਖ ਕੇ ਲਗਦੈ ; ਜਿਵੇਂ: ਬਾਬਾ ਜੀ ! ਹੈਤੀ ਦੇ ਭੂਚਾਲ ਪੀੜਤਾਂ ਵਾਸਤੇ ਰਾਸ਼ਨ ਇੱਕਠਾ ਕਰਕੇ ਰੈੱਡ ਕਰਾਸ ਵਾਲਿਆਂ ਨੂੰ ਚੈਲੰਜ ਕਰ ਰਹੇ ਹੋਣ !!!

-----

ਤੁਸੀਂ ਤਾਂ ਧੰਨ ਹੋ ਬਾਬਾ ਜੀ ! ਮੇਰਾ ਵੱਸ ਚੱਲੇ ਤਾਂ ਕੈਨੇਡਾ ਚ ਕੋਈ ਸੈਕੰਡਰੀ ਸਕੂਲ ਖ਼ਾਲੀ ਕਰਵਾ ਕੇ ਤੁਹਾਡਾ ਇੱਕ ਡੇਰਾ ਇੱਥੇ ਵੀ ਬਣਵਾ ਦਿਆਂ ! ਪਹਿਲਾਂ ਇੱਕ ਐਲੀਮੈਂਟਰੀ ਸਕੂਲ ਖ਼ਾਲੀ ਹੋਇਆ ਸੀ , ਪਰ ਓੱਥੇ ਕੋਈ ਹੋਰ ਠਾਠ ਬਣਾ ਕੇ ਠਾਠਾਂ ਪਿਆ ਕਰਦਾ ਏ

-----

ਪਰ ਪੰਜਾਬ ਚ ਪਿੰਡਾਂ ਦੇ ਵਿਹਲੇ ਪਏ ਸਰਕਾਰੀ ਸਕੂਲਾਂ ਉਪਰ ਹੁਣ ਤਾਂ ਤੁਹਾਨੂੰ ਵੀ ਕੋਈ ਮੱਕੜ ਜਾਲਵਿਛਾ ਕੇ ਝੰਡੇ ਝੁਲਾ ਦੇਣੇ ਚਾਹੀਦੇ ਨੇ ਨਾਲੇ ਬਾਦਲ ਕਿਆਂ ਨੂੰ ਕਹਿ ਕੇ ਪੇਂਡੂ ਬੱਚਿਆਂ ਨੂੰ ਧਰਮ ਦੀ ਉੱਚ ਵਿਦਿਆ ਲਈ ਅਫ਼ਗਾਨਿਸਤਾਨ ਦੇ ਮਦਰੱਸਿਆਂ ਚ ਦਾਖਲਾ ਦਿਵਾਉਣਾ ਚਾਹੀਦੈ , ਤਾਂ ਕਿ ਧਰਮ ਵਿੱਚ ਪਰਪੱਕ ਹੋ ਸਕਣ ਨਹੀਂ ਇੱਥੇ ਤਾਂ ਕਾਨਵੈਂਟ ਸਕੂਲਾਂ ਚ ਸਾਇੰਸਦਾਨ ਬਣ ਕੇ ਫਿਰ ਰੱਬ ਨੂੰ ਟੱਬ ਹੀ ਦੱਸਿਆ ਕਰਨਗੇ

----

ਇੱਕ ਹੋਰ ਗੱਲ , ਮੇਰੇ 108 ਨੰ: ਵਾਲੇ ਬਾਬਾ ਜੀ ! ਸਾਡੇ ਦੋਖੀਆਂ ਦੇ ਅੱਠ ਨੰਬਰ ਵਾਲੇ ਬਾਬੇ ਬੇਸ਼ੱਕ, ਦੂਰ ਰੱਬ ਦੇ ਘਰ ਤੱਕ ਪਹੁੰਚ ਜਾਣ ! ਪਰ ਤੁਸੀਂ ਤਾਂ ਚੇਲਿਆਂ ਦੇ ਘਰ-ਘਰ ਤੱਕ ਪਹੁੰਚੇ ਹੋਏ ਹੋ !...ਕਈਆਂ ਦੇ ਤਾਂ…!! ਚਲੋ , ਓਹ ਗੱਲ ਤਾਂ ਕਦੇ ਫਿਰ ਸਹੀ ! ਪਰ ਦੋਖੀ ਇੱਕ ਸੌ ਅੱਠ ਨੂੰ , ਅੱਠ ਨਾਲ ਤਕਸੀਮ ਕਰਕੇ ਤਾਂ ਇੱਕ ਵਾਰੀ ਦੇਖ ਲੈਣ , ਫੇਰ ਹੀ ਬ੍ਰਹਮ-ਗਿਆਨਤਾ ਦੀ ਪਾਵਰ ਦਾ ਪਤਾ ਲੱਗੇਗਾ

-----

ਹੂੰ ! ਛੱਜ ਤਾਂ ਬੋਲੇ ਪਰ ਛਾਣਨੀ ਵੀ….! ਤੁਹਾਡੇ ਯੌਂਗੇ ਉਪਰ ਧੰਨ ਧੰਨ ਬਾਬਾ 108 ਬ੍ਰਹਮ ਗਿਆਨੀਲਿਖਿਆ ਦੇਖ ਕੇ ਊਜਾਂ ਕਸਦੇ ਹੋਏ ਪੁੱਛਦੇ ਨੇ ਕਿ ਇਸ ਦਾ ਕੀ ਭਾਵ ਹੈ ? ਫਿਰ ਵਿੱਚੋਂ ਆਪ ਹੀ ਕਿਆਸ ਅਰਾਈਆਂ ਲਾ ਕੇ ਕਹਿੰਦੇ ਨੇ ; ‘ਇਸ ਦਾ ਮਤਲਬ ਹੈ ਕਿ ਬਾਬਾ ਜੀ ਦੀ ਹਾਰਸ ਪਾਵਰ ਇੱਕ ਸੌ ਅੱਠ ਹੈ ..! ਐਵੇਂ ਤਾਂ ਨਹੀਂ ਬੀਬੀਆਂ…!!’

-----

ਚਲੋ , ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਛੱਡ ਕੇ ਇੱਕੋ ਹੀ ਜੋਦੜੀ ਕਰਦਾ ਹਾਂ ਕਿ ਨਹਿੰਗਾਂ ਦੇ ਬਾਟੇ ਵਾਂਗੂੰ ਮਾਂਜੇ ਆਪਣੇ ਦਾਸ ਤੇ ਮਿਹਰ ਕਰ ਦੇਵੋ ! ਤਾਂ ਕਿ ਮੇਰੀ ਚਰਨ ਕੌਰ ਵੀ ਤੁਹਾਡੇ ਚਰਨੀਂ ਲੱਗ ਸਕੇ ! ਤੇ ਮੈਂ ਵੀ ਦੇਸੀ ਘਿਓ ਵਾਂਗੂੰ ਤੁਹਾਡੀ ਪਵਿੱਤਰ ਦੇਹ ਚ ਰਚ ਕੇ ਆਪਣਾ ਜੀਵਨ ਸਫ਼ਲ ਕਰ ਲਵਾਂ……!!

ਭੰਗ ਦੇ ਪਿਆਲੇ ਵਰਗਾ,

ਆਪ ਜੀ ਦਾ ਦਾਸ

ਗੁਰਮੇਲ ਸਿੰਘ ਬਦੇਸ਼ਾ

No comments: