ਲੇਖ
ਭਾਗ ਦੂਜਾ ( ਲੜੀ ਜੋੜਨ ਲਈ ਉਪਰਲੀ ਪੋਸਟ ਪੜ੍ਹੋ ਜੀ)
ਲਗਭਗ 1960 ਵਿਚ ਬ੍ਰਤਾਨਵੀ ਸਰਕਾਰ ਨੇ ਤਿੰਨ ਸ਼੍ਰੇਣੀਆਂ (A, B, C) ਤਹਿਤ ਵਾਊਚਰ ਸਿਸਟਮ ਚਲਾਇਆ।1961 ਦੇ ਕਰੀਬ ਹੀ ਭਾਰਤ ਤੇ ਖਾਸ ਕਰਕੇ ਪੰਜਾਬ ਤੋਂ ਲੋਕੀ ਇਥੇ ਆਉਣੇ ਸ਼ੁਰੂ ਹੋ ਗਏ ਸਨ। ਅਫਰੀਕਾ ਤੋਂ ਵੀ ਭਾਰੀ ਮਾਤਰਾ ਵਿਚ ਪੰਜਾਬੀ ਲੋਕ ਇਥੇ ਆਏ। ਪੰਜਾਬੀਆਂ ਨੇ ਕੋਲੇ ਦੀਆਂ ਖਾਨਾਂ, ਢਾਲਾਂ, ਫੈਕਟਰੀਆਂ ਵਿਚ ਕੰਮ ਕੀਤਾ ਅਤੇ ਕੁਝ ਕੁ ਨੂੰ ਨਜ਼ਦੀਕ ਹੀ ਪੈਂਦੇ ਕਸਬੇ ਲੌਂਗਬਰਿਜ ਵਿਖੇ ਮੋਟਰ ਗੱਡੀਆਂ ਬਣਾਉਣ ਦੇ ਕਾਰਖਾਨੇ ਵਿਚ ਕੰਮ ਮਿਲ ਗਏ। ਪੰਜਾਬੀਆਂ ਨੇ ਵੀ ਸੋਹੋ ਰੋਡ ਨੂੰ ਧੁਰਾ ਬਣਾ ਕੇ ਇਸ ਦੇ ਇਰਧ-ਗਿਰਧ ਖੇਤਰਾਂ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। 1964 ਵਿਚ ਵੈਸਟਇੰਡੀਅਨਾਂ ਦੀ ਸੰਖਿਆ ਰੋਕਣ ਦੇ ਮਕਸਦ ਨਾਲ ਵਾਊਚਰ ਦੀ ਤੀਜੀ ਕੈਟਾਗੀਰੀ ਬੰਦ ਕਰ ਦਿੱਤੀ ਗਈ। ਅੰਗਰੇਜ਼ਾਂ ਨੂੰ ਉਹ ਕਾਮੇ ਚਾਹੀਦੇ ਸਨ ਜੋ ਮਿਹਨਤੀ, ਕਾਰੀਗਰ ਹੋਣ ਦੇ ਨਾਲ ਨਾਲ ਆਪਣੀ ਧਰਤੀ ਨਾਲ ਬਹੁਤਾ ਜੁੜੇ ਨਾ ਹੋਣ ਭੂਹੇਰਵੇ ਦੇ ਅਸਾਨੀ ਨਾਲ ਸ਼ਿਕਾਰ ਹੋਣ ਵਾਲੇ ਨਾ ਹੋਣ, ਭਾਵ ਕਿ ਉਹ ਪੌਦੇ ਜੋ ਜ਼ਮੀਨ ਵਿਚੋਂ ਪੱਟ ਕੇ ਗਮਲਿਆਂ ਵਿਚ ਲਾਏ ਜਾ ਸਕਦੇ ਹੋਣ। ਜਿਵੇਂ ਕਿ ਫ਼ੌਜੀ। ਇਸ ਗੱਲ ਦਾ ਖ਼ੁਲਾਸਾ ਕਰਦੇ ਹੋਏ ਲੇਖਕ ਅਤੇ ਇਤਿਹਾਸਕਾਰ ਪੀਟਰ ਰੈਟਕਲਿਫ ਆਪਣੀ ਵੱਡ-ਅਕਾਰੀ ਖੋਜ ਪੁਸਤਕ ‘Racism and Reaction’ ਦੇ ਪਹਿਲੇ ਅਧਿਆਏ ਦੇ ਪੰਨਾ ਨੰ: 17 ਉੱਤੇ ਲਿਖਦਾ ਹੈ, “The people of Punjab have developed an unusual capacity for adjustment to change which makes them one of the least ‘ROOTED’ communities in India, mentally, culturailt and physically.” ਇਸੇ ਲੜੀ ਨੂੰ ਅੱਗੇ ਤੋਰਦਾ ਹੋਇਆ ਪੰਜਾਬੀਆਂ ਦੇ ਇੰਗਲੈਂਡ ਆਉਣ ਦੇ ਕਾਰਨਾਂ ਦੇ ਜ਼ਿਕਰ ਵਿਚ ਉਹ ਦੋ ਪ੍ਰਮੁੱਖ ਕਾਰਨ ਦੱਸਦਾ ਹੈ। ਇਕ ਤਾਂ ਗ਼ਰੀਬੀ ਅਤੇ ਧਨ ਕਮਾਕੇ ਵਧੀਆ ਜੀਵਨ ਜੀਉਣ ਦੀ ਲਾਲਸਾ। ਦੂਜਾ ਉਹ 1947 ਦੀ ਵੰਡ ਦੇ ਸਿੱਟਿਆਂ ਨੂੰ ਵੀ ਇਸਦਾ ਕਾਰਨ ਮੰਨਦਾ ਹੈ।ਉਸ ਅਨੁਸਾਰ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਵਿਚ ਗਏ ਲੋਕ ਆਪਣੀਆਂ ਜੜ੍ਹਾਂ ਲਾਉਣ ਤੋਂ ਅਸਮਰਥ ਰਹੇ ਲੋਕਾਂ ਨੇ ਵਿਦੇਸ਼ਾਂ ਵੱਲ ਆਉਣ ਦਾ ਰੁਖ਼ ਕੀਤਾ।
-----
