ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, May 5, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ - ਬਹਿਸ ਪੱਤਰ – ਭਾਗ ਤੀਜਾ

ਕੈਨੇਡੀਅਨ ਪੰਜਾਬੀ ਕਵਿਤਾ :ਸੰਵਾਦ ਦੀ ਸਮੱਸਿਆ

ਬਹਿਸ ਪੱਤਰ ਭਾਗ ਤੀਜਾ

ਲੜੀ ਜੋੜਨ ਲਈ ਭਾਗ ਪਹਿਲਾ ਅਤੇ ਦੂਜਾ ਪੜ੍ਹੋ ਜੀ।

(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ ਵਿਸ਼ਵ ਪੰਜਾਬੀ ਕਾਨਫਰੰਸ 2009ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਸਨੂੰ ਬਲੌਗ ਦੇ ਸੂਝਵਾਨ ਪਾਠਕਾਂ ਲਈ ਲੜੀਵਾਰ ਪੋਸਟ ਕੀਤਾ ਜਾ ਰਿਹਾ ਹੈ। ਤੁਹਾਡੇ ਇਸ ਬਹਿਸ-ਪੱਤਰ ਬਾਰੇ ਕੀ ਵਿਚਾਰ ਹਨ, ਪੜ੍ਹਨ ਉਪਰੰਤ ਜ਼ਰੂਰ ਲਿਖਣਾ ਜੀ। ਸ਼ੁਕਰੀਆ। )

*****

2ਨਸਲਵਾਦ ਅਤੇ ਵਿਤਕਰਾ :
ਅਨੇਕਾਂ ਹੋਰ ਪੱਛਮੀ ਦੇਸ਼ਾਂ ਵਾਂਗ ਕੈਨੇਡਾ ਵਿੱਚ ਵੀ ਨਸਲਵਾਦ ਇੱਕ ਵੱਡੀ ਸਮੱਸਿਆ ਹੈਭਾਵੇਂ ਕਿ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਲੋਕਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਰਿਹਾ ਹੈਜਿਸ ਦੀ ਸਭ ਤੋਂ ਵੱਡੀ ਮਿਸਾਲ ਸਾਊਥ ਅਫਰੀਕਾ ਹੈ ਜਿੱਥੇ ਕਾਲੇ ਅਤੇ ਰੰਗਦਾਰ ਲੋਕਾਂ ਨੂੰ ਗੁਲਾਮਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਅਤੇ ਉਨ੍ਹਾਂ ਨੂੰ ਹਰ ਕਿਸਮ ਦੇ ਮਨੁੱਖੀ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਰਿਹਾ ਹੈਜਿਸ ਦੇਸ਼ ਦੇ ਗੋਰੇ ਰੰਗ ਦੇ ਨਸਲਪ੍ਰਸਤ ਹਾਕਮਾਂ ਨੇ ਨੈਲਸਨ ਮੰਡੈਲਾ ਨੂੰ 25 ਸਾਲ ਤੱਕ ਜੇਲ੍ਹ ਦੀ ਕੋਠੜੀ ਵਿੱਚ ਕੈਦ ਕਰਕੇ ਹਰ ਤਰ੍ਹਾਂ ਦੇ ਤਸੀਹੇ ਦਿੱਤੇ - ਮਹਿਜ਼ ਇਸ ਕਰਕੇ ਕਿ ਉਸਦਾ ਰੰਗ ਕਾਲਾ ਸੀ ਅਤੇ ਉਹ ਕਾਲੇ ਰੰਗ ਦੇ ਲੋਕਾਂ ਲਈ ਬਰਾਬਰੀ ਦੇ ਹੱਕਾਂ ਦੀ ਮੰਗ ਕਰਦਾ ਸੀਅਜੇ ਕੁਝ ਦਹਾਕੇ ਪਹਿਲਾਂ ਤੱਕ ਅਮਰੀਕਾ ਵਰਗੇ ਤਰੱਕੀ-ਪਸੰਦ ਦੇਸ਼ ਵਿੱਚ ਵੀ ਕਾਲੇ ਰੰਗ ਦੇ ਲੋਕਾਂ ਨੂੰ ਗੋਰੇ ਰੰਗ ਦੇ ਲੋਕਾਂ ਨਾਲ ਬੱਸਾਂ, ਗੱਡੀਆਂ ਵਿੱਚ ਇਕੱਠੇ ਸਫਰ ਕਰਨ ਦੀ ਆਗਿਆ ਨਹੀਂ ਸੀ; ਕਾਲੇ ਰੰਗ ਦੇ ਲੋਕ ਗੋਰੇ ਰੰਗ ਦੇ ਲੋਕਾਂ ਨਾਲ ਗਿਰਜਿਆਂ ਵਿੱਚ ਨਹੀਂ ਜਾ ਸਕਦੇ ਸਨ; ਕਾਲੇ ਰੰਗ ਦੇ ਲੋਕ ਉਨ੍ਹਾਂ ਰੈਸਟੋਰੈਂਟਾਂ ਵਿੱਚ ਭੋਜਨ ਨਹੀਂ ਖਾ ਸਕਦੇ ਸਨ - ਜਿੱਥੇ ਗੋਰੇ ਰੰਗ ਦੇ ਲੋਕ ਜਾਂਦੇ ਸਨ

