-----
ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਡਾਂਡੀਆਂ ਵਿਚ ਹੋਇਆ! ਉਹ ਖਾਲਸਾ ਕਾਲਜ ਮਾਹਲਪੁਰ ਤੇ ਅੰਮ੍ਰਿਤਸਰ ਦਾ ਵਿਦਿਆਰਥੀ ਰਿਹਾ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਏ ਤੇ ਬੀ.ਟੀ. ਦੀਆਂ ਡਿਗਰੀਆਂ ਪ੍ਰਾਪਤ ਕਰਨ ਉਪ੍ਰੰਤ ਉਸ ਨੇ ਨੌਂ ਕੁ ਸਾਲ ਭਾਰਤ ਵਿਚ ਬੱਡੋਂ ਅਤੇ ਪਾਲਦੀ ਦੇ ਹਾਈ ਸਕੂਲਾਂ ਵਿਚ ਅਧਿਆਪਨ ਕੀਤਾ। ਇਸ ਉਪਰੰਤ, ਉਹ ਸਤੰਬਰ, 1967 ਵਿਚ ਕੀਨੀਆ ਚਲਾ ਗਿਆ ਅਤੇ 31 ਸਾਲ ਪਹਿਲਾਂ ਉੱਥੇ ਅਧਿਆਪਨ ਕਰਦਾ ਰਿਹਾ.... ਤੇ ਫਿਰ ਮਗਰਲੇ ਕੁਝ ਸਾਲ ਨੈਰੋਬੀ ਦੇ ਏ .ਬੀ . ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਲੱਗਾ ਰਿਹਾ। 20ਵੀਂ ਸਦੀ ਦੇ ਅਖੀਰ ਵਿਚ ਉਹ ਕੀਨੀਆ ਤੋਂ ਸੇਵਾ-ਮੁਕਤ ਹੋ ਕੇ ਪੱਕੇ ਤੌਰ ਉੱਤੇ ਆਪਣੇ ਪਿੰਡ ਡਾਂਡੀਆਂ (ਹੁਸ਼ਿਆਪੁਰ) ਆ ਟਿਕਿਆ। ਭਾਰਤ ਦੀਆਂ ਸਾਹਿਤਿਕ ਗਤੀ-ਵਿਧੀਆਂ ਦਾ ਉਹ ਇਕ ਅਹਿਮ ਕਾਰਕੁਨ ਸੀ। ਉਹ “ਪੰਜਾਬੀ ਲਿਟਰੇਰੀ ਤੇ ਕਲਚਰਲ ਅਕਾਦਮੀ, ਪੰਜਾਬ (ਮਾਹਿਲਪੁਰ ਚੈਪਟਰ)” ਦਾ ਸੰਸਥਾਪਕ ਸੀ।
-----
ਕੀਨੀਆ ਵਿਚ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ (ਇਆਪਾ - ਕੈਨੇਡਾ) ਦੇ ਵਿਸ਼ੇਸ਼ ਪ੍ਰਤਿਨਿਧ ਵਜੋਂ, ਉਸ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਇਆਪਾ, ਭਾਸ਼ਾ ਵਿਭਾਗ (ਪੰਜਾਬ), ਪੰਜਾਬੀ ਸਾਹਿਤ ਅਕਾਦਮੀ(ਲੁਧਿਆਣਾ), ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਤੇ ਸਿਪਸਾ ਤੋਂ ਬਿਨਾਂ, ਉਸ ਨੂੰ ਭਾਰਤ, ਕੈਨੇਡਾ ਤੇ ਅਮਰੀਕਾ ਦੇ ਕਈ ਹੋਰ ਸਾਹਿਤਿਕ ਅਦਾਰਿਆਂ ਨੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਤੇ ਜੀਵਨ-ਕਾਲ ਪ੍ਰਾਪਤੀ ਪੁਰਸਕਾਰਾਂ ਨਾਲ ਸਨਮਾਨਿਆ।
-----
ਉਸਦੀਆਂ ਪ੍ਰਸਿੱਧ ਪੁਸਤਕਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
ਕਵਿਤਾਵਾਂ: ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਮੈਂ ਜੋ ਪੈਗ਼ੰਬਰ ਨਹੀਂ, ਵਿਦਰੋਹੀ ਪੀੜ੍ਹੀ, ਉਲਾਰ ਨਸਲ ਦਾ ਸਰਾਪ, ਬੋਦੀ ਵਾਲਾ ਤਾਰਾ
ਲੰਮੀਆਂ ਕਵਿਤਾਵਾਂ: ਵਰਤਮਾਨ ਤੁਰਿਆ ਹੈ, ਇਸ਼ਤਿਹਾਰਾਂ ‘ਚੋਂ ਜੰਮੇ ਮਨੁੱਖ, ਇਕੋਤਰ ਸੌ ਅੱਖਾਂ ਵਾਲਾ ਮਹਾਂ ਭਾਰਤ, ਸਿੰਙਾਂ ਵਾਲਾ ਦੇਵਤਾ, ਕੰਧਾਂ ‘ਤੇ ਉੱਕਰੇ ਹਸਤਾਖ਼ਰ, ਖ਼ਾਲੀ ਕੁਰਸੀ ਦਾ ਦੁਖਾਂਤ, ਅਫਰੀਕਾ ‘ਚ ਨੇਤਰਹੀਣ, ਲਿਖਤੁਮ ਕਾਲਾ ਘੋੜਾ, ਤ੍ਰੈ-ਕਾਲਕ, ਹਸਤਾਖ਼ਰਾਂ ‘ਚ ਘਿਰਿਆ ਮਨੁੱਖ, ਬੀਜ ਤੋਂ ਬ੍ਰਹਿਮੰਡ, ਆਪਣਾ ਆਪਣਾ ਆਸਮਾਨ
ਮਿੰਨੀ ਕਵਿਤਾ ਸੰਗ੍ਰਹਿ: ਸ਼ਬਦ ਨੰਗੇ ਹਨ, ਰੇਤਲੇ ਸ਼ੀਸ਼ੇ, ਰੋਜ਼ਨਾਮਚੇ ਦਾ ਸਫ਼ਰ
ਗ਼ਜ਼ਲ ਸੰਗ੍ਰਹਿ: ਸ਼ੀਸ਼ਿਆਂ ਦਾ ਸ਼ਹਿਰ, ਮੱਥੇ ਵਿਚਲਾ ਆਕਾਸ਼, ਟੁਕੜੇ ਟੁਕੜੇ ਸੂਰਜ
ਨਾਟਕੀ/ਸਿਨਮੈਟਿਕ ਕਵਿਤਾਵਾਂ: ਖ਼ਲਾਅ ‘ਚ ਲਟਕੇ ਮਨੁੱਖ, ਬਨੇਰੇ ‘ਤੇ ਬੈਠੀ ਅੱਖ, ਚੁੱਪ ਬੈਠੀ ਕਵਿਤਾ
ਕਾਵਿ-ਨਾਟਕ: ਚਾਣਕ ਅੰਨ੍ਹੇ ਹਨ, ਹਥੇਲੀ ‘ਤੇ ਉੱਗਿਆ ਸ਼ਹਿਰ, ਦਾੜ੍ਹੀ ਵਾਲਾ ਘੋੜਾ, ਉਰਫ਼ ਉੰਨੀ ਸੌ ਨੜ੍ਹਿੰਨਵੇਂ,