ਤਿੰਨ ਵੱਖੋ-ਵੱਖਰੀਆਂ ਨਸਲਾਂ, ਰੰਗਾਂ ਅਤੇ ਦੇਸ਼ਾਂ ਦੇ ਬੰਦੇ ਇਕ ਜਗ੍ਹਾ ਹੈਂਡਸਵਰਥ ਵਿਖੇ ਇਕੱਠੇ ਹੋਏ ਤਾਂ ਉਹੀ ਹੋਣ ਲੱਗਾ ਜੋ ਇਨਸਾਨੀ ਫ਼ਿਤਰਤ ਹੈ। ਕਾਲੇ, ਗੋਰੇ ਅਤੇ ਭੂਰੇ ਲੋਕਾਂ ਵਿਚ ਨਸਲੀ ਵਿਤਕਰੇ ਹੋਣ ਲੱਗੇ ਤੇ ਸੋਹੋ ਰੋਡ ਇਹਨਾਂ ਦੇ ਜੰਗੀ ਅਖਾੜਿਆਂ ਦੀ ਰਣਭੂਮੀ ਬਣਨ ਲੱਗਾ। ਆਏ ਦਿਨ ਦੰਗੇ ਫਸਾਦ ਹੋਣ ਲੱਗੇ। ਇਕ ਕਾਲੀ ਕੁੜੀ ਦਾ ਏਸ਼ੀਅਨਾਂ (ਪਾਕਿਸਤਾਨੀਆਂ) ਵੱਲੋਂ ਬਲਾਤਕਾਰ ਕਰਨ ’ਤੇ। 1985 ਵਿਚ ਹੈਂਡਸਵਰਥ ਵਿਚ ਇਕ ਐਸਾ ਨਸਲੀ ਭਾਂਬੜ ਮੱਚਿਆ ਕਿ ਜਿਸਦੀ ਲਪੇਟ ਵਿਚ ਪੂਰਾ ਮੁਲਕ ਆ ਗਿਆ ਸੀ। ਉਸ ਸਮੇਂ ਅਵਾਮ ਨੂੰ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪਿਆ ਸੀ। ਲੇਕਿਨ ਹੌਲ਼ੀ-ਹੌਲ਼ੀ ਲੋਕੀ ਇਸ ਸਭ ਕਾਸੇ ਦੇ ਆਦੀ ਹੋਣ ਲੱਗ ਪਏ।
-----
ਇਕ ਇਕ ਕਰਕੇ ਕਾਲੇ ਸੋਹੋ ਰੋਡ ਛੱਡਦੇ ਗਏ ਤੇ ਭਾਰਤੀ ਆਪਣੇ ਪੈਰ ਜਮਾਉਂਦੇ ਗਏ। ਫਿਰ ਇਹ ਸੋਹੋ ਰੋਡ ਭਾਰਤੀਆਂ ਦਾ ਮੁੱਖ ਕੇਂਦਰ ਬਣ ਗਈ। ਕੋਈ ਭਾਰਤੀ ਸਮਾਨ, ਕੱਪੜਾ-ਲੀੜਾ ਜਾਂ ਸੌਦਾ-ਪੱਤਾ ਲੈਣਾ ਹੁੰਦਾ ਤਾਂ ਉਹ ਕੇਵਲ ਸੋਹੋ ਰੋਡ ਤੋਂ ਹੀ ਮਿਲਦਾ ਸੀ। ਇਕ ਸਮਾਂ ਤਾਂ ਐਸਾ ਆਇਆ ਕਿ ਇੰਝ ਪ੍ਰਤੀਤ ਹੋਣ ਲੱਗਾ ਜਿਵੇਂ ਇੰਡੀਆ ਤੋਂ ਆਉਣ ਵਾਲਾ ਜਹਾਜ਼ ਸਿੱਧਾ ਉਤਰਦਾ ਹੀ ਸੋਹੋ ਰੋਡ ਉੱਤੇ ਹੈ।
-----
ਪ੍ਰਦੂਸ਼ਨ ਦੀ ਰੋਕਥਾਮ ਲਈ ਸਰਕਾਰ ਨੇ ਕਾਨੂੰਨ ਬਣਾਏ ਤਾਂ ਫੈਕਟਰੀਆਂ, ਫਾਊਂਡਰੀਆਂ ਬੰਦ ਹੋਣ ਲੱਗੀਆਂ। ਕੋਲੇ ਦੀਆਂ ਖਾਨਾਂ ’ਚੋਂ ਕੋਲਾ ਮੁੱਕ ਚੁੱਕਿਆ ਸੀ। ਉਸ ਉਪਰੰਤ ਕਪੜੇ ਦੇ ਕਾਰੋਬਾਰ ਦਾ ਇਨਕਲਾਬ ਆਇਆ। ਸੋਹੋ ਰੋਡ ਦੇ ਆਲੇ-ਦੁਆਲੇ ਕੱਪੜੇ ਸਿਲਾਈਆਂ-ਬੁਣਾਈ ਦੀਆਂ ਫੈਕਟਰੀਆਂ ਖੁੱਲ ਗਈਆਂ। ਇਹ ਫੈਕਟਰੀਆਂ ਵਾਲੇ ਵਧੀਆ ਮਾਲ ਚੰਗੇ ਸਟੋਰਾਂ ਨੂੰ ਵੇਚ ਕੇ ਰਹਿੰਦ-ਖੂੰਹਦ ਸੋਹੋ ਰੋਡ ਦੀ ਮਾਰਕੀਟ ਵਿਚ ਸਟਾਲ ਲਾ ਕੇ ਵੇਚ ਲੈਂਦੇ। ਦੇਸੀ ਬੰਦੇ ਇੰਡੀਆ ਨੂੰ ਜਾਣ ਲੱਗੇ ਸਸਤੇ ਭਾਅ ਦਾ ਇਹ ਬਾਹਰਲਾ ਸਮਾਨ ਖ਼ਰੀਦ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਗਿਫਟ ਕਰ ਆਉਂਦੇ। ਇਸ ਨਾਲ ਰਿਸ਼ਤੇਦਾਰੀ ਵੀ ਨਾ ਟੁੱਟਦੀ ਤੇ ਜੇਬ ਵੀ ਨਾ ਰੁੱਸਦੀ।ਰੱਬ ਵੀ ਰਾਜੀ, ਰਾਂਝਾ ਵੀ ਰਾਜੀ। ਇਸ ਤਰ੍ਹਾਂ ਸੋਹੋ ਰੋਡ ਪੰਜਾਬੀਆਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਕੋਲ ਬੁਲਾ ਲੈਂਦੀ। ਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਪੰਜਾਬੀਆਂ ਦੇ ਲੋੜ ਦੀ ਭਾਵੇਂ ਕੋਈ ਚੀਜ਼ ਇੰਡੀਆ ਤੋਂ ਨਾ ਮਿਲੇ, ਪਰ ਉਹ ਸੋਹੋ ਰੋਡ ਤੋਂ ਜ਼ਰੂਰ ਮਿਲ ਜਾਵੇਗੀ। ਬਹੁਤੀਆਂ ਉਪਹਾਰ ਦੇਣ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ ਚਾਇਨਾ ਜਾਂ ਇੰਡੀਆ ਤੋਂ ਆਉਂਦੀਆਂ ਹਨ ਤੇ ਵਲੈਤੀਏ ਖਰੀਦ ਕੇ ਇੰਡੀਆ ਤੋਹਫਾ ਦੇਣ ਲਈ ਵਾਪਿਸ ਮੋੜ ਕੇ ਲੈ ਜਾਂਦੇ ਹਨ।
-----