-----

ਕਾਲੇ ਰੰਗ ਦੇ ਲੋਕਾਂ ਦੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਪੜ੍ਹਣ ਦੀ ਇਜਾਜ਼ਤ ਨਹੀਂ ਸੀ ਜਿੱਥੇ ਗੋਰੇ ਰੰਗ ਦੇ ਲੋਕਾਂ ਦੇ ਬੱਚੇ ਪੜ੍ਹਦੇ ਸਨਕਾਲੇ ਰੰਗ ਦੇ ਲੋਕ ਜਦੋਂ ਬਰਾਬਰੀ ਦੇ ਹੱਕਾਂ ਦੀ ਮੰਗ ਕਰਨ ਲਈ ਜਲਸੇ-ਜਲੂਸ ਕੱਢਦੇ ਤਾਂ ਅਮਰੀਕਾ ਦੀ ਪੁਲਿਸ ਉਨ੍ਹਾਂ ਉੱਤੇ ਖ਼ੂੰਖਾਰ ਬਘਿਆੜਾਂ ਵਰਗੇ ਕੁੱਤੇ ਛੱਡ ਦਿੰਦੀ ਉਨ੍ਹਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਅਤੇ ਅਨੇਕਾਂ ਵਾਰ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ
ਕੈਨੇਡਾ ਵਿੱਚ ਵੀ ਵੱਖੋ ਵੱਖ ਸਮਿਆਂ ਉੱਤੇ ਨੇਟਿਵ ਇੰਡੀਅਨ, ਜਾਪਾਨੀ, ਚੀਨੀ, ਪਾਕਿਸਤਾਨੀਆਂ, ਹਿੰਦੁਸਤਾਨੀਆਂ ਅਤੇ ਅਨੇਕਾਂ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨੂੰ ਨਸਲਵਾਦ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈਇਹ ਵਿਤਕਰਾ ਸਪੱਸ਼ਟ ਰੂਪ ਵਿੱਚ ਵੀ ਹੁੰਦਾ ਹੈ ਅਤੇ ਲੁਕਵੇਂ ਰੂਪ ਵਿੱਚ ਵੀਅਜਿਹਾ ਵਿਤਕਰਾ ਕਰਨ ਦੇ ਦੋਸ਼ ਵਿੱਚੋਂ ਕੈਨੇਡਾ ਦੀਆਂ ਸਰਕਾਰੀ ਸੰਸਥਾਵਾਂ ਅਤੇ ਇਨ੍ਹਾਂ ਦੇ ਅਧਿਕਾਰੀਆਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾਇਸਦਾ ਇਜ਼ਹਾਰ ਸਮੇਂ ਸਮੇਂ ਕੈਨੇਡਾ ਦੀ ਸਰਕਾਰ ਨੇ ਆਪ ਵੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਵਿਤਕਰਾ ਸਹਿੰਦੀਆਂ ਰਹੀਆਂ ਕਮਿਊਨਿਟੀਆਂ ਤੋਂ ਮਾਫੀ ਮੰਗ ਕੇ ਕੀਤਾ ਹੈਹਿੰਦੁਸਤਾਨੀਆਂ ਨਾਲ ਸਬੰਧਤ ਕੈਨੇਡਾ ਵਿੱਚ ਵਾਪਰੀ ਅਜਿਹੀ ਸਭ ਤੋਂ ਵੱਡੀ ਘਟਨਾ ਕਾਮਾਗਾਟਾ ਮਾਰੂ ਦੀ ਘਟਨਾ ਸੀਇਸ ਵਿਸ਼ੇ ਨੂੰ ਰੂਪਮਾਨ ਕਰਨ ਲਈ ਕੈਨੇਡਾ ਦੇ ਕਵੀਆਂ ਨੇ ਪ੍ਰਭਾਵਸ਼ਾਲੀ ਰਚਨਾਵਾਂ ਰਚੀਆਂ ਹਨਪੇਸ਼ ਹਨ ਕੁਝ ਉਦਾਹਰਣਾਂ:
1