ਲੰਙੜਾ ਆਸਮਾਨ, ਸੂਤਰਧਾਰ ਬੋਲਦਾ ਹੈ, ਹੀਜੜੇ, ਕਲੰਕੀ ਅਵਤਾਰ, ਨਾਟਕ ਵਿਚਲਾ ਸ਼ੈਤਾਨ, ਇਕ ਛਾਤੀ ਵਾਲੀ ਔਰਤ, ਊਠਾਂ ਵਰਗੇ ਆਦਮੀ
ਮਹਾਂ ਨਾਟਕ: ਘਰ ‘ਚ ਬਘਿਆੜ, ਦਸਤਾਨਿਆਂ ਵਰਗੇ ਹੱਥ, ਮੰਟੋ ਮਰਿਆ ਨਹੀਂ
ਮਹਾਂ ਕਾਵਿ: ਧਰਤੀਨਾਮਾ, ਸੂਰਜਨਾਮਾ
ਕਵਿਤਾ ‘ਚ ਕਾਵਿ-ਸ਼ਾਸਤਰ: ਬੀਜ ਤੋਂ ਬ੍ਰਹਿਮੰਡ
ਕਾਵਿ ਰੇਖਾ ਚਿਤਰ: ਸਰਾਪੇ ਸਮਿਆਂ ਦੇ ਪੈਗ਼ੰਬਰ
ਨਾਵਲ: ਅਗਿਆਤ ਵਾਸੀ, ਮਰਦ ਵਿਚਲੀ ਔਰਤ, ਸ਼ੀਸੇ ਤੇ ਚਿਹਰੇ, ਦੋ ਪੱਤਣਾਂ ਦੇ ਤਾਰੂ, ਸ਼ੀਸ਼ੇ ਵਿਚਲਾ ਪ੍ਰੋਮੀਥੀਅਸ
ਆਲੋਚਨਾ ਤੇ ਸਾਹਿਤ ਇਤਿਹਾਸ: ਪ੍ਰਯੋਗਵਾਦ ਤੇ ਉਸ ਤੋਂ ਅਗਾਂਹ
ਅੰਗਰੇਜ਼ੀ ‘ਚ ਮਹਾਂ ਨਾਵਲ: Black Mantra Sutra
ਅੰਗਰੇਜ਼ੀ ‘ਚ ਕਾਵਿ-ਸੰਗ੍ਰਹਿ: The Rebel Sound, Horses and Heroes, Scrap Gods, Woman on the Cross
ਅਜਾਇਬ ਕਮਲ ਨੇ ਸਾਹਿਤ, ਰੱਜ ਕੇ ਪੜ੍ਹਿਆ, ਪੜ੍ਹਾਇਆ ਤੇ ਲਿਖਿਆ। ਭਵਿੱਖ ਦੇ ਅਕਾਦਮੀਸ਼ਨਾਂ ਤੇ ਖੋਜਾਰਥੀਆਂ ਲਈ, ਉਹ ਇਕ ਬਹੁਤ ਹੀ ਅਮੀਰ ਤੇ ਉੱਚ ਪੱਧਰ ਦਾ ਵਿਰਸਾ, ਆਪਣੇ ਸਾਹਿਤ ਦੇ ਰੂਪ ਵਿਚ ਛੱਡ ਗਿਆ ਹੈ।
ਰਵਿੰਦਰ ਰਵੀ
ਪ੍ਰਧਾਨ, ਇਆਪਾ (I.A.P.A.A.),ਕੈਨੇਡਾ
======
ਯਾਦਾਂ: ਰਵੀ ਸਾਹਿਬ ਵੱਲੋਂ ਘੱਲੀਆਂ ਕੁਝ ਪੁਰਾਣੀਆਂ ਯਾਦਗਾਰੀ ਤਸਵੀਰਾਂ: ਜਿਨ੍ਹਾਂ ‘ਚ ਉਹਨਾਂ ਦੇ ਨਾਲ਼ ਅਜਾਇਬ ਕਮਲ ਸਾਹਿਬ, ਡਾ: ਜਸਬੀਰ ਸਿੰਘ ਆਹਲੂਵਾਲੀਆ, ਅਤੇ ਮਹਿਰਮ ਯਾਰ ਸਾਹਿਬ ਨਜ਼ਮ ਆ ਰਹੇ ਹਨ। ਇਹ ਫ਼ੋਟੋਆਂ ਕੀਨੀਆ ਅਤੇ ਭਾਰਤ ਵਿਚ ਖਿੱਚੀਆਂ ਗਈਆਂ ਸਨ।
No comments:
Post a Comment