ਔਰਤਾਂ ਨੂੰ ਫ਼ਜ਼ੂਲ ਖ਼ਰੀਦਾਰੀ ਦੀ ਆਦਤ ਹੁੰਦੀ ਹੈ ਇਸ ਲਈ ਛੁੱਟੀ ਵਾਲੇ ਦਿਨ ਕੁੜੀਆਂ-ਚਿੜੀਆਂ ਪਹਿਨ-ਪਚਰ ਕੇ ਸੋਹੋ ਰੋਡ ਆ ਜਾਂਦੀਆਂ ਤੇ ਮੁੰਡੇ ਖੁੰਡੇ ਅਵਾਰਾਗਰਦੀ ਕਰਨ ਆ ਜਾਂਦੇ। ਅੱਜ ਵੀ ਸੋਹੋ ਰੋਡ ’ਤੇ ਖ਼ਰੀਦਾਰੀ ਕਰਨ ਵਾਲੇ ਘੱਟ ਅਤੇ ਪਹਿਲਵਾਨੀ ਗੇੜੇ ਦੇਣ ਵਾਲੇ ਬਹੁਤੇ ਹੁੰਦੇ ਹਨ। ਸੋਹੋ ਰੋਡ ਦੇ ਕੰਡਿਆਂ ਉੱਤੇ ਲੱਗੇ ਬੈਂਚਾਂ ਉੱਤੇ ਪੰਜਾਬੀ ਬਜ਼ੁਰਗ ਬਾਬੇ ਸੱਥਾਂ ਦੀਆਂ ਯਾਦਾਂ ਤਾਜ਼ਾ ਕਰਨ ਆ ਬੈਠਦੇ ਹਨ ਤੇ ਇਕ ਦੂਜੇ ਨਾਲ ਆਪਣਾ ਦੁੱਖ-ਸੁੱਖ ਫਰੋਲ ਕੇ ਸ਼ਾਮ ਨੂੰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕੁਝ ਕੁ ਬੈਂਚਾਂ ਉੱਪਰ ਤੁਹਾਨੂੰ ਇੰਡੀਆ ਤੋਂ ਸਜਰੇ ਆਏ ਮੁੰਡੇ ਵੀ ਨਜ਼ਰ ਆ ਜਾਣਗੇ, ਜੋ ਇਹਨਾਂ ਬੈਂਚਾਂ ਉੱਪਰ ਆਪਣਾ ਹੱਕ ਜਮਾਉਣ ਲਈ ਸ਼ਰਾਬ ਪੀਂਦੇ ਜਾਂ ਰਾਹ ਜਾਂਦੀਆਂ ਕੁੜੀਆਂ ਨੂੰ ਛੇੜਨਾ ਆਪਣਾ ਜਨਮ-ਸਿੱਧ ਅਧਿਕਾਰ ਸਮਝਦੇ ਹਨ। ਇਹ ਭੱਦਰਪੁਰਸ਼ ਲੜਕੀਆਂ ਨੂੰ ਫਿਕਰਾ ਕਸਣ ਲੱਗੇ ਇਹ ਵੀ ਨਹੀਂ ਦੇਖਦੇ ਕਿ ਉਸ ਲੜਕੀ ਨਾਲ ਉਸਦਾ ਭਰਾ, ਪਿਉ, ਪਤੀ ਜਾਂ ਮਰਦ ਮਿੱਤਰ ਜਾ ਰਿਹਾ ਹੈ।ਬਸ ਇਹ ਤਾਂ ਕਿਸੇ ਹੋਰ ਦੇ ਵਿਚ ਦੀ ਕੱਢ ਕੇ ‘ਸਾਸਰੀਕਾਲ’ ਬਲਾਉਣ ਤੋਂ ਖੂੰਝਦੇ ਨਹੀਂ। ਇਸ ਪ੍ਰਕਾਰ ਸੋਹੋ ਰੋਡ ਨੇ ਸੈਰਗਾਹ ਵਾਲਾ ਰੁਤਬਾ ਹਾਸਿਲ ਕਰ ਲਿਆ ਹੈ। ਕਹਿਣ ਦਾ ਭਾਵ ਸੋਹੋ ਰੋਡ ਉਹੀ ਹੈ ਜੋ ਪਟਿਆਲੇ ਦਾ 22 ਨੰਬਰ ਫਾਟਕ, ਚੰਡੀਗੜ੍ਹ ਦੀ ਸੁਖਨਾ ਝੀਲ, ਮੁਬੰਈ ਦਾ ਬੈਂਡਸਟੈਂਡ, ਦਿੱਲੀ ਦਾ ਪਾਲਕਾ ਬਜ਼ਾਰ ਹੈ ਜਾਂ ਕਾਠਮੰਡੂ ਦਾ ਪਸ਼ੂ-ਪਤੀ।
-----
ਹੁਣ ਸਵਾਲ ਉੱਠਦਾ ਹੈ ਕਿ ਸੋਹੋ ਰੋਡ ਦੀਆਂ ਧੁੰਮਾਂ ਪੰਜਾਬ ਤੱਕ ਕਿਵੇਂ ਪਹੁੰਚੀਆਂ? ਇਹ ਸਭ ਮੀਡੀਏ ਤੇ ਲੇਖਕਾਂ ਦੀ ਮਿਹਰਬਾਨੀ ਹੈ। ਨੌਵੇਂ ਦਹਾਕੇ ਵਿਚ ਇੰਗਲੈਂਡ ਦੇ ਇਕ ਪੰਜਾਬੀ ਸੰਗੀਤ ਗਰੁੱਪ ‘ਆਪਨਾ ਸੰਗੀਤ’ ਨੇ ਗੀਤ ਕੱਢਿਆ ਸੀ:
“ਸੋਹੋ ਰੋਡ ਉੱਤੇ ਤੈਨੂੰ ਲੱਭਦਾ ਫਿਰਾਂ ਨੀ ਮੈਂ ਕੰਨਾਂ ਵਿਚ ਮੁੰਦਰਾਂ ਪਾ ਕੇ,
ਇੰਡੀਆ ’ਚ ਮੇਰੇ ਨਾਲ ਅੱਖਾਂ ਜੋ ਲੜਾਈਆਂ ਭੁੱਲ ਗਈ ਵਲੈਤ ਵਿਚ ਆ ਕੇ।”
ਉਹ ਗੀਤ ਐਨਾ ਚੱਲਿਆ ਕਿ ਸੋਹੋ ਰੋਡ ਦੀ ਮਸ਼ਹੂਰੀ ਨੂੰ ਇੰਗਲੈਂਡ ਤੱਕ ਸੀਮਿਤ ਨਾ ਰੱਖੇ ਕੇ ਵਿਸ਼ਵ ਪੱਧਰ ਤੱਕ ਲੈ ਗਿਆ। ਗੱਲ ਕੀ ਸੀ ਫਿਰ ਪੰਜਾਬ ਦੇ ਕਈ ਗੀਤਕਾਰ ਜਿਨ੍ਹਾਂ ਦੇ ਪਾਸਪੋਰਟ ਵੀ ਨਹੀਂ ਸੀ ਬਣੇ, ਸੋਹੋ ਰੋਡ ਤਾਂ ਉਹਨਾਂ ਨੇ ਕੀ ਦੇਖਣੀ ਸੀ, ਉਨ੍ਹਾਂ ਨੇ ਵੀ ਆਪਣੇ ਗੀਤਾਂ ਅਤੇ ਬੋਲੀਆਂ ਵਿਚ ਸੋਹੋ ਰੋਡ ਨੂੰ ਫਿੱਟ ਕਰਨਾ ਸ਼ੁਰੂ ਕਰ ਦਿੱਤਾ। ਇੰਝ ਸੋਹੋ ਰੋਡ ਦੀ ਛਵੀ ਵਿਚ ਇਜ਼ਾਫ਼ਾ ਹੁੰਦਾ ਗਿਆ।
-----
ਕੁਝ ਵਰ੍ਹੇ ਪਹਿਲਾਂ ਅਸੀਂ ਸਟੂਡੀਓ ਵਿਚ ਬੈਠੇ ਗੀਤ ਰਿਕਾਰਡ ਕਰ ਰਹੇ ਸੀ। ਇੰਡੀਆ ਤੋਂ ਆਏ ਇਕ ਗਾਇਕ ਦਾ ਗੀਤ ਸੀ ਜਿਸ ਵਿਚ ਜੀ.ਟੀ. ਰੋਡ ਉੱਤੇ ਤੇਜ਼ ਰਫ਼ਤਾਰ ਭੱਜੇ ਜਾਂਦੇ ਟਰੱਕ ਦਾ ਵਰਣਨ ਸੀ, ਰਿਕਾਰਡ ਹੋ ਰਿਹਾ ਸੀ। ਮੈਂ ਤਾਂ ਅਜੇ ਉਸ ਭਲੇਮਾਣਸ ਗਾਇਕ ਦਾ ਤਲੱਫਜ਼ ਤੇ ਕਾਫੀਏ ਹੀ ਠੀਕ ਕਰਵਾ ਰਿਹਾ ਸੀ ਕਿ ਉਸਨੇ ਸੋਹੋ ਰੋਡ ’ਤੇ ਟਰੱਕ ਭਜਾਉਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਪੁੱਛਿਆ, “ਉਏ ਇਹ ਕੀ ਕਰ ਰਿਹੈਂ?” ਤਾਂ ਅੱਗੋਂ ਹੁੱਬ ਕੇ ਉਸਨੇ ਜੁਆਬ ਦਿੱਤਾ, “ਭਾਜੀ, ਦੇਖਿਓ ਚੱਲੂ ਬਹੁਤ ਇਹ ਗੀਤ, ਮੈਂ ਇਹਦੇ ’ਚ ਸੋਹੋ ਰੋਡ ਗੱਡ ‘ਤੀ।”