ਇਥੇ ਕੈਨੇਡਾ ਵਿਚ ਵੀ
ਨਸਲੀ ਵਿਤਕਰੇ ਦਾ ਜ਼ਹਿਰ
ਹੈ ਗੋਰੇ ਲਹੂ ਵਿਚ
ਕਾਲੇ ਲਹੂ ਵਿਚ
ਪਰ ਮਨੁੱਖ ਕਿਉਂ ਨਹੀਂ ਸਮਝਦਾ
ਕਿ ਲਹੂ ਤਾਂ ਲਹੂ ਹੁੰਦਾ ਹੈ
ਕਾਲੇ ਦਾ ਜਾਂ
ਗੋਰੇ ਦਾ
'
ਲਹੂ ਦਾ ਰੰਗ ਤਾਂ ਸਭ ਦਾ ਇਕੋ ਹੁੰਦਾ ਹੈ'
ਫਿਰ ਕਿਉਂ ਕਾਲੇ ਗੋਰੇ ਦਾ ਭੇਤ ਹੈ
('
ਨਸਲੀ ਵਿਤਕਰੇ ਦਾ ਜ਼ਹਿਰ' - ਹਰਭਜਨ ਸਿੰਘ ਮਾਂਗਟ)
-----

2
ਭਾਵੇਂ ਇਥੇ ਅਸੀਂ
ਖੂਬਸੂਰਤ ਕਨੇਡੀਅਨ ਪਾਸਪੋਰਟ
ਜੇਬਾਂ ਵਿਚ ਪਾਈ ਫਿਰਦੇ ਹਾਂ
ਪਰ ਚਿੱਟੇ ਰੰਗ ਲਈ
ਹਿੰਦੂ ਜਾਂ ਪਾਕੀ ਹੀ ਹਾਂ
ਕਾਲੇ, ਪੀਲੇ ਜਾਂ ਭੂਰਿਆਂ ਦੇ ਕਾਹਦੇ ਹੱਕ
('
ਡੰਡਾ: ਜ਼ਿੰਦਾਬਾਦ' - ਇਕਬਾਲ ਖ਼ਾਨ)
-----

3
ਜ਼ਾਤ, ਮਜ਼ਹਬ, ਨਸਲ ਤੇ ਚਮੜੀ ਦਾ ਰੰਗ
ਆਦਮੀ ਦਾ ਆਦਮੀ ਵੰਡਣ ਦਾ ਢੰਗ
(
ਨਦੀਮ ਪਰਮਾਰ)
-----

4
'
ਸਟੇਟ' ਦੇ ਕੁੱਤੇ
ਚੁੱਪ, ਚਾਪ ਵੱਢਦੇ ਵੀ ਨੇ, ਤੇ
ਬੜੇ ਸਲੀਕੇ ਨਾਲ, ''ਮਾਫ਼ ਕਰਨਾ ਵੀ ਕਹਿੰਦੇ ਨੇ!"
ਅਫ਼ਸਰਸ਼ਾਹੀ ਦੀਆਂ ਇਹਨਾਂ ਮਨੁੱਖੀ ਮਸ਼ੀਨਾਂ '
ਸਦ-ਭਾਵਨਾ ਨਾਂ ਦੀ ਕੋਈ ਸ਼ੈ ਨਹੀਂ !
('
ਬੇਰੂਹਾ ਵਿਭਚਾਰੀ ਸ਼ਾਸਨ' - ਮਨਜੀਤ ਮੀਤ)
-----

5
ਝੂਠ
ਕਿਸੇ ਨਸਲਵਾਦੀ ਦੀ ਚਿੱਟੀ ਚਮੜੀ ਪਿੱਛੇ ਲੁਕਿਆ
ਉਹ ਕਾਲਾ ਬਿੱਛੂ ਹੈ
ਜਿਹਦੇ ਡੰਗੇ ਜਾਣ ਤੋਂ ਬਾਅਦ
ਜਿਸਮ 'ਚ ਦੌੜ ਗਏ
ਸਿਰਫ਼ ਜ਼ਹਿਰ ਦਾ ਹੀ ਪਤਾ ਲੱਗਦਾ ਹੈ
('
ਉਂਝ' - ਹਰਕੰਵਲਜੀਤ ਸਾਹਿਲ)
----

6
ਕੱਲ੍ਹ ਦੀ ਸਵੇਰ ਇਕ ਰੰਗ ਨਵਾਂ ਦਿਖਾਵੇਗੀ
ਮਜ਼੍ਹਬਾਂ ਤੇ ਨਸਲਾਂ ਦੇ ਭੇਦ ਨੂੰ ਮਿਟਾਵੇਗੀ
ਮਨੁੱਖਤਾ ਨੂੰ ਜਿਊਣ ਦਾ ਢੰਗ ਉਹ ਸਿਖਾਵੇਗੀ
ਸਾਂਝੀਵਾਲਤਾ ਦਾ ਉਹ ਪੈਗ਼ਾਮ ਲੈ ਕੇ ਆਵੇਗੀ
('
ਨਵੀਂ ਸਵੇਰ' - ਮਹਿੰਦਰਪਾਲ ਸਿੰਘ ਪਾਲ)
-----
3
ਭਾਸ਼ਾ, ਸੰਚਾਰ ਅਤੇ ਪੀੜ੍ਹੀਆਂ ਵਿੱਚ ਵੱਧ ਰਿਹਾ ਫਾਸਲਾ :
ਭਾਸ਼ਾ ਮਨੁੱਖ ਨੂੰ ਇੱਕ ਦੂਜੇ ਨਾਲ ਜੋੜਨ ਦਾ ਮਾਧਿਅਮ ਹੈਪਰ ਭਾਸ਼ਾ ਹੀ ਕਈ ਵੇਰ ਮਨੁੱਖ ਨੂੰ ਇੱਕ ਦੂਜੇ ਤੋਂ ਅਲੱਗ ਵੀ ਕਰ ਦਿੰਦੀ ਹੈਕੈਨੇਡਾ ਵਿੱਚ ਕਿਊਬੈਕ ਦਾ ਸੂਬਾ ਜੋ ਕਿ ਫਰੈਂਚ ਜ਼ੁਬਾਨ ਬੋਲਣ ਵਾਲਿਆਂ ਦਾ ਸੂਬਾ ਹੈ - ਕੈਨੇਡਾ ਤੋਂ ਅਲੱਗ ਹੋਣ ਦੀਆਂ ਕਈ ਵਾਰ ਕੋਸ਼ਿਸ਼ਾਂ ਕਰ ਚੁੱਕਾ ਹੈਉੱਥੋਂ ਦੀ ਇੱਕ ਰਾਜਨੀਤਿਕ ਪਾਰਟੀ ਬਲਾਕ ਕੁਬੈਕਵਾ ਇਸੇ ਮੁੱਦੇ ਉੱਤੇ ਹੀ ਅਕਸਰ ਚੋਣਾਂ ਲੜਦੀ ਹੈ ਕਿ ਲੋਕ ਸਾਨੂੰ ਵੋਟਾਂ ਪਾਉਣ ਅਸੀਂ ਕਿਉਬੈਕ ਦੀ ਆਜ਼ਾਦੀ ਲਈ ਜੱਦੋ-ਜਹਿਦ ਕਰਾਂਗੇਇਸ ਤਰ੍ਹਾਂ ਕੈਨੇਡਾ ਵਿੱਚ ਭਾਸ਼ਾ ਦੀ ਸਮੱਸਿਆ ਕੈਨੇਡਾ ਦੀ ਹੋਂਦ ਨਾਲ ਵੀ ਜੁੜੀ ਹੋਈ ਹੈਪਰ ਇਹ ਵੀ ਇੱਕ ਹੈਰਾਨੀ ਵਾਲਾ ਤੱਥ ਹੈ ਕਿ ਕੈਨੇਡਾ ਵਿੱਚ 170 ਤੋਂ ਵੱਧ ਜ਼ੁਬਾਨਾਂ ਬੋਲਣ ਵਾਲੇ ਲੋਕ ਹਨ ਅਤੇ ਪੰਜਾਬੀ ਜ਼ੁਬਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਦੂਜੀ ਜ਼ੁਬਾਨ ਮੰਨੀ ਗਈ ਹੈ
ਭਾਸ਼ਾ ਦੀ ਸਮੱਸਿਆ ਕਈ ਵਾਰ ਘਰਾਂ ਵਿੱਚ ਵੀ ਗੰਭੀਰ ਸੰਕਟ ਪੈਦਾ ਕਰ ਦਿੰਦੀ ਹੈਕੈਨੇਡਾ ਵਿੱਚ ਜੰਮੇ-ਪਲੇ ਬੱਚੇ ਅੰਗਰੇਜ਼ੀ ਜ਼ੁਬਾਨ ਬੋਲਦੇ ਹਨ, ਅੰਗਰੇਜ਼ੀ ਜ਼ੁਬਾਨ ਵਿੱਚ ਹੀ ਸੋਚਦੇ ਹਨ; ਪਰ ਪੰਜਾਬ ਦੇ ਪਿੰਡਾਂ ਤੋਂ ਆਏ ਸਿੱਧੇ ਸਾਦੇ ਬਜ਼ੁਰਗ ਲੋਕ ਜੋ ਕਿ ਅਨੇਕਾਂ ਹਾਲਤਾਂ ਵਿੱਚ ਅੰਗਰੇਜ਼ੀ ਜ਼ੁਬਾਨ ਸਮਝ ਨਹੀਂ ਸਕਦੇ ਬੱਚਿਆਂ ਲਈ ਨਫਰਤ ਦਾ ਵਿਸ਼ਾ ਬਣ ਜਾਂਦੇ ਹਨਜਿਸ ਕਾਰਨ ਕਈ ਵਾਰ ਘਰਾਂ ਵਿੱਚ ਮਾਰ ਕੁਟਾਈ ਤੱਕ ਦੀ ਹਾਲਤ ਬਣ ਜਾਂਦੀ ਹੈਜਿਸ ਕਾਰਨ ਕਈ ਵਾਰੀ ਬਜ਼ੁਰਗ ਮਾਪਿਆਂ ਨੂੰ ਉਨ੍ਹਾਂ ਦੇ ਆਪਣੇ ਹੀ ਬੱਚੇ ਘਰ ਛੱਡਕੇ ਜਾਣ ਲਈ ਮਜਬੂਰ ਕਰ ਦਿੰਦੇ ਹਨਬਜ਼ੁਰਗਾਂ ਅਤੇ ਬੱਚਿਆਂ ਦਰਮਿਆਨ ਭਾਸ਼ਾ ਕਰਕੇ ਪੈਦਾ ਹੋ ਰਿਹਾ ਫਾਸਲਾ ਕੈਨੇਡਾ ਦੇ ਪ੍ਰਵਾਸੀਆਂ ਲਈ ਇੱਕ ਗੰਭੀਰ ਸਮੱਸਿਆ ਹੈਭਾਸ਼ਾ ਨਾਲ ਸਬੰਧਤ ਇਸ ਸੰਕਟ ਨੂੰ ਵੀ ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ ਹੈਇਸ ਤਰ੍ਹਾਂ ਭਾਸ਼ਾ ਨਾਲ ਜੁੜੀ ਹੋਈ ਸਮੱਸਿਆ ਵੀ ਬਹੁ-ਦਿਸ਼ਾਵੀ ਸਮੱਸਿਆ ਹੈਪੇਸ਼ ਹਨ ਕੁਝ ਉਦਾਹਰਣਾਂ:
1