-----
ਮੈਨੂੰ ਉਸਦੀ ਮੂਰਖਤਾ ਉੱਤੇ ਹਾਸਾ ਵੀ ਆਵੇ ਤੇ ਖਿਝ ਵੀ। ਫਿਰ ਉਸ ਗਾਇਕ ਨੂੰ ਰਿਕਾਰਡਿੰਗ ਰੂਮ ਵਿਚੋਂ ਬਾਹਰ ਕੱਢ ਕੇ ਸਮਝਾਇਆ ਕਿ ਜੋ ਉਹ ਕਰ ਰਿਹਾ ਹੈ ਠੀਕ ਨਹੀਂ ਹੈ ਤੇ ਨਾ ਹੀ ਉਹ ਗੀਤ ਨਾਲ ਇਨਸਾਫ਼ ਹੈ, ਕਿਉਂਕਿ ਗੀਤਕਾਰ ਨੇ ਜੋ ਵਿਸ਼ਾ ਛੋਹਿਆ ਸੀ ਉਸਨੂੰ ਸਾਰੇ ਗੀਤ ਵਿਚ ਖ਼ੂਬਸੂਰਤੀ ਨਾਲ ਨਿਭਾਇਆ ਸੀ। ਦੂਜਾ ਸੋਹੋ ਰੋਡ ਵਰਤਣ ਨਾਲ ਉਹ ਗੀਤ ਯਥਾਰਥ ਤੋਂ ਕੋਹਾਂ ਦੂਰ ਜਾਂਦਾ ਸੀ। ਸੋਹੋ ਰੋਡ ਦਾ ਇਕ ਕੰਡਾ ਜਾ ਕੇ ਹੌਲੀਹੈੱਡ ਰੋਡ ਨੂੰ ਲੱਗਦਾ ਹੈ ਜੋ ਕਿ ਸਿੱਧੀ ਜਾ ਕੇ ਮੋਟਰਵੇਅ ਨੂੰ ਮਿਲਾਉਂਦੀ ਹੈ, ਜਿੱਥੋਂ ਇੰਗਲੈਂਡ ਦੇ ਕਿਸੇ ਵੀ ਹਿੱਸੇ ਵੱਲ ਜਾਇਆ ਜਾ ਸਕਦਾ ਹੈ ਤੇ ਦੂਸਰੇ ਕਿਨਾਰੇ ਨੇ ਸੋਹੋ ਹਿੱਲ ਦਾ ਲੜ ਫੜਿਆ ਹੋਇਆ ਹੈ, ਜੋ ਕਿ ਬ੍ਰਮਿੰਘਮ ਸਿਟੀ ਸੈਂਟਰ ਵੱਲ ਜਾਂਦਾ ਹੈ। ਇਸ ਲਈ ਸੋਹੋ ਰੋਡ ਉੱਤੇ ਐਨਾ ਟਰੈਫਿਕ ਹੁੰਦਾ ਹੈ ਕਿ 0.8 ਮੀਲ (ਮੀਲ ਤੋਂ ਵੀ ਘੱਟ) ਦੇ ਇਸ ਫਾਸਲੇ ਅਤੇ ਦੋ ਪੈਲਿਕਨ ਕਰਾਸਿੰਗ ਬੱਤੀਆਂ, ਪੰਜ ਟਰੈਫਿਕ ਬੱਤੀਆਂ ਨੂੰ ਪਾਰ ਕਰਨ ਲਈ ਕਾਰ ਵਿਚ ਅੱਧਾ ਘੰਟਾ ਲੱਗਣਾ ਮਾਮੂਲੀ ਜਿਹੀ ਗੱਲ ਹੈ ਤੇ ਸਾਡੇ ਗਾਇਕ ਸਾਹਿਬ ਉੱਥੋਂ ਸੌ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੱਕ ਭਜਾ ਰਹੇ ਸਨ। ਇੰਗਲੈਂਡ ਵਿਚ ਸੱਤਰ ਮੀਲ ਤੋਂ ਵੱਧ ਮੋਟਰਵੇਅ ’ਤੇ ਗੱਡੀ (ਟਰੱਕਾਂ ਵਾਸਤੇ ਰਫ਼ਤਾਰ ਉਸ ਤੋਂ ਵੀ ਘੱਟ ਹੈ।) ਚਲਾਉਣਾ ਵੀ ਅਪਰਾਧ ਹੈ ਤੇ ਸਾਡਾ ਪੰਜਾਬੀ ਗਾਇਕ ਤੀਹ ਮੀਲ ਰਫ਼ਤਾਰ ਵਾਲੇ ਇਲਾਕੇ ਵਿਚ ਇਹ ਭਾਣਾ ਵਰਤਾ ਰਿਹਾ ਸੀ।
------
ਵੈਸੇ ਅੰਗਰੇਜ਼ੀ ਸਾਹਿਤ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਰਚੀਆਂ ਰਚਨਾਵਾਂ ਉਪਲਬਧ ਹਨ ਜਿਨ੍ਹਾਂ ਵਿਚ ਸੋਹੋ ਰੋਡ ਦਾ ਜ਼ਿਕਰ ਆਉਂਦਾ ਹੈ।ਲੇਕਿਨ ਕਵੀ ਹੈਂਡਸਵਰਥ ਦੇ ਜਮਪਲ਼ ਬੈਨਜਮਿਨ (Benjamin Zephaniah) ਦੀ ਸੋਹੋ ਰੋਡ ਉੱਤੇ ਲਿਖੀ ਇਕ ਕਵਿਤਾ Soho Road Then and Now ਬਹੁਤ ਮਸ਼ਹੂਰ ਹੋਈ ਹੈ। ਜਿਸਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਹਨ:-
“Handsworth wakes
But Handsworth never sleeps
And
Industrious it has always been
And the people have always been keen
To say ‘Good Day’ and welcome you
And do what must be done they do
We work and play
We work away
On
From time to time come rain come shine
We buy and sell, we wine and dine.”
-----
ਸੋਹੋ ਰੋਡ ਦੇ ਇਕ ਸਿਰੇ ’ਤੇ ਗੁਰਦੁਆਰਾ ਯਾਦ ਸ਼ਹੀਦ ਬਾਬਾ ਦੀਪ ਸਿੰਘ ਸੁਸ਼ੋਭਿਤ ਹੈ (ਹੁਣ ਇਹ ਗੁਰਦੁਆਰਾ ਸੋਹੋ ਰੋਡ ਦੀ ਹੱਦ ਵਿਚ ਨਾ ਹੋ ਕੇ ਸੋਹੋ ਰੋਡ ਨੂੰ ਜੁੜਦੀ ਹੌਲੀਹੈੱਡ ਰੋਡ ’ਤੇ ਹੈ) ਤੇ ਦੂਜੇ ਸਿਰੇ ਗੁਰਦੁਆਰਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਹੈ। ਦੋ ਗੁਰਦੁਆਰਿਆਂ ਵਿਚ ਘਿਰੀ ਸੋਹੋ ਰੋਡ ਹੈਲੀਕਪਟਰ ਰਾਹੀਂ ਦੇਖਿਆਂ ਇਉਂ ਲੱਗਦੀ ਹੈ ਜਿਵੇਂ ਸਪੀਚਮਾਰਕਾਂ ਵਿਚ ਕੋਈ ਭਾਵਪੂਰਨ ਖ਼ੂਬਸੂਰਤ ਵਾਕ ਲਿਖਿਆ ਹੋਵੇ।
-----
1930 ਵਿਚ ਸੋਹੋ ਰੋਡ ਸਥਿਤ 2000 ਸੀਟਾਂ ਵਾਲਾ ਰੀਗਲ ਸਿਨਮਾ ਇੰਗਲੈਂਡ ਦਾ ਸਭ ਤੋਂ ਮਸ਼ਹੂਰ ਸਿਨਮਾ ਗਿਣਿਆ ਜਾਂਦਾ ਸੀ, ਜਿਸਦਾ ਹੁਣ ਨਾਮੋ-ਨਿਸ਼ਾਨ ਤੱਕ ਨਹੀਂ ਹੈ। ਅੱਜ ਸੋਹੋ ਰੋਡ ਉੱਤੇ ਸਭ ਤੋਂ ਵੱਧ ਭਾਰਤੀ ਸਾੜੀਆਂ, ਸੂਟਾਂ ਅਤੇ ਦੁਲਹਾ-ਦੁਹਲਨ ਦੇ ਲਿਬਾਸਾਂ ਦੀਆਂ ਦੁਕਾਨਾਂ ਹਨ, ਜਿਨ੍ਹਾਂ ਦੀ ਕੁੱਲ ਸੰਖਿਆ 42 ਹੈ।20 ਦੁਕਾਨਾਂ ਇਥੇ ਫਾਸਟ-ਫੂਡ ਦੀਆਂ ਹਨ, ਜਿਨ੍ਹਾਂ ਤੋਂ ਤੁਹਾਨੂੰ ਕੈਰੇਬੀਅਨ, ਚਾਇਨਿਸ, ਇਟੈਲੀਅਨ, ਫਰਾਂਸਿਸੀ, ਅਮੈਰੀਕਨ, ਕੌਨਟੀਨੈਂਟਲ, ਤੁਰਕੀ ਅਤੇ ਭਾਰਤੀ-ਪਾਕਿਸਤਾਨੀ ਖਾਣਿਆਂ ਤੋਂ ਇਲਾਵਾ ਇੰਗਲੈਂਡ ਦਾ ਰਾਸ਼ਟਰੀ ਭੋਜ ਜਾਣੀ ਮੱਛੀ-ਚਿਪਸ ਅਸਾਨੀ ਨਾਲ ਮਿਲ ਜਾਂਦੇ ਹਨ।15 ਮਠਿਆਈ ਦੀਆਂ ਦੁਕਾਨਾਂ ਹਨ, ਜਿਨ੍ਹਾਂ ਦੇ ਵਿਚ ਹੀ ਰੈਸਟੋਰੈਂਟ ਬਣੇ ਹਨ ਤੇ ਇਥੋਂ ਤੁਸੀਂ ਬਾਰਾਂ ਮਹੀਨੇ ਤੀਹ ਦਿਨ ਹਰ ਕਿਸਮ ਦੇ ਪਰੌਂਠੇ, ਲੱਸੀ, ਸਾਗ ਤੇ ਗਰਮ-ਗਰਮ ਤਾਜ਼ੀਆਂ ਜਲੇਬੀਆਂ ਆਪਣੀਆਂ ਅੱਖਾਂ ਮੂਹਰੇ ਬਣਾਵਾ ਕੇ ਖਾਹ ਸਕਦੇ ਹੋ। ਭਾਰਤੀ ਗਹਿਣੇ ਖਰੀਦਣ ਦਾ ਮਨ ਹੋਵੇ ਤਾਂ ਤੁਹਡੀਆਂ ਜੇਬਾਂ ਹੌਲੀਆਂ ਕਰਨ ਲਈ ਸੋਹੋ ਰੋਡ ਉੱਤੇ 17 ਸੁਨਿਆਰਿਆਂ ਦੀਆਂ ਦੁਕਾਨਾਂ ਹਨ। ਸੋਹੋ ਰੋਡ ਦੇ ਮੱਧ ਵਿਚ 20-25 ਦੁਕਾਨਾਂ ਦੀ ਸਮਰੱਥਾ ਵਾਲਾ ਦੋ ਮੰਜ਼ਿਲਾ ਇਕ ਸ਼ਾਪਿੰਗ ਮਾਲ ਹੈ।ਸੋਹੋ ਰੋਡ ’ਤੇ 11 ਛੋਟੇ ਵੱਡੇ ਅੰਗਰੇਜ਼ੀ, ਯੌਰਪੀਅਨ, ਤੁਰਕੀ, ਪਾਕਿਸਤਾਨੀ ਅਤੇ ਭਾਰਤੀ ਸਪੁਰ ਸਟੋਰ ਹਨ ਅਤੇ ਅੱਠ ਨਿਉਜ਼ਏਜੰਟ-ਔਫ ਲਾਇੰਸਸ (ਠੇਕੇ) ਹਨ।10 ਨਹੁੰ ਸ਼ਿਗਾਰਘਰ ਅਤੇ ਬਿਉਟੀ ਪਾਰਲਰ ਹਨ।10 ਟਰੈਵਲ ਏਜੰਟ ਅਤੇ ਇੰਸ਼ੋਰੇਂਸ ਬਰੋਕਰ, 9 ਬਿਜਲੀ ਉਪਕਰਨਾਂ ਦੇ ਸ਼ੋਅਰੂਮ ਹਨ।9 ਬੱਸ ਸਟਾਪ, 9 ਦਵਾਫ਼ਰੋਸ਼ (Chemists), 8 ਵਾਲ ਕੱਟਣ ਵਾਲੇ ਬਾਰਬਰ, 8 ਵਕੀਲਾਂ ਦੇ ਦਫਤਰ ਹਨ, ਜੋ ਕਰੀਮੀਨਲ, ਸਿਵਲ ਅਤੇ ਇੰਮੀਗਰੇਸ਼ਨ ਦੇ ਮਸਲਿਆਂ ਦੇ ਮਾਹਿਰ ਹਨ।ਇਥੇ 6 ਬੈਂਕਾਂ ਹਨ, Barclay’s, Lloyds TSB, State Bank of India, Bank of Broda, Punjab National Bank, Bank of India Aqy 3 iblifMg suswietIAW hn, Netwest, West Bromwich, Nationwide। ਇਹਨਾਂ ਬਿਲਡਿੰਗ ਸੁਸਾਇਟੀਆਂ ਦਾ ਕੰਮ ਵੀ ਲਗਭਗ ਬੈਂਕਾਂ ਵਾਲਾ ਹੀ ਹੁੰਦਾ ਹੈ। ਇਥੇ ਛੇ ਪੱਬ ਹਨ।