ਭਾਸ਼ਾ ਤਾਂ ਮਨੁੱਖ ਲਈ ਅੰਦਰ ਤੋਂ ਬਾਹਰ
ਆਉਣ ਲਈ ਇਕ ਪੁਲ ਸੀ
ਇਸ ਪੁਲ ਨੇ ਮਨੁੱਖ ਤੋਂ ਮਨੁੱਖ ਤੱਕ ਪਹੁੰਚਣ ਦੇ
ਸਦੀਆਂ ਤੋਂ ਬੰਦ ਰਾਹਾਂ ਨੂੰ ਖੋਲ੍ਹਣਾ ਸੀ
ਨੰਗ-ਮੁਨੰਗੇ ਸ਼ਬਦਾਂ ਰਾਹੀਂ
ਜ਼ਿੰਦਗੀ ਦੇ ਹਰ ਇੱਕ ਪਲ ਨੂੰ
ਸਤਰੰਗੀ ਪੀਂਘ ਦੇ ਰੰਗਾਂ ਦੇ ਅਰਥ ਦੇਣੇ ਸਨ
ਮਨੁੱਖੀ ਰਿਸ਼ਤਿਆਂ '
ਦਰਿਆਵਾਂ ਦੇ ਬੇ-ਪਰਵਾਹ ਵਹਿਣ ਵਰਗੀ ਤਰਲਤਾ ਭਰਨੀ ਸੀ
'
ਹੋਂਦ' ਅਤੇ 'ਅਣ-ਹੋਂਦ' ਵਿੱਚ
ਇੱਕ ਤਰਕ ਪੈਦਾ ਕਰਨਾ ਸੀ
('
ਸ਼ਕਿਜ਼ੋਫਰੇਨੀਆ-3' - ਸੁਖਿੰਦਰ)
-----