‘ਗੇਟਵੇਅ ਟੂ ਇੰਡਆ’ ਪੱਬ ਦੇ ਕੋਲ ਦੀ ਸੋਹੋ ਰੋਡ ਦੇ ਥੱਲੇ ਦੀ ਰੇਲਵੇ ਲਾਇਨ ਲੰਘਦੀ ਹੈ।1837 ਵਿਚ ਲਿਵਰਪੂਲ ਨਾਲ ਬ੍ਰਮਿੰਘਮ ਨੂੰ ਜੋੜਨ ਲਈ ਇਸ ਗ੍ਰੈਂਡ ਰੇਲਵੇਅ ਜੰਕਸ਼ਨ ਦਾ ਨਿਰਮਾਣ ਕੀਤਾ ਗਿਆ ਸੀ।
-----
ਸੋਹੋ ਰੋਡ ਉੱਤੇ ਸਿੱਕਿਆਂ ਅਤੇ ਕਰੈਡਿਟ ਕਾਰਡ ਨਾਲ ਚੱਲਣ ਵਾਲੇ ਪੰਜ ਫ਼ੋਨ-ਬੂਥ ਹਨ, ਜਿਨ੍ਹਾਂ ਦੇ ਵਿਚ ਹੀ ਇੰਟਰਨੈੱਟ ਦੀ ਸਹੂਲਤ ਵੀ ਹੈ। ਜੇਕਰ ਤੁਹਾਡੇ ਕੋਲ ਭਾਨ ਜਾਂ ਕਾਰਡ ਨਾ ਵੀ ਹੋਵੇ ਤਾਂ ਫਿਰ ਵੀ ਤੁਸੀਂ ਫ਼ੋਨ ਦੇ ਕੀਅਪੈਡ ਤੋਂ ਅੰਗਰੇਜ਼ੀ ਸ਼ਬਦ Reverse ਟਾਈਪ ਕਰਕੇ ਮੁਫ਼ਤ ਫ਼ੋਨ ਕਰ ਸਕਦੇ ਹੋ ਅਗਰ ਕਾਲ ਲੈਣ ਵਾਲਾ ਉਪਰੇਟਰ ਦੇ ਸੂਚਿਤ ਕਰਨ ’ਤੇ ਉਸ ਕਾਲ ਦਾ ਖ਼ਰਚਾ ਝੱਲਣਾ ਮਨਜ਼ੂਰ ਕਰੇ।ਪੰਜ ਬੇਕਰੀਆਂ, ਪੰਜ ਭਾਰਤੀ ਸੰਗੀਤ ਅਤੇ ਫਿਲਮਾਂ ਵੇਚਣ ਵਾਲੀਆਂ ਦੁਕਾਨਾਂ, ਪੰਜ ਫੋਟੋਗ੍ਰਾਫਰ ਅਤੇ ਪੇਂਟਿੰਗਾਂ ਵੇਚਣ ਵਾਲੇ ਹਨ।ਸੋਹੋ ਰੋਡ ’ਤੇ ਚਾਰ ਜੁੱਤੀਆਂ ਦੀਆਂ ਦੁਕਾਨਾਂ, ਚਾਰ ਮੀਟ ਦੀਆਂ ਦੁਕਾਨਾਂ ਜਿਨ੍ਹਾਂ ਤੋਂ ਦੇਸੀ ਮੁਰਗਾ, ਤਿੱਤਰ, ਬਟੇਰੇ, ਗਾਂ, ਸੂਰ ਆਦਿਕ ਤਕਰੀਬਨ ਹਰ ਜਾਨਵਰ ਅਤੇ ਜਨੌਰ ਦਾ ਮੀਟ ਮਿਲ ਜਾਂਦਾ ਹੈ।ਚਾਰ ਕਾਰਪਾਰਕਾਂ, ਚਾਰ ਐਨਕਸਾਜ਼, ਤਿੰਨ ਫਰਨੀਚਰ ਸ਼ੋਅਰੂਮ ਅਤੇ ਇਥੇ ਤਿੰਨ ਕਮਿਊਨਟੀ ਸੈਂਟਰ ਹਨ। ਇਕ ਸੈਂਟਰ ਦੇ ਮੁੱਖ ਰੂਪ ਵਿਚ ਸੰਚਾਲਕ ਜਮੀਕਣ ਹਨ, ਦੂਜਾ ਸਿੱਖ ਯੂਥ ਐਂਡ ਕਮਿਊਨਟੀ ਸੈਟਰ ਅਤੇ ਤੀਜਾ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਹੈ ਜਿਸਨੂੰ ਤਰਕਸੀਲ ਸੁਸਾਇਟੀ ਦੇ ਦਫਰਤ ਵਜੋਂ ਵੀ ਵਰਤਿਆ ਜਾਂਦਾ ਹੈ।ਇਹਨਾਂ ਸੈਂਟਰਾਂ ਤੋਂ ਕਾਨੂੰਨੀ ਸਲਾਹ ਮਸ਼ਵਰੇ, ਸਿੱਖਿਆਵਾਂ, ਟਰੈਨਿੰਗਾਂ ਅਤੇ ਫਾਰਮ ਆਦਿ ਭਰਾਉਣ ਦਾ ਕੰਮ ਮੁਫਤ ਲਿਆ ਜਾ ਸਕਦਾ ਹੈ।ਇਥੇ ਤਿੰਨ ਡਰਾਈਕਲੀਨਰ, ਦੋ ਜੂਆ ਘਰ, ਦੋ ਮਨੀਟਰਾਂਸਫਰ ਕੇਂਦਰ, ਦੋ ਕਿਤਾਬਾਂ (ਇਕ ਸਿੱਖ ਸਾਹਿਤ ਦੀ ਤੇ ਦੂਜੀ ਇਸਲਾਮੀ ਸਾਹਿਤ ਦੀ) ਦੀਆਂ ਦੁਕਾਨਾਂ, ਦੋ ਇੰਟਰਨੈਟ ਕੈਫੇ (ਜੋ ਸਮਾਲੀਅਨ ਚਲਾਉਂਦੇ ਹਨ), ਦੋ ਨੋਟਰੀ ਪਬਲਿਕ, ਧਾਰਮਿਕ ਬਿਰਤੀ ਵਾਲਿਆਂ ਲਈ ਦੋ ਗੁਰਦੁਆਰੇ ਅਤੇ ਦੋ ਚਰਚ ਤੋਂ ਇਲਾਵਾ ਇਕ ਡਾਕਖਾਨਾ, ਦੋ ਲੈਟਰਬਾਕਸ, ਇਕ ਸਨੋਕਰ ਕਲੱਬ, ਇਕ ਚੈਰਟੀ ਸ਼ਾਪ, ਇਕ ਦੰਦਸਾਜ਼, ਇਕ ਕਲੀਨਿਕ, ਇਕ ਰੁਜ਼ਗਾਰ ਏਜੰਸੀ, ਇਕ ਰੁਜ਼ਗਾਰ ਦਫ਼ਤਰ, ਇਕ ਕੋਚ ਸਟੇਸ਼ਨ, ਇਕ ਫੁੱਲਾਂ ਦੀ ਦੁਕਾਨ, ਇਕ ਕਾਲਜ, ਇਕ ਲਾਇਬਰੇਰੀ ਹੈ, ਜੋ 1940 ਵਿਚ ਖੋਲ੍ਹੇ ਜਾਣ ਤੋਂ ਪੂਰਬ ਕਾਊਂਸਲ ਹਾਊਸ ਲਈ 30 ਅਕਤੂਬਰ 1877 ਵਿਚ ਵਿਕਟੋਰੀਅਨ ਇੱਟਾਂ ਨਾਲ ਬਣਾਈ ਗਈ ਸੀ। ਸੋਹੋ ਰੋਡ ਤੋਂ ਹਟਵਾਂ ਪਰ ਬਿਲਕੁਲ ਮੁੱਡ ਪੁਲੀਸ ਸਟੇਸ਼ਨ ਅਤੇ ਪੈਟਰੋਲ ਸਟੇਸ਼ਨ ਵੀ ਹੈ। ਸੋਹੋ ਰੋਡ ਦੇ ਆਲੇ-ਦੁਆਲੇ ਜਿਸਮਫਰੋਸ਼ੀ ਅੱਜ ਵੀ ਚਲਦੀ ਹੈ, ਲੇਕਿਨ ਢੰਗ ਤਰੀਕੇ ਬਦਲ ਗਏ ਹਨ।
-----
ਜੇ ਹੈਂਡਸਵਰਥ ਨੂੰ ਲੁਧਿਆਣਾ ਤੇ ਸੋਹੋ ਰੋਡ ਨੂੰ ਚੌੜਾ ਬਜ਼ਾਰ ਆਖ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜਿਵੇਂ ਲੁਧਿਆਣਾ ਕਲਾਕਾਰਾਂ ਦਾ ਗੜ੍ਹ ਹੈ, ਉਵੇਂ ਹੀ ਹੈਂਡਸਵਰਥ ਨੇ ਵੀ ਬਹੁਤ ਸਾਰੇ ਕਲਾਕਾਰ ਪੈਦਾ ਕੀਤੇ ਹੈ ਜਿਨ੍ਹਾਂ ਦਾ ਅੰਗਰੇਜ਼ੀ ਸੰਗੀਤ ਵਿਚ ਇਕ ਉੱਚਾ ਸਥਾਨ ਰਿਹਾ ਹੈ।ਸਟੀਲ ਪਲਸ, ਜਿਸਨੇ ਆਪਣੀ ਪਹਿਲੀ ਸੰਗੀਤ ਐਲਬਮ ਦਾ ਨਾਮ ਵੀ ਆਪਣੇ ਇਲਾਕੇ ਦੇ ਨਾਮ ’ਤੇ ‘Handsworth Revolution’ ਰੱਖਿਆ ਸੀ। ਵੈਬਸਟਰ ਬੂਥ, ਜੋਐਨ ਅਰਮਾਟਰੇਡਿੰਗ, ਪੈਟੋ ਬੈਨਟਨ, ਸਟੀਵ ਵਿਨਵੁੱਡ, ਗਿਟਾਰਵਾਦਕ ਰਿਚਰਡ ਮਾਇਕਲ ਅਤੇ ਰੌਕ ਡਰੱਮਰ ਕਾਰਲ ਪਾਲਮਰ ਤੋਂ ਇਲਾਵਾ ਅਨੇਕਾਂ ਮਹਾਨ ਹਸਤੀਆਂ ਦਾ ਜਨਮ ਹੈਂਡਸਵਰਥ ਵਿਖੇ ਹੋਇਆ ਹੈ।
-----
ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦੇ ਗੀਤ ‘ਪਾਰ ਲੰਘਾਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ’ ਦਾ ਸੰਗੀਤਕਾਰ ਬੂਟਾ ਜਗਪਾਲ, ਉਸਦਾ ਭਰਾ ਬਾਲੀ ਜਗਪਾਲ ਅਤੇ ਜੱਸੀ ਸਿੱਧੂ ਵੀ ਹੈਂਡਸਵਰਥ ਦੇ ਜੰਮਪਲ ਹਨ ਤੇ ਇਹਨਾਂ ਨੇ ਆਪਣੇ ਗੁਰੱਪ ਦਾ ਨਾਮ B21 ਰੱਖਿਆ ਸੀ ਜੋ ਕਿ ਹੈਂਡਸਵਰਥ ਦਾ ਪੋਸਟ ਕੋਡ ਹੈ।ਬਲਵਿੰਦਰ ਸਫ਼ਰੀ, ਏ. ਐਸ. ਕੰਗ, ਸੁਖਜਿੰਦਰ ਸ਼ਿੰਦਾ, ਤਰਲੋਚਨ ਬਿਲਗਾ, ਦੇਵਰਾਜ ਜੱਸਲ, ਗੁਰਚਰਨ ਮੱਲ (48 ਘੰਟੇ ਲਗਾਤਾਰ ਡੋਲ ਵਜਾ ਕੇ ਗੀਨਿਸਬੁੱਕ ਵਿਚ ਨਾਮ ਦਰਜ਼ ਕਰਵਾਉਣ ਵਾਲਾ ਢੋਲੀ), ਅਪਾਚੀ ਇੰਡੀਅਨ ਅਤੇ ਅਨੇਕਾਂ ਕਲਾਕਾਰ ਹੈਂਡਸਵਰਥ ਦੇ ਬਾਸ਼ਿੰਦੇ ਹਨ।
-----
ਏਸ਼ੀਆਈ ਭਾਈਚਾਰੇ ਨਾਲ ਸੰਬੰਧਿਤ ਕੋਈ ਵੀ ਵਪਾਰ ਕਰਨ ਲਈ ਸੋਹੋ ਰੋਡ ਨੂੰ ਸਭ ਤੋਂ ਢੁਕਵੀਂ ਥਾਂ ਮੰਨਿਆ ਜਾਂਦਾ ਹੈ। ਇਸੇ ਵਜਾ ਕਰਕੇ ਦੇਸੀ ਮੀਡੀਆ ਵਾਲੇ ਹੋਰ ਕਿਧਰੇ ਆਪਣਾ ਦਫ਼ਤਰ ਬਣਾਉਣ ਤੋਂ ਪਹਿਲਾਂ ਸੋਹੋ ਰੋਡ ਤੋਂ ਹੀ ਸ਼ੁਰੂਆਤ ਕਰਦੇ ਹਨ। ਅਨੇਕਾ ਅਖ਼ਬਾਰਾਂ, ਰੇਡੀਉ ਸਟੇਸ਼ਨਾਂ ਅਤੇ ਏਸੀਆਈ ਟੀ. ਵੀ. ਚੈਨਲਾਂ ਦਾ ਆਗ਼ਾਜ਼ ਸੋਹੋ ਰੋਡ ਤੋਂ ਹੀ ਹੋਇਆ ਹੈ, ਭਾਵੇਂ ਕਿ ਸੋਹੋ ਰੋਡ ਉੱਤੇ ਹੁਣ ਕਿਸੇ ਵੀ ਪ੍ਰਕਾਰ ਦਾ ਮੀਡੀਆ ਨਹੀਂ ਹੈ।
-----