2
ਪਰ
ਉਹ ਸਿਰਫ ਸਿਰ ਹਿਲਾਉਂਦੇ ਨੇ
ਵਿਦੇਸ਼ੀ ਭਾਸ਼ਾ '
ਕੁਛ ਆਖਦੇ ਨੇ
ਜੋ ਮੈਨੂੰ ਸਮਝ ਨਹੀਂ ਆਉਂਦਾ।।।
ਮੈਂ ਸੋਚਦੀ ਰਹਿੰਦੀ ਹਾਂ।।।
ਕਿ
ਕਿਹੜੀ ਭਾਸ਼ਾ '
ਸੰਵਾਦ ਰਚਾਵਾਂ
ਕਿ ਉਹ ਸਮਝ ਸਕਣ
ਮੇਰੀ ਗੱਲ
ਮੇਰੀ ਜ਼ੁਬਾਨ
ਮੇਰੇ ਸੰਸੇ
ਮੇਰੇ ਡਰ!
ਸੰਸਾ ਹੈ ਮੈਨੂੰ
ਕਿ ਇਸ ਪਰਵਾਸ ਵਿੱਚ
ਗੁਆਚ ਜਾਏਗੀ
ਮੇਰੀ ਅਗਲੀ ਪੀੜ੍ਹੀ
ਮੇਰਾ ਸੱਭਿਆਚਾਰ
ਮੇਰੇ ਸੰਸਕਾਰ।।।
('
ਕੀਰਤਪੁਰ' - ਸੁਰਜੀਤ)
-----

3
ਮੈਂ ਆਪਣੇ ਅੱਖਰਾਂ ਲਈ
ਕਦੇ ਅੱਗ
ਕਦੇ ਬਰਫ਼ ਲਭਦਾ ਰਿਹਾ
('
ਭਾਲ' - ਮਿੱਤਰ ਰਾਸ਼ਾ)
-----

4
ਮੈਂ ਸ਼ਬਦਾਂ ਦੀਆਂ
ਚਿੱਪਰਾਂ ਨਾਲ ਹੀ
ਕਵਿਤਾ ਲਿਖਦਾ ਹਾਂ
ਪੂਰੇ ਸੂਰੇ ਸ਼ਬਦਾਂ ਦੇ
ਸਨਮੁਖ ਹੋਣ ਦਾ ਮੇਰੇ ਵਿਚ ਬਲ ਨਹੀਂ
('
ਪੂਰੇ ਸੂਰੇ ਸ਼ਬਦ' - ਨਵਤੇਜ ਭਾਰਤੀ)
-----

5
ਕਿਹੜੀ ਬੋਲੀ 'ਚ ਤੈਨੂੰ ਵਾਜ ਮਾਰਾਂ
ਕਿ ਬੰਦਾ ਬੋਲੀਆਂ 'ਤੇ ਲੜ ਰਿਹਾ ਹੈ
(
ਨਦੀਮ ਪਰਮਾਰ)
-----
4
ਔਰਤਾਂ ਅਤੇ ਬੱਚਿਆਂ ਉੱਤੇ ਹੋ ਰਹੀ ਹਿੰਸਾ :
ਕੈਨੇਡੀਅਨ ਪੰਜਾਬੀ ਕਵਿਤਾ ਦਾ ਇੱਕ ਹੋਰ ਵਿਸ਼ਾ ਤਿੱਖੇ ਸੰਵਾਦ ਛੇੜਣ ਦੀ ਮੰਗ ਕਰਦਾ ਹੈਉਹ ਵਿਸ਼ਾ ਹੈ ਔਰਤਾਂ ਉੱਤੇ ਹੁੰਦੀ ਹਿੰਸਾਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਆ ਕੇ ਵੀ ਕੁਝ ਮਰਦ ਆਪਣੀ ਹਉਮੈ ਨਹੀਂ ਛੱਡਦੇ ਅਤੇ ਆਪਣੀਆਂ ਪਤਨੀਆਂ / ਧੀਆਂ ਨੂੰ ਪੈਰ ਦੀ ਜੁੱਤੀ ਸਮਝ ਉਨ੍ਹਾਂ ਉੱਤੇ ਮਾਨਸਿਕ ਅਤੇ ਸਰੀਰਕ ਅਤਿਆਚਾਰ ਕਰਦੇ ਹਨਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਇਹ ਵਿਸ਼ਾ ਵੀ ਅਹਿਮ ਵਿਸ਼ਾ ਬਣਦਾ ਜਾ ਰਿਹਾ ਹੈਕੈਨੇਡਾ ਵਰਗੇ ਦੇਸ਼ ਵਿੱਚ ਪਤਨੀਆਂ ਆਪਣੇ ਪਤੀਆਂ ਦੇ ਬਰਾਬਰ ਕੰਮ ਕਰਦੀਆਂ ਹਨ ਅਤੇ ਘਰ ਦੀਆਂ ਹੋਰ ਜ਼ਿਮੇਵਾਰੀਆਂ ਵੀ ਨਿਭਾਉਂਦੀਆਂ ਹਨ - ਪਰ ਜਦੋਂ ਪਤੀ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਘਰੇਲੂ ਜ਼ਿੰਦਗੀ ਵਿੱਚ ਤਨਾਓ ਪੈਦਾ ਹੁੰਦਾ ਹੈਹਾਲਾਤ ਮਾਰ-ਕੁਟਾਈ ਤੱਕ ਪਹੁੰਚਦੇ ਪਹੁੰਚਦੇ ਕਈ ਵਾਰ ਕਤਲ ਤੱਕ ਵੀ ਪਹੁੰਚ ਜਾਂਦੇ ਹਨਕੁਝ ਇਸ ਤਰ੍ਹਾਂ ਦੀ ਹੀ ਹਾਲਤ ਕੈਨੇਡਾ ਵਿੱਚ ਪੰਜਾਬੀ ਧੀਆਂ ਨਾਲ ਵੀ ਵਾਪਰ ਰਹੀ ਹੈਬੱਚੇ ਪੱਛਮੀ ਮੁਲਕਾਂ ਵਿੱਚ ਪੱਛਮੀ ਸਭਿਆਚਾਰ ਦਾ ਪ੍ਰਭਾਵ ਕਬੂਲਦੇ ਹੋਏ ਪੱਛਮੀ ਸਭਿਆਚਾਰ ਵਾਲੀਆਂ ਖੁੱਲ੍ਹਾਂ ਵੀ ਮਾਨਣੀਆਂ ਚਾਹੁੰਦੇ ਹਨ; ਪਰ ਮਾਪੇ ਆਪਣੀਆਂ ਪ੍ਰੰਪਰਕ ਕਦਰਾਂ-ਕੀਮਤਾਂ ਉੱਤੇ ਹੀ ਅੜ੍ਹੇ ਹੋਏ ਕਿਸੇ ਤਰ੍ਹਾਂ ਵੀ ਬੱਚਿਆਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇਜਿਸ ਕਾਰਨ ਉਨ੍ਹਾਂ ਦਾ ਆਪਸੀ ਸੰਚਾਰ ਟੁੱਟ ਜਾਂਦਾ ਹੈ ਅਤੇ ਹੌਲੀ ਹੌਲੀ ਇਹ ਸਥਿਤੀ ਬਹੁਤ ਹੀ ਤਨਾਓ ਭਰਪੂਰ ਹੋ ਜਾਂਦੀ ਹੈਪਿਛਲੇ ਕੁਝ ਸਾਲਾਂ ਵਿੱਚ ਅਨੇਕਾਂ ਨੌਜੁਵਾਨ ਔਰਤਾਂ ਦਾ ਉਨ੍ਹਾਂ ਦੇ ਹੀ ਪਿਉਆਂ/ਭਰਾਵਾਂ ਵੱਲੋਂ ਕਤਲ ਕਰ ਦਿੱਤਾ ਗਿਆਕੈਨੇਡੀਅਨ ਸਮਾਜ ਵਿੱਚ ਚਿੰਤਾ ਦਾ ਵਿਸ਼ਾ ਬਣ ਰਹੀ ਇਸ ਸਮੱਸਿਆ ਨੂੰ ਲੈ ਕੇ ਕੈਨੇਡੀਅਨ ਪੰਜਾਬੀ ਕਵੀਆਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਹਨ; ਭਾਵੇਂ ਕਿ ਸਾਡੇ ਆਲੋਚਕਾਂ / ਸਮੀਖਿਆਕਾਰਾਂ ਨੇ ਇਸ ਗੱਲ ਨੂੰ ਅਜੇ ਤੱਕ ਵਧੇਰੇ ਗੋਲਿਆ ਨਹੀਂਪੇਸ਼ ਹਨ ਅਜਿਹੀ ਸ਼ਾਇਰੀ ਦੀਆਂ ਕੁਝ ਉਦਾਹਰਣਾਂ:
1