ਹੁਣ ਭਾਰਤੀ ਲੋਕ ਵੀ ਸੋਹੋ ਰੋਡ ਨੂੰ ਛੱਡਦੇ ਜਾ ਰਹੇ ਹਨ ਤੇ ਉਨ੍ਹਾਂ ਦੀ ਜਗ੍ਹਾ ਪੌਲਿਸ਼ ਅਤੇ ਰਸ਼ੀਅਨ ਲੋਕ ਆਪਣੀਆਂ ਦੁਕਾਨਾਂ ਬਣਾ ਰਹੇ ਹਨ। ਇਹ ਲੋਕ ਭਾਰਤੀ ਲੋਕਾਂ ਨਾਲੋ ਜ਼ਿਆਦਾ ਮਿਹਨਤੀ ਅਤੇ ਸੁਹਿਰਦ ਹਨ। ਇਹਨਾਂ ਪੌਲਿਸ਼ ਲੋਕਾਂ ਦੀਆਂ ਇਸਤਰੀਆਂ ਖ਼ੂਬਸੂਰਤ, ਪਿਆਰ ਕਰਨ ਵਾਲੀਆਂ ਤੇ ਸਭ ਤੋਂ ਵੱਡੀ ਗੱਲ ਵਫ਼ਾਦਾਰ ਐਨੀਆਂ ਹਨ ਕਿ ਪਿਆਰੇ ਲਈ ਜਾਨ ਦੇਣ ਲੱਗੀ ਜ਼ਰਾ ਵੀ ਸੋਚਣਗੀਆਂ ਨਹੀਂ। ਇਹ ਕਿਆਫ਼ਾ ਲਾਇਆ ਜਾ ਸਕਦਾ ਹੈ ਕਿ ਸੋਹੋ ਰੋਡ ਦੇ ਅਗਲੇ ਸ਼ਾਸ਼ਕ ਪੌਲਿਸ਼ ਹੋਣਗੇ।
-----
ਬੀਤੇ ਦਿਨੀਂ ਕਿਸੇ ਕੰਮ ਹਾਈਕੋਰਟ, ਚੰਡੀਗੜ੍ਹ ਦੇ ਵਕੀਲ ਅਤੇ ਪੰਜਾਬੀ ਲੇਖਕ ਬੀ. ਐਸ. ਢਿੱਲੋਂ ਜੀ ਨੂੰ ਫੋਨ ਕੀਤਾ ਤੇ ਉਹਨਾਂ ਦੇ ਚੁੱਕਣ ’ਤੇ ਮੈਂ ਆਪਣਾ ਪਰਿਚਯ ਦਿੱਤਾ, “ਢਿੱਲੋਂ ਸਾਹਿਬ ਮੈਂ ਇੰਗਲੈਂਡ ਤੋਂ ਬਲਰਾਜ ਸਿੱਧੂ ਬੋਲਦਾਂ।”
...........
ਢਿੱਲੋਂ ਸਾਹਿਬ ਨੇ ਪਹਿਚਾਣ ਕੇ ਗਿਲਾ ਕਰਦਿਆਂ ਕਿਹਾ, “ਤੁਸੀਂ ਇੰਗਲੈਂਡ ਵਿਚ ਹੀ ਰਹਿੰਦੇ ਹੋ ਨਾ? ਮੈਂ ਇੰਗਲੈਂਡ ਆਇਆ ਸੀ। ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ।”
.................
ਦਰਅਸਲ ਜਦੋਂ ਢਿੱਲੋਂ ਸਾਹਿਬ ਇੰਗਲੈਂਡ ਆਏ ਸਨ ਤਾਂ ਮੈਂ ਉਸ ਸਮੇਂ ਬੈਲਜੀਅਮ ਗਿਆ ਹੋਇਆ ਸੀ। ਆਪਣੇ ਆਪ ਨੂੰ ਕਵਰ ਕਰਨ ਲਈ ਮੈਂ ਆਖ ਦਿੱਤਾ ਕਿ ਮੈਂ ਬ੍ਰਮਿੰਘਮ ਰਹਿੰਦਾ ਹਾਂ ਤਾਂ ਅੱਗੋਂ ਉਹ ਆਖਣ ਲੱਗੇ, “ਮੈਂ ਬ੍ਰਮਿੰਘਮ ਵੀ ਆਇਆ ਸੀ। ਤੁਹਾਡੀ ਉਹ ਸੋਹੋ ਰੋਡ ਤਾਂ ਕੁਸ਼ ਨਹੀਂ। ਪੰਜਾਬ ਵਾਂਗੂ ਲੋਕ ਦੁਕਾਨਾਂ ਮੂਹਰੇ ਰੇੜ੍ਹੀਆਂ ਜਿਹੀਆਂ ਲਾਈ ਬੈਠੇ ਹਨ… ਬਈ ਥੋਡੇ ਲੋਕ ਵੀ ਹੱਦ ਨੇ, ਉਥੇ ਊਧਮ ਸਿੰਘ ਸੈਂਟਰ ਵਿਚ ਗੋਰੇ ਐਮ. ਪੀ. ਨੂੰ ਸੱਦ ਕੇ ਡਾਇਰ ਨੂੰ ਮਾਰਨ ਸਮੇਂ ਦੀ ਊਧਮ ਸਿੰਘ ਦੀ ਤਸਵੀਰ ਭੇਂਟ ਕਰੀ ਜਾਂਦੇ ਸੀ। ਡਾਇਰ ਤਾਂ ਉਹਨਾਂ ਗੋਰਿਆਂ ਦਾ ਪਿਉ ਸੀ…।”
................
ਮੈਂ ਢਿੱਲੋਂ ਸਾਹਿਬ ਨੂੰ ਟੋਕਦਿਆਂ ਕਿਹਾ, “ਢਿੱਲੋਂ ਸਾਹਿਬ ਇਹੀ ਤਾਂ ਹੈ ਸੋਹੋ ਰੋਡ!”
...............
ਢਿੱਲੋਂ ਸਾਹਿਬ ਠਹਾਕਾ ਲਾ ਕੇ ਹੱਸੇ।
.............
ਕੁਝ ਵੀ ਕਹਿ ਲਈਏ ਸੋਹੋ ਰੋਡ ਤਾਂ ਸੋਹੋ ਰੋਡ ਹੀ ਹੈ। ਜਿਵੇਂ ਲਾਹੌਰੀਏ ਆਖਦੇ ਹਨ ਕਿ ਜੀਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ। ਇੰਝ ਇਹ ਵੀ ਆਖਿਆ ਜਾ ਸਕਦਾ ਹੈ ਕਿ ਜੀਹਨੇ ਸੋਹੋ ਰੋਡ ਨਹੀਂ ਦੇਖੀ ਉਹ ਇੰਗਲੈਂਡ ਘੁੰਮਿਆ ਨਹੀਂ।
******
ਸਮਾਪਤ
1 comment:
Sidhu Sahib,Soho Raod'nama parhia,vadia lagga.Ih Janki bharpoor lekh, man di dairy ukar gia hai. Main vi 3-4 vari soho road de nazare kar chukan han.Parh ke barha kujh zad aaia.Is tran hi tushin 'Ingland' di seir krounde raho.Tuhade sunehre bhawich di kamna karda hoia-Rup Daburji
Post a Comment