ਅਸੀਂ ਸਭ ਔਰਤਾਂ
ਔਰਤ ਹੋਣਾ ਸਾਡਾ ਦੋਸ਼
ਅਤੇ ਇਸ ਦੋਸ਼ ਦਾ ਬੋਝ
ਸਾਡੇ ਸਿਰਾਂ ਤੇ ਲੱਦਿਆ
ਸਾਨੂੰ ਲਿਫਾਉਂਦਾ ਰਹਿੰਦਾ ਹੈ
ਮਰਦਾਂ ਦੀ ਅਦਾਲਤ '
ਉਦੋਂ ਤੀਕ
ਜਦੋਂ ਤੀਕ ਅਸੀਂ
ਲਿਫ ਲਿਫ ਧਰਤੀ ਨਾਲ ਨਹੀਂ
ਜੁੜ ਜਾਂਦੀਆਂ
ਸਾਡੀਆਂ ਸੁਪਨਿਆਂ ਨਾਲ
ਭਰੀਆਂ ਅੱਖਾਂ
ਨਹੀਂ ਸੁੱਕ ਜਾਂਦੀਆਂ
ਸਾਡੀਆਂ ਹੋਂਦਾਂ ਨਹੀਂ
ਮੁੱਕ ਜਾਂਦੀਆਂ
('
ਅਸੀਂ ਮਨੁੱਖ ਹਾਂ'- ਸੁਰਿੰਦਰ ਗੀਤ)
------

2
ਮਹਿਜ਼,
ਆਪਣੇ ਨੱਕ, ਪੱਗ ਅਤੇ ਧੌਲ਼ੇ ਝਾਟਿਆਂ ਦੀ
ਲੱਜ ਪਿੱਟਦੇ, ਮਜਬੂਰੀਆਂ ਦੇ ਕੀਰਨੇ ਪਾ, ਬੇਵਸੀ ਦੇ ਹੰਝੂ ਕੇਰ
ਵਿਚੋਲਿਆਂ ਦੇ ਕੰਧਿਆਂ 'ਤੇ
ਧੀਆਂ ਦੀਆਂ ਅੱਧ ਜਲੀਆਂ ਲੋਥਾਂ ਉਠਾ
ਭਾਂਡੇ, ਟੀਂਡਿਆਂ 'ਤੇ ਕੱਪੜਿਆਂ ਦੀ ਸਮਗਰੀ ਸੰਗ
ਮਨੌਤੀਆਂ ਦਾ ਬਾਲਣ ਪਾ ਕੇ
ਸਿਵਿਆਂ ਵਿੱਚ ਸਵਾਹ ਹੋਣ ਲਈ
ਛੱਡ ਆਂਦੇ ਹਨ - ਮਾਪੇ
('
ਬੁਝਿਆ ਹੋਇਆ ਦੀਵਾ' - ਦਵਿੰਦਰ ਬਾਂਸਲ)
-----

3
ਬਾਬਲ ਆਖੇ ਵੈਦ ਨੂੰ,
ਲੜਕੇ ਦੀ ਹੈ ਭੁੱਖ
ਲੜਕੀ ਹੈ ਤਾਂ ਮਾਰਦੇ,
ਖ਼ਾਲੀ ਕਰਦੇ ਕੁੱਖ
(
ਗਿੱਲ ਮੋਰਾਂਵਾਲੀ)
-----

4
ਮਾਂ, ਪਤਨੀ, ਭੈਣ, ਧੀ, ਮਹਿਬੂਬਾ
ਸਾਰੇ ਹੀ ਰਿਸ਼ਤੇ ਕੁੜੀਆਂ ਤੋਂ ਹੀ ਆਉਂਦੇ ਨੇ
ਫਿਰ ਵੀ, ਸਦੀਆਂ ਤੋਂ ਗੂੰਜ ਰਹੀਆਂ ਨੇ
ਉਨ੍ਹਾਂ ਦੀਆਂ ਮਾਤਮੀ ਚੀਖਾਂ
ਜ਼ਖਮੀ ਹੋਏ ਆਪੇ ਦਾ ਵਿਰਲਾਪ ਕਰਦਿਆਂ
('
ਕੁੜੀਆਂ' - ਸੁਖਿੰਦਰ)
-----

5
ਪਰਦੇਸਾਂ ਦੀ ਧਰਤੀ ਉਤੇ,
ਜੰਮੀਆਂ ਪਲੀਆਂ ਤਿੰਨ ਕੁੜੀਆਂ
ਗੋਲੀ, ਚਾਕੂ ਤੇ ਅਗਨੀ ਦੀ,
ਭੇਟਾ ਚੜ੍ਹੀਆਂ ਤਿੰਨ ਕੁੜੀਆਂ
('
ਤਿੰਨ ਕੁੜੀਆਂ' - ਮੋਹਨ ਗਿੱਲ)

*****

ਚਲਦਾ


No